.

ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ

ਰਾਮ ਸਿੰਘ, ਗ੍ਰੇਵਜ਼ੈਂਡ

ਦੇਸ ਪੰਜਾਬ ਲਈ “ਫੁੱਲਾਂ ਵਿੱਚ ਫੁੱਲ ਗੁਲਾਬ ਦਾ, ਦੇਸਾਂ ਵਿੱਚ ਦੇਸ ਪੰਜਾਬ ਦਾ” ਕਿਸੇ ਵੇਲੇ ਦੇ ਪੰਜਾਬ ਬਾਰੇ ਕਿਹਾ ਜਾਂਦਾ ਰਿਹਾ ਹੈ। ਕਈ ਦੇਸਾਂ ਦੇ ਸੰਘ, ਉੱਪ-ਮਹਾਂਦੀਪ ਭਾਰਤ, ਉੱਪਰ ਬਹੁਤ ਸਾਰੇ ਹਮਲੇ ਪੰਜਾਬ ਰਾਹੀਂ ਹੀ ਹੁੰਦੇ ਰਹੇ। ਇਸ ਨੇ ਪੰਜਾਬੀਆਂ ਨੂੰ ਬਾਕੀ ਦੇ ਭਾਰਤ ਵਾਸੀਆਂ ਨਾਲੋਂ ਸਕਤੀਸ਼ਾਲੀ ਬਣਾ ਦਿੱਤਾ ਸੀ। ਪੰਜਾਬ ਮੈਦਾਨੀ ਇਲਾਕਾ ਹੋਣ ਕਰਕੇ ਖੇਤੀ ਬਾੜੀ ਦੇ ਕੰਮ ਕਾਰ ਕਰਕੇ ਪਹਿਲਾਂ ਹੀ ਪੰਜਾਬੀਆਂ ਨੂੰ ਮਿਹਨਤੀ ਤੇ ਰਿਸ਼ਟ ਪੁਸ਼ਟ ਰਹਿਣ ਦੀ ਦਾਤ ਰੱਬ ਜੀ ਵਲੋਂ ਮਿਲੀ ਹੋਈ ਸੀ। ਬੇਸ਼ੱਕ ਦਿੱਲੀ ਜਾਂਦੇ ਹਮਲਾਆਵਰ ਪੰਜਾਬ ਨੂੰ ਲੁੱਟਦੇ ਰਹਿੰਦੇ ਪਰ ਪੰਜਾਬੀਆਂ ਨੇ ਆਪਣੇ ਖਾਣ ਪੀਣ ਤੇ ਰਹਿਣ ਸਹਿਣ ਦੇ ਮਿਆਰ ਨੂੰ ਕਦੇ ਠੇਸ ਨਾ ਪੁੱਜਣ ਦਿੱਤੀ। ਵਾਹ ਪੰਜਾਬ ਦੇ ਹਵਾ ਪਾਣੀ ਤੇ ਪੰਜਾਬੀਆਂ ਦੀ ਹਿੰਮਤ ਦੇ!
ਐਸੇ ਪੰਜਾਬ ਤੇ ਪੰਜਾਬੀਆਂ ਨੂੰ ਹੋਰ ਭੀ ਬਲਵਾਨ ਤੇ ਭਾਰਤ ਲਈ ਹੀ ਨਹੀਂ, ਸਾਰੀ ਦੁਨੀਆਂ ਲਈ ਇੱਕ ਮਿਸਾਲ ਬਨਾਉਣ ਲਈ ਪ੍ਰਮਾਤਮਾ ਨੇ ਆਪਣਾ ਸਰਗੁਣ ਰੂਪ ਅਨੰਤ ਕਲਾ ਨਾਲ ਸ਼ਿੰਗਾਰ ਕੇ ਗੁਰੂ ਨਾਨਕ ਸਾਹਿਬ ਨੂੰ ਪੰਜਾਬ ਦੀ ਧਰਤੀ ਤੇ ਪਠਾ ਦਿੱਤਾ। ਪੰਜਾਬ ਵਾਸੀ ਮਿਹਨਤੀ ਤੇ ਤਕੜੇ ਤਾਂ ਜ਼ਰੂਰ ਸਨ, ਪਰ ਧਾਰਮਿਕ, ਸਮਾਜਿਕ, ਰਾਜਨੀਤਕ ਆਦਿ ਗਿਆਨ ਕਰਕੇ ਸਾਰੇ ਭਾਰਤ ਵਾਸੀਆਂ ਵਾਂਗ ਵਾਂਝੇ ਹੀ ਸਨ, ਬਲਕਿ ਚਲਾਕ ਬਿੱਪਰ ਵਲੋਂ ਵਾਂਝੇ ਰੱਖੇ ਗਏ ਸਨ। ਗੁਰੂ ਸਾਹਿਬ ਨੇ ਖਾਸ ਕਰਕੇ ਗਿਆਨ ਤੋਂ ਵਾਂਝੇ ਰੱਖੇ ਗਏ ਉਨ੍ਹਾਂ ਹੀ ਦਲਿੱਤ ਤੇ ਨੀਚ ਸਮਝੇ ਜਾਂਦੇ ਲੋਕਾਂ ਰਾਹੀਂ, ਉਨ੍ਹਾਂ ਨੂੰ ਆਪਣੇ ‘ਭਾਈ’ ਬਣਾ ਕੇ, (ਮਿਸਾਲ ਵਜੋਂ ‘ਭਾਈ ਮਰਦਾਨਾ’ ਤੇ ‘ਭਾਈ ਲਾਲੋ’ ) ਵੱਡਮੁੱਲੇ ਗਿਆਨ ਤੋਂ ਜਾਣੂੰ ਕਰਵਾਉਣ ਦਾ ਇਹ ਕਾਰਜ ਅਰੰਭਿਆ। ਹੌਲੀਂ ਹੌਲੀਂ ਗੁਰੂ ਸਾਹਿਬ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਇਸ ਗਿਆਨ ਨੇ ਐਸੀ ਝਰਨਾਹਟ ਛੇੜੀ ਕਿ ਉਹ ਗੁਰੂ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਗੁਰੂ ਜੀ ਦੇ ਹੀ ਬਣਦੇ ਗਏ ਅਤੇ ਧਰਮ ਦੀ ਕਿਰਤ ਕਰਨ, ਵੰਡ ਛਕਣ ਤੇ ਰੱਬ ਜੀ ਦੀ ਯਾਦ ਨੂੰ ਹੋਰ ਪੱਕਾ ਕਰਨ ਲਈ ਸੰਗਤ ਦੇ ਰੂਪ ਵਿੱਚ ਜੁੜਨ ਲੱਗੇ ਤੇ ਸਚਿਆਰ ਬਣਨ ਵਾਲੀ ਪੌੜੀ ਤੇ ਚੜ੍ਹਦੇ ਗਏ। ਪੰਜਾਬੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਤੌਰ ਤੇ ਜਾਗਣੇ ਸ਼ੁਰੂ ਹੋ ਗਏ। ਇਸ ਦਾ ਅਸਰ ਨਾਲ ਲੱਗਦੇ ਦੇਸ ਹਿੰਦੋਸਤਾਨ ਭਾਵ ਭਾਰਤ ਤੇ ਭੀ ਹੋਣਾ ਸ਼ੁਰੂ ਹੋ ਗਿਆ। ਇਹ ਹੀ ਕਾਰਨ ਸੀ ਕਿ ਗੁਰੂ ਜੀ ਵਲੋਂ ਪੰਜਾਬੀਆਂ ਦੇ ਹੀ ਨਹੀਂ, ਹਿੰਦੋਸਤਾਨੀਆਂ ਦੇ ਜਗਾਏ ਜਾਣ ਬਾਰੇ ਹੀ ਵੀਹਵੀਂ ਸਦੀ ਦਾ ਮਹਾਨ ਉਰਦੂ ਤੇ ਫਾਰਸੀ ਦਾ ਕਵੀ ਡਾ. ਮੁਹੰਮਦ ਇਕਬਾਲ ਬੜੀ ਉੱਚੀ ਸੁਰ ਵਿੱਚ ਗੁਰੂ ਜੀ ਦੀ ਸਿਫਤ ਕਰਨ ਤੋਂ ਨਾ ਰਹਿ ਸਕਿਆ।
ਗੁਰੂ ਜੀ ਨੇ ਇਸ ਗਿਆਨ ਨੂੰ ਅਮਲੀ ਰੂਪ ਦੇਣ ਤੇ ਸਦਾ ਲਈ ਸੁਰੱਖਿਅਤ ਰੱਖਣ ਲਈ ਖਾਸ ਉਪਰਾਲੇ ਕੀਤੇ, ਜਿੱਸ ਰਾਹੀਂ ਕਈ ਥਾਵਾਂ ਦੀ ਸੰਗਤ, ਗੁਰੂ ਸਾਹਿਬ ਦੀ ਆਪਣੀ ਬਾਣੀ ਤੇ ਜੋ ਗੁਰੂ ਸਾਹਿਬ ਨੇ ਹੋਰ ਭਗਤ ਸਾਹਿਬਾਨ ਦੀ ਬਾਣੀ ਪੋਥੀ ਰੂਪ ਵਿੱਚ ਇਕੱਠੀ ਕੀਤੀ ਹੋਈ ਸੀ ਤੋਂ ਸਿੱਖਿਆ ਲੈ ਲੈ ਕੇ ਤੇ ਗਾ ਗਾ ਕੇ, ਬਾਕੀ ਦੇ ਪੰਜਾਬੀਆਂ ਤੇ ਭਾਰਤ ਵਾਸੀਆਂ ਨਾਲੋਂ ਵੱਖਰਾ ਹੀ ਪੰਥਕ ਰੂਪ ਧਾਰਦੀ ਗਈ। ਜਲਦੇ ਬਲਦੇ ਸੰਸਾਰ ਨੂੰ ਭੀ ਇਸ ਵੱਡਮੁੱਲੇ ਗਿਆਨ ਰਾਹੀਂ ਠਾਰ ਕੇ ਆਖਰ ਕਰਤਾਰਪੁਰ ਵਿਖੇ ਜੋ ਗੁਰੂ ਸਾਹਿਬ ਨੇ ਅਮਲੀ ਰੂਪ ਵਿੱਚ ਕੀਤਾ ਉਹ ਨਿਆਰੇ ਪੰਥ ਦੀ ਨੀਂਹ ਬਣ ਗਿਆ। ਨਿਆਰਾ ਕਿਵੇਂ? ਅਸਲ ਵਿੱਚ ਧਰਮ ਹੀ ਹੈ ਜੋ ਪਾਪ, ਜ਼ੁਲਮ, ਠਗੀ, ਚੋਰੀ, ਬੇਇਨਸਾਫੀ, ਹੇਰਾਫੇਰੀ ਆਦਿ ਅਤੇ ਬਲਾਤਕਾਰ ਜੈਸੇ ਕੁਕਰਮ ਤੱਕ ਕਰਨ ਤੋਂ ਰੋਕਦਾ ਹੈ ਅਤੇ ਅਣਖ ਨਾਲ ਰਹਿਣ ਲਈ ਵੰਗਾਰ ਪਾਉਂਦਾ ਹੈ। ਇਹ ਸੱਭ ਕੁੱਛ ਹੁੰਦਾ ਦੇਖ ਕੇ ਹੀ ਗੁਰੂ ਸਾਹਿਬ ਨੂੰ “ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖੁ ਕਰਿ ਉਡ ਰਹਿਆ” (ਅੰਗ. 145) ਕਹਿਣਾ ਪਿਆ। ਇਹ ਹਾਲਤ ਆਖਰ ਕਿਉਂ ਸੀ? ਇਹ ਇਸ ਕਰਕੇ ਸੀ ਕਿ ਉਸ ਵੇਲੇ ਦੇ ਅਖੌਤੀ ਗੁਰੂ, ਬਰਾਹਮਣ, ਨੇ ਧਰਮ ਜੋ ਮਨ ਦਾ ਵਿਸ਼ਾ ਹੈ, ਉਸ ਨੂੰ ਤਨ ਤੱਕ ਸੀਮਤ ਰੱਖਿਆ ਹੋਇਆ ਸੀ। ਇਸ ਦਾ ਅਸਰ ਆਮ ਲੋਕਾਂ ਤੋਂ ਲੈ ਕੇ ਰਾਜਿਆਂ ਤੱਕ ਹੋ ਰਿਹਾ ਸੀ ਤੇ ਹਾਲਤ ਬੱਦ ਤੋਂ ਬੱਦ (ਭਾਵ ਭੈੜੀ) ਹੋ ਰਹੀ ਸੀ। ਐਸੀ ਹਾਲਤ ਵਿੱਚ ਬਦਲਾਉ ਲਿਆਉਣ ਲਈ ਗੁਰੁ ਸਾਹਿਬ ਨੇ ਧਰਮ ਦੀ ਨੀਂਹ ਦਇਆ ਤੇ ਰੱਖੀ ਤਾਕਿ ਲੋਕ, ਕਾਮ, ਕਰੋਧ, ਲੋਭ, ਅਭਿਮਾਨ ਆਦਿ, ਜਿਨ੍ਹਾਂ ਦੂਤਾਂ ਨੇ ਅਖੌਤੀ ਧਾਰਮਿਕ ਆਗੂਆਂ ਤੱਕ ਨੂੰ ਭੀ ਘੇਰਿਆ ਹੋਇਆ ਸੀ, ਦੀ ਥਾਂ ਦਇਆਵਾਨ ਬਣ ਕੇ ਆਪਸੀ ਦੁੱਖ ਸੁੱਖ ਦੇ ਭਾਈਵਾਲ ਬਣ ਸਕਣ। ਇਹ ਹੀ ਹੋਣਾ ਸ਼ੁਰੂ ਹੋਇਆ ਤੇ ਪੰਜਾਬ ਦੀ ਬਗੀਚੀ ਵਿੱਚ ਕਈ ਥਾਵਾਂ ਤੇ ਸਚਿਆਰ ਦਇਆਵਾਨ ਤੇ ਅਣਖੀ ਬੂਟੇ ਨਜ਼ਰ ਆਉਣ ਲੱਗੇ। ਇਨ੍ਹਾਂ ਬੂਟਿਆਂ ਵਿੱਚੋਂ ਹੀ ਪੌਪਟ ਨਾਮ ਦਾ ਗੁਰੂ ਜੀ ਦਾ ਸਿੱਖ ਬਾਬਰ ਦੀ ਫੌਜ ਵਲੋਂ ਐਮਨਾਬਾਦ ਵਿਖੇ ਜਲਾਏ ਜਾ ਰਹੇ ਘਰਾਂ ਦੀ ਅੱਗ ਬੁਝਾਉਂਦਾ ਹੋਇਆ ਸ਼ਹੀਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਐਸੇ ਸਚਿਆਰਵਾਨਾਂ ਨੂੰ ਗੈਰਤ ਨਾਲ ਰਹਿਣ (ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛ ਖਾਇ॥) (ਅੰਗ. 142) ਲਈ ਸਿਰ ਧੜ ਦੀ ਬਾਜੀ ਲਾਉਣ (ਭਾਵ ਸਿਰ ਤਲੀ ਤੇ ਰੱਖ ਕੇ ਆਉਣ ਅੰਗ. 1412) ਲਈ ਤਿਆਰ ਰਹਿਣ ਵਾਲੀ ਹਿੰਮਤ ਭੀ ਭਰ ਦਿੱਤੀ। ਇਸ ਲਈ ਮਿਸਾਲ ਵਜੋਂ ਬਾਬਰ ਦੇ ਐਸੇ ਜ਼ਾਲਮਾਨਾ ਹਮਲੇ ਦਾ ਵਿਰੋਧ ਕਰਦੇ ਹੋਏ ਆਪ ਬਾਬਰ ਦੇ ਕੈਦੀ ਤੱਕ ਬਣੇ। ਪੰਜਵੇਂ ਜਾਮੇਂ ਵਿੱਚ ਸ਼ਹੀਦੀ ਤੇ ਛੇਵੇਂ ਜਾਮੇਂ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਕੇ ਦਇਆ ਦੀ ਪੱਕੀ ਮਿਸਾਲ ਪੈਦਾ ਕਰਨ ਲਈ ਕਦੇ ਭੀ ਜਿੰਦੇ ਕੈਦ ਚੋਂ ਬਾਹਰ ਨਾ ਆਉਣ ਵਾਲੇ ਹਿੰਦੂ ਰਾਜਿਆਂ ਨੂੰ ਆਜ਼ਾਦ ਕਰਾਇਆ, ਭਾਵੇਂ ਉਨ੍ਹਾਂ ਦੀ ਉਲਾਦ ਉਸ ਸਮੇਂ ਤੋਂ ਹੀ ਇਸ ਪੰਥ ਦਾ ਖੁਰਾ ਖੋਜ ਮੇਟਣ ਤੇ ਤੁਲੀ ਹੋਈ ਹੈ, ਤੇ ਇਨ੍ਹਾਂ ਦੇ ਉਕਸਾਏ ਮੁਗਲ ਸਮਰਾਟ ਸ਼ਾਹ ਜਹਾਨ ਨਾਲ ਚਾਰ ਜੰਗਾਂ ਭੀ ਲੜਨੀਆਂ ਪਈਆਂ। ਇਹ ਪੰਥ ਆਖਰ ਦਸਵੇਂ ਜਾਮੇਂ ਸਮੇਂ ਐਸਾ ਰੂਪ ਧਾਰ ਗਿਆ ਕਿ ਜੋ ਆਪਣੇ ਆਪ ਨੂੰ ਧਾਰਮਿਕ ਤੇ ਰਾਜਨੀਤਕ ਠੇਸ ਪਹੁੰਚਣ ਤੋਂ ਬਚਾਉਣ ਤੇ ਪੰਜਾਬ ਦੀ ਰੱਖਿਆ ਕਰਨ ਦੇ ਐਨ੍ਹ ਯੋਗ ਹੋ ਗਿਆ। ਇਨ੍ਹਾਂ ਵਿੱਚ ਖਾਸ ਸਿਰ ਕੱਢਵੇਂ ਬੂਟੇ ਨਜ਼ਰ ਆਉਣ ਲੱਗੇ ਜਿਨ੍ਹਾਂ ਵਿੱਚੋਂ ਪੰਜ ਪਿਆਰੇ, ਗੁਰੂ ਜੀ ਦੇ ਲਾਡਲੇ, ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਏ।
ਗੁਰੂ ਨਾਨਕ ਸਾਹਿਬ ਦਾ ਲਾਇਆ ਖਾਲਸਈ ਨਿਆਰਾ ਬੂਟਾ ਆਖਰ ਸਿਰ ਤਲੀ ਤੇ ਰੱਖ ਕੇ ‘ਸਵਾ ਲਾਖ ਸੇ ਏਕ ਲੜਨ’ ਦੀ ਹਿੰਮਤ ਦਾ ਧਾਰਨੀ ਹੋ ਗਿਆ। ਇਸ ਦੀਆਂ ਮਿਸਾਲਾਂ ਹਨ ਪਹਾੜੀ ਰਾਜਿਆਂ ਨਾਲ ਜੰਗਾਂ, ਚਮਕੌਰ ਤੇ ਮੁਕਤਸਰ ਦੀਆਂ ਜੰਗਾਂ ਅਤੇ ਵਰਤਮਾਨ ਵਿੱਚ 1984 ਵਿੱਚ ਭਾਰਤੀ ਫੌਜ ਦੇ ਦਰਬਾਰ ਸਾਹਿਬ ਤੇ ਹਮਲੇ ਸਮੇਂ ਮੁੱਠੀ ਭਰ ਸਿੰਘਾਂ ਵਲੋਂ ‘ਪਾਪ ਦੀ ਜੰਜ - ਭਾਰਤੀ ਫੌਜ’ ਦੇ ਲਾਹੂ ਲਾਹੁਣੇ ਤੇ ਦੰਦ ਖੱਟੇ ਕਰਨੇ। ਪਰ ਇਨ੍ਹਾਂ ਭਾਰਤੀ ਫੌਜੀਆਂ ਦੀ ਕਮੀਨੀ ਤੇ ਬੇਸ਼ਰਮੀ ਭਰੀ ਕਰਤੂਤ, (ਜੋ ਭਾਰਤ ਦੇ ਮੱਥੇ ਤੇ ਸਦਾ ਲਈ ਕਲੰਕ ਰਹੇਗਾ) ਕਿ ਮੁੱਠੀ ਭਰ ਸਿੰਘਾਂ ਵਲੋਂ ਇਨ੍ਹਾਂ ਦੇ ਆਹੂ ਲਾਹੇ ਜਾਣ ਅਤੇ ਲੋਹੇ ਦੇ ਚਣੇ ਚਬਾਉਣ ਦੇ ਬਦਲੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਆਈਆਂ ਸੰਗਤਾਂ ਤੇ ਖਾਸ ਕਰਕੇ ਸ਼ੀਰਖੋਰ ਬੱਚਿਆਂ ਨੂੰ, ਅੰਤਰ-ਰਾਸ਼ਟਰੀ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ, ਜਿੱਸ ਬੇਰਹਿਮੀ ਨਾਲ ਕੋਹ ਕੋਹ ਕੇ ਮੌਤ ਦੇ ਘਾਟ ਉਤਾਰਿਆ, (ਕਿਉਂਕਿ ਇਹ ਪਾਪ ਦੀ ਜੰਜ ਸੀ) ਉਹ ਪਿਛਲੇ ਸਾਰੇ ਜ਼ਾਲਮ ਜਰਵਾਣਿਆਂ (ਤਿਮਰ ਲੰਗ, ਚੰਗੇਜ਼ ਖਾਂ ਆਦਿ) ਨੂੰ ਮਾਤ ਪਾਉਂਦੀ ਹੈ। ਇਸ ਨੇ ਪੰਜਾਬ ਨੂੰ ਮਨੂੰ ਦਾ ਜ਼ਮਾਨਾ ਯਾਦ ਕਰਾ ਦਿੱਤਾ।
ਚਮਕੌਰ ਤੇ ਮੁਕਤਸਰ ਦੀਆਂ ਜੰਗਾਂ ਤੇ ਸਰਹੰਦ ਦੇ ਸਾਕੇ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਂ ਸਿੰਘਾਂ ਨਾਲ ਪੰਜਾਬ ਆਉਂਦੇ ਹਨ। ਬੰਦਾ ਬਹਾਦਰ ਨੂੰ ਗੁਰੂ ਜੀ ਵਲੋਂ ਪੰਜਾਬ ਨੂੰ ਭੇਜਿਆ ਸੁਣ ਕੇ ਗੁਰੂ ਦੇ ਪਿਆਰੇ ਵਹੀਰਾਂ ਘੱਤ ਕੇ ਬਾਬਾ ਜੀ ਨਾਲ ਆਣ ਮਿਲੇ। ਸਰਹੰਦ ਦਾ ਸਾਕਾ ਵਰਤਾਉਣ ਵਾਲਿਆਂ ਨੂੰ ਢੁਕਵੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਸਰਹੰਦ ਤੇ ਕਬਜ਼ਾ ਕਰ ਲਿਆ ਗਿਆ। ਇਥੋਂ ਹੁਣ ਗੁਰਾਂ ਦੇ ਨਾਂ ਤੇ ਜੀਣ ਵਾਲੇ ਪੰਜਾਬ ਦੀ ਤਸਵੀਰ ਸਾਮ੍ਹਣੇ ਆਉਣੀ ਸ਼ੁਰੂ ਹੁੰਦੀ ਹੈ। ਬਾਬਾ ਜੀ ਨੇ ਸਿੱਖ ਰਾਜ ਕਾਇਮ ਕਰ ਲਿਆ ਪਰ ਆਪ ਰਾਜੇ ਦੇ ਰੂਪ ਵਿੱਚ ਨਹੀਂ, ਇੱਕ ਪ੍ਰਚਾਰਕ ਤੇ ਸੇਵਾਦਾਰ ਦੇ ਰੂਪ ਵਿੱਚ ਹੀ ਰਹੇ। ਪ੍ਰਚਾਰਕ ਇਵੇਂ ਕਿ ਆਪਣੇ ਸਾਥੀਆਂ ਨੂੰ ਆਪਣੇ ਧਰਮ ਤੇ ਆਚਰਨ ਵਿੱਚ ਪੱਕੇ ਰਹਿਣ ਤੇ ਦੂਸਰੇ ਧਰਮ ਵਾਲਿਆਂ ਦੇ ਧਰਮ ਅਸਥਾਨ ਤੇ ਕਬਰਾਂ ਤੱਕ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸਖਤ ਤਾਕੀਦ ਕੀਤੀ। ਸੇਵਾਦਾਰ ਦੇ ਰੂਪ ਵਿੱਚ ਜਾਗੀਰਦਾਰਾਂ (ਜੋ ਕਿਸਾਨਾਂ ਦਾ ਖੂਨ ਚੂਸਦੇ ਸਨ) ਤੋਂ ਜ਼ਮੀਨਾਂ ਖੋਹ ਕੇ ਕਿਸਾਨਾਂ ਦੇ ਹਵਾਲੇ ਕੀਤੀਆਂ ਅਤੇ ਗਰੀਬਾਂ ਨੂੰ ਕਿਸੇ ਤਰ੍ਹਾਂ ਦੀ ਹੋ ਰਹੀ ਜਾ ਹੋਣ ਵਾਲੀ ਤਕਲੀਫ ਨੂੰ ਸੁਣਨ ਤੇ ਨਿਪਟਾਰਾ ਕਰਨ ਦੇ ਖਾਸ ਪ੍ਰਬੰਧ ਕੀਤੇ। ਇਹ ਰਾਜ ਭਾਵੇਂ ਥੋੜਾ ਚਿਰ ਰਿਹਾ ਪਰ ਆਮ ਲੋਕਾਂ ਵਿੱਚ ਬਹੁਤ ਮਕਬੂਲ ਹੋਇਆ, ਜਿੱਸ ਦੇ ਕਾਰਨ ਸਿੱਖੀ ਹੋਰ ਪੱਕੀ ਹੋਈ ਤੇ ਸਿੱਖੀ ਵਿੱਚ ਵਾਧਾ ਹੋਇਆ। ਸੰਖੇਪ ਵਿੱਚ, ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਲੱਗ ਭੱਗ ਪੰਜਾਹ ਸਾਲ ਦਾ ਸਮਾਂ ਸਿੱਖੀ ਤੇ ਪੰਜਾਬ ਲਈ ਬਹੁਤ ਦੁੱਖਾਂ ਭਰਿਆ ਸੀ। ਇਸ ਸਮੇਂ ਦੌਰਾਨ ਮੀਰ ਮਨੂੰ, ਦੁਰਾਨੀ ਤੇ ਅਬਦਾਲੀ ਦੇ ਜ਼ੁਲਮ ਝਲਦਾ ਹੋਇਆ ਤੇ ਤਕਰੀਬਨ ਅੱਧੀ ਕੌਮ ਸ਼ਹੀਦ ਕਰਵਾ ਕੇ ਗੁਰੂ ਦਾ ਖਾਲਸਾ, ਯੋਗ ਤੇ ਸੁਘੜ ਜਰਨੈਲਾਂ, ਸ. ਬਘੇਲ ਸਿੰਘ, ਮਾਹਾਰਾਜਾ ਜੱਸਾ ਸਿੰਘ ਆਹਲੂਵਾਲੀਆ, ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਸ. ਚੜ੍ਹਤ ਸਿੰਘ ਆਦਿ ਦੀ ਯੋਗ ਅਗਵਾਈ ਰਾਹੀਂ ਦਿੱਲੀ ਤੇ ਜਾ ਕਾਬਜ ਹੋਇਆ। ਫਿਰ ਕੀ ਸੀ ਪੰਜਾਬ ਤੇ ਕਾਬਜ਼ ਮੁਗਲ ਹਾਕਮਾਂ ਤੇ ਅਬਦਾਲੀ ਨੂੰ ਹਰ ਤਰ੍ਹਾਂ ਹਰਾ ਕੇ ਪੰਜਾਬ ਤੇ ਰਾਜ ਕਾਇਮ ਕਰ ਲਿਆ।
ਇਹ ਰਾਜ ਭੀ ਮਾਹਾਰਾਜਾ ਰਣਜੀਤ ਸਿੰਘ ਵਲੋਂ ਲੋਕ ਭਲਾਈ ਤੇ ਇਨਸਾਫ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗਾ ਹੀ ਸੀ ਤੇ ਹਰਮਨ ਪਿਆਰਾ ਸੀ। ਇਸ ਹਰਮਨ ਪਿਆਰੇ ਰਾਜ ਨੇ ਹੀ ਪੰਜਾਬ ਨੂੰ ‘ਦੇਸਾਂ ਵਿੱਚ ਦੇਸ ਪੰਜਾਬ’ ਬਣਾਇਆ ਸੀ। ਪਰ ਸਿੱਖੀ ਪ੍ਰਚਾਰ ਤੇ ਸਿੱਖ ਆਚਰਨ (ਆਚਰਨ ਵਿੱਚ ਮਾਹਾਰਾਜੇ ਦਾ ਆਪ ਪੱਕੇ ਨਾ ਹੋਣ ਕਰਕੇ, ਜਿੱਸ ਨੂੰ ਅੱਜ ਦੇ ਰਾਜਨੀਤਕ ਬੰਦੇ, ਇਹ ਭੁੱਲ ਕੇ ਕਿ ਲੇਖਾ ਸੱਭ ਦਾ ਹੋਣਾ ਹੈ, ਨਿਜੀ ਜੀਵਨ ਕਹਿ ਕੇ ਆਪ ਨੂੰ ਬਚਾਉਣਾ ਚਾਹੁੰਦੇ ਹਨ) ਵਿੱਚ ਕਾਫੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਸਿੱਖ ਵਿਆਹ ਜੋ ਸਿੱਖ ਰਵਾਇਤ ਨਾਲ ਹੋਣੇ ਚਾਹੀਦੇ ਸਨ, ਬਹੁਤ ਸਾਰੇ ਵੇਦੀ ਨਾਲ ਹੋਣੇ ਸ਼ੁਰੂ ਹੋ ਗਏ। ਸ. ਹਰੀ ਸਿੰਘ ਨਲੂਆ ਦੇ ਕਹਿਣ ਦੇ ਬਾਵਜੂਦ ਰਾਜ ਨੂੰ ਖਾਨਦਾਨੀ ਬਨਾਉਣ ਤੇ ਡੋਗਰਿਆਂ ਤੇ ਯੂ. ਪੀ. ਦੇ ਮਿਸਰਾਂ ਨੂੰ ਰਾਜ ਅਤੇ ਫੌਜੀ ਸ਼ਾਸ਼ਕ ਬਨਾਉਣ ਕਾਰਨ ਤੇ ਇਨ੍ਹਾਂ ਸ਼ਾਸ਼ਕਾਂ ਦੀ ਲੂਣ ਹਰਾਮੀ ਤੇ ਗੱਦਾਰੀ ਕਾਰਨ ਰਾਜ ਜਾਂਦਾ ਰਿਹਾ ਤੇ ਪੰਜਾਬ ਭੀ ਬਾਕੀ ਦੇ ਭਾਰਤ ਨਾਲ ਅੰਗ੍ਰੇਜ਼ਾਂ ਦਾ ਗੁਲਾਮ ਹੋ ਗਿਆ। ਖਾਲਸਾ ਆਪਣੇ, ਹਾਂ ਜੀ ਆਪਣੇ, ਪੰਜਾਬ ਨੂੰ ਕਦੇ ਗੁਲਾਮ ਨਹੀਂ ਦੇਖਣਾ ਤੇ ਰਹਿਣ ਦੇਣਾ ਚਾਹੁੰਦਾ। ਗੱਦਾਰੀ ਰਾਹੀਂ ਰਾਜ ਭਾਵੇਂ ਚਲਾ ਗਿਆ ਪਰ ਪੰਥ ਦੇ ਦਿਲਾਂ ਵਿੱਚ ਜੋ ਬਹੁ-ਪੱਖੀ ਗਿਆਨ ਦੀ ਚਿਣਗ ਬੱਝਵੇਂ ਰੂਪ ਵਿੱਚ ਲੱਗੀ ਹੋਈ ਸੀ, ਜਿੱਸ ਨੂੰ ਮੁਗਲ ਨਾ ਬੁਝਾ ਸਕੇ ਤੇ ਹੁਣ ਈਸਾਈ ਪ੍ਰਚਾਰਕ ਤੇ ਕੱਟੜ ਹਿੰਦੂ, ਜਿਨ੍ਹਾਂ ਦਾ ਮੋਢੀ ਸ੍ਰੀ ਦਇਆ ਨੰਦ ਸੀ, ਬੁਝਾਉਣ ਲੱਗੇ। ਪਰ ਸਿੱਖੀ ਲਈ ਆਪਾ ਵਾਰਨ ਵਾਲੇ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਵਰਗੇ ਮੁਕਾਬਲੇ ਲਈ ਅੱਗੇ ਆਏ। ਗਿਆਨੀ ਦਿੱਤ ਸਿੰਘ ਨੇ ਕੱਟੜ ਆਰੀਆ ਸਮਾਜੀ ਦਇਆ ਨੰਦ ਨੂੰ ਧਾਰਮਿਕ ਗੋਸ਼ਟ ਵਿੱਚ ਤਿੰਨ ਵਾਰ ਹਰਾਇਆ ਅਤੇ ਛੋਟੇ ਛੋਟੇ ਕਿਤਾਬਚੇ ਲਿਖ ਕੇ ਸਿੱਖਾਂ ਵਿੱਚ ਵੰਡੇ। ਨਾਲ ਹੀ ਭਾਈ ਕਾਹਨ ਸਿੰਘ ਨਾਭਾ ਨੇ ‘ਹਮ ਹਿੰਦੂ ਨਹੀਂ’ ਕਿਤਾਬ ਲਿਖ ਕੇ ਪੰਥ ਦੇ ਪੱਲੇ ਪਾਈ। ਭਾਈ ਵੀਰ ਸਿੰਘ ਨੇ ਭੀ ਵੱਧ ਤੋਂ ਵੱਧ ਇਸ ਕਾਰਜ ਵਿੱਚ ਸੇਵਾ ਪਾਈ। ਇਸ ਨੇ ਪੰਥ ਦੇ ਦਿਲਾਂ ਵਿੱਚ ਸਿੱਖੀ ਸਪਿਰਟ ਕੁੱਟ ਕੁੱਟ ਕੇ ਭਰ ਦਿੱਤੀ ਤੇ ਪੰਥ ਅਤੇ ਪੰਜਾਬ ਨੂੰ ਗੁਰਾਂ ਦੇ ਗਿਆਨ ਸੰਬੰਧੀ ਐਸਾ ਜਗਾਇਆ ਕਿ ਸਿੰਘ ਸਭਾ ਦੀ ਲਹਿਰ ਹੋਂਦ ਵਿੱਚ ਆਈ। ਇਸ ਨਾਲ ਪੰਥ ਤੇ ਪੰਜਾਬ ਦਾ ਐਸਾ ਬੋਲ ਬਾਲਾ ਹੋਇਆ ਕਿ ਪ੍ਰੋ. ਪੂਰਨ ਸਿੰਘ ਨੇ ‘ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ’ ਦਾ ਨਾਹਰਾ ਬੁਲੰਦ ਕੀਤਾ। ਐਸਾ ਪੰਜਾਬ 1947 ਤੱਕ ‘ਦੇਸਾਂ ਵਿੱਚ ਦੇਸ ਪੰਜਾਬ’ ਹੀ ਰਿਹਾ।
ਕਿਉਂਕਿ ਚਲਾਕ ਅੰਗ੍ਰੇਜ਼ ਨੇ ਪੰਜਾਬ ਨੂੰ ਭੀ ਭਾਰਤ ਨਾਲ ਮਿਲਾ ਲਿਆ ਸੀ, ਇਸ ਲਈ ਖਾਲਸੇ ਨੂੰ ਸਾਰੇ ਮਹਾਂ-ਉਪਦੀਪ ਦੀ ਆਜ਼ਾਦੀ ਲਈ ਲੜਨਾ ਪਿਆ ਤੇ ਸਾਰੇ ਭਾਰਤੀਆਂ ਨਾਲੋਂ ਮੋਹਰੇ ਹੋ ਕੇ ਮੁਕਾਬਲਤਨ ਅੱਸੀ ਫੀ ਸਦੀ ਨਾਲੋਂ ਭੀ ਵੱਧ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਾ ਦਿੱਤਾ। ਚਲਾਕ ਹਿੰਦੂ ਲੀਡਰਾਂ, ਸਰਬ-ਸ਼੍ਰੀ ਨਹਿਰੂ, ਗਾਂਧੀ ਆਦਿ ਨੇ ਸਿੱਖਾਂ ਨੂੰ, ਪੰਜਾਬ ਤੇ ਸਿੱਖਾਂ ਨੂੰ ਖਾਸ ਸਹੂਲਤਾਂ ਦੇਣ ਦੇ ਲਾਰੇ ਲਾ (ਲਾਰੇ ਲਾਉਣਾ ਤੇ ਫਿਰ ਮੁੱਕਰ ਜਾਣਾ ਸ਼ਾਇਦ ਹਿੰਦੂ ਸਿਧਾਂਤ ਹੈ) ਕੇ ਭਾਰਤ ਨਾਲ ਰਹਿਣ ਲਈ ਮਨਾ ਲਿਆ।
ਮਹਾਂ-ਉਪਦੀਪ ਭਾਰਤ ਲੰਬੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਸੀ। ਆਜ਼ਾਦੀ ਸੰਘਰਸ਼ ਵਿੱਚ ਥੋੜਾ ਬਹੁਤ ਹਿੱਸਾ ਪਾਕੇ ਪਰ ਚਲਾਕੀ ਨਾਲ ਅੱਗੇ ਹੋ ਕੇ ਭਾਰਤ ਦੇ ਚਲਾਕ ਲੀਡਰ, ਖਾਸ ਕਰਕੇ ਮਿਸਟਰ ਪਟੇਲ ਵਰਗੇ, ਮੁਗਲ ਬਾਦਸ਼ਾਹਾਂ, ਤੇ ‘ਹੋਸ਼ੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਕੇ ਆਫਰਿਆ’ ਵਾਂਗ ਸਮਝਣ ਲੱਗ ਪਏ ਕਿ ਹੁਣ ਆਪਣਾ ਰਾਜ ਹੈ, ਸ਼ੇਰ ਨੂੰ ਬੱਕਰੀ ਤੇ ਬੱਕਰੀ ਨੂੰ ਸ਼ੇਰ, ਕਹਿ ਸਕਦੇ ਤੇ ਬਣਾ ਸਕਦੇ ਹਾਂ। ਸਿੱਖਾਂ ਨੂੰ ਨਾਲ ਰੱਖ ਕੇ ਸਹੂਲਤਾਂ ਦੇਣੀਆਂ ਤਾਂ ਇੱਕ ਪਾਸੇ, ਸਿੱਖਾਂ ਨੂੰ, ਜੋ ਆਪਣਾ ਸੱਭ ਕੁੱਛ ਗਵਾ ਕੇ ਇਨ੍ਹਾਂ ਨਾਲ ਰਲੇ ਸਨ, ਅਤਿ ਦੇ ਘਮੰਡੀ ਮਿਸਟਰ ਪਟੇਲ (ਜਿੱਸਦਾ ਲੋਹੇ ਦਾ ਬੁੱਤ; ਜਿੱਸ ਵਿੱਚ ਮਿਸਟਰ ਬਾਦਲ ਨੇ ਲੋਹਾ ਦੇ ਕੇ ਹਿੱਸਾ ਪਾਇਆ, ਪੈਸੇ ਦੀ ਫਜ਼ੂਲਖਰਚੀ ਕਰਕੇ ਗੁਜਰਾਤ ਵਿੱਚ ਬਣਾਇਆ ਹੈ) ਨੇ ਮੁਲਕ ਦੀ ਆਜ਼ਾਦੀ ਲਈ ਸੱਭ ਤੋਂ ਅੱਗੇ ਹੋ ਕੇ ਕੁਬਾਨੀਆਂ ਦੇਣ ਵਾਲਿਆਂ ਨੂੰ ‘ਜਰਾਇਮ-ਪੇਸ਼ਾ’ ਉਪਾਧੀ ਦੇ ਕੇ ਗੁਲਾਮਾਂ ਦੇ ਗੁਲਾਮ ਬਣਾ ਲਿਆ। ਪਟੇਲ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਸਰਬੱਤ ਦਾ ਭਲਾ ਲੋਚਣ ਹੀ ਨਹੀਂ ਕਰਨ ਵਾਲੇ ਜਰਾਇਮ ਪੇਸ਼ਾ ਹਨ ਤੇ ਉਸ ਵਰਗੇ ਅੱਜ ਦੇ ਸ਼ਾਸ਼ਕ ਜੋ ਮੁਆਫੀਆਂ ਮੰਗ ਕੇ ਅੰਗ੍ਰੇਜ਼ਾਂ ਦੀ ਗੋਦ ਵਿੱਚ ਬੈਠੇ ਰਹੇ, ਉਹ ਦੇਸ ਭਗਤ ਹਨ, ਇਹ ਇਨ੍ਹਾਂ ਲੋਕਾਂ ਦਾ ਸਿਧਾਂਤ ਹੈ। ਸਿੱਖਾਂ ਦੇ ਹੱਥੋਂ ਸੱਭ ਕੁੱਛ ਜਾਂਦਾ ਰਿਹਾ। ਬੱਸ ਹੁਣ ਕੀ ਸੀ ‘ਗੁਰਾਂ ਦੇ ਨਾਮ ਨਾਲ ਜੀਉਣ ਵਾਲੇ “ਦੇਸਾਂ ਚੋਂ ਦੇਸ ਪੰਜਾਬ” ਦੀ ਲੁੱਟ, ਜੋ ਐਸੀ ਲੁੱਟ ਕਰਨ ਵਾਲੇ ਦੁਨਿਆਵੀ ਤੌਰ ਤੇ ਅਸਲ ਵਿੱਚ ਲੁਟੇਰੇ ਤੇ ਜਰਾਇਮ ਪੇਸ਼ਾ ਹਨ ਅਤੇ ਇਨ੍ਹਾਂ ਤੇ ਅਹਿਸਾਨ ਕਰਨ ਵਾਲੇ ਸਿੱਖਾਂ ਤੇ ਅਤਿ ਦਰਜੇ ਦਾ ਜ਼ੁਲਮ ਢਾਉਣ ਕਰਕੇ ਰੱਬ ਜੀ ਦੀ ਕਚਹਿਰੀ ਵਿੱਚ ਅਕ੍ਰਿਤਘਣ ਤੇ ਪਾਪੀ ਹਨ, ਇਨ੍ਹਾਂ ਵਲੋਂ ਹੋਣੀ ਸ਼ੁਰੂ ਹੋ ਗਈ। ਦਿੱਲੀ ਤੋਂ ਪਾਪ ਦੀ ਜੰਜ ਨੇ, ਅਰਧ-ਫੌਜੀ ਅਤੇ ਪੁਲਸ ਦਸਤਿਆਂ ਦੇ ਦਬਾ ਹੇਠ ਜੋਰੀ ਦਾਨ ਲੈਣਾ ਸ਼ੁਰੂ ਕਰ ਦਿੱਤਾ। ਪੰਜਾਬ ਭਾਰਤ ਦੀ ਬਸਤੀ ਬਣਾ ਲਿਆ ਗਿਆ। ਇਸ ਨੂੰ ਲੁਟਾਉਣ ਲਈ ਘਰ ਦਾ ਲੂਣ ਖਾਣ ਵਾਲੇ ਖਾਸ ਹਿੱਸੇਦਾਰ ਬਣਨੇ ਸ਼ੁਰੂ ਹੋ ਗਏ। ਪੰਜਾਬ ਦੇ ਹਿੰਦੂ ਲੀਡਰਾਂ ਨੇ ਆਪਣੀ ਧਰਤੀ ਮਾਂ ਪੰਜਾਬ ਨੂੰ ਧੋਖਾ ਦੇਣ ਵਿੱਚ ਜੋ ਕੀਤਾ ਉਹ ਜੱਗੋਂ ਬਾਹਰਾ ਹੈ। ਪਹਿਲਾਂ, ਆਪ ਪੰਜਾਬੀ ਬੋਲਦਿਆਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਕਾਰਿਆ, ਫਿਰ ਭਾਰਤੀ ਲੀਡਰਾਂ ਵਲੋਂ ਪੰਜਾਬ ਨੂੰ ਦਿੱਤੇ ਜਾਣ ਵਾਲੇ ਹੱਕਾਂ ਲਈ ਖੜਨ ਦੀ ਥਾਂ, ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਅਤਿਵਾਦੀ ਕਹਿਣ ਤੱਕ ਦਾ ਰੋਲ ਨਿਭਾਇਆ। ਸਿੱਖੀ ਦਾ ਮਖੌਟਾ ਪਾਏ ਹੋਏ, ਸਿੱਖੀ ਸਿਧਾਂਤ ਤੋਂ ਕੋਰੇ ਅਤੇ ਕੁਰਸੀ ਤੇ ਹਉਮੇਂ ਦੇ ਭੁੱਖੇ, ਕੁੱਛ ਸੁਆਰਥੀ ਸਿੱਖ ਆਗੂਆਂ ਨੇ ਭੀ ਪੰਜਾਬ ਨੂੰ ਲੁਟਾਉਣ ਅਤੇ ਸਿੱਖੀ ਸਿਧਾਂਤ ਦੀ ਹੇਠੀ ਕਰਨ ਵਿੱਚ ਖਾਸ ਭੂਮਿਕਾ ਨਿਭਾਈ। ਇਨ੍ਹਾਂ ਵਿੱਚੋਂ ਤਿੰਨ ਖਾਸ ਸਿਰ ਕੱਢ ਹਨ। ਉਹ ਹਨ (ਇਨ੍ਹਾਂ ਦੇ ਨਾਮ ਨਾਲ ਸਰਦਾਰ ਤੇ ਸਿੰਘ ਲਾਉਣਾ ਸਰਦਾਰ ਤੇ ਸਿੰਘ ਲਫਜ਼ਾਂ ਦੀ ਤੌਹੀਨ ਹੈ) ਮਿਸਟਰ ਪਰਤਾਪ ਸਿਉਂ ਕੈਰੋਂ, ਮਿਸਟਰ ਫਤਹਿ ਸਿਉਂ ਅਤੇ ਮਿਸਟਰ ਪਰਕਾਸ਼ ਸਿਉਂ ਬਾਦਲ।
ਪੰਜਾਬ ਪੰਜਾਂ ਦਰਿਆਵਾਂ ਦੇ ਪਾਣੀ ਦਾ ਮਾਲਿਕ ਤੇ ਮੈਦਾਨੀ ਇਲਾਕਾ ਹੋਣ ਕਰਕੇ ਪੰਜਾਬ ਦੇਸ ਖੇਤੀ ਪ੍ਰਧਾਨ ਦੇਸ ਹੈ। ਕੁਦਰਤ ਵਲੋਂ ਹੋਰ ਖਣਿਜ ਪਦਾਰਥਾਂ ਦੀ ਥਾਂ ਪੰਜਾਬ ਨੂੰ ਖੇਤੀ ਉਤਪਾਦਨ ਲਈ ਪਾਣੀ ਦਾ ਵੱਡਮੁੱਲਾ ਪਦਾਰਥ ਮਿਲਿਆ ਹੋਇਆ ਹੈ ਤੇ ਅੰਤਰ-ਰਾਸ਼ਟਰੀ ਅਤੇ ਦੇਸ ਦੇ ਵਿਧਾਨਿਕ ਅਸੂਲ ਅਨੁਸਾਰ ਪੰਜਾਬ ਇਸ ਪਾਣੀ ਦਾ ਵਾਹਦ ਮਾਲਿਕ ਹੈ। ਪਰ ਦਿੱਲੀ ਬੈਠੇ ਭਾਰਤ ਦੇ ਮਾਲਿਕ ਪੰਜਾਬ ਨੂੰ ਹਰ ਪੱਖੋਂ ਲੁੱਟਣ ਅਤੇ ਪੰਜਾਬ ਦੀ ਲੁੱਟ ਨੂੰ ਰੋਕਣ ਵਾਲਿਆਂ ਦਾ ਹਰ ਪੱਖੋਂ ਖੁਰਾ ਖੋਜ ਮਿਟਾਉਣ ਲਈ ਹਰ ਤਰ੍ਹਾਂ ਦੇ ਜ਼ਾਲਮਾਨਾਂ ਢੰਗ ਵਰਤਦੇ ਆ ਰਹੇ ਹਨ। ਲੁੱਟ ਨੂੰ ਰੋਕਣ ਵਿੱਚ ਆਪਣੇ ਗੁਰੂ ਅਤੇ ਪੰਜਾਬ ਲਈ ਆਪਣਾ ਸੱਭ ਕੁੱਛ ਵਾਰਨ ਵਾਲੇ ਗੁਰਸਿੱਖ ਹੀ ਹਨ। ਪਾਣੀ, ਜਿੱਸ ਰਾਹੀਂ ਕੁਦਰਤੀ ਤੌਰ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਦੇ ਸਿਰ ਤੇ ਪੰਜਾਬੀ ਤਕੜੇ ਤੇ ਇਨਸਾਫ ਲਈ ਅੜਨ ਤੇ ਖੜਨ ਵਾਲੇ ਹਨ, ਇਨ੍ਹਾਂ ਪਾਸੋਂ ਖੋਹ ਹੋਣ ਲੱਗਾ। 1947 ਤੱਕ ਰਾਜਿਸਥਾਨ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਜੋ ਕੀਮਤ ਪੰਜਾਬ ਨੂੰ ਮਿਲਦੀ ਸੀ, ਉਹ ਬੰਦ ਕਰ ਦਿੱਤੀ ਗਈ। ਆਪ ਗਲਤੀਆਂ ਕਰਕੇ ਜੋ ਕਰਜ਼ਾ ਕੇਂਦਰ ਨੇ ਪੰਜਾਬ ਸਿਰ ਮੁਫਤ ਦਾ ਮੜ੍ਹਿਆ ਹੋਇਆ ਹੈ, ਉਹ ਰਾਜਿਸਥਾਨ ਨੂੰ ਦਿੱਤੇ ਪਾਣੀ ਨਾਲ ਹੀ ਉੱਤਰ ਸਕਦਾ ਹੈ। ਪਰ ਕਰਨੀ ਤਾਂ ਲੁੱਟ ਹੈ। ਲੁੱਟ ਜਾਰੀ ਰੱਖਣ ਲਈ ਭਾਖੜਾ ਡੈਮ ਜੋ ਪੰਜਾਬ ਸਰਕਾਰ ਅਧੀਨ ਹੋਣਾ ਚਾਹੀਦਾ ਸੀ, ਉਸ ਨੂੰ ਦਿੱਲੀ ਨੇ ਬੋਰਡ ਬਣਾ ਕੇ ਆਪਣੇ ਕਬਜ਼ੇ ਕਰ ਲਿਆ। ਉਸ ਵਿੱਚੋਂ ਜੋ ਨਹਿਰਾਂ ਕੱਢੀਆਂ ਉਨ੍ਹਾਂ ਰਾਹੀਂ ਪੰਜਾਬ ਨੂੰ ਸਾਰਾ ਪਾਣੀ ਦੇਣ ਦੀ ਥਾਂ ਰਾਜਿਸਥਾਨ, ਦਿੱਲੀ, ਤੇ ਫਿਰ ਪੰਜਾਬ ਦੀ ਅੱਗੇ ਵੰਡ ਤੋਂ ਬਾਅਦ ਹਰਿਆਣਾ ਨੂੰ ਵੱਧ ਤੋਂ ਵੱਧ ਦਿੱਤਾ ਗਿਆ, ਜਿੱਸ ਲਈ ਕੁਰਸੀ ਦੇ ਭੁੱਖੇ ਮਿਸਟਰ ਕੈਰੋਂ ਤੋਂ ਜ਼ਬਰਦਸਤੀ ਦਸਤਖਤ ਕਰਵਾਏ ਗਏ। (ਜ਼ਬਰਦਸਤੀ ਦਸਤਖਤ ਕਰਵਾਉਣ ਨਾਲ ਇਹ ਕੋਈ ਕਾਨੂੰਨ ਨਹੀਂ ਬਣ ਜਾਂਦਾ) ਪੰਜਾਬ ਖਿਲਾਫ ਗੱਦਾਰੀ ਦਾ ਧੱਬਾ ਮੱਥੇ ਤੇ ਲਵਾ ਕੇ ਕੈਰੋਂ ਚਲਦਾ ਬਣਿਆ। ਇੱਥੇ ਪੰਜਾਬ ਦੇ ਪਾਣੀ ਬਾਰੇ ਪੰਜਾਬ ਦੇ ਕਿਸਾਨਾਂ ਨੂੰ ਜੋ ਪਤਾ ਹੋਣਾ ਚਾਹੀਦਾ ਹੈ ਜ਼ਰੂਰ ਲਿਖਣ ਦੀ ਲੋੜ ਹੈ। ਕੇਂਦਰ ਨੇ ਵੱਧ ਤੋਂ ਵੱਧ ਪੰਜਾਬ ਦੇ ਪਾਣੀ ਦੀ ਲੁੱਟ ਤਾਂ ਕੀਤੀ ਹੀ ਹੋਈ ਹੈ। ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਤਾਂ ਪੰਜਾਬ ਨੂੰ ਬੰਜਰ ਬਨਾਉਣਾ ਭੀ ਨਾਲ ਹੀ ਸ਼ੁਰੂ ਕਰ ਦਿੱਤਾ ਸੀ। ਹਰਾ ਇਨਕਲਾਬ ਲਿਆਉਣ ਲਈ ਹਲਾਸ਼ੇਰੀ ਦੇ ਕੇ ਕਣਕ ਦੇ ਨਾਲ ਚੌਲ, ਜੋ ਪੰਜਾਬ ਦੀ ਧਰਤੀ ਦੀ ਉਪਜ ਨਹੀਂ, ਕੁੱਛ ਵੱਧ ਪੈਸੇ ਦੇਣ ਲਈ ਕਹਿ ਕੇ ਬੀਜਣੇ ਸ਼ੁਰੂ ਕਰਵਾ ਦਿੱਤੇ। ਅਸਲੀ ਪਾਣੀ ਤਾਂ ਪਹਿਲਾਂ ਹੀ ਖੋਹ ਲਿਆ ਗਿਆ ਸੀ, ਹੁਣ ਚੌਲਾਂ ਲਈ, ਜੋ ਬਹੁਤ ਪਾਣੀ ਲੱਗਦਾ ਹੈ, ਜ਼ਮੀਨ ਵਿੱਚੋਂ ਕੱਢਣਾ ਸ਼ੁਰੂ ਹੋ ਗਿਆ ਤੇ ਕੱਢਿਆ ਜਾ ਰਿਹਾ ਹੈ। ਇਸਦਾ ਕੀ ਅਸਰ ਹੋ ਰਿਹਾ ਹੈ, ਕਿਸਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਇਸ ਬਾਰੇ ਅੱਖਾਂ ਮੀਟ ਕੇ ਨਹੀਂ ਬਹਿ ਜਾਣਾ ਚਾਹੀਦਾ ਕਿਉਂਕਿ ਪਾਣੀ ਪੀਣ ਲਈ ਭੀ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਕੀਤੀ, ਪੰਜਾਬ ਕੋਲ ਪਾਣੀ ਤਾਂ ਅੱਗੇ ਹੀ ਨਹੀਂ ਹੈ, ਪੰਜਾਬੀਆਂ ਨੂੰ ਅਸਲੀ ਖੋਹੇ ਜਾ ਰਹੇ ਪਾਣੀ ਬਾਰੇ ਕੋਈ ਕਦਮ ਚੁੱਕਣ ਤੋਂ ਪਰੇ ਰੱਖਣ ਲਈ
S. Y. L. ਦਾ ਵਾਧੂ ਦਾ ਰੇੜਕਾ ਪਾ ਦਿੱਤਾ ਗਿਆ ਹੈ। ਪੰਜਾਬੀਆਂ ਨੂੰ ਜਾਗਣਾ ਪਵੇਗਾ।
ਮਿਸਟਰ ਫਤਹਿ ਸਿਉਂ ਜੋ ਮਾਸਟਰ ਤਾਰਾ ਸਿੰਘ ਦੀ ਥਾਂ ਹੇਰਾਫੇਰੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ, ਨੇ ‘ਪੰਜਾਬੀ ਸੂਬੇ’ ਦੀ ਥਾਂ ‘ਪੰਜਾਬੀ ਸੂਬੀ’, ਜਿੱਸ ਵਿੱਚੋਂ ਪੰਜਾਬੀ ਬੋਲਦੇ ਇਲਾਕੇ ਤੇ ਚੰਦੀਗੜ੍ਹ ਬਾਹਰ ਰੱਖੇ ਗਏ, ਲੈ ਕੇ ਪੰਜਾਬ ਨਾਲ ਗੱਦਾਰੀ ਕੀਤੀ। ਦੂਸਰੇ, ਚੰਦੀਗੜ੍ਹ ਲੈਣ ਲਈ ਅਰਦਾਸ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਹਵਨ ਕੁੰਡ ਵਿੱਚ ਮਰਨ ਲਈ ਸ੍ਰੀ ਅਕਾਲ ਤਖਤ ਤੇ ਹਵਨ ਕੁੰਡ ਬਣਾਇਆ। ਪਰ ਲਿਖਤੀ ਰੂਪ ਵਿੱਚ ਲੈਣ ਦੀ ਥਾਂ, ਇਹ ਕਹੇ ਤੇ ਕਿ ਹੜਤਾਲ ਛੱਡ ਦਿਉ, ਚੰਦੀਡੜ੍ਹ ਮਿਲ ਜਾਏਗਾ, ਹੜਤਾਲ ਛੱਡ ਦਿੱਤੀ। ਚੰਦੀਗੜ੍ਹ ਹਾਲੇ ਤੱਕ ਨਹੀਂ ਮਿਲਿਆ ਪਰ ਉਸ ਨੇ ਹੜਤਾਲ ਛੱਡ ਦਿੱਤੀ ਤੇ ਅਰਦਾਸ ਦੀ ਘੋਰ ਅਵੱਗਿਆ ਕੀਤੀ ਤੇ ਪੰਥ ਅਤੇ ਪੰਜਾਬ ਨਾਲ ਧਰੋਹ ਕਰਕੇ ਚਲਦਾ ਬਣਿਆ। ਪੰਥ ਸਿਰ ਫਤਹਿ ਸਿਉਂ ਵਲੋਂ ਲਾਏ ਧੱਬੇ ਨੂੰ ਧੋਣ ਲਈ, ਪਹਿਲਾਂ, ਸਿੱਖੀ ਤੋਂ ਪਰਭਾਵਤ ਹੋ ਕੇ ਤਾਮਲਨਾਡੂ ਤੋਂ ਬਣੇ ਸਿੱਖ, ਸਰਦਾਰ ਨੰਦ ਸਿੰਘ ਨੇ ਅਰਦਾਸ ਕਰਕੇ ਆਪਣੇ ਆਪ ਨੂੰ 13-4-1967 ਨੂੰ ਆਤਮਦਾਹ ਕਰਕੇ ਸ਼ਹੀਦੀ ਦੇ ਦਿੱਤੀ। ਇਸ ਤੋਂ ਬਾਅਦ ਚੰਦੀਗੜ੍ਹ ਵਾਸਤੇ ਦਰਸ਼ਨ ਸਿੰਘ ਫੇਰੂਮਾਨ ਨੇ 15-8-1969 ਨੂੰ ਅਰਦਾਸ ਕਰਕੇ ਭੁੱਖ ਹੜਤਾਲ ਰੱਖ ਕੇ 27-10-1969 ਨੂੰ ਸ਼ਹੀਦੀ ਦੇ ਦਿੱਤੀ, ਭਾਵੇਂ ਚੰਦੀਗੜ੍ਹ ਪੰਜਾਬ ਨੂੰ ਦੇਣ ਦਾ ਵਾਇਦਾ ਕਰਕੇ ਮੁਕਰਨ ਵਾਲਿਆਂ ਨੇ ਮੁੱਕਰਨਾ ਹੀ ਸੀ ਤੇ ਮੁੱਕਰਦੇ ਤੇ ਮੁੱਕਰਦੇ ਹੀ ਰਹੇ ਤੇ ਮੁਕਰਦੇ ਹੀ ਆ ਰਹੇ ਹਨ।
ਮਿਸਟਰ ਪਰਕਾਸ਼ ਸਿਉਂ ਬਾਦਲ, ਜੋ ਅੰਦਰੋਂ ਗੰਗੂ ਤੇ ਸੁੱਚਾ ਨੰਦ ਨਾਲੋਂ ਭੀ ਵੱਧ ਸਿੱਖੀ ਦੇ ਵਿਰੁੱਧ ਹੈ, ਨੇ ਸੱਭ ਤੋਂ ਵੱਧ ਤੇ ਬਹੁਤ ਮੋਟਾ ਸਿੱਖੀ ਦਾ ਮਖੌਟਾ ਪਾਇਆ ਹੋਇਆ ਹੈ। 1970 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਮੇਂ ਨਕਸਲੀ ਲਹਿਰ ਦੇ ਨੌਜਵਾਨਾਂ ਨੂੰ ਪਹਿਲਾਂ ਹੱਲਾਸ਼ੇਰੀ ਦਿੱਤੀ ਤੇ ਫਿਰ ਕੇਂਦਰ ਦੇ ਚਹੇਤੇ ਬਣਨ ਲਈ ਉਨ੍ਹਾਂ ਨੌਜਵਾਨਾਂ ਦਾ ਘਾਣ ਕੀਤਾ। 27-7-1970 ਨੂੰ ਨਕਸਲੀ ਲਹਿਰ ਦੇ ਮੋਢੀ ਅੱਸੀ ਸਾਲ ਦੇ ਬਜ਼ੁਰਗ ਸਰਦਾਰ ਬੂਝਾ ਸਿੰਘ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਰਵਾਇਆ। ਪੰਜਾਬ ਅਤੇ ਹੱਕਾਂ ਲਈ ਲੜਨ ਵਾਲੇ ਇਸ ਲਹਿਰ ਦੇ ਬਚੇ ਨੌਜਵਾਨ ਸਿੱਖ ਸਜ ਕੇ ਖਾੜਕੂ ਲਹਿਰ ਵਿੱਚ ਸ਼ਾਮਲ ਹੋ ਗਏ। ਨਕਸਲੀ ਨੌਜਵਾਨਾਂ ਵਾਂਗ ਸਿੱਖ ਜੁਝਾਰੂਆਂ ਨੂੰ ਭੀ ਇਸ ਭੱਦਰ ਪੁਰਸ਼ ਨੇ ਪੰਜਾਬ ਦੇ ਹੱਕਾਂ ਲਈ ਹੱਲਾਸ਼ੇਰੀ ਦਿੱਤੀ। ਰਾਜ ਜਾਂਦਾ ਰਿਹਾ ਤਾਂ ਬੁੱਚੜ ਬਿਅੰਤ ਸਿਉਂ ਨੇ ਕੇ. ਪੀ. ਸਿਉਂ ਗਿੱਲ ਅਤੇ ਸੁਮੇਧ ਸੈਣੀ ਵਰਗੇ ਹੋਰ ਕਈ ਬੁੱਚੜ ਪੁਲਸੀਆਂ ਰਾਹੀਂ ਜੁਝਾਰੂਆ ਦੇ ਨਾਲ ਹਜ਼ਾਰਾਂ ਪੰਜਾਬ ਦੀ ਫੁਲਵਾੜੀ ਦੇ ਮਾਸੂਮ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕਰਵਾਏ। ਬਿਅੰਤ ਸਿਉਂ ਦੇ ਇਸ ਕਾਲੇ ਕਾਰੇ ਨੇ ਸਿੱਖ ਜਗਤ ਵਿੱਚ ਰੋਹ ਪੈਦਾ ਕਰ ਦਿੱਤਾ। ਇਸ ਲਈ ਉਸ ਬੁੱਚੜ ਨੂੰ ਜੁਝਾਰੂਆ ਨੇ ਢੁੱਕਵੀਂ ਸਜ਼ਾ ਦੇ ਕੇ ਨਰਕਾਂ ਦਾ ਭਾਗੀ ਬਣਾ ਦਿੱਤਾ। ਇਨ੍ਹਾਂ ਜੁਝਾਰੂਆਂ ਦੇ ਸਿਰ ਤੇ ਮੁੜ ਫਿਰ ਪਰਕਾਸ਼ ਸਿਉਂ ਬਾਦਲ ਮੁੱਖ ਮੰਤਰੀ ਬਣ ਗਿਆ। ਇਨ੍ਹਾਂ ਜੁਝਾਰੂਆਂ ਦਾ ਸਾਥ ਛੱਡ ਕੇ ਕੁੱਛ ਸਵਾਰਥੀ ਬੰਦੇ ਮਿਸਟਰ ਬਾਦਲ ਨਾਲ ਰਲ ਕੇ ਐਮ. ਐਲ. ਏ. ਤੇ ਸ਼੍ਰੋਮਣੀ ਕਮੇਟੀ ਦੇ ਮੈਂਮਬਰ ਆਦਿ ਬਣ ਗਏ, ਜਿਵੇਂ ਭਾਈ ਜਸਬੀਰ ਸਿੰਘ ਰੋਡੇ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਰਾਜਿੰਦਰ ਸਿੰਘ ਮਹਿਤਾ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਹਨ (ਦੇਖੋ ਦੇਸ ਪ੍ਰਦੇਸ 3-9-2010) ਮਿਸਟਰ ਬਾਦਲ ਵਲੋਂ ਚਲਾਈ ਜਾ ਰਹੀ ਅਖੌਤੀ ‘ਪੰਥਕ ਸਰਕਾਰ’ ਨੇ ਵਿਰੋਧੀ ਪਾਰਟੀ ਅਤੇ ਲੋਕ ਰਾਏ ਦੇ ਵਿਰੁੱਧ ਬੁੱਚੜ ਸੁਮੇਧ ਸੈਣੀ ਨੂੰ ਪੰਜਾਬ ਦੀ ਸਿੱਖ ਨੌਜਵਾਨ ਫੁਲਵਾੜੀ ਨੂੰ ਵੱਧ ਤੋਂ ਵੱਧ ਉਜਾੜਨ ਲਈ ਪੁਲਸ ਮੁੱਖੀ ਲਾਇਆ। ਨਾਲ ਪੁਲਸ ਨੂੰ ਆਪਣੇ ਪੁੱਤਰ ਸੁਖਬੀਰ ਸਿਉਂ ਰਾਹੀਂ ਇਹ ਸਬਕ ਪੜ੍ਹਾਇਆ ਗਿਆ ਕਿ ਜਾਸੂਸੀ ਵਿਭਾਗ ਰਾਹੀਂ ਸਮੇਂ ਸਮੇਂ ਇਹ ਪ੍ਰਚਾਰਿਆ ਜਾਵੇ ਕਿ ‘ਪਤਾ ਲੱਗਾ ਹੈ’ ਕਿ ਬਬਰ ਖਾਲਸਾ, ਭਿੰਡਰਾਂਵਾਲਾ ਟਾਈਗਰ ਫੋਰਸ, ਖਾਲਿਸਤਾਨ ਕਮਾਂਡੋ ਫੋਰਸ ਆਦਿ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। (ਇਹ ਸੱਭ ਕੁੱਛ ਅੱਜ ਦੀ ਪੰਜਾਬ ਸਰਕਾਰ ਵਲੋਂ ਭੀ ਕੀਤਾ ਜਾ ਰਿਹਾ ਹੈ) ਇਸ ਰਾਹੀਂ ਪੁਲਸ ਨਿਰਦੋਸ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਫੜ ਕੇ ਬੰਦੀ ਬਣਾਉਂਦੀ ਆ ਰਹੀ ਹੈ। ਮਿਸਟਰ ਬਾਦਲ ਨੇ ਆਪ ਨਾਹਰਾ ਲਾਇਆ ਤੇ ਸਦਾ ਲਈ ਇਹ ਨਾਹਰਾ ਪੱਕਾ ਕਰ ਲਿਆ ਕਿ ‘ਮੈਂ ਅਮਨ ਸ਼ਾਤੀ’ ਰੱਖਣੀ ਹੈ।
ਇਸ ਭੱਦਰ ਪੁਰਸ਼ ਦੀ ਅਮਨ ਸ਼ਾਂਤੀ ਖਾਸ ਕਿਸਮ ਦੀ ਹੈ। ਸਿੱਖਾਂ ਤੋਂ ਬਗੈਰ ਜੇ ਹੋਰ ਬੰਦੇ, ਕਿਸੇ ਕਾਜ ਸਬੰਧੀ ਮੁਜ਼ਾਹਰਾ ਕਰਦੇ ਹੋਏ ਲੁੱਟ ਖੋਹ, ਭੰਨ ਤੋੜ, ਸਾੜ ਫੂਕ ਭੀ ਕਰਦੇ ਹੋਣ ਤਾਂ ਇਸ ਵਲੋਂ ਪੁਲਸ ਨੂੰ ਹੁਕਮ ਰਿਹਾ ਹੈ ਕਿ ਉਨ੍ਹਾਂ ਨੂੰ ਕੁੱਛ ਨਹੀਂ ਕਹਿਣਾ। ਜਦ ਸਿੱਖ (ਬਹੁਤ ਕੀ ਲਿਖਣਾ) ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਲਈ ਰੋਸ ਵਜੋਂ ਸ਼ਾਂਤੀ ਪੂਰਬਕ ਧਰਨੇ ਤੇ ਬੈਠ ਕੇ ਪਾਠ ਤੇ ਵਾਹਿਗੁਰੂ ਜਾਪ ਕਰਦੇ ਹੋਣ ਤਾਂ ਇਸ ਲਈ ਉਹ ਅਮਨ ਸ਼ਾਂਤੀ ਭੰਗ ਕੀਤੀ ਜਾ ਰਹੀ ਹੁੰਦੀ ਹੈ, ਉਨ੍ਹਾਂ ਨੂ ਉਥੋਂ ਖੁਦੇੜਨਾ ਚਾਹੀਦਾ ਹੈ ਤੇ ਖੁਦੇੜਨ ਲਈ ਗੰਦੇ ਪਾਣੀ ਦੀਆ ਬੁਛਾੜਾਂ, ਲਾਠੀ ਚਾਰਜ, ਤੇ ਗੋਲੀ ਤੱਕ ਭੀ, ਅਮਨ ਸ਼ਾਂਤੀ ਕਾਇਮ ਰੱਖਣ ਲਈ ਕੀਤੀ ਜਾ ਸਕਦੀ ਹੈ, ਜੋ ਇਸ ਦੇ ਰਾਜ ਵਿੱਚ ਕਈ ਵਾਰ ਕੀਤੀ ਗਈ ਹੈ, ਲਿਖਣ ਦੀ ਲੋੜ ਨਹੀਂ ਸੱਭ ਜਾਣਦੇ ਹਨ। ਬਰਗਾੜੀ ਤੇ ਬਹਿਬਲ ਕਲਾਂ ਖਾਸ ਅਸਥਾਨ ਹਨ ਜਿੱਥੇ ਇਹ ਕਾਰਾ ਕਰਵਾ ਕੇ ਦੋ ਸਿੰਘ ਸ਼ਹੀਦ ਕਰਨ ਦਾ ਦੋਸ਼ ਇਨ੍ਹਾਂ ਸਿਰ, ਜੋਰਾ ਸਿੰਘ ਤੇ ਰਣਜੀਤ ਸਿੰਘ ਕਮਿਸ਼ਨਾਂ ਵਲੋਂ ਲਾਏ ਗਏ ਹਨ, ਪਰ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਇਨ੍ਹਾਂ ਪਿਉ ਪੁੱਤ ਨੂੰ ਕਈ ਤਰ੍ਹਾਂ ਦੇ ਢੰਗ ਵਰਤ ਕੇ ਬਚਾ ਰਿਹਾ ਹੈ ਤੇ ਆਪਣੇ ਸਿਰ ਮੁਫਤੋ ਮੁਫਤੀ ਪਾਪ ਲੈ ਰਿਹਾ ਹੈ ਤੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰ ਰਿਹਾ ਹੈ। ਜਥੇਦਾਰ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਮੋਰਚਾ ਐਸੀਆਂ ਬੇਇਨਸਾਫੀਆਂ ਦਾ ਇਨਸਾਫ ਲੈਣ ਤੇ ਪੰਜਾਬ ਦਾ ਮਾਹੌਲ ਠੀਕ ਕਰਨ ਲਈ ਹੀ ਹੈ। ਜੇ ਕਿਤੇ ਇਸ ਵਕਤ ਇਸ ਦਾ ਰਾਜ ਹੁੰਦਾ ਤਾਂ ਇਸ ਨੇ ਇਸ ਮੋਰਚੇ ਨਾਲ ਭੀ ਉਸੇ ਤਰ੍ਹਾਂ ਕਰਨੀ ਸੀ।
ਮਿਸਟਰ ਬਾਦਲ ਵਲੋਂ ਪੰਜਾਬ ਤੇ ਸਿੱਖ ਸਿਧਾਂਤ ਨੂੰ ਨੁਕਸਾਨ ਪਹੁੰਚਾਉਣਾ ਸ਼ਾਇਦ ਇਨ੍ਹਾਂ ਦੇ ਖੂਨ ਵਿੱਚ ਹੀ ਹੈ। ਭਾਈ ਸਾਹਿਬ ਜਰਨੈਲ ਸਿੰਘ ਭਿੰਡਰਾਂਵਾਲੇ ਜਦ ਅਕਾਲ ਤਖਤ ਤੇ ਇਨ੍ਹਾਂ ਸਿਆਸੀ ਆਗੂਆਂ ਤੇ ਕੇਂਦਰ ਤੋਂ ਆਨੰਦਪੁਰ ਮਤੇ ਤੋਂ ਕੁੱਛ ਘੱਟ ਨਾ ਮੰਜ਼ੂਰ ਲਈ ਜ਼ੋਰ ਪਾ ਰਹੇ ਸਨ, ਤਾਂ ਖਬਰ ਅਨੁਸਾਰ ਇਨ੍ਹਾਂ ਨੇ ਭਾਈ ਸਾਹਿਬ ਹਰਚੰਦ ਸਿੰਘ ਲੌਂਗੋਵਾਲ ਸਮੇਤ ਕੇਂਦਰ ਨੂੰ ਚਿੱਠੀ ਲਿਖ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕਿ ਭਿੰਡਰਾਂਵਾਲਾ ਸਾਤੋਂ ਕਾਬੂ ਨਹੀਂ ਆਉਂਦਾ। ਵੀਹ ਕੁ ਸਾਲ ਪਹਿਲਾਂ ਮਿਸਟਰ ਬਾਦਲ ਨੇ ਲਖਪਤ ਰਾਏ ਵਾਂਗ ਇਹ ਕਹਿ ਦਿੱਤਾ ਸੀ ਕਿ ਸਿੱਖੀ ਪੰਜਾਹ ਸਾਲ ਬਾਅਦ ਖਤਮ ਹੋ ਜਾਏਗੀ। ਇਸ ਵਿੱਚ ਆਪ ਮਦਦ ਕਰਨ ਲਈ ਸਿੱਖੀ ਨੂੰ ਜੜ੍ਹੋਂ ਪੁੱਟਣ ਲਈ ਕਈ ਹਰਬੇ ਵਰਤਣ ਵਾਲੀ ਸੰਸਥਾ ਆਰ. ਐਸ. ਐਸ. ਦੇ ਕੁਹਾੜੇ ਦਾ ਦਸਤਾ ਬਣ ਕੇ ਇਹ ਹਰ ਤਰ੍ਹਾਂ ਦੇ ਟੱਕ ਲਵਾ ਰਿਹਾ ਹੈ। ਇਸ ਸਬੰਧੀ ਸਰਦਾਰ ਗੁਰਤੇਜ ਸਿੰਘ ਆਈ. ਏ. ਐਸ. ਨੇ ਆਪਣੇ ਲੇਖ ‘ਬੇਅਦਬੀ ਦਾ ਦੋਸੀ ਬਾਦਲ ਕਿਵੇਂ’ ਵਿੱਚ ਬਹੁਤ ਖੋਲ ਕੇ ਲਿਖਿਆ ਹੋਇਆ ਹੈ। ਇੱਕ ਸਿੱਖ ਪੀੜ੍ਹੀ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਰਵਾਉਣ ਲਈ ਦੂਸਰੇ ਮੁੱਖ ਮੰਤਰੀਆਂ ਦੀ ਲਿਸਟ ਵਿੱਚ ਇਸ ਦਾ ਨਾਮ ਬਿਅੰਤ ਸਿਉਂ ਤੋਂ ਬਾਅਦ ਦੂਜੇ ਥਾਂ ਆਉਂਦਾ ਹੈ। ਉਸ ਪੀੜ੍ਹੀ ਵਿੱਚੋਂ ਕੁੱਛ ਬਚੇ ਨੌਜਵਾਨ ਝੂਠੇ ਕੇਸ ਪਾ ਕੇ ਜਾਣ ਬੁੱਝ ਕੇ ਦੂਰ ਦੀਆਂ ਜੇਲ੍ਹਾਂ ਵਿੱਚ ਬੰਦ ਕੀਤੇ ਗਏ। ਮਾਪਿਆਂ ਵਲੋਂ ਜੇ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਲਈ ਅਰਜ਼ੀ ਪਾਈ ਗਈ ਤਾਂ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਅਨੁਸਾਰ ਮਿਸਟਰ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਇਸ ਤੋਂ ਨਾਂਹ ਕਰ ਦਿੱਤੀ।
ਗੁਰੂ ਨਾਨਕ ਸਾਹਿਬ ਦੇ ਪੰਜਾਬ ਦੀ ਬਗੀਚੀ ਨੂੰ ਚੰਗੀ ਤਰ੍ਹਾਂ ਰੁੰਡ ਮੁੰਡ ਕਰਨ ਲਈ ਨੌਜਵਾਨਾਂ ਨੂੰ ਨਸ਼ਈ, ਇਸ ਲਈ ਕਰਨ ਲਈ ਕਿ ਉਹ ਇਨ੍ਹਾਂ ਦੇ ਗਲਤ ਕੰਮਾਂ ਬਾਰੇ ਨਾ ਬੋਲਣ, ਨਸ਼ੇ ਵਿੱਚ ਮਸਤ ਰਹਿਣ, ਵੱਧ ਤੋਂ ਵੱਧ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਨੌਜਵਾਨਾਂ ਤੱਕ ਪਹੰਚਾਉਣ ਲਈ ਪੁਲਸ ਤੇ ਇਸ ਦੇ ਮੰਤਰੀਆਂ ਤੱਕ ਦੇ ਨਾਮ ਆਉਂਦੇ ਹਨ। ਮੁੱਖ ਮੰਤਰੀ ਦੀ ਪਦਵੀ ਦੀ ਆਪਣੇ ਸਵਾਰਥ ਲਈ ਰੱਜ ਕੇ ਗਲਤ ਵਰਤੋਂ ਦੁਆਰਾ ਜੋ ਆਪਣੀ ਬੋਲੀ ਬੋਲਣ ਵਾਲੇ ਸ਼੍ਰੋ. ਗੁ. ਪ੍ਰ. ਕਮੇਟੀ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਲਾ ਕੇ ਕੀਤੀ ਤੇ ਜੋ ਉਨ੍ਹਾਂ ਰਾਹੀਂ ਦੋਹਾਂ ਸੰਸਥਾਵਾਂ ਦੀ ਮਰਿਆਦਾ ਤੇ ਗੌਰਵ ਨੂੰ ਨੁਕਸਾਨ ਪਹੰਚਾਉਣ ਨਾਲ ਹੋਇਆ ਅਤੇ ਸਰਕਾਰੀ ਗਲਤ ਨੀਤੀਆਂ ਰਾਹੀਂ ਪੰਜਾਬ ਤੇ ਪੰਜਾਬ ਦੀ ਸਿੱਖ ਨੌਜਵਾਨੀ ਦਾ ਹੋਇਆ, ਉਸ ਨੇ ਸਿੱਖ ਜਗਤ ਵਿੱਚ ਇਸ ਤੇ ਇਸ ਦੀ ਸਰਕਾਰ ਵਿਰੁੱਧ ਕਹਿਰਾਂ ਦਾ ਜੋਸ਼ ਭਰ ਦਿੱਤਾ। ਨਤੀਜਾ ਮੰਨਮਰਜੀ ਦਾ ਰਾਜ ਜਾਂਦਾ ਰਿਹਾ ਤੇ ਇੱਕ ਕਿਸਮ ਦਾ ਖੁੱਡੇ ਵਿੱਚ ਵੜ ਕੇ ਰਹਿਣ ਲਈ ਮਜਬੂਰ ਕਰ ਦਿੱਤਾ। ਪਰ ਢੀਠਤਾਈ ਇਸ ਹੱਦ ਤੱਕ ਕਿ ਆਪਣੀਆਂ ਗਲਤੀਆਂ ਮੰਨਣ ਦੀ ਥਾਂ ਕਈ ਬੇਤੁਕੇ ਨੁਕਤੇ ਲੈ ਕੇ ਬੜੀ ਸੁਰੱਖਿਆ ਹੇਠ ਹੋਰਨਾਂ ਖਿਲਾਫ ਅਖੌਤੀ ਪੋਲ ਖੋਲ ਰੈਲੀਆਂ ਕਰਕੇ ਆਪਣਾ ਹੀ ਮਖੌਲ ਉਡਵਾ ਰਹੇ ਹਨ। ਇਸ ਦਾ ਪੁੱਤ ਸੁੱਖਬੀਰ ਕਹਿ ਰਿਹਾ ਹੈ ਕਿ ਮੇਰਾ ਪਿਉ ਕੁਰਬਾਨੀ ਦੇ ਦੇਵੇਗਾ, ਇਹ ਭੁੱਲ ਕੇ ਕਿ ਜਦ ਕੁਰਬਾਨੀ ਦੇਣ ਦਾ ਮੌਕਾ ਸੀ ਉਦੋਂ ਤਾਂ ਕੁਰਬਾਨੀ ਦਿੱਤੀ ਨਾਂ, ਤੇ ਕੁਰਬਾਨੀਆਂ ਦੇਣ ਵਾਲੇ ਕਰੜੀ ਸੁਰੱਖਿਆ ਵਿੱਚ ਨਹੀਂ ਰਹਿੰਦੇ। ਬਹੁਤ ਹੋਰ ਲਿਖਣ ਦੀ ਥਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਭਾਵੇਂ ਇਨ੍ਹਾਂ ਦੀ ਸਰਕਾਰ ਸੀ (ਹੁਣ ਤਾਂ ਕਦੇ ਮੁੜ ਕੇ ਆਉਣ ਦੀ ਉਮੀਦ ਨਹੀਂ) ਜਾ ਹੁਣ ਕਾਂਗਰਸ ਦੀ ਹੈ, ਇਨ੍ਹਾਂ ਕਿਸੇ ਭੀ ਰਾਹੀਂ ਪੰਜਾਬ ਦਾ ਭਲਾ ਨਹੀਂ ਭਾਲਿਆ ਜਾ ਸਕਦਾ। ਕਿਤਾਬਾਂ ਵਿੱਚ ਪੰਜਾਬ ਦਾ ਇਤਿਹਾਸ ਜੋ ਸਿਰਫ ਸਿੱਖਾਂ ਦੀ ਕੁਬਾਨੀਆਂ ਨਾਲ ਬਣਿਆਂ ਹੋਇਆ ਹੈ ਬੜੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। (ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਸਿੱਖਿਆ ਬੋਰਡ ਬਣਾਵੇ) ਝੂਠੇ ਕੇਸ ਪਾ ਕੇ ਨੌਜਵਾਨ ਕੈਦ ਕੀਤੇ ਜਾ ਰਹੇ ਹਨ। ਪਾਣੀ ਦੀ ਲੁੱਟ ਨੇ ਤਾਂ ਕਿਸਾਨਾਂ ਨੂੰ ਖੁੱਦਕਸ਼ੀ ਕਰਨ ਤੇ ਨੌਜਵਾਨਾਂ ਨੂ ਬੇਰੋਜ਼ਗਾਰ ਬਣਾ ਦਿੱਤਾ ਹੈ। ਹੁਣ ਫਿਰ ਗੁਰਾਂ ਦੇ ਪੰਜਾਬ ਲਈ ਇੱਕ ਹੀ ਰਾਹ ਹੈ ਜੋ ਕਠਨ ਜ਼ਰੂਰ ਹੈ। ਸੁਹਿਰਦ ਪੰਜਾਬੀ ਜੋ ਪੰਥਕ ਐਸੰਬਲੀ ਦੀ ਬੈਠਿਕ ਵਿੱਚ ਨਜ਼ਰ ਆਏ, ਉਨ੍ਹਾਂ ਨੂੰ ਪੰਜਾਬ ਨੂੰ ਮੁੜ ਗੁਰਾਂ ਦਾ ਪੰਜਾਬ ਬਨਾਉਣ ਲਈ ‘ਮੈਂ ਉੱਜੜਾਂ ਪੰਜਾਬ ਵਸੇ ਤੇ ਵਧੇ ਫੁੱਲੇ’ ਦਿਲ ਵਿੱਚ ਰੱਖਕੇ ਇੱਕਜੁੱਟ ਹੋਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਵਿੱਚ ਜੁਟਣਾ ਪਵੇਗਾ, ਗੁਰੂ ਜੀ ਜ਼ਰੂਰ ਸਹਾਈ ਹੋਣਗੇ, ਕਿਉਂਕਿ ਪੰਜਾਬ ਹੈ ਤਾਂ ਗੁਰਾਂ ਦਾ ਹੀ।




.