.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਾਈਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੧੭ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ, ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ੧ 

ਮਃ ੧॥ ਸਬਦੈ ਸਾਦੁ ਨ ਆਇਓ, ਨਾਮਿ ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ॥ ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ॥ ੨ {ਪੰਨਾ ੭੯੧}

ਪਉੜੀ॥ ਜਿ ਪ੍ਰਭੁ ਸਲਾਹੇ ਆਪਣਾ, ਸੋ ਸੋਭਾ ਪਾਏ॥ ਹਉਮੈ ਵਿਚਹੁ ਦੂਰਿ ਕਰਿ, ਸਚੁ ਮੰਨਿ ਵਸਾਏ॥ ਸਚੁ ਬਾਣੀ ਗੁਣ ਉਚਰੈ, ਸਚਾ ਸੁਖੁ ਪਾਏ॥ ਮੇਲੁ ਭਇਆ ਚਿਰੀ ਵਿਛੁੰਨਿਆ, ਗੁਰ ਪੁਰਖਿ ਮਿਲਾਏ॥ ਮਨੁ ਮੈਲਾ ਇਵ ਸੁਧੁ ਹੈ, ਹਰਿ ਨਾਮੁ ਧਿਆਏ॥ ੧੭ {ਪੰਨਾ ੭੯੧}

(ਸਟੀਕ-ਪਉੜੀ ੧੭, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥ ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ, ਅਗਿਆਨੁ ਮਿਟੰਤੁ॥ ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ੧॥ {ਪੰਨਾ ੭੯੧}

ਪਦ ਅਰਥ : —ਬੇਦ ਪਾਠ ਮਤਿ—ਵੇਦਾਂ ਦੇ ਪਾਠ ਤੋਂ ਤਿਆਰ ਮੱਤ, ਵੇਦ ਆਦਿਕ ਧਰਮ ਪੁਸਤਕਾਂ ਦੀ ਬਾਣੀ ਆਧਾਰਤ ਢਾਲੀ ਹੋਈ ਮੱਤ। ਪਾਪਾ ਖਾਇ—ਪਾਪਾਂ ਨੂੰ ਖਾ ਜਾਂਦੀ ਹੈ। ਬੇਦ ਪਾਠ—ਵੇਦਾਂ ਦੇ ਨਿਰੇ ਪਾਠ ਕਰ ਲੈਣੇ। ਸੰਸਾਰ ਕੀ ਕਾਰ—ਦੁਨੀਆਂ ਦਾ ਵਿਹਾਰ। ਬੀਚਾਰ—ਅਰਥਾਂ ਸਹਿਤ।

ਨੋਟ : — "ਬੇਦ ਪਾਠ ਮਤਿ" ਤੇ "ਬੇਦ ਪਾਠ" ਵਿੱਚਲੇ ਅਰਥਾਂ ਦੇ ਫ਼ਰਕ ਵੱਲ ਧਿਆਨ ਦੇਣਾ ਜ਼ਰੂਰੀ ਹੈ। ---ਉਪ੍ਰੰਤ "ਪੜ੍ਹਿ ਪੜ੍ਹਿ" ਤੇ "ਬੂਝੇ" `ਚ ਵੀ ਉਹੀ ਫ਼ਰਕ ਹੈ ਜਿਹੜਾ "ਬੇਦ ਪਾਠ" ਤੇ "ਬੇਦ ਪਾਠ ਮਤਿ" ਵਿੱਚਲੇ ਅਰਥਾਂ `ਚ ਫ਼ਰਕ ਹੈ। (ਧੰਨਵਾਦਿ ਸਹਿਤ-ਪ੍ਰੋ: ਸਾਹਿਬ ਸਿੰਘ ਜੀ) "

ਅਰਥ : — "ਦੀਵਾ ਬਲੈ ਅੰਧੇਰਾ ਜਾਇ, ਬੇਦ ਪਾਠ ਮਤਿ ਪਾਪਾ ਖਾਇ" -ਜਿਵੇਂ ਦੀਵਾ ਜਗਦਾ ਹੈ ਓਦੋਂ ਹਨੇਰਾ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਵੇਦ ਆਦਿ ਧਰਮ-ਪੁਸਤਕਾਂ ਦੀ ਬਾਣੀ ਅਨੁਸਾਰ ਢੱਲੀ ਹੋਈ ਮਤਿ ਹੀ ਮਨੁੱਖਾ ਜੀਵਨ ਅੰਦਰੋਂ ਪਾਪਾਂ-ਅਉਗੁਣਾ ਦਾ ਨਾਸ ਕਰਦੀ ਹੈ।

"ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪ੍ਰਗਾਸੁ, ਅਗਿਆਨੁ ਮਿਟੰਤੁ" - ਜਦੋਂ ਸੂਰਜ ਚੜ੍ਹਦਾ ਹੈ ਤਾਂ ਚੰਦ੍ਰਮਾ ਚੜ੍ਹਿਆ ਹੋਇਆ ਨਹੀਂ ਜਾਪਦਾ ਜਿਵੇਂ ਕਿ ਉਸਦੀ ਹੋਂਦ ਹੀ ਮੁੱਕ ਚੁੱਕੀ ਹੋਵੇ।

ਠੀਕ ਇਸੇਤਰ੍ਹਾਂ ਜਦੋਂ ਮਨੁੱਖੀ ਮੱਤ ਅਥਵਾ ਮਨ ਇਲਾਹੀ ਗਿਆਨ ਨਾਲ ਪ੍ਰਜਵਲਤ ਹੋ ਜਾਂਦਾ ਹੈ ਤਾਂ ਉਸ ਮਨ ਅੰਦਰੋਂ ਅਗਿਆਨਤਾ ਨਾਸ ਹੋ ਜਾਂਦੀ ਹੈ, ਬੇ-ਅਸਰ ਹੋ ਜਾਂਦੀ ਹੈ।

"ਬੇਦ ਪਾਠ ਸੰਸਾਰ ਕੀ ਕਾਰ॥ ਪੜਿੑ ਪੜਿੑ ਪੰਡਿਤ ਕਰਹਿ ਬੀਚਾਰ" -ਵੇਦ ਆਦਿਕ ਧਰਮ-ਪੁਸਤਕਾਂ ਦੇ ਨਿਰੇ-ਪੁਰੇ ਪਾਠ ਕਰ ਲੈਣੇ ਕੇਵਲ ਦੁਨੀਆਵੀ ਰਸਮ ਨੂੰ ਪੂਰਾ ਕਰ ਲੈਣਾ ਹੀ ਹੁੰਦਾ ਹੈ।

ਫ਼ਿਰ ਇਸ ਤੋਂ ਬਾਅਦ ਇਹ ਕਿ ਉਸ ਪੱਖੋਂ ਵਿਦਵਾਨ ਲੋਕ ਵੀ ਵੱਧ ਤੋਂ ਵੱਧ ਇਨ੍ਹਾਂ ਧਰਮ-ਪੁਸਤਕਾਂ ਨੂੰ ਪੜ੍ਹ-ਪੜ੍ਹ ਕੇ ਕੇਵਲ ਇਨ੍ਹਾਂ ਦੀ ਅਰਥ-ਵਿਚਾਰ ਤੀਕ ਹੀ ਸੀਮਤ ਰਹਿ ਜਾਂਦੇ ਹਨ।

"ਬਿਨੁ ਬੂਝੇ ਸਭ ਹੋਇ ਖੁਆਰ" -ਜਦਕਿ ਉਨ੍ਹਾਂ ਧਰਮ-ਪੁਸਤਕਾਂ ਨੂੰ ਪੜ੍ਹਣ ਤੇ ਵਿਚਾਰਣ ਦੇ ਨਾਲ-ਨਾਲ ਜਦੋਂ ਤੀਕ ਉਨ੍ਹਾਂ ਧਰਮ-ਪੁਸਤਕਾਂ ਰਾਹੀਂ ਪ੍ਰਗਟ ਮੂਲ਼ ਰੱਬੀ-ਗਿਆਨ ਤੇ ਆਦੇਸ਼ਾਂ ਅਨੁਸਾਰ ਲੋਕਾਈ ਦੀ ਮੱਤ ਭਾਵ ਜੀਵਨ ਰਹਿਣੀ ਤਿਆਰ ਨਹੀਂ ਹੁੰਦੀ, ਉਤਨੀ ਦੇਰ ਉਨ੍ਹਾਂ ਧਾਰਮਿਕ ਪੁਸਤਕਾਂ ਦੇ ਪਾਠ ਤੇ ਅਰਥ-ਵਿਚਾਰ ਕਰਦੀ ਹੋਈ ਲੋਕਾਈ, ਕੇਵਲ ਖ਼ੁਆਰ ਹੀ ਹੁੰਦੀ ਹੈ।

ਭਾਵ ਜਦੋਂ ਤੀਕ ਉਨ੍ਹਾਂ ਧਰਮ-ਪੁਸਤਕਾਂ ਦਾ ਮੂਲ ਰੱਬੀ-ਗਿਆਨ ਲੋਕਾਈ ਦੇ ਜੀਵਨ ਦੀ ਨਿੱਤ ਦੀ ਕਾਰ ਦਾ ਹਿੱਸਾ ਨਹੀਂ ਬਣ ਜਾਂਦਾ, ਉਤਨੀ ਦੇਰ ਉਨ੍ਹਾਂ ਧਾਰਮਿਕ ਪੁਸਤਕਾਂ ਦੇ ਨਿਰਾ-ਪੁਰਾ ਪੜ੍ਹਣ ਤੇ ਵੱਧ ਤੋਂ ਵੱਧ ਅਰਥ-ਵਿਚਾਰ ਕਰ ਲੈਣ ਨਾਲ ਵੀ ਲੋਕਾਈ ਦੇ ਨਿਜ ਦੇ ਤੇ ਸਮਾਜਿਕ ਜੀਵਨ `ਚ ਉਖਾੜ, ਉਥਲ-ਪੁਥਲ, ਆਪਸੀ ਖਿੱਚਾਤਾਣੀਆਂ, ਗੁੱਟ ਬੰਦੀਆਂ ਤੇ ਝਗੜੇ ਆਦਿ ਹੀ ਵੱਧਦੇ ਹਨ।

"ਨਾਨਕ ਗੁਰਮੁਖਿ ਉਤਰਸਿ ਪਾਰਿ"॥ ੧॥ - ਤਾਂ ਤੇ ਹੇ ਨਾਨਕ! ਉਹ ਮਨੁੱਖ ਅਥਵਾ ਕੇਵਲ ਉਹ ਸਮਾਜ ਹੀ ਅਗਿਆਨਤਾ ਦੇ ਹਨੇਰੇ `ਚੋਂ ਪਾਰ ਲੰਘ ਸਕਦਾ ਹੈ ਜਿਹੜਾ ਮਨੁੱਖ ਅਥਵਾ ਸਮਾਜ ਆਪਣੀ ਮੱਤ ਤੇ ਰਹਿਣੀ ਨੂੰ ਗੁਰੂ-ਗੁਰਬਾਣੀ ਦੇ ਉਨ੍ਹਾਂ ਆਦੇਸ਼ਾਂ ਅਨੁਸਾਰ ਢਾਲ ਲੈਂਦਾ ਹੈ। ੧। ਯਥਾ:-

() "ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ, ਜਿਨ ਸਚੁ ਤਜਿਆ, ਕੂੜੇ ਲਾਗੇ, ਤਿਨੀ ਜਨਮੁ ਜੂਐ ਹਾਰਿਆ" (ਪੰ: ੯੧੯)

() "ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ, ਵਿਣੁ ਬੂਝੇ ਤੂੰ ਡੂਬਿ ਮੂਆ" (ਪੰ: ੪੩੫)

() "ਜਿਉ ਅੰਧੇਰੈ ਦੀਪਕੁ ਬਾਲੀਐ, ਤਿਉ ਗੁਰ ਗਿਆਨਿ ਅਗਿਆਨੁ ਤਜਾਇ" (ਪੰ: ੩੯)

() "ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ, ਹਰਿ ਰਤਨੁ ਪਦਾਰਥੁ ਲਾਧਾ॥ ਹਉਮੈ ਰੋਗ ਗਇਆ ਦੁਖੁ ਲਾਥਾ, ਆਪੁ ਆਪੈ ਗੁਰਮਤਿ ਖਾਧਾ" (ਪੰ: ੭੮)

() "ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ" (ਪੰ: ੮੮)

() "ਝਝਾ ਉਰਝਿ ਸੁਰਝਿ ਨਹੀ ਜਾਨਾ॥ ਰਹਿਓ ਝਝਕਿ ਨਾਹੀ ਪਰਵਾਨਾ॥ ਕਤ ਝਖਿ ਝਖਿ ਅਉਰਨ ਸਮਝਾਵਾ॥ ਝਗਰੁ ਕੀਏ ਝਗਰਉ ਹੀ ਪਾਵਾ" (ਪੰ: ੩੪੧) ਆਦਿ

ਮਃ ੧॥ ਸਬਦੈ ਸਾਦੁ ਨ ਆਇਓ, ਨਾਮਿ ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ, ਨਿਤ ਨਿਤ ਹੋਇ ਖੁਆਰੁ॥ ਨਾਨਕ ਪਇਐ ਕਿਰਤਿ ਕਮਾਵਣਾ, ਕੋਇ ਨ ਮੇਟਣਹਾਰੁ॥ ੨॥ {ਪੰਨਾ ੭੯੧}

ਪਦ ਅਰਥ : —ਪਇਐ ਕਿਰਤਿ—ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਕਰਮਾਂ ਤੇ ਸੰਸਕਾਰਾਂ ਅਨੁਸਾਰ। ਨਾਮਿ ਨ ਲਗੋ ਪਿਆਰੁ— ਜਦੋਂ ਤੀਕ ਪ੍ਰਭੂ ਦੀ ਸਿਫ਼ਤ-ਸਲਾਹ `ਚ ਮਨ ਨਹੀਂ ਲਗਾ।

ਨੋਟ:-ਕਿਰਤਿ— {ਇਹ ਲਫ਼ਜ਼ "ਕਿਰਤੁ" ਤੋਂ "ਅਧਿਕਰਣ ਕਾਰਕ, ਇਕ-ਵਚਨ" ਹੈ; ਲਫ਼ਜ਼ "ਪਇਐ" ਭੀ "ਪਇਆ" ਤੋਂ "ਅਧਿਕਰਣ ਕਾਰਕ ਇਕ-ਵਚਨ" ਹੈ, ਦੋਵੇਂ ਰਲ ਕੇ ਉਹ "ਵਾਕ-ਅੰਸ਼" (Phrase) ਬਣਾ ਰਹੇ ਹਨ ਜਿਸ ਨੂੰ ਅੰਗ੍ਰੇਜ਼ੀ ਵਿੱਚ Locative Absolute ਆਖਦੇ ਹਨ। ਲਫ਼ਜ਼ "ਕਿਰਤ" ਦਾ ਅਰਥ ਹੈ "ਕੀਤਾ ਹੋਇਆ ਕੰਮ" ; "ਪਇਆ" ਦਾ ਅਰਥ ਹੈ "ਇਕੱਠਾ ਹੋਇਆ ਹੋਇਆ" }। (ਵੇਰਵਾ ਧੰਨਵਾਦਿ ਸਹਿਤ-ਪ੍ਰੋ: ਸਾਹਿਬ ਸਿੰਘ ਜੀ) "

ਅਰਥ : — "ਸਬਦੈ ਸਾਦੁ ਨ ਆਇਓ, ਨਾਮਿ ਨ ਲਗੋ ਪਿਆਰੁ" -ਜਿਸ ਮਨੁੱਖ ਨੂੰ ਕਦੇ ਸਬਦ-ਗੁਰੂ ਦੀ ਕਮਾਈ ਕਰਣ ਦਾ ਹੀ ਰਸ ਨਹੀਂ ਆਇਆ ਫ਼ਿਰ ਇਹ ਵੀ ਕਿ ਜਿਸ ਦਾ ਪ੍ਰਭੂ ਦੇ ਨਾਮ ਅਥਵਾ ਸਿਫ਼ਤ-ਸਲਾਹ `ਚ ਵੀ ਕਦੇ ਮਨ ਨਹੀਂ ਲਗਿਆ ਤੇ ਪ੍ਰਭੂ ਲਈ ਪਆਰ ਨਹੀਂ ਉਮਢਿਆ। ,

"ਰਸਨਾ ਫਿਕਾ ਬੋਲਣਾ, ਨਿਤ ਨਿਤ ਹੋਇ ਖੁਆਰੁ" - ਉਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹਾ ਮਨੁੱਖ ਆਪਣੀ ਰਸਨਾ ਨਾਲ ਵੀ ਬਹੁਤਾ ਕਰਕੇ ਫਿੱਕੇ ਤੇ ਰੁਖੇ ਬਚਨ ਹੀ ਬੋਲਦਾ ਹੈ। ਭਾਵ ਇਸੇ ਤੋਂ ਉਸ ਦੀ ਸਮੂਚੀ ਬੋਲ-ਚਾਲ, ਵਰਤਣ-ਵਿਹਾਰ ਤੇ ਲੋਕਾਚਾਰੀ ਨਿ:-ਰਸ ਤੇ ਰਸ ਹੀਣ ਹੁੰਦੀ ਹੈ।

ਫ਼ਿਰ ਇਤਨਾ ਹੀ ਨਹੀਂ, ਇਸੇ ਤੋਂ ਉਹ ਆਪਣੇ ਨਿਜ ਦੇ ਅਤੇ ਸਮੂਚੇ ਸਮਾਜਿਕ ਜੀਵਨ ਦੌਰਾਨ ਵੀ ਮਨ ਕਰਕੇ ਹਰ ਸਮੇਂ ਉਖੜਿਆ, ਭਟਕਣਾ `ਚ ਪਿਆ ਤੇ ਨਿਰਾ ਖ਼ੁਆਰ ਹੀ ਹੋ ਰਿਹਾ ਹੁੰਦਾ ਹੈ।

"ਨਾਨਕ ਪਇਐ ਕਿਰਤਿ ਕਮਾਵਣਾ, ਕੋਇ ਨ ਮੇਟਣਹਾਰੁ"॥ ੨॥ - ਪਰ, ਹੇ ਨਾਨਕ! ਦਰਅਸਲ ਅਜਿਹੇ ਪ੍ਰਭੂ ਦੀ ਸਿਫ਼ਤ ਸਲਾਹ ਵਿਹੂਣੇ ਮਨੁੱਖ ਦੇ ਵੱਸ `ਚ ਵੀ ਨਹੀਂ ਹੁੰਦਾ ਕਿ ਉਹ ਮਨੁੱਖਾ ਜੀਵਨ ਦੇ ਇਕੋ ਇੱਕ ਮਕਸਦ, ਪ੍ਰਭੂ ਪਿਆਰ ਵਾਲੇ ਸਿੱਧੇ ਰਾਹ `ਤੇ ਟੁਰ ਸਕੇ।

ਕਿਉਂਕਿ ਇਹ ਸਭ ਵੀ ਪ੍ਰਭੂ ਦੇ ਸੱਚ ਨਿਆਂ `ਚ ਹੀ ਉਸਦੇ ਉਸ ਫ਼ਿਕੇ ਤੇ ਰੁਖੇ ਸੁਭਾਅ, ਬੋਲਚਾਲ ਤੇ ਵਰਤਣ ਵਿਹਾਰ ਤੋਂ ਹਰ ਸਮੇਂ ਤਿਆਰ ਹੋ ਰਹੇ ਕਰਮਾਂ ਤੇ ਸੰਸਕਾਰਾਂ ਦਾ ਹੀ ਨਤੀਜਾ ਹੁੰਦਾ ਹੈ ਜਿਨ੍ਹਾਂ ਨੂੰ ਪ੍ਰਭੂ ਤੋਂ ਸਿਵਾ, ਕੋਈ ਵੀ ਨਹੀਂ ਬਦਲ ਸਕਦਾ॥ ੨। ਯਥਾ:-

() "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ" (ਪੰ: ੪੭੩)

() "ਜਿਤੁ ਬੋਲਿਐ ਪਤਿ ਪਾਈਐ, ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ, ਸੁਣਿ ਮੂਰਖ ਮਨ ਅਜਾਣ" (ਪੰ: ੧੫)

() "ਦੋਹਾਗਣੀ ਮਹਲੁ ਨ ਪਾਇਨੀੑ, ਨ ਜਾਣਨਿ ਪਿਰ ਕਾ ਸੁਆਉਫਿਕਾ ਬੋਲਹਿ, ਨਾ ਨਿਵਹਿ, ਦੂਜਾ ਭਾਉ ਸੁਆਉ" (ਪੰ: ੪੨੬)

() "ਰਸਨਾ ਫਿਕਾ ਬੋਲਣਾ, ਨਿਤ ਨਿਤ ਹੋਇ ਖੁਆਰੁ" (ਪੰ: ੭੯੧)

() "ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ" (ਪੰ: ੭੮੪) ਆਦਿ

ਪਉੜੀ॥ ਜਿ ਪ੍ਰਭੁ ਸਾਲਾਹੇ ਆਪਣਾ, ਸੋ ਸੋਭਾ ਪਾਏ॥ ਹਉਮੈ ਵਿਚਹੁ ਦੂਰਿ ਕਰਿ, ਸਚੁ ਮੰਨਿ ਵਸਾਏ॥ ਸਚੁ ਬਾਣੀ ਗੁਣ ਉਚਰੈ, ਸਚਾ ਸੁਖੁ ਪਾਏ॥ ਮੇਲੁ ਭਇਆ ਚਿਰੀ ਵਿਛੁੰਨਿਆ, ਗੁਰਪੁਰਖਿ ਮਿਲਾਏ॥ ਮਨੁ ਮੈਲਾ ਇਵ ਸੁਧੁ ਹੈ, ਹਰਿ ਨਾਮੁ ਧਿਆਏ॥ ੧੭॥ {ਪੰਨਾ ੭੯੧}

ਪਦ ਅਰਥ : —ਜਿ—ਜੋ ਮਨੁੱਖ, ਜਿਹੜਾ ਮਨੁੱਖ। ਮੰਨਿ—ਮਨ `ਚ { ‘ਮ’ ਨੂੰ ( ੰ) ਛੰਦ ਦੀ ਚਾਲ ਪੂਰੀ ਰੱਖਣ ਲਈ ਇੱਕ ‘ਮਾਤ੍ਰਾ ਵਧਾਣ ਵਾਸਤੇ ਹੈ}। ਸਚੁ—ਸਦਾ ਥਿਰ ਰਹਿਣ ਵਾਲਾ ਪ੍ਰਭ ਦਾ ਨਾਮ। ਗੁਰ ਪੁਰਖਿ—ਸਤਿਗੁਰੂ ਮਰਦ ਨੇ, ਸਤਿਗੁਰ ਸੂਰਮੇ ਨੇ। ਇਵ—ਇਸ ਤਰ੍ਹਾਂ।

ਅਰਥ : — "ਜਿ ਪ੍ਰਭੁ ਸਾਲਾਹੇ ਆਪਣਾ, ਸੋ ਸੋਭਾ ਪਾਏ" -ਜਿਹੜਾ ਮਨੁੱਖ ਆਪਣੇ ਪ੍ਰਭੂ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜੁੜਦਾ ਹੈ ਉਹ ਸੋਭਾ ਖੱਟਦਾ ਹੈ (ਕਿਉਂਕਿ ਇਸ ਤਰ੍ਹਾਂ ਉਸਦੇ ਜੀਵਨ ਅੰਦਰ ਇਲਾਹੀ ਗੁਣ ਉਪਜਦੇ ਹਨ ਅਤੇ ਉਸ ਦੇ ਜੀਵਨ ਅੰਦਰੋਂ ਪਾਪਾਂ-ਅਉਗੁਣਾ ਦਾ ਨਾਸ ਹੁੰਦਾ ਜਾਂਦਾ ਹੈ।

"ਹਉਮੈ ਵਿਚਹੁ ਦੂਰਿ ਕਰਿ, ਸਚੁ ਮੰਨਿ ਵਸਾਏ" - ਅਜਿਹਾ ਜੀਊੜਾ ਆਪਣੇ ਮਨ `ਚੋਂ ‘ਹਉਮੈ’ ਨੂੰ ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ `ਚ ਵਸਾਂਦਾ ਹੈ। ਭਾਵ ਅਜਿਹਾ ਜੀਊੜਾ ਸੁਰਤ ਕਰਕੇ ਆਪਣੇ ਅਸਲੇ ਪ੍ਰਭੂ ਨਾਲ ਇਕ-ਮਿੱਕ ਹੋ ਕੇ ਜੀਵਨ ਜੀਊਂਦਾ ਹੈ।

"ਸਚੁ ਬਾਣੀ ਗੁਣ ਉਚਰੈ, ਸਚਾ ਸੁਖੁ ਪਾਏ" - ਉਹ ਸਤਿਗੁਰੂ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ ਇਸ ਤਰ੍ਹਾਂ ਜੀਵਨ ਦਾ ਅਸਲ ਤੇ ਸਦੀਵੀ ਸੁਖ ਮਾਣਦਾ ਹੈ, ਉਹ ਜੀਦੇ ਜੀਅ ਜੀਵਨ ਦੀ ਸਹਿਜ ਤੇ ਸਦੀਵੀ ਆਤਮਕ ਆਨੰਦ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।

"ਮੇਲੁ ਭਇਆ ਚਿਰੀ ਵਿਛੁੰਨਿਆ, ਗੁਰ ਪੁਰਖਿ ਮਿਲਾਏ" - ਇਸ ਤਰ੍ਹਾਂ ਚਿਰਾਂ ਤੋਂ ਰੱਬ ਜੀ ਨਾਲੋਂ ਵਿਛੁੜੇ ਹੋਏ ਉਸ ਜੀਵ ਦਾ ਮੁੜ ਰੱਬ ਜੀ ਨਾਲ ਮਿਲਾਪ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਸੂਰਮੇ ਨੇ ਉਸ ਨੂੰ ਸੁਰਤ ਕਰਕੇ ਪ੍ਰਭ ਨਾਲ ਮਿਲਾ ਦਿੱਤਾ ਹੁੰਦਾ ਹੈ, ਉਸ `ਚ ਅਭੇਦ ਕਰ ਦਿੱਤਾ ਹੁੰਦਾ ਹੈ।

"ਮਨੁ ਮੈਲਾ ਇਵ ਸੁਧੁ ਹੈ, ਹਰਿ ਨਾਮੁ ਧਿਆਏ"॥ ੧੭॥ -ਇਸ ਤਰ੍ਹਾਂ ਪ੍ਰਭੂ ਦਾ ਨਾਮ ਸਿਮਰ ਕੇ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਉਸ ਦਾ ਵਿਕਾਰਾਂ ਮਾਇਕ ਰਸਾਂ ਤੇ ਅਉਗੁਣਾ ਨਾਲ ਪਹਿਲਾਂ ਤੋਂ ਮਲ਼ੀਨ ਹੋਇਆ ਦਾ ਮਨ ਵੀ ਪਵਿਤ੍ਰ ਹੋ ਜਾਂਦਾ ਹੈ ਅਤੇ ਉਹ ਜੀਂਦੇ ਜੀਅ ਸੁਆਸ-ਸੁਆਸ ਪ੍ਰਭੂ ਪਿਆਰ ਦੇ ਰੰਗ `ਚ ਰੰਗਿਆਂ ਰੰਹਿੰਦਾ ਹੈ।। ੧੭। ਯਥਾ:-

() "ਚਿਰੀ ਵਿਛੁੰਨੇ ਮੇਲਿਅਨੁ, ਸਤਗੁਰ ਪੰਨੈ ਪਾਇ॥ ਆਪੇ ਕਾਰ ਕਰਾਇਸੀ, ਅਵਰੁ ਨ ਕਰਣਾ ਜਾਇ" (ਪੰ: ੩੩)

() "ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ" (ਪੰ: ੧੩੩)

() "ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕਭਵਜਲ ਤੇ ਕਾਢਹੁ ਪ੍ਰਭੂ, ਨਾਨਕ ਤੇਰੀ ਟੇਕ" (ਪੰ: ੨੬੧)

() "ਪਾਰਸਿ ਪਰਸਿਐ ਪਾਰਸੁ ਹੋਇ, ਜੋਤੀ ਜੋਤਿ ਸਮਾਇ॥ ਜਿਨ ਕਉ ਪੂਰਬਿ ਲਿਖਿਆ, ਤਿਨ ਸਤਗੁਰੁ ਮਿਲਿਆ ਆਇ" (ਪੰ: ੨੭)

() "ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ" (ਪੰ: ੧੧੨)

() "ਸਬਦਿ ਮਰੈ ਸੁ ਮੁਆ ਜਾਪੈ॥ ਕਾਲੁ ਨ ਚਾਪੈ ਦੁਖੁ ਨ ਸੰਤਾਪੈ॥ ਜੋਤੀ ਵਿਚਿ ਮਿਲਿ ਜੋਤਿ ਸਮਾਣੀ, ਸੁਣਿ ਮਨ ਸਚਿ ਸਮਾਵਣਿਆ" (ਪੰ: ੧੧੧)

() "ਸਹਜੇ ਅਦਿਸਟੁ ਪਛਾਣੀਐ, ਨਿਰਭਉ ਜੋਤਿ ਨਿਰੰਕਾਰੁ॥ ਸਭਨਾ ਜੀਆ ਕਾ ਇਕੁ ਦਾਤਾ, ਜੋਤੀ ਜੋਤਿ ਮਿਲਾਵਣਹਾਰੁਪੂਰੈ ਸਬਦਿ ਸਲਾਹੀਐ, ਜਿਸ ਦਾ ਅੰਤੁ ਨ ਪਾਰਾਵਾਰੁ" (ਪੰ: ੬੮)

() "ਇਹੁ ਸਰੀਰੁ ਮਾਇਆ ਕਾ ਪੁਤਲਾ, ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ" (ਪੰ: ੩੧)

() "ਮਨੁ ਚੰਚਲੁ ਬਹੁ ਚੋਟਾ ਖਾਇ॥ ਏਥਹੁ ਛੁੜਕਿਆ ਠਉਰ ਨ ਪਾਇ॥ ਗਰਭ ਜੋਨਿ ਵਿਸਟਾ ਕਾ ਵਾਸੁ॥ ਤਿਤੁ ਘਰਿ ਮਨਮੁਖੁ ਕਰੇ ਨਿਵਾਸੁ॥  ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ॥ ਗੁਰਮੁਖਿ ਜੋਤੀ ਜੋਤਿ ਮਿਲਾਈ॥ ਨਿਰਮਲ ਬਾਣੀ ਨਿਜ ਘਰਿ ਵਾਸਾ॥ ਨਾਨਕ ਹਉਮੈ ਮਾਰੇ ਸਦਾ ਉਦਾਸਾ" (ਪੰ: ੩੬੨) ਆਦਿ (ਚਲਦਾ) #Instt.P17-28th--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਾਈਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.