.

ਕਾਸ਼! ਜੇਕਰ ਡਾ. ਅੰਬੇਡਕਰ ਜੀ ਨੇ ਅਤੇ ਇਸ ਦੇ ਨਾਲ ਕਰੋੜਾਂ ਦਲਿਤਾਂ ਨੇ 'ਸਿੱਖ ਧਰਮ' ਅਪਣਾਇਆ ਹੁੰਦਾ, 'ਮੰਨੂਵਾਦੀਆਂ' ਦੇ ਹੌਂਸਲੇ ਢਹਿ ਢੇਰੀ ਹੋ ਜਾਣੇ ਸਨ।


ਡਾਕਟਰ ਭੀਮ ਰਾਓ ਅੰਬੇਡਕਰ ਜੀ,ਉੱਚ ਕੋਟੀ ਦੇ ਸੂਝਵਾਨ ਵਿਦਵਾਨ ਇਨਸਾਨ ਸਨ,ਜਿਹਨਾਂ ਨੂੰ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਨਣ ਦਾ ਰੁਤਬਾ ਮਿਲਿਆ ਅਤੇ ਭਾਰਤ ਦਾ ਸਵਿਧਾਨ ਬਣਾਉਣ ਦਾ ਸਿਹਰਾ ਮਿਲਿਆ, ਫਿਰ 'ਭਾਰਤ ਰਤਨ' ਜਿਹੇ ਉੱਚੇ ਰੁਤਬੇ ਮਿਲਣ ਤੋਂ ਇਲਾਵਾ ਅਖੀਰ ਵਿੱਚ
( CN N IBN ਹਿਸਟਰੀ 18 ਚੈਨਲ ਅਤੇ ਆਊਟਲੁੱਕ ਦੇ ਸਾਂਝੇ ਉੱਦਮ ਦੇ ਸਰਬੇ ਮੁਤਾਬਕ) 'ਦੀ ਗ੍ਰੇਟ ਇੰਡੀਅਨ' ਦਾ ਪਹਿਲਾ ਰੁਤਬਾ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਕੋਲੰਬੀਆ ਦੀ ਯੂਨੀਵਰਸਿਟੀ ਨੇ ਆਪਣੇ 250 ਸੋ ਸਾਲ ਦੇ ਉੱਚ ਦਰਜੇ ਦੇ 100 ਵਿਦਿਆਰਥੀਆਂ ਦੀ ਲਿਸਟ ਵਿੱਚ ਪਹਿਲਾਂ ਸਥਾਨ ਦਿੰਦੇ ਹੋਏ ਇਹਨਾਂ ਦੀ ਤਸਵੀਰ ਅੱਗੇ ਬਾਬਾ ਸਾਹਿਬ ਭੀਮ ਰਾਓ ਨੂੰ ਭਾਰਤ ਦੇ "ਰਾਸਟਰ ਪਿਤਾ" ਲਿਖਕੇ ਸਨਮਾਨ ਕੀਤਾ ਗਿਆ ਅਤੇ ਹੋਰ ਦੁਨੀਆਂ ਭਰ ਦੇ ਉੱਚ ਕੋਟੀ ਦੇ ਲੋਕਾਂ ਨੇ ਡਾ. ਅੰਬੇਡਕਰ ਜੀ ਨੂੰ ਮਹਾਨ ਮੰਨਿਆਂ ਹੈ।ਪਰ ਐਡੇ ਵੱਡੇ ਇਸ ਕਾਬਲ ਇਨਸਾਨ ਨੂੰ (ਅਤੇ ਹੋਰ ਕਰੋੜਾਂ ਕਿਰਤੀ ਲੋਕਾਂ ਨੂੰ) 'ਹਿੰਦੂ ਧਰਮ' ਅੰਦਰ,ਜਾਤ-ਪਾਤ,ਊਚ-ਨੀਚ, ਛੂਆ-ਛਾਤ ਦੇ ਨਾਮ ਤੇ, ਜਨਮ ਤੋਂ ਲੈ ਕੇ ਅਖੀਰ ਤੱਕ ਬ੍ਰਾਹਮਣਵਾਦੀ ਸਿਸਟਮ ਨੇ ਬੜਾ ਹੀ ਜਲੀਲ ਕੀਤਾ। ਇਸ ਤਰਾਂ ਦੇ ਸਿਸਟਮ ਤੋਂ ਤੰਗ ਆਕੇ ਡਾ. ਅੰਬੇਡਕਰ ਜੀ ਨੇ ਆਪਣੇ ਕਰੋੜਾਂ ਲੋਕਾਂ ਸਮੇਤ 'ਹਿੰਦੂ ਧਰਮ' ਬਦਲਣ ਦਾ ਫੈਸਲਾ ਕਰ ਲਿਆ।
ਡਾ. ਅੰਬੇਡਕਾਰ ਦੇ ਨਿੱਜੀ ਸੈਕਟਰੀ ਨਾਨਕ ਚੰਦ 'ਰੱਤੂ' ਜੀ ਬਿਆਨ ਕਰਦੇ ਹਨ ਕਿ "ਜਦੋਂ ਬਾਬਾ ਸਾਹਿਬ ਆਪਣੇ ਲੋਕਾਂ ਦੀ ਹਾਲਤ ਵਾਰੇ ਆਪਣੇ ਵਿਚਾਰ ਬਿਆਨ ਕਰਦਾ ਸੀ, ਤਾਂ ਫੁਟ ਫੁਟ ਕੇ ਰੋਣ ਲੱਗ ਪੈਂਦਾ ਸੀ।" ਇਸ ਸਭ ਨੂੰ ਦੇਖ ਕੇ ਉਸ ਨੇ ਹਿੰਦੂ ਧਰਮ ਨੂੰ ਛੱਡ ਕੇ ਹੋਰ ਨਵਾਂ ਧਰਮ ਨੂੰ ਅਪਨਾਉਣ ਦਾ ਪੱਕਾ ਇਰਾਦਾ ਬਣਾ ਲਿਆ ਸੀ। ਪਹਿਲੀ ਵਾਰ ਉਸ ਨੇ 13 ਅਕਤੂਬਰ 1935 ਨੂੰ ਜੇਉਲਾ ਕਨਵਰਜਨ ਕਾਂਨਫਰੰਸ਼ ਨਾਸਿਕ (ਮਹਾਰਾਸ਼ਟਰ ) ਵਿਖੇ ਬੋਲਦਿਆਂ 'ਹਿੰਦੂ ਧਰਮ' ਨੂੰ ਛੱਡਕੇ ਅਤੇ ਕਿਸੇ ਹੋਰ ਧਰਮ ਨੂੰ ਧਾਰਨ ਕਰਨ ਦਾ ਐਲਾਨ ਕਰ ਦਿੱਤਾ ।
ਇਸ ਖਬਰ ਨਾਲ ਸਾਰੇ ਧਰਮਾਂ ਦੇ ਮੁਖੀਆਂ ਵਿੱਚ ਅੰਬੇਡਕਰ ਜੀ ਨੂੰ ਆਪੋ-ਆਪਣੇ ਵੱਲ ਲਿਆਉਣ ਲਈ ਅੰਦਰੋਂ ਅੰਦਰੀ ਖਿੱਚ ਪੈਣ ਲੱਗ ਪਈ।ਬੋਧੀ, ਜੈਨੀ, ਇਸਾਈ, ਮੁਸਲਮਾਨ ਅਤੇ ਸਿੱਖਾਂ ਨੇ ਵੀ ਡਾ. ਅੰਬੇਡਕਰ ਜੀ ਦੇ ਨਾਲ ਕਰੋੜਾਂ ਦਲਿਤ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਦੀ ਇਛਾ ਪ੍ਰਗਟਾਈ। ਇਸ ਸਬੰਧ ਵਿੱਚ ਡਾ ਅੰਬੇਡਕਾਰ ਜੀ ਨੇ ਵੱਖ-ਵੱਖ ਧਰਮਾਂ ਦੇ ਮੁਖੀ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਗੁਰੂ ਸਿੰਘ ਸਭਾ ਬੰਬਈ ਦੇ ਪ੍ਰਧਾਨ ਸ੍ਰ ਗੁਰਦਿੱਤ ਸਿੰਘ ਜੀ ਨੇ ਸਿੱਖਾਂ ਦੀ ਤਰਫੋਂ ,ਡਾ ਅੰਬੇਡਕਾਰ ਨਾਲ ਗੱਲਬਾਤ ਕੀਤੀ ਤੇ ਫਿਰ ਬਾਅਦ ਵਿੱਚ ਪੂਰੀ ਸਿੱਖ ਲੀਡਰਸ਼ਿਪ ਨਾਲ ਡਾ ਅੰਬੇਡਕਰ ਜੀ ਨਾਲ ਕਈ ਵਾਰ ਇਸ ਮਸਲੇ 'ਤੇ ਵਿਚਾਰ ਚਰਚਾ ਕੀਤੀ ਗਈ।
ਸਾਰੇ ਧਰਮਾਂ ਦੀ ਘੋਖ ਪੜਤਾਲ ਕਰਕੇ ਪੂਰਨ ਜਾਣਕਾਰੀ ਰੱਖਣ ਵਾਲੇ ਡਾ. ਅੰਬੇਡਕਰ ਜੀ ਨੇ ਇਸ ਮਸਲੇ ਤੇ ਸਭ ਤੋਂ ਵੱਧ 'ਸਿੱਖ ਧਰਮ' ਨੂੰ ਪਸੰਦ ਕੀਤਾ। ਸਿੱਖ ਕੌਮ ਦੇ ਆਗੂਆਂ ਵਲੋਂ ਵੀ ਦਿਲ ਖੋਲਕੇ ਡਾ. ਅੰਬੇਡਕਰ ਜੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ।
ਇਮਾਨਦਾਰ ਸਿੱਖ ਆਗੂ ਜੋ ਕਿ, ਡਾ ਅੰਬੇਡਕਾਰ ਦੀਆਂ ਇਸ ਮਸਲੇ 'ਤੇ ਸਾਰੀਆਂ ਮੰਗਾਂ ਪੂਰੀਆਂ ਕਰਨ ਵਿੱਚ ਕਾਫੀ ਉਤਾਵਲੇ 'ਤੇ ਦਿਲਚਸਪੀ ਰੱਖਦੇ ਸਨ। ਬੰਬਈ ਦੇ ਸਿੱਖ ਆਗੂਆਂ ਨੇ 'ਸਰਬ ਹਿੰਦ ਸਿੱਖ ਮਿਸ਼ਨ' ਦੇ ਆਗੂ ਸ. ਕੇਹਰ ਸਿੰਘ ਨਾਲ ਵਿਚਾਰ ਕਰਕੇ ਡਾ. ਅੰਬੇਡਕਰ ਜੀ ਦੀ ਹਰ ਗੱਲ ਨਾਲ ਸਹਿਮਤ ਹੁੰਦੇ ਹੋਏ,ਮਿਉਂਸਪਲ ਕਾਰਪੋਰੇਸ਼ਨ ਬੰਬਈ ਕੋਲੋਂ 26642 ਵਰਗ ਗਜ਼ ਦਾ ਪਲਾਟ 'ਡਾ ਅੰਬੇਡਕਾਰ' ਦੇ ਨਾਮ ਉਪਰ ਖਰੀਦਕੇ ਕਾਲਜ ਵੀ ਬਣਵਾਇਆ ਗਿਆ ਸੀ।
ਇਸ ਫੈਸਲੇ ਦੇ ਤਹਿਤ ਹੀ, ਡਾ.ਭੀਮ ਰਾਓ ‘ਅੰਬੇਡਕਰ’ ਜੀ ਨੇ “ਵਿਸਾਖੀ ਵਾਲੇ ਦਿਨ 1936 ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬ ਹਿੰਦ ਸਿੱਖ ਸੰਮੇਲਨ ਦੇ ਜਲਸੇ ਵਿਚ, ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਕਰੋੜਾਂ ਅਛੂਤਾਂ ਨੂੰ ਸਿੱਖੀ ਵਿਚ ਪ੍ਰਵੇਸ਼ ਕਰਾਉਣ ਦੇ ਨਿਸਚੇ ਵਜੋਂ ਆਪਣੇ ਭਤੀਜੇ ਨੂੰ ‘ਅੰਮ੍ਰਿਤ’ਛਕਾ ਕੇ ‘ਸਿੰਘ’ ਵੀ ਸਜਵਾਇਆ ਸੀ। ਅੰਮ੍ਰਿਤਸਰ ਸਾਹਿਬ ਵਿਚ ਹੋਏ ਸੰਮੇਲਨ ਤੋਂ ਬਾਅਦ ਬਾਬਾ ਸਾਹਿਬ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਹਰਿਮੰਦਰ ਸਾਹਿਬ ਭੇਜਿਆ ਅਤੇ ਉਨ੍ਹਾਂ ਨੇ ਸਿੱਖ ਧਰਮ ਨੂੰ ਅਮਲੀ ਰੂਪ ਵਿਚ ਨੇੜੇ ਹੋਕੇ ਵੇਖਿਆ (ਵਾਚਿਆ) ‘ਤੇ ਬਾਬਾ ਸਹਿਬ ‘ਅੰਬੇਡਕਰ’ ਜੀ ਨੂੰ ਆਪਣੀ ਪੂਰੀ ਰਿਪੋਰਟ ਦਿੱਤੀ।ਜਿਸ ਕਰਕੇ 24 ਜੁਲਾਈ ਅਤੇ 8 ਅਗਸਤ 1936 ਨੂੰ ਛਪੇ ਬਾਬਾ ਸਹਿਬ ਅੰਬੇਡਕਰ ਜੀ ਦੇ ਬਿਆਨ ਸਪੱਸ਼ਟ ਕਰਦੇ ਹਨ,ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ‘ਸਿੱਖ ਧਰਮ’ ਨੂੰ ਚਾਹੁੰਦੇ ਹਨ।
"ਕਿਉਂਕਿ 10 ਜੂਨ1936 ਨੂੰ ਡਾ. ਅੰਬੇਡਕਰ ਜੀ ਨੂੰ ,ਇਟਲੀ ਤੋਂ ਵਿਸ਼ੇਸ਼ ਤੋਰ ਤੇ 'ਬੁਧ ਧੰਮ' ਅਪਣਾਉਣ ਲਈ ਮਨਾਉਣ ਆਏ ਪ੍ਰਭਾਵਸ਼ਾਲੀ ਬੋਧੀਆਂ ਨੂੰ ('ਬੁਧ ਧੰਮ' ਨਾ ਅਪਣਾਉਣ ਦਾ ) ਪਹਿਲਾਂ ਹੀ ਪੱਕਾ ਜਵਾਬ ਦੇ ਚੁੱਕੇ ਸਨ।"(ਹਵਾਲਾ-ਮੱਲ ਸਿੰਘ) ਇਸ ਲਈ ਡਾ. ਅੰਬੇਡਕਰ ਜੀ ਨੇ ਕਿਹਾ ਸੀ,ਕਿ “ਇਹ ਦੇਸ਼ ਦੇ ਹਿਤ ਵਿਚ ਹੈ ਕਿ ਜੇਕਰ ‘ਅਛੂਤਾਂ’ ਨੇ ਧਰਮ ਪਰਿਵਰਤਨ ਕਰਨਾ ਹੈ ਤਾਂ ਅਛੂਤ ‘ਸਿੱਖ ਧਰਮ’ ਕਬੂਲ ਕਰ ਲੈਣ।” ਡਾ. ਅੰਬੇਡਕਰ ਜੀ ਦਾ ਆਪਣੇ ਫੈਸਲਿਆਂ ਵਿਚੋਂ ਇਹ ਇੱਕ ਹੋਰ ਵੱਡਾ ਦਰੁਸਤ ਫੈਸਲਾ ਸੀ।

ਦੂਜੇ ਪਾਸੇ 'ਡਾ. ਅੰਬੇਡਕਰ' ਦੇ ਇਸ 'ਧਰਮ ਪਰਿਵਰਤਨ' ਫੈਸਲੇ ਨੇ 'ਹਿੰਦੂ ਰਾਜ' ਸਥਾਪਤ ਕਰਨ ਲਈ ਉਤਾਵਲੇ ਲੋਕਾਂ ਨੂੰ ਵੱਡੀ ਬਿਪਤਾ ਵਿੱਚ ਪਾ ਦਿੱਤਾ. ਭਾਰਤ ਦੇ ਸ਼ਾਤਰ ਦਿਮਾਗ ਕਰਮਚੰਦ ਗਾਂਧੀ (ਜਿਸਨੂੰ ਧੱਕੇ ਨਾਲ ਹੀ ਮਹਾਤਮਾਂ ਗਾਂਧੀ ਦਾ ਦਰਜ਼ਾ ਦਿੱਤਾ ਗਿਆ।) ਨੂੰ ਇਸ ਫੈਸਲੇ ਨੇ ਫਿਰ ਕੰਬਣੀ ਛੇੜ ਦਿੱਤੀ,ਕਿਉਂਕਿ 'ਗਾਂਧੀ' ਨਹੀਂ ਚਾਹੁੰਦਾ ਸੀ ਕਿ ਉਹਨਾਂ ਵਲੋਂ ਬੁਣੇ ਜਾ ਰਹੇ 'ਹਿੰਦੂ ਰਾਸ਼ਟਰ' ਦੇ ਜਾਲ ਵਿਚੋਂ ਕੋਈ ਵਚਕੇ ਨਿਕਲ ਜਾਵੇ,ਇਸ ਲਈ ਇਸ ਫੈਸਲੇ ਨੂੰ 'ਗਾਂਧੀ' ਨੇ ਹਿੰਦੂ ਧਰਮ ਲਈ ਘਾਤਕ ਸਮਝਦੇ ਹੋਏ (ਆਪਣੇ ਸਾਥੀ ਮਦਨ ਮੋਹਨ ਮਾਲਵੀਆ, ਡਾ. ਬੀ. ਐੱਸ ਮੂੰਜੇ, ਰਾਮਗੋਪਾਲ ਅਚਾਰੀਆ, ਆਦਿ)ਹਿੰਦੂ ਮਹਾਂ ਸਭਾ ਦੇ ਅਤੇ ਹੋਰ ਕਾਂਗਰਸੀ ਲੀਡਰਾਂ ਨਾਲ ਮਿਲਕੇ ਡਾ. ਅੰਬੇਡਕਰ ਦੇ ਇਸ ਫੈਸਲੇ ਨੂੰ ਬਦਲਣ ਲਈ ਮੁਹਿੰਮ ਛੇੜ ਦਿੱਤੀ।
(ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਰੱਖਣ ਵਾਲਾ ਸਿੱਖ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ 'ਗਾਂਧੀ' ਵਾਰੇ ਬੜੀ ਅਹਿਮ 'ਤੇ ਸਖ਼ਤ ਟਿੱਪਣੀ ਕਰਦਾ ਹੋਇਆ ਕਹਿੰਦਾ ਹੈ ਕਿ " 95 ਕਿਤਾਬਾਂ ਦਾ ਲੇਖਕ 'ਗਾਂਧੀ' ਹਿੰਦੂਆਂ ਨੂੰ ਐਸਾ ਦੇਸ਼ ਦੇ ਗਿਆ, ਜੋ ਰਾਮ, ਕ੍ਰਿਸ਼ਨ ਆਦਿ ਵੀ (ਹਿੰਦੂਆਂ ਨੂੰ) ਨਹੀਂ ਦੇ ਸਕੇ। ")
ਕਿਉਂਕਿ 'ਗਾਂਧੀ' ਇਹ ਭਲੀ ਭਾਂਤ ਜਾਣਦਾ ਸੀ, ਉੱਚ ਕੋਟੀ ਦਾ ਦੂਰਦਰਸ਼ੀ ਨੀਤੀਵਾਨ ਡਾ. ਅੰਬੇਡਕਰ ਨੇ ਆਉਣ ਵਾਲੇ ਸਮੇਂ ਅੰਦਰ ਭਾਰਤ ਦੀ ਪ੍ਰਭੂਸੱਤਾ ਦਾ ਤੀਜਾ ਵਾਰਸ ਬਣਕੇ ਮਜਬੂਤ ਸਥਿਤੀ ਵਿੱਚ ਸਾਹਮਣੇ ਆ ਜਾਣਾ ਹੈ, ਫਿਰ ਵਾਇਸਰਾਇ ਦੀ ਕੌਂਸਲ ਵਿੱਚ ਇਸ ਦੀ ਮਹਾਨਤਾ ਹੋਰ ਵੀ ਵਧ ਜਾਣੀ ਹੈ। ਡਾ. ਅੰਬੇਡਕਰ ਨੇ ਆਪਣੀ ਸਿੱਖ ਕੌਮ ਲਈ ਅੰਗਰੇਜ਼ ਹਕੂਮਤ ਪਾਸੋ ਜੋ ਅਧਿਕਾਰ ਪ੍ਰਾਪਤ ਕਰ ਲੈਣੇ ਹਨ, ਉਸ ਨਾਲ 'ਹਿੰਦੂ ਧਰਮ' ਦੀ ਸਰਦਾਰੀ ਖਤਰੇ ਵਿੱਚ ਪੈ ਸਕਦੀ ਹੈ।
ਡਾ. ਅੰਬੇਡਕਰ ਜੀ ਦੀਆਂ ਦਲੀਲਾਂ ਮੂਹਰੇ ਮਾਤ ਖਾ ਜਾਣ ਵਾਲਾ 'ਗਾਂਧੀ' ਅਖੀਰ ਮਰਨ ਬਰਤ ਦੇ ਡਰਾਵੇ ਦਾ ਰਾਹ ਅਖਤਿਆਰ ਕਰਕੇ, ਦਲਿਤ ਸਮਾਜ ਨੂੰ ਕਤਲੇਆਮ ਦੀਆਂ ਧਮਕੀਆਂ ਦਿਵਾਕੇ ਡਾ. ਅੰਬੇਡਕਰ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰਨ ਦਾ ਚੰਗਾ ਢੌਂਗ ਕਰਨ ਵਿੱਚ ਮਾਹਰ ਸੀ। ਇਥੇ ਵੀ ਇਵੇਂ ਕੀਤਾ ਗਿਆ ਅਤੇ ਡਾ. ਅੰਬੇਡਕਰ ਦੇ ਕੁਝ ਸਾਥੀਆਂ ਨੂੰ ਜਿਥੇ 'ਹਿੰਦੂ ਧਰਮ' ਨਾ ਛੱਡਣ ਲਈ ਵੀ ਮਨਾ ਲਿਆ ਗਿਆ ਉਥੇ ਵਿਰੋਧ ਵਿੱਚ ਵੀ ਖੜਾ ਕਰ ਦਿੱਤਾ ਗਿਆ, ਬਾਬੂ ਜਗਜੀਵਨ ਰਾਮ ਨੇ ਤਾਂ ਇਸ ਫੈਸਲੇ ਨੂੰ ਅੰਬੇਡਕਰ ਦਾ ਸਟੰਟ ਕਰਾਰ ਦੇ ਦਿੱਤਾ ਗਿਆ ਸੀ । ਜਿਸ ਨਾਲ 'ਅੰਬੇਡਕਰ' ਜੀ ਦੇ ਮਨ ਤੇ ਗਹਿਰਾ ਅਸਰ ਹੋਇਆ,ਗਾਂਧੀ ਦੀ ਇਸ ਮੁਹਿੰਮ ਦਾ ਅਸਰ ਇਹ ਹੋਇਆ ਕਿ ਕਰੋੜਾ ਲੋਕਾਂ ਨੂੰ 'ਧਰਮ ਪਰਿਵਰਤਨ' ਕਰਾਉਣ ਦਾ ਸੁਪਨਾ ਸਿਰੇ ਚੜ੍ਹਦਾ ਨਜਰ ਆਉਂਦਾ ਨਾ ਦਿਸਿਆ। ਦੂਜੇ ਪਾਸੇ ਕੁਝ ਸਿੱਖ ਆਗੂਆਂ ਨੂੰ ਵੀ, ਡਾ. ਅੰਬੇਡਕਰ ਦੇ ਹੁੰਦਿਆ ਆਪਣੀ ਸਰਦਾਰੀ ਖੁਸਦੀ ਨਜਰ ਆਉਣ ਲੱਗ ਪਈ ਸੀ।
ਇਸ ਸਬੰਧੀ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਨੇ ਆਪਣੀ ਕਿਤਾਬ 'ਸਾਚੀ ਸਾਖੀ 'ਵਿਚ ਡਾ. ਅੰਬੇਡਕਰ ਅਤੇ ਕਰੋੜਾਂ ਦਲਿਤਾਂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਸਿੱਖ ਆਗੂਆਂ ਨੂੰ ਦੋਸ਼ੀ ਮੰਨਿਆ ਹੈ।ਇਹਨਾਂ ਦੋਖੀ ਆਗੂਆਂ ਨੇ ਕਰੋੜਾਂ ਦਲਿਤਾਂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਵਾਉਣ ਲਈ ਹੋਰ ਇਮਾਨਦਾਰ ਸਿੱਖ ਆਗੂਆਂ ਦੀ ਕਰੀ ਸਖ਼ਤ ਮਿਹਨਤ ਵੀ ਕਿਸੇ ਕੰਮ ਨਾ ਆਉਣ ਦਿੱਤੀ। ਇਹ ਸਭ ਕੁੱਝ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ। ਪਰ ਕੁਝ ਸਿੱਖ ਬੁੱਧੀਜੀਵੀ ਵਿਦਵਾਨ ਲੇਖਕਾਂ ਨੂੰ ਸਿਰਦਾਰ ਕਪੂਰ ਸਿੰਘ ਜੀ ਦੀ ਇਹ ਗੱਲ ਹਜ਼ਮ ਨਹੀਂ ਹੋ ਰਹੀ।ਖੈਰ! ਇਹ ਉਹਨਾਂ ਦਾ ਆਪਣਾ ਨਜ਼ਰੀਆ ਹੈ।
ਪਰ ਜਦੋਂ ਇਹਨਾਂ ਸਿੱਖ ਆਗੂਆਂ ਵਲੋਂ 'ਧਰਮ ਪਰਿਵਰਤਨ' ਮਸਲੇ 'ਤੇ ਗਾਂਧੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਅਤੇ ਬੰਬਈ ਦੀ 1936 ਵਿਚ ਅਸੰਬਲੀ ਚੋਣਾਂ ਵੇਲੇ ਦੀ ਗੱਲ ਵਿਚਾਰੀ ਜਾਵੇ, ਤਾਂ ਇਹਨਾਂ ਲੀਡਰਾਂ ਦਾ ਦੂਹਰਾ ਕਿਰਦਾਰ ਸਾਹਮਣੇ ਆਉਂਦਾ ਹੈ। ਕਿਉਂਕਿ ਬੰਬਈ ਚੋਣਾਂ ਵਿੱਚ ਡਾ. ਅੰਬੇਡਕਰ ਜੀ ਵਲੋਂ ਮਾ ਤਾਰਾ ਸਿੰਘ ਨੂੰ ਸੁਨੇਹਾ ਭੇਜਕੇ ਆਪਣੀ ਪਾਰਟੀ ਨੂੰ ਜਿਤਾਉਣ ਤੇ ਸਤਾ ਵਿੱਚ ਲਿਆਉਣ ਲਈ 25 ਹਜ਼ਾਰ ਰੁਪਏ ਦੀ ਮੱਦਦ ਮੰਗੀ ਗਈ,ਜਿਸ ਦੀ ਆਨਾ-ਕਾਨੀ ਤੋਂ ਬਾਅਦ 'ਸ਼ੇਰੇ ਪੰਜਾਬ' ਸਪਤਾਹਿਕ ਅਖਵਾਰ ਦੇ ਸੰਪਾਦਕ ਸ੍ਰ ਅਮਰ ਸਿੰਘ ਜੀ ਜਿਹੇ ਸਿਆਣਿਆਂ ਦੇ ਸਮਝਾਉਣ ਤੇ ਜੋਰ ਪਾਉਣ ਉਤੇ ਮਾ ਤਾਰਾ ਸਿੰਘ ਨੇ 'ਸਰਬ ਹਿੰਦ ਸਿੱਖ ਮਿਸ਼ਨ' ਦੇ ਖਾਤੇ ਵਿੱਚੋਂ 25 ਹਜ਼ਾਰ ਦਾ ਚੈੱਕ ਦੇਣ ਦੀ ਥਾਂ ਸਿੱਧਾ ਕੱਢਵਾਕੇ ਆਪਣੇ ਖਾਸ਼ ਬੰਦੇ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ ਦੇ ਦਿੱਤਾ,ਜਿਸ ਨੇ ਇਹ ਰੁਪਏ ਡਾ. ਅੰਬੇਡਕਰ ਨੂੰ ਦੇਣ ਦੀ ਥਾਂ ਰਲ ਮਿਲਕੇ ਖੁਰਦ ਬੁਰਦ ਕਰ ਦਿੱਤੇ।ਸ੍ਰ ਅਮਰ ਸਿੰਘ ਨੂੰ ਕਿਹਾ ਇਹ ਗਿਆ ਕਿ" 25 ਹਜ਼ਾਰ ਰੁਪਏ ਡਾ. ਅੰਬੇਡਕਰ ਜੀ ਨੂੰ ਭੇਜ ਦਿੱਤੇ ਗਏ ਹਨ। "
ਜਦ ਕਿ ਅੰਬੇਡਕਰ ਜੀ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸਿੱਖ ਆਗੂਆਂ ਵਲੋਂ ਇਸ ਮਸਲੇ 'ਤੇ 'ਗਾਂਧੀ' ਨਾਲ ਵਿਚਾਰ ਵਟਾਂਦਰਾ ਕਰਨਾ,ਇਹਨਾਂ ਸਿੱਖ ਆਗੂਆਂ ਤੇ ਕਈ ਕਿਸਮ ਦੇ ਸੰਕਾਂ ਪੈਦਾ ਕਰਦਾ ਹੈ।ਕਿ ਦਾਲ ਵਿੱਚ ਜਰੂਰ ਕਾਲਾ ਸੀ। ਸਰਦਾਰ ਕਪੂਰ ਸਿੰਘ ਜੀ ਦੇ 'ਸਾਚੀ ਸਾਖੀ' ਵਿਚਲੇ ਵਿਚਾਰ ਐਵੇਂ ਸੁੱਟ ਪਾਉਣ ਵਾਲੇ ਨਹੀਂ। ਕੁਝ ਹੋਰ ਕਾਰਨ ਵੀ ਹੋ ਸਕਦੇ ਹਨ,ਜੋ ਦੇਰ ਸਵੇਰ ਸਾਹਮਣੇ ਆ ਸਕਦੇ ਹਨ। ਕਿਉਂਕਿ ਕੋਈ ਵੀ ਖੋਜ ਅੰਤਿਮ ਨਹੀਂ ਹੁੰਦੀ।
ਇਥੇ ਨੋਟ ਕਰਨ ਵਾਲੀ ਗੱਲ ਹੈ, ਕਿ ਕੁਝ ਕੁ ਖੁਦਗਰਜ਼ ਲੀਡਰਾਂ ਤੋਂ ਬਿਨਾਂ, ਹੋਰ ਵੀ ਬਹੁਤ ਸਾਰੇ ਸਿੱਖ ਕੌਮ ਦੇ ਮੰਨੇ ਪ੍ਰਮੰਨੇ ਸਿਆਣੇ ਆਗੂ ਸਨ ,ਜੋ ਡਾ.ਅੰਬੇਡਕਰ ਨੂੰ ਦਲਿਤਾਂ ਸਮੇਤ ਸਿੱਖ ਧਰਮ ਵਿੱਚ ਲਿਆਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਸਨ। ਪਟਿਆਲੇ ਦੇ ਰਾਜਾ ਭੁਪਿੰਦਰ ਸਿੰਘ ਨੇ ਕੌਮ ਦੀ ਚੜ੍ਹਦੀ ਕਲ੍ਹਾ ਲਈ ਡਾ.ਅੰਬੇਡਕਰ ਜੀ ਨੂੰ ਆਪਣੀ ਰਿਆਸਤ ਦੇ ਪ੍ਰਧਾਨ ਮੰਤਰੀ ਬਣਨ ਦੀ ਅਤੇ ਇਥੋ ਤੱਕ 'ਧੀ' ਦਾ ਡੋਲਾ ਦੇਣ ਦੀ ਵੀ ਪੇਸ਼ਕਸ਼ ਕਰ ਦਿੱਤੀ ਸੀ। ਇਹ ਕੋਈ ਛੋਟੀ ਗੱਲ ਨਹੀਂ ਸੀ।
ਮੁਕਦੀ ਗੱਲ, ਉਪਰੋਕਤ ਸਾਰੇ ਕਾਰਨ ਇਸ 'ਧਰਮ ਪ੍ਰੀਵਰਤਨ' ਦੇ ਮਸਲੇ ਵਿਚ ਰੁਕਾਵਟ ਲਈ ਬੜੇ ਛੋਟੇ ਨਜਰ ਆਉਂਦੇ ਹਨ। ਕਿਉਂਕਿ ਧਰਮ ਪਰਿਵਰਤਨ ਦਾ ਫੈਸਲਾ ਡਾ. ਅੰਬੇਡਕਰ ਜੀ ਨੇ ਕਿਸੇ ਦੇ ਕਹੇ ਕਹਾਏ ਤੇ ਨਹੀਂ ਸੀ ਲਿਆ,ਸਿੱਖ ਫਲਸਫੇ ਨੂੰ ਚੰਗੀ ਤਰ੍ਹਾਂ ਘੋਖ ਵਿਚਾਰਕੇ ਲਿਆ ਸੀ। ਇਸ ਵਿੱਚ ਤਾਂ ਕਿਸੇ ਦੀ ਸਹਿਮਤੀ ਅਸਹਿਮਤੀ ਦਾ ਸਵਾਲ ਹੀ ਨਹੀ ਸੀ।
ਕਿਉਂਕਿ ਇਹ ਫੈਸਲਾ ਵੱਡਾ ਇਨਕਲਾਬ ਲਿਆਉਣ ਵਾਲਾ ਫੈਸਲਾ ਸੀ,ਜੋ ਕਰੋੜਾਂ ਲੋਕਾਂ ਦੀ ਜਿੰਦਗੀ ਸੁਧਾਰਨ ਦਾ, ਸਵੈਮਾਨ ਨਾਲ ਜਿਉਣ ਦਾ ਅਤੇ ਗੁਲਾਮੀ ਕੱਟਣ ਦਾ ਕੰਮ ਕਰਦਾ ਸੀ, ਜੋ ਕਿ ਸਿੱਖ ਧਰਮ ਅਪਨਾਉਣ ਨਾਲ ਅਤੇ ਸਮਾਜ ਨੂੰ ਸਿੱਖ ਵਿਚਾਰਧਾਰਾ ਸਮਝਣ ਸਮਝਾਉਣ ਨਾਲ ਜਲਦੀ ਹੋਣਾ ਸੀ। ਕਿਉਂਕਿ ਜੇਕਰ ਅਛੂਤ ਲੋਕਾਂ ਨੇ ਸਿੱਖ ਧਰਮ ਅਪਣਾਇਆ ਹੁੰਦਾ, ਤਾਂ ਇਹਨਾਂ ਨੇ ਆਪਣੀ ਸਵੈ ਰੱਖਿਆ ਲਈ,ਜ਼ੁਲਮ ਦਾ ਟਾਕਰਾ ਕਰਨ ਲਈ 'ਸਸਤ੍ਰਧਾਰੀ' ਬਣਨਾ ਸੀ, ਤੇ ਵੱਡੀ ਗਿਣਤੀ ਵਿਚ ਹੋਣਾ ਸੀ, ਜਿਸ ਕਰਕੇ ਇਹਨਾਂ ਤੇ ਜ਼ੁਲਮ ਕਰਨ ਦੀ ਕਿਸੇ ਵਿਚ ਹਿੰਮਤ ਨਹੀਂ ਹੋਣੀ ਸੀ। ਦੂਜਾ 'ਧਰਮ ਪਰਿਵਰਤਨ' ਤੇ ਅਛੂਤ ਸਮਾਜ ਦਾ ਅੰਗਰੇਜ਼ਾਂ ਦੇ ਰਾਜ ਅੰਦਰ ਬਹੁਤਾ ਜਾਨੀ ਮਾਲੀ ਨੁਕਸਾਨ ਵੀ ਨਹੀਂ ਹੋਣਾ ਸੀ ਅਤੇ ਜੇ ਨੁਕਸਾਨ ਹੋ ਜਾਂਦਾ, ਤਾਂ ਵੀ ਇਹ ਮਹਿੰਗਾ ਸੌਦਾ ਨਹੀਂ ਸੀ। ਕਿਉਂਕਿ ਦੁਨੀਆਂ ਦਾ ਇਤਿਹਾਸ ਦਸਦਾ ਹੈ, ਅਜ਼ਾਦੀ ਵਾਸਤੇ ਵੱਡੇ ਖੂਨ ਖਰਾਬੇ ਹੁੰਦੇ ਆਏ ਹਨ। ਕੌਮਾਂ ਨੂੰ ਖੂਨ ਡੋਲਣਾ 'ਤੇ ਡੁਲਵਾਉਣਾ ਪੈਂਦਾ ਹੈ।
ਕਾਸ਼! ਜੇਕਰ ਡਾ. ਅੰਬੇਡਕਰ ਜੀ ਨੇ ਅਤੇ ਇਹਨਾਂ ਦੇ ਨਾਲ ਅਛੂਤ ਸਮਝੇ ਜਾਂਦੇ ਕਰੋੜਾਂ ਦੀ ਤਦਾਦ ਵਿੱਚ ਦਲਿਤ ਸਮਾਜ ਨੇ ਬੇ-ਪ੍ਰਵਾਹ ਹੋ ਕੇ 'ਸਿੱਖ ਧਰਮ' ਅਪਣਾਇਆ ਹੁੰਦਾ,ਤਾਂ ਦੇਸ਼ ਵਿੱਚ 'ਮਨੂੰਵਾਦੀਆਂ' ਦੇ ਹੌਸਲੇ ਢਹਿ ਢੇਰੀ ਹੋ ਜਾਣੇ ਸਨ। ਗੁਰੂ ਗ੍ਰੰਥ ਸਹਿਬ ਜੀ ਅਤੇ ਸਵਿਧਾਨ ਦੇ ਸੁਮੇਲ ਨਾਲ ਆਮ ਲੋਕਾਂ ਤਕਦੀਰ 'ਤੇ ਦੇਸ਼ ਦੀ ਤਸਵੀਰ ਹੈਰਾਨੀ ਜਨਕ ਵਧੀਆ ਹੋਣੀ ਸੀ।

ਮੇਜਰ ਸਿੰਘ 'ਬੁਢਲਾਡਾ'
94176 42327




.