.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਸੱਤ ਭਾਗ ਵੀ ਪੜੋ ਜੀ)

ੴ ਸਤਿਗੁਰ ਪ੍ਰਸਾਦਿ॥

ਰਾਮਕਲੀ ਕੀ ਵਾਰ ਮਹਲਾ ੩॥

ਜੋਧੈ ਵੀਰੈ ਪੂਰਬਾਣੀ ਕੀ ਧੁਨੀ॥

-ਅਰਥ : — ਇੱਥੇ ੧ ਦੇ ਅਰਥ ਹਨ ਅਨੰਤ ਰਚਨਾ ਦਾ ਕਰਤਾ, ਕੇਵਲ ਤੇ ਕੇਵਲ ਇਕੋ-ਇਕ ਅਕਾਲਪੁਰਖ ਹੀ ਹੈ, ਉਸ ਪ੍ਰਭੂ ਤੋਂ ਸਿਵਾ ਹੋਰ ਦੂਜਾ ਕੌਈ ਵੀ ਨਹੀਂ।

ਇਹ ਵੀ ਕਿ ਕਰਤਾ-ਅਕਾਲਪੁਰਖ ਆਪਣੀ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੋ ਕੇ ਆਪਣੀ ਸਮੂਚੀ ਰਚਨਾ ਦੀ ਸੰਭਾਲ ਵੀ ਪ੍ਰਭੂ ਆਪ ਹੀ ਕਰਦਾ ਹੈ। ਹੋਰ ਤਾਂ ਹੋਰ ਉਸ ਪ੍ਰਭੂ ਦਾ ਅਮਤ ਤੇ ਪਰਾਵਾਰ ਵੀ ਨਹੀਂ ਪਾਇਆ ਜਾ ਸਕਦਾ।

ਵਿਸ਼ੇਸ਼ - (ੳ) "ਰਾਮਕਲੀ ਕੀ ਵਾਰ ਮ: ੩", ਇਸ ਵਾਰ ਦੇ ਸਿਰਲੇਖ `ਚ ਮੰਗਲਾਚਰਣ "ੴ ਸਤਿ ਗੁਰਪ੍ਰਸਾਦਿ", ਅਸਲ `ਚ ਸੰਪੂਰਨ ਗੁਰਬਾਣੀ ਮੰਗਲਾਚਰਣ ਦਾ ਚੌਥਾ ਅਤੇ ਅਤੀ ਸੰਖੇਪ ਸਰੂਪ ਹੈ।

ਜਦਕਿ ਗੁਰਬਾਣੀ ਦਾ ਸੰਪੂਰਣ ਮੰਗਲਾਚਰਣ "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥" ਹੈ

ਇਹ ਵੀ ਕਿ ਸੰਪੂਰਨ ਮੰਗਲਾਚਰਣ ਦੀ ਅਰਥਾਂ ਸਾਹਿਤ ਵਿਚਾਰ ਤੇ ਇਸ ਦੇ ਬਾਕੀ ਤਿੰਨ ਸੰਖੇਪ ਸਰੂਪਾਂ ਸੰਬੰਧੀ ਜਾਣਕਾਰੀ ਪਹਿਲਾਂ ਕਿਸ਼ਤ ਨੰ: ਛੇ `ਚ ਦਿੱਤੀ ਜਾ ਚੁੱਕੀ ਹੈ। ਗੁਰੂ ਕੀਆਂ ਸੰਗਤਾ ਉਨ੍ਹਾਂ ਦਾ ਲਾਭ ਉਥੋਂ ਲੈ ਸਕਦੀਆਂ ਹਨ।

(ਅ) ਉਂਝ ਦੇ ਲੋੜੀਂਦੇ ਵੇਰਵੇ ਸਹਿਤ ਅਰਥ ਵੀ ਕਿਸਤ ੫ `ਚ ਦੇ ਆਏ ਹਾਂ। ਗੁਰੂ ਕੀਆਂ ਸੰਗਤਾਂ ਉਨ੍ਹਾਂ ਦਾ ਲਾਭ ਵੀ ਉਥੋਂ ਹੀ ਲੈ ਸਕਦੀਆਂ ਹਨ।

(ੲ) ਗੁਰਦੇਵ ਨੇ ਗੁਰਬਾਣੀ ਦੇ ਸੰਪੂਰਣ ਮੰਗਲਾਚਰਣ ਨੂੰ ਅਤੀ ਸੰਖੇਪ ਕਰਣ ਸਮੇਂ, ਉਸਦੇ ਸੰਖੇਪ ਕੀਤੇ ਇਸ ਚੌਥੇ ਪ੍ਰਗਟਾਵੇ `ਚ ਅਨੰਤ ਗੁਣਾ ਦੇ ਮਾਲਿਕ ਨਾਲ ਜੋੜੇ ਹੋਏ "ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ" ਇਨ੍ਹਾਂ ਨਿਵੇਕਲੇ ਸੱਤ ਵਿਸ਼ੇਸ਼ਣਾ ਵਿੱਚਲੇ "ਸਤਿਨਾਮੁ" ਚੋਂ ਵੀ ਕੇਵਲ "ਸਤਿ" ਨੂੰ ਹੀ ਰਖਿਆ ਹੈ ਜਦਕਿ:-

ਗੁਰਦੇਵ ਨੇ ਸੰਪੂਰਣ ਮੰਗਲਾਚਰਣ ਵਿੱਚਲੇ ਉਨ੍ਹਾਂ ੴ ਦੇ ਨਿਵੇਕਲੇ ਸਤ ਵਿਸ਼ੇਸ਼ਨਾ ਚੋਂ ਬਾਕੀ ਛੇ ਵਿਸ਼ੇਸ਼ਨਾ ਦੇ ਨਾਲ-ਨਾਲ "ਸਤਿਨਾਮੁ" ਚੋਂ "ਨਾਮੁ" ਨੂੰ ਵੀ ਹਟਾਇਆ ਹੋਇਆ ਹੈ।

ਤਾਂ ਫ਼ਿਰ "ਸਤਿਨਾਮੁ" ਚੋ ਇਕੱਲੇ "ਸਤਿ" ਅਤੇ ਇਕੱਲੇ "ਨਾਮ" ਦੇ ਵਾਰੀ-ਵਾਰੀ ਗੁਰਬਾਣੀ ਆਧਾਰਤ ਅਰਥ ਹਨ, ਇਸ ਵਿਸ਼ੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਤਾਂ ਤੇ:-

"ਸਤਿ" -- ਦੇ ਅਰਥ ਹਨ:- "ਕਰਤਾ-ਅਕਾਲਪੁਰਖ" "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ", "ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ" (ਪੰ: ੧੧) ਭਾਵ ਪ੍ਰਭੂ "ਰੂਪ ਰੇਖ ਰੰਗ" ਤੋਂ ਨਿਆਰਾ, ਸਦਾ ਥਿਰ ਹਸਤੀ ਹੈ। ਉਪ੍ਰੰਤ ਇਕੱਲੇ:-

"ਨਾਮ" --ਦੇ ਅਰਥ ਹਨ:- ਪ੍ਰਭੂ ਦੀ ਸੰਪੂਰਣ ਰਚਨਾ, ਪ੍ਰਭੂ ਦਾ ਹੀ ਸਰਗੁਣ ਸਰੂਪ ਹੈ, ਉਂਝ ਇਸ ਵਿਸ਼ੇ ਬਾਰੇ ਵੀ ਵੇਰਵਾ ਅਸੀਂ ਕਿਸ਼ਤ ਨੰ: ੬ `ਚ ਦੇ ਆਏ ਹਾਂ, ਤਾਂ ਵੀ ਇੱਥੇ:-

() "ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ…" (ਪੰ: ੨੮੪)

() "ਆਪੀਨੈੑ ਰਚਿਓ ਨਾਉ" (ਪੰ: ੪੬੩) ਆਦਿ

ਫ਼ਿਰ ਇਤਨਾ ਹੀ ਨਹੀਂ ਬਲਕਿ ਪ੍ਰਭੂ ਦੇ ਇਸ ਨਾਮਨੇ, ਉਸ ਦੇ ਇਸ ਸਰਗੁਣ ਸਰੂਪ ਅਥਵਾ ਪ੍ਰਭੂ ਦੀ ਸਮੂਚੀ ਰਚਨਾ ਦੀ ਹੋਂਦ ਤੇ ਵਜੂਦ ਬਾਰੇ ਵੀ ਗੁਰਬਾਣੀ ਦੇ ਫ਼ੈਸਲੇ ਹਨ ਜਿਵੇਂ:-

() "ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ" (ਪੰ: ੨੮੪)

() "ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ" (ਪੰ: ੨੯੪) ਆਦਿ

ਇਸ ਤਰ੍ਹਾ ਕੁਲ ਮਿਲਾ ਕੇ ਇੱਥੇ ਸਾਨੂੰ ਸਮਾਸੀ ਲਫ਼ਜ਼ "ਸਤਿਨਾਮੁ" `ਚੋਂ ਸਤਿ ਤੇ "ਨਾਮ" ਵਿੱਚਲੇ ਵੱਖਰੇ ਵੱਖਰੇ ਅਰਥਾਂ ਦੇ ਆਪਸੀ ਫ਼ਰਕ ਅਤੇ ਮਹੱਤਵ ਨੂੰ ਸਮਝਣ ਦੀ ਵੱਡੀ ਲੋੜ ਹੈ, ਵਿਸ਼ਾ ਆਪਣੇ ਆਪ ਸਮਝ `ਚ ਆ ਜਾਵੇਗਾ।

"ਗੁਰਪ੍ਰਸਾਦਿ" - ਗੁਰੂ ਰੂਪ ਹੋ ਕੇ ਪ੍ਰਭੂ ਆਪ ਹੀ, ਜੀਵ `ਤੇ ਜਦੋਂ ਉਸ ਦੇ ਕਿਸੇ ਮਨੁੱਖਾ ਜਨਮ ਦੌਰਾਨ ਬਖ਼ਸ਼ਿਸ਼ ਤੇ ਕ੍ਰਿਪਾ ਕਰਦਾ ਹੈ ਤਾਂ ਜੀਵ ਮੁੜ ਆਪਣੇ ਅਸਲੇ ਪ੍ਰਭੂ `ਚ "ਸੰਜੋਗੀ ਮੇਲੁ. ." ਸਮਾਅ ਜਾਂਦਾ ਅਤੇ ਸਦਾ ਲਈ ਉਸ `ਚ ਅਭੇਦ ਹੋ ਜਾਂਦਾ ਹੈ।

ਨਹੀਂ ਤਾਂ, ਜੀਵ ਆਪਣੇ ਮਨਮੁਖੀ ਜੀਵਨ ਕਾਰਨ, "ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ" (ਬਾਣੀ ਜਪੁ) ਅਨੁਸਾਰ ਪ੍ਰਭੂ ਦੇ ਸਚ ਨਿਆਂ ਤੇ ਹੁਕਮ `ਚ ਹੀ ਮਨ ਦੇ ਰੂਪ `ਚ ਕਈ ਵਾਰੀ ਤਾਂ ਬਹੁਤ ਲੰਮੇ ਸਮੇਂ ਲਈ ਵੀ ਪ੍ਰਭੂ ਤੌਂ ਵਿਛੁੜਿਆ ਰਹਿ ਕੇ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਗੇੜ `ਚ ਪਿਆ ਰਹਿੰਦਾ ਤੇ ਪਛਤਾਉਂਦਾ ਵੀ ਹੈ।

ਉਪ੍ਰੰਤ ਲੋੜ ਹੁੰਦੀ ਹੈ ਕਿ ਜੀਵ ਰਾਹੀਂ ਆਪਣੇ ਅਸਲੇ ਪ੍ਰਭੂ `ਚ ਵਾਪਿਸ ਮਿਲਾਪ ਲਈ, ਫ਼ਿਰ ਕਿਸੇ ਮਨੁੱਖਾ ਜਨਮ ਦੌਰਾਨ, ਸ਼ਬਦ-ਗੁਰੂ ਤੋਂ ਪ੍ਰਾਪਤ ਉਪਦੇਸ਼ਾਂ ਦੇ ਦਇਰੇ `ਚ ਰਹਿ ਕੇ ਜੀਵਨ ਦੀ ਕਮਾਈ ਕਰਣ ਤੇ "ਗੁਰਪ੍ਰਸਾਦਿ" ਭਾਵ ਗੁਰੂ ਦੀ ਕ੍ਰਿਪਾ ਦਾ ਪਾਤ੍ਰ ਬਨਣ ਦੀ, ਜਿਸ ਤੋਂ ਇਸ ਦਾ ਚਿਰਾਂ ਤੋਂ ਪ੍ਰਭੂ ਤੋਂ ਬਣਿਆ ਹੋਇਆ ਵਿਛੋੜਾ ਵੀ ਸਦਾ ਲਈ ਮੁੱਕ ਜਾਂਦਾ ਹੈ।

ਇਸ ਤਰ੍ਹਾਂ ਪ੍ਰਭੂ ਦਾ ਅੰਸ਼ ਇਹ ਮਨ ਰੂਪ ਜੀਵ ਮੁੜ ਆਪਣੇ ਅਸਲੇ ਪ੍ਰਭੂ `ਚ ਹੀ ਸਦਾ ਲਈ ਸਮਾਅ ਜਾਂਦਾ ਅਤੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ।। ਤਾਂ ਤੇ ਫ਼ੁਰਮਾਨ ਹਨ:-

() "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ" (ਪੰ: ੩੩੦)

() "ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ"

() "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲ" (ਪੰ: ੧੨) ਆਦਿ

ਤਾਂ ਤੇ ਸਪਸ਼ਟ ਹੋਇਆ ਕਿ ਪ੍ਰਭੂ ਦੇ ਸਚ ਨਿਆਂ ਤੇ ਹੁਕਮ `ਚ ਹੀ, ਮਨ ਦੇ ਰੂਪ `ਚ, ਪ੍ਰਭੂ ਤੋਂ ਵਿਛੜਿਆ ਰਹਿ ਕੇ, ਪ੍ਰਭੂ ਦਾ ਅੰਸ਼ ਇਹ ਜੀਵ, ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਪਿਆ ਰਹਿੰਦਾ ਹੈ। ਇਹ ਵੀ ਕਿ ਆਪਣੇ ਅਸਲੇ ਪ੍ਰਭੂ ਤੋਂ ਜੀਵ ਦਾ ਇਹ ਵਿਛੌੜਾ ਓਦੋਂ ਤੀਕ ਬਣਿਆ ਤੇ ਕਾਇਮ ਰਹਿੰਦਾ ਹੈ ਜਦੋਂ ਤੀਕ ਇਹ ਜੀਵ:-

ਫ਼ਿਰ ਕਿਸੇ ਮਨੁੱਖਾ ਜਨਮ ਦੌਰਾਨ, "ਗੁਰਪ੍ਰਸਾਦਿ" ਭਾਵ ਗੁਰੂ-ਅਕਾਲਪੁਰਖ ਦੀ ਬਖ਼ਸ਼ਿਸ਼ ਤੇ ਕ੍ਰਿਪਾਲਤਾ ਸਦਕਾ, ਉਸਦੇ ਉਸ ਮਨੁੱਖਾ ਜਨਮ ਦੇ ਸਫ਼ਲ ਹੋਣ `ਤੇ, "ਸੰਜੋਗੀ ਮੇਲੁ. ." ਜੀਵ ਮੁੜ ਆਪਣੇ ਅਸਲੇ ਪ੍ਰਭੂ`ਚ ਹੀ ਸਮਾਅ ਜਾਂਦਾ ਹੈ। ਇਸ ਤਰ੍ਹਾਂ ਉਸ ਲਈ ਚਲਦਾ ਆ ਰਿਹਾ ਉਹ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲਾ ਗੇੜ ਵੀ ਸਦਾ ਲਈ ਸਮਾਪਤ ਹੋ ਜਾਂਦਾ ਹੈ। ਜਿਵੇਂ:-

". . ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ॥ ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ॥  ॥ ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ, ਸੰਜੋਗੀ ਮੇਲੁ. ." (ਪੰ: ੧੨) ਹੋਰ

". . ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨ ॥" (ਪੰ: ੯੨੦) ਆਦਿ

"ਰਾਮਕਲੀ ਕੀ ਵਾਰ" ਮਹਲਾ ੩॥ : ਦੇ ਅਰਥ ਹਨ ਕਿ ਇਹ ਵਾਰ "ਮਹਲਾ ੩" ਭਾਵ ਤੀਜੇ ਪਾਤਸ਼ਾਹ ਦੀ ਰਚਨਾ ਹੈ ਅਤੇ ਰਾਮਕਲੀ ਰਾਗ `ਚ ਹੈ।

ਜੋਧੈ ਵੀਰੈ ਪੂਰਬਾਣੀ ਕੀ ਧੁਨੀ॥ ---ਅਰਥ: — ਇੱਥੇ ਪੰਜਵੇਂ ਪਾਤਸ਼ਾਹ ਸੇਧ ਦਿੰਦੇ ਹਨ ਕਿ ਇਸ ਵਾਰ ਦੀਆਂ ਪਉੜੀਆਂ ਉਸੇ ਸੁਰ (ਧੁਨਿ) ਤੇ ਗਾਉਣੀਆਂ ਹਨ ਜਿਸ ਸੁਰ `ਤੇ "ਜੋਧੇ ਤੇ ਵੀਰੇ ਦੀ ਵਾਰ" ਦੀਆਂ ਪਉੜੀਆਂ ਗਾਈਆਂ ਜਾਂਦੀਆਂ ਹਨ

ਤਾਂ ਤੇ ਕੁੱਝ "ਜੋਧੇ ਤੇ ਵੀਰੇ ਦੀ ਵਾਰ" ਬਾਰੇ ਵੀ- ਦਰਅਸਲ ਇਤਿਹਾਸਕ ਪਖੋਂ ਜੋਧਾ ਤੇ ਵੀਰਾ ਦੋ ਭਰਾ ਸਨ ਅਤੇ ਇਹ ਦੋਵੇਂ ਇੱਕ ਰਾਜਪੂਤ ਪੂਰਬਾਣ ਦੇ ਪੁੱਤ੍ਰ ਸਨ। ਇਹ ਦੋਵੇਂ ਅਕਬਰ ਬਾਦਸ਼ਾਹ ਤੋਂ ਆਕੀ ਹੋਏ-ਹੋਏ ਕਿਸੇ ਜੰਗਲ `ਚ ਹੀ ਰਹਿ ਰਹੇ ਸਨ। ਫ਼ਿਰ ਜਦੋਂ ਬਾਦਸ਼ਾਹ ਅਕਬਰ ਨੇ ਉਥੇ ਵੀ ਇਨ੍ਹਾਂ `ਤੇ ਚੜ੍ਹਾਈ ਕਰ ਦਿੱਤੀ, ਤਾਂ ਇਹ ਦੋਵੇਂ ਭਰਾ ਬੜੀ ਵੀਰਤਾ ਨਾਲ ਲੜਦੇ ਹੋਏ ਉਸ ਰਣ `ਚ ਮਾਰੇ ਗਏ।

ਉਪ੍ਰੰਤ ਢਾਢੀਆਂ ਨੇ ਇਨ੍ਹਾਂ ਦੀ ਸੂਰਮਤਾ `ਤੇ ਵਾਰ ਬਣਾਈ ਤੇ ਉਸਦਾ ਗਾਇਣ ਕੀਤਾ, ਤਾਂ ਉਸ ਵਾਰ `ਚੋਂ ਇੱਥੇ ਨਮੂਨੇ ਦੇ ਤੌਰ `ਤੇ ਹੇਠਾ ਇੱਕ ਪਉੜੀ ਦਰਜ ਕੀਤੀ ਜਾਂਦੀ ਹੈ :-

"ਜੋਧੇ ਵੀਰ ਪੂਰਬਾਣੀਏਂ ਦੋ ਗੱਲਾਂ ਕਰੀਨ ਕਰਾਰੀਆਂ॥

ਫੌਜਾਂ ਚਾੜ੍ਹੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ॥

ਸਨਮੁਖ ਹੋਏ ਰਾਜਪੂਤ ਸੁਤਰੀ ਰਣ ਕਾਰੀਆਂ॥

ਇੰਦਰ ਸਣੇ ਅਪੱਛਰਾਂ ਮਿਲਿ ਕਰਨਿ ਜੁਹਾਰੀਆਂ॥

ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ॥" ਤਾਂ ਤੇ:-

ਇਸੇ ਤਰ੍ਹਾਂ ਗੁਰਬਾਣੀ ਵਿੱਚਲੀਆਂ ੨੨ਵਾਰਾਂ `ਚੋਂ ੯ ਵਾਰਾਂ `ਤੇ ਧੁਨੀਆਂ ਅਤੇ ਉਨ੍ਹਾਂ ਧੁਨੀਆਂ ਦੀ ਵਿਲਖਣਤਾ- ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਨੂੰ ਤਰਤੀਬ ਦੇਣ ਅਤੇ "ਅਦਿ ਬੀੜ" ਦੇ ਸੰਪਾਦਨਾ ਦੌਰਾਨ ਲੋਕਾਈ ਦੀ ਰੁਚੀ ਨੂੰ ਮੁਖ ਰਖਦੇ ਹੋਏ ਉਸ ਸਮੇਂ ਦੀਆਂ ਪ੍ਰਚਲਤ (੯) ਲੋਕ ਪ੍ਰਿਅ ਵਾਰਾਂ ਦੀਆਂ ਧੁਨੀਆਂ ਨੂੰ ਗੁਰਬਾਣੀ ਵਿਚਲੀਆਂ (੨੨) ਵਾਰਾਂ `ਚੋਂ ਨੌ ਵਾਰਾਂ ਦੇ ਸਿਰਲੇਖਾਂ ਨਾਲ ਵਰਤਿਆ ਹੈ।

ਇਸ ਤਰ੍ਹਾਂ ਇੱਥੇ ਬਾਣੀ ‘ਰਾਮਕਲੀ ਕੀ ਵਾਰ’ ਮ: ੩ ਦੇ ਸਿਰਲੇਖ `ਚ ਗੁਰਦੇਵ ਵੱਲੋਂ ‘ਰਾਮਕਲੀ ਕੀ ਵਾਰ’ ਮ: ੩ ਦੇ ਗਾਇਣ ਦੌਰਾਨ ਪੰਥ ਦੇ ਢਾਡੀਆਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਉਹ ਇਸ ਵਾਰ ਦੇ ਗਾਇਣ ਸਮੇਂ ‘ਜੋਧੈ ਵੀਰੈ ਪੂਰਬਾਣੀ ਕੀ ਵਾਰ ਵਾਲੀ ਧੁਨੀ’ ਨੂੰ ਵਰਤਣ।

ਜਦਕਿ ਗੁਰੂ ਕੀਆਂ ਸੰਗਤਾਂ ਦੀ ਜਾਣਕਾਰੀ ਲਈ ਅਸੀਂ ਉਸ ਵਾਰ `ਚੋਂ ਨਮੂਨੇ ਵਜੋੇਂ ਇੱਕ ਪਉੜੀ ਉਪਰ ਦੇ ਆਏ ਹਾਂ। ਤਾਂ ਤੇ ਉਹ ਨੌ ਧੁਨੀਆਂ ਇਸ ਪ੍ਰਕਾਰ ਹਨ:-

੧. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ

੨. ਰਾਇ ਕਮਾਲ ਦੀ ਮੌਜ ਦੀ ਵਾਰ

੩. ਲਲਾ ਬਹਿਲੀਮਾ ਦੀ ਵਾਰ

੪. ਟੁੰਡੇ ਅਸਰਾਜੇ ਦੀ ਵਾਰ

੫. ਸਿਕੰਦਰ ਬਿਰਾਹਿਮ ਦੀ ਵਾਰ

੬. ਹਸਨੇ ਮਹਮੇ ਦੀ ਵਾਰ

੭. ਮੂਸੇ ਦੀ ਵਾਰ

੮. ਜੋਧੇ ਵੀਰੇ ਦੀ ਵਾਰ

੯. ਰਾਣਾ ਕੈਲਾਸ ਦੇਵ ਮਾਲਦੇ ਦੀ ਵਾਰ।

ਬਿਨਾ ਸ਼ੱਕ, ਮੂਲ ਰੂਪ `ਚ ਗੁਰੂ ਸਾਹਿਬ ਦਾ ਮਕਸਦ- ਗੁਰਬਾਣੀ ਸੰਬੰਧਤ ਵਾਰਾਂ `ਤੇ ਇਨ੍ਹਾਂ ਧੁਨੀਆਂ ਨੂੰ ਵਰਤ ਕੇ, ਲੋਕਾਈ ਨੂੰ ਇਲਾਹੀ ਆਤਮਕ ਰਸ ਤੇ ਜੀਵਨ ਜਾਚ ਵੱਲ ਮੋੜਣਾ ਸਪਸ਼ਟ ਹੁੰਦਾ ਹੈ।

ਇਹ ਵੀ ਕਿ ਸਮੇਂ ਦੇ ਪ੍ਰਭਾਵ ਨਾਲ, ਉਨ੍ਹਾਂ ਧੁਨੀਆਂ ਨਾਲ ਸੰਬੰਧਤ ਵਾਰਾਂ ਦੇ ਰੂਪ-ਰੱਸ ਤੇ ਆਧਾਰ ਤਾਂ ਲੋਕਾਈ ਦੇ ਮਨਾਂ ਚੋਂ ਵੀ ਪੂਰੀ ਤਰ੍ਹਾਂ ਅਲੋਪ ਹੋ ਚੁੱਕੇ ਹਨ।

ਜਦਕਿ ਇਹ ਇਲਾਹੀ ਤੇ ਗੁਰਬਾਣੀ ਦੀਆਂ ਸੱਚੀਆਂ ਵਾਰਾਂ ਅੱਜ ਵੀ ਮਨੁੱਖ ਨੂੰ ਅਨੂਠਾ ਰਸ, ਜੀਵਨ ਸੇਧ ਅਤੇ ਮਨੁੱਖ ਨੂੰ ਗੁਰਬਾਣੀ ਰਾਹੀਂ ਬਖ਼ਸ਼ੀ ਹੋਈ ਜੀਵਨ-ਜਾਚ ਨਾਲ ਸੀਂਚ ਰਹੀਆਂ ਹਨ ਅਤੇ ਸਦਾ ਲਈ ਸ਼ੀਂਚਦੀਆਂ ਵੀ ਰਹਿਣਗੀਆਂ।

ਪੰਚਮ ਪਿਤਾ ਰਾਹੀਂ ਗੁਰਬਾਣੀ ਵਿੱਚਲੀਆਂ ੨੨ ਵਾਰਾਂ ਚੋਂ ਕੇਵਲ ੯ ਵਾਰਾਂ ਲਈ ਹੀ ਧੁਨੀਆਂ ਦੀ ਚੋਣ ਕਿਉਂ? - ਇਹੀ ਨਹੀਂ, ਉਨ੍ਹਾਂ ਪੁਰਾਤਣ ਵਾਰਾਂ ਦੀਆਂ ਨੌ ਧੁਨੀਆਂ ਲਈ ਗੁਰਦੇਵ ਦੀ ਚੋਣ, ਇੱਕ ਹੋਰ ਪੱਖੋਂ ਵੀ ਵਿਲਖਣ ਤੇ ਵਿਸ਼ੇਸ਼ ਹੈ ਅਤੇ ਖਾਸ ਧਿਆਨ ਮੰਗਦੀ ਹੈ।

ਕਿਉਂਕਿ ਇਨ੍ਹਾਂ ਧੁਨੀਆਂ ਦਾ ਉਹ ਵਿਸ਼ੇਸ਼ ਤੇ ਵਿਲਖਣ ਪੱਖ ਇਹ ਹੈ, ਕਿ ਜੇਕਰ ਅਸੀਂ ਇਨ੍ਹਾਂ ਧੁਨੀਆਂ ਨਾਲ ਜੁੜਵੀਆਂ ਇਤਿਹਾਸਕ ਘਟਣਾਵਾਂ `ਤੇ ਇਕ-ਇਕ ਕਰਕੇ ਝਾਤ ਮਾਰਾਂਗੇ ਤਾਂ ਉਹ ਹਰੇਕ ਘਟਣਾ, ਗੁਰਬਾਣੀ ਦੇ ਹੀ ਕਿਸੇ ਨਾ ਕਿਸੇ ਆਦੇਸ਼, ਸਿਧਾਂਤ ਅਤੇ ਸੇਧ ਦੀ ਪ੍ਰੌੜਤਾ ਕਰਦੀ ਸਾਬਤ ਹੋਵੇਗੀ ਅਤੇ ਨਜ਼ਰ ਆਵੇਗੀ।

ਹੋਰ ਤਾਂ ਹੋਰ, ਇਥੋਂ ਤਾਂ ਇਹ ਵੀ ਸਾਬਤ ਹੁੰਦਾ ਹੈ ਕਿ ਪਾਤਸ਼ਾਹ ਨੇ ਆਪਣੇ ਸਮੇਂ ਦੀ ਹਰੇਕ ਵਾਰ ਦੀ ਧੁਨੀ ਨੂੰ ਨਹੀਂ ਸੀ ਚੁਕਿਆ, ਗੁਰਦੇਵ ਨੇ ਇਹ ੯ ਧੁਨੀਆਂ ਵੀ ਸਮੇਂ ਦੀਆਂ ਕੁੱਝ ਵਿਸ਼ੇਸ਼ ਵਾਰਾਂ ਦੀਆਂ ਧੁਨੀਆਂ ਤੋਂ ਹੀ ਲਈਆਂ ਹਨ।

ਇਸ ਤਰ੍ਹਾਂ ਇਨ੍ਹਾਂ ਧੁਨੀਆਂ ਨਾਲ ਸੰਬੰਧਤ ਘਟਣਾਵਾਂ ਦੀ ਗਹਿਰਾਈ ਵੱਲ ਵਧਣ `ਤੇ ਜਗਿਆਸੂ ਨੂੰ ਕਿਸੇ ਨਾ ਕਿਸੇ ਗੁਰਬਾਣੀ ਆਦੇਸ਼ ਦੀ ਪ੍ਰੌੜਤਾ ਹੀ ਮਿਲਦੀ ਹੈ। ਤਾਂ ਤੇ:-

ਜੇ ਅਸੀਂ ਵਿਚਾਰ-ਅਧੀਨ "ਰਾਮਕਲੀ ਕੀ ਵਾਰ’ ਮ: ੩" ਦੇ ਸਿਰਲੇਖ ਨਾਲ ਦਰਜ "ਧੁਨੀ" ਦੀ ਪਉੜੀ ਨਾਲ ਸੰਬੰਧਤ ਵਾਰ ਦਾ ਇਤਿਹਾਸਕ ਪਿਛੌਕੜ ਘੋਖਾਂਗੇ ਤਾਂ ਵੀ ਸਪਸ਼ਟ ਹੋ ਜਾਵੇਗਾ ਕਿ ਉਹ ਵੀ ਇੱਕ ਜਾਂ ਦੂਜੇ ਢੰਗ ਨਾਲ ਗੁਰਬਾਣੀ ਸਿਧਾਂਤ ਦੀ ਪ੍ਰੌੜਤਾ ਹੀ ਕਰਦਾ ਹੈ।

ਵਾਰਾਂ `ਤੇ ਧੁਨੀਆਂ’ ਬਨਾਮ ‘ਫਿਲਮੀ ਤਰਜ਼ਾਂ’ - ਗੁਰੂ ਸਾਹਿਬ ਰਾਹੀਂ ਵਾਰਾਂ ਦੇ ਅਰੰਭ `ਚ ਦਿੱਤੀਆਂ ਧੁਨੀਆਂ ਨੂੰ ਆਧਾਰ ਬਣਾ ਕੇ ਕੁੱਝ ਸੱਜਨ ਇਹ ਦਲੀਲ ਦਿੰਦੇ ਹਨ, ‘ਜੇ ਗੁਰੂ ਪਾਤਸ਼ਾਹ ਨੇ ਲੋਕਾਂ ਦੀ ਰੁਚੀ ਨੂੰ, ਗੁਰਬਾਣੀ ਵੱਲ ਮੋੜਣ ਲਈ ਉਸ ਸਮੇਂ ਦੀਆਂ ਲੋਕਪ੍ਰਿਅ ਧੁਨੀਆਂ ਦੀ ਵਰਤੋਂ ਕਰਣੀ ਜੋਗ ਸਮਝੀ ਤਾਂ ਅਜੋਕੇ ਸਮੇਂ ਫਿਲਮੀ ਧੁਨਾਂ ਨੂੰ ਗੁਰਬਾਣੀ ਕੀਰਤਨ ਸਮੇਂ ਵਰਤਣ `ਚ ਕੀ ਹਰਜ ਹੈ ਜਾਂ ਇਸ ਤੋਂ ਕਿਉਂ ਮਨ੍ਹਾਂ ਕੀਤਾ ਜਾਂਦਾ ਹੈ ਆਦਿ?

ਓਪਰੀ ਨਜ਼ਰੇ ਬੇਸ਼ੱਕ ਇਹ ਦਲੀਲ ਵਜ਼ਣਦਾਰ ਨਜ਼ਰ ਆਉਂਦੀ ਹੈ ਪਰ ਸਮਝਣਾ ਹੈ ਕਿ, ਗੁਰੂ ਸਾਹਿਬ ਦੇ ਸਮੇਂ ਵੀ ਡਰਾਮੇ, ਰਾਸਾਂ, ਗੀਤ, ਅਤੇ ਕਾਮ-ਉਕਸਾਊ ਮਨੋਰੰਜਨ ਲਈ ਅਨੇਕਾਂ ਸਾਧਨ- ਮਹਿਫਲਾਂ, ਮੁਸ਼ਾਹਿਰੇ ਆਦਿ ਤੇ ਹੋਰ ਬਹੁਤ ਕੁੱਝ ਮੌਜੂਦ ਸੀ। ਉਸੇਤਰ੍ਹਾਂ ਅਜੋਕੇ ਸਮੇਂ ਫਿਲਮੀ ਗੀਤ ਵੀ ਉਸ ਸਮੇਂ ਦੇ ਉਨ੍ਹਾਂ ਢੰਗਾਂ ਦਾ ਅਤੇ ਮਨੋਰੰਜਨ ਦੇ ਸਾਧਨ ਦਾ ਹੀ ਬਦਲ ਹਨ।

ਇਸ ਲਈ ਇਸ ਸਚਾਈ ਨੂੰ, ਗੁਰਬਾਣੀ ਵਿਚਲੇ "ਗਾਵਹਿ ਰਾਜੇ ਰਾਣੀਆ" ਵਾਲੇ ਸਲੋਕ ਰਾਹੀਂ ਸਾਹਿਬਾਂ ਨੇ ਪੂਰੀ ਤਰ੍ਹਾਂ ਸਪਸ਼ਟ ਵੀ ਕੀਤਾ ਹੋਇਆ ਹੈ।

ਬਲਕਿ ਅਜਿਹੇ ਬੋਲਾਂ ਨੂੰ ਹੀ ਤਾਂ ਪਾਤਸ਼ਾਹ ਨੇ ਇਸੇ ਸਲੋਕ `ਚ ਅੱਗੇ ਚੱਲ ਕੇ "ਬੋਲਹਿ ਆਲ ਪਤਾਲ" ਤੇ "ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ" ਵਾਲੇ ਸਰਟੀਫਿਕੇਟ ਵੀ ਦਿੱਤੇ ਹੋਏ ਹਨ, ਤਾਂ ਫ਼ਿਰ ਅਸੀਂ ਕੀ ਸੋਚ ਰਹੇ ਹਾਂ? ਸਾਨੂੰ ਇਸ ਪਖੋਂ ਜਾਗਣ ਦੀ ਲੋੜ ਹੈ।

ਫ਼ਿਰ ਅਸਾਂ ਇਸ ਪਾਸੇ ਵੀ ਧਿਆਨ ਦੇਣਾ ਹੈ ਕਿ ਇੱਥੇ ਸਾਹਿਬਾਂ ਨੇ ਕੇਵਲ ਉਨ੍ਹਾਂ ਹੀ ਵਾਰਾਂ ਦੀਆਂ ਧੁਨੀਆਂ ਵਰਤੀਆਂ ਹਨ, ਜਿੰਨ੍ਹਾਂ ਦਾ ਸੰਬੰਧ ‘ਜੋਧਿਆਂ ਦੀਆਂ ਘਟਨਾਵਾਂ ਨਾਲ ਤਾਂ ਹੈ ਹੀ ਨਾਲ-ਨਾਲ ਇਹ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਇਨ੍ਹਾਂ ੯ ਦੁਨੀਆਂ ਦਾ ਮੂਲ ਗੁਰਬਾਣੀ ਆਦੇਸ਼ਾਂ ਦੀ ਪ੍ਰੌੜਤਾ ਨਾਲ ਵੀ ਹੈ। ਇਸ ਤਰ੍ਹਾਂ ਉਨ੍ਹਾਂ ੯ ਧੁਨੀਆਂ ਨਾਲ ਸੰਬੰਧਤ ਇਤਿਹਾਸਕ ਘਟਣਾਵਾਂ ਵੀ ਕੇਵਲ ਹੋਛੇ ਤੇ ਨਿਗੁਣੇ ਸੰਸਾਰਕ-ਰਸਾਂ ਨਾਲ ਸੰਬੰਧਤ ਨਹੀਂ ਹਨ।

ਜਦਕਿ ਇਧਰ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਵਿਚਲੀਆਂ ਵਾਰਾਂ ਦਾ ਮੂਲ ਸੰਬੰਧ ਤਾਂ ਹੈ ਹੀ ਮਨੁੱਖਾ ਜੀਵਨ ਅੰਦਰ ਹਰ ਸਮੇਂ ਹੋ ਰਹੇ ਆਤਮ-ਜੁੱਧ ਨਾਲ ਹੈ, ਜਿਸ ਤੋਂ ਅਨਜਾਣ ਰਹਿ ਕੇ ਮਨੁੱਖ ਸੱਚੇ, ਸਦੀਵੀ, ਅਨੰਦਮਈ ਹੁਲਾਰੇ ਤੋਂ ਵੀ ਵਾਂਝਾ ਹੀ ਰਹਿ ਰਿਹਾ ਹੈ।

ਫ਼ਿਰ ਇਤਨਾ ਹੀ ਨਹੀਂ, ਇਹ ਵੀ ਦੇਖਣਾ ਹੈ ਕਿ ਗੁਰਦੇਵ ਨੇ ਧੁਨੀਆਂ ਵਾਲਾ ਇਹ ਢੰਗ ਕੇਵਲ ਆਤਮਕ ਜੁੱਧ ਦੇ ਵਿਸ਼ੇ ਨਾਲ ਸੰਬੰਧਤ ਵਾਰਾਂ ਵਾਲੇ ਕਾਵਿ ਢੰਗ `ਚ ਹੀ ਵਰਤਿਆ ਹੈ।

ਉਂਝ ਗੁਰਦੇਵ ਨੇ, ਬਾਕੀ ਸੰਪੂਰਨ ਗੁਰਬਾਣੀ `ਚ ਹੋਰ ਕਿੱਧਰੇ ਵੀ ਇਸ ਧੁਨੀਆਂ ਵਾਲੇ ਢੰਗ ਨੂੰ ਨਹੀਂ ਵਰਤਿਆ।

ਜਦਕਿ ਅੱਜ ਅਸੀਂ ਇਲਾਹੀ ਗੁਰਬਾਣੀ ਦੇ ਦੇ ਕੀਰਤਨ ਦੌਰਾਨ ਵੀ ਉਨ੍ਹਾਂ ਅਸਲੀਲ ਤੇ ਮਾਇਕ ਰਸਾਂ ਂਨਾਲ ਗੜੁੱਚ ਤੇ ਭਰਪੂਰ ਫ਼ਿਲਮੀ ਤਰਜ਼ਾਂ ਨੂੰ ਜੋੜਣਾ ਚਾਹੁੰਦੇ ਹਾਂ। ਕਾਸ਼! ਅਸੀ ਇਸ ਪਖੋਂ ਕੁੱਝ ਤਾਂ ਸੁਚੇਤ ਹੋਵੀਏ। (ਚਲਦਾ) #Instt.P.1-8th.v.. .Ramkali ki vaar M.-3-02.19-P00#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.