.

ਅਰਦਾਸ- ਇਕ ਮਨੋਵਿਗਿਆਨਕ ਝਾਤ

ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਵਟਸਐਪ ਨੰਬਰ +61-468432632

[email protected]

 

ਅਰਦਾਸ ਦੇ ਅੱਖਰੀ ਅਰਥ ਸਮਝਣੇ ਕੋਈ ਮੁਸ਼ਕਲ ਗੱਲ ਨਹੀਂ ਹੈ।ਪੰਜਾਬੀ ਕੋਸ਼ ਅਨੁਸਾਰ ਅਰਦਾਸ ਦੇ ਅਰਥ ਹਨ: ਬੇਨਤੀ, ਪ੍ਰਾਰਥਨਾਂ, ਅਰਜ਼ੋਈ। ਕਿਸੇ ਪਾਸੋਂ ਜਦੋਂ ਕਿਸੇ ਵੀ ਚੀਜ਼ ਦੀ ਮੰਗ ਕਰਨੀ ਹੋਵੇ ਤਾਂ ਆਪਣੀ ਮੰਗ ਵਾਸਤੇ ਬੇਨਤੀ ਕਰਨੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਬੇਨਤੀ ਅਰਦਾਸ ਹੀ ਹੁੰਦੀ ਹੈ। ਅਰਦਾਸ ਭਾਵ ਬੇਨਤੀ ਤਾਂ ਕਿਸੇ ਪਾਸ ਵੀ ਕੀਤੀ ਜਾ ਸਕਦੀ ਹੈ ਪਰ ਆਮ ਤੌਰ ਤੇ ਜਦੋਂ ਅਰਦਾਸ ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਇਹ ਹੀ ਸਮਝ ਆਉਂਦੀ ਹੈ ਕਿ ਇਹ ਬੇਨਤੀ ਰੱਬ ਪਾਸ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਰੱਬ ਜੀ ਅੱਗੇ ਕੀਤੀ ਗਈ ਬੇਨਤੀ ਨੂੰ ਹੀ ਅਰਦਾਸ ਕਿਹਾ ਜਾਂਦਾ ਹੈ ਜਾਂ ਸਮਝਿਆ ਜਾਂਦਾ ਹੈ।

ਹੁਣ ਰੱਬ ਅੱਗੇ ਅਰਦਾਸ ਤਾਂ ਹਰ ਕੋਈ ਕਰਦਾ ਹੈ ਪਰ ਵੇਖਦੇ ਇਹ ਹਾਂ ਕਿ ਕਿਸੇ ਦੀ ਅਰਦਾਸ ਪੂਰੀ ਹੋ ਜਾਂਦੀ ਹੈ ਅਤੇ ਕਿਸੇ ਦੀ ਨਹੀਂ, ਜਾਂ ਫਿਰ ਕਿਸੇ ਦੀ ਅੱਧੀ ਪਚੱਦੀ ਹੀ ਪੂਰੀ ਹੁੰਦੀ ਹੈ। ਇਸੇ ਲਈ ਇਹ ਸੋਚ ਆਉਂਦੀ ਹੈ ਕਿ ਸਮਝਿਆ ਜਾਵੇ ਕਿ ਅਰਦਾਸ ਹੁੰਦੀ ਕੀ ਹੈ ਅਤੇ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਪੂਰੀ ਕਿਸ ਤਰ੍ਹਾਂ ਹੋਵੇ? ਇਸ ਸਬੰਧ ਵਿਚ ਅਰਦਾਸ ਨੂੰ ਅਤੇ ਰੱਬ ਨੂੰ ਦੋਵਾਂ ਨੂੰ ਸਮਝਣਾ ਪਵੇਗਾ।

ਜਦੋਂ ਗੁਰੂ ਨਾਨਕ ਦੀ ਫਿਲਾਸਫੀ ਅਨੁਸਾਰ ਰੱਬ ਨੂੰ ਸਮਝਦੇ ਹਾਂ ਤਾਂ ਅਰਦਾਸ ਦੇ ਅਰਥ ਹੀ ਬਦਲ ਜਾਂਦੇ ਹਨ। ਕਿੳਂਕਿ ਗੁਰਬਾਣੀ ਅਨੁਸਾਰ ਰੱਬ ਤੇ ਸਭ ਦੇ ਅੰਦਰ ਹੀ ਵਸਦਾ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ (ਪੰਨਾ-684) ਭਾਵ ਇਹ ਹੋਇਆ ਕਿ ਅਰਦਾਸ ਆਪਣੇ ਅੰਦਰ ਵੱਸਦੇ ਰੱਬ ਅੱਗੇ ਹੀ ਕਰਨੀ ਹੈ। ਅੰਦਰ ਦਾ ਰੱਬ ਹੈ ਮਨ ਅਤੇ ਬਿਬੇਕ ਬੁਧੀ ਦਾ ਸੁਮੇਲ: ਸੁਰਤ, ਮੱਤ, ਮਨ, ਬੁਧ।

 ਜਦੋਂ ਰੱਬ ਅੰਦਰ ਵਸਦਾ ਹੈ ਤੇ ਫਿਰ ਇਹ ਸਮਝਣਾ ਹੋਵੇਗਾ ਕਿ ਅਰਦਾਸ ਕੀਤੀ ਕੀ ਜਾਵੇ ਅਤੇ ਕਿਸ ਤਰ੍ਹਾਂ ਅਤੇ ਕਿਸ ਪਾਸ ਕੀਤੀ ਜਾਵੇ?

ਇਸ ਸਬੰਧ ਵਿਚ ਸੱਭ ਤੋਂ ਪਹਿਲਾ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਹਰ ਮਨੁੱਖ ਨੂੰ ਸਚਿਆਰ ਬਣਾਉਣਾ ਚਾਹੁੰਦੇ ਸਨ ਤਾਂ ਕਿ ਇੱਕ ਚੰਗਾ ਸੁਚੱਜਾ ਤੇ ਪਿਆਰ ਭਰਿਆ ਸਮਾਜ ਸਿਰਜਿਆ ਜਾ ਸਕੇ। ਇਸ ਲਈ ਗੁਰਬਾਣੀ ਦੇ ਫਲਸਫੇ ਅਨੁਸਾਰ ਅਰਦਾਸ ਤਾਂ ਕਰਨੀ ਹੈ ਸਚਿਆਰ ਹੋਣ ਲਈ  ਆਪਣਾ ਮੂਲ ਪਹਿਚਾਨਣ ਲਈ – ਮਨ ਨੂੰ ਸ਼ੁਧ ਕਰਨ ਲਈ  ਆਪਣੀ ਜ਼ਮੀਰ ਨੂੰ ਉੱਚਾ ਤੇ ਸੁੱਚਾ ਕਰਨ ਲਈ  ਜਿਸ ਰਾਹੀ ਖੁਸ਼ੀ, ਖੇੜਾ ਤੇ ਮਨ ਦੀ ਸ਼ਾਂਤੀ ਮਿਲ ਸਕੇ।

ਇਸ ਤਰ੍ਹਾਂ ਅਰਦਾਸ ਤਾਂ ਹੁੰਦੀ ਹੈ ਆਪਣੀ ਜ਼ਮੀਰ ਨੂੰ ਜਗਾਉਣ ਵਾਸਤੇ ਉਤਸ਼ਾਹਿਤ ਕਰਨ ਵਾਸਤੇ ਆਪਣੀ ਜ਼ਮੀਰ ਨੂੰ ਪ੍ਰੇਰਣ ਵਾਸਤੇ ਜਾਂ ਆਪਣਾ ਮਨੋਬਲ ਵਧਾਉਣ ਵਾਸਤੇ ਆਪਣੇ ਸਬ-ਕੋਨਸ਼ਿਅਸ ਮਾਇੰਡ ਨੂੰ (ਭਾਵ ਅਚੇਤ ਮਨ ਨੂੰ) ਸਮਝਾਉਣ ਵਾਸਤੇ ਕਿ ਉਸ ਨੇ ਕਿਸ ਰਸਤੇ ਚੱਲਣਾ ਹੈ ਅਤੇ ਕਿਵੇਂ ਜਾਗਰੂਕ ਹੋਣਾਂ ਹੈ । ਅਰਦਾਸ ਤਾਂ ਮਨ ਨੂੰ  (ਪੋਸਟਿਵਿੲ ਟਹਨਿਕਨਿਹਗ ) ਇਕ ਸਾਰਥਕ ਸੋਚ ਵਲ ਉਕਸਾਉਣਾ ਹੈ ਜਿਸ ਨਾਲ ਮਨੁੱਖ ਚੜ੍ਹਦੀ ਕਲਾ ਵਿਚ ਰਹਿਣ ਦਾ ਆਦੀ ਹੋ ਸਕੇ।

ਪਰ ਇਸ ਦੇ ਉਲਟ ਆਮ ਤੌਰ ਤੇ ਇਹ ਹੀ ਵੇਖਦੇ ਹਾਂ ਕਿ ਅਰਦਾਸ ਤਾਂ ਕੀਤੀ ਜਾਂਦੀ ਹੈ ਆਪਣੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਲਈ ਜਾਂ ਆਪਣੀ ਕਿਸੇ ਕਿਸਮ ਦੀ ਕਾਮਯਾਬੀ ਵਾਸਤੇ, ਆਪਣੀ ਤੰਦਰੁਸਤੀ ਵਾਸਤੇ, ਬੱਚਿਆਂ ਵਾਸਤੇ, ਤੇ ਜਾਂ ਫਿਰ ਵਿਉਪਾਰ ਆਦਿ ਵਿਚ ਵਾਧੇ ਵਾਸਤੇ।

ਬਹੁਤ ਵਿਅਕਤੀ ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਨ ਅਤੇ ੳਨ੍ਹਾਂ ਅੱਗੇ ਅਰਦਾਸਾਂ ਕਰਦੇ ਹਨ। ਕਈ ਪੀਰ ਪੈਗੰਬਰਾਂ ਦੀਆਂ ਕਬਰਾਂ, ਮੜੀਆ, ਮਸਾਣਾ, ਕਬਰਾ ਆਦਿ ਪੂਜਦੇ ਹਨ ਅਤੇ ਉਨ੍ਹਾਂ ਅੱਗੇ ਅਰਦਾਸਾਂ ਕਰਦੇ ਹਨ। ਇਸੇ ਤਰ੍ਹਾਂ ਸਿੱਖ ਅਖਵਾਉਂਦੇ ਲੋਕ ਆਮ ਤੌਰ ਤੇ ਇਕ ਪ੍ਰਮਾਣਿਕ ਅਰਦਾਸ ਕਰਦੇ ਹਨ ਜੋ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਤੇ ਗੁਰੂ ਸਾਹਿਬਾਨ ਦਾ ਨਾਮ ਲੈਅ ਕੇ ਉਨ੍ਹਾਂ ਅੱਗੇ ਅਰਦਾਸ ਕਰਦੇ ਹਨ। ਇਹ ਅਰਦਾਸ ਕਈ ਵਾਰ ਕਿਸੇ ਗੁਰੂ ਸਾਹਿਬ ਦੀ ਤਸਵੀਰ ਅੱਗੇ ਖੜੇ ਹੋ ਕੇ ਜਾਂ ਉਸ ਤੋਂ ਬਗੈਰ ਵੀ ਕੀਤੀ ਜਾਂਦੀ ਹੈ।

ਅੰਮ੍ਰਿਤਸਰ ਵਿਚ ਤਾਂ ਬਹੁਤ ਲੋਕ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾ ਕੇ ਬਾਬਾ ਦੀਪ ਸਿੰਘ ਅੱਗੇ ਵੀ ਅਰਦਾਸਾਂ ਕਰਦੇ ਹਨ। ਇਹ ਹੀ ਨਹੀਂ ਸਗੋਂ ਹੋਰ ਵੀ ਕਈ ਸ਼ਹੀਦਾਂ ਅਤੇ ਬਾਬਿਆ ਅੱਗੇ ਵੀ ਅਰਦਾਸਾਂ ਕੀਤੀਆ ਜਾਂਦੀਆਂ ਹਨ। ਇਸ ਤਰ੍ਹਾਂ ਵੱਖ ਵੱਖ ਧਰਮਾਂ ਦੇ ਲੋਕ ਆਪੋ ਆਪਣੇ ਇਸ਼ਟ ਦੀ ਪੂਜਾ ਕਰਦੇ ਹਨ ਅਤੇ ਉਸ ਅੱਗੇ ਅਰਦਾਸਾਂ ਕਰਦੇ  ਹਨ।

ਇਕ ਹੋਰ ਰਿਵਾਜ਼ ਇਹ ਵੀ ਪ੍ਰਚੱਲਤ ਹੈ; ਅਤੇ ਉਹ ਇਹ ਕਿ ਆਮ ਵਿਅਕਤੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਰਦਾਸ ਕਿਸੇ ਖਾਸ ਵਿਅਕਤੀ ਪਾਸੋਂ ਹੀ ਕਰਵਾਈ ਜਾਵੇ। ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕੋਈ ਖਾਸ ਵਿਅਕਤੀ ਅਰਦਾਸ ਕਰੇ ਤੇ ਉਹ ਅਰਦਾਸ ਹੀ ਪੂਰੀ ਹੋ ਸਕਦੀ ਹੈ।ਇਸੇ ਲਈ ਅਰਦਾਸ ਵਾਸਤੇ ਕਿਸੇ ਭਾਈ ਨੂੰ, ਗ੍ਰੰਥੀ ਨੂ, ਪੰਡਤ ਨੂੰ, ਜਾਂ ਮੌਲਵੀ ਆਦਿ ਨੂੰ ਲਭਿਆ ਜਾਂਦਾ ਹੈ ਅਤੇ ਉਸ ਪਾਸੋਂ ਅਰਦਾਸ ਕਰਵਾਈ ਜਾਂਦੀ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇ ਰੱਬ ਪਾਸ ਜਾਂ ਦੇਵੀ ਦੇਵਤਿਆਂ ਪਾਸ ਕੋਈ ਖਾਸ ਸਫਾਰਸ਼ ਪਵਾਉਣੀ ਹੋਵੇ। ਇਸੇ ਲਈ ਤਾਂ ਭਾਈ ਦੇ ਹੱਥ ਵਿਚ (ਜਿਵੇਂ ਰਿਸ਼ਵਤ ਵਾਸਤੇ) ਕੁਝ ਰੁਪਏ ਫੜਾ ਦਿਤੇ ਜਾਂਦੇ ਹਨ ਜਾਂ (ਐਸੀ ਰਿਸ਼ਵਤ ਦੇ ਤੌਰ ਤੇ) ਪੰਡਤਾਂ ਨੂੰ ਦੱਛਣਾਂ ਜਾਂ ਭੇਟਾ ਦਿਤੀ ਜਾਂਦੀ ਹੈ।ਇਹ ਸਭ ਇਸ ਲਈ ਵੀ ਹੁੰਦਾ ਹੈ ਕਿਉਂਕਿ ਇਹ ਸਝਿਆ ਜਾਂਦਾ ਹੈ ਕਿ ਅਰਦਾਸ ਕਿਸੇ ਖਾਸ ਢੰਗ ਨਾਲ ਤੇ ਕੋਈ ਖਾਸ ਪ੍ਰਮਾਣਿਤ ਅਰਦਾਸ ਕੀਤੀ ਜਾਵੇ ਤੇ ਤਾਂ ਹੀ ਅਰਦਾਸ ਪੂਰੀ ਹੋ ਸਕਦੀ ਹੈ।

ਇਸ ਦੇ ਉਪਰੰਤ ਇਹ ਵੀ ਵੇਖਿਆਂ ਸੁਣਿਆ ਹੈ ਕਿ ਜਦੋਂ ਰੱਬ ਦੇ ਪਾਸ ਆਰਦਾਸ ਭਾਵ ਪ੍ਰਾਰਥਨਾ ਕੀਤੀ ਜਾਂਦੀ ਤਾਂ ਰੱਬ ਨਾਲ ਕੋਈ ਵਾਇਦਾ ਵੀ ਕੀਤਾ ਜਾਂਦਾ ਹੈ। ਜਿਵੇਂ ਅਰਦਾਸ ਹੁੰਦੀ ਹੈ ਕਿ ਜੇ ਮੇਰਾ ਇਹ ਕੰਮ ਹੋ ਜਾਵੇ ਤਾਂ ਮੈ ਇਤਨੇ ਪੈਸੇ ਚੜ੍ਹਾਵਾਂ ਗਾ। ਜਾਂ ਕਿਸੇ ਤੀਰਥ ਅਸਥਾਣ ਤੇ ਚਕਰ ਲਗਾਵਾ ਗਾ, ਜਾਂ ਫਲਾਣੀ ਦੇਵੀ ਦੇ ਦਰਸ਼ਨਾਂ ਲਈ ਇਤਨੇ ਸਾਲ ਜਾਵਾਂ ਗਾ, ਜਾ ਕੈਸ਼ ਜਾਂ ਗਿਫਟ ਦੇ ਰੂਪ ਵਿਚ ਕੋਈ ਚੀਜ਼ ਭੇਂਟ ਕਰਨ ਦਾ ਵਾਇਦਾ ਵੀ ਕੀਤਾ ਜਾਂਦਾ ਹੈ। ਆਪੋ ਆਪਣੀ ਹਸੀਅਤ ਤੇ ਪਹੁੰਚ ਦੇ ਮੁਤਾਬਿਕ ਇਸ ਤਰ੍ਹਾਂ ਦੇ ਕਈ ਵਾਇਦੇ (ਸੌਦੇ)ਰੱਬ ਜੀ ਨਾਲ ਕੀਤੇ ਅਤੇ ਕਰਵਾਏ ਜਾਂਦੇ ਹਨ। ਭਾਵ ਆਪਣੀ ਖਾਹਸ਼ ਦੀ ਪੂਰਤੀ ਲਈ ਸੌਦਾ ਕੀਤਾ ਜਾਂਦਾ ਹੈ ਜਾਂ ਸ਼ਰਤ ਰੱਖ ਦਿੱਤੀ ਜਾਂਦੀ ਹੈ।ਫਿਰ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਤਾਂ ਬੜੀ ਧੂਮ ਧਾਮ ਨਾਲ ਦੇਵੀ ਜਾਂ ਦੇਵਤੇ ਦੀ ਪੂਜਾ ਕੀਤੀ ਜਾਂਦੀ। ਸਿੱਖ ਜਗਤ ਦੇ ਪੂਜਾਰੀ ਆਪਣੀ ਹਸੀਅਤ ਮੁਤਾਬਕ ਗੁਰੂ ਗ੍ਰੰਥ ਸਾਹਿਬ ਵਾਸਤੇ ਵਧੀਆ ਤੋਂ ਵਧੀਆ ਰੁਮਾਲੇ ਚੜ੍ਹਾਉਂਦੇ ਹਨ।

ਅਰਦਾਸ ਕਰਨ ਜਾਂ ਕਰਵਾਉਣ ਦੇ ਨਵੇਂ ਨਵੇਂ ਢੰਗ ਵੀ ਲੱਭ ਲਿੱਤੇ ਜਾਂਦੇ ਹਨ। ਜਿਵੇਂ ਐਸੇ ਸ਼ਰਦਾਲੂ ਵੀ ਹੁੰਦੇ ਹਨ ਜੋ ਬਾਹਰ ਦੇਸ਼ ਜਾਂ ਪ੍ਰਦੇਸ਼ ਵਿਚ ਬੈਠੇ ਲਿਖ ਦਿੰਦੇ ਹਨ ਜਾਂ ਸੁਣੇਹਾ ਭੇਜ ਦਿੰਦੇ ਹਨ ਕਿ ਫਲਾਣੇ ਗੁਰਦੁਆਰੇ ਜਾਂ ਫਲਾਣੇ ਡੇਰੇ ਤੇ ਮੇਰੀ ਕਾਮਯਾਬੀ ਵਾਸਤੇ, ਜਾਂ ਮੇਰੀ ਸਿਹਤ ਵਾਸਤੇ, ਜਾਂ ਹੋਰ ਵੀ ਕਿਸੇ ਕੰਮ ਦੀ ਪੂਰਤੀ ਵਾਸਤੇ ਅਰਦਾਸ ਕਰ ਦਿੱਤੀ ਜਾਵੇ ਤੇ ਉਸ ਲਈ ਮੁਨਾਸਬ ਰਕਮ ਭਾਵ ਕੀਮਤ ਭੇਜ ਦਿੱਤੀ ਜਾਂਦੀ ਹੈ।

ਸਿੱਖ ਲੋਕ ਅਰਦਾਸ ਵਾਸਤੇ ਦਰਬਾਰ ਸਾਹਿਬ ਅਖੰਡ ਪਾਠ ਬੁਕ ਕਰਵਾ ਲੈਂਦੇ ਹਨ ਅਤੇ ਇਹ ਸੁਨਣ ਵਿਚ ਆਇਆ ਹੈ ਕਿ ਇਥੇ ਅਖੰਡ ਪਾਠ ਦੀ ਬੁਕਿੰਗ ਕਈ ਕਈ ਸਾਲ ਪਹਿਲਾਂ ਦੀ ਹੋ ਚੁਕੀ ਹੈ। ਇਸ ਵਾਸਤੇ ਮੁਨਾਸਿਬ ਮਿਥੀ ਕੀਮਤ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ।ਫਿਰ ਭੋਗ ਪੈਣ ਤੇ ਅਰਦਾਸ ਕਰ ਦਿੱਤੀ ਜਾਂਦੀ ਹੈ ਅਤੇ ਹੁਕਮ ਨਾਮੇ ਦੀ ਕਾਪੀ ਭੇਜ ਦਿੱਤੀ ਜਾਂਦੀ ਹੈ।

ਬਹੁਤ ਲੋਕ ਐਸੇ ਵੀ ਹਨ, ਜੋ ਆਮ ਤੌਰ ਤੇ ਕਹੇ ਜਾਂਦੇ ਜਾਂ ਮੰਨੇ ਜਾਂਦੇ ਸੰਤਾਂ, ਬਾਬਿਆਂ ਜਾਂ ਡੇਰੇਦਾਰਾਂ ਅੱਗੇ ਵੀ ਆਪਣੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਜਾਂ ਆਪਣੀ ਹਰ ਤਰ੍ਹਾਂ ਦੀ ਕਾਮਯਾਬੀ ਵਾਸਤੇ ਅਰਦਾਸਾਂ ਕਰਦੇ ਰਹਿੰਦੇ ਹਨ।

ਹਰ ਕੋਈ ਆਪੋ ਆਪਣੀ ਸਮਝ ਅਨੁਸਾਰ ਅਰਦਾਸਾਂ ਕਰੀ ਜਾਂਦਾ ਹੈ ਜਾ ਕਰਵਾਈ ਜਾਂਦਾ ਹੈ।  ਜਦੋਂ ਕੋਈ ਕਿਸੇ ਬਾਬੇ ਅੱਗੇ ਜਾਂ ਸੰਤਾਂ ਪਾਸ ਜਾ ਡੇਰੇਦਾਰਾਂ ਪਾਸ ਅਰਦਾਸ ਕਰਦਾ ਹੈ ਤੇ ਉਹ ਬਾਬੇ ਹਰ ਇਕ ਨੂੰ ਪੁਤਰ ਦਈ ਜਾਂਦੇ ਹਨ; ਭਾਵ ਹਰ ਕੋਈ ਜੋ ਮੰਗ ਰੱਖਦਾ ਹੈ ਬਾਬੇ ਤੱਥਾ ਅਸਤੂ ਕਹਿ ਦਿੰਦੇ ਹਨ। ਭਾਵ ਇਹ ਕਿ ਸੱਭ ਨੂੰ ਇਹ ਯਕੀਣ ਦਿਵਾ ਦਿੰਦੇ ਹਨ ਕਿ ਉਸ ਦੀ ਆਸ ਪੂਰੀ ਹੋ ਜਾਵੇ ਗੀ। ਹੁਣ ਕੁਦਰਤ ਦੇ ਨੀਯਮ ਅਨੁਸਾਰ ਕੁਝ ਵਿਅਕਤੀ ਐਸੇ ਹੁੰਦੇ ਹਨ ਜਿਨ੍ਹਾਂ ਦੀ ਅਰਦਾਸ ਜਾਂ ਮੰਗ ਜਾਂ ਆਸ ਪੂਰੀ ਹੋ ਜਾਂਦੀ ਹੈ ਤਾਂ ਉਹ ਉਸ ਡੇਰੇਦਾਰ ਜਾਂ ਸੰਤ ਬਾਬੇ ਦੇ ਪੱਕੇ ਪੂਜਾਰੀ ਹੋ ਜਾਂਦੇ ਹਨ ਅਤੇ ਉਸ ਬਾਬੇ ਦੀ ਮਸ਼ਹੂਰੀ ਕਰਨ ਵਿਚ ਰੁਝ ਜਾਂਦੇ ਹਨ।ਕੁਝ ਐਸੇ ਵੀ ਹੁੰਦੇ ਹਨ ਜਿਨ੍ਹਾਂ ਦੀ ਅਰਦਾਸ ਜਾਂ ਮੰਗ ਜਾਂ ਆਸ ਪੂਰੀ ਨਹੀਂ ਹੁੰਦੀ ਤਾਂ ਉਹ ਕੋਈ ਹੋਰ ਡੇਰੇਦਾਰ ਜਾਂ ਸੰਤ ਜਾਂ ਬਾਬੇ ਨੂੰ  ਲੱਭਣ ਤੁਰ ਜਾਂਦੇ ਹਨ।

ਜੋ ਅਰਦਾਸਾਂ ਧਾਰਮਿਕ ਅਸਥਾਣਾ ਤੇ ਹੁੰਦੀਆਂ ਹਨ ਉਸ ਬਾਰੇ ਕਿਸੇ ਨੇ ਖੂਬ ਕਿਹਾ ਹੈ ਕਿ ਉੱਚੀ ਉੱਚੀ ਅਵਾਜ਼ ਵਿਚ ਕੀਤੀਆਂ ਮੰਦਰਾਂ ਵਿਚ ਆਰਤੀਆਂ, ਮਸਜਦਾਂ ਵਿਚ ਕੀਤੀਆ ਨਮਾਜ਼ਾ ਗਿਰਜਾ ਘਰਾਂ ਵਿਚ ਕੀਤੀਆ ਪਰਾਰਥਣਾਵਾ ਅਤੇ ਗੁਰਦੁਆਰਿਆਂ ਵਿਚ ਕੀਤੀਆਂ ਅਰਦਾਸਾਂ ਤਾਂ ਕੇਵਲ ਲੋਕ ਸੁਣਦੇ ਹਨ ਰੱਬ ਤੇ ਦਿਲ ਦੀ ਅਵਾਜ਼ ਸੁਣਦਾ ਹੈ। ਇਹ ਇਕ ਵਿਗਿਆਨਕ ਸੱਚ ਹੈ; ਮਨੋਵਿਗਿਆਨਕ ਦਸਦੇ ਹਨ ਕਿ:  ਅਰਦਾਸ ਆਪਣੀ ਸੋਚ ਹੀ ਹੁੰਦੀ ਹੈ ਆਪਣੇ ਅੰਦਰ ਦੇ ਪੱਲਰ ਰਹੇ ਸੈਲਾਂ ਨੂੰ ਸੁਣਾਉਣੀ ਹੁੰਦੀ ਹੈ। ਮਨੁੱਖ ਦੇ ਅੰਦਰ ਪੱਲਰ ਰਹੇ ਸੈਲ ਮਨੁਖ ਦੀ ਸੋਚ ਅਨੁਸਾਰ ਕੰਮ ਕਰਦੇ ਹਨ।

 ਇਸ ਦੇੁ ਉਲਟ ਇਹ ਬੜਾ ਅਜੀਬ ਲਗਦਾ ਹੈ ਜਦੋਂ ਇਹ ਅਨੁਭਵ ਕਰਦੇ ਹਾਂ ਕਿ ਕਈ ਵਾਰ ਅਰਦਾਸ ਕੇਵਲ ਵਖਾਵੇ ਵਾਸਤੇ ਜਾਂ ਆਪਣੀ ਸ਼ੋਭਾ ਵਾਸਤੇ ਵੀ ਕਰਵਾਈ ਜਾਂਦੀ ਹੈ।

ਇਸ ਸਬੰਧ ਵਿਚ ਇੱਕ ਬਹੁਤ ਹੀ ਰੋਚਿਕ ਵਾਕਿਆ ਸੁਨਣ ਵਿਚ ਆਇਆ ਹੈ। ਕਹਿੰਦੇ ਹਨ ਕਿ ਇੱਕ ਵਾਰ ਇੱਕ ਬੀਬੀ ਨੇ ਕਿਸੇ ਗੁਰਦਵਾਰੇ ਵਿਚ ਅਰਦਾਸ ਵਾਸਤੇ ਮਾਇਆ ਦਿੱਤੀ। ਉਸ ਗੁਰਦਵਾਰੇ ਵਿਚ ਰਿਵਾਜ ਇਹ ਸੀ ਕਿ ਜੋ ਵੀ ਮਾਇਆ ਵਾਸਤੇ ਅਰਦਾਸ ਭੇਂਟ ਦਿੰਦਾ ਸੀ ਦਿਵਾਨ ਵਿਚ ਹੋ ਰਹੀ ਅਰਦਾਸ ਵਿਚ ਉਸ ਦਾ ਨਾਮ ਬੋਲ ਕੇ ਸੁਣਾ ਦਿਤਾ ਜਾਂਦਾ ਸੀ।

ਹੋਇਆ ਇਸ ਤਰ੍ਹਾਂ ਕਿ ਆਰਦਾਸ ਵਿਚ ਭਾਈ ਜੀ ਨੇ ਸੱਭ ਨਾਮ ਬੋਲ ਦਿਤੇ ਪਰ ਇਕ ਬੀਬੀ ਦਾ ਨਾਮ ਬੋਲਣ ਤੋਂ ਰਹਿ ਗਿਆ। ਭੋਗ ਪੈਣ ਦੇ ਉਪਰੰਤ ਉਹ ਬੀਬੀ ਗੁਸੇ ਵਿਚ ਸੀ ਤੇ ਭਾਈ ਜੀ ਪਾਸ ਆ ਕੇ ਕਹਿਣ ਲੱਗੀ ਕਿ ਭਾਈ ਜੀ ਅਰਦਾਸ ਵਿਚ ਤੁਸੀ ਮੇਰਾ ਨਾਮ ਕਿਉਂ ਨਹੀਂ ਬੋਲਿਆ ਜਦੋਂ ਕਿ ਮੈਂ ਮੁਨਾਸਬ ਰਕਮ ਪਹਿਲਾਂ ਹੀ ਦਿੱਤੀ ਹੋਈ ਹੈ। ਭਾਈ ਜੀ ਨੇ ਲਿਸਟ ਵੇਖੀ ਤੇ ਇਹ ਦੱਸਿਆ ਕਿ ਬੀਬੀ ਦੀ ਮਾਇਆ ਆਈ ਹੋਈ ਹੈ, ਲਿਸਟ ਵਿਚ ਉਸ ਦਾ ਨਾਮ ਵੀ ਹੈ ਪਰ ਜਿਸ ਕਾਗਜ਼ ਤੇ ਨਾਮ ਲਿਖੇ ਸਨ ਬੀਬੀ ਦਾ ਨਾਮ ਉਸ ਕਾਗਜ਼ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ ਜਿਸ ਕਰਕੇ ਭਾਈ ਜੀ ਕਹਿਣ ਲੱਗੇ ਕਿ ਮੇਰੇ  ਪਾਸੋਂ ਇਸ ਕਾਰਨ ਭੁਲ ਹੋ ਗਈ ਹੈ। ਮੈਂ ਕਾਗਜ਼ ਦਾ ਪਿਛਲਾ ਪਾਸਾ ਵੇਖਿਆ ਹੀ ਨਹੀਂ। ਭਾਈ ਜੀ ਨੇ ਮੁਆਫੀ ਮੰਗੀ ਤੇ ਆਖਣ ਲੱਗੇ ਕਿ ਮੈਂ ਹੁਣ ਅਰਦਾਸ ਕਰ ਦਿੰਦਾ ਹਾਂ। ਬੀਬੀ ਗੁਸੇ ਵਿਚ ਸੀ ਤੇ ਆਖਣ ਲੱਗੀ ਕਿ "ਹੁਣ ਅਰਦਾਸ ਦਾ ਕੀ ਫਾਇਦਾ? ਕਿਉਂਕਿ ਬਲਵੰਤ ਕੌਰ ਤੇ ਸਤਵੰਤ ਕੌਰ ਤੇ ਚਲੀਆਂ ਗਈਆਂ ਹਨ। ਅਰਦਾਸ ਤੇ ਮੈ ਉਨ੍ਹਾਂ ਦੇ ਸਾਹਮਣੇ ਕਰਵਾਉਣੀ ਸੀ"। ਭਾਈ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਮੈ ਅਰਦਾਸ ਕੱਲ੍ਹ ਕਰ ਦਿਆਂਗਾ। ਬੀਬੀ ਫੇਰ ਬੋਲੀ "ਉਸ ਦੀ ਕੋਈ ਲੋੜ ਨਹੀਂ ਕੱਲ੍ਹ ਤੇ ਉਨ੍ਹਾਂ ਨੇ ਆਉਣਾਂ ਹੀ ਨਹੀਂ ਜਿਨ੍ਹਾਂ ਦੇ ਸਾਹਮਣੇ ਮੈਂ ਅਰਦਾਸ ਕਵਾਉਣੀ ਸੀ"।

ਭਾਵ ਇਹ ਕਿ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਉਪਚਾਰਕ ਅਰਦਾਸਾਂ ਹੀ ਹੁੰਦੀਆਂ ਹਨ।

ਗੁਰਬਾਣੀ ਤਾਂ ਫਰਮਾਉਂਦੀ ਹੈ: ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ (ਪੰਨਾ-1245) ਭਾਵ ਇਹ ਕਿ ਜੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਰੱਬ ਜੀ ਦੀ ਅਰਾਧਣਾਂ ਕਰਨੀ ਹੈ ਤੇ ਵਿਵੇਕ ਬੁਧੀ ਤੋਂ ਕੰਮ ਲੈਣਾਂ ਪਵੇ ਗਾ ਤੇ ਤਾਂ ਹੀ ਮਾਨ ਮਿਲੇ ਗਾ ਭਾਵ ਤਾਂ ਹੀ ਅਰਦਾਸ ਕਬੂਲ ਹੋਵੇ ਗੀ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿਤੀ ਜਵੇ ਉਹ ਹੀ ਅਰਦਾਸ ਹੋ ਜਾਂਦੀ ਹੈ। ਕਿਸੇ ਨੂੰ ਸਹਾਰਾ ਦੇ ਦੇਵੋ ਉਹ ਵੀ ਅਰਦਾਸ ਹੈ।ਮਨ ਵਿਚ ਚੰਗੀ ਸੋਚ ਹੀ ਅਰਦਾਸ ਹੈ। ਕੋਈ ਭਲਾ ਕੰਮ ਕਰਨਾ ਅਰਦਾਸ ਹੀ ਹੁੰਦੀ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਰਦਾਸ ਤਾਂ ਕਰਨੀ ਹੈ: ਸਤੁ ਸੰਤੋਖੁ ਹੋਵੈ ਅਰਦਾਸਿ॥ਤਾ ਸੁਣਿ ਸਦਿ ਬਹਾਲੇ ਪਾਸਿ॥ ਨਾਨਕ ਬਿਰਥਾ ਕੋਇ ਨ ਹੋਇ॥ਐਸੀ ਦਰਗਹ ਸਾਚਾ ਸੋਇ॥ (ਪੰਨਾ-878) ਪ੍ਰ: ਸਾਹਿਬ ਸਿੰਘ ਜੀ ਇਸ ਦੇ ਅਰਥ ਬੜੇ ਸੁਚੱਜੇ ਢੰਗ ਨਾਲ ਇਸ ਤਰ੍ਹਾਂ ਸਮਝਾਉਂਦੇ ਹਨ: (ਹੇ ਭਾਈ) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ, ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ। ਹੇ ਨਾਨਕ! (ਉਸ ਦੀ ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ ਖਾਲੀ ਨਹੀਂ ਮੁੜਦਾ, ਪਰਮਾਤਮਾ ਦੀ ਦਰਗਾਹ ਅਜੇਹੀ ਹੈ। ਉਹ ਸਦਾ ਕਾਇਮ ਰਹਿਣ ਵਾਲਾ ਮਰਮਾਤਮਾ ਆਪ ਭੀ ਅਜੇਹਾ ਹੈ (ਜੋ ਸਭ ਦੀਆਂ ਆਸਾਂ ਪੂਰਦਾ ਹੈ)

ਜਦੋਂ ਅਰਦਾਸ ਸਬੰਧੀ ਵਿਚਾਰ ਕਰਦੇ ਹਾਂ ਤਾਂ ਉਸ ਅਰਦਾਸ ਦਾ ਜ਼ਿਕਰ ਕਰਨਾਂ ਵੀ ਜ਼ਰੂਰੀ ਹੋ ਜਾਂਦਾ ਹੈ ਜੋ ਪ੍ਰਮਾਣਿਤ ਅਰਦਾਸ ਹਰ ਰੋਜ਼ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹਰ ਗੁਰਦਆਰੇ ਵਿਚ ਹਰ ਰੋਜ਼ ਕਈ ਵਾਰ ਕੀਤੀ ਜਾਂਦੀ ਹੈ। ਇਤਨ੍ਹਾਂ ਹੀ ਨਹੀਂ ਸਗੋਂ ਹਰ ਸਿੱਖ ਵੀ ਹਰ ਰੋਜ਼ ਐਸੀ ਅਰਦਾਸ ਕਰਦਾ ਹੈ ਜਿਸ ਨੂੰ ਪ੍ਰਮਾਣਿਤ ਅਰਦਾਸ ਕਿਹਾ ਜਾਂਦਾ ਹੈ ਅਤੇ ਇਹ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਰਹਿਤ ਮਰਿਆਦਾ ਵਿਚ ਦਰਜ ਹੈ ਅਤੇ ਨਾਲ ਹੀ ਕਰੀਬ ਕਰੀਬ ਹਰ ਨਿਤਨੇਮ ਵਾਲੇ ਛਪੇ ਗੁਟਿਆਂ ਵਿਚ ਵੀ ਦਰਜ ਹੈ।ਇਹ ਗੱਲ ਵੱਖਰੀ ਹੈ ਕਿ ਕਿਤੇ ਕਿਤੇ ਕੁਝ ਸ਼ਬਦਾ ਦਾ ਥੋੜਾ ਬਹੁਤ ਫਰਕ ਨਜ਼ਰ ਆਉਂਦਾ ਹੈ।

ਇਸ ਅਰਦਾਸ ਨੂੰ ਪ੍ਰਮਾਣਿਤ ਅਰਦਾਸ ਤਾਂ ਕਿਹਾ ਜਾਂਦਾ ਹੈ ਪਰ ਜਦੋਂ ਵਿਵੇਕ ਬੁਧੀ ਨਾਲ ਸੋਚਿਆ ਜਾਵੇ ਤੇ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਰਸਮੀ ਤੌਰ ਤੇ ਕੀਤੀ ਜਾਨ ਵਾਲੀ ਅਰਦਾਸ ਅਨਗੈਹਲੀ ਨਾਲ, ਜਾਂ ਹੋ ਸਕਦਾ ਹੈ ਜਾਣ ਬੁਝ ਕੇ, ਤੇ ਜਾ ਫਿਰ ਬੇਸਮਝੀ ਨਾਲ ਇਹ ਅਰਦਾਸ ਘੜੀ ਗਈ ਹੈ ਜਾਂ ਬਣਾਈ ਗਈ ਹੈ। ਇਹ ਤਾਂ ਪੁਜਾਰੀ ਵਰਗ ਦੀ ਘੜੀ ਗਈ ਅਰਦਾਸ ਹੀ ਜਾਪਦੀ ਹੈ। ਅਸਲੀਅਤ ਸਮਝੀ ਹੀ ਨਹੀਂ ਗਈ ਤੇ ਸਭ ਹਨੇਰੇ ਵਿਚ ਡਾਂਗਾਂ ਮਾਰੀ ਜਾ ਰਹੇ ਹਨ। ਇਹ ਇਕ ਤਰ੍ਹਾਂ ਕਰਮਕਾਂਡੀ ਅਰਦਾਸ ਬਣ ਕੇ ਹੀ ਰਹਿ ਗਈ ਹੈ। ਕਰਮ ਕਾਂਡੀ ਇਸ ਲਈ ਹੈ ਕਿਉਂਕਿ ਇਹ ਰਿਵਾਜਣ ਹੈ ਸਿਰਫ ਖਾਨਾ ਪੂਰਤੀ ਲਈ ਅਤੇ ਆਪਣੀਆਂ ਦੁਨਿਆਵੀ ਮੰਗਾਂ ਮਨਵਾਉਣ ਲਈ ਹੀ ਇਹ ਅਰਦਾਸ ਕੀਤੀ ਜਾਂਦੀ ਹੈ।

ਇਸ ਅਰਦਾਸ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਸੂਝਵਾਨ ਬੁਧੀਜੀਵੀ ਵਿਦਵਾਨਾਂ ਨੇ ਇਸ ਤਰ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਅਰਦਾਸ ਦਾ ਪਹਿਲਾ ਪੈਹਰਾ: ਅਖੌਤੀ ਦਸਮ ਗ੍ਰੰਥ ਵਿਚੋਂ ਹੀ ਲਿੱਤਾ ਗਿਆ ਹੈ ਅਤੇ ਇਹ ਦਸਮ ਗ੍ਰੰਥ ਤਿਆਰ ਹੀ ਗੁਰਬਾਣੀ ਵਿਚ ਭੁਲੇਖਾ ਪਾਉਣ ਵਾਸਤੇ ਕੀਤਾ ਗਿਆ ਹੈ। ਗੁਰਬਾਣੀ ਦੇ ਫਲਸਫੇ ਦੇ ਅਧਾਰ ਤੇ ਇਹ ਅਰਦਾਸ ਪੂਰੀ ਠੀਕ ਨਹੀਂ ਉਤਰਦੀ।

ਜਦੋਂ ਇਹ ਕਿਹਾ ਜਾਂਦਾ ਹੈ ਕਿ ਪ੍ਰਿਥਮ ਭਗੌਤੀ ਸਿਮਰਿ ਕੈ ਤਾਂ ਇਸ ਸਬੰਧ ਵਿਚ ਆਮ ਤੌਰ ਤੇ ਇਹ ਭੁਲੇਖਾ ਪਾਇਆ ਜਾਂਦਾ ਹੈ ਭਗੌਤੀ ਸ਼ਬਦ ਅਕਾਲਪੁਰਖ ਵਾਸਤੇ ਵਰਤਿਆ ਗਿਆ ਹੈ ਜਦੋਂ ਕਿ ਸੂਝਵਾਣ ਵਿਦਾਵਾਨਾਂ ਨੇ ਇਹ ਨਿਰਨਾ ਕਰਕੇ ਸਮਝਾਇਆ ਹੈ ਕਿ ਗੁਰਬਾਣੀ ਵਿਚ ਭਗੌਤੀ ਸ਼ਬਦ ਇਕ ਸੱਚੇ ਭਗਤ ਵਾਸਤੇ ਹੀ ਵਰਤਿਆ ਗਿਆ ਹੈ ਨਾ ਕਿ ਕਿਸੇ ਦੇਵੀ ਦੇਵਤੇ ਜਾਂ ਰੱਬ ਬਾਰੇ। ਇਥੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਅਰਦਾਸ ਬਣਾਈ ਜਾਂ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ ਅਤੇ ਜਾਂ ਇਹ ਉਹ ਬ੍ਰਾਹਮਣੀ ਵਿਚਾਰਧਾਰਾ ਜਾਂ ਪੁਜਾਰੀ ਸੋਚ ਵਾਲੇ ਪੁਰਸ਼ ਸਨ ਜੋ ਸਾਰੀ ਲੁਕਾਈ ਨੂੰ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਜਿਸ ਨੂੰ ਸਿਖ ਫਲਸਫਾ ਕਿਹਾ ਜਾ ਸਕਦਾ ਹੈ, ਉਸ ਤੋਂ ਅਨਜਾਣ ਰਖਦੇ ਹੋਏ ਇਸ ਫਲਸਫੇ ਤੋਂ ਦੂਰ ਰਖਣਾ ਚਾਹੁੰਦੇ ਸਨ ਅਤੇ ਦੇਵੀ ਦੇਵਤਿਆਂ ਦੇ ਚਕਰ ਵਿਚ ਹੀ ਫਸਾਈ ਰਖਣਾ ਚਾਹੁੰਦੇ ਸਨ। ਇਸੇ ਭੁਲੇਖੇ ਵਿਚ ਬਹੁਤ ਲੋਕ ਭਗੌਤੀ ਨੂੰ ਰੱਬ ਮਣ ਕੇ ਹੀ ਇਹ ਅਰਦਾਸ ਉਸੇ ਤਰ੍ਹਾਂ ਕਰੀ ਜਾ ਰਹੇ ਹਨ।

ਇਥੇ ਇੱਕ ਗੱਲ ਹੋਰ ਹੈਰਾਨਗੀ ਵਾਲੀ ਹੈ ਕਿ ਵਿਦਵਾਨਾਂ ਨੇ ਆਮ ਤੌਰ ਤੇ ਇਸ ਪ੍ਰਮਾਣਿਤ ਕਰਮਕਾਂਡੀ ਅਰਦਾਸ ਦਾ ਮੁੱਦਾ ਕੇਵਲ ਭਗੌਤੀ ਸ਼ਬਦ ਤੱਕ ਹੀ ਸੀਮਤ ਰੱਖਿਆ ਹੈ। ਅਸਲ ਵਿਚ ਇਸ ਤੋਂ ਅੱਗੇ ਜਾਣ ਦੀ ਵੀ ਲੋੜ ਹੈ। ਕਿਉਂਕਿ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਅਕਾਲਪੁਰਖ ਨਾਲ ਜੋੜਿਆ ਹੈ ਅਤੇ ਅਕਾਲਪੁਰਖ ਇਕ ਜੋਤ, ਗਿਆਨ ਜਾਂ ਸੋਝੀ  ਦੇ ਰੂਪ ਵਿਚ ਹਰ ਇਕ ਦੇ ਹਿਰਦੇ ਵਿਚ ਵਸਦਾ ਹੈ। ਕਿਸੇ ਬਾਹਰ ਦੇ ਰੱਬ ਨਾਲ, ਕਿਸੇ ਦੇਵੀ ਦੇਵਤੇ, ਜਾਂ ਦਹਿਧਾਰੀ ਗੁਰੂ ਨਾਲ ਨਹੀਂ ਜੋੜਿਆ।

ਹੁਣ ਜਦੋਂ ਅਰਦਾਸ ਵਿਚ ਇਹ ਕਿਹਾ ਜਾਏ ਕਿ ਗੁਰੂ ਰਾਮ ਦਾਸੈ ਹੋਈ ਸਹਾਇ ਜਦੋਂ ਕਿ ਸਹਾਇ ਤਾਂ ਅਕਾਲਪੁਰਕ ਨੇ ਹੋਣਾਂ ਹੈ ਫਿਰ ਗੁਰੂ ਰਾਮ ਦਾਸੈ ਹੋਈ ਸਹਾਇ ਤੱਕ ਹੀ ਸੀਮਤ ਕਿਵੇਂ? ਸਾਫ ਹੈ ਕਿ ਇਹ ਤਾਂ ਸਿਰਫ ਤੁਕ ਬੰਦੀ ਕੀਤੀ ਹੈ। ਪਰ ਇਸ ਨਾਲ ਭੁਲੇਖਾ ਪੈਅ ਜਾਂਦਾ ਹੈ। ਅਨਜਾਣ ਵਿਅਕਤੀ ਅਕਾਲਪੁਰਖ ਨਾਲੋਂ ਟੁੱਟ ਕੇ ਗੁਰੂ ਰਾਮ ਦਾਸ ਦੀ ਸਹਾਇਤਾ ਤੱਕ ਹੀ ਸੀਮਤ ਰਹਿ ਜਾਂਦਾ ਹੈ, ਗੁਰੂ ਰਾਮ ਦਾਸ ਦੇ ਉਪਦੇਸ਼ ਨੂੰ ਨਹੀਂ ਸਮਝਦਾ। ਇਸ ਦੇ ਉਪਰੰਤ ਜਦੋਂ ਫਿਰ ਇਹ ਆਖਿਆ ਜਾਂਦਾ ਹੈ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਹੁਣ ਇਸ ਦਾ ਕੀ ਭਾਵ ਲਿੱਤਾ ਜਾਵੇ? ਸ੍ਰੀ ਹਰਿਕ੍ਰਿਸ਼ਨ ਦੇਹਿ ਰੂਪ ਵਿਚ ਤਾ ਵਿਚਰ ਨਹੀਂ ਰਹੇ ਅਤੇ ਮਨਘੜਤ ਤਸਵੀਰਾਂ ਤਾਂ ਬੁਤ ਪੂਜਾ ਹੋ ਗਈ ਤੇ ਫਿਰ ਡਿਠੇ ਕਿਵੇ ਹੋਵੇ। ਗੁਰਬਾਣੀ ਤਾਂ ਆਖਦੀ ਹੈ: ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ-594) ਇਸੇ ਤਰ੍ਹਾਂ ਫਿਰ ਭੁਲੇਖਾ ਪੈਂਦਾ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥ਇਸ ਦੇ ਮਗਰੋਂ ਫਿਰ ਅਖਿਆ ਜਾਂਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਭ ਥਾਈਂ ਹੋਇ ਸਹਾਇ॥ ਹੁਣ ਕਹਿੜਾ ਗੁਰੂ ਪਹਿਲਾ ਸਹਾਇ ਹੋਵੇ ਜਾਂ ਕਹਿੜੇ ਗੁਰੂ ਨੂੰ ਸਿਮਰਿਆ ਜਾਵੇ? ਇਹ ਤਾਂ ਇਕ ਉਲਝਣ ਵਿਚ ਪਾਉਣ ਵਾਲੀ ਗੱਲ ਹੈ।  ਗੁਰੂ ਨਾਨਕ ਸਾਹਿਬ ਤਾਂ ਅਕਾਲਪੁਰਖ ਨਾਲ ਜੋੜਦੇ ਹਨ ਤੇ ਅਕਾਲਪੁਰਖ ਹੀ ਹਰ ਇੱਕ ਦਾ ਸਹਾਇ ਹੁੰਦਾ ਹੈ। ਇਸ ਤਰ੍ਹਾਂ ਅਕਾਲਪੁਰਖ ਨਾਲੋਂ ਤਾਂ ਤੋੜ ਦਿਤਾ ਗਿਆ। ਅਸਲੀਅਤ ਤੋਂ ਕਿਤੇ ਦੂਰ ਹੋ ਗਏ। ਲੋੜ ਤਾਂ ਹੈ ਗੁਰੂ ਦਾ ਗਿਆਨ ਸਮਝਣ ਦੀ ਅਤੇ ਉਸ ਮੁਤਾਬਿਕ ਜੀਵਣ ਜੀਊਣ ਦੀ।

ਇਥੇ ਹੀ ਬੱਸ ਨਹੀਂ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤੇ ਬਹੁਤ ਸਾਰੇ ਗੁਰਦੁਆਰੇ ਪਾਕਸਤਾਨ ਵਿਚ ਬਣੇ ਰਹਿ ਗਏ। ਇਸ ਲਈ ਅਰਦਾਸ ਵਿਚ ਹੋਰ ਸੋਧ ਕੀਤੀ ਗਈ ਅਤੇ ਇਹ ਲਿਖ ਦਿਤਾ, ਕਿ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ॥ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ॥ ਹੁਣ ਇਹ ਅਰਦਾਸ ਹਰ ਕੋਈ ਹਰ ਗੁਰਦੁਆਰੇ ਵਿਚ ਹਜ਼ਾਰਾਂ ਲੱਖਾ ਵਾਰ ਹੋ ਚੁਕੀ ਹੈ ਅਤੇ ਕੀਤੀ ਜਾ ਰਹੀ ਹੈ। ਪਰ ਹਾਲੀ ਤੱਕ 70 ਸਾਲ ਗੁਜ਼ਰ ਚੁਕਣ ਦੇ ਬਾਅਦ ਵੀ ਹਰ ਸਿੱਖ ਨੂੰ ਜੋ ਪੰਥ ਦਾ ਅੰਗ ਹੈ ਉਸ ਨੂੰ ਖੁਲੇ ਤੌਰ ਤੇ ਇਹ ਦੀਦਾਰ ਤੇ ਸੰਭਾਲ ਨਹੀਂ ਮਿਲੀ। ਜਦੋਂ ਕਿ ਇਸ ਵਾਸਤੇ ਅਰਬਾਂ ਹੀ ਅਰਦਾਸਾਂ ਹੋ ਚੁਕਿਆਂ ਹਨ। ਫਿਰ ਇਹ ਅਰਦਾਸ ਕੀ ਹੋਈ? ਇਹ ਸਭ ਕੁਝ ਭੁਲੇਖੇ ਵਿਚ ਹੋ ਰਿਹਾ ਹੈ ਜਾਂ ਭੁਲੇਖਾ ਪਾਇਆ ਜਾ ਰਿਹਾ ਹੈ। ਕਿਉਂਕਿ ਬਾਣੀ ਤਾਂ ਕਹਿੰਦੀ ਹੈ:  ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ (ਪੰਨਾ-819) ਇਸ ਦਾ ਭਾਵ ਤਾਂ ਇਹ ਹੀ ਹੋਇਆ ਕਿ ਅਰਦਾਸ ਮਨ ਨਾਲ ਸਮਝ ਕੇ ਨਹੀਂ ਕੀਤੀ ਜਾਂਦੀ ਇਹ ਸਿਰਫ ਉਪਚਾਰਕ ਤੌਰ ਤੇ ਰਸਮੀਂ ਹੀ ਸਭ ਕੁਝ ਕੀਤਾ ਜਾਂਦਾ ਹੈ ਜਿਵੇਂ ਹੋਰ ਕਈ ਕਰਮਕਾਂਡ ਕੀਤੇ ਜਾਂਦੇ ਹਨ।

ਜੇਕਰ ਸਭ ਕੰਮ ਅਰਦਾਸ ਨਾਲ ਹੀ ਹੋ ਜਾਂਦੇ ਹੋਣ ਤੇ ਫਿਰ ਭਾਈ ਜੀ ਨੂੰ ਕੁਝ ਵੱਧ ਮਾਇਆ ਦੇ ਕੇ ਕੋਈ ਲੰਭੀ ਤੇ ਹੋਰ ਜ਼ੋਰ ਨਾਲ ਅਰਦਾਸ ਕਰਵਾ ਲਿੱਤੀ ਜਾ ਸਕਦੀ ਹੈ। ਆਪਣੇ ਇਮਤਿਆਨ ਵਿਚੋਂ ਪਾਸ ਹੋਣ ਵਾਸਤੇ ਜਾਂ ਆਪਣੇ ਕੰਮ ਦੇ ਵਾਧੇ ਵਾਸਤੇ ਤਾਂ ਹਰ ਕੋਈ ਅਰਦਾਸ ਕਰਦਾ ਹੈ ਜਾਂ ਕਰਵਾਉਂਦਾ ਹੈ ਪਰ ਫਿਰ ਵੀ ਕਈ ਫੇਲ ਹੋ ਜਾਂਦੇ ਹਨ ਜਾਂ ਕਈਆਂ ਦੇ ਕੰਮ ਉਸ ਉਮੀਦ ਨਾਲ ਕਾਮਯਾਬ ਨਹੀਂ ਹੁੰਦੇ।

ਇਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਆਮ ਤੌਰ ਤੇ ਸਭ ਗੁਰਦੁਆਰਿਆਂ ਵਿਚ ਜਾਂ ਸਭਾ ਸੁਸਾਇਟੀਆ ਵਿਚ ਉਪਚਾਰਕ ਅਰਦਾਸ ਤੋਂ ਪਹਿਲਾ ਇੱਕ ਅਰਦਾਸ ਕੀਤੀ ਜਾਂਦੀ ਹੈ ਜੋ ਕਿ ਸੁਖਮਨੀ ਸਾਹਿਬ ਦੇ ਚੌਥੀ ਅਸਟਪਦੀ ਵਿਚ ਦਰਜ ਹੈ। ਜੋ ਕਿ ਇਸ ਤਰ੍ਹਾਂ ਹੈ: ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ਕੋਇ ਨ ਜਾਨੈ ਤੁਮਰਾ ਅੰਤੁ ॥ਊਚੇ ਤੇ ਊਚਾ ਭਗਵੰਤ ॥ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ਤੁਮ ਤੇ ਹੋਇ ਸੁ ਆਗਿਆਕਾਰੀ ॥ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ਨਾਨਕ ਦਾਸ ਸਦਾ ਕੁਰਬਾਨੀ ॥8॥4॥

ਅਸਲ ਵਿਚ ਇਹ ਅਰਦਾਸ ਤਾਂ ਪੂਰੀ ਅਰਦਾਸ ਹੋ ਗਈ ਬਾਕੀ ਤੇ ਆਪਣੀਆਂ ਦੁਨਿਆਵੀ ਮੰਗਾਂ ਤੇ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਹੀ ਗੁਰੂ ਸਾਹਿਬ ਨੂੰ ਕਹਿਣਾਂ ਹੈ। ਜਾ ਇਸ ਨੂੰ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਬਾਕੀ ਤੇ ਗੁਰੂ ਸਾਹਿਬ ਦੀ ਕਿਸੇ ਕੰਮ ਵਾਸਤੇ ਡੀਉਟੀ ਲਗਾਉਣੀ ਹੀ ਹੈ।

ਜਦੋਂ ਕਿ ਅਰਦਾਸ ਤਾਂ ਕਰਨੀਂ ਹੁੰਦੀ ਹੈ ਆਪਣੇ ਮਨ ਅਤੇ ਬੁਧੀ ਨੂੰ ਸੇਧ ਦੇਣ ਵਾਸਤੇ, ਮਨ ਨੂ ਤਿਆਰ ਕਰਨ ਵਾਸਤੇ, ਮਨ ਵਿਚ ਵਿਸ਼ਵਾਸ਼ ਪੈਦਾ ਕਰਨ ਵਾਸਤੇ। ਆਪਣੇ ਮਨ ਨੂੰ ਸਮਝਾਉਣਾ ਹੈ ਕਿ ਉਹ ਕਹਿੜਾ ਕੰਮ ਹੈ ਜਿਸ ਵਾਸਤੇ ਮਨ ਅਤੇ ਤਨਦੇਹੀ ਨਾਲ ਉਦੱਮ ਕਰਨਾ ਹੈ, ਇਹ ਸਮਝਣਾ ਹੈ ਕਿ ਕਿਸ ਕੰਮ ਵਾਸਤੇ ਮਹਿਨਤ ਕਰਨੀਂ ਹੈ ਅਤੇ ਕਿਸ ਤਰ੍ਹਾਂ ਕਰਨੀਂ ਹੈ। ਅਕਾਲਪੁਰਖ ਉਤੇ ਭਰੋਸਾ ਕਰਨਾ ਹੈ, ਭਾਵ ਆਪਣੇ ਮਨੋਬਲ ਨੂੰ ਚੜਦੀ ਕਲਾ ਵਿਚ ਰੱਖ ਕੇ ਲਗਣ ਨਾਲ ਉਪਰਾਲਾ ਕਰਨਾ ਹੈ। ਕੋਨਫੀਡੈਂਸ ਪੈਦਾ ਕਰਨਾ ਹੈ। ਜੇਕਰ ਕਿਸੇ ਨੇ ਇਮਤਿਹਾਣ ਵਿਚੋਂ ਪਾਸ ਹੋਣਾ ਹੈ ਤੇ ਉਸ ਵਾਸਤੇ ਮਨ ਨਾਲ, ਤੇ ਲਗਣ ਨਾਲ ਪੜ੍ਹਣਾ ਪਵੇ ਗਾ। ਜੇ ਕੋਈ ਵਿਉਪਾਰ ਵਿਚ ਵਾਧਾ ਚਾਹੀਦਾ ਹੈ ਤਾਂ ਉਸ ਵਾਸਤੇ ਉਦਮ ਕਰਨਾਂ ਪਵੇਗਾ ਤੇ ਸਹੀ ਰਸਤਾ ਅਖਤਿਆਰ ਕਰਕੇ ਮਹਿਣਤ ਕਰਨੀਂ ਪਵੇਗੀ। ਹਰ ਰੋਜ਼ ਮਨ ਨਾਲ ਅਰਦਾਸ, ਬੇਣਤੀ ਕੀਤੀ ਜਾਵੇ ਤਾਂ ਮਨੋਬਲ ਮਜ਼ਬੂਤ ਹੁੰਦਾ ਹੈ। ਮਨ ਨੂੰ ਪੱਕਿਆ ਕਰਨਾ ਹੈ ਕਿ ਜੋ ਕੰਮ ਕਰਨਾ ਹੈ ਉਸ ਲਈ ਮਹਿਣਤ ਕਰਨੀ ਹੈ। ਇਹ ਸਭ ਕੁਝ ਸਮਝਣਾ ਪਵੇ ਗਾ। ਇਹ ਹੀ ਹੈ ਅਰਦਾਸ ਦਾ ਮਨੋਰਥ।

ਇਸ ਸੰਬੰਧ ਵਿਚ ਜਦੋਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ ਕਰਦੇ ਹਾਂ ਤਾਂ ਪਤਾ ਚਲਦਾ ਹੈ ਗੁਰਬਾਣੀ ਵਿਚ ਥਾਂ ਥਾਂ ਤੇ ਅਰਦਾਸ ਕੀਤੀ ਗਈ ਹੈ। ਅਰਦਾਸ ਦੇ ਬਹੁਤ ਸਾਰੇ ਸਬਦ ਤੇ ਸਲੋਕਾਂ ਆਦਿ ਰਾਹੀ ਅਰਦਾਸ ਕੀਤੀ ਗਈ ਹੈ ਤੇ ਇਹ ਵੀ ਸਮਝਾਇਆ ਗਿਆ ਹੈ: ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ (ਪੰਨਾ-819)। ਹੁਣ ਜਦੋ ਗੁਰੂ ਸਾਹਿਬ ਇਹ ਸਮਝਾਉਂਦੇ ਹਨ ਕਿ ਕਿਸੇ ਵਿਅਕਤੀ ਦੀ ਅਰਦਾਸ ਵਿਅਰਥ ਨਹੀਂ ਜਾਂਦੀ ਤਾਂ ਹੈਰਾਨਗੀ ਹੁੰਦੀ ਹੈ ਕਿ ਇਤਨੀ ਦੁਨਿਆਂ ਅਰਦਾਸ ਕਰਦੀ ਹੈ ਪਰ ਬਹੁਤ ਸਾਰੇ ਲੋਕਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਇਸ ਦੀ ਕੀ ਵਜਾ ਹੋ ਸਕਦੀ ਹੈ?

ਇਸ ਨੂੰ ਸਮਝਣ ਲਈ ਪਹਿਲੀ ਗੱਲ ਗੁਰੂ ਸਾਹਿਬ ਸਮਝਾਉਂਦੇ ਹਨ:- ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ-1) ਭਾਵ ਇਹ ਕਿ ਜੋ ਵੀ ਹੁੰਦਾ ਹੈ ਉਹ ਕੁਦਰਤ ਦੇ ਨੀਯਮ ਅਨੁਸਾਰ ਹੀ ਹੁੰਦਾ ਹੈ, ਕੁਦਰਤ ਦੇ ਨੀਯਮ ਦੇ ਉਲਟ ਨਹੀਂ ਹੋ ਸਕਦਾ। ਇਸ ਲਈ ਜੇ ਅਰਦਾਸ ਕੁਦਰਤ ਦੇ ਨਿਯਮ ਦਾ ਉਲਟਾਉਣ ਵਾਸਤੇ ਕੀਤੀ ਜਾਵੇ ਤੇ ਉਹ ਅਰਦਾਸ ਪੂਰੀ ਨਹੀਂ ਹੋ ਸਕਦੀ। ਜਿਵੇ ਗੁਰਬਾਣੀ ਦਾ ਫਰਮਾਨ ਹੈ:- ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥(ਪੰਨਾ-1379) ਭਾਵ ਇਹ ਕਿ ਜੇਕਰ ਜੱਟ ਕਿਕਰੀਆਂ ਬੀਜ ਕੇ ਖਾਹਸ਼ ਇਹ ਕਰੇ ਕਿ ਉਸ ਉਤੇ ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ ਲਗ ਜਾਵੇ ਭਾਵ ਇਹ ਕਿ ਕਿਕਰ ਬੀਜ ਕੇ ਅਰਦਾਸ ਇਹ ਕਰੇ ਕਿ ਇਸ ਉਸ ਉਤੇ ਵਧੀਆ ਕੁਆਲਟੀ ਦੇ ਅੰਗੂਰ ਲੱਗ ਜਾਣ ਤਾਂ ਇਹ ਅਰਦਾਸ ਪੂਰੀ ਨਹੀਂ ਹੋ ਸਕਦੀ ਭਾਵੇਂ ਜਿਤਨੀ ਵਾਰੀ ਮਰਜ਼ੀ ਇਹ ਅਰਦਾਸ ਕਰੀ ਜਾਵੋ। ਇਸੇ ਤਰ੍ਹਾਂ ਜੇ ਕੋਈ ਕਤਵਾਵੇ ਤਾਂ ਉੱਨ ਤੇ ਖਾਹਸ਼ ਇਹ ਕਰੇ ਕਿ ਉਸ ਨੂੰ ਪਸ਼ਮੀਨਾ ਮਿਲ ਜਾਵੇ ਤਾਂ ਇਹ ਖਾਹਸ਼ ਵੀ ਪੂਰੀ ਨਹੀਂ ਹੋ ਸਕਦੀ।

ਫਿਰ ਗੁਰੂ ਸਾਹਿਬ ਤਾ ਸਮਝਾਉਂਦੇ ਹਨ ਕਿ: ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (958) ਭਾਵ ਕਿ ਪ੍ਰਭੂ ਤੋਂ ਬਿਨਾਂ ਭਾਵ ਪ੍ਰਭੂ ਦੇ ਗੁਣ (ਚੰਗੇ ਗੁਣ) ਧਾਰਣ ਕਰਨ ਤੋਂ ਬਿਨਾ ਜਾਂ ਉਦਮ ਕਰਨ ਤੋਂ ਬਿਨਾ ਕੁਝ ਹੋਰ ਦੀ ਖਾਹਸ਼ ਕਰਨ ਨਾਲ ਜਾਂ ਫਿਰ ਦੁਨਿਆਵੀ ਪਦਾਰਥ ਮੰਗਨ ਨਾਲ ਦੁਖ ਹੀ ਮਿਲਦੇ ਹਨ। ਇਸ ਲਈ ਕਿਹਾ ਹੈ: ਦੇਹਿ ਨਾਮੁ ਸੰਤੋਖੀਆ, ਭਾਵ ਇਹ ਕਿ ਸੰਤੋਖ ਇੱਕ ਸਿਰਮੋਰ ਗੁਣ ਹੈ, ਇਸ ਲਈ ਅਰਦਾਸ ਸੰਤੋਖ ਦੀ ਪ੍ਰਾਪਤੀ ਵਾਸਤੇ ਹੀ ਕਰਨੀ ਚਾਹੀਦੀ ਹੈ। ਗੁਰਬਾਣੀ ਸਮਝਾਉਂਦੀ ਹੈ: ਬਿਨਾ ਸੰਤੋਖ ਨਹੀ ਕੋਊ ਰਾਜੇ (ਪੰਨਾ-278) ਭਾਵ ਜੇ ਅੰਦਰ ਸੰਤੋਖ ਨਾ ਹੋਵ, ਤਾਂ ਕੋਈ (ਮਨੁੱਖ) ਰੱਜਦਾ ਨਹੀਂ। ਇਸ ਲਈ ਮਨ ਨੂੰ ਸਮਝਾਉਣਾ ਹੈ ਕਿ ਸੰਤੋਖ ਵਾਲਾ ਗੁਣ ਪ੍ਰਾਪਤ ਹੋ ਜਾਵੇ ਬਾਕੀ ਦੁਨਿਆਵੀ ਚੀਜ਼ਾਂ ਦੀ ਲਾਲਸਾ ਤਾਂ ਭਟਕਣਾ ਹੀ ਵਿਧਾਉਂਦੀਆ ਹਨ।   

ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਮਨ ਨੂੰ ਇਕਾਗਰ ਕਰਨਾ ਮਨ ਅਤੇ ਬਿਬੇਕ ਬੁਧ ਨੂੰ ਉਸ ਲਈ ਪ੍ਰੇਰਣਾਂ ਹੀ ਅਰਦਾਸ ਹੈ। ਤਾਂ ਹੀ ਤੇ ਵਿਦਵਾਨ ਆਖਦੇ ਹਨ: ਰੱਬ ਇਕ ਮਹਾਨ ਸਰੋਤ ਹੈ, ਤੁਹਾਨੂੰ ਉੱਚੀ ਉੱਚੀ ਬੋਲ ਕੇ ਕੁਝ ਸੁਨਾਉਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਤੁਹਾਡੇ ਸੱਚੇ ਤੇ ਸਵੱਛ ਹਿਰਦੇ ਤੋਂ ਚੁਪ ਚਾਪ ਕੀਤੀ ਅਰਦਾਸ ਵੀ ਸੁਣ ਲੈਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਚੀਜ਼ ਦੀ ਪ੍ਰਾਪਤੀ ਲਈ ਤੁਸੀਂ ਇਕਾਗਰ ਮਨ ਨਾਲ ਇਕ ਚਿਤ ਹੋ ਕੇ ਉਦਮ ਕਰਦੇ ਹੋ ਤਾਂ ਸਾਰੀ ਕਇਨਾਤ ਉਸ ਦੀ ਪ੍ਰਾਪਤੀ ਵਾਸਤੇ ਤੁਹਾਡੇ ਨਾਲ ਜੁਟ ਜਾਂਦੀ ਹੈ।ਗੁਰੂ ਸਾਹਿਬ ਨੇ ਇਹ ਤਾਂ ਅਰਦਾਸ ਇਸ ਤਰ੍ਹਾਂ ਕੀਤੀ ਹੈ: ਸਲੋਕੁ ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥ਸਰਣਿ ਤੁਮੑਾਰੀ ਆਇਓ ਨਾਨਕ ਕੇ ਪ੍ਰਭ ਸਾਥ (ਪੰਨਾ-263)

ਜੋ ਕੁਝ ਵੀ ਹੈ ਇਹ ਮਨਣਾ ਪਵੇਗਾ ਕਿ ਕੋਈ ਕੁਦਰਤ ਹੈ, ਰੱਬ ਹੈ; ਕੋਈ ਅਸੂਲ ਐਸਾ ਹੈ ਜੋ ਮਦੱਦ ਜ਼ਰੂਰ ਕਰਦਾ ਹੈ। ਬਹੁਤ ਸਾਰੇ ਕੰਮ ਸਵਰ ਜਾਂਦੇ ਹਨ ਪਤਾ ਨਹੀਂ ਲੱਗਦਾ ਕਿਵੇ ਇਹ ਸੱਭ ਹੋ ਜਾਂਦਾ ਹੈ।ਤਾਂ ਹੀ ਤੇ ਗੁਰੂ ਸਾਹਿਬ ਵੀ ਆਖਦੇ ਹਨ ਕਿ ਉਹ ਬੇਅੰਤ ਹੈ। ਕੋਈ ਸ਼ਕਤੀ ਹੈ ਜੋ ਕੰਮ ਵੀ ਕਰਦੀ ਹੈ ਅਤੇ ਮਦੱਦ ਵੀ ਕਰਦੀ ਹੈ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।




.