.

ਗੁਰਬਾਣੀ ਸਾਨੂੰ ਅੱਖਾਂ ਮੀਟਣ ਲਈ ਸਿਖਿਆ ਨਹੀਂ ਦਿੰਦੀ ਹੈ

Gurmat does not teach us for closing the eyes

ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸਾਂ ਤੇ ਰਵਾਇਤਾ ਅਨੁਸਾਰ ਦੁਨੀਆਂ ਵਿੱਚ ਅਨੇਕਾਂ ਧਰਮ ਚਲ ਰਹੇ ਹਨ। ਧਰਮ ਦੀ ਗੱਲ ਮਨੁੱਖ ਦੇ ਮਨ ਅੰਦਰੋਂ ਤੇ ਉਸ ਦੀ ਸੋਚ ਵਿਚੋਂ ਸ਼ੁਰੂ ਹੁੰਦੀ ਹੈ। ਜੇਕਰ ਧਰਮ ਬਾਹਰੀ ਕਰਮ ਕਾਂਢ ਤੇ ਵਿਖਾਵਾ ਹੀ ਹੈ ਤਾਂ ਅਜੇਹਾ ਧਰਮ ਇੱਕ ਪਾਖੰਡ ਬਣ ਕੇ ਹੀ ਰਹਿ ਜਾਂਦਾ ਹੈ। ਗੁਰੂ ਸਾਹਿਬ ਤਾਂ ਸਾਨੂੰ ਅੱਖਾਂ ਖੋਲ ਕੇ ਗੁਰਬਾਣੀ ਸੁਣਨ, ਸਮਝਣ ਤੇ ਵੀਚਾਰਨ ਲਈ ਸਿਖਿਆ ਦਿੰਦੇ ਹਨ, ਪਰੰਤੂ ਅਸੀਂ ਦੂਸਰਿਆਂ ਦੇ ਭੰਬਲ ਭੂਸਿਆਂ ਵਿੱਚ ਫਸ ਕੇ ਤੇ ਅੱਖਾਂ ਮੀਟ ਕੇ ਅਗਿਆਨਤਾ ਵਲ ਜਾ ਰਹੇ ਹਾਂ।

ਇਹ ਮਨੁੱਖਾ ਜਨਮ ਦਾ ਸਮਾਂ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ, ਅਜੇਹਾ ਕਰਨ ਨਾਲ ਅਕਾਲ ਪੁਰਖੁ ਦਾ ਮੇਲ ਨਹੀਂ ਹੁੰਦਾ, ਤੇ ਨਾ ਹੀ ਇਹ ਉੱਚੇ ਆਚਰਨ ਦਾ ਇਹ ਕੋਈ ਤਰੀਕਾ ਹੈ। ਇਨ੍ਹਾਂ ਤਰੀਕਿਆਂ ਰਾਹੀਂ ਜਗਤ ਦੇ ਅਨੇਕਾਂ ਪਵਿਤਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ ਵਿਕਾਰਾਂ ਵਿੱਚ ਡੁੱਬਣ ਲੱਗ ਪੈਂਦਾ ਹੈ। ਜਗਤ ਵਿੱਚ ਅਕਾਲ ਪੁਰਖੁ ਦਾ ਨਾਮੁ ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਜੇਹੜੇ ਲੋਕ ਅੱਖਾਂ ਤਾਂ ਮੀਟਦੇ ਹਨ, ਨੱਕ ਵੀ ਫੜਦੇ ਹਨ, ਉਹ ਲੋਕ ਇਸ ਜਗਤ ਨੂੰ ਭੁਲੇਖਿਆਂ ਵਿੱਚ ਲਾ ਕੇ ਠੱਗਣ ਲਈ ਕਰਦੇ ਹਨ, ਇਹ ਭਗਤੀ ਨਹੀਂ, ਤੇ ਨਾ ਹੀ ਇਹ ਕੋਈ ਸ੍ਰੇਸ਼ਟ ਧਾਰਮਿਕ ਕੰਮ ਹੈ।

ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ ੧॥ ਰਹਾਉ॥ (੬੬੨-੬੬੩)

ਜਿਸ ਮਨੁੱਖ ਉਤੇ ਅਕਾਲ ਪੁਰਖੁ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹੈ, ਅਜੇਹਾ ਮਨੁੱਖ ਉਸ ਦੀਆਂ ਨਜ਼ਰਾਂ ਵਿੱਚ ਭਗਤ ਹੈ, ਉਸ ਦੇ ਦਰ ਤੇ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਲਈ ਚਿੱਤ ਜੋੜ ਕੇ, ਗੁਰੂ ਦੀ ਬਾਣੀ ਨਾਲ ਸੁਰਤਿ ਜੋੜ ਕੇ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ। ਉਹ ਗੁਰੂ ਐਸਾ ਸਮਰਥ ਹੈ, ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਗੁਰੂ ਦੀ ਦੱਸੀ ਹੋਈ ਸੇਵਾ ਵੀ ਫਲ ਲਿਆਉਂਦੀ ਹੈ। ਜੇਹੜੇ ਮਨੁੱਖ ਮਾਇਆ ਦੇ ਪਿਆਰ ਵਿੱਚ ਫਸ ਕੇ ਮਨ ਦੀਆਂ ਵਾਸਨਾਂ ਪੂਰੀਆਂ ਕਰਨ ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿੰਦੇ ਹਨ, ਉਹ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲੈਂਦੇ ਹਨ। ਜਿਸ ਮਨੁੱਖ ਨੂੰ ਗੁਰੂ ਉੱਤੇ ਸਰਧਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਜਸ ਗਾਇਨ ਕਰਦਾ ਹੈ, ਤੇ ਉਸ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਅਜੇਹਾ ਮਨੁੱਖ ਅਕਾਲ ਪੁਰਖੁ ਦੀ ਦਰਗਾਹ ਵਿੱਚ ਆਦਰ ਪ੍ਰਾਪਤ ਕਰਦਾ ਹੈ। ਪਰੰਤੂ ਜੇਹੜੇ ਫ਼ਰੇਬੀ ਮਨੁੱਖ, ਗੁਰੂ ਉਤੇ ਨਿਸਚਾ ਰੱਖਣ ਤੋਂ ਬਿਨਾ ਝੂਠ ਮੂਠ ਹੀ ਅੱਖਾਂ ਮੀਟਦੇ ਹਨ, ਸਮਾਧੀ ਲਾਈ ਬੈਠੇ ਰਹਿੰਦੇ ਹਨ, ਉਹਨਾਂ ਦਾ ਆਪਣੀ ਉੱਚਤਾ ਬਾਰੇ ਝੂਠਾ ਅਹੰਕਾਰ ਇੱਕ ਦਿਨ ਆਖ਼ਰ ਲਹਿ ਜਾਇਗਾ।

ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ  ॥ (੭੩੪)

ਤ੍ਵ ਪ੍ਰਸਾਦਿ ਸਵੱਯੇ ਵਿੱਚ ਵੀ ਅਜੇਹੀ ਸਿਖਿਆ ਦਿਤੀ ਗਈ ਹੈ ਕਿ, ਕੀ ਹੋਇਆ ਕਿ ਜੇ ਕੋਈ ਮਨੁੱਖ ਆਪਣੀਆਂ ਦੋਵੇਂ ਅੱਖਾਂ ਮੀਟ ਕੇ ਬਗਲੇ ਵਾਲੀ ਸਮਾਧੀ ਲਾ ਕੇ ਬੈਠਾ ਰਹੇ, ਅਜੇਹੀ ਸਮਾਧੀ ਦਾ ਕੋਈ ਲਾਭ ਨਹੀਂ ਹੈ। ਜੇ ਕੋਈ ਮਨੁੱਖ ਸੱਤਾਂ ਸਮੁੰਦਰਾਂ ਤੇ ਤੀਰਥਾਂ ਦਾ ਇਸ਼ਨਾਨ ਕਰਦਾ ਰਿਹਾ, ਤਾਂ ਉਸ ਨੇ ਆਪਣਾ ਇਸ ਲੋਕ ਦਾ ਸੁਖ ਤੇ ਅਤੇ ਪਰਲੋਕ ਦਾ ਸੁਖ, ਦੋਵੇਂ ਹੀ ਗਵਾ ਲਏ, ਕਿਉਂਕਿ ਉਸ ਨੇ ਅਕਾਲ ਪੁਰਖੁ ਦਾ ਨਾਮੁ ਤਾਂ ਚੇਤੇ ਨਹੀਂ ਕੀਤਾ, ਹੁਕਮੁ ਤੇ ਰਜਾ ਨੂੰ ਨਾ ਤਾਂ ਪਛਾਨਿਆ ਤੇ ਨਾ ਹੀ ਉਸ ਅਨੁਸਾਰ ਚਲਣ ਦਾ ਉਪਰਾਲਾ ਕੀਤਾ। ਜੇਕਰ ਮਨੁੱਖ ਨੇ ਵਿਕਾਰਾ ਦਾ ਸੰਗ ਕਰਕੇ ਆਪਣੀ ਸਾਰੀ ਉਮਰ ਐਵੇ ਬੈਠ ਕੇ ਹੀ ਗਵਾ ਦਿੱਤੀ, ਤਾਂ ਅਜੇਹੇ ਜੀਵਨ ਦਾ ਵੀ ਕੋਈ ਲਾਭ ਨਹੀਂ। ਇਸ ਸਵੱਯੇ ਵਿੱਚ ਸਾਰਿਆਂ ਨੂੰ ਅਸਲੀ ਸਚਾਈ ਬਾਰੇ ਇਹੀ ਸਮਝਾਂਇਆ ਗਿਆ ਹੈ, ਕਿ ਧਿਆਨ ਨਾਲ ਸੁਣੋ ਤੇ ਆਪਣੇ ਪੱਲੇ ਬੰਨ ਲਉ, ਕਿ ਜਿਨ੍ਹਾਂ ਨੇ ਅਕਾਲ ਪੁਰਖੁ ਤੇ ਉਸ ਦੀ ਕੁਦਰਤ ਨਾਲ ਪਿਆਰ ਕੀਤਾ ਹੈ, ਉਨ੍ਹਾਂ ਨੇ ਹੀ ਉਸ ਅਕਾਲ ਪੁਰਖੁ ਨੂੰ ਪਾਇਆ ਹੈ।

ਜੇਕਰ ਕੋਈ ਪਾਂਧੀ, ਰਾਹੀ ਨੂੰ ਰਾਹ ਤਾਂ ਪੁਛਦਾ ਹੈ, ਪਰ ਉਸ ਰਸਤੇ ਤੇ ਚਲਦਾ ਨਹੀਂ, ਇਸ ਤਰ੍ਹਾਂ ਗੱਲਾਂ ਗੱਲਾਂ ਨਾਲ ਅਕਾਲ ਪੁਰਖੁ ਦੇ ਦਰ ਤੇ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਹਕੀਮ ਨੂੰ ਦਵਾਈ ਤੇ ਇਲਾਜ ਬਾਰੇ ਤਾਂ ਪੁਛ ਲਈਏ, ਪਰ ਉਸ ਦਵਾਈ ਨੂੰ ਸੰਜਮ ਤੇ ਪਰਹੇਜ ਨਾਲ ਨਾ ਖਾਈਏ, ਤਾਂ ਇਸ ਤਰ੍ਹਾਂ ਕਰਨ ਨਾਲ ਰੋਗ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ, ਤੇ ਸਰੀਰ ਕਿਸ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ। ਜੇਕਰ ਕਿਸੇ ਸੁਹਾਗਨ ਨੂੰ ਸੁਹਾਗ ਨਾਲ ਰਾਜੀ ਖੁਸ਼ੀ ਰਹਿਣ ਲਈ ਤੇ ਸੁਖ ਦਾ ਪਰਿਵਾਰਕ ਜੀਵਨ ਜਿਉਂਣ ਲਈ ਚੱਜ ਆਚਾਰ ਤੇ ਵਿਹਾਰ ਤਾਂ ਪੁਛ ਲਈਏ, ਪਰ ਕਰਮ ਤੇ ਕਰਤੂਤਾਂ ਇੱਕ ਦੁਹਾਗਨ ਵਾਲੀਆਂ ਹੀ ਕਰੀਏ, ਆਪਣੇ ਹਿਰਦੇ ਵਿੱਚ ਬਿਭਚਾਰ ਵਾਲੀ ਭਾਵਨਾ ਰੱਖਈਏ, ਤਾਂ ਇਸ ਤਰ੍ਹਾਂ ਕਰਨ ਨਾਲ ਪਤੀ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਖਾਂ ਮੀਟ ਕੇ ਖਾਲੀ ਗਾਇਨ ਕਰਨ ਨਾਲ ਜਾਂ ਸੁਣਨ ਨਾਲ ਅਕਾਲ ਪੁਰਖੁ ਨੂੰ ਨਹੀਂ ਪਾਇਆ ਜਾ ਸਕਦਾ ਹੈ, ਜਦੋਂ ਤਕ ਗੁਰੁ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਕਮਾਈ ਨਾ ਕੀਤੀ ਜਾਵੇ।

ਪੂਛਤ ਪਥਕਿ, ਤਿਹ ਮਾਰਗ ਨ ਧਾਰੈ ਪਗਿ॥ ਪ੍ਰੀਤਮ ਕੈ ਦੇਸ, ਕੈਸੇ ਬਾਤਨੁ ਕੇ ਜਾਈਐ॥ ਪੂਛਤ ਹੈ ਬੈਦ, ਖਾਤ ਅਉਖਦ ਨ ਸੰਜਮ ਸੈ, ਕੈਸੇ ਮਿਟੈ ਰੋਗ, ਸੁਖ ਸਹਜ ਸਮਾਈਐ॥ ਪੂਛਤ ਸੁਹਾਗਨ, ਕਰਮ ਹੈ ਦੁਹਾਗਨਿ ਕੈ, ਰਿਦੈ ਬਿਬਿਚਾਰ, ਕਤ ਸਿਹਜਾ ਬੁਲਾਈਐ॥ ਗਾਏ ਸੁਨੇ ਆਂਖੇ ਮੀਚੈ, ਪਾਈਐ ਨ ਪਰਮਪਦੁ॥ ਗੁਰ ਉਪਦੇਸੁ, ਗਹਿ ਜਉ ਲਉ, ਨ ਕਮਾਈਐ॥ ੪੩੯॥ (ਕਬਿਤ ਭਾਈ ਗੁਰਦਾਸ ਜੀ)

ਗੁਰੂ ਅਮਰਦਾਸ ਸਾਹਿਬ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ ਦੇ ਨਾਲ ਨਾਲ ਮਨੁੱਖ ਦੀਆਂ ਅੱਖਾਂ ਨੂੰ ਵੀ ਸਮਝਾਂਦੇ ਹਨ ਕਿ, ਹੇ ਮੇਰੀਓ ਅੱਖੀਓ! ਅਕਾਲ ਪੁਰਖੁ ਨੇ ਤੁਹਾਡੇ ਅੰਦਰ ਆਪਣੀ ਜੋਤਿ ਟਿਕਾਈ ਹੈ, ਤਾਂ ਹੀ ਤੁਸੀ ਵੇਖਣ ਜੋਗੀਆਂ ਹੋ ਸਕੀਆਂ ਹੋ, ਇਸ ਲਈ ਜਿੱਧਰ ਵੀ ਤੱਕੋ, ਉਸ ਅਕਾਲ ਪੁਰਖੁ ਦਾ ਹੀ ਦੀਦਾਰ ਕਰੋ, ਅਕਾਲ ਪੁਰਖੁ ਤੋਂ ਬਿਨਾ ਤੁਹਾਨੂੰ ਹੋਰ ਕੋਈ ਵੀ ਗ਼ੈਰ ਨਾ ਦਿੱਸੇ, ਆਪਣੀ ਨਿਗਾਹ ਨਾਲ ਅਕਾਲ ਪੁਰਖੁ ਨੂੰ ਸਾਰਿਆਂ ਵਿੱਚ ਵਸਦਾ ਵੇਖੋ। ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਸਭ ਅਕਾਲ ਪੁਰਖੁ ਦਾ ਹੀ ਰੂਪ ਹੈ, ਤੇ ਅਕਾਲ ਪੁਰਖੁ ਦਾ ਹੀ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ ਚਾਰੇ ਚੁਫੇਰੇ ਵੇਖਦਾ ਹਾਂ, ਤਾਂ ਹਰ ਥਾਂ ਇੱਕ ਅਕਾਲ ਪੁਰਖੁ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁੱਝ ਨਹੀਂ। ਗੁਰੁ ਸਾਹਿਬ ਸਮਝਾਂਦੇ ਹਨ ਕਿ, ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿੱਚ ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਨ੍ਹਾਂ ਵਿੱਚ ਰੌਸ਼ਨੀ ਆਈ, ਹੁਣ ਇਨ੍ਹਾਂ ਨੂੰ ਹਰ ਥਾਂ ਅਕਾਲ ਪੁਰਖੁ ਦਾ ਰੂਪ ਦਿੱਸਣ ਲੱਗ ਪਿਆ ਹੈ। ਇਹ ਆਤਮਿਕ ਦੀਦਾਰ ਹੀ ਅਸਲੀ ਆਨੰਦ ਦਾ ਮੂਲ ਹੈ।

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥ ੩੬॥ (੯੨੨)

ਗੁਰੂ ਸਾਹਿਬ ਸਮਝਾਂਦੇ ਹਨ ਕਿ, ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਅਕਾਲ ਪੁਰਖੁ! ਤੇਰੀ ਪੂਰਨ ਬਖ਼ਸ਼ਸ਼ ਹੋਏ ਤੇ, ਮੈਨੂੰ ਗੁਰੂ ਮਿਲ ਜਾਵੇ। ਮੇਰੀ ਇਹ ਅਰਜ਼ੋਈ ਸੁਣ, ਗੁਰੂ ਦੁਆਰਾ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮੁ ਬਖ਼ਸ਼। ਸਭ ਦਾਤਾਂ ਦੇਣ ਵਾਲੇ ਅਕਾਲ ਪੁਰਖੁ! ਮੈਨੂੰ ਆਪਣੀ ਸਰਨ ਵਿੱਚ ਰੱਖ। ਸਬਦ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਹੇ ਮੇਰੇ ਮਿੱਤਰ ਅਕਾਲ ਪੁਰਖੁ! ਮੇਰੀ ਅਰਜ਼ੋਈ ਸੁਣ ਤੇ ਮੇਰੇ ਤੇ ਮੇਹਰ ਕਰ ਤਾਂ ਜੋ ਤੇਰੇ ਸੋਹਣੇ ਚਰਨ ਮੇਰੇ ਚਿੱਤ ਅੰਦਰ ਵੱਸ ਜਾਣ। ਸਭ ਗੁਣਾਂ ਦੇ ਖ਼ਜ਼ਾਨੇ ਤੇ ਪੂਰਨ ਅਕਾਲ ਪੁਰਖੁ, ਤੇਰਾ ਸੇਵਕ ਨਾਨਕ ਤੇਰੇ ਦਰ ਤੇ ਇੱਕ ਅਰਜ਼ ਕਰਦਾ ਹੈ, ਮੇਰੇ ਉਪਰ ਕਿਰਪਾ ਕਰ ਤੇ ਮੈਨੂੰ ਨਾਨਕ ਨੂੰ ਕਦੇ ਵੀ ਨਾ ਭੁੱਲ।

ਸੂਹੀ ਮਹਲਾ ੫॥ ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ ੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ॥ ਦੇਹਿ ਨਾਮੁ ਕਰਿ ਅਪਣੇ ਚੇਰੇ॥ ੧॥ ਰਹਾਉਅਪਣੀ ਸਰਣਿ ਰਾਖੁ ਪ੍ਰਭ ਦਾਤੇ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ॥ ੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ॥ ਚਰਣ ਕਮਲ ਵਸਹਿ ਮੇਰੈ ਚੀਤਾ॥ ੩॥ ਨਾਨਕੁ ਏਕ ਕਰੈ ਅਰਦਾਸਿ॥ ਵਿਸਰੁ ਨਾਹੀ ਪੂਰਨ ਗੁਣਤਾਸਿ॥ ੪॥ ੧੮॥ ੨੪॥ (੭੪੨)

ਦਰਸਨੁ ਸ਼ਬਦ ਵਿੱਚ ਨੂੰ ਅਖੀਰ ਤੇ ਔਕੁੜ ਹੈ, "ਦਰਸਨੁ ਦੇਖਿ ਜੀਵਾ ਗੁਰ ਤੇਰਾ॥", ਭਾਵ ਇੱਕ ਵਚਨ ਹੈ। ਇਥੇ ਸਬਦ ਗੁਰੂ ਦੁਆਰਾ ਉਸ ਇੱਕ ਅਕਾਲ ਪੁਰਖੁ ਦੇ ਦਰਸਨੁ ਦੀ ਗੱਲ ਹੋ ਰਹੀ ਹੈ। ਰਹਾਉ ਦੀ ਪੰਗਤੀ ਵਿੱਚ ਉਸ ਸ਼ਬਦ ਦਾ ਮੂਲ ਭਾਵ ਹੁੰਦਾਂ ਹੈ। ਇਸ ਵਿੱਚ ਇਹੀ ਬੇਨਤੀ ਕੀਤੀ ਜਾ ਰਹੀ ਹੈ, ਕਿ "ਇਹ ਬੇਨੰਤੀ ਸੁਣਿ ਪ੍ਰਭ ਮੇਰੇ॥ ਦੇਹਿ ਨਾਮੁ ਕਰਿ ਅਪਣੇ ਚੇਰੇ॥ ੧॥ ਰਹਾਉ॥" ਇਸ ਦਾ ਭਾਵ ਹੈ ਕਿ, ਹੇ ਮੇਰੇ ਅਕਾਲ ਪੁਰਖੁ ਮੇਰੀ ਇਹ ਅਰਜ਼ੋਈ ਸੁਣ, ਗੁਰੂ ਦੀ ਰਾਹੀਂ ਮੈਨੂੰ ਆਪਣਾ ਸੇਵਕ ਬਣਾ ਕੇ, ਆਪਣਾ ਨਾਮ ਬਖ਼ਸ਼।

ਹੁਣ ਸਵਾਲ ਪੈਦਾ ਹੁੰਦਾਂ ਹੈ ਕਿ ਨਾਮੁ ਕੀ ਹੈ। ਇਹ ਧਿਆਨ ਵਿੱਚ ਰੱਖਣਾਂ ਹੈ ਕਿ, ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ, ਵਾਰ ਵਾਰ, "ਵਾਹਿਗੁਰੂ ਵਾਹਿਗੁਰੂ" ਕਰੀ ਜਾਣਾ ਨਾਮੁ ਹੈ। ਅਜੇਹਾ ਕਰਨਾ ਨਾਲ ਅਸੀਂ ਗੁਰਮਤਿ ਦਾ ਮਾਰਗ ਤਿਆਗ ਕੇ ਹੋਰਨਾ ਮੱਤਾ ਵਲ ਜਾ ਰਹੇ ਹਾਂ।

ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥

ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ੫॥ (੭੨)

ਸਾਰੀ ਸ੍ਰਿਸ਼ਟੀ ਵਿੱਚ ਅਕਾਲ ਪੁਰਖੁ ਨੂੰ ਰਮਿਆ ਹੋਇਆ ਵੇਖਣਾ ਹੈ। ਸਾਰੀ ਸ੍ਰਿਸ਼ਟੀ ਉਸ ਦਾ ਸਰਗੁਣ ਰੂਪ ਹੈ। ਸਾਰੀ ਸ੍ਰਿਸ਼ਟੀ ਵਿੱਚ ਉਸ ਅਕਾਲ ਪੁਰਖੁ ਦਾ ਨਾਮੁ ਵੀ ਚਲ ਰਿਹਾ ਹੈ ਤੇ ਉਸ ਦਾ ਹੁਕਮੁ ਵੀ ਚਲ ਰਿਹਾ ਹੈ। ਨਾਮੁ ਸਬੰਧੀ ਵਿਸਥਾਰ ਲਈ ਹੇਠ ਲਿਖੀ ਕਿਤਾਬ ਪੜ੍ਹ ਸਕਦੇ ਹੋ ਜੀ:

"ਗੁਰੂ ਗਰੰਥ ਸਾਹਿਬ ਅਤੇ ਨਾਮੁ"

http://www.geocities.ws/sarbjitsingh/BookGuruGranthSahibAndNaam.pdf

http://www.sikhmarg.com/pdf-files/sggs-naam.pdf

http://www.singhsabhacanada.com/wp-content/uploads/2017/09/Book-Guru-Granth-Sahib-and-Naam-20170901-1.pdf,

ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਮੂਢਲਾ ਸਿਧਾਂਤ (Basic Principle of Sikhism) ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ, ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿੱਚ ਅਪਨਾਉਣਾ ਹੈ। ਗੁਰੂ ਦੇ ਸੇਵਕ ਨੇ ਭਾਵੇਂ ਉਹ ਸੁਤਾ ਹੋਵੇ ਜਾਂ ਜਾਗਦਾ, ਕੰਮ ਕਰਦਾ ਹੋਵੇ ਜਾਂ ਖਾਣਾ ਖਾਂਦਾ ਹੋਵੇ, ਗੱਡੀ ਚਲਾਉਂਦਾ ਹੋਵੇ ਜਾਂ ਮਸ਼ੀਨ ਤੇ ਕੰਮ ਕਰਦਾ ਹੋਵੇ, ਹਰ ਸਮੇਂ ਦਿਨ ਰਾਤ ਲਗਾਤਾਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਵਿੱਚ ਵਿਚਰਦੇ ਰਹਿੰਣਾਂ ਹੈ। ਜੇਕਰ ਅਸੀਂ ਆਪਣਾ ਮਨ ਬਣਾ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਏ ਤਾਂ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਇਸ ਲਈ ਭਾਵੇਂ ਅਸੀਂ ਸੁੱਤੇ ਹੋਈਏ ਜਾਂ ਜਾਗਦੇ ਹੋਈਏ, ਹਰ ਸਮੇਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿੱਚ ਚਲ ਸਕਦੇ ਹਾਂ।

ਗੁਰਬਾਣੀ ਵਿੱਚ ਤਿੰਨ ਜੀਵਾਂ ਦਾ ਜਿਕਰ ਆਉਂਦਾ ਹੈ। ਮੱਛੀ = ਪਾਣੀ ਮੰਗਦੀ ਹੈ, ਭਾਂਵੇ ਕੋਈ ਵੀ ਹੋਵੇ। ਬਬੀਹਾ = ਸਿਰਫ ਸੰਵਾਤੀ ਬੂੰਦ ਮੰਗਦਾ ਹੈ। ਮੋਰ = ਨਾ ਪਾਣੀ, ਨਾ ਸੰਵਾਤੀ ਬੂੰਦ, ਸਿਰਫ ਬੱਲਦ ਮੰਗਦਾ ਹੈ। ਸਿੱਖ ਅਜੇਹਾ ਨਹੀਂ ਹੋਣਾ ਚਾਹੀਦਾ ਹੈ, ਕਿ ਮੱਛੀ ਦੀ ਤਰ੍ਹਾਂ ਕੋਈ ਵੀ ਗੁਰੂ ਚਲੇਗਾ। ਅਰਦਾਸ ਇਹ ਨਹੀਂ ਹੋਣੀ ਚਾਹੀਦੀ ਹੈ, ਕਿ ਜੇ ਮੰਗ ਪੂਰੀ ਹੋਈ ਤਾਂ ਹੀ ਪ੍ਰਸੰਨ ਹੋਣਾਂ ਹੈ, ਜਿਸ ਤਰ੍ਹਾਂ ਕਿ ਬਬੀਹਾ। ਸਿੱਖ ਇਸ ਤਰ੍ਹਾਂ ਦਾ ਹੋਣਾਂ ਚਾਹੀਦਾ ਹੈ, "ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ" (੧੩੯੨)। ਮੱਛੀ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ, ਪਰੰਤੂ ਪਾਣੀ ਦੀ ਪ੍ਰੀਤ ਮੱਛੀ ਨਾਲ ਨਹੀਂ ਹੁੰਦੀ ਹੈ। ਚਕਵੀ ਦੀ ਪ੍ਰੀਤ ਚਕੋਰ ਨਾਲ ਹੁੰਦੀ ਹੈ, ਪਰੰਤੂ ਚਕੋਰ ਦੀ ਪ੍ਰੀਤ ਚਕਵੀ ਨਾਲ ਨਹੀਂ ਹੁੰਦੀ ਹੈ। ਪਤੰਗੇ ਦੀ ਪ੍ਰੀਤ ਦੀਪਕ ਨਾਲ ਹੁੰਦੀ ਹੈ, ਪਰੰਤੂ ਦੀਪਕ ਦੀ ਪ੍ਰੀਤ ਪਤੰਗੇ ਨਾਲ ਨਹੀਂ ਹੁੰਦੀ ਹੈ। ਪਰੰਤੂ ਸਿੱਖ ਧਰਮ ਵਿਚ, ਗੁਰੂ ਤੇ ਚੇਲੇ ਦੀ ਪ੍ਰੀਤ ਦੋਵੇ ਪਾਸੇ ਹੁੰਦੀ ਹੈ।

ਸਿੱਖ ਧਰਮ ਵਿੱਚ ਅੱਖਾਂ ਨਾਲ ਵੇਖਣ ਵਾਲਾ ਦਰਸ਼ਨ ਪਰਵਾਨ ਨਹੀਂ। ਗੁਰਮਤਿ ਅਨੁਸਾਰ ਅੱਖਾਂ ਮੀਟ ਕੇ ਬੈਠਣਾਂ ਵੀ ਪਰਵਾਨ ਨਹੀਂ। ਇੱਕ ਗੱਲ ਦਾ ਧਿਆਨ ਰੱਖਣਾਂ ਹੈ ਕਿ, ਅੱਖਾਂ ਮੀਟ ਕੇ ਬਗਲੇ ਵਾਗੂੰ ਲੁਟਣ ਵਾਲੇ ਪੱਬਾਂ ਜਾ ਸ਼ਰਾਬਖਾਨਿਆਂ ਵਿੱਚ ਨਹੀਂ ਬੈਠੇ ਹੁੰਦੇ ਹਨ, ਇਹ ਤਾਂ ਧਰਮ ਅਸਥਾਨਾਂ ਤੇ ਬੈਠੇ ਹੁੰਦੇ ਹਨ, ਇਸ ਲਈ ਇਨ੍ਹਾਂ ਕੋਲੋ ਬਚ ਕੇ ਰਹਿੰਣਾਂ ਹੈ।

ਮਨ ਵਿੱਚ ਸਬਦ ਗੁਰੂ ਦੁਆਰਾ ਅਕਾਲ ਪੁਰਖ ਨੂੰ ਯਾਦ ਕਰਨਾ ਹੈ, ਜੀਭ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖ ਦਾ ਨਾਮੁ ਜਪਣਾ ਹੈ। ਅੱਖਾਂ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਨੂੰ ਹਰੇਕ ਦੇ ਹਿਰਦੇ ਵਿੱਚ ਵਸਦਾ ਵੇਖਣਾ ਹੈ। ਪੇਖਣਾ ਦਾ ਭਾਵ, ਉਹ ਤੱਕਣਾ ਹੈ, ਜੋ ਸਤਿਗੁਰੁ ਨੇ ਆਪਣੇ ਉਪਦੇਸ਼ ਦੁਆਰਾ ਸਮਝਾਇਆ ਹੈ। ਕੰਨਾਂ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣਨਾ। ਜੇਕਰ ਆਪਣੇ ਗੁਰੂ ਦੇ ਪਿਆਰ ਵਿੱਚ ਰੰਗੇ ਜਾਈਏ ਤਾਂ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਥਾਂ ਮਿਲ ਸਕਦਾ ਹੈ। ਅਕਾਲ ਪੁਰਖੁ ਉਸ ਮਨੁੱਖ ਨੂੰ ਇਹ ਦਾਤ, ਦੇਂਦਾ ਹੈ, ਜਿਸ ਉਤੇ ਉਹ ਆਪਣੀ ਮੇਹਰ ਕਰਦਾ ਹੈ। ਅਜੇਹੇ ਬੰਦੇ ਜਗਤ ਵਿੱਚ ਸ੍ਰੇਸ਼ਟ ਅਖਵਾਉਂਦੇ ਹਨ, ਪਰੰਤੂ ਅਜੇਹੇ ਗੁਰਮੁਖ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।

ਸਲੋਕੁ ਮਃ ੫॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥ ੧॥ (੫੧੭)

ਕਬੀਰ ਸਾਹਿਬ ਸਮਝਾਂਦੇ ਹਨ ਕਿ, ਹੁਣ ਤਾਂ ਮੈਂ ਜਿੱਧਰ ਅੱਖਾਂ ਖੋਲ੍ਹ ਕੇ ਤੱਕਦਾ ਹਾਂ, ਮੈਨੂੰ ਅਕਾਲ ਪੁਰਖੁ ਤੋਂ ਬਿਨਾ ਹੋਰ ਓਪਰਾ ਕੋਈ ਦਿੱਸਦਾ ਹੀ ਨਹੀਂ (ਭਾਈ ਘਨਈਆ ਜੀ ਦੀ ਤਰ੍ਹਾਂ)। ਮੇਰੀਆਂ ਅੱਖਾਂ ਅਕਾਲ ਪੁਰਖੁ ਨਾਲ ਪਿਆਰ ਲਾਈ ਬੈਠੀਆਂ ਹਨ, ਮੈਨੂੰ ਹਰ ਪਾਸੇ ਅਕਾਲ ਪੁਰਖੁ ਹੀ ਦਿੱਸਦਾ ਹੈ, ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ ਭਾਵ, ਮੈਂ ਹੁਣ ਇਹ ਆਖਣ ਜੋਗਾ ਹੀ ਨਹੀਂ ਰਿਹਾ ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਵੀ ਹੋ ਸਕਦਾ ਹੈ। ਜਦੋਂ ਤੋਂ ਮੇਰਾ ਚਿੱਤ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਗਿਆ ਹੈ, ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਹਸਤੀ ਵੀ ਜਗਤ ਵਿੱਚ ਹੋ ਸਕਦੀ ਹੈ। ਇਸ ਭੁਲੇਖੇ ਦੇ ਦੂਰ ਹੋਣ ਨਾਲ, ਹੁਣ ਮੈਂਨੂੰ ਕੋਈ ਡਰ ਨਹੀਂ ਰਹਿ ਗਿਆ ਹੈ, ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ। ਅਕਾਲ ਪੁਰਖੁ ਨਾਲ ਮਿਲਾਪ ਹੋਣ ਦੀ ਅਵਸਥਾ ਵਿਚ, ਹਰ ਥਾਂ ਅਕਾਲ ਪੁਰਖੁ ਆਪ ਹੀ ਦਿੱਸਦਾ ਹੈ, ਇਹ ਜਗਤ ਉਸੇ ਦੀ ਹੀ ਬਣਾਈ ਹੋਈ ਖੇਡ ਪ੍ਰਤੀਤ ਹੁੰਦੀ ਹੈ। ਪਰ ਇਹ ਅਵਸਥਾ ਗੁਰੂ ਦੀ ਮਿਹਰ ਨਾਲ ਆਪਾ ਭਾਵ ਦੂਰ ਕਰਨ ਨਾਲ ਹੀ ਮਿਲ ਸਕਦੀ ਹੈ।

ਘਰੁ ੨॥ ਦੁਇ ਦੁਇ ਲੋਚਨ ਪੇਖਾ॥ ਹਉ ਹਰਿ ਬਿਨੁ ਅਉਰੁ ਨ ਦੇਖਾ॥ ਨੈਨ ਰਹੇ ਰੰਗੁ ਲਾਈ॥ ਅਬ ਬੇ ਗਲ ਕਹਨੁ ਨ ਜਾਈ॥ ੧॥ ਹਮਰਾ ਭਰਮੁ ਗਇਆ ਭਉ ਭਾਗਾ॥ ਜਬ ਰਾਮ ਨਾਮ ਚਿਤੁ ਲਾਗਾ॥ ੧॥ ਰਹਾਉ॥ {ਪੰਨਾ ੬੫੫}

ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, ਅਜੇ ਵੀ ਮੈਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ, ਤੇ ਇਹ ਪਿਆਸ ਬੁੱਝਦੀ ਨਹੀਂ। ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ, ਉਨ੍ਹਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ। ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।

ਸਲੋਕੁ॥ ਲੋਇਣ ਲੋਈ ਡਿਠ ਪਿਆਸ ਨ ਬੂਝੈ ਮੂ ਘਣੀ॥ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥ ੧॥ (੫੭੭)

ਜੇ ਕੋਈ ਮਨੁੱਖ ਗੁਰੂ ਦੇ ਸਬਦ ਨਾਲ ਪ੍ਰੇਮ ਪਿਆਰ ਜੋੜੇ, ਤਾਂ ਗੁਰੂ ਦੇ ਦਿੱਤੇ ਹੋਏ ਸਬਦ ਦੁਆਰਾ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਉਸ ਦੇ ਮਨ ਵਿੱਚ ਵੱਸ ਜਾਂਦਾ ਹੈ। ਪਰੰਤੂ ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸਬਦ ਨਾਲ ਪ੍ਰੇਮ ਪਿਆਰ ਪੈਦਾ ਕਰਦਾ ਹੈ। ਗੁਰੂ ਦੇ ਸਬਦ ਵਿੱਚ ਚਿੱਤ ਜੋੜਿਆਂ ਸਦਾ ਆਤਮਕ ਆਨੰਦ ਮਿਲਦਾ ਰਹਿੰਦਾ ਹੈ। ਗੁਰੂ ਦੇ ਸਬਦ ਵਿੱਚ ਸੁਰਤਿ ਟਿਕਾਣ ਨਾਲ ਵਿਕਾਰਾਂ ਤੋਂ ਖ਼ਲਾਸੀ ਪਾਣ ਲਈ ਰਾਹ ਲੱਭ ਪੈਂਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਿਆਂ ਮਨੁੱਖ ਦੇ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਤੇ ਗੁਰੂ ਦੀ ਸਰਨ ਵਿੱਚ ਆਉਂਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ। ਉਹ ਗੁਰਮੁਖਿ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਲੀਨ ਰਹਿੰਦਾ ਹੈ।

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ॥ ਗੁਰਮੁਖਿ ਤਾ ਕਉ ਲਗੈ ਨ ਪੀਰ॥ ਜਮਕਾਲੁ ਤਿਸੁ ਨੇੜਿ ਨ ਆਵੈ॥ ਨਾਨਕ ਗੁਰਮੁਖਿ ਸਾਚਿ ਸਮਾਵੈ॥ ੪॥ ੧॥ ੪੦॥ (੩੬੧)

ਜਦੋਂ ਕੋਈ ਮਨੁੱਖ ਅੱਖਾਂ ਮੀਟ ਕੇ ਕੁੱਝ ਸੋਚਣ ਦਾ ਯਤਨ ਅਰੰਭ ਕਰਦਾ ਹੈ, ਤਾਂ ਉਹ ਕੁੱਝ ਕੁ ਸੰਿਕੰਟਾਂ ਬਾਅਦ ਆਪਣੇ ਮਨ ਦੇ ਅਧੀਨ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਉਸ ਦੇ ਵੀਚਾਰ ਕੇਂਦ੍ਰਿਤ ਹੋਣ ਦੀ ਬਜਾਏ, ਖਿੰਡਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਤੇ ਸੁਪਨਿਆਂ ਵਿੱਚ ਗਵਾਚਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਦੇ ਸਿੱਖ ਨੇ ਤਾਂ ਮਨ ਨੂੰ ਆਪਣੇ ਅਧੀਨ ਕਰਨਾ ਹੈ, ਆਪਣੇ ਮਨ ਤੇ ਕਾਬੂ ਰੱਖਣਾ ਹੈ, ਆਪਣੇ ਮਨ ਨੂੰ ਜਿਤਣਾ ਹੈ। ਜੇਕਰ ਉਹ ਆਪਣੇ ਮਨ ਦਾ ਗੁਲਾਮ ਹੀ ਬਣ ਕੇ ਰਹਿ ਗਿਆ ਤਾਂ "ਮਨਿ ਜੀਤੈ ਜਗੁ ਜੀਤੁ॥", ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਦੇ ਉਲਟ ਜਦੋਂ ਕੋਈ ਮਨੁੱਖ ਅੱਖਾਂ ਖੋਲ ਕੇ ਕੁੱਝ ਕਰਨ ਜਾ ਸੋਚਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਧਿਆਨ ਹਮੇਸ਼ਾਂ ਉਸੇ ਕੰਮ ਵਲ ਕੇਂਦ੍ਰਿਤ ਰਹਿੰਦਾ ਹੈ। ਖੁਲੀਆਂ ਅੱਖਾਂ ਮਨੁੱਖ ਦੀ ਸੋਚ ਨੂੰ ਇਧਰ ਉਧਰ ਨਹੀਂ ਜਾਣ ਦਿੰਦੀਆਂ ਹਨ। ਮਨ ਖਿੰਡਣ ਦੀ ਬਜਾਏ ਉਸੇ ਵਿਸ਼ੇ ਜਾਂ ਕੰਮ ਵਲ ਕੇਂਦ੍ਰਿਤ ਰਹਿੰਦਾ ਹੈ, ਤੇ ਅਜੇਹਾ ਮਨੁੱਖ ਦੂਰ ਡੂੰਗਿਆਈ ਤਕ ਸੋਚ ਸਕਦਾ ਹੈ।

ਅੰਤ ਵਿੱਚ ਦਾਸ ਇਹੀ ਬੇਨਤੀ ਕਰੇਗਾ, ਕਿ ਸਿੱਖ ਨੇ ਕਰਮ ਕਾਂਡ ਤੇ ਰਵਾਇਤਾ ਤਿਆਗ ਕੇ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਅੱਖਾਂ ਖੋਲ ਕੇ, ਪੂਰੀ ਸੋਚ ਵੀਚਾਰ ਤੇ ਸਮਝ ਨਾਲ ਦਰਸ਼ਨ ਕਰਨੇ ਹਨ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਹੈ, ਉਸਅਕਾਲ ਪੁਰਖੁ ਨੂੰ ਸਬਦ ਗੁਰੂ ਦੁਆਰਾ ਆਪਣੇ ਹਿਰਦੇ ਵਿੱਚ ਵਸਾਉਂਣਾਂ ਹੈ। ਗੁਰੂ ਦੀ ਮਿਹਰ ਨਾਲ ਆਪਣੇ ਆਤਮਕ ਜੀਵਨ ਵਿੱਚ ਚਾਨਣ ਪੈਦਾ ਕਰਨਾ ਹੈ, ਤਾਂ ਜੋ ਖੋਟੀ ਮਤਿ ਤੇ ਵਿਕਾਰ ਤਿਆਗੇ ਜਾ ਸਕਣ। ਮਨ ਤੇ ਤਨ ਵਿੱਚ ਖੁਸ਼ਹਾਲੀ ਪੈਦਾ ਕੀਤੀ ਜਾ ਸਕੇ ਤੇ ਜੀਵਨ ਸਬਰ ਸੰਤੋਖ ਤੇ ਆਨੰਦ ਵਾਲਾ ਬਣ ਸਕੇ।  ਗੁਰੂ ਦੇ ਸਿੱਖ ਨੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਉਦਮ ਉਪਰਾਲੇ ਕਰਦੇ ਹੋਏ, ਜੀਵਨ ਦੇ ਹਰੇਕ ਪਹਿਲੂ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ।

ਮਾਰੂ ਮਹਲਾ ੫॥ ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ॥ ੧॥ ਰਹਾਉ॥ ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ॥ ੧॥ (੧੦੧੮)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"

 

(ਡਾ: ਸਰਬਜੀਤ ਸਿੰਘ)

(Dr. Sarbjit Singh)

 
 

ਆਰ ਐਚ ੧/ਈ - ੮, ਸੈਕਟਰ - ੮,

RH1 / E-8, Sector-8,

 
 

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

 
   

Email = [email protected]

 
   

Web = http://www.geocities.ws/sarbjitsingh

 
   

http://www.sikhmarg.com/article-dr-sarbjit.html

 



.