.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ

ਭਾਗ ਦੂਜਾ

ਦੀਵਾਲੀ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਾਲ ਜੋੜਨਾ—

ਸਿੱਖਾਂ ਦਾ ਲਛਮੀ ਪੂਜਾ ਨਾਲ ਕੋਈ ਸਬੰਧ ਨਹੀਂ ਹੈ। ਦੂਜਾ ਦੀਵੇ ਬਾਲਣ ਭਾਵ ਜਗਾਉਣ ਨਾਲ ਵੀ ਕੋਈ ਸਬੰਧ ਨਹੀਂ ਹੈ। ਪਰ ਕੁੱਝ ਘਟਨਾਵਾਂ ਨੂੰ ਸਿੱਖਾਂ ਨਾਲ ਜੋੜ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅਸੀਂ ਇਤਿਹਾਸ ਦੀ ਜਾਂ ਸਿਧਾਂਤ ਦੀ ਕੋਈ ਜਾਂਚ ਪੜਤਾਲ ਕੀਤਿਆਂ ਹੀ ਭੀੜ ਦਾ ਹਿੱਸਾ ਬਣ ਜਾਂਦੇ ਹਾਂ। ਦੀਵਾਲੀ ਸਿੱਖਾਂ ਦਾ ਤਿਉਹਾਰ ਸਾਬਤ ਕਰਨ ਲਈ ਪਿੱਛਲੇ ਲੰਬੇ ਸਮੇਂ ਤੋਂ ਦੋ ਹਵਾਲਿਆਂ ਨੂੰ ਵਰਤਿਆ ਜਾ ਰਿਹਾ ਹੈ। ਪਹਿਲਾ ਹਵਾਲਾ ਗੁਰੂ ਹਰਿ ਗੋਬਿੰਦਸਾਹਿਬ ਜੀ ੫੨ ਰਾਸਜੀ ਕੈਦੀਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਣ `ਤੇ ਬਾਬਾ ਬੁੱਢਾ ਜੀ ਵਲੋਂ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਗਈ। ਦੂਜਾ ਹਵਾਲਾ ਭਾਈ ਗੁਰਦਾਸ ਸਾਹਿਬ ਦੀ ਇੱਕ ਰਚਨਾ ਦਾ ਦਿੱਤਾ ਜਾਂਦਾ ਹੈ ਜਿਸ ਵਿੱਚ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਜ਼ਿਕਰ ਆਉਂਦਾ ਹੈ। ਅਸੀਂ ਸਮਝ ਲਿਆ ਕਿ ਸ਼ਾਇਦ ਭਾਈ ਗੁਰਦਾਸ ਸਾਹਿਬ ਜੀ ਦੀਵੇ ਬਾਲਣ ਲਈ ਕਹਿ ਰਹੇ ਹਨ। ਜਦ ਕੇ ਉਹਨਾਂ ਬੁਝੈ ਦੀਵਿਆਂ `ਤੇ ਵਿਅੰਗ ਕੀਤਾ ਹੈ। ਇਹ ਦੋਵੇਂ ਹਵਾਲੇ ਗੁਰਮਤ ਤੇ ਇਤਹਾਸ ਦੀ ਕਸਵੱਟੀ `ਤੇ ਪੂਰੇ ਨਹੀਂ ਉਤਰਦੇ।

ਸਾਡੇ ਗੁਰਦੇਵ ਪੁਸਤਕ ਵਿੱਚ ਪ੍ਰੋ. ਪਿਆਰਾ ਸਿੰਘ ਜੀ ਲਿਖਤ ਦਾ ਇੱਕ ਪਹਿਰਾ ਲਿਆ ਹੈ ਜਿਹੜਾ ਵਿਸ਼ੇ ਨੂੰ ਹੋਰ ਵੀ ਸੁੰਦਰ ਢੰਗ ਨਾਲ ਸਪੱਸ਼ਟਤਾ ਦੇਂਦਾ ਹੈ—ਸੋ ਇਹ ਜਨਮ ਸੰਮਤ ਅਸੀਂ ਮਨ-ਮਰਜ਼ੀ ਨਾਲ ਅਨੁਸਾਰ ਬਦਲਣ ਦੇ ਹਾਮੀ ਨਹੀਂ ਹਾਂ, ਪ੍ਰੰਤੂ ਇਤਿਹਾਸਕ ਖੋਜ ਦੇ ਮੁੱਢਲੇ ਅਸੂਲ ਅਨੁਸਾਰ ਜ਼ਰੂਰੀ ਹੈ ਕਿ ਉਨਂੀਵੀਂ ਸਦੀ ਦੇ ਮੁਕਾਬਲੇ ੧੭ਵੀਂ ਅਤੇ ੧੮ਵੀਂ ਸਦੀ ਦੀਆਂ ਸਮਕਾਲੀ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨਿਆ ਜਾਏ। ਉਪਰੋਕਤ ਗਲਤ ਜਨਮ-ਸੰਮਤ ਉਨ੍ਹੀਵੀਂ ਸਦੀ ਦੀਆਂ ਲਿਖਤਾਂ ਵਿਚੋਂ ਹੀ ਆਏ ਹਨ। ਭਾਈ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਦੀਆਂ ਦੱਸੀਆਂ ਤਰੀਕਾਂ ਨੂੰ ਮਿਸਟਰ ਮੈਕਾਲਫ਼ ਨੇ ਅਪਨਾ ਕਿ ਅੰਗਰੇਜ਼ੀ ਲਿਖਤ ਵਿੱਚ ਲਿਆਂਦਾ, ਜਿਸ ਕਰਕੇ ਛਾਪੇ ਕਾਰਨ ਇਹਨਾਂ ਦਾ ਵਧੇਰੇ ਪ੍ਰਚਾਰ ਹੋ ਗਿਆ। ਸੋ ਸਾਨੂੰ ਸਹੀ ਗੱਲ ਨਿਤਾਰਨ ਲਈ ਇਹ ਦੇਖਣ ਦੀ ਲੋੜ ਨਹੀਂ ਇਹ ਸੰਮਤ ਕਿੰਨੇ ਲੋਕਾਂ ਨੇ ਲਿਖੇ ਹਨ, ਠਰੰਮ੍ਹੇ ਤੇ ਗਹਿਰਾਈ ਨਾਲ ਇਹ ਵਿਚਾਰਨ ਦੀ ਲੋੜ ਹੈ ਕਿ ਸਭ ਤੋਂ ਪੁਰਾਤਨ ਲਿਖਤਾਂ ਵਿੱਚ ਕਿਹੜਾ ਸੰਮਤ ਹੈ ਤੇ ਉਸ ਨਾਲ ਸਾਡੀਆਂ ਆਪ ਪਾਈਆਂ ਗੁੰਝਲ਼ਾਂ ਖੁਲ੍ਹਦੀਆਂ ਦਿਖਾਈ ਦੇਂਦੀਆਂ ਹਨ।

ਪੁਸਤਕ ਦੀ ਭੂਮਿਕਾ ਵਿੱਚ ਪ੍ਰੋ. ਪਿਆਰਾ ਸਿੰਘ ਜੀ ਪਦਮ ਅੱਗੇ ਲਿਖਦੇ ਹਨ—ਸ੍ਰ ਕਰਮ ਸਿੰਘ ਹਿਸਟੋਰੀਅਨ ਪਹਿਲੇ ਖੋਜੀ ਵਿਦਵਾਨ ਸਨ ਜਿੰਨਾਂ ਇਹਨਾਂ ਜਨਮ ਮਰਨ ਦੇ ਸੰਮਤਾਂ ਬਾਰੇ ਗੁਰਪੁਰਬ ਨਿਰਣੈ ਵਿੱਚ ਕੁੱਝ ਵਿਚਾਰ ਕੀਤਾ ਸੀ, ਲੇਕਿਨ ਉਹਨਾਂ ਦੇ ਜ਼ਮਾਨੇ ਭੱਟ ਵਹੀਆਂ, ਗੁਰੂ ਕੀਆਂ ਸਾਖੀਆਂ, ਬਸੰਵਲੀ ਨਾਮੇ ਤੇ ਸ੍ਰ ਜੱਸਾ ਸਿੰਘ ਬਿਨੋਦ ਆਦਿ ਪੁਰਾਤਨ ਲਿਖਤਾਂ ਪ੍ਰਕਾਸ਼ ਵਿੱਚ ਨਹੀਂ ਸੀ ਆਈਆਂ। ਹੁਣ ਇਹਨਾਂ ਲਿਖਤਾਂ ਨੇ ਕਈ ਭੁਲੇਖੇ ਦੂਰ ਕੀਤੇ ਹਨ, ਸੋ ਇਹਨਾਂ ਨੂੰ ਅਪਨਾਉਣਾ ਯੋਗ ਹੈ। ਜੇ ਰਵਾਇਤ ਗਲਤ ਪ੍ਰਚੱਲਤ ਹੋ ਗਈ ਹੋਵੇ ਤਾਂ ਜ਼ਰੂਰੀ ਨਹੀਂ ਕਿ ਅਸੀਂ ਲਕੀਰ ਦੇ ਫਕੀਰ ਹੀ ਬਣੇ ਰਹੀਏ। ਲੋੜ ਹੈ ਪ੍ਰਾਪਤ ਸਮੱਗਰੀ ਦੇ ਅਧਾਰ `ਤੇ ਖੋਜ ਪੜਤਾਲ ਬਾਅਦ ਸਹੀ ਸਿੱਟੇ ਕੱਢੀਏ ਤੇ ਉਹਨਾਂ ਨੂੰ ਅਪਨਾਈਏ।

ਭੱਟ ਵਹੀ ਤਲਾਉਂਡਾ ਪਰਗਣਾ ਜੀਂਦ ਵਿੱਚ ਇਸ ਪਰਕਾਰ ਲਿਖਿਆ ਹੈ—

ਗੁਰੂ ਹਰਿ ਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾਂ ਸੋਲਹਾਂ ਸੈ ਸਤੱਤਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਮਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਪਰਗਣਾ ਨਿਝਰਆਲਾ ਆਏ। ਗੈਲੋਂ ਅਰਜਾਨੀ ਬੇਟਾ ਮੋਹਰੀ ਜੀ ਕਾ, ਮਿਹਰਬਾਨ ਬੇਟਾ ਪ੍ਰਿਥੀ ਚੰਦ ਜੀ ਕਾ ਬਾਬਾ ਬੁੱਢਾ ਰਾਮਦਾਸ ਬੇਟਾ ਸੁਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰਦਾਸ ਬੱਲੇ ਕਾ, ਬਲੂ ਰਾਏ ਬੇਟਾ ਮੂਲਚੰਦ ਜਲ੍ਹਾਨੇ ਕਾ, ਕੌਲ ਜੀ ਬੇਟਾ ਅੰਬੀਏ ਹਜਾਵਤ ਕਾ, ਹੋਰ ਸਿੱਖ ਫਕੀਰ ਆਏ।

ਇਤਿਹਾਸ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਤੋਂ ਰਿਹਾ ਹੋ ਕੇ ਗੋਵਿੰਦਵਾਲ ਆਏ ਹਨ ਤੇ ਫਿਰ ਅੰਮ੍ਰਿਤਸਰ ਪਹੁੰਚੇ ਹਨ ਜਨੀ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਜਦੋਂ ਗੁਰੂ ਹਰਿ ਗਬਿੰਦ ਸਾਹਿਬ ਜੀ ਅੰਮ੍ਰਿਤਸਰ ਆਏ ਸਨ ਓਦੋਂ ਕਤਕ ਦੀ ਦੀਵਾਲੀ ਨਹੀਂ ਸੀ। ਇੰਜ ਦੀਵਾਲੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨਾ ਜੋੜਨਾ ਇਤਿਹਾਸ ਨਾਲ ਅਨਿਆਏ ਹਨ।

ਅਖੇ ਸਿੱਖ ਦੀਵਾਲੀ ਨਹੀਂ ਬੰਦੀ ਛੋੜ ਦਿਵਸ ਮਨਾਉਂਦੇ ਹਨ—

ਜਦੋਂ ਬੰਦਾ ਗਲਤ ਹੋਵੇ ਤਾਂ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਈ ਪ੍ਰਕਾਰ ਦੀਆਂ ਦਲੀਲਾਂ ਘੜ ਕੇ ਰੱਖਦਾ ਹੈ। ਜਦੋਂ ਆਮ ਲੋਕਾਂ ਦੀ ਇਹ ਧਾਰਨਾ ਬਣ ਗਈ ਹੋਵੇ ਕਿ ਇਸ ਦਿਨ ਲਛਮੀ ਦੀ ਪੂਜਾ ਕਰਨ ਨਾਲ ਧਨ ਵਿੱਚ ਪ੍ਰਾਪਤੀ ਹੁੰਦੀ ਤਾਂ ਜਨ ਸਧਾਰਨ ਬੰਦਾ ਵੀ ਪੂਜਾ ਵਾਲੇ ਪਾਸੇ ਤੁਰ ਪੈਂਦਾ ਹੈ। ਹਿੰਦੂ ਇਹ ਮੰਨਦੇ ਹਨ ਦੀਵਾਲੀ ਵਾਲੇ ਦਿਨ ਭਗਵਾਨ ਰਾਮ ਚੰਦਰ ਨੇ ਸੀਤਾ ਨੂੰ ਰਾਵਣ ਦੀ ਕੈਦ ਵਿਚੋਂ ਛਡਾ ਕੇ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਤਾਂ ਲੋਕਾਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਸਿੱਖਾਂ ਨੇ ਵੀ ਦੀਵਾਲੀ ਵਾਲੇ ਤਿਉਹਾਰ ਵਿੱਚ ਰਲਣ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਈ ਨਾਲ ਜੋੜ ਦਿੱਤਾ ਗਿਆ ਹੈ। ਭੱਟ ਵਹੀਆਂ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ੨੮ ਫਰਵਰੀ ੧੬੨੦ ਨੂੰ ਅੰਮ੍ਰਿਤਸਰ ਆਉਣਾ ਮੰਨਿਆ ਗਿਆ ਹੈ ਜੋ ਕਿ ਦੀਵਾਲੀ ਵਾਲਾ ਦਿਨ ਨਹੀਂ ਬਣਦਾ। ਦੀਵਾਲੀ ਅਕਤੂਬਰ ਜਾਂ ਨਵੰਬਰ ਵਿੱਚ ਅਕਸਰ ਆਉਂਦੀ ਹੈ। ਹੁਣ ਪਤਾ ਨਹੀਂ ਸਿੱਖਾਂ ਨੂੰ ਕੀ ਮਜ਼ਬੂਰੀ ਬਣ ਗਈ ਹੈ ਦੀਵਾਲੀ ਨਹੀਂ ਜੀ ਅਸੀਂ ਤਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਜਨੀ ਗਲਤ ਪ੍ਰੰਪਰਾਵਾਂ ਨੂੰ ਸਹੀ ਠਹਿਰਾਉਣ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਰਾਮ ਚੰਦ੍ਰ ਦੇ ਨਾਲ ਜੋੜ ਦਿੱਤਾ ਤੇ ਸਿੱਖ ਬੜੇ ਅਰਾਮ ਨਾਲ ਇਸ ਮਨੌਤ ਨੂੰ ਮੰਨ ਗਏ ਹਨ। ਕੇਵਲ ੫੨ ਰਾਜੇ ਮੁਕਤ ਨਹੀਂ ਕਰਾਏ ਉਸ ਕਿਲ੍ਹੇ ਵਿੱਚ ੧੦੧ ਰਾਜੇ ਸਨ ਜਿੰਨਾਂ ਵਿਚੋਂ ੫੧ ਨੂੰ ਪਹਿਲਾਂ ਰਿਹਾ ਕਰਾ ਦਿੱਤਾ ਗਿਆ ਸੀ। ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਬਦਨਾਮ ਕਿਲ੍ਹੇ ਵਿਚੋਂ ੧੦੧ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇਸ ਲਈ ਗੁਰਦੇਵ ਪਿਤਾ ਜੀ ਨੂੰ ‘ਬੰਦੀ ਛੋੜ ਦਾਤਾ` ਕਿਹਾ ਜਾਂਦਾ ਹੈ।

ਸਿੱਖ ਇਤਿਹਾਸ ਵਿੱਚ ਹੋਰ ਵੀ ਬੰਦੀ ਛੋੜ ਦਿਹਾੜੇ ਹਨ ਜਿੰਨ੍ਹਾਂ ਵਲ ਅਸੀਂ ਕਦੇ ਧਿਆਨ ਨਹੀਂ ਦਿੱਤਾ।

੧ ਗੁਰੂ ਨਾਨਕ ਸਾਹਿਬ ਜੀ ਸੰਨ ੧੫੨੧ ਨੂੰ ਬਾਬਰ ਦੀ ਕੈਦ ਵਿਚੋਂ ਐਮਨਾਬਾਦ ਤੇ ਆਮ ਲੋਕਾਂ ਸਮੇਤ ਰਿਹਾਅ ਹੋਏ ਸੀ। ਕੀ ਗੁਰੂ ਨਾਨਕ ਸਾਹਿਬ ਜੀ ਨੂੰ ਬੰਦੀ ਛੋੜ ਨਹੀਂ ਕਹਿਣਾ ਚਾਹੀਦਾ? ਗੁਰੂ ਨਾਨਕ ਸਾਹਿਬ ਜੀ ਨੇ ਅਣਗਿਣਤ ਗਰੀਬ ਲਾਚਾਰ ਲੋਕਾਂ ਨੂੰ ਰਿਹਾਅ ਕਰਾਇਆ ਸੀ। ਕੀ ਸਾਨੂੰ ਇਸ ਦਿਨ ਘਿਓ ਦੇ ਦੀਵੇ ਨਹੀਂ ਜਗਾਉਣੇ ਚਾਹੀਦੇ?

੨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਗਾਥਾ ਵਿੱਚ ਭਾਈ ਮਹਿੰਦਰ ਸਿੰਘ ਜੀ ਜੋਸ਼ ਲਿਖਦੇ ਹਨ- ੧੩ ਦਸੰਬਰ ੧੬੬੫ ਔਰੰਗਜ਼ੇਬ ਨੇ ਇੱਕ ਮਹੀਨੇ ਦੀ ਕੈਦ ਉਪਰੰਤ ਰਿਹਾਅ ਕੀਤਾ ਸੀ। ੧੬੭੦ ਨੂੰ ਦੂਜੀ ਗਿਫਤਾਰੀ ਜਨੀ ਕਿ ਦੋ ਮਹੀਨੇ ਤੇ ੧੩ ਦਿਨ ਪਿੱਛੋਂ ਗੁਰਦੇਵ ਪਿਤਾ ਜੀ ਨੂੰ ਰਿਹਾ ਕੀਤਾ ਗਿਆ ਸੀ ਤੇ ਤੀਜੀ ਗਿਫਤਾਰੀ ੧੬੭੫ ਦੀ ਹੈ ਜਿਸ ਵਿੱਚ ਗੁਦੇਵ ਪਿਤਾ ਜੀ ਨੂੰ ਸ਼ਹੀਦ ਕਤਿਾ ਗਿਆ ਸੀ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੰਦੀ ਛੋੜ ਨਹੀਂ ਸਨ? ਕੀ ਸਾਨੂੰ ਏੱਥੈ ‘ਬੰਦੀ ਛੋੜ` ਦਿਵਸ ਨਹੀਂ ਮਨਾਉਣਾ ਚਾਹੀਦਾ?

੩ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਸਰਦਾਰ ਜੱਸਾ ਸਿੰਘ ਜੀ ਅਹਲੂਵਾਲੀਆ ਨੂੰ ਵੀ ‘ਬੰਦੀ ਛੋੜ` ਕਿਹਾ ਜਾਂਦਾ ਹੈ। ਜਦੋਂ ਅਹਿਮਦਸ਼ਾਹ ਦੁਰਾਨੀ ੨੨੦੦ ਹਿੰਦੂ ਬੱਚੀਆਂ ਤੇ ਬੱਚਿਆਂ ਨੂੰ ਗਜ਼ਨਵੀ ਦੇ ਬਜ਼ਾਰਾ ਵਿੱਚ ਵੇਚਣ ਲਈ ਆਪਣੇ ਨਾਲ ਲਿਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦੀ ਕਮਾਨ ਹੇਠ ਉਹਨਾਂ ਬੱਚੀਆਂ ਨੂੰ ਅਹਿਮਦਸ਼ਾਹ ਦੇ ਕਬਜ਼ੇ ਵਿਚੋਂ ਛਡਵਾਇਆ ਇੰਜ ਆਹਲੂਵਾਲੀਆ ਜੀ ਨੂੰ ‘ਬੰਦੀਛੌੜ` ਦੀ ਪਦਵੀ ਹਾਸਲ ਕੀਤੀ। ਲੋਕਾਂ ਨੇ ਤਾਂ ਗੀਤ ਹੀ ਏਦਾਂ ਦੇ ਬਣਾ ਲਏ ਸਨ—

ਵੇ ਮੋੜੀਂ ਭਾਈ ਕੱਛ ਵਾਲਿਆ ਸਰਦਾਰਾ। ਧੀ ਸਾਡੀ ਗਈ, ਬਸਰੇ ਨੂੰ।

ਏਨ੍ਹਾਂ ਦੀਆਂ ਗੁੱਡੀਆਂ ਭੁਆਈਂ ਸਿੰਘਾ ਛਈ।

ਵੇ ਮੋੜੀ ਭਾਈ ਕੱਛ ਵਾਲਿਆ ਸਰਦਾਰਾ।

ਭੁਲੇਖਾ-ਦਰ-ਭੁਲੇਖਾ

ਸਾਡੀ ਮਾਨਸਿਕਤਾ ਵਿੱਚ ਏੱਥੋਂ ਤਕ ਗਿਰਾਵਟ ਆ ਗਈ ਹੈ ਕਿ ਹੁਣ ਕਈ ਵਾਰੀ ਕਈ ਗੁਰਦੁਆਰਿਆਂ ਵਿਚੋਂ ਰਾਮਨੌਮੀ ਤੇ ਜਨਮ ਅਸ਼ਟਮੀਆਂ ਦੇ ਸਮੇਂ ਗੁਰਬਾਣੀ ਦੇ ਉਹਨਾਂ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ ਜਿੰਨ੍ਹਾਂ ਵਿੱਚ ਰਾਮ ਤੇ ਕ੍ਰਿਸ਼ਨ ਦਾ ਜ਼ਿਕਰ ਆਉਂਦਾ ਹੈ। ਇਹਨਾਂ ਸ਼ਬਦਾਂ ਦਾ ਕੀਰਤਨ ਕਰਕੇ ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕੀਤਾ ਜਾਂਦਾ ਹੈ ਕਿ ਦੇਖੋ ਜੀ ਗੁਰਬਾਣੀ ਵਿੱਚ ਵੀ ਇਹ ਨਾਂ ਆਏ ਹਨ। ਅਸਲ ਵਿੱਚ ਅਸੀਂ ਬਹੁ ਗਿਣਤੀ ਦੇ ਪਿੱਛਲੱਗ ਬਣ ਕੇ ਉਹਨਾਂ ਨੂੰ ਹਰ ਹਾਲ ਵਿੱਚ ਖੁਸ਼ ਕਰਨ ਦਾ ਯਤਨ ਕਰ ਰਹੇ ਹਾਂ। ਅਜੇਹੀ ਪ੍ਰਕਿਰਿਆ ਵਿੱਚ ਅਸੀਂ ਸਿੱਖ ਸਿਧਾਂਤ ਦੀਆਂ ਜੂਲ਼ਾਂ ਹਿਲਾ ਰਹੇ ਹੁੰਦੇ ਹਾਂ। ਗੁਰਬਾਣੀ ਸਿਧਾਂਤ ਨੂੰ ਨਾ ਸਮਝਣ ਕਰਕੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਹੀ ਭੁਲੇਖਾ ਖੜਾ ਕਰ ਰਹੇ ਹਾਂ। ਪਹਿਲਾਂ ਕਿਸੇ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਪਰ ਹੁਣ ਟੀਵੀ ਮਾਧੀਅਮ ਰਾਂਹੀਂ ‘ਦੀਵਾਲੀ ਕੀ ਰਾਤ ਦੀਵੇ ਬਾਲੀਅਨਿ` ਆਦਿ ਤੁਕਾਂ ਨੂੰ ਅਧਾਰ ਬਣਾ ਕੇ ਏਦਾਂ ਗਾਇਨ ਕੀਤਾ ਗਿਆ ਹੈ ਕਿ ਸੁਣਨ ਵਾਲੇ ਨੂੰ ਇਹ ਹੀ ਮਹਿਸੂਸ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਉਣ ਲਈ ਜਾਂ ਦੀਵਾਲੀ ਮਨਾਉਣ ਲਈ ਕਹਿ ਰਹੇ ਹਨ। ਭਾਈ ਗੁਰਦਾਸ ਜੀ ਦੀ ਰਚਿਤ ਵਾਰਾਂ ਠੇਠ ਪੰਜਾਬੀ ਭਾਸ਼ਾ ਵਿੱਚ ਹਨ। ਭਾਈ ਗੁਰਦਾਸ ਜੀ ਜਦੋਂ ਕੋਈ ਗੁਰਮਤ ਦਾ ਨੁਕਤਾ ਸਮਝਾਉਂਦੇ ਹਨ ਕਈ ਕਈ ਦਲੀਲਾਂ ਦੇ ਕੇ ਫਿਰ ਗੁਰਮਤ ਦਾ ਨੁਕਤਾ ਦਸਦੇ ਹਨ ਤਾਂ ਕਿਸੇ ਕੋਈ ਮੁਗਾਲਤਾ ਨਾ ਲੱਗ ਜਾਏ। ਦੀਵਾਲੀ ਵਾਲੇ ਦਿਨ ਰਾਗੀ ਸਿੰਘ ਪਉੜੀ ਦੀ ਪਹਿਲੀ ਤੁਕ ਦਾ ਅਧਾਰ ਬਣਾ ਕੇ ਕੀਰਤਨ ਕਰਦੇ ਜਿਸ ਨਾਲ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਸ਼ਾਇਦ ਭਾਈ ਗੁਰਦਾਸ ਜੀ ਦੀਵਾਲੀ ਵਾਲੀ ਰਾਤ ਨੂੰ ਦੀਵੇ ਜਗਾਉਣ ਲਈ ਕਹਿ ਰਹੇ ਹਨ ਜਦ ਕਿ ਪਉੜੀ ਦੀ ਅਖੀਰਲੀ ਤੁਕ ਦਾ ਅਧਾਰ ਬਣਾ ਕਿ ਕੀਰਤਨ ਕੀਤਾ ਜਾਏ ਗੁਰਮਤ ਸਿਧਾਂਤ ਆਪਣੇ ਆਪ ਹੀ ਸਮਝ ਵਿੱਚ ਆ ਸਕਦਾ ਹੈ। ਭਾਈ ਗੁਰਦਾਸ ਜੀਲਿਖਦੇ ਹਨ

ਦੀਵਾਲੀ ਕੀ ਰਾਤ ਦੀਵੇ ਬਾਲੀਅਨ।

ਕਿ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ ਪਰ ਥੋਹੜੇ ਹੀ ਚਿਰ ਵਿੱਚ ਉਹਨਾਂ ਵਿਚੋਂ ਤੇਲ ਖਤਮ ਹੋ ਜਾਣ ਕਾਰਣ ਉਹ ਬੁਝ ਜਾਂਦੇ ਹਨ।

ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨ।

ਜਿਵੇਂ ਰਾਤ ਨੂੰ ਸੂਰਜ ਛੁਪਣ ਪਿਛੋਂ ਅਸਮਾਨ ਵਿੱਚ ਛੋਟੇ ਵੱਡੇ ਤਾਰੇ ਦਿਸਦੇ ਹਨ ਪਰ ਸਵੇਰੇ ਸੂਰਜ ਚੜ੍ਹਨ ਸਮੇਂ ਉਹ ਸਾਰੇ ਦਿਸਣੋਂ ਬੰਦ ਹੋ ਜਾਂਦੇ ਹਨ।

ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ।

ਜਿਵੇਂ ਫੁੱਲਾਂ ਦੀ ਬਗੀਚੀ ਵਿਚੋਂ ਚੁਣ ਚੁਣ ਕੇ ਖਿੜੇ ਫੁੱਲ ਤੋੜ ਕੇ ਉਹਨਾਂ ਦਾ ਹਾਰ ਬਣਾਇਆ ਜਾਂਦਾ ਹੈ ਅਤੇ ੳਨ੍ਹਾਂ ਵਿਚੋਂ ਸਗੰਧੀ ਲਈ ਜਾਂਦੀ ਹੈ ਪਰ ਥੋਹੜੇ ਹੀ ਸਮੇਂ ਉਹ ਫੁੱਲ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਵਿਚੋਂ ਸੁਗੰਧੀ ਦੀ ਥਾਂ ਬਦਬੂ ਆਉਣੀ ਸ਼ੂਰੂ ਹੋ ਜਾਂਦੀ ਹੈ।

ਤੀਰਥ ਜਾਤੀ ਜਾਤਿ ਨੈਣ ਨਿਹਾਲੀਅਨ।

ਜਿਵੇਂ ਮੇਲਿਆਂ ਸਮੇਂ ਯਾਤਰੀ ਤੀਰਥਾਂ `ਤੇ ਵੱਡੀ ਗਿਣਤੀ ਵਿੱਚ ਜਾਂਦੇ ਹਨ ਜਿਨ੍ਹਾਂ ਸਦਕਾ ਮੇਲੇ ਵਿੱਚ ਅੱਖਾਂ ਲਈ ਬਹੁਤ ਰੌਣਕ ਵੇਖਣ ਨੂੰ ਮਿਲਦੀ ਹੈ। ਪਰ ਮੇਲਾ ਵਿਛਣਨ `ਤੇ ਸਾਰੇ ਹੀ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਜਿਸ ਕਾਰਣ ਰੌਣਕ ਖਤਮ ਹੋ ਜਾਂਦੀ ਹੈ ਤੇ ਉਨ੍ਹਾਂ ਵਲੋਂ ਖਿਲਾਰਿਆ ਗੰਦ ਓੱਥੇ ਹੀ ਰਹਿ ਜਾਂਦਾ ਹੈ।

ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ।

ਹਰੀ ਚੰਦ ਦੀ ਖਿਆਲੀ ਨਗਰੀ ਚਿਤਵੀ ਜਾਂਦੀ ਹੈ ਪਰ ਅਸਲੀਅਤ ਵਿੱਚ ਅਜੇਹੀ ਕੋਈ ਨਗਰੀ ਨਹੀਂ ਹੁੰਦੀ। ਗੁਰਮੁਖਿ ਸੁਖ ਫਲ਼ ਦਾਤਿ ਸਬਦਿ ਸਮ੍ਹਲੀਅਨ। ੬।

ਪਰ ਗੁਰੂ ਦੀ ਦੀ ਸ਼ਰਨ ਵਿੱਚ ਪੈ ਕੇ ਸ਼ਬਦ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਣ ਨਾਲ ਗੁਰੂ ਪਾਸੋਂ ਸੁੱਖਾਂ ਦੀ ਦਾਤਿ ਮਿਲਦੀ ਜਿਹੜੀ ਹਮੇਸ਼ਾਂ ਵਾਸਤੇ ਆਨੰਦ ਵਿੱਚ ਰੱਖਦੀ ਹੈ।

ਇਸ ਪਉੜੀ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਲੋਕ ਦੀਵਾਲੀ ਸਦੀਆਂ ਤੋਂ ਮਨਾਉਂਦੇ ਆ ਰਹੇ ਸਨ।

ਸਨਾਤਨੀ ਮਤ ਵਾਲੇ ਪੁਜਾਰੀ ਜਦੋਂ ਦਰਬਾਰ ਸਾਹਿਬ `ਤੇ ਕਾਬਜ਼ ਸਨ ਤਾਂ ਉਹਨਾਂ ਨੇ ਦੀਵਾਲੀ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਿੱਚ ਕੋਈ ਦੇਰ ਨਹੀਂ ਕੀਤੀ। ਇੰਜ ਇਹ ਦੀਵਾਲੀ ਸਿੱਖਾਂ ਨੂੰ ਵੀ ਮਨਾਉਣ `ਤੇ ਲਗਾ ਦਿੱਤਾ। ਦੂਜਾ ਅਜੇਹੀਆਂ ਮਨਮਤਾਂ ਸਾਡੇ ਅਵੇਸਲਾ-ਪਨ ਕਰਕੇ ਹੀ ਸ਼ੁਰੂ ਹੋਈਆਂ ਹਨ। ਇੱਕ ਦੀਵਾਲੀ ਨਹੀਂ ਸਗੌਂ ਹੋਰ ਵੀ ਬਹੁਤ ਸਾਰੀਆਂ ਮਨਮਤਾਂ ਸਿੱਖ ਕੌਮ ਵਿੱਚ ਸ਼ੁਰੂ ਹੋਈਆਂ ਹਨ।

ਭਾਈ ਗੁਰਦਾਸ ਜੀ ਤਾਂ ਕਹਿ ਰਹੇ ਕਿ ਜਿਸ ਤਰ੍ਹਾਂ ਲੋਕ ਦੀਵਾਲੀ ਨੂੰ ਬੇਫਜੂਲ ਖਰਚ ਕਰਕੇ ਦੀਵੇ ਜਗਾਉਂਦੇ ਹਨ। ਤੇਲ ਮੁੱਕਣ `ਤੇ ਬੱਤੀ ਸੜ੍ਹ ਜਾਂਦੀ ਹੈ ਪਿੱਛੇ ਕੇਵਲ ਕਾਂਵਾਂ ਦੇ ਠੂੰਗਿਆ ਜੋਗੇ ਰਹਿ ਜਾਂਦੇ ਹਨ ਖਾਲੀ ਦੀਵੇ। ਰਾਤ ਨੂੰ ਤਾਰੇ ਬਹੁਤ ਖੁਬਸੂਰਤ ਲੱਗਦੇ ਹਨ ਪਰ ਸਵੇਰ ਹੁੰਦਿਆਂ ਹੀ ਉਹ ਸੂਰਜ ਦੀ ਰੌਸ਼ਨੀ ਕਰਕੇ ਅਲੋਪ ਹੋ ਜਾਂਦੇ ਹਨ। ਫੁੱਲ ਖਿੜੇ ਹੋਏ ਸੋਹਣੇ ਲੱਗਦੇ ਹਨ ਟੁੱਟਣ `ਤੇ ਉਹੀ ਫੁੱਲ ਬਦਬੂ ਮਾਰਨ ਲੱਗ ਜਾਂਦੇ ਹਨ। ਤੀਰਥ ਲੋਕਾਂ ਦੀ ਭੀੜ ਨਾਲ ਹੀ ਚੰਗੇ ਲਗਦੇ ਹਨ ਪਰ ਜਦੋਂ ਭੀੜ ਚਲੇ ਜਾਂਦੀ ਹੈ ਤਾਂ ਪਿੱਛੇ ਰਹਿ ਜਾਂਦਾ ਹੈ ਤੀਰਥ ਯਾਰਤੀਆਂ ਵਲੋਂ ਪਾਇਆ ਹੋਇਆ ਗੰਦ। ਭਾਈ ਸਾਹਿਬ ਜੀ ਗੁਰਮਤ ਦਾ ਨੁਕਤਾ ਸਮਝਾਉਂਦਿਆ ਹੋਇਆਂ ਫਰਮਾਇਆ ਹੈ ਕਿ ਅਸਲ ਸੁੱਖ ਦੀਵਾਲੀ `ਤੇ ਦੀਵੇ ਜਗਾਉਣ ਨਾਲ ਜਾਂ ਤੀਰਥਾਂ `ਤੇ ਯਾਤਰਾ ਕਰਨ ਨਾਲ ਨਹੀਂ ਆ ਸਕਦਾ ਇਹ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹੀ ਆ ਸਕਦਾ ਹੈ। ਗੁਰਮਤ ਦੇ ਸਿਧਾਂਤ ਨੂੰ ਸਮਝ ਕੇ ਜੀਵਨ ਵਿੱਚ ਆਪਨਾਉਣ ਨਾਲ ਹੀ ਆ ਸਕਦਾ ਹੈ। ਪਰ ਰਾਗੀਆਂ ਨੇ ਸਿੱਖ ਸਿਧਾਂਤ ਨਾਲ ਧਰੌਅ ਕਮਾਉਂਦਿਆਂ ਤੇ ਜੱਗੂੋਂ ਤਰ੍ਹਵੀਂ ਕਰਦਿਆਂ ਦੀਵਾਲੀ ਕੀ ਰਾਤ ਦੀਵੇ ਬਾਲੀਅਨਿ ਦਾ ਗਾਇਨ ਕਰਕੇ ਸਿਧਾਂਤ ਨੂੰ ਪੁੱਠਾ ਗੇੜਾ ਦਿੱਤਾ ਹੈ। ਚਾਹੀਦਾ ਤਾਂ ਇਹ ਸੀ ਇਸ ਪਉੜੀ ਦੀ ਮਗਰਲੀ ਤੁਕ ਗੁਰਮੁਖਿ ਸੁਖ ਫਲ਼ ਦਾਤਿ ਸਬਦਿ ਸਮ੍ਹਲੀਅਨ ਨੂੰ ਟੇਕ ਬਣਾ ਕਿ ਕੀਰਤਨ ਕਰਦੇ ਤਾਂ ਕਦੇ ਵੀ ਮਗਾਲਤਾ ਨਹੀਂ ਸੀ ਲਗਣਾ। ਜਦੋਂ ਕੀਰਤਨ ਦੀ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਦੀ ਟੇਕ ਰੱਖੀ ਹੋਵੇ ਜਾਵੇ ਤਾਂ ਕੁਦਰਤੀ ਲੋਕਾਂ ਦੀਵੇ ਬਾਲਣੇ ਹੀ ਹਨ।




.