.

ਕਰਤਾਰਪੁਰ ਦੇ ਦਰਸ਼ਨ-ਦੀਦਾਰ

ਸੰਨ 1947 ਈਸਵੀ ਦੇ ਸਮੇਂ ਤੋਂ ਪੰਜਾਬ ਦੇ ਨਾਲ ਲਗਦੀ ਭਾਰਤ-ਪਾਕਿਸਤਾਨ ਦੀ ਹੱਦ ਤੋਂ ਨੇੜੇ ਹੀ ਕਸਬਾ ਡੇਹਰਾ ਬਾਬਾ ਨਾਨਕ ਦੇ ਕੋਲੋਂ ਵਗਦੇ ਰਾਵੀ ਦਰਿਆ ਦੇ ਦੂਸਰੇ ਪਾਸੇ ਪਾਕਿਸਤਾਨ ਦੇ ਖਿੱਤੇ ਵਿਚ ਸਥਿਤ ‘ਦਰਬਾਰ ਸਾਹਿਬ ਕਰਤਾਰਪੁਰ’ ਨਾਮ ਦਾ ਗੁਰਦੁਆਰਾ ਚਰਚਾ ਦਾ ਵਿਸ਼ਾ ਬਣਿਆਂ ਆ ਰਿਹਾ ਹੈ। ਇਸ ਚਰਚਾ ਦਾ ਮੁੱਖ ਕਾਰਨ ਵੰਡ ਪਿੱਛੋਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਇਸ ਗੁਰਦੁਆਰੇ ਸਬੰਧੀ ਕੀਤਾ ਜਾਂਦਾ ਇਹ ਦਾਵਾ ਹੈ ਕਿ ਇਸ ਗੁਰਦੁਆਰੇ ਵਾਲੇ ਸਥਾਨ ਉੱਤੇ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਲਗ-ਭਗ 18 ਸਾਲ ਗੁਜ਼ਾਰਨ ਮਗਰੋਂ ਏਸੇ ਹੀ ਸਥਾਨ ਉੱਤੇ ਸੰਨ 1539 ਈਸਵੀ ਵਿਚ ਆਪਣੀ ਦੇਹ ਤਿਆਗੀ ਸੀ। ਇਸ ਸਥਾਨ ਦਾ ਗੁਰੂ ਨਾਨਕ ਜੀ ਦੇ ਜੀਵਨ ਨਾਲ ਇਤਨਾ ਡੂੰਘਾ ਸਬੰਧ ਹੋਣ ਦੇ ਦਾਵੇ ਕਰਕੇ ਸਿਖ ਭਾਈਚਾਰੇ ਵੱਲੋਂ ਇਸ ਮੰਗ ਦਾ ਜ਼ੋਰਦਾਰ ਅਤੇ ਨਿਰੰਤਰ ਪ੍ਰਗਟਾਵਾ ਪੇਸ਼ ਕੀਤਾ ਜਾਂਦਾ ਰਿਹਾ ਹੈ ਕਿ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨਾਲ ਹੀ ਪਾਕਿਸਤਾਨ ਵਿਚ ਸਥਿਤ ਇਸ ਗੁਰਦੁਆਰੇ ਦੀ ਭਾਰਤੀ ਸ਼ਰਧਾਲੂਆਂ ਵੱਲੋਂ ਕੀਤੀ ਜਾਣ ਵਾਲੀ ਯਾਤਰਾ ਨੂੰ ਅਸਾਨ ਬਣਾਇਆ ਜਾਵੇ। ਕਸਬਾ ਡੇਹਰਾ ਬਾਬਾ ਨਾਨਕ ਤੋਂ ਇਹ ਗੁਰਦੁਆਰਾ 6-7 ਕਿਲੋਮੀਟਰ ਦੇ ਫਾਸਲੇ ਉੱਤੇ ਸਥਿਤ ਹੈ ਜਿਸ ਵਿੱਚੋਂ ਦੋ ਕੁ ਕਿਲੋਮੀਟਰ ਦਾ ਫਾਸਲਾ ਪਾਕਿਸਤਾਨ ਵਿਚ ਪੈਂਦਾ ਹੈ।

ਹੁਣ ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਇਸ ਗੱਲ ਉੱਤੇ ਸਹਿਮਤ ਹੋ ਗਈਆਂ ਹਨ ਕਿ ਨੇੜ ਭਵਿਖ ਵਿਚ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਗੁਰੂ ਨਾਨਕ ਜੀ ਦੇ 550ਵੇਂ ਜਨਮ ਦਿਨ ਗੁਰਪੁਰਬ ਦੇ ਸਾਲ ਭਾਵ ਸੰਨ 2019 ਈਸਵੀ ਦੌਰਾਨ ਡੇਹਰਾ ਬਾਬਾ ਨਾਨਕ ਤੋਂ ‘ਦਰਬਾਰ ਸਾਹਿਬ ਕਰਤਾਰਪੁਰ’ ਤੀਕਰ ਆਪਣੇ-ਆਪਣੇ ਪਾਸੇ ਲਾਂਘਾ ਬਣਾ ਕੇ ਭਾਰਤੀ ਯਾਤਰੀਆਂ ਲਈ ਇਸ ਗੁਰਦੁਆਰੇ ਦੇ ਸਥਾਨ ਦੀ ਯਾਤਰਾ ਦੀ ਸਹੂਲਤ ਪੈਦਾ ਕਰਨਗੀਆਂ, ਇਹ ਸਥਾਨ ਸੰਸਾਰ ਭਰ ਵਿਚ ਵਸਦੇ ਗੁਰੂ ਨਾਨਕ ਜੀ ਦੇ ਪੈਰੋਕਾਰਾਂ ਦੇ ਧਿਆਨ ਦੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ।

ਦੂਸਰੇ ਪਾਸੇ ਉਪਰੋਕਤ ਤੋਂ ਉਲਟ ਇਹ ਦਾਵਾ ਵੀ ਪੇਸ਼ ਕੀਤਾ ਜਾਂਦਾ ਹੈ ਕਿ ਇਹ ਸਹੀ ਨਹੀਂ ਕਿ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਲਗ-ਭਗ ਦੋ ਦਹਾਕੇ ਦਾ ਸਮਾਂ ਉੱਪਰ ਦਰਸਾਏ ਗੁਰਦੁਆਰੇ ਵਾਲੇ ਸਥਾਨ ਉੱਤੇ ਗੁਜ਼ਾਰਿਆ ਸੀ ਅਤੇ ਇਹ ਵੀ ਸਹੀ ਨਹੀਂ ਕਿ ਉਹਨਾਂ ਨੇ ਸੰਨ 1539 ਈਸਵੀ ਵਿਚ ਆਪਣੇ ਅੰਤਿਮ ਸਵਾਸ ਏਸੇ ਸਥਾਨ ਉੱਤੇ ਲਏ ਸਨ। ਇਹਨਾਂ ਵਿਪਰੀਤ ਦਿਸ਼ਾਵਾਂ ਵੱਲ ਜਾਂਦੇ ਦੋ ਦਾਵਿਆਂ ਦੀ ਸਚਾਈ ਜਾਨਣ ਹਿਤ ਏਥੇ ਅਸੀਂ ਕੁਝ ਸਰੋਤਾਂ ਤੋਂ ਮਿਲਦੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕਰਦੇ ਹਾਂ।

ਉੱਪਰ ਦਰਸਾਈ ਸਥਿਤੀ ਸਬੰਧੀ ਕਾਫੀ ਮਹੱਤਵਪੂਰਨ ਜਾਣਕਾਰੀ ਭਾਈ ਕਾਹਨ ਸਿੰਘ ਨਾਭਾ ਵੱਲੋਂ 1925 ਈਸਵੀ ਦੇ ਲਗ-ਭਗ ਮੁਕੰਮਲ ਕੀਤੇ ਗਏ ‘ਮਹਾਨ ਕੋਸ਼’ ਵਿੱਚੋਂ ਮਿਲਦੀ ਹੈ। ‘ਮਹਾਨ ਕੋਸ਼’ ਵਿਚ ਦੋ ਵੱਖ-ਵੱਖ ਐਂਟਰੀਆਂ ਕੀਤੀਆਂ ਮਿਲਦੀਆਂ ਹਨ: ਇਕ ‘ਕਰਤਾਰਪੁਰ’ ਦੇ ਸਿਰਲੇਖ ਥੱਲੇ ਅਤੇ ਦੂਸਰੀ ‘ਦੇਹਰਾ ਬਾਬਾ ਨਾਨਕ’ ਦੇ ਸਿਰਲੇਖ ਥੱਲੇ। ‘ਕਰਤਾਰਪੁਰ’ ਸਬੰਧੀ ਭਾਈ ਨਾਭਾ ਵੱਲੋਂ ਦਰਜ ਕੀਤੀ ਗਈ ਜਾਣਕਾਰੀ ਵਿੱਚੋਂ ਨਿਕਲਦੇ ਹੇਠਾਂ ਦਿੱਤੇ ਤੱਥ ਵਰਨਣਯੋਗ ਹਨ:

1.ਕਰਤਾਰਪੁਰ ਜ਼ਿਲਾ ਗੁਰਦਾਸਪੁਰ ਵਿਚ ਗੁਰੂ ਨਾਨਕ ਜੀ ਦਾ ਸੰਮਤ 1561 (1504 ਈਸਵੀ)ਵਿਚ ਵਸਾਇਆ ਗਿਆ ਇਕ ਨਗਰ ਸੀ।

2.ਇਸ ਨਗਰ ਨੂੰ ਵਸਾਉਣ ਅਤੇ ੳਤੇ ੲਸ ਦਾ ਵਿਕਾਸ ਕਰਨ ਵਿਚ ਗੁਰੂ ਨਾਨਕ ਜੀ ਦੇ ਦੋ ਪੈਰੋਕਾਰਾਂ ਭਾਈ ਦੋਦਾ ਅਤੇ ਭਾਈ ਦੁਨੀ ਚੰਦ ਕਰੋੜੀਏ ਦਾ ਵੱਡਾ ਯੋਗਦਾਨ ਸੀ।

3.ਇਸ ਨਗਰ ਵਿਚ ਗੁਰੂ ਜੀ ਨੇ ਸੰਮਤ 1589 (1532 ਈਸਵੀ) ਵਿਚ ਰਿਹਾਇਸ਼ ਲਿਆਂਦੀ।

4.ਇਸ ਨਗਰ ਵਿਚ ਗੁਰੂ ਜੀ ਨੇ ਇਕ ਧਰਮਸਾਲਾ ਵੀ ਕਾਇਮ ਕੀਤੀ ਸੀ।

5.ਏਸੇ ਨਗਰ ਵਿਚ ਗੁਰੂ ਜੀ ਨੇ ਸੰਮਤ 1596 (1539 ਈਸਵੀ) ਵਿਚ ਆਪਣੀ ਦੇਹ ਤਿਆਗੀ ਸੀ।

6.ਕਰਤਾਰਪੁਰ ਨੂੰ ਬਹੁਤ ਪਹਿਲਾਂ ਰਾਵੀ ਦਰਿਆ ਨੇ ਆਪਣੇ ਵਿਚ ਲੀਨ ਕਰ ਲਿਆ ਸੀ।

7.ਹੁਣ ਜੋ ਨਗਰ ‘ਦੇਹਰਾ ਬਾਬਾ ਨਾਨਕ’ ਵੱਸਿਆ ਹੋਇਆ ਹੈ ਉਹ ਗੁਰੂ ਨਾਨਕ ਜੀ ਦੇ ਸਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੇ ਕਰਤਾਰਪੁਰ ਵਾਲੀ ਜਗਹ ਉੱਤੇ ਵਸਾਇਆ ਸੀ।

8.ਧਰਮਸਾਲਾ ਅਤੇ ਗੁਰੂ ਜੀ ਦਾ ਦੇਹਰਾ ਏਸੇ ਸਥਾਨ ਉੱਤੇ ਮੌਜੂਦ ਸਨ ਜੋ ਕਿਸੇ ਸਮੇਂ ਰਾਵੀ ਦਰਿਆ ਦੇ ਹੜ੍ਹ ਵਿਚ ਅਲੋਪ ਹੋਣ ਤੋਂ ਮਗਰੋਂ ਮੁੜ ਤੋਂ ਉਸਾਰੇ ਗਏ ਸਨ।

ਉੱਪਰ ਦਿੱਤੇ ਨੁਕਤਿਆਂ ਤੋਂ ਜ਼ਾਹਰ ਹੈ ਕਿ ਭਾਈ ਕਾਹਨ ਸਿੰਘ ਨਾਭਾ ਇਸ ਬਾਰੇ ਚੁੱਪ ਹੈ ਕਿ ਮੁੱਢ ਵਿਚ ਕਰਤਾਰਪੁਰ ਦਰਿਆ ਰਾਵੀ ਦੇ ਕਿਹੜੇ ਕੰਢੇ ਦੇ ਉੱਪਰ ਵਸਾਇਆ ਗਿਆ ਸੀ ਭਾਵੇਂ ਕਿ ਏਥੋਂ ਇਹ ਇਸ਼ਾਰਾ ਮਿਲ ਜਾਂਦਾ ਹੈ ਕਿ ਉਹ ਇਸ ਨਗਰ ਦਾ ਦਰਿਆ ਰਾਵੀ ਦੇ ਏਧਰਲੇ ਪਾਸੇ ਭਾਵ ਦੱਖਣ ਵੱਲ ਸਥਿਤ ਹੋਣਾ ਮੰਨ ਕੇ ਚੱਲ ਰਿਹਾ ਹੈ। ਭਾਈ ਕਾਹਨ ਸਿੰਘ ਨਾਭਾ ਇਸ ਬਾਰੇ ਵੀ ਚੁੱਪ ਹੈ ਕਿ ਗੁਰੂ ਜੀ ਦੇ ਕਰਤਾਰਪੁਰ ਵਿਚਲੇ ਘਰ ਦੀ ਇਮਾਰਤ ਦਾ ਕੀ ਬਣਿਆਂ। ਪਰੰਤੂ ਇਹ ਸਪਸ਼ਟ ਹੀ ਹੈ ਕਿ ਗੁਰੂ ਜੀ ਅਤੇ ਉਹਨਾਂ ਦੇ ਸ਼ਰਧਾਲੂਆਂ ਦੀ ਰਿਹਾਇਸ਼ ਦੇ ਮਕਾਨ ਵੀ ਉੱਪਰ ਦਰਸਾਏ ਰਾਵੀ ਦੇ ਹੜ੍ਹ ਦੀ ਮਾਰ ਹੇਠਾਂ ਆ ਕੇ ਅਲੋਪ ਹੋ ਗਏ ਹੋਣਗੇ।

ਦੂਸਰੇ ਪਾਸੇ ‘ਮਹਾਨ ਕੋਸ਼’ ਵਿਚਲੀ ‘ਦੇਹਰਾ ਬਾਬਾ ਨਾਨਕ’ ਵਾਲੀ ਐਂਟਰੀ ਰਾਹੀਂ ਭਾਈ ਕਾਹਨ ਸਿੰਘ ਨਾਭਾ ਵੱਲੋਂ ਦਰਜ ਕੀਤੀ ਗਈ ਜਾਣਕਾਰੀ ਵਿੱਚੋਂ ਹੇਠਾਂ ਦਿੱਤੇ ਤੱਥ ਉਜਾਗਰ ਹੁੰਦੇ ਹਨ:

1.‘ਦੇਹਰਾ ਬਾਬਾ ਨਾਨਕ’ ਜ਼ਿਲਾ ਗੁਰਦਾਸਪੁਰ ਵਿਚ ਅੰਮ੍ਰਿਤਸਰ ਤੋਂ 34 ਮੀਲ ਅਤੇ ਗੁਰਦਾਸਪੁਰ ਤੋਂ 21 ਮੀਲ ਦੇ ਫਾਸਲੇ ਉੱਤੇ ਸਥਿਤ ਹੈ।

2.ਇਹ ਨਗਰ ਰਾਵੀ ਦਰਿਆ ਦੇ ਦੱਖਣੀ ਕਿਨਾਰੇ ਉੱਤੇ ਵੱਸਿਆ ਹੋਇਆ ਹੈ।

3.ਇਹ ਨਗਰ ਪਹਿਲਾਂ ‘ਕਰਤਾਰਪੁਰ’ ਦੇ ਨਾਮ ਤੋਂ ਪ੍ਰਸਿੱਧ ਸੀ।

4.ਇਹ ਉਹ ਨਗਰ ਹੈ ਜਿਸ ਦੇ ਸਥਾਨ ਉੱਤੇ ਗੁਰੂ ਨਾਨਕ ਜੀ ਨੇ ਆਪਣੀ ਦੇਹ ਤਿਆਗੀ ਸੀ।

5.ਇਸ ਸਥਾਨ ਉੱਤੇ ਗੁਰੂ ਜੀ ਦੀ ਸਮਾਧੀ ਬਣਾਈ ਗਈ ਸੀ ਭਾਵੇਂ ਕਿ ਇਹ ਸਮਾਧੀ ਗੁਰੂ ਜੀ ਦੀ ਵਿਚਾਰਧਾਰਾ ਦੇ ਉਲਟ ਬਣਾਈ ਗਈ ਸੀ (‘ਸਮਾਧੀ’ ਨੂੰ ‘ਦੇਹਰਾ’ ਜਾਂ ‘ਡੇਹਰਾ’ ਵੀ ਕਿਹਾ ਜਾਂਦਾ ਹੈ)।

6.ਇਹ ਸਮਾਧੀ ਨਗਰ ਸਮੇਤ ਦਰਿਆ ਰਾਵੀ ਵਿਚ ਕਿਸੇ ਸਮੇਂ ਆਏ ਹੜ੍ਹ ਦੀ ਮਾਰ ਹੇਠ ਅਲੋਪ ਹੋ ਗਈ ਸੀ।

7.ਬਾਬਾ ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਨੇ ਇਸ ਸਥਾਨ ਉੱਤੇ ਨਵੀਂ ਬਸਤੀ ਆਬਾਦ ਕੀਤੀ ਸੀ।

8.ਇਸ ਨਵੀਂ ਬਸਤੀ ਦਾ ਨਾਮ ‘ਦੇਹਰਾ ਬਾਬਾ ਨਾਨਕ’ ਰੱਖਿਆ ਗਿਆ ਸੀ।

9.ਇਸ ਨਵੀਂ ਬਸਤੀ ਵਿਚ ਗੁਰੂ ਨਾਨਕ ਜੀ ਦੀ ਸਮਾਧੀ ਨਵੇਂ ਸਿਰੇ ਤੋਂ ਬਣਾਈ ਗਈ ਸੀ।

ਉੱਪਰ ਦਿੱਤੇ ਨੁਕਤਿਆਂ ਤੋਂ ਸਪਸ਼ਟ ਹੈ ਕਿ ਭਾਈ ਕਾਹਨ ਸਿੰਘ ਨਾਭਾ ਗੁਰੂ ਨਾਨਕ ਜੀ ਦੇ ਵੇਲੇ ਦੀ ਧਰਮਸਾਲਾ ਦੀ ਮੁੜ-ਉਸਾਰੀ ਬਾਰੇ ਚੁੱਪ ਹੈ। ਇਹ ਵੀ ਸਪਸ਼ਟ ਹੈ ਕਿ ਗੁਰੂ ਜੀ ਅਤੇ ਹੋਰਨਾਂ ਸ਼ਰਧਾਲੂਆਂ ਦੀ ਰਿਹਾਇਸ਼ ਦੀਆਂ ਪੁਰਾਣੀਆਂ ਇਮਾਰਤਾਂ ਵੀ ਹੜ੍ਹ ਦੀ ਮਾਰ ਹੇਠ ਆ ਕੇ ਅਲੋਪ ਹੋ ਗਈਆਂ ਹੋਣਗੀਆਂ। ਭਾਈ ਕਾਹਨ ਸਿੰਘ ਨਾਭਾ ਨੇ ਰਾਵਿਓਂ ਪਾਰ ’ਦਰਬਾਰ ਸਾਹਿਬ ਕਰਤਾਰਪੁਰ’ ਨਾਮੀ ਕਿਸੇ ਗੁਰਦੁਆਰੇ ਦੇ ਹੋਣ ਦਾ ‘ਮਹਾਨ ਕੋਸ਼’ ਵਿਚ ਜ਼ਿਕਰ ਨਹੀਂ ਕੀਤਾ ਜਿਸ ਦਾ ਅਰਥ ਇਹ ਬਣਦਾ ਹੈ ਕਿ ਭਾਈ ਕਾਹਨ ਸਿੰਘ ਵੱਲੋਂ ‘ਮਹਾਨ ਕੋਸ਼’ ਤਿਆਰ ਕੀਤੇ ਜਾਣ ਦੇ ਸਮੇਂ ਤਕ ਡੇਹਰਾ ਬਾਬਾ ਨਾਨਕ ਤੋਂ ਰਾਵੀ ਦਰਿਆ ਦੇ ਪਾਰਲੇ ਪਾਸੇ ਨਜ਼ਰ ਆਉਂਦਾ ‘ਦਰਬਾਰ ਸਾਹਿਬ ਕਰਤਾਰ ਪੁਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਗੁਰਦੁਆਰਾ ਹੋਂਦ ਵਿਚ ਨਹੀਂ ਸੀ ਆਇਆ। ਉਂਜ ਭਾਈ ਕਾਹਨ ਸਿੰਘ ਨਾਭਾ ਦਾ ਕਰਤਾਰਪੁਰ ਦੇ ਰਾਵੀ ਦਰਿਆ ਦੇ ਦੱਖਣੀ ਕੰਢੇ ਉੱਤੇ ਵਸਾਏ ਜਾਣ ਵੱਲ ਇਸ਼ਾਰਾ ਭਰੋਸੇਯੋਗ ਨਹੀਂ ਜਾਪਦਾ। ਦੇਹਰਾ ਬਾਬਾ ਨਾਨਕ ਦੇ ਵਸਉਣ ਬਾਰੇ ਵੀ ਉਹ ਇਕ ਵਾਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਦੇ ਨਾਂ ਲੈਂਦਾ ਹੈ ਅਤੇ ਦੂਸਰੀ ਵਾਰ ਬਾਬਾ ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਦਾ ਨਾਂ ਵਰਤਦਾ ਹੈ।

ਭਾਈ ਇੰਦ੍ਰ ਸਿੰਘ ਮਸਕੀਨ ਨੇ ਆਪਣੀ ਪੁਸਤਕ ‘ਗੁਰ ਅਸਥਾਨ ਦਰਸ਼ਨ’ ਵਿਚ ਇਸ ਸਥਾਨ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਦਰਜ ਕੀਤੀ ਹੈ:

ਪੰਨਾਂ 67

ਡੇਰਾ ਬਾਬਾ ਨਾਨਕ

"ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਵਿਚ ਬੜਾ ਸੁੰਦਰ ਗੁਰਦੁਆਰਾ ਹੈ, ਇਥੇ ਗੁਰੂ ਜੀ ਦਾ ਚੋਲਾ ਹੈ ਜਿਸ ਪਰ ਬਹੁਤ ਕੁਝ ਲਿਖਿਆ ਹੋਇਆ ਹੈ। ਸਤਿਨਾਮ ਦਾ ਉਪਦੇਸ਼ ਤੇ ਤਪ ਇਥੇ ਕਰਦੇ ਰਹੇ ਹਨ। ............."

ਕਰਤਾਰਪੁਰ

"ਦਰਿਆਇ ਰਾਵੀ ਦੇ ਕੰਢੇ ਡੇਰਾ ਬਾਬਾ ਨਾਨਕ ਤੋਂ ਤਿੰਨ ਮੀਲ ਗੁਰੂ ਨਾਨਕ ਜੀ ਦਾ ਵਸਾਇਆ ਹੋਇਆ ਨਗਰ ਹੈ ਇਥੇ ਗੁਰੂ ਨਾਨਕ ਜੀ ਨੇ ਵਾਹੀ ਕੀਤੀ, ਮੁੜ ਗ੍ਰਿਸਤ ਧਾਰਨ ਕੀਤਾ ਤੇ ਅੰਤ ਜੋਤੀ ਜੋਤ ਸਮਾਏ। ............."

ਪੱਖੋਕੇ

"ਡੇਰਾ ਬਾਬਾ ਨਾਨਕ ਤੋਂ ਤਿੰਨ ਕੋਹ ਰਾਵੀ ਦੇ ਪਾਰਲੇ ਕੰਢੇ ਪੱਛਮ ਉਤਰ ਵਲ ਗੁਰਦਵਾਰਾ ਹੈ। ਗੁਰੂ ਨਾਨਕ ਦੇਵ ਜੀ ਦੇ ਸਹੁਰੇ ਇਥੇ ਰਹਿੰਦੇ ਸਨ।"

ਉੱਪਰ ਦਿੱਤੀ ਜਾਣਕਾਰੀ ਰਾਹੀਂ ਭਾਈ ਇੰਦ੍ਰ ਸਿੰਘ ਮਸਕੀਨ ਕਰਤਾਰਪੁਰ ਦਾ ਸਥਾਨ ਰਾਵੀ ਤੋਂ ਪਾਰ ਦਰਸਾਉਂਦਾ ਜਾਪਦਾ ਹੈ ਭਾਵੇਂ ਕਿ ਅਜੋਕੇ ਸਮੇਂ ਵਿਚ ਦੇਹਰਾ ਬਾਬਾ ਨਾਨਕ ਤੋਂ ਤਿੰਨ ਕਿਲੋਮੀਟਰ ਦੂਰ ਰਾਵੀ ਦੇ ਉਰਲੇ ਜਾਂ ਪਰਲੇ ਪਾਸੇ ਕੋਈ ਕਰਤਾਰਪੁਰ ਨਾਮ ਦਾ ਵੱਖਰਾ ਨਗਰ ਮੌਜੂਦ ਨਹੀਂ। ਉਸ ਦਾ ਦੇਹਰਾ ਬਾਬਾ ਨਾਨਕ ਸਬੰਧੀ ਇਹ ਕਥਨ ਕਿ "ਗੁਰੂ ਨਾਨਕ ਜੀ ਸਤਿਨਾਮ ਦਾ ਉਪਦੇਸ਼ ਤੇ ਤਪ ਇਥੇ ਕਰਦੇ ਰਹੇ ਹਨ" ਭੰਬਲਭੂਸਾ ਪੈਦਾ ਕਰਨ ਵਾਲਾ ਹੈ ਕਿਉਂਕਿ ਨਾਲ ਹੀ ਉਹ ਕਰਤਾਰਪੁਰ ਨੂੰ ਵੱਖਰਾ ਸਥਾਨ ਦਰਸਾਉਂਦੇ ਹੋਏ ਕਹਿੰਦਾ ਹੈ ਕਿ "ਇਥੇ ਗੁਰੂ ਨਾਨਕ ਜੀ ਨੇ ਵਾਹੀ ਕੀਤੀ, ਮੁੜ ਗ੍ਰਿਸਤ ਧਾਰਨ ਕੀਤਾ ਤੇ ਅੰਤ ਜੋਤੀ ਜੋਤ ਸਮਾਏ" ਜਦੋਂ ਕਿ ਉਸ ਵਕਤ ਦੇਹਰਾ ਬਾਬਾ ਨਾਨਕ ਵਾਲੇ ਨਾਮ ਦਾ ਕੋਈ ਵੱਖਰਾ ਸਥਾਨ ਮੌਜੂਦ ਨਹੀਂ ਸੀ।

ਭਾਈ ਇੰਦ੍ਰ ਸਿੰਘ ਮਸਕੀਨ ਡੇਹਰਾ ਬਾਬਾ ਨਾਨਕ ਤੋਂ ਅਜੋਕੇ ਸਮੇਂ ਵਿਚ ਦਰਿਆ ਰਾਵੀ ਦੇ ਦੂਸਰੇ ਪਾਸੇ ਨਜ਼ਰ ਆਉਂਦੇ ਕਿਸੇ ਗੁਰਦੁਆਰੇ ਦਾ ਕੋਈ ਜ਼ਿਕਰ ਨਹੀਂ ਕਰਦਾ। ਉਸ ਦੀ ਵਿਚਾਰ-ਅਧੀਨ ਪੁਸਤਕ ਕਾਫੀ ਪੁਰਾਣੀ ਹੈ ਅਤੇ ਇਸ ਦੇ ਉੱਤੇ ਇਸ ਦੇ ਤਿਆਰ ਹੋਣ ਦਾ ਸਮਾਂ ਅੰਕਿਤ ਨਹੀਂ ਕੀਤਾ ਹੋਇਆ। ਸਪਸ਼ਟ ਹੈ ਕਿ ਭਾਈ ਕਾਹਨ ਸਿੰਘ ਨਾਭਾ ਦੇ ‘ਮਹਾਨ ਕੋਸ਼’ ਵਾਂਗ ਇਸ ਪੁਸਤਕ ਦੇ ਤਿਆਰ ਹੋਣ ਦੇ ਸਮੇਂ ਤਕ ਰਾਵੀ ਤੋਂ ਪਾਰ ‘ਦਰਬਾਰ ਸਾਹਿਬ ਕਰਤਾਰਪੁਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਗੁਰਦੁਆਰਾ ਹੋਂਦ ਵਿਚ ਨਹੀਂ ਸੀ ਆਇਆ।

ਭਾਈ ਗਯਾਨ ਸਿੰਘ ਗਯਾਨੀ ਨੇ ਆਪਣੀ ਪੁਸਤਕ ‘ਤਵਾਰੀਖ ਗੁਰਦੁਵਾਰਿਆਂ’ ਵਿਚ ਵਿਚਾਰ-ਅਧੀਨ ਸਥਾਨ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਦਰਜ ਕੀਤੀ ਹੈ:

ਪੰਨਾਂ 19

ਕਰਤਾਰਪੁਰ

‘ਇਹ ਕਸਬਾ ਅੰਮ੍ਰਿਤਸਰ ਤੋਂ 21 ਕੋਹ ਉਤਰ ਵਾਲੇ ਪਾਸੇ ਰਾਵੀ ਨਦੀ ਦੇ ਪਾਰ ਹੈ। ਇਸ ਜਗਹ ਧਰਮਸਾਲਾ ਹੈ ਜਿਸ ਤੇ ਵਸਾਖੀ ਨੂੰ ਮੇਲਾ ਲਗਦਾ ਹੈ ਤੇ ਹੋਲੀ ਨੂੰ ਭੀ ਮੇਲਾ ਹੁੰਦਾ ਹੈ। ਇੱਥੋਂ ਦੇ ਪੁਜਾਰੀ ਉਦਾਸੀ ਹਨ ਗੁਰੂ ਜੀ ਨੇ ਕਰਤਾਰਪੁਰ ਆਪ ਵਸਾਇਆ ਸੀ ਤੇ ਉਸ ਦੇ ਵਿਚ ਧਰਮਸਾਲਾ ਬਣਵਾਈ। ਉਸ ਦੇ ਵਿਚ ਅਪਨਾ ਸਾਰਾ ਪਰਵਾਰ ਵਸਾਇਆ। ਡੇਹਰਾ ਵੀ ਪਹਿਲਾਂ ਇਥੇ ਹੀ ਬਣਿਆਂ ਸੀ ਜਦੋਂ ਰਾਵੀ ਦੇ ਹੜ ਨਾਲ ਕਰਤਾਰਪੁਰ ਰੁੜ੍ਹ ਗਿਆ ਤਦ ਤੋਂ ਗੁਰੂ ਜੀ ਦੇ ਅੰਗੀਠੇ (ਚਿਖਾ) ਦੀ ਭਸਮ ਵਾਲੀ ਗਾਗਰ ਹੇਠ ਰੱਖੀ ਤੇ ਫੇਰ ਗੁਰੂ ਜੀ ਦਾ ਡੇਹਰਾ ਸ੍ਰੀ ਚੰਦ ਜੀ ਦੇ ਸਮੇਂ ਰਾਵੀ ਦੇ ਉਰਲੇ ਪਾਸੇ ਬਣਿਆ।‘

ਪੱਖੋਕੇ

ਡੇਹਰੇ ਤੋਂ ਤਿੰਨ ਕੋਹ ਰਾਵੀ ਦੇ ਪਰਲੇ ਕਿਨਾਰੇ ਪੱਛਮ ਤੇ ਉਤਰ ਦੀ ਵਲ ਹੈ।

ਭਾਈ ਗਯਾਨ ਸਿੰਘ ਗਯਾਨੀ ਸਪਸ਼ਟ ਤੌਰ ਤੇ ਕਰਤਾਰਪੁਰ ਦਾ ਸਥਾਨ ਰਾਵੀ ਤੋਂ ਪਾਰ ਦਰਸਾ ਰਿਹਾ ਹੈ ਭਾਵੇਂ ਕਿ ਅਜੋਕੇ ਸਮੇਂ ਵਿਚ ਅੰਮ੍ਰਿਤਸਰ ਤੋਂ 21 ਕੋਹ (ਲਗ-ਭਗ ਤੀਹ ਮੀਲ ਭਾਵ 45 ਕਿਲੋਮੀਟਰ) ਦੀ ਦੂਰੀ ਉੱਤੇ ਰਾਵੀ ਦੇ ਉਰਲੇ ਜਾਂ ਪਰਲੇ ਪਾਸੇ ਕਰਤਾਰਪੁਰ ਨਾਮ ਦਾ ਕੋਈ ਨਗਰ ਮੌਜੂਦ ਨਹੀਂ। ਉਹ ਕਰਤਾਰਪੁਰ ਦੇ ਰਾਵੀ ਦਰਿਆ ਦੇ ਹੜ ਵਿਚ ਰੁੜ੍ਹ ਜਾਣ ਦੀ ਗੱਲ ਤਾਂ ਕਰਦਾ ਹੈ ਪਰੰਤੂ ਗੁਰੂ ਜੀ ਦੇ ਦੇਹਰੇ (ਭਾਵ ਸਮਾਧੀ) ਦਾ ਦੁਬਾਰਾ ਰਾਵੀ ਦੇ ਉਰਲੇ ਪਾਸੇ ਬਣਾਏ ਜਾਣ ਦਾ ਜ਼ਿਕਰ ਕਰਦੇ ਹੋਏ ਉਹ ਕਰਤਾਰਪੁਰ ਵਾਲੀ ਜਗਹ ਉੱਤੇ ‘ਡੇਹਰਾ ਬਾਬਾ ਨਾਨਕ’ ਵਸਾਏ ਜਾਣ ਦੀ ਗੱਲ ਨੂੰ ਕੇਵਲ ਅਸਿੱਧੇ ਢੰਗ ਨਾਲ ਹੀ ਪੇਸ਼ ਕਰਦਾ ਹੈ।

ਭਾਈ ਕਾਹਨ ਸਿੰਘ ਨਾਭਾ ਅਤੇ ਭਾਈ ਇੰਦ੍ਰ ਸਿੰਘ ਮਸਕੀਨ ਵਾਂਗ ਹੀ ਭਾਈ ਗਯਾਨ ਸਿੰਘ ਗਯਾਨੀ ਡੇਹਰਾ ਬਾਬਾ ਨਾਨਕ ਤੋਂ ਅਜੋਕੇ ਸਮੇਂ ਵਿਚ ਦਰਿਆ ਰਾਵੀ ਦੇ ਦੂਸਰੇ ਪਾਸੇ ਨਜ਼ਰ ਆਉਂਦੇ ਗੁਰਦੁਆਰੇ ਦਾ ਕੋਈ ਜ਼ਿਕਰ ਨਹੀਂ ਕਰਦਾ। ਉਸ ਦੀ ਪੁਸਤਕ ਵੀ ਕਾਫੀ ਪੁਰਾਣੀ ਹੈ ਅਤੇ ਇਸ ਦੇ ਉੱਤੇ ਵੀ ਇਸ ਦੇ ਤਿਆਰ ਹੋਣ ਦਾ ਸਮਾਂ ਅੰਕਿਤ ਨਹੀਂ ਕੀਤਾ ਹੋਇਆ। ਸਪਸ਼ਟ ਹੈ ਕਿ ਇਸ ਪੁਸਤਕ ਦੇ ਤਿਆਰ ਹੋਣ ਦੇ ਸਮੇਂ ਤਕ ਰਾਵੀ ਤੋਂ ਪਾਰ ‘ਦਰਬਾਰ ਸਾਹਿਬ ਕਰਤਾਰ ਪੁਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਗੁਰਦੁਆਰਾ ਅਜੇ ਹੋਂਦ ਵਿਚ ਨਹੀਂ ਸੀ ਆਇਆ।

ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਦੁਆਰਾ ਰਚਿਤ ਪੁਸਤਕ ‘ਸਿੱਖ ਇਤਿਹਾਸ’ ਵਿਚ ‘ਕਰਤਾਰਪੁਰ’ ਸਬੰਧੀ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਪੰਨਾਂ 9

"ਹੁਣ ਗੁਰੂ ਜੀ ਨੇ ਪੰਜਾਬ ਤੋਂ ਬਾਹਰ ਇਕ ਹੋਰ ਲੰਮੀ ਉਦਾਸੀ ਤੇ ਜਾਣ ਦਾ ਵਿਚਾਰ ਬਣਾਇਆ ਪਰ ਜਾਣ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਲਈ, ਜਿਹੜਾ ਉਨ੍ਹਾਂ ਦੇ ਸਹੁਰੇ ਦੇ ਨਾਲ ਪਖੋਕੇ ਪਿੰਡ ਵਿਚ ਰਹਿ ਰਿਹਾ ਸੀ, ਇਕ ਘਰ ਦਾ ਪ੍ਰਬੰਧ ਕਰਨਾ ਚਾਹੁੰਦੇ ਸਨ। ਰਾਵੀ ਦਰਿਆ ਦੇ ਸੱਜੇ ਕੰਢੇ ਉੱਤੇ ਪਖੋਕੇ ਤੋਂ ਬਿਲਕੁਲ ਸਾਹਮਣੇ ਉਨ੍ਹਾਂ ਇਕ ਨਵੇਂ ਨਗਰ ਦੀ ਨੀਂਹ ਰਖੀ। ਇਹ ਥਾਂ ਉਨ੍ਹਾਂ ਦੇ ਇਕ ਲਹੌਰ ਨਿਵਾਸੀ ਚੇਲੇ ਕਰੋੜੀ ਨੇ ਭੇਟ ਕੀਤੀ ਸੀ। ਇਸ ਥਾਂ ਦਾ ਨਾਂ ਕਰਤਾਰਪੁਰ ਅਰਥਾਤ ਕਰਤਾਰ (ਵਾਹਿਗੁਰੂ) ਦਾ ਨਗਰ ਰਖਿਆ ਗਿਆ।"

ਏਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਆਪਣੀ ਪੁਸਤਕ ਵਿਚ ਗੁਰੂ ਨਾਨਕ ਜੀ ਦੁਆਰਾ ਵਸਾਏ ਗਏ ਨਗਰ ਦਾ ਸਥਾਨ ਰਾਵੀ ਦੇ ਸੱਜੇ ਕੰਢੇ ਉੱਤੇ (ਭਾਵ ਰਾਵੀ ਦਰਿਆ ਦੇ ਪਾਰਲੇ ਪਾਸੇ) ਦਰਸਾਉਂਦੇ ਹਨ ਪਰੰਤੂ ਉਹ ਕਰਤਾਰਪੁਰ ਦੇ ਰਾਵੀ ਦੇ ਹੜ੍ਹ ਵਿਚ ਅਲੋਪ ਹੋ ਜਾਣ ਜਾਂ ਉਸ ਦੀ ਜਗਹ ਉੱਤੇ ਇਕ ਨਵੇਂ ਨਗਰ ‘ਡੇਹਰਾ ਬਾਬਾ ਨਾਨਕ’ ਵਸਾਏ ਜਾਣ ਬਾਰੇ ਚੁੱਪ ਹਨ।

ਸੋਹਣ ਸਿੰਘ ਸੀਤਲ ਨੇ ਆਪਣੀ ਪੁਸਤਕ ‘ਮਨੁੱਖਤਾ ਦੇ ਗੁਰੂ: ਗੁਰੂ ਨਾਨਕ ਦੇਵ ਜੀ’ ਵਿਚ ਕਰਤਾਰਪੁਰ ਦੇ ਬਾਰੇ ਜ਼ਿਕਰ ਕੀਤਾ ਹੈ ਜੋ ਹੇਠਾਂ ਦਿੱਤੇ ਅਨੁਸਾਰ ਹੈ:

ਪੰਨਾਂ 75

" ਦੋਦੇ ਨੇ ਜ਼ਮੀਨ ਦਿਤੀ ਤੇ ਕਰੋੜੀਏ ਨੇ ਧਨ ਖਰਚ ਕੀਤਾ। ਗੁਰਦੇਵ ਨੇ ਆਪਣੇ ਹੱਥੀਂ ‘ਕਰਤਾਰਪੁਰ ਦੀ ਨੀਂਹ ਧਰੀ। ਇਕ ਧਰਮਸਾਲਾ ਤੇ ਲਾਗੇ ਵੱਸਣ ਜੋਗੇ ਮਕਾਨ ਬਣ ਗਏ ................ਕੁਝ ਹੋਰ ਸ਼ਰਧਾਲੂ ਵੀ ਓਥੇ ਆ ਵੱਸੇ। ਦੋਦੇ ਨੇ ਉਦਾਲੇ ਦੀ ਬਹੁਤ ਸਾਰੀ ਜ਼ਮੀਨ ਵੀ ਗੁਰੂ ਜੀ ਨੂੰ ਅਰਪਣ ਕਰ ਦਿਤੀ ਸੀ।"

ਸੋਹਣ ਸਿੰਘ ਸੀਤਲ ਨੇ ਇਸ ਪੁਸਤਕ ਵਿਚ ਗੁਰੂ ਜੀ ਦੇ 1539 ਈਸਵੀ ਵਿਚ ਦੇਹ ਤਿਆਗਣ ਪਿੱਛੋਂ ਏਸੇ ਸਥਾਨ ਉੱਤੇ ਸ਼ਰਧਾਲੂਆਂ ਵੱਲੋਂ ਬਣਾਈ ਗਈ ਸਮਾਧ ਅਤੇ ਕਬਰ ਦੋਵ੍ਹਾਂ ਦੇ ਦਰਿਆ ਰਾਵੀ ਵਿਚ ਆਏ ਹੜ੍ਹ ਕਾਰਨ ਰੁੜ੍ਹ ਜਾਣ ਦਾ ਵੀ ਜ਼ਿਕਰ ਕੀਤਾ ਹੈ ਪਰੰਤੂ ਉਹ ਧਰਮਸਾਲਾ ਅਤੇ ਹੋਰ ਇਮਾਰਤਾਂ ਦੀ ਸਥਿਤੀ ਬਾਰੇ ਜਾਂ ਨਗਰ ਦੇ ਮੁੜ ਵਸਾਏ ਜਾਣ ਬਾਰੇ ਚੁਪ ਹੈ।

ਇੰਟਰਨੈਟ ਰਾਹੀਂ ‘ਵਿਕੀਪੀਡੀਆ’ ਤੋਂ ਮਿਲਦੀ ਜਾਣਕਾਰੀ ਅਨੁਸਾਰ ਡੇਹਰਾ ਬਾਬਾ ਨਾਨਕ ਤੋਂ ਨਜ਼ਰ ਆਉਣ ਵਾਲਾ ਰਾਵੀ ਦੇ ਪਾਰਲੇ ਪਾਸੇ ਪਾਕਿਸਤਾਨ ਦੇ ਖਿੱਤੇ ਵਿਚ ਸਥਿਤ ‘ਦਰਬਾਰ ਸਾਹਿਬ ਕਰਤਾਰਪੁਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਗੁਰਦੁਆਰਾ ਸੰਨ 1925 ਈਸਵੀ ਵਿਚ ਸਰਦਾਰ ਭੂਪਿੰਦਰ ਸਿੰਘ, ਮਹਾਰਾਜਾ ਪਟਿਆਲਾ ਵੱਲੋਂ ਇਕ ਲੱਖ ਪੈਂਤੀ ਹਜ਼ਾਰ ਦੀ ਰਕਮ ਖਰਚ ਕੇ ਬਣਵਾਇਆ ਗਿਆ ਸੀ।

ਉੱਪਰ ਪੇਸ਼ ਕੀਤੇ ਗਏ ਹਵਾਲਿਆਂ ਤੋਂ ਇਲਾਵਾ ਵਿਚਾਰ-ਅਧੀਨ ਵਿਸ਼ੇ ਸਬੰਧੀ ਜਾਣਕਾਰੀ ਦੇ ਕੁਝ ਹੋਰ ਵੀ ਸਰੋਤ ਉਪਲਭਦ ਹਨ ਪਰੰਤੂ ਉਹਨਾਂ ਵਿੱਚੋਂ ਕਿਸੇ ਵਿਚ ਵੀ ਗੁਰੂ ਨਾਨਕ ਜੀ ਵੱਲੋਂ ਵਸਾਏ ਗਏ ਨਗਰ ਕਰਤਾਰਪੁਰ ਸਬੰਧੀ ਪੂਰੀ ਤਰ੍ਹਾਂ ਸਪਸ਼ਟ ਸਥਿਤੀ ਉਭਰਕੇ ਸਾਹਮਣੇ ਨਹੀਂ ਆਉਂਦੀ। ਉੱਪਰ ਪੇਸ਼ ਕੀਤੇ ਗਏ ਹਵਾਲਿਆਂ ਦੇ ਅਧਾਰ ਤੇ ਜੋ ਸਥਿਤੀ ਉਪਜਦੀ ਹੈ ਉਸ ਅਨੁਸਾਰ ਗੁਰੂ ਨਾਨਕ ਜੀ ਵੱਲੋਂ ਨਗਰ ਕਰਤਾਰਪੁਰ ਵਸਾਏ ਜਾਣ ਵੇਲੇ ਇਸ ਦਾ ਰਕਬਾ ਦਰਿਆ ਰਾਵੀ ਦੇ ਉੱਤਰੀ ਕੰਢੇ ਉੱਤੇ ਭਾਵ ਪੱਖੋਕੇ ਵਾਲੇ ਪਾਸੇ ਪੈਂਦਾ ਸੀ। ਪਰੰਤੂ ਲਗ-ਭਗ ਪੰਜਾਹ ਸਾਲ ਬਾਦ ਰਾਵੀ ਵਿਚ ਆਏ ਭਿਆਨਕ ਹੜ੍ਹ ਵਿਚ ਇਹ ਨਗਰ ਰੁੜ੍ਹ ਗਿਆ ਅਤੇ ਨਾਲ ਹੀ ਦਰਿਆ ਰਾਵੀ ਨੇ ਆਪਣਾ ਵਹਿਣ ਬਦਲ ਲਿਆ। ਹੁਣ ਇਹ ਦਰਿਆ ਤਿੰਨ ਚਾਰ ਕਿਲੋਮੀਟਰ ਦੇ ਫਾਸਲੇ ਤੇ ਉੱਤਰ-ਪੱਛਮ ਦਿਸ਼ਾ ਵੱਲ ਖਿਸਕ ਗਿਆ। ਇਸ ਨਾਲ ਕਰਤਾਰਪੁਰ ਨਗਰ ਦਾ ਲਗ-ਭਗ 100 ਏਕੜ ਦਾ ਸਾਰਾ ਰਕਬਾ ਰਾਵੀ ਦਰਿਆ ਦੇ ਦੱਖਣ ਵਾਲੇ ਪਾਸੇ ਤੇ ਨਜ਼ਰ ਆਉਣ ਲੱਗ ਪਿਆ। ਏਸੇ ਰਕਬੇ ਉੱਤੇ ਹੀ 1600 ਈਸਵੀ ਦੇ ਲਗ-ਭਗ ਬਾਬਾ ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਨੇ ਇਸ ਨਗਰ ਨੂੰ ਮੁੜ ਤੋਂ ਅਬਾਦ ਕੀਤਾ ਪਰੰਤੂ ਇਸ ਵਕਤ ਇਸ ਨਗਰ ਦਾ ਨਾਮ ‘ਕਰਤਾਰਪੁਰ’ ਦੀ ਬਜਾਇ ‘ਡੇਹਰਾ ਬਾਬਾ ਨਾਨਕ’ ਰੱਖ ਦਿੱਤਾ ਗਿਆ ਕਿਉਂਕਿ ਇਸ ਸਥਾਨ ਉੱਤੇ ਗੁਰੂ ਨਾਨਕ ਜੀ ਦੀ ਸਮਾਧੀ ਮੁੜ ਤੋਂ ਬਣਾ ਦਿੱਤੀ ਗਈ ਸੀ ਜੋ ਅਜ ਵੀ ਕਾਇਮ ਹੈ। ਇਸ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਦਰਿਆ ਰਾਵੀ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਸਥਿਤ ਗੁਰਦੁਆਰਾ ਬਹੁਤ ਸਮਾਂ ਬਾਦ ਵਿਚ ਕਿਸੇ ਸਮੇਂ ਉਸਾਰਿਆ ਗਿਆ (ਗੁਰਦੁਆਰੇ ਉਸਾਰਨ ਦੀ ਪਰੰਪਰਾ ਉਨ੍ਹੀਵੀਂ ਸਦੀ ਈਸਵੀ ਦੇ ਅੱਧ ਤੋਂ ਪਿੱਛੋਂ ਅਰੰਭ ਹੁੰਦੀ ਹੈ)। ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਜੀ ਦੀ ਡੇਹਰਾ ਬਾਬਾ ਨਾਨਕ ਵਿਚਲੀ ਯਾਦਗਾਰ ਦੇ ਨਾਮ ਹੀ ਜਗੀਰ ਲੁਆਈ ਸੀ ਨਾ ਕਿ ਇਸ ਦੇ ਨੇੜੇ ਦਰਿਆ ਰਾਵੀ ਦੇ ਉਤਰੀ ਕੰਢੇ ਤੇ ਸਥਿਤ ਕਿਸੇ ਸਥਾਨ ਦੇ ਨਾਮ।

ਏਥੇ ਇਹ ਨੁਕਤਾ ਵਿਚਾਰਨ ਦੀ ਵੀ ਲੋੜ ਹੈ ਕਿ ਕਰਤਾਰਪੁਰ ਦੇ ਰਾਵੀ ਦੇ ਜ਼ੋਰਦਾਰ ਵਹਿਣ ਕਰਕੇ ਢਹਿ ਗਈਆਂ ਇਮਾਰਤਾਂ ਦੀਆਂ ਕੁਝ ਨਿਸ਼ਾਨੀਆਂ ਧਰਤੀ ਦੇ ਅੰਦਰ ਜਾਂ ਬਾਹਰ ਜ਼ਰੂਰ ਮੌਜੂਦ ਹੋਣਗੀਆਂ। ਅਜ ਵੀ ਵੇਖਿਆ ਜਾਵੇ ਤਾਂ ਇਸ ਰਾਵੀਓਂ ਪਾਰ ਦੇ ‘ਦਰਬਾਰ ਸਾਹਿਬ ਕਰਤਾਰਪੁਰ’ ਨਾਮੀ ਗੁਰਦੁਆਰੇ ਦੇ ਆਲੇ-ਦੁਆਲੇ ਜੰਗਲ ਜਾਂ ਖੇਤ ਹੀ ਨਜ਼ਰ ਆਉਂਦੇ ਹਨ ਅਤੇ ਏਥੇ 500 ਸਾਲ ਪਹਿਲਾਂ ਦੇ ਸਮੇਂ ਵਿਚ ਕਿਸੇ ਨਗਰ ਦੇ ਵਸੇ ਹੋਣ ਦੀ ਕੋਈ ਟੋਹ ਨਹੀਂ ਮਿਲਦੀ।

ਕਿਉਂਕਿ ਅਰੰਭ ਵਿਚ ਕਰਤਾਰਪੁਰ ਨਗਰ ਰਾਵੀ ਦੇ ਪਾਰਲੇ ਪਾਸੇ ਵਸਾਇਆ ਗਿਆ ਸੀ ਏਸੇ ਸਥਿਤੀ ਦਾ ਲਾਹਾ ਲੈਣ ਲਈ 1925 ਈਸਵੀ ਦੇ ਸਮੇਂ ‘ਦਰਬਾਰ ਸਾਹਿਬ ਕਰਤਾਰਪੁਰ’ ਨਾਮ ਦਾ ਗੁਰਦੁਆਰਾ ਰਾਵੀ ਦੇ ਪਾਰਲੇ ਪਾਸੇ ਉਸਾਰ ਦਿੱਤਾ ਗਿਆ (ਹੋ ਸਕਦਾ ਹੈ ਕਿ 1925 ਤੋਂ ਕੁਝ ਕੁ ਸਮਾਂ ਪਹਿਲਾਂ ਤੋਂ ਹੀ ਕਿਸੇ ਹੋਰ ਰੂਪ ਵਿਚ ਅਜਿਹਾ ਗੁਰਦੁਆਰਾ ਏਸੇ ਭਾਵਨਾ ਅਧੀਨ ਇਸ ਸਥਾਨ ਉੱਤੇ ਉਸਾਰ ਦਿੱਤਾ ਗਿਆ ਹੋਵੇ ਜਿਸ ਨੂੰ ਸਰਦਾਰ ਭੂਪਿੰਦਰ ਸਿੰਘ ਨੇ ਨਵਾਂ ਰੂਪ ਦੇ ਦਿੱਤਾ ਹੋਵੇ)। ਨਾਲ ਹੀ ਇਹ ਪਰਚਾਰਿਆ ਗਿਆ ਕਿ ਗੁਰੂ ਨਾਨਕ ਜੀ ਨੇ ਇਸ ਦੇ ਨੇੜੇ ਪੈਂਦੇ ਖੇਤਾਂ ਵਿਚ ਵਾਹੀ-ਖੇਤੀ ਕੀਤੀ ਸੀ ਅਤੇ ਉਹਨਾਂ ਨੇ ਆਪਣੀ ਦੇਹ ਵੀ ਏਥੇ ਹੀ ਤਿਆਗੀ ਸੀ। ਇਸ ਕਹਾਣੀ ਨੂੰ ਪਰਪੱਕ ਕਰਨ ਲਈ ਏਥੇ ਦੂਸਰੀ ਸਮਾਧ ਵੀ ਤਿਆਰ ਕਰ ਲਈ ਗਈ ਭਾਵੇਂ ਕਿ ਅਸਲੀ ਸਮਾਧ ਦੇ ਰਾਵੀ ਦੇ ਹੜ ਵਿਚ ਰੁੜ੍ਹ ਜਾਣ ਤੋਂ ਪਿੱਛੋਂ ਬਾਬਾ ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਵੱਲੋਂ ਲਗ-ਭਗ ਚਾਰ ਸੌ ਸਾਲ ਪਹਿਲਾਂ ਇਕ ਹੋਰ ਸਮਾਧ ਉਸਾਰੀ ਗਈ ਸੀ ਅਤੇ ਇਹ ਸਮਾਧ ਅਜ ਵੀ ਕਸਬਾ ਡੇਹਰਾ ਬਾਬਾ ਨਾਨਕ ਵਿਖੇ ਮੌਜੂਦ ਹੈ।

ਇਸ ਤਰ੍ਹਾਂ ਗੁਰੂ ਨਾਨਕ ਜੀ ਵੱਲੋਂ ਵਸਾਏ ਗਏ ਨਗਰ ਕਰਤਾਰਪੁਰ ਸਬੰਧੀ ਉਪਲਭਦ ਸਰੋਤਾਂ ਵਿੱਚੋਂ ਮਿਲਦੀ ਜਾਣਕਾਰੀ ਦੇ ਅਧਾਰ ਤੇ ਸਪਸ਼ਟ ਤੌਰ ਤੇ ਹੇਠਾਂ ਦਿੱਤੇ ਸਿੱਟੇ ਕੱਢੇ ਜਾ ਸਕਦੇ ਹਨ:

1.‘ਕਰਤਾਰਪੁਰ’ ਅਤੇ ‘ਦੇਹਰਾ ਬਾਬਾ ਨਾਨਕ’ ਇੱਕੋ ਹੀ ਸਥਾਨ ਉੱਤੇ ਵਸਾਏ ਗਏ ਉਹਨਾਂ ਦੋ ਨਗਰਾਂ ਦੇ ਨਾਮ ਹਨ ਜਿਹਨਾਂ ਵਿੱਚੋਂ ਪਹਿਲਾ (ਭਾਵ ਕਰਤਾਰਪੁਰ) ਰਾਵੀ ਦਰਿਆ ਵਿਚ ਕਿਸੇ ਸਮੇਂ ਆਏ ਹੜ੍ਹ ਕਾਰਨ ਅਲੋਪ ਹੋ ਗਿਆ ਸੀ ਅਤੇ ਦੂਸਰਾ (ਭਾਵ ਦੇਹਰਾ ਬਾਬਾ ਨਾਨਕ) ਓਸੇ ਹੀ ਸਥਾਨ ਉੱਤੇ ਬਾਦ ਵਿਚ ਕਿਸੇ ਸਮੇਂ ਵਸਾਇਆ ਗਿਆ ਸੀ।

2.ਇਹਨਾਂ ਦੋ ਨਗਰਾਂ ਵਿੱਚੋਂ ਪਹਿਲੇ ਭਾਵ ਕਰਤਾਰਪੁਰ ਦਾ ਸਥਾਨ ਅਰੰਭ ਵਿਚ ਦਰਿਆ ਰਾਵੀ ਦੇ ਉੱਤਰ ਵਾਲੇ ਪਾਸੇ (ਭਾਵ ਪੱਖੋਕੇ ਵੱਲ) ਪੈਂਦਾ ਸੀ। ਇਹ ਨਗਰ ਦਰਿਆ ਰਾਵੀ ਦੇ ਹੜ੍ਹ ਵਿਚ ਅਲੋਪ ਹੋ ਗਿਆ ਅਤੇ ਦਰਿਆ ਰਾਵੀ ਦਾ ਵਹਿਣ ਉੱਤਰ-ਪੱਛਮ ਵਾਲੇ ਪਾਸੇ ਖਿਸਕਣ ਮਗਰੋਂ ਕਰਤਾਰਪੁਰ ਦਾ ਸਾਰਾ ਰਕਬਾ ਦਰਿਆ ਰਾਵੀ ਦੇ ਦੱਖਣ ਵੱਲ ਹੋ ਗਿਆ ਸੀ।

3.’ਦੇਹਰਾ ਬਾਬਾ ਨਾਨਕ’ ਨਾਮ ਦਾ ਨਗਰ ਕਰਤਾਰਪੁਰ ਦੇ ਰਕਬੇ ਉੱਤੇ ਹੀ ਦਰਿਆ ਰਾਵੀ ਦੇ ਦੱਖਣ ਵੱਲ ਵਸਾਇਆ ਗਿਆ ਸੀ ਜਦੋਂ ਕਿ ਉਸ ਵੇਲੇ ਤਕ ਦਰਿਆ ਰਾਵੀ ਦਾ ਵਹਿਣ ਉੱਤਰ-ਪੱਛਮ ਵੱਲ ਨੂੰ ਖਿਸਕ ਕੇ ਤਿੰਨ-ਚਾਰ ਕਿਲੋਮੀਟਰ ਦੇ ਫਾਸਲੇ ਤੇ ਜਾ ਚੁੱਕਾ ਸੀ।

4.ਪਾਕਿਸਤਾਨ ਵਾਲੇ ਪਾਸੇ ਦਾ ‘ਦਰਬਾਰ ਸਾਹਿਬ’ ਗੁਰਦੁਆਰਾ ਗੁਰੂ ਨਾਨਕ ਜੀ ਦੁਆਰਾ ਵਸਾਏ ਗਏ ਨਗਰ ਕਰਤਾਰਪੁਰ ਵਾਲੇ ਸਥਾਨ ਉੱਤੇ ਨਹੀਂ ਪੈਂਦਾ ਅਤੇ ਇਹ ਗੁਰਦੁਆਰਾ ਬਹੁਤ ਪਿੱਛੋਂ ਹੋਂਦ ਵਿਚ ਲਿਆਂਦਾ ਗਿਆ। ਇਸ ਤਰ੍ਹਾਂ ਇਸ ਗੁਰਦੁਆਰੇ ਅਤੇ ਇਸ ਦੇ ਨਾਲ ਲਗਦੀ ਜ਼ਮੀਨ ਨਾਲ ਗੁਰੂ ਨਾਨਕ ਜੀ ਦਾ ਕੋਈ ਸਬੰਧ ਸਥਾਪਤ ਨਹੀਂ ਹੁੰਦਾ।

ਨਿਰਸੰਦੇਹ ਉੱਪਰ ਦਿੱਤੇ ਤੱਥ ਹੈਰਾਨੀਜਨਕ ਹਨ। ਪਰੰਤੂ ਸਮੁੱਚੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਚਾਈ ਨੂੰ ਕਬੂਲਣ ਵਿਚ ਹੀ ਦਿਆਨਤਦਾਰੀ ਹੈ ਅਤੇ ਇਸ ਗੁਰਦੁਆਰੇ ਦੇ ਸਬੰਧ ਵਿਚ ਵੱਖ-ਵੱਖ ਧਿਰਾਂ ਵੱਲੋਂ ਭਵਿਖ ਵਿਚ ਕੀਤੀ ਜਾਣ ਵਾਲੀ ਕਾਰਵਾਈ ਸਚਾਈ ਉੱਤੇ ਹੀ ਅਧਾਰਿਤ ਹੋਣੀ ਚਾਹੀਦੀ ਹੈ। ਇਹ ਠੀਕ ਹੈ ਕਿ ਭਾਰਤ ਵਿਚ ਪ੍ਰਜਾ-ਤੰਤਰ ਦੀ ਵਿਵਸਥਾ ਹੋਣ ਕਰਕੇ ਕਿਸੇ ਨੂੰ ਵੀ ਆਪਣਾ ਧਰਮ-ਅਸਥਾਨ ਬਣਾਉਣ ਜਾਂ ਮੰਨਣ ਦਾ ਅਧਿਕਾਰ ਹੈ ਪ੍ਰੰਤੂ ਗੁਰੂ ਸਾਹਿਬਾਨ ਦੇ ਜੀਵਨ ਪ੍ਰਤੀ ਅਨਉਚਿਤ ਦਾਵੇ ਕਰਨਾ ਅਤੇ ਅਜਿਹੇ ਦਾਵਿਆਂ ਦੇ ਅਧਾਰ ਉੱਤੇ ਵੱਖ-ਵੱਖ ਧਿਰਾਂ ਵੱਲੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਵਾਲੀ ਗੱਲ ਹੈ।

ਉਂਜ ਵੀ ਗੁਰਮੱਤ (ਗੁਰਬਾਣੀ ਦੀ ਵਿਚਾਰਧਾਰਾ) ਅਨੁਸਾਰ ਤੀਰਥ ਯਾਤਰਾ ਕਰਨ, ਮੜ੍ਹੀਆਂ-ਮਸਾਣਾ ਨੂੰ ਪੂਜਣ ਅਤੇ ਧਰਤੀ ਦੇ ਕਿਸੇ ਵਿਸ਼ੇਸ਼ ਹਿੱਸੇ ਦੀ ਮਿੱਟੀ ਨੂੰ ਪਵਿੱਤਰ ਮੰਨਣ ਦੀ ਮਨਾਹੀ ਹੈ। ਅਜੋਕੇ ਸਮੇਂ ਵਿਚ ਪਾਕਿਸਤਾਨ ਵਿਚ ਪੈਂਦੇ ‘ਦਰਬਾਰ ਸਾਹਿਬ ਕਰਤਾਰਪੁਰ’ ਦੇ ਨਾਮ ਹੇਠ ਜਾਣੇ ਜਾਂਦੇ ਗੁਰਦੁਆਰੇ ਵੱਲ ਨੂੰ ਦੋਹਾਂ ਦੇਸ਼ਾਂ ਵੱਲੋਂ ਬਣਾਏ ਜਾਣ ਵਾਲੇ ਲਾਂਘੇ ਦੀ ਵਿਵਸਥਾ ਅਜਿਹੀਆਂ ਮਨਮੱਤੀ ਕਾਰਵਾਈਆਂ ਨੂੰ ਉਤਸਾਹਿਤ ਕਰਨ ਦਾ ਵਸੀਲਾ ਹੀ ਬਣੇਗੀ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.