.

ਬਿਨ ਪੇਖੈ ਕਹੁ ਕੈਸੇ ਧਿਆਨ

ਗੁਰਦੁਆਰਿਆਂ ਵਿੱਚ ਧਰਮ ਦੇ ਪ੍ਰਚਾਰਕਾਂ ਵਲੋਂ ਆਮ ਤੌਰ ਤੇ ਪਰਮਾਤਮਾ ਜਾਂ ਗੁਰੂ ਦਾ ਧਿਆਨ ਧਰਨ ਦੀ ਬੜੀ ਤਾਕੀਦ ਕੀਤੀ ਜਾਂਦੀ ਹੈ। ਰਸਮੀ ਅਰਦਾਸ ਵੇਲੇ ਕਾਫੀ ਅਣਡਿੱਠੀਆਂ ਗੱਲਾਂ ਦਾ ਧਿਆਨ ਧਰਕੇ "ਵਾਹਿਗੁਰੂ" ਬੋਲਿਆ ਜਾਂਦਾ ਹੈ। ਠਾਠਾਂ ਟਕਸਾਲਾਂ ਤੇ ਡੇਰਿਆਂ ਦੇ ਅਖੌਤੀ ਸੰਤਾਂ, ਬਾਬਿਆਂ ਨੂੰ ਤਾਂ ਗੁਰੂ ਦੀ ਮੂਰਤ ਦਾ ਧਿਆਨ ਕਰ ਕੇ ਗੁਰਮੰਤ੍ਰ ਦਾ ਰਟਣ ਕਰਨ ਦੀ ਸਿਖਿਆ ਦਿੰਦੇ ਵੀ ਸੁਣਿਆ ਹੈ। ਉਹ ਗੁਰਬਾਣੀ ਦੀ ਇਸ ਪੰਗਤੀ ਨੂੰ ਅਧਾਰ ਬਣਾਉਂਦੇ ਹਨ: ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ 864 ਪਰ ਉਹ ਦੂਸਰੀ ਪੰਗਤੀ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਦਾ ਕਦੇ ਜ਼ਿਕਰ ਨਹੀ ਕਰਦੇ। ਇਹ ਕਦੇ ਨਹੀ ਦਸਦੇ ਕਿ ਗੁਰਬਾਣੀ ਅਨੁਸਾਰ ਗੁਰ ਮੂਰਤ ਦੇ ਅਰਥ ਗੁਰੂ ਦਾ ਸ਼ਬਦ (ਮੰਤ੍ਰ, ਗਿਆਨ) ਹੀ ਹਨ ਜਿਸ ਵਲ ਧਿਆਨ ਦੇਣਾ ਹੈ। ਗੁਰੂ ਦੀ ਮੂਰਤ ਦਾ ਮਨ ਵਿੱਚ ਧਿਆਨ ਕਰਨ ਦਾ ਮਤਲਬ ਗੁਰੂ ਦੀ ਸਿਖਿਆ, ਗਿਆਨ (ਗੁਰਬਾਣੀ) ਨੂੰ ਧਿਆਨ ਵਿੱਚ ਰਖਣਾ ਤੇ ਮੰਨਣਾਂ ਹੈ। ਸਿੱਖ ਧਰਮ ਦੇ ਪ੍ਰਸਿੱਧ ਪ੍ਰਚਾਰਕਾਂ ਨੂੰ "ਵਾਗਿੁਰੂ" ਸ਼ਬਦ ਦੀ ਧੁਨ (ਆਵਾਜ਼) ਵਿੱਚ ਧਿਆਨ ਲਾਉਣਾ ਪ੍ਰਚਾਰਦੇ ਯੂ ਟਿਊਬ ਤੇ ਸੁਣਿਆ ਤੇ ਵੇਖਿਆ ਵੀ ਜਾ ਸਕਦਾ ਹੈ। ਜਿਸ ਸ਼ਬਦ ਦੀ ਉਹ ਟੇਕ ਲੈਂਦੇ ਹਨ ਉਹ ਹੈ: ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥ 878

ਉਹਨਾ ਦਾ ਮੰਨਣਾ ਹੈ ਕਿ ਮੁੱਖ ਤੋਂ ਵਾਹਿਗੁਰੂ ਉਚਾਰਨਾ ਹੈ ਤੇ ਧਿਆਨ ਨੂੰ ਧੁਨ (ਆਵਾਜ਼) ਵਿੱਚ ਲਾਉਣਾ ਹੈ ਕਿਉਂਕਿ ਇਹ ਆਵਾਜ਼ ਸੁੱਤੀ ਪਈ ਕੁੰਡਲਨੀ ਨੂੰ ਚੋਟ ਕਰਕੇ ਜਗਾ ਦਿੰਦੀ ਹੈ ਜੋ ਵੱਖ ਵੱਖ ਚੱਕਰਾਂ ਵਿਚੋਂ ਹੁੰਦੀ ਹੋਈ ਮਸਤਕ ਤਕ ਜਾ ਪਹੁੰਚਦੀ ਹੈ --- ਅਨੇਕਾਂ ਸ਼ਰਧਾਲੂ ਨਿਤਨੇਮ ਨਾਲ "ਵਾਹਿਗੁਰੂ" ਸ਼ਬਦ ਦੀ ਧੁਨ (ਆਵਾਜ਼) ਵਿੱਚ ਧਿਆਨ ਲਗਾਉਂਦੇ ਹਨ ਜਿਸ ਨੂੰ ਉਹ ਸਿਮਰਨ ਦਾ ਨਾਮ ਵੀ ਦਿੰਦੇ ਹਨ ਪਰ ਇਹ ਗੁਰਮਤ ਅਨੁਕੂਲ ਨਹੀ। ਪ੍ਰੋ: ਸਾਹਿਬ ਸਿੰਘ ਜੀ ਧੁਨ ਦੇ ਅਰਥ ਸਿਫਤ ਸਾਲਾਹ ਦਾ ਸ਼ਬਦ ਕਰਦੇ ਹਨ: ਪਰਮਾਤਮਾ ਦੀ ਅਚਰਜ ਖੇਡ ਹੈ ਕਿ ਮਨੁੱਖ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ, ਕੁਦਰਤ ਦੀ ਕਹਾਣੀ ਬਿਆਨ ਨਹੀ ਹੋ ਸਕਦੀ। ਜਿਹੜਾ ਮਨੁੱਖ ਪ੍ਰਭੂ ਸਿਫਤ ਸਾਲਾਹ ਦੀ ਬਾਣੀ (ਗੁਰਬਾਣੀ) ਵਿੱਚ ਆਪਣੀ ਸੁਰਤ (ਧਿਆਨ) ਜੋੜਦਾ ਹੈ, ਭਾਵ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਦਾ ਤੇ ਉਸ ਅਨੁਸਾਰ ਆਪਣਾ ਜੀਵਨ ਢਾਲਦਾ ਹੈ, (ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥100) ਉਹ (ਗੁਰਮੁਖ) ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ, ਉਹ ਅਕੱਥ ਕਹਾਣੀ ਨੂੰ ਜਾਣ (ਵੇਖ) ਲੈਂਦਾ ਹੈ। ਸਤਿਗੁਰ (ਸੱਚੇ ਗਿਆਨ) ਵਿੱਚ ਧਿਆਨ ਬਿਨਾ ਪ੍ਰਭੂ ਨਾਲ ਸਾਂਝ ਨਹੀ ਪੈ ਸਕਦੀ ਤੇ ਇਕੱਲੇ "ਵਾਹਿਗੁਰੂ" ਸ਼ਬਦ ਦੇ ਰਟਣ ਤੇ ਆਵਾਜ਼ ਵਿੱਚ ਧਿਆਨ ਲਾਉਣ ਨਾਲ ਨਾ ਕਿਸੇ ਨੂੰ ਗਿਆਨ ਪ੍ਰਾਪਤ ਹੋਇਆ ਹੈ ਤੇ ਨਾ ਹੋ ਸਕਦਾ ਹੈ। ਗਿਆਨ ਬਿਨਾ ਪ੍ਰਭੂ ਨਾਲ ਕਿਸੇ ਦੀ ਸਾਂਝ ਨਹੀ ਪਈ ਤੇ ਗੁਰਬਾਣੀ ਗਿਆਨ ਦਾ ਸੋਮਾ ਹੈ ਜਿਸ ਨੂੰ ਧਿਆਨ ਨਾਲ ਵੀਚਾਰਨਾ ਤੇ ਅਮਲਾਉਣਾ ਹੈ। ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ 1069 ਸਤਿਗੁਰ (ਸਚੇ ਗਿਆਨ) ਨੂੰ ਹੀ ਅਪਨਾਉਣਾ ਹੈ ਕਿਉਂਕਿ ਇਹੀ ਗੁਰੂ ਦੀ ਸੇਵਾ ਹੈ। ਕਿਤੇ ਪੜ੍ਹਨ ਵਿੱਚ ਨਹੀ ਆਇਆ ਕਿ ਗੁਰੂ ਸਾਹਿਬਾਨ ਕਿਸੇ ਇੱਕ ਸ਼ਬਦ ਦਾ ਧਿਆਨ ਧਰਕੇ ਉਸ ਦਾ ਰਟਣ ਕਰਿਆ ਕਰਦੇ ਸਨ। ਇਸੇ ਤਰਾਂ ਹੋਰ ਧਰਮਾਂ ਵਾਲਿਆਂ ਨੂੰ ਵੀ ਆਪਣੇ ਇਸ਼ਟ ਦੀ ਮੂਰਤੀ ਨੂੰ ਅਗੇ ਰੱਖ ਕੇ ਕਿਸੇ ਮੰਤ੍ਰ ਦਾ ਧਿਆਨ ਧਰਦੇ ਵੇਖਿਆ ਜਾ ਸਕਦਾ ਹੈ। ਪਰ ਗੁਰਬਾਣੀ ਦਾ ਕਥਨ ਹੈ ਕਿ: ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥ 1140 ਜਿਵੇਂ ਗੁਰੂ (ਗਿਆਨ ਉਪਦੇਸ਼) ਬਿਨਾ (ਜੀਵਨ ਦੀ) ਸੂਝ ਨਹੀ ਹੋ ਸਕਦੀ ਤਿਵੇਂ ਕਿਸੇ ਵਸਤੂ ਨੂੰ ਵੇਖੇ ਬਿਨਾ ਉਸ ਦਾ ਧਿਆਨ ਵੀ ਨਹੀ ਧਰਿਆ ਜਾ ਸਕਦਾ। ਅਦਿਸਟੁ ਦਿਸੈ ਤਾ ਕਹਿਆ ਜਾਇ ॥ ਬਿਨੁ ਦੇਖੇ ਕਹਣਾ ਬਿਰਥਾ ਜਾਇ ॥ 222

ਜੇ ਪਰਮਾਤਮਾ ਦਿਸਦਾ ਹੋਵੇ ਤਾਂ ਉਸ ਬਾਰੇ ਕੁਛ ਕਹਿਆ ਜਾ ਸਕਦਾ ਹੈ ਪਰ ਜਿਸ (ਨਿਰੰਕਾਰ ਜਾਂ ਗੁਰੂ) ਨੂੰ (ਇਹਨਾਂ ਸਰੀਰਕ ਅੱਖਾਂ ਨਾਲ) ਕਦੇ ਵੇਖਿਆ ਹੀ ਨਹੀ ਤਾਂ ਉਸ ਦਾ ਧਿਆਨ ਕਿਵੇਂ ਹੋਵੇ? ਵੇਖੇ ਬਿਨਾ ਉਸ ਬਾਰੇ ਕਹਿਣਾਂ ਵਿਅਰਥ ਹੀ ਹੋਵੇਗਾ। ਆਮ ਤੌਰ ਤੇ ਮਨੁੱਖ ਦੀ ਖਿੱਚ ਜਾਂ ਤਾਂਘ ਦਿਸਦੇ ਪਦਾਰਥਾਂ ਦੀ ਹੀ ਹੁੰਦੀ ਹੈ ਇਸ ਲਈ ਅੱਖੀਂ ਵੇਖੇ ਬਿਨਾ ਕਿਸੇ ਅਦ੍ਰਿਸ਼ਟ ਦਾ ਧਿਆਨ ਜਾਂ ਖਿੱਚ ਕਿਵੇਂ ਪੈਦਾ ਹੋਵੇ? ਕਈਆਂ ਦਾ ਇਹ ਦ੍ਹਾਵਾ ਹੈ ਕਿ ਉਹਨਾਂ ਨੂੰ ਗੁਰੂ ਨਾਨਕ ਦੇ ਪ੍ਰਤਖ (ਸਰੀਰਕ) ਦਰਸ਼ਨ ਹੁੰਦੇ ਹਨ ਤੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਵੀ ਛਕਾਇਆ ਜਾਂਦਾ ਹੈ, ਕਈਆਂ ਨੂੰ ਹੇਮਕੁੰਟ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦੀਦਾਰ ਹੋਏ ਪੜ੍ਹੇ ਸੁਣੇ ਹਨ, ਕਈ ਸ਼ਹੀਦਾਂ ਨਾਲ ਹੋਈ ਸਰੀਰਕ ਭੇਂਟ ਤੇ ਗੁਫਤਗੂ ਦਾ ਦ੍ਹਾਵਾ ਕਰਦੇ ਹਨ ਪਰ ਇਹ ਸਭ ਮਨ-ਘੜਤ ਗਾਥਾਵਾਂ ਮਨ ਦੀ ਕਲਪਣਾ ਤਾਂ ਕਹੀ ਜਾ ਸਕਦੀ ਹੈ, ਹਕੀਕਤ ਨਹੀ ਕਿਉਂਕਿ ਗੁਰਬਾਣੀ ਫੁਰਮਾਨ ਹੈ: ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ 1366 ਜਿਵੇਂ ਜੰਗਲ ਦੇ ਦਰਖਤਾਂ ਤੋਂ ਟੁੱਟ ਕੇ ਡਿੱਗੇ ਫਲ ਮੁੜ (ਉਹੀ) ਡ੍ਹਾਲ ਨਾਲ ਨਹੀ ਲਗਦੇ, ਸਦਾ ਨਵੇਂ ਆਉਂਦੇ ਹਨ, ਜਿਵੇਂ ਸਾਗਰ ਵਿੱਚੋਂ ਉਠੀ ਲਹਿਰ (ਉਹੀ) ਦੁਬਾਰਾ ਨਹੀ ਉਠਦੀ, ਸਦਾ ਨਵੀਂ ਹੁੰਦੀ ਹੈ, ਜਿਵੇਂ ਜ਼ਿੰਦਗੀ ਦਾ ਲੰਘਿਆ ਸਮਾ ਮੁੜ (ਉਹੀ) ਨਹੀ ਪਰਤਦਾ, ਸਦਾ ਨਵਾਂ ਹੁੰਦਾ ਹੈ, ਤਿਵੇਂ ਇੱਕ ਵਾਰੀ ਸੰਸਾਰ ਚੋਂ ਗਿਆ ਮਨੁੱਖ (ਉਹੀ) ਪਲਟ ਕੇ ਨਹੀ ਆਉਂਦਾ, ਇਹ ਦੁਲੰਭੁ ਜਨਮ ਬਾਰ ਬਾਰ ਨਹੀ ਆਉਂਦਾ, ਸਦਾ ਨਵਾਂ ਮਨੁੱਖ ਆਉਂਦਾ ਹੈ। ਸੋ, ਗੁਰਮਤ ਅਨੁਸਾਰ ਵਿਛੜੇ (ਵਫਾਤ ਪਾ ਚੁਕੇ) ਜੀਵ ਦਾ ਪਲਟ ਆਉਣਾ ਸੰਭਵ ਨਹੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਪੈਰਾਥਾਈਰੋਕਸੀਨ (parathyroxine), ਜੋ ਪੈਰਾਥਾਈਰੋਇਡ (parathyroid) ਗਲੈਂਡ ਵਿੱਚ ਹੁੰਦਾ ਹੈ, ਦੀ ਕਮੀ ਕਾਰਨ ਮਨੁਖੀ ਮਨ ਵਿੱਚ ਭਰਮ ਪੈਦਾ ਹੋ ਜਾਂਦੇ ਹਨ ਤੇ ਉਹੀ ਦਿਸਦਾ ਹੈ ਜਿਸ ਦੀ ਮਨ ਵਿੱਚ ਕਲਪਣਾ ਹੋਵੇ (hallucination)। ਇਹ ਇੱਕ ਸਰੀਰਕ ਰੋਗ ਹੈ ਜਿਸ ਦਾ ਇਲਾਜ ਵੀ ਸੰਭਵ ਹੈ ਪਰ ਮਨੁੱਖ ਆਪਣੀ ਪ੍ਰਭਤਾ ਲਈ ਇਸ ਨੂੰ ਇੱਕ ਰੁਹਾਨੀ ਵਡਿਆਈ ਜਾਂ ਪ੍ਰਸੰਸਾ ਸਮਝ ਬੈਠਾ ਹੈ।

ਅਦ੍ਰਿਸ਼ਟ ਹਰੀ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ, ਇਹ ਸਵਾਲ ਗੁਰਬਾਣੀ ਵਿੱਚ ਵੀ ਆਇਆ ਹੈ: ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥ ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥ ਨਿਰੰਕਾਰੁ ਨਿਰੰਜਨੁ ਹਰਿ ਅਗਮੁ ਕਿਆ ਕਹਿ ਗੁਣ ਗਾਈਐ ॥ 644 ਉਹ ਅਗਮ ਪੁਰਖ (ਜੋ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ) ਕਿਵੇਂ ਮਿਲੇ? ਜਿਸ ਹਰੀ ਦੀ ਕੋਈ ਰੂਪ ਰੇਖਾ ਨਹੀ, ਅਦ੍ਰਿਸ਼ਟ ਹੈ (ਵੇਖਿਆ ਨਹੀ ਜਾ ਸਕਦਾ) ਉਸ ਨੂੰ ਧਿਆਨ ਵਿੱਚ ਕਿਵੇਂ ਲਿਆਇਆ ਜਾਵੇ? ਹਰੀ, ਜੋ ਮਾਇਆ ਤੋਂ ਰਹਿਤ ਹੈ, ਉਸ ਦੇ ਗੁਣ ਕਿਵੇਂ ਗਾਈਏ? ਉਤਰ ਵਿੱਚ ਗੁਰਬਾਣੀ ਫੁਰਮਾਨ ਹੈ: ਜਿਸੁ ਆਪਿ ਬੁਝਾਏ ਆਪਿ ਸੁ ਹਰਿ ਮਾਰਗਿ ਪਾਈਐ ॥ ਗੁਰਿ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ॥ 644 ਇਸ ਦਾ ਇਹ ਮਤਲਬ ਨਹੀ ਕਿ ਉਹ ਹਰੀ ਪੱਖਪਾਤੀ ਹੈ ਕਿ ਕਿਸੇ ਨੂੰ ਆਪਣਾ ਆਪ ਬੁਝਾਅ (ਜਣਾ) ਦਿੰਦਾ ਹੈ ਤੇ ਕਿਸੇ ਨੂੰ ਨਹੀ? ਬੁੱਝਣ ਵਾਲੇ ਨੂੰ ਹੀ ਉਹ ਬੁਝਾਉਂਦਾ ਹੈ, ਉਸ ਨੇ ਤਾਂ ਵਿਖਾ (ਸਮਝਾ) ਦਿੱਤਾ ਕਿ ਜੋ ਉਸ ਦੀ ਸੇਵਾ (ਗੁਰ ਕੀ ਸੇਵਾ ਸਬਦੁ ਵੀਚਾਰੁ ॥223) ਵਿੱਚ ਲਗੇਗਾ, ਬੁੱਝਣ (ਜਾਨਣ) ਦੀ ਘਾਲ ਘਾਲੇਗਾ, ਕੋਸ਼ਿਸ਼ ਜਾਂ ਉਦਮ ਕਰੇਗਾ, ਉਹੀ ਉਸ ਨੂੰ ਬੁੱਝ (ਜਾਣ) ਸਕੇਗਾ, ਓਸੇ ਨੂੰ ਹੀ (ਆਪੇ) ਸੱਚ ਦੇ ਮਾਰਗ ਪਾਏਗਾ। ਜੋ ਉਸ ਦੇ ਦਰ ਦਾ ਕੁੰਡਾ ਖੜਕਾਏਗਾ ਓਸੇ ਲਈ ਹੀ ਦਰ ਖੁਲੇਗਾ, ਸੋ ਉਸ ਦੀ ਕਿਰਪਾ, ਮਿਹਰ ਜਾਂ ਨਿਗਾਹ ਮਨੁੱਖ ਦੀ ਆਪਣੀ ਘਾਲ ਜਾਂ ਕੋਸ਼ਿਸ਼ ਤੇ ਹੀ ਨਿਰਭਰ ਹੈ। ਅੰਗ੍ਰੇਜ਼ੀ ਦੀ ਇੱਕ ਬੜੀ ਪ੍ਰਸਿੱਧ ਕਹਾਵਤ ਹੈ ਕਿ God helps those, who help themselves , ਪਰਮਾਤਮਾ ਉਹਨਾਂ ਦੀ ਮੱਦਤ ਕਰਦਾ ਹੈ ਜੋ ਆਪਣੀ ਮੱਦਤ ਆਪ ਕਰਦੇ ਹਨ। ਮੱਦਤ ਦੇ ਪਾਤਰ ਬਣਨ ਨਾਲ, ਹਿੰਮਤ ਕਰਨ ਨਾਲ, ਹੀਲਾ ਕਰਨ ਨਾਲ ਹੀ ਸਫਲਤਾ ਪ੍ਰਾਪਤ ਹੋਵੇਗੀ, ਤੁਰਨ ਨਾਲ ਹੀ ਮੰਜ਼ਿਲ ਤਹਿ ਹੋਵੇਗੀ, ਅਵਘਟ ਘਾਟੀਆਂ ਚੜਨ ਵਾਲੇ ਤੇ ਹੀ ਮਿਹਰ ਦੀ ਬਰਖਾ ਜਾਂ ਕਿਰਪਾ ਹੋਵੇਗੀ, ਵਿਹਲੜ ਤੇ ਨਹੀ। ਧਰਮ ਦੀ ਦੁਨੀਆਂ ਵਿੱਚ ਸਰੀਰਕ ਨੇਤ੍ਰਾਂ ਨਾਲ ਦਿਸਣ ਵਾਲਾ ਕੁੱਝ ਵੀ ਨਹੀ। ਨਾ ਰੱਬ ਦਿਸਦਾ ਹੈ, ਨਾ ਗੁਰੂ (ਗਿਆਨ) ਦਿਸਦਾ ਹੈ, ਨਾ ਆਤਮਾ ਦਿਸਦੀ ਹੈ, ਨਾ ਸ਼ਰਧਾ ਦਿਸਦੀ ਹੈ, ਨਾ ਪਿਆਰ ਦਿਸਦਾ ਨਾ ਸੰਤੋਖ, ਦਇਆ, ਇਤਿ ਆਦਿਕ ਕੁੱਝ ਵੀ ਨਹੀ ਦਿਸਦਾ। ਇਸ ਲਈ ਜਿਵੇਂ ਦੂਰ ਵੇਖਣ ਲਈ ਟੈਲਿਸਕੋਪ (ਦੂਰਬੀਨ) ਤੇ ਬਹੁਤ ਨੇੜਿੳਂ ਵੇਖਣ ਲਈ ਮਾਈਕ੍ਰੋਸਕੋਪ (ਖੁਰਦਬੀਨ) ਹੈ ਤਿਵੇਂ ਦ੍ਰਿਸ਼ਟ (ਸੰਸਾਰ) ਨੂੰ ਵੇਖਣ ਲਈ ਸਰੀਰਕ ਨੇਤ੍ਰ ਤੇ ਅਦ੍ਰਿਸ਼ਟ (ਨਿਰੰਕਾਰ) ਨੂੰ ਵੇਖਣ (ਜਾਨਣ) ਲਈ ਗਿਆਨ ਨੇਤ੍ਰ ਹਨ (ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥ 577) ਪਰ ਇਹ ਦੋਵੇਂ ਨੇਤ੍ਰ ਸਰੀਰਕ ਘਰ ਦੀਆਂ ਬਾਰੀਆਂ ਹੀ ਹਨ ਜਿਨ੍ਹਾਂ ਵਿੱਚੋਂ ਦੇਖਣ ਵਾਲਾ ਮਨ ਹੀ ਹੈ ਤੇ ਮਨ ਦੀ ਇਕਾਗਰਤਾ (concentration) ਹੀ ਧਿਆਨ ਹੈ ਜਿਸ ਦੇ ਬਿਨਾ ਇਹ ਸਰੀਰਕ ਇੰਦਰੇ ਵੀ ਵਿਅਰਥ ਹੋ ਜਾਂਦੇ ਹਨ। ਇਹ ਧਿਆਨ ਕੁਕਰਮਾਂ ਵਲ ਵੀ ਜਾ ਸਕਦਾ ਹੈ ਤੇ ਸ਼ੁਭ ਕਰਮਾਂ ਵਲ ਵੀ ਇਸੇ ਲਈ ਬੁਰੇ ਭਲੇ, ਸ਼ੁੱਭ ਅਸ਼ੁੱਭ ਜਾਂ ਝੂਠ ਸੱਚ ਦੀ ਪਹਿਚਾਣ ਲਈ ਗਿਆਨ (ਬਿਬੇਕ ਬੁੱਧੀ, ਗੁਰੂ) ਦੀ ਲੋੜ ਪੈਂਦੀ ਹੈ। ਅਗਰ ਧਰਮ ਵਿੱਚ ਬਾਹਰੋਂ ਸਰੀਰਕ ਅੱਖਾਂ ਨਾਲ ਵੇਖਣ ਵਾਲਾ ਕੁੱਝ ਵੀ ਨਹੀ ਤਾਂ ਮੌਜੂਦਾ, ਮਨੁੱਖ ਦੇ ਬਣਾਏ, ਦ੍ਰਿਸ਼ਟਮਾਨ ਅਖੌਤੀ ਤੇ ਕਰਮਕਾਂਡੀ ਧਰਮ ਧੋਖਾ ਤਾਂ ਨਹੀ? ਦਿਖਾਵੇ ਦੇ ਅਖੌਤੀ ਧਰਮ ਨੂੰ ਗੁਰਮਤ ਪ੍ਰਵਾਨ ਨਹੀ ਕਰਦੀ, ਕਿਉਂਕਿ ਧਰਮ ਅਦ੍ਰਿਸ਼ਟ ਮਨ ਦੀ ਸਾਧਨਾ ਹੈ, ਗੁਰਬਾਣੀ ਕਥਨ ਹੈ ਕਿ: ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥ 1351 ਜਿਸ ਮਨੁੱਖ ਨੇ ਅਦ੍ਰਿਸ਼ਟ) ਆਤਮਾ ਭਾਵ (ਆਪੇ) ਦੀ ਅਸਲੀਅਤ ਨੂੰ ਨਹੀ ਪਛਾਣਿਆ, (ਆਪਣੇ ਅੰਦਰ ਝਾਤੀ ਨਹੀ ਮਾਰੀ) ਉਸ ਦੇ ਸਭ ਕਰਮ ਧਰਮ ਨਿਰਰਥਕ ਹੀ ਹਨ। ਆਪਣੇ ਅੰਦਰ ਝਾਤੀ ਮਾਰਨ ਦਾ, ਆਤਮ ਤੱਤ ਨੂੰ ਚੀਨਣ ਦਾ ਦਿਖਾਵਾ ਨਹੀ ਹੋ ਸਕਦਾ, ਇਸ ਲਈ ਜਿਸ ਦਾ ਦਿਖਾਵਾ ਹੋ ਸਕਦਾ ਹੈ ਉਹ ਧਰਮ ਨਹੀ ਹੋ ਸਕਦਾ। ਧਿਆਨ ਬਿਨਾ ਗੁਰੂ (ਗਿਆਨ) ਨਾਲ ਸਾਂਝ ਨਹੀ ਪੈ ਸਕਦੀ, ਤੇ ਗੁਰਗਿਆਨ ਦੀ ਸਾਂਝ ਬਿਨਾ ਸੱਚ ਦਾ ਮਾਰਗ (ਧਰਮ) ਨਹੀ ਪਾਇਆ ਜਾ ਸਕਦਾ। ਇਸ ਲਈ ਸੱਚੀ ਸਿਖਿਆ (ਸਤਿਗੁਰ) ਨੂੰ ਧਿਆਨ ਨਾਲ ਜਾਣੇ ਬਿਨਾ ਧਰਮ ਦਾ ਹੋਰ ਸਭ ਦਿਖਾਵਾ ਫੋਕਟ ਹੀ ਹੈ।

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥ 831 ਗੁਰਬਾਣੀ ਸਚ ਦਾ ਹੋਕਾ ਦੇ ਰਹੀ ਹੈ ਕਿ ਮਨ ਵੱਸ ਹੋਏ ਬਿਨਾ ਕੀਤੇ ਸਭ ਕਰਮ ਧਰਮ ਨਿਸਫਲ ਹੀ ਹਨ ਭਾਵ ਦਿਖਾਵੇ ਦਾ ਅਖੌਤੀ ਧਰਮ ਵਿਅਰਥ ਹੈ ਕਿਉਂਕਿ ਧਰਮ ਦਿਖਾਵੇ ਦਾ ਮੁਥਾਜ ਨਹੀ। ਧਰਮ ਅਦ੍ਰਿਸ਼ਟ ਗੁਣਾਂ ਦਾ ਸੰਗ੍ਰਹਿ ਹੈ ਜੋ ਅਦ੍ਰਿਸ਼ਟ ਮਨ ਦੀ ਪਵਿੱਤ੍ਰਤਾ ਨਾਲ ਸੰਬੰਧਿਤ ਹੈ। ਇਸ ਲਈ ਧਰਮ ਸਰੀਰਕ ਨੇਤ੍ਰਾਂ ਦਾ ਵਿਸ਼ਾ ਨਹੀ ਗਿਆਨ ਨੇਤ੍ਰਾਂ ਦਾ ਵਿਸ਼ਾ ਹੈ। ਗੁਰਬਾਣੀ ਕਥਨ ਹੈ ਕਿ: ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥ 87 ਗੁਰਬਾਣੀ ਆਤਮਿਕ ਜੀਵਨ ਦਾ ਚਾਨਣ ਮੁਨਾਰਾ ਹੈ ਜੋ ਮਾਇਆ ਦੇ ਅੰਧੇਰੇ ਨੂੰ ਮਿਟਾ ਦਿੰਦਾ ਹੈ ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਮਿਟਾ ਦਿੰਦਾ ਹੈ ਇਸੇ ਤਰਾਂ ਗਿਆਨ ਮੋਹ ਮਾਇਆ ਦੇ ਹਨੇਰੇ ਨੂੰ ਮਿਟਾ ਕੇ ਅਦਿਸਟ ਅਗੋਚਰ ਤੇ ਅਲੱਖ ਨਿਰੰਜਨ ਨੂੰ ਪ੍ਰਗਟ ਕਰ ਦਿੰਦਾ ਹੈ। ਕਿਸੇ ਨੇ ਵੀ ਰੱਬ ਨੂੰ, ਗੁਣਾਂ ਨੂੰ, ਮਨ ਨੂੰ ਜਾਂ ਗਿਆਨ ਆਦਿਕ ਨੂੰ ਸਰੀਰਕ ਅੱਖਾਂ ਨਾਲ ਨਹੀ ਵੇਖਿਆ ਪਰ ਗਿਆਨ ਨੇਤ੍ਰ ਇਹਨਾਂ ਨੂੰ ਵੇਖ (ਜਾਣ ਜਾਂ ਅਨਭਵ ਕਰ) ਲੈਂਦੇ ਹਨ। ਇਹਨਾਂ ਅਦ੍ਰਿਸ਼ਟ ਭਾਵਨਾਵਾਂ ਦੀ ਹੋਂਦ ਤੋਂ ਤਾਂ ਮੁਨਕਰ ਨਹੀ ਹੋਇਆ ਜਾ ਸਕਦਾ ਜਿਵੇਂ ਦੁਖਿਆਰੇ ਦਿਲ ਦੀ ਪੀੜ ਨੂੰ ਸਰੀਰਕ ਅੱਖ ਨਹੀ ਵੇਖ ਸਕਦੀ, ਪਰ ਗਿਆਨ ਨੇਤ੍ਰ ਵੇਖ (ਜਾਣ ਜਾਂ ਅਨਭਵ ਕਰ) ਲੈਂਦੇ ਹਨ। ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥ 668 ਅਦ੍ਰਿਸ਼ਟ, ਅਗੋਚਰ ਤੇ ਅਪਰੰਪਰ ਸੁਆਮੀ ਜੋ (ਸਰੀਰਕ ਅੱਖਾਂ ਨਾਲ ਨਹੀ ਵੇਖਿਆ ਜਾ ਸਕਦਾ, ਗਿਆਨ ਨੇਤ੍ਰਾਂ (ਪੂਰੇ ਗੁਰੂ) ਨੇ ਉਸ ਨੂੰ ਵਿਖਾ (ਜਣਾ) ਦਿੱਤਾ, ਪ੍ਰਗਟ ਕਰ ਦਿੱਤਾ, ਅਨਭਵ ਕਰਾ ਦਿੱਤਾ। ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ 448

ਸਭਨਾਂ ਸਰੀਰਾਂ ਵਿੱਚ ਉਸ ਬੇਅੰਤ ਤੇ ਅਦਿਸਟ ਪਾਰਬ੍ਰਹਮ ਪਰਮੇਸਰ, ਜੋ ਸਰੀਰਕ ਨੇਤਰਾਂ ਨਾਲ ਵੇਖਿਆ ਨਹੀ ਜਾ ਸਕਦਾ, ਦਾ ਵਾਸਾ ਹੈ ਪਰ ਗਿਆਨ ਨੇਤ੍ਰਾਂ ਨੇ ਉਸ ਅਲੱਖ ਪ੍ਰਭੂ ਨੂੰ ਲੱਖ (ਜਾਣ) ਲਿਆ। ਇਸ ਲਈ ਹੁਣ ਸਪਸ਼ਟ ਹੈ ਕਿ ਗਿਆਨ ਨੇਤ੍ਰਾਂ ਤੋਂ ਬਿਨਾ ਧਰਮ ਦਾ ਪਾਂਧੀ ਨਹੀ ਹੋਇਆ ਜਾ ਸਕਦਾ, ਧਰਮੀ ਨਹੀ ਹੋਇਆ ਜਾ ਸਕਦਾ, ਤੇ ਗੁਰਬਾਣੀ ਦਾ ਗਿਆਨ ਹੀ ਉਹ ਨੇਤ੍ਰ ਹਨ ਜੋ ਅਦ੍ਰਿਸ਼ਟ ਨੂੰ ਵੇਖ (ਜਾਣ) ਸਕਦੇ ਹਨ। ਸਰੀਰਕ ਨੇਤ੍ਰਹੀਨ ਤਾਂ ਸੰਸਾਰ ਵਿੱਚ ਔਖਾ ਸੌਖਾ ਜੀਅ ਹੀ ਲੈਂਦਾ ਹੈ ਪਰ ਗਿਆਨ ਨੇਤ੍ਰਹੀਨ ਤਾਂ (ਜਿਉਂਦਾ) ਮੁਰਦਾ ਹੀ ਹੈ: ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ 88 ਗਿਆਨਹੀਣ ਮਨੁੱਖ ਇੱਕ ਤੁਰਦੀ ਫਿਰਦੀ ਲਾਸ਼ ਹੀ ਰਹਿ ਜਾਂਦਾ ਹੈ। ਗੁਰਬਾਣੀ ਵਿੱਚ ਅਨੇਕਾਂ ਗੁਰ ਪ੍ਰਮਾਣ ਗੁਰੂ ਜਾਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਤੇ ਅੱਖੀਂ ਵੇਖਣ ਪ੍ਰਥਾਇ ਆਉਂਦੇ ਹਨ ਜੋ ਕੇਵਲ ਗਿਆਨ ਨੇਤ੍ਰਾਂ ਨਾਲ ਹੀ ਸੰਭਵ ਹੈ। ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥ ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥ 1099 ਕੁਰਾਹੇ ਪਿਆ ਮਨੁੱਖ ਉਹੀ ਸਹੀ ਰਸਤੇ ਤੇ ਆ ਸਕਦਾ ਹੈ ਜੋ (ਗੁਰੂ ਦੁਆਰਾ) ਹਿੰਮਤ ਕਰਕੇ ਸਹੀ ਰਸਤੇ ਤੇ ਆਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਮਸ਼ੱਕਤਾਂ ਘਾਲੇ ਬਿਨਾ ਮੰਜ਼ਿਲ ਦੀ ਪ੍ਰਾਪਤੀ ਕਿਵੇਂ? ਜਿਨ੍ਹਾਂ ਨੇ ਪ੍ਰਭੂ (ਗੁਰ) ੂ ਨੂੰ ਗਿਆਨ ਦੀਆਂ ਅੱਖਾਂ ਨਾਲ ਵੇਖ (ਜਾਣ) ਲਿਆ ਉਹਨਾਂ ਨੇ ਹੀ ਆਪਣਾ ਜੀਵਨ ਸਵਾਰ ਲਿਆ। ਅਦ੍ਰਿਸ਼ਟ (ਸ਼ਬਦ) ਗੁਰੂ ਨੂੰ ਤਾਂ ਕੇਵਲ ਗਿਆਨ ਨੇਤ੍ਰਾਂ ਨਾਲ ਹੀ ਵੇਖਿਆ (ਜਾਣਿਆ) ਜਾ ਸਕਦਾ ਹੈ ਕਿਉਂਕਿ ਉਹ (ਅਦ੍ਰਿਸ਼ਟ) ਸਰੀਰਕ ਨੇਤ੍ਰਾਂ ਨਾਲ ਵੇਖਣ ਦਾ ਵਿਸ਼ਾ ਹੀ ਨਹੀ। ਮਨੁੱਖ ਕਿਉਂਕਿ ਦਿਖਾਵੇ ਤੋਂ ਹੀ ਪ੍ਰਭਾਵਤ ਹੁੰਦਾ ਹੈ, ਇਸ ਲਈ ਉਸ ਨੇ ਧਰਮ ਨੂੰ ਵੀ ਦਿਖਾਵੇ ਦਾ ਹੀ ਬਣਾ ਲਿਆ। ਅਜੋਕੇ ਧਰਮਾਂ ਦੀਆਂ ਰੀਤਾਂ ਰਸਮਾਂ ਤੇ ਕਰਮਕਾਂਡ ਸਭ ਦਿਖਾਵੇ ਦੇ ਹੀ ਹਨ। ਸੰਸਾਰ ਦੇ ਅਨੇਕਾਂ ਦਿਸਦੇ ਧਰਮਾਂ ਜਾਂ ਮਜ਼੍ਹਬਾਂ ਵਿਚੋਂ ਅਸਲੀਅਤ (ਸਚਾਈ) ਅਲੋਪ ਹੋ ਗਈ ਹੈ ਅਤੇ ਜਿਸ ਧਰਮ ਵਿੱਚੋਂ ਅਸਲੀਅਤ (ਸਚਾਈ) ਪਰ ਲਾ ਕੇ ਉਡ ਜਾਵੇ ਉਹ ਫੋਕਾ, ਰਸਮੀ ਜਾਂ ਅਖੌਤੀ ਧਰਮ ਹੀ ਰਹਿ ਜਾਂਦਾ ਹੈ। ਸਿੱਖ ਧਰਮ ਦੇ ਚੋਟੀ ਦੇ ਵਿਧਵਾਨਾਂ ਤੇ ਅਖੌਤੀ ਸੰਤਾਂ, ਬਾਬਿਆਂ ਦੀਆਂ ਵੀਡੀਓ ਯੂ ਟਿਊਬ ਤੇ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਅਦ੍ਰਿਸ਼ਟ ਰੂਹਾਂ ਨੂੰ (ਸਰੀਰਕ) ਅੱਖੀਂ ਵੇਖਣ ਦਾ ਦ੍ਹਾਵਾ ਕੀਤਾ ਹੈ ਜੋ ਗੁਰਮਤ ਸਿਧਾਤਾਂ ਨਾਲ ਮੇਲ ਨਹੀ ਖਾਂਦਾ। ਇਹ ਕੁਦਰਤ ਦਾ ਅਟੱਲ ਨਿਯਮ ਹੈ ਕਿ ਵਿਛੜੀਆਂ ਰੂਹਾਂ ਮੁੜ ਕਦੇ ਨਹੀ ਪਰਤੀਆਂ, ਇੱਕ ਵਾਰ ਦਰਿਆ ਦਾ ਲੰਘਿਆ ਪਾਣੀ, ਕਮਾਨ ਚੋਂ ਛੁਟਿਆ ਤੀਰ ਜਾਂ ਇੱਕ ਵਾਰ ਇਥੋਂ ਕੂਚ ਕਰਨ ਵਾਲਾ ਮੁੜ ਕਦੇ ਨਹੀ ਪਰਤਿਆ। ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥ 83 ਜਿਵੇਂ ਰਾਤ ਦੇ ਹਨੇਰੇ ਵਿੱਚ ਰੌਸ਼ਨੀ ਕੀਤੇ ਬਿਨਾ ਕੁੱਝ ਨਜ਼ਰ ਨਹੀ ਆਉਂਦਾ ਤਿਵੇਂ ਮੋਹ ਮਾਇਆ ਦੇ ਹਨੇਰੇ ਵਿੱਚ ਗਿਆਨ ਦੀ ਰੌਸ਼ਨੀ ਕੀਤੇ ਬਿਨਾ (ਅਦ੍ਰਿਸ਼ਟ) ਸਾਂਈ ਨਜ਼ਰ ਨਹੀ ਆਉਂਦਾ, ਉਸ ਨਾਲ ਗੰਢ ਤੁਪ ਨਹੀ ਹੁੰਦੀ, ਸਾਂਝ ਨਹੀ ਪੈਂਦੀ, ਪ੍ਰੀਤ ਪੈਦਾ ਨਹੀ ਹੁੰਦੀ। ਜਿਸ ਦੀਆਂ ਅੱਖਾਂ ਅਗੇ ਮੋਹ ਮਾਇਆ ਦਾ ਪੜਦਾ (ਹਨੇਰਾ) ਹੋਵੇ ਉਸ ਨੂੰ ਸਾਈਂ ਕਿਵੇਂ ਦਿਸੇ? ਮੋਹ ਮਾਇਆ ਨਾਲ ਅੰਨ੍ਹਾ ਹੋਇਆ ਮਨੁੱਖ ਕੀ ਕਰੇ? ਜਿਸ ਪ੍ਰਭੂ ਨੇ ਮੋਹ ਮਾਇਆ ਦਾ ਹਨੇਰਾ ਕੀਤਾ ਹੈ, (ਅੱਖਾਂ ਲੀਤੀਆਂ ਹਨ) ਉਸ ਨੇ ਉਸ ਹਨੇਰੇ ਵਿੱਚ ਵੇਖਣ ਵਾਲੀਆਂ ਗਿਆਨ ਪ੍ਰਕਾਸ਼ ਦੀਆਂ ਅੱਖਾਂ ਵੀ ਦਿਤੀਆਂ ਹਨ, ਇਸ ਲਈ ਜਿਵੇਂ ਰਾਤ ਦੇ ਹਨੇਰੇ ਵਿੱਚ ਪ੍ਰਕਾਸ਼ ਕਰਨ ਲਈ ਉਪਰਾਲਾ ਕਰਨਾ ਪੈਂਦਾ ਹੈ ਤਿਵੇਂ ਮੋਹ ਮਾਇਆ ਦੇ ਹਨੇਰੇ ਵਿੱਚ ਵੇਖਣ ਲਈ (ਸਾਂਝ ਪਾਉਣ ਲਈ) ਗਿਆਨ ਦੇ ਪ੍ਰਕਾਸ਼ ਦਾ ਵੀ ਉਪਰਾਲਾ ਕਰਨਾ ਪਵੇਗਾ ਤੇ ਇਹ ਉਪਰਾਲਾ ਮਨੁੱਖ ਤੇ ਨਿਰਭਰ ਹੈ। ਗਿਆਨ ਦਾ ਪ੍ਰਕਾਸ਼ ਦੇਣ ਵਾਲਾ (ਗੁਰੂ) ਕੀ ਕਰ ਸਕਦਾ ਹੈ ਜੇ ਲੈਣ ਵਾਲੇ (ਮਨੁੱਖ) ਵਿੱਚ ਹੀ ਚੂਕ ਹੈ? ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ 1372 ਅੱਖਾਂ ਲੈਣ ਵਾਲੇ ਦੀ ਹੀ ਕਮੀ ਹੈ, ਦੇਣ ਵਾਲੇ ਵਲੋਂ ਕੋਈ ਦੇਰ ਨਹੀ, ਉਹ ਤਾਂ ਸਦਾ ਤਿਆਰ ਹੈ। ਇੱਕ ਕਦਮ ਪੁੱਟਣ ਦੀ ਲੋੜ ਹੈ ਉਹ ਤਾਂ ਅਗੋਂ ਕੋਟ ਪੈਂਡਾ ਚਲ ਆਉਂਦਾ ਹੈ। ਇਹ ਗਲ ਤਾਂ ਕਹਿਣ ਮਾਤਰ ਹੀ ਹੈ, ਅਸਲ ਵਿੱਚ ਹਕੀਕਤ ਤਾਂ ਇਹ ਹੈ ਕਿ ਉਹ ਤਾਂ ਅੰਦਰ ਆਇਆ ਹੀ ਬੈਠਾ ਹੈ, ਕਿਤੇ ਗਿਆ ਹੀ ਨਹੀ, ਸਦਾ ਸੰਗ ਹੈ, ਕੇਵਲ ਗਿਆਨ ਨੇਤ੍ਰਾਂ ਨਾਲ ਵੇਖਣ (ਜਾਨਣ) ਦੀ ਹੀ ਲੋੜ ਹੈ। ਹੈ ਨਿਕਟੇ ਅਰੁ ਭੇਦੁ ਨ ਪਾਇਆ ॥1139

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.