.

ਕੁਝ ਅਹਿਮ ਸਵਾਲ ਅਤੇ ਉਹਨਾਂ ਦੇ ਜਵਾਬ --- 2
(ਲੇਖਕ ਦੀ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਪੁਸਤਕ ‘ਗੁਰੂ ਨਾਨਕ ਦਾ ਮਾਨਵਵਾਦ’ ਵਿੱਚੋਂ)


6-ਗੁਰੂ ਸਾਹਿਬਾਨ ਵੱਲੋਂ ਦਿੱਤਾ ‘ ਧਰਮਸਾਲ ’ ਦਾ ਸੰਕਲਪ ਕੀ ਸੀ?
ਗੁਰੂ ਨਾਨਕ ਤੋਂ ਲੈ ਕੇ ਹੀ ਮਾਨਵਵਾਦੀ ਲਹਿਰ ਦੇ ਪਰਚਾਰ ਕੇਂਦਰ ਸਥਾਪਤ ਹੋਣ ਲੱਗ ਪਏ ਸਨ। ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ‘ ਮੰਜੀ ’ ਦੇ ਰੂਪ ਵਿਚ ਅਜਿਹੇ ਕੇਂਦਰ ਬਣਾਏ ਜਿਹਨਾਂ ਵਿੱਚੋਂ ਹਰੇਕ ਦਾ ਸੰਚਾਲਕ ਕੋਈ ਪ੍ਰਮੁੱਖ ਪੈਰੋਕਾਰ ਹੋਇਆ ਕਰਦਾ ਸੀ। ਉਸ ਤੋਂ ਅੱਗੇ ਗੁਰੂ ਸਾਹਿਬਾਨ ਨੇ ਆਪਣੀ ਦੇਖ-ਰੇਖ ਹੇਠ ਚੱਲਣ ਵਾਲੇ ਮੁੱਖ ਪਰਚਾਰ ਕੇਂਦਰ ਸਥਾਪਤ ਕੀਤੇ ਜਿਹਨਾਂ ਵਿੱਚੋਂ ਸਭ ਤੋਂ ਪਹਿਲਾ ਗੁਰੂ ਨਾਨਕ ਵੱਲੋਂ ਵਸਾਏ ਗਏ ਨਗਰ ਕਰਤਾਰਪੁਰ ਵਿਖੇ ਸੀ। ਇਸ ਤੋਂ ਅੱਗੇ ਅਜਿਹੇ ਕੇਂਦਰ ਖਡੂਰ, ਗੋਇੰਦਵਾਲ, ਗੁਰੂ-ਕਾ-ਚੱਕ (ਅੰਮ੍ਰਿਤਸਰ), ਤਰਨ ਤਾਰਨ, ਕਰਤਾਰਪੁਰ (ਜਲੰਧਰ ਨੇੜੇ), ਕੀਰਤਪੁਰ ਅਤੇ ਅਨੰਦਪੁਰ ਵਿਖੇ ਸਥਾਪਤ ਹੋਏ। ਅਜਿਹੇ ਕੇਂਦਰ ਕੋਈ ਮੰਦਰ ਜਾਂ ਪੂਜਾ-ਸਥਾਨ ਨਹੀਂ ਸਨ ਕਿਉਂਕਿ ਗੁਰੂ ਸਾਹਿਬਾਨ ਦਾ ਨਿਸ਼ਾਨਾ ਕੋਈ ਮਜ਼ਹਬ ਸਥਾਪਤ ਕਰਨਾ ਨਹੀਂ ਸੀ। ਅਜਿਹੇ ਕੇਂਦਰਾਂ ਵਿੱਚੋਂ ਹਰੇਕ ਨੂੰ ‘ ਧਰਮਸਾਲ ’ ਦਾ ਨਾਮ ਦਿੱਤਾ ਗਿਆ ਜਿਸ ਦਾ ਅਰਥ ਹੈ ‘ ਨੈਤਿਕ ਸਿਖਿਆ ਦੀ ਪਾਠਸ਼ਾਲਾ ’।
ਧਰਮਸਾਲ ਦਾ ਵਿਚਾਰ ਸੂਫੀ ‘ਖਾਨਕਾਹ ’ (ਪੰਜਾਬੀ ਵਿਚ ‘ ਖਾਨਗਾਹ ’) ਤੇ ਅਧਾਰਿਤ ਸੀ। ਖਾਨਗਾਹ ਕਿਸੇ ਇਲਾਕੇ ਦੇ ਪ੍ਰਮੁੱਖ ਸੂਫੀ ਆਗੂ ਦੁਆਰਾ ਸਥਾਪਤ ਆਸ਼ਰਮ-ਨੁਮਾ ਕੇਂਦਰ ਹੁੰਦਾ ਸੀ ਜੋ ਇਕ ਸਰਾਂ, ਪਾਠਸ਼ਾਲਾ, ਲਾਇਬਰੇਰੀ, ਖਾਣੇ ਦੀ ਸਹੂਲਤ ਵਾਲੇ ਸਥਾਨ, ਮੁਸਾਫਰਖਾਨੇ ਅਤੇ ਸਮੁਦਾ-ਕੇਂਦਰ ਦਾ ਕੰਮ ਦਿੰਦਾ ਸੀ। ਭਾਵੇਂ ਕਿ ਖਾਨਗਾਹ ਦਾ ਮੁੱਖ ਨਿਸ਼ਾਨਾ ਇਸਲਾਮ ਦਾ ਪਰਚਾਰ ਹੁੰਦਾ ਸੀ ਪਰੰਤੂ ਏਥੇ ਸਾਰੇ ਫਿਰਕਿਆਂ, ਜਾਤਾਂ ਅਤੇ ਕਿੱਤਿਆਂ ਨਾਲ ਸਬੰਧਿਤ ਲੋਕ ਆ ਸਕਦੇ ਸਨ ਅਤੇ ਏਥੋਂ ਦੀਆਂ ਸਹੂਲਤਾਂ ਪਰਾਪਤ ਕਰ ਸਕਦੇ ਸਨ। ਭਾਵੇਂ ਖਾਨਗਾਹ ਵਾਲੀਆਂ ਕਾਫੀ ਸਹੂਲਤਾਂ ਧਰਮਸਾਲ ਵਿਚ ਵੀ ਉਪਲਭਦ ਸਨ ਪਰੰਤੂ ਧਰਮਸਾਲ ਇਕ ਪੂਰੀ ਤਰ੍ਹਾਂ ਧਰਮ-ਨਿਰਪੇਖ ਕੇਂਦਰ ਸੀ ਜੋ ਮਾਨਵਵਾਦੀ ਵਿਚਾਰਧਾਰਾ ਨੂੰ ਸਮਰਪਿਤ ਸੀ। ਦੂਸਰਾ ਵੱਡਾ ਫਰਕ ਇਹ ਸੀ ਕਿ ਖਾਨਗਾਹ ‘ਵਕਫ ’ ਦੇ ਰੂਪ ਵਿਚ ਸਰਕਾਰੀ ਸਹਾਇਤਾ ਪਰਾਪਤ ਕਰ ਲੈਂਦੀ ਸੀ ਪਰੰਤੂ ਗੁਰੂ ਸਾਹਿਬਾਨ ਵਲੋਂ ਸਥਾਪਤ ਧਰਮਸਾਲਾਵਾਂ ਵਿਚ ਸਰਕਾਰੀ ਸਹਾਇਤਾ ਲੈਣ ਦੀ ਮਨਾਹੀ ਸੀ।

ਧਰਮਸਾਲ ਵਿਚ ਹੇਠਾਂ ਦੱਸੇ ਕਾਰਜ ਨਿਭਾਏ ਜਾਂਦੇ ਸਨ:
ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਦਾ ਲੈਅ-ਬੱਧ ਉਚਾਰਨ ਕਰਨਾ
ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਦਾ ਸਮੂਹਿਕ-ਗਾਇਣ (ਕੀਰਤਨ) ਕਰਨਾ
ਗੁਰਬਾਣੀ ਰਚਨਾਵਾਂ ਦੀ ਵਿਆਖਿਆ ਕਰਨੀ
ਲੰਗਰ (ਜ਼ਮੀਨ ਉੱਤੇ ਪੰਗਤ ਵਿਚ ਬੈਠ ਕੇ ਬਗੈਰ ਖਰਚਾ ਕੀਤੇ ਖਾਧੇ ਜਾਣ ਵਾਲਾ ਸਾਦਾ ਭੋਜਨ) ਦਾ ਪ੍ਰਬੰਧ ਕਰਨਾ
ਯਾਤਰੂਆਂ ਦੇ ਠਹਿਰਨ ਦੀ ਸਹੂਲਤ
ਸਾਖਰਤਾ ਦੀ ਸਿਖਲਾਈ ਦੇਣੀ
ਸਮਾਜ-ਭਲਾਈ ਦੇ ਕਾਰਜ ਆਯੋਜਿਤ ਕਰਨੇ
ਏਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰਦੁਆਰਾ-ਪ੍ਰਣਾਲੀ ਗੁਰੂ ਸਾਹਿਬਾਨ ਵੱਲੋਂ ਚਲਾਈ ਹੋਈ ਨਹੀਂ। ਗੁਰਦੁਆਰੇ ਪੰਜਾਬ ਖਿੱਤੇ ਵਿਚ ਅੰਗਰੇਜ਼ਾਂ ਦਾ ਰਾਜ ਸਥਾਪਤ ਹੋਣ ਪਿੱਛੋਂ ਹੀ ਹੋਂਦ ਵਿਚ ਆਏ ਸਨ। ਗੁਰਦੁਆਰੇ ਅੰਗਰੇਜ਼ੀ ਸਰਕਾਰ ਵੱਲੋਂ ਉਸ ਸਮੇਂ ਵਿਚ ਪਰਚਲਤ ‘ਸਿਖ ਧਰਮ’ ਵਿਚ ਇਸ ਢੰਗ ਨਾਲ ਬ੍ਰਾਹਮਣਵਾਦੀ ਅੰਸ਼ ਪਰਪੱਕ ਕਰਨ ਦੇ ਮਨਸ਼ੇ ਨਾਲ ਸਥਾਪਤ ਕੀਤੇ ਗਏ ਸਨ ਜਿਸ ਨਾਲ ਇਹ ਮਜ਼ਹਬ ਹਿੰਦੂ ਮੱਤ ਦੀ ਇਕ ਸ਼ਾਖ ਹੀ ਬਣ ਜਾਵੇ ਅਤੇ ਇਸ ਦਾ ਆਪਣਾ ਸੁਤੰਤਰ ਵਜੂਦ ਕਾਇਮ ਨਾ ਰਹਿ ਸਕੇ। ਗੁਰਦੁਆਰਿਆਂ ਵਿਚ ਗੁਰਬਾਣੀ-ਗ੍ਰੰਥ ਦੀਆਂ ਹੱਥ-ਲਿਖਤ ਬੀੜਾਂ ਨੂੰ ਮੂਰਤੀਆਂ ਵਾਂਗ ਸਜਾ ਦਿੱਤਾ ਗਿਆ ਅਤੇ ਏਥੇ ਹਿੰਦੂ ਮੰਦਰਾਂ ਦੇ ਸਮਾਨੰਤਰ ਪੂਜਾ-ਅਰਚਨਾਂ ਦੀਆਂ ਰਸਮਾਂ ਚਾਲੂ ਕਰ ਦਿੱਤੀਆਂ ਗਈਆਂ। ਆਖਰਕਾਰ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤਿਆਂ ਧਰਮਸਾਲਾਵਾਂ ਨੂੰ ਵੀ ਹਿੰਦੂ ਮੱਤ ਦੇ ਮੰਦਰਾਂ ਵਰਗੇ ਪੂਜਾ-ਸਥਾਨਾਂ ਵਿਚ ਤਬਦੀਲ ਕਰ ਦਿੱਤਾ ਗਿਆ। ਏਥੋਂ ਤਕ ਕਿ ਅੰਮ੍ਰਿਤਸਰ ਦੇ ‘ ਦਰਬਾਰ ਸਾਹਿਬ ’ ਨੂੰ ‘ਹਰਿਮੰਦਰ ’ ਅਤੇ ‘ ਗੋਲਡਨ ਟੈਂਪਲ ’ (‘ ਸੁਨਹਿਰੀ ਮੰਦਰ ’) ਵਾਲੇ ਨਾਮ ਦੇ ਦਿੱਤੇ ਗਏ। ਅਜ-ਕਲ ਹਰੇਕ ਗੁਰਦੁਆਰਾ ਹਿੰਦੂ ਮੰਦਰ ਦੀ ਤਰਜ਼ ਤੇ ਹੀ ਚੱਲ ਰਿਹਾ ਹੈ।

7- ਗੁਰਬਾਣੀ ਵਿਆਖਿਆ ਦੀ ਵਿਧੀ
(hermeneutics) ਕੀ ਹੋਣੀ ਚਾਹੀਦੀ ਹੈ ?
ਆਮ ਕਰਕੇ ਇਕ ਲੇਖਕ ਆਪਣੀ ਸਾਹਿਤਕ ਵਿਧਾ ਰਾਹੀਂ ਕਿਸੇ ਵਿਸ਼ੇ ਸਬੰਧੀ ਆਪਣੀਆਂ ਭਾਵਨਾਵਾਂ, ਆਪਣੇ ਵਿਚਾਰ ਅਤੇ ਆਪਣੇ ਪ੍ਰਤੀਕਰਮ ਪਰਗਟ ਕਰ ਦਿੰਦਾ ਹੈ ਅਤੇ ਉਸ ਦਾ ਕਾਰਜ ਏਥੇ ਹੀ ਸੰਪੂਰਨ ਹੋ ਜਾਂਦਾ ਹੈ। ਇਸ ਤੋਂ ਪਿੱਛੋਂ ਲੇਖਕ ਦੀ ਕ੍ਰਿਤ ਦੇ ਪਾਠ
(text) ਨੂੰ ਚੰਗੀ ਤਰ੍ਹਾਂ ਸਮਝਣ ਹਿਤ ਪਾਠਕਾਂ ਦੀ ਸਹਾਇਤਾ ਲਈ ਕੁਝ ਮਾਹਿਰਾਂ ਵੱਲੋਂ ਆਲੋਚਨਾਤਮਿਕ ਵਿਆਖਿਆ ਦਾ ਕਾਰਜ ਕੀਤਾ ਜਾਂਦਾ ਹੈ। ਅਜਿਹੀ ਵਿਆਖਿਆ ਨੂੰ ‘ ਐਕਸੀਜੈਸਿਸ ’ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ ਵਿਸ਼ੇਸ਼ ਕਰਕੇ ਓਦੋਂ ਜਦੋਂ ਸਬੰਧਤ ਕ੍ਰਿਤ ਕੋਈ ਧਾਰਮਿਕ ਗ੍ਰੰਥ ਹੋਵੇ । ਉੱਧਰ, ਸਾਹਿਤਕ ਕ੍ਰਿਤਾਂ (ਗੁਰਬਾਣੀ ਸਮੇਤ) ਦੇ ਪਾਠ ਦੀ ਵਿਆਖਿਆ ਦੇ ਵਿਗਿਆਨਕ ਢੰਗ ਨੂੰ ‘ ਹਰਮਨਿਊਟਿਕਸ ’ ਕਿਹਾ ਜਾਂਦਾ ਹੈ।

ਸੰਪਰਦਾਈ ਸਿਖ ਗੁਰਬਾਣੀ-ਗ੍ਰੰਥ ਨੂੰ ਆਪਣਾ ਪਵਿੱਤਰ ਧਾਰਮਿਕ ਗ੍ਰੰਥ ਮੰਨਦੇ ਹਨ। ਏਸੇ ਭਾਵਨਾਂ ਅਧੀਨ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਦੇ ਅਕਸਿਜੈਸਿਸ ਦੀ ਪਰੰਪਰਾ 17ਵੀਂ ਸਦੀ ਈਸਵੀ ਦੇ ਅਰੰਭ ਵਿਚ ਭਾਈ ਗੁਰਦਾਸ ਨਾਲ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਵੱਖ-ਵੱਖ ਰੂਪ ਧਾਰਦੀ ਹੋਈ ਅਜ ਤਕ ਜਾਰੀ ਹੈ। ਗੁਰਬਾਣੀ-ਗ੍ਰੰਥ ਦੇ ਐਕਸੀਜੈਸਿਸ ਦੇ ਕਈ ਸਕੂਲ ਹਨ ਜਿਹਨਾਂ ਵਿੱਚੋਂ ਤਿੰਨ ਮੁੱਖ ਹਨ; ਜੋ ਵੇਦਾਂਤ ਵਿਚਾਰਧਾਰਾ ਉੱਤੇ ਅਧਾਰਿਤ ਹੈ, ਜੋ ਵੇਦਾਂਤੀ ਪਰਭਾਵ ਨੂੰ ਨਕਾਰਦਾ ਹੈ ਅਤੇ ਜੋ ਆਧੁਨਿਕ ਹਰਮਨਿਊਟਿਕਸ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ। ਸਪਸ਼ਟ ਹੈ ਕਿ ਗੁਰਬਾਣੀ-ਗ੍ਰੰਥ ਦੇ ਸਬੰਧ ਵਿਚ ਹਰਮਨਿਊਟਿਕਸ ਦੇ ਵੱਖ-ਵੱਖ ਰੂਪ ਸਾਹਮਣੇ ਆਏ ਹਨ ਅਤੇ ਸਮੇਂ-ਸਮੇਂ ਤੇ ਇਹਨਾਂ ਰੂਪਾਂ ਦੇ ਅਧਾਰ ਤੇ ਟੀਕੇ, ਵਿਆਖਿਆ ਅਤੇ ਅਨੁਵਾਦ ਵਰਗੇ ਅਕਾਦਮਿਕ ਕਾਰਜ ਵੀ ਨਿਭਾਏ ਗਏ ਹਨ। ਪਰੰਤੂ ਇਹਨਾਂ ਸਾਰੇ ਯਤਨਾਂ ਦੇ ਬਾਵਜੂਦ ਹਾਲੇ ਤਕ ਨਾ ਤਾਂ ‘ ਸਿਖ ਮਜ਼ਹਬ ’ ਵਿਚਲੇ ਈਸ਼ਵਰਵਾਦ ਨੂੰ ਸਪਸ਼ਟ ਤੌਰ ਤੇ ਪਰੀਭਾਸ਼ਿਤ ਕੀਤਾ ਜਾ ਸਕਿਆ ਹੈ ਅਤੇ ਨਾ ਹੀ ਗੁਰਬਾਣੀ-ਗ੍ਰੰਥ ਦੇ ਹਰਮਨਿਊਟਿਕਸ ਦੇ ਸੂਤਰ ਹੀ ਘੜੇ ਜਾ ਸਕੇ ਹਨ ਜਿਹਨਾਂ ਰਾਹੀਂ ਇਸ ਦੇ ਸਮੁੱਚੇ ਸੰਦੇਸ਼ ਦਾ ਸਰਵ-ਪ੍ਰਵਾਨਿਤ ਰੂਪ ਨਿਰਧਾਰਿਤ ਹੋ ਸਕੇ। ਇਹ ਸਭ ਜਾਣਦੇ ਹਨ ਕਿ ‘ ਸਿਖ ਮਜ਼ਹਬ ’ ਦੇ ਹਰ ਖੇਤਰ ਵਿਚ ਭਾਰੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਗੁਰਬਾਣੀ-ਗ੍ਰੰਥ ਸਬੰਧੀ ਹਰਮਨਿਊਟਿਕਸ ਇਸ ਭੰਬਲਭੂਸੇ ਦੀ ਸਥਿਤੀ ਤੋਂ ਬਾਹਰ ਨਹੀਂ।
ਇਸ ਨਿਰਾਸ਼ਾਜਨਕ ਸਥਿਤੀ ਵਿਚ ਗੁਰਬਾਣੀ-ਗ੍ਰੰਥ ਵਿਚਲੀਆਂ ਰਚਨਾਵਾਂ ਦੀ ਵਿਆਖਿਆ ਲਈ ਮਾਨਵਵਾਦ ਅਧਾਰਿਤ ਪਹੁੰਚ ਨੂੰ ਅਪਣਾਉਣਾ ਸਮੱਸਿਆ ਦੇ ਹਲ ਲਈ ਕਾਰਗਰ ਹੋ ਸਕਦਾ ਹੈ ਅਤੇ ਗੁਰਬਾਣੀ-ਗ੍ਰੰਥ ਦੇ ਸਪਸ਼ਟ ਹਰਮਨਿਊਟਿਕਸ ਨੂੰ ਨਿਰਧਾਰਿਤ ਕਰਨ ਦਾ ਉਪਯੋਗੀ ਸਾਧਨ ਸਾਬਤ ਹੋ ਸਕਦਾ ਹੈ। ਜਦੋਂ ਕਿ ਗੁਰੂ ਨਾਨਕ ਜਾਂ ਉਹਨਾਂ ਦੇ ਕਿਸੇ ਉੱਤਰਾਧਿਕਾਰੀ ਨੇ ਕੋਈ ਮਜ਼ਹਬ ਨਹੀਂ ਚਾਲੂ ਕੀਤਾ ਸੀ ਅਤੇ ਉਹਨਾਂ ਨੇ ਕੇਵਲ ਮਾਨਵਵਾਦ ਦੀ ਲਹਿਰ ਹੀ ਚਲਾਈ ਸੀ ਤਾਂ ਸਪਸ਼ਟ ਹੈ ਕਿ ਉਹਨਾਂ ਦੀਆਂ ਆਪਣੀਆਂ ਰਚਨਾਵਾਂ ਕੇਵਲ ਮਾਨਵਵਾਦੀ, ਤਾਰਕਿਕ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਹੀ ਪਰਗਟ ਕਰਦੀਆਂ ਸਨ। ਏਹੋ ਪੈਮਾਨਾਂ ਉਹਨਾਂ ਵੱਲੋਂ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਕਰਨ ਲਈ ਹੋਰਨਾਂ ਰਚਨਕਾਰਾਂ ਦੀਆਂ ਰਚਨਾਵਾਂ ਦੀ ਚੋਣ ਵੇਲੇ ਵਰਤੋਂ ਵਿਚ ਲਿਆਂਦਾ ਗਿਆ ਸੀ। ਦੂਸਰੇ ਸ਼ਬਦਾਂ ਵਿਚ ਕੇਵਲ ਉਹੀ ਰਚਨਾਵਾਂ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਕਰਨ ਯੋਗ ਸਮਝੀਆਂ ਗਈਆਂ ਸਨ ਜੋ ਸ਼ੁਧ ਮਾਨਵਵਾਦੀ ਪਹੁੰਚ ਦਾ ਪ੍ਰਗਟਾਵਾ ਕਰਦੀਆਂ ਸਨ। ਇਸ ਪੱਖੋਂ ਲੈਂਦਿਆਂ ਗੁਰਬਾਣੀ-ਗ੍ਰੰਥ ਦੇ ਮਾਨਵਵਾਦੀ ਹਰਮਨਿਊਟਿਕਸ ਵਿਚ ਈਸ਼ਵਰਵਾਦ ਦੇ ਮੁੱਦੇ ਦਾ ਤਾਂ ਆਪਣੇ-ਆਪ ਹੀ ਨਿਬੇੜਾ ਹੋ ਜਾਂਦਾ ਹੈ ਕਿਉਂਕਿ ਮਾਨਵਵਾਦ ਇਕ ਧਰਮ-ਨਿਰਪੇਖ ਵਿਚਾਰਧਾਰਾ ਹੈ ਜੋ ਨਾ ਹੀ ਈਸ਼ਵਰਵਾਦ ਨੂੰ ਮਾਨਤਾ ਦਿੰਦੀ ਹੈ ਅਤੇ ਨਾ ਹੀ ਗੁਰਬਾਣੀ-ਗ੍ਰੰਥ ਨੂੰ ਇਕ ਧਾਰਮਿਕ ਗ੍ਰੰਥ ਮੰਨਦੀ ਹੈ। ਦੂਸਰੇ ਪਾਸੇ ਗੁਰਬਾਣੀ-ਵਿਆਖਿਆ ਦੀ ਇਹ ਪਹੁੰਚ ਗੁਰਬਾਣੀ-ਗ੍ਰੰਥ ਦੇ ਹਰਮਨਿਊਟਿਕਸ ਦੀ ਨਿਖੜਵੀਂ ਤਕਨੀਕ ਨਿਰਧਾਰਿਤ ਕਰ ਦੇਵੇਗੀ ਜਿਸ ਰਾਹੀਂ ਗੁਰਬਾਣੀ ਨੂੰ ਇਕ ਮਾਨਵਵਾਦੀ ਪਾਠ ਦੇ ਤੌਰ ਤੇ ਮਾਨਤਾ ਮਿਲੇਗੀ ਅਤੇ ਗੁਰਬਾਣੀ ਦਾ ਸਰਬ-ਸਾਂਝਾ ਉਪਦੇਸ਼ ਸਮੁੱਚੀ ਮਨੁੱਖਤਾ ਤਕ ਪਹੁੰਚਾਉਣਾ ਸੰਭਵ ਹੋ ਸਕੇਗਾ। ਨਿਸਚੇ ਹੀ ਮਾਨਵਵਾਦੀ ਪਹੁੰਚ ਗੁਰਬਾਣੀ-ਰਚਨਾਵਾਂ ਦੇ ਹਰਮਨਿਊਟਿਕਸ ਦੀ ਇਕ ਆਦਰਸ਼ਿਕ ਪਹੁੰਚ ਬਣ ਕੇ ਸਾਹਮਣੇ ਆਵੇਗੀ।

8-ਅਜ ਦੇ ਸਮੇਂ ਵਿਚ ‘ਸਿਖ ਧਰਮ’ ਕਰਕੇ ਜਾਣੇ ਜਾਂਦੇ ਮਜ਼ਹਬ ਨੂੰ ਸੰਖੇਪ ਵਿਚ ਕਿਵੇਂ ਦਰਸਾਇਆ ਜਾ ਸਕਦਾ ਹੈ ?

ਸੰਸਾਰ ਦਾ ਹਰੇਕ ਫਿਰਕਾ ਆਪਣੇ-ਆਪ ਵਿਚ ਨਿਵੇਕਲਾ ਹੁੰਦਾ ਹੈ ਜਿਵੇਂ ਹਰੇਕ ਮਨੁੱਖ ਦਾ ਚਿਹਰਾ, ਸਰੀਰਕ ਬਣਤਰ ਅਤੇ ਏਥੋਂ ਤਕ ਕਿ ਉਂਗਲਾਂ ਦੇ ਨਿਸ਼ਾਨ ਵੀ ਵੱਖਰੇ ਹੁੰਦੇ ਹਨ। ਪਰੰਤੂ ਜੀਵ-ਵਿਗਿਆਨਕ ਤੌਰ ਤੇ
(biologically) ਸਾਰੇ ਮਨੁੱਖ ਇੱਕੋ ਜੀਵ-ਵੰਨਗੀ ਨਾਲ ਸਬੰਧ ਰੱਖਦੇ ਹਨ। ਸੰਸਾਰ ਦੇ ਹਰੇਕ ਸੰਪਰਦਾਈ ਧਰਮ ਭਾਵ ਮਜ਼ਹਬ ਨੂੰ ਮੰਨਣ ਵਾਲੇ ਆਪਣੇ ਧਰਮ ਨੂੰ ਨਿਵੇਕਲਾ ਮੰਨਦੇ ਹਨ ਕਿਉਂਕਿ ਬਾਹਰੀ ਤੌਰ ਤੇ ਉਸ ਦੇ ਸਾਰੇ ਅੰਗ-ਅੰਸ਼ ਦੂਸਰੇ ਅਜਿਹੇ ਮਜ਼ਹਬਾਂ ਵਿਚ ਸ਼ਾਮਲ ਅੰਗਾਂ-ਅੰਸ਼ਾਂ ਤੋ ਭਿੰਨ ਪਰਤੀਤ ਹੁੰਦੇ ਹਨ ਜਦੋਂ ਕਿ, ਅਸਲ ਵਿਚ, ਇਹ ਕੇਵਲ ਇਕ ਦੂਸਰੇ ਦੇ ਸਮਾਨੰਤਰ ਹੀ ਹੁੰਦੇ ਹਨ ਜਿਸ ਕਰਕੇ ਸਾਰੇ ਮਜ਼ਹਬ ਮਨੁੱਖੀ ਵਿਵਹਾਰ ਦੀ ਇਕ ਵਿਸ਼ੇਸ਼ ਵੰਨਗੀ ਦੇ ਘੇਰੇ ਵਿਚ ਆ ਜਾਂਦੇ ਹਨ। ਸੰਸਾਰ ਵਿਚ ਲਗ-ਭਗ 4000 ਸੰਪਰਦਾਈ ਧਰਮ ਚਲਦੇ ਆ ਰਹੇ ਹਨ ਅਤੇ ਹਰੇਕ ਅਜਿਹੇ ਧਰਮ ਦਾ ਬਾਹਰੀ ਵਰਤਾਰਾ ਅਤੇ ਮੂੰਹ-ਮੁਹਾਂਦਰਾ ਵੱਖਰਾ ਨਜ਼ਰ ਆਉਂਦਾ ਹੈ। ਹੋ ਸਕਦਾ ਹੈ ਕਿ ਕਿਸੇ ਵਿਸ਼ੇਸ਼ ਸੰਪਰਦਾਈ ਧਰਮ ਵਿਚ ਕੋਈ ਇਕ ਨਿਵੇਕਲਾ ਲੱਛਣ ਵੀ ਹੋਵੇ ਪਰੰਤੂ ਇਹ ਸਥਿਤੀ ਬਾਕੀ ਦੇ ਮਜ਼ਹਬਾਂ ਵਿਚ ਵੀ ਮੌਜੂਦ ਹੋ ਸਕਦੀ ਹੈ। ਦੂਸਰੇ ਪਾਸੇ ਕੋਈ ਵੀ ਸੰਪਰਦਾਈ ਧਰਮ ਆਧੁਨਿਕ ਨਹੀਂ ਹੁੰਦਾ ਅਤੇ ਸੰਪਰਦਾਈ ਧਰਮ ਪ੍ਰਤੀ ਆਸਥਾ ਮਨੁੱਖ ਦੇ ਸਭਿਅਕ ਤੌਰ ਤੇ ਪੱਛੜੇ ਹੋਏ ਹੋਣ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਹਰੇਕ ਮਜ਼ਹਬ ਕਰਾਮਾਤੀ, ਰਹੱਸਵਾਦੀ ਅਤੇ ਪ੍ਰਾਲੌਕਿਕੀ ਵਰਤਾਰੇ ਨੂੰ ਮਾਨਤਾ ਦਿੰਦਾ ਹੈ ਅਤੇ ਤਰਕ, ਬਿਬੇਕ, ਵਿਗਿਆਨਕ ਸੋਚ ਅਤੇ ਸਿਰਜਣਾਤਮਿਕਤਾ ਨੂੰ ਨਕਾਰਦਾ ਹੈ। ਏਸੇ ਕਰਕੇ ਸੰਸਾਰ ਦਾ ਨਵੀਨਤਮ ਅਤੇ ਸਰਵਸ੍ਰੇਸ਼ਟ ਫਲਸਫਾ ਮਾਨਵਵਾਦ ਅਤੇ ਮਜ਼ਹਬ ਇਕ ਦੂਸਰੇ ਤੋਂ ਉਲਟ ਦਿਸ਼ਾ ਵੱਲ ਚਲਦੇ ਹਨ।

ਹੁਣ, ਗੁਰੂ ਨਾਨਕ ਨੇ ਸੰਸਾਰ ਵਿਚ ਸਭ ਤੋਂ ਪਹਿਲਾਂ ਮਾਨਵਵਾਦ ਦਾ ਫਲਸਫਾ ਪੇਸ਼ ਕੀਤਾ ਅਤੇ ਸਾਰੇ ਗੁਰੂ ਸਾਹਿਬਾਨ ਨੇ ਮਾਨਵਵਾਦ ਦੀ ਲਹਿਰ ਨੂੰ ਲੰਬੇ ਸਮੇਂ ਤਕ ਸਫਲਤਾ ਨਾਲ ਚਲਾਇਆ। ਪਰੰਤੂ ਗੁਰੂ ਸਾਹਿਬਾਨ ਨੇ ਸੰਪਰਦਾਈ ਧਰਮ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ। ਅਸਲ ਵਿਚ ਸੰਪਰਦਾਈ ਸਿਖ ਦੁਬਿਧਾ ਦੀ ਦਲਦਲ ਵਿਚ ਫਸੇ ਹੋਏ ਹਨ ਕਿਉਂਕਿ ਉਹ ਗੁਰਬਾਣੀ ਵਿਚਲੇ ਫਲਸਫੇ ਦੇ ਅਧਾਰ ਉੱਤੇ ਆਪਣੇ ਮਜ਼ਹਬ ਨੂੰ ‘ ਆਧੁਨਿਕ ’ ਅਤੇ ‘ ਨਿਵੇਕਲਾ ’ ਬਣਾ ਕੇ ਪੇਸ਼ ਕਰਨ ਦਾ ਯਤਨ ਕਰਦੇ ਹਨ ਜਦੋਂ ਕਿ ਵਿਵਹਾਰਿਕ ਪੱਖੋਂ ਉਹ ਉਤਨੇ ਹੀ ਪਛੜੇ ਹੋਏ ਹਨ ਜਿਤਨੇ ਕਿ ਕਿਸੇ ਹੋਰ ਮਜ਼ਹਬ ਦੇ ਪੈਰੋਕਾਰ। ਸਿਖ ਫਿਰਕੇ ਦੀਆਂ ਅੱਗੋਂ ਕਈ ਸ਼ਾਖਾਵਾਂ, ਉਪ-ਸੰਪਰਦਾਵਾਂ, ਜਮਾਤਾਂ, ਠਾਠਾਂ, ਟਕਸਾਲਾਂ, ਮਿਸ਼ਨਰੀ ਸੰਸਥਾਵਾਂ ਆਦਿਕ ਬਣੀਆਂ ਹੋਈਆਂ ਹਨ ਜੋ ਆਪਸ ਵਿਚ ਖਹਿਬੜਦੀਆਂ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਜੋਕਾ ਸੰਪਰਦਾਈ ਸਿਖ ਧਰਮ ਅਜਿਹੀ ਗੁਰਮੱਤ ਵਿਰੋਧੀ ਵਿਵਸਥਾ ਹੈ ਜਿਸ ਦੀ ਆਪਣੀ ਦਸ਼ਾ ਵੀ ਵਿਗੜੀ ਹੋਈ ਹੈ ਅਤੇ ਦਿਸ਼ਾ ਵੀ।

9-ਕੀ ਗੁਰੂ ਨਾਨਕ ਦੇ ਮਿਸ਼ਨ ਨੂੰ ਮਾਨਵਵਾਦੀ ਲਹਿਰ ਦਰਸਾਉਂਦੇ ਹੋਏ ਅਸੀਂ ਉਹਨਾਂ ਦੇ ਯੋਗਦਾਨ ਨੂੰ ਛੁਟਿਆ ਤਾਂ ਨਹੀਂ ਰਹੇ ?

ਗੁਰੂ ਨਾਨਕ ਅਤੇ ਉਹਨਾਂ ਤੋਂ ਅਗਲੇ ਗੁਰੂ ਸਾਹਿਬਾਨ ਵੱਲੋਂ ਚਲਾਈ ਅਤੇ ਨਿਭਾਈ ਗਈ ਲਹਿਰ ਦੇ ਸੰਦਰਭ ਵਿਚ ਇਹ ਸ਼ੰਕਾ ਪਰਗਟ ਕੀਤਾ ਜਾ ਸਕਦਾ ਹੈ ਕਿ ਕਿਧਰੇ ਇਸ ਲਹਿਰ ਨੂੰ ਨਿਰੋਲ ਮਾਨਵਵਾਦੀ ਲਹਿਰ ਕਰਕੇ ਦਰਸਾਉਣ ਨਾਲ ਅਸੀਂ ਗੁਰੂ ਸਾਹਿਬਾਨ ਦੇ ਆਸ਼ੇ ਨੂੰ ਛੁਟਿਆ ਤਾਂ ਨਹੀਂ ਰਹੇ। ਇਸ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਉਹਨਾਂ ਦਾ ਅਸਲੀ ਨਿਸ਼ਾਨਾ ਕੀ ਸੀ। ਗੁਰੂ ਨਾਨਕ ਸਬੰਧੀ ਆਮ ਹੀ ਇਹ ਦਾਵਾ ਕੀਤਾ ਜਾਂਦਾ ਹੈ ਕਿ 1499 ਈਸਵੀ ਵਿਚ ਜਦੋਂ ਉਹ ਸੁਲਤਾਨਪੁਰ ਲੋਧੀ ਦੇ ਨੇੜੇ ਵਗਦੀ ਕਾਲੀ ਵੇਈਂ ਦੇ ਇਲਾਕੇ ਵਿਚ ਕੁਝ ਦਿਨ ਦਾ ਇਕਾਂਤਵਾਸ ਕਰਕੇ ਵਾਪਸ ਮੁੜੇ ਤਾਂ ਉਹਨਾਂ ਦੇ ਮੂਹੋਂ ਬੱਸ ਕੁਝ ਏਹੋ ਜਿਹੇ ਸ਼ਬਦ ਨਿਕਲ ਰਹੇ ਸਨ, “ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ” ਅਤੇ ਕਈ ਦਿਨ ਉਹਨਾਂ ਨੇ ਕੁਝ ਹੋਰ ਬੋਲਣ ਦੀ ਬਜਾਏ ਏਸੇ ਪੰਕਤੀ ਨੂੰ ਉਚਾਰਨਾ ਜਾਰੀ ਰੱਖਿਆ। ਹੋ ਸਕਦਾ ਹੈ ਕਿ ਇਹ ਕਹਾਣੀ ਸਾਖੀਆਂ ਉੱਤੇ ਅਧਾਰਿਤ ਹੋਵੇ ਪਰੰਤੂ ਗੁਰਬਾਣੀ ਵਿਚ ਸਪਸ਼ਟ ਕਰ ਕੇ ਹੇਠਾਂ ਦਿੱਤੇ ਅਨੁਸਾਰ ਲਿਖਿਆ ਮਿਲਦਾ ਹੈ:

ਨਾ ਹਮ ਹਿੰਦੂ ਨ ਮੁਸਲਮਾਨ॥
ਅੱਲਾ ਰਾਮ ਕੇ ਪਿੰਡ ਪਰਾਣ॥
(ਗੁਰਬਾਣੀ-ਗ੍ਰੰਥ ਪੰਨਾਂ 1136)

ਉੱਪਰ ਦਿੱਤੀਆਂ ਸਤਰਾਂ ਦਾ ਅਰਥ ਇਹ ਨਹੀਂ ਨਿਕਲਦਾ ਕਿ ਗੁਰੂ ਸਾਹਿਬਾਨ ਨੇ ‘ ਹਿੰਦੂ ’ ਅਤੇ ‘ ਇਸਲਾਮ ’ ਮਜ਼ਹਬਾਂ ਨੂੰ ਇਸ ਕਰਕੇ ਨਕਾਰ ਦਿੱਤਾ ਸੀ ਕਿ ਉਹਨਾਂ ਨੇ ‘ ਸਿਖ ਧਰਮ ’ ਨਾਮ ਦਾ ਕੋਈ ਨਵਾਂ ਮਜ਼ਹਬ ਚਾਲੂ ਕਰਨਾ ਸੀ। ਇਹਨਾਂ ਸਤਰਾਂ ਦਾ ਅਰਥ ਇਹ ਨਿਕਲਦਾ ਹੈ ਕਿ ਗੁਰੂ ਸਾਹਿਬਾਨ ਨੇ ਮਜ਼ਹਬ ਦੇ ਸੰਕਲਪ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ (ਗੁਰੂ ਸਾਹਿਬਾਨ ਦੇ ਸਮੇਂ ਹਿੰਦੂ ਮੱਤ ਅਤੇ ਇਸਲਾਮ ਦੋ ਵੱਡੇ ਮਜ਼ਹਬਾਂ ਦੇ ਤੌਰ ਤੇ ਪਰਚਲਤ ਸਨ ਅਤੇ ਉੱਪਰ ਦਿੱਤੀਆਂ ਕਾਵਿਕ ਸਤਰਾਂ ਵਿਚ ਇਹਨਾਂ ਦੋ ਮਜ਼ਹਬਾਂ ਦਾ ਹਵਾਲਾ ਉਦਾਹਰਨ ਦੇ ਤੌਰ ਸ਼ਾਮਲ ਕੀਤਾ ਗਿਆ ਹੈ) ਅਤੇ ਉਹਨਾਂ ਦਾ ਆਪਣੇ ਵੱਲੋਂ ਕੋਈ ਨਵਾਂ ਮਜ਼ਹਬ ਸਥਾਪਤ ਕਰਨ ਦਾ ਕੋਈ ਇਰਾਦਾ ਨਹੀਂ ਸੀ।
‘ ਧਰਮ ’ ਬਾਰੇ ਵੀ ਗੁਰਬਾਣੀ ਵਿਚ ਹੇਠਾਂ ਦਿੱਤੇ ਅਨੁਸਾਰ ਦੱਸਿਆ ਗਿਆ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮ ਜਪਿ ਨਿਰਮਲ ਕਰਮੁ॥
(ਗੁਰਬਾਣੀ-ਗ੍ਰੰਥ ਪੰਨਾਂ 266)

ਸਪਸ਼ਟ ਹੈ ਕਿ ਗੁਰੂ ਨਾਨਕ ਜਾਂ ਉਹਨਾਂ ਤੋਂ ਅਗਲੇ ਕਿਸੇ ਹੋਰ ਗੁਰੂ ਦਾ ਕੋਈ ਨਵਾਂ ਸੰਪਰਦਾਈ ਧਰਮ ਸਥਾਪਿਤ ਕਰਨ ਦਾ ਕੋਈ ਮਨਸ਼ਾ ਨਹੀਂ ਸੀ ਕਿਉਂਕਿ ਉਹ ‘ ਹਰਿ ਕੋ ਨਾਮ ਜਪਿ ਨਿਰਮਲ ਕਰਮੁ ’ ਨੂੰ ਹੀ ਸਭ ਤੋਂ ਉੱਤਮ ‘ ਧਰਮ’ ਸਮਝਦੇ ਸਨ। ਏਥੇ ਇਹ ਸੋਚਣ ਦੀ ਲੋੜ ਹੈ ਕਿ ਜੇਕਰ ਉਹਨਾਂ ਨੇ ਕੋਈ ਨਵਾਂ ਮਜ਼ਹਬ ਨਹੀਂ ਚਲਾਇਆਂ ਸੀ ਤਾਂ ਉਹਨਾਂ ਨੇ ਕੀਤਾ ਕੀ ਸੀ। ਜਦੋਂ ਅਸੀਂ ਵਿਸ਼ਵ ਪੱਧਰ ਉੱਤੇ 19ਵੀਂ ਅਤੇ 20ਵੀਂ ਸਦੀ ਈਸਵੀ ਵਿਚ ਉੱਭਰੀ ਮਾਨਵਵਾਦ ਦੀ ਲਹਿਰ ਵੱਲ ਧਿਆਨ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਅਜਿਹੀ ਲਹਿਰ ਤਾਂ ਗੁਰੂ ਨਾਨਕ ਨੇ 1500 ਈਸਵੀ ਤੋਂ ਪਹਿਲਾਂ ਹੀ ਅਰੰਭ ਕਰ ਦਿੱਤੀ ਸੀ। ਇਹ ਲਹਿਰ ਦੋ ਸਦੀਆਂ ਤੋਂ ਵੱਧ ਦੇ ਸਮੇਂ ਤਕ ਪੂਰੀ ਸਫਲਤਾ ਨਾਲ ਚੱਲੀ ਸੀ ਅਤੇ ਇਸ ਦਾ ਸਾਨੀ ਪੂਰੇ ਵਿਸ਼ਵ ਦੇ ਇਤਹਾਸ ਵਿਚ ਕਿਧਰੇ ਨਹੀਂ ਮਿਲਦਾ। ਇਸ ਤਰ੍ਹਾਂ ਗੁਰੂ ਨਾਨਕ ‘ ਮਾਨਵਵਾਦ ’ ਦੇ ਅਸਲੀ ਮੋਢੀ ਬਣ ਕੇ ਉਭਰਦੇ ਹਨ। ਅਜ ਲੋੜ ਹੈ ਕਿ ਸਾਰੀ ਮਨੁੱਖਤਾ ਨੂੰ ਇਸ ਸਚਾਈ ਤੋਂ ਜਾਣੂ ਕਰਵਾਇਆ ਜਾਵੇ ਅਤੇ ਗੁਰੂ ਨਾਨਕ ਦੀ ਪਛਾਣ ਵਿਸ਼ਵ ਭਰ ਦੇ ਸਭ ਤੋਂ ਮਹਾਨ ਦਾਰਸ਼ਨਿਕ ਦੇ ਤੌਰ ਤੇ ਕਾਇਮ ਕੀਤੀ ਜਾਵੇ। ਅਸੀਂ ਅਜਿਹਾ ਉਹਨਾਂ ਦੇ ਮਿਸ਼ਨ ਨੂੰ ਕੇਵਲ ਸੰਪਰਦਾਈ ਧਰਮ ਦੇ ਤੌਰ ਤੇ ਪੇਸ਼ ਕਰਕੇ ਹਰਗਿਜ਼ ਨਹੀਂ ਕਰ ਸਕਦੇ। ਸਗੋਂ ਉਹਨਾਂ ਦੇ ਮਿਸ਼ਨ ਨੂੰ ਸੰਪਰਦਾਈ ਧਰਮ (ਮਜ਼ਹਬ) ਦੇ ਤੌਰ ਤੇ ਪੇਸ਼ ਕਰਦੇ ਹੋਏ ਹੀ ਅਸੀਂ ਗੁਰੂ ਸਾਹਿਬਾਨ ਵੱਲੋਂ ਦਿੱਤੇ ਯੋਗਦਾਨ ਨੂੰ ਛੁਟਿਆ ਰਹੇ ਹੁੰਦੇ ਹਾਂ।
(ਸਮਾਪਤ)
ਇਕਬਾਲ ਸਿੰਘ ਢਿੱਲੋਂ
.