.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਸਲੋਕ ਅਠੱਤੀਵਾਂ

ਵੀਰ ਭੁਪਿੰਦਰ ਸਿੰਘ

38. ਸਲੋਕ ਅਠੱਤੀਵਾਂ -

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥38॥

ਨਰ ਆਦਮੀ ਨੂੰ ਨਹੀਂ ਕਹਿ ਰਹੇ ਹਨ। ਨਰ ਦਾ ਅਰਥ ਹੈ ਸਾਰੀ ਮਨੁੱਖ ਜ਼ਾਤ। ਮਨੁੱਖ ਚਾਹੁੰਦਾ ਕੁਝ ਹੋਰ ਹੈ ਹੋ ਕੁਝ ਹੋਰ ਜਾਂਦਾ ਹੈ। ਮੈਂ ਤੇ ਸੋਚਿਆ ਸੀ ਜਦੋਂ ਇਤਨਾ ਧਨ ਕਮਾ ਲਵਾਂਗਾ ਤਾਂ ਸੁਖੀ ਹੋ ਜਾਵਾਂਗਾ। ਪਰ ਐਸਾ ਹੁੰਦਾ ਨਹੀਂ ਸਗੋਂ ਮੁਸੀਬਤ ਹੋਰ ਵਧ ਗਈ। ਜਿਵੇਂ ਧਰਤੀ ਤੇ ਅਸਮਾਨ ਨਹੀਂ ਮਿਲਦੇ ਇਸ ਤਰ੍ਹਾਂ ਮਨੁੱਖ ਸੋਚਦਾ ਹੈ ਕਿ ਮੈਂ ਇਹ ਇੰਜ ਕਰਾਂਗਾ ਤਾਂ ਇੰਜ ਹੋ ਜਾਏਗਾ।

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

ਮਨੁੱਖ ਸੋਚਦਾ ਹੈ ਕਿ ਜਦੋਂ ਮੈਂ ਪੜ੍ਹਾਈ ਕਰਕੇ ਕੋਈ ਵਾਪਾਰ ਕਰਕੇ ਇਤਨੇ ਲੱਖ ਕਮਾ ਲਵਾਂਗਾ ਜਾਂ ਜਦੋਂ ਮੇਰਾ ਵਿਆਹ ਹੋ ਜਾਏਗਾ, ਜਾਂ ਜਦੋਂ ਸਾਡੇ ਘਰ ਪੁੱਤਰ ਹੋ ਜਾਏਗਾ ਤਾਂ ਅਸੀਂ ਸੁਖੀ ਹੋ ਜਾਵਾਂਗੇ।

ਕਾਰ ਆ ਗਈ, ਸੋਨਾ ਖਰੀਦ ਲਿਆ, ਪੈਸਾ ਆ ਗਿਆ, ਨੌਕਰੀ ਮਿਲ ਗਈ, ਪੁੱਤਰ ਦਾ ਵਿਆਹ ਹੋ ਗਿਆ ਪਰ ਸੁੱਖ ਨਹੀਂ ਮਿਲਿਆ। ਕਿਉਂਕਿ ਹੋਰ-ਹੋਰ ਦੀ ਤ੍ਰਿਸ਼ਨਾ ਮਨ ਨੂੰ ਟਿਕਣ ਨਹੀਂ ਦੇਂਦੀ। ਇਹ ਖੇਡ ਸਮਝ ਆ ਜਾਏ ਤਾਂ ਇਸ ਤੋਂ ਅਸੀਂ ਛੁੱਟ ਸਕਦੇ ਹਾਂ।

ਜਦੋਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਹੀਂ ਹੁੰਦਾ ਤਾ ਉਦਾਸੀਨਤਾ ਆ ਜਾਂਦੀ ਹੈ। ਅਸੀਂ ਸਾਰੇ ਮਾਲਕ ਬਣੇ ਹੋਏ ਹਾਂ। ਮਾਲਕ ਕੀ ਕਰਦਾ ਹੈ? ਉਹ ਆਪਣੇ ਮੁਲਾਜ਼ਿਮ ਨੂੰ ਹੁਕਮ ਸੁਣਾਉਂਦਾ ਹੈ। ਹੂਬਹੂ ਅਸੀਂ ਵੀ ਰੱਬ ਨੂੰ ਹੁਕਮ ਦੇਂਦੇ ਹਾਂ। ਅਸੀਂ ਰੱਬ ਦੇ ਮਾਲਕ ਬਣੇ ਹੋਏ ਹਾਂ। ਮੈਂ ਜੋ ਕਹਿੰਦਾ ਹਾਂ ਉਹ ਕਰੋ, ਜੋ ਮੈਂ ਚਾਹੁੰਦਾ ਹਾਂ ਉਂਜ ਕਰੋ।

ਠਗਉਰ ਭਾਵ ਠੱਗੀ ਵਾਲਾ ਰਾਹ, ਠੱਗੀ ਵਾਲੀ ਸੋਚ। ਠੱਗ ਤੋਂ ਬਣਿਆ ਹੈ ਠਗਉਰ। ਐ ਮਨ ਤੂੰ ਠਗਉਰੀ ਕਰਦਾ ਰਹਿੰਦਾ ਹੈਂ। ਹਮੇਸ਼ਾਂ ਸੋਚਦਾ ਰਹਿੰਦਾ ਹੈਂ, ਹਮੇਸ਼ਾਂ ਵਿਉਂਤ ਬਣਾਉਂਦਾ ਰਹਿੰਦਾ ਹੈ। ਠੱਗੀ ਕਰਨ ਵਾਲੇ ਖਿਆਲਾਂ ਵਿਚ ਖਚਿੱਤ ਰਹਿੰਦਾ ਹੈਂ। ਇਹ ਹੀ ਫਾਂਸੀ ਹੈ।

ਹਉ ਠਗਵਾੜਾ ਠਗੀ ਦੇਸੁ ॥ (24) ਮੇਰਾ ਇਤਨਾ ਡਰਾਉਣਾ ਰੂਪ ਹੈ ਕਿ ਮੈਂ ਠਗਵਾੜਾ ਬਣ ਗਿਆ ਹਾਂ, ਠੱਗੀ ਵੇਸ ਕਰਦਾ ਹਾਂ। ਠੱਗੀ ਵੇਸ ਦੇ ਕਪੜੇ ਕੋਈ ਵਖਰੇ ਨਹੀਂ ਹੁੰਦੇ ਹਨ। ਇਸ ਲਈ ਠੱਗੀ ਵੇਸ ਬਾਹਰੋਂ ਨਹੀਂ ਪਤਾ ਲਗਦਾ। ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ (751)

ਇਹ ਠੱਗੀ ਵੇਸ ਮੈਂ ਆਪਣੇ ਅੰਤਰ ਆਤਮੇ ਦਾ ਬਣਾਕੇ ਬੈਠਾ ਹੋਇਆ ਹਾਂ। ਠਗਉਰ ਦਾ ਭਾਵ ਹੈ ਕਿ ਉਹ ਤਰੀਕਾ, ਉਹ ਵਿਧੀ ਜਿਸ ਨਾਲ ਦੂਜੇ ਨੂੰ ਬੇਹੋਸ਼ ਕਰ ਦਿੱਤਾ ਜਾਏ। ਗੁਰਬਾਣੀ ਵਿਚ ਇਕ ਥਾਂ ਤੇ ਗੁਰੂ ਸਾਹਿਬ ਲਫ਼ਜ਼ ਵਰਤਦੇ ਹਨ ‘ਠਗਮੂਰੀ’ ਜਿਸ ਦਾ ਅਰਥ ਹੈ ਕਿ ਉਹ ਵਾਲਾ ਦੁਧ ਪਿਲਾ ਦੇਣਾ ਜਿਸ ਵਿਚ ਜ਼ਹਿਰ ਮਿਲਿਆ ਹੋਇਆ ਹੈ ਜਾਂ ਉਹ ਵਾਲੇ ਲੱਡੂ ਖੁਆ ਦੇਣਾ ਜਿਸ ਵਿਚ ਬੇਹੋਸ਼ੀ ਦੀ ਦਵਾਈ ਮਿਲੀ ਹੋਈ ਹੈ। ਜਿਵੇਂ ਹੀ ਦੂਜਾ ਬੇਹੋਸ਼ ਹੋਇਆ ਉਸਨੂੰ ਲੁੱਟਕੇ ਲੈ ਗਏ। ਮੈਂ ਐਸੀ ਠੱਗੀ ਵਾਲੀ ਬਿਰਤੀ ਦਾ ਇਨਸਾਨ ਹਾਂ। ਚਿਤਵਤ ਰਹਿਓ ਠਗਉਰ ਹਮੇਸ਼ਾਂ ਇਹ ਸੋਚਦੇ ਰਹਿਣਾ ਕਿ ਦੂਜੇ ਨੂੰ ਮੂਰਖ ਕਿਵੇਂ ਬਣਾਉਣਾ ਹੈ।

ਸ਼ੀਸ਼ੇ ਦੇ ਪਿੱਛੇ ਮਨੁੱਖ ਆਪ ਹੀ ਖੜਾ ਹੈ। ਕਦੀ ਸ਼ੀਸ਼ੇ ਅੱਗੇ ਖੜੇ ਹੋਣਾ ਤੇ ਕਹਿਣਾ ਕਿ ਤੂੰ ਦੁਨੀਆ ਨੂੰ ਤੇ ਧੋਖਾ ਦੇ ਸਕਦਾ ਹੈ ਪਰ ਆਪਣੇ ਆਪ ਨੂੰ ਧੋਖਾ ਨਾ ਦੇ। ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥ ਹੁਣ ਤੂੰ ਭੈੜ ਸੋਚਦਾ ਰਹੇਂਗਾ ਗਲ ਵਿਚ ਫਾਸੀ ਪਈ ਰਹੇਗੀ। ਮਨੁੱਖ ਆਪਣਾ ਹੁਕਮ ਚਲਾਣਾ ਚਾਹੁੰਦਾ ਹੈ, ਆਪਣੀ ਮਰਜ਼ੀ ਚਾਹੁੰਦਾ ਹੈ ਜਦੋਂ ਇਸਦੀ ਮਰਜ਼ੀ ਚਲਦੀ ਨਹੀਂ ਹੈ ਤਾਂ ਇਸਨੂੰ ਫਾਹੀ ਪਈ ਰਹਿੰਦੀ ਹੈ। ਹਾਏ! ਮਤੇ ਸੁਨਾਮੀ ਨਾ ਆ ਜਾਏ, ਹਾਏ ਮਤੇ ਭੁਚਾਲ ਨਾ ਆ ਜਾਏ। ਕੋਈ ਵੀ ਕੁਦਰਤੀ ਔਕੜ ਨਾ ਆਵੇ। ਸਾਰੇ ਮੇਰੇ ਮੁਤਾਬਕ ਚੱਲਣ। ਸਾਰਾ ਧਰਮ ਵੀ ਮੇਰੇ ਮੁਤਾਬਕ ਚੱਲੇ, ਸਾਰਾ ਘਰ ਵੀ ਮੇਰੇ ਮੁਤਾਬਕ ਚਲੇ, ਸੜਕ ਤੇ ਮੈਂ ਜਾਵਾਂ ਤੇ ਸਾਰਾ ਟ੍ਰੈਫਿਕ ਵੀ ਮੇਰੇ ਮੁਤਾਬਕ ਹੀ ਚਲੇ। ਸਭ ਕੁਝ ਮੇਰੇ ਮੁਤਾਬਕ ਹੋਵੇ ਪਰ ਹੋ ਕੁਝ ਹੋਰ ਜਾਂਦਾ ਹੈ। ਇਹ ਜਿਹੜਾ ਆਪਣੀ ਮਨ ਮਰਜ਼ੀ ਕਰਵਾਉਣਾ ਚਾਹੁੰਦਾ ਹੈ ਇਹ ਜਮਾਂ ਦੀ ਫਾਹੀ ਹੈ। ਇਹ ਹਉਮੈ ਦੇ ਕਾਰਨ ਫਾਈ ਪੈਂਦੀ ਹੈ। ਮਰਨ ਤੋਂ ਮਗਰੋਂ ਜਮਾਂ ਦੀ ਫਾਹੀ ਪਏਗੀ ਕਿ ਨਹੀਂ।

ਜਿੱਥੇ ਮੇਰਾ ਕਹਿਣਾ ਨਾ ਮੰਨਿਆ ਜਾਏ ਮੈਂ ਕਲਜੁਗ ਵਰਤਾ ਦੇਂਦਾ ਹਾਂ। ਮੇਰੀ ਇਹ ਫਾਹੀ ਤੰਗ ਕਰ ਰਹੀ ਹੈ। ਵਿਆਪਾਰ ਮੇਰੇ ਮੁਤਾਬਕ ਹੋਣਾ ਚਾਹੀਦਾ ਹੈ। ਸਮਾਜ ਵਿਚ ਜਿਤਨੇ ਰੀਤ ਰਿਵਾਜ਼ ਹਨ ਜੇਕਰ ਉਹ ਗਲਤ ਹਨ ਪਰ ਮੈਨੂੰ ਪਸੰਦ ਹਨ ਤਾਂ ਉਹ ਜ਼ਰੂਰ ਹੋਣੇ ਚਾਹਿਦੇ ਹਨ। ਭਾਵੇਂ ਧਾਰਮਕ ਪਰਦੇ ਹੇਠਾਂ ਕਰਨੇ ਪੈਣ, ਇਹ ਵੇਖਣ ਵਿਚ ਆਇਆ ਹੈ ਕਿ ਲੋਕੀ ਧਰਮ ਦੇ ਨਾਮ ਹੇਠਾਂ ਵਿਆਹ ਸ਼ਾਦੀ, ਜੰਮਣ, ਮਰਨ ਦੇ ਰੀਤ ਰਿਵਾਜ਼ ਕਰੀ ਜਾਂਦੇ ਹਨ ਤਾਂ ਉਨ੍ਹਾਂ ਦਾ ਬੱਚਾ ਸਮਝਦਾ ਹੈ ਇਹ ਹੀ ਧਰਮ ਹੈ। ਇਨ੍ਹਾਂ ਰੀਤ ਰਿਵਾਜ਼ਾਂ ਨੂੰ ਪੂਰਾ ਕਰਨਾ ਹੀ ਧਰਮ ਸਮਝ ਲੈਂਦਾ ਹੈ। ਉਹ ਇਹ ਸਮਝ ਲੈਂਦਾ ਹੈ ਕਿ ਇਹ ਧਰਮ ਹੈ। ਜਦੋਂ ਅਸੀਂ ਠੱਗੀ ਬਾਰੇ, ਦੂਜੇ ਨੂੰ ਮੂਰਖ ਬਣਾਉਣ ਬਾਰੇ, ਜਦੋਂ ਅਸੀਂ ਦੂਜਿਆਂ ਨੂੰ ਝਾਸਾਂ ਦੇਣ ਲਈ, ਜਦੋਂ ਅਸੀਂ ਕੁਝ ਵੀ ਚੰਗਾ ਕਰਕੇ ਉਸਦੇ ਬਦਲੇ ਵਿਚ ਰੱਬ ਕੋਲੋਂ ਜਾਂ ਲੋਕਾਂ ਕੋਲੋਂ ਕਰਵਾਉਣ ਲਈ ਕੁਝ ਵੀ ਕਰਦੇ ਹਾਂ ਇਹ ਠਗਉਰੀ ਹੈ।




.