.

ਗੁਰਮੱਤ ਬਨਾਮ ਅਧਿਆਤਮਿਕਤਾ

(ਕਿਸ਼ਤ ਦੂਜੀ)


ਦੂਜੀ ਸਥਿਤੀ
ਗੁਰਮੱਤ ‘ਅਧਿਆਤਮਿਕਤਾ’ ਦੀ ਉੱਪਰ ਦਰਸਾਈ ਦੂਜੀ ਸਥਿਤੀ ਭਾਵ ‘ਆਤਮਾ’
(soul) ਅਤੇ ‘ਪਰਮਾਤਮਾ’ (supreme soul) ਸਬੰਧੀ ਗਿਆਨ ਜਾਂ ਫਲਸਫੇ ਨੂੰ ਕੋਈ ਮਾਨਤਾ ਨਹੀਂ ਦਿੰਦੀ। ਇਕ ਪਾਸੇ ‘ਆਤਮਾ’ (soul) ਅਤੇ ‘ਪਰਮਾਤਮਾ’ (supreme soul) ਵਿੱਚੋਂ ਕਿਸੇ ਦੀ ਵੀ ਹੋਂਦ ਨੂੰ ਅਨੁਭਵਸਿੱਧ ਨਿਰੀਖਣ (empirical observation) ਰਾਹੀਂ ਸਥਾਪਤ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਇਹਨਾਂ ਨੂੰ ਮਾਨਤਾ ਦੇਣ ਲਈ ਕੋਈ ਵਿਗਿਆਨਕ ਅਧਾਰ ਮੌਜੂਦ ਨਹੀਂ। ਦੂਸਰੇ ਪਾਸੇ ਇਹ ਦੋਵੇਂ ਸੰਕਲਪ ਹਿੰਦੂ ਮੱਤ ਦੇ ਧਰਮ-ਤੰਤਰ ਦਾ ਹਿੱਸਾ ਹਨ ਅਤੇ ਹਿੰਦੂ ਮੱਤ ਵਿਚ ਲਗ-ਭਗ ਸਾਰਾ ਕੁਝ ਅਤਾਰਕਿਕ ਅਤੇ ਮਿਥਹਾਸਿਕ ਹੀ ਭਰਿਆ ਹੋਇਆ ਹੈ। ਅਸਲ ਵਿਚ ਹਿੰਦੂ ਮੱਤ ਵਿਚ ‘ਅਧਿਆਤਮਿਕਤਾ’ ਦੀ ਬਜਾਇ ‘ਆਤਮਿਕਤਾ’ ਦੀ ਮਾਨਤਾ ਹੈ ਜਿਸ ਦੀਆਂ ਇਸ ਮੱਤ ਵਿਚ ਅਨੇਕਾਂ ਧਾਰਨਾਵਾਂ ਪਰਚਲਤ ਹਨ ਜਿਹਨਾਂ ਵਿੱਚੋਂ ਦੋ ‘ਅਦਵੈਤ’ (monism) ਅਤੇ ‘ਦਵੈਤ’ (dualism) ਪ੍ਰਮੁੱਖ ਹਨ। ਹਿੰਦੂ ਮੱਤ ਦੀ ਅਦਵੈਤ ਵਾਲੀ ਧਾਰਨਾ ਅਨੁਸਾਰ ਇਕ ਪਾਸੇ ਬ੍ਰਹਮੰਡੀ ‘ਆਤਮਾ’ ਦੀ ਹੋਂਦ ਮੌਜੂਦ ਹੈ ਜਿਸ ਨੂੰ ‘ਬ੍ਰਹਮ’ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਮਨੁੱਖਾਂ ਅਤੇ ਪਸ਼ੂ-ਪੰਛੀਆਂ ਸਮੇਤ ਸਾਰੇ ਜੀਵਾਂ ਵਿਚ ‘ਆਤਮਾ’ ਵਾਲੇ ਅੰਸ਼ ਦਾ ਮੌਜੂਦ ਹੋਣਾ ਮੰਨਿਆਂ ਜਾਂਦਾ ਹੈ ਜਿਸ ਕਰਕੇ ਸਾਰੇ ਜੀਵ ਬ੍ਰਹਮ ਦਾ ਹੀ ਹਿੱਸਾ ਬਣਦੇ ਹਨ ਅਤੇ ਇੱਕੋ ਬ੍ਰਹਮ ਦੇ ਅੰਸ਼ ਹੋਣ ਕਰਕੇ ਉਹ ਸਾਰੇ ਆਪਸ ਵਿਚ ਬਰਾਬਰ ਹਨ। ਬ੍ਰਹਮ ਅਤੇ ਜੀਵਾਂ ਵਿਚ ਇਕ ਹੀ ਆਤਮਾ ਦਾ ਵਾਸ ਹੋਣ ਕਰਕੇ ਇਸ ਧਾਰਨਾਂ ਨੂੰ ‘ਅਦਵੈਤ’ ਦਾ ਨਾਮ ਦਿੱਤਾ ਗਿਆ ਹੈ। ਇਸ ਤਰ੍ਹਾਂ ਹਿੰਦੂ ਮੱਤ ਦੀ ਇਸ ਧਾਰਨਾ ਅਨੁਸਾਰ ਮਨੁੱਖ ਵਿਚ ਬਿਰਾਜਮਾਨ ‘ਆਤਮਾ’ (soul) ‘ਬ੍ਰਹਮ’ ਦਾ ਅੰਗ ਹੈ । ਜਿੰਨਾਂ ਚਿਰ ‘ਆਤਮਾ’ (‘ਰੂਹ’) ਮਾਇਆ ਭਾਵ ਪਦਾਰਥਕ ਲੋਭ-ਲਾਲਚ (materialism) ਦੇ ਪਰਭਾਵ ਹੇਠ ਰਹਿੰਦੀ ਹੈ ਉਸ ਨੂੰ ਆਪਣੇ-ਆਪ ਅਤੇ ਬ੍ਰਹਮ ਵਿਚਲੇ ਸਬੰਧ ਦੀ ਅਨੁਭੂਤੀ (realization) ਦੀ ਪਰਾਪਤੀ ਨਹੀਂ ਹੁੰਦੀ। ਇਹ ਅਨੁਭੂਤੀ ਮਨੁੱਖ ਨੇ ਆਪਣੇ ਜੀਵਨ ਦੇ ਦੌਰਾਨ ਹੀ ਪਰਾਪਤ ਕਰਨੀ ਹੁੰਦੀ ਹੈ। ਜੀਵਨ ਦੌਰਾਨ ਆਪਣੇ-ਆਪ ਅਤੇ ਬ੍ਰਹਮ ਵਿਚਲੇ ਸਬੰਧ ਦੀ ਅਨੁਭੂਤੀ ਨਾ ਪਰਾਪਤ ਕਰਨ ਦੀ ਅਵਸਥਾ ਵਿਚ ਮੌਤ ਪਿੱਛੋਂ ਮਨੁੱਖ ਆਵਾਗਵਣ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ। ਆਪਣੇ-ਆਪ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਕਰ ਲੈਣ ਨਾਲ ਮਨੁੱਖ ਨੂੰ ਆਪਣੀ ਆਤਮਾ ਅਤੇ ਬ੍ਰਹਮ ਵਿਚਲੇ ਸਬੰਧ ਦੀ ਪਛਾਣ ਹੋ ਜਾਂਦੀ ਹੈ, ਉਸ ਨੂੰ ਮੁਕਤੀ ਦੀ ਪਰਾਪਤੀ ਹੋ ਜਾਂਦੀ ਹੈ ਭਾਵ ਮਨੁੱਖੀ ਜੀਵ ਨੂੰ ਮਰਨ ਪਿੱਛੋਂ ਆਵਾਗੌਣ ਦੇ ਚੱਕਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਉਸ ਦੀ ਆਤਮਾ (ਰੂਹ) ਬ੍ਰਹਮ ਵਿਚ ਲੀਨ (ਇਕ-ਮਿਕ) ਹੋ ਜਾਂਦੀ ਹੈ। ਦੂਜੇ ਪਾਸੇ ਹਿੰਦੂ ਮੱਤ ਦੀ ‘ਦਵੈਤ’ ਵਾਲੀ ਧਾਰਨਾ ਅਨੁਸਾਰ ‘ਆਤਮਾ’ ਕੇਵਲ ਮਨੁੱਖਾਂ ਵਿਚ ਹੀ ਹੁੰਦੀ ਹੈ ਅਤੇ ਇਹ ‘ਪਰਮਾਤਮਾ’ (ਪਰਮ+ਆਤਮਾ) ਦੀ ਹੋਂਦ ਦਾ ਅੰਗ ਹੋਣ ਦੀ ਬਜਾਇ ‘ਪਰਮਾਤਮਾ’ ਤੋਂ ਵੱਖਰੇ ਤੌਰ ਤੇ ਵਿਚਰਦੀ ਹੈ। ਹਿੰਦੂ ਮੱਤ ਦੀ ਇਸ ਧਾਰਨਾ ਅਨੁਸਾਰ ਮਨੁੱਖ ਨੇ ਜੀਵਨ ਵਿਚ ਮਾਇਆ ਅਤੇ ਵਿਸ਼ੇ-ਵਿਕਾਰਾਂ ਤੋਂ ਦੂਰ ਰਹਿੰਦੇ ਹੋਏ ਆਪਣੀ ‘ਆਤਮਾ’ ਨੂੰ ਪਵਿੱਤਰ ਬਣਾ ਕੇ ਰੱਖਣਾ ਹੁੰਦਾ ਹੈ ਜਿਸ ਨਾਲ ਉਸ ਦੀ ਮੌਤ ਪਿੱਛੋਂ ਉਸ ਦੇ ਆਵਾਗੌਣ ਤੋਂ ਅਜ਼ਾਦ ਹੋ ਜਾਣ ਤੇ ਉਸ ਨੂੰ ਮੁਕਤੀ ਦੀ ਪਰਾਪਤੀ ਹੋ ਜਾਂਦੀ ਹੈ ਅਤੇ ਉਸ ਦੀ ਆਤਮਾ ‘ਪਰਮਾਤਮਾ’ ਦੀ ਨੇੜਤਾ ਦਾ ਸੁਭਾਗ ਮਾਣਦੀ ਹੈ (ਪਰੰਤੂ ਰਹਿੰਦੀ ‘ਪਰਮਾਤਮਾ’ ਤੋਂ ਵੱਖਰੇ ਤੌਰ ਤੇ ਹੀ ਹੈ)। ਆਵਾਗੌਣ ਦੇ ਚੱਕਰ ਵਿਚ ਪੈਣ ਵਾਲਾ ਮਨੁੱਖ ਅਗਲੇ ਜਨਮ ਵਿਚ ਕਿਸੇ ਪਸ਼ੂ-ਪੰਛੀ ਦੀ ਜੂਨ ਵਿਚ ਵੀ ਜਾ ਸਕਦਾ ਹੈ। ਕਈ ਥਾਈਂ ਮਨੁੱਖ ਨੂੰ ਮੌਤ ਪਿੱਛੋਂ ਮਿਲਣ ਵਾਲੀ ਇਸ ਮੁਕਤੀ ਦਾ ਅਰਥ ਸਵਰਗ ਦੀ ਪਰਾਪਤੀ ਤੋਂ ਵੀ ਲੈ ਲਿਆ ਜਾਂਦਾ ਹੈ ਅਤੇ ਮੁਕਤੀ ਨਾ ਮਿਲਣ ਦੀ ਸਥਿਤੀ ਵਿਚ ਨਰਕ ਦੀ ਸਜ਼ਾ ਕਿਆਸ ਲਈ ਜਾਂਦੀ ਹੈ। ਮੁਕਤੀ ਦੀ ਪਰਾਪਤੀ ਲਈ ਜੀਵਨ ਵਿਚ ‘ਪਰਮਾਤਮਾ’ ਦੀ ਪੂਜਾ ਅਤੇ ਭਗਤੀ/ਤਪੱਸਿਆ ਆਦਿਕ ਵੀ ਯੋਗ ਸਾਧਨ ਮੰਨੇ ਜਾਂਦੇ ਹਨ। ਹਿੰਦੂ ਮੱਤ ਦੀ ਦਵੈਤ ਵਾਲੀ ਧਾਰਨਾ ਅਨੁਸਾਰ ‘ਪਰਮਾਤਮਾ’ ਦਾ ਸ਼ਖਸੀ ਰੂਪ ਵੀ ਮੌਜੂਦ ਹੈ ਅਤੇ ਇਹ ਤਿੰਨ ਦੇਵਤਿਆਂ ਰਾਹੀਂ ਪਰਗਟ ਹੁੰਦਾ ਹੈ। ਇਹ ਤਿੰਨ ਦੇਵਤੇ ਹਨ ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼ ਜਿਹਨਾਂ ਵਿੱਚੋਂ ਬ੍ਰਹਮਾਂ (ਇਹ ਉੱਪਰ ਦਰਸਾਏ ‘ਬ੍ਰਹਮ’ ਤੋਂ ਵੱਖਰੀ ਹੋਂਦ ਕਿਆਸੀ ਜਾਂਦੀ ਹੈ) ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਵਿਸ਼ਨੂੰ ਸ੍ਰਿਸ਼ਟੀ ਦਾ ਪਾਲਣਹਾਰ ਹੈ ਅਤੇ ਮਹੇਸ਼ (ਇਸ ਨੂੰ ‘ਸ਼ਿਵ’ ਵੀ ਕਿਹਾ ਜਾਂਦਾ ਹੈ) ਸ੍ਰਿਸ਼ਟੀ ਦੇ ਬਦਲਾਓ ਅਤੇ ਵਿਨਾਸ਼ ਦਾ ਕਾਰਜ ਕਰਦਾ ਹੈ। ਹਿੰਦੂ ਮੱਤ ਅਨੁਸਾਰ ਇਹਨਾਂ ਤਿੰਨਾਂ ਦੇਵਤਿਆਂ ਵਿੱਚੋਂ ਵਿਸ਼ਨੂੰ ਧਰਤੀ ਉਤਲੇ ਦੁਸ਼ਟਾਂ ਨੂੰ ਸੋਧਣ ਅਤੇ ਪਾਪਾਂ ਦਾ ਨਾਸ਼ ਕਰਨ ਲਈ ਲਈ ਮਨੁੱਖੀ ਰੂਪ ਵਿਚ ਅਵਤਾਰ ਦੇ ਤੌਰ ਤੇ ਪਰਗਟ ਹੁੰਦਾ ਰਹਿੰਦਾ ਹੈ। ਆਮ ਕਰਕੇ ਵਿਸ਼ਨੂੰ ਨੂੰ ਵੀ ‘ਪਰਮਾਤਮਾ’ ਦਾ ਲਕਬ ਦੇ ਦਿੱਤਾ ਜਾਂਦਾ ਹੈ। ਹਿੰਦੂ ਮੱਤ ਵਿਚ ‘ਆਤਮਾ’ ਨੂੰ ਅਮਰ ਮੰਨਿਆਂ ਜਾਂਦਾ ਹੈ ਜਦੋਂ ਕਿ ਮਨੁੱਖ ਦੇ ਸਰੀਰ ਨੂੰ ਨਾਸ਼ਵਾਨ ਗਿਣਿਆਂ ਜਾਂਦਾ ਹੈ। ‘ਅਦਵੈਤ’ ਵਾਲੀ ਧਾਰਨਾ ਅਨੁਸਾਰ ‘ਆਤਮਾ’ ਇਸ ਕਰਕੇ ਅਮਰ ਹੈ ਕਿਉਂਕਿ ਇਹ ‘ਬ੍ਰਹਮ’ ਦਾ ਅੰਗ ਹੈ, ਜੀਵਨ ਦੌਰਾਨ ਵੀ ਅਤੇ ਮੌਤ ਪਿੱਛੋਂ ਵੀ। ‘ਦਵੈਤ’ ਵਾਲੀ ਧਾਰਨਾ ਅਨੁਸਾਰ ‘ਆਤਮਾ’ ਇਸ ਕਰਕੇ ਅਮਰ ਹੈ ਕਿਉਂਕਿ ਮਨੁੱਖ ਦੀ ਸਰੀਰਕ ਮੌਤ ਪਿੱਛੋਂ ਵੀ ਇਸ ਦੀ ਹੋਂਦ ਬਣੀ ਰਹਿੰਦੀ ਹੈ।
ਉਂਜ ਹਿੰਦੂ ਮੱਤ ਤੋਂ ਇਲਾਵਾ ਸੰਸਾਰ ਦੇ ਬਹੁਤੇ ਮਜ਼ਹਬ (ਬੁੱਧ ਮੱਤ ਅਤੇ ਹਿਂਦੁਸਤਾਨੀ ‘ਚਾਰਵਾਕ’ ਵਿਚਾਰਧਾਰਾ ਨੂੰ ਛੱਡ ਕੇ) ‘ਆਤਮਾ’ (‘ਰੂਹ’) ਦੇ ਸੰਕਲਪ ਨੂੰ ਮਾਨਤਾ ਦਿੰਦੇ ਹਨ ਭਾਵੇਂ ਕਿ ਉਹਨਾਂ ਵਿੱਚੋਂ ਬਹੁਤੇ ‘ਬ੍ਰਹਮ’ ਦੇ ਸੰਕਲਪ ਨੂੰ ਨਹੀਂ ਅਪਣਾਉਂਦੇ ਕਿਉਂਕਿ ਉਹ ਸ਼ਖਸੀ ਰੱਬ ਨੂੰ ਮਾਨਤਾ ਦਿੰਦੇ ਹਨ ( ਜੈਨ ਮੱਤ ਵੀ ‘ਰੂਹ’ ਦੇ ਅਰਥਾਂ ਵਿਚ ‘ਆਤਮਾ’ ਨੂੰ ਮਾਨਤਾ ਦਿੰਦਾ ਹੈ ਭਾਵੇਂ ਕਿ ਇਹ ‘ਪਰਮਾਤਮਾ’ ਦੇ ਸੰਕਲਪ ਜਾਂ ਸ਼ਖਸੀ ਰੱਬ ਦੋਵ੍ਹਾਂ ਨੂੰ ਨਹੀਂ ਮੰਨਦਾ)।
ਸਿਖ ਫਿਰਕੇ ਵੱਲ ਧਿਆਨ ਮਾਰਿਆ ਜਾਵੇ ਤਾਂ ਇਸ ਵਿਚ ਸ਼ਾਮਲ ਸਾਰੇ ਲੋਕ, ਸਮੇਤ ‘ਜਾਗਰੂਕ’ ਲੇਖਕਾਂ ਦੇ, ‘ਆਤਮਾ’
(soul) ਅਤੇ ‘ਪਰਮਾਤਮਾ’ (supreme soul) ਦੀ ਹੋਂਦ ਨੂੰ ਮਾਨਤਾ ਦਿੰਦੇ ਵਿਖਾਈ ਦਿੰਦੇ ਹਨ। ਅਸਲ ਵਿਚ ਉਹਨਾਂ ਦਾ ਇਹ ਵਿਸ਼ਵਾਸ ਮੁੱਢਲੇ ਤੌਰ ਤੇ ਹਿੰਦੂ ਮੱਤ ਦੀ ਉੱਪਰ ਦਰਸਾਈ ‘ਦਵੈਤ’ ਵਾਲੀ ਧਾਰਨਾ ਉੱਤੇ ਅਧਾਰਿਤ ਹੈ। ਉਹ ‘ਰੱਬ’ ਨੂੰ ‘ਨਿਰੰਕਾਰ’ ਭਾਵ ਗੈਰਸ਼ਖਸੀ ਤਾਂ ਮੰਨਦੇ ਹਨ ਪਰੰਤੂ ਉਹ ‘ਬ੍ਰਹਮ’ ਸ਼ਬਦ ਦੀ ਵਰਤੋਂ ਨਾ ਕਰਦੇ ਹੋਏ ਇਸ ਦੀ ਜਗਹ ਤੇ ‘ਰੱਬ’, ‘ਪ੍ਰਭੂ’, ‘ਪਰਮੇਸਰ’, ‘ਵਾਹਿਗੁਰੂ’, ‘ਅਕਾਲ ਪੁਰਖ’ ਜਾਂ ‘ਪਰਮਾਤਮਾ’ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ ਕਿਉਂਕਿ ਉਹ ਹਿੰਦੂ ਮੱਤ ਦੀ ਦਵੈਤ ਵਾਲੀ ਧਾਰਨਾ ਅਨੁਸਾਰ ‘ਆਤਮਾ’ (‘ਰੂਹ’) ਦੀ ਹੋਂਦ ਨੂੰ ‘ਰੱਬ’ ਜਾਂ ‘ਪਰਮਾਤਮਾ’ ਦੀ ਹੋਂਦ ਤੋਂ ਭਿੰਨ ਮੰਨਦੇ ਹਨ। ਉਹਨਾਂ ਅਨੁਸਾਰ ਮਨੁੱਖ ਦੇ ਜੀਵਨ ਦਾ ਨਿਸ਼ਾਨਾ ਸੰਸਾਰਿਕਤਾ ਅਤੇ ਮਾਇਆ ਤੋਂ ਨਿਰਲੇਪ ਰਹਿ ਕੇ ‘ਆਤਮਾ’ ਅਤੇ ‘ਪਰਮਾਤਮਾ’ ਵਿਚ ਨੇੜਲਾ ਸਬੰਧ ਕਾਇਮ ਕਰਨਾ ਹੁੰਦਾ ਹੈ ਅਤੇ ‘ਸਚਿਆਰ’ ਦਾ ਜੀਵਨ ਜਿਉਂਦੇ ਹੋਏ ‘ਤੁਰੀਆ-ਅਵਸਥਾ’ ਵਿਚ ਅਪੜਨਾ ਹੁੰਦਾ ਹੈ ਪਰੰਤੂ ਇਹ ਸਬੰਧ ਅੱਗੇ ਕਿਥੇ ਕੁ ਤਕ ਅਪੜਨਾ ਹੈ ਇਸ ਬਾਰੇ ਉਹ ਸਪਸ਼ਟ ਨਹੀਂ। ਉਹ ਹਿੰਦੂ ਮੱਤ ਦੇ ਦਵੈਤ ਵਾਲੇ ‘ਪਰਮਾਤਮਾ’ ਨੂੰ ਵੀ ਮਾਨਤਾ ਨਹੀਂ ਦਿੰਦੇ ਕਿਉਂਕਿ ਉਹ ਰੱਬ ਦੀ ‘ਨਿਰੰਕਾਰ’ ਹੋਂਦ ਨੂੰ ਮਾਨਤਾ ਦਿੰਦੇ ਹਨ ਅਤੇ ਉਸ ਦੀ ਦੇਵਤਿਆਂ ਰਾਹੀਂ ਪਰਗਟ ਹੁੰਦੀ ਸ਼ਖਸੀ ਹੋਂਦ ਨੂੰ ਨਹੀਂ ਮੰਨਦੇ। ਇਸ ਤਰ੍ਹਾਂ ਸਿਖ ਫਿਰਕੇ ਦੇ ਲੋਕ ‘ਆਤਮਾ’ ਅਤੇ ‘ਪਰਮਾਤਮਾ’ ਦੇ ਵਿਸ਼ੇ ਵਿਚ ਹਿੰਦੂ ਮੱਤ ਦੀ ਵੇਦਾਂਤਿਕ ਵਿਚਾਰਧਾਰਾ ਦੀ ਨਕਲ ਕਰਦੇ ਹਨ ਪਰੰਤੂ ਉਹ ਭੰਬਲਭੂਸੇ ਦੀ ਸਥਿਤੀ ਵਿਚ ਹੀ ਫਸੇ ਰਹਿੰਦੇ ਕਿਉਂਕਿ ਉਹਨਾਂ ਦੀ ‘ਆਤਮਾ’ ਦਵੈਤ ਵਾਲੀ ਹੈ ਅਤੇ ‘ਰੱਬ’ ਅਦਵੈਤ ਵਾਲਾ ਭਾਵੇਂ ਇਸ ਨੂੰ ‘ਬ੍ਰਹਮ’ ਕਹਿਣ ਦੀ ਬਜਾਇ ‘ਪਰਮਾਤਮਾ’ ਕਹੀ ਜਾਂਦੇ ਹਨ। ਉਂਜ ਗੁਰਬਾਣੀ ਵਿਚ ‘ਪਰਮਾਤਮਾ’ ਸ਼ਬਦ ਦੀ ਇਕ ਵਾਰ ਵੀ ਵਰਤੋਂ ਨਹੀਂ ਹੋਈ (ਅਤੇ ਨਾ ਹੀ ‘ਅਕਾਲ ਪੁਰਖ’ ਸ਼ਬਦ ਜੁੱਟ ਦੀ ਵਰਤੋਂ ਹੋਈ ਹੈ)। ਨਾਲ ਹੀ ਸਿਖ ਫਿਰਕੇ ਦੇ ਲੋਕ ‘ਆਤਮਾ’ (soul) ਨੂੰ ਲੈ ਕੇ ਕਈ ਕਰਮ-ਕਾਂਡ ਵੀ ਕਰਦੇ ਹਨ ਜਿਵੇਂ ਕਿਸੇ ਮਨੁੱਖ ਦੀ ਮੌਤ ਵੇਲੇ ਕਈ ਧਾਰਮਿਕ ਰਸਮਾਂ ਨਿਭਾਉਣੀਆਂ, ਬਾਦ ਵਿਚ ਉਸ ਦੇ ‘ਫੁੱਲ’ ਕੀਰਤਪੁਰ ਵਿਖੇ ਸਤਲੁਜ ਦੇ ਪਾਣੀ ਵਿਚ ਸੁੱਟਣੇ, ਅਖੰਡ-ਪਾਠ ਦਾ ਭੋਗ ਪੁਆਕੇ ‘ਵਿਛੜੀ ਰੂਹ’ ਨੂੰ ‘ਸ਼ਾਂਤੀ’ ਪਰਦਾਨ ਕਰਵਾਉਣ ਹਿਤ ‘ਪਰਮਾਤਮਾ’ ਅੱਗੇ ਅਰਦਾਸ ਕਰਨੀ, ਮਰ ਗਿਆਂ ਦੇ ਸਰਾਧ ਆਯੋਜਿਤ ਕਰਨੇ, ਬਰਸੀਆਂ ਮਨਾਉਣੀਆਂ ਆਦਿਕ। ਆਖਰਕਾਰ ਸਿਖ ਫਿਰਕੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ‘ਆਤਮਾ’ (ਰੂਹ) ਅਤੇ ‘ਪਰਮਾਤਮਾ’ ਵਿਚਲਾ ਵਿਸ਼ਵਾਸ ਅਤੇ ਇਸ ਨਾਲ ਸਬੰਧਤ ਕਰਮ-ਕਾਂਡ ਗੁਰਮੱਤ ਦੇ ਵਿਪਰੀਤ ਜਾਂਦੇ ਹੋਣ ਕਰਕੇ ਇਹ ਸਿਖ ਮਜ਼ਹਬ ਨੂੰ ਹਿੰਦੂ ਮੱਤ ਦੀ ਇਕ ਸ਼ਾਖ ਦੇ ਤੌਰ ਤੇ ਸਥਾਪਤ ਕਰਦੇ ਨਜ਼ਰ ਆਉਂਦੇ ਹਨ (ਉਂਜ ਸਿਖ ਫਿਰਕੇ ਦੇ ਲੋਕ ਇਹ ਦਾਵਾ ਕਰਦੇ ਹਨ ਕਿ “ਹਮ ਹਿੰਦੂ ਨਹੀਂ”)।
ਤੀਜੀ ਸਥਿਤੀ
ਗੁਰਮੱਤ ‘ਅਧਿਆਤਮਿਕਤਾ’ ਦੀ ਉੱਪਰ ਦਰਸਾਈ ਤੀਜੀ ਸਥਿਤੀ ਭਾਵ ਕਿਸੇ ਵਿਸ਼ੇਸ਼ ਮਜ਼ਹਬ
(religion) ਜਾਂ ਵਿਸ਼ਵ ਦੇ ਸਮੂਹ ਮਜ਼ਹਬਾਂ ਦੇ ਧਰਮ-ਤੰਤਰ ਪ੍ਰਤੀ ਜਾਣਕਾਰੀ ਅਤੇ ਇਸ ਦੇ ਵਿਸਤ੍ਰਿਤ ਵਿਸ਼ਲੇਸ਼ਣ ਨੂੰ ਵੀ ਮਾਨਤਾ ਨਹੀਂ ਦਿੰਦੀ। ਨਾ ਤਾਂ ਗੁਰੂ ਨਾਨਕ ਨੇ ਕੋਈ ਮਜ਼ਹਬ ਸਥਾਪਤ ਕੀਤਾ ਸੀ ਅਤੇ ਨਾ ਹੀ ਉਹਨਾਂ ਦੇ ਕਿਸੇ ਉਤੱਰ-ਅਧਿਕਾਰੀ ਨੇ। ਅਸਲ ਵਿਚ ਗੁਰੂ ਨਾਨਕ ਨੇ ਮਾਨਵਵਾਦ ਦੀ ਇਕ ਲਹਿਰ ਚਾਲੂ ਕੀਤੀ ਸੀ ਜੋ ਗੁਰੂ ਸਾਹਿਬਾਨ ਦੀ ਅਗਵਾਈ ਵਿਚ ਦੋ ਸੌ ਸਾਲ ਤੋਂ ਵੱਧ ਦੇ ਸਮੇਂ ਤਕ ਚੱਲੀ ਸੀ। ਗੁਰੂ ਸਾਹਿਬਾਨ ਨੇ ਮਜ਼ਹਬ/ਰਿਲੀਜਨ ਨੂੰ ਪੂਰੀ ਤਰ੍ਹਾਂ ਨਕਾਰਨ ਦਾ ਕਦਮ ਪੁੱਟਆ ਸੀ। ਗੁਰੂ ਨਾਨਕ ਨੇ ਜਦੋਂ 1499 ਈਸਵੀ ਵਿਚ ਇਕ ਮਾਨਵਵਾਦੀ ਕਾਰਕੁੰਨ ਦੀ ਭੂਮਿਕਾ ਨੂੰ ਅਪਣਾਇਆ ਸੀ ਤਾਂ ਉਸ ਵੇਲੇ ਉਹਨਾਂ ਦਾ ਨਾਰ੍ਹਾ ਸੀ, “ ਨਾ ਕੋ ਹਿੰਦੂ, ਨਾ ਕੋ ਮੁਸਲਮਾਨ ” ਜਿਸ ਦਾ ਸਪਸ਼ਟ ਭਾਵ ਇਹ ਸੀ ਕਿ ਉਹ ਕਿਸੇ ਵੀ ਮਜ਼ਹਬ/ਰਿਲੀਜਨ ਨੂੰ ਮਾਨਤਾ ਨਹੀਂ ਸੀ ਦਿੰਦੇ ( ‘ ਹਿੰਦੂ ’ ਅਤੇ ‘ ਮੁਸਲਮਾਨ ’ ਸ਼ਬਦ ਕੇਵਲ ਉਦਾਹਰਨਾਂ ਹੀ ਸਨ)। ਗੁਰਬਾਣੀ ਵਿਚ ਵੀ ਦਰਜ ਹੈ
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਗੁਰਬਾਣੀ ਗ੍ਰੰਥ ਪੰਨਾਂ 1136)
ਅਤੇ
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੁ ਨ ਲੀਆ॥ (ਗੁਰਬਾਣੀ ਗ੍ਰੰਥ ਪੰਨਾਂ 1159)

ਸਮੁੱਚੇ ਤੌਰ ਤੇ ਗੁਰੂ ਸਾਹਿਬਾਨ ਦੀ ਲਹਿਰ ਮਨੁੱਖੀ ਹਿਤਾਂ ਨੂੰ ਸਮਰਪਿਤ ਲਹਿਰ ਹੈ। ਵਿਸ਼ੇਸ਼ ਤੌਰ ਤੇ ਇਹ ਮਨੁੱਖ ਦੇ ਨੈਤਿਕ ਵਿਕਾਸ ਉੱਤੇ ਜ਼ੋਰ ਦਿੰਦੀ ਹੈ। ਗੁਰੂ ਸਾਹਿਬਾਨ ਨੇ ਨਾ ਕੇਵਲ ਮਨੁੱਖੀ ਕਦਰਾਂ-ਕੀਮਤਾਂ ਨੂੰ ਤਾਕਤ ਪਰਦਾਨ ਕਰਨ ਦਾ ਵੱਡੀ ਪੱਧਰ ਉੱਤੇ ਪਰਚਾਰ ਕੀਤਾ ਸਗੋਂ ਉਹਨਾਂ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਆਪਣੀ ਜੀਵਨ-ਜਾਚ ਦੇ ਅਧਾਰ ਉੱਤੇ ਆਦਰਸ਼ਿਕ ਵਿਵਹਾਰ ਦੇ ਮਾਡਲ ਪੇਸ਼ ਕੀਤੇ ਸਨ। ਗੁਰਬਾਣੀ-ਗ੍ਰੰਥ ਮਨੁੱਖੀ ਜੀਵਨ ਵਿਚ ਅਜਿਹੇ ਹੀ ਸਿਹਤਮੰਦ ਨੈਤਿਕ ਅਸੂਲਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੰਦਾ ਹੈ।

ਸੰਸਾਰ ਦੇ ਹਰੇਕ ਮਜ਼ਹਬ ਦੇ ਧਰਮ-ਤੰਤਰ ਵਿਚ ਕੁਝ ਦੂਜਿਆਂ ਨਾਲ ਮਿਲਦੇ ਜੁਲਦੇ ਅੰਸ਼ ਸ਼ਾਮਲ ਹਨ ਜਿਵੇਂ
ਆਤਮਾ (ਰੂਹ), ਰੱਬ ਅਤੇ ਹੋਰ ਦੈਵੀ ਸ਼ਕਤੀਆਂ ਵਿਚ ਵਿਸ਼ਵਾਸ, ਪੈਗੰਬਰ, ਪੂਜਾ ਦੀਆਂ ਰਹੁ-ਰੀਤਾਂ, ਪ੍ਰਾਰਥਨਾ-ਕਿਰਿਆ ਅਤੇ ਹੋਰ ਕਰਮ-ਕਾਂਡ, ਪੁਜਾਰੀ ਸ਼੍ਰੇਣੀ, ਪੁਜਾਰੀਆਂ ਦੀ ਦਰਜਾਬੰਦੀ ਅਤੇ ਧਰਮਤੰਤਰਵਾਦ, ਵਿਸ਼ੇਸ਼ ਰਹਿਤ-ਮਰਿਯਾਦਾ, ਫਤਵਾਸ਼ਾਹੀ ਦੀ ਪ੍ਰਥਾ, ਵਿਸ਼ੇਸ਼ ਧਾਰਮਿਕ ਗ੍ਰੰਥ, ਵਿਸ਼ੇਸ਼ ਪੂਜਾ-ਅਸਥਾਨ, ਵਿਸ਼ੇਸ਼ ਤੀਰਥ-ਅਸਥਾਨ, ਮਿਥਹਾਸਿਕ ਸਾਹਿਤ (ਲਿਖਤੀ ਜਾਂ ਮੌਖਿਕ), ਪਵਿਤ੍ਰਤਾ ਅਤੇ ਅਪਵਿਤ੍ਰਤਾ ਦੇ ਸੰਕਲਪ, ਸਬੰਧਤ ਫਿਰਕੇ ਵਿਚ ਸ਼ਾਮਲ ਲੋਕਾਂ ਦੀ ਵਿਸ਼ੇਸ਼ ਸਰੀਰਕ ਪਛਾਣ ਅਤੇ ਦਿੱਖ, ਸਬੰਧਿਤ ਫਿਰਕੇ ਦੇ ਉਪ-ਫਿਰਕੇ ਅਤੇ ਉਪ-ਸਮੂਹ ਆਦਿਕ। ਪਰੰਤੂ ਗੁਰਮੱਤ ਉੱਪਰ ਦਰਸਾਏ ਅੰਸ਼ਾਂ ਵਿੱਚੋਂ ਕਿਸੇ ਨੂੰ ਵੀ ਮਾਨਤਾ ਪਰਦਾਨ ਨਹੀਂ ਕਰਦੀ। ਇਸ ਤਰ੍ਹਾਂ ਗੁਰਮੱਤ ਸਮੁੱਚੇ ਧਰਮ-ਤੰਤਰ ਨੂੰ ਨਕਾਰਦੀ ਹੈ। ਅਜੋਕੇ ਸਮੇਂ ਦੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਾ ਕਹਿਣਾ ਹੈ ਕਿ “ਮਜ਼ਹਬ ਲੋਕਾਂ ਲਈ ਅਫੀਮ ਹੈ ” ਅਤੇ ਪ੍ਰਸਿਧ ਮਨੋਵਿਗਿਆਨੀ ਸਿਗਮੰਡ ਫਰਾਇਡ ਅਨੁਸਾਰ “ਮਜ਼ਹਬ ਵਹਿਮਪ੍ਰਸਤੀ ਦਾ ਸਰਵਵਿਆਪਕ ਮਨੋਰੋਗ ਹੈ ”। ਪਰੰਤੂ ਗੁਰੂ ਸਾਹਿਬਾਨ ਮਜ਼ਹਬ ਦੀਆਂ ਅਜਿਹੀਆਂ ਵਿਸ਼ੇਸ਼ਤਾਈਆਂ ਸਬੰਧੀ ਚਾਰ ਸਦੀਆਂ ਪਹਿਲਾਂ ਹੀ ਜਾਣੂ ਹੋ ਚੁੱਕੇ ਸਨ। ਏਸੇ ਕਰਕੇ ਉਹਨਾਂ ਨੇ ਆਪਣੇ ਤੌਰ ਤੇ ‘ਧਰਮ’ ਦੀ ਨਿਵੇਕਲੀ ਪਰੀਭਾਸ਼ਾ ਪੇਸ਼ ਕੀਤੀ ਜੋ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਗੁਰਬਾਣੀ ਗ੍ਰੰਥ ਪੰਨਾਂ 266)

ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸੰਪਰਦਾਈ ਧਰਮ ਦੇ ਸੰਕਲਪ ਨੂੰ ਮੁੱਢੋਂ ਰਦ ਕਰਦੇ ਹੋਏ ‘ਸਚਿਆਰਤਾ’ ਅਧਾਰਿਤ ਅਤੇ ਮਾਨਵਵਾਦੀ ਜੀਵਨ-ਜਾਚ ਨੂੰ ਅਸਲੀ ਧਰਮ ਦੇ ਤੌਰ ਤੇ ਪੇਸ਼ ਕੀਤਾ। ਪਰੰਤੂ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿਖ ਭਾਈਚਾਰੇ ਦੇ ਲੋਕ ਅਜਿਹੇ ਫਿਰਕੂ ਭਾਵ ਸੰਪਰਦਾਈ ਧਰਮ ਨੂੰ ਅਪਣਾਈ ਬੈਠੇ ਹਨ ਜਿਸ ਨਾਲ ਗੁਰੂ ਨਾਨਕ ਜਾਂ ਉਹਨਾਂ ਦੇ ਕਿਸੇ ਵੀ ਉੱਤਰ-ਅਧਿਕਾਰੀ ਦਾ ਕੋਈ ਸਬੰਧ ਨਹੀਂ। ਇਹ ਸੰਪਰਦਾਈ ਧਰਮ ਅਸਲ ਵਿਚ ਉਦਾਸੀ ਪੁਜਾਰੀਆਂ ਅਤੇ ਨਿਰਮਲੇ ਮਹੰਤਾਂ ਦਾ ਚਲਾਇਆ ਹੋਇਆ ਹੈ। ਹੋਇਆ ਇਂਜ ਕਿ ਗੁਰੂ ਗੋਬਿੰਦ ਸਿੰਘ ਦੇ ਇਸ ਸੰਸਾਰ ਤੋਂ ਚਲੇ ਜਾਣ ਪਿੱਛੋਂ ਸਿਖ ਭਾਈਚਾਰੇ ਦੇ ਜੁਝਾਰੂ ਦਸਤੇ ਬੰਦਾ ਬਹਾਦਰ ਦੀਆਂ ਰਾਜਸੀ ਜਿੱਤਾਂ ਅਤੇ ਉਸ ਤੋਂ ਪਿੱਛੋਂ ਆਪਣੇ ਭਾਈਚਾਰੇ ਦੀ ਹੋਂਦ ਕਾਇਮ ਰੱਖਣ ਦੇ ਸੰਘਰਸ਼ ਵਿੱਚੋਂ ਲੰਘਦੇ-ਲੰਘਦੇ ਕੇਵਲ ਰਾਜਸੀ ਆਕੰਖਿਆਵਾਂ ਦੀ ਪੂਰਤੀ ਨੂੰ ਹੀ ਆਪਣਾ ਮੁੱਖ ਨਿਸ਼ਾਨਾ ਮਿੱਥ ਬੈਠੇ ਸਨ ਅਤੇ ਇਸ ਵਿਚ ਉਹਨਾਂ ਨੂੰ ਸਫਲਤਾਵਾਂ ਵੀ ਮਿਲੀਆਂ। ਸਿਖ ਭਾਈਚਾਰੇ ਦੀ ਲੰਬਾ ਸਮਾਂ ਚੱਲੀ ਇਸ ਸੰਘਰਸ਼ ਦੀ ਸਥਿਤੀ ਦਾ ਅਤੇ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਬ੍ਰਾਹਮਣਵਾਦੀ ਧਿਰਾਂ ਦੀ ਉਦਾਸੀ ਸੰਪਰਦਾ ਦੇ ਕਾਰਕੁੰਨਾਂ ਨੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੇ ਹੋਏ ਪਰਚਾਰ ਕੇਂਦਰ (ਜਿਵੇਂ ਕਰਤਾਰਪੁਰ, ਖਡੂਰ, ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ ਆਦਿਕ) ਆਪਣੇ ਨਿਯੰਤਰਨ ਹੇਠ ਲੈ ਲਏ। ਉਦਾਸੀ ਸੰਪਰਦਾ ਦੇ ਪੁਜਾਰੀਆਂ ਨੂੰ ਬ੍ਰਾਹਮਣੀ ਫਲਸਫੇ ਅਤੇ ਰਹੁਰੀਤਾਂ ਦੀ ਚੰਗੀ ਸਿਖਲਾਈ ਹਾਸਲ ਹੁੰਦੀ ਸੀ। 1734 ਈਸਵੀ ਵਿਚ ਹੋਈ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਮੁਸਲਮਾਨ ਹਾਕਮਾਂ ਵੱਲੋਂ ਕੀਤੀ ਜਾ ਰਹੀ ਸਖਤੀ ਕਾਰਨ ਕਿਸੇ ‘ ਖਾਲਸਾ ’ ਭੇਸ ਵਾਲੇ ਸ਼ਖਸ ਲਈ ਇਹਨਾਂ ਪਰਚਾਰ-ਕੇਂਦਰਾਂ ਵਿਸ਼ੇਸ਼ ਕਰਕੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਸਾਂਭ-ਸੰਭਾਲ ਦੇ ਕਾਰਜ ਲਈ ਬੈਠਣਾ ਮੁਸ਼ਕਲ ਹੋ ਗਿਆ ਸੀ। ਇਸ ਮੌਕੇ ਤੇ ਉਦਾਸੀ ਫਿਰਕੇ ਦੇ ਲੋਕ ਚਲਾਕੀ ਨਾਲ ਦਰਬਾਰ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਹੋਰਨਾਂ ਮਾਨਵਵਾਦੀ ਕੇਂਦਰਾਂ ਵਿਚ ਘੁੱਸਪੈਠ ਕਰ ਗਏ ਅਤੇ ‘ ਪੁਜਾਰੀਆਂ ’ ਦਾ ਕਾਰਜ ਕਰਨਾ ਅਰੰਭ ਕਰ ਦਿੱਤਾ (ਭਾਵੇਂ ਕਿ ਗੁਰੂ ਸਾਹਿਬਾਨ ਆਪ ਹਰ ਤਰ੍ਹਾਂ ਦੀ ਪੁਜਾਰੀ-ਵਿਵਸਥਾ ਦੇ ਵਿਰੁਧ ਸਨ)। ਇਹਨਾਂ ਕੇਂਦਰਾਂ ਵਿਚ ਵੱਡੇ ਪੱਧਰ ਤੇ ਬ੍ਰਾਹਮਣਵਾਦੀ ਰਹੁ-ਰੀਤਾਂ ਚਾਲੂ ਹੋਣ ਨਾਲ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦੀ ਲਹਿਰ ਨੂੰ ਇਕ ਰਿਲੀਜਨ ਭਾਵ ਸੰਪਰਦਾਈ/ਸੰਸਥਾਗਤ ਧਰਮ ਦਾ ਰੂਪ ਮਿਲਣਾ ਅਰੰਭ ਹੋ ਗਿਆ। ਕਿਉਂਕਿ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਨੂੰ ਪੂਰੀ ਤਰ੍ਹਾਂ ਨਕਾਰਿਆ ਸੀ ਇਸ ਲਈ ਉਦਾਸੀ ਫਿਰਕੇ ਨੇ ਉਲਟ-ਵਾਰ ਕਰਦੇ ਹੋਏ ਉਹਨਾਂ ਦੇ ਸਾਰੇ ਕੇਂਦਰਾਂ ਨੂੰ ਪੂਜਾ-ਅਸਥਾਨਾਂ ਵਿਚ ਬਦਲ ਦਿੱਤਾ ਤਾਂ ਕਿ ਇਸ ਲਹਿਰ ਵੱਲੋਂ ਹਿੰਦੂ ਧਰਮ ਨੂੰ ਬਣੇ ਹੋਏ ਖਤਰੇ ਦਾ ਖਾਤਮਾ ਕਰ ਦਿੱਤਾ ਜਾਵੇ। ਏਸੇ ਮਕਸਦ ਨਾਲ ਉਦਾਸੀ ਪੁਜਾਰੀਆਂ ਨੇ ਗੁਰੂ ਸਾਹਿਬਾਨ ਵੱਲੋਂ ਅੰਮ੍ਰਿਤਸਰ ਵਿਖੇ ਅਤੇ ਹੋਰਨਾਂ ਥਾਵਾਂ ਤੇ ਸਥਾਪਤ ਕੀਤੇ ਪਰਚਾਰ ਕੇਂਦਰਾਂ ਨੂੰ ਮੰਦਰਾਂ ਦਾ ਰੂਪ ਦੇ ਦਿੱਤਾ ਅਤੇ ਓਥੇ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਪਰਚਲਤ ਕਰ ਦਿੱਤੇ। ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋਏ ਇਸ ਮੰਦਭਾਗੇ ਰੁਝਾਨ ਤਹਿਤ ਛੇਤੀ ਹੀ ਗਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦੀ ਥਾਂ ਤੇ ਇਕ ਹਿੰਦੂ ਵੰਨਗੀ ਦਾ ਸੰਪਰਦਾਈ ਧਰਮ ਹੋਂਦ ਵਿਚ ਆ ਗਿਆ ਜਿਸ ਨੂੰ ਉਦਾਸੀਆਂ ਨੇ ‘ਸਿਖ ਧਰਮ’ ਦਾ ਨਾਮ ਦੇ ਦਿੱਤਾ। ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਂਦੇ ਭਾਈਚਾਰੇ ਦੇ ਅਵੇਸਲੇ ਲੋਕਾਂ ਨੇ ਸਹਿਜੇ ਹੀ ਇਸ ਵਿਨਾਸ਼ਕਾਰੀ ਰੁਖ-ਪਲਟਾਊ ਬਦਲਾਵ ਨੂੰ ਮਾਨਤਾ ਦੇ ਦਿੱਤੀ। ਮਿਸਲਾਂ ਦੇ ਰਾਜ ਤੋਂ ਲੈ ਕੇ ਹਿੰਦੂ ਸਰੂਪ ਵਾਲੇ ਉਦਾਸੀ ਪੁਜਾਰੀਆਂ ਦੀ ਜਗਹ ਸਿਖ ਸਰੂਪ ਵਾਲੇ ਨਿਰਮਲੇ ਮਹੰਤਾਂ ਨੇ ਲੈ ਲਈ ਅਤੇ ਗੁਰੂ ਸਾਹਿਬਾਨ ਦੇ ਨਾਮ ਤੇ ਬਣਾਏ ਗਏ ਇਸ ਨਵੇਂ ਮਜ਼ਹਬ ਨੂੰ ਪੂਰੀ ਤਰ੍ਹਾਂ ਹਿੰਦੂ ਰੰਗ ਵਿਚ ਰੰਗਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿਚ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਵਿਚ ਇਹ ਕਾਰਜ ਪੂਰੀ ਸਫਲਤਾ ਨਾਲ ਨੇਪਰੇ ਚਾੜ੍ਹਿਆ ਗਿਆ। ਅੰਗਰੇਜ਼ੀ ਹਕੂਮਤ ਵੇਲੇ ਇਸ ਹਿੰਦੂ ਰੰਗਤ ਵਾਲੇ ਸਿਖ ਧਰਮ ਦੀ ਹੋਂਦ ਨੂੰ ਹੀ ਆਪਣੇ ਨਿਸ਼ਾਨੇ ਹੇਠ ਲਿਆਉਣ ਦਾ ਸਿਲਸਿਲਾ ਅਰੰਭਿਆ ਗਿਆ ਅਤੇ ਮੰਦਰਾ-ਨੁਮਾ ਗੁਰਦੁਆਰੇ ਸਥਾਪਤ ਕਰ ਦਿੱਤੇ ਗਏ ਜਿਹਨਾਂ ਵਿਚ ਗੁਰਬਾਣੀ ਬੀੜਾਂ ਰੱਖ ਕੇ ਮੂਰਤੀ-ਪੂਜਾ ਪਰਚਲਤ ਕਰ ਦਿੱਤੀ ਗਈ। 1925 ਵਿਚ ਬਣੇ ਸਿਖ ਗੁਰਦੁਆਰਾਜ਼ ਐਕਟ ਅਤੇ ਇਸ ਐਕਟ ਤਹਿਤ ਸਤਾਪਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਸ ਸਿਲਸਿਲੇ ਨੂੰ ਚਰਮ-ਸੀਮਾਂ ਤੇ ਪਹੁੰਚਾ ਦਿੱਤਾ ਗਿਆ। ਸਿੱਟੇ ਦੇ ਤੌਰ ਤੇ ਅਜ ਸੰਪਰਦਾਈ ਸਿਖ ਧਰਮ ਦੇ ਅਨੁਯਾਈ ਅਜੀਬ ਦੁਬਿਧਾ ਦੀ ਦਲਦਲ ਵਿਚ ਫਸੇ ਹੋਏ ਹਨ। ਉਹ ਗੁਰਬਾਣੀ ਵਿਚਲੇ ਫਲਸਫੇ ਦੇ ਅਧਾਰ ਉੱਤੇ ਆਪਣੇ ਮਜ਼ਹਬ ਨੂੰ ‘ਆਧੁਨਿਕ’ ਅਤੇ ‘ਨਿਵੇਕਲਾ’ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦੇ ਹਨ ਜਦੋਂ ਕਿ ਵਿਵਹਾਰਿਕ ਪੱਖੋਂ ਉਹ ਉਤਨੇ ਹੀ ਪਛੜੇ ਹੋਏ ਹਨ ਜਿਤਨੇ ਕਿ ਕਿਸੇ ਹੋਰ ਮਜ਼ਹਬ ਦੇ ਪੈਰੋਕਾਰ। ਸਿਖ ਫਿਰਕੇ ਦੀਆਂ ਅੱਗੋਂ ਕਈ ਸ਼ਾਖਾਵਾਂ, ਉਪ-ਸੰਪਰਦਾਵਾਂ, ਜਮਾਤਾਂ, ਠਾਠਾਂ, ਟਕਸਾਲਾਂ, ਮਿਸ਼ਨਰੀ ਸੰਸਥਾਵਾਂ ਆਦਿਕ ਬਣੀਆਂ ਹੋਈਆਂ ਹਨ ਜੋ ਆਪਸ ਵਿਚ ਖਹਿਬੜਦੀਆਂ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਜੋਕਾ ਸੰਪਰਦਾਈ ਸਿਖ ਧਰਮ ਅਜਿਹੀ ਗੁਰਮੱਤ ਵਿਰੋਧੀ ਵਿਵਸਥਾ ਹੈ ਜਿਸ ਦੀ ਆਪਣੀ ਦਸ਼ਾ ਵੀ ਵਿਗੜੀ ਹੋਈ ਹੈ ਅਤੇ ਦਿਸ਼ਾ ਵੀ। ਦੂਸਰੇ ਪਾਸੇ ਵੀਹਵੀਂ ਸਦੀ ਈਸਵੀ ਤੋਂ ਲੈ ਕੇ ਕੁਝ ਧਿਰਾਂ ਵਿਸ਼ੇਸ਼ ਕਰਕੇ ਆਰ. ਐਸ. ਐਸ. ‘ਸਿਖ’ ਮਜ਼ਹਬ ਦੀ ਅਜਿਹੀ ਦਸ਼ਾ ਅਤੇ ਦਿਸ਼ਾ ਹੋਣ ਦੇ ਬਾਵਜੂਦ ਇਸ ਨੂੰ ਹਿੰਦੂ ਮੱਤ ਵਿਚ ਜਜ਼ਬ ਕਰ ਲੈਣ ਦੇ ਯੋਜਨਾਬੱਧ ਯਤਨ ਕਰ ਰਹੀਆਂ ਹਨ ਜਿਵੇਂ ਕਿ ਬੁੱਧ ਮੱਤ ਅਤੇ ਜੈਨ ਮੱਤ ਦੇ ਸਬੰਧ ਵਿਚ ਇਹ ਕਾਰਵਾਈ ਸਫਲਤਾ ਨਾਲ ਚਿਰੋਕਣੀ ਨੇਪਰੇ ਚਾੜ੍ਹੀ ਜਾ ਚੁੱਕੀ ਹੈ। ਇਸ ਦਾ ਭਾਵ ਇਹ ਹੈ ਕੁਝ ਹਿੰਦੂ ਧਿਰਾਂ ਵੱਲੋਂ ਅਠਾਰ੍ਹਵੀਂ ਸਦੀ ਈਸਵੀ ਵਿਚ ਚਾਲੂ ਕੀਤੇ ਗਏ ‘ਸਿਖ’ ਮਜ਼ਹਬ ਦੀ ਹੋਂਦ ਨੂੰ ਅਜੋਕੇ ਸਮੇਂ ਵਿਚ ਹਿੰਦੂ ਤਾਕਤਾਂ ਦੇ ਹੱਥੋਂ ਹੀ ਖਤਰਾ ਪੈਦਾ ਹੋ ਚੁੱਕਾ ਹੈ। ‘ਸਿਖ’ ਮਜ਼ਹਬ ਦੀ ਸਥਿਤੀ ਕੁਝ ਵੀ ਰਹੀ ਹੋਵੇ ਜਾਂ ਅਜੋਕੇ ਸਮੇਂ ਵਿਚ ਹੈ, ਅਰੰਭ ਤੋਂ ਲੈ ਕੇ ਅਜੋਕੇ ਸਮੇਂ ਤਕ ਇਹ ਮਜ਼ਹਬ ਕਦੀ ਵੀ ਗੁਰੂ ਨਾਨਕ ਦੇ ਮਿਸ਼ਨ ਦਾ ਅਨੁਸਾਰੀ ਨਹੀਂ ਰਿਹਾ।

ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਮੱਤ ਧਰਮ-ਤੰਤਰ ਨਾਲ ਸਬੰਧ ਰੱਖਣ ਵਾਲੀ ‘ਅਧਿਆਤਮਿਕਤਾ’ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ।

ਗੁਰਮੱਤ ਅਤੇ ਸੰਸਾਰਿਕਤਾ

ਇਹ ਤਾਂ ਸਹੀ ਹੈ ਕਿ ਗੁਰਮੱਤ ਮਨੁੱਖ ਨੂੰ ‘ਸਚਿਆਰ ’ ਬਣ ਕੇ ਵਿਚਰਨ ਵਾਲੀ ਜੀਵਨ ਜਾਚ ਅਪਣਾਉਣ ਦੀ ਪ੍ਰੇਰਣਾ ਦਿੰਦੀ ਹੈ। ਪਰੰਤੂ ਅਜਿਹੀ ਜੀਵਨ–ਜਾਚ ਉਸ ਦੇ ਵਿਅਕਤੀਗਤ ਅਤੇ ਸਮਾਜਕ ਪੱਧਰ ਉੱਤੇ ਨਿਭਾਏ ਜਾਣ ਵਾਲੇ ਸੱਚੇ-ਸੁੱਚੇ ਅਤੇ ਨਿਰਮਲ ਵਿਵਹਾਰ ਰਾਹੀਂ ਸੁਨਿਸਚਤ ਹੋਣੀ ਹੈ ਨਾ ਕਿ ਕਿਸੇ ‘ਆਤਮਕ’ (ਰੂਹ ਅਤੇ ਪਰਮਾਤਮਾ ਨਾਲ ਸਬੰਧਤ) ਅਵਸਥਾ ਦੀ ਪਰਾਪਤੀ ਨਾਲ। ਇਸ ਸਥਿਤੀ ਨੂੰ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦਰਸਾਇਆ ਗਿਆ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਗੁਰਬਾਣੀ ਗ੍ਰੰਥ ਪੰਨਾਂ 522)
ਅਤੇ
ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਗੁਰਬਾਣੀ ਗ੍ਰੰਥ ਪੰਨਾਂ 522)

ਗੁਰਬਾਣੀ ਵਿਚ ਜਗਹ-ਜਗਹ ਤੇ ਮਨੁੱਖ ਨੂੰ ਬੁਰਾਈਆਂ ਨੂੰ ਦੂਰ ਕਰਨ ਅਤੇ ਸਿਹਤਮੰਦ ਕਦਰਾਂ-ਕੀਮਤਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਇਸ ਤਰ੍ਹਾਂ ਗੁਰਮੱਤ ਦਾ ਸਿੱਧਾ ਸਬੰਧ ਮਨੁੱਖੀ ਹੋਂਦ (ਸਰੀਰ ਅਤੇ ਮਨ) ਅਤੇ ਉਸਦੇ ਸਮਾਜਕ ਜੀਵਨ ਨਾਲ ਹੈ ਕਿਸੇ ਕਲਪਤ ਰੂਹ ਜਾਂ ‘ਪਰਮਾਤਮਾ’ ਨਾਲ ਨਹੀਂ। ਗੁਰਮੱਤ ਇਕ ਵਿਵਹਾਰਿਕ ਫਲਸਫਾ ਹੈ। ਇਹ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਹਿਤ ਫੋਕੀ ‘ਆਤਮਿਕਤਾ’ ਦੀ ਬਜਾਇ ਨਿਰਮਲ ਵਿਵਹਾਰ (ਕਰਮ) ਅਤੇ ਸੁਚੱਜੀ ਸੰਸਾਰਕਿਤਾ ਨੂੰ ਵਧੇਰੇ ਮਹੱਤਵ ਦਿੰਦੀ ਹੈ। ਮੁੱਢਲੇ ਤੌਰ ਤੇ ਮਾਨਵ-ਹਿਤੈਸੀ ਆਦਰਸ਼ਾਂ ਉੱਤੇ ਅਧਾਰਿਤ ਹੋਣ ਕਰਕੇ ਗੁਰਮੱਤ ਨਾ ਕੇਵਲ ਵਿਅਕਤੀਗਤ ਪੱਧਰ ਉੱਤੇ ਅਤੇ ਸਮਾਜਕ ਪੱਧਰ ਉੱਤੇ ਮਨੁੱਖੀ ਭਲਾਈ ਸੁਨਿਸਚਤ ਕਰਨ ਦਾ ਯਤਨ ਕਰਦੀ ਹੈ ਸਗੋਂ ਸਾਰੀ ਮਨੁੱਖਤਾ ਨੂੰ ਇਕ ਪਰਿਵਾਰ ਵਜੋਂ ਮਾਨਤਾ ਦਿੰਦੇ ਹੋਏ ਇਕ ਆਦਰਸ਼ਕ ਅੰਤਰਰਾਸ਼ਟਰੀ ਭਾਈਚਾਰੇ ਦੀ ਸਥਾਪਤੀ ਲਈ ਵੱਡੇ ਪ੍ਰੇਰਨਾ ਸਰੋਤ ਦਾ ਕਾਰਜ ਕਰਦੀ ਹੈ। ਗੁਰਮੱਤ ਦੀ ਸ੍ਰਿਸ਼ਟੀ ਦੇ ਸਿਰਜਨਹਾਰ ‘ਕਰਤਾਰ’ ਪ੍ਰਤੀ ਪਹੁੰਚ ਵੀ ਪੂਰੀ ਤਰ੍ਹਾਂ ਵਿਗਿਆਨਕ ਹੈ (ਵੇਖੋ ਪਿਛਲੇ ਦਿਨੀ ‘ਸਿਖਮਾਰਗ’ ਵੈਬਸਾਈਟ ਉੱਤੇ ਪਾਇਆ ਗਿਆ ਲੇਖਕ ਦਾ ਲੇਖ ‘ਗੁਰੂ ਨਾਨਕ ਦਾ ਬ੍ਰਹਮੰਡ ਸਬੰਧੀ ਵਿਚਾਰ’)। ਗੁਰਮੱਤ ‘ਕਰਤਾਰ’ ਨੂੰ ‘ਸੱਚ’ ਦਾ ਨਾਮ ਦਿੰਦੀ ਹੈ ਅਤੇ ਮਨੁੱਖਤਾ ਨੂੰ ਇਸ ‘ਸੱਚ’ ਨਾਲ ਜੋੜਦੇ ਹੋਏ ਮਨੁੱਖੀ ਭਲਾਈ ਦੇ ਰਸਤੇ ਵੱਲ ਤੋਰਨ ਦਾ ਉਪਰਾਲਾ ਕਰਦੀ ਹੈ। ਇਸ ਤਰ੍ਹਾਂ ਗੁਰਮੱਤ ਦਾ ਅਸਲੀ ਸਰੋਕਾਰ ਸੰਸਾਰਕਿਤਾ ਨਾਲ ਹੈ ਨਾ ਕਿ ਆਤਮਾ-ਪਰਮਾਤਮਾ ਦੇ ਝਮੇਲੇ ਨਾਲ।

ਨਿਸ਼ਕਰਸ਼

ਉੱਪਰ ਆਏ ਸਮੁੱਚੇ ਵਿਸਥਾਰ ਤੋਂ ਏਹੀ ਸਿੱਟਾ ਨਿਕਲਦਾ ਹੈ ਕਿ ਸਹੀ ਅਰਥਾਂ ਵਿਚ ਗੁਰਮੱਤ ਦਾ ਸਿਧਾਂਤ ਹੀ ਅਸਲੀ ਅਧਿਆਤਮਿਕਤਾ ਹੈ ਕਿਉਂਕਿ ਇਸ ਵਿਚ ਆਤਮਿਕਤਾ
(spirituality) ਅਤੇ ਧਾਰਮਿਕਤਾ (theology) ਦੇ ਅੰਸ਼ ਸ਼ਾਮਲ ਨਹੀਂ। ਪ੍ਰਾਲੌਕਿਤਤਾ (metaphysics), ਰਹੱਸਵਾਦ (mysticism) ਅਤੇ ਆਪ੍ਰਾਕ੍ਰਿਤਕਤਾ (supernaturalism) ਤੋਂ ਸੁਤੰਤਰ ਇਹ ਸਿਧਾਂਤ ਪੂਰੀ ਤਰ੍ਹਾਂ ਤਾਰਕਿਕ ਅਤੇ ਵਿਗਿਆਨਕ ਹੈ। ਕਿਉਂਕਿ ਆਤਮਿਕਤਾ (spirituality) ਅਤੇ ਧਾਰਮਿਕਤਾ (theology) ਨੂੰ ਵੀ ‘ਅਧਿਆਤਮਿਕਤਾ’ ਦਾ ਨਾਮ ਦੇਣ ਦਾ ਰਿਵਾਜ ਬਣਿਆਂ ਹੋਇਆ ਹੈ ਅਤੇ ਛੇਤੀ ਕਰਕੇ ਇਹ ਰਿਵਾਜ ਖਤਮ ਹੋਣ ਵਾਲਾ ਵੀ ਨਹੀਂ, ਚੰਗਾ ਹੋਵੇਗਾ ਕਿ ਗੁਰਬਾਣੀ ਦੀ ਅਧਿਆਤਮਿਕਤਾ ਨੂੰ ‘ਬ੍ਰਹਮੰਡੀ-ਸਹਿਜੀਵਤਾਵਾਦ’ (cosmic symboticism) ਦਾ ਨਾਮ ਦਿੱਤਾ ਜਾਵੇ।
(ਸਮਾਪਤ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.