.

** ਤਿਨ ਮਾਤ ਕੀਜੈ ਹਰਿ **

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ - ਅੰਗ 697

ਬਾਬੇ ਨਾਨਕ ਨੇ ਆਪਣੀ ਹਿਆਤੀ ਵਿੱਚ ਆਪਣੇ ਨਿਜ਼ੀ ਤਾਜੁਰਬੇ ਰਾਂਹੀ ਇਹ ਭਲੀਭਾਂਤੀ ਮਹਿਸੂਸ ਕਰ ਲਿਆ ਸੀ ਕਿ ਸਮਾਜ ਵਿੱਚ ਬਦਲਾਅ ਲੈਕੇ ਆਉਣ ਲਈ ਬੜੇ ਠੋਸ ਸਿੱਖੀ-ਸਿਧਾਂਤਾਂ ਦੀ ਲੋੜ ਹੈ। ਇਸੇ ਕਰਕੇ ਉਹਨਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ‘ਕਰਾਂਤੀਕਾਰੀ-ਭਗਤਾਂ’ ਦੀ ਬਾਣੀ ਦਾ ਅਧਿਐਨ ਕਰਕੇ, ਆਪਣੇ ਆਸ਼ੇ ਦੇ ਅਨੁਸਾਰੀ, ਉਹਨਾਂ ਭਗਤਾਂ ਦੀ ਬਾਣੀ ਨੂੰ ਆਪਣੇ ਪਾਸ ਲਿਖਤ ਵਿੱਚ ਲਿਆਉਣਾ ਕੀਤਾ।

ਹਰ ‘ਕਰਾਂਤੀਕਾਤਰੀ’ ਮਨੁੱਖ ਦੇ ਆਪਣੇ ਚੜ੍ਹਦੀ-ਕਲਾ ਵਾਲੇ ਵਿਚਾਰ ਹੁੰਦੇ ਹਨ। ਜਦ ਤੱਕ ਇਹ ਵਿਚਾਰ ਕਿਸੇ ਮਨੁੱਖ ਦੇ ਮਨ ਵਿੱਚ ਹੀ ਦੌੜ ਰਹੇ ਹਨ ਤਾਂ ਇਹਨਾਂ ਵਿਚਾਰਾਂ ਦਾ ਕਿਸੇ ਦੂਜੇ, ਤੀਜੇ, ਚੌਥੇ, ਮਨੁੱਖ ਨੂੰ ਕੋਈ ਲਾਹਾ ਨਹੀਂ ਹੈ। ਜਦੋਂ ਹੀ ਇਹ ‘ਵਿਚਾਰ’ ਲਿਖਤ ਵਿੱਚ ਆ ਜਾਂਦੇ ਹਨ ਤਾਂ ਲੱਖਾਂ ਹੀ ਲੋਕ ‘ਲਿਖਤ’ ਨੂੰ ਪੜ੍ਹਕੇ ਲਾਹਾ ਲੈ ਸਕਦੇ ਹਨ।

ਬਾਬੇ ਨਾਨਕ ਨੇ ਆਪਣੀ ਅਤੇ 15 ਭਗਤਾਂ ਦੀ ਬਾਣੀ ਲਿਖਤ ਵਿੱਚ ਲਿਆ ਕੇ ਉਸ ਸਮੇਂ ਦੇ ਲੋਕਾਂ ਵਿੱਚ ਜਾਗਰਤੀ ਦੀ ਨੀਂਹ ਰੱਖ ਦਿੱਤੀ। ਲਿਖਤ ਵਿੱਚ ਆਈ ‘ਬਾਣੀ’ ਅੰਦਰ ਮਨੁੱਖਾਂ/ਮਾਨਵਾਂ ਨੂੰ ਟੁੰਬਣ ਵਾਲੇ ਨਿਰੋਲ ਠੋਸ ‘ਸਿੱਖੀ’ -ਸਿਧਾਂਤ ਸਨ/ਹਨ। ਗਿਆਨ ਦਾ ਲਾਹਾ ਲੈਣ ਵਾਲੇ ਮਨੁੱਖਾਂ ਨੇ ਲਾਹਾ ਲਿਆ ਅਤੇ ਆਪਣੇ ਮਨੁੱਖਾ ਜੀਵਨ ਵਿੱਚ ਬਦਲਾਅ ਲਿਆ ਕੇ ਆਪਣੇ ਜੀਵਨ ਵਿੱਚ ਉੱਚਤਾ ਲਿਆਉਣੀ ਕੀਤੀ ਅਤੇ ‘ਸਚਿਆਰਤਾ’ ਵਾਲੇ ਪਾਸੇ ਤੁਰਨਾ ਸੁਰੂ ਕੀਤਾ। ਇਹਨਾਂ ਜਾਗਦੀਆਂ ਰੂਹਾਂ ਵਿੱਚ ਬੇਬੇ ਨਾਨਕੀ, ਰਾਏ ਬੁਲਾਰ, ਬਾਬਾ ਮਰਦਾਨਾ ਜੀ, ਭਾਈ ਕੌਡਾ ਸ਼ਾਹ ਜੀ, ਭਾਈ ਸੱਜਣ ਸ਼ਾਹ ਜੀ, ਭਾਈ ਭੂਮੀਆਂ ਜੀ, ਭਾਈ ਲਹਿਣਾ ਜੀ ਵਰਗੇ ਅਤੇ ਹੋਰ ਵੀ ਅਨੇਕਾਂ ਗੁਰਸਿੱਖ ਸਨ। ਭਾਈ ਲਹਿਣਾ ਜੀ ਤਾਂ ਆਪ ਗਿਆਨ ਜੋਤ ਸਰੂਪ ਹੋ ਗਏ (ਦੂਸਰੇ ਸਤਗੁਰੂ ਅੰਗਦ ਸਾਹਿਬ ਜੀ)।

‘ਗਿਆਨ’ ਕਿਸੇ ਇੱਕ ਇਨਸਾਨ/ਮਨੁੱਖ ਦੀ ਮਲਕੀਅਤ ਨਹੀਂ ਹੈ। ‘ਗਿਆਨ’ ਹਰ ਮਨੁੱਖਾ ਸਰੀਰ ਵਿੱਚ ਉਸਦੇ ਮਨ ਅੰਦਰ, ਦਿਮਾਗ਼ ਅੰਦਰ ਸ਼ੌਕ ਨਾਲ ਕਿਤਾਬਾਂ ਪੜ੍ਹਨ ਅਤੇ ਚੰਗੇ-ਮਾੜੇ ਮਨੁੱਖਾਂ ਦੀ ਸੰਗਤ ਅਨੁਸਾਰ ਅਤੇ ਗਿਆਨ ਨਿਜ਼ੀ ਤਾਜ਼ੁਰਬੇ ਨਾਲ ਵੀ ਵੱਧਦਾ ਫੁੱਲਦਾ ਰਹਿੰਦਾ ਹੈ।

‘ਗੁਰਮੱਤ-ਗੁਰਬਾਣੀ-ਗਿਆਨ’ ਵੀ ‘ਗੁਰਬਾਣੀ’ ਨੂੰ ਧਿਆਨ ਨਾਲ ਪੜ੍ਹਨ ਅਤੇ ਵਿਚਾਰਨ ਨਾਲ ਹੀ ਵੱਧਦਾ-ਫੁੱਲਦਾ ਹੈ। ‘ਸਿਖੀ ਸਿਖਿਆ ਗੁਰ ਵੀਚਾਰਿ’॥ ਮ 1॥ ਪੰ 465॥

‘ਗੁਰਬਾਣੀ ਗਿਆਨ’ ਲੈਣ ਪ੍ਰਤੀ ਸਿੱਖ ਸਮਾਜ ਵਿੱਚ ਬਹੁਤ ਹੀ ਜਿਆਦਾ ਉਦਾਸੀਨਤਾ ਹੈ। ਅਗਿਆਨਤਾ ਹੈ। ਅਵੇਸਲਾਪਣ ਹੈ। ਸ਼ੌਕ ਹੀ ਨਹੀਂ ਹੈ। (ਇਸਦੇ ਕਈ ਕਾਰਨ ਹੋ ਸਕਦੇ ਹਨ)

‘ਗੁਰਬਾਣੀ-ਗਿਆਨ’ ਪ੍ਰਤੀ ਸਾਡੇ ਅਨਪੜ੍ਹ ਡੇਰੇਦਾਰਾਂ ਨੇ ਬਹੁਤ ਹੀ ਵੱਡੇ ਭੁਲੇਖੇ ਪਾ ਦਿੱਤੇ, ਬਣਾ ਦਿੱਤੇ।

‘ਗੁਰਬਾਣੀ’ ਨੂੰ ਸਨਾਤਨੀ ਮੰਤਰਾਂ ਵਾਂਗ ਉਚਾਰਨ ਕਰਨ ਨਾਲ ਮਨੁੱਖੀ ਇੱਛਿਆਵਾਂ ਦੀ ਪੂਰਤੀ ਦਾ ਕਾਰਨ ਬਣਾ ਛੱਡਿਆ ਹੈ। ਅਗਿਆਨਤਾ ਵੱਸ ਅਨਪੜ੍ਹ ਲੋਕਾਂ ਨੇ ਵੀ ਇਹਨਾਂ ਵਿਹਲੜ ਠੱਗਾਂ ਡੇਰੇਦਾਰਾਂ ਦੀ ਇਸ ਝੂਠ ਦੀ ਆਵਾਜ਼ ਨੂੰ ਸੱਚ ਕਰ ਕੇ ਮੰਨ ਲਿਆ। ਉਹਨਾਂ ਦੇ ਅਨੁਸਾਰੀ ਹੀ ਲੋਕਾਂ ਨੇ ਵਿਚਰਨਾ ਸੁਰੂ ਕਰ ਦਿੱਤਾ, ਜੀਵਨ ਜਿਉਂਣਾ ਸੁਰੂ ਕਰ ਦਿੱਤਾ।

ਇਸੇ ਕਰਕੇ ਹੀ ਸਿੱਖ ਸਮਾਜ ਵਿੱਚ ਬਹੁਤ ਸਾਰੀਆਂ ਬਰਾਹਮਣੀ ਮੰਨਮੱਤਾਂ, ਊਨਤਾਈਆਂ ਆ ਗਈਆਂ। ਸਿੱਖ ਸਮਾਜ, ਸਿੱਖੀ ਕਦਰਾਂ ਕੀਮਤਾਂ ਤੋਂ ਬਹੁਤ ਹੀ ਹੇਠਾਂ ਗਿਰ ਗਿਆ।

‘ਗੁਰਬਾਣੀ’ ਅਰਥਾਂ ਦੇ ਅਨਰਥ ਵੀ ਇਸੇ ਠੱਗਾਂ ਦੇ ਟੋਲੇ ਵਲੋਂ ਲੋਕਾਂ ਦੀਆਂ ਮਨੋ-ਕਾਮਨਾਵਾਂ ਦੀ ਪੂਰਤੀ ਲਈ ਘੜੇ ਘੜਾਏ ਗਏ। ਇਹਨਾਂ ਅਨਪੜ੍ਹ ਠੱਗਾਂ ਨੇ ਆਪਣੀਆਂ ਦੁਕਾਨਦਾਰੀਆਂ ਚਮਕਾਉਣ ਲਈ ਆਪਣੀ ਮਨ-ਮਰਜ਼ੀ ਦੇ ਗੁਰਬਾਣੀ ਅਰਥ ਘੜ ਲਏ ਗਏ। ਇਸੇ ਕਰਕੇ ਅੱਜ ਬਹੁਤ ਸਾਰੇ ਵੀਰਾਂ-ਭੈਣਾਂ ਵਿੱਚ ਗੁਰਬਾਣੀ ਅਰਥਾਂ ਨੂੰ ਲੈਕੇ ਇਕਸਾਰਤਾ ਨਹੀਂ ਬਣ ਪਾ ਰਹੀ।

ਵੈਸੇ ਵੀ, ਅਸੀ ਕੋਈ ਵੀ ‘ਦੋ’ ਮਨੁੱਖ ਇੱਕ ਤਰਹ ਦੇ ਨਹੀਂ ਹੋ ਸਕਦੇ। "ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ ਮ1॥ ਪੰ 596॥" ਕਿਸੇ ਵੀ ਇੱਕ ਵਿਸ਼ੇ ਬਾਰੇ ਸਾਡੀ ਸਾਰਿਆਂ ਦੀ ਰਾਏ ਆਪੋ-ਆਪਣੀ ਆਪਣੀ ਅਲੱਗ-ਅਲੱਗ ਹੋ ਸਕਦੀ। ਸੋ ਗੁਰਬਾਣੀ ਅਰਥਾਂ ਵਿੱਚ ਇਹੀ ਹੋ ਰਿਹਾ ਹੈ।

ਜਿਸ ਵੀ ਸਿੱਖ-ਗੁਰਸਿੱਖ ਵੀਰ-ਭੈਣ ਨੇ ਜਿਸ ਤਰਾਂ ਦੀ ਸੰਗਤ ਕੀਤੀ ਹੈ, ਉਸੇ ਤਰਾਂ ਦਾ ਅਸਰ ਉਸ ਉੱਪਰ ਹੋਵੇਗਾ। ਅਗਰ ਸੰਗਤ ਕਿਸੇ ਡੇਰੇਦਾਰ ਬਾਬੇ ਦੀ ਹੈ, ਤਾਂ ਅਰਥ ਵੀ ਡੇਰੇਦਾਰੀ ਪ੍ਰਥਾ ਵਾਲੇ ਹੋਣਗੇ। ਅਗਰ ‘ਸਿਖੀ ਸਿਖਿਆ ਗੁਰ ਵੀਚਾਰਿ॥ ਮ 1॥ ਦੇ ਅਨੁਸਾਰੀ ਗਿਆਨ ਲੈਣਾ ਕੀਤਾ ਹੈ, ਤਾਂ ਵਿਚਾਰ ਵੀ ਗੁਰਮੱਤ ਅਨੁਸਾਰੀ ਹੋਣਗੇ।

ਉਪਰਲੇ ਵਿਚਾਰ ਅਧੀਨ ਸਬਦ ਦੀ ਵਿਚਾਰ ਪਹਿਲਾਂ ਵੀ ਕਈ ਵੀਰਾਂ ਨਾਲ ਹੋ ਚੁੱਕੀ ਹੈ। ਗੁਰਬਾਣੀ ਪ੍ਰਤੀ ਸਾਡੀ ਸੋਚ ਵਿੱਚ ਬਦਲਾਅ ਨਹੀਂ ਆ ਰਿਹਾ। ਸਾਡੀ ਸੋਚ ਵਿੱਚ ਅਜੇ ਵੀ ਉਹੀ ਪਾਰੰਪਰਾਵਾਦੀ/ਡੇਰਾਵਾਦੀ ਅਰਥਾਂ ਨੇ ਡੇਰਾ ਜਮਾਇਆ ਹੋਇਆ ਹੈ। ਜਦ ਤੱਕ ਆਪਾਂ ਆਪਣਾ ਨਜ਼ਰੀਆਂ ਨਹੀਂ ਬਦਲਦੇ, ਅਸੀਂ ਇਸੇ ਤਰਾਂ ਸੰਕਿਆਂ ਦੇ ਸ਼ਿਕਾਰ ਹੁੰਦੇ ਰਹਾਂਗੇ। ‘ਗੁਰਬਾਣੀ’ ਸੰਪਾਦਨਾ ਤਹਿਤ ਪੰਜਵੇਂ ਸਤਿਗੁਰੂ ਜੀ ਨੇ ਬੜੀ ਸੂਝਬੂਝ ਨਾਲ ਸਾਨੂੰ ਬਹੁਤ ਸਾਰੀਆਂ ਰਮਜ਼ਾਂ ਬਾਰੇ ਸਮਝਉਣਾ ਕੀਤਾ ਹੈ। ਉਹਨਾਂ ਆਪ ਆਪਣੇ ਦੁਆਰਾ ਲਿੱਖੀ ਬਾਣੀ, ਪਹਿਲੇ ਚਾਰ ਗੁਰੁ ਸਾਹਿਬਾਨਾਂ ਦੀ ਬਾਣੀ ਅਤੇ 15 ਭਗਤਾਂ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਲਿਖਾਉਣਾ ਕੀਤਾ।

ਕਿਸੇ ਵੀ ਦੂਸਰੇ ਮਨੁੱਖ ਦੇ ਅੰਦਰ ਦੀ ਸੋਚ-ਵਿਚਾਰ ਦਾ ਅੰਦਾਜ਼ਾ ਲਗਾਉਣਾ ਨਾ-ਮੁੰਮਕਿੰਨ ਹੈ। ਕਿ ਦੂਸਰਾ ਕੋਈ ਵਿਅਕਤੀ ਆਪਣੇ ਮਨ ਅੰਦਰ ਕੀ ਸੋਚ ਰਿਹਾ ਹੈ। ਇਸ ਉਪਰਲੇ ਸਬਦ ਦੇ ਰਚਣਹਾਰੇ ਸਤਿਗੁਰੂ ਰਾਮਦਾਸ ਜੀ ਹਨ। ਸਬਦ ਦੀ ‘ਰਹਾਉ’ ਦੀਆਂ ਪੰਕਤੀਆਂ ਦੇ ਗਿਆਨ-ਵਿਚਾਰ ਵਿਚੋਂ ਭਲੀਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਗੁਰੁ ਸਾਹਿਬ ਜੀ ਆਪਣੇ ‘ਮਨ’ ਨੂੰ ਇਸ਼ਾਰਾ ਕਰਦੇ ਹੋਏ ‘ਸਾਨੂੰ ਲੋਕਾਈ’ ਨੂੰ ਗਿਆਨ ਉਪਦੇਸ਼ ਦੇ ਰਹੇ ਹਨ।

ਹਰ ਸਬਦ ਵਿੱਚ ‘ਰਹਾਉ’ ਦੀ ਪੰਕਤੀ ਉਸ ਸਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ ਦੇ ਅੱਗਲੇ ਪਿਛਲੇ ਪਦੇ/ਪੰਕਤੀਆਂ ਉਸ ਕੇਂਦਰੀ ਭਾਵ ਨੂੰ ਬਲ ਦਿੰਦੇ, ਮਿਲਦੇ ਜੁਲਦੇ ਭਾਵ ਵਾਲੇ ਹੁੰਦੇ ਹਨ। ਕਈਆਂ ਸਬਦਾਂ ਵਿੱਚ ਦੋ ਤੋਂ ਵੱਧ ‘ਰਹਾਉ’ ਵੀ ਹਨ। ਦੋ ‘ਰਹਾਉ’ ਵਾਲੇ ਸਬਦਾਂ ਵਿੱਚ ਪਹਿਲਾ ‘ਰਹਾਉ’ ਸਵਾਲ ਰੂਪ ਆਉਂਦਾ ਹੈ, ਅਤੇ ਦੂਜਾ ਜਵਾਬ ਰੂਪ ਵਿਚ।

ਦੁਕਾਨਦਾਰੀਆਂ ਵਾਲੇ ਸਾਧਾਂ, ਬਾਬਿਆਂ ਨੇ ਵੀ ‘ਗੁਰਬਾਣੀ’ ਵਿਚੋਂ ਸਮਾਜ ਦੇ ਲੋਕਾਂ ਦੀਆਂ ਮਨੋਕਾਮਨਾਵਾਂ ਇੱਛਿਆਵਾਂ ਦੀ ਪੂਰਤੀ ਲਈ ਕਈ ਤਰਾਂ ਦੇ ਢੁਕਵੇਂ ਸਬਦਾਂ ਦੀ ਚੋਣ ਕਰ ਰੱਖੀ ਹੈ। ਕਈਆਂ ਨੇ ਤਾਂ ਬਹੁਤ ਤਰਾਂ ਦੇ ‘ਦੁੱਖ-ਭੰਜਨੀ’ ਗੁਟਕੇ ਬਣਾ, ਲੋਕਾਂ ਦੇ ਦੁੱਖ ਦੂਰ ਕਰਦੀਆਂ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਹੋਈਆਂ ਹਨ।

ਠੀਕ, ਇਸੇ ਤਰਾਂ ਜਦ ਅਸੀਂ ਕਿਸੇ ਗੁਰਬਾਣੀ ਦੀ ਇੱਕ ਪੰਕਤੀ ਨੂੰ ਲੈ ਕੇ ਉਸਦੇ ਅਰਥ ਕਰਦੇ ਹਾਂ ਤਾਂ ਉੱਲਝ ਜਾਂਦੇ ਹਾਂ, ਸਾਡੇ ਵਿੱਚ ਬਹੁਤ ਸਾਰੀਆਂ ਦੁਬਿਧਾਵਾਂ ਪੈਦਾ ਹੋ ਜਾਂਦੀਆਂ ਹਨ। ਕਿਉਂਕਿ ਜਦ ਅਸੀਂ ਕਿਸੇ ਸਬਦ ਦੀ ‘ਰਹਾੳੇੁ’ ਦੀ ਪੰਕਤੀ ਦਾ ਪੱਲਾ ਛੱਡ ਦਿੰਦੇ ਹਾਂ, ਤਾਂ ਇੱਕ ਪੰਕਤੀ ਦੇ ਸਹੀ ਅਰਥ ਨਹੀਂ ਹੋ ਸਕਦੇ। ‘ਸਬਦ’ ਦਾ ਤੱਤਸਾਰ/ਕੇਂਦਰੀ ਭਾਵ ਤਾਂ ‘ਰਹਾਉ’ ਦੀ ਪੰਕਤੀਆਂ ਹਨ। ਬਾਕੀ ਦੀਆਂ ਪੰਕਤੀਆਂ ਤਾਂ ਇਸੇ ਕੇਂਦਰੀ ਭਾਵ ਨੂੰ ਬਲ ਦੇ ਰਹੀਆਂ ਹੁੰਦੀਆਂ ਹਨ, ਇਸੇ ਕੇਂਦਰੀ-ਭਾਵ ਦੇ ਇਰਦ ਗਿਰਦ ਹੀ ਕੇਂਦਰੀ ਭਾਵ ਨੂੰ ਮਜ਼ਬੂਤੀ ਦੇ ਰਹੀਆਂ ਹਨ।

ਵਿਚਾਰ ਅਧੀਨ ‘ਸਬਦ’ ਰਾਗ ਜੈਤਸਰੀ ਵਿੱਚ ‘ਗੁਰੂ ਰਾਮਦਾਸ ਜੀ’ ਦਾ ਉਚਾਰਨ ਕੀਤਾ ਹੋਇਆ ਹੈ। ਸਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 697 ਉੱਪਰ ਦਰਜ਼ ਹੈ। ਅਗਿਆਨਤਾ ਵੱਸ ਇਸ ਸਬਦ ਦੀ ਪੰਕਤੀ ਬਾਰੇ ਵੀ ਮੰਨਮੱਤ ਹੀ ਫੈਲਾਈ ਗਈ ਹੈ। ਕਿ ਗੁਰੁ ਸਾਹਿਬ ਜੀ, ਮੂਰਖ, ਮੰਨਮੱਤੀਏ, ਮੰਨਮੁੱਖ ਦੀ ਮਾਂ ਨੂੰ ਬਾਂਝ ਰਹਿਣ ਬਾਰੇ ਕਾਮਨਾ ਕਰ ਰਹੇ ਹਨ, ਕਿ ਅਜੇਹੇ ਇਨਸਾਨਾਂ ਦੀਆਂ ਮਾਂਵਾਂ ਨੂੰ ਬੱਚੇ ਨਹੀਂ ਪੈਦਾ ਕਰਨੇ ਚਾਹੀਦੇ।

ਕੀ ਇਸ ਤਰਾਂ ਦੀ ਮੰਨਮੱਤੀ ਸੋਚ ਨਾਲ, ਗੁਰੁ ਰਾਮਦਾਸ ਜੀ ਦੇ ਇਸ ਸਬਦ ਦੀ ਕੋਈ ਸਚੱਜੀ ਗਿਆਨ-ਵਿਚਾਰ ਸਾਹਮਣੇ ਆ ਰਹੀ ਹੈ? ? ਨਹੀਂ ਨਾ।

ਸਬਦ ਦੀ ‘ਰਹਾਉ’ ਵਾਲੀ ਪੰਕਤੀਆਂ ਹਨ। ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਇਹਨਾਂ ਪੰਕਤੀਆਂ ਵਿੱਚ ਮੁੱਖ ਵਿਸ਼ਾ ਹੈ ‘ਗੁਰੁ-ਗਿਆਨ’। ਸਬਦ-ਗੁਰੁ-ਗਿਆਨ ਦੇ ਵਿਸ਼ੇ ਦੀ ਹੋਰ ਪਰੋੜਤਾ ਕਰਦੇ ਹੋਏ, ਗੁਰੂ ਰਾਮਦਾਸ ਜੀ ਸਬਦ ਦੀਆਂ ਅੱਗਲੀਆਂ ਇਹਨਾਂ ਪੰਕਤੀਆਂ ਦਾ ਉਚਾਰਨ ਕਰ ਰਹੇ ਹਨ। ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥

ਸਬਦ ਦਾ ਵਿਸ਼ਾ ਵਸਤੂ ਹੈ ‘ਸਬਦ-ਗੁਰੂ-ਗਿਆਨ’। ਗਿਆਨ ਦਾ ਸੰਬੰਧ ਹੈ ਹਰ ਇਕੱਲੇ ਇਕੱਲੇ ਮਨੁੱਖ ਦੀ ਮੱਤ ਨਾਲ, ਬੁੱਧ ਨਾਲ, ਅਕਲ ਨਾਲ ਹੁੰਦਾ ਹੈ।

ਗੁਰੁ ਰਾਮਦਾਸ ਜੀ ਨੇ ਜਦ ਇਹ ਸਬਦ ਉਚਾਰਨ ਕੀਤਾ ਹੋਵੇਗਾ, ਤਾਂ ਕਿਸੇ, ‘ਸਬਦ-ਗੁਰੂ-ਗਿਆਨ’ ਹੀਣੇ ਮਨਮੁੱਖ ਦਾ, ਮੰਨਮੱਤੀਏ ਦਾ ਅਕਸ਼, ਉਸਦਾ ਜੀਵਨ ਉਹਨਾਂ ਦੇ ਸਾਹਮਣੇ ਖਿਆਲਾ ਵਿੱਚ ਘੁੰਮ ਰਿਹਾ ਹੋਵੇਗਾ, ਨਾ ਕਿ ਉਸ ‘ਮਾਤਾ’ ਦਾ, ਜਿਸਨੇ ਉਸ ‘ਸਬਦ-ਗੁਰੂ-ਗਿਆਨ’ ਹੀਣੇ ਮਨਮੁੱਖ ਨੂੰ, ਮੰਨਮੱਤੀਏ ਨੂੰ ਜਨਮ ਦਿੱਤਾ ਹੋਵੇਗਾ।

ਮਾਤਾ ਪਿਤਾ ਵਲੋਂ ਬੱਚੇ ਨੂੰ ਜਨਮ ਦੇਣਾ ਇੱਕ ਕੁੱਦਰਤੀ ਪ੍ਰੀਕਿਰਿਆ ਹੈ, ਸੋ ਸਮੇਂ ਦੇ ਅਨੁਸਾਰੀ ਮਾਤਾ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ।

ਮਨਮੱਤੀਏ ਅਰਥਾਂ ਵਿੱਚ ਤਾਂ ਗੁਰੂ ਸਾਹਿਬ, ‘ਮੰਨਮੁੱਖ’ ਦੀ ਮਾਂ ਦੇ ਬਾਂਝ ਰਹਿਣ ਬਾਰੇ ਕਿਆਸ ਅਰਾਈ ਕਰ ਰਹੇ ਹਨ। ਕਾਮਨਾ ਕਰ ਰਹੇ ਹਨ।

ਕੀ ਇੱਥੇ ਇਸ ਸਬਦ ਵਿਚ, ਗੁਰੂ ਸਾਹਿਬ ਜੀ, ਕਿਸੇ ਮਾਤਾ ਦੇ ਬਾਂਝ ਹੋ ਜਾਣ ਬਾਰੇ ਕਾਮਨਾ ਕਰ ਰਹੇ ਹਨ, ਸੋਚ ਰਹੇ ਹਨ, ਕਿ ਐ ਮਾਤਾ ਤੂੰ ਇੱਕ ‘ਗੁਰਮੁੱਖ’ ਬੱਚੇ ਨੂੰ ਜਨਮ ਨਹੀਂ ਦਿੱਤਾ? ? ?

ਹੇ ਅਕਾਲ ਪੁਰਖ ਜੀ ਐਸੀ ਔਰਤ ਨੂੰ ਤਾਂ ਬਾਂਝ ਰਹਿਣਾ ਚਾਹੀਦਾ ਹੈ/ਸੀ।

ਕੀ? ਕੋਮਲ ਹਿਰਦੈ ਦੇ ਮਾਲਿਕ, ਸਤਿਗੁਰੂ ਰਾਮਦਾਸ ਜੀ, ਕਿਸੇ ਮਾਂ ਬਾਰੇ ਇਸ ਤਰਾਂ ਦੀ ਕਾਮਨਾ/ਸੋਚ ਇੱਛਾ ਰੱਖ ਸਕਦੇ ਹਨ? ? ?

ਨਹੀਂ ਬਿੱਲਕੁੱਲ ਵੀ ਨਹੀਂ।

ਚਲੋ ਇੱਕ ਵਾਕਿਆ ਅੱਖਾਂ ਸਾਹਮਣੇ ਲਿਆਉਣਾ ਕਰਦੇ ਹਾਂ।

ਬੀਬੀ ਭਾਨੀ ਦਾ ਭਾਈ ਜੇਠੇ ਨਾਲ ਵਿਆਹ ਹੋ ਗਿਆ। ਕੁੱਝ ਸਾਲ ਬਾਦ ਉਹਨਾਂ ਦੇ ਇੱਕ ਬੇਟੇ ਨੇ ਜਨਮ ਲਿਆ। ਜਨਮ ਲੈਣ ਵੇਲੇ, ਬੱਚਾ ਵੀ ਬੜਾ ਪਿਆਰਾ ਅਤੇ ਭੋਲਾ ਭਾਲਾ ਸੀ। ਸਾਰਾ ਪ੍ਰੀਵਾਰ ਬੜੇ ਲਾਡ ਪਿਆਰ ਲਡਾਉਂਦਾ ਸੀ। ਨਾਮ ਸੀ ਪਿਰਥੀਚੰਦ

ਵੱਡਾ ਹੋਕੇ ਕਿਸ ਤਰਾਂ ਦਾ ਬਣੇਗਾ, ਨਾ ਤਾਂ ‘ਨਾਨਾ’ ਗੁਰੂ ਅਮਰਦਾਸ ਜਾਣਦੇ ਸਨ, ਨਾ ਹੀ ਪਿਤਾ ਅਤੇ ਮਾਤਾ। ਨਗਰ ਗੋਇੰਦਵਾਲ ਵਿਖੇ ਜੀਵਨ ਬੜਾ ਖ਼ੁਸ਼ੀਆਂ ਭਰਪੂਰ ਚੱਲ ਰਿਹਾ ਸੀ।

ਕੁੱਝ ਸਾਲ ਬਾਦ ਫੇਰ ਇੱਕ ਬੇਟੇ ਦਾ ਜਨਮ ਹੋਇਆ। ਨਾਮ ਰੱਖਿਆ ਮਹਾਂਦੇਵ। ਲਾਡ ਪਿਆਰਾਂ ਨਾਲ ਦੂਜੇ ਬੱਚੇ ਦਾ ਵੀ ਪਾਲਣ ਪੋਸਣ ਹੋਇਆ।

ਫੇਰ ਕੁੱਝ ਸਮੇਂ ਬਾਦ ਤੀਸਰੇ ਬੇਟੇ ਨੇ ਜਨਮ ਲਿਆ। ਨਾਮ ਕਰਨ ਹੋਇਆ ‘ਅਰਜਨਦੇਵ’। ਪਾਲਣਾ ਪੋਸਣਾ ਪਹਿਲੇ ਬੱਚਿਆਂ ਵਾਂਗ ਹੀ ਹੋਈ।

ਤਿੰਨੋਂ ਬੱਚਿਆਂ ਦੀ ਮਾਤਾ ਬੀਬੀ ਭਾਨੀ ਜੀ, ਪਿਤਾ ਭਾਈ ਜੇਠਾ ਜੀ। ਤਿੰਨੇ ‘ਨਾਨਾ’ ਗੁਰੁ ਅਮਰਦਾਸ ਜੀ ਦੇ ਦੋਹਤਰੇ। ਉਹਨਾਂ ਦੀ ਦੇਖਰੇਖ ਵਿੱਚ ਪਾਲਣ ਪੋਸ਼ਣ ਹੋਇਆ ਅਤੇ ਵੱਡੇ ਹੋਏ। ਵੱਡੇ ਹੋਏ ਤਾਂ ਸਾਹਮਣੇ ਆਇਆ ‘ਸੱਚ’।

ਪਹਿਲਾ, ਪ੍ਰਿਥੀਚੰਦ, ਗੁਰਮੱਤ ਗੁਰੁ ਗਿਆਨ ਵਿਚਾਰ ਤੋਂ ਵਿਹੂਣਾ ਰਹਿ ਗਿਆ।

ਦੂਜਾ, ਮਹਾਂਦੇਵ, ਵਿਰੱਕਤ ਬਿਰਤੀ ਦਾ ਮਾਲਿਕ ਨਿਕਲਿਆ, ਜਿਸਨੂੰ ਦੁਨੀਆਂ ਦਾਰੀ ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ।

ਤੀਸਰਾ, ਬੱਚਾ ਅਰਜਨ, ਜਿਸਨੇ ਗੁਰਮੱਤ ਗਿਆਨ ਵਿਚਾਰ ਨਾਲ, ਚੰਗੇ ਅਕਾਲ ਪੁਰਖੀ ਗੁਣਾਂ ਨੂੰ ਆਪਣੇ ਜੀਵਨ ਦਾ ਮੁੱਖ ਆਦਰਸ਼ ਬਣਾਇਆ।

ਅਗਰ ਪਹਿਲਾ ਬੱਚਾ ਗੁਰਮੱਤ ਗਿਆਨ ਵਿਚਾਰ ਤੋਂ ਹੀਣਾ ਨਿਕਲਿਆ, ਦੂਜਾ ਵਿੱਰਕਤ ਨਿਕਲਿਆ, …………. . ਤਾਂ ਇਸ ਵਿੱਚ ਮਾਤਾ ਭਾਨੀ ਦਾ ਕੀ ਕੋਈ ਕਸੂਰ ਹੋਇਆ? ? ? ? ਕੋਈ ਵੀ ਨਹੀਂ।

ਕਸੂਰ ਤਾਂ ਉਹਨਾਂ ਮਨੁੱਖਾਂ, ਸਰੀਰਾਂ, ਇਨਸਾਨਾਂ ਦਾ ਹੈ ਜਿਹਨਾਂ ਨੇ ਆਪਣੇ ਜੀਵਨ ਵਿੱਚ ਗਿਆਨ ਲੈਣਾ ਨਹੀਂ ਕੀਤਾ।

ਤੀਜਾ ਬੱਚਾ ਅਰਜਨ ਵੀ ਤਾਂ ਉਸੇ ਮਾਂ ਬਾਪ ਦਾ ਬੱਚਾ ਹੈ। ਉਹ ‘ਸਲੱਗ’ ਕਿਵੇਂ ਬਣ ਗਿਆ, ਕਿਉਂਕਿ ਇਸ ਬੱਚੇ ਅਰਜਨ ਦੇ ਮਨ ਵਿੱਚ ਚੰਗੇ ਸਚਿਆਰਤੇ ਵਾਲੇ ਗੁਣਾਂ ਨੂੰ ਗ੍ਰਹਿਣ ਕਰਨ ਦਾ ਸ਼ੌਕ ਹੈ, ਲਗਨ ਹੈ, ਚੇਟਕ ਹੈ, ਇੱਛਾ ਹੈ।

ਵੱਡੇ ਹੋ ਕੇ, ਅਗਰ ਬੱਚੇ ਨੇ ਸਤਸੰਗਤ ਵਿਚੋਂ ਚੰਗੇ ਗੁਣ ਗ੍ਰਹਿਣ ਨਹੀਂ ਕੀਤੇ, ਤਾਂ ਮਾਂ ਦਾ ਤਾਂ ਕੋਈ ਕਸੂਰ ਨਾ ਹੋਇਆ! !

ਵੱਡਾ ਹੋ ਕੇ ਅਗਰ ਬੱਚਾ ਨਾਲਾਇਕ ਨਿਕਲ ਗਿਆ, ਤਾਂ ਮਾਂ ਦਾ ਤਾਂ ਕੋਈ ਕਸੂਰ ਨਾ ਹੋਇਆ ਨਾ।

ਵੱਡਾ ਹੋ ਕੇ ਪ੍ਰਿਥੀਆ ਗੁਰੁ ਗਿਆਨ ਨਾ ਲੈ ਸਕਿਆ ਤਾਂ ਮਾਤਾ ਭਾਨੀ ਦਾ ਤਾਂ ਕੋਈ ਕਸੂਰ ਨਾ ਹੋਇਆ।

ਮਹਾਂਦੇਵ ਵੀ ਤਾਂ ਗੁਰੂ-ਗਿਆਨ ਵਾਲਾ ਨਾ ਹੋ ਕੇ ਬੈਰਾਗੀ ਸੀ। ਇਸ ਵਿੱਚ ਮਾਤਾ ਭਾਨੀ ਦਾ ਕੀ ਦੋਸ਼? ?

ਕੀ ਗੁਰੁ ਰਾਮਦਾਸ ਜੀ ਮਾਵਾਂ ਨੂੰ ਦੋਸ਼ੀ ਮੰਨ ਰਹੇ ਹਨ? ਜਿਹਨਾਂ ਦੇ ਗਿਆਨ ਹੀਣੇ ਬੱਚੇ ਪੈਦਾ ਹੋ ਰਹੇ ਹਨ। ਤਾਂ ਕਰਕੇ ਮਾਵਾਂ ਦੇ ਬਾਂਝ ਰਹਿਣ ਦੀ ਕਾਮਨਾ ਕਰ ਰਹੇ ਹਨ ਚੌਥੇ ਸਤਿਗੁਰੂ ਸਾਹਿਬ? ? ?

ਨਹੀਂ ਬਿੱਲਕੁੱਲ ਵੀ ਨਹੀਂ! !

ਇਹ ਸਰਾਸਰ ਸਾਡੀ ਆਪਣੀ ਅਗਿਆਨਤਾ ਹੈ, ਨਾਦਾਨੀ ਹੈ, ਕਿ ਅਸੀ ਗੁਰਬਾਣੀ ਨੂੰ ਗਿਆਨ ਲੈਣ ਵਾਲੇ ਨਜ਼ਰੀਏ ਨਾਲ ਨਹੀਂ ਪੜ੍ਹਨਾ ਕਰਦੇ। ‘ਗੁਰਬਾਣੀ’ ਨੂੰ ਲਿਖਤ ਵਿੱਚ ਲਿਆਉਣ ਦਾ ਮਕਸਦ ਵੀ ਇਹੀ ਸੀ ਕਿ ਲੋਕਾਈ ਇਸਨੂੰ (ਗੁਰਬਾਣੀ) ਨੂੰ ਪੜ੍ਹਕੇ ਆਪਣੇ ਮਨੁੱਖਾ ਜੀਵਨ ਵਿੱਚ ਲਾਹਾ ਪ੍ਰਾਪਤ ਸਕਣ। ਗੁਰਮੱਤ-ਗਿਆਨ ਲੈ ਸਕਣ। ਗੁਰਮੱਤ-ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਅਤੇ ਮਨੁੱਖਾ ਸਮਾਜ ਵਿੱਚ ਲੋਕ ਭਲਾਈ ਦੇ ਕੰਮਾਂ ਨੂੰ ਅੰਜਾਮ ਦੇ ਸਕਣ।

‘ਗੁਰਬਾਣੀ’ ਪ੍ਰਤੀ ਸਾਨੂੰ ਸਿੱਖ ਸੰਗਤਾਂ ਨੂੰ ਬਹੁਤ ਹੀ ਜਾਗਰੂਕ ਹੋਣ ਦੀ ਲੋੜ ਹੈ। 35 ਬਾਣੀ ਕਾਰਾਂ ਦੁਆਰਾ ਉਚਾਰੀ ਬਾਣੀ, ਉਹਨਾਂ ਨੂੰ ਮਿਲੀ ਸਤਸੰਗਤ ਦੇ ਅਸਰ ਅਤੇ ਆਤਮ-ਗਿਆਨ ਦੇ ਨਿਜ਼ੀ ਤਾਜ਼ੁਰਬੇ ਉੱਪਰ ਅਧਾਰਤ ਹੈ। ‘ਗੁਰਬਾਣੀ’ ਕੋਈ ਜਾਦੂ ਟੋਣਾ ਟੋਟਕਾ ਨਹੀਂ ਹੈ। ਨਿਰੋਲ ਗਿਆਨ ਭਰਪੂਰ, ਗਿਆਨ ਦਾ ਸਾਗਰ ਹੈ।

ਲਿਖਤ ਵਿੱਚ ਆਇਆ ਗਿਆਨ, ਪੜ੍ਹਕੇ ਹੀ ਲਿਆ ਜਾ ਸਕਦਾ ਹੈ। ਕਿਸੇ ਲਿਖਤ ਵਿਚੋਂ ਗਿਆਨ ਲੈਣਾ ਹੋਵੇ ਤਾਂ ਉਸ ਲਿਖਤ ਨੂੰ ਬੜੇ ਠਰੰਮੇ ਨਾਲ, ਸਹਿਜ ਨਾਲ ਪੜ੍ਹਨ ਦੀ ਜਰੂਰਤ ਹੁੰਦੀ ਹੈ।

48 ਘੰਟੇ ਦਾ ਲਗਾਤਾਰ ਤੋਤਾ ਰਟਣ ਪਾਠ ਨਾਲ 1429 ਪੰਨਿਆਂ ਦਾ ਕੀ ਗਿਆਨ ਦੇਵੇਗਾ? ? ? ?

ਕੁੱਝ ਵੀ ਨਹੀਂ, ਸਿਵਾਏ! ! ਸਿਰਫ ਮਨ ਹੰਕਾਰ ਨੂੰ ਪੱਠੇ ਹੀ ਪਾਏਗਾ। ਅੱਜ ਤੱਕ ਸਿੱਖ ਸਮਾਜ ਨੇ ਕਿੰਨੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਹਨ, ਕਿੰਨੀਆਂ ਫਲੀਭੂਤ ਹੋਈਆਂ ਹਨ। ਕੋਈ ਵੀ ਨਹੀਂ। ਕਿਉਂਕਿ ਅਸੀਂ ਪਰੈਕਟੀਕਲ ਜਿੰਦਗੀ ਨਹੀਂ ਜਿਉਂ ਰਹੇ, ਬਲਕਿ ਬਿਪਰੀ ਤਰਜ਼ ਤੇ ਪੂਜਾਰੀ ਵਾਲੇ "ਰੱਬ" ਨੂੰ ਲੇਕੇ ਜਿਉਣਾ ਕਰ ਰਹੇ ਹਾਂ। ਪੂਜਾਰੀ ਵਾਲੇ ‘ਰੱਬ’ ਦਾ ਕੋਈ ਆਸਤਿੱਵ ਨਹੀਂ ਹੈ। ਨਾ ਕਿਸੇ ਮੰਦਿਰ ਵਿਚ, ਨਾ ਕਿਸੇ ਗੁਰਦੁਆਰੇ ਵਿਚ, ਨਾ ਕਿਸੇ ਗਿਰਜ਼ੇ ਵਿਚ, ਨਾ ਕਿਸੇ ਮਸੀਤ ਵਿਚ, ………. ਸੱਭ ਇੱਕ ਪਾਖੰਡ ਹੈ, ਵਿਖਾਵਾ ਹੈ, ਆਡੰਬਰ ਹੈ, ਦੁਕਾਨਦਾਰੀ ਹੈ।

ਠੀਕ ਉਪਰਲੇ ਸਬਦ ਦੀ ਪੰਕਤੀ ਬਾਰੇ ਪਏ ਭੁਲੇਖੇ ਦੀ ਤਰਹ ਹਰ ‘ਪਉੜੀ’ ਵਿੱਚ ‘ਪਉੜੀ’ ਦੀ ਅਖੀਰਲੀ ਪੰਕਤੀ, ਉਸ ਪਉੜੀ ਦਾ ਕੇਂਦਰੀ ਭਾਵ ਹੁੰਦਾ ਹੈ। ਮੂਹਰਲੀਆਂ ਪੰਕਤੀਆਂ ਨੂੰ ਲੈਕੇ ਗਉਣਾ ਕਰਨ ਨਾਲ ਸਾਡੇ ਰਾਗੀ ‘ਗੁਰਬਾਣੀ’ ਅਰਥਾਂ ਦੇ ਅਨਰਥ ਕਰੀ ਜਾਂਦੇ ਹਨ।

(ਇਸਦੀ ਉਦਾਹਰਨ ਹੈ ਭਾਈ ਗੁਰਦਾਸ ਜੀ ਦੀ ਦੁਆਰਾ ਰਚਿਤ 19ਵੀਂ ਵਾਰ ਦੀ 6 ਨੰਬਰ ਪਉੜੀ)। ਇਸ ਪਉੜੀ ਵਿੱਚ ਭਾਈ ਸਾਹਿਬ ਜੀ ਇੱਕ ਗੁਰਮੁੱਖ ਸਿੱਖ ਦਾ ਕਿਰਦਾਰ/ਜੀਵਨ ਬਿਆਨ ਕਰ ਰਹੇ ਹਨ, ਕਿ ਕਿਵੇਂ ਜਿਹੜੇ ਗੁਰਮੁੱਖ ‘ਸਬਦ-ਗਿਆਨ ਗੁਰੂ’ ਦੀ ਸ਼ੰਭਾਲ ਕਰਦੇ ਹਨ, ਉਹਨਾਂ ਲਈ ਮਨੁੱਖਾ ਜੀਵਨ ਦੇ ਸੁੱਖ ਹਮੇਸ਼ਾਂ ਲਈ ਉਹਨਾਂ ਦੀ ਝੋਲੀ ਵਿੱਚ ਆ ਜਾਂਦੇ ਹਨ, ਨਾ ਕਿ ਪਉੜੀ ਵਿੱਚ ਦਿੱਤੇ ਪੰਜ ਹਵਾਲਿਆਂ ਦੀ ਤਰਹ ਥੌੜ ਚਿਰੇ ਪ੍ਰਾਹੁਣੇ ਹਨ।

ਇਹ ਪੰਜ ਹਵਾਲੇ ਹਨ। 1 ਦੀਵਾਲੀ ਦੀ ਰਾਤ ਨੂੰ ਬਲਦੇ ਦੀਵੇ, ਦਿਨ ਚੜ੍ਹਦੇ ਤੱਕ ਬੁੱਝ ਜਾਂਦੇ ਹਨ। 2 ਆਕਾਸ਼ ਵਿੱਚ ਰਾਤ ਨੂੰ ਚਮਕਦੇ ਤਾਰੇ, ਸਵੇਰ ਹੁੰਦੇ ਸਾਰ ਅਲੋਪ ਹੋ ਜਾਂਦੇ ਹਨ। 3 ਬਾਗ ਵਿੱਚ ਟਹਿਕਦੇ ਫੁੱਲ, ਸਵੇਰ ਨੂੰ ਮਾਲਣ ਤੋੜ ਲੈਂਦੀ ਹੈ। 4 ਤੀਰਥਾਂ ਉੱਪਰ ਤੀਰਥ ਯਾਤਰਾ ਕਰਨ ਗਏ ਮੁਸਾਫਿਰ ਅਲੱਗ ਅਲੱਗ ਆਪਣੇ ਆਪਣੇ ਨਗਰ ਵਾਪਸ ਪਰਤ ਜਥਾਂਦੇ ਹਨ। 5 ਆਕਾਸ਼ ਵਿੱਚ ਬਣਦੇ ਵਿਗੜਦੇ ਬਦਲਾਂ ਦੇ ਅਕਸ਼ ਕਈ ਤਰਾਂ ਦੇ ਭੁਲੇਖੇ ਪਾਉਂਦੇ ਹਨ, ਹਵਾਂ ਚੱਲਦੇ ਹੀ ਛਾਂਈ ਮਾਂਈ ਹੋ ਜਾਂਦੇ ਹਨ।

ਇਹ ਪੰਜੇ ਹਵਾਲੇ, ਵਾਰ ਦੀ ਅਖੀਰਲੀ ਪੰਕਤੀ ਦੇ ਕੇਂਦਰੀ ਭਾਵ ਨੂੰ ਮਜ਼ਬੂਤ ਕਰਨ ਹਿੱਤ ਦਰਜ਼ ਕੀਤੇ ਗਏ ਹਨ। ਨਾ ਕੇ ਭਾਈ ਗੁਰਦਾਸ ਜੀ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦੀ ਵਕਾਲਤ ਕਰ ਰਹੇ ਹਨ।

ਭਾਈ ਗੁਰਦਾਸ ਜੀ ਦੀ ਵਾਰ ਨੰਬਰ 6 ਦੇ ਉੱਪਰ ਦਰਜ਼ ਹੈ ਕਿ ਇੱਕ ਗੁਰਮੁੱਖ ਦਾ ਚੱਲਣ ਜੁੱਗਤ ਜੀਵਨ ਕਿਸ ਤਰਾਂ ਦਾ ਚਾਹੀਦਾ ਹੈ।

ਫਿਰ ਭੀ ਰਾਗੀ ਆਪਣੀ ਮੱਤ ਦਾ ਜ਼ਨਾਜਾ ਆਪ ਹੀ ਕੱਢ ਰਹੇ ਹਨ, ਕਿ ਉਹਨਾਂ ਨੂੰ ਗੁਰਮੱਤ ਦਾ ਕਿੰਨ੍ਹਾ ਕੁ ਗਿਆਨ ਹੈ। ਇੱਕ ਦੋ ਨੂੰ ਛੱਡ ਕੇ ਬਾਕੀ ਰਾਗੀ ਤਾਂ ‘ਰੋਟੀਆਂ ਕਾਰਨ ਪੂਰਹਿ ਤਾਲ’ ਵਾਲੀ ਪੰਕਤੀ ਨੂੰ ਸੱਚੀ ਸਾਬਿਤ ਕਰ ਰਹੇ ਹਨ।

੬: ਚੱਲਣ ਜੁਗਤ

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।

ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।

ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।

ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ।

ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥੬॥

ਆਉ ‘ਸਬਦ’ ਅਰਥ ਵਿਚਾਰਨਾ ਕਰੀਏ।

ਜੈਤਸਰੀ ਮਹਲਾ ੪ ॥

ਜਿਨ (ਜਿਹਨਾਂ ਦੇ) ਹਰਿ (ਅਕਾਲ-ਪੁਰਖ) ਹਿਰਦੈ (ਅੰਤਰ-ਆਤਮੈ) ਨਾਮੁ (ਹੋਂਦ, ਨਾਮਣਾ, ਅਕਾਲ-ਪੁਰਖੀ ਗੁਣ) (ਨਹੀਂ) ਬਸਿਓ (ਵਸਾਉਣੇ ਕੀਤੇ, ਧਾਰਨ ਕਰਨਾ ਕੀਤੇ) ਤਿਨ (ਉਹਨਾਂ ਦੀ) ਮਾਤ (ਅਕਲ, ਮਤਿ, ਬੁੱਧ) ਕੀਜੈ (ਕਰ ਦਿੰਦਾ ਹੈ) ਹਰਿ (ਅਕਾਲ-ਪੁਰਖ) ਬਾਂਝਾ (ਫਲ ਦੇਣ ਤੋਂ ਰਹਿਤ ਹੋ ਜਾਣਾ, ਭਾਵ ਔਗੁਣਾਂ ਵਾਲੀ ਹੋ ਜਾਣਾ) ॥

** ਜਿਹਨਾਂ ਇਨਸਾਨਾਂਮਨੁੱਖਾਂ ਦੇ ਹਿਰਦਿਆਂ ਵਿੱਚ ਅਕਾਲ-ਪੁਰਖੀ ਗੁਣਾਂ, ਸਚਿਆਰਤਾ ਵਾਲੇ ਗੁਣਾਂ, ਸਾਤਵਿਕ ਗੁਣਾਂ ਦਾ ਵਾਸਾ ਨਹੀਂ ਹੈ, ਭਾਵ ਜਿਹਨਾਂ ਨੇ ਇਹਨਾਂ ਗੁਣਾਂ ਨੂੰ ਅਪਨਾਉਂਣਾ ਨਹੀਂ ਕੀਤਾ, ਉਹਨਾਂ ਦੀ ਮੱਤ ਵੀ ਬਾਂਝ ਹੋ ਜਾਂਦੀ ਹੈ। ਭਾਵ ਚੰਗਾ ਸੋਚਣ ਤੋਂ ਅਸੱਮਰੱਥ ਹੋ ਜਾਂਦੀ ਹੈ। ਉਹ ਕੋਈ ਕਿਰਏਟਿਵ ਕੰਮ ਨਹੀਂ ਕਰ ਸਕਦੇ। ਉਹਨਾਂ ਦੇ ਅੰਦਰ ਹਿਰਦੈ ਵਿੱਚ ਪਰਉਪਕਾਰਤਾ ਖਤਮ ਹੋ ਜਾਂਦੀ ਹੈ। ਭਾਵ ਮਤਲਭੀ, ਖ਼ੁਦਗਰਜ਼, ਕਿਸਮ ਦੇ ਇਨਸਾਨ ਬਣ ਜਾਂਦੇ ਹਨ।

ਸ਼ੁਭ ਗੁਣ ਹਨ: ਸੱਚ, ਪਿਆਰ, ਸ਼ਾਂਤੀ, ਪਵਿਤੱਰਤਾ, ਸਬਰ, ਸੰਤੋਖ, ਹਲੀਮੀ, ਨਿਮਰਤਾ, ਕੋਮਲਤਾ, ਸਹਿਜਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ………."ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥" ਮ4॥ ਪੰਨਾ 735॥

ਇਹ ਅਕਾਲ-ਪੁਰਖ ਦੇ ਬਣਾਏ ਅਟੱਲ ਨਿਯਮ ਹਨ ਕਿ ਜੋ ਮਨੁੱਖ ਜਿਸ ਤਰਾਂ ਦੇ ਕਰਮ ਕਰੇਗਾ ਭਾਵ ਜਿਸ ਤਰਾਂ ਦੀ ਸੋਚ ਰੱਖੇਗਾ, ਉਸੇ ਤਰਾਂ ਦੇ ਰਜੱਲਟ ਦਾ ਸਾਹਮਣਾ ਕਰੇਗਾ। ਭਾਵ ਦੁੱਖ-ਸੁੱਖ ਦਾ ਭੋਗਣਾ ਕਰੇਗਾ। "ਜੈਸਾ ਬੀਜੈ ਸੋ ਲੁਣੈ’

ਮਨੁੱਖੀ ਹਿਰਦੈ ਭਾਵ ਮਨੁੱਖੀ ਆਤਮ-ਗਿਆਨ ਵਿੱਚ ਸ਼ੁਭ ਗੁਣਾਂ ਦਾ ਪ੍ਰਵਾਹ ਦਾ ਨਾ ਚਲਣਾ ਕਰਕੇ ਐਸੇ ਮਨੁੱਖਾਂ ਦੀ ਮੱਤ ਵੀ ਮਲੀਣ ਹੋ ਜਾਂਦੀ ਹੈ। ਬਾਂਝ ਹੋ ਜਾਂਦੀ ਹੈ, ਸ਼ੁਭ ਅਮਲਾਂ ਦੇ ਕਰਨ ਤੋਂ।

ਸ਼ੁਭ ਗੁਣਾਂ ਤੋਂ ਬਾਝੋਂ (ਤਿਨ) ਉਹਨਾਂ ਦੀ ਦੇਹ (ਸਰੀਰ) ਦੁਨੀਆਂ ਵਿੱਚ ਵਿਚਰਦੀ ਹੈ। ਖਪਿ ਖਪਿ, ਦੁੱਖੀ ਹੋ ਕੇ ਕੁਰਲਾਉਂਦੇ ਹੋਏ ਉਹ ਮਰ ਜਾਂਦੇ ਹਨ।

ਤਿਨ (ਉਹਨਾਂ ਦੀ) ਸੁੰਞੀ (ਉਜੜੀ) ਦੇਹ (ਸਰੀਰ) ਫਿਰਹਿ (ਫਿਰਦੀ ਹੈ) ਬਿਨੁ ਨਾਵੈ (ਨਾਮ ਤੋਂ ਬਗੈਰ ਭਾਵ ਚੰਗੇ ਗੁਣਾਂ ਤੋਂ ਰਹਿਤ) ਓਇ (ਉਹ) ਖਪਿ ਖਪਿ (ਦੁੱਖੀ ਹੋ ਕੇ) ਮੁਏ (ਪਰੇਸ਼ਾਨ ਹੁੰਦੇ ਹਨ, ਮਰਦੇ ਹਨ) ਕਰਾਂਝਾ (ਕੁਰਲਾਉਂਦੇ ਹਨ, ਚੀਖ ਪੁਕਾਰ ਕਰਦੇ ਹਨ) ॥੧॥

ਮੇਰੇ ਮਨ (ਆਪਣੇ ਮਨ ਨੂੰ) ਜਪਿ (ਪੜ੍ਹਨਾ, ਜਪਣਾ, ਬੋਲਣਾ, ਚੇਤੇ ਕਰਨਾ) ਰਾਮ (ਰਮੇ ਹੋਏ) ਨਾਮੁ (ਹੋਂਦ, ਗੁਣ, ਨਾਮਣਤ) ਹਰਿ (ਅਕਾਲ-ਪੁਰਖ) ਮਾਝਾ (ਸਾਰਿਆਂ ਵਿੱਚ ਸਰਬ ਵਿਆਪਿਕ ਹੈ) ॥

ਹਰਿ ਹਰਿ ਕ੍ਰਿਪਾਲਿ (ਕ੍ਰਿਪਾਲੂ ਅਕਾਲਪੁਰਖ) ਕ੍ਰਿਪਾ ਪ੍ਰਭਿ ਧਾਰੀ (ਨੇ ਮਿਹਰ ਕੀਤੀ ਭਾਵ ਮੈਨੂੰ ਸਮਝ ਪੈਣੀ ਸੁਰੂ ਹੋ ਗਈ) ਗੁਰਿ ਗਿਆਨੁ ਦੀਓ ਮਨੁ ਸਮਝਾ (ਮੇਰੇ ਮਨ ਨੂੰ ਗੁਰੁ ਗਿਆਨ ਵਿਚਾਰ ਦੀ ਸਮਝ ਪੈਣੀ ਸੁਰੂ ਹੋ ਗਈ॥ ਰਹਾਉ ॥

ਹਰਿ ਕੀਰਤਿ (ਅਕਾਲ-ਪੁਰਖ ਦੀ ਸਿਫਤਿ ਸਾਲਾਹ, ਵਡਿਆਈ) ਕਲਜੁਗਿ (ਕਲਹ ਕਲੇਸ਼ ਵਿਚ) ਪਦੁ ਊਤਮੁ (ਚੰਗਾ ਕੰਮ ਹੈ) ਹਰਿ ਪਾਈਐ ਸਤਿਗੁਰ ਮਾਝਾ (ਚੰਗੇ ਗੁਣਾਂ ਦਾ ਮਨੁੱਖੀ ਸੁਬਾੳੇ ਵਿੱਚ ਵਾਸਾ ਹੁੰਦਾ ਹੈ। ॥

ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ (ਆਪਣੇ ਸਤਿਗੁਰੂ ਜੀ ਦੇ ਬਲਿਹਾਰ ਜਾਂਦਾ ਹਾਂ ਜਿਹਨਾਂ ਨੇ ਮੈਨੂੰ ਅਗਿਆਨੀ ਨੂੰ ਆਪਣੇ ਗਿਆਨ ਨਾਲ ਸ਼ਾਰ ਸ਼ਾਰ ਕਰ ਦਿੱਤਾ) ॥੨॥

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ (ਮੈਂ ਭਾਗਾਂ ਵਾਲਾ ਹਾਂ ਮੇਰੇ ਅੰਦਰੋਂ ਔਗੁਣਾਂ ਦਾ ਨਾਸ ਹੋ ਗਿਆ) ॥

ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ (ਮੇਰਾ ਸਤਿਗੁਰੂ ਵੱਡਾ ਸਾਹ ਸੁਜਾਣ ਹੈ ਭਾਵ ਸਿਆਣਾ ਹੈ, ਜਿਸਨੇ ਮੇਰੇ ਅੰਦਰ ਆਪਣੇ ਸਚਿਆਰਤਾ ਵਾਲੇ ਗੁਣਾਂ ਦੀ ਸਾਂਝ ਬਣਾ ਦਿੱਤੀ) ॥੩॥

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ (ਜਿਹਨਾਂ ਤੇ ਅਕਾਲ-ਪੁਰਖ ਨੇ ਕਿਰਪਾ ਕੀਤੀ ਹੈ, ਉਹਨਾਂ ਦੇ ਮਨਾਂ ਵਿੱਚ ਆਪ ਆਪਣੇ ਗੁਣਾਂ ਨੂੰ ਵਸਾਉਣਾ ਕੀਤਾ ਹੈ। ॥

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ (ਧਰਮ ਰਾਏ ਭਾਵ ਅਕਾਲ-ਪੁਰਖ ਦੇ ਵਿਧੀ ਵਿਧਾਨ ਦੇ ਤਹਿਤ ਮੇਰੇ ਸਾਰੇ ਔਗੁਣਾਂ ਵਾਲੇ ਕਰਮ ਖਤਮ ਹੋ ਗਏ ਹਨ, ਹੁਣ ਨਾਨਕ ਦਾ ਲੇਖਾ ਸਮ ਹੋ ਗਿਆ ਹੈ, ਭਾਵ ਬਰੋਬਰ ਹੋ ਗਿਆ ਹੈ)। ॥੪॥੫॥

ਪ੍ਰੋ, ਸਾਹਿਬ ਸਿੰਘ ਜੀ ਹੁਣਾਂ ਦੇ ਕੀਤੇ ਅਰਥ ਹੇਠਾਂ ਦਿੱਤੇ ਹਨ, ਜੋ ਸਬਦ ਦੇ ਪ੍ਰਸੰਗ ਦੇ ਅਨੁਸਾਰ ਸਹੀ ਨਹੀਂ ਜਾਪਦੇ। ਪ੍ਰੋ, ਸਾਹਿਬ ਜੀ ਨੇ ਸਬਦੀ ਅਰਥ ਹੀ ਕਰ ਦਿੱਤੇ ਹਨ।

ਅਰਥ:- ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ। ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ। 1.

ਹੇ ਭਾਈ! ਜਗਤ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ। 2.

ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ। 3.

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! (ਆਖ—ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ। 4. 5.

ਸਮੱਗਰ ਗੁਰਬਾਣੀ ਆਤਮ ਗਿਆਨ ਦੇਣ ਵਾਲੀ ਕਲਿਆਣ ਕਾਰੀ ਇਬਾਰਤ ਹੈ, ਲਿਖਤ ਹੈ।

ਗੁਰਬਾਣੀ ਅੰਦਰ ਝੂਠੀਆਂ ਮਾਨਤਾਵਾਂ, ਮੰਨਮੱਤਾਂ, ਭੇਦਭਾਵ, ਛੂਤਛਾਤ, ਊਚਨੀਚ ਜਿਹੇ ਵਿਤਕਰਿਆਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ਸੱਚ ਨੂੰ ਸੱਚ ਅਤੇ ਕੂੜ ਨੂੰ ਕੂੜ, ਝੂਠ ਨੂੰ ਝੂਠ,

ਸਾਫ ਨੂੰ ਸਾਫ, ਗੰਦੇ ਨੂੰ ਗੰਦਾ,

ਸ਼ਰੀਫ ਨੂੰ ਸਰੀਫ, ਗੁੰਡੇ ਨੂੰ ਗੁੰਡਾ,

ਈਮਾਨਦਾਰ ਨੂੰ ਈਮਾਨਦਾਰ, ਬੇਈਮਾਨ ਨੂੰ ਬੇਈਮਾਨ,

ਭਲੇ ਨੂੰ ਭਲਾ ਅਤੇ ਬੁਰੇ ਨੂੰ ਬੁਰਾ,

ਫੁੱਲ ਨੂੰ ਫੁੱਲ ਅਤੇ ਕੰਡੇ ਨੂੰ ਕੰਡਾ,

ਲ਼ੁੱਚੇ ਨੂੰ ਲੁੱਚਾ ਅਤੇ ਭੱਲੇਮਾਨਸ਼ ਨੂੰ ਭੱਲਾਮਾਨਸ਼,

ਕਹਿਣ ਵਾਲਾ ਹੀ ਅਸਲ ਮਾਇਨਿਆਂ ਵਿੱਚ ਸਿੱਖੀ ਰਾਹ ਦਾ ਪਾਂਧੀ ਹੈ। ਸਿੱਖੀ ਪਰੈਕਟੀਕਲ ਜੀਵਨ ਦਾ ਨਾਂ ਹੈ। ‘ਸਿੱਖੀ’ ਵਿੱਚ ਗਉਣਾ, ਜਪਣਾ, ਧਿਆਉਣਾ, ਸਿਮਰਨਾ, ਸ਼ੂਭ ਗੁਣਾਂ ਨਾਲ ਜੀਵਨ ਜਿਉਣ ਨੂੰ ਕਿਹਾ ਜਾਂਦਾ ਹੈ। ਵਿਹਲੇ ਬੈਠ ਕੇ ਲੱਤ ਤੇ ਲੱਤ ਧਰਕੇ ਭਗਤੀ ਜਾਂ ਸਾਧਨਾ ਕਰਨਾ ‘ਸਿੱਖੀ’ ਨਹੀਂ ਹੈ। ਵਿਹਲੜ ਸਾਧਾਂ ਵਾਸਤੇ ਹੋ ਸਕਦੀ ਹੈ। , ਪਰ ਬਾਬੇ ਨਾਨਕ ਵਾਲੀ ‘ਸਿੱਖੀ’ ਨਾਲ ਅਜੇਹੀ ਸਿੱਖੀ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। ਅਜੇਹਿਆਂ ਪਾਖੰਡੀਆਂ ਨੂੰ ਤਾਂ ਬਾਬੇ ਨਾਨਕ ਨੇ ਦੁਰਕਾਰਿਆ ਹੇ। ‘ਸੱਚ’ ਹੀ ਸਿੱਖੀ ਦਾ ਧੁਰਾ ਹੈ। ਸਚਉ ੳਰੈ ਸਭੁ ਕੋ ਉਪਰਿ ਸਚੁ ਆਚਾਰੁ॥ ਮ1॥ ਪੰ 62॥

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿਡਨੀ ਅਸਟਰੇਲੀਆ




.