.

ਗਾਥਾ ਜਨੇਊ ਦੀ

ਗੁਰੂ ਨਾਨਕ ਜੀ ਦੇ ਜੀਵਨ ਸਬੰਧੀ ਬਾਰੇ ਮਿਲਦੀ ਜਾਣਕਾਰੀ ਮੁੱਖ ਤੌਰ ਤੇ ਜਨਮਸਾਖੀਆਂ ਵਿੱਚੋਂ ਹੀ ਆਈ ਹੈ। ਇਹ ਜਨਮਸਾਖੀਆਂ ਗੁਰੂ ਨਾਨਕ ਜੀ ਦੇ ਜੀਵਨ ਸਬੰਧੀ ਕਈ ਘਟਨਾਵਾਂ ਦੀ ਜਾਣਕਾਰੀ ਇਸ ਮਕਸਦ ਨਾਲ ਪੇਸ਼ ਕਰਦੀਆਂ ਹਨ ਕਿ ਉਹਨਾਂ ਨੂੰ ਇਕ ਇਲਾਹੀ ਪੈਗੰਬਰ, ਪ੍ਰਾਲੌਕਿਕ ਸ਼ਖਸੀਅਤ, ਧਾਰਮਿਕ ਰਹਿਬਰ ਅਤੇ ਕਰਾਮਾਤੀ ਸੰਤ ਦੇ ਤੌਰ ਤੇ ਦਰਸਾਇਆ ਜਾ ਸਕੇ ਨਾ ਕਿ ਇਕ ਆਮ ਮਨੁੱਖ ਦੇ ਤੌਰ ਤੇ। ਗੁਰੂ ਨਾਨਕ ਜੀ ਦੇ ਜੀਵਨ ਬਿਰਤਾਂਤ ਨਾਲ ਸਬੰਧਤ ਜਨਮਸਾਖੀਆਂ ਵਿੱਚੋਂ ਮੁੱਖ ਹਨ ਭਾਈ ਬਾਲੇ ਵਾਲੀ, ਭਾਈ ਮਨੀ ਸਿੰਘ ਵਾਲੀ, ਮਿਹਰਬਾਨ ਵਾਲੀ, ਹੰਦਾਲ ਵਾਲੀ ਅਤੇ ਵਲਾਇਤ ਵਾਲੀ। ਇਹਨਾਂ ਵਿੱਚੋਂ ਭਾਈ ਬਾਲੇ ਵਾਲੀ ਜਨਮਸਾਖੀ ਦੀ ਭੂਮਿਕਾ ਸਭ ਤੋਂ ਵੱਧ ਨਕਾਰਾਤਮਕ ਰਹੀ ਹੈ ਅਤੇ ਇਸ ਜਨਮਸਾਖੀ ਦੀਆਂ ਅੱਗੇ ਕਈ ਵੰਨਗੀਆਂ ਉਪਲਭਦ ਹਨ ਜੋ ਆਪਣੇ-ਆਪਣੇ ਢੰਗ ਨਾਲ ਵਿਗਾੜੀਆਂ ਹੋਈਆਂ ਹਨ। ਪਰੰਤੂ ਭਾਈ ਬਾਲੇ ਵਾਲੀ ਜਨਮਸਾਖੀ ਨੂੰ ਨਕਲੀ ਕਿਰਤ ਹੀ ਸਮਝਿਆ ਜਾਂਦਾ ਹੈ ਜਿਸ ਲਈ ਹੇਠਾਂ ਦਿੱਤੇ ਮੁੱਖ ਅਧਾਰ ਪੇਸ਼ ਕੀਤੇ ਜਾਂਦੇ ਹਨ:

1. ਇਸ ਜਨਮਸਾਖੀ ਦੇ ਤਿਆਰ ਕੀਤੇ ਜਾਣ ਦਾ ਸਮਾਂ ਏਸੇ ਜਨਮਸਾਖੀ ਦੇ ਮੁੱਢਲੇ ਹੱਥ-ਲਿਖਤ ਖਰੜੇ ਵਿਚ ਸੰਮਤ 1582 (1525 ਈਸਵੀ) ਦੇ ਤੌਰ ਤੇ ਦਰਜ ਕੀਤਾ ਹੋਇਆ ਮਿਲਦਾ ਹੈ ਜਦੋਂ ਕਿ ਗੁਰੂ ਨਾਨਕ ਜੀ ਦਾ ਦੇਹਾਂਤ ਸੰਮਤ 1596 (1539 ਈਸਵੀ) ਵਿਚ ਹੁੰਦਾ ਹੈ। ਓਧਰ ਸੁਹਿਰਦ ਖੋਜਕਾਰਾਂ ਵੱਲੋਂ ਇਸ ਜਨਮਸਾਖੀ ਦੇ ਤਿਆਰ ਕੀਤੇ ਜਾਣ ਦਾ ਅਸਲੀ ਸਮਾਂ ਸੰਮਤ 1715 (1658 ਈਸਵੀ) ਮੰਨਿਆਂ ਜਾਂਦਾ ਹੈ।

2. ਭਾਈ ਬਾਲਾ ਇਕ ਕਲਪਿਤ ਪਾਤਰ ਹੈ ਅਤੇ ਇਸ ਦਾ ਸਬੂਤ ਇਸ ਜਨਮਸਾਖੀ ਵਿਚ ਹੀ ਮੌਜੂਦ ਹੈ ਜਦੋਂ ਭਾਈ ਬਾਲੇ ਵੱਲੋਂ ਗੁਰੂ ਅੰਗਦ ਜੀ ਦੀ ਹਾਜ਼ਰੀ ਵਿਚ ਪੈੜੇ ਮੋਖੇ ਲਿਖਾਰੀ ਰਾਹੀਂ ਜਨਮਸਾਖੀ ਲਿਖਵਾਈ ਜਾਂਦੀ ਵਿਖਾਈ ਜਾਂਦੀ ਹੈ। ਸੰਮਤ 1582 ਵਿਚ ਗੁਰੂ ਅੰਗਦ ਜੀ ਅਜੇ ਭਾਈ ਲਹਿਣਾ ਹੀ ਸਨ ਅਤੇ ਉਹਨਾਂ ਨੂੰ ‘ਗੁਰੂ ਅੰਗਦ’ ਦੀ ਉਪਾਧੀ ਪਰਾਪਤ ਨਹੀਂ ਸੀ ਹੋਈ (ਉਹਨਾਂ ਨੂੰ ਇਹ ਉਪਾਧੀ ਗੁਰੂ ਨਾਨਕ ਜੀ ਵੱਲੋਂ ਸੰਮਤ 1596 ਵਿਚ ਪਰਦਾਨ ਕੀਤੀ ਗਈ ਸੀ)।

3. ਭਾਈ ਬਾਲੇ ਨੂੰ ਗੁਰੂ ਅੰਗਦ ਜੀ ਦੀ ਹਾਜ਼ਰੀ ਵਿਚ ਜਨਮਸਾਖੀ ਲਿਖਵਾਏ ਜਾਣ ਵੇਲੇ ਗੁਰੂ ਜੀ ਵੱਲੋਂ ਬਾਲੇ ਨੂੰ ਇਹ ਸਵਾਲ ਕੀਤਾ ਜਾਂਦਾ ਵਿਖਾਇਆ ਗਿਆ ਹੈ ਕਿ ਕੀ ਉਸਨੇ (ਬਾਲੇ ਨੇ) ਗੁਰੂ ਨਾਨਕ ਜੀ ਨੂੰ ਵੇਖਿਆ ਸੀ ? ਭਾਵ ਗੁਰੂ ਅੰਗਦ ਜੀ ਨੂੰ ਇਹ ਨਹੀਂ ਸੀ ਪਤਾ ਕਿ ਭਾਈ ਮਰਦਾਨੇ ਦੇ ਨਾਲ-ਨਾਲ ਭਾਈ ਬਾਲਾ ਨਾਮ ਦਾ ਵਿਅਕਤੀ ਵੀ ਗੁਰੂ ਨਾਨਕ ਜੀ ਦੇ ਨਾਲ ਵਿਚਰਦਾ ਰਿਹਾ ਸੀ। ਗੁਰੂ ਅੰਗਦ ਜੀ ਪ੍ਰਤੀ ਅਜਿਹਾ ਤਰਕਹੀਣ ਦਾਵਾ ਭਾਈ ਬਾਲੇ ਦੀ ਹੋਂਦ ਉੱਤੇ ਹੀ ਸਵਾਲੀਆਂ ਚਿੰਨ ਲਗਾ ਦਿੰਦਾ ਹੈ।

ਉੱਪਰ ਆਏ ਤੱਥਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਜਨਮਸਾਖੀਆਂ ਪੂਰੀ ਤਰ੍ਹਾਂ ਕਾਲਪਨਿਕ ਰਚਨਾਵਾਂ ਹਨ ਅਤੇ ਇਹਨਾਂ ਵਿਚ ਸ਼ਾਮਲ ਕਹਾਣੀਆਂ ਵੀ ਬਿਲਕੁਲ ਝੂਠੀਆਂ ਹਨ।

ਜਿਵੇਂ ਕਿ ਆਮ ਕਰਕੇ ਇਲਾਹੀ ਪੈਗੰਬਰਾਂ ਕਰਕੇ ਪੇਸ਼ ਕੀਤੇ ਜਾਂਦੇ ਮਹਾਂ ਪੁਰਖਾਂ ਨੂੰ ਬਚਪਨ ਤੋਂ ਹੀ ਵਿਲੱਖਣ ਰੂਪ ਦੇ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਬਾਕੀ ਦੇ ਜੀਵਨ ਨਾਲ ਕਈ ਭਾਂਤ ਦੀਆਂ ਅਦਭੁੱਤ ਸਾਖੀਆਂ ਜੋੜ ਦਿੱਤੀਆਂ ਜਾਂਦੀਆਂ ਹਨ, ਗੁਰੂ ਨਾਨਕ ਜੀ ਨਾਲ ਵੀ ਅਜਿਹਾ ਹੀ ਕੁਝ ਕੀਤਾ ਗਿਆ ਹੈ। ਗੁਰੂ ਨਾਨਕ ਜੀ ਨਾਲ ਸਬੰਧਤ ਮਨਘੜਤ ਸਾਖੀਆਂ ਦੋ ਪਰਕਾਰ ਦੀਆਂ ਹਨ: ਇਕ ਤਾਂ ਉਹ ਜਿਹਨਾਂ ਵਿਚ ਗੁਰੂ ਜੀ ਨੂੰ ਕਰਾਮਾਤੀ ਅਤੇ ਗੈਬੀ ਸ਼ਕਤੀਆਂ ਦੀ ਮਾਲਕ ਸ਼ਖਸੀਅਤ ਦਾ ਰੂਪ ਦੇਣ ਲਈ ਵਿਸ਼ੇਸ਼ ਤੌਰ ਤੇ ਰਚਿਆ ਗਿਆ ਹੈ ਅਤੇ ਦੂਸਰੀਆਂ ਉਹ ਜਿਹਨਾਂ ਨੂੰ ਗੁਰੂ ਜੀ ਦੀਆਂ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਨੂੰ ਪਿੱਠ ਭੂਮੀ ਵਿਚ ਰੱਖਦੇ ਹੋਏ ਘੜਿਆ ਗਿਆ ਹੈ।

ਪਹਿਲੀ ਪਰਕਾਰ ਦੀਆਂ ਸਾਖੀਆਂ ਦੀਆਂ ਕੁਝ ਉਦਾਹਰਨਾਂ ਹੇਠਾਂ ਪੇਸ਼ ਕੀਤੀਆਂ ਜਾ ਰਹੀਆਂ ਹਨ:

• ਬਾਲ ਨਾਨਕ ਵੱਲੋਂ ਮੱਝੀਆਂ ਚਰਾਉਂਦੇ ਸਮੇਂ ਉਹਨਾਂ ਦੇ ਪਸ਼ੂਆਂ ਵੱਲੋਂ ਉਜਾੜੇ ਗਏ ਖੇਤਾਂ ਸਬੰਧੀ ਸ਼ਿਕਾਇਤ ਹੋ ਜਾਣ ਤੇ ਉਹਨਾਂ ਖੇਤਾਂ ਵਿਚ ਫਸਲਾਂ ਦਾ ਮੁੜ ਤੋਂ ਹਰਾ-ਭਰਾ ਹੋ ਜਾਣਾ।

• ਮੱਝੀਆਂ ਚਰਾਉਂਦੇ ਸਮੇਂ ਬਾਲ ਨਾਨਕ ਦੇ ਦਰਖਤ ਹੇਠਾਂ ਸੌਂ ਜਾਣ ਤੇ ਕੁਝ ਸਮੇਂ ਪਿੱਛੋਂ ਉਹਨਾਂ ਦੇ ਚਿਹਰੇ ਉੱਤੇ ਧੁੱਪ ਆਉਣ ਵੇਲੇ ਸੱਪ ਵੱਲੋਂ ਫੱਨ ਖਿਲਾਰ ਕੇ ਛਾਂ ਕਰਨਾਂ ਜਾਂ ਉਹਨਾਂ ਦੇ ਸੁਤੇ ਹੋਣ ਤੇ ਸੂਰਜ ਢਲ ਜਾਣ ਤੇ ਵੀ ਦਰਖਤ ਦੀ ਛਾਂ ਦਾ ਉਹਨਾਂ ਦੇ ਚਿਹਰੇ ਉੱਤੇ ਬਣੇ ਰਹਿਣਾ ਭਾਵ ਦਰਖਤ ਦੇ ਪਰਛਾਵੇਂ ਦਾ ਇਕ ਜਗਹ ਤੇ ਹੀ ਟਿਕੇ ਰਹਿਣਾ।

• ਗੁਰੂ ਨਾਨਕ ਦਾ ਵੇਂਈਂ ਨਦੀ ਵਿਚ ਚੁੱਭੀ ਮਾਰ ਕੇ ਤਿੰਨ ਦਿਨਾਂ ਲਈ ਰੱਬ ਦੀ ਹਜ਼ੂਰੀ ਵਿਚ ਜਾਣਾ, ਬ੍ਰਹਮੰਡ ਵਿਚ ਸੱਚ ਖੰਡ ਆਦਿਕ ਦੀ ਸੈਰ ਕਰਨਾ ਅਤੇ ਰੱਬ ਕੋਲੋਂ ਆਦੇਸ਼ ਪਰਾਪਤ ਕਰਨਾ।

• ਵਲੀ ਕੰਧਾਰੀ ਵੱਲੋਂ ਪਹਾੜ ਦੇ ਉੱਤੋਂ ਰੇੜ੍ਹੇ ਗਏ ਵੱਡੇ ਪੱਥਰ ਨੂੰ ਗੁਰੂ ਨਾਨਕ ਜੀ ਵੱਲੋਂ ਹੱਥ ਨਾਲ ਰੋਕ ਲੈਣਾ ਅਤੇ ਇਸ ਪੱਥਰ ਉੱਤੇ ਗੁਰੂ ਜੀ ਦੇ ਪੰਜੇ ਦਾ ਉੱਕਰ ਜਾਣਾ।

• ਲੇਹ ਦੇ ਇਲਾਕੇ ਵਿਚ ਇਕ ਚਟਾਨ ਦਾ ਗੁਰੂ ਨਾਨਕ ਜੀ ਦੇ ਸਰੀਰ ਉੱਤੇ ਡਿੱਗਣ ਵੇਲੇ ਉਸ ਚਟਾਨ ਦੇ ਪੱਥਰ ਦਾ ਮੋਮ ਵਿਚ ਬਦਲ ਜਾਣਾ ਤਾਂ ਕਿ ਗੁਰੂ ਜੀ ਨੂੰ ਕੋਈ ਚੋਟ ਨਾ ਲੱਗੇ। ਬਾਦ ਵਿਚ ਇਸ ਦਾ ਫਿਰ ਪੱਥਰ ਰੂਪ ਵਿਚ ਆ ਜਾਣਾ।

• ਮੱਕੇ ਵਿਚ ਗੁਰੂ ਨਾਨਕ ਜੀ ਦੇ ਕਾਬੇ ਵੱਲ ਨੂੰ ਪੈਰ ਕਰਕੇ ਲੇਟੇ ਹੋਣ ਦੀ ਅਵਸਥਾ ਵਿਚ ਕਿਸੇ ਵਿਅਕਤੀ ਵੱਲੋਂ ਉਹਨਾਂ ਦੇ ਪੈਰ ਦੂਸਰੀ ਦਿਸ਼ਾ ਵੱਲ ਕੀਤੇ ਜਾਣ ਤੇ ਕਾਬੇ ਦਾ ਉਸ ਦਿਸ਼ਾ ਵੱਲ ਨੂੰ ਚਲੇ ਜਾਣਾ।

• ਗੁਰੂ ਨਾਨਕ ਜੀ ਵੱਲੋਂ ਮਲਿਕ ਭਾਗੋ ਦੁਆਰਾ ਭੇਜੇ ਗਏ ਖਾਣੇ ਵਿੱਚੋਂ ਖੂਨ ਕੱਢ ਕੇ ਵਿਖਾਉਣਾ ਅਤੇ ਓਸੇ ਸਮੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁਧ ਵਗਾਉਣਾ (ਕੋਧਰਾ ਜਾਂ ਕੋਦਾ ਇਕ ਘਾਹ ਵਰਗਾ ਜੰਗਲੀ ਪੌਦਾ ਹੈ ਜਿਸ ਦੇ ਦਾਣੇ ਕਈ ਗਰੀਬ ਲੋਕਾ ਵੱਲੋਂ ਪੀਹ ਕੇ ਰੋਟੀ ਬਣਾਉਣ ਲਈ ਵਰਤੇ ਜਾਂਦੇ ਰਹੇ ਹਨ)।

ਦੂਸਰੀ ਪਰਕਾਰ ਦੀਆਂ ਸਾਖੀਆਂ ਦੀਆਂ ਕੁਝ ਉਦਾਹਰਨਾਂ ਹੇਠਾਂ ਪੇਸ਼ ਕੀਤੀਆਂ ਜਾ ਰਹੀਆਂ ਹਨ:

• ‘ਪਟੀ’ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਘੜੀ ਗਈ ਬਾਲ ਨਾਨਕ ਵੱਲੋਂ ਪਾਂਧੇ ਨੂੰ ਪੜ੍ਹਾਉਣ ਵਾਲੀ ਸਾਖੀ।

• ਪੰਡਿਤ ਵੱਲੋਂ ਜਨੇਊ ਪਹਿਨਾਉਣ ਦੀ ਰਸਮ ਵੇਲੇ ਬਾਲ ਨਾਨਕ ਵੱਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਨ ਵਾਲੀ ਸਾਖੀ। ਇਹ ਸਾਖੀ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥’ ਵਾਲੇ ਸਲੋਕ ਅਤੇ ਇਸ ਤੋਂ ਅਗਲੇ ਕੁਝ ਸਲੋਕਾਂ ਉੱਤੇ ਅਧਾਰਿਤ ਹੈ।

• ਬਾਬਰ ਦੇ ਹਮਲੇ ਵਾਲੀ ਰਚਨਾਂ ‘ਜੈਸੀ ਮੈ ਆਵੈ ਖਸਮ ਕੀ ਬਾਣੀ .......’ ਨੂੰ ਸਾਹਮਣੇ ਰੱਖ ਕੇ ਘੜੀ ਗਈ ਗੁਰੂ ਨਾਨਕ ਵੱਲੋਂ ਸੈਦਪੁਰ ਦੇ ਲੋਕਾਂ ਨੂੰ ਸਰਾਪ ਦੇਣ ਦੀ ਸਾਖੀ।

• ‘ਵੈਦ ਬੁਲਾਇ ਵੈਦਗੀ......’ ਵਾਲੇ ਸ਼ਬਦ ਦੇ ਅਧਾਰ ਤੇ ਘੜੀ ਗਈ ਗੁਰੂ ਨਾਨਕ ਜੀ ਦੇ ਸਬੰਧ ਵਿਚ ਵੈਦ ਵਾਲੀ ਸਾਖੀ।

• ‘ਪਹਿਲੇ ਪਹਿਰੈ ਰੈਣਕੈ ਵਣਜਾਰਿਆ ਮਿਤ੍ਰਾ ............’ ਵਾਲੇ ਸ਼ਬਦ ਦੇ ਅਧਾਰ ਤੇ ਘੜੀ ਗਈ ਗੁਰੂ ਨਾਨਕ ਜੀ ਵੱਲੋਂ ਇਕ ਵਣਜਾਰੇ ਦੇ ਪੁੱਤਰ ਦੇ ਮਰ ਜਾਣ ਦਾ ਸਰਾਪ ਦੇਣ ਵਾਲੀ ਸਾਖੀ।

• ਗੁਰਬਾਣੀ-ਗ੍ਰੰਥ ਵਿਚ ਦਰਜ ‘ਤਪਤ ਕੜਾਹਾ ਬੁਝਿ ਗਇਆ ............’ ਵਾਲੇ ਸ਼ਬਦ ਨੂੰ ਲੈ ਕੇ ਘੜੀ ਗਈ ਗੁਰੂ ਨਾਨਕ ਜੀ ਵੱਲੋਂ ਕੌਡੇ ਰਾਖਸ਼ ਦੇ ਗਰਮ ਤੇਲ ਵਾਲੇ ਕੜਾਹੇ ਨੂੰ ਠੰਢਾ ਕਰਨ ਦੀ ਸਾਖੀ (ਇਹ ਸ਼ਬਦ ਅਸਲ ਵਿਚ ਗੁਰੂ ਅਰਜਨ ਜੀ ਦਾ ਰਚਿਆ ਹੋਇਆ ਹੈ)।

ਏਥੇ ਅਸੀਂ ਦੂਸਰੀ ਵੰਨਗੀ ਦੀਆਂ ਸਾਖੀਆਂ ਵਿਚ ਸ਼ਾਮਲ ਜਨੇਊ ਵਾਲੀ ਸਾਖੀ ਦੀ ਵਿਸ਼ੇਸ਼ ਤੌਰ ਤੇ ਚਰਚਾ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਖ ਭਾਈਚਾਰੇ ਦੇ ਜਾਗਰੂਕ ਅਤੇ ਵਿਦਵਾਨ ਅਖਵਾਉਂਦੇ ਸੱਜਣ ਬਹੁਤ ਸਾਰੀਆਂ ਸਾਖੀਆਂ ਨੂੰ ਤਾਂ ਨਕਾਰ ਚੁੱਕੇ ਹਨ ਪਰੰਤੂ ਉਹ ਹਾਲੇ ਵੀ ਜਨੇਊ ਵਾਲੀ ਸਾਖੀ ਵਿਚਲੀ ਘਟਨਾਂ ਦਾ ਬਹੁਤ ਹੁੱਬ ਕੇ ਜ਼ਿਕਰ ਕਰਦੇ ਹਨ ਇਹ ਦਰਸਾਉਣ ਲਈ ਕਿ ਗੁਰੂ ਨਾਨਕ ਜੀ ਬਚਪਨ ਤੋਂ ਹੀ ਤੀਖਣ ਬੁੱਧੀ, ਜਾਗਰੂਕਤਾ, ਤਰਕਸ਼ੀਲਤਾ ਅਤੇ ਕਰਾਂਤੀਕਾਰੀ ਸੁਭਾ ਦੇ ਮਾਲਕ ਸਨ ਅਤੇ ਉਹਨਾਂ ਨੇ ਨੌਂ ਸਾਲ ਦੀ ਉਮਰ ਵਿਚ ਹੀ ਬ੍ਰਾਹਮਣ ਪੁਜਾਰੀ ਅੱਗੇ ਵੱਡੀ ਵੰਗਾਰ ਪੇਸ਼ ਕਰ ਦਿੱਤੀ ਸੀ। ਇਸ ਸਾਖੀ ਅਨੁਸਾਰ ਜਦੋਂ ਨੌਂ ਸਾਲ ਦੀ ਉਮਰ ਵਿਚ ਉਹਨਾਂ ਨੂੰ ਜਨੇਊ ਪਹਿਨਾਉਣ ਦੀ ਰਸਮ ਦੇ ਵਿਸ਼ੇਸ ਸਮਾਗਮ ਦਾ ਆਯੋਜਨ ਕੀਤਾ ਗਿਆ ਤਾਂ ਐਨ ਮੌਕੇ ਉੱਤੇ ਬਾਲ ਨਾਨਕ ਨੇ ਨਾ ਕੇਵਲ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸਗੋਂ ਓਸੇ ਵੇਲੇ ਚਾਰ ਸਲੋਕ ਉਚਾਰ ਦਿੱਤੇ ਜਿਹਨਾਂ ਵਿਚ ਤਰਕ-ਅਧਾਰਿਤ ਦਲੀਲਾਂ ਰਾਹੀਂ ਜਨੇਊ ਪਹਿਨਣ ਦੇ ਕਰਮ-ਕਾਂਡ ਨੂੰ ਨਕਾਰਿਆ ਗਿਆ ਸੀ। ਇਹ ਚਾਰ ਸਲੋਕ ‘ਆਸਾ ਦੀ ਵਾਰ’ ਵਿਚ ਸ਼ਾਮਲ ਕੀਤੇ ਹੋਏ ਮਿਲਦੇ ਹਨ। ਹੁਣ ਅਸੀਂ ਇਹਨਾਂ ਚਾਰੇ ਸਲੋਕਾਂ ਦੀ ਕ੍ਰਮਵਾਰ ਹੇਠਾਂ ਦਿੱਤੇ ਅਨੁਸਾਰ ਵਿਆਖਿਆ ਕਰਨ ਦਾ ਯਤਨ ਕਰਦੇ ਹਾਂ।

ਸਲੋਕੁ ਮਃ 1॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ 1॥


ਵਿਆਖਿਆ

ਹੇ ਪੰਡਿਤ ! ਕੀ ਤੇਰੇ ਕੋਲ ਐਸਾ ਜਨੇਊ ਹੈ ਜੋ ਦਇਆ ਦੀ ਕਪਾਹ, ਸੰਤੋਖ ਦੇ ਸੂਤ (ਧਾਗੇ), ਜਤ ਦੀ ਗੰਢ ਅਤੇ ਸਚਾਈ ਦੇ ਵੱਟ ਨਾਲ ਤਿਆਰ ਕੀਤਾ ਗਿਆ ਹੋਵੇ? ਜੇ ਹੈ ਤਾਂ ਤੂੰ ਏਸੇ ਕਿਸਮ ਦਾ ਜਨੇਊ ਪਾ ਕੇ ਰੱਖਿਆ ਕਰ ਭਾਵ ਸੂਤ ਦਾ ਜਨੇਊ ਪਹਿਨਣ ਦਾ ਕਰਮ-ਕਾਂਡ ਕਰਨ ਨਾਲੋਂ ਚੰਗਾ ਹੈ ਕਿ ਤੂੰ ਮਨੁੱਖੀ ਮਨ ਦੇ ਚੰਗੇ ਗੁਣਾਂ ਦਾ ਧਾਰਨੀ ਬਣੇਂ। ਧਾਗੇ ਦਾ ਬਣਿਆਂ ਹੋਇਆ ਜਨੇਊ ਟੁੱਟ ਜਾਂਦਾ ਹੈ, ਇਹ ਮੈਲਾ ਹੋ ਸਕਦਾ ਹੈ, ਇਹ ਸੜ ਸਕਦਾ ਹੈ ਅਤੇ ਇਹ ਚੋਰੀ ਜਾਂ ਗੁੰਮ ਹੋ ਸਕਦਾ ਹੈ ਪਰੰਤੂ ਮਨੁੱਖ ਦੇ ਚੰਗੇ ਗੁਣ ਸਦਾ ਕਾਇਮ ਰਹਿੰਦੇ ਹਨ। ਉਹ ਵਿਅਕਤੀ ਧੰਨ ਹਨ ਜੋ ਗਲਾਂ ਵਿਚ ਜਨੇਊ ਪਹਿਨਣ ਦਾ ਕਰਮ-ਕਾਂਡ ਨਹੀਂ ਕਰਦੇ ਪਰੰਤੂ ਚੰਗੇ ਗੁਣਾਂ ਦੇ ਧਾਰਨੀ ਹੋ ਕੇ ਜੀਵਨ ਬਤੀਤ ਕਰਦੇ ਹਨ। ਪੰਡਿਤ ਧਾਗਾ ਖਰੀਦ ਕੇ ਜਨੇਊ ਬਣਾਉਂਦਾ ਹੈ ਅਤੇ ਚਉਂਕੇ ਵਿਚ ਬਹਿ ਕੇ ਆਪਣੇ ਗਲ ਵਿਚ ਪਹਿਨ ਲੈਂਦਾ ਹੈ ਜਿਸ ਉਪਰੰਤ ਉਹ ਗੁਰੂ ਬਣ ਕੇ ਹੋਰਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਨ ਲਗ ਪੈਂਦਾ ਹੈ। ਪਰੰਤੂ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਪੰਜ ਤੱਤਾਂ ਵਿਚ ਲੀਨ ਹੋਈ ਦੇਹ ਨੂੰ ਕਿਸੇ ਜਨੇਊ ਦੀ ਲੋੜ ਨਹੀਂ ਰਹਿੰਦੀ।

ਮਃ 1॥
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥
ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ॥
ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ॥ 2॥

ਵਿਆਖਿਆ

ਸੂਤ ਦਾ ਜਨੇਊ ਪਹਿਨਣ ਵਾਲਾ ਵਿਅਕਤੀ ਵੀ ਕਈ ਤਰ੍ਹਾਂ ਦੇ ਜੁਰਮ ਅਤੇ ਬਦਇਖਲਾਕੀ ਦੇ ਕਰਮ ਕਰਦਾ ਹੈ, ਝੂਠ ਬੋਲਦਾ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਅਕਸਰ ਵੇਖਿਆ ਜਾਂਦਾ ਹੈ, ਦਿਨ ਰਾਤ ਠੱਗੀਆਂ ਮਾਰਦਾ ਹੈ ਅਤੇ ਆਪਣੇ ਹੀ ਲੋਕਾਂ ਵਿਰੁਧ ਸਾਜ਼ਿਸ਼ਾਂ ਘੜਦਾ ਹੈ। ਕਪਾਹ ਤੋਂ ਬਣਾਏ ਹੋਏ ਜਨੇਊ ਨੂੰ ਪੰਡਿਤ ਵੱਟ ਦੇ ਕੇ ਤਿਆਰ ਕਰਦਾ ਹੈ। ਉਹ ਚੋਰੀ ਛੁਪੇ ਬਕਰਾ ਵੱਢ ਕੇ ਉਸਦਾ ਮਾਸ ਖਾ ਜਾਂਦਾ ਹੈ ਪਰੰਤੂ ਲੋਕਾਂ ਦੇ ਸਾਹਮਣੇ ਪਾਏ ਹੋਏ ਜਨੇਊ ਦੇ ਪਖੰਡ ਰਾਹੀਂ ਆਪਣੇ-ਆਪ ਬਾਰੇ ਭਲਾ ਪੁਰਸ਼ ਹੋਣ ਦਾ ਭੁਲੇਖਾ ਪਾਉਣ ਵਿਚ ਸਫਲ ਹੋ ਜਾਂਦਾ ਹੈ। ਜੇਕਰ ਪਹਿਲਾ ਜਨੇਊ ਪੁਰਾਣਾ ਹੋ ਜਾਵੇ ਤਾਂ ਉਸ ਨੂੰ ਸੁਟ ਕੇ ਉਸਨੂੰ ਨਵਾਂ ਜਨੇਊ ਪਾਉਣਾ ਪੈਂਦਾ ਹੈ। ਪਰੰਤੂ ਮਨੁੱਖੀ ਗੁਣਾਂ ਤੋਂ ਬਣੇ ਜਨੇਊ ਵਿਚ ਅਜਿਹੀ ਪਕਿਆਈ ਹੁੰਦੀ ਹੈ ਕਿ ਇਹ ਕਦੀ ਵੀ ਨਹੀਂ ਟੁੱਟਦਾ।

ਮਃ 1॥
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ॥
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ॥ 3॥

ਵਿਆਖਿਆ

ਮਨੁੱਖ ਦੇ ਸਨਮਾਨ ਵਿਚ ਵਾਧਾ ਬ੍ਰਹਮੰਡੀ ਕਰਤਾਰ ਨਾਲ ਇਕ-ਮਿਕ ਹੋਣ ਦੇ ਅਹਿਸਾਸ ਦੀ ਪਰਾਪਤੀ ਨਾਲ ਹੁੰਦਾ ਹੈ ਅਤੇ ਉਸ ਕਰਤਾਰ ਦੀ ਵਡਿਆਈ ਹੀ ਜੀਵਨ ਦੀ ਅਸਲੀ ਅਤੇ ਇੱਕੋ ਇਕ ਰਹੁਰੀਤ ਬਣ ਸਕਦੀ ਹੈ ਨਾ ਕਿ ਕਿਸੇ ਕਿਸਮ ਦਾ ਕਰਮ-ਕਾਂਡ। ਚੰਗੇ ਗੁਣਾਂ ਦਾ ਧਾਰਨੀ ਬਣ ਕੇ ਹੀ ਮਨੁੱਖ ਪਰਮ ਅਨੰਦ ਦੀ ਪਰਾਪਤੀ ਕਰ ਸਕਦਾ ਹੈ। ਅਜਿਹੇ ਗੁਣ ਮਨੁੱਖ ਦੇ ਨਾਲ ਨਿਭਦੇ ਹਨ ਅਤੇ ਇਹ ਗੁਣਦਾ ਸੂਤ ਦੇ ਧਾਗੇ ਵਾਂਗ ਟੁੱਟਦੇ ਨਹੀਂ ਅਤੇ ਨਾ ਹੀ ਨਸ਼ਟ ਹੁੰਦੇ ਹਨ।

ਮਃ 1॥
ਤਗੁ ਨ ਇੰਦ੍ਰੀ ਤਗੁ ਨ ਨਾਰੀ॥
ਭਲਕੇ ਥੁਕ ਪਵੈ ਨਿਤ ਦਾੜੀ॥
ਤਗੁ ਨ ਪੈਰੀ ਤਗੁ ਨ ਹਥੀ॥
ਤਗੁ ਨ ਜਿਹਵਾ ਤਗੁ ਨ ਅਖੀ॥
ਵੇਤਗਾ ਆਪੇ ਵਤੈ॥
ਵਟਿ ਧਾਗੇ ਅਵਰਾ ਘਤੈ॥
ਲੈ ਭਾੜਿ ਕਰੇ ਵੀਆਹੁ॥
ਕਢਿ ਕਾਗਲੁ ਦਸੇ ਰਾਹੁ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥
ਮਨਿ ਅੰਧਾ ਨਾਉ ਸੁਜਾਣੁ॥ 4॥


ਵਿਆਖਿਆ

ਮਰਦ ਦੇ ਜਣਨ ਅੰਗ ਨੂੰ ਜਨੇਊ ਨਹੀਂ ਪਹਿਨਾਇਆ ਜਾਂਦਾ ਅਤੇ ਨਾ ਹੀ ਨਾਰੀ ਨੂੰ ਜਨੇਊ ਪਹਿਨਣ ਦਾ ਹੱਕ ਹੁੰਦਾ ਹੈ। ਜੇ ਕਰ ਕੋਈ ਪੰਡਿਤ ਕਿਸੇ ਮਰਦ ਦੀ ਇੰਦਰੀ ਉੱਤੇ ਜਨੇਊ ਪਵਾਉਂਦਾ ਹੈ ਜਾਂ ਕਿਸੇ ਅਰਤ ਨੂੰ ਜਨੇਊ ਪਹਿਨਾਉਂਦਾ ਹੈ ਤਾਂ ਉਸ ਪਿੱਛੋਂ ਉਸ ਨੂੰ ਸਮਾਜ ਦੇ ਲੋਕਾਂ ਵੱਲੋਂ ਕੀਤੇ ਗਏ ਭਾਰੀ ਅਪਮਾਨ ਦਾ ਸਾਹਮਣਾ ਕਰਨਾ ਪਵੇਗਾ। ਮਨੁੱਖ ਦੇ ਪੈਰਾਂ, ਹੱਥਾਂ, ਜੀਭ ਅਤੇ ਅੱਖ ਨੂੰ ਕਦੀ ਕੋਈ ਜਨੇਊ ਨਹੀਂ ਪਹਿਨਾਇਆ ਜਾਂਦਾ। ਆਪ ਪਹਿਨਣ ਅਤੇ ਹੋਰਨਾਂ ਨੂੰ ਜਨੇਊ ਪਹਿਨਾਉਣ ਵਾਲੇ ਪੰਡਿਤ ਦਾ ਸਰੀਰ ਮੌਤ ਪਿੱਛੋਂ ਪੰਜ ਤੱਤਾਂ ਵਿਚ ਵਲੀਨ ਹੋ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਹਰੇਕ ਤੱਤ ਜਨੇਊ ਤੋਂ ਬਗੈਰ ਹੀ ਵਿਚਰਦਾ ਹੈ। ਪੰਡਿਤ ਲੋਕਾਂ ਦੇ ਵਿਆਹ ਧਾਰਮਿਕ ਰਸਮ ਰਾਹੀਂ ਕਰਵਾਉਣ ਦੇ ਪੈਸੇ ਵਸੂਲ ਕਰਦਾ ਹੈ ਅਤੇ ਜੰਤਰੀ ਨੂੰ ਸਾਹਮਣੇ ਰੱਖ ਕੇ ਲੋਕਾਂ ਨੂੰ ਜਿਉਣ-ਢੰਗ ਸਮਝਾਉਣ ਦਾ ਢੌਂਗ ਰਚਦਾ ਹੈ। ਇਹ ਸਚਮੁਚ ਹੀ ਇਕ ਵੱਡਾ ਅਡੰਬਰ ਹੈ ਕਿਉਂਕਿ ਜਨੇਊ ਪਹਿਨਣ ਅਤੇ ਪਹਿਨਾਉਣ ਵਾਲੇ ਪੰਡਿਤ ਦਾ ਮਨ ਬੇਈਮਾਨੀਆਂ ਨਾਲ ਅੰਨ੍ਹਾਂ ਹੋ ਚੁੱਕਾ ਹੁੰਦਾ ਹੈ ਪਰੰਤੂ ਉਹ ਸੂਝਵਾਨ ਹੋਣ ਦਾ ਵਿਖਾਵਾ ਕਰਦਾ ਰਹਿੰਦਾ ਹੈ।

ਉੱਪਰ ਪੇਸ਼ ਕੀਤੀ ਗਈ ਚਾਰ ਸਲੋਕਾਂ ਦੀ ਵਿਆਖਿਆ ਦੇ ਸੰਦਰਭ ਵਿਚ ਹੇਠਾਂ ਦਰਸਾਏ ਨੁਕਤਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ:

1. ਉੱਪਰ ਆਏ ਚਾਰਾਂ ਸਲੋਕਾਂ ਵਿਚ ਕਿਧਰੇ ਵੀ ਇਹਨਾਂ ਸਲੋਕਾਂ ਦੇ ਰਚੇਤਾ (ਗੁਰੂ ਨਾਨਕ ਜੀ) ਨੂੰ ਇਹ ਕਹਿੰਦਿਆਂ ਨਹੀਂ ਵਿਖਾਇਆ ਗਿਆ ਕਿ ਪੰਡਿਤ ਵੱਲੋਂ ਉਸ ਨੂੰ ਜਨੇਊ ਪਹਿਨਾਇਆ ਜਾਣ ਲੱਗਾ ਹੈ ਅਤੇ ਉਹ ਜਨੇਊ ਪਹਿਨਣ ਤੋਂ ਇਨਕਾਰ ਕਰਦਾ ਹੈ। ਏਹੋ ਜਿਹੀ ਕਿਆਸਅਰਾਈ ਦਾ ਅਧਾਰ ‘ਘਤ’ ਸ਼ਬਦ ਬਣਾਇਆ ਗਿਆ ਹੈ (ਸਲੋਕ 1 ਸਤਰ 2) ਜੋ ਲਹਿੰਦੀ ਪੰਜਾਬੀ (ਸਿਰਾਇਕੀ) ਦਾ ਸ਼ਬਦ ਹੈ ਅਤੇ ਇਸ ਦਾ ਅਰਥ ‘ਪਾਉਣ’ ਜਾਂ ‘ਪਹਿਨਣ’ ਤੋਂ ਹੈ। ਉਦਾਹਰਨ ਦੇ ਤੌਰ ਤੇ ‘ਪਾਣੀ ਵਿਚ ਹੱਥ ਨਾ ਘਤ’ ਜਾਂ ‘ਸੂਈ ਵਿਚ ਧਾਗਾ ਘਤ’। ਜਨੇਊ ਜਾਂ ਮਾਲਾ ਦੀ ਗੱਲ ਕਰਨੀ ਹੋਵੇ ਤਾ ਦੂਸਰੇ ਦੇ ਗਲ ਵਿਚ ਜਨੇਊ/ਮਾਲਾ ਪਾਉਣ ਲਈ ਵੀ ‘ਘਤ’ ਸ਼ਬਦ ਦਾ ਪਰਯੋਗ ਹੋ ਸਕਦਾ ਹੈ ਅਤੇ ਆਪਣੇ ਗਲ ਵਿਚ ਪਾਉਣ ਲਈ ਵੀ। ਵਿਚਾਰ ਅਧੀਨ ਸਲੋਕ ਵਿਚ ਪੰਡਿਤ ਵੱਲੋਂ ਰਚੇਤਾ (ਗੁਰੂ ਨਾਨਕ ਜੀ) ਦੇ ਗਲ ਵਿਚ ਜਨੇਊ ਪਾਉਣ ਦੀ ਗੱਲ ਨਹੀਂ ਕੀਤੀ ਗਈ ਸਗੋਂ ਰਚੇਤਾ ਪੰਡਿਤ ਨੂੰ ਸੁਝਾ ਦੇ ਰਿਹਾ ਹੈ ਕਿ ਉਹ (ਪੰਡਿਤ) ਆਪ ਅਜਿਹਾ ਜਨੇਊ ਪਹਿਨੇ ਜੋ ਪਹਿਲੀ ਸਤਰ ਵਿਚ ਦਰਸਾਏ ਅਨੁਸਾਰ ਹੋਵੇ। ਸਪਸ਼ਟ ਹੈ ਕਿ ਸਬੰਧਤ ਸਲੋਕ ਦਾ ਸਬੰਧ ਨਾਂ ਤਾਂ ਬਾਲ ਨਾਨਕ ਨੂੰ ਜਨੇਊ ਪਹਿਨਣ ਦੇ ਮੌਕੇ ਨਾਲ ਹੈ ਅਤੇ ਨਾ ਹੀ ਪੰਡਿਤ ਵੱਲੋਂ ਕਿਸੇ ਹੋਰ ਨੂੰ ਜਨੇਊ ਪਹਿਨਾਉਣ ਦੇ ਨਾਲ ਹੈ।

2. ਦੂਸਰਾ ਸ਼ਬਦ ਜੋ ਕੁਝ ਭੁਲੇਖਾ ਪਾ ਸਕਦਾ ਹੈ ਉਹ ਦੂਸਰੇ ਸਲੋਕ ਦੀ ਚੌਥੀ ਸਤਰ ‘ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ॥’ ਵਿਚ ਆਉਂਦਾ ਸਬਦ ‘ਪਾਇ’ ਹੈ। ਆਮ ਕਰਕੇ ਏਥੇ ਵਰਤੇ ਗਏ ਸ਼ਬਦ ‘ਪਾਇ’ ਦਾ ਅਰਥ ‘ਪਾਓ’ ਤੋਂ ਬਣਾ ਲਿਆ ਜਾਂਦਾ ਹੈ ਤਾਂ ਕਿ ‘ਸਭ ਕੋ ਆਖੈ ਪਾਇ’ ਦੇ ਅਰਥ ‘ਸਭ ਨੂੰ ਪਾਉਣ ਲਈ ਆਖਦਾ ਹੈ’ ਬਣ ਸਕਣ। ਪਰੰਤੂ ਏਥੇ ‘ਪਾਇ’ ਸ਼ਬਦ ਦਾ ਅਰਥ ‘ਪਾ ਕੇ’ ਜਾਂ ‘ਪਹਿਨ ਕੇ’ ਤੋਂ ਹੈ ‘ਪਾਓ’ ਤੋ ਨਹੀਂ ਜਿਸ ਨਾਲ ‘ਸਭ ਕੋ ਆਖੈ ਪਾਇ’ ਦੇ ਅਰਥ ਬਣਦੇ ਹਨ ‘ਸਾਰੇ ਲੋਕ ਕੇਵਲ ਉਸ ਦੇ ਪਾਏ ਹੋਏ ਜਨੇਊ ਨੂੰ ਹੀ ਵੇਖਦੇ ਹਨ’ (‘ਕੋ’ ਦਾ ਅਰਥ ‘ਕੋਈ’ ਭਾਵ ‘ਲੋਕਾਂ’ ਤੋਂ ਹੈ ਅਤੇ ‘ਆਖੈ’ ਤੋਂ ਭਾਵ ‘ਆਖਦੇ ਹਨ ਜਾਂ ਭੁਲੇਖਾ ਖਾ ਜਾਂਦੇ ਹਨ ਕਿ ਪੰਡਿਤ ਨੇ ਤਾਂ ਜਨੇਊ ਪਹਿਨਿਆ ਹੋਇਆ ਹੈ ਇਸ ਲਈ ਉਹ ਭਲਾ ਪੁਰਸ਼ ਹੈ’)। ਏਥੇ ਵੀ ਸਪਸ਼ਟ ਹੈ ਕਿ ਸਬੰਧਤ ਸਲੋਕ ਵਿਚ ਪੰਡਿਤ ਵੱਲੋਂ ਪਹਿਨੇ ਹੋਏ ਜਨੇਊ ਦੀ ਗੱਲ ਕੀਤੀ ਗਈ ਹੈ ਨਾ ਕਿ ਉਸ ਵੱਲੋਂ ਕਿਸੇ ਹੋਰ ਨੂੰ ਜਨੇਊ ਪਹਿਨਾਉਣ ਦੀ।

3. ਵਿਚਾਰ-ਅਧੀਨ ਚਾਰਾਂ ਸਲੋਕਾਂ ਵਿਚ ਜਨੇਊ ਦੀ ਰਸਮ ਦੀ ਨਿਰਾਰਥਕਤਾ ਅਤੇ ਪੰਡਿਤ ਦੇ ਢੌਂਗ ਦੀ ਗੱਲ ਕੀਤੀ ਗਈ ਹੈ ਅਤੇ ਇਹਨਾਂ ਵਿੱਚੋਂ ਬਾਲ ਨਾਨਕ ਨੂੰ ਜਨੇਊ ਪਹਿਨਾਉਣ ਦੀ ਰਸਮ ਦਾ ਆਯੋਜਨ ਕਰਨ ਜਾਂ ਬਾਲ ਨਾਨਕ ਵੱਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਨ ਬਾਰੇ ਕੋਈ ਵੀ ਹਵਾਲਾ ਉਪਲਭਦ ਨਹੀਂ ਹੁੰਦਾ। (ਉਂਜ ਕਈ ਜਨਮਸਾਖੀਆਂ ਵਿਚ ਗੁਰੂ ਨਾਨਕ ਜੀ ਨੂੰ ਵਿਆਹ ਦੀ ਰਸਮ ਵੇਲੇ ਜਨੇਊ ਪਹਿਨਦੇ ਹੋਏ ਵੀ ਵਿਖਾ ਦਿੱਤਾ ਗਿਆ ਹੈ।)

4. ਸੁਹਿਰਦ ਖੋਜਕਾਰ ਵਿਦਵਾਨਾਂ ਦੀ ਰਾਇ ਹੈ ਕਿ ਵਿਚਾਰ-ਅਧੀਨ ਸਲੋਕਾਂ ਦੀ ਤਰਕ-ਵਿਧੀ ਅਤੇ ਇਹਨਾਂ ਦੀ ਕਾਵਿਕ ਸ਼ੈਲੀ ਕਿਸੇ ਤਜਰਬਾਕਾਰ ਵਿਅਕਤੀ ਦੀ ਹੀ ਹੋ ਸਕਦੀ ਹੈ ਅਤੇ ਕਿਸੇ ਵੱਲੋਂ ਬਾਲ ਉਮਰ ਵਿਚ ਅਜਿਹਾ ਪ੍ਰਗਟਾਵਾ ਕਰ ਸਕਣਾ ਸੰਭਵ ਪਰਤੀਤ ਨਹੀਂ ਹੁੰਦਾ ਭਾਵੇਂ ਉਹ ਕਿੰਨੀ ਵੀ ਅਦਭੁਤ ਬੁੱਧੀ ਦਾ ਮਾਲਕ
(genius) ਹੋਵੇ । ਜਿਵੇਂ ਕਿ ‘ਜਪੁ’ ਬਾਣੀ ਬਾਰੇ ਕਿਆਸ ਕੀਤਾ ਜਾਂਦਾ ਹੈ, ਨਿਸਚੇ ਹੀ ਵਿਚਾਰ-ਅਧੀਨ ਸਲੋਕ ਵੀ ਗੁਰੂ ਨਾਨਕ ਜੀ ਵੱਲੋਂ ਬਹੁਤ ਵਡੇਰੀ ਉਮਰ ਵਿਚ ਜਾ ਕੇ ਰਚੇ ਗਏ ਸਨ। ਇਹ ਸਥਿਤੀ ਵਿਚਾਰ-ਅਧੀਨ ਸਲੋਕਾਂ ਵਿੱਚੋਂ ਤੀਸਰੇ ਸਲੋਕ ਵਿਚ ਵਰਤੇ ਗਏ ਸ਼ਬਦ ‘ਪੂਤ’ ਤੋਂ ਵੀ ਸਪਸ਼ਟ ਹੋ ਜਾਂਦੀ ਹੈ ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਵਡੇਰੀ ਉਮਰ ਦੇ ਗੁਰੂ ਜੀ ਕਿਸੇ ਅੱਲ੍ਹੜ ਵਿਅਕਤੀ ਨੂੰ ਜਨੇਊ ਬਾਰੇ ਨਸੀਹਤ ਕਰ ਰਹੇ ਹਨ।

5. ਇਕ ਹੋਰ ਤੱਥ ਜੋ ਵਿਚਾਰ-ਅਧੀਨ ਸਲੋਕਾਂ ਵਿਚ ਚੰਗੀ ਤਰ੍ਹਾਂ ਉੱਘੜ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਏਥੇ ਕਪਾਹ ਤੋਂ ਬਣੇ ਜਨੇਊ ਦੀ ਗੱਲ ਹੁੰਦੀ ਹੈ ਅਤੇ ਸਲੋਕਾਂ ਦੇ ਰਚੇਤਾ (ਗੁਰੂ ਨਾਨਕ ਜੀ) ਦੀ ਆਲੋਚਨਾ ਦਾ ਨਿਸ਼ਾਨਾ ਪਾਂਡਾ/ਪੰਡਿੱਤ/ਬ੍ਰਾਹਮਣ ਹੈ। ਇਸ ਸੰਦਰਭ ਵਿਚ ਜੋ ਧਿਆਨ ਦੇਣ ਵਾਲਾ ਨੁਕਤਾ ਹੈ ਉਹ ਇਹ ਹੈ ਕਿ ਜਨੇਊ ਪਹਿਨਣ ਦੀ ਰਸਮ ਹਿੰਦੂ ਮੱਤ ਦੀ ਵਰਣ-ਅਧਾਰਿਤ ਸ਼੍ਰੇਣੀ-ਵੰਡ ਨਾਲ ਵੀ ਜੁੜੀ ਹੋਈ ਹੈ। ਹਿੰਦੂ ਪਰੰਪਰਾ ਅਨੁਸਾਰ ਬ੍ਰਾਹਮਣ ਵਰਗ ਦੇ ਲੋਕ ਕਪਾਹ ਤੋਂ ਬਣਿਆਂ ਹੋਇਆ ਜਨੇਊ ਪਹਿਨਦੇ ਹਨ, ਖੱਤਰੀ ਸ਼੍ਰੇਣੀ ਦੇ ਲੋਕ ਸਣ ਜਾਂ ਮੁੰਜ ਤੋਂ ਬਣਿਆਂ ਹੋਇਆ ਜਨੇਊ ਪਹਿਨਦੇ ਹਨ ਅਤੇ ਵੈਸ਼ ਜਾਤੀ ਦੇ ਲੋਕ ਛੱਤਰੇ (ਭੇਡੂ) ਦੀ ਉੱਨ ਤੋਂ ਬਣਿਆਂ ਹੋਇਆ ਜਨੇਊ ਪਹਿਨਦੇ ਹਨ। ਇਸ ਪਰੰਪਰਾ ਅਨੁਸਾਰ ਸ਼ੂਦਰ ਜਾਤੀ ਦੇ ਲੋਕਾਂ ਨੂੰ ਅਤੇ ਨਾਰੀ ਵਰਗ ਨੂੰ ਜਨੇਊ ਪਹਿਨਣ ਦੀ ਮਨਾਹੀ ਹੈ। ਹੁਣ ਵਿਚਾਰ-ਅਧੀਨ ਚਾਰ ਸਲੋਕਾਂ ਵਿਚ ਕੇਵਲ ਕਪਾਹ ਤੋਂ ਬਣੇ ਜਨੇਊ ਦੀ ਗੱਲ ਕੀਤੀ ਗਈ ਹੈ ਅਤੇ ਸਣ/ਮੁੰਜ ਜਾਂ ਛੱਤਰੇ ਦੀ ਉੱਨ ਤੋਂ ਬਣੇ ਜਨੇਊ ਦੀ ਗੱਲ ਨਹੀਂ ਕੀਤੀ ਗਈ। ਸਪਸ਼ਟ ਹੈ ਕਿ ਜੇਕਰ ਏਥੇ ਬਾਲ ਨਾਨਕ ਨੂੰ ਪਹਿਨਾਏ ਜਾਣ ਵਾਲੇ ਜਨੇਊ ਦੀ ਗੱਲ ਹੁੰਦੀ ਤਾਂ ਕਪਾਹ ਤੋਂ ਬਣੇ ਜਨੇਊ ਦੀ ਗੱਲ ਨਹੀਂ ਸੀ ਹੋਣੀ ਸਗੋਂ ਸਣ/ਮੁੰਜ ਤੋਂ ਬਣੇ ਜਨੇਊ ਦੀ ਗੱਲ ਹੋਣੀ ਸੀ ਕਿਉਂਕਿ ਉਹ ਖੱਤਰੀ ਵੰਸ਼ ਨਾਲ ਸਬੰਧ ਰੱਖਦੇ ਸਨ।

ਉਪਰੋਕਤ ਤੋਂ ਸਪਸ਼ਟ ਹੈ ਕਿ ਬਾਲ ਨਾਨਕ ਨੂੰ ਜਨੇਊ ਪਹਿਨਾਉਣ ਦੀ ਰਸਮ ਦਾ ਆਯੋਜਨ ਕਰਨ ਅਤੇ ਉਹਨਾਂ ਵੱਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਨ ਵਾਲੀ ਸਾਖੀ ਬਿਲਕੁਲ ਝੂਠੀ ਅਤੇ ਮਨਘੜਤ ਹੈ। ਇਹ ਹੁਣ ਸਿਖ ਭਾਈਚਾਰੇ ਨਾਲ ਸਬੰਧਤ ਜਾਗਰੂਕ ਵਿਦਵਾਨਾਂ ਅਤੇ ਪਰਚਾਰਕਾਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਬਾਕੀ ਅਤਾਰਕਿਕ ਸਾਖੀਆਂ ਦੇ ਨਾਲ-ਨਾਲ ਜਨੇਊ ਵਾਲੀ ਸਾਖੀ ਨੂੰ ਵੀ ਨਕਾਰਨ ਵਿਚ ਆਪਣਾ ਸੁਹਿਰਦ ਯੋਗਦਾਨ ਪਾਉਣ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.