.

"ਭੰਡਹੁ ਹੀ ਭੰਡੁ ਊਪਜੈ"

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨ (ਪੰ: ੪੭੩)

ਅਰਥ- (ਪੰਕਤੀ ਦਰ ਪੰਕਤੀ-ਲੋੜੀਂਦੇ ਤੇ ਸੰਕੋਚਵੇਂ ਵਿਸਤਾਰ ਸਹਿਤ)

"ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ"

ਪਦ ਅਰਥ:- ਭੰਡ-ਇਸਤ੍ਰੀ। ਭੰਡਿ-ਇਸਤ੍ਰੀ ਤੋਂ ਹੀ। ਜੰਮੀਐ- ਜਨਮ ਲੈਂਦਾ ਹੈ, ਜਨਮ ਲਈਦਾ ਹੈ। ਭੰਡਿ ਜੰਮੀਐ- ਇਸਤ੍ਰੀ ਦੇ ਸਰੀਰ ਤੋਂ ਹੀ ਮਨੁੱਖ ਦਾ ਜਨਮ ਹੁੰਦਾ ਹੈ, ਇਸਤ੍ਰੀ ਦੇ ਸਰੀਰ ਰਾਹੀਂ ਹੀ ਹਰੇਕ ਮਨੁੱਖ ਇਸ ਸੰਸਾਰ `ਚ ਜਨਮ ਲੈ ਕੇ ਆਉਂਦਾ ਹੈ। ਨਿੰਮੀਐ- ਨਿੰਮੀਦਾ ਹੈ, ਗਰਭ `ਚ ਪ੍ਰਵੇਸ਼ ਹੁੰਦਾ ਹੈ। ਮੰਗਣੁ-ਮੰਗਣੀ, ਵਿਆਹ ਦੀ ਮੰਗ, ਕੁੜਮਾਈ। ਵੀਆਹੁ-ਸ਼ਾਦੀ। ਭੰਡਿ ਮੰਗਣੁ ਵੀਆਹੁ-ਮਨੁੱਖ ਆਪਣੀ ਕੁੜਮਾਈ ਤੇ ਵਿਆਹ ਦੀ ਲੋੜ ਨੂੰ ਪੂਰਾ ਕਰਣ ਲਈ ਵੀ ਕਿਸੇ ਇਸਤ੍ਰੀ ਦੀ ਮੰਗ ਉਸ ਦੀ ਭਾਲ ਵੀ ਕਰਦਾ ਹੈ।

ਅਰਥ- "ਭੰਡਿ ਜੰਮੀਐ", ਇਸਤ੍ਰੀ ਹੋਵੇ ਭਾਵੇਂ ਕੋਈ ਮਰਦ, ਹਰੇਕ ਇਨਸਾਨ ਇਸਤ੍ਰੀ ਦੇ ਸਰੀਰ ਰਾਹੀਂ ਹੀ ਸੰਸਾਰ `ਚ ਆਉਂਦਾ ਤੇ ਜਨਮ ਲੈਂਦਾ ਹੈ। ਇਥੋਂ ਤੀਕ ਕਿ ਇਸਤ੍ਰੀ ਹੋਵੇ ਭਾਵੇਂ ਕੋਈ ਪੁਰਖ ਹਰੇਕ ਮਨੁੱਖ ਦੇ ਸਰੀਰ ਦੀ ਸਥਾਪਨਾ, ਹਰੇਕ ਮਨੁੱਖ ਦੇ ਸਰੀਰ ਦਾ ਅਰੰਭ, ਉਹ ੰਿਨੰਮਦਾ, ਉਪ੍ਰੰਤ ਹਰੇਕ ਮਨੁੱਖ ਦਾ ਸਰੀਰ ਬਣਦਾ ਤੇ ਤਿਆਰ ਵੀ ਕਿਸੇ ਇਸਤ੍ਰੀ ਦੇ ਗਰਭ `ਚ ਹੀ ਹੈ।

"ਭੰਡਿ ਮੰਗਣੁ ਵੀਆਹੁ", ਹੋਰ ਤਾਂ ਹੋਰ ਆਪਣੇ ਘਰ-ਪ੍ਰਵਾਰ ਲਈ ਭਾਵ ਆਪਣੀ ਕੁੜਮਾਈ ਲਈ ਵੀ ਹਰੇਕ ਮਨੁੱਖ ਨੂੰ ਕਿਸੇ ਇਸਤ੍ਰੀ ਦੀ ਲੋੜ ਹੁੰਦੀ ਤੇ ਮੰਗਦਾ ਭਾਲਦਾ ਵੀ ਹੈ। ਫ਼ਿਰ ਕੁੜਮਾਈ ਤੋਂ ਬਾਅਦ ਉਸ ਮਨੁੱਖ ਦਾ ਵਿਆਹ ਵੀ ਇਸਤ੍ਰੀ ਨਾਲ ਹੀ ਹੁੰਦਾ ਤੇ ਰਚਾਂਦਾ ਵੀ ਹੈ।

"ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ"

ਪਦ ਅਰਥ:- ਭੰਡਹੁ ਹੋਵੈ ਦੋਸਤੀ- ਹਰੇਕ ਮਨੁੱਖ ਦੇ ਆਪਣੇ ਤੇ ਨਿਜ ਦੇ ਸਾਕ ਸੰਬੰਧ ਤੇ ਰਿਸ਼ਤੇਦਾਰੀਆਂ ਵੀ ਕਿਸੇ ਇਸਤ੍ਰੀ ਨਾਲ ਵਿਆਹ ਕਰਣ ਤੋਂ ਬਾਅਦ ਹੀ ਬਣਦੀਆਂ ਹਨ। ਭੰਡਹੁ ਚਲੈ ਰਾਹੁ- ਹਰੇਕ ਮਨੁੱਖ ਦੀ ਆਪਣੀ ਤੇ ਨਿਜ ਦੀ ਸੰਤਾਨ ਤੇ ਪ੍ਰਵਾਰਿਕ ਵਾਧੇ ਵਾਲਾ ਉਸ ਦਾ ਰਸਤਾ ਵੀ ਕਿਸੇ ਇਸਤ੍ਰੀ ਨਾਲ ਵਿਆਹ ਕਰਣ ਤੋਂ ਬਾਅਦ ਹੀ ਖੁੱਲਦਾ ਹੈ।

ਅਰਥ:- ਭੰਡਹੁ ਹੋਵੈ ਦੋਸਤੀ-ਫ਼ਿਰ ਕੇਵਲ ਇਹੀ ਨਹੀਂ, ਪ੍ਰਵਾਰ `ਚ ਵਿਆਹ ਕੇ ਲਿਆਂਦੀ ਉਸ ਇਸਤ੍ਰੀ ਤੋਂ ਹੀ ਅਮੁੱਕੇ ਮਨੁੱਖ ਦੀ ਆਪਣੀ ਰਿਸ਼ਤੇਦਾਰੀ ਤੇ ਸਾਕ ਸੰਬੰਧ ਬਣਦੇ ਹਨ।

ਭੰਡਹੁ ਚਲੈ ਰਾਹੁ-ਹੋਰ ਤਾਂ ਹੋਰ, ਵਿਆਹ ਕੇ ਲਿਆਂਦੀ ਉਸ ਇਸਤ੍ਰੀ ਕਾਰਣ ਹੀ ਸੰਸਾਰ `ਚ ਮਨੁੱਖ ਦੇ ਆਪਣੇ ਪ੍ਰਵਾਰਕ ਵਾਧੇ ਤੇ ਉਸ ਦੀ ਆਪਣੀ ਨਿਜ ਦੀ ਸੰਤਾਨ ਲਈ ਰਸਤਾ ਖੁੱਲ੍ਹਦਾ ਹੈ।

"ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ"

ਪਦ ਅਰਥ:- ਭੰਡੁ ਮੁਆ ਭੰਡੁ ਭਾਲੀਐ- ਜੇ ਪ੍ਰਭੂ ਦੇ ਹੁਕਮ `ਚ, ਮਰਦ ਤੋਂ ਪਹਿਲਾਂ ਉਸ ਦੀ ਇਸਤ੍ਰੀ ਦੀ ਮੌਤ ਹੋ ਜਾਵੇ ਤਾਂ ਬਹੁਤੇ ਦੂਜੀ ਤੇ ਕਿਸੇ ਹੋਰ ਇਸਤ੍ਰੀ ਦੀ ਭਾਲ ਲਈ ਵੀ ਟੁਰ ਪੈਂਦੇ ਅਤੇ ਕਰਦੇ ਵੀ ਹਨ। ਬੰਧਾਨੁ-ਆਚਰਨਕ ਸੰਭਾਲ। ਭੰਡਿ ਹੋਵੈ ਬੰਧਾਨੁ-ਇਸਤ੍ਰੀ ਕਾਰਣ ਹੀ ਮਨੁੱਖ ਦੀ ਆਚਰਣਕ ਸੰਭਾਲ ਹੁੰਦੀ ਹੈ ਜਦਕਿ ਗ਼ੈਰ ਸ਼ਾਦੀ-ਸ਼ੁਦਾ ਇਸਤ੍ਰੀ ਵਿਹੂਣੇ ਮਨੁੱਖ ਅਥਵਾ ਅਜਿਹੇ ਬ੍ਰਹਮਚਾਰੀ ਅਖਵਾਉਣ ਵਾਲੇ ਮਨੁੱਖ `ਤੇ ਆਚਰਨਕ ਸੰਭਾਲ ਪਖੋਂ ਕੋਈ ਵੀ ਯਕੀਣ ਨਹੀਂ ਕਰਦਾ।

ਅਰਥ:- ਭੰਡੁ ਮੁਆ ਭੰਡੁ ਭਾਲੀਐ-ਇਥੌਂ ਤੀਕ ਕਿ ਪ੍ਰਭੂ ਦੇ ਹੁਕਮ `ਚ ਜੇ ਕਿਸੇ ਮਰਦ ਦੇ ਜੀਂਦੇ ਉਸ ਦੀ ਇਸਤ੍ਰੀ ਕਾਲ ਵਸ ਹੋ ਜਾਵੇ (ਮਰ ਜਾਵੇ) ਤਾਂ ਜ਼ਿਅਦਾ ਕਰਕੇ ਬਹੁਤੇ ਮਰਦ ਤਾਂ ਦੂਜੀ ਇਸਤ੍ਰੀ ਦੀ ਭਾਲ ਲਈ ਵੀ ਟੁਰ ਪੈਂਦੇ ਹਨ।

ਭੰਡਿ ਹੋਵੈ ਬੰਧਾਨੁ-ਕਿਉਂਕਿ ਸੱਚ ਵੀ ਇਹੀ ਹੈ ਕਿ ਕੋਈ ਸ਼ਾਦੀ-ਸ਼ੁਦਾ ਮਨੁੱਖ ਹੀ, ਆਪਣੀ ਉਸ ਇਸਤ੍ਰੀ ਕਾਰਣ ਬੱਝਦਾ ਭਾਵ ਸਮਾਜ `ਚ ਸਦਾਚਾਰੀ ਅਖਵਾਉਣ ਲਾਇਕ ਬਣਦਾ ਤੇ ਸਤਿਕਾਰਿਆ ਵੀ ਜਾਂਦਾ ਹੈ। ਜਦਕਿ ਗ਼ੈਰ ਸ਼ਾਦੀ-ਸ਼ੁਦਾ ਮਨੁੱਖ `ਤੇ ਤਾਂ ਇਸ ਪਖੋਂ ਕੋਈ ਯਕੀਣ ਹੀ ਨਹੀਂ ਕਰਦਾ, ਭਾਵੇਂ ਇਸ ਪਖੌਂ ਉਹ ਬਿਲਕੁਲ ਬਚਿਆ ਹੋਵੇ, ਸਾਫ਼ ਸੁਥਰਾ ਹੋਵੇ ਜਾਂ ਉਹ ਬ੍ਰਹਮਚਾਰੀ ਅਖਵਾਉਂਦਾ ਹੋਵੇ।

"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"

ਪਦ ਅਰਥ: ਸੋ-ੳੇੁਸ ਇਸਤ੍ਰੀ ਨੂੰ। ਸੋ ਕਿਉ ਮੰਦਾ ਆਖੀਐ- ਐ ਭਾਈ! ਤੂੰ ਉਸ ਇਸਤ੍ਰੀ ਨੂੰ ਕਿਸ ਮੂੰਹ ਨਾਲ ਆਪਣੇ ਤੋਂ ਘਟੀਆ ਮੰਣਦਾ ਤੇ ਕਹਿੰਦਾ ਹੈਂ। ਜਿਤੁ- ਜਿਸ ਦੀ ਕੁਖ ਤੋਂ, ਜਿਸ ਦੇ ਗਰਭ ਤੋਂ। ਜਿਤੁ ਜੰਮਹਿ ਰਾਜਾਨ- ਜਿਸ ਇਸਤ੍ਰੀ ਦੀ ਕੁਖ ਤੇ ਗਰਭ ਤੋਂ ਸੰਸਾਰ ਦੀਆਂ ਸਮੂਹ ਸਿਰਕੱਢ ਹਸਤੀਆਂ, ਵਲੀ, ਗੁਰੂ ਪੀਰ, ਪੈਗ਼ੰਬਰ, ਬਾਦਸ਼ਾਹ, ਜੋਧੇ ਤੇ ਸੂਰਮੇ ਆਦਿ ਜਨਮ ਲੈਂਦੇ ਹਨ।

ਅਰਥ:- ਸੋ ਕਿਉ ਮੰਦਾ ਆਖੀਐ-ਤਾਂ ਤੇ ਐ ਮਨੁੱਖ! ਤੂੰ ਉਸ ਇਸਤ੍ਰੀ ਵਰਗ ਨੂੰ ਕਿਸ ਤਰ੍ਹਾਂ ਤੇ ਕਿਸ ਮੂੰਹ ਨਾਲ ਮੰਦਾ ਭਾਵ ਆਪਣੇ ਤੋਂ ਘਟੀਆ, ਨੀਵਾਂ ਦੱਸਦਾ, ਮੰਣਦਾ, ਕਹਿੰਦਾ ਤੇ ਸਮਝਦਾ ਹੈਂ?

ਜਿਤੁ ਜੰਮਹਿ ਰਾਜਾਨ, ਐ ਮਨੁੱਖ! ਉਹ ਵੀ ਤੂੰ ਉਸ ਇਸਤ੍ਰੀ ਨੂੰ ਜਿਸ ਇਸਤ੍ਰੀ ਦੇ ਸਰੀਰ ਤੋਂ ਰਾਜਾਨ ਭਾਵ ਵੱਡੇ-ਵੱਡੇ ਰਾਜੇ, ਮਹਾਰਾਜੇ, ਵੱਲੀ, ਪੀਰ, ਔਲੀਆ, ਪੈਗ਼ੰਬਰ, ਰਹਿਬਰ ਤੇ ਸਮ੍ਹੂਹ ਸਿਰਕੱਢ ਹਸਤੀਆਂ ਵੀ ਜਨਮ ਲੈਂਦੀਆਂ ਹਨ।

"ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ"

ਪਦ ਅਰਥ: ਭੰਡਹੁ ਹੀ ਭੰਡੁ ਊਪਜੈ-ਇਸਤ੍ਰੀ ਦੇ ਸਰੀਰ ਤੋਂ ਹੀ ਕਿਸੇ ਦੂਜੀ ਇਸਤ੍ਰੀ ਦਾ ਜਨਮ ਹੁੰਦਾ ਹੈ। ਭੰਡੈ ਬਾਝੁ ਨ ਕੋਇ- ਕੋਈ ਇਸਤ੍ਰੀ ਹੋਵੇ ਭਾਵੇਂ ਮਰਦ, ਇਸਤ੍ਰੀ ਦੇ ਸਰੀਰ ਤੋਂ ਬਿਨਾ ਕੋਈ ਵੀ ਇਸ ਸੰਸਾਰ `ਚ ਜਨਮ ਲੈ ਕੇ ਨਹੀਂ ਆਉਂਦਾ ਅਤੇ ਨਾ ਹੀ ਆ ਸਕਦਾ ਹੈ।

ਅਰਥ:- ਭੰਡਹੁ ਹੀ ਭੰਡੁ ਊਪਜੈ, ਕਿਸੇ ਦੂਜੀ ਇਸਤ੍ਰੀ ਦਾ ਜਨਮ ਵੀ ਕਿ ਇਸਤ੍ਰੀ ਦੇ ਸਰੀਰ ਤੋਂ ਹੀ ਹੁੰਦਾ ਹੈ। ਭਾਵ ਐ ਮਨੁੱਖ! ਜਿਸ ਇਸਤ੍ਰੀ ਭਾਵ ਜਿਸ ਮਾਂ ਤੋਂ ਤੇਰਾ ਜਨਮ ਹੋਇਆ ਸੀ, ਸੱਚ ਇਹ ਹੈ ਕਿ ਤੇਰੀ ਉਸ ਮਾਂ ਨੂੰ ਜਨਮ ਦੇਣ ਵਾਲੀ ਵੀ ਕੋਈ ਇਸਤ੍ਰੀ ਹੀ ਸੀ।

ਭੰਡੈ ਬਾਝੁ ਨ ਕੋਇ, ਤਾਂ ਤੇ ਸਪਸ਼ਟ ਹੋਇਆ ਕਿ ਸੰਸਾਰ `ਚ (ਮਰਦ ਹੋਵੇ ਭਾਵੇਂ ਇਸਤ੍ਰੀ) ਕੋਈ ਵੀ ਇਸਤ੍ਰੀ ਦੇ ਸਰੀਰ ਤੋਂ ਬਿਨਾ ਨਾ ਪੈਦਾ ਹੋਇਆ ਹੈ, ਨਾ ਹੋ ਸਕਦਾ ਤੇ ਨਾ ਜਨਮ ਲੈ ਸਕਦਾ ਹੈ।

"ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ"

ਪਦ ਅਰਥ:-ਭੰਡੈ ਬਾਹਰਾ- ਜਿਸ ਨੂੰ ਇਸਤ੍ਰੀ ਦੀ ਕੁਖ (ਗਰਭ) ਦੀ ਲੋੜ ਨਹੀਂ। ਏਕੋ ਸਚਾ ਸੋਇ- ਅਜਿਹੀ ਹੱਸਤੀ ਕੇਵਲ ਤੇ ਕੇਵਲ ਇਕੋ-ਇਕ ਅਕਾਲ ਪੁਰਖੁ ਹੀ ਹੈ।

ਅਰਥ:- ਤਾਂ ਤੇ ਹੱਥਲੇ ਚਲਦੇ ਵਿਸ਼ੇ ਨੂੰ ਸਮਾਪਤ ਕਰਦੇ ਹੋਏ ਸਲੋਕ `ਚ ਕਰਤੇ ਪ੍ਰਭੂ ਦੀ ਅਨੰਤ ਰਚਨਾ `ਚ ਇਸਤ੍ਰੀ ਵਰਗ ਦੇ ਆਪਣੇ ਵੱਖਰੇ ਤੇ ਨਿਵੇਕਲੇ ਮਹੱਤਵ ਸੰਬੰਧੀ ਗੁਰੂ ਨਾਨਕ ਪਾਤਸ਼ਾਹ ਇੱਕ ਬਹੁਤ ਵੱਡੇ ਪਤੇ ਦੀ ਇੱਕ ਹੋਰ ਗੱਲ ਵੀ ਕਰਦੇ ਹਨ ਤੇ ਫ਼ੁਰਮਾਉਂਦੇ ਹਨ।

ਨਾਨਕ ਭੰਡੈ ਬਾਹਰਾ, ਏਕੋ ਸਚਾ ਸੋਇ ਤਾਂ ਤੇ ਹੇ ਨਾਨਕ, ਕੇਵਲ ਤੇ ਕੇਵਲ ਅਕਾਲਪੁਰਖੁ ਹੀ ਇਕੋ-ਇਕ ਅਜਿਹੀ ਹੱਸਤੀ ਹੈ ਜਿਸ ਨੇ ਕਿਸੇ ਇਸਤ੍ਰੀ ਦੇ ਸਰੀਰ ਤੋਂ ਜਨਮ ਨਹੀਂ ਲਿਆ ਤੇ ਨਾ ਹੀ ਲੈਣਾ ਹੈ; ਇਸ ਲਈ ਪ੍ਰਭੂ-ਅਕਾਲਪੁਰਖੁ ਨੂੰ ਕਿਸੇ ਇਸਤ੍ਰੀ ਦੇ ਗਰਭ ਭਾਵ ਕੁਖ ਦੀ ਲੋੜ ਨਹੀਂ।

ਕਿਉਂਕਿ ਪ੍ਰਭੂ "ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ" (ਬਾਣੀ ਜਪੁ) ਅਨੁਸਾਰ ਆਪ ਕੇਵਲ ਅਜੂਨੀ ਤੇ ਸੈਭੰ ਹੀ ਨਹੀਂ ਬਲਕਿ ਪ੍ਰਭੂ ਤਾਂ ਰੂਪ-ਰੰਗ-ਰੇਖ ਤੋ ਵੀ ਨਿਆਰਾ ਹੈ। ਇਸ ਕਾਰਣ ਪ੍ਰਭੂ ਨੂੰ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਮਰਦ ਵੀ ਤੇ ਇਸਤ੍ਰੀ ਵੀ, ਦੋਨਾਂ `ਚੋਂ ਕਿਸੇ ਇੱਕ ਵੀ ਸਰੀਰ ਦੀ ਲੋੜ ਨਹੀਂ।

ਤਾਂ ਤੇ ਐ ਮਨੁੱਖ! ਘਟੋਘਟ ਤੈਨੂੰ ਇਥੋਂ ਹੀ ਸਮਝ ਆ ਜਾਣੀ ਚਾਹੀਦੀ ਹੈ, ਕਿ ਇਸ ਸਾਰੇ ਦੇ ਬਾਵਜੂਦ, ਪ੍ਰਭੂ ਨੇ ਆਪ ਇੱਕ ਦੂਜੇ ਲਈ ਬਰਾਬਰ ਦੀ ਲੋੜ ਨਾਲ ਬੱਝੇ ਹੋਏ, ਇਕ-ਦੂਜੇ ਦੀ ਲੋੜ ਨੂੰ ਪੂਰਾ ਕਰਣ ਵਾਲੇ ਤੇ ਇੱਕ ਦੂਜੇ ਦੇ ਪੂਰਕ, ਮਰਦ ਤੇ ਇਸਤ੍ਰੀ-ਦੋ ਭਿੰਨ-ਭਿੰਨ ਸਰੀਰ ਰਚੇ ਤੇ ਘੜੇ ਹੋਏ ਹਨ ਤਾਂ ਕਿਉਂ? ੇ ਆਪਣੇ ਆਪ ਉੱਤਰ ਵੀ ਇਹੀ ਮਿਲੇਗਾ ਤੇ ਹੋਵੇਗਾ ਵੀ ਕਿ ਉਹ ਸਭ ਕੇਵਲ ਤੇ ਕੇਵਲ ਆਪਣੇ ਇਸ ਸੰਸਾਰ ਰਚਨਾ ਨੂੰ ਚਲਾਉਣ ਲਈ।

"ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ"

ਪਦ ਅਰਥ:-ਜਿਤੁ ਮੁਖਿ- ਜਿਸ ਮੂੰਹ ਨਾਲ। ਸਾਲਾਹੀਐ- ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ। ਜਿਤੁ ਮੁਖਿ ਸਦਾ ਸਾਲਾਹੀਐ- ਜਿਸ ਮੂੰਹ ਨਾਲ ਭਾਵ ਜਿਸ ਮਨ ਤੇ ਤਨ ਕਰਕੇ ਸੁਆਸ-ਸੁਆਸ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ ਤੇ ਕੀਤੀ ਜਾਂਦੀ ਹੈ।

ਭਾਗਾ ਰਤੀ ਚਾਰਿ- ਭਾਗਾਂ ਦੀਆਂ ਚਾਰ ਮਨੀਆਂ (ਧਰਮ, ਅਰਥ, ਕਾਮ, ਮੋਖ) ਭਾਵ ਜਿਹੜਾ ਮਨੁੱਖ ਆਪਣੇ ਮ੍ਹੂੰਹ ਭਾਵ ਮਨ ਤੇ ਤਨ ਕਰਕੇ ਪ੍ਰਭੂ ਦੀ ਸਿਫਤ ਸਾਲਾਹ ਨਾਲ ਜੁੜਿਆ ਰਹਿੰਦਾ ਹੈ ਇਸੇ ਤੋਂ ਉਸ ਨੂੰ ਸੰਸਾਰ ਦੇ ਸਾਰੇ ਸੁਖ, ਮਾਨਸਕ ਸ਼ਾਂਤੀ, ਤ੍ਰਿਪਤੀ ਤੇ ਟਿਕਾਅ ਹਾਸਲ ਹੋ ਜਾਂਦਾ ਹੈ।

ਅਰਥ:- ਜਿਤੁ ਮੁਖਿ ਸਦਾ ਸਾਲਾਹੀਐ, ਤਾਂ ਤੇ ਇਸਤ੍ਰੀ ਹੋਵੇ ਭਾਵੇਂ ਮਰਦ, ਜਿਹੜਾ ਮਨੁੱਖ ਅਕਾਲਪੁਰਖੁ ਦੇ ਬਖ਼ਸ਼ੇ ਹੋਏ ਮੂੰਹ ਭਾਵ ਮਨ ਤੇ ਤਨ ਕਰਕੇ ਸੁਆਸ-ਸੁਆਸ ਸਦਾ ਪ੍ਰਭੂ ਦੇ ਗੁਣ ਗਾਉਂਦਾ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿੰਦਾ ਹੈ;

ਭਾਗਾ ਰਤੀ ਚਾਰਿ, ਫ਼ਿਰ ਬਿਨਾ-ਵਿੱਤਕਰਾ ਇਸੇ ਤੋਂ ਉਂਨ੍ਹਾਂ ਲੋਕਾਂ ਨੂੰ ਭਾਗਾਂ ਦੀਆਂ ਚਾਰ ਮਨੀਆਂ (ਧਰਮ, ਅਰਥ, ਕਾਮ, ਮੋਖ) ਭਾਵ ਸੰਸਾਰ ਭਰ ਦੇ ਸਾਰੇ ਸੁਖਾਂ ਦਾ ਮੂਲ ਮਾਨਸਿਕ ਸ਼ਾਂਤੀ, ਤ੍ਰਿਪਤੀ ਤੇ ਟਿਕਾਅ ਹਾਸਲ ਹੋ ਜਾਂਦੀਆਂ ਹਨ। ਉਹ ਮਾਨਸਿਕ ਟਿਕਾਅ ਤੇ ਸਹਿਜ ਅਵਸਥਾ ਜਿਹੜੀ ਸੰਸਾਰ ਦੇ ਸਾਰੇ ਪਦਾਰਥ ਇਕੱਠੇ ਕਰਕੇ ਵੀ ਨਹੀਂ ਮਿਲਦੀ ਤੇ ਨਾ ਹੀ ਪ੍ਰਾਪਤ ਹੁੰਦੀ ਹੈ।

"ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨ 

ਪਦ ਅਰਥ: ਤੇ ਮੁਖ ਊਜਲੇ- ਅਜਿਹੇ ਜੀਊੜੇ ਭਾਵੇਂ ਨਰ ਹੋਣ ਜਾਂ ਨਾਰੀਆਂ ਸਾਰੇ ਹੀ ਸੋਹਣੇ ਲਗਦੇ ਤੇ ਸਤਿਕਾਰੇ ਜਾਂਦੇ ਹਨ। ਤਿਤੁ ਸਚੈ ਦਰਬਾਰਿ- ਪ੍ਰਭੂ ਦੇ ਸੱਚ ਨਿਆਂ `ਚ ਪ੍ਰਭੂ ਦੇ ਦਰ `ਤੇ੨।।

ਅਰਥ:- "ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ", ਹੇ ਨਾਨਕ ਅਜਿਹੇ ਜੀਊੜੇ ਭਾਵੇਂ ਨਰ ਹੋਣ ਜਾਂ ਨਾਰੀਆਂ, ਜਿਹੜੇ ਬਿਨਾ ਵਿੱਤਕਰਾ, ਨਰ ਤੇ ਨਾਰੀ, ਉਸ ਪ੍ਰਭੂ ਦੀਆਂ ਨਰ-ਨਾਰੀ ਦੋਨਾਂ ਦਾਤਾਂ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ, ਉਹ ਪ੍ਰਭੂ ਦੇ ਦਰ `ਤੇ ਸੋਹਣੇ ਲਗਦੇ ਤੇ ਉਸ ਦੇ ਸੱਚ ਨਿਆਂ `ਚ ਸਤਿਕਾਰੇ ਜਾਂਦੇ ਹਨ। ੨। ਤਾਂ ਤੇ:-

ਕੁੱਝ ਵੇਰਵਾ-ਸਲੋਕ ਵਿੱਚਲੇ ਮੁਖ ਲਫ਼ਜ਼ ਭੰਡ ਬਾਰੇ

ਭਲੀ ਪ੍ਰਕਾਰ ਦੇਖ ਚੁੱਕੇ ਹਾਂ ਕਿ ਵਿਚਾਰ-ਅਧੀਨ ਇਸ ਪੂਰੇ ਸਲੋਕ `ਚ ਗੁਰਦੇਵ ਨੇ ਮੁੱਖ ਸ਼ਬਦ ‘ਭੰਡ’ ਹੀ ਵਰਤਿਆ ਹੋਇਆ ਹੈ।

ਉਸ ਤੋਂ ਬਾਅਦ, ਇਹ ਵੀ ਸੱਚ ਹੈ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ "ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਇਹ ਲਫ਼ਜ਼ ਭੰਡ ਕੇਵਲ ਤੇ ਕੇਵਲ ਇਕੋ ਵਾਰੀ ਅਤੇ ਉਹ ਵੀ "ਬਾਣੀ ਆਸਾ ਕੀ ਵਾਰ" ਵਿੱਚਲੇ ਇਸੇ ਸਲੋਕ `ਚ ਹੀ ਆਇਆ ਹੈ।

ਉਂਝ ਹੱਥਲੇ ਸਲੋਕ `ਚ ਗੁਰਬਾਣੀ ਵਿੱਚਲੀ ਵਿਆਕਰਣਕ ਲੋੜ ਨੂੰ ਪੂਰਾ ਕਰਣ ਲਈ ਗੁਰਦੇਵ ਨੇ ਇਸ ਇਕੋ ਲਫ਼ਜ਼ ਭੰਡ ਦੇ ਹੀ ਭੰਡਿ, ਭੰਡਹੁ, ਭੰਡੁ, ਭੰਡੈ ਰੂਪ ਵੀ ਵਰਤੇ ਹਨ। ਤਾਂ ਵੀ ਇੱਥੇ ਇਸ ਪੂਰੇ ਸਲੋਕ `ਚ ਇਸ ਦੇ ਮੂਲ ਅਰਥ ‘ਇਸਤ੍ਰੀ’ ਹੀ ਹਨ, ਉਸ `ਚ ਫ਼ਰਕ ਨਹੀਂ।

ਜਦਕਿ ਇੱਕ ਹੋਰ ਸੱਚ ਇਹ ਵੀ ਹੈ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਰਚਨਾ `ਚ ਇਸ ਲਫ਼ਜ਼ ਨਾਲ ਮਿਲਦੇ-ਜੁਲਦੇ ਲਫ਼ਜ਼ ਭਾਂਡਾ, ਭਾਂਡੇ, ਭਾਂਡਸਾਲ, ਭਾਂਡੈ ਆਦਿ ਲਫ਼ਜ਼ ਵੀ ਬਹੁਤ ਵਾਰੀ ਆਏ ਹਨ। ਜਦਕਿ ਉੱਥੇ ਉਹ ਸਾਰੇ ਲਫ਼ਜ਼ ਬਹੁਤਾ ਕਰਕੇ ਮਨੁੱਖਾ ਸਰੀਰ, ਭਾਂਡੇ ਤੇ ਭਾਂਡਿਆਂ ਆਦਿ ਲਈ ਹੀ ਆਏ ਹਨ।

ਇਹ ਵੀ ਕਿ ਇਸ ਸਾਰੇ ਦੇ ਬਾਵਜੂਦ ਸਮਝਣ ਵਾਲਾ ਵਿਸ਼ਾ ਇਹ ਵੀ ਹੈ ਕਿ ਭਾਂਡਾ, ਭਾਂਡੇ, ਭਾਂਡਸਾਲ, ਭਾਡੈ ਆਦਿ ਉਨ੍ਹਾਂ ਸਮੂਹ ਲਫ਼ਜ਼ਾਂ ਨੂੰ ਸੰਬੰਧਤ ਗੁਰਬਾਣੀ ਫ਼ੁਰਮਾਨਾਂ ਸਹਿਤ ਕਿਸੇ ਵੱਖਰੇ ਗੁਰਮੱਤ ਪਾਠ `ਚ ਲਿਆ ਜਾਵੇਗਾ ਤਾ ਕਿ ਗੁਰੂ ਕੀਆਂ ਸੰਗਤਾਂ ਦੇ ਮਨਾ `ਚ ਇਸ ਬਾਰੇ, ਕੋਈ ਤੇ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਬਾਕੀ ਨਾ ਰਹਿ ਜਾਵੇ।

ਇਸ ਸਾਰੇ ਬਾਵਜੂਦ ਹੱਥਲੇ ਲਫ਼ਜ਼ ਭੰਡ ਬਾਰੇ ਸਮਝਣ ਲਈ ਇੱਕ ਵਿਸ਼ੇਸ਼ ਪੱਖ ਇਹ ਵੀ ਹੈ ਕਿ ਸਮੂਚੀਆਂ ਭਾਸ਼ਾਵਾਂ ਦੇ ਲੰਬੇ ਤੇ ਸੰਪੂਰਣ ਇਤਿਹਾਸ `ਚ ਕੇਵਲ, ਅਤੇ ਉਹ ਵੀ ਕੇਵਲ ਇਸਤ੍ਰੀ ਵਰਗ ਲਈ ਜੇ ਕਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਵਾਂ ਲਫ਼ਜ਼ ‘ਭੰਡ’ ਪ੍ਰਗਟ ਕੀਤਾ ਤੇ ਵਰਤਿਆ ਹੈ ਤੱ ਤੇ ਉਹ ਵੀ ਪਹਿਲੀ ਤੇ ਆਖ਼ਰੀ ਵਾਰ, ਤਾਂ ਫ਼ਿਰ ਇਹ ਸਭ ਕਿਉਂ?

ਉੰਝ ਇਹ ਵੀ ਸੱਚ ਹੈ ਕਿ ਬਹੁਤੇ ਵਿਦਵਾਨਾ ਅਨੁਸਾਰ ਇੱਥੇ ਸਿੰਬੰਧਤ ਸਲੋਕ `ਚ ਕੇਵਲ ਇਹ ਲਫ਼ਜ਼ ਭੰਡ ਹੀ ਨਹੀਂ ਬਲਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ "ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ "ਅੰਮ੍ਰਿਤ ਵੇਲਾ, ਕਰਤਾਪੁਰਖ, ਵਾਹਿਗੁਰੂ, ਵਾਹਗੁਰੂ" ਆਦਿ ਲਗਭਗ ੭੦ ਤੋ ਪੰਜ੍ਹਤਰ ਤੀਕ ਦੀ ਗਿਣਤੀ `ਚ ਲਫ਼ਜ਼ ਉਹ ਹਨ, ਜਿਹੜੇ ਸੰਸਾਰ ਭਰ ਦੀਆਂ ਸਮੂਚੀਆਂ ਭਾਸ਼ਾਵਾਂ ਦੇ ਸਮੂਚੇ ਇਤਿਹਾਸ `ਚ ਅਤੇ ਉਹ ਵੀ ਆਪਣੇ ਨਿਵੇਕਲੇ ਤੇ ਵਿਸ਼ੇਸ਼ ਗੁਰਮੱਤ ਅਰਥਾਂ `ਚ ਕੇਵਲ ਤੇ ਕੇਵਲ ਗੁਰੂ ਹਸਤੀਆਂ ਦੀ ਆਪਣੀ ਹੀ ਦੇਣ ਹਨ।

ਤਾਂ ਤੇ ਵਿਚਾਰ-ਅਧੀਨ ਲਫ਼ਜ਼ ਭੰਡ ਵਾਲੇ ਇਸ ਵਿਸ਼ੇ `ਤੇ ਕੁੱਝ ਹੋਰ ਅੱਗੇ ਵੱਧਦੇ ਹੋਏ-ਦਰਅਸਲ ਇੱਥੇ ਉਚੇਚਾ ਕੇਵਲ ਤੇ ਕੇਵਲ ਇਸਤ੍ਰੀ ਵਰਗ ਲਈ ਲਫ਼ਜ਼ ਭੰਡ ਵਰਤ ਕੇ, ਗੁਰਦੇਵ ਨੇ ਸਮੂਚੀ ਮਨੁੱਖ ਜਾਤੀ ਨੂੰ ਝੰਜੋੜਿਆ ਹੈ।

ਖਾਸ ਕਰ ਪੁਰਖ-ਪ੍ਰਧਾਨ ਵਾਲੀ ਵਿਚਾਰਧਾਰਾ ਨੂੰ ਲੈ ਕੇ ਸੰਸਾਰ `ਚ ਵਿਚਰ ਰਹੀ ਸਮੂਚੀ ਮਨੁੱਖ ਜਾਤੀ ਨੂੰ ਗੁਰਦੇਵ ਨੇ ਇਸ ਪੱਖੋਂ ਝੰਜੋੜਿਆ ਹੈ ਕਿ "ਅਗਿਆਨਤਾ ਦੀ ਨੀਂਦ `ਚ ਘੂਕ ਸੁੱਤੇ ਹੋਏ ਐ ਮਨੁੱਖ! ਮਰਦ ਹੋਣ ਦੇ ਨਾਤੇ ਜਿਸ ਇਸਤ੍ਰੀ ਵਰਗ ਨੂੰ ਤੂੰ ਸਦਾ ਤੋਂ ‘ਭੰਡਦਾ’ ਤੇ ਜ਼ਲੀਲ ਕਰਦਾ ਆਇਆ ਹੈਂ।

ਬਲਕਿ ਇਸਤ੍ਰੀ ਵਰਗ ਨੂੰ ਸੰਸਾਰ ਭਰ ਦੇ ਇਤਿਹਾਸ `ਚ ਸਦਾ ਤੋਂ ਦੁਬੇਲ ਬਣਾ ਕੇ ਰੱਖਣ ਦੇ ਸੁਪਨੇ ਲੈਂਦਾ ਆਇਆ ਹੈਂ। ਇਸਤ੍ਰੀ ਵਰਗ ਵਰਗ `ਚ ਤੂੰ ਵੱਧ ਤੋਂ ਵੱਧ ਆਤਮਹੀਣਤਾ ਭਰਣ ਲਈ ਉਸ ਪ੍ਰਤੀ ਬੇਅੰਤ ਚੁੱਟਕਲੇ ਤੇ ਹੁੱਜਤਾਂਆਦਿ ਬਹੁਤ ਕੁੱਝ ਇਜਾਦ ਕਰਦਾ ਆਇਆ ਤੇ ਕਰਦਾ ਹੈਂ।

ਇਥੌ ਤੀਕ ਕਿ ਧਰਮ ਦੇ ਪਰਦੇ ਹੇਠ ਵੀ ਵਿਸ਼ੇਸ਼ਕਰ ਇਸਤ੍ਰੀ ਵਰਗ ਅੰਦਰ ਹੱਦ ਦਰਜੇ ਦੀ ਆਤਮਹੀਣਤਾ ਭਰਣ ਲਈ ਤੂੰ ਕਿਨੇਂ ਹੀ ਤਿਉਹਾਰ-ਸਗਨ, ਰਸਮਾਂ-ਰੀਤਾਂ ਘੜੀਆਂ ਹੋਈਆਂ ਹਨ, ਤਾ ਕਿ ਸਮਾਜ `ਚ, ਇਸਤ੍ਰੀ ਵਰਗ ਕਦੇ ਵੀ ਆਪਣਾ ਸਿਰ ਉੱਚਾ ਕਰਕੇ ਨਾ ਜੀਅ ਸਕੇ।

ਖਾਸਕਰ ਇਸਤ੍ਰੀ ਵਰਗ ਨੂੰ ਹੀ ਤੂੰ ਹਰ ਪੱਖੋਂ ਸਮਾਜ `ਚ ਕੇਵਲ ਇਸ ਲਈ ਦਬਾਇਆ ਤਾ ਕਿ ਤੂੰ ਉਸ ਨੂੰ ਵੱਧ ਤੋਂ ਵੱਧ ਆਪਣੀ ਕਾਮ ਪੂਰਤੀ, ਐਸ਼ੋ-ਇਸ਼ਰਤ ਤੇ ਮਨੋਰੰਜਣ ਦਾ ਸਾਧਨ ਬਣਾ ਕੇ ਵਰਤ ਸਕੇਂ।

ਹੋਰ ਤਾਂ ਹੋਰ! ਅਜੋਕੇ ਸਮਾਜ ਅੰਦਰ ‘ਏਡਜ਼’ ਵਰਗੀਆਂ ਨਾਮੁਰਾਦ ਬਿਮਾਰੀਆਂ ਵੀ ਤਾਂ ਤੇਰੀ ਇਸੇ ਕਰਣੀ ਤੇ ਸੋਚਣੀ ਦੀ ਹੀ ਤਾਂ ਉਪਜ ਹਨ।

ਮੁੱਕਦੀ ਗੱਲ ਕਿ ਦਰਅਸਲ ਗੁਰੂ ਪਾਤਸ਼ਾਹ ਨੇ ਮਨੁੱਖ ਦਾ ਧਿਆਨ, ਉਸ ਦੀ ਇਸ ਗੁਮਰਾਹਕੁੰਨ ਸੋਚਣੀ ਵੱਲ ਦੁਆਉਣ ਲਈ ਹੀ, ਇਸਤ੍ਰੀ ਲਈ ਇੱਥੇ ਉਚੇਚਾ ਲਫ਼ਜ਼ ‘ਭੰਡ’ ਵਰਤਿਅ ਹੈ, ਤਾ ਕਿ ਇਕੱਲਾ ਇਹ ਲਫ਼ਜ਼ ਹੀ ਮਨੁੱਖ ਨੂੰ ਸਮਝਾ ਦੇਵੇ ਕਿ ਇਸ ਪਖੋਂ ਮਨੁੱਖ ਖੜਾ ਕਿੱਥੇ ਹੈ? ਆਦਿ, , ##433v...01.19 ssgec##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

All Rights Reserved Self Learning Topic-wise Gurmat Lesson No. 433

"ਭੰਡਹੁ ਹੀ ਭੰਡੁ ਊਪਜੈ"

For all the Self Learning GuvWrmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.