.

‘ਗੁਰਬਾਣੀ’ ਦਲੀਲ਼ਾਂ, ਤਰਕਾਂ ਅਤੇ ਸੁਆਲਾਂ ਨਾਲ ਭਰਪੂਰ।

ਕਿਸ਼ਤ ਨੰਬਰ 3

. . 15ਵੀਂ ਸਦੀ ਤੱਕ ਪੂਰੇ ਭਾਰਤ ਵਿੱਚ ਬਰਾਹਮਣ ਦਾ ਪਰਭਾਵ ਬਹੁਤ ਫੈਲਿਆ ਹੋਇਆ ਸੀ। ਇਸੇ ਕਰਕੇ ਭਾਰਤ ਦੇ ਅੰਦਰ ਗਿਆਰਵੀਂ, ਬਾਹਰਵੀਂ ਸਦੀ ਤੋਂ ਬ੍ਰਾਹਮਣੀ ਮਨਾਉਤਾਂ ਦੇ ਵਿਰੋਧ ਵਿੱਚ ਭਗਤਾਂ ਨੇ ਵਿਧਰੋਹ ਦਾ ਝੰਡਾ ਬੁਲੰਦ ਕੀਤਾ। ਆਪਣੀਆਂ ਰਚਨਾਵਾਂ ਵਿੱਚ ਸਾਰਿਆਂ ਬਾਣੀ-ਕਾਰਾਂ ਨੇ ਪੂਜਾਰੀ ਬ੍ਰਾਹਮਣਾਂ, ਕਾਜ਼ੀਆਂ ਅਤੇ ਯੋਗੀਆਂ ਦੀਆਂ ਮੰਨਮੱਤੀ ਫੋਕੀਆਂ ਮਾਨਤਾਵਾਂ ਦਾ ਸਖ਼ਤ ਵਿਰੋਧ ਕੀਤਾ।

. . ਗਿਆਨ ਹੀ ਮਨੁੱਖ ਨੂੰ ਅਗਾਂਹ-ਵਧੂ ਬਣਾਉਂਦਾ ਹੈ।

. . ਗਿਆਨ ਹੀ ਹੀ ਮਨੁੱਖ ਨੂੰ ਆਪਣੀ ‘ਦਲੀਲ਼’ ਦੇਣ ਲਈ ਉਤਸ਼ਾਹ ਭਰ ਦਿੰਦਾ ਹੈ।

. . ਗਿਆਨ ਹੀ ਮਨੁੱਖ ਨੂੰ ਬਾਹਰਮੁੱਖੀ ਹੋ ਰਹੀਆਂ ਮੰਨਮੱਤਾਂ ਬਾਰੇ ‘ਤਰਕ’ ਕਰਨ ਲਈ ਤਿਆਰ ਕਰਦਾ ਹੈ।

. . ਗਿਆਨ ਹੀ ਮਨੁੱਖ ਨੂੰ ‘ਸੁਆਲ’ ਕਰਨ ਲਈ ਹੌਂਸਲਾ ਦਿੰਦਾ ਹੈ।

** ‘ਗੁਰਮੱਤ ਗਿਆਨ’ ਵੀ ਸਿੱਖ/ਗੁਰਸਿੱਖ ਨੂੰ ਇਹੀ ਪ੍ਰੇਰਨਾ ਦਿੰਦਾ ਹੈ,

. . ਕਿ ਕਿਵੇਂ ਮੈਂ ਆਪਣੇ ਆਲੇ ਦੁਆਲੇ ਹੋ ਰਹੇ ਵਤੀਰੇ ਦੀ ਪੜਚੋਲ ਕਰਾਂ।

. . ਕਿਵੇਂ ਮੈਂ ਆਪਣੇ ਜੀਵਨ ਵਿੱਚ ਸੁਣੀਆ-ਸੁਣਾਈਆਂ, ਕਥਾ-ਕਹਾਣੀਆਂ, ਸਾਖੀਆਂ ਦੀ ਪੜਚੋਲ ਕਰਕੇ ਆਪਣੇ ਨੂੰ ‘ਸੱਚ’ ਦੇ ਮਾਰਗ ਤੇ ਚਲਾ ਸਕਾਂ।

. . ਕਿਵੇਂ ਮੈਂ ‘ਸਚਿਆਰ-ਸਿੱਖ’ ਵਾਲੇ ਰਾਹ ਦਾ ਪਾਂਧੀ ਬਣ ਸਕਦਾ ਹਾਂ।

. . ਲਿਖਤ ਵਿੱਚ ਆਈ ‘ਗੁਰਬਾਣੀ’ ਅੰਦਰ ਆਏ ਵੇਰਵੇ, ਹਵਾਲੇ ਸਾਨੂੰ ਜਗਾਉਣ ਵਿੱਚ ਬਹੁਤ ਸਹਾਈ ਹੋ ਸਕਦੇ ਹਨ, ਬਸ਼ਰਤੇ ਅਸੀਂ ਉਹਨਾਂ ਦਿੱਤੇ ਵੇਰਵਿਆਂ, ਹਵਾਲਿਆਂ, ਕਥਾ, ਕਹਾਣੀਆਂ ਵਿਚੋਂ ਸਹੀ ਦਿੱਤੇ ‘ਗਿਆਨ’ ਦੀ ਪਕੜ ਕਰ ਸਕੀਏ।

. . ਅਗਰ ਇਸ ‘ਗਿਆਨ’ ਦੀ ਪਕੜ ਨਾ ਕੀਤੀ ਗਈ ਤਾਂ ਉਸੇ ਕਥਾ-ਕਹਾਣੀ, ਵੇਰਵੇ ਨਾਲ ਜੁੜ ਜਾਣ ਦਾ ਖਦਸ਼ਾ 100% ਬਣ ਜਾਂਦਾ ਹੈ।

. . ਅੱਜ ਦਾ ਸਿੱਖ ਸਮਾਜ ਇਸੇ ਬਿਰਤੀ ਦਾ ਧਾਰਨੀ ਬਣ ਚੁੱਕਾ ਹੈ।

. . ਗੁਰਮੱਤ ਗਿਆਨ ਨਾਲ ਆਪਣੀ ਕੋਈ ‘ਦਲੀਲ’ ਤਾਂ ਬਣਾਈ ਹੀ ਨਹੀਂ।

. .’ਤਰਕ’ ਕਰਨ ਵਾਲੀ ਆਪਣੀ ਬਿਰਤੀ ਬਣਾਈ ਹੀ ਨਹੀਂ।

. .’ਸੁਆਲ’ ਕਰਨ ਵਾਲਾ ਸਾਡਾ ਸੁਭਾਅ ਬਣਿਆ ਹੀ ਨਹੀਂ।

. . ਇਸੇ ਕਰਕੇ ਅੱਜ ਦਾ ਸਿੱਖ ਸਮਾਜ, ਬ੍ਰਾਹਮਣੀ ਵਿਚਾਰਧਾਰਾ ਵਿੱਚ ਰੱਲਗੱਡ ਹੋ ਚੁੱਕਾ ਹੈ। ਸਿੱਖ ਸਮਾਜ ਦੇ 99% ਕਹਿਣ ਨੂੰ, ਵੇਖਣ ਨੂੰ ਤਾਂ ਸਿੱਖ ਲੱਗਦੇ ਹਨ, ਪਰ ਅੰਦਰੋਂ ਇਹਨਾਂ ਦੀ ਸੋਚ ਪੂਰੀ ਦੀ ਪੂਰੀ ਬਰਾਹਮਣਵਾਧੀ ਹੈ। ਇਹਨਾਂ ਲੋਕਾਂ ਦੇ ਰਹਿਣ-ਸਹਿਣ, ਬੋਲ-ਚਾਲ, ਵਰਤ-ਵਰਤਾਰੇ, ਲੇਣਦੇਣ ਤੋਂ ਭਲੀਭਾਂਤ ਇਹ ਮਹਿਸੂਸ ਕੀਤਾ ਜਾ ਸਕਦਾ ਹੈ। ਕਿ ਇਹਨਾਂ ਲੋਕਾਂ ਨੇ ‘ਸਬਦ ਗੁਰੂ ਗਰੰਥ’ ਨੂੰ ਕੇਵਲ ‘ਪੂਜਣਾ’ ਹੀ ਕੀਤਾ ਹੈ, ‘ਪੜ੍ਹਨਾ, ਸੁਨਣਾ, ਵੀਚਾਰਨਾ’ ਨਹੀਂ ਕੀਤਾ।

. . ਜਿਹਨਾਂ ਕਰਮਕਾਂਡਾਂ ਤੋਂ ਬ੍ਰਾਹਮਣ, ਕਾਜ਼ੀ, ਮੁਲਾਂ ਨੂੰ ਵਰਜ਼ਿਆ ਗਿਆ ਹੈ, ਉਹੀ ਕਰਮਕਾਂਡ ਅੱਜ ਦਾ ਸਿੱਖ ਵੀ ਕਰੀ ਜਾ ਰਿਹਾ ਹੈ।

. . ਮ 1॥" ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥ ਪੰਨਾ 904-905.

. . ਇਹ ਹੈ ‘ਦਲੀਲ਼’ ਅਤੇ ‘ਤਰਕ’।

****** ਗੁਰੂ ਨਾਨਕ ਸਾਹਿਬ ਜੀ ਬ੍ਰਾਹਮਨ/ਪਾਂਡੇ ਵਲੋਂ ਕੀਤੇ ਜਾ ਰਹੇ ਫੋਕਟ, ਮੰਨਮੱਤੀ ਕੰਮਾਂ ਦੇ ਪਰਦੇ ਫੋਲ ਰਹੇ ਹਨ।

"ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥ "{ਪੰਨਾ 904-905}

ਅਰਥ:- ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਜੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ। ਜਦੋਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ)। 1. ਰਹਾਉ।

ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥ ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥

ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)। ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ)। 1.

ਗਣਿ ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ ਤਤੁ ਨ ਚੀਨੀ ॥ ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥

(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ, (ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ। ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ। 2.

ਨਾਵਹਿ ਧੋਵਹਿ ਪੂਜਹਿ ਸੈਲਾ ॥ ਬਿਨੁ ਹਰਿ ਰਾਤੇ ਮੈਲੋ ਮੈਲਾ ॥ ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥ ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥

(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ, ਪਰ ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ। (ਹੇ ਪੰਡਿਤ!) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ, (ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ। 3.

ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥

(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿੱਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ? ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ। 4.

ਗਣਤ ਗਣੀਐ ਸਹਸਾ ਦੁਖੁ ਜੀਐ ॥ ਗੁਰ ਕੀ ਸਰਣਿ ਪਵੈ ਸੁਖੁ ਥੀਐ ॥ ਕਰਿ ਅਪਰਾਧ ਸਰਣਿ ਹਮ ਆਇਆ ॥ ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥

ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ। ਪਾਪ ਅਪਰਾਧ ਕਰ ਕੇ ਭੀ ਜਦੋਂ ਅਸੀ ਪਰਮਾਤਮਾ ਦੀ ਸਰਨ ਆਉਂਦੇ ਹਾਂ, ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ)। 5.

ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥ ਭਰਮਿ ਭੁਲਾਈਐ ਜਨਮਿ ਮਰਿ ਆਈਐ ॥ ਜਮ ਦਰਿ ਬਾਧਉ ਮਰੈ ਬਿਕਾਰੁ ॥ ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥

ਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ, ਭਟਕਣਾ ਵਿੱਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿੱਚ ਆਉਂਦੇ ਰਹੀਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ, ਉਸ ਦੇ ਹਿਰਦੇ ਵਿੱਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ। 6.

ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥ ਦੁਬਿਧਾ ਰਾਤੇ ਮਹਲੁ ਨ ਪਾਵਹਿ ॥ ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥ ਕੋਟਿ ਮਧੇ ਕੋ ਜਨੁ ਆਪਾਰੁ ॥੭॥

ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ, ਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿੱਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ। ਕ੍ਰੋੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ। 7.

ਏਕੁ ਬੁਰਾ ਭਲਾ ਸਚੁ ਏਕੈ ॥ ਬੂਝੁ ਗਿਆਨੀ ਸਤਗੁਰ ਕੀ ਟੇਕੈ ॥ ਗੁਰਮੁਖਿ ਵਿਰਲੀ ਏਕੋ ਜਾਣਿਆ ॥ ਆਵਣੁ ਜਾਣਾ ਮੇਟਿ ਸਮਾਣਿਆ ॥੮॥

ਹੇ ਪੰਡਿਤ! ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ ਕੇ (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿੱਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ। ਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ। (ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿੱਚ ਲੀਨ ਰਹਿੰਦੇ ਹਨ। 8.

(ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਇੱਕ ਪਰਮਾਤਮਾ ਵੱਸਦਾ ਹੈ, ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤਿ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿੱਚ ਨਹੀਂ ਪੈਂਦਾ) ਉਹ ਸਦਾ-ਥਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ)। 9. 4. (ਟੀਕਾ ਪ੍ਰੋ ਸਾਹਿਬ ਸਿੰਘ ਜੀ)

ਬਰਾਹਮਣ ਦੀ ਬਣਾਈ ਪੱਥਰ ਦੀ ਮੂਰਤੀ ਪੂਜਾ ਬਾਰੇ।

. .’ਗੁਰਮੱਤ’ ਵਿੱਚ ਕਿਸੇ ਵੀ ਤਰਾਂ ਦੀ ‘ਮੂਰਤੀ-ਪੂਜਾ’ ਦਾ ਖੰਡਨ ਕੀਤਾ ਗਿਆ ਹੈ।

. . ਕੇਵਲ ‘ਸਬਦ ਗਿਆਨ’ ਨੂੰ ਧਾਰਨ ਕਰਨ ਦੀ, ਲੈਣ ਦੀ ਬਿਰਤੀ ਨੂੰ ਉਤਸ਼ਾਹਿਤ ਕੀਤਾ ਗਿਆ। ‘ਸਬਦ ਗਿਆਨ’ ਲੈਕੇ ਆਪਣਾ ਮਨੁੱਖਾ ਜੀਵਨ ਵਿੱਚ ਬਿਪਰ ਦੀਆਂ ਬਣਾਈਆਂ/ਚਲਾਈਆਂ ਫੋਕਟ ਮਾਨਤਾਵਾਂ ਦੇ ਲਾਈ-ਲੱਗ ਨਹੀਂ ਬਨਣਾ ਹੈ।

. . ਪੱਥਰ, ਮਿੱਟੀ ਦੀਆਂ ਬਣਾਈਆਂ ਬੇਜ਼ਾਨ ਮੂਰਤੀਆਂ ਵੇਖਣ ਨੂੰ ਬੇਸ਼ੱਕ ਬਹੁਤ ਸੋਹਣੀਆਂ ਲੱਗਦੀਆਂ ਹਨ। ਕਲਾਕਾਰ ਇਹਨਾਂ ਮੂਰਤੀਆਂ ਵਿੱਚ ਇਤਨੀ ਕਲਾਕਾਰੀ ਕਰਦੇ ਹਨ, ਵੇਖਣ ਵਾਲੇ ਨੂੰ ਭੁਲੇਖਾ ਪੈ ਸਕਦਾ ਹੈ ਕਿ ਇਹ ਕਿਤੇ ਸੱਚ-ਮੁਚ ਦੀ ਮੂਰਤ ਤਾਂ ਨਹੀਂ ਹੈ? ।

. . ਇਹਨਾਂ ਮੂਰਤੀਆਂ ਦੇ ਮੂਹੋਂ ਬੋਲਦੀਆਂ ਹੋਣ ਦਾ ਭੁਲੇਖਾ ਪੈਂਦਾ ਪਰਤੀਤ ਹੁੰਦਾ ਹੈ।

. . ਇਹ ਬ੍ਰਾਹਮਣ/ਪੂਜਾਰੀ ਪਾਂਡੇ ਦੀ ਚਾਲ ਸੀ, ਕਿ ਉਸਨੇ ਅਨਪੜ੍ਹ ਅਗਿਆਨੀ ਲੋਕਾਈ ਨੂੰ ਭਟਕਾਉਣ ਲਈ ‘ਅਕਾਲ ਪੁਰਖ’ ਦੀ, ‘ਰੱਬ ‘ਦੀ ਨਕਲੀ ਮੂਰਤ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਨਾਉਣਾ ਕੀਤਾ। ਸਨਾਤਨ ਮੱਤ ਵਿੱਚ ਅੱਜ ਤੱਕ ਲੋਕ ਬ੍ਰਾਹਮਣ ਦੀ ਇਸ ਮੰਨਮੱਤੀ ਮਨਾਉਤ ਨੂੰ ਸੱਚ ਕਰ ਕੇ ਮੰਨ ਰਹੇ ਹਨ। ਸਨਾਤਨ ਸਮਾਜ ਵਿੱਚ ਹਰ ਦੇਵੀ ਦੇਵਤੇ ਦੀ ਮੂਰਤ ਬਣਾ ਕੇ ਹਰ ਮੰਦਰ ਵਿੱਚ ਸਜਾ ਦਿੱਤੀ ਗਈ

. . ਬਹੁਤ ਸਾਰੇ ਮੰਦਰ ਤਾਂ ਇਹਨਾਂ ਦੇਵੀ ਦੇਵਤਿਆਂ ਦੇ ਨਾਂ ਤੇ ਬਣੇ ਹੋਏ ਹਨ। ਇਹਨਾਂ ਦੇਵੀ ਦੇਵਤਿਆਂ ਦੇ ਮੰਦਰ ਅੰਦਰ ਮਨੁੱਖਾ ਬੁੱਤ ਕੱਦ ਦੀਆਂ ਦੇਵੀ ਦੇਵਤਿਆਂ ਮੂਰਤੀਆਂ ਇਹਨਾਂ ਮੰਦਰਾਂ ਅੰਦਰ ਸਜ਼ਾਈਆਂ ਗਈਆਂ ਹਨ।

. . ਸਵੇਰੇ ਸ਼ਾਮ ਇਹਨਾਂ ਮੂਰਤੀਆਂ ਦੀਆਂ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ। ਸਵੇਰੇ ਸ਼ਾਮ ਕਰੋੜਾਂ ਰੁਪਏ ਦਾ ਚੜ੍ਹਾਵਾ ਇਥੇ ਚੜ੍ਹਦਾ ਹੈ।

. . ਬਾਬਾ ਭਗਤ ਕਬੀਰ ਜੀ ਬ੍ਰਾਹਮਣ ਦੀ ਇਸ ਮਨਾਉਤ ਦੀਆਂ ਧੱਜੀਆਂ ਉਡਾ ਰਹੇ ਹਨ। ਪੂਜਾ ਅਰਚਨਾ ਵੇਲੇ ਮੂਰਤੀ ਨੂੰ ਸਜਾਇਆ ਜਾਂਦਾ ਹੈ। ਫੁੱਲਾਂ ਦੀ ਬਰਖਾ ਕੀਤੀ ਜਾਂਦੀ ਹੈ, ਸਜਾਇਆ ਜਾਂਦਾ ਹੈ, ਖੁਆਇਆ ਜਾਂਦਾ ਹੈ, ਸੁਲਾਇਆ ਜਾਂਦਾ ਹੈ, ਫਿਰ ਤੜਕੇ ਉੱਠਕੇ ਪੱਥਰ ਦੀ ਮੂਰਤੀ ਨੂੰ ਨਹਾਉਂਣਾ।

{{. . ਇਹੀ ਹਾਲ ਸਿੱਖ ਸਮਾਜ ਵਿੱਚ ਲੋਕ ‘ਸਬਦ ਗਿਆਨ ਗੁਰੂ ਗਰੰਥ ਸਾਹਿਬ ਜੀ’ ਨਾਲ ਕਰ ਰਹੇ ਹਨ।

. . ਫੁੱਲਾਂ ਦੀ ਬਰਖਾ।

. . ਸਜਾਉਂਣਾ (ਰੁਮਾਲੇ, ਚੰਦੋਆ),

. . ਖਲਾਉਂਣਾ (ਭੋਗ ਲਵਾਉਣਾ),

. . ਸੁਆਉਂਣਾ (ਸੁੱਖ ਆਸ਼ਨ)।

. . ਨਹਾਉਣਾ -- ‘ਸਬਦ ਗਿਆਨ ਗੁਰੂ ਗਰੰਥ ਸਾਹਿਬ ਜੀ’ ਨੂੰ ਨਹਾਉਣ ਵਾਲਾ ਕੰਮ ਸਿੱਖ ਨਹੀਂ ਕਰਦੇ। (ਸ਼ਾਇਦ ਇਤਨਾ ਕੁ ਗਿਆਨ ਹੋ ਗਿਆ ਹੈ, ਕਿ ਅਗਰ ਨਹਾਉਂਣਾ ਸੁਰੂ ਕਰ ਦਿੱਤਾ ਤਾਂ ‘ਗਰੰਥ ਸਾਹਿਬ’ ਦਾ ਕਾਗਜ਼ ਤਾਂ ਗਲ ਜਾਏਗਾ, ਭਾਵ ਖਰਾਬ ਹੋ ਜਾਏਗਾ। ਸੋ ਨਹਾਉਣ ਤੋਂ ਤਾਂ ਸਿੱਖ ਪਰਹੇਜ਼ ਕਰਦੇ ਹਨ, (ਪਰ ਸਿੱਖ ਸਮਾਜ ਵਿੱਚ ਡੇਰੇਦਾਰ ‘ਸਬਦ ਗੁਰੁ ਗਰੰਥ ਜੀ’ ਨੂੰ ਕੇਸਰ ਦੇ ਟਿੱਕੇ ਜਰੂਰ ਲਾਉਂਦੇ ਹਨ) ਪਰ ਇਸਦੇ ਬਦਲੇ ਪਰਕਾਸ਼ ਕਰਨ ਵਾਲੀ ਜਗਹ/ਸਥਾਨ ਨੂੰ ਪ੍ਰਕਾਸ਼ ਕਰਨ ਤੋਂ ਪਹਿਲਾਂ ਦੁੱਧ ਨਾਲ ਜਰੂਰ ਧੌਂਦੇ ਹਨ, ਸਫ਼ਾਈ ਕਰਦੇ ਹਨ। ਇਹ ਕਰਮ ਬਿੱਲਕੁੱਲ ਬਰਾਹਮਣ/ਪੁਜਾਰੀ/ ਪਾਂਡੇ ਦੇ ਮੰਦਿਰ ਵਿੱਚ ‘ਸ਼ਿੱਵਲਿੰਗ’ ਧੌਣ ਦੇ ਬਰਾਬਾਰ ਹੈ।

. . ਬਾਕੀ ਦੇ ਹੋਰ ਵੀ ਬਹੁਤ ਸਾਰੇ ਫੋਕਟ ਕਰਮਕਾਂਡ ਸਨਾਤਨੀ ਬ੍ਰਾਹਮਣ/ਪਾਂਡੇ ਦੀ ਮੱਤ ਵਾਲੇ ਹੀ ਹਨ, ਜੋ ਅੱਜ ਵੀ ਡੇਰੇਦਾਰਾਂ ਅਤੇ ਸੰਪਰਦਾਈ ਸੰਪਰਦਾਵਾਂ ਵਲੋਂ ਗੁਰਦੁਆਰਿਆਂ ਅਤੇ ਸੰਪਰਦਾਈ ਠਾਠਾਂ ਵਿੱਚ ਕੀਤੇ ਜਾਂਦੇ ਹਨ।

. . ਨੰਦਸਰੀ ਠਾਠਾਂ ਵਿੱਚ ਤਾਂ ਸ਼ਰੇਆਮ ਡੇਰੇਦਾਰੀ ਬਾਬਿਆਂ/ਮਹਾਂਪੁਰਖਾਂ ਦੀਆਂ ਤਸਵੀਰਾਂ ਦੀ ਮੂਰਤੀ ਪੂਜਾ ਹੁੰਦੀ ਹੈ।

. . ਜੋਤਾਂ ਜਗਾਉਣੀਆਂ. ਧੂਫਾਂ ਧਖਾਉਣੀਆਂ, ਪਾਣੀ ਦੇ ਘੜੇ ਰੱਖਣੇ, ਹੋਰ ਅਨੇਕਾਂ ਹੀ ਕਰਮਕਾਂਡ ਉਥੇ ਹੁੰਦੇ ਹਨ. .}}

. . ਭਗਤ ਜੀ ਸੱਚਾਈ ਦੱਸ ਰਹੇ ਹਨ, ਹੇ ਮਾਲਣ! ! ਤੂੰ ਪੱਥਰ ਦੀ ਮੂਰਤੀ ਦੀ ਪੂਜਾ ਅਰਚਨਾ ਲਈ ਤਿੰਨ ਪਰਤੱਖ ਦੇਵਤੇ ਤੋੜ ਰਹੀ ਹੈਂ। ਹੇ ਮਾਲਣ ਤੂੰ ਭੁੱਲੀ ਹੋਈ ਹੈਂ, ਅਕਾਲ ਪੁਰਖ, ਰੱਬ ਤਾਂ ਸਰਬ ਵਿਆਪੱਕ ਹੈ। ਉਸਨੂੰ ਕਿਸੇ ਤਰਾਂ ਦੇ ਫੱਲਾਂ ਦੀ ਲੋੜ ਨਹੀਂ ਹੈ।

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ਭੂਲੀ ਮਾਲਨੀ ਹੈ ਏਉ ॥ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ ॥ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

ਅਰਥ:- (ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿੱਚ ਜਿੰਦ ਹੈ। ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ। 1.

(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ। 1. ਰਹਾਉ।

(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ। ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? । 2.

(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ। 3.

ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ ਕੁੱਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?)। 4.

ਹੇ ਕਬੀਰ! ਆਖ—ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿੱਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ, ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ। 5. 1. 14.

ਨੋਟ:- ਕੁੱਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ, ਤੇ ਭੋਗ ਲਵਾਉਂਦੇ ਹਨ। ਕੀ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ? ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਸੂਤਕ ਦੇ ਬਾਰੇ।

ਸਗਗਸ ਗੁਰਮੁਖੀ ਡਿਕਸ਼ਨਰੀ

ਸੂਤਕ; ਪ੍ਰਸੂਤ ਸਮੇਂ ਦੀ ਅਸ਼ੁਧੀ। ਅਪਵਿਤੱਰ ਉਦਾਹਰਨ: ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥ ​ ਗਉ ਕਬ, ਅਸ ੪੧, ੧:੧ (331).

ਮਹਾਨ ਕੋਸ਼ ਇਨਸਾਈਕਲੋਪੀਡੀਆ

ਸੰ. ਸੂਤਕ. {ਸੰਗ੍ਯਾ}. ਪਛੀ. ਪਰਿੰਦ। (2) ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ. ਹਿੰਦੂ ਧਰਮ ਦੇ ਸ਼ਾਸਤ੍ਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧. ਦਿਨ, ਛਤ੍ਰੀ ਦੇ ੧੩. ਦਿਨ, ਵੈਸ ਦੇ ੧੭. ਦਿਨ ਅਤੇ ਸੂਦ੍ਰ ਦੇ ੩੦ ਦਿਨ ਰਹਿੰਦੀ ਹੈ, ਦੇਖੋ, ਅਤ੍ਰਿ ਸਿਮ੍ਰਿਤਿ ਸ਼. ੮੪. "ਨਾਨਕ ਸੂਤਕੁ ਏਵ ਨ ਉਤਰੇ ਗਿਆਨ ਉਤਾਰੈ ਧੋਇ". (ਵਾਰ ਆਸਾ) । (3) ਅਪਵਿਤ੍ਰਤਾ. ਅਸ਼ੁੱਧੀ. "ਜਨਮੇ ਸੂਤਕ ਮੂਏ ਫੁਨਿ ਸੂਤਕ". (ਗਉ ਕਬੀਰ) ਜਨਮੇ ਸੂਤਕ ਮੂਏ ਪਾਤਕ.

. . ਸੂਤਕ (ਜਨਮ ਵੇਲੇ) …ਪਾਤਕ (ਮਰਨ ਵੇਲੇ)

. .’ਸੂਤਕ-ਪਾਤਕ’ ਦਾ ਵਹਿਮ, ਭਰਮ, ਡਰ ਵੀ ਬ੍ਰਾਹਮਣ ਦਾ ਬਣਾਇਆ ਹੈ, ਸਿਰਜਿਆ ਹੈ।

. . ਅਨਪੜ੍ਹਤਾ ਅਗਿਆਨਤਾ ਕਰਕੇ ਸੂਦਰ ਸ਼੍ਰੈਣੀ ਦੇ ਲੋਕਾਂ ਨੇ ਤਾਂ ਬ੍ਰਾਹਮਣ ਨੂੰ ਹੀ ‘ਰੱਬ’ ਦਾ ਪਰਵਾਨਿਆ ਪੂਜਾਰੀ ਮੰਨਿਆ ਹੋਇਆ ਸੀ।

. . ਬ੍ਰਾਹਮਣ ਨੇ ਆਪਣੀ `ਚੌਧਰ’ ਨੂੰ ਕਾਇਮ ਰੱਖਣ ਲਈ ਉਸਨੇ ਅਨੇਕਾਂ ਤਰਾਂ ਦੇ ਵਹਿਮ, ਭਰਮ, ਪਾਖੰਡ ਸਮਾਜ ਵਿੱਚ ਫੈਲਾਅ ਦਿੱਤੇ। ਆਮ ਲੋਕਾਈ ਇਹਨਾਂ ਵਹਿਮਾਂ, ਭਰਮਾਂ, ਪਾਖੰਡਾਂ ਜਿਹੇ ਕਰਮਕਾਂਡਾ ਵਿੱਚ ਹੀ ਉਲਝ ਕੇ ਰਹਿ ਗਏ।

. .’ਗੁਰਬਾਣੀ’ ਬ੍ਰਾਹਮਣ ਨੂੰ ਸੁਆਲ ਕਰਦੀ ਹੈ, ਐ ਬ੍ਰਾਹਮਣ ਪੂਜਾਰੀਆ, ਜੇ ਤੇਰੇ ਅਨੁਸਾਰੀ ਹੋ ਕੇ ਚੱਲੀਏ ਤਾਂ, ਤੇਰੇ ਅਨੁਸਾਰੀ ਹੋ ਕੇ ਸੂਤਕ ਮੰਨੀਏ ਤਾਂ ਦੱਸਣਾ ਕਰ:-

ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472}

ਪਦਅਰਥ:- ਸਭ ਤੈ—ਸਭ ਥਾਈਂ। ਜੀਆ ਬਾਝੁ—ਜੀਆਂ ਤੋਂ ਬਿਨਾ। ਪਹਿਲਾ ਪਾਣੀ—ਸਭ ਤੋਂ ਪਹਿਲਾਂ ਪਾਣੀ, ਪਾਣੀ ਆਪ ਭੀ। ਜਿਤੁ—ਜਿਸ ਨਾਲ। ਸਭੁ ਕੋਇ—ਹਰੇਕ ਜੀਵ। ਹਰਿਆ—ਹਰਾ, ਜਿੰਦ ਵਾਲਾ। ਏਵ—ਇਸ ਤਰ੍ਹਾਂ। ਉਤਾਰੈ ਧੋਇ—ਧੋ ਕੇ ਲਾਹ ਦੇਂਦਾ ਹੈ। ੧।

ਅਰਥ:- ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ। ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿੱਚ ਸੂਤਕ ਪਿਆ ਰਹਿੰਦਾ ਹੈ। ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿੱਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ। ੧।

ਮਃ ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

ਪਦਅਰਥ:- ਕੂੜੁ—ਝੂਠੁ (ਬੋਲਣਾ)। ਪਰ ਤ੍ਰਿਅ ਰੂਪੁ—ਪਰਾਈ ਇਸਤ੍ਰੀ ਦਾ ਰੂਪ। ਕੰਨਿ—ਕੰਨ ਨਾਲ। ਲਾਇਤਬਾਰੀ—ਚੁਗ਼ਲੀ। ਪੈ ਖਾਹਿ—ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ। ਹੰਸਾ ਆਦਮੀ— (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ। ਜਮਪੁਰਿ—ਜਮਰਾਜ ਦੀ ਪੁਰੀ ਵਿਚ, ਨਰਕ ਵਿਚ। ੨।

ਅਰਥ:- ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ); (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ); (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿੱਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿੱਚ ਜਾਂਦੇ ਹਨ। ੨।

ਮਃ ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥ {ਪੰਨਾ 472}

ਪਦਅਰਥ:- ਸਭੋ—ਉੱਕਾ ਕੀ, ਨਿਰਾ ਪੁਰਾ। ਦੂਜੈ—ਮਾਇਆ ਵਿਚ। ਦੂਜੈ ਜਾਇ—ਮਾਇਆ ਵਿੱਚ ਫਸਿਆਂ। ਦਿਤੋਨੁ— (ਪ੍ਰਭੂ ਨੇ ਜੀਵਾਂ ਨੂੰ) ਦਿੱਤਾ ਹੈ। ਸੰਬਾਹਿ—ਇਕੱਠਾ ਕਰ ਕੇ। ੩।

ਅਰਥ:- ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿੱਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ। (ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿੱਚ ਹੀ ਜੀਵ ਜੰਮਦਾ ਤੇ ਮਰਦਾ ਹੈ। (ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ। ੩। (ਟੀਕਾ ਪ੍ਰੋ ਸਾਹਿਬ ਸਿੰਘ ਜੀ)

……… ਚਲਦਾ।

ਇੰਜ ਦਰਸਨ ਸਿੰਘ ਖਾਲਸਾ।

ਸਿੱਡਨੀ ਅਸਟਰੇਲੀਆ।

੨੬ ਅਕਤੂਬਰ ੨੦੧੮।




.