.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਬਾਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਗਿਆਰਾਂ ਭਾਗ ਵੀ ਪੜੋ ਜੀ)

ਪਉੜੀ ਨੰ: ੩ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਭਰਮਿ ਭੁਲਾਈ ਸਭੁ ਜਗੁ ਫਿਰੀ, ਫਾਵੀ ਹੋਈ ਭਾਲਿ॥ ਸੋ ਸਹੁ ਸਾਂਤਿ ਨ ਦੇਵਈ, ਕਿਆ ਚਲੈ ਤਿਸੁ ਨਾਲਿ॥ ਗੁਰ ਪਰਸਾਦੀ ਹਰਿ ਧਿਆਈਐ, ਅੰਤਰਿ ਰਖੀਐ ਉਰ ਧਾਰਿ॥ ਨਾਨਕ ਘਰਿ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰਿ॥ ੧ ॥

ਮਃ ੩॥ ਧੰਧਾ ਧਾਵਤ ਦਿਨੁ ਗਇਆ, ਰੈਣਿ ਗਵਾਈ ਸੋਇ॥ ਕੂੜੁ ਬੋਲਿ ਬਿਖੁ ਖਾਇਆ, ਮਨਮੁਖਿ ਚਲਿਆ ਰੋਇ॥ ਸਿਰੈ ਉਪਰਿ ਜਮ ਡੰਡੁ ਹੈ, ਦੂਜੈ ਭਾਇ ਪਤਿ ਖੋਇ॥ ਹਰਿ ਨਾਮੁ ਕਦੇ ਨ ਚੇਤਿਓ, ਫਿਰਿ ਆਵਣ ਜਾਣਾ ਹੋਇ॥ ਗੁਰ ਪਰਸਾਦੀ ਹਰਿ ਮਨਿ ਵਸੈ, ਜਮ ਡੰਡੁ ਨ ਲਾਗੈ ਕੋਇ॥ ਨਾਨਕ ਸਹਜੇ ਮਿਲਿ ਰਹੈ, ਕਰਮਿ ਪਰਾਪਤਿ ਹੋਇ॥ ੨ ॥

ਪਉੜੀ॥ ਇਕਿ ਆਪਣੀ ਸਿਫਤੀ ਲਾਇਅਨੁ, ਦੇ ਸਤਿਗੁਰ ਮਤੀ॥ ਇਕਨਾ ਨੋ ਨਾਉ ਬਖਸਿਓਨੁ, ਅਸਥਿਰੁ ਹਰਿ ਸਤੀ॥ ਪਉਣੁ ਪਾਣੀ ਬੈਸੰਤਰੋ, ਹੁਕਮਿ ਕਰਹਿ ਭਗਤੀ॥ ਏਨਾ ਨੋ ਭਉ ਅਗਲਾ, ਪੂਰੀ ਬਣਤ ਬਣਤੀ॥ ਸਭੁ ਇਕੋ ਹੁਕਮੁ ਵਰਤਦਾ, ਮੰਨਿਐ ਸੁਖੁ ਪਾਈ॥ ੩ ॥

(ਪਉੜੀ ਵਾਰ ਸਟੀਕ- ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਭਰਮਿ ਭੁਲਾਈ ਸਭੁ ਜਗੁ ਫਿਰੀ, ਫਾਵੀ ਹੋਈ ਭਾਲਿ॥ ਸੋ ਸਹੁ ਸਾਂਤਿ ਨ ਦੇਵਈ, ਕਿਆ ਚਲੈ ਤਿਸੁ ਨਾਲਿ॥ ਗੁਰ ਪਰਸਾਦੀ ਹਰਿ ਧਿਆਈਐ, ਅੰਤਰਿ ਰਖੀਐ ਉਰਧਾਰਿ॥ ਨਾਨਕ ਘਰਿ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰਿ॥ ੧॥ {ਪੰਨਾ ੯੪੮}

ਪਦ ਅਰਥ : —ਭਰਮਿ— ਆਪਣੇ ਭਰਮ `ਚ, ਆਪਣੀਆਂ ਸਿਆਣਪਾਂ ਕਾਰਣ। ਭਾਲਿ—ਭਾਲ-ਭਾਲ ਕੇ, ਢੂੰਡ-ਢੂੰਡ ਕੇ। ਨ ਦੇਵਈ—ਨ ਦੇਵੈ, ਨਹੀਂ ਦਿੰਦਾ। ਤਿਸੁ ਨਾਲਿ—ਉਸ ਪ੍ਰਭੂ ਨਾਲ। ਅੰਤਰਿ— {ਨੋਟ : —ਪਹਿਲੀ ਪਉੜੀ ਦੇ ਸ਼ਲੋਕ ਨੰ: ੩ ਵਿੱਚਲੇ ਲਫ਼ਜ਼ "ਅੰਤਰੁ" ਦਾ ਤੇ ਇਸ ਲਫ਼ਜ਼ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਕਰਤਾਰਿ—ਕਰਤਾਰ ਨੇ।

ਅਰਥ : — "ਭਰਮਿ ਭੁਲਾਈ ਸਭੁ ਜਗੁ ਫਿਰੀ, ਫਾਵੀ ਹੋਈ ਭਾਲਿ- ਪ੍ਰਮਾਤਮਾ ਨੂੰ ਲੱਭਣ ਵਾਸਤੇ, ਆਪਣੇ ਭਰਮਾਂਵਿਸ਼ਵਾਸਾਂ ਤੇ ਸਿਆਣਪਾਂ `ਚ ਭੁੱਲੀ ਹੋਈ ਮੈਂ ਸੰਸਾਰ ਭਰ ਦੇ ਆਹਰ ਕੀਤੇ ਤੇ ਉਸ ਨਾਲ ਮੈਂ ਆਪਣੇ ਕਈ ਜਨਮ ਖੁਆਰ ਵੀ ਹੋਈ ਤਾਂ ਵੀ ਹੇ ਪ੍ਰਭੂ! ਤੇਰੇ ਨਾਲ ਆਪਣੇ ਮਿਲਾਪ ਲਈ ਹੀ ਭਟਕਦੀ ਤੇ ਖੱਪਦੀ ਰਹੀ, ਪਰ ਤੇਰਾ ਮਿਲਾਪ ਨਾ ਹੋਇਆ।

"ਸੋ ਸਹੁ ਸਾਂਤਿ ਨ ਦੇਵਈ, ਕਿਆ ਚਲੈ ਤਿਸੁ ਨਾਲਿ" -ਪਰ ਸਚ ਤਾਂ ਇਹ ਹੈ ਕਿ ਇਸ ਤਰ੍ਹਾਂ ਭਟਕਣ ਨਾਲ ਉਹ ਪ੍ਰਭੂ-ਪਤੀ ਸਾਨੂੰ ਸਾਡੇ ਹਿਰਦੇ ਘਰ `ਚ ਸ਼ਾਂਤੀ ਨਹੀਂ ਦਿੰਦਾ, ਕਿਉਂਕਿ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਲਈ ਉਸ ਪ੍ਰਭੂ `ਤੇ ਕਿਸੇ ਦਾ ਵੀ ਜ਼ੋਰ ਨਹੀਂ ਚੱਲ ਸਕਦਾ।

"ਗੁਰ ਪਰਸਾਦੀ ਹਰਿ ਧਿਆਈਐ, ਅੰਤਰਿ ਰਖੀਐ ਉਰਧਾਰਿ" -ਇਹ ਤਾਂ ਕੇਵਲ ਸਤਿਗੁਰੂ ਦੀ ਆਪਣੀ ਮਿਹਰ ਨਾਲ ਹੀ ਉਸ ਪ੍ਰਭੂ ਨੂੰ ਸਿਮਰਿਆ ਤੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜਿਆ ਜਾ ਸਕਦਾ ਹੈ ਤੇ ਪ੍ਰਭੂ ਨੂੰ ਆਪਣੇ ਹਿਰਦੇ ਘਰ `ਚ ਵਸਾਇਆ ਜਾ ਸਕਦਾ ਹੈ।

"ਨਾਨਕ ਘਰਿ ਬੈਠਿਆ ਸਹੁ ਪਾਇਆ, ਜਾ ਕਿਰਪਾ ਕੀਤੀ ਕਰਤਾਰਿ॥ ੧॥" - ਹੇ ਨਾਨਕ! ਇਸਤਰ੍ਹਾਂ ਜਦੋਂ ਕਰਤਾਰ ਨੇ ਮੇਰੇ `ਤੇ ਆਪ ਕਿਰਪਾ ਕਰਕੇ ਮੇਰੀ ਸ਼ਬਦ-ਗੁਰੂ ਨਾਲ ਸਾਂਝ ਪਾ ਦਿੱਤੀ ਅਤੇ ਮੇਰੇ ਤੋਂ ਸ਼ਬਦ-ਗੁਰੂ ਦੀ ਕਮਾਈ ਕਰਵਾਈ। ਇਸਤਰ੍ਹਾਂ ਮੇਰੇ `ਤੇ ਜਦੋਂ "ਗੁਰਪ੍ਰਸਾਦਿ" ਸਤਿਗੁਰੂ ਦੀ ਮਿਹਰ ਹੋ ਗਈ ਤਾਂ ਉਸ ਦੀ ਮਿਹਰ ਸਦਕਾ:-

ਘਰ ਬੈਠਿਆਂ ਆਪਣੇ ਆਪ ਤੇ ਸਹਿਜੇ ਹੀ ਮੇਰਾ ਉਸ ਪ੍ਰਭ-ਪਤੀ ਨਾਲ ਮਿਲਾਪ ਹੋ ਗਿਆ ਅਤੇ ਪ੍ਰਭੂ-ਪਤੀ ਮੇਰੇ ਆਪਣੇ ਹਿਰਦੇ ਘਰ ਚੋਂ ਹੀ ਪ੍ਰਗਟ ਹੋ ਗਿਆ। ੧। ਯਥਾ:-

() "ਜੇਤੀ ਸਿਆਨਪ ਕਰਮ ਹਉ ਕੀੲ, ਤੇਤੇ ਬੰਧ ਪਰੇ॥ ਜਉ ਸਾਧੂ ਕਰੁ ਮਸਤਕਿ ਧਰਿਓ, ਤਬ ਹਮ ਮੁਕਤ ਭਏ" (ਪੰ: ੨੧੪)

() "ਸਸਾ ਸਿਆਨਪ ਛਾਡੁ ਇਆਨਾ॥ ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ॥ ਸਹਸ ਭਾਤਿ ਕਰਹਿ ਚਤੁਰਾਈ॥ ਸੰਗਿ ਤੁਹਾਰੈ ਏਕ ਨ ਜਾਈ॥ ਸੋਊ ਸੋਊ ਜਪਿ ਦਿਨ ਰਾਤੀ॥ ਰੇ ਜੀਅ ਚਲੈ ਤੁਹਾਰੈ ਸਾਥੀ॥ ਸਾਧ ਸੇਵਾ ਲਾਵੈ ਜਿਹ ਆਪੈ॥ ਨਾਨਕ ਤਾ ਕਉ ਦੂਖੁ ਨ ਬਿਆਪੈ" (ਪੰ੨੬੦)

() "ਲਾਖ ਹਿਕਮਤੀ ਜਾਨੀਐ॥ ਆਗੈ ਤਿਲੁ ਨਹੀ ਮਾਨੀਐ" (ਪੰ: ੨੧੧)

() "ਫਿਰਤ ਫਿਰਤ ਤੁਮੑਰੈ ਦੁਆਰਿ ਆਇਆ, ਭੈ ਭੰਜਨ ਹਰਿ ਰਾਇਆ॥ ਸਾਧ ਕੇ ਚਰਨ ਧੂਰਿ ਜਨੁ ਬਾਛੈ, ਸੁਖੁ ਨਾਨਕ ਇਹੁ ਪਾਇਆ" (ਪੰ: ੪੯੭)

() "ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰਿ ਸਮਝਾਇਆ॥ ਆਨ ਸਗਲ ਬਿਧਿ ਕਾਂਮਿ ਨ ਆਵੈ, ਹਰਿ ਹਰਿ ਨਾਮੁ ਧਿਆਇਆ" (ਪੰ: ੬੭੬)

() "ਨਿਮਖ ਏਕ ਹਰਿ ਨਾਮੁ ਦੇਇ, ਮੇਰਾ ਮਨੁ ਤਨੁ ਸੀਤਲ ਹੋਇ" (ਪੰ: ੪੪)

ਮਃ ੩॥ ਧੰਧਾ ਧਾਵਤ ਦਿਨੁ ਗਇਆ, ਰੈਣਿ ਗਵਾਈ ਸੋਇ॥ ਕੂੜੁ ਬੋਲਿ ਬਿਖੁ ਖਾਇਆ, ਮਨਮੁਖਿ ਚਲਿਆ ਰੋਇ॥ ਸਿਰੈ ਉਪਰਿ ਜਮ ਡੰਡੁ ਹੈ, ਦੂਜੈ ਭਾਇ ਪਤਿ ਖੋਇ॥ ਹਰਿ ਨਾਮੁ ਕਦੇ ਨ ਚੇਤਿਓ, ਫਿਰਿ ਆਵਣ ਜਾਣਾ ਹੋਇ॥ ਗੁਰ ਪਰਸਾਦੀ ਹਰਿ ਮਨਿ ਵਸੈ, ਜਮ ਡੰਡੁ ਨ ਲਾਗੈ ਕੋਇ॥ ਨਾਨਕ ਸਹਜੇ ਮਿਲਿ ਰਹੈ, ਕਰਮਿ ਪਰਾਪਤਿ ਹੋਇ॥ ੨॥ {ਪੰਨਾ ੯੪੮}

ਪਦ ਅਰਥ : —ਧਾਵਤ—ਦੌੜ-ਭਜ ਕਰਦਿਆਂ, ਭਟਕਦਿਆਂ, ਸੰਸਾਰਕ ਮਾਇਕ ਰੁਝੇਵਿਆਂਤੇ ਰਸਾਂ `ਚ ਫ਼ਸੇ ਰਹਿਕੇ। ਰੈਣਿ—ਰਾਤ। ਸੋਇ—ਸੌਂ ਕੇ। ਬਿਖੁ—ਵਿਹੁ, ਸੰਸਾਰਕ ਰਸਾਂ `ਚ ਸੁਲਝੇ ਰਹਿ ਕੇ ਮੋਹ-ਮਾਇਆ ਦਾ ਜ਼ਹਿਰ। ਮਨਮੁਖਿ—ਜੋ ਮਨੁੱਖ ਆਪਣੇ ਮਨ ਦੇ ਪਿੱਛੇ ਟੁਰਦਾ ਹੈ। ਡੰਡੁ—ਡੰਡ, ਡੰਡਾ। ਜਮ ਡੰਡੁ—ਆਤਮਕ ਮੌਤ। ਦੂਜੈ ਭਾਇ—ਪ੍ਰਭੂ ਨੂੰ ਵਿਸਾਰ ਕੇ ਅਤੇ ਸੰਸਾਰਕ ਮੋਹ-ਮਾਇਆ ਤੇ ਧੰਦਿਆਂ `ਚ ਖੱਚਤ ਰਹਿ ਕੇ। ਮਨਿ—ਮਨ `ਚ। ਸਹਜੇ—ਅਡੋਲ ਅਵਸਥਾ `ਚ, ਮਾਨਸਿਕ ਟਿਕਾਅ। ਕਰਮਿ—ਪ੍ਰਭੂ ਦੀ ਬਖ਼ਸ਼ਿਸ਼ ਰਾਹੀਂ।

ਅਰਥ : — "ਧੰਧਾ ਧਾਵਤ ਦਿਨੁ ਗਇਆ, ਰੈਣਿ ਗਵਾਈ ਸੋਇ’ -ਜੋ ਮਨੁੱਖ ਆਪਣੇ ਮਨ ਪਿੱਛੇ ਟੁਰਦਾ ਤੇ ਮਨ-ਮਤੀਆ ਹੁੰਦਾ ਹੈ ਉਸ ਦਾ ਸਾਰਾ ਦਿਨ ਤਾਂ ਦੁਨੀਆ ਦੇ ਧੰਧਿਆਂ `ਚ ਭਟਕਦਿਆਂ ਤੇ ਖੱਚਤ ਰਹਿ ਕੇ ਹੀ ਬੀਤ ਜਾਂਦਾ ਹੈ, ਤੇ ਉਹ ਰਾਤ ਵੀ ਸੌਂ ਕੇ ਗੁਆ ਦਿੰਦਾ ਹੈ।

"ਕੂੜੁ ਬੋਲਿ ਬਿਖੁ ਖਾਇਆ, ਮਨਮੁਖਿ ਚਲਿਆ ਰੋਇ" - ਇਸ ਤਰ੍ਹਾਂ ਅਜਿਹਾ ਮਨਮੁਖ, ਜੀਵਨ ਭਰ ਇਨ੍ਹਾਂ ਸੰਸਾਰਕ ਮੋਹ-ਮਾਇਆ ਦੇ ਧੰਧਿਆਂ `ਚ ਉਲਝਿਆ ਰਹਿ ਕੇ ਅਸਲੋਂ ਨਾਸ਼ਵਾਨ ਪ੍ਰਾਪਤੀਆਂ ਦਾ ਜ਼ਹਿਰ ਹੀ ਇਕੱਠਾ ਕਰਦਾ ਤੇ ਭੂੰਚਦਾ ਹੈ ਭਾਵ ਬਿਨਸਨਹਾਰ ਸ਼ੰਸਾਰਕ ਪਦਾਰਥਾਂ ਦਾ ਰਸ ਮਾਣਦਾ ਹੋਇਆ ਹੀ ਪਸ਼ਚਾਤਾਪ ਕਰਦਾ ਤੇ ਪਛਤਾਉਂਦਾ ਹੋਇਆ ਮਾਯੂਸੀ ਦੀ ਹਾਲਤ `ਚ ਹੀ ਸੰਸਾਰ ਨੂੰ ਤਿਆਗ ਕੇ ਆਪਣੇ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਹੀ ਜਾਂਦਾ ਹੈ।

"ਸਿਰੈ ਉਪਰਿ ਜਮ ਡੰਡੁ ਹੈ, ਦੂਜੈ ਭਾਇ ਪਤਿ ਖੋਇ" -ਅਜਿਹਾ ਮਨਮੁਖ ਅਸਲੋਂ ਹਰ ਪਲ ਆਤਮਕ ਮੌਤੇ ਹੀ ਮਰਿਆ ਹੁੰਦਾ ਹੈ ੳਪ੍ਰੰਤ ਸਰੀਰਕ ਮੌਤ ਬਾਅਦ ਵੀ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦਾ ਉਹ ਮੁੜ ਉਨ੍ਹਾ ਹੀ ਜਨਮਾਂ ਜੂਨਾਂ ਤੇ ਭਿੰਨ-ਭਿੰਨ ਗਰਭਾਂ `ਚ ਹੀ ਭਟਕਦਾ ਹੈ।

"ਹਰਿ ਨਾਮੁ ਕਦੇ ਨ ਚੇਤਿਓ, ਫਿਰਿ ਆਵਣ ਜਾਣਾ ਹੋਇ" -ਅਜਿਹਾ ਆਪ-ਹੁੱਦਰਾ ਮਨਮੁਖ, ਆਪਣੇ ਜੀਵਨ ਦਾਤੇ ਨੂੰ ਵਿਸਾਰਣ ਕਰਕੇ ਪ੍ਰਭੂ ਦੀ ਸਿਫ਼ਤ-ਸਲਾਹ ਤੋਂ ਵਾਂਝਾ ਰਹਿੰਦਾ ਹੈ ਅਤੇ ਗੁਰਬਾਣੀ ਅਨੁਸਾਰ ਪ੍ਰਭੂ ਵੱਲੋਂ ਉਸ ਨੂੰ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪਾ ਦਿੱਤਾ ਜਾਂਦਾ ਹੈ। ਯਥਾ:-

() "ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ ੧ ॥ ਨਾਮੁ ਨ ਜਾਨਿਆ ਰਾਮ ਕਾ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ" (ਪੰ: ੧੫੬)

() "ਮਾਇਆ ਮੋਹੁ ਸਰਬ ਜੰਜਾਲਾ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ॥ ਸਤਿਗੁਰੁ ਸੇਵੇ ਚੂਕੈ ਜੰਜਾਲਾ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ" (ਪੰ: ੨੨੨)

() "ਮਨਮੁਖਿ ਝੂਠੋ ਝੂਠੁ ਕਮਾਵੈ॥ ਖਸਮੈ ਕਾ ਮਹਲੁ ਕਦੇ ਨ ਪਾਵੈ॥ ਦੂਜੈ ਲਗੀ ਭਰਮਿ ਭੁਲਾਵੈ॥ ਮਮਤਾ ਬਾਧਾ ਆਵੈ ਜਾਵੈ" (ਪੰ: ੩੬੩)

() "ਭਰਮੇ ਆਵੈ ਭਰਮੇ ਜਾਇ॥ ਇਹੁ ਜਗੁ ਜਨਮਿਆ ਦੂਜੈ ਭਾਇ॥ ਮਨਮੁਖਿ ਨ ਚੇਤੈ ਆਵੈ ਜਾਇ॥ ੨॥ ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ॥ ਇਹੁ ਜੀਉ ਵਿਡਾਣੀ ਚਾਕਰੀ ਲਾਇਆ॥ ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ॥ ੩॥ . ." (ਪੰ: ੧੬੧)

"ਗੁਰ ਪਰਸਾਦੀ ਹਰਿ ਮਨਿ ਵਸੈ, ਜਮ ਡੰਡੁ ਨ ਲਾਗੈ ਕੋਇ" -ਪਰ ਜਿਸ ਮਨੁੱਖ ਦੇ ਮਨ `ਚ "ਗੁਰਪ੍ਰਸਾਦਿ" ਭਾਵ ਸਤਿਗੁਰੂ ਦੀ ਮਿਹਰ ਨਾਲ ਪ੍ਰਭੂ-ਪ੍ਰਮਾਤਮਾ ਵੱਸਦਾ ਹੈ ਉਸ ਨੂੰ ਮੌਤ ਦਾ ਡੰਡਾ ਨਹੀਂ ਲੱਗਦਾ ਭਾਵ ਉਸ ਨੂੰ ਆਤਮਕ ਮੌਤ ਆਉਂਦੀ ਹੀ ਨਹੀਂ।

ਨਾਨਕ ਸਹਜੇ ਮਿਲਿ ਰਹੈ, ਕਰਮਿ ਪਰਾਪਤਿ ਹੋਇ"॥ ੨॥ ਹੇ ਨਾਨਕ! ਇਸ ਤਰ੍ਹਾਂ ਅਜਿਹਾ ਮਨੁੱਖ ਮਨ ਕਰਕੇ ਅਡੋਲ ਅਵਸਥਾ `ਚ ਟਿਕਿਆ ਰਹਿੰਦਾ ਹੈ, ਉਸ ਨੂੰ ਮਨ ਦੀ ਇਹ ਅਡੋਲ ਅਵਸਥਾ ਤਾਂ ਪ੍ਰਭੂ ਦੀ ਕ੍ਰਿਪਾ ਨਾਲ ਆਪਣੇ ਹੀ ਆਪ ਮਿਲ ਜਾਂਦੀ ਹੈ। ੨। ਯਥਾ:-

() "ਦੁਲਭ ਦੇਹ ਹੋਈ ਪਰਵਾਨੁ॥ ਸਤਿਗੁਰ ਤੇ ਪਾਇਆ ਨਾਮ ਨੀਸਾਨੁ॥ ੨ ॥ ਹਰਿ ਸਿਮਰਤ ਪੂਰਨ ਪਦੁ ਪਾਇਆ॥ ਸਾਧਸੰਗਿ ਭੈ ਭਰਮ ਮਿਟਾਇਆ" (ਪੰ: ੧੯੩)

() "ਮੇਰੇ ਮਨ! ਗੁਰੁ ਗੁਰੁ ਗੁਰੁ ਸਦ ਕਰੀਐ॥ ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ" (ਪੰ: ੨੧੩)

() "ਮਾਨਸ ਦੇਹ ਬਹੁਰਿ ਨਹ ਪਾਵੈ, ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ, ਭਵਸਾਗਰ ਕੈ ਪਾਰਿ ਉਤਰੁ ਰੇ" (ਪੰ: ੨੨੦)

ਪਉੜੀ॥ ਇਕਿ ਆਪਣੀ ਸਿਫਤੀ ਲਾਇਅਨੁ, ਦੇ ਸਤਿਗੁਰ ਮਤੀ॥ ਇਕਨਾ ਨੋ ਨਾਉ ਬਖਸਿਓਨੁ, ਅਸਥਿਰੁ ਹਰਿ ਸਤੀ॥ ਪਉਣੁ ਪਾਣੀ ਬੈਸੰਤਰੋ, ਹੁਕਮਿ ਕਰਹਿ ਭਗਤੀ॥ ਏਨਾ ਨੋ ਭਉ ਅਗਲਾ, ਪੂਰੀ ਬਣਤ ਬਣਤੀ॥ ਸਭੁ ਇਕੋ ਹੁਕਮੁ ਵਰਤਦਾ, ਮੰਨਿਐ ਸੁਖੁ ਪਾਈ॥ ੩॥ {ਪੰਨਾ ੯੪੮}

ਪਦ ਅਰਥ : —ਇਕਿ—ਕਈ ਜੀਵ। ਆਪਣੀ ਸਿਫਤੀ—ਆਪਣੀ ਸਿਫ਼ਤ-ਸਲਾਹ ਵਾਲੇ ਪਾਸੇ। ਲਾਇਅਨੁ—ਪ੍ਰਭੂ ਨੇ ਆਪ ਲਾਏ ਹੋਏ ਹਨ ਨੇ (ਨੋਟ : —ਪਉੜੀ ਨੰ: ੨ `ਚ ਲਫ਼ਜ਼ "ਉਪਾਈਅਨੁ" ਹੈ, ਦੋਹਾਂ ਦੀ ਬਨਾਵਟ `ਚ ਵਿਆਕਰਣਕ ਭੇਦ ਨੂੰ ਸਮਝਣ ਲਈ ਵੇਖੋ ‘ਗੁਰਬਾਣੀ ਵਿਆਕਰਣ’ )। ਨਾਉ ੁ—ਪ੍ਰਭੂ ਦੀ ਸਿਫ਼ਤ-ਸਲਾਹ। ਬਖਸਿਓਨੁ— ਪ੍ਰਭੂ ਨੇ ਬਖ਼ਸ਼ਿਆ। ਅਸਥਿਰੁ ਨਾਉ—ਸਦਾ ਰਹਿਣ ਵਾਲਾ ਨਾਮ ਅਥਵਾ ਪ੍ਰਭੂ ਦੀ ਸਿਖ਼ਤ ਸਲਾਹ ਵਾਲੀ ਦਾਤ। ਹਰਿ ਸਤੀ—ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਬੈਸੰਤਰੋ—ਅੱਗ। ਕਰਹਿ—ਕਰਦੇ ਹਨ। ਹੁਕਮਿ ਕਰਹਿ ਭਗਤੀ—ਪ੍ਰਭੂ ਦੇ ਹੁਕਮ `ਚ ਹੀ ਚਲਦੇ ਹਨ। ਅਗਲਾ—ਬਹੁਤਾ। ਸਭੁ ਇਕੋ ਹੁਕਮੁ ਵਰਤਦਾ—ਸਮੂਚੀ ਰਚਨਾ ਕੇਵਲ ਤੇ ਕੇਵਲ ਇਕੋ-ਇਕ ਪ੍ਰਭੁ ਦੇ ਹੁਕਮ `ਚ ਹੀ ਚੱਲ਼ ਰਹੀ ਹੈ। ਮੰਨਿਐ—ਜੇ ਮੰਨ ਲਈਏ। ਸੁਖੁ ਪਾਈ —ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਮਨੁੱਖ ਦਾ ਜੀਂਦੇ ਜੀਅ ਹੀ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪ੍ਰਭੂ `ਚ ਅਭੇਦ ਹੋ ਜਾਂਦਾ ਹੈ।

ਅਰਥ : — "ਇਕਿ ਆਪਣੀ ਸਿਫਤੀ ਲਾਇਅਨੁ, ਦੇ ਸਤਿਗੁਰ ਮਤੀ" -ਇਸ "ਵੇਕੀ ਸ੍ਰਿਸਟਿ" ਭਾਵ ਪ੍ਰਭੂ ਦੀ ਬਨਾਈ ਹਇੀ ਇਸ ਭਾਂਤ-ਭਾਂਤ ਦੀ ਰਚਨਾ `ਚ, ਪ੍ਰਭੂ ਨੇ ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤਿ-ਸਾਲਾਹ `ਚ ਆਪ ਲਾਇਆ ਹੋਇਆ ਹੈ।

"ਇਕਨਾ ਨੋ ਨਾਉ ਬਖਸਿਓਨੁ, ਅਸਥਿਰੁ ਹਰਿ- ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ-ਪ੍ਰਭੂ ਨੇ ਆਪਣਾ ਸਦਾ-ਥਿਰ ਰਹਿਣ ਵਾਲਾ ‘ਨਾਮ’ ਭਾਵ ਆਪਣੀ ਸਿਫ਼ਤ ਸਲਾਹ ਵਾਲਤ ਅਨੰਤ ਖਜ਼ਾਨਾ ਵੀ ਆਪ ਹੀ ਬਖ਼ਸ਼ਿਆ ਹੋਇਆ ਹੈ। ਯਥਾ:-

() "ਏਕ ਨਾਮ ਕੋ ਥੀਓ ਪੂਜਾਰੀ, ਮੋ ਕਉ ਅਚਰਜ ਗੁਰਹਿ ਦਿਖਾਇਓ॥ ਭਇਓ ਪ੍ਰਗਾਸੁ ਸਰਬ ਉਜੀਆਰਾ, ਗੁਰ ਗਿਆਨੁ ਮਨਹਿ ਪ੍ਰਗਟਾਇਓ" (ਪੰ: ੨੦੯)

() "ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨਿ ਪਰਗਾਸੁ" (ਪੰ: ੨੯੩) ਆਦਿ

"ਪਉਣੁ ਪਾਣੀ ਬੈਸੰਤਰੋ, ਹੁਕਮਿ ਕਰਹਿ ਭਗਤੀ" -ਹਵਾ, ਪਾਣੀ, ਅੱਗ ਆਦਿ ਤੱਤ ਵੀ ਉਸ ਪ੍ਰਭੂ ਦੇ ਹੁਕਮ `ਚ ਟੁਰ ਕੇ ਉਸ ਦੀ ਮਾਨੋ ਭਗਤੀ ਹੀ ਕਰ ਰਹੇ ਹਨ; ਭਾਵ ਪ੍ਰਭੂ ਦੀ ਸਮੂਚੀ ਰਚਨਾ ਲਈ ਉਨ੍ਹਾਂ ਦੀਆਂ ਕਰਣੀਆਂ ਤੇ ਉਨ੍ਹਾਂ ਤੋਂ ਸੰਸਾਰ ਨੂੰ ਪ੍ਰਾਪਤ ਹੋ ਰਹੇ ਅਨੰਤ ਲਾਭਾਂ `ਚੋਂ, ਪ੍ਰਭੂ ਦੀਆਂ ਦਾਤਾਂ ਹੀ ਪ੍ਰਗਟ ਹੋ ਰਹੀਆਂ ਹਨ। ਇਸ ਤਰ੍ਹਾਂ ਉਹ ਸਭ ਵੀ ਪ੍ਰਭੂ ਦੀ ਸਦੀਵੀ ਹੋਂਦ ਦਾ ਹੀ ਪ੍ਰਗਟਾਵਾ ਹਨ, ਨਹੀਂ ਤਾਂ ਉਨ੍ਹਾਂ ਦੀ ਆਪਣੇ ਆਪ `ਚ ਕੋਈ ਹੋਂਦ ਹੈ ਹੀ ਨਹੀਂ।

"ਏਨਾ ਨੋ ਭਉ ਅਗਲਾ, ਪੂਰੀ ਬਣਤ ਬਣਤੀ" -ਇਨ੍ਹਾਂ ਤੱਤਾਂ ਨੂੰ ਉਸ ਮਾਲਕ ਦਾ ਬਹੁਤ ਡਰ ਰਹਿੰਦਾ ਹੈ, ਸੋ, ਇਸਤਰ੍ਹਾਂ ਪ੍ਰਭੂ ਨੇ ਜਗਤ ਦੀ ਕਿਆ ਅਸਚਰਜ ਤੇ ਮੁਕੰਮਲ ਬਣਤਰ ਬਣੀ ਹੋਈ ਹੈ। ਯਥਾ:-

"ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ॥ ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ"॥ ੩੩ ॥ (ਪੰ: ੧੪੧੨)

() "ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ. ." (ਪੰ: ੪੬੪)

"ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ ਸਚੇ ਤੇਰੇ ਕਰਣੇ ਸਰਬ ਬੀਚਾਰ॥ ਸਚਾ ਤੇਰਾ ਅਮਰੁ ਸਚਾ ਦੀਬਾਣੁ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥ ਸਚਾ ਤੇਰਾ ਕਰਮੁ ਸਚਾ ਨੀਸਾਣੁ॥ ਸਚੇ ਤੁਧੁ ਆਖਹਿ ਲਖ ਕਰੋੜਿ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ॥ ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥ (ਪੰ: ੪੬੩) ਆਦਿ

"ਸਭੁ ਇਕੋ ਹੁਕਮੁ ਵਰਤਦਾ, ਮੰਨਿਐ ਸੁਖੁ ਪਾਈ॥ ੩॥" - ਹਰ ਥਾਂ ਪ੍ਰਭੂ ਦਾ ਹੁਕਮ ਹੀ ਚੱਲ ਰਿਹਾ ਹੈ। ਇਸ ਲਈ ਪ੍ਰਭੂ ਦੀ ਇਸ ਹੁਕਮ ੜਾਲੀ ਖੁਡ ਨੂੰ ਮੰਨਿਆਂ ਤੇ ਪ੍ਰਭੂ ਦੇ ਇਸ ਹੁਕਮ `ਚ ਟੁਰਿਆਂ ਹੀ ਜੀਵਨ ਦਾ ਅਸਲ ਸੁਖ ਭਾਵ ਜੀਂਦੇ-ਜੀਅ ਪ੍ਰਭੂ ਦੇ ਸਾਖਿਆਤ ਦਰਸ਼ਨਾਂ ਤੇ ਮਿਲਾਪ ਵਾਲਾ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ੩। ਯਥਾ:-

() "ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ" (ਬਾਣੀ ਜਪੁ) ਆਦਿ

(ਚਲਦਾ) #Instt.P.3-12th.v. Ramkali ki vaar M.-3-02.19-P1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਬਾਰ੍ਹਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.