.

ਧਰਮ ਡਰ ਦਾ ਦਾਰੂ ਹੈ

ਹਾਕਮ ਸਿੰਘ

ਡਰ ਮਨੁੱਖਾ ਜੀਵਨ ਦਾ ਮੂਲ ਲਛਣ ਹੈ ਅਤੇ ਇਹ ਆਖਿਆ ਜਾ ਸਕਦਾ ਹੈ ਕਿ ਡਰ ਨੂੰ ਦੂਰ ਕਰਨ ਲਈ ਹੀ ਧਰਮ ਦੀ ਉਤਪਤੀ ਹੋਈ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਦਾ ਜਨਮ ਡਰ ਵਿੱਚ ਹੋਇਆ ਦੱਸਦੀ ਹੈ ਅਤੇ ਡਰ ਨੂੰ ਸਾਰੀ ਕਾਇਨਾਤ ਵਿੱਚ ਵਿਆਪਕ ਮੰਨਦੀ ਹੈ। "ਭੈ ਵਿਚਿ ਜੰਮੈ ਭੈ ਮਰੈ ਭੀਉ ਮਨ ਮਹਿ ਹੋਇ॥" (ਪੰਨਾ: ੧੪੯); "ਭੈ ਮਹਿ ਰਚਿਓ ਸਭੁ ਸੰਸਾਰਾ॥ ਤਿਸੁ ਭਉ ਨਾਹੀ ਜਿਸੁ ਨਾਮੁ ਆਧਾਰਾ" (ਪੰਨਾ ੧੯੨); "ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ॥" (ਪੰਨਾ: ੫੮੬); "ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥ ਸਗਲ ਸਮਗ੍ਰੀ ਡਰਹਿ ਬਆਪੀ ਬਿਨੁ ਡਰ ਕਰਣੈਹਾਰਾ॥" (ਪੰਨਾ: ੯੯੯) ਅਤੇ "ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾ ਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥" (ਪੰਨਾ: ੪੬੪)। ਡਰ ਦੀ ਵਿਆਪਕਤਾ ਕਾਰਨ ਪਿਆਰ ਅਤੇ ਆਸਰਾ ਵੀ ਡਰ ਦੂਰ ਕਰਨ ਦੇ ਸਾਧਨ ਵਜੋਂ ਵਰਤੇ ਜਾਣ ਲੱਗ ਪੈਂਦੇ ਹਨ। ਗੁਰਬਾਣੀ ਅਨੁਸਾਰ ਪ੍ਰਭੂ ਦੇ ਡਰ ਨਾਲ ਹੀ ਪਦਾਰਥ ਦਾ ਡਰ ਦੂਰ ਕੀਤਾ ਜਾ ਸਕਦਾ ਹੈ: "ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ॥" (ਪੰਨਾ: ੧੧੦੨)।

ਮਨੁੱਖ ਦਾ ਡਰ ਦੂਰ ਕਰਨ ਦੇ ਉਪਾ ਵਜੋਂ ਹੀ ਪੁਰਾਤਨ ਕਾਲ ਵਿੱਚ ਧਰਮ ਦੀ ਉਤਪਤੀ ਹੋਈ ਸੀ। ਪਹਿਲੋਂ ਪਹਿਲ ਸ੍ਰਿਸ਼ਟੀ ਵਿੱਚ ਵਰਤ ਰਹਿਈਆਂ ਕੁਦਰਤੀ ਸ਼ਕਤੀਆਂ ਦਾ ਭੈ ਦੂਰ ਕਰਨ ਲਈ ਉਨ੍ਹਾਂ ਨੂੰ ਦੈਵੀ ਮੰਨ ਕੇ ਪੂਜਣ ਦੀ ਰੀਤ ਚਲੀ। ਰਿਗ ਵੇਦ ਵਿੱਚ ਅਗਨੀ, ਇੰਦਰ, ਸੂਰਜ, ਵਰੁਣ ਆਦਿਕ ਕੁਦਰਤੀ ਸ਼ਕਤੀਆਂ ਨੂੰ ਦੈਵੀ ਮੰਨ ਕੇ ਉਨ੍ਹਾਂ ਪ੍ਰਤੀ ਸ਼ਰਧਾ ਦੇ ਭਾਵ ਅਰਪਤ ਕੀਤੇ ਗਏ। ਪਾਰਸੀ ਅਗਨੀ ਦੇ ਪੁਜਾਰੀ ਬਣ ਗਏ। ਪਰ ਗੰਭੀਰ ਚਿੰਤਕਾਂ ਨੇ ਅਨੁਭਵ ਕੀਤਾ ਕਿ ਇਨ੍ਹਾਂ ਸ਼ਕਤੀਆਂ ਨੂੰ ਵੀ ਕਿਸੇ ਵੱਡੀ ਸ਼ਕਤੀ ਨੇ ਸਿਰਜਿਆ ਹੋਵੇਗਾ ਜਿਸ ਦੇ ਹੁਕਮ ਵਿੱਚ ਇਹ ਕੰਮ ਕਰ ਰਹਿਈਆਂ ਹਨ। ਉਹ ਪ੍ਰਭੂ ਦੀ ਹੋਂਦ ਅਤੇ ਸ਼ਕਤੀ ਬਾਰੇ ਜਾਨਣ ਲਈ ਉਤਸੁਕ ਹੋ ਗਏ। ਰਿਗ ਵੇਦ ਦੇ ੧. ੧੨੯. ੬ ਸੂਕਤ ਵਿੱਚ ਸ੍ਰਿਸ਼ਟੀ ਦੇ ਰਚਨਹਾਰ ਬਾਰੇ ਵਿਚਾਰ ਕੀਤੀ ਗਈ ਹੈ। ਭਗਵਤ ਗੀਤਾ ਵਿੱਚ ਜੀਵ ਆਤਮਾ ਅਤੇ ਪਰਮਾਤਮਾ ਦੇ ਸੰਬੰਧਾ ਦਾ ਵਰਨਨ ਹੈ। ਜ਼ੰਡ-ਅਵੇਸਥਾ ਵਿੱਚ ਅਹਰੂਮਜ਼ਾਦਾ, ਬਾਈਬਲ ਵਿੱਚ ਗਾਡ ਅਤੇ ਕੁਰਾਨ ਵਿੱਚ ਅੱਲਾ ਦੇ ਗੁਣਾਂ ਦਾ ਵਰਨਨ ਪ੍ਰਭੂ ਦੀ ਹੋਂਦ ਅਤੇ ਹਸਤੀ ਦਾ ਹੀ ਗਿਆਨ ਹੈ। ਪੁਰਾਤਨ ਧਰਮ ਸਮਾਜ ਕੇਂਦਰਤ ਸਨ ਪਰ ਗੰਭੀਰ ਚਿੰਤਕ ਅਧਿਆਤਮਕ ਗਿਆਨ ਪ੍ਰਾਪਤ ਕਰਨ ਲਈ ਉਤਸੁਕ ਸਨ। ਜਦੋਂ ਰਿਸ਼ੀਆਂ, ਮੁਨੀਆਂ, ਪੈਗੰਬਰਾਂ, ਅਵਤਾਰਾਂ ਅਤੇ ਸੰਤਾਂ ਭਗਤਾਂ ਨੇ ਪ੍ਰਭੂ ਦਾ ਗਿਆਨ ਪ੍ਰਾਪਤ ਕਰਕੇ ਆਮ ਲੋਕਾਂ ਨਾਲ ਸਾਂਝਾ ਕੀਤਾ ਤਾਂ ਲੋਕ ਬਹੁਤ ਪ੍ਰਭਾਵਤ ਹੋਏ ਅਤੇ ਉਨ੍ਹਾਂ ਵਿਚਾਰਾਂ ਅਨੁਸਾਰ ਆਪਣਾ ਜੀਵਨ ਢਾਲਣ ਬਾਰੇ ਸੋਚਣ ਲੱਗ ਪਏ। ਪਰ ਸਮਾਜ ਵਿੱਚ ਧਰਮ ਦੇ ਪੁਰਾਤਨ ਵਿਸ਼ਵਾਸ ਅਤੇ ਰੀਤਾਂ ਬਰਕਰਾਰ ਸਨ ਜਿਨ੍ਹਾਂ ਦਾ ਅਧਿਆਤਮਕ ਵਿਚਾਰ ਖੰਡਨ ਕਰਦਾ ਸੀ। ਸਮਾਜ ਦੇ ਧਾਰਮਕ ਆਗੂਆਂ ਨੇ ਅਧਆਤਮਕ ਵਿਚਾਰਾਂ ਦੇ ਸੰਚਾਰ ਨੂੰ ਰੋਕਣ ਅਤੇ ਦਬਾਉਣ ਦੇ ਬਹੁਤ ਯਤਨ ਕੀਤੇ ਪਰ ਜਦੋਂ ਸਫਲਤਾ ਨਾ ਹੋਈ ਤਾਂ ਉਨ੍ਹਾਂ ਨੇ ਅਧਿਆਤਮਕ ਵਿਚਾਰਾਂ ਨੂੰ ਮੂਰਤੀਆਂ ਅਤੇ ਕਰਮ ਕਾਂਡਾਂ ਨਾਲ ਜੋੜ ਕੇ, ਕਰਾਮਾਤਾਂ ਅਤੇ ਮਿਥਹਾਸ ਵਿੱਚ ਰਲਾ ਕੇ ਪ੍ਰਭੂ ਦਾ ਮੂਰਤੀਆਂ ਅਤੇ ਗ੍ਰੰਥਾਂ ਵਿੱਚ ਅਭਿਵਿਅੰਜਨ ਕਰ ਦਿੱਤਾ, ਅਤੇ ਮੂਰਤੀਆਂ ਗ੍ਰੰਥਾਂ ਦੇ ਮੰਦਰ ਸਿਰਜ ਕੇ ਉਨ੍ਹਾਂ ਅੱਗੇ ਅਰਦਾਸਾਂ ਅਤੇ ਭੇਟਾਵਾਂ ਅਰਪਨ ਕਰਨ ਨਾਲ ਪ੍ਰਭੂ ਵਲੋਂ ਪਾਪਾਂ ਦਾ ਖੰਡਨ ਅਤੇ ਜੀਵਨ ਵਿੱਚ ਸਫਲਤਾ ਦੀ ਪ੍ਰਾਪਤੀ ਦੀ ਸੰਭਾਵਨਾ ਦਾ ਵਿਸ਼ਵਾਸ ਪੈਦਾ ਕਰ ਦਿੱਤਾ।

ਧਰਮ ਦੇ ਦੋ ਵਖਰੇ ਅਤੇ ਵਿਪ੍ਰੀਤ ਰਾਹ ਬਣ ਗਏ: ਪ੍ਰੰਪਰਾਗਤ ਸਮਾਜਕ ਧਰਮ ਅਤੇ ਅਧਿਆਤਮਕ ਧਰਮ। ਗੁਰਬਾਣੀ ਵਿੱਚ ਦੋਨੋ ਪ੍ਰਕਾਰ ਦੇ ਧਰਮਾਂ ਦਾ ਵਿਸਤ੍ਰਤ ਵਰਨਨ ਹੈ। ਅਧਿਆਤਮਕ ਧਰਮ ਦਾ ਸਬੰਧ ਇੱਕ ਅਦਿੱਖ ਅਤੇ ਨਾ ਕਲਪੇ ਜਾਣ ਵਾਲੀ ਸਦੀਵੀ ਪ੍ਰਭੂ ਨਾਲ ਹੈ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਆਪ ਉਸ ਵਿੱਚ ਵਿਦਮਾਨ ਹੈ। ਗੁਰਬਾਣੀ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਮਿਲਾਪ ਦੱਸਦੀ ਹੈ ਜਿਸ ਲਈ ਉਹ ਪ੍ਰਭੂ ਦਾ ਸਿਮਰਨ ਕਰਨ ਅਤੇ ਉਸ ਦੀ ਰਜ਼ਾ ਵਿੱਚ ਚਲਣ ਦਾ ਉਪਦੇਸ਼ ਕਰਦੀ ਹੈ। ਸਮਾਜਕ ਧਰਮ ਤ੍ਰੈਗੁਣੀ ਸੰਸਾਰ, ਪਦਾਰਥ ਜਾਂ ਮਾਇਆ ਨਾਲ ਸਬੰਧਤ ਹੈ। ਮਨੁੱਖੀ ਜਾਣਕਾਰੀ ਅਤੇ ਵਿਗਿਆਨ ਵੀ ਪਦਾਰਥ ਦੇ ਹੀ ਗਿਆਨ ਹਨ ਅਤੇ ਉਨ੍ਹਾਂ ਦਾ ਅਧਿਆਤਮਕ ਗਿਆਨ ਨਾਲ ਕੋਈ ਵਾਸਤਾ ਨਹੀਂ ਹੈ ਕਿਊਂਕੇ ਇਹ ਫੋਕਟ ਗਿਆਨ ਹਨ: "ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ" (ਪੰਨਾ ੧੨੨੧)। ਗੁਰਬਾਣੀ ਮਨੁੱਖਾ ਜੀਵਨ ਨੂੰ ਵੀ ਪਦਾਰਥ ਆਖਦੀ ਹੈ: "ਕਹੁ ਨਾਨਕ ਜਾਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ॥" (ਪੰਨਾ ੧੨੧੭)। ਅਸਲ ਵਿੱਚ ਭਾਵੇਂ ਸ੍ਰਿਸ਼ਟੀ ਅਤੇ ਸੰਸਾਰ ਵਿੱਚ ਪ੍ਰਭੂ ਵਿਦਮਾਨ ਹੈ ਪਰ ਇਹ ਪ੍ਰਭੂ ਨਾਲੋਂ ਵਖਰੀ, ਉਸ ਦੀ ਕਿਰਤ ਹੈ ਜਿਸ ਨੂੰ ਗੁਰਬਾਣੀ ਦੂਜਾ ਆਖਦੀ ਹੈ: "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" (ਪੰਨਾ: ੪੬੩)। ਅਧਿਆਮਤਕ ਗਿਆਨ ਦੀ ਪ੍ਰਾਪਤੀ ਤ੍ਰੈਗੁਣੀ ਚਲਾਏਮਾਨ ਪਦਾਰਥਕ ਸੰਸਾਰ ਤੋਂ ਉਪਰ ਉੱਠ ਕੇ ਚੌਥੇ ਪਦ ਵਿੱਚ ਪ੍ਰਭੂ ਵਾਲੇ ਗੁਣ ਧਾਰਨ ਕਰਨ ਨਾਲ ਸੰਭਵ ਹੁੰਦੀ ਹੈ। ਇਸ ਦੇ ਉਲਟ ਸਮਾਜਕ ਧਰਮ ਦਾ ਮੁੱਖ ਮਨੋਰਥ ਆਪਣੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੁੰਦਾ ਹੈ ਜਿਸ ਲਈ ਉਹ ਵੱਧ ਤੋਂ ਵੱਧ ਅਤੇ ਵਡਮੁਲੇ ਅਤੇ ਸੁੰਦਰ ਧਰਮ ਅਸਥਾਨ ਸਥਾਪਤ ਕਰਦੇ ਹਨ ਤਾਂ ਜੋ ਆਮ ਲੋਕਾਂ ਵਿੱਚ ਧਰਮ ਅਸਥਾਨਾਂ ਦੀ ਸੁੰਦਰਤਾ ਦੇ ਪ੍ਰਭਾਵ ਅਧੀਨ ਧਰਮ ਪ੍ਰਤੀ ਸ਼ਰਧਾ ਉਤੇਜਤ ਹੋ ਜਾਵੇ। ਸੁੰਦਰ ਭਵਨ ਬਨਾਉਣ ਲਈ ਧਨ ਦੀ ਲੋੜ ਪੈਂਦੀ ਹੈ ਜਿਸ ਲਈ ਧਾਰਮਕ ਆਗੂ ਧਨ ਇਕੱਠਾ ਕਰਨ ਨੂੰ ਪਹਿਲ ਦਿੰਦੇ ਹਨ ਅਤੇ ਗੁਰਬਾਣੀ ਦੇ ਉਪਦੇਸ਼, "ਭਾਈ ਰੇ ਤਨ ਧਨੁ ਸਾਥਿ ਨ ਹੋਇ॥ (ਪੰਨਾ ੬੨) ਨੂੰ ਵਿਸਾਰ ਛੱਡਦੇ ਹਨ। ਸਮਾਜਕ ਧਰਮ ਧਨ ਅਤੇ ਸ਼ਕਤੀ ਦੀ ਪ੍ਰਾਪਤੀ ਲਈ ਰਾਜਸੀ ਸ਼ਕਤੀ ਨਾਲ ਮੇਲ ਮਿਲਾਪ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ।

ਅਧਿਆਤਮਕ ਧਰਮ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ। ਧਰਮ ਦੇ ਦੋ ਗੁਣ ਹਨ: ਦਇਆ ਅਤੇ ਸੰਤੋਖ, "ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥" (ਪੰਨਾ ੩)। ਜੀਵਨ ਵਿੱਚ ਇਹ ਦੋ ਗੁਣ ਧਾਰਨ ਕਰਕੇ ਧਰਮ ਦੇ ਮਾਰਗ ਤੇ ਚਲਦਿਆਂ ਪ੍ਰਭੂ ਦੀ ਕਿਰਪਾ ਨਾਲ ਨਿਰਭੈਤਾ ਅਤੇ ਨਿਰਵੈਰਤਾ ਦੇ ਰੱਬੀ ਗੁਣਾਂ ਦੀ ਬਖਸ਼ਿਸ਼ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਨਿਰਵੈਰ ਮਨੁੱਖ ਮਾਨਵਤਾ ਵਿੱਚ ਪ੍ਰਭੂ ਦੇ ਦਰਸ਼ਨ ਕਰਨਯੋਗ ਹੋ ਜਾਂਦਾ ਹੈ ਅਤੇ ਉਸ ਦਾ ਪਦਾਰਥਕ ਸ਼ਕਤੀ ਤੋਂ ਡਰ ਦੂਰ ਹੋ ਜਾਂਦਾ ਹੈ। ਆਮ ਮਨੁੱਖ ਲਈ ਧਰਮ, ਗੁਰਮਤਿ ਜਾਂ ਭਗਤੀ ਦੇ ਮਾਰਗ ਨੂ ਅਪਨਾਉਣਾ ਅਤੇ ਉਸ ਤੇ ਚਲਣਾ ਬਹੁਤ ਔਖਾ ਹੈ ਕਿਊਂਕੇ ਐਸਾ ਕਰਨ ਲਈ ਮਨ ਨੂੰ ਮਾਰਨਾ ਜਾਂ ਸੰਸਾਰਕ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ। ਆਮ ਆਦਮੀ ਲਈ ਐਸਾ ਕਰਨਾ ਸੰਭਵ ਨਹੀਂ ਹੁੰਦਾ। ਆਮ ਲੋਕ ਤੇ ਸੁੱਖੀ ਪ੍ਰਵਾਰਕ ਜੀਵਨ ਅਤੇ ਵਡਿਆਈ ਦੀ ਕਾਮਨਾ ਕਰਦੇ ਹਨ ਅਤੇ ਪ੍ਰਭੂ ਤੋਂ ਸੁੱਖ, ਸ਼ਾਂਤੀ ਅਤੇ ਸਫਲਤਾ ਦੀ ਮੰਗ ਕਰਦੇ ਹਨ। ਅਧਿਆਤਮਕ ਵਿਚਾਰਾਂ ਨੂੰ ਸਮਝਣ ਅਤੇ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਦੀ ਇੱਛਾ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ। ਸਮਾਜਕ ਧਰਮ ਦੇ ਆਗੂ ਅਕਸਰ ਐਸੇ ਵਿਅਕਤੀਆਂ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਨੂੰ ਧਰਮ ਦੇ ਵੈਰੀ ਐਲਾਨ ਕੇ ਧਰਮ ਵਿਚੋਂ ਛੇਕ ਦਿੰਦੇ ਹਨ।

ਗੁਰਮਤਿ ਅਧਿਆਤਮਕ ਵਿਚਾਰਧਾਰਾ ਦਾ ਵਿਕਸਤ ਸਰੂਪ ਹੈ। ਅਨੇਕ ਭਗਤਾਂ ਸੰਤਾਂ ਨੇ ਇਨ੍ਹਾਂ ਵਿਚਾਰਾਂ ਵਿੱਚ ਵਡਮੁਲਾ ਯੋਗਦਾਨ ਪਾਇਆ ਹੈ। ਗੁਰੂ ਸਾਹਿਬਾਨ ਨੇ ਇਸ ਵਿਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤੀ ਰੂਪ ਦੇ ਕੇ ਮਨੁੱਖਤਾ ਲਈ ਆਤਮਕ ਗਿਆਨ ਦਾ ਇੱਕ ਚਾਨਣਮੁਨਾਰਾ ਸਿਰਜ ਦਿੱਤਾ ਹੈ। ਗੁਰਮਤਿ ਵਿਅਕਤੀ ਨੂੰ ਸੰਬੋਧਤ ਹੈ ਕਿਸੇ ਸਮਾਜ ਜਾਂ ਸੰਗਠਤ ਗੁੱਟ ਨੂੰ ਨਹੀਂ ਅਤੇ ਮਨੁੱਖੀ ਏਕਤਾ, ਸੁਤੰਤਰਤਾ ਅਤੇ ਬਰਾਬਰੀ ਦਾ ਉਪਦੇਸ਼ ਕਰਦੀ ਹੈ। ਇਸ ਦੇ ਉਲਟ ਸਾਰੇ ਵੱਡੇ ਸਥਾਪਤ ਧਰਮ ਸਮਾਜ ਵਿੱਚ ਵੰਡੀਆਂ ਪਾ ਕੇ ਆਪਣੇ ਸ਼ਰਧਾਲੂਆਂ ਨੂੰ ਜੀਵਨ ਵਿੱਚ ਸਫਲਤਾ ਅਤੇ ਮਰਨ ਮਗਰੋਂ ਮੁਕਤੀ ਦਾ ਵਿਸ਼ਵਾਸ ਦੁਆਉਂਦੇ ਹਨ।

ਗੁਰਮਤਿ ਪ੍ਰਭੂ ਦੀ ਸਾਜੀ ਸ੍ਰਿਸ਼ਟੀ ਵਿੱਚ ਮਨੁੱਖ ਨੂੰ ਪ੍ਰਥਮ ਮੰਨਦੀ ਹੈ ਕਿਊਂਕੇ ਮਨੁੱਖੀ ਮਨ ਪ੍ਰਭੂ ਦਾ ਅੰਸ਼ ਹੈ ਅਤੇ ਉਸ ਵਿੱਚ ਪ੍ਰਭੂ ਨਾਲ ਮਿਲਾਪ ਕਰਨ ਦੀ ਯੋਗਤਾ ਹੈ ਅਤੇ ਸਮਾਜ ਨੂੰ, ਜੋ ਮਾਇਆ ਦੇ ਪ੍ਰਭਾਵ ਅਧੀਨ ਹੁੰਦਾ ਹੈ, ਪ੍ਰਭੂ ਮਿਲਾਪ ਦੇ ਰਾਹ ਵਿੱਚ ਰੁਕਾਵਟ ਦੱਸਦੀ ਹੈ।

ਸਿੱਖ ਧਰਮ ਦੇ ਅਧਿਆਤਮਕ ਵਿਚਾਰਾਂ ਅਤੇ ਸਮਾਜ ਵਿੱਚ ਪ੍ਰਚਲਤ ਧਾਰਮਕ ਵਿਸ਼ਵਾਸਾਂ ਵਿੱਚ ਅੰਤਰ ਹੈ। ਸਿੱਖ ਸਮਾਜ ਦਾ ਧਰਮ ਦੁਨੀਆ ਦਾ ਪੰਜਵਾਂ ਵੱਡਾ ਧਰਮ ਬਣ ਗਿਆ ਹੈ ਜਿਸ ਦਾ ਉਸ ਦੇ ਅਨੁਯਾਈ ਮਾਨ ਕਰਦੇ ਹਨ। ਇਹ ਸੱਚ ਹੈ ਕਿ ਜੇਕਰ ਸਿੱਖ ਧਰਮ ਗੁਰਮਤਿ ਦੇ ਰਾਹ ਤੇ ਚਲਦਾ ਰਹਿੰਦਾ ਤਾਂ ਇਹ ਦੁਨੀਆ ਦਾ ਪੰਜਵਾਂ ਵੱਡਾ ਧਰਮ ਨਹੀਂ ਸੀ ਬਣ ਸਕਣਾ ਅਤੇ ਭਗਤਾਂ ਸ਼ਰਧਾਲੂਆਂ ਦੀ ਛੋਟੀ ਟੋਲੀ ਬਣਿਆ ਰਹਿਣਾ ਸੀ। ਸਚਾਈ ਇਹ ਵੀ ਹੈ ਕਿ ਸਿੱਖ ਧਰਮ ਦੇ ਬਹੁਤੇ ਉਪਾਸ਼ਕ ਗੁਰਮਤਿ ਵਿਚਾਰਾਂ ਦੀ ਪ੍ਰਸਿੱਧੀ ਨੂੰ ਵਰਤਣ ਦੇ ਚਾਹਵਾਨ ਹਨ ਪਰ ਉਨ੍ਹਾਂ ਨੂੰ ਜੀਵਨ ਵਿੱਚ ਧਾਰਨ ਕਰਨ ਤੋਂ ਭੈ ਖਾਂਦੇ ਹਨ। ਐਸੇ ਧਰਮ ਵਿੱਚ ਵਿਰੋਧੀ ਧੜੇ ਬਣ ਜਾਣੇ ਸੁਭਾਵਕ ਹੁੰਦੇ ਹਨ।




.