.

ਗੁਰਬਾਣੀ ਵਿੱਚ ਦੇਹ ਅਤੇ ਮਨ ਦੇ ਸੰਕਲਪ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖੀ ਸਰੀਰ ਵਿੱਚ ਮਨ ਦੇ ਤਿੰਨ ਗੁਣਾਂ ਦਾ ਵਰਨਨ ਕਰਦੀ ਹੈ। ਉਹ ਹਨ: ਪਦਾਰਥ, ਸ਼ਕਤੀ ਅਤੇ ਹਸਤੀ। ਮਨ ਸਰੀਰ ਦਾ ਭਾਗ ਹੈ। ਸਰੀਰ ਨਿਰੋਲ ਪਦਾਰਥ ਹੈ ਅਤੇ ਸਰੀਰ ਦਾ ਭਾਗ ਹੋਣ ਕਾਰਨ ਮਨ ਵੀ ਪਦਾਰਥ ਹੈ। ਮਨ ਬੁੱਧੀ ਰਾਹੀਂ ਸਰੀਰ ਨੂੰ ਚਲਾਉਂਦਾ ਅਤੇ ਕਾਬੂ ਵਿੱਚ ਰੱਖਦਾ ਹੈ। ਸਰੀਰ ਨੂੰ ਚਲਾਉਣ ਲਈ ਸ਼ਕਤੀ ਦੀ ਲੋੜ ਹੁੰਦੀ ਹੈ। ਸਰੀਰ ਦੀ ਸ਼ਕਤੀ ਤੇ ਮਨ ਦਾ ਕਾਬੂ ਹੁੰਦਾ ਹੈ ਅਤੇ ਉਹੋ ਸਰੀਰ ਨੂੰ ਸ਼ਕਤੀ ਦੀ ਵਰਤੋਂ ਕਰਨ ਦਿੰਦਾ ਹੈ। ਮਨ ਦੇ ਸਰੀਰ ਵਿੱਚ ਪ੍ਰਵੇਸ਼ ਕਰਨ ਨਾਲ ਹੀ ਮਨੁੱਖ ਦਾ ਜਨਮ ਹੁੰਦਾ ਹੈ ਅਤੇ ਉਸ ਦੇ ਸਰੀਰ ਵਿਚੋਂ ਚਲੇ ਜਾਣ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ। ਮਨੁੱਖੀ ਜੀਵਨ ਦੀ ਹੋਂਦ ਅਤੇ ਹਸਤੀ ਮਨ ਦੇ ਕਾਰਨ ਹੈ। ਗੁਰਬਾਣੀ ਦਾ ਕਥਨ ਹੈ: “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ॥” (ਪੰਨਾ ੯੨੧)। ਮਨ ਨੂੰ ਹੀ ਗੁਰਬਾਣੀ ਵਿੱਚ ਪ੍ਰਭੂ ਦੀ ਜੋਤ ਆਖਿਆ ਗਿਆ ਹੈ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” (ਪੰਨਾ ੪੪੧)। ਗੁਰਬਾਣੀ ਵਿੱਚ ਮਨ ਦੇ ਇਨ੍ਹਾਂ ਤਿੰਨ ਗੁਣਾਂ ਦਾ ਵਰਨਨ ਇਸ ਪ੍ਰਕਾਰ ਵੀ ਕੀਤਾ ਗਿਆ ਹੈ: “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥” (ਪੰਨਾ ੩੪੨)। ਮਨ ਸ਼ਕਤੀ ਹੈ, ਸ਼ਿਵ, ਅਨੰਦ-ਸਰੂਪ ਪ੍ਰਭੂ ਹੈ ਅਤੇ ਪੰਜਾਂ ਤਤਾਂ ਦਾ ਬਣਿਆ ਸਰੀਰ ਹੈ। “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥” (ਪੰਨਾ ੪੧੫)। ਮਨ ਕੰਮ ਕਰਨ ਵਾਲੀ ਸ਼ਕਤੀ ਹੈ ਅਤੇ ਧਰਮ ਦੇ ਮਾਰਗ ਤੇ ਚਲਣ ਵਾਲੀ ਧਰਮੀ ਹਸਤੀ ਹੈ। ਇਸ ਦਾ ਜਨਮ ਪੰਜ ਤੱਤਾਂ ਦੇ ਸੁਮੇਲ ਨਾਲ ਬਣੇ ਸਰੀਰ ਵਿੱਚ ਹੁੰਦਾ ਹੈ। “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲ ਸਾਚੇ ਰਾਚਾ॥” (ਪੰਨਾ ੬੮੬)। ਤਨ ਵਿੱਚ ਮਨ ਹੁੰਦਾ ਹੈ ਅਤੇ ਮਨ ਵਿੱਚ ਸੱਚਾ ਪ੍ਰਭੂ ਵਸਦਾ ਹੈ। ਮਨ ਆਪਣੇ ਕਰਤੇ ਪ੍ਰਭੂ ਨਾਲ ਮਿਲ ਕੇ ਉਸ ਵਿੱਚ ਅਭੇਦ ਹੋ ਜਾਂਦਾ ਹੈ। ਪ੍ਰਭੂ ਨਾਲ ਮਿਲਾਪ ਕਰਨ ਦੀ ਯੋਗਤਾ ਕੇਵਲ ਮਨ ਵਿੱਚ ਹੀ ਹੈ ਕਿਊਂਕੇ ਉਹੋ ਪ੍ਰਭੂ ਦਾ ਅੰਸ਼ ਹੈ। ਪਦਾਰਥ ਹੋਣ ਕਾਰਨ ਸਰੀਰ ਹਰ ਪਲ ਬਦਲਦਾ ਰਹਿੰਦਾ ਹੈ ਅਤੇ ਮੌਤ ਹੋਣ ਤੇ ਮਿੱਟੀ ਬਣ ਕੇ ਉਸ ਵਿੱਚ ਰਲ ਜਾਂਦਾ ਹੈ ਪਰ ਮਨ ਦੀ ਮੌਤ ਨਹੀਂ ਹੁੰਦੀ। ਗੁਰਬਾਣੀ ਦਾ ਕਥਨ ਹੈ: “ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥” ਅਤੇ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥” (ਪੰਨਾ ੩੩੦)। ਸਰੀਰ ਦੀ ਮੌਤ ਹੋਣ ਨਾਲ ਮਨ ਦੀ ਮੌਤ ਨਹੀਂ ਹੁੰਦੀ ਪਰ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਮੈਲਾ ਹੋਇਆ ਮਨ ਪ੍ਰਭੂ ਨਾਲ ਮਿਲਣਯੋਗ ਨਹੀਂ ਹੁੰਦਾ। ਸਰੀਰ ਦੀ ਮੌਤ ਹੋਣ ਤੇ ਮਨ ਦੀ ਜੋ ਅਵਸਥਾ ਹੁੰਦੀ ਹੈ ਉਸ ਸਬੰਧ ਵਿੱਚ ਗੁਰਬਾਣੀ ਦੇ ਕੁੱਝ ਕਥਨ ਹਨ: “ਏਹ ਜੀਉ ਬਹੁਤੇ ਜਨਮ ਭਰੰਮਿਆ॥” (ਪੰਨਾ ੪੬੫) ਅਤੇ “ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥” (ਪੰਨਾ ੪੬੬)। ਮਨ ਦੀ ਮੈਲ ਗੁਰ-ਸ਼ਬਦ ਦੁਆਰਾ ਹੀ ਉਤਾਰੀ ਜਾ ਸਕਦੀ ਹੈ: “ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ (ਪੰਨਾ ੫੬੫) ਅਤੇ “ਸਤਿਗੁਰੁ ਸੇਵੇ ਤਾ ਮਲੁ ਜਾਏ॥ ਜੀਵਤੁ ਮਰੈ ਹਰਿ ਸਿਉ ਚਿਤੁ ਲਾਏ॥ ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ॥” (ਪੰਨਾ ੧੧੬)।

ਪਦਾਰਥਵਾਦੀ ਅਤੇ ਵਿਗਿਆਨੀ ਮਨ ਬਾਰੇ ਕੋਈ ਰਾਏ ਨਹੀਂ ਦਿੰਦੇ। ਉਹ ਮਨੁੱਖੀ ਬੁੱਧੀ ਨੂੰ ਪਦਾਰਥ ਅਤੇ ਸ਼ਕਤੀ ਦਾ ਸੰਚਾਲਕ ਪ੍ਰਵਾਨ ਕਰਦੇ ਹਨ ਅਤੇ ਮਨੁੱਖੀ ਹੋਂਦ ਨੂੰ ਇਸਤਰੀ ਅਤੇ ਪੁਰਸ਼ ਦੇ ਲਿੰਗੀ ਸਬੰਧਾਂ ਦਾ ਪਰਿਣਾਮ ਮੰਨਦੇ ਹਨ। ਉਹ ਅਦ੍ਰਿਸ਼ਟ ਮਨ ਅਤੇ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਪ੍ਰਗਟਾਉਂਦੇ ਅਤੇ ਨਾ ਹੀ ਇਨ੍ਹਾਂ ਬਾਰੇ ਕੋਈ ਸਪਸ਼ਟ ਰਾਏ ਦਿੰਦੇ ਹਨ। ਉਹ ਮਨੁੱਖੀ ਸਰੀਰ ਨੂੰ ਜਿਊਂਦਾ ਰਖਣ ਵਾਲੀ ਸ਼ਕਤੀ ਦੇ ਸੋਮੇ ਬਾਰੇ ਵੀ ਕੋਈ ਸੰਤੋਖਜਨਕ ਵਿਚਾਰ ਪੇਸ਼ ਨਹੀਂ ਕਰਦੇ।

ਮਨ ਸਰੀਰ ਵਿੱਚ ਹੁੰਦੇ ਹੋਏ ਵੀ ਨਜ਼ਰ ਨਹੀਂ ਆਉਂਦਾ ਪਰ ਅਦਿੱਖ ਹੋਣ ਦੇ ਬਾਵਜੂਦ ਉਹ ਸਰੀਰ ਦਾ ਚਾਲਕ ਅਤੇ ਮਾਲਕ ਹੁੰਦਾ ਹੈ ਅਤੇ ਸਰੀਰ ਨੂੰ ਆਪਣਾ ਘਰ ਅਤੇ ਮਲਕੀਅਤ ਸਮਝਦਾ ਹੈ। ਸਰੀਰ ਵਿੱਚ ਰਹਿ ਕੇ ਹੀ ਉਹ ਗੁਰ-ਸ਼ਬਦ ਦੁਆਰਾ ਮਨ ਦੀ ਮੈਲ ਉਤਾਰ ਕੇ ਪ੍ਰਭੂ ਨਾਲ ਮਿਲਾਪ ਕਰਨਯੋਗ ਬਣਦਾ ਹੈ। ਇਸੇ ਕਰਕੇ ਗੁਰਬਾਣੀ ਸਰੀਰ ਨੂੰ ਬਹੁਤ ਮਹਤੱਤਾ ਦਿੰਦੀ ਹੈ। “ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਣਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥” (ਪੰਨਾ ੧੧੫੯) ਅਤੇ “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥” (ਪੰਨਾ ੧੩੬੬)। ਮਨੁੱਖਾ ਸਰੀਰ ਹੀ ਮਨ ਨੂੰ ਪ੍ਰਭੂ ਮਿਲਾਪ ਦਾ ਅਵਸਰ ਪ੍ਰਦਾਨ ਕਰਦਾ ਹੈ: “ਤਨੁ ਹਟੜੀ ਇਹੁ ਮਨ ਵਣਜਾਰਾ॥ ਨਾਨਕ ਸਹਜੈ ਸਚੁ ਵਾਪਾਰਾ॥” (ਪੰਨਾ ੯੪੨); “ਭਈ ਪਰਾਪਤਿ ਮਾਨੁਖ ਦੇਹੁਰੀਅ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” (ਪੰਨਾ ੧੨); “ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥” (ਪੰਨਾ ੬੩੧)।

ਸਰੀਰ ਦੀਆਂ ਤਿੰਨ ਮੂਲ ਲੋੜਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਨ ਵੀ ਭਾਗੀ ਹੁੰਦਾ ਹੈ। ਉਹ ਹਨ: ਭੋਜਨ, ਬਸਤਰ ਅਤੇ ਟਿਕਾਣਾ, ਜਿਸ ਨੂੰ ਰੋਟੀ, ਕਪੜਾ ਅਤੇ ਮਕਾਨ ਵੀ ਆਖਿਆ ਜਾਂਦਾ ਹੈ। ਗੁਰਬਾਣੀ ਸਰੀਰਕ ਲੋੜਾਂ ਦੀ ਪੂਰਤੀ ਲਈ ਸੰਜਮ ਵਰਤਣ ਦਾ ਉਪਦੇਸ਼ ਕਰਦੀ ਹੈ ਕਿਊਂਕੇ ਨਾ ਤੇ ਉਹ ਵੰਨ ਸਵੰਨੇ ਪਕਵਾਨਾਂ, ਨਵੇਂ ਨਵੇਂ ਫੈਸ਼ਨ ਅਤੇ ਸ਼ਾਨਦਾਰ ਕੋਠੀਆਂ ਦੀ ਅਤੇ ਨਾ ਹੀ ਵਰਤ ਰਖਣ, ਨੰਗੇਜ ਅਤੇ ਜੰਗਲਾਂ ਵਿੱਚ ਰਹਿਣ ਦੀ ਸਮ੍ਰਥੱਕ ਹੈ।

ਸਰੀਰ ਦੀਆਂ ਮੂਲ ਲੋੜਾਂ ਦੇ ਨਾਲ ਪ੍ਰਵਾਰਕ ਅਤੇ ਸਮਾਜਕ ਜੀਵਨ ਦੀਆਂ ਹੋਰ ਲੋੜਾਂ ਵੀ ਮਹਤੱਵਪੂਰਨ ਹੁੰਦੀਆਂ ਹਨ। ਇਨ੍ਹਾਂ ਵਿੱਚ ਕੰਮ, ਸਿਖਿਆ, ਸਹਿਤ, ਮਨੋਰੰਜਕ ਗਤਵਿਧੀਆਂ ਅਤੇ ਬੁਢਾਪੇ ਦੀ ਅਸਮ੍ਰੱਥਾ ਮੁੱਖ ਹਨ। ਮਨੁੱਖ ਦੀਆਂ ਨਿੱਜੀ ਅਤੇ ਸਮਾਜਕ ਲੋੜਾਂ ਪੂਰੀਆਂ ਕਰਨ ਦੀ ਵਿਵਸਥਾ ਪ੍ਰਭੂ ਨੇ ਪਹਿਲੋਂ ਹੀ ਕੀਤੀ ਹੁੰਦੀ ਹੈ। “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲਿਆ ਜਾਈ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ॥ ੨॥ ਜਿਸ ਦਾ ਦਿਤਾ ਸਭੁ ਕਿਛੁ ਲੈਣਾ॥ ਛਤੀਹ ਅੰਮ੍ਰਿਤ ਭੋਜਨੁ ਖਾਣਾ॥ ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਨਾ ਜੀਉ॥” (ਪੰਨਾ ੧੦੦)। ਉਦਮ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਸਰੀਰਕ ਲੋੜਾਂ ਸਹਿਜੇ ਹੀ ਪੂਰੀਆਂ ਹੋ ਜਾਂਦੀਆਂ ਹਨ।

ਮਨੁੱਖ ਦੀ ਸਭ ਤੋਂ ਵਡੀ ਸਮਸਿਆ ਉਸ ਦੀਆਂ ਲੋੜਾਂ ਨਹੀਂ ਹਉਮੈ ਹੈ। ਮਨੁੱਖ ਵਿੱਚ ਹਉਮੈ ਉਸ ਦੇ ਜਨਮ ਤੋਂ ਹੀ ਉਸ ਦੇ ਨਾਲ ਹੁੰਦੀ ਹੈ: “ਹਉ ਵਿੱਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥” (ਪੰਨਾ ੪੬੬) ਅਤੇ “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥” (ਪੰਨਾ ੯੯੯)। ਹਉਮੈ ਕਾਰਨ ਮਨੁੱਖ ਸਬਰ ਸੰਤੋਖ ਵਾਲੇ ਜੀਵਨ ਤੋਂ ਸੰਤੁਸ਼ਟ ਨਹੀਂ ਹੁੰਦਾ ਅਤੇ ਵਖਰੀ ਸੁਤੰਤਰ ਹੋਂਦ ਦਾ ਵਿਸ਼ਵਾਸ ਉਸ ਨੂੰ ਪ੍ਰਭੂ ਤੋਂ ਦੂਰ ਕਰਦਾ ਚਲਾ ਜਾਂਦਾ ਹੈ। ਮਨ ਆਪਣੇ ਅੰਦਰ ਵਸ ਰਹੇ ਪ੍ਰਭੂ ਨਾਲ ਮਿਲਾਪ ਕਰਨ ਦੀ ਥਾਂ ਡਰ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਜਗ ਵਿੱਚ ਪ੍ਰਸਿੱਧੀ ਅਤੇ ਵਡਿਆਈ ਖਟਣ ਦੀ ਲਾਲਸਾ ਲਈ ਹੋ ਰਹੀ ਦੌੜ ਵਿੱਚ ਭਾਗ ਲੈਣ ਨੂੰ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾ ਲੈਂਦਾ ਹੈ।

ਗੁਰਬਾਣੀ ਅਨੁਸਾਰ ਸੰਸਾਰ ਵਿੱਚ ਪ੍ਰਭੂ ਦਾ ਭਾਣਾ ਵਰਤਦਾ ਹੈ ਅਤੇ ਹਰ ਮਨੁੱਖ ਵਿੱਚ ਪ੍ਰਭੂ ਦਾ ਅੰਸ਼ ਹੁੰਦਾ ਹੈ। ਗੁਰਬਾਣੀ ਦਾ ਕਥਨ ਹੈ: “ਨਾ ਕੋ ਮੂਰਖੁ ਨਾ ਕੋ ਸਿਆਣਾ॥ ਵਰਤੈ ਸਭ ਕਿਛੁ ਤੇਰਾ ਭਾਣਾ॥” (ਪੰਨਾ ੯੮) ਅਤੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥” (ਪੰਨਾ ੯੭)। ਗੁਰਬਾਣੀ ਦੇ ਇਸ ਦ੍ਰਿਸ਼ਟੀਕੋਣ ਨੂੰ ਅਜੋਕਾ ਖਪਤਕਾਰੀ ਯੁੱਗ ਅਨੋਖਾ ਸਮਝਦਾ ਹੈ ਕਿਊਂਕੇ ਸਮਾਜ ਦੀ ਤੇ ਬਣਤਰ ਅਤੇ ਹੋਂਦ ਹੀ ਮਨੁੱਖਤਾ ਵਿੱਚ ਵੰਡ ਤੇ ਆਧਾਰਤ ਹੈ ਅਤੇ ਅਜੋਕੇ ਜੀਵਨ ਵਿੱਚ ਮੁਕਾਬਲੇ, ਵਿਵਾਦ ਅਤੇ ਜੰਗਾਂ ਪ੍ਰਧਾਨ ਹੋ ਗਈਆਂ ਹਨ। ਪਰ ਗੁਰਬਾਣੀ ਮਨੁੱਖ ਨੂੰ ਇਸ ਝਗੜਾਲੂ ਅਤੇ ਅਨਿਆਈ ਸਮਾਜ ਵਿੱਚ ਸ਼ਾਂਤੀ, ਏਕਤਾ, ਬਰਾਬਰੀ ਅਤੇ ਨਿੱਜੀ ਸੁਤੰਤਰਤਾ ਕਾਇਮ ਕਰਨ ਅਤੇ ਬਰਕਰਾਰ ਰਖਣ ਦਾ ਉਪਦੇਸ਼ ਕਰਦੀ ਹੈ।

ਗੁਰਬਾਣੀ ਪ੍ਰਭੂ ਤੋਂ ਇਲਾਵਾ ਹੋਰ ਕਿਸੇ ਦੀ ਹੋਂਦ ਨੂੰ ਨਹੀਂ ਮੰਨਦੀ। ਮਨੁੱਖ ਦੀ ਵੀ ਸੁਤੰਤਰ ਕੋਈ ਹੋਂਦ ਨਹੀਂ ਹੈ ਪਰ ਉਸ ਦੇ ਸਰੀਰ ਵਿੱਚ ਮਨ ਦੇ ਹੋਣ ਕਾਰਨ, ਜੋ ਪ੍ਰਭੂ ਦਾ ਅੰਸ਼ ਹੈ, ਉਸ ਦੀ ਹੋਂਦ ਹੈ। ਪ੍ਰਭੂ ਸਾਰੀ ਮਨੁੱਖਤਾ ਵਿੱਚ ਵਿਦਮਾਨ ਹੈ ਅਤੇ ਮਨੁਖੱਤਾ ਵਿੱਚ ਉਸ ਦੇ ਦਰਸ਼ਨ ਨਿਰਵੈਰਤਾ ਦਾ ਗੁਣ ਧਾਰਨ ਕਰਨ ਨਾਲ ਸੰਭਵ ਹੋ ਜਾਂਦੇ ਹਨ ਕਿਊਂਕੇ ਨਿਵੈਰਤਾ ਉਹ ਨਜ਼ਰ ਪ੍ਰਦਾਨ ਕਰ ਦਿੰਦੀ ਹੈ ਜਿਸ ਨੂੰ ਗੁਰਬਾਣੀ “ਨਾਨਕ ਸੇ ਅਖੜੀਆ ਬਿਅੰਨ ਜਿਨਿ ਡਿਸੰਦੋ ਮਾ ਪਿਰੀ॥” ਆਖਦੀ ਹੈ।

ਮੰਨ ਸ਼ਕਤੀ ਹੈ ਅਤੇ ਸਰੀਰ ਵਿੱਚ ਰਹਿਣ ਅਤੇ ਉਸ ਤੋਂ ਕੰਮ ਕਰਵਾਉਣ ਕਾਰਨ ਉਹ ਸੰਸਾਰਕ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ ਅਤੇ ਮਾਇਆ ਉਸ ਨੂੰ ਆਪਣੇ ਅੰਦਰ ਝਾਤੀ ਮਾਰਨ ਤੋਂ ਰੋਕ ਕੇ ਬਾਹਰ ਪ੍ਰਵਾਰਕ ਅਤੇ ਸਮਾਜਕ ਰੁਝੇਵਿਆਂ ਵਿੱਚ ਉਲਝਾਈ ਰਖਦੀ ਹੈ। ਮਾਇਆ ਦੇ ਪੰਜ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਮਨੁੱਖੀ ਮਨ ਨੂੰ ਕਾਬੂ ਕਰੀ ਰਖਦੇ ਹਨ। ਮਾਇਆ ਦੇ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਬਹੁਤ ਸ਼ਕਤੀਮਾਨ ਹੋਣ ਕਾਰਨ ਮਨ ਵਿੱਚ ਉਨ੍ਹਾਂ ਤੋਂ ਬਚ ਨਿਕਲਣ ਦੀ ਸਮ੍ਰਥਾ ਨਹੀਂ ਹੁੰਦੀ। ਜੋ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਮਾਇਆ ਤੇ ਕਾਬੂ ਪਾ ਲਿਆ ਹੈ, ਉਹ ਮਾਇਆ ਦੇ ਪ੍ਰਭਾਵ ਅਧੀਨ ਹੀ ਐਸਾ ਦਾਅਵਾ ਕਰ ਰਿਹਾ ਹੁੰਦਾ ਹੈ। ਮਾਇਆ ਦੇ ਪ੍ਰਭਾਵ ਤੋਂ ਮੁਕਤੀ ਪ੍ਰਭੂ ਦੀ ਕਿਰਪਾ ਅਤੇ ਸ਼ਬਦ ਦੀ ਓਟ ਲੈਣ ਨਾਲ ਹੀ ਸੰਭਵ ਹੁੰਦੀ ਹੈ।

ਮਨੁੱਖ ਲਈ ਪ੍ਰਵਾਰਕ ਅਤੇ ਸਮਾਜਕ ਜ਼ਿਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਜੀਵਨ ਦਾ ਟੀਚਾ ਮਿਥ ਕੇ ਉਨਾਂ ਬਾਰੇ ਚਿੰਤਤ ਹੋਣਾ ਬੇਅਰਥ ਹੈ। ਪ੍ਰਭੂ ਦੀ ਰਜ਼ਾ ਵਿੱਚ ਚਲਦੇ ਹੋਏ ਉਸ ਦਾ ਭਾਣਾ ਮੰਨਣ ਨਾਲ ਵਾਧੂ ਦੀਆਂ ਚਿੰਤਵਾਂ ਦੂਰ ਹੋ ਜਾਂਦੀਆਂ ਹਨ। ਗੁਰਬਾਣੀ ਦਾ ਉਪਦੇਸ਼ ਹੈ: “ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” (ਪੰਨਾ ੧) ਅਤੇ “ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥” (ਪੰਨਾ ੯੫੫)। ਪਰ ਮਨੁੱਖ ਲਈ ਭਾਣਾ ਮੰਨਣਾ ਅਤੇ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੁੰਦਾ ਹੈ ਅਤੇ ਬੇਕਾਬੂ ਮਨ ਅਕਸਰ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਗਲਤ ਰਾਹ ਅਖਤਿਆਰ ਕਰ ਲੈਂਦਾ ਹੈ। ਗੁਰਬਾਣੀ ਦੇ ਕਥਨ ਹਨ: “ਸਾਧੋ ਇਹ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤ ਹੈ ਯਾਤੇ ਥਿਰ ਨ ਰਹਾਈ॥” (ਪੰਨਾ ੨੧੯); “ਕਹੈ ਕਬੀਰ ਸੁਨਹੁ ਰੈ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ॥” (ਪੰਨਾ ੧੨੫੩) ਅਤੇ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਣ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ॥” (ਪੰਨਾ ੧੩੭੬)। ਮਨ ਨੂੰ ਸਾਧਨ ਜਾਂ ਮਾਰਨ ਲਈ ਗੁਰਬਾਣੀ ਸ਼ਬਦ ਦੀ ਓਟ ਲੈਣ ਦਾ ਉਪਦੇਸ਼ ਕਰਦੀ ਹੈ: “ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥” (ਪੰਨਾ ੧੦੮੯); “ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ ਗੁਰਮਤੀ ਆਪੇ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ॥” (ਪੰਨਾ ੫੬੫) ਅਤੇ “ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ॥” (ਪੰਨਾ ੨੮੯)।

ਸਿੱਖ ਧਰਮ ਵਿੱਚ ਧਾਰਮਕ ਜੀਵਨ ਲਈ ਅੰਮ੍ਰਿਤ ਛਕਣ, ਪੰਜ ਕਕਾਰ ਪਹਿਨਣ, ਨਿਤ ਨੇਮ ਕਰਨ ਦੀ ਵਿਧੀ ਤਜਵੀਜ਼ ਕੀਤੀ ਗਈ ਹੈ। ਇਹ ਸਭ ਸਰੀਰਕ ਕਿਰਿਆਵਾਂ ਹਨ। ਸਰੀਰ ਵਿੱਚ ਮਨ ਨੂੰ ਕਾਬੂ ਕਰਨ ਦੀ ਸਮ੍ਰੱਥਾ ਨਹੀਂ ਹੁੰਦੀ ਕਿਊਂਕੇ ਸਰੀਰ ਤੇ ਮਨ ਦੇ ਅਧੀਨ ਹੁੰਦਾ ਹੈ। ਸਰੀਰਕ ਅਨੁਸਾਸ਼ਨ ਰਾਹੀਂ ਮਨ ਨੂੰ ਕਾਬੂ ਕਰਨਾ ਸੰਭਵ ਨਹੀਂ ਹੁੰਦਾ ਪਰ ਸਿੱਖ ਧਰਮ ਸਰੀਰਕ ਅਨੁਸਾਸ਼ਨ ਰਾਹੀਂ ਮਨ ਨੂੰ ਸਾਧਣ ਵਿੱਚ ਵਿਸ਼ਵਾਸ ਰਖਦਾ ਹੈ ਜਿਸ ਦੀ ਗੁਰਬਾਣੀ ਪ੍ਰੋੜ੍ਹਤਾ ਨਹੀਂ ਕਰਦੀ।




.