. |
|
ਮੋਦੀ ਨਿਜ਼ਾਮ ਫਾਸ਼ੀਵਾਦ ਤੇ ਨਾਜ਼ੀਵਾਦ ਦੇ ਰਾਹਾਂ ਤੇ----
-ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ-ਸਿੱਖ ਵਿਰਸਾ, ਕਨੇਡਾ)
ਫੋਨ: 403-681-8689 ਈਮੇਲ:
[email protected]
ਮਨੁੱਖੀ ਇਤਿਹਾਸ ਅਨੇਕਾਂ ਤਰ੍ਹਾਂ ਦੇ ਵਾਦਾਂ ਦੇ ਵਾਦ-ਵਿਵਾਦਾਂ ਨਾਲ ਭਰਿਆ
ਪਿਆ ਹੈ। ਸਮੇਂ-ਸਮੇਂ ਅਜਿਹੇ ਵਾਦਾਂ ਨੇ ਮਨੁੱਖਤਾ ਲਈ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਖੜ੍ਹੀਆਂ
ਕੀਤੀਆਂ ਹਨ। ਇਨ੍ਹਾਂ ਵਾਦਾਂ ਵਿਚੋਂ ਪਿਛਲੀ ਸਦੀ ਦੇ ਪ੍ਰਮੁੱਖ ਵਾਦਾਂ, ਜਿਨ੍ਹਾਂ ਨੇ ਮਨੁੱਖਤਾ ਦਾ
ਬੜੀ ਵੱਡੀ ਪੱਧਰ ਤੇ ਘਾਣ ਕੀਤਾ, ਉਹ ਸਨ; ‘ਫਾਸ਼ੀਵਾਦ’ ਤੇ ‘ਨਾਜ਼ੀਵਾਦ’। ਪਿਛਲੀ ਸਦੀ ਦੇ
ਦੂਜੇ ਤੇ ਤੀਜੇ ਦਹਾਕੇ ਵਿੱਚ ਇਨ੍ਹਾਂ ਦੋਨਾਂ ਵਾਦਾਂ ਨੇ ਮਨੁੱਖਤਾ ਦੇ ਇਤਿਹਾਸ ਵਿੱਚ ਅਜਿਹਾ
ਕੁਹਰਾਮ ਮਚਾਇਆ ਸੀ, ਜਿਸਨੂੰ ਇਤਿਹਾਸ ਦੇ ਖੂਨੀ ਪੰਨਿਆਂ ਨਾਲ ਯਾਦ ਕੀਤਾ ਜਾਂਦਾ ਹੈ। ਇਤਿਹਾਸ ਦੇ
ਅਜਿਹੇ ਖੂਨੀ ਪੰਨਿਆਂ ਨੂੰ ਯਾਦ ਰੱਖਣ ਦਾ ਮਕਸਦ ਸਿਰਫ ਇਹੀ ਹੈ ਕਿ ਅਜਿਹਾ ਕੁੱਝ ਦੁਬਾਰਾ ਨਾ
ਵਾਪਰੇ, ਪਰ ਬਦਕਿਸਮਤੀ ਨਾਲ 4 ਸਾਲ ਪਹਿਲਾਂ ਹਿੰਦੁਸਤਾਨ ਵਿੱਚ ਆਰ ਐਸ ਐਸ
(RSS)
ਦੀ ਅਗਵਾਈ ਵਾਲੀ ਮੋਦੀ ਸਰਕਾਰ, ਇਨ੍ਹਾਂ ਦੋਨਾਂ ਵਾਦਾਂ ਤੋਂ ਪ੍ਰੇਰਣਾ ਲੈ ਕੇ, ਜਿੱਧਰ ਨੂੰ ਜਾ ਰਹੀ
ਹੈ, ਉਸ ਤੋਂ ਇਹ ਅੰਦਾਜਾ ਲਗਾਉਣਾ ਕੋਈ ਔਖਾ ਨਹੀਂ ਕਿ ਜੇ ਮੋਦੀ ਨਿਜ਼ਾਮ 2019 ਦੀਆਂ ਚੋਣਾਂ ਵਿੱਚ
ਭਾਰੀ ਬਹੁਮਤ ਨਾਲ ਆ ਜਾਂਦਾ ਹੈ, ਇੰਡੀਆ ਦਾ ਭਵਿੱਖ ਵੱਡੇ ਖਤਰੇ ਵਿੱਚ ਹੋ ਸਕਦਾ ਹੈ। ਇਸ ਤੋਂ
ਪਹਿਲਾਂ ਕਿ ਅਸੀਂ ਮੋਦੀ ਨਿਜ਼ਾਮ ਦੀਆਂ ਪੈੜ੍ਹਾਂ ਨੱਪੀਏ, ਸਾਡੇ ਲਈ ‘ਫਾਸ਼ੀਵਾਦ’ ਤੇ ‘ਨਾਜ਼ੀਵਾਦ’
ਬਾਰੇ ਜਾਨਣਾ ਬੜਾ ਜਰੂਰੀ ਹੈ।
ਬੇਸ਼ਕ ਫਾਸ਼ੀਵਾਦੀ ਵਿਚਾਰਧਾਰਾ ਦਾ ਉਭਾਰ ਪਿਛਲੀ ਸਦੀ ਦੇ ਦੂਜੇ ਦਹਾਕੇ ਵਿੱਚ
ਪਹਿਲੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੇ ਡਿਕਟੇਟਰ ਬੈਨੀਟੋ ਮੁਸੋਲੀਨੀ ਦੀ ‘ਨੈਸ਼ਨਲ ਫਾਸਿਸਟ
ਪਾਰਟੀ’ ਨਾਲ ਹੋਇਆ ਸੀ, ਪਰ ਇਸ ਦੀਆਂ ਜੜ੍ਹਾਂ ਇਤਿਹਾਸ ਵਿੱਚ ਬੜੀਆਂ ਡੂੰਘੀਆਂ ਹਨ। ਇਹ
ਵਿਚਾਰਧਾਰਾ ਸਦੀਆਂ ਪੁਰਾਣੀ ਹੈ ਕਿ ਇੱਕ ਖਾਸ ਨਸਲ ਦੇ ਲੋਕ ਹੀ ‘ਗੌਡ’ ਵਲੋਂ ਰਾਜ ਕਰਨ ਲਈ ਦੁਨੀਆਂ
ਤੇ ਭੇਜੇ ਹੋਏ ਹਨ ਤੇ ਉਹ ਖਾਸ ਨਸਲ ਅਸੀਂ ਹਾਂ। ਇਹ ਅੱਤ ਦੀ ਸੱਜੇ ਪੱਖੀ
(Extreme Right Wing Ideology)
ਪਿਛਾਖੜੀ ਵਿਚਾਰਧਾਰਾ ਹੈ, ਜੋ ਇੱਕ ਖਾਸ ਨਸਲ ਦੇ ਲੋਕਾਂ ਦੇ ਰਾਸ਼ਟਰਵਾਦ
(Nationalism)
ਅਤੇ ਦੇਸ਼ ਭਗਤੀ (Patriotism)
ਵਿੱਚ ਵਿਸ਼ਵਾਸ਼ ਰੱਖਦੀ ਹੈ। ਇਹ ਵਿਚਾਰਧਾਰਾ ਆਪਣੇ ਰਾਜਸੀ ਏਜੰਡੇ ਨੂੰ ਪੂਰਾ ਕਰਨ ਲਈ ਦੂਜੀਆਂ
ਕੌਮਾਂ, ਧਰਮਾਂ, ਨਸਲਾਂ, ਵਿਚਾਰਧਾਰਾਵਾਂ ਦੇ ਲੋਕਾਂ ਪ੍ਰਤੀ ਝੂਠੇ ਰਾਸ਼ਟਰਵਾਦ ਤੇ ਝੂਠੀ ਦੇਸ਼ ਭਗਤੀ
ਦੇ ਨਾਮ ਤੇ ਨਸਲਵਾਦ ਫੈਲਾ ਕੇ ਕਤਲੇਆਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਵਿਚਾਰਧਾਰਾ ਦੇ ਲੋਕ ਆਮ
ਤੌਰ ਲੋਕਤੰਤਰ ਵਿਰੋਧੀ ਤੇ ਕੁੱਝ ਲੋਕਾਂ ਦੀ ਤਾਨਾਸ਼ਾਹੀ ਵਿੱਚ ਯਕੀਨ ਰੱਖਦੇ ਹਨ। ਇਹ ਹੋਰ
ਵਿਚਾਰਧਾਰਾਵਾਂ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਾਉਣ ਤੇ ਜੇ ਕੋਈ ਇਨ੍ਹਾਂ ਅੱਗੇ ਅੜੇ ਤਾਂ ਉਨ੍ਹਾਂ
ਨੂੰ ਖਤਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਦੀ ਥਾਂ ਤਾਨਾਸ਼ਾਹੀ
ਫੌਜੀ ਰਾਜ ਪ੍ਰਬੰਧ ਅਤੇ ਪੁਲਿਸ ਕੋਲ ਅਸੀਮ ਅਧਿਕਾਰਾਂ ਦੀ ਵਕਾਲਤ ਕਰਦੇ ਹਨ। ਬੇਸ਼ਕ ਇਨ੍ਹਾਂ ਦਾ
ਕਿਸੇ ਧਰਮ ਨਾਲ ਕੋਈ ਸਬੰਧ ਜਾਂ ਵਿਸ਼ਵਾਸ਼ ਨਹੀਂ ਹੁੰਦਾ, ਪਰ ਬਹੁ ਗਿਣਤੀ ਦੇ ਧਰਮ ਦੇ ਰਾਖੇ ਬਣ ਕੇ
ਝੂਠੇ ਰਾਸ਼ਟਰਵਾਦ ਦੇ ਨਾਮ ਤੇ ਘੱਟ ਗਿਣਤੀਆਂ ਨੂੰ ਖਤਮ ਕਰਨ ਦਾ ਏਜੰਡਾ ਰੱਖਦੇ ਹਨ। ਇਸ ਵਿਚਾਰਧਾਰਾ
ਦੇ ਲੋਕ ਲਿਬਰਲ, ਸਮਾਜਵਾਦੀ ਤੇ ਖਾਸਕਰ ਖੱਬੇ ਪੱਖੀ ਕਮਿਉਨਿਸਟ ਧਿਰਾਂ ਦੇ ਕੱਟੜ ਵਿਰੋਧੀ ਹੁੰਦੇ
ਹਨ। ਡਿਕਟੇਟਰ ਮੁਸੋਲਿਨੀ ਨੇ ਇਟਲੀ ਤੇ 1922-1943 ਤੱਕ ਰਾਜ ਕੀਤਾ ਤੇ ਦੂਜੀ ਸੰਸਾਰ ਜੰਗ ਵਿੱਚ
ਇਟਲੀ ਦੀ ਹਾਰ ਤੋਂ ਬਾਅਦ ਇਸਦਾ ਰਾਜ ਖੁਸ ਗਿਆ ਤੇ 1945 ਵਿੱਚ ਮੁਸੋਲਿਨੀ ਨੂੰ ਸਾਥੀਆਂ ਸਮੇਤ ਫਾਹੇ
ਲਾਇਆ ਗਿਆ। ਇਸਦੀ ਲਾਸ਼ ਨੂੰ ਸਾਥੀਆਂ ਸਮੇਤ ਮਿਲਨ ਸ਼ਹਿਰ ਦੇ ਚੌਰਾਹੇ ਵਿੱਚ ਟੰਗ ਕੇ ਬੜੀ ਬੁਰੀ
ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਪਰ ਮੁਸੋਲਿਨੀ ਦੀ ਫਾਸਿਸਟ ਪਾਰਟੀ ਆਪਣੇ ਰਾਜ ਵਿੱਚ ਜਿਥੇ 5 ਲੱਖ ਦੇ
ਕਰੀਬ ਇਟਾਲੀਅਨ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਰਹੀ, ਉਥੇ ਦੂਜੀ ਸੰਸਾਰ ਜੰਗ ਲਈ ਹਿਟਲਰ ਦੇ ਨਾਲ
ਮੁਸੋਲਿਨੀ ਵੀ ਉਤਨਾ ਹੀ ਜ਼ਿੰਮੇਵਾਰ ਸੀ।
ਨਾਜ਼ੀਵਾਦੀ ਵਿਚਾਰਧਾਰਾ ਬੇਸ਼ਕ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਅਡੌਲਫ ਹਿਟਲਰ ਦੀ
‘ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ’ (ਨਾਜ਼ੀ ਪਾਰਟੀ) ਦੇ ਨਾਲ ਜੁੜੀ ਹੋਈ ਹੈ, ਪਰ ਇਸ
ਦੀਆਂ ਜੜ੍ਹਾਂ ਵੀ ਸਦੀਆਂ ਪੁਰਾਣੀ ਸੱਜੇ ਪੱਖੀ ਪਿਛਾਖੜੀ ਨਸਲਵਾਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ
ਹਨ। ਦੁਨੀਆਂ ਭਰ ਵਿੱਚ ਨਸਲਵਾਦੀ ਲੋਕ ਆਪਣੇ ਆਪ ਨੂੰ ‘ਆਰੀਅਨ’ ਕਹਾਉਣ ਵਿੱਚ ਮਾਣ ਮਹਿਸੂਸ
ਕਰਦੇ ਹਨ। ਹਿਟਲਰ ਦੇ ਸਾਥੀ ਨਾਜ਼ੀ ਲੋਕ ਵੀ ਆਪਣੇ ਆਪ ਨੂੰ ਰੱਬ ਵਲੋਂ ਲੋਕਾਂ ਤੇ ਰਾਜ ਕਰਨ ਲਈ ਪੈਦਾ
ਕੀਤੀ ਖਾਲਸ ‘ਆਰੀਅਨ’ ਨਸਲ ਵਿੱਚੋਂ ਹੀ ਮੰਨਦੇ ਸਨ। ਇਥੇ ਇਹ ਵੀ ਵਰਨਣਯੋਗ ਹੈ ਕਿ ਭਾਰਤ
ਦੀਆਂ ਬ੍ਰਾਹਮਣਵਾਦੀ ਹਾਕਮ ਜਮਾਤਾਂ, ਜਿਨ੍ਹਾਂ ਦੀ ਅਗਵਾਈ ਹੁਣ ਆਰ ਐਸ ਐਸ
(RSS)
ਕਰ ਰਹੀ ਹੈ, ਵੀ ਆਪਣੇ ਆਪ ਨੂੰ ਅਸਲ ਆਰੀਅਨ ਨਸਲ ਦੇ ਹੀ ਮੰਨਦੇ ਹਨ, ਇਸ ਲਈ ਸ਼ੂਦਰ, ਅਛੂਤ ਤੇ
ਉਨ੍ਹਾਂ ਤੋਂ ਬਣੇ ਮੁਸਲਮਾਨ ਤੇ ਇਸਾਈ, ਉਨ੍ਹਾਂ ਦੇ ਮੁੱਖ ਨਿਸ਼ਾਨੇ ਤੇ ਹਨ। ਇਹ ਵੀ ਵਰਨਣਯੋਗ ਹੈ ਕਿ
ਹਿਟਲਰ ਦੀ ਨਾਜੀ ਪਾਰਟੀ ਦਾ ਨਿਸ਼ਾਨ (Logo)
ਵੀ ਬ੍ਰਾਹਮਣਾਂ ਦੇ ਸਵਾਸਤਿਕਾ ਚਿੰਨ੍ਹ ਦੀ ਨਕਲ ਹੈ। ਨਾਜ਼ੀਆਂ ਅਨੁਸਾਰ ਯਹੂਦੀਆਂ, ਜਿਪਸੀਆਂ,
ਕਮਿਉਨਿਸਟਾਂ, ਸੋਸ਼ਲਿਸਟਾਂ, ਅਪਾਹਿਜਾਂ, ਬੀਮਾਰਾਂ, ਬਜ਼ੁਰਗਾਂ ਨੂੰ ਜੀਣ ਦਾ ਕੋਈ ਨਹੀਂ, ਇਹ ਜਰਮਨ
ਦੇ ਲੋਕਾਂ ਤੇ ਬੋਝ ਹਨ, ਇਸ ਲਈ ਸਭ ਨੂੰ ਖਤਮ ਕਰ ਦਿਉ। ਇਸੇ ਪਾਲਿਸੀ ਅਧੀਨ ਹਿਟਲਰ ਨੇ 1933-1945
ਤੱਕ ਦੇ ਆਪਣੇ ਰਾਜ ਵਿੱਚ 60 ਲੱਖ ਤੋਂ ਵੱਧ ਵਿਅਕਤੀਆਂ ਦਾ ਸਮੂਹਿਕ ਕਤਲੇਆਮ ਕੀਤਾ ਸੀ। ਬੇਸ਼ਕ ਉਸਨੇ
ਆਪਣੀ ਪਾਰਟੀ ਦਾ ਨਾਮ ਸੌਸ਼ਲਿਸਟ ਵਰਕਰਜ਼ ਪਾਰਟੀ ਰੱਖਿਆ ਹੋਇਆ ਸੀ, ਪਰ ਉਸਦਾ ਸੋਸ਼ਲਿਜ਼ਮ
(ਸਮਾਜਵਾਦ) ਜਾਂ ਵਰਕਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨਾਜ਼ੀ ਪਾਰਟੀ ਵੀ ਫਾਸ਼ੀ ਪਾਰਟੀ ਵਾਂਗ
ਲੋਕਤੰਤਰ ਦੀ ਥਾਂ ਕੁੱਝ ਖਾਸ ਨਸਲ (ਆਰੀਅਨ) ਦੇ ਲੋਕਾਂ ਦੀ ਤਾਨਾਸ਼ਾਹੀ ਵਿੱਚ ਯਕੀਨ ਰੱਖਦੀ ਸੀ। ਇਹ
ਆਪਣੇ ਵਿਰੋਧੀਆਂ ਦਾ ਬਿਨਾਂ ਕਿਸੇ ਦਲੀਲ, ਅਪੀਲ ਦੇ ਗੈਸ ਚੈਂਬਰਾਂ ਜਾਂ ਹੋਰ ਢੰਗਾਂ ਰਾਹੀਂ ਸਮੂਹਿਕ
ਕਤਲੇਆਮ ਕਰਕੇ ਸਮੂਹਿਕ ਤੌਰ ਤੇ ਵੱਡੇ ਟੋਏ ਪੁੱਟ ਕੇ ਦੱਬ ਦਿੰਦੇ ਸਨ। ਨਾਜੀ ਪਾਰਟੀ ਦਾ ਜਰਮਨੀ ਤੋਂ
ਬਾਅਦ ਬਰਤਾਨਵੀ ਬਸਤਵਾਦੀਆਂ ਵਾਂਗ ਹੋਰ ਦੇਸ਼ਾਂ ਤੇ ਨਾਜ਼ੀਆਂ ਦਾ ਰਾਜ ਸਥਾਪਿਤ ਕਰਨ ਦਾ ਸੁਪਨਾ ਸੀ,
ਜਿਸ ਵਿਚੋਂ ਹੀ ਦੂਜੀ ਸੰਸਾਰ ਜੰਗ ਨਿਕਲੀ, ਜਿਸ ਵਿੱਚ ਸਿਰਫ ਯੂਰਪ ਵਿੱਚੋਂ 46 ਮਿਲੀਅਨ (4 ਕਰੋੜ
60 ਲੱਖ) ਲੋਕ ਮਰੇ ਸਨ ਅਤੇ ਬਾਕੀ ਦੇਸ਼ਾਂ ਵਿੱਚ ਮਿਲਾ ਕੇ ਕੁੱਲ 60 ਮਿਲੀਅਨ (6 ਕਰੋੜ) ਲੋਕ ਮਰੇ
ਸਨ। ਨਾਜ਼ੀਵਾਦੀ ਲੋਕ ਵੀ ਫਾਸ਼ੀਵਾਦੀਆਂ ਵਾਂਗ ਲੋਕਤੰਤਰ ਦੀ ਥਾਂ ਕੁੱਝ ਲੋਕਾਂ ਦੀ ਡਿਕਟੇਟਰਸ਼ਿਪ ਵਿੱਚ
ਯਕੀਨ ਰੱਖਦੇ ਸਨ। ਆਪਣੇ ਰਾਜਸੀ ਨਿਸ਼ਾਨਿਆਂ ਦੀ ਪੂਰਤੀ ਲਈ ਸਮੂਹਿਕ ਕਤਲੇਆਮ ਕਰਨੇ, ਇਨ੍ਹਾਂ ਦਾ
ਪਾਰਟੀ ਏਜੰਡਾ ਹੁੰਦਾ ਹੈ। ਇਨ੍ਹਾਂ ਵਲੋਂ ਆਪਣੀ ਤਾਨਾਸ਼ਾਹੀ ਹਕੂਮਤ ਸਥਾਪਿਤ ਕਰਨ ਲਈ ਝੂਠਾ
ਰਾਸ਼ਟਰਵਾਦ ਤੇ ਝੂਠੀ ਦੇਸ਼ ਭਗਤੀ ਦਾ ਰਾਗ ਅਲਾਪ ਕੇ ਘੱਟ ਗਿਣਤੀਆਂ ਨੂੰ ਦੇਸ਼ ਧ੍ਰੋਹੀ ਸਾਬਿਤ ਕਰਕੇ
ਆਪਣੇ ਰਾਜਸੀ ਵਿਰੋਧੀਆਂ ਦਾ ਸਫਾਇਆ ਕੀਤਾ ਜਾਂਦਾ ਹੈ। ਇਨ੍ਹਾਂ ਦੀ ਬਹੁ ਗਿਣਤੀ ਭਾਈਚਾਰੇ ਦੀਆਂ
ਕੱਟੜਪੰਥੀ ਧਿਰਾਂ ਨਾਲ ਪੂਰੀ ਸਝ ਭਿਆਲੀ ਹੁੰਦੀ ਹੈ। ਨਾਜ਼ੀਵਾਦ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਇਹ
ਝੂਠ ਨੂੰ ਸੱਚ ਬਣਾਉਣ ਦੇ ਬੜੇ ਮਾਹਰ ਸਨ, ਹਿਟਲਰ ਦੇ ਪ੍ਰਾਪੇਗੰਡਾ ਮਨਿਸਟਰ ਜੋਸੇਫ ਗੌਬੇਲਜ਼ ਅਨੁਸਾਰ
ਜੇ ਕਿਸੇ ਝੂਠ ਨੂੰ ਇੱਕ ਦੋ ਵਾਰ ਦੁਹਰਾਇਆ ਜਾਵੇ ਤਾਂ ਉਹ ਝੂਠ ਹੀ ਰਹਿੰਦਾ ਹੈ, ਪਰ ਜੇ ਇਸਨੂੰ
ਵਾਰ-ਵਾਰ ਤੇ ਸੈਂਕੜੇ ਵਾਰ ਦੁਹਰਾਇਆ ਜਾਵੇ ਤਾਂ ਸੱਚ ਬਣ ਜਾਂਦਾ ਹੈ। ਨਾਜ਼ੀਆਂ ਨੇ ਇਸੇ ਪਾਲਿਸੀ ਤੇ
ਚੱਲਦਿਆਂ, ਅਨੇਕਾਂ ਝੂਠ ਘੜੇ ਤੇ ਵਾਰ-ਵਾਰ ਦੁਹਰਾ ਕੇ ਲੋਕਾਂ ਨੂੰ ਸੱਚ ਮਨਵਾ ਦਿੱਤੇ ਕਿ ਉਹ ਹੀ
ਲੋਕਾਂ ਦੇ ਅਸਲ ਰਖਵਾਲੇ ਤੇ ਸ਼ਕਤੀਸ਼ਾਲੀ ਜਰਮਨੀ ਬਣਾਉਣ ਦੇ ਸਮਰੱਥ ਹਨ।
ਫਾਸ਼ੀਵਾਦ ਤੇ ਨਾਜ਼ੀਵਾਦ, ਆਮ ਤੌਰ ਤੇ ਤਕਰੀਬਨ ਇੱਕ ਤਰ੍ਹਾਂ ਦੀ ਹੀ
ਵਿਚਾਰਧਾਰਾ ਹੈ। ਦੋਨੋ ਆਪਣੀ ਤਾਨਾਸ਼ਾਹ ਹਕੂਮਤ ਬਣਾਉਣ ਲਈ ਲੋਕਾਂ ਨੂੰ ਵੱਧ ਨੌਕਰੀਆਂ, ਸ਼ਕਤੀਸ਼ਾਲੀ
ਆਰਥਿਕਤਾ, ਸ਼ਕਤੀਸ਼ਾਲੀ ਫੌਜ, ਦੇਸ਼ ਦਾ ਵਿਕਾਸ, ਮਾਰਕਸਵਾਦ ਦਾ ਵਿਰੋਧ ਆਦਿ ਦੇ ਲੁਭਾਵਣੇ ਨਾਹਰੇ ਦਿਖਾ
ਕੇ ਝੂਠਾ ਰਾਸ਼ਟਰਵਾਦ ਖੜਾ ਕਰਨ ਵਿੱਚ ਯਕੀਨ ਰੱਖਦੀਆਂ ਹਨ। ਅਜਿਹਾ ਪ੍ਰਭਾਵ ਵੀ ਦਿੱਤਾ ਜਾਂਦਾ ਹੈ ਕਿ
ਸਾਰੀਆਂ ਸਮੱਸਿਆਵਾਂ ਦੀ ਜੜ੍ਹ ਘੱਟ ਗਿਣਤੀ ਲੋਕ ਹਨ ਤੇ ਇਹ ਦੇਸ਼ ਭਗਤ ਨਹੀਂ ਹੁੰਦੇ। ਇਹ ਦੋਨੋ
ਵਿਚਾਰਧਾਰਾਵਾਂ ਪਹਿਲੀ ਸੰਸਾਰ ਜੰਗ (1914-1917) ਅਤੇ 1917 ਦੇ ਰਸ਼ੀਆ ਦੇ ਕਮਿਉਨਿਸਟ ਇਨਕਲਾਬ ਤੋਂ
ਬਾਅਦ ਪੈਦਾ ਹੋਏ ਆਰਥਿਕ ਤੇ ਰਾਜਨੀਤਕ ਹਾਲਾਤਾਂ ਵਿੱਚੋਂ ਪੈਦਾ ਹੋਈਆਂ ਸਨ। ਉਨ੍ਹਾਂ ਸਮਿਆਂ ਵਿੱਚ
ਕਮਿਉਨਿਜ਼ਮ ਦੇ ਯੂਰਪ ਵਿੱਚ ਵਧਦੇ ਪ੍ਰਭਾਵ ਦੇ ਡਰ ਅਤੇ ਸਾਮਰਾਜਵਾਦ ਤੇ ਬਸਤੀਵਾਦ ਦੇ ਨਿਘਾਰ ਵਿਚੋਂ
ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਨਾਮ ਤੇ ਇਨ੍ਹਾਂ ਦੋਨਾਂ ਵਾਦਾਂ ਦਾ ਜਨਮ ਹੋਇਆ ਸੀ। ਬਹੁਤ ਸਾਰੀਆਂ
ਸਮਾਨਤਾਵਾਂ ਦੇ ਬਾਵਜੂਦ ਵੀ ਫਾਸ਼ੀਵਾਦ ਤੇ ਨਾਜ਼ੀਵਾਦ ਵਿੱਚ ਕੁੱਝ ਫਰਕ ਵੀ ਸਨ, ਜਿਸ ਤਰ੍ਹਾਂ
ਨਾਜ਼ੀਵਾਦੀ ਲੋਕ ਅੱਤ ਦਰਜੇ ਦੇ ਨਸਲਵਾਦੀ ਲੋਕ ਸਨ, ਜੋ ਦੂਜੀਆਂ ਨਸਲਾਂ (ਖਾਸਕਰ ਯਹੂਦੀਆਂ) ਤੇ ਹੋਰ
ਵਿਚਾਰਧਾਰਾਵਾਂ (ਖਾਸਕਰ ਕਮਿਉਨਿਜ਼ਮ) ਨੂੰ ਬਿਲਕੁਲ ਵੀ ਸਹਿਣ ਨਹੀਂ ਕਰਦੇ ਸਨ, ਇਸ ਲਈ ਉਨ੍ਹਾਂ ਵੱਡੇ
ਪੱਧਰ ਤੇ ਸਮੂਹਿਕ ਕਤਲੇਆਮ ਕੀਤੇ। ਜਦਕਿ ਇਸਦੇ ਮੁਕਾਬਲੇ ਫਾਸ਼ੀਵਾਦੀ ਉਤਨੇ ਨਸਲਵਾਦੀ ਨਹੀਂ ਸਨ। ਇਸੇ
ਲਈ ਉਥੇ ਉਸ ਪੱਧਰ ਦੇ ਕਤਲੇਆਮ ਨਹੀਂ ਹੋਏ। ਇਨ੍ਹਾਂ ਦਾ ਇੱਕ ਫਰਕ ਇਹ ਵੀ ਸੀ ਕਿ ਇਟਲੀ ਵਿੱਚ
ਮੁਸੋਲਿਨੀ ਦੇ ਉਪਰ ਰਾਜਾਸ਼ਾਹੀ ਵੀ ਸੀ, ਜਿਸਨੂੰ ਉਸਨੇ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਸੀ। ਜਦਕਿ
ਹਿਟਲਰ ਨੇ ਸਭ ਨੂੰ ਖਤਮ ਕਰਕੇ ਆਪਣੇ ਆਪ ਨੂੰ ਸੁਪਰਮੈਨ ਘੋਸ਼ਿਤ ਕਰ ਦਿੱਤਾ ਸੀ।
ਪਿਛਲੇ ਕੁੱਝ ਸਾਲਾਂ ਤੋਂ ਜਦੋਂ ਤੋਂ ਇੰਡੀਆ ਵਿੱਚ ਮੋਦੀ ਸਰਕਾਰ ਆਈ ਹੈ ਤਾਂ
ਇਹ ਗੱਲ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਮੋਦੀ ਨਿਜ਼ਾਮ ਫਾਸ਼ੀਵਾਦੀ ਤੇ ਨਾਜ਼ੀਵਾਦੀ ਰੁਚੀਆਂ ਨੂੰ
ਉਤਸ਼ਾਹਿਤ ਕਰ ਰਿਹਾ ਹੈ। ਜਿਸ ਤਰ੍ਹਾਂ ਇਹ ਗੱਲ ਹੁਣ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਮੋਦੀ ਨਿਜ਼ਾਮ
ਨੂੰ ਆਰ ਐਸ ਐਸ ਚਲਾ ਰਹੀ ਹੈ ਅਤੇ ਆਰ ਐਸ ਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਨੂੰ 1925 ਵਿੱਚ ਡਾ.
ਕੇਸ਼ਵ ਬਲੀਰਾਮ ਹੈਡਗੇਵਾਰ ਨੇ ਨਾਗਪੁਰ ਵਿੱਚ ਸਥਾਪਿਤ ਕੀਤਾ ਸੀ, ਜਿਸਦਾ ਮਕਸਦ ਵੱਖ-ਵੱਖ
ਵਿਚਾਰਧਾਰਾਵਾਂ ਵਿੱਚ ਵੰਡੇ ਹੋਏ ਹਿੰਦੂਆਂ ਵਿੱਚ ਆਪਣੇ ਸਭਿਆਚਾਰ, ਧਰਮ, ਵਰਣ ਆਸ਼ਰਮ ਆਦਿ ਪ੍ਰਤੀ
ਸਵੈਮਾਣ ਭਰ ਕੇ ਇੱਕ ਨਵੇਂ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ, ਜਿਥੇ ਬ੍ਰਾਹਮਣਵਾਦੀ (ਉੱਚ ਜਾਤੀ ਜਾਂ
ਨਸਲਵਾਦੀ ਆਰੀਅਨ) ਸੋਚ ਵਾਲੇ ਲੋਕਾਂ ਦਾ ਰਾਜ ਹੋਵੇ। ਇਸਦੀ ਪੂਰਤੀ ਲਈ ਉਸਨੇ ਹਿੰਦੂਆਂ ਵਿੱਚ
ਰਾਸ਼ਟਰਵਾਦ (ਹਿੰਦੂ ਰਾਸ਼ਟਰ) ਤੇ ਦੇਸ਼ ਭਗਤੀ (ਭਾਰਤ ਮਾਤਾ ਦੀ) ਦਾ ਸੰਕਲਪ ਯੋਜਨਾਬੱਧ ਢੰਗ ਨਾਲ
ਪ੍ਰਚਾਰਨ ਦਾ ਕੰਮ ਆਰੰਭਿਆ ਸੀ, ਜਿਸਨੂੰ ਹੈਡਗੇਵਾਰ ਦੀ ਮੌਤ ਤੋਂ ਬਾਅਦ ਮਾਧਵ ਸਦਾਸ਼ਿਵ ਗੋਲਵਲਕਰ ਨੇ
ਨਵਾਂ ਰੂਪ ਦਿੱਤਾ ਸੀ। ਹੈਡਗਵੇਰ ਤੇ ਗੋਲਵਲਕਰ, ਸ਼ੁਰੂ ਤੋਂ ਹੀ ਫਾਸ਼ੀਵਾਦੀ (ਮੁਸੋਲਿਨੀ) ਤੇ
ਨਾਜ਼ੀਵਾਦੀ (ਹਿਟਲਰ) ਦੀਆਂ ਰਾਸ਼ਟਰਵਾਦ ਤੇ ਨਸਲਵਾਦ ਅਧਾਰਿਤ ਨੀਤੀਆਂ ਦੇ ਕਾਇਲ ਸਨ। ਉਨ੍ਹਾਂ ਦਾ
ਮੰਨਣਾ ਸੀ ਕਿ ਸਾਨੂੰ ਵੀ ਮੋਸੋਲਿਨੀ ਤੇ ਹਿਟਲਰ ਦੀਆਂ ਰਾਸ਼ਟਰਵਾਦ ਤੇ ਨਸਲਵਾਦ ਦੀਆਂ ਪਾਲਸੀਆਂ ਦੇ
ਅਧਾਰ ਤੇ ਭਾਰਤ ਵਿੱਚ ਹਿੰਦੂ ਰਾਸ਼ਟਰ ਬਣਾਉਣਾ ਚਾਹੀਦਾ ਹੈ, ਜਿਸ ਵਿੱਚ ਰਾਜ ਸਤ੍ਹਾ ਸਿਰਫ ਕੁੱਝ ਉੱਚ
ਜਾਤੀ ਦੇ ਬ੍ਰਾਹਮਣਵਾਦੀ ਲੋਕਾਂ ਕੋਲ ਹੋਵੇ। ਬਾਕੀ ਮੁਸਲਿਮ, ਇਸਾਈ, ਦਲਿਤ, ਆਦਿਵਾਸੀ ਤੇ ਹੋਰ ਘੱਟ
ਗਿਣਤੀਆਂ ਦੂਜੇ ਦਰਜੇ ਦੇ ਸ਼ਹਿਰੀ ਹੋਣ। ਉਨ੍ਹਾਂ ਕਿਤੇ ਇਹ ਤਾਂ ਬਹੁਤਾ ਸਪੱਸ਼ਟ ਨਹੀਂ ਕੀਤਾ ਕਿ
ਉਨ੍ਹਾਂ ਦੇ ਹਿੰਦੂ ਰਾਸ਼ਟਰ ਵਿੱਚ ਘੱਟ ਗਿਣਤੀਆਂ (ਜਾਂ ਗੈਰ ਹਿੰਦੂ ਲੋਕ) ਸਿਰਫ ਦੂਜੇ ਦਰਜੇ ਸ਼ਹਿਰੀ
ਬਣ ਕੇ ਹੀ ਰਹਿਣਗੇ ਜਾਂ ਉਹ (ਆਰ ਐਸ ਐਸ ਵਾਲੇ) ਵੀ ਬਾਕੀ ਕੌਮਾਂ ਜਾਂ ਫਿਰਕਿਆਂ ਦਾ ਮੁਸੋਲਿਨੀ ਜਾਂ
ਹਿਟਲਰ ਵਾਂਗ ਸਫਾਇਆ ਕਰਨਗੇ? ਆਰ ਐਸ ਐਸ 1925 ਤੋਂ ਬੜੇ ਯੋਜਨਾਬੱਧ ਢੰਗ ਨਾਲ ਜਮੀਨੀ ਪੱਧਰ ਤੇ
ਆਪਣਾ ਕੰਮ ਕਰਦੀ ਰਹੀ ਹੈ, ਜਿਸਦੇ ਨਤੀਜੇ ਵਜੋਂ ਪਿਛਲੇ ਸਾਲ ਗੋਆ ਵਿੱਚ ‘ਆਲ ਇੰਡੀਆ ਹਿੰਦੂ
ਕਨਵੈਨਸ਼ਨ’ ਵਿੱਚ RSS
ਨਾਲ ਸਬੰਧਤ 175 ਤੋਂ ਵੱਧ ਸ਼ਕਤੀਸ਼ਾਲੀ ਹਿੰਦੂਤਵਾ ਸੰਸਥਾਵਾਂ ਵਲੋਂ ਭਾਗ ਲਿਆ ਗਿਆ ਸੀ। ਜਿਸ ਕਰਕੇ
ਆਰ ਐਸ ਐਸ ਦਾ ਇਸ ਵਕਤ ਦੁਨੀਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੇ ਵੱਧ ਮੈਂਬਰਸ਼ਿਪ ਵਾਲੀ ਜਥੇਬੰਦਕ ਗੈਰ
ਰਾਜਨੀਤਕ ਨੈੱਟਵਰਕ ਹੈ। ਇਨ੍ਹਾਂ ਨੇ ਬੜੇ ਯੋਜਨਬੱਧ ਢੰਗ ਨਾਲ ਭਾਰਤੀ ਹਕੂਮਤ ਤੇ 2014 ਵਿੱਚ ਕਬਜ਼ਾ
ਕੀਤਾ ਸੀ (ਜਿਸ ਲਈ ਉਹ 1980 ਤੋਂ ਯਤਨਸ਼ੀਲ ਸਨ, ਜਦੋਂ ਉਨ੍ਹਾਂ ਆਪਣਾ ਰਾਜਸੀ ਵਿੰਗ ਭਾਜਪਾ ਨੂੰ
ਬਣਾਇਆ ਸੀ) ਅਤੇ ਹਿਟਲਰੀ ਤੇ ਮੁਸੋਲਿਨੀ ਰੁਚੀਆਂ ਵਾਲੇ ਮੋਦੀ ਨੂੰ ਭਾਜਪਾ ਸਰਕਾਰ ਦਾ ਮੁੱਖੀ ਬਣਾਇਆ
ਸੀ। ਭਾਜਪਾ ਸਰਕਾਰ ਪਿਛਲੇ 4 ਸਾਲ ਤੋਂ ਬੜੇ ਯੋਜਨਾਬੱਧ ਤੇ ਸੂਖਸ਼ਮ ਢੰਗ ਨਾਲ ਹਰ ਪੱਧਰ ਤੇ ਕਬਜਾ ਕਰ
ਰਹੀ ਹੈ ਤਾਂ ਕਿ 2019 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਵਿੱਚ
ਕੋਈ ਰੁਕਾਵਟ ਨਾ ਪਵੇ। ਜਿਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਫਾਸ਼ੀਵਾਦ ਤੇ ਨਾਜ਼ੀਵਾਦ ਨੇ ਆਪਣੇ
ਮਨਸੂਬਆਂ ਨੂੰ ਸਿਰੇ ਚਾੜ੍ਹਨ ਲਈ ਝੂਠੇ ਰਾਸ਼ਟਰਵਾਦ, ਝੂਠੀ ਦੇਸ਼ ਭਗਤੀ, ਨਸਲਵਾਦ ਆਦਿ ਦਾ ਸਹਾਰਾ ਲਿਆ
ਸੀ ਅਤੇ ਘੱਟ ਗਿਣਤੀਆਂ, ਯਹੂਦੀਆਂ, ਕਮਿਉਨਿਸਟਾਂ, ਜਿਪਸੀਆਂ ਆਦਿ ਦਾ ਕਤਲੇਆਮ ਕਰਨ ਲਈ ਨਫਰਤ ਦੀ
ਮੁਹਿੰਮ ਚਲਾਈ ਸੀ। RSS
ਠੀਕ ਉਨ੍ਹਾਂ ਰਾਹਾਂ ਤੇ ਸਾਬਿਤ ਕਦਮੀਂ ਬੜੇ ਯੋਜਨਾਵੱਧ ਢੰਗ ਨਾਲ ਰਹੀ ਹੈ। ਉਨ੍ਹਾਂ ਵਲੋਂ ਵੀ ਝੂਠੇ
ਰਾਸ਼ਟਵਾਦ ਤੇ ਦੇਸ਼ ਭਗਤੀ ਦੇ ਨਾਮ ਘੱਟ ਗਿਣਤੀਆਂ ਅਤੇ ਖਾਸਕਰ ਦਲਿਤਾਂ ਤੇ ਮੁਸਲਮਾਨਾਂ ਵਿੱਚ ਦਹਿਸ਼ਤ
ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਰ ਬੋਲਣ ਵਾਲਾ ਮਨੁੱਖੀ ਤੇ ਜਮਹੂਰੀ ਅਧਿਕਾਰ ਕਾਰਕੁੰਨ, ਲੇਖਕ,
ਬੁੱਧੀਜੀਵੀ ਆਦਿ ਦੇਸ਼ ਧ੍ਰੋਹੀ ਤੇ ਮਾਓਵਾਦੀ ਹੈ। ਗਊ ਹੱਤਿਆ ਦੇ ਨਾਮ ਤੇ ਭੀੜਤੰਤਰ ਨੂੰ ਉਤਸ਼ਾਹਿਤ
ਕਰਨਾ, ਲੋਕਤੰਤਰ ਦੇ ਥੰਮਾਂ ਪਾਰਲੀਮੈਂਟ, ਜੁਡੀਸ਼ਰੀ, ਪ੍ਰਸ਼ਾਸਨ, ਪ੍ਰੈਸ ਤੇ ਕਬਜਾ ਕਰਨਾ ਤਾਂ ਕਿ
ਲੋੜ ਪੈਣ ਆਪਣੇ ਹਿੱਤਾਂ ਲਈ ਵਰਤਿਆ ਜਾ ਸਕੇ, ਧਰਮ ਤੇ ਜਾਤ ਅਧਾਰਿਤ ਦੰਗਿਆਂ ਜਾਂ ਭੀੜਤੰਤਰ ਰਾਹੀਂ
ਲੋਕਾਂ ਦੀ ਕੁੱਟਮਾਰ ਕਰਨ ਨੂੰ ਉਤਸ਼ਾਹਿਤ ਕਰਨਾ, ਘੱਟ ਗਿਣਤੀਆਂ ਜਾਂ ਦਲਿਤ ਔਰਤਾਂ ਨਾਲ ਬਲਾਤਕਾਰ
ਨੂੰ ਹਥਿਆਰ ਦੇ ਤੌਰ ਤੇ ਵਰਤਣਾ, ਸਪੱਸ਼ਟ ਤੇ ਲੁਕਵੇਂ ਢੰਗ ਨਾਲ ਸਿੱਖਿਅਕ ਸੰਸਥਾਵਾਂ ਤੇ ਕਬਜਾ ਕਰਨਾ
ਤੇ ਸਿੱਖਿਆ ਦਾ ਭਗਵਾਂਕਰਨ ਕਰਨਾ, ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਬਹੁ ਗਿਣਤੀ ਹਿੰਦੂ ਭਾਈਚਾਰੇ
ਵਿੱਚ ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ, ਮਨੁੱਖੀ ਹੱਕਾਂ ਦੇ ਕਾਰਕੁੰਨਾਂ, ਕਮਿਉਨਿਸਟਾਂ
ਨਾਲ ਸਬੰਧਤਿ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ, ਮਾਉਵਾਦੀਆਂ ਆਦਿ ਪ੍ਰਤੀ ਨਫਰਤ ਪੈਦਾ ਕਰਨ ਤੇ
ਨਾਲ-ਨਾਲ ਦੀ ਉਨ੍ਹਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਆਦਿ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ
ਹੈ।
ਇਸ ਵਕਤ ਇੰਡੀਆ ਵਿੱਚ
RSS
ਨੇ ਸਾਰੀਆਂ ਬ੍ਰਾਹਮਣਵਾਦੀ, ਹਿੰਦੂਤਵੀ, ਨਸਲਵਾਦੀ,
ਰਾਸ਼ਟਰਵਾਦੀ, ਦੇਸ਼ ਭਗਤ ਤਾਕਤਾਂ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਇਕੱਠਾ ਕੀਤਾ ਹੋਇਆ ਹੈ,
ਇਸਦੇ ਮੁਕਾਬਲੇ ਜਮਹੂਰੀ, ਮਨੁੱਖਤਾਵਾਦੀ, ਸੈਕੂਲਰ, ਘੱਟ ਗਿਣਤੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੀ
ਕੋਈ ਏਕਤਾ ਦਿਖਾਈ ਨਹੀਂ ਦਿੰਦੀ, ਬੇਸ਼ਕ ਬਹੁਤ ਲੋਕ ਆਪਣੇ ਆਪਣੇ ਢੰਗ ਨਾਲ ਵਿਰੋਧ ਕਰ ਰਹੇ ਹਨ। ਪਰ
ਇਸਦਾ ਕੋਈ ਵੱਡਾ ਪ੍ਰਭਾਵ ਕਿਤੇ ਨਹੀਂ ਦਿਸ ਰਿਹਾ ਤੇ ਨਾ ਹੀ ਹਿੰਦੂਤਵੀ ਤਾਕਤਾਂ ਇਸਨੂੰ ਬਹੁਤੀ
ਅਹਿਮੀਅਤ ਹੀ ਦੇ ਰਹੀਆਂ ਹਨ। ਜੇ 2019 ਦੀਆਂ ਚੋਣਾਂ ਤੋਂ ਪਹਿਲਾਂ ਲੋਕ ਇਕੱਠੇ ਨਾ ਹੋਏ ਤਾਂ ਜਿਥੇ
ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਣਾ ਆਸੰਭਵ ਹੈ, ਉਥੇ ਅਗਲੇ ਸਾਲਾਂ ਵਿੱਚ ਹੋਣ ਵਾਲੇ
ਕਤਲੇਆਮਾਂ, ਦੰਗਿਆਂ, ਸਿਵਲ ਵਾਰ, ਘੱਟ ਗਿਣਤੀਆਂ ਤੇ ਹਮਲੇ, ਮਸਜਿਦਾਂ ਜਾਂ ਗਿਰਜੇ ਢਹਾਉਣ ਆਦਿ ਲਈ
ਤਿਆਰ ਰਹਿਣਾ ਚਾਹੀਦਾ ਹੈ। ਹਿੰਦੂ ਰਾਸ਼ਟਰ ਦੇ ਰਾਹ ਵਿੱਚ ਅਗਰ ਕੋਈ ਰੁਕਾਵਟ ਦਿਸੀ ਤਾਂ ਹਿੰਦੂਤਵੀ
ਤਾਕਤਾਂ ਵਲੋਂ ਰਾਸ਼ਟਰਪਤੀ ਰਾਜ, ਐਮਰਜੈਂਸੀ, ਫੌਜ ਆਦਿ ਲਗਾਈ ਜਾ ਸਕਦੀ ਹੈ। ਅਜਿਹਾ ਕੁੱਝ ਕਰਨ ਲਈ,
ਉਨ੍ਹਾਂ ਵਲੋਂ ਆਪ ਵੀ ਦੰਗਿਆਂ ਜਾਂ ਸਿਵਲ ਵਾਰ ਵਾਲੇ ਹਾਲਾਤ ਬਣਾ ਕੇ ਕਤਲੇਆਮ ਜਾਂ ਦੰਗੇ ਕੀਤੇ ਜਾ
ਸਕਦੇ ਹਨ। ਵੱਡੀ ਪੱਧਰ ਤੇ ਲੋਕਾਂ ਨੂੰ ਜ਼ੇਲ੍ਹੀ ਵੀ ਸੁੱਟਿਆ ਜਾ ਸਕਦਾ ਹੈ। ਕਹਿਣ ਤੋਂ ਭਾਵ ਹੈ ਕਿ
ਹੋਣੀ ਸਾਨੂੰ ਵਾਜਾਂ ਮਾਰ ਰਹੀ ਹੈ, ਜੇ ਘੱਟ ਗਿਣਤੀਆਂ, ਸੈਕੂਲਰ, ਮਨੁੱਖਤਾਵਾਦੀ, ਦਲਿਤ, ਆਦਿਵਾਸੀ,
ਕਮਿਉਨਿਸਟ ਤਾਕਤਾਂ ਆਦਿ ਇਕੱਠੇ ਨਾ ਹੋਏ ਤਾਂ ਨਾਜ਼ੀਆਂ ਤੇ ਫਾਸ਼ੀਵਾਦੀਆਂ ਦੀ ਤਰਜ ਤੇ ਇੰਡੀਆ ਦੇ
ਲੋਕਾਂ ਨੂੰ ਵੱਡੇ ਕਤਲੇਆਮਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਬੇਸ਼ਕ ਅੱਜ ਦੇ ਅੰਤਰ ਰਾਸ਼ਟਰੀ ਹਾਲਾਤਾਂ
ਦੇ ਮੱਦੇ ਨਜ਼ਰ, ਹਿੰਦੂਤਵੀ ਫੌਰਸਾਂ ਲਈ ਭਾਰਤ ਵਰਗੇ ਬਹੁ ਕੌਮੀ, ਬਹੁ ਧਰਮੀ, ਬਹੁ ਸਭਿਆਚਾਰੀ ਦੇਸ਼
ਵਿੱਚ ਇਹ ਸਭ ਕਰਨਾ, ਇਤਨਾ ਆਸਾਨ ਨਹੀਂ, ਜਿਸ ਨਾਲ ਵੱਡੇ ਪੱਧਰ ਤੇ ਵਿਦਰੋਹ ਵੀ ਪੈਦਾ ਹੋ ਸਕਦਾ ਹੈ
ਤੇ ਸਿਵਲ ਵਾਰ ਵੀ ਛਿੜ ਸਕਦੀ ਹੈ। ਪਰ ਜਿਸ ਢੰਗ ਨਾਲ ਹਿੰਦੂਤਵੀ ਤਾਕਤਾਂ ਕੰਮ ਕਰ ਰਹੀਆਂ ਹਨ, ਉਸ
ਨਾਲ ਸਪੱਸ਼ਟ ਹੈ ਕਿ ਉਹ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਪੂਰਾ ਕਰਨ ਲਈ ਕੁੱਝ ਵੀ ਕਰ ਸਕਦੀਆਂ
ਹਨ? ਇੱਕ ਪੱਖ ਇਹ ਵੀ ਹੈ ਕਿ ਦੁਨੀਆਂ ਭਰ ਦੀਆਂ ਸਾਮਰਾਜੀ ਤਾਕਤਾਂ ਭਾਰਤ ਨੂੰ ਇੱਕ ਵੱਡੀ ਮੰਡੀ
ਵਜੋਂ ਵਰਤ ਰਹੀਆਂ ਹਨ ਤੇ ਇਨ੍ਹਾਂ ਤਾਕਤਾਂ ਨੂੰ ਹਿੰਦੂਤਵੀਆਂ ਵਲੋਂ ਆਪਣੇ ਏਜੰਡੇ (ਰਾਸ਼ਟਰਵਾਦ) ਤੋਂ
ਉਲਟ ਕੁੱਝ ਵੀ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਜਿਸ ਕਰਕੇ ਪੱਛਮੀ ਸਾਮਰਾਜੀ ਤਾਕਤਾਂ ਵਲੋਂ ਭਾਰਤ
ਦੇ ਲੋਕਾਂ ਦੀ ਬਾਂਹ ਫੜ੍ਹਨ ਦੇ ਕੋਈ ਬਹੁਤੇ ਆਸਾਰ ਨਹੀਂ ਹਨ। ਇਸ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ
ਤੱਕ ਦਾ ਮੁਗਲਾਂ ਤੇ ਬ੍ਰਿਟਿਸ਼ ਬਸਤੀਵਾਦੀਆਂ ਵਲੋਂ ਧੱਕੇ ਨਾਲ ਬਣਾਇਆ ਹੋਇਆ ਅਖੰਡ ਭਾਰਤ (ਜਿਸਨੂੰ
ਹੁਣ ਮੁੱਠੀ ਭਰ ਹਿੰਦੂਤਵੀ ਤਾਕਤਾਂ ਅਖੰਡ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਦੇਖ ਰਹੀਆਂ ਹਨ) ਖੇਰੂੰ
ਖੇਰੂੰ ਹੋ ਸਕਦਾ ਹੈ? ਵੈਸੇ ਵੀ ਇਤਿਹਾਸਕ ਤੌਰ ਤੇ ਭਾਰਤ ਕਦੇ ਵੀ ਅੱਜ ਵਰਗਾ ਅਖੰਡ ਭਾਰਤ ਨਹੀਂ ਸੀ,
ਇਥੇ ਸਦੀਆਂ ਤੋਂ ਵੱਖ-ਵੱਖ ਧਰਮਾਂ, ਕੌਮਾਂ ਦੇ ਲੋਕਾਂ ਦੇ ਆਪਣੇ ਆਪਣੇ ਇਲਾਕਿਆਂ ਵਿੱਚ ਰਾਜ ਸਨ।
ਜਿਨ੍ਹਾਂ ਨੂੰ ਪਹਿਲਾਂ ਵਿਦੇਸ਼ੀ ਮੁਸਲਮਾਨ ਹਮਲਾਵਰਾਂ ਤੇ ਫਿਰ ਵਿਦੇਸ਼ੀ ਬਸਤੀਵਾਦੀ ਗੋਰੇ ਹਾਕਮਾਂ ਨੇ
ਆਪਣੀ ਸੌਖ ਤੇ ਰਾਜਸੀ ਹਵਸ ਲਈ ਧੱਕੇ ਨਾਲ ਇਕੱਠਾ ਕੀਤਾ ਸੀ, ਜੋ ਕਿ 1947 ਵਿੱਚ ਦੇਸੀ ਹਿੰਦੂ
ਹਾਕਮਾਂ ਹੱਥ ਆ ਗਿਆ। ਚਾਹੀਦਾ ਤਾਂ ਇਹ ਸੀ, ਉਸ ਵਕਤ ਹੀ ਦੇਸ਼ ਵਿੱਚ ਸਮਾਜਵਾਦੀ ਲੀਹਾਂ ਤੇ ਸੈਕੂਲਰ
ਫੈਡਰਲ ਢਾਂਚਾ ਲਾਗੂ ਕਰਕੇ ਸਾਰੀਆਂ ਕੌਮਾਂ, ਧਰਮਾਂ, ਫਿਰਕਿਆਂ, ਆਦਿਵਾਸੀਆਂ, ਘੱਟ ਗਿਣਤੀਆਂ,
ਦਲਿਤਾਂ ਆਦਿ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਂਦਾ, ਪਰ ਕਾਂਗਰਸ ਦੀ ਹਿੰਦੂਤਵੀ ਸੌੜੀ ਸੋਚ
ਨੇ ਅਜਿਹਾ ਨਾ ਕਰਕੇ, ਇੰਡੀਆ ਨੂੰ ਇਥੇ ਲਿਆ ਖੜਾ ਕੀਤਾ ਹੈ, ਜਿਥੇ ਤਬਾਹੀ ਹੀ ਸਪੱਸ਼ਟ ਦਿਖਾਈ ਦੇ
ਰਹੀ ਹੈ। ਜੇ ਅਜੇ ਵੀ ਲੋਕ ਇਕੱਠੇ ਨਾ ਹੋਏ ਤਾਂ ਅਗਰ ਨਾ ਸਮਝੋਗੇ, ਤੋ ਮਿਟ ਜਾਉਗੇ, ਐ ਹਿੰਦੁਸਤਾਂ
ਵਾਲੋ, ਤੁਮਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ। (ਇਕਬਾਲ)
|
. |