.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ

ਉਣੰਜਵਾਂ ਸਲੋਕ

ਵੀਰ ਭੁਪਿੰਦਰ ਸਿੰਘ


49. ਉਣੰਜਵਾਂ ਸਲੋਕ -
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥49॥

ਅਖੌਤੀ ਧਰਮੀ ਲੋਕੀ ਕਹੀ ਜਾਂਦੇ ਹਨ ਕਿ ਇਹ ਜਗ ਸਭ ਝੂਠ ਹੈ, ਮਾਇਆ ਝੂਠ ਹੈ ਮਾਇਆ ਵਿਚ ਖਚਿੱਤ ਨਾ ਹੋਵੋ। ਪਰ ਇਹ ਸ੍ਰਿਸ਼ਟੀ ਰੱਬ ਜੀ ਦੀ ਬਣਾਈ ਹੋਈ ਹੈ। ਇਹ ਤੇ ਕਰਤਾ ਪੁਰਖ ਦੀ ਰਚਨਾ ਹੈ ਤੇ ਫਿਰ ਇਹ ਝੂਠ ਕਿਵੇਂ ਹੋ ਸਕਦੀ ਹੈ। ਗੁਰੂ ਸਾਹਿਬ ਕਹਿੰਦੇ ਹਨ- ‘ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥’ ਉਹ ਹਮੇਸ਼ਾਂ ਸੱਚ ਹੈ, ਸਾਹਿਬ ਸਾਚਾ ਹੈ, ਇਸ ਸਾਰੀ ਸ੍ਰਿਸ਼ਟੀ ਨੂੰ ਨਾਈ ਕਹਿੰਦੇ ਹਨ। ਇਹ ਸੱਚੀ ਹੈ। ‘ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥’ (463) ਕਈ ਸੱਜਣ ਕਹਿੰਦੇ ਹਨ ਕਿ ਇੱਥੋਂ ਨਾਲ ਕੁਝ ਨਹੀਂ ਜਾਣਾ, ਇੱਥੇ ਸਭ ਝੂਠ ਹੈ, ਮਾਇਆ ਝੂਠ ਹੈ, ਪਤੀ-ਪਤਨੀ ਝੂਠ ਹਨ। ਮੈਨੂੰ ਤੇ ਗੁਰਬਾਣੀ ਨੂੰ ਗਹਿਰਾਈ ਨਾਲ ਪੜਕੇ ਇਹ ਸਮਝ ਆਇਆ ਕਿ ਇਹ ਸਾਰੀ ਜਗ ਰਚਨਾ ਸੱਚ ਹੈ। ਸਿਰਫ ਇਸ ਪਿੱਛੇ ਜਿਹੜਾ ਮੇਰਾ ਦੂਜਾ ਭਾਉ ਹੈ ਸਿਰਫ ਜਿਹੜੀ ਮੇਰੀ ਮਨਸ਼ਾ ਹੈ ਕਿ ਮੈਂ ਇਸ ਵਿਚ ਹਮੇਸ਼ਾਂ ਰਵਾਂ, ਮਰਾਂ ਕਦੀ ਵੀ ਨਾ, ਇਹ ਝੂਠ ਹੈ। ਇੱਥੇ ਜਿਹੜੀ-ਜਿਹੜੀ ਚੀਜ਼ ਤੋਂ ਮੈਂ ਸਵਾਦ ਲਭਦਾ ਰਹਿੰਦਾ ਹਾਂ ਉਸ ਸਵਾਦ ਦੇ ਪਿੱਛੇ ਮੈਨੂੰ ਇਹ ਨਹੀਂ ਪਤਾ ਕਿ ‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ’ (1429) ਇਸਨੇ ਤਾਂ ਬਿਨਸ ਜਾਣਾ ਹੈ। ਇਸਨੇ ਸਦੀਵ ਨਹੀਂ ਰਹਿਣਾ। ਸਟਾਕ ਮਾਰਕਿਟ ਸਦਾ ਲਈ ਚੜ੍ਹੀ ਨਹੀਂ ਰਹਿੰਦੀ, ਵਿਆਪਾਰ ਸਦਾ ਲਈ ਮੁਨਾਫੇ ਦਾ ਨਹੀਂ ਰਹਿੰਦਾ, ਜ਼ਮੀਨ ਦੇ ਦਾਮ ਸਥਿਰ ਨਹੀਂ ਰਹਿੰਦੇ, ਸੋਨੇ ਦੇ ਦਾਮ ਵੀ ਉਹੀ ਨਹੀਂ ਰਹਿੰਦੇ, ਸਰੀਰ ਦੀ ਸੁੰਦਰਤਾ ਵੀ ਹਮੇਸ਼ਾਂ ਨਹੀਂ ਰਹਿੰਦੀ। ਇਸੀ ਕਰਕੇ ਗੁਰੂ ਸਾਹਿਬ ਕਹਿੰਦੇ ਹਨ - ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ (1379)
ਇਹ ਸਾਡਾ ਜੋਬਨ ਥਿੱਰ ਨਹੀਂ ਹੈ, ਇਹ ਕੇਸ਼ ਵੀ ਸਦਾ ਕਾਲੇ ਨਹੀਂ ਰਹਿਣੇ, ਇਹ ਜੇ ਸਮਝ ਆ ਜਾਏ ਕਿ ਇਹ ਜਗ ਰਚਨਾ ਜਿਹੜੀ ਮੈਂ ਆਪਣੇ ਹਿਰਦੇ ਘਰ ਵਿਚ ਘੜੀ ਹੋਈ ਹੈ ਉਹ ਝੂਠ ਹੈ। ਤੂੰ ਜੇ ਕਿਸੇ ਰਾਜ ਦੀ ਕੁਰਸੀ ਤੇ ਬੈਠ ਗਿਆ ਹੈਂ ਤੇ ਸੋਚ ਰਿਹਾ ਹੈਂ ਕਿ ਮੈਂ ਸਾਰੀ ਉਮਰ ਹੀ ਉਸੇ ਅਹੁਦੇ ਤੇ ਬੈਠਾ ਰਹਾਂਗਾ ਤਾਂ ਇਹ ਖਿਆਲ ਝੂਠਾ ਹੈ। ਅਹੁਦਾ ਨਹੀਂ ਝੂਠ! ‘ਜਗ ਰਚਨਾ ਸਭ ਝੂਠ ਹੈ’ ਦਾ ਅਰਥ ਇਹ ਨਹੀਂ ਕਿ ਇਹ ਦਿਸਦੀ ਸ੍ਰਿਸ਼ਟੀ ਝੂਠੀ ਹੈ, ਬਲਕਿ ਮੇਰੇ ਮਨ ਦੀ ਰਚੀ ਹੋਈ ਰਚਨਾ ਝੂਠ ਹੈ। ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ (1429)
ਐ ਮੇਰੇ ਮਿੱਤਰ, ਮੇਰੇ ਮਨ, ਤੂੰ ਸਮਝ ਇੱਥੇ ਕੁਝ ਵੀ ਥਿਰ ਨਹੀਂ ਰਹਿੰਦਾ। ਤੂੰ ਇਹ ਸਮਝ ਕਿ ਮਨ ਕੀ ਮਤਿ ਨਾਲ ਤੇਰਾ ਰਚਿਆ ਹੋਇਆ ਖਿਆਲਾਂ ਦਾ ਜਗ ਝੂਠ ਹੈ।
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ ਇੱਥੇ ਕੁਝ ਵੀ ਥਿਰ ਨਹੀਂ ਰਹਿੰਦਾ। ‘ਬਾਲੂ’ ਹੁੰਦਾ ਹੈ ਰੇਤ। ਜੇ ਕੋਈ ਅਨਪੜ ਮਿਸਤਰੀ ਵੀ ਹੋਵੇ ਉਹ ਵੀ ਦਿਵਾਰ ਦੀ ਚਿਨਾਈ ਰੇਤ ਦੀ ਨਹੀਂ ਕਰਦਾ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਇਹ ਦਿਵਾਰ ਠਹਿਰੇਗੀ ਨਹੀਂ ਢਹਿ ਪਏਗੀ। ਰੇਤ ਦੇ ਨਾਲ ਕੁਝ ਨਹੀਂ ਟਿਕਦਾ। ਤਾਂਹੀ ਗੁਰੂ ਸਾਹਿਬ ਨੇ ਕਿਹਾ - ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥ (1171)
ਹੁਣ ਬਾਲੂ ਕੀ ਭੀਤਿ ਸਮਝਾਉਂਦੇ ਹਨ ਕਹਿੰਦੇ ਹਨ ਕਿ ਇਹ ਸਾਰਾ ਕੁਝ ਰੇਤ ਵਾਂਗੂੰ ਢਹਿ ਪੈਂਦਾ ਹੈ। ਰੇਤ ਨੂੰ ਜੇਕਰ ਕੱਸਕੇ ਹੱਥ ਵਿਚ ਫੜੋ, ਹੱਥ ਵਿਚ ਨਹੀਂ ਰਹਿੰਦੀ ਹੈ - ਛੁੱਟਕ ਜਾਂਦੀ ਹੈ। ਨਿਕਲ ਜਾਂਦੀ ਹੈ। ਬਲੂਆ ਕੇ ਗ੍ਰਿਹ ਭੀਤਰਿ ਬਸੈ ॥ (267)
ਪਰ ਜੇ ਤੂੰ ‘ਗੁਰ ਮਿਲਿ ਚਜੁ ਅਚਾਰੁ’ ਨਹੀਂ ਸਿੱਖੇਂਗਾ ਤਾਂ ਸਮਝ ਤੂੰ ਰੇਤ ਦੇ ਬਣੇ ਘਰ ਵਿਚ ਹੀ ਰਹਿ ਰਿਹਾ ਹੈਂ। ਜਿਸ ਵੇਲੇ ਕ੍ਰੋਧ ਕਰਨ ਦੀ ਲੋੜ ਪੈ ਗਈ ਤੇ ਤੂੰ ਕ੍ਰੋਧ ਹੀ ਕਰੀਂ ਜਾਏਂਗਾ, ਜਿੱਥੇ ਖੁਦਗਰਜ਼ੀ ਆ ਗਈ ਤੇ ਖੁਦਗਰਜ਼ੀ ਹੀ ਕਰੀ ਜਾਏਂਗਾ। ਧਿਆਨ ਰੱਖੀਂ ਥਾਂ-ਥਾਂ ਤੇ ਡਿੱਗ ਨਾ ਪਈ। ਮੂਰਖ ਤੈਨੂੰ ਸਮਝ ਨਹੀਂ ਆਉਂਦਾ ਕਿ ਕਿਵੇਂ ਤੂੰ ਪਲ-ਪਲ ਮਰ ਜਾਂਦਾ ਹੈ। ਰੋਜ਼-ਰੋਜ਼ ਥਾਂ-ਥਾਂ ਤੇ ਕਿਵੇਂ ਮਰਦਾ ਹੈਂ।
ਜਿਹੜਾ ਰੇਤ ਦਾ ਘਰ ਬਣਾਇਆ ਹੋਇਆ ਹੈ ਉਸਦੀਆਂ ਇੱਟਾ ਦਸਦੇ ਹਨ ਕਿ - ਬੈਰ ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥ (267) ਇਹ ਹੈ ਬਾਲੂ ਕੀ ਭੀਤ। ਤੂੰ ਇਹ ਵਿਕਾਰਾਂ ਰੂਪੀ ਰੇਤਾ ਲਗਾ ਰਿਹਾ ਹੈਂ ਆਪਣੇ ਕਿਰਦਾਰ ਤੇ। ਤੂੰ ਆਪਣੇ ਮਨ ਦੇ ਆਧਾਰ ਦੀ ਨੀਂਹ ਗਲਤ ਪਾ ਰਿਹਾ ਹੈਂ। ਤੂੰ ਆਪਣੇ ਜੀਵਨ ਵਿਚ ਕਈ ਜਨਮ ਧਾਰਦਾ ਹੈਂ ਕਦੀ ਕੁੱਤਾ, ਕਦੀ ਬਿੱਲੀ ਕਦੀ ਕੁਝ ਬਣਦਾ ਫਿਰਦਾ ਹੈਂ, ਦੇਖ ਇਸ ਤਰ੍ਹਾਂ ਤੂੰ ਆਪਣਾ ਜੀਵਨ ਜ਼ਾਇਆ ਕਰੀ ਜਾ ਰਿਹਾ ਹੈਂ। ‘ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ’।




.