.

ਸਰਕਾਰੀ ਏਜੰਸੀਆਂ ਦੇ ਬੰਦੇ

ਪਿਛਲੇ ਲੱਗ-ਭੱਗ 40 ਕੁ ਸਾਲਾਂ ਤੋਂ ਇਹ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਕਿ ਜੇ ਕਿਸੇ ਇੱਕ ਵਿਆਕਤੀ ਜਾਂ ਸੰਸਥਾ ਦੇ ਵਿਚਾਰ ਕਿਸੇ ਦੂਸਰੇ ਨਾਲ ਨਹੀਂ ਮਿਲਦੇ ਤਾਂ ਇੱਕ ਦਮ ਇਹ ਦੂਸ਼ਣ ਲਾ ਦਿੱਤਾ ਜਾਂਦਾ ਹੈ ਕਿ ਵਿਰੋਧੀ ਵਿਚਾਰਾਂ ਵਾਲਾ ਸਰਕਾਰੀ ਏਜੰਸੀਆਂ ਦਾ ਬੰਦਾ ਹੈ ਜਾਂ ਫਲਾਨੀ ਸੰਸਥਾ ਸਰਕਾਰੀ ਹੱਥਾਂ ਵਿੱਚ ਖੇਲ ਰਹੀ ਹੈ। ਇਹ ਗੱਲ ਨਾ ਤਾਂ ਪੂਰੀ ਤਰ੍ਹਾਂ ਗਲਤ ਹੈ ਅਤੇ ਨਾ ਹੀ ਠੀਕ। ਆਓ ਵਿਚਾਰੀਏ ਅਸਲ ਵਿੱਚ ਸਰਕਾਰੀਏ ਕੌਣ ਹਨ ਅਤੇ ਉਹ ਕਿਵੇਂ?

ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨਿਰਪੱਖ ਅਤੇ ਅਜ਼ਾਦ ਸੋਚਣੀ ਵਾਲੇ ਬੰਦੇ ਬਹੁਤ ਘੱਟ ਹਨ। ਅਜਿਹੇ ਬੰਦਿਆਂ ਦੀ ਗਿਣਤੀ ਨਾਮ ਮਾਤਰ ਹੀ ਹੈ ਜਾਂ ਇਉਂ ਕਹਿ ਲਓ ਕਿ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਹੈ। ਅਜਿਹੇ ਬੰਦੇ ਜਾਂ ਤਾਂ ਚੁੱਪ ਰਹਿੰਦੇ ਹਨ ਅਤੇ ਜੇ ਕਰ ਆਪਣੇ ਕੋਈ ਵਿਚਾਰ ਦਿੰਦੇ ਵੀ ਹਨ ਤਾਂ ਬਹੁਤ ਘੱਟ। ਜਿੱਥੇ ਬਹੁਤ ਸ਼ੋਰ-ਸ਼ਰਾਬਾ ਹੋਵੇ ਉਥੇ ਪੀਪਨੀ ਦੀ ਅਵਾਜ਼ ਕੋਈ ਮਾਇਨੇ ਨਹੀਂ ਰੱਖਦੀ। ਇਤਨੇ ਸ਼ੋਰ ਸ਼ਰਾਬੇ ਵਿੱਚ ਉਹ ਅਵਾਜ਼ ਬਹੁਤ ਘੱਟ ਲੋਕਾਂ ਨੂੰ ਸੁਣਾਈ ਦਿੰਦੀ ਹੈ।

ਸੰਨ 1978 ਵਿੱਚ ਨਿਰੰਕਾਰੀਆਂ ਨਾਲ ਹੋਈ ਝੜਪ ਤੋਂ ਬਾਅਦ ਹਿੰਸਕ ਕਾਰਵਾਈਆਂ ਕਰਕੇ ਬਦਲਾ ਲੈਣ ਅਤੇ ਆਪਣੇ ਹੱਕ ਲੈਣ ਦੀ ਗੱਲ ਜੋਰ ਫੜਨ ਲੱਗ ਪਈ ਸੀ। ਆਮ ਸਾਧਾਰਨ ਬੰਦਾ, ਜਿਸ ਕੋਲ ਨਾ ਤਾਂ ਕੋਈ ਗੁਰਮਤਿ ਦੀ ਸੂਝ ਹੁੰਦੀ ਹੈ ਅਤੇ ਨਾ ਹੀ ਦੁਨੀਆ ਦੀ ਹੁੰਦੀ ਹੈ ਕਿ ਦੁਨੀਆਂ ਵਿੱਚ ਕੀ ਕੁੱਝ ਵਾਪਰ ਰਿਹਾ ਹੈ। ਅਜਿਹੇ ਬੰਦੇ ਧਰਮ ਦੇ ਨਾਮ ਤੇ ਸਹਿਜੇ ਹੀ ਪ੍ਰਭਾਵਤ ਹੋ ਕੇ ਹਿੰਸਕ ਕਾਰਵਾਈਆਂ ਕਰਨ ਵਾਲਿਆਂ ਨਾਲ ਹਮਦਰਦੀ ਰੱਖਣ ਲੱਗ ਪੈਂਦੇ ਹਨ ਜਾਂ ਇਸ ਹਿੰਸਕ ਲਹਿਰ ਵਿੱਚ ਸ਼ਾਮਲ ਹੋ ਕਿ ਆਪਣਾ ਧਰਮ ਸਮਝਣ ਲੱਗ ਪੈਂਦੇ ਹਨ। ਇਨ੍ਹਾਂ ਦੀ ਇਤਨਾ ਕਸੂਰ ਨਹੀਂ ਹੁੰਦਾ ਜਿਤਨਾ ਵਿਦਵਾਨਾ ਦਾ ਹੁੰਦਾ ਹੈ। ਕਿਉਂਕਿ ਵਿਦਵਾਨਾ ਨੇ ਕਦੀ ਵੀ ਸਹੀ ਸਮੇ ਤੇ ਸਹੀ ਸੇਧ ਨਹੀਂ ਦਿੱਤੀ ਅਤੇ ਜੇ ਕਰ ਦਿੱਤੀ ਹੁੰਦੀ ਤਾਂ ਜੋ ਹਾਲਾਤ ਹੁਣ ਹਨ ਇਸ ਤਰ੍ਹਾਂ ਦੇ ਕਦੀ ਵੀ ਨਾ ਹੁੰਦੇ।

ਜਦੋਂ ਕੋਈ ਹਿੰਸਕ ਲਹਿਰ ਚੱਲਦੀ ਹੈ ਤਾਂ ਕਪਟੀ ਰਾਜਨੀਤਕ ਲੋਕ ਆਪਣੇ ਦਾਅ ਤੇ ਹੁੰਦੇ ਹਨ ਕਿ ਇਸ ਨਾਲ ਸਾਨੂੰ ਕੀ ਫਾਇਦਾ ਹੋ ਸਕਦਾ ਹੈ। ਜਿਸ ਦੇਸ਼ ਵਿੱਚ ਵੋਟਾਂ ਦੀ ਗਿਣਤੀ-ਮਿਣਤੀ ਧਰਮ ਦੇ ਨਾਮ ਤੇ ਗਿਣੀ ਜਾਂਦੀ ਹੋਵੇ ਤਾਂ ਫਿਰ ਉਹ ਧਰਮ ਅਧਾਰਤ ਫਿਰਕੂ ਪੱਤਾ ਖੇਲਣ ਵਿੱਚ ਹਿਚਕਾਹਟ ਨਹੀਂ ਕਰਦੇ। ਇਹ ਰਾਜਨੀਤਕ ਲੋਕ ਭਾਵੇਂ ਕਾਂਗਰਸ ਨਾਲ ਸੰਬੰਧਿਤ ਹੋਣ, ਭਾਵੇਂ ਭਾਰਤੀ ਜੰਤਾ ਪਾਰਟੀ ਨਾਲ, ਭਾਵੇਂ ਅਕਾਲੀ ਦਲ ਨਾਲ ਜਾਂ ਹੋਰ ਕਿਸੇ ਫਿਰਕੂ ਪਾਰਟੀ ਨਾਲ।

ਅਕਾਲੀਆਂ ਵਲੋਂ ਚਲਾਇਆ ਜਾ ਰਿਹਾ ਸ਼ਾਂਤਮਈ ਕਥਿਤ ਧਰਮ ਯੁੱਧ ਮੋਰਚਾ ਜਦੋਂ ਭਿਡਰਾਂਵਾਲੇ ਸਾਧ ਵਲੋਂ ਹਾਈਜੈਕ ਕਰਕੇ ਹਿੰਸਕ ਰੂਪ ਧਾਰਨ ਕਰਨ ਲੱਗਾ ਤਾਂ ਅਕਾਲੀ ਲੀਡਰ ਦੂਹਰੀ ਕਪਟੀ ਖੇਲ ਖੇਲਣ ਲੱਗੇ। ਇੱਕ ਪਾਸੇ ਦੱਬੇ ਮਨ ਨਾਲ ਹਿੰਸਕ ਕਾਰਵਾਈਆਂ ਦੀ ਨਿਖੇਧੀ ਕਰਦੇ ਅਤੇ ਦੂਸਰੇ ਪਾਸੇ ਟੌਹੜੇ ਵਰਗੇ ਕਪਟੀ ਲੀਡਰ ਇਹ ਵੀ ਕਹਿੰਦੇ ਰਹੇ ਕਿ ਸਾਡੇ ਕੋਲ ਦੋ ਸੰਤ ਹਨ ਇੱਕ ਮਾਲਾ ਵਾਲਾ ਅਤੇ ਦੂਸਰਾ ਖੂੰਡੇ ਵਾਲਾ। ਜੇ ਕਰ ਮਾਲਾ ਵਾਲੇ ਸੰਤ ਲੌਂਗੋਵਾਲ ਵਾਲੇ ਵਲੋਂ ਗੱਲ ਨਾ ਬਣੀ ਤਾਂ ਖੂੰਡੇ ਵਾਲੇ ਸੰਤ ਵਲੋਂ ਬਣ ਜਾਵੇਗੀ। ਭਾਵ ਕਿ ਇਹ ਲੀਡਰ ਦੋਹਰੀ ਕਪਟੀ ਖੇਲ, ਖੇਲ ਰਹੇ ਸਨ। ਸ਼ਾਂਤੀ ਅਤੇ ਹਿੰਸਕ ਦੋਹਾਂ ਦਾ ਸਮਰਥਨ ਕਰ ਰਹੇ ਸਨ ਜਾਂ ਇਉਂ ਕਹਿ ਲਓ ਕਿ ਦੋਹੀਂ ਹੱਥੀਂ ਲੱਡੂ ਰੱਖ ਰਹੇ ਸਨ। ਜੇ ਕਰ ਸ਼ਾਂਤਮਈ ਤਰੀਕੇ ਨਾਲ ਸਰਕਾਰ ਮੰਗਾਂ ਮੰਨ ਗਈ ਤਾਂ ਲੌਂਗੋਵਾਲੇ ਸੰਤ ਦੀਆਂ ਸਿਫਤਾਂ ਕਰਾਂਗੇ ਅਤੇ ਜੇ ਕਰ ਹਿੰਸਕ ਤਰੀਕੇ ਨਾਲ ਮੰਨੀ ਤਾਂ ਭਿੰਡਰਾਂਵਾਲੇ ਸਾਧ ਦੀਆਂ। ਕਪਟੀ ਲੀਡਰਾਂ ਦੇ ਕਪਟ ਕਾਰਨ ਲੱਡੂ ਇਨ੍ਹਾਂ ਦੇ ਦੋਹਾਂ ਹੱਥਾਂ ਵਿਚੋਂ ਜਾਂਦੇ ਰਹੇ।

1984 ਵਿੱਚ ਜੋ ਕੁੱਝ ਹੋਇਆ ਉਸ ਲਈ ਜਿਥੇ ਕਾਂਗਰਸ ਸਰਕਾਰ ਦੋਸ਼ੀ ਹੈ ਉਥੇ ਹੀ ਸਾਰੇ ਅਕਾਲੀ ਲੀਡਰ ਅਤੇ ਭਿੰਡਰਾਂਵਾਲਾ ਸਾਧ ਦੋਸ਼ੀ ਹੈ। ਸਭ ਤੋਂ ਵੱਧ ਦੋਸ਼ੀ ਸਿੱਖਾਂ ਦੇ ਵਿਦਵਾਨ ਹਨ ਜੋ ਸਹੀ ਸਮੇ ਤੇ ਸਹੀ ਸੇਧ ਨਹੀਂ ਦੇ ਸਕੇ। ਇਹ ਵਿਦਵਾਨ ਵੀ ਅਕਾਲੀ ਲੀਡਰਾਂ ਵਾਂਗ ਹਮੇਸ਼ਾਂ ਹੀ ਦੋਗਲੀਆਂ ਗੱਲਾਂ ਕਰਦੇ ਹਨ। ਕਿਸੇ ਇੱਕ ਵੀ ਵਿਦਵਾਨ ਦਾ ਨਾਮ ਦੱਸ ਦਿਓ ਜੋ ਸਹੀ ਸਮੇ ਤੇ ਹਮੇਸ਼ਾਂ ਹੀ ਸਹੀ ਅਤੇ ਸੱਚੀ ਗੱਲ ਕਰਦਾ ਹੋਵੇ। ਗੁਰਬਾਣੀ ਦੇ ਵਿਆਖਿਆ ਕਾਰ ਵੀ ਜਾਂ ਤਾਂ ਚੁੱਪ ਰਹਿੰਦੇ ਹਨ ਅਤੇ ਜਾਂ ਫਿਰ ਹਵਾ ਦਾ ਰੁੱਖ ਦੇਖ ਕੇ ਹੀ ਗੱਲਾਂ ਕਰਦੇ ਹਨ। ਇਨ੍ਹਾਂ ਵਿਚੋਂ ਕਈਆਂ ਦੀਆਂ ਮਜ਼ਬੂਰੀਆਂ ਵੀ ਹੋ ਸਕਦੀਆਂ ਹਨ ਪਰ ਸਾਰਿਆਂ ਦੀਆਂ ਨਹੀਂ।

ਸਿੱਖਾਂ ਦੀਆਂ ਭਾਵਨਾਵਾਂ ਕੇਂਦਰੀ ਅਸਥਾਨ ਨਾਲ ਜੁੜੀਆਂ ਹੋਣ ਦੇ ਕਾਰਨ ਬਹੁਤੇ ਸਿੱਖ ਭਾਰਤ ਦੀ ਕੇਂਦਰ ਸਰਕਾਰ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ। ਮੋਰਚੇ ਦੌਰਾਨ ਉਥੇ ਕੀ ਕੁੱਝ ਹੁੰਦਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਕੀ ਚਾਲ ਸੀ ਇਸ ਬਾਰੇ ਬਹੁਤੇ ਲੋਕਾਂ ਨੂੰ ਕੋਈ ਗਿਆਨ ਨਹੀਂ ਸੀ। ਮੈਂ ਵੀ ਉਨ੍ਹਾਂ ਵਿਚੋਂ ਹੀ ਸੀ। ਉਸ ਵੇਲੇ ਬਹੁਤੇ ਸਿੱਖ ਇਹੀ ਸਮਝਦੇ ਸਨ ਕਿ ਸਰਕਾਰ ਨੇ ਸਰਾਸਰ ਸਿੱਖਾਂ ਨਾਲ ਧੱਕਾ ਕੀਤਾ ਹੈ ਇਸ ਲਈ ਅਸੀਂ ਹਥਿਆਰ ਚੁੱਕ ਕੇ ਬਦਲਾ ਵੀ ਲੈਣਾ ਹੈ ਅਤੇ ਆਪਣਾ ਵੱਖਰਾ ਰਾਜ ਖਾਲਿਸਤਾਨ ਵੀ ਬਣਾਉਣਾ ਹੈ। ਅਕਾਲੀ ਲੀਡਰਾਂ ਦੀਆਂ ਭੜਕਾਓ ਤਕਰੀਰਾਂ ਸੁਣ ਕੇ ਕੁੱਝ ਫੌਜੀਆਂ ਨੇ ਫੌਜ ਵਿਚੋਂ ਬਗਾਵਤ ਵੀ ਕੀਤੀ ਸੀ। ਉਸ ਵੇਲੇ ਭਾਵਨਾ ਵਿੱਚ ਵਹੇ ਹੋਏ ਬਹੁਤੇ ਸਿੱਖ ਇਹੀ ਸਮਝਦੇ ਸਨ ਕਿ ਸਿੱਖਾਂ ਦਾ ਹੁਣ ਆਪਣੇ ਦੇਸ਼ ਤੋਂ ਬਿਨਾ ਗੁਜ਼ਾਰਾ ਨਹੀਂ। ਇਹ ਵੱਖਰਾ ਖਾਲਿਸਤਾਨ ਹੁਣ ਬਣਿਆਂ ਕਿ ਬਣਿਆਂ। ਕੁੱਝ ਸਮਾ ਮੈਂ ਵੀ ਇਸ ਤਰ੍ਹਾਂ ਦਾ ਪ੍ਰਭਾਵ ਕਬੂਲਿਆ ਸੀ। ਕਿਉਂਕਿ ਉਸ ਸਮੇ ਨਾ ਤਾਂ ਮੈਨੂੰ ਬਹੁਤੀ ਧਾਰਮਿਕ ਸੂਝ ਸੀ ਅਤੇ ਨਾ ਹੀ ਰਾਜਨੀਤਕ। ਦੁਨੀਆਂ ਦੀਆਂ ਸਰਕਾਰਾਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ ਅਤੇ ਸਾਰੀ ਦੁਨੀਆ ਵਿੱਚ ਕੀ ਕੁੱਝ ਹੋ ਰਿਹਾ ਹੈ ਇਸ ਦੀ ਉੱਕਾ ਹੀ ਕੋਈ ਸੂਝ ਨਹੀਂ ਸੀ। ਸਿਰਫ ਧਰਮ ਦੇ ਨਾਮ ਤੇ ਕਰਮਕਾਂਡ ਕਰਕੇ ਖਾਲਿਸਤਾਨ ਦੇ ਸੁਪਨੇ ਦੇਖਣੇ ਹੀ ਇੱਕ ਕੰਮ ਸੀ। ਜਿਸ ਤਰ੍ਹਾਂ ਬਹੁਤੇ ਸਿੱਖ ਹਾਲੇ ਵੀ ਕਰ ਰਹੇ ਹਨ। ਆਪੂੰ ਬਣਿਆ ਖਾਲਿਸਤਾਨ ਦਾ ਰਾਸ਼ਟਰਪਤੀ ਡਾ: ਜਗਜੀਤ ਸਿੰਘ ਚੌਹਾਨ ਤਕਰੀਬਨ ਹਰ ਹਫਤੇ ਖਾਲਿਸਤਾਨ ਬਾਰੇ ਲੇਖ ਲਿਖਦਾ ਹੁੰਦਾ ਸੀ ਅਤੇ ਉਹ ਇੱਥੇ ਕਨੇਡਾ ਵਿੱਚ ਇੰਡੋ-ਕਨੇਡੀਅਨ ਅਖਬਾਰ ਵਿੱਚ ਛਪਦਾ ਹੁੰਦਾ ਸੀ। ਉਸ ਵੇਲੇ ਇੰਟਰਨੈੱਟ ਤਾਂ ਹੁੰਦਾ ਨਹੀਂ ਸੀ ਬਹੁਤੇ ਲੋਕ ਇਹੀ ਅਖਬਾਰ ਪੜ੍ਹਕੇ ਜਾਣਕਾਰੀ ਲੈਂਦੇ ਹੁੰਦੇ ਸਨ।

ਮੁੱਢ ਕਦੀਮ ਤੋਂ ਹੀ ਪਰਵਾਰਾਂ ਦੀ ਜ਼ਾਇਦਾਦ ਦੀ ਵੰਡ ਵੰਡਾਈ ਹੁੰਦੀ ਆਈ ਹੈ। ਕਈ ਵਾਰੀ ਸਕੇ ਭਰਾ ਵੀ ਜਮੀਨ ਬਦਲੇ ਇੱਕ ਦੂਸਰੇ ਦਾ ਕਤਲ ਕਰ ਦਿੰਦੇ ਹਨ। ਇਸੇ ਤਰ੍ਹਾਂ ਦੇਸ਼ਾਂ ਦੀ ਵੰਡ ਵੀ ਹੁੰਦੀ ਆਈ ਹੈ। ਜਿਸ ਤਰ੍ਹਾਂ ਸਾਂਝੇ ਪਰਵਾਰ ਦੇ ਖਰਚੇ ਘੱਟ ਹੁੰਦੇ ਹਨ ਇਸੇ ਤਰ੍ਹਾਂ ਸਾਂਝੇ ਦੇਸ਼ ਦੇ ਖਰਚੇ ਵੀ ਘੱਟ ਹੁੰਦੇ ਹਨ। ਪਰ ਫਿਰ ਵੀ ਜੇ ਕਰ ਕਿਸੇ ਖਿੱਤੇ ਦੇ ਲੋਕ ਵੱਖ ਹੋਣਾ ਚਾਹੁੰਦੇ ਹਨ, ਉਹ ਹੋ ਸਕਦੇ ਹਨ। ਪਰ ਪੰਜਾਬ ਦੇ ਲੋਕ ਤਾਂ ਇਨ੍ਹਾਂ ਕਥਿਤ ਖਾਲਿਸਤਾਨੀਆਂ ਦੀਆਂ ਅਨੇਕਾਂ ਵਾਰੀ ਜਮਾਨਤਾਂ ਜਬਤ ਕਰਵਾ ਚੁੱਕੇ ਹਨ। ਜਿਸ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਦੇ ਲੋਕਾਂ ਦਾ ਇਹ ਮੁੱਦਾ ਨਹੀਂ ਹੈ। ਇਹ ਮੱਲੋ ਮੱਲੀ ਕਿਸੇ ਹੋਰ ਦੀ ਤੁੱਖਣਾ ਤੇ ਉਨ੍ਹਾਂ ਦੇ ਗਲ ਮੜਿਆ ਜਾ ਰਿਹਾ ਹੈ। ਉਂਜ ਵੀ ਧਰਮ ਦੇ ਨਾਮ ਤੇ ਬਣੇ ਦੇਸ਼ਾਂ ਵਿੱਚ ਮਨੁੱਖੀ ਹੱਕਾਂ ਦਾ ਘਾਣ ਸਭ ਤੋਂ ਵੱਧ ਹੁੰਦਾ ਹੈ। ਪਾਕਿਸਤਾਨ, ਅਫਗਾਨਿਸਤਾਨ ਅਤੇ ਹੋਰ ਇਸਲਾਮੀ ਦੇਸ਼ਾਂ ਦੀ ਮਿਸਾਲ ਸਭ ਦੇ ਸਾਹਮਣੇ ਹੈ।

ਸੰਨ 1984 ਤੋਂ ਬਾਅਦ ਭਾਵਨਾ ਵਿੱਚ ਵਹੇ ਹੋਏ ਜਿਹੜੇ ਸਿੱਖ ਹਥਿਆਰਬੰਦ ਲੜਾਈ ਲੜਨਾ ਚਾਹੁੰਦੇ ਸਨ ਉਨ੍ਹਾਂ ਦੀ ਆਸ ਪਾਕਿਸਤਾਨ ਤੇ ਸੀ। ਕਿਉਂਕਿ ਪਾਕਿਸਤਾਨ ਦਾ ਬਾਰਡਰ ਪੰਜਾਬ ਨਾਲ ਲਗਦਾ ਹੈ ਇਸ ਲਈ ਹਥਿਆਰ ਅਤੇ ਹੋਰ ਅਸਲਾ ਪਾਕਿਸਤਾਨ ਦਿੰਦਾ ਸੀ ਅਤੇ ਉਥੇ ਸ਼ਰਨ ਵੀ। ਉਸ ਵੇਲੇ ਬਹੁਤੇ ਸਿੱਖ ਇਹੀ ਸਮਝਦੇ ਸਨ ਕਿ ਪਾਕਿਸਤਾਨ ਖਾਲਿਸਤਾਨ ਬਣਾਉਣ ਵਿੱਚ ਪੂਰੀ ਮਦਦ ਕਰੇਗਾ ਅਤੇ ਜਦੋਂ ਹਾਲਾਤ ਸੰਭਵ ਬਣੇ ਤਾਂ ਹੋ ਸਕਦਾ ਹੈ ਕਿ ਪਾਕਿਸਤਾਨ ਦੀ ਫੌਜ ਵੀ ਸਿੱਧੀ ਮਦਦ ਕਰੇ। ਪੱਤਰਕਾਰ ਸਤੀਸ਼ ਜੈਕਬ ਨੇ ਆਰਮੀ ਅਟੈਕ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ ਭਿੰਡਰਾਂਵਾਲੇ ਸਾਧ ਨਾਲ ਇੰਟਰਵਿਊ ਕੀਤੀ ਸੀ ਜਿਹੜੀ ਕਿ ਪਿਛਲੇ ਹਫਤੇ ਦੇ ਲੇਖ ਵਿੱਚ ਵੀ ਲਿੰਕ ਦੇ ਤੌਰ ਤੇ ਪਾਈ ਸੀ। ਉਸ ਪੱਤਰਕਾਰ ਦੇ ਦੱਸਣ ਮੁਤਾਬਕ ਭਿੰਡਰਾਂਵਾਲਾ ਸਾਧ ਵੀ ਪਾਕਿਸਤਾਨ ਤੇ ਆਸ ਲਾਈ ਬੈਠਾ ਸੀ। ਇੱਥੇ ਮੇਰੇ ਸ਼ਹਿਰ ਵਿੱਚ ਇੱਕ ਸਮੇ, ਮੇਰੇ ਨਾਲ ਦੇ ਗੁਆਂਢ ਵਿੱਚ ਮੇਰਾ ਇੱਕ ਦੋਸਤ ਰਹਿੰਦਾ ਸੀ ਜੋ ਕਿ ਇੰਡੀਆ ਵਿੱਚ ਪੜ੍ਹ ਕੇ ਚੰਗੀ ਨੌਕਰੀ ਕਰਦਾ ਆਇਆ ਸੀ। ਉਸ ਨੂੰ ਭਾਵੇਂ ਗੁਰਮਤਿ ਦੀ ਕੋਈ ਬਹੁਤੀ ਸੂਝ ਤਾਂ ਨਹੀਂ ਸੀ ਪਰ ਰਾਜਨੀਤਕ ਸੂਝ ਕਾਫੀ ਸੀ। ਇੱਕ ਵਾਰੀ ਉਹ ਗੱਲਾਂ–ਗੱਲਾਂ ਵਿੱਚ ਮੈਨੂੰ ਕਹਿਣ ਲੱਗਾ ਕਿ ਜਿਸ ਖਾਲਿਸਤਾਨ ਦੀ ਤੁਸੀਂ ਆਸ ਲਾਈ ਬੈਠੇ ਹੋ ਉਹ ਨਹੀਂ ਬਣਨਾ। ਜੇ ਕਰ ਤੁਸੀਂ ਇਹ ਸਮਝਦੇ ਹੋ ਕਿ ਪਾਕਿਸਤਾਨ ਦੀ ਫੌਜ ਸਿੱਧਾ ਹਮਲਾ ਕਰਕੇ ਤੁਹਾਡੀ ਮਦਦ ਕਰੇਗੀ ਤਾਂ ਭੁੱਲ ਜਾਓ। ਉਹ ਕਦੀ ਵੀ ਅਜਿਹਾ ਨਹੀਂ ਕਰ ਸਕਦੀ। ਜੇ ਕਰ ਉਹ ਅਜਿਹਾ ਕਰੇ ਤਾਂ ਮੇਰਾ ਸਿਰ ਵੱਢ ਦੇਣਾ।

ਖੈਰ! ਸਮਾ ਬੀਤਦਾ ਗਿਆ ਤੇ ਹੌਲੀ-ਹੌਲੀ ਸੱਚ ਸਾਹਮਣੇ ਆਉਣ ਲੱਗਾ। ਉਸ ਵੇਲੇ ਮੈਨੁੰ ਕਿਤਾਬਾਂ ਪੜ੍ਹਨ ਦਾ ਕਾਫੀ ਸ਼ੌਕ ਸੀ। ਉਸ ਵੇਲੇ 1984 ਦੇ ਹਮਲੇ ਨਾਲ ਸੰਬੰਧਿਤ ਜਿਤਨੀਆਂ ਕੁ ਕਿਤਾਬਾਂ ਮਿਲ ਸਕਦੀਆਂ ਸਨ ਮੰਗਵਾ ਕਿ ਪੜ੍ਹੀਆਂ ਅਤੇ ਨਾਲ ਦੀ ਨਾਲ ਗੁਰਮਤਿ ਦੀ ਪੜਾਈ ਵੀ ਕਰੀ ਗਿਆ। ਜਿਸ ਤਰ੍ਹਾਂ ਸੂਝ ਹੁੰਦੀ ਗਈ ਉਸ ਤਰ੍ਹਾਂ ਖਿਆਲ ਵੀ ਬਦਲਦੇ ਗਏ। ਮੈਂ ਜੋ ਵੀ ਸੂਝ ਲਈ ਹੈ ਆਪ ਪੜ੍ਹ ਸੁਣ ਕੇ ਹੀ ਲਈ ਹੈ। ਜੇ ਕਰ ਵਿਦਵਾਨ ਸਹੀ ਸਮੇ ਤੇ ਸਹੀ ਸੇਧ ਦਿੰਦੇ ਹੋਣ ਤਾਂ ਭਾਵਨਾ ਵਿੱਚ ਵਹੇ ਲੋਕ ਆਪਣਾ ਤੇ ਆਪਣੀ ਕੌਮ ਦਾ ਇਤਨਾ ਨੁਕਸਾਨ ਨਹੀਂ ਕਰ ਸਕਦੇ ਸਨ ਜਿਤਨਾ ਹੁਣ ਹੋ ਚੁੱਕਾ ਹੈ। ਭਿੰਡਰਾਂਵਾਲੇ ਸਾਧ ਤੋਂ ਬਿਨਾ ਜਿਹੜੇ ਆਮ ਸਿੱਖਾਂ ਨੇ ਹਥਿਆਰ ਚੁੱਕ ਕੇ ਲੜਾਈ ਲੜੀ ਹੈ ਉਨ੍ਹਾਂ ਦਾ ਆਪਣਾ ਕਸੂਰ ਘੱਟ ਹੈ ਅਤੇ ਵਿਦਵਾਨਾ ਦਾ ਜ਼ਿਆਦਾ। ਇਤਨਾ ਨੁਕਸਾਨ ਹੋ ਜਾਣ ਤੇ ਵੀ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਆਈ ਉਨ੍ਹਾਂ ਨੂੰ ਕਦੀ ਵੀ ਨਹੀਂ ਆ ਸਕਦੀ। ਗੱਲ ਨੂੰ ਠੀਕ ਤਰ੍ਹਾਂ ਸਮਝਣ ਲਈ ਇਹ ਸੰਖੇਪ ਜਿਹੀ ਵਿਚਾਰ ਜਰੂਰੀ ਸੀ ਅਤੇ ਆਓ ਹੁਣ ਅਸਲੀ ਗੱਲ ਵੱਲ ਆਈਏ ਜਿਹੜੀ ਬਹੁਤਿਆਂ ਨੂੰ ਹਜ਼ਮ ਨਹੀਂ ਹੋਣੀ।

ਪਿਛਲੇ ਹਫਤੇ ਦੇ ਲੇਖ ਵਿੱਚ ਤੁਸੀਂ ਸਬੂਤਾਂ ਸਮੇਤ ਪੜ੍ਹ ਲਿਆ ਹੋਵੇਗਾ ਕਿ ਕਿਸ ਤਰ੍ਹਾਂ ਭਿੰਡਰਾਂਵਾਲੇ ਸਾਧ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਦੇ ਕੁੱਝ ਵਿਆਕਤੀਆਂ ਨੇ ਆਪਣੇ ਹਿੱਤਾਂ ਲਈ ਵਰਤਿਆ ਸੀ ਅਤੇ ਉਸ ਦਾ ਰੱਸਾ ਖੁੱਲਾ ਛੱਡ ਕੇ ਆਪਣੇ ਰਾਜਸੀ ਵਿਰੋਧੀ ਅਕਾਲੀਆਂ ਦੀ ਹਿੱਕ ਵਿੱਚ ਵੱਜਣ ਲਈ ਸ਼ਕਤੀਸ਼ਾਲੀ ਭੂਤ ਬਣਾਇਆ ਸੀ। ਫਿਰ ਜਦੋਂ ਉਹ ਸਾਧ ਪੂਰਾ ਸ਼ਕਤੀਸ਼ਾਲੀ ਭੂਤ ਬਣ ਕੇ ਸਰਕਾਰ ਨੂੰ ਵੀ ਵੰਗਾਰਨ ਲੱਗ ਪਿਆ ਤਾਂ ਮੌਕਾ ਸੰਭਾਲ ਕੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੇ ਖੇਮੇ ਵਿੱਚ ਲੈ ਲਿਆ। ਕਿਉਂਕਿ ਖੁੱਲਮ-ਖੁੱਲੀ ਹਥਿਆਰਬੰਦ ਜੰਗ ਕਿਸੇ ਬਿਦੇਸ਼ੀ ਸਰਕਾਰੀ ਏਜੰਸੀ ਤੋਂ ਬਿਨਾ ਬਹੁਤਾ ਚਿਰ ਲੜਨੀ ਸੰਭਵ ਨਹੀਂ ਹੋ ਸਕਦੀ। ਉਥੇ ਅੰਦਰ ਲੁਕਿਆਂ ਹੋਇਆ ਨੂੰ ਹਥਿਆਰਾਂ ਦੀ ਸਪਲਾਈ ਕੋਈ ਤਾਂ ਕਰਦਾ ਹੀ ਹੋਵੇਗਾ। ਜਾਂ ਤਾਂ ਇਹ ਭਾਰਤੀ ਖੁਫੀਆ ਏਜੰਸੀ ਕਰਦੀ ਸੀ ਅਤੇ ਜਾਂ ਫਿਰ ਪਾਕਿਸਤਾਨ ਦੀ। ਇਹ ਕੋਈ ਮੰਤਰ ਪੜ੍ਹ ਕੇ ਤਾਂ ਉਥੇ ਬਾਣਾਏ ਨਹੀਂ ਜਾਂਦੇ ਸਨ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰੋਂ ਹੀ ਆਂਉਂਦੇ ਸਨ। ਕੁੱਝ ਲੁੱਟਾਂ ਖੋਹਾਂ ਵਾਲੇ ਵੀ ਹੋ ਸਕਦੇ ਹਨ ਕਿਉਂਕਿ ਭਿੰਡਰਾਂਵਾਲਾ ਸਾਧ ਇਹ ਸ਼ਰੇਆਮ ਕਿਹਾ ਕਰਦਾ ਸੀ ਕਿ ਟੋਪੀਆਂ ਵਾਲਿਆਂ ਤੋਂ ਖੋਹ ਲਿਆ ਕਰੋ।

ਸੰਨ 1984 ਤੋਂ ਬਾਅਦ ਜਿਨ੍ਹਾਂ ਕਥਿਤ ਖਾੜਕੂਆਂ ਨੇ ਹਥਿਆਰਬੰਦ ਲੜਾਈ ਲੜੀ ਸੀ ਜਾਂ ਹਾਲੇ ਵੀ ਲੜਨਾ ਚਾਹੁੰਦੇ ਹਨ ਉਹ ਸਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਪਾਕਿਸਤਾਨ ਦੀ ਏਜੰਸੀ ਤੋਂ ਸੇਧ ਲੈ ਕੇ ਹੀ ਲੜਦੇ ਸਨ/ਹਨ। ਹਥਿਆਰ ਅਤੇ ਪੈਸਾ ਵੀ ਉਹੀ ਦਿੰਦੇ ਸਨ, ਲੁਕਣ ਲਈ ਪਨਾਹਗਾਹ ਵੀ ਅਤੇ ਹਵਾਈ ਜਹਾਜ ਅਗਵਾਕਾਰਾਂ ਨੂੰ ਸ਼ਰਨ ਵੀ। ਭਾਰਤੀ ਸੂਹੀਏ ਅਨੁਸਾਰ ਜਦੋਂ ਕੁੱਝ ਖਾੜਕੂਆਂ ਨੇ ਇਲੈਕਸ਼ਨਾ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤਾਂ ਪਾਕਿਸਤਾਨੀ ਖੁਫੀਆ ਏਜੰਸੀ ਨੇ ਵੀ ਆਪਣਾ ਹੱਥ ਪਿਛੇ ਖਿੱਚ ਲਿਆ। ਜਿੱਥੇ ਪਹਿਲਾਂ ਉਹ ਹਥਿਆਰ ਮੁਫਤ ਵਿੱਚ ਦਿੰਦੇ ਸਨ ਫਿਰ ਪੈਸੇ ਲੈ ਕੇ ਦੇਣੇ ਸ਼ੁਰੂ ਕਰ ਦਿੱਤੇ। ਜਿਹੜੇ ਖਾੜਕੂ ਆਈ. ਐੱਸ. ਆਈ ਦੀਆਂ ਹਦਾਇਤਾਂ ਅਨੁਸਾਰ ਕਾਰਵਾਈਆਂ ਕਰਦੇ ਸਨ ਉਨ੍ਹਾਂ ਨੇ, ਖਾਸ ਕਰਕੇ ਡਾ: ਸੋਹਣ ਸਿੰਘ ਦੀ ਦੂਜੀ ਪੰਥਕ ਕਮੇਟੀ ਨੇ ਚੋਣਾ ਵਿੱਚ ਭਾਗ ਲੈਣ ਵਾਲੇ ਬਹੁਤ ਸਾਰੇ ਉਮਦੀਵਾਰਾਂ ਨੂੰ ਗਦਾਰ ਕਹਿ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਰਮਿੰਦਰ ਸਿੰਘ ਸੰਧੂ ਨੂੰ ਵੀ ਸ਼ਾਇਦ ਇਸੇ ਕਰਕੇ ਸ਼ੱਕ ਦੇ ਅਧਾਰ ਤੇ ਗਦਾਰ ਕਹਿ ਕੇ ਕਤਲ ਕੀਤਾ ਸੀ ਕਿਉਂਕਿ ਉਹ ਵੀ ਚੋਣਾਂ ਵਿੱਚ ਹਿੱਸਾ ਲੈਣ ਦਾ ਇੱਛਕ ਸੀ ਜਾਂ ਆਪਣੀ ਲੜਾਈ ਡੈਮੋਕਰੇਟਿਕ ਢੰਗ ਨਾਲ ਲੜਨਾ ਚਾਹੁੰਦਾ ਸੀ। ਉਸ ਦੇ ਕਤਲ ਹੋਣ ਵਾਲੇ ਦਿਨ ਵੀ ਉਸ ਨੂੰ ਕਈ ਖਾਲਿਸਤਾਨੀ ਕਦੀ ਸ਼ਹੀਦ ਅਤੇ ਕਦੀ ਗਦਾਰ ਕਹਿੰਦੇ ਰਹੇ ਸਨ।

ਜਦੋਂ ਜਸਬੀਰ ਸਿੰਘ ਰੋਡੇ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਸੀ ਤਾਂ ਉਸ ਨੇ ਭਾਰਤੀ ਸੂਹੀਏ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਉਹ ਦਿੱਲੀ ਸਰਕਾਰ ਦੇ ਸੂਹੀਏ ਮਲੋਏਧਰ ਨਾਲ ਸੌਦੇਬਾਜ਼ੀ ਕਰ ਰਿਹਾ ਸੀ ਤਾਂ ਬਾਹਰ ਇਹ ਅਫਵਾਹ ਉਡਾਈ ਗਈ ਸੀ ਕਿ ਸਰਕਾਰ ਉਸ ਨੂੰ ਇਤਨਾ ਤੰਗ ਕਰਦੀ ਹੈ ਕਿ ਉਸ ਦੇ ਹੱਥਾਂ ਦੇ ਨਹੁੰ ਜੰਬੂਰਾਂ ਨਾਲ ਖਿੱਚ ਦਿੱਤੇ ਗਏ ਹਨ। ਇਹ ਗੱਲ ਮੈਨੂੰ ਵੀ ਇੱਕ ਬੰਦੇ ਨੇ ਫੂਨ ਕਰਕੇ ਦੱਸੀ ਸੀ। ਉਸ ਵੇਲੇ ਇਹੀ ਕਿਹਾ ਜਾਂਦਾ ਸੀ ਕਿ ਦੇਖੋ ਜੀ ਸਾਡੇ ਅਕਾਲ ਤਖਤ ਦੇ ਜਥੇਦਾਰ ਨੂੰ ਸਰਕਾਰ ਇਤਨੇ ਤਸੀਹੇ ਦਿੰਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ? ਜਸਬੀਰ ਸਿੰਘ ਰੋਡੇ ਬਾਰੇ ਅਤੇ ਇਸ ਦੇ ਨਾਲ ਦੇ ਹੋਰ ਸਾਥੀ ਕਥਿਤ ਜਥੇਦਾਰਾਂ ਬਾਰੇ ਹੁਣ ਸਾਰਾ ਕੁੱਝ ਸਾਹਮਣੇ ਆ ਚੁੱਕਾ ਹੈ ਕਿ ਇਹ ਜੋ ਵੀ ਕਰਦੇ ਸਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕਰਦੇ ਸਨ। ਜਦੋਂ ਸਰਕਾਰੀ ਸੂਹੀਏ ਦੀ ਕਿਤਾਬ ਖੁੱਲੇ ਭੇਦ ਛਪ ਕੇ ਸਾਹਮਣੇ ਆਈ ਸੀ ਤਾਂ ਜਸਬੀਰ ਸਿੰਘ ਰੋਡੇ ਨੂੰ ਇਸ ਬਾਰੇ ਪੁੱਛਿਆ ਸੀ ਕਿ ਜੋ ਇਸ ਵਿੱਚ ਲਿਖਿਆ ਹੈ ਉਹ ਠੀਕ ਹੈ ਜਾਂ ਗਲਤ। ਜਿਥੋਂ ਤੱਕ ਮੈਨੂੰ ਜਾਣਕਾਰੀ ਹੈ ਉਸ ਨੇ ਇਸ ਬਾਰੇ ਚੁੱਪ ਹੀ ਧਾਰ ਲਈ ਸੀ, ਕੁੱਝ ਵੀ ਨਹੀਂ ਸੀ ਬੋਲਿਆ।

ਜਸਬੀਰ ਸਿੰਘ ਰੋਡੇ ਹਿੰਦੂ ਸਰਕਾਰ ਦੀਆਂ ਸਰਕਾਰੀ ਏਜੰਸੀਆਂ ਅਨੁਸਾਰ ਕੰਮ ਕਰਦਾ ਰਿਹਾ ਹੈ ਅਤੇ ਇਸ ਦਾ ਛੋਟਾ ਭਰਾ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਅਨੁਸਾਰ। ਸ਼ਾਇਦ ਹਾਲੇ ਵੀ ਉਥੇ ਪਾਕਿਸਤਾਨ ਬੈਠਾ ਕਰਦਾ ਹੋਵੇ। ਇਨ੍ਹਾਂ ਦੇ ਚਾਚੇ ਭਿੰਡਰਾਂਵਾਲੇ ਸਾਧ ਨੇ ਪਹਿਲਾਂ ਹਿੰਦੂ ਕਾਂਗਰਸ ਦੀ ਸਰਕਾਰ ਅਨੁਸਾਰ ਕੰਮ ਕੀਤਾ ਸੀ ਫਿਰ ਪਾਕਿਸਤਾਨੀ ਸਰਕਾਰ ਦੀ ਏਜੰਸੀ ਅਨੁਸਾਰ। ਇੰਡੋ-ਕਨੇਡੀਅਨ ਅਖਬਾਰ ਦੇ ਬਾਨੀ ਤਾਰਾ ਸਿੰਘ ਹੇਅਰ ਨੇ ਸਭ ਤੋਂ ਪਹਿਲਾਂ ਪੰਜਾਬੀ ਅਖਬਾਰ ਕੰਪਿਊਟਰ ਤੇ ਛਾਪਣਾ ਸ਼ੁਰੂ ਕੀਤਾ ਸੀ। ਉਸ ਨੇ ਪਹਿਲਾਂ ਪਾਕਿਸਤਾਨੀ ਏਜੰਸੀਆਂ ਦੀ ਸੋਚ ਅਨੁਸਾਰ ਕੰਮ ਕੀਤਾ ਸੀ। ਉਹ ਪੱਕਾ ਖਾਲਿਸਤਾਨੀ ਸੀ ਅਤੇ ਭਿੰਡਰਾਵਾਲੇ ਸਾਧ ਦੀਆਂ ਫੋਟੋਆਂ ਛਾਪ-ਛਾਪ ਕੇ ਵੇਚਦਾ ਹੁੰਦਾ ਸੀ ਅਤੇ ਇਹ ਵੀ ਕਹਿੰਦਾ ਹੁੰਦਾ ਸੀ ਕਿ ਸਿੱਖਾਂ ਦੇ ਹਰ ਘਰ ਵਿੱਚ ਇਨ੍ਹਾਂ ਸ਼ਹੀਦਾ ਦੀਆਂ ਫੋਟੋਆਂ ਜਰੂਰ ਲੱਗਣੀਆਂ ਚਾਹੀਦੀਆਂ ਹਨ। ਫਿਰ ਅਚਾਨਕ ਹੀ ਭਾਰਤੀ ਸੂਹੀਏ ਨੇ ਮਿਲ ਕੇ ਉਸ ਦਾ ਮਨ ਬਦਲ ਦਿੱਤਾ ਸੀ ਜਾਂ ਸਾਰਾ ਕੁੱਝ ਦੇਖ ਕੇ ਆਪ ਹੀ ਕੋਈ ਸੋਝੀ ਹੋ ਗਈ ਸੀ ਫਿਰ ਉਹ ਭਾਰਤੀ ਏਜੰਸੀਆਂ ਅਨੁਸਾਰ ਕੰਮ ਕਰਨ ਲੱਗ ਪਿਆ। ਬਦੇਸ਼ਾਂ ਵਿੱਚ ਆ ਕੇ ਵਸੇ ਹੋਰ ਵੀ ਬਹੁਤ ਸਾਰੇ ਕਥਿਤ ਖਾੜਕੂ, ਦੋਵੇ ਏਜੰਸੀਆਂ ਅਨੁਸਾਰ ਕੰਮ ਕਰਦੇ ਰਹੇ ਹੋਣਗੇ ਜਾਂ ਹਾਲੇ ਵੀ ਕਈ ਕਰਦੇ ਹੋਣਗੇ। ਜਿਨ੍ਹਾਂ ਨੂੰ ਪਾਕਿਸਤਾਨੀ ਏਜੰਸੀਆਂ ਨੇ ਬਾਹਰ ਕੱਢਿਆ ਹੈ ਉਹ ਉਨ੍ਹਾਂ ਲਈ ਕੰਮ ਕਰਨਗੇ ਅਤੇ ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਨੇ ਬਾਹਰ ਭੇਜਿਆ ਹੈ ਉਹ ਉਨ੍ਹਾਂ ਦੀ ਹਦਾਇਤ ਅਨੁਸਾਰ ਕੰਮ ਕਰਦੇ ਹੋਣਗੇ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਸਕਦੀ ਹੈ। ਜਿਹੜੀ ਸਰਕਾਰ ਕੇ. ਪੀ. ਐੱਸ. ਗਿੱਲ ਰਾਹੀਂ ਧੁੰਮੇ ਨੂੰ ਬਾਹਰੋਂ ਲਿਆ ਕੇ ਟਕਸਾਲ ਦਾ ਕਥਿਤ ਮੁਖੀ ਬਣਾ ਸਕਦੀ ਹੈ ਕੀ ਉਹ ਆਪਣੇ ਏਜੰਟਾਂ ਨੂੰ ਬਾਹਰ ਸੈੱਟ ਨਹੀਂ ਕਰ ਸਕਦੀ? ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਟਕਸਾਲ ਦਾ ਮੁਖੀ ਠਾਕਰ ਸਿੰਘ ਇਸੇ ਕੰਮ ਲਈ ਸਾਲ ਵਿੱਚ ਕਈ ਗੇੜੇ ਬਿਦੇਸ਼ਾਂ ਦੇ ਮਾਰਦਾ ਹੁੰਦਾ ਸੀ। ਜਿਹੜੇ ਆਪ ਹੀ ਸਿੱਧੇ ਬਾਹਰ ਆਉਣ ਬਾਰੇ ਦੱਸਦੇ ਹਨ, ਜੇ ਕਰ ਉਹ ਕਿਸੇ ਸਮੇ ਹਿੰਸਕ ਕਾਰਵਾਈਆਂ ਵਿੱਚ ਹਿੱਸਾ ਲੈਂਦੇ ਰਹੇ ਹਨ ਫਿਰ ਉਨ੍ਹਾ ਨੂੰ ਪਾਸਪੋਰਟ ਅਤੇ ਹੋਰ ਕਲੀਅਰੈਂਸ ਕਿਵੇਂ ਮਿਲ ਗਈ। ਅਪਰਾਧ ਕਰਨ ਵਾਲਿਆਂ ਨੂੰ ਬਿਦੇਸ਼ਾਂ ਵਿੱਚ ਪਨਾਹ ਕਿਵੇਂ ਮਿਲ ਗਈ? ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ੰਕੇ ਉਠਣੇ ਸੁਭਾਵਕ ਹਨ।

ਸਵਾਲਾਂ ਵਿਚੋਂ ਸਵਾਲ ਅਤੇ ਗੱਲਾਂ ਵਿਚੋਂ ਗੱਲ ਤਾਂ ਇਹ ਹੈ ਕਿ ਇੱਕ ਸਰਕਾਰੀ ਏਜੰਸੀ ਦਾ ਬੰਦਾ ਹੋਣਾ ਠੀਕ ਕਿਉਂ ਹੈ ਅਤੇ ਦੂਸਰੀ ਦਾ ਗਲਤ ਕਿਉਂ? ਇੱਕ ਏਜੰਸੀ ਦੇ ਢਹੇ ਚੜ ਕੇ ਕੰਮ ਕਰਨ ਵਾਲੇ ਗਦਾਰ ਕਿਉਂ ਹਨ ਅਤੇ ਦੂਸਰੀ ਏਜੰਸੀ ਦੇ ਕਹੇ ਅਨੁਸਾਰ ਕੰਮ ਕਰਨ ਵਾਲੇ ਦੇਸ਼ ਭਗਤ ਜਾਂ ਧਰਮੀ ਕਿਉਂ ਹਨ? ਕੀ ਮੁਸਲਮਾਨ ਹਾਕਮਾਂ ਨੇ ਸਿੱਖਾਂ ਨਾਲ ਘੱਟ ਕੀਤੀ ਹੈ। ਛੇਵੇਂ ਪਾਤਸ਼ਾਹ ਨਾਲ ਚਾਰ ਜੰਗਾਂ, ਪੰਜਵੇਂ ਅਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ, ਦਸਵੇਂ ਗੁਰੂ ਨੂੰ ਅਨੰਦਪੁਰ ਸਾਹਿਬ ਵਿਚੋਂ ਕੱਢਣਾ, ਉਨ੍ਹਾਂ ਦੇ ਚਾਰੇ ਸਾਹਿਬ ਜ਼ਾਦਿਆਂ ਦੀ ਸ਼ਹੀਦੀ, ਬੰਦਾ ਸਿੰਘ ਬਹਾਦਰ ਨਾਲ ਜੰਗਾਂ ਅਤੇ ਉਸ ਤੋਂ ਬਾਅਦ ਮੁਸਲਮਾਨ ਹਾਕਮਾ ਵਲੋਂ ਹਜ਼ਾਰਾਂ ਸਿੱਖਾਂ ਦੇ ਕਤਲ ਕੀਤੇ ਗਏ ਸਨ। ਲੜਾਈਆਂ ਭਾਂਵੇਂ ਪਹਾੜੀ ਹਿੰਦੂ ਰਾਜਿਆਂ ਨੇ ਵੀ ਲੜੀਆਂ ਸਨ, ਗੰਗੂ, ਚੰਦੂ, ਲੱਖਪੱਤ ਰਾਏ, ਜੱਸਪੱਤ ਰਾਏ, ਅਤੇ ਸੁੱਚਾ ਨੰਦ ਵਰਗੇ ਵੀ ਕਈ ਕਾਤਲਾਂ ਦੇ ਸਹਿਯੋਗੀ ਸਨ। ਪਰ ਫਿਰ ਵੀ ਸਿੱਖਾਂ ਦੇ ਕਤਲ ਹਿੰਦੂਆਂ ਨੇ ਮੁਸਲਮਾਨਾ ਨਾਲੋਂ ਘੱਟ ਹੀ ਕੀਤੇ ਹੋਣਗੇ। ਪਿਛਲੀਆਂ ਗੱਲਾਂ ਤਾਂ ਛੱਡੋ ਅੱਜ ਤੋਂ ਕੋਈ 20ਕੁ ਸਾਲ ਪਹਿਲਾਂ ਯੂ. ਕੇ. ਦੇ ਮੁਸਲਮਾਨ ਮੁੰਡੇ ਸਿੱਖ ਕੁੜੀਆਂ ਨੂੰ ਧੋਖਾ ਦੇਣ ਲਈ ਹੱਥਾਂ ਵਿੱਚ ਕੜੇ ਪਾ ਕੇ, ਕੁੱਝ ਬਾਣੀਆਂ ਕੰਠ ਕਰਕੇ ਸਿੱਖ ਹੋਣ ਦਾ ਭੁਲੇਖਾ ਪਾ ਕੇ ਭਰਮਾਉਂਦੇ ਸਨ। ਪਹਿਲਾਂ ਵਿਆਹ ਕਰਵਾਉਣ ਦਾ ਝਾਂਸਾ ਦਿੰਦੇ ਸਨ। ਜਦੋਂ ਲੜਕੀ ਉਨ੍ਹਾਂ ਦੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਜਾਂਦੀ ਸੀ ਫਿਰ ਉਨ੍ਹਾਂ ਦੇ ਰੇਪ ਕਰਕੇ ਪਾਕਿਸਤਾਨ ਦੇ ਵੇਸਵਾਂ ਦੇ ਅੱਡਿਆਂ ਤੇ ਛੱਡ ਆਉਂਦੇ ਸਨ। ਇਸ ਤਰ੍ਹਾਂ ਦੀਆਂ ਕਈ ਖਬਰਾਂ ਛਪਦੀਆਂ ਰਹੀਆਂ ਹਨ। ਇੱਥੇ ਸਿੱਖ ਮਾਰਗ ਤੇ ਵੀ ਪਹਿਲਾਂ ਇਸ ਬਾਰੇ ਛਪ ਚੁੱਕਾ ਹੈ। ਕੀ ਹਾਲੇ ਵੀ ਇਸ ਤਰ੍ਹਾਂ ਹੁੰਦਾ ਹੈ? ਇਸ ਬਾਰੇ ਤਾਂ ਇੰਗਲੈਂਡ ਨਿਵਾਸੀ ਹੀ ਜਾਣਦੇ ਹੋਣਗੇ। ਭਾਰਤੀ ਸੂਹੀਆ ਮਲੋਏ ਧਰ ਇਹ ਵੀ ਲਿਖਦਾ ਹੈ ਕਿ ਪਾਕਿਸਤਾਨ ਵਿੱਚ ਰਹਿ ਰਹੇ ਕਥਿਤ ਖਾੜਕੂਆਂ ਨੂੰ ਕਸਬੀ ਤੀਵੀਆਂ ਵੱਲ ਵੀ ਭੇਜਿਆ ਜਾਂਦਾ ਸੀ। ਸ਼ੱਕ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਤੀਵੀਆਂ ਇੰਗਲੈਂਡ ਵਿਚੋਂ ਉਧਾਲੀਆਂ ਸਿੱਖਾਂ ਦੀਆਂ ਕੁੜੀਆਂ ਹੀ ਨਾ ਹੋਣ। ਹੋ ਸਕਦਾ ਹੈ ਕਿ ਮੇਰਾ ਇਹ ਸ਼ੱਕ ਨਿਰਮੂਲ ਹੋਵੇ। ਉਂਜ ਵੀ ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਖਾੜਕੂ ਯੋਧਿਆਂ ਨੇ, ਪੁਲੀਸ ਵਾਲਿਆਂ ਨੇ ਅਤੇ ਸਰਕਾਰੀ ਏਜੰਸੀਆਂ ਨੇ ਪੰਜਾਬ ਵਿੱਚ ਵੀ ਵਥੇਰੇ ਬਲਾਤਕਾਰ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ।

ਦੇਸ਼ ਬਿਦੇਸ਼ ਦੇ ਕਈ ਗੁਰਦੁਆਰਿਆਂ ਵਿਚ, ਭਿੰਡਰਾਂਵਾਲੇ ਗੁੰਡੇ ਸਾਧ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਹਥਿਆਰਬੰਦ ਸੰਘਰਸ਼ ਦੇ ਹਮਾਇਤੀ ਹਨ। ਕੀ ਇਹ ਸਾਰੇ ਪਾਕਿਸਤਾਨ ਦੀ ਏਜੰਸੀ ਦੇ ਏਜੰਟ ਅਤੇ ਗਦਾਰ ਹਨ? ਕੀ ਉਹ ਵੀ ਸਾਰੇ ਗਦਾਰ ਹਨ ਜਿਨ੍ਹਾਂ ਨੇ ਇਸ ਸਾਧ ਦੀਆਂ ਫੌਟੋਆਂ ਆਪਣੇ ਘਰਾਂ ਵਿੱਚ ਲਾਈਆਂ ਹੋਈਆਂ ਹਨ? ਜਾਂ ਫਿਰ ਗਦਾਰੀ ਦੇਣ ਦਾ ਫਤਵਾ ਪਾਕਿਸਤਾਨੀ ਏਜੰਸੀ ਦੇ ਏਜੰਟਾਂ ਨੇ ਆਪਣੇ ਕੋਲ ਰਾਖਵਾਂ ਰੱਖਿਆ ਹੋਇਆ ਹੈ? ਧਰਮ ਦੇ ਨਾਮ ਤੇ ਗੁੰਡਾ ਗਰਦੀ ਕਰਨ ਵਾਲਾ, ਗੰਦੀਆਂ ਅਤੇ ਕੂੜ ਕਿਤਾਬਾਂ ਦਾ ਮੁਦਈ ਭਿੰਡਰਾਂਵਾਲੇ ਗੁੰਡਾ ਸਾਧ, ਇਸ ਗੁੰਡੇ ਸਾਧ ਦੇ ਗੁੰਡੇ ਚੇਲੇ, ਕਪਟੀ ਵਿਦਵਾਨ ਤੇ ਪ੍ਰਚਾਰਕ ਜਿਹੜੇ ਜ਼ਾਹਲੀ ਕਿਤਾਬਾਂ ਛਪਵਾ ਇਸ ਗੁੰਡੇ ਸਾਧ ਦੀ ਝੂਠੀ ਵਿਡਿਆਈ ਕਰਦੇ ਹਨ, ਉਹ ਕਿਹੜੀ ਏਜੰਸੀ ਦੇ ਏਜੰਟ ਹਨ? ਜਸਬੀਰ ਸਿੰਘ ਰੋਡੇ ਵਰਗੇ ਸਾਲਾਂ ਬੱਧੀ ਹਿੰਦੂ ਸਰਕਾਰੀ ਏਜੰਸੀਆਂ ਦੇ ਹੱਥਠੋਕੇ ਬਣਕੇ ਵੀ ਸਾਬਕਾ ਸਿੰਘ ਸਾਹਿਬ ਅਖਵਾਉਂਦੇ ਹਨ। ਕੀ ਧਰਮ ਦੇ ਨਾਮ ਤੇ ਗੰਦ ਪਾ ਕੇ ਵੀ ਸਾਰੀ ਸਿੱਖੀ ਦਾ ਠੇਕਾ ਇਸ ਰੋਡੇ ਪ੍ਰਵਾਰ ਇਨ੍ਹਾਂ ਦੇ ਪਿੱਛਲੱਗਾਂ ਕੋਲੇ ਹੀ ਹੈ? ਜੇ ਹੈ ਤਾਂ ਦੱਸੋਂ ਕਿਸੇ ਨੇ ਕੀ ਲੈਣਾਂ ਹੈ ਅਜਿਹੇ ਗੁੰਡਿਆਂ ਦੀ ਗੁੰਡਾਗਰਦੀ ਵਾਲੀ ਧਰਮ ਦੇ ਨਾਮ ਤੇ ਗੰਦ ਪਉਂਣ ਵਾਲੀ ਸਿੱਖੀ ਤੋਂ?

ਮੱਖਣ ਸਿੰਘ ਪੁਰੇਵਾਲ,

ਜੁਲਾਈ 14, 2019.




.