.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਯਾਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਦਸ ਭਾਗ ਵੀ ਪੜੋ ਜੀ)

(ਪਉੜੀ ਵਾਰ ਸਟੀਕ- ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ ੧ ॥ ਰਹਾਉ॥ {ਪੰਨਾ ੯੪੭}

ਪਦ ਅਰਥ : — ਸਚੇ ਪਾਤਿਸਾਹ —ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ, ਸਦਾ ਥਿਰ ਪ੍ਰਭੂ। ਵਾਹੁ—ਅਸਚਰਜ, ਜਿਸਨੂੰ ਅੱਖਰਾਂ ਰਾਹੀਂ ਬਿਆਣ ਨਾ ਕੀਤਾ ਜਾ ਸਕੇ। ਪਾਤਿਸ਼ਾਹ—ਹੇ ਸਚੇ ਪਾਤਿਸ਼ਾਹ, ਹੇ ਪ੍ਰਭੂ! ਤੂ—ਤੇਰੀ। ਨਾਈ—ਵਡਿਆਈਆਂ, ਸਿਫ਼ਤਾਂ।

ਅਰਥ : —ਹੇ ਸਦਾ ਥਿਰ ਪ੍ਰਭੂ! ਤੂੰ ਅਸਚਰਜ ਹੈਂ, ਤੂੰ ਅਸਚਰਜ ਹੈਂ। ਤੇਰੀਆਂ ਵਡਿਆਈਆਂ ਤੇ ਸਿਫ਼ਤਾਂ ਵੀ ਸਦਾ ਕਾਇਮ ਰਹਿਣ ਵਾਲੀਆਂ ਹਨ ਤੇ ਤੇਰੀਆਂ ਸਿਫ਼ਤਾਂ ਨੂੰ ਵੀ ਅੱਖਰਾਂ `ਚ ਬਿਆਣ ਨਹੀਂ ਕੀਤਾ ਜਾ ਸਕਦਾ।। ੧। ਰਹਾਉ।

ਨੋਟ : —ਲਫ਼ਜ਼ "ਰਹਾਉ" ਦਾ ਅਰਥ ਹੈ "ਠਹਰ ਜਾਓ ੜੇ ਵਿਚਾਰ ਕਰੋ"। ਇਹ ਵੀ ਕਿ ਵਿਚਾਰ-ਅਧੀਨ ਵਾਰ `ਚ ਕੁਲ ਇੱਕੀ ਪਉੜੀਆਂ ਅਤੇ ੫੨ ਸਲੋਕ ਹਨ।

ਜਦਕਿ ਇਸ ਵਾਰ ਦੀ ਵਿਸ਼ੇਸ਼ਤਾ ਹੈ ਕਿ ਇਸ ਵਾਰ ਦੀ ਪਹਿਲੀ ਪਉੜੀ ਤੋਂ ਬਾਅਦ "ਰਹਾਉ" ਦਾ ਬੰਦ ਵੀ ਹੈ ਜਿਹੜਾ ਆਪਣੇ ਆਪ `ਚ ਵਾਰ ਦਾ ਕੇਂਦ੍ਰੀ ਭਾਵ ਹੈ।

ਪਉੜੀ ਨੰ: ੨ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ॥ ਕਬੀਰ ਮਹਿਦੀ ਕਰਿ ਕੈ ਘਾਲਿਆ, ਆਪੁ ਪੀਸਾਇ ਪੀਸਾਇ॥ ਤੈ ਸਹ ਬਾਤ ਨ ਪੁਛੀਆ, ਕਬਹੂ ਨ ਲਾਈ ਪਾਇ॥ ੧ ॥

ਮਃ ੩॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ॥ ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥ ੨ ॥

ਪਉੜੀ॥ ਵੇਕੀ ਸ੍ਰਿਸਟਿ ਉਪਾਈਅਨੁ, ਸਭ ਹੁਕਮਿ ਆਵੈ ਜਾਇ ਸਮਾਹੀ॥ ਆਪੇ ਵੇਖਿ ਵਿਗਸਦਾ, ਦੂਜਾ ਕੋ ਨਾਹੀ॥ ਜਿਉ ਭਾਵੈ ਤਿਉ ਰਖੁ ਤੂ, ਗੁਰ ਸਬਦਿ ਬੁਝਾਹੀ॥ ਸਭਨਾ ਤੇਰਾ ਜੋਰੁ ਹੈ, ਜਿਉ ਭਾਵੈ ਤਿਵੈ ਚਲਾਹੀ॥ ਤੁਧੁ ਜੇਵਡ ਮੈ ਨਾਹਿ ਕੋ, ਕਿਸੁ ਆਖਿ ਸੁਣਾਈ॥ ੨ ॥

(ਪਉੜੀ ਨੰ: ੨ ਦੀ ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ॥ ਕਬੀਰ ਮਹਿਦੀ ਕਰਿ ਕੈ ਘਾਲਿਆ, ਆਪੁ ਪੀਸਾਇ ਪੀਸਾਇ॥ ਤੈ ਸਹ ਬਾਤ ਨ ਪੁਛੀਆ, ਕਬਹੂ ਨ ਲਾਈ ਪਾਇ॥ ੧॥ {ਪੰਨਾ ੯੪੭}

ਪਦ ਅਰਥ : — ਮਹਿਦੀ ਕਰਿ ਕੈ— ਉਸੇ ਤਰ੍ਹਾਂ ਜਿਵੇਂ ਜਿਵੇਂ ਮਹਿੰਦੀ ਨੂੰ ਬਾਰ-ਬਾਰ ਪੀਸਿਆ ਜਾਂਦਾ ਹੈ ਘਾਲਿਆਘਾਲ ਕਮਾਈ ਕੀਤੀ। ਆਪੁ—ਆਪਣੇ ਆਪ ਨੂੰ। ਪੀਸਾਇ ਪੀਸਾਇ—ਹਰ ਤਰ੍ਹਾਂ ਦੇ ਕਸ਼ਟ ਸਹਾਰ-ਸਹਾਰ ਕੇ, ਬੇਅੰਤ ਹੱਠ-ਤਪ ਕਰਮ ਕਰਕੇ ਤੇ ਘਾਲਣਾਵਾਂ ਘਾਲ ਕੇ। ਸਹ—ਹੇ ਮੇਰੇ ਪ੍ਰਭੂ! ਨ ਲਾਈ ਪਾਇ ਫ਼ੇਰ ਵੀ ਤੂੰ ਮੈਨੂੰ ਆਪਣੇ ਚਰਣਾਂ `ਚ ਕਬੂਲ ਨਹੀਂ ਕੀਤਾ, ਆਪਣਾ ਨਹੀਂ ਬਣਾਇਆ, ਆਪਣੇ `ਚ ਅਭੇਦ ਨਹੀਂ ਕੀਤਾ।

ਅਰਥ : — "ਕਬੀਰ ਮਹਿਦੀ ਕਰਿ ਘਾਲਿਆ, ਆਪੁ ਪੀਸਾਇ ਪੀਸਾਇ" -ਹੇ ਕਬੀਰ! ਆਖ—ਮੈਂ ਆਪਣੇ ਆਪ ਨੂੰ ਮਹਿੰਦੀ ਵਾਂਙ ਪੀਹ-ਪੀਹ ਕੇ ਤੇ ਬੇਅੰਤ ਘਾਲਣਾਵਾਂ ਘਾਲ-ਘਾਲ ਕੇ ਤੇਰੇ ਨਾਲ ਜੁੜਣ ਦੇ ਜਤਣ ਕੀਤੇ।

"ਤੈ ਸਹ ਬਾਤ ਨ ਪੁਛੀਆ, ਕਬਹੂ ਨ ਲਾਈ ਪਾਇ" -ਪਰ ਤਾਂ ਵੀ ਹੇ ਮੇਰੇ ਪ੍ਰਭੂ! ਤੂੰ ਮੇਰੀ ਵਾਤ ਨਹੀਂ ਪੁੱਛੀ, ਤੂੰ ਮੇਰੀ ਸਾਰ ਨਹੀਂ ਲਈ; ਮੈਨੂੰ ਅਪਣੇ ਚਰਣਾਂ ਨਾਲ ਨਹੀਂ ਜੋੜਿਆ, ਮੈਂ ਤੇਰੇ ਦਰ `ਤੇ ਕਬੂਲ ਨਹੀਂ ਹੋਇਆ, ਤੂੰ ਮੈਨੂੰ ਆਪਣਾ ਨਹੀਂ ਬਨਾਇਆ। ੧।

ਮਃ ੩॥ ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ॥ ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ॥ ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥ ੨॥ (ਪੰ: ੯੪੭)

ਪਦ ਅਰਥ : — ਸੋ ਸਹੁ—ਉਹ ਪ੍ਰਭ ਪਤੀ। ਨਦਰਿ ਕਰੇਇ— ਜੇ ਮਿਹਰ ਦੀ ਨਜ਼ਰ ਕਰ ਦੇਵੇ। ਪਿਰਮ ਪਿਆਲਾ—ਪ੍ਰਭੂ ਮਿਲਾਪ ਤੇ ਫ੍ਰਭੂ ਦੀ ਸਿਫ਼ਤ-ਸਲਾਹ ਲਈ ਪ੍ਰਭੂ ਵਲੋਂ ਪ੍ਰਾਪਤ ਮਨੁੱਖਾ ਸਰੀਰ।

ਜੈ ਭਾਵੈ—ਜੇ ਪ੍ਰਭੂ ਨੂੰ ਭਾਅ ਜਾਵੇ, ਜੇ ਪ੍ਰਭੂ ਨੂੰ ਚੰਗਾ ਲਗ ਜਾਵੇ। ਤੈ ਦੇਇ—ਤਾਂ ਪ੍ਰਭੂ, ਉਸ ਮਨੁੱਖਾ ਜਨਮ ਨੂੰ ਆਪਣੇ ਦਰ `ਤੇ ਪ੍ਰਵਾਣ ਕਰ ਲੈਂਦਾ ਹੈ, ਮਨੁੱਖਾ ਜੀਵਨ ਸਫ਼ਲ ਹੋ ਜਾਂਦਾ ਹੈ; ਜੀਵ ਨੂੰ ਉਸ ਦੇ ਚਲਦੇ ਆ ਰਹੇ ਜਨਮਾਂ-ਜੂਨਾਂ ਦੇ ਗੇੜ ਤੋਂ ਨਿਜਾਤ ਹਾਸਲ ਹੋ ਜਾਂਦੀ ਹੈ ਤੇ ਉਹ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ, ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ।

ਅਰਥ : — "ਨਾਨਕ ਮਹਿਦੀ ਕਰਿ ਕੈ ਰਖਿਆ, ਸੋ ਸਹੁ ਨਦਰਿ ਕਰੇਇ" -ਹੇ ਨਾਨਕ! ਮਹਿੰਦੀ ਵਾਂਙ ਘਸਾ-ਘਸਾ ਕੇ ਸਾਡੇ ਕੋਲੋਂ ਜੋ ਕੋਈ ਘਾਲਨਾ ਕਰਵਾਉਂਦਾ ਹੈ ਤਾਂ ਉਹ ਵੀ ਪ੍ਰਭੂ ਆਪ ਦੀ ਆਪਣੀ ਮਿਹਰ ਦੀ ਨਜ਼ਰ ਕਰਕੇ ਹੀ ਕਰਵਾਉਂਦਾ ਹੈ।

ਕਿਉਂਕਿ ਉਸ ਘਾਲਣਾ ਲਈ ਸਮ੍ਰਥਾ ਦਿੰਦਾ ਤੇ ਪ੍ਰੇਰਣਾ ਦਿੰਦਾ ਹੈ ਤਾਂ ਉਹ ਸਭ ਵੀ ਪ੍ਰਭੂ ਆਪ ਹੀ ਕਰਦਾ ਹੈ, ਉਸ ਲਈ ਉਹ ਸਮ੍ਰਥਾ ਤੇ ਘਾਲਣਾ ਵੀ ਸਾਡੀ ਨਹੀਂ ਹੁੰਦੀ।

"ਆਪੇ ਪੀਸੈ ਆਪੇ ਘਸੈ, ਆਪੇ ਹੀ ਲਾਇ ਲਏਇ" -ਇਸ ਤਰ੍ਹਾਂ ਪ੍ਰਭੂ ਜਦੋਂ ਜੀਵ `ਤੇ ਆਪ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮਨੁੱਖ ਦੇ ਜੀਵਨ ਅੰਦਰੋਂ ਪ੍ਰਭੂ ਆਪ ਪ੍ਰਗਟ ਹੋ ਕੇ ਉਸ ਜੀਵਨ ਨੂੰ ਮਹਿੰਦੀ ਵਾਂਙ ਪੀਂਹਦਾ ਤੇ ਰਗ਼ੜਦਾ ਭਾਵ ਮਨੁੱਖ ਤੋਂ ਉਹ ਘਾਲਣਾਵਾਂ ਤੇ ਹੱਠ-ਤਪ ਆਦਿ ਕਰਮ ਵੀ ਪ੍ਰਭੂ ਆਪ ਹੀ ਕਰਵਾਉਂਦਾ ਹੈ

ਇਥੋਂ ਤੀਕ ਕਿ ਮਹਿੰਦੀ ਵਾਂਙ ਰਗ਼ੜਦਾ, ਸਾਡੇ ਪੈਰਾਂ ਨੂੰ ਲਗਾਉਂਦਾ ਭਾਵ ਸਾਡੇ ਤੋਂ ਘਾਲ-ਕਮਾਈ ਕਰਵਾਉਂਦਾ ਤੇ ਸਾਡੇ ਮਨੁੱਖਾ ਜਨਮ ਨੂੰ ਸਫ਼ਲ ਵੀ ਪ੍ਰਭੂ ਆਪ ਕਰਦਾ ਹੈ।

ਅਸਲ’ ਚ ਸਾਡੇ ਅੰਦਰ ਜਿਹੜੀ ਜੀਵਨ ਰੋਹ ਚੱਲ ਰਹੀ ਹੁੰਦੀ ਹੈ ਉਹ ਵੀ ਸਾਡੇ ਪ੍ਰਾਣ-ਪੱਤ, ਜੀਵਨ ਦਾਤੇ ਪ੍ਰਭੂ ਦੀ ਆਪਣੀ ਹੋਂਦ ਤੇ ਉਸ ਦਾ ਨੂਰ ਤੇ ਦਾਤ ਹੀ ਹੁੰਦੀ ਹੈ।

ਇਸ ਤਰ੍ਹਾਂ ਸਾਡੇ ਮਨੁੱਖਾ ਜਨਮ ਨੂੰ ਆਪਣੀ ਸਿਫ਼ਤ ਸਲਾਹ ਵਾਲੇ ਪਾਸੇ ਮੋੜਦਾ, ਉਸ ਲਈ ਪ੍ਰੇਰਦਾ ਤੇ ਆਪਣੇ ਨਾਲ ਜੋੜਦਾ ਵੀ ਪ੍ਰਭੂ ਆਪ ਹੀ ਹੈ।

"ਇਹੁ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ" -ਦਰਅਸਲ ਪ੍ਰਭੂ ਦੀ ਸਿਫ਼ਤ-ਸਲਾਹ ਲਈ ਪ੍ਰਾਪਤ ਸਾਡਾ ਇਹ ਮਨੁੱਖਾ ਸਰੀਰ ਪ੍ਰਭੂ ਨੇ ਹੀ ਬਖ਼ਸ਼ਿਆ ਹੁੰਦਾ ਹੈ ਅਤੇ ਇਸ `ਚ ਆਪਣੀ ਸਿਫ਼ਤ ਸਲਾਹ ਵਾਲੀ ਦਾਤ ਵੀ ਪ੍ਰਭੂ, ਕੇਵਲ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਪ੍ਰਭੂ ਨੂੰ ਪਿਆਰਾ ਲੱਗਦਾ ਤੇ ਉਸ ਦੇ ਦਰ `ਤੇ ਕਬੂਲ ਹੋ ਜਾਂਦਾ ਹੈ। ੨।

ਵਿਸ਼ੇਸ਼ ਨੋਟ— (ੳ) ਇਸ ਪਉੜੀ ਵਿੱਚਲਾ ਪਹਿਲਾ ਸਲੋਕ ਕਬੀਰ ਜੀ ਦੇ ਸਲੋਕਾਂ ਦੀ ਲੜੀ `ਚੋਂ ਸਲੋਕ ਨੰ: ੬੮ ਪੰ: ੧੩੬੭ `ਤੇ ਵੀ ਮੌਜੂਦ ਹੈ।

ਦਰਅਸਲ ਉਸ ਸਲੋਕ `ਚ ਕਬੀਰ ਜੀ ਫ਼ੁਰਮਾਅ ਰਹੇ ਹਨ, ਬੇਸ਼ਕ ਪ੍ਰਭੂ ਮਿਲਾਪ ਦੀ ਭਾਵਨਾ ਨਾਲ ਹੀ ਸਹੀ, ਆਪਣੇ ਤਲ `ਤੇ ਬੇਅੰਤ ਲੋਕਾਈ ਹਠ, ਤਪ, ਭੇਖਾਂ, ਦਾਨ-ਪੁਨ ਤੇ ਤੀਰਥ ਇਸ਼ਨਾਨਾਂ ਆਦਿ ਬੇਅੰਤ ਕਰਮਕਾਂਡਾ `ਚ ਉਲਝੀ ਰਹਿੰਦੀ ਹੈ ਜਿਸ ਤੋਂ ਉਨ੍ਹਾਂ ਅੰਦਰ ਹਊਮੈ ਆਦਿ ਵਿਕਾਰ ਤਾਂ ਵਧਦੇ ਹਨ ਪਰ ਪ੍ਰਭੂ-ਮਿਲਾਪ ਨਹੀਂ ਹੁੰਦਾ। ਯਥਾ:-

() "ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨੁ॥ ੪੬ ॥" (ਪੰ: ੧੪੨੮)

() "ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮)

() "ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ" (ਪੰ: ੬੧)

() ਇਹੁ ਮਨੁ ਮੈਲਾ, ਇਕੁ ਨ ਧਿਆਏ॥ ਅੰਤਰਿ ਮੈਲੁ ਲਾਗੀ, ਬਹੁ ਦੂਜੈ ਭਾਏ॥ ਤਟਿ ਤੀਰਥਿ ਦਿਸੰਤਰਿ ਭਵੈ, ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ॥ ੩॥ ਸਤਿਗੁਰੁ ਸੇਵੇ ਤਾ ਮਲੁ ਜਾਏ॥ ਜੀਵਤੁ ਮਰੈ ਹਰਿ ਸਿਉ ਚਿਤੁ ਲਾਏ॥ ਹਰਿ ਨਿਰਮਲੁ ਸਚੁ ਮੈਲੁ ਨ ਲਾਗੈ, ਸਚਿ ਲਾਗੈ ਮੈਲੁ ਗਵਾਵਣਿਆ॥ ੪॥ (ਪੰ: ੧੧੬) ਆਦਿ

(ਅ) ਉਪ੍ਰੰਤ ਦੂਜੇ ਸਲੋਕ `ਚ ਤੀਜੇ ਪਾਤਸ਼ਾਹ ਨੇ ਕਬੀਰ ਸਾਹਿਬ ਦੇ ਉਪ੍ਰੋਕਤ ਸਲੋਕ ਦੀ ਉਚੇਚੇ ਵਿਅਖਿਆ ਕਰਕੇ, ਗੁਰੂ ਕੀਆਂ ਸੰਗਤਾਂ ਲਈ ਵਿਸ਼ੇ ਨੂੰ ਆਪ ਸਪਸ਼ਟ ਕੀਤਾ ਹੋਇਆ ਹੈ। ਇਸ ਤਰ੍ਹਾਂ ਇਨ੍ਹਾਂ ਦੋਨਾ ਸਲੋਕਾਂ ਵਿਚਾਲੇ ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ।

(ੲ) ਬਲਕਿ ਇਸ ਵਾਰ `ਚ ਪੰਜਵੇਂ ਪਾਤਸ਼ਾਹ ਰਾਹੀਂ ਉਚੇਚੇ ਕਬੀਰ ਸਾਹਿਬ ਦਾ ਉਪ੍ਰੌਕਤ ਸਲੋਕ ਦੇਣਾ, ਫ਼ਿਰ ਉਸ ਸਲੋਕ ਦੇ ਨਾਲ ਹੀ, ਕਬੀਰ ਦੇ ਉਸ ਸਲੋਕ ਦਾ ਵਿਆਖਿਆ ਸਰੂਪ ਉਚੇਚੇ ਤੀਜੇ ਪਾਤਸਾਹ ਦਾ ਸਲੋਕ ਦੇਣਾ, ਇਹ ਸਭ ਆਪਣੇ ਆਪ `ਚ ਸਬੂਤ ਹੈ:-

ਕਿ ਗੁਰੂ ਨਾਨਕ ਪਾਤਸਾਹ ਰਾਹੀਂ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਇਕਤ੍ਰ ਕੀਤੀ ਗੁਰਬਾਣੀ ਵਿੱਚਲੇ ੧੫ ਭਗਤਾਂ ਦੀ ਬਾਣੀ ਵੀ ਤੀਜੇ ਪਾਤਸ਼ਾਹ ਪਾਸ ਮੌਜੂਦ ਸੀ ਤਾਂ ਹੀ ਇਹ ਸਭ ਸੰਭਵ ਹੋਇਆ।

ਪਉੜੀ॥ ਵੇਕੀ ਸ੍ਰਿਸਟਿ ਉਪਾਈਅਨੁ, ਸਭ ਹੁਕਮਿ ਆਵੈ ਜਾਇ ਸਮਾਹੀ॥ ਆਪੇ ਵੇਖਿ ਵਿਗਸਦਾ, ਦੂਜਾ ਕੋ ਨਾਹੀ॥ ਜਿਉ ਭਾਵੈ ਤਿਉ ਰਖੁ ਤੂ, ਗੁਰ ਸਬਦਿ ਬੁਝਾਹੀ॥ ਸਭਨਾ ਤੇਰਾ ਜੋਰੁ ਹੈ, ਜਿਉ ਭਾਵੈ ਤਿਵੈ ਚਲਾਹੀ॥ ਤੁਧੁ ਜੇਵਡ ਮੈ ਨਾਹਿ ਕੋ, ਕਿਸੁ ਆਖਿ ਸੁਣਾਈ॥ ੨॥ {ਪੰਨਾ ੯੪੭}

ਪਦ ਅਰਥ : —ਵੇਕੀ—ਵਖੋ ਵਖਰੀ ਕਿਸਮ ਦੀ, ਭਾਂਤ-ਭਾਂਤ ਦੀ। ਉਪਾਈਅਨੁ—ਉਸ ਪ੍ਰਭੂ ਨੇ ਨੇ ਉਪਾਈ ਹੈ। ਹੁਕਮਿ—ਹੁਕਮ `ਚ, ਹੁਕਮ ਅਨੁਸਾਰ। ਸਮਾਹੀ—ਸਮਾਅ ਜਾਂਦੇ ਹਨ, ਉਨ੍ਹਾਂ ਦਾ ਅੰਤ ਵੀ ਕੀਤਾ ਜਾਂਦਾ ਹੈ। ਵਿਗਸਦਾ—ਖ਼ੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਗੁਰ ਸਬਦਿ ਬੁਝਾਹੀ— ਗੁਰੂ-ਸ਼ਬਦ ਦੀ ਕਮਾਈ ਰਾਹੀਂ ਮਨੁੱਖ ਨੂੰ ਸੋਝੀ ਤੇ ਸਮਝ ਵੀ ਆਪ ਹੀ ਦਿੰਦਾ ਹੈਂ। ਚਲਾਹੀ—ਤੂੰ ਚਲਾਂਦਾ ਹੈਂ। ਕਿਸੁ—ਕਿਸ ਦੀ ਬਾਬਤ? ਸੁਣਾਈ—ਮੈਂ ਸੁਣਾਵਾਂ।

ਅਰਥ : — "ਵੇਕੀ ਸ੍ਰਿਸਟਿ ਉਪਾਈਅਨੁ, ਸਭ ਹੁਕਮਿ ਆਵੈ ਜਾਇ ਸਮਾਹੀ" -ਉਸ (ਪ੍ਰਭੂ) ਨੇ ਰੰਗਾ-ਰੰਗ ਤੇ ਭਾਂਤ-ਭਾਂਤ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹ ਵੀ ਕਿ ਇਸ ਸ੍ਰਿਸ਼ਟੀ ਵਿੱਚਲੇ ਸਾਰੇ ਜੀਵ ਉਸ ਪ੍ਰਭੂ ਦੇ ਹੁਕਮ `ਚ ਜੰਮਦੇ ਤੇ ਸਮਾਉਂਦੇ ਵੀ ਹਨ।

"ਆਪੇ ਵੇਖਿ ਵਿਗਸਦਾ, ਦੂਜਾ ਕੋ ਨਾਹੀ" -ਪ੍ਰਭੂ ਆਪ ਹੀ ਆਪਣੀ ਰਚਨਾ ਨੂੰ ਵੇਖ ਕੇ ਪ੍ਰਸੰਨ ਤੇ ਖ਼ੁਸ਼ ਹੋ ਰਿਹਾ ਹੈ, ਇਹ ਵੀ ਕਿ ਉਸ ਪ੍ਰਭੂ ਦਾ ਕੋਈ ਸ਼ਰੀਕ ਵੀ ਨਹੀਂ।

"ਜਿਉ ਭਾਵੈ ਤਿਉ ਰਖੁ ਤੂ, ਗੁਰ ਸਬਦਿ ਬੁਝਾਹੀ" -ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਇਨ੍ਹਾਂ ਜੀਵਾਂ ਨੂੰ ਰੱਖ, ਇਹ ਵੀ ਕਿ ਜੀਵਾਂ ਨੂੰ ਅਜਿਹੀ ਮੱਤ ਤੇ ਸੋਝੀ ਵੀ ਤੂੰ ਆਪ ਹੀ ਗੁਰੂ ਦੇ ਸ਼ਬਦ ਰਾਹੀਂ ਦਿੰਦਾ ਤੇ ਬਖ਼ਸ਼ਦਾ ਵੀ ਹੈਂ।

"ਸਭਨਾ ਤੇਰਾ ਜੋਰੁ ਹੈ, ਜਿਉ ਭਾਵੈ ਤਿਵੈ ਚਲਾਹੀ" -ਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਅਤੇ ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਤੂੰ ਜੀਵਾਂ ਦੇ ਜੀਵਨ ਨੂੰ ਟੋਰਦਾ ਤੇ ਚਲਾਉਂਦਾ ਵੀ ਹੈਂ।

"ਤੁਧੁ ਜੇਵਡ ਮੈ ਨਾਹਿ ਕੋ, ਕਿਸੁ ਆਖਿ ਸੁਣਾਈ" - ਹੇ ਪ੍ਰਭੂ! ਮੈਨੂੰ ਤਾਂ ਤੇਰੇ ਜੇਡਾ ਹੋਰ ਕੋਈ ਦਿੱਸਦਾ ਹੀ ਨਹੀਂ; ਜੋ ਕਿ ਮੈਂ ਕਿਸੇ ਹੋਰ ਦੀ ਬਾਬਤ ਆਖ ਕੇ ਦੱਸਾਂ ਕਿ ਉਹ ਵੀ ਤੇਰੇ ਜੇਡਾ ਹੈ? । ੨। (ਚਲਦਾ) #Instt.P.2-11th.v. Ramkali ki vaar M.-3-02.19-P1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਯਾਰ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.