.

ਸਿੱਖ ਮਰਦ ਕਿੱਤਾਕਾਰ, ਨਿਜੀ ਤੇ ਸਰਕਾਰੀ ਕਰਮਚਾਰੀ, ਵਾਪਾਰੀ ਅਤੇ ਸਨਤਕਾਰ ਆਦਿ ਦੇ ਰੂਪ ਵਿਚ

Status of Sikhs as Self employee, Government and Private Employee, Businessman and Industrialist

ਕਿੱਤਾਕਾਰ, ਸਰਕਾਰੀ ਕਰਮਚਾਰੀ, ਨਿਜੀ ਕਰਮਚਾਰੀ, ਵਾਪਾਰੀ, ਸਨਤਕਾਰ, ਨਿਚੋੜ

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਿੱਖ ਧਰਮ ਦਾ ਮੁਢਲਾ ਸਿਧਾਂਤ ਦੱਸਣ ਦੇ ਨਾਲ ਨਾਲ ਇਹ ਵੀ ਸਮਝਾ ਦਿੱਤਾ ਹੈ ਕਿ ਜੇਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਇਸ ਲਈ ਜੇਕਰ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਹੈ, ਤਾਂ ਉਸ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਸਮਝਣਾ ਪਵੇਗਾ। ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਸਭ ਕੁੱਝ ਦੇਣ ਵਾਲੇ ਉਸ ਅਕਾਲ ਪੁਰਖੁ ਦਾ ਧੰਨਵਾਦ ਵੀ ਕਰਨਾ ਹੈ। ਇਸ ਤਰ੍ਹਾਂ ਗੁਣ ਗਾਇਨ ਕਰਨ ਨਾਲ ਮਨੁੱਖ ਦੇ ਅੰਦਰ ਵੀ ਉਸ ਅਕਾਲ ਪੁਰਖੁ ਵਰਗੇ ਉੱਤਮ ਆਤਮਿਕ ਗੁਣ ਪੈਦਾ ਹੋ ਜਾਂਦੇ ਹਨ। ਅਕਾਲ ਪੁਰਖੁ ਨੇ ਜਿਥੇ ਅਨੇਕਾਂ ਜੀਵ ਪੈਦਾ ਕੀਤੇ ਹਨ, ਉਥੇ ਉਨ੍ਹਾਂ ਦੀ ਖੁਰਾਕ ਲਈ ਤੇ ਉਸ ਖੁਰਾਕ ਲਈ ਰੁਜਗਾਰ ਕਰਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਦੁਨੀਆਂ ਦਾ ਹਰੇਕ ਜੀਵ ਆਪਣੇ ਨਿਰਵਾਹ ਲਈ ਖੁਰਾਕ ਲੱਭਣ ਲਈ ਉਪਰਾਲੇ ਕਰਦਾ ਹੈ। ਸਫਲਤਾ ਵੀ ਉਸ ਜੀਵ ਨੂੰ ਹੀ ਮਿਲਦੀ ਹੈ, ਜਿਹੜਾ ਠੀਕ ਤਰੀਕੇ ਨਾਲ ਉਚਿੱਤ ਉਪਰਾਲੇ ਕਰਦਾ ਹੈ। ਇਹੀ ਨਿਯਮ ਮਨੁੱਖ ਤੇ ਵੀ ਲਾਗੂ ਹੁੰਦਾ ਹੈ। ਇਸੇ ਲਈ ਗੁਰੂ ਸਾਹਿਬ ਨੇ ਜਿਥੇ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਦੀ ਸਿਖਿਆ ਦਿਤੀ ਹੈ, ਉਸ ਦੇ ਨਾਲ ਨਾਲ ਆਪਣਾ ਕਾਰਜ ਆਪ ਸਵਾਰਨ ਲਈ ਵੀ ਸਿਖਿਆ ਦਿਤੀ ਹੈ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)

ਆਪਣਾ ਕਾਰਜ ਆਪ ਸਵਾਰਨ ਲਈ, ਉਸ ਕਾਰਜ ਨੂੰ ਸਮਝਣਾ ਪੈਂਦਾ ਹੈ ਤੇ ਉਸ ਅਨੁਸਾਰ ਮਿਹਨਤ ਕਰਨੀ ਪੈਂਦੀ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ ਪੈਂਦੀ ਹੈ। ਕਿਰਤ ਕਰਨ ਲਈ ਮਨੁੱਖ ਨੂੰ ਆਪਣੇ ਆਸੇ ਪਾਸੇ ਤੇ ਕੁਦਰਤ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪੈਂਦੀ ਹੈ। ਰੁਜਗਾਰ ਦੇ ਸਾਧਨ ਜਾਨਣੇ ਤੇ ਲੱਭਣੇ ਪੈਂਦੇ ਹਨ। ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਇਸ ਲਈ ਉਸ ਨੂੰ ਰੁਜਗਾਰ ਕਰਨ ਦੇ ਨਾਲ ਨਾਲ ਦੂਸਰਿਆਂ ਨਾਲ ਸਾਂਝ ਪੈਦਾ ਕਰਨ ਦੀ ਜਾਚ ਵੀ ਆ ਜਾਂਦੀ ਹੈ। ਕਿਰਤ ਕਰਨ ਨਾਲ ਮਨੁੱਖ ਵਿੱਚ ਆਪਣੇ ਆਪ ਨਾਮੁ ਦੇ ਪਰੈਕਟੀਕਲ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਮਿਹਨਤ ਨਾਲ ਆਨੰਦ ਵੀ ਮਿਲਦਾ ਹੈ ਤੇ ਕੰਮ ਦੀ ਕਦਰ ਵੀ ਆਉਦੀਂ ਹੈ। ਸਾਂਝੇ ਤੌਰ ਤੇ ਕੰਮ ਕਰਨ ਨਾਲ ਆਪਸੀ ਪਿਆਰ ਅਤੇ ਭਰਾਤਰੀ ਭਾਵ ਦੇ ਗੁਣ ਪੈਦਾ ਹੁੰਦੇ ਹਨ। ਇਹ ਸਾਰੇ ਗੁਣ ਮਿਲ ਜਾਣ ਤਾਂ ਸਮਾਜ ਆਪਣੇ ਆਪ ਸਹੀ ਦਿਸ਼ਾ ਵੱਲ ਚਲ ਪੈਂਦਾ ਹੈ।

ਜੀਵਨ ਵਿੱਚ ਨਿਰਵਾਹ ਕਰਨ ਲਈ ਕੁੱਝ ਨਾ ਕੁੱਝ ਕਾਰੋਬਾਰ ਕਰਨਾ ਪੈਂਦਾ ਹੈ, ਤਾਂ ਜੋ ਧਨ ਕਮਾਇਆ ਜਾ ਸਕੇ, ਜਿਸ ਨਾਲ ਪਰਿਵਾਰ ਦਾ ਗੁਜਾਰਾ ਚਲਦਾ ਰਹੇ। ਧਨ ਕਮਾਉਣ ਦੇ ਵਸੀਲੇ ਹਨ: (੧) ਕਿੱਤਾ (ਕਿਰਸਾਣੀ, ਆਪਣਾ ਕਾਰੋਬਾਰ), (੨) ਵਾਪਾਰ (ਦੁਕਾਨਦਾਰੀ, ਵਾਪਾਰ, ਸਨਤਕਾਰੀ) ਅਤੇ (੩) ਨੌਕਰੀ (ਸਰਕਾਰੀ ਜਾਂ ਪ੍ਰਾਈਵੇਟ)

ਕਿਰਸਾਣੀ ਭਾਵ ਵਾਹੀ ਦਾ ਕੰਮ, ਇਹ ਉੱਦਮ ਵਾਲਾ ਕੰਮ ਹੈ, ਇਸ ਲਈ ਆਮ ਤੌਰ ਤੇ ਉੱਤਮ ਗਿਣਿਆ ਜਾਂਦਾ ਹੈ। ਸਫਲਤਾ ਪ੍ਰਾਪਤ ਕਰਨ ਲਈ ਵਾਹੀ ਦਾ ਕੰਮ ਉੱਦਮ ਤੇ ਲਗਨ ਨਾਲ ਕਰਨਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਇਹ ਸਾਰੇ ਤਰ੍ਹਾਂ ਦੇ ਕਿਤੇ ਖੁਦ ਕਰ ਕੇ ਵਿਖਾਏ। ਆਪ ਜੀ ਨੇ ਵਾਹੀ ਦਾ ਕੰਮ ਆਪਣੇ ਜੀਵਨ ਦੇ ਆਖਰੀ ਪੜਾ ਵਿੱਚ ਕਰਤਾਰਪੁਰ ਸਾਹਿਬ ਵਿਖੇ ਕਰ ਕੇ ਵਿਖਾਇਆ। ਸਤਿਸੰਗਤ ਕਾਇਮ ਕੀਤੀ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਦੀ ਸਿਖਿਆ ਦਿਤੀ। ਸਚ ਦਾ ਵਾਪਾਰ ਕਰਨ ਦੀ ਜਾਚ ਸਿਖਾਈ। ਸਤਿਸੰਗਤ ਕਾਇਮ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਤੇ ਮਨੁੱਖਤਾ ਨੂੰ ਅਸਲੀ ਸੱਚ ਨਾਲ ਜੁੜਨ ਦੀ ਜਾਚ ਸਿਖਾਈ। ਆਪਣੀ ਨੌਕਰੀ ਵਿੱਚ ਪੂਰਾ ਚਿਤ ਲਾ ਕੇ ਕੰਮ ਕਰਨਾ ਹੈ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵਿੱਚ ਮੋਦੀ ਦੀ ਨੌਕਰੀ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰ ਕੇ ਵਖਾਈ। ਆਪਣੀ ਦੁਕਾਨ ਵਿੱਚ ਠੀਕ ਤੋਲਣਾ ਤੇ ਸੁਰਤ ਉਸ ਅਕਾਲ ਪੁਰਖੁ ਨਾਲ ਜੋੜੀ ਰੱਖਣ ਦੀ ਸਿਖਿਆਂ ਪੂਰੀ ਖਲਕਤ ਨੂੰ ਦਿੱਤੀ। ਚੂੜਖਾਨੇ ਵਿੱਚ ਸੱਚਾ ਸੌਦਾ ਕਰਦੇ ਸਮੇਂ ਦੂਸਰਿਆਂ ਦਾ ਭਲਾ ਕਰਨਾ ਤੇ ਜੀਵਨ ਬਾਰੇ ਜਾਚ ਸਿਖਾਈ। ਸਚ ਤੇ ਚਲ ਕੇ, ਉੱਦਮ ਵਾਲਾ ਕਾਰੋਬਾਰ ਕਰਨ ਨਾਲ ਮਨ ਹਮੇਸ਼ਾਂ ਖਿੜਿਆਂ ਰਹਿੰਦਾ ਹੈ।

ਹਰੇਕ ਨੂੰ ਪਤਾ ਹੈ, ਕਿ ਮਰਨ ਸਮੇਂ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਪਰ ਫਿਰ ਵੀ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ, ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ। ਇਸ ਲਈ ਸਦਾ ਨਾਲ ਨਿਭਣ ਵਾਲਾ ਨਾਮੁ ਧੰਨ ਕਮਾਉਣ ਲਈ ਮਨ ਨੂੰ ਹਾਲੀ (ਕਿਰਸਾਨ) ਵਰਗਾ ਉੱਦਮੀ ਬਣਾਉਣਾਂ ਹੈ, ਉੱਚੇ ਆਚਰਨ ਨੂੰ ਵਾਹੀ (ਕਿਰਸਾਨੀ) ਸਮਝਣਾ ਹੈ। ਇਹ ਮਨੁੱਖਾ ਸਰੀਰ ਹੀ ਖੇਤ ਹੈ, ਜਿਸ ਵਿੱਚ ਨਾਮੁ ਰੂਪੀ ਬੀਜ ਨੂੰ ਪਰਫੁੱਲਤ ਕਰਨਾ ਹੈ, ਮਿਹਨਤ ਨਾਮੁ ਦੀ ਫ਼ਸਲ ਲਈ ਪਾਣੀ ਹੈ, ਇਸ ਖੇਤ ਵਿੱਚ ਅਕਾਲ ਪੁਰਖੁ ਦਾ ਨਾਮੁ ਬੀਜ, ਬੀਜ ਕੇ ਉਸ ਨੂੰ ਪੰਛੀਆ (ਤ੍ਰਿਸ਼ਨਾ) ਤੋਂ ਬਚਾਣ ਲਈ ਸੰਤੋਖ ਦਾ ਸੁਹਾਗਾ ਫੇਰਨਾ ਜ਼ਰੂਰੀ ਹੈ। ਜੇਕਰ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮੁ ਰੂਪੀ ਬੀਜ ਨੂੰ ਮੁਕਾ ਦੇਵੇਗੀ, ਸਾਦਾ ਜੀਵਨ ਨਾਮੁ ਰੂਪੀ ਫ਼ਸਲ ਦੀ ਰਾਖੀ ਕਰਨ ਲਈ ਰਾਖਾ ਹੈ। ਇਸ ਤਰ੍ਹਾਂ ਦੀ ਵਾਹੀ ਕੀਤਿਆਂ ਸਰੀਰ ਰੂਪੀ ਖੇਤ ਵਿੱਚ ਅਕਾਲ ਪੁਰਖੁ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਵੇਗਾ। ਜਿਨ੍ਹਾਂ ਨੇ ਅਜੇਹੀ ਵਾਹੀ ਕੀਤੀ, ਉਨ੍ਹਾਂ ਦੇ ਹਿਰਦੇ ਨਾਮੁ ਰੂਪੀ ਧਨ ਨਾਲ ਧਨਾਢ ਹੋ ਗਏ।

ਸੋਰਠਿ ਮਹਲਾ ੧ ਘਰੁ ੧॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥ ੧॥ ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥ (੫੯੫-੫੯੬)

ਗੁਰੂ ਸਾਹਿਬ ਨੇ ਇਹ ਸਾਰੇ ਤਰ੍ਹਾਂ ਦੇ ਕੰਮ ਕਿਸ ਤਰ੍ਹਾਂ ਕਰਨੇ ਹਨ, ਉਪਰ ਲਿਖੇ ਸ਼ਬਦ ਵਿੱਚ ਸਮਝਾ ਦਿੱਤੇ ਹਨ। ਕਿਰਤ ਕੋਈ ਵੀ ਹੋਵੇ, ਪਰ ਨੇਕ ਹੋਣੀ ਚਾਹੀਦੀ ਹੈ। ਰਿਜ਼ਕ ਕਰਕੇ ਮਨੁੱਖ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ। ਮਾਲਕ ਕਿਥੇ ਕੰਮ ਕਰਨ ਲਈ ਤੇ ਮਨੁੱਖਾ ਜਨਮ ਸਫਲ ਕਰਨ ਲਈ ਭੇਜਦਾ ਹੈ, ਇਹ ਸਭ ਕੁੱਝ ਉਸ ਅਕਾਲ ਪੁਰਖੁ ਦੇ ਹੱਥ ਵਿੱਚ ਹੀ ਹੈ।

ਮਃ ੨॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ ੨॥ (੬੫੩)

ਆਪਣੇ ਨੱਕ ਨੂੰ ਦੁਨਿਆਵੀ ਰਿਵਾਇਤਾ ਕਰਕੇ ਨਹੀਂ ਛੇਦਨਾ ਹੈ। ਉਸ ਤੇ ਖਸਮ ਦੀ ਨੱਥ ਪਾਉਣੀ ਹੈ। ਦੁਨੀਆਂ ਅਨੁਸਾਰ ਚੱਲਣ ਦੀ ਬਜਾਏ, ਗੁਰਮਤਿ ਦੇ ਮਾਰਗ ਤੇ ਚਲਣਾ ਹੈ। ਜਨਮ ਸਮੇਂ ਤਾਂ ਸਤ, ਸੰਤੋਖ, ਦਇਆ, ਧਰਮ ਸੀ, ਪਰ ਬਾਅਦ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਦੁਆਰ ਖੁਲਣੇ ਸ਼ੁਰੂ ਹੋ ਜਾਂਦੇ ਹਨ। ਆਮ ਵਾਪਾਰ ਵਿੱਚ ਵਾਧਾ ਜਾਂ ਘਾਟਾ ਹੋ ਸਕਦਾ ਹੈ, ਪਰ ਨਾਮੁ ਦੇ ਵਾਪਾਰ ਵਿਚ, ਭਾਵ ਸੱਚ ਦੇ ਵਾਪਾਰ ਵਿਚ, ਕਦੀ ਘਾਟਾ ਨਹੀਂ ਹੁੰਦਾਂ ਹੈ, ਸਦਾ ਅਨੰਦ ਹੀ ਮਿਲਦਾ ਹੈ।

ਪਉੜੀ॥ ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ॥ ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ॥ ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ॥ ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ॥ ੧੫॥ (੩੦੯)

ਜਿਆਦਾ ਤਰ ਲੋਕ ਕਿੱਤਾਕਾਰ, ਸਰਕਾਰੀ ਕਰਮਚਾਰੀ, ਪ੍ਰਾਈਵੇਟ ਕਰਮਚਾਰੀ, ਵਾਪਾਰੀ ਜਾਂ ਸਨਤਕਾਰ ਦੇ ਰੂਪ ਵਿੱਚ ਆਪਣਾ ਕਾਰੋਬਾਰ ਕਰਦੇ ਹਨ। ਸਿੱਖਾਂ ਨੇ ਵੀ ਆਪਣੇ ਰੁਜਗਾਰ ਲਈ ਇਹ ਵਸੀਲੇ ਅਪਨਾਏ ਹਨ। ਆਓ ਅਸੀਂ ਗੁਰਮਤਿ ਦੇ ਆਧਾਰ ਤੇ ਸਿੱਖਾਂ ਦੀ ਕੀ ਸਥਿਤੀ ਹੈ, ਇਸ ਸਬੰਧੀ ਸਾਂਝ ਕਰਨ ਦਾ ਉਪਰਾਲਾ ਕਰੀਏ।

ਕਿੱਤਾਕਾਰ

ਗੁਰੂ ਸਾਹਿਬ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ, ਇਸ ਲਈ ਸਿੱਖ ਆਪਣੇ ਕਿੱਤੇ ਵਿੱਚ ਅਕਸਰ ਮਾਹਿਰ ਹੁੰਦੇ ਹਨ। ਜਿਸ ਕਿੱਤੇ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ, ਗੁਰੂ ਦੇ ਸਿੱਖ ਉਸ ਨੂੰ ਆਸਾਨੀ ਨਾਲ ਕਰ ਲੈਂਦੇ ਹਨ। ਇਸ ਲਈ ਸਿੱਖ ਕਿਸਾਨ, ਮਕੈਨਿਕ, ਫੈਬਰੀਕੇਟਰ, ਡਿਜ਼ਾਈਨਰ, ਲੇਥ ਦਾ ਕੰਮ, ਨਵੀਂਆਂ ਮਸ਼ੀਨਾ ਤਿਆਰ ਕਰਨੀਆਂ, ਲੋਹਾਰ, ਤਰਖਾਣ, ਮਿਸਤਰੀ, ਟਰਾਂਸਪੋਰਟਰ, ਡਰਾਈਵਰ, ਆਦਿ ਕਿਤਿਆਂ ਵਿੱਚ ਜਿਆਦਾ ਗਿਣਤੀ ਵਿੱਚ ਵੇਖੇ ਜਾਂਦੇ ਹਨ। ਜਿਤਨੇ ਵੀ ਸਿੱਖ ਗੁਰੂ ਘਰ ਨਾਲ ਸਬੰਧਤ ਹਨ, ਉਹ ਆਮ ਤੌਰ ਤੇ ਆਪਣੇ ਆਪਣੇ ਕਾਰੋਬਾਰ ਲਈ ਲੋਕਾਂ ਵਿੱਚ ਪ੍ਰਸਿੱਧ ਹੁੰਦੇ ਹਨ। ਜਿਹੜੇ ਆਪਣੀ ਇਮਾਨਦਾਰੀ ਕਾਇਮ ਰੱਖਦੇ ਹਨ, ਉਨ੍ਹਾਂ ਦਾ ਨਾਂ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ। ਸਮੇਂ ਨਾਲ ਉੱਨ੍ਹਾਂ ਦੀ ਆਮਦਨ ਵੀ ਵਧਦੀ ਰਹਿੰਦੀ ਹੈ।

ਸਿੱਖ ਨਿਜੀ ਕੰਮਾਂ ਵਿੱਚ ਤਾਂ ਬਹੁਤ ਸਫ਼ਲ ਹਨ। ਪਰ ਅਕਸਰ ਸਾਂਝੇ ਕੰਮਾਂ ਵਿੱਚ, ਜਿਆਦਾ ਦੇਰ ਤੱਕ ਨਹੀਂ ਟਿਕਦੇ ਹਨ। ਇਸ ਦਾ ਕਾਰਨ ਹਉਮੈ, ਬੇਸਬਰੀ, ਬੇਇਤਬਾਰੀ ਅਤੇ ਅਸਹਿਣਸ਼ੀਲਤਾ ਹਨ। ਸਿੱਖ ਸ਼ੁਰੂ ਵਿੱਚ ਤਾਂ ਇਕੱਠੇ ਕੰਮ ਆਰੰਭ ਕਰਦੇ ਹਨ, ਪਰ ਬਾਅਦ ਵਿੱਚ ਆਪਸੀ ਅਣਬਣ ਹੋਣ ਕਰਕੇ ਅਕਸਰ ਵੱਖਰੇ ਹੋ ਜਾਂਦੇ ਹਨ। ਇਹੀ ਹਾਲ ਗੁਰਦੁਆਰੇ ਜਾਂ ਖ਼ਾਲਸਾ ਸਕੂਲ ਬਣਾਉਂਣ ਸਬੰਧੀ ਹੈ। ਇਕੱਠੇ ਰਲ ਕੇ ਬਿਲਡਿੰਗ ਤਾਂ ਬਹੁਤ ਆਸਾਨੀ ਨਾਲ ਬਣਾ ਲੈਣਗੇ, ਪਰ ਚਲਾਉਣ ਸਮੇਂ ਆਪਸੀ ਅਣਬਣ ਤੇ ਤੂੰ ਤੂੰ, ਮੈਂ ਮੈਂ, ਆਰੰਭ ਹੋ ਜਾਂਦੀ ਹੈ।

ਹਰੇਕ ਕਾਰੋਬਾਰ ਲਈ, ਕੱਚਾ ਮਾਲ ਲੈਣਾਂ, ਮਾਲ ਤਿਆਰ ਕਰਨਾ, ਮਾਲ ਵੇਚਣਾ, ਹਿਸਾਬ ਕਿਤਾਬ ਰੱਖਣਾਂ, ਚੰਗਾਂ ਮਾਲ ਘੱਟ ਕੀਮਤ ਤੇ ਤਿਆਰ ਕਰਨਾ ਤੇ ਵੇਚਣਾਂ, ਆਦਿ ਬਹੁਤ ਸਾਰੇ ਖੇਤਰਾਂ ਵਿੱਚ ਨਿਪੁੰਨਤਾ ਦੀ ਲੋੜ ਹੈ। ਜਰੂਰੀ ਨਹੀਂ ਕਿ ਇੱਕ ਮਨੁੱਖ ਇਨ੍ਹਾਂ ਸਾਰੇ ਖੇਤਰਾਂ ਵਿੱਚ ਨਿਪੁੰਨ ਹੋਵੇ। ਕੁਦਰਤ ਨੇ ਸਾਰਿਆਂ ਵਿੱਚ ਕੁੱਝ ਨਾ ਕੁੱਝ ਗੁਣ ਦਿਤੇ ਹਨ। ਜੇਕਰ ਕਿੱਤੇ ਵਿੱਚ ਸਾਂਝ ਹੋਵੇ ਤਾਂ ਕੁੱਝ ਸੱਜਣ ਰਲ ਕੇ ਹੌਲੀ ਹੌਲੀ ਇੱਕ ਛੋਟੇ ਕਾਰੋਬਾਰ ਨੂੰ, ਇੱਕ ਵੱਡੀ ਫੈਕਟਰੀ ਤੱਕ ਲਿਜਾ ਸਕਦੇ ਹਨ। ਹੋਰ ਮਿਹਨਤ ਤੇ ਆਪਸੀ ਮਿਲਵਰਤਨ ਨਾਲ ਇੱਕ ਵੱਡੇ ਸਨਤਕਾਰ ਤੱਕ ਪਹੁੰਚਾਇਆ ਜਾ ਸਕਦਾ ਹੈ। ਅੱਜ ਦੁਨੀਆਂ ਵਿੱਚ ਵੱਡੇ ਸਨਤਕਾਰ ਹੀ ਜਿਆਦਾ ਸਫ਼ਲ ਹਨ, ਕਿਉਂਕਿ ਉਹ ਜਿਅਦਾ ਮਾਤਰਾ ਵਿੱਚ ਸਸਤਾ ਤੇ ਵਧੀਆ ਮਾਲ ਤਿਆਰ ਕਰ ਸਕਦੇ ਹਨ।

ਵੱਡੇ ਪੱਧਰ ਦੇ ਸਿੱਖ ਸਨਤਕਾਰ ਦੁਨੀਆਂ ਵਿੱਚ ਵਿਰਲੇ ਹੀ ਮਿਲਦੇ ਹਨ। ਸਿੱਖਾਂ ਵਿੱਚ ਆਪਸੀ ਏਕਤਾ ਨਾ ਹੋਣ ਕਰਕੇ ਕੋਈ ਵਿਰਲਾ ਹੀ ਇਸ ਉਚਾਈ ਤੱਕ ਪਹੁੰਚਦਾ ਹੈ। ਦੂਸਰੀਆਂ ਕੁੱਝ ਕੌਮਾਂ ਦੇ ਲੋਕ ਜਿਵੇਂ ਕਿ ਗੁਜਰਾਤੀ, ਬੰਗਾਲੀ, ਮਲਿਆਲੀ, ਯਹੂਦੀ ਆਦਿ ਆਪਣੀ ਕੌਮ ਦੇ ਲੋਕਾਂ ਦੀ ਪੂਰੀ ਪੂਰੀ ਮਦਦ ਕਰਦੇ ਹਨ, ਪਰ ਸਿੱਖਾਂ ਵਿੱਚ ਇਹ ਬਹੁਤ ਵੱਡੀ ਘਾਟ ਹੈ। ਸਿੱਖਾਂ ਦੀਆਂ ਆਪਣੀਆਂ ਫੈਕਟਰੀਆਂ ਵਿੱਚ ਵੀ ਬਹੁਤ ਘੱਟ ਸਿੱਖ ਦਿਖਾਈ ਦਿੰਦੇ ਹਨ।

ਜੇਕਰ ਕੋਈ ਸਿੱਖ ਸਨਤਕਾਰ ਕਿਸੇ ਸਿੱਖ ਨੂੰ ਨਾਲ ਰੱਖਦਾ ਹੈ ਤਾਂ ਉਹ ਪੂਰਾ ਸਾਥ ਨਿਭਾਉਣ ਦੀ ਬਜਾਏ ਉਸ ਦੀ ਤਕਨੀਕ ਤੇ ਕੰਮ ਸਿੱਖ ਕੇ ਆਪਣਾ ਬਰਾਬਰ ਦਾ ਨਵਾਂ ਧੰਦਾ ਸ਼ੁਰੂ ਕਰ ਦਿੰਦਾਂ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਸਿੱਖ ਸਨਤਕਾਰ ਯੋਗਤਾ ਅਨੁਸਾਰ, ਉਸ ਦੀ ਤਨਖਾਹ ਵਿੱਚ ਵਾਧਾ ਨਹੀਂ ਕਰਦਾ ਹੈ। ਦੂਸਰਾ ਕੰਮ ਕਰਨ ਵਾਲੇ ਦੇ ਮਨ ਅੰਦਰ ਹਉਮੈ ਤੇ ਲਾਲਚ ਆ ਜਾਂਦਾ ਹੈ, ਕਿ ਮੈਂ ਕਿਉਂ ਨਾ ਆਪਣਾ ਨਵਾਂ ਧੰਦਾ ਸ਼ੁਰੂ ਕਰ ਲਵਾਂ, ਮਾਲਕ ਵੀ ਬਣ ਜਾਵਾਂ ਤੇ ਵੱਧ ਪੈਸੇ ਵੀ ਆ ਜਾਣ। ਨਤੀਜਾ ਇਹ ਹੁੰਦਾਂ ਹੈ ਕਿ ੮-੧੦ ਘੰਟੇ ਦੀ ਬਜਾਏ ੧੨-੧੪ ਘੰਟੇ ਤੱਕ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਘਰੇਲੂ ਮੁਸੀਬਤਾਂ ਵਿੱਚ ਵਾਧਾ ਹੋ ਜਾਂਦਾ ਹੈ। ਕਈ ਵਾਰੀ ਤਾਂ ਅਜੇਹੀ ਹਾਲਤ ਹੋ ਜਾਂਦੀ ਹੈ ਕਿ ਛੋਟੇ ਕਾਰੋਬਾਰ ਕਰਕੇ ਮਾਲ ਤਿਆਰ ਕਰਨਾ ਤੇ ਵੇਚਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜਿਸ ਕਰਕੇ ਮਾਨਸਕ ਪ੍ਰੇਸ਼ਾਨੀਆਂ ਵਿੱਚ ਵਾਧਾ ਹੋ ਜਾਂਦਾ ਹੈ ਤੇ ਘਰ ਦਾ ਗੁਜਾਰਾ ਚਲਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਉਮੈ, ਸਵਾਰਥ, ਲਾਲਚ ਤੇ ਬੇਵਫਾਈ ਕਰਕੇ ਸਾਡਾ ਸਾਰਾ ਦੇਸ਼ ਛੋਟੇ ਛੋਟੇ ਧੰਦਿਆਂ ਵਿੱਚ ਵੰਡਿਆ ਹੋਇਆ ਹੈ। ਬਾਹਰਲੇ ਦੇਸ਼ ਦਾ ਇੱਕ ਸਨਤਕਾਰ ਆ ਕੇ ਇਨ੍ਹਾਂ ਸਭ ਦੇ ਧੰਦੇ ਆਸਾਨੀ ਬੰਦ ਕਰਵਾ ਦਿੰਦਾ ਹੈ। ਅੱਜਕਲ ਚੀਨ ਤੋਂ ਜਿਸ ਪੱਧਰ ਤੇ ਸਸਤਾ ਮਾਲ ਆ ਰਿਹਾ ਹੈ, ਉਸ ਨਾਲ ਬਹੁਤ ਸਾਰੇ ਛੋਟੇ ਛੋਟੇ ਧੰਦੇ ਬੰਦ ਹੋ ਰਹੇ ਹਨ। ਸਿੱਖ ਕਾਰੋਬਾਰ ਵਿੱਚ ਤਾਂ ਹੀ ਤਰੱਕੀ ਕਰ ਸਕਦੇ ਹਨ, ਜੇਕਰ ਇਕੱਠੇ ਹੋਣ। ਗੁਰਬਾਣੀ ਤਾਂ ਇਹੀ ਸਿਖਿਆ ਦਿੰਦੀ ਹੈ:

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (੧੧੮੫)

ਪਰੰਤੂ ਅਫਸੋਸ ਕਿ ਅਸੀਂ ਗੁਰੂ ਸਾਹਿਬ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਾਂ। ਪੰਜਾਬ ਦੇ ਬਹੁਤ ਸਾਰੇ ਲੋਕ ਖੇਤੀ ਬਾੜੀ ਦਾ ਕੰਮ ਕਰਦੇ ਸਨ। ਹੌਲੀ ਹੌਲੀ ਜਮੀਨ ਦੀ ਆਪਸੀ ਵੰਡ ਕਰਕੇ ਵਾਹੀ ਕਰਨ ਵਾਲੀ ਜਮੀਨ ਘਟਦੀ ਗਈ। ਹੰਕਾਰ ਕਰਕੇ, ਹਰੇਕ ਟਰੈਕਟਰ ਤੇ ਵੱਡੀਆਂ ਮਸ਼ੀਨਾਂ ਲੈਣੀਆਂ ਚਾਹੁੰਦਾ ਹੈ। ਨਤੀਜਾ ਇਹ ਹੋਇਆ ਕਿ ਆਮਦਨ ਘਟ ਤੇ ਖਰਚੇ ਜਿਆਦਾ। ਚਾਹੀਦਾ ਤਾਂ ਸੀ ਕਿ ਵਿਗਿਆਨਕ ਢੰਗ ਨਾਲ ਖੇਤੀ ਦੀ ਉਪਜ ਵਿੱਚ ਵਾਧਾ ਕਰਦੇ ਤੇ ਖਰਚੇ ਘਟਾਉਂਦੇ, ਪਰ ਇਸ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਬਾਹਰਲੇ ਦੇਸ਼ਾਂ ਵਿੱਚ ਇਕੱਲਾ ਕਿਸਾਨ, ਕਈ ਏਕੜ ਜਮੀਨ ਵਿੱਚ ਵਿਗਿਆਨਕ ਢੰਗ ਨਾਲ ਖੇਤੀ ਕਰ ਲੈਂਦਾ ਹੈ। ਘਟ ਜਮੀਨ ਦੇ ਬਾਵਜੂਦ ਵੀ ਸਾਂਝੀ ਖੇਤੀ ਕਰਨ ਨਾਲ ਅਧੁਨਿਕ ਤਕਨੀਕਾਂ ਅਪਨਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਹਲ ਹੋ ਸਕਦੀਆਂ ਹਨ। ਪਰ ਇਹ ਤਾਂ ਹੀ ਸੰਭਵ ਹੈ, ਜੇਕਰ ਆਪਸ ਵਿੱਚ ਪ੍ਰੇਮ, ਪਿਆਰ, ਵਿਸ਼ਵਾਸ ਤੇ ਸਾਂਝ ਹੋਵੇ। ਪੰਜਾਬ ਵਿੱਚ ਬਹੁਤ ਸਾਰਿਆਂ ਨੇ ਬਿਹਾਰੀ ਨੌਕਰ ਰੱਖ ਲਏ ਤੇ ਆਪ ਖੁਦ ਕੰਮ ਕਰਨ ਦੀ ਬਜਾਏ, ਸ਼ਰਾਬ ਦੇ ਨਸ਼ਿਆਂ ਵਿੱਚ ਡੁੱਬਣਾਂ ਸ਼ੁਰੂ ਕਰ ਦਿਤਾ। ਕਈ ਵਾਰੀ ਤਾਂ ਅਜੇਹਾ ਹੁੰਦਾ ਹੈ, ਕਿ ਮਾਰਕੀਟ ਵਿੱਚ ਬਹੁਤ ਫਸਲ ਆ ਗਈ, ਭਾਅ ਘਟ ਗਏ ਤੇ ਬੁਰੀ ਤਰ੍ਹਾਂ ਘਾਟਾ ਪੈ ਗਿਆ। ਸਾਡਾ ਕੋਈ ਸਾਂਝਾ ਜਾਣਕਾਰੀ ਦੇਣ ਵਾਲਾ ਸਿਸਟਮ ਨਹੀਂ ਹੈ, ਕਿ ਸਾਨੂੰ ਪਤਾ ਲਗ ਸਕੇ ਕਿ ਕਿਹੜੀ ਫਸਲ ਕਿੰਨੀ ਮਾਤਰਾ ਵਿੱਚ ਬੀਜਣੀ ਹੈ, ਤਾਂ ਜੋ ਮੰਡੀ ਵਿੱਚ ਵਾਜਬ ਕੀਮਤ ਮਿਲ ਸਕੇ।

ਬਹੁਤ ਸਾਰੇ ਸਿੱਖ ਟੈਕਸੀ ਚਲਾਉਣ ਦਾ ਧੰਦਾ ਵੀ ਕਰਦੇ ਹਨ। ਜਿਆਦਾਤਰ ਸਿੱਖ ਇਮਾਨਦਾਰੀ ਦਾ ਧੰਦਾ ਕਰਦੇ ਹਨ ਤੇ ਉਹ ਸੁਖੀ ਵੀ ਰਹਿੰਦੇ ਹਨ। ਪਰੰਤੂ ਵੇਖਣ ਵਿੱਚ ਆਇਆ ਹੈ, ਕਿ ਕੁੱਝ ਕੁ ਲੋਕ ਮੀਟਰ ਵਿੱਚ ਹੇਰਾਫੇਰੀ ਕਰਕੇ ਸਿੱਖੀ ਸਰੂਪ ਨੂੰ ਬਦਨਾਮ ਵੀ ਕਰਦੇ ਹਨ। ਬਹੁਤ ਸਾਰੇ ਸਿੱਖ ਟਰੱਕ ਚਲਾਉਣ ਦਾ ਧੰਦਾ ਵੀ ਕਰਦੇ ਹਨ। ਉਹ ਅਕਸਰ ਪਰਿਵਾਰ ਤੋਂ ਕਈ ਕਈ ਦਿਨ ਦੂਰ ਰਹਿੰਦੇ ਹਨ। ਕਈਆਂ ਨੂੰ ਨਸ਼ੇ ਤੇ ਗਲਤ ਆਦਤਾਂ ਕਰਕੇ ਕਈ ਖ਼ਤਰਨਾਕ ਬੀਮਾਰੀਆ ਵੀ ਲਗ ਜਾਂਦੀਆਂ ਹਨ। ਜਿਆਦਾ ਤਰ ਲੋਕ ਆਈ ਚਲਾਈ ਵਾਲਾ ਕੰਮ ਹੀ ਕਰਦੇ ਹਨ। ਕਈ ਅਜੇਹੇ ਵੀ ਹਨ, ਜਿਨ੍ਹਾਂ ਨੇ ਨਾਲ ਨਾਲ ਹੋਰ ਕਾਰੋਬਾਰ ਆਰੰਭ ਕਰਕੇ ਜੀਵਨ ਵਿੱਚ ਸਫਲਤਾ ਵੀ ਪ੍ਰਾਪਤ ਕਰ ਲਈ ਹੈ।

ਕਈਆਂ ਤੇ ਆਪਣੇ ਸਕੂਲਾਂ ਜਾਂ ਕਾਲਜ਼ ਖੋਲ ਲਏ ਹਨ ਤੇ ਇਸ ਨੂੰ ਹੀ ਕਿੱਤੇ ਦੇ ਤੌਰ ਤੇ ਅਪਨਾ ਲਿਆ ਹੈ। ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦਾ ਵੀ ਬੁਰਾ ਹਾਲ ਹੈ, ਤੇ ਵਾਪਾਰ ਦੀ ਮੰਡੀ ਬਣ ਗਏ ਹਨ। ਵਿਰਲੇ ਹੀ ਹਨ ਜੋ ਕਿ ਬੱਚਿਆਂ ਦੀ ਸਫਲਤਾ ਵੱਲ ਧਿਆਨ ਦਿੰਦੇ ਹਨ। ਜਿਆਦਾ ਤਰ ਬੱਚਿਆਂ ਦਾ ਵਿਦਿਅਕ ਦਰਜਾ ਬਹੁਤ ਘਟ ਹੈ।

ਮਾਇਆ ਦੀ ਖਿਚ ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ। ਮਨਮੁਖ ਇਸ ‘ਮਮਤਾ ਮੋਹਣੀ’ ਵਿੱਚ ਫਸ ਜਾਂਦੇ ਹਨ, ਤੇ ਹੇਰਾ ਫੇਰੀ ਤੇ ਵਿਕਾਰੀ ਜੀਵਨ ਬਤੀਤ ਕਰਨ ਲਗ ਪੈਂਦੇ ਹਨ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮੁ ਨਾਲ ਚਿੱਤ ਜੋੜਿਆ ਹੈ, ਉਹ ਨੇਕ ਕਮਾਈ ਕਰਕੇ ਤਰੱਕੀ ਕਰ ਲੈਦੇ ਹਨ ਤੇ ਵਿਕਾਰੀ ਜੀਵਨ ਤੋਂ ਬਚ ਜਾਂਦੇ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸਣ ਲਗ ਪੈਂਦਾ ਹੈ ਕਿ ਸੰਸਾਰ ਨਾਮੁ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜੀਏ ਕਰਦਿਆਂ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਸਲੋਕੁ ਮਃ ੩॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥ (੬੪੩-੬੪੪)

ਇਸ ਲਈ ਜੇਕਰ ਆਪਣੀ ਕਿਰਤ ਵਿੱਚ ਸਫਲ ਹੋਣਾਂ ਚਾਹੁੰਦੇ ਹਾਂ ਤਾਂ ਮਾਇਆ ਦਾ ਮੋਹ ਤਿਆਗ ਕੇ ਧਰਮ ਦੀ ਕਮਾਈ ਕਰਨ ਵਾਲੀ ਨੀਤੀ ਅਪਨਾਉਣੀ ਪਵੇਗੀ।

ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ॥ (੬-੧੨) (ਭਾਈ ਗੁਰਦਾਸ ਜੀ)

ਸਰਕਾਰ ਨੇ ਆਜ਼ਾਦੀ ਤੋਂ ਬਾਅਦ ਗਰੀਨ ਰੈਵੋਲੂਸ਼ਨ ਲਿਆਉਣ ਲਈ ਕਈ ਉਪਰਾਲੇ ਕੀਤੇ, ਖਾਦਾਂ, ਕੀਟਨਾਸ਼ਕ ਦਵਾਈਆਂ, ਤੇ ਖੇਤੀ ਲਈ ਔਜ਼ਾਰਾਂ ਨੂੰ ਸਸਤੇ ਭਾਅ ਤੇ ਉਪਲਭਦ ਕਰਵਾਇਆ। ਲੋੜ ਅਨੁਸਾਰ ਕਿਸਾਨਾ ਨੂੰ ਨਵੀਂ ਤਕਨੀਕ ਅਪਨਾਉਣ ਲਈ ਕਰਜ਼ੇ ਵੀ ਦਿੱਤੇ, ਜਿਸ ਸਦਕਾ ਦੇਸ ਅਨਾਜ ਦੇ ਮਸਲੇ ਵਿੱਚ ਆਤਮ ਨਿਰਭਰ ਹੋ ਗਿਆ। ਇਹ ਸਹਾਇਤਾ ਬਾਅਦ ਵਿੱਚ ਬੰਦ ਹੋ ਗਈ, ਜਿਸ ਕਰਕੇ ਹੋਰ ਵਾਧਾ ਰੁਕ ਗਿਆ ਤੇ ਉਲਟਾ ਨਿਵਾਣ ਵੱਲ ਆਉਂਣਾਂ ਸ਼ੁਰੂ ਹੋ ਗਿਆ।

ਪੰਜਾਬ ਵਿੱਚ ਕੋਈ ਵੱਡੀ ਇਨਡਸਟਰੀ ਨਹੀਂ ਲਗਾਈ ਗਈ, ਜਿਸ ਕਰਕੇ ਬੇਰੁਜਗਾਰੀ ਵਿੱਚ ਵਾਧਾ ਹੋ ਗਿਆ। ਸਿੱਖਾਂ ਨੇ ਚੰਗੇ ਕਾਰੋਬਾਰ ਜਾਂ ਚੰਗੀਆਂ ਨੌਕਰੀਆਂ ਲਈ ਪੰਜਾਬ ਤੋਂ ਬਾਹਰ ਜਾਂ ਹੋਰ ਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿਤਾ। ਸਰਕਾਰ ਨੇ ੧੯੭੨ ਵਿੱਚ ਕਾਨੂੰਨ ਬਣਾ ਕੇ ਜਮੀਨ ਦੀ ਸੀਮਾ ੭ ਏਕੜ ਤਕ ਕਰ ਦਿਤੀ, ਜਮੀਨਾਂ ਵੰਡੀਆਂ ਗਈਆਂ। ਦੂਸਰੀਆਂ ਸਟੇਟਾ ਨੂੰ ਪਾਣੀ ਵੰਡਣ ਨਾਲ, ਪੰਜਾਬ ਵਿੱਚ ਪਾਣੀ ਤੇ ਬਿਜਲੀ ਦੀ ਕਿਲਤ ਆ ਗਈ, ਜਿਸ ਕਰਕੇ ਬਹੁਤ ਸਾਰਿਆਂ ਨੂੰ ਖੇਤੀਬਾੜੀ ਦਾ ਕਾਰੋਬਾਰ ਛੱਡ ਕੇ ਹੋਰ ਰੁਜ਼ਗਾਰ ਲੱਭਣ ਲਈ ਜਾਣਾ ਪਿਆ।

ਆਮ ਸੋਚ ਤੇ ਅਨੁਸਾਰ ਸਿੱਖਾਂ ਕੋਲ ਕੰਮ ਕਾਜ ਵੀ ਹੈ ਤੇ ਸਿੱਖ ਕੋਈ ਮੰਗਤਾ ਵੀ ਦਿਖਾਈ ਨਹੀਂ ਦਿੰਦਾਂ ਹੈ, ਕੋਈ ਨਾ ਕੋਈ ਕਾਰੋਬਾਰ ਜਰੂਰ ਕਰਦਾ ਹੈ। ਗੁਰੂ ਸਾਹਿਬ ਦਾ ਸਿੱਖ ਨੂੰ ਇੱਕ ਸਫਲ ਮਨੁੱਖ ਬਣਾਉਣ ਦਾ ਮੰਤਵ ਸੀ, ਤਾਂ ਜੋ ਉਨ੍ਹਾਂ ਕੋਲੋ ਦੂਸਰਿਆਂ ਲੋਕਾਂ ਨੂੰ ਪ੍ਰੇਰਨਾ ਮਿਲ ਸਕੇ, ਸਿੱਖ ਹੋਰਨਾਂ ਲੋਕਾਂ ਦੀ ਅਗਵਾਈ ਕਰ ਸਕਣ, ਸਿੱਖ ਮਨੁੱਖਤਾ ਲਈ ਸਹਾਰਾ ਬਣ ਸਕਣ। ਦੁਨਿਆਵੀ ਸੋਚ ਅਨੁਸਾਰ ਸਿੱਖ ਆਪਣੇ ਕਿਤਿਆਂ ਵਿੱਚ ਠੀਕ ਲਗਦੇ ਹਨ, ਪਰ ਜਦੋਂ ਗੁਰਮਤਿ ਦੀ ਕਸਵੱਟੀ ਤੇ ਪਰਖਦੇ ਹਾਂ ਤਾਂ ਸਿੱਖ ਅਜੇ ਬਹੁਤ ਪਿਛੇ ਹਨ। ਕਈਆਂ ਨੇ ਮਾਇਕ ਤਰੱਕੀ ਤਾਂ ਬਹੁਤ ਕਰ ਲਈ ਹੈ, ਪਰੰਤੂ ਗੁਰਮਤਿ ਦੇ ਸਿਧਾਂਤਾਂ ਤੋਂ ਅਣਜਾਣ ਤੇ ਬਹੁਤ ਦੂਰ ਹੋ ਗਏ ਹਨ। ਜਿਸ ਕਰਕੇ ਭਟਕ ਰਹੇ ਹਨ, ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ, ਪਰਿਵਾਰ ਟੁਟ ਰਹੇ ਹਨ, ਆਦਿ

ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ॥ ੪॥ (੧੩੩੪)

ਸਰਕਾਰੀ ਕਰਮਚਾਰੀ

ਸਿੱਖ ਮਾਤਾ ਪਿਤਾ ਆਪਣੇ ਬੱਚਿਆਂ ਦੀ ਦੁਨਿਆਵੀ ਪੜ੍ਹਾਈ ਲਈ ਪੂਰਾ ਜੋਰ ਲਾਉਂਦੇ ਹਨ ਤੇ ਮਾਇਆ ਵੱਲੋਂ ਕੋਈ ਕਸਰ ਨਹੀਂ ਛਡਦੇ ਹਨ, ਪਰ ਜ਼ਿਆਦਾ ਪੈਸੇ ਦੇ ਕੇ ਕਈ ਵਾਰੀ ਬੱਚਿਆਂ ਨੂੰ ਵਿਗਾੜਦੇ ਵੀ ਲੈਂਦੇ ਹਨ। ਸਿੱਖ ਬੱਚੇ ਮੋਟਰਸਾਈਕਲਾਂ ਤੇ ਅਵਾਰਾ ਗਰਦੀ ਕਰਦੇ ਅਕਸਰ ਵੇਖੇ ਜਾਂਦੇ ਹਨ। ਇਨ੍ਹਾਂ ਆਦਤਾਂ ਕਰਕੇ ਬੱਚਿਆਂ ਦੀ ਰੁਚੀ ਹਿੰਮਤ ਵਾਲੇ ਕੰਮਾਂ ਵਿੱਚ ਘਟ ਤੇ ਸੌਖੀਆਂ ਸਰਕਾਰੀ ਨੌਕਰੀਆਂ ਲਈ ਜਿਆਦਾ ਹੋ ਗਈ ਹੈ। ਜ਼ਮੀਨਾਂ ਦੀ ਵੰਡ ਕਰਕੇ ਸਾਰੇ ਖੇਤੀ ਬਾੜੀ ਨਹੀਂ ਕਰ ਸਕਦੇ ਹਨ। ਉਹ ਵੀ ਹੁਣ ਜ਼ਿਆਦਾ ਤਰ ਬਿਹਾਰ ਜਾਂ ਯੂ: ਪੀ: ਦੇ ਭਈਆਂ ਦੇ ਹੱਥ ਵਿੱਚ ਹੈ। ਜਿਸ ਕਰਕੇ ਹੋਰ ਨੌਕਰੀਆਂ ਦਾ ਸਹਾਰਾ ਲੈਣਾਂ ਪੈਂਦਾ ਹੈ। ਪੰਜਾਬ ਵਿੱਚ ਜ਼ਿਆਦਾ ਵੱਡੀਆਂ ਫੈਕਟਰੀਆਂ ਵੀ ਨਹੀਂ ਹਨ, ਜਿਨ੍ਹਾਂ ਨਾਲ ਰੁਜਗਾਰ ਮਿਲ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਾ ਸਹਾਰਾ ਲੈਂਣਾਂ ਪੈਂਦਾ ਹੈ। ਜ਼ਿਆਦਾ ਤਰ ਸਰਕਾਰੀ ਕਰਮਚਾਰੀ ਸਫ਼ਾਰਸ਼ ਤੇ ਰਿਸ਼ਵਤ ਨਾਲ ਹੀ ਲੱਗਦੇ ਹਨ। ਰਾਜਨੀਤਕਾਂ ਤਕ ਪਹੁੱਚ ਕਰਕੇ, ਕਈ ਆਪਣੇ ਕੰਮ ਵੱਲ ਠੀਕ ਤਵੱਜੋ ਵੀ ਨਹੀਂ ਦਿੰਦੇ ਹਨ। ਪੰਜਾਬ ਦੇ ਲੋਕਾਂ ਦੇ ਮਿਹਨਤੀ ਹੋਣ ਦੇ ਬਾਵਜ਼ੂਦ ਵੀ, ਪੰਜਾਬ ਦੀ ਆਰਥਕ ਹਾਲਤ ਬਹੁਤ ਹੀ ਮਾੜੀ ਹੈ। ਸਰਕਾਰ ਦਾ ਖ਼ਜਾਨਾ ਖਾਲੀ ਹੈ, ਇਸ ਲਈ ਉਹ ਲੋਕਾਂ ਨੂੰ ਹੋਰ ਨੌਕਰੀਆ ਨਹੀਂ ਦੇ ਸਕਦੇ ਹਨ।

ਵਿਰਲੇ ਹੀ ਸਰਕਾਰੀ ਕਰਮਚਾਰੀ ਮਿਲਣਗੇ ਜੋ ਇਮਾਨਦਾਰ ਹਨ ਤੇ ਉਨ੍ਹਾਂ ਦੀ ਆਪਸ ਵਿੱਚ ਬਣਦੀ ਹੈ। ਕਾਲਜਾਂ ਤੇ ਯੂਨੀਵਰਸਟੀਆਂ ਦਾ ਵੀ ਬੁਰਾ ਹਾਲ ਹੈ। ਜੇ ਕੋਈ ਬਾਹਰਲਾ ਸੱਜਣ, ਕਾਲਜ ਦੀ ਮਦਦ ਵੀ ਕਰਨਾ ਚਾਹੁੰਦਾਂ ਹੈ, ਤਾਂ ਪ੍ਰੋਫੈਸਰਾਂ ਦੀ ਆਪਸੀ ਅਣਬਣ ਜਾਂ ਰਵੱਈਏ ਕਰਕੇ ਕਈ ਵਾਰੀ ਕੁੱਝ ਨਹੀਂ ਕਰ ਸਕਦਾ ਹੈ। ਇਹ ਸਭ ਕੁੱਝ ਇਸ ਲਈ ਹੋ ਰਿਹਾ ਹੈ ਕਿ ਅਧਿਆਪਕਾਂ ਜਾਂ ਪ੍ਰੋਫੈਸਰਾਂ ਨੂੰ ਦੁਨਿਆਵੀ ਗਿਆਨ ਤਾਂ ਹੈ ਪਰ ਆਤਮਿਕ ਗਿਆਨ ਨਹੀਂ। ਜੇਕਰ ਅੰਦਰ ਆਤਮਿਕ ਗਿਆਨ ਨਹੀਂ ਹੈ ਤਾਂ ਇਕੱਲਾ ਪੜ੍ਹਨ ਨਾਲ ਲੋਭ ਤੇ ਹੰਕਾਰ ਹੀ ਵਧਦਾ ਹੈ।

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥ (੧੪੦)

ਹੋਰਨਾਂ ਕੌਮਾਂ ਵਾਲੇ ਤਾਂ ਆਪਣਿਆ ਦੀ ਤਰੱਕੀ ਲਈ ਮਦਦ ਕਰਦੇ ਹਨ। ਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪੰਜਾਬੀ ਆਪਣੇ ਸਾਥੀ ਨੂੰ ਉਪਰ ਚੁਕਣ ਦੀ ਬਜਾਏ ਥੱਲੇ ਹੀ ਡੇਗਦੇ ਹਨ। ਸਿੱਖਾਂ ਨਾਲ ਵੈਸੇ ਵੀ ਕਈ ਥਾਂਵਾਂ ਤੇ ਵਿਤਕਰਾ ਕੀਤਾ ਜਾਂਦਾ ਹੈ। ਜਿਸ ਕਰਕੇ ਸਿੱਖ ਨੂੰ ਉੱਪਰ ਆਉਣ ਲਈ ਹੋਰ ਲੋਕਾਂ ਨਾਲੋਂ ਬਹੁਤ ਜਿਆਦਾ ਜੱਦੋ ਜਹਿਦ ਕਰਨੀ ਪੈਂਦੀ ਹੈ। ਸਰਕਾਰੀ ਦਫਤਰਾਂ ਵਿੱਚ ਰਾਜਨੀਤਕ ਲੀਡਰਾਂ ਨੂੰ ਸੱਚ ਤੇ ਚੱਲਣ ਵਾਲੇ ਪਸੰਦ ਨਹੀਂ ਆਉਂਦੇ, ਕਿਉਕਿ ਉਨ੍ਹਾਂ ਨੇ ਗਲਤ ਕੰਮ ਕਰਵਾਉਂਣੇ ਹੁੰਦੇ ਹਨ। ਜਿਸ ਸਦਕਾਂ ਗੁਰਸਿੱਖਾਂ ਦੀ ਤਰੱਕੀ ਵਿੱਚ ਹੋਰ ਰੁਕਾਵਟਾਂ ਪਾਈਆਂ ਜਾਂਦੀਆਂ ਹਨ।

ਕਈ ਸਿੱਖੀ ਲਿਬਾਸ ਵਿੱਚ ਉੱਚੀਆਂ ਪਦਵੀਆਂ ਤੇ ਵੇਖੇ ਜਾਂ ਸਕਦੇ ਹਨ। ਅਜੇਹੇ ਲੋਕ ਬਾਹਰੋ ਤਾਂ ਸਿੱਖ ਦਿਖਾਈ ਦਿੰਦੇ ਹਨ, ਪਰ ਅੰਦਰੋ ਖੋਖਲੇ ਹੀ ਹੁੰਦੇ ਹਨ। ਕੋਈ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੁੰਦੀ ਹੈ ਤੇ ਅਣਖ ਵਾਲਾ ਜੀਵਨ, ਸੱਚ ਦੇ ਆਧਾਰ ਤੇ ਜੀਵਨ ਬਤੀਤ ਕਰਦੇ ਹਨ। ਪਹਿਲਾਂ ਫੌਜ਼ ਵਿੱਚ ਅਣਖ ਵਾਲਾ ਜੀਵਨ ਜਿਉਣ ਵਾਲਿਆਂ ਦੀ ਗਿਣਤੀ ਕਾਫੀ ਹੁੰਦੀ ਸੀ, ਪਰ ਹੁਣ ਗਿਣਤੀ ਬਹੁਤ ਘਟ ਗਈ ਹੈ, ਬਹੁਤ ਸਾਰੇ ਤਾਂ ਸਿੱਖੀ ਸਰੂਪ ਵਿੱਚ ਵੀ ਨਹੀਂ ਹੁੰਦੇ ਹਨ। ਕੋਈ ਵਿਰਲਾ ਹੀ ਫਿਲਮੀ ਐਕਟਰ ਜਾਂ ਗਾਇਕ ਮਿਲੇਗਾ, ਜਿਹੜਾ ਕਿ ਪੂਰਨ ਤੌਰ ਤੇ ਸਿੱਖੀ ਸਰੂਪ ਵਿੱਚ ਹੋਵੇਗਾ। ਜਿਆਦਾ ਤਰ ਪੰਜਾਬੀ ਫਿਲਮਾਂ ਵਿੱਚ ਵੀ ਸਿੱਖੀ ਸਰੂਪ ਤੇ ਸਿੱਖੀ ਅਸੂਲਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ।

ਅੰਗਰੇਜ਼ਾਂ ਦੇ ਰਾਜ ਸਮੇਂ ਸਰਕਾਰੀ ਨੌਕਰੀਆਂ ਵਿੱਚ ਬਰਾਹਮਣਾ ਦੀ ਗਿਣਤੀ ੩% ਸੀ, ਜੋ ਕਿ ਹੁਣ ੭੦% ਹੋ ਗਈ ਹੈ। ਇਸ ਦੇ ਉਲਟ ਦੂਸਰੀਆਂ ਕੌਮਾਂ ਦੀ ਗਿਣਤੀ ਸਰਕਾਰੀ ਨੌਕਰੀਆਂ ਵਿੱਚ ਬਹੁਤ ਘਟ ਗਈ ਹੈ। ਸਿੱਖਾਂ ਦੀ ਫੌਜ ਵਿੱਚ ਗਿਣਤੀ ੧੬% ਤੋਂ ਘਟ ਕੇ ਸਿਰਫ ੨% ਰਹਿ ਗਈ ਹੈ। ਯੋਗਤਾ ਹੋਣ ਦੇ ਬਾਵਜੂਦ, ਉਚੀਆਂ ਪਦਵੀਆਂ ਤੇ ਸਿੱਖਾਂ ਦੀ ਗਿਣਤੀ ਘਟ ਹੈ।

ਸਰਕਾਰੀ ਨੌਕਰੀਆਂ ਵਿੱਚ ਵਾਧਾ ਕਰਨ ਲਈ ਸਿੱਖਾਂ ਨੂੰ ਆਪਣਾ ਵਿਦਿਅਕ ਪੱਧਰ ਉੱਚਾ ਕਰਨਾ ਪਵੇਗਾ। ਬੱਚਿਆਂ ਨੂੰ ਨਕਲ ਮਾਰ ਕੇ ਪਾਸ ਕਰਵਾਉਂਣ ਦੀ ਬਜਾਏ, ਮਾਤਾ ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦੇਣਾ ਪਵੇਗਾ। ਵਿਆਹਾਂ ਅਤੇ ਨਾਚ ਗਾਣਿਆਂ ਤੇ ਫਜੂਲ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਬੱਚਿਆਂ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਅਧੁਨਿਕ ਤਕਨੀਕਾਂ ਨਾਲ ਬੱਚਿਆਂ ਦੀ ਸਿਖਲਾਈ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਥਾਂ ਥਾਂ ਤੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਉਣੀਆਂ ਚਾਹੀਦੀਆਂ ਹਨ, Personality Development ਦੇ ਕੋਰਸ ਕਰਵਾਉਂਣੇ ਚਾਹੀਦੇ ਹਨ, ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ Vocational Guidance ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਬੁਲਾ ਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਸੀ ਸਾਂਝ ਤੇ ਸਹਾਇਤਾ ਦੋਵੇ ਹੀ ਹੋ ਸਕਣਗੇ।

 

ਨਿਜੀ ਕਰਮਚਾਰੀ

ਸਿੱਖ ਮਿਹਨਤੀ ਤੇ ਇਮਾਨਦਾਰ ਹੁੰਦੇ ਹਨ, ਜਿਸ ਕਰਕੇ ਪ੍ਰਾਈਵੇਟ ਕੰਪਨੀਆਂ ਅਕਸਰ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦੀਆਂ ਹਨ। ਪ੍ਰਾਈਵੇਟ ਕੰਪਨੀਆਂ ਨੂੰ ਆਪਣਾ ਧੰਦਾ ਚਾਹੀਦਾ ਹੈ, ਇਸ ਲਈ ਉਹ ਸਿੱਖਾਂ ਦੀ ਕਦਰ ਕਰਦੇ ਹਨ। ਗੈਰਸਿੱਖਾਂ ਦੀਆਂ ਕੰਪਨੀਆਂ ਵਿੱਚ ਤਾਂ ਸਿੱਖ ਦਿਖਾਈ ਦਿੰਦੇ ਹਨ, ਪਰ ਸਿੱਖਾਂ ਦੀਆਂ ਕੰਪਨੀਆਂ ਵਿੱਚ ਬਹੁਤ ਘੱਟ ਸਿੱਖ ਦਿਖਾਈ ਦਿੰਦੇ ਹਨ। ਜਿਸ ਦਾ ਕਾਰਨ ਹਉਮੈ, ਲਾਲਚ, ਬੇਸਬਰੀ, ਅਸਹਿਣਸ਼ੀਲਤਾ ਅਤੇ ਆਪਸੀ ਬੇਇਤਬਾਰੀ ਹਨ। ਅੱਜਕਲ ਸਾਡਾ ਇਹ ਹਾਲ ਹੈ ਕਿ ਨਾ ਤਾਂ ਅਸੀਂ ਦੂਸਰੇ ਨੂੰ ਸੁਣਨ ਲਈ ਤਿਆਰ ਹਾਂ ਤੇ ਨਾ ਹੀ ਗੁਰਬਾਣੀ ਅਨੁਸਾਰ ਚਲਣ ਲਈ ਤਿਆਰ ਹਾਂ। ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਹੰਕਾਰ ਦੀਆਂ ਗੱਲਾਂ ਵੀ ਕਰੀ ਜਾਏ, ਵਾਦ ਵਿਵਾਦ ਵੀ ਕਰੀ ਜਾਏ, ਤੇ ਹੋਰ ਬਹੁਤੀਆਂ ਗੱਲਾਂ ਵੀ ਕਰੀ ਜਾਏ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ ਹੈ। ਮਨੁੱਖ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁੱਝ ਆਦਰ ਮਿਲ ਸਕਦਾ ਹੈ ਤੇ ਕਬੂਲ ਹੋ ਸਕਦਾ ਹੈ।

ਸਲੋਕੁ ਮਹਲਾ ੨॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ॥ ੧॥ (੪੭੪)

ਦੁਨਿਆਵੀ ਮਾਲਕ ਦੇ ਨਾਲ ਨਾਲ ਉਸ ਅਸਲੀ ਮਾਲਕ ਦੇ ਅਨੁਸਾਰ ਵੀ ਚਲਣਾ ਹੈ। ਅਕਾਲ ਪੁਰਖੁ ਤੇ ਉਸ ਦੀ ਖਲਕਤ ਨਾਲ ਸਾਂਝ ਪੈਦਾ ਕਰਨੀ ਹੈ। ਆਪਸੀ ਸਾਂਝ ਤਾਂ ਹੀ ਹੋ ਸਕਦੀ ਹੈ ਜੇਕਰ ਵਿਚਾਰ ਧਾਰਾ ਇੱਕ ਹੋਵੇ। ਇੱਕ ਵਿਚਾਰ ਧਾਰਾ ਤਾਂ ਹੀ ਹੋ ਸਕਦੀ ਹੈ, ਜੇਕਰ ਸਾਰੇ ਜਾਣੇ ਗੁਰਮਤਿ ਨੂੰ ਅਪਨਾ ਲੈਣ। ਪਰੰਤੂ ਅਸੀਂ ਵਿਖਾਵੇ ਦੇ ਸਿੱਖ ਹੀ ਰਹਿ ਗਏ ਹਾਂ ਗੁਰੂ ਦੇ ਸਿੱਖ ਨਹੀਂ।

ਸੂਹੀ ਮਹਲਾ ੫॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥ ੧॥ ਰਹਾਉ॥ (੭੪੭, ੭੪੮)

ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿੱਚ ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ, ਤਿਵੇਂ ਇਹ ਜਗਤ ਦੀ ਕਾਰ ਹੈ। ਜਿਹੜੇ ਆਦਮੀ ਮੌਤ ਨੂੰ ਭੁਲਾ ਕੇ ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ। ਗੁਰੂ ਸਾਹਿਬ ਤਾਂ ਬਾਰ ਬਾਰ ਸੁਚੇਤ ਕਰਦੇ ਹਨ, ਕਿ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਜੀਵੋ ! ਹੋਸ਼ ਕਰੋ! ਹੋਸ਼ ਕਰੋ! ਤੁਹਾਡੇ ਸਾਹਮਣੇ ਤੁਹਾਡਾ ਸਾਥੀ, ਜੀਵ-ਵਣਜਾਰਾ ਦੁਨੀਆ ਤੋਂ ਸਦਾ ਲਈ ਜਾ ਰਿਹਾ ਹੈ, ਇਸੇ ਤਰ੍ਹਾਂ ਇੱਕ ਦਿਨ ਤੁਹਾਡੀ ਵਾਰੀ ਵੀ ਆਵੇਗੀ। ਇਸ ਲਈ ਅਕਾਲ ਪੁਰਖੁ ਨੂੰ ਹਮੇਸ਼ਾਂ, ਗੁਰਮਤਿ ਦੁਆਰਾ ਹਿਰਦੇ ਵਿੱਚ ਵਸਾ ਕੇ ਰੱਖੋ।

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ॥ ੧॥ ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ॥ ੧॥ ਰਹਾਉ॥ (੪੧੮)

ਪੁਰਾਨੇ ਸਮਿਆਂ ਵਿੱਚ ਅਕਾਲ ਪੁਰਖੁ ਦਾ ਦਰਸ਼ਨ ਕਰਨ ਵਾਸਤੇ, ਰਾਜ ਮਿਲਖ ਦੇ ਮਾਲਿਕ ਆਪਣੇ ਮਹਲ ਮਾੜੀਆਂ ਛੱਡ ਕੇ, ਲੋਕ ਆਪਣੇ ਘਰ ਬਾਰ, ਹਾਥੀ ਘੋੜੇ ਤੇ ਆਪਣੇ ਦੇਸ ਵਤਨ ਛੱਡ ਕੇ, ਜੰਗਲਾ ਵਿੱਚ ਚਲੇ ਜਾਂਦੇ ਸਨ। ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ।

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ॥ ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ॥ ੨॥ (੩੫੮)

ਪਰੰਤੂ ਅੱਜਕਲ ਲੋਕ ਮਾਇਆ ਦੀ ਖਾਤਰ, ਜਮੀਨਾਂ ਵੇਚ ਕੇ ਤੇ ਘਰਬਾਰ ਛੱਡ ਕੇ, ਵਿਦੇਸ਼ਾਂ ਨੂੰ ਜਾ ਰਹੇ ਹਨ। ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਕੋਈ ਨੌਕਰੀਆਂ ਨਹੀਂ ਹਨ। ਜਿਸ ਕਰਕੇ ਮਜਬੂਰਨ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਹੈ। ਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਆਰਥਕ ਤੇ ਸਮਾਜਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਗਲ ਨਹੀਂ ਕਰ ਸਕਦੇ ਹਨ। ਸਮਾਜਕ ਤੇ ਆਰਥਕ ਪ੍ਰੇਸ਼ਾਨੀਆਂ ਕਰਕੇ ਕਈ ਆਪਣੇ ਕਕਾਰ ਵੀ ਤਿਆਗ ਦਿੰਦੇ ਹਨ। ਕਈਆਂ ਨੂੰ ਘੱਟ ਕਾਬਲੀਅਤ ਕਰਕੇ ਚੰਗੇ ਕੰਮ ਨਹੀਂ ਮਿਲਦੇ ਹਨ। ਸਿੱਖ ਸੰਸਥਾਵਾਂ ਵੀ ਬਹੁਤ ਘਟ ਹਨ, ਜੋ ਕਿ ਇਸ ਮੁਸ਼ਕਲ ਨੂੰ ਹਲ ਕਰਨ ਵਿੱਚ ਸਹਾਈ ਹੋ ਸਕਣ।

ਘਰੇਲੂ ਝਗੜੇ, ਸ਼ਰਾਬ ਤੇ ਨਸ਼ੇ, ਬਜੁਰਗਾਂ ਦੀਆਂ ਮੁਸ਼ਕਲਾਂ, ਔਰਤਾਂ ਤੇ ਜੁਲਮ, ਬੱਚਿਆਂ ਨਾਲ ਝਗੜੇ, ਨਸਲ ਭੇਦ ਭਾਵ ਤੇ ਜ਼ੁਲਮ, ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਦਿੰਦੇ ਹਨ, ਜਿਸ ਕਰਕੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਅਨਪੜ੍ਹ, ਗੰਦੇ ਤੇ ਮੁਜ਼ਰਮ ਸਮਝਿਆ ਜਾਂਦਾ ਹੈ। ਭਾਵੇਂ ਦੂਸਰੀਆਂ ਕੌਮਾਂ (ਯਹੂਦੀਆਂ) ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਆਪਸੀ ਸਹਾਇਤਾ ਲਈ ਸੰਸਥਾਵਾਂ ਕਾਇਮ ਕੀਤੀਆ ਹਨ। ਸਿੱਖਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਕੋਈ ਸੰਸਥਾ ਨਹੀਂ ਹੈ। ਅਮੀਰ ਸਿੱਖ ਦੂਜੇ ਸਿੱਖਾਂ ਦੀ ਸਹਾਇਤਾ ਨਹੀਂ ਕਰਦਾ ਹੈ, ਬਲਕਿ ਉਲਟਾ ਹੰਕਾਰ ਵਿੱਚ ਆ ਕੇ ਸਿੱਖੀ ਤੋਂ ਦੂਰ ਹੋ ਜਾਂਦਾ ਹੈ।

ਕਿੱਤਾ ਕਰਨ ਵਾਲੇ ਲਈ ਜਰੂਰੀ ਹੋ ਜਾਂਦਾ ਹੈ, ਕਿ ਉਹ ਕਿੱਤੇ ਵਿੱਚ ਨਿਪੁੰਨ ਹੋਵੇ। ਜਿਸ ਮਾਲਕ ਦੇ ਹੇਠ ਕੰਮ ਕਰ ਰਿਹਾ ਹੈ, ਉਸ ਦੇ ਦੱਸੇ ਅਨੁਸਾਰ ਕਰੇ। ਸਾਡਾ ਅਸਲੀ ਮਾਲਕ ਤਾਂ ਜੁਗੋ ਜੁਗ ਅਟੱਲ ਗੁਰੁ ਗਰੰਥ ਸਾਹਿਬ ਹੈ। ਅਸੀਂ ਸਿਰਫ ਰਵਾਇਤਾਂ ਹੀ ਪੂਰੀਆਂ ਕਰਦੇ ਹਾਂ, ਪਰ ਗੁਰਬਾਣੀ ਅਨੁਸਾਰ ਜੀਵਨ ਨਹੀਂ ਜਿਉਦੇ ਹਾਂ। ਜੇਕਰ ਅਸੀਂ ਗੁਰਬਾਣੀ ਅਨੁਸਾਰ ਇੱਕ ਵਿਚਾਰਧਾਰਾ ਬਣਾ ਲਈਏ, ਤਾਂ ਅਪਸੀ ਸਾਂਝ ਨਾਲ, ਅਸੀਂ ਸਭ ਕੁੱਝ ਕਰ ਸਕਦੇ ਹਾਂ, ਫਿਰ ਵਿਦੇਸ਼ਾਂ ਨੂੰ ਦੌੜਨਾਂ ਨਹੀਂ ਪਵੇਗਾ।

ਕਈ ਵਾਰੀ ਵੇਖਣ ਵਿੱਚ ਆਉਂਦਾ ਹੈ, ਕਿ ਕੋਈ ਵਿਦਵਾਨ ਨੇਕ ਸਲਾਹ ਦਿੰਦਾ ਹੈ ਜਾਂ ਲੋਕਾਂ ਦੀ ਸਹਾਇਤਾ ਲਈ ਕੁੱਝ ਕਰਨਾ ਚਾਹੁੰਦਾ ਹੈ, ਪਰ ਅਫਸੋਸ ਕਿ ਲੋਕ ਜਾਂ ਪ੍ਰਬੰਧਕ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੁੰਦੇ। ਇਸ ਦਾ ਕਾਰਨ ਵੀ ਲੋਕਾਂ ਜਾਂ ਪ੍ਰਬੰਧਕਾਂ ਦਾ ਹਉਮੈਂ ਤੇ ਅਗਿਆਨਤਾ ਹੀ ਹੈ, ਕਿ ਉਹ ਠੀਕ ਰਾਏ ਨੂੰ ਪਰਖ ਵੀ ਨਹੀਂ ਸਕਦੇ ਹਨ। ਆਪਣੇ ਕਿਤਿਆਂ ਵਿੱਚ ਨਿਪੁਨੰਤਾ ਹਾਸਲ ਕਰਨ ਲਈ ਸਿੱਖਾਂ ਨੂੰ ਆਪਣਾ ਅਧਿਆਤਮਿਕ ਤੇ ਵਿਦਿਅਕ ਪਧਰ ਉੱਚਾ ਕਰਨਾ ਪਵੇਗਾ, ਬੱਚਿਆਂ ਦੀ ਪੜ੍ਹਾਈ ਵਲ ਖਾਸ ਧਿਆਨ ਦੇਣਾ ਪਵੇਗਾ। ਤਕਨੀਕੀ ਜਾਣਕਾਰੀ ਦੇਣ ਲਈ ਬਹੁਤ ਸਾਰੇ ਡਿਪਲੋਮਾਂ ਤੇ ਇੰਜਨੀਅਰਿੰਗ ਕਾਲਜ ਖੋਲਣੇ ਪੈਣਗੇ ਜਿਨ੍ਹਾਂ ਵਿੱਚ ਲੋੜੀਂਦੇ ਵਿਸ਼ਿਆਂ ਸਬੰਧੀ ਚੰਗੀ ਸਿਖਿਆ ਦਿੱਤੀ ਜਾ ਸਕੇ। ਬੱਚਿਆਂ ਦੀ ਜਾਣਕਾਰੀ ਤੇ ਸਿਖਲਾਈ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਅਧੁਨਿਕ ਤਕਨੀਕਾਂ ਵਰਤਣ ਲਈ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ ਸਹਾਇਤਾ ਕੇਂਦਰ ਕਾਇਮ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਆਪਣੇ ਕਿਤਿਆਂ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿੱਚ ਬੁਲਾ ਕੇ ਜੀਵਨ ਵਿੱਚ ਕਿਸ ਤਰ੍ਹਾਂ ਸਫਲਤਾ ਪ੍ਰਾਪਤ ਕਰਨੀ ਹੈ, ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਨਾਲ ਠੀਕ ਤੇ ਲੋੜੀਦੀ ਜਾਣਕਾਰੀ ਹਰੇਕ ਬੱਚੇ ਤਕ ਆਸਾਨੀ ਨਾਲ ਪਹੁੱਚ ਸਕੇਗੀ।

ਵਾਪਾਰੀ

ਇਕ ਵਾਪਾਰੀ ਦਾ ਕੰਮ ਹੈ ਕਿ ਉਤਪਾਦਕ ਤੋਂ ਸਮਾਨ ਲੈਕੇ ਦੂਸਰੇ ਜਾਂ ਆਮ ਲੋਕਾਂ ਨੂੰ ਦੇਣਾ। ਹਰੇਕ ਮਨੁੱਖ ਚਾਹੇਗਾ ਕਿ ਮਾਲ ਚੰਗਾ ਤੇ ਸਸਤਾ ਹੋਵੇ। ਇਸ ਲਈ ਵਾਪਾਰੀ ਨੂੰ ਮਾਲ ਦੀ ਚੰਗੀ ਤਰ੍ਹਾਂ ਪਰਖ ਤੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸਬੰਧੀ ਗੁਰਮਤਿ ਵੀ ਇਹੀ ਸਿਖਿਆ ਦਿੰਦੀ ਹੈ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (੧੪੧੦)

ਵਪਾਰੀ ਨੌਕਰ ਨੂੰ ਚੰਗਾ ਸੌਦਾ ਚੰਗੀ ਦੁਕਾਨ ਤੋਂ ਲਿਆਉਂਣ ਲਈ ਕਹਿੰਦਾਂ ਹੈ। ਚੰਗਾ ਨੌਕਰ ਇਸ ਅਨੁਸਾਰ ਹੀ ਕਰਦਾ ਹੈ। ਪਰ ਲਾਲਚੀ ਨੌਕਰ ਕਿਸੇ ਹੋਰ ਦੁਕਾਨ ਤੇ ਜਾ ਕੇ ਘਟੀਆ ਸੌਦਾ ਲੈ ਆਉਂਦਾ ਹੈ। ਅਕਾਲ ਪੁਰਖੁ ਨੇ ਮਨੁੱਖ ਨੂੰ ਗੁਰੂ ਦੇ ਦਰ ਤੇ ਜਾ ਕੇ, ਨਾਮੁ ਦਾ ਵਪਾਰ ਕਰਨ ਲਈ ਭੇਜਿਆ ਹੈ। ਘਟੀਆ ਮਨੁੱਖ ਸਬਦ ਗੁਰੂ ਤੋਂ ਸਿਖਿਆ ਲੈਣ ਦੀ ਬਜਾਏ ਮਾਇਆ ਵਿੱਚ ਹੀ ਲਿਪਤ ਰਹਿੰਦਾਂ ਹੈ।

ਪੰਜਾਬ ਵਿੱਚ ਬਹੁਤ ਸਾਰੀਆਂ ਵਸਤੂਆਂ ਦਾ ਵਾਪਾਰ ਹੁੰਦਾਂ ਹੈ, ਜਿਸ ਤਰ੍ਹਾਂ ਕਿ, ਬਾਸਮਤੀ ਚੌਲਾਂ ਦੀ ਦਰਾਮਦ, ਟੈਕਸਟਾਈਲ ਤੇ ਕੱਤਣ ਵਾਲੀਆਂ ਮਸ਼ੀਨਾਂ ਦੀ ਆਮਦ ਤੇ ਦਰਾਮਦ, ਸੀਤੇ ਤੇ ਕਡਾਈ ਕੀਤੇ ਕਪੜੇ ਦੀ ਦਰਾਮਦ, ਕਪੜਾ ਬੁਣਨ, ਰੰਗਾਈ ਤੇ ਤਿਆਰ ਕਰਨ ਦਾ ਕਾਰੋਬਾਰ, ਸੀਣ ਤੇ ਕਡਾਈ ਕਰਨ ਵਾਲੀਆਂ ਮਸ਼ੀਨਾਂ ਦਾ ਵਾਪਾਰ ਆਦਿ। ਪਰ ਇਨ੍ਹਾਂ ਵਿਚੋਂ ਜਿਆਦਾ ਤਰ ਵਾਪਾਰ ਗੈਰ ਸਿੱਖਾਂ ਦੇ ਹੱਥ ਵਿੱਚ ਹੀ ਹਨ।

ਵਾਪਾਰ ਕਰਨ ਸਮੇਂ ਇਹ ਧਿਆਨ ਰੱਖਣਾਂ ਹੈ ਚੀਜ਼, ਚੰਗੀ ਹੋਵੇ ਤੇ ਜਿਆਦਾ ਦੇਰ ਤਕ ਚਲੇ। ਇਸ ਨਾਲ ਪੱਕੇ ਗਾਹਕ ਬਣ ਜਾਣਗੇ ਤੇ ਵਾਪਾਰ ਵਿੱਚ ਸਦਾ ਲਈ ਲਾਭ ਹੀ ਹੋਵੇਗਾ। ਵਣਜ ਕਰਨ ਵਾਲੇ ਮਨੁੱਖ ਨੂੰ ਆਪਣਾ ਸੌਦਾ ਸੰਭਾਲ ਕੇ ਰੱਖਣਾ ਚਾਹੀਦਾ ਹੈ (ਨਾਮੁ ਦਾ ਸੌਦਾ)। ਅਜੇਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜਿਹੜਾ ਸਦਾ ਲਈ ਸਾਥ ਨਿਬਾਹੇ। ਜਿਸ ਤਰ੍ਹਾਂ ਗਾਹਕ ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖੁ ਸਾਡੇ ਨਾਮੁ ਦੇ ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ। ਝੂਠ ਦਾ ਵਾਪਾਰ ਜਿਆਦਾ ਦੇਰ ਤੱਕ ਨਹੀਂ ਚਲਦਾ ਹੈ।

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥ (੨੨-੨੩)

ਜਿਸ ਮਨੁੱਖ ਦੇ ਅੰਦਰ ਮਾਇਆ ਦਾ ਲਾਲਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ, ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ ਆਪਣੇ ਮਨ ਨੂੰ ਲਾਉਂਦਾ ਰਹਿੰਦਾ ਹੈ। ਜਿਉਂ ਜਿਉਂ ਲਾਲਚ ਦੇ ਅਧੀਨ ਉਹ ਮੈਲੇ ਕਰਮ ਕਰਦਾ ਹੈ, ਉਹ ਆਤਮਕ ਦੁਖ ਪਾਉਂਦਾ ਹੈ। ਉਹ ਸਦਾ ਨਾਸ਼ਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁਖ ਸਹਿੰਦਾ ਹੈ। ਜਿਹੜਾ ਮਨੁੱਖ ਕੂੜ ਬੋਲਦਾ ਹੈ ਅਤੇ ਕੂੜ ਦਾ ਵਾਪਾਰ ਕਰਦਾ ਹੈ, ਇੱਕ ਦਿਨ ਉਸ ਦੀ ਪਾਜ ਖੁਲ ਜਾਂਦੀ ਹੈ, ਫਿਰ ਉਸ ਨਾਲ ਕੋਈ ਵੀ ਸਾਂਝ ਜਾ ਵਾਪਾਰ ਨਹੀਂ ਕਰਦਾ ਹੈ ਤੇ ਹੌਲੀ ਉਸ ਦਾ ਸਾਰਾ ਵਾਪਾਰ ਇੱਕ ਦਿਨ ਬੰਦ ਹੋ ਜਾਂਦਾ ਹੈ, ਜਿਸ ਕਰਕੇ ਉਹ ਦੁਖ ਪਾਉਂਦਾ ਹੈ।

ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ॥ ਮੈਲੇ ਕਰਮ ਕਰੇ ਦੁਖੁ ਪਾਏ॥ ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ॥ ੧੨॥ (੧੦੬੨)

ਜੇਕਰ ਸਿੱਖ ਵਪਾਰੀ ਝੂਠ ਬੋਲ ਰਿਹਾ ਹੈ, ਤਾਂ ਉਹ ਮਹਿਸੂਸ ਕਰਦਾ ਹੈ, ਕਿ ਮੈਂ ਗੁਰੂ ਤੋਂ ਗਿਰ ਰਿਹਾ ਹਾਂ, ਇਹ ਸੋਚ ਉਸ ਨੂੰ ਸੁਧਾਰ ਵਲ ਲਿਜਾ ਸਕਦੀ ਹੈ, ਪਰੰਤੂ ਇਹ ਤਾਂ ਹੀ ਸੰਭਵ ਹੈ, ਜੇਕਰ ਉਹ ਗੁਰਮਤਿ ਦੇ ਮਾਰਗ ਤੇ ਚਲਣਾ ਸ਼ੁਰੂ ਕਰ ਦੇਵੇ। ਅਕਾਲ ਪੁਰਖੁ ਦੇ ਰਚੇ ਹੋਏ ਇਸ ਸਰੀਰ ਰੂਪੀ ਕਿਲ੍ਹੇ ਵਿੱਚ ਮਾਨੋ ਗਿਆਨ ਇੰਦ੍ਰੇ, ਹੱਟ ਹਨ, ਜਿਥੇ ਅਕਾਲ ਪੁਰਖੁ ਆਪ ਹੀ ਵਾਪਾਰ ਕਰ ਰਿਹਾ ਹੈ। ਅਕਾਲ ਪੁਰਖੁ ਦਾ ਨਾਮੁ ਹੀ ਇੱਕ ਐਸਾ ਤੋਲ ਹੈ, ਜਿਸ ਦੇ ਰਾਹੀਂ ਕੀਤੇ ਵਣਜ ਵਿੱਚ ਕੋਈ ਘਾਟਾ ਨਹੀਂ ਪੈਂਦਾ। ਇਸ ਪੂਰੇ ਤੋਲ ਦੇ ਰਾਹੀਂ ਅਕਾਲ ਪੁਰਖੁ ਸਰੀਰ ਰੂਪੀ ਕਿਲ੍ਹੇ ਵਿੱਚ ਬੈਠ ਕੇ, ਆਪ ਹੀ ਨਾਮੁ ਦਾ ਵੱਖਰ ਤੋਲਦਾ ਹੈ, ਆਪ ਹੀ ਨਾਮੁ ਰੂਪੀ ਰਤਨ ਵਿਹਾਝਦਾ ਹੈ, ਆਪ ਹੀ ਨਾਮੁ ਰੂਪੀ ਰਤਨ ਦਾ ਠੀਕ ਮੁੱਲ ਪਾਂਦਾ ਹੈ। ਜੇਕਰ ਅਕਾਲ ਪੁਰਖੁ ਦੇ ਤੋਲ, ਇਨਸਾਫ ਵਿੱਚ ਕੋਈ ਵਾਧ ਘਾਟ ਨਹੀਂ ਹੁੰਦੀ ਹੈ ਤਾਂ ਫਿਰ ਅਸੀਂ ਹੇਰਾ ਫੇਰੀ ਤੇ ਧੋਖੇ ਬਾਜੀ ਕਰਕੇ ਕਿਸ ਤਰ੍ਹਾਂ ਬਚ ਸਕਦੇ ਹਾਂ।

ਗੜ ਮਹਿ ਹਾਟ ਪਟਣ ਵਾਪਾਰਾ॥ ਪੂਰੈ ਤੋਲਿ ਤੋਲੈ ਵਣਜਾਰਾ॥ ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ॥ ੪॥ (੧੦੩੬)

ਇਹ ਮਨੁੱਖਾ ਸਰੀਰ ਅਕਾਲ ਪੁਰਖੁ ਦਾ ਪਵਿੱਤਰ ਘਰ ਹੈ, ਅਕਾਲ ਪੁਰਖੁ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ, ਇਸ ਵਿੱਚ ਦੈਂਤਾਂ ਵਾਲੇ ਵਿਚਾਰਾਂ ਨੂੰ ਮਾਰਨ ਵਾਲਾ ਅਕਾਲ ਪੁਰਖੁ ਆਪ ਵੱਸਦਾ ਹੈ। ਜਿਹੜੇ ਜੀਵ-ਵਣਜਾਰੇ ਇਸ ਸਰੀਰ ਵਿੱਚ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਵਣਜ ਕਰਦੇ ਹਨ, ਅਕਾਲ ਪੁਰਖੁ ਆਪਣੀ ਮਿਹਰ ਦੀ ਨਿਗਾਹ ਨਾਲ, ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜਾ ਵਾਪਾਰੀ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿੱਚ ਵਿਚਰਦਾ ਹੈ ਤੇ ਆਪਣਾ ਕਾਰੋਬਾਰ ਕਰਦਾ ਹੈ, ਉਸ ਤੇ ਅਕਾਲ ਪੁਰਖੁ ਦੀ ਮਿਹਰ ਨਜ਼ਰ ਹਮੇਸ਼ਾਂ ਰਹਿੰਦੀ ਹੈ, ਜਿਸ ਸਦਕਾ ਉਸ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ।

ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ ੪॥ (੧੦੫੯)

ਅਕਾਲ ਪੁਰਖੁ ਦੇ ਭਗਤ ਗੁਰੂ ਦੀ ਸਿਖਿਆ ਲੈ ਕੇ ਨਾਮੁ ਦਾ ਵਾਪਾਰ ਕਰਦੇ ਹਨ। "ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ॥" ਠੀਕ ਇਸੇ ਤਰ੍ਹਾਂ ਇੱਕ ਮਨੁੱਖ ਨੂੰ ਦੁਨਿਆਵੀ ਵਾਪਾਰ ਸ਼ੁਰੂ ਕਰਨ ਤੋਂ ਪਹਿਲਾਂ, ਉਸ ਵਾਪਾਰ ਦੇ ਤਜੱਰਬਾਕਾਰ ਵਿਅਕਤੀ ਤੋਂ ਗੁਰ ਸਿੱਖਣੇ ਪੈਂਦੇ ਹਨ। ਇਸ ਲਈ ਵਾਪਾਰ ਕਰਨ ਵਾਲਿਆ ਦਾ ਇੱਕ ਸਾਂਝਾ ਸਿੱਖਲਾਈ ਕੇਂਦਰ ਹੋਣਾ ਚਾਹੀਦਾ ਹੈ, ਜਿਥੋਂ ਹੋਰਨਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ। ਵਾਪਾਰ ਲਈ ਕੱਚਾ ਮਾਲ ਕਿਥੋਂ ਲੈਂਣਾ ਹੈ, ਤਿਆਰ ਮਾਲ ਕਿਥੇ ਵੇਚਣਾ ਹੈ, ਵੱਡੇ ਵਾਪਾਰੀਆਂ ਸਬੰਧੀ ਜਾਣਕਾਰੀ, ਛੋਟੇ ਵਾਪਾਰੀਆਂ ਸਬੰਧੀ ਜਾਣਕਾਰੀ, ਕਿਸ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮਾਲ ਦੀ ਜਿਆਦਾ ਲੋੜ ਹੈ, ਆਦਿ। ਇਸ ਤਰ੍ਹਾਂ ਆਪਸ ਵਿੱਚ ਸਾਂਝ ਪੈਦਾ ਕਰਕੇ ਵਾਪਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦਾ ਰਚਨਹਾਰ ਕਰਤਾਰ, ਆਪਣੇ ਰਹਿਣ ਲਈ ਸੋਹਣਾ ਮਹਲ ਬਣਾ ਲੈਂਦਾ ਹੈ। ਤਿੰਨਾਂ ਭਵਨਾਂ ਵਿੱਚ ਵਿਆਪਕ ਬੇਅੰਤ ਅਕਾਲ ਪੁਰਖੁ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ, ਗਿਆਨ ਦਾ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ, ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ। ਅਜੇਹਾ ਮਨੁੱਖ ਆਪਣੀ ਦੁਕਾਨ, ਸ਼ਹਿਰ ਤੇ ਸਰੀਰ ਰੂਪੀ ਕਿਲ੍ਹੇ ਅੰਦਰ, ਸੱਚ ਦਾ ਸੌਦਾ ਖਰੀਦਦਾ ਹੈ ਤੇ ਸੱਚ ਦਾ ਵਾਪਾਰ ਕਰਦਾ ਹੈ।

ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ॥ ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ॥ ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ॥ ੨॥ (੫੭)

ਵਾਪਾਰ ਕਰਨ ਲਈ ਜਰੂਰੀ ਹੈ ਕਿ ਮਨੁੱਖ ਸਬਰ ਤੇ ਸੰਤੋਖ ਵਾਲਾ ਹੋਵੇ। ਆਪਣੇ ਗਾਹਕ ਦੀ ਮਾਨਸਿਕਤਾ ਨੂੰ ਸਮਝਣਾ ਹੈ, ਉਸ ਦੀ ਲੋੜ ਅਨੁਸਾਰ ਮਾਲ ਦੇਣਾਂ ਹੈ, ਉਸ ਨਾਲ ਝਗੜਾ ਨਹੀਂ ਕਰਨਾ ਹੈ, ਨਹੀਂ ਤਾਂ ਹੋਰ ਗਾਹਕ ਵੀ ਚਲੇ ਜਾਂ ਸਕਦੇ ਹਨ।

"ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ॥" (੬੮-੬੯)

ਜੇਕਰ ਸਿੱਖ ਵਾਪਾਰੀ, ਸਿੱਖ ਨੂੰ ਸਸਤੀ ਚੀਜ਼ ਦੇਵਾਗੇ ਤਾਂ ਆਪਣੇ ਆਪ ਹਰ ਸਿੱਖ, ਉਸ ਵਾਪਾਰੀ ਦਾ ਪਰਚਾਰਕ (Promoter) ਬਣ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਵਾਪਾਰੀ ਨੂੰ ਲੱਖਾਂ ਰੁਪਿਆ ਪਰਚਾਰ (Advertisement) ਲਈ ਖਰਚਨਾ ਨਹੀਂ ਪਵੇਗਾ। ਇਹ ਇੱਕ ਬਹੁਤ ਸਸਤਾ ਤੇ ਪਾਇਦਾਰ, ਪਰਚਾਰ ਕਰਨ ਦਾ ਤਰੀਕਾ ਹੈ। ਅਸੀਂ ਭਾਵੇ ਅਖਬਾਰ ਜਾਂ ਟੀ. ਵੀ. ਦੇ ਪਰਚਾਰ ਤੇ ਇਤਬਾਰ ਕਰੀਏ ਜਾਂ ਨਾ ਕਰੀਏ, ਪਰੰਤੂ ਕਿਸੇ ਦੇ ਕਹੇ ਦਾ ਅਸਰ ਸਾਡੇ ਉੱਪਰ ਜਰੂਰ ਹੁੰਦਾਂ ਹੈ।

ਜੀਵਨ ਵਿੱਚ ਸਫਲਤਾ ਲਈ ਸੱਚ ਦਾ ਵਾਪਾਰ ਜਰੂਰੀ ਹੈ। ਸਸਸਤੀਆਂ ਦੁਕਾਨਾਂ ਖੋਲੀਆਂ ਜਾਣ, ਖਾਣਪੀਣ ਵਾਲੀਆਂ ਤੇ ਆਮ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਆਸਾਨੀ ਨਾਲ ਸਸਤੀ ਲਾਗਤ ਨਾਲ ਖੋਲੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਵਪਾਰੀਆਂ ਜਾਂ ਸੰਗਤ ਨੂੰ ਸੱਚ ਦਾ ਵਾਪਾਰ ਕਰਨ ਦੀ ਸਿਖਿਆਂ ਦਿੱਤੀ ਜਾ ਸਕੇਗੀ। ਸਸਤਾ ਤੇ ਚੰਗਾ ਮਾਲ ਵੇਚਣਾ, ਠੀਕ ਤੋਲਣਾ ਅਤੇ ਹੇਰਾ ਫੇਰੀ ਨਾ ਕਰਨ ਨਾਲ, ਹੋਰਨਾਂ ਨੂੰ ਵੀ ਸੱਚੇ ਵਾਪਾਰ ਲਈ ਪ੍ਰੇਰਿਆ ਜਾ ਸਕੇਗਾ। ਇਸ ਤਰ੍ਹਾਂ ਕਰਨ ਨਾਲ ਮਨੁੱਖਾ ਜੀਵਨ ਸਫਲ ਕੀਤਾ ਜਾ ਸਕਦਾ ਹੈ।

ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥ ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥ ੬॥ (੨੯੩)

ਜਿਸ ਮਨੁੱਖ ਨੂੰ ਚੰਗੀ ਚੀਜ ਦੀ ਪਰਖ ਨਹੀਂ, ਉਹ ਉਸ ਦੀ ਕਦਰ ਵੀ ਨਹੀਂ ਜਾਣ ਸਕਦਾ ਹੈ। ਮਨੁੱਖ ਜਿਸ ਤਰ੍ਹਾਂ ਦੀ ਸਮਝ ਰੱਖਦਾ ਹੈ, ਉਸੇ ਤਰ੍ਹਾਂ ਕਰੀ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਿਸ ਕੋਲ ਵੀ ਗਏ, ਉਸ ਮਨੁੱਖ ਦੀ ਮਤ ਅਨੁਸਾਰ ਤਰੀਕਾ ਵਰਤ ਕੇ ਸੱਚ ਦਾ ਰਸਤਾ ਦੱਸਿਆ। ਇਸੇ ਤਰ੍ਹਾਂ ਗਾਹਕ ਦੀ ਸੋਚ, ਮਤ, ਰੁਚੀ ਤੇ ਲੋੜ ਅਨੁਸਾਰ ਉਸ ਨੂੰ ਸਮਝਾਂਉਂਣ ਦਾ ਤਰੀਕਾ ਵਰਤਣਾ ਪਵੇਗਾ ਤਾਂ ਜੋ ਉਸ ਨੂੰ ਠੀਕ ਸੌਦੇ ਦੀ ਸਹੀ ਪਛਾਣ ਹੋ ਸਕੇ।

ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ॥ ੨॥ (੯੫੪)

ਜੇ ਕੋਈ ਗਾਹਕ ਨਾ ਹੋਵੇ ਤੇ ਕੋਈ ਗੁਣ, ਭਾਵ ਕੋਈ ਕੀਮਤੀ ਪਦਾਰਥ ਵੇਚੇ, ਤਾਂ ਉਹ ਗੁਣ (ਅਕਾਲ ਪੁਰਖ ਦੇ ਗੁਣ) ਸਸਤੇ ਭਾ ਵਿਕ ਜਾਂਦੇ ਹਨ, ਭਾਵ, ਉਸ ਦੀ ਕਦਰ ਨਹੀਂ ਪੈਂਦੀ। ਪਰ ਜੇ ਗੁਣਾਂ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ। ਇਸ ਲਈ ਵਾਪਾਰ ਵਿੱਚ ਸਫਲਤਾ ਲਈ ਜਰੂਰੀ ਹੈ, ਗਾਹਕ ਵੀ ਸਹੀ ਲੱਭਣੇ ਹਨ ਤੇ ਧਿਆਨ ਵਿੱਚ ਰੱਖਣਾ ਹੈ, ਕਿ ਵਾਜ਼ਬ ਕੀਮਤ ਮਿਲ ਸਕੇ।

ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ॥ (੧੦੮੬, ੧੦੮੭)

ਮਨੁੱਖ ਜਿਸ ਤਰ੍ਹਾਂ ਦਾ ਬੀਜ਼ ਬੀਜ਼ਦਾ ਹੈ, ਉਹੋ ਜਿਹਾ ਫਲ ਮਿਲਦਾ ਹੈ। ਜੇਕਰ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ, ਤਾਂ ਉਸ ਵਰਗੇ ਆਤਮਕ ਗੁਣ ਕਿੱਥੋਂ ਪੈਦਾ ਹੋ ਜਾਣਗੇ? ਤੇ ਆਤਮਕ ਗੁਣਾਂ ਤੋਂ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਚਾਹੀਦਾ ਹੈ ਕਿ ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ, ਤੇ ਅਕਾਲ ਪੁਰਖ ਦੇ ਨਾਮੁ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ। ਗੁਣਾਂ ਦੀ ਖ਼ਾਤਰ ਅਕਾਲ ਪੁਰਖ ਦੇ ਗੁਣਾਂ ਦੀ ਦਾਸੀ ਬਨਣ ਨਾਲ ਹੀ ਆਤਮਕ ਸੁਖ ਮਿਲ ਸਕਦਾ ਹੈ। ਔਗੁਣਾਂ ਨੂੰ ਛੱਡ ਕੇ ਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਸਕਦੇ ਹਾਂ, ਗੁਰੂ ਦੀ ਮਤਿ ਅਨੁਸਾਰ ਚਲਿਆਂ ਹੀ ਉਹ ਪੂਰਾ ਅਕਾਲ ਪੁਰਖ ਮਿਲ ਸਕਦਾ ਹੈ। ਵਾਪਾਰ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਕੋਲ ਸਰਮਾਇਆ ਹੈ। ਸਰਮਾਏ ਤੋਂ ਬਿਨਾ ਵਪਾਰੀ ਨਫ਼ੇ ਵਾਸਤੇ ਵਿਅਰਥ ਹੀ ਚੌਹੀਂ ਪਾਸੇ ਵੇਖਦਾ ਰਹਿੰਦਾ ਹੈ। ਜੇਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਮੂਲ, ਉਸ ਅਕਾਲ ਪੁਰਖ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ ਅੰਦਰ ਅਣਪਛਾਤਾ ਹੀ ਪਿਆ ਰਹਿ ਜਾਂਦਾ ਹੈ। ਨਾਸਵੰਤ ਪਦਾਰਥਾਂ ਦਾ ਵਪਾਰ ਕਰਨ ਵਾਲੀ ਜੀਵ ਇਸਤ੍ਰੀ ਕੂੜ ਵਿੱਚ ਲੱਗ ਕੇ ਆਪਣੇ ਆਤਮਕ ਗੁਣਾਂ ਨੂੰ ਲੁੱਟਾਈ ਜਾ ਰਹੀ ਹੈ, ਨਾਮੁ ਦੇ ਵਾਪਾਰ ਤੋਂ ਵਾਂਜੇ ਰਹਿ ਕੇ ਉਸ ਨੂੰ ਆਤਮਕ ਕਲੇਸ਼ ਹੀ ਮਿਲਦਾ ਹੈ। ਜੇਹੜਾ ਮਨੁੱਖ ਸੋਚ ਸਮਝ ਕੇ ਨਾਮੁ ਰਤਨ ਨੂੰ ਪਰਖਦਾ ਹੈ, ਉਹੀ ਨਾਮੁ ਦੀ ਕੀਮਤ ਸਮਝਦਾ ਹੈ, ਉਸ ਨੂੰ ਦਿਨ ਰਾਤ ਆਤਮਕ ਗੁਣਾਂ ਦਾ ਨਿੱਤ ਨਵਾਂ ਲਾਭ ਪ੍ਰਾਪਤ ਹੁੰਦਾ ਰਹਿੰਦਾ ਹੈ। ਜੇਹੜਾ ਮਨੁੱਖ ਨਾਮੁ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮੁ ਦਾ ਵਣਜ ਕਰਦਾ ਹੈ, ਸਬਦ ਗੁਰੂ ਦੇ ਸਰਨੀ ਪੈ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਸੋਚ-ਮੰਡਲ ਵਿੱਚ ਲਿਆਉਂਦਾ ਤੇ ਵਿਚਾਰਦਾ ਹੈ, ਉਹ ਆਪਣੇ ਹਿਰਦੇ ਅੰਦਰੋਂ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੇ ਜੀਵਨ ਦਾ ਮੰਤਵ ਪੂਰਾ ਕਰ ਲੈਂਦਾ ਹੈ।

ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ॥ ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ॥ ੨॥ (੫੬)

ਇਸ ਲਈ ਹਮੇਸ਼ਾਂ ਨਾਮੁ ਰੂਪੀ ਧਨ ਖੱਟਣ ਲਈ ਸਦਾ ਥਿਰ ਰਹਿਣ ਵਾਲਾ ਸੱਚ ਦਾ ਵਾਪਾਰ ਕਰਨਾ ਚਾਹੀਦਾ ਹੈ। ਅਜੇਹੇ ਵਪਾਰ ਵਿੱਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲਜਗਨ ਨਹੀਂ। ਇਹ ਸਦਾ ਥਿਰ ਰਹਿੰਣ ਵਾਲ ਨਾਮੁ ਰੂਪੀ ਧਨ ਖੱਟਣ ਨਾਲ ਕਦੇ ਵੀ ਘਾਟਾ ਨਹੀਂ ਪੈਂਦਾ ਹੈ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ।

ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ॥ (੩੯੯)

ਸਚਾ ਸਉਦਾ ਸਚੁ ਵਾਪਾਰਾ॥ ਨ ਤਿਥੈ ਭਰਮੁ ਨ ਦੂਜਾ ਪਸਾਰਾ॥ ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ॥ ੨॥ (੧੦੫੦)

ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ, ਉਸ ਨੂੰ ਉਹ ਇਸ ਭਵਸਾਗਰ ਤੋਂ ਪਾਰ ਲੰਘਾ ਲੈਂਦਾ ਹੈ, ਗੁਰੂ ਉਸ ਦੇ ਔਗੁਣ ਮਿਟਾ ਦਿੰਦਾ ਹੈ ਤੇ ਗੁਣ ਦੇ ਕੇ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰਦਾ ਨਹੀਂ, ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ। ਗੁਰਮੁੱਖ ਆਪਣੇ ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਉਂਦਾ ਹੈ, ਅਡੋਲਤਾ ਵਿੱਚ ਰਹਿ ਕੇ ਅਕਾਲ ਪੁਰਖੁ ਦਾ ਨਾਮ ਰੂਪੀ ਵਣਜ ਕਰਦਾ ਹੈ। ਇਸ ਸਦਕਾ ਉਸ ਨੂੰ ਜੀਵਨ ਦੇ ਹਰੇਕ ਪਹਿਲੂ ਵਿੱਚ ਸਫਲਤਾ ਮਿਲਦੀ ਹੈ।

ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ॥ ਅਵਗਣ ਮੇਟੈ ਗੁਣਿ ਨਿਸਤਾਰੈ॥ ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ॥ ਗੁਰਮੁਖਿ ਕਦੇ ਨ ਆਵੈ ਹਾਰਿ॥ ਤਨੁ ਹਟੜੀ ਇਹੁ ਮਨੁ ਵਣਜਾਰਾ॥ ਨਾਨਕ ਸਹਜੇ ਸਚੁ ਵਾਪਾਰਾ॥ ੩੯॥ (੯੪੨)

ਜੇਕਰ ਉਪਰ ਸਾਂਝੀਆਂ ਕੀਤੀਆਂ ਗਈਆਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਇਕੱਠਾਂ ਕਰੀਏ ਤਾਂ ਅਸੀਂ ਵਾਪਾਰ ਕਰਨ ਦੇ ਸਾਰੇ ਗੁਰ ਜਾਣ ਸਕਦੇ ਹਾਂ। ਜਿਹੜਾ ਵਾਪਾਰੀ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿੱਚ ਵਿਚਰਦਾ ਹੈ, ਤੇ ਆਪਣਾ ਕਾਰੋਬਾਰ ਕਰਦਾ ਹੈ, ਉਹ ਸਦਾ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਵਾਪਾਰ ਕਰਨ ਸਮੇਂ ਇਹ ਧਿਆਨ ਰੱਖਣਾਂ ਹੈ, ਕਿ ਚੀਜ਼, ਚੰਗੀ ਹੋਵੇ ਤੇ ਜਿਆਦਾ ਦੇਰ ਚਲੇ, ਕੂੜ ਦਾ ਵਾਪਾਰ ਨਹੀਂ ਕਰਨਾ, ਆਪਣੇ ਅੰਦਰ ਸਬਰ ਤੇ ਸੰਤੋਖ ਰੱਖਣਾ ਹੈ, ਗਾਹਕ ਨਾਲ ਝਗੜਾ ਨਹੀਂ ਕਰਨਾ, ਗਾਹਕ ਦੀ ਸੋਚ, ਮਤ, ਰੁਚੀ ਤੇ ਲੋੜ ਅਨੁਸਾਰ ਉਸ ਨੂੰ ਸਮਝਾਉਣ ਦਾ ਤਰੀਕਾ ਵਰਤਣਾ ਹੈ, ਗਾਹਕ ਵੀ ਸਹੀ ਲੱਭਣੇ ਤੇ ਧਿਆਨ ਵਿੱਚ ਰੱਖਣਾ ਹੈ ਕਿ ਵਾਜ਼ਬ ਕੀਮਤ ਮਿਲ ਸਕੇ, ਵਾਪਾਰ ਸ਼ੁਰੂ ਕਰਨ ਤੋਂ ਪਹਿਲਾਂ, ਉਸ ਵਾਪਾਰ ਦੇ ਮਾਰਹ ਤੋਂ ਜਾਚ ਸਿਖਣੀ ਹੈ।

ਸਿੱਖ ਵਾਪਾਰੀਆਂ ਨੂੰ ਆਪਣਾ ਇੱਕ ਸਾਂਝਾ ਸਿਖਲਾਈ ਕੇਂਦਰ ਬਣਾਉਂਣਾਂ ਚਾਹੀਦਾ ਹੈ, ਜਿਥੋਂ ਹੋਰਨਾਂ ਨੂੰ ਵਾਪਾਰ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਜੇਕਰ ਸਿੱਖ ਵਾਪਾਰੀ, ਸਿੱਖ ਨੂੰ ਸਸਤੀ ਚੀਜ਼ ਦੇਵਾਗੇ ਤਾਂ ਆਪਣੇ ਆਪ ਹਰ ਸਿੱਖ, ਉਸ ਵਾਪਾਰੀ ਦਾ ਪਰਚਾਰਕ ਬਣ ਜਾਵੇਗਾ।

ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਦੇ ਅੱਗੇ ਅਰਪਨ ਕਰਨਾ ਹੈ, ਆਪਣੀਆਂ ਚਤੁਰਾਈਆਂ ਤਿਆਗ ਕੇ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣਾ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਚਲ ਕੇ ਸਚ ਦਾ ਵਾਪਾਰ ਕਰਨਾ ਹੈ।

ਮਾਰੂ ਮਹਲਾ ੧॥ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ॥ ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ॥ ੧॥ {੯੯੧}

 

ਸਨਤਕਾਰ

ਸਨਤਕਾਰ ਪੂੰਜੀ ਲਗਾ ਕੇ ਆਪਣਾ ਕੰਮ ਸ਼ੁਰੂ ਕਰਦਾ ਹੈ। ਸਫ਼ਲਤਾ ਤਾਂ ਹੀ ਮਿਲਦੀ ਹੈ ਕੇ ਕਰ ਪੂਰੀ ਯੋਜਨਾ ਨਾਲ ਫੈਕਟਰੀ ਦੀ ਬੁਨਿਆਦ ਰੱਖੇ, ਪਰਖ ਕੇ ਕੱਚਾ ਮਾਲ ਖਰੀਦੇ, ਚੰਗੀਆਂ ਮਸ਼ੀਨਾਂ ਤੇ ਠੀਕ ਔਜਾਰ ਵਰਤੇ, ਚੰਗੇ ਪੁਰਜੇ ਤਿਆਰ ਕਰੇ, ਠੀਕ ਮਾਲ ਤਿਆਰ ਕਰਕੇ ਭੇਜੇ, ਆਪਣਾ ਮਾਲ ਵਰਤਣ ਵਾਲੇ ਗਾਹਕਾਂ ਦੀ ਤਸੱਲੀ ਕਰਾਵੇ, ਆਦਿ। ਚੰਗੇ ਮਨੁੱਖ ਗੁਰੂ ਸਾਹਿਬ ਦੀ ਦੱਸੀ ਵਿਚਾਰ ਅਨੁਸਾਰ ਅਮਲ ਕਰ ਕੇ ਸੱਚ ਦਾ ਵਾਪਾਰ ਕਰਦੇ ਹਨ, ਇਥੋਂ ਸਦਾ ਥਿਰ ਰਹਿਣ ਵਾਲਾ ਸੱਚਾ ਸੌਦਾ ਲੈ ਕੇ ਜਾਂਦੇ ਹਨ। ਜਿਸ ਮਨੁੱਖ ਦੇ ਪੱਲੇ ਸਦਾ ਥਿਰ ਰਹਿਣ ਵਾਲਾ ਸੌਦਾ ਹੈ, ਧਨ ਹੈ, ਉਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਦੇ ਰਾਹੀਂ, ਭਾਵ ਗੁਰਮਤਿ ਦੇ ਮਾਰਗ ਤੇ ਚਲ ਕੇ ਆਤਮਕ ਉਤਸ਼ਾਹ ਪ੍ਰਾਪਤ ਕਰਦਾ ਰਹਿੰਦਾ ਹੈ।

ਨੀਕੇ ਸਾਚੇ ਕੇ ਵਾਪਾਰੀ॥ ਸਚੁ ਸਉਦਾ ਲੈ ਗੁਰ ਵੀਚਾਰੀ॥ ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ॥ ੯॥ (੧੦੩੨-੧੦੩੩)

Various type of industries in Punjab are related with Agriculture, Arts & Crafts, Automotive, Computers, Home Textiles, Industrial Goods, Medical & Hospital, Pharmaceutical Products, Plant & Machinery, Tools & Equipment, etc.

ਕੁਝ ਕੁ ਫੈਕਟਰੀਆਂ ਸਿੱਖਾਂ ਦੀਆਂ ਹਨ, ਪਰ ਇਨ੍ਹਾਂ ਵਿਚੋਂ ਜਿਆਦਾ ਤਰ ਸਨਤਾਂ ਗੈਰ ਸਿੱਖਾਂ ਦੇ ਹੱਥ ਵਿੱਚ ਹੀ ਵੇਖਣ ਵਿੱਚ ਆਉਂਦੀਆਂ ਹਨ। ਵਿਰਲੇ ਵਿਰਲੇ ਸਿੱਖਾਂ ਨੇ ਪੰਜਾਬ ਤੋਂ ਬਾਹਰ ਆਪਣੀਆਂ ਫੈਕਟਰੀਆਂ ਲਗਾਈਆਂ ਹਨ। ਜਿਆਦਾ ਤਰ ਜਾਂ ਤਾਂ ਆਪਣਾ ਕਿੱਤਾ ਕਰਦੇ ਹਨ ਜਾਂ ਛੋਟੇ ਪੱਧਰ ਤੇ ਵਾਪਾਰ ਕਰਦੇ ਹਨ।

ਗੁਰੂ ਦਾ ਬਖ਼ਸ਼ਿਆ ਗਿਆਨ, ਅਕਾਲ ਪੁਰਖੁ ਨੂੰ ਵੱਡਾ ਆਖ ਕੇ, ਉਸ ਦੀ ਸਿਫ਼ਤ ਸਾਲਾਹ ਕਰਨ ਦੀ ਜਾਚ ਸਿਖਾਂਦਾ ਹੈ ਤੇ ਦੱਸਦਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਸਦਾ ਕਾਇਮ ਰਹਿਣ ਵਾਲਾ ਹੈ। ਜੋ ਮਨੁੱਖ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਬੀਜਦਾ ਹੈ, ਉਸ ਦੇ ਅੰਦਰ ਨਾਮੁ ਹੀ ਪ੍ਰਫੁਲਤ ਹੁੰਦਾ ਹੈ, ਉਸ ਦਾ ਹੰਕਾਰ ਦੂਰ ਹੋ ਜਾਂਦਾ ਹੈ। ਅੰਦਰ ਨਿਮਰਤਾ, ਸਬਰ, ਸੰਤੋਖ, ਸਹਿਜ ਆਦਿ ਗੁਣ ਪੈਦਾ ਹੋ ਜਾਂਦੇ ਹਨ। ਅਜੇਹੇ ਮਨੱਖ ਨੂੰ ਆਪਣੇ ਵਾਪਾਰ ਵਿੱਚ ਸਫਲਤਾ ਮਿਲਦੀ ਹੈ ਤੇ ਉਸ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਵੀ ਆਦਰ ਸਤਿਕਾਰ ਮਿਲਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਮਨੁੱਖ ਲਈ ਅਸਲ ਰਾਸਿ ਪੂੰਜੀ ਅਕਾਲ ਪੁਰਖੁ ਦੇ ਗੁਣਾਂ ਦਾ ਗਿਆਨ ਹੈ ਤੇ ਇਹ ਗਿਆਨ ਗੁਰੂ ਤੋਂ ਮਿਲਦਾ ਹੈ। ਇਸ ਗਿਆਨ ਰੂਪੀ ਪੂੰਜੀ ਤੋਂ ਬਿਨਾ ਕੋਈ ਮਨੁੱਖ ਜਗਤ ਤੋਂ ਨਫ਼ਾ ਖੱਟ ਕੇ ਨਹੀਂ ਜਾਂਦਾ। ਅੱਜਕਲ ਜਿਆਦਾ ਤਰ ਸਿੱਖਾਂ ਵਿੱਚ ਗੁਰਬਾਣੀ ਦੁਆਰਾ ਦੱਸੇ ਗਏ ਗਿਆਨ ਦੀ ਕਮੀ ਹੈ, ਜਿਸ ਕਰਕੇ ਉਹ ਇੱਕ ਸਫਲ ਸਨਤ ਲਾਉਂਣ ਤੇ ਚਲਾਉਂਣ ਦਾ ਤਰੀਕਾ ਨਹੀਂ ਸਮਝ ਸਕੇ ਹਨ।

ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ॥ (੧੨੪੩-੧੨੪੪)

ਅਕਾਲ ਪੁਰਖੁ ਦੇ ਨਾਮੁ ਰੂਪੀ ਧਨ ਦਾ ਵਣਜ ਕਰਨ ਵਾਲਾ, ਭਾਵ ਗੁਰਮਤਿ ਅਨੁਸਾਰ ਕਿਰਤ ਕਰਨ ਵਾਲਾ ਮਨੁੱਖ ਜੀਵਨ ਵਿੱਚ ਪੂਰਨ ਤੌਰ ਤੇ ਸਫਲ ਰਹਿੰਦਾ ਹੈ। ਉਹ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ ਤੇ ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਜਿਸ ਮਨੁੱਖ ਤੇ ਅਕਾਲ ਪੁਰਖੁ ਮਿਹਰ ਦੀ ਨਜ਼ਰ ਕਰਦਾ ਹੈ, ਉਸ ਮਨੁੱਖ ਅੰਦਰ ਵਿਕਾਰਾਂ ਦਾ ਟਾਕਰਾ ਕਰਨ ਦੀ ਹਿੰਮਤ ਆ ਜਾਂਦੀ ਹੈ ਤੇ ਅਜੇਹਾ ਮਨੁੱਖ ਸੂਰਮਾ ਬਣ ਜਾਂਦਾ ਹੈ।

ਹਰਿ ਧਨ ਕੋ ਵਾਪਾਰੀ ਪੂਰਾ॥ ਜਿਸਹਿ ਨਿਵਾਜੇ ਸੋ ਜਨੁ ਸੂਰਾ॥ ੧॥ ਰਹਾਉ॥ (੧੯੪)

ਜਿਥੇ ਇੱਕ ਸਨਤਕਾਰ ਨੂੰ ਹਿੰਮਤੀ, ਸੂਰਮਾਂ ਤੇ ਬਹਾਦਰ ਹੋਣਾ ਚਾਹੀਦਾ ਹੈ, ਉਸ ਦੇ ਨਾਲ ਨਾਲ ਉਸ ਅੰਦਰ ਨਿਮਰਤਾ ਦੀ ਮਿਠਾਸ ਵੀ ਹੋਣੀ ਚਾਹੀਦਾ ਹੈ। ਅਕਾਲ ਪੁਰਖੁ ਦੇ ਨਾਮੁ ਦਾ ਵਪਾਰ ਸੁਆਦਲਾ ਵਪਾਰ ਹੈ, ਅਜੇਹਾ ਵਾਪਾਰ ਕਰਨ ਵਾਲੇ ਮਨੁੱਖ ਦੇ ਅੰਦਰ ਨਿਮਰਤਾ ਤੇ ਮਿਠਾਸ ਆਪਣੇ ਆਪ ਪੈਦਾ ਹੋ ਜਾਂਦੀ ਹੈ। ਜਿਸ ਸਦਕਾ ਉਸ ਦਾ ਵਪਾਰ ਵਿੱਚ ਨਫ਼ਾ ਸਦਾ ਵਧਦਾ ਰਹਿੰਦਾ ਹੈ।

ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ॥ (੨੪੩)

ਜੇਕਰ ਉਪਰ ਸਾਂਝੀਆਂ ਕੀਤੀਆਂ ਗਈਆਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਇਕੱਠਾਂ ਕਰੀਏ ਤਾਂ ਅਸੀਂ ਸਨਤ ਲਗਾਉਂਣ ਤੇ ਚਲਾਉਂਣ ਦੇ ਸਾਰੇ ਗੁਰ ਜਾਣ ਸਕਦੇ ਹਾਂ। ਜਿਹੜਾ ਸਨਤਕਾਰ ਗੁਰ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿੱਚ ਵਿਚਰਦਾ ਹੈ, ਉਹ ਸੱਚ ਦੀ ਪਹਿਚਾਨ ਕਰਨ ਦੇ ਸਮਰਥ ਹੋ ਜਾਂਦਾ ਹੈ ਤੇ ਹਮੇਸ਼ਾ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਸਨਤਕਾਰ ਦੇ ਅੰਦਰ ਅਕਾਲ ਪੁਰਖੁ ਦੇ ਗੁਣਾਂ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਨਿਮਰਤਾ, ਸਬਰ, ਸੰਤੋਖ, ਸਹਿਜ ਆਦਿ ਗੁਣ ਪੈਦਾ ਹੋ ਸਕਣ। ਜਿਥੇ ਇੱਕ ਸਨਤਕਾਰ ਨੂੰ ਹਿੰਮਤੀ ਸੂਰਮਾਂ ਤੇ ਬਹਾਦਰ ਹੋਣਾ ਚਾਹੀਦਾ ਹੈ ਉਸ ਦੇ ਨਾਲ ਨਾਲ ਉਸ ਅੰਦਰ ਨਿਮਰਤਾ ਦੀ ਮਿਠਾਸ ਵੀ ਹੋਣੀ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਸਾਰੇ ਕੰਮ ਕਰਨ ਵਾਲਿਆਂ ਨਾਲ ਪ੍ਰੇਮ ਤੇ ਸਾਂਝ ਕਾਇਮ ਕਰ ਸਕਦਾ ਹੈ ਤੇ ਸਫਲ ਪ੍ਰਬੰਧਕ ਤੇ ਸਨਤਕਾਰ ਬਣ ਸਕਦਾ ਹੈ। ਹਰੇਕ ਇਨਸਾਨ ਵਿੱਚ ਕੁੱਝ ਨਾ ਕੁੱਝ ਗੁਣ ਜਰੂਰ ਹੁੰਦੇ ਹਨ, ਇਸ ਲਈ ਵੱਡੇ ਤੇ ਸਾਂਝੇ ਕਾਰਜ ਕਰਨ ਲਈ ਹੋਰਨਾਂ ਦਾ ਸਾਥ ਲੈਂਣ ਨਾਲ ਸਫਲਤਾ ਆਪਣੇ ਆਪ ਮਿਲ ਜਾਂਦੀ ਹੈ। ਹਰੇਕ ਸਨਤਕਾਰ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਸਭ ਦੀਆਂ ਯੋਗਤਾਵਾਂ ਦਾ ਪੂਰਾ ਪੂਰਾ ਲਾਭ ਲੈ ਕੇ ਸਾਂਝੇ ਕਾਰਜ ਨੂੰ ਤਰੱਕੀ ਦੀ ਦਿਸ਼ਾ ਵੱਲ ਲੈ ਕੇ ਜਾਵੇ। ਭਾਈ ਗੁਰਦਾਸ ਜੀ ਨੇ ਇਹੀ ਕਿਹਾ ਹੈ।

ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ(੧੩-੧੯-੧)

ਨਿਚੋੜ

ਕਿਸੇ ਵੀ ਕੌਮ ਦੀ ਤਰੱਕੀ ਇਸ ਉਪਰ ਨਿਰਭਰ ਕਰਦੀ ਹੈ ਕਿ ਉਨ੍ਹਾਂ ਦਾ ਵਿਦਿਅਕ ਤੇ ਗਿਆਨ ਦਾ ਸਤੱਰ ਕਿਤਨਾਂ ਕੁ ਹੈ। ਪਹਿਲਾਂ ਪੰਜਾਬ ਵਿੱਚ ਪੜ੍ਹਿਆਂ ਲਿਖਿਆਂ ਦਾ ਦਰਜਾ ੧੯੧੧ ਵਿੱਚ ਭਾਰਤ ਵਿਚੋਂ ਚੌਥੇ ਸਥਾਨ (੪/੧੮) ਤੇ ਸੀ ਜੋ ਕਿ ਘਟ ਕੇ ਚੱਵੀਵੇਂ (੨੪) ਨੰਬਰ ਤੇ ਰਹਿ ਗਿਆ ਹੈ। ( Position of Punjab in Education within India was 1911 = 4th, 1951 = 7th, 1961 = 13th, 1971 = 11th, 2001 = 24th ) ਇਹੀ ਕਾਰਨ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜੋਰ ਹੋ ਗਈ ਹੈ। ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦਾ ਸਤੱਰ ਬਹੁਤ ਨੀਵਾਂ ਹੈ ਤੇ ਪ੍ਰਾਈਵੇਟ ਸਕੂਲ਼ ਜਾਂ ਕਾਲਜਾਂ ਦਾ ਮੰਤਵ ਸਿਰਫ ਪੈਸਾ ਇਕੱਠਾ ਕਰਨਾ ਲਈ ਇੱਕ ਵਾਪਾਰ ਹੀ ਰਹਿ ਗਿਆਂ ਹੈ। ਹਾਲਤ ਇਹ ਹੈ, ਕਿ ਨਾ ਤਾਂ ਬੱਚੇ ਪੜ੍ਹਨਾਂ ਚਾਹੁੰਦੇ ਹਨ ਤੇ ਨਾ ਹੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਹਨ, ਮਾਤਾ ਪਿਤਾ ਨੂੰ ਸਿਰਫ ਪਾਸ ਹੋਣ ਤੇ ਚੰਗੇ ਨੰਬਰ ਲੈਣ ਦਾ ਹੀ ਫਿਕਰ ਹੈ। ਕਿਸੇ ਨੂੰ ਵਿਦਿਅਕ ਯੋਗਤਾ ਵਧਾਉਣ ਨਾਲ ਕੋਈ ਵਾਸਤਾ ਨਹੀਂ। ਵਿਦਿਅਕ ਯੋਗਤਾ ਘਟਨ ਕਰਕੇ ਮਾਇਕ ਹਾਲਤ ਹੋਰ ਬੁਰੀ ਹੁੰਦੀ ਜਾ ਰਹੀ ਹੈ। ਕੌਮ ਦੀ ਤਰੱਕੀ ਸਾਇੰਸ, ਕਾਮਰਸ, ਖੇਤੀ ਬਾੜੀ ਜਾਂ ਹੋਰ ਤਕਨੀਕੀ ਵਿਸ਼ੇ ਪੜ੍ਹਨ ਨਾਲ ਹੋਣੀ ਹੈ, ਪਰ ਇਨ੍ਹਾਂ ਵਲ ਬਹੁਤ ਘਟ ਲੋਕ ਤਵੱਜੋ ਦਿੰਦੇ ਹਨ। ਭਾਵੇਂ ਲੁਧਿਆਣੇ ਵਿੱਚ ਖੇਤੀ ਬਾੜੀ ਯੂਨੀਵਰਸਟੀ ਬਣੀ ਹੈ, ਪਰ ਕਿਨੇ ਕੁ ਪਿੰਡਾਂ ਦੇ ਖੇਤੀ ਕਰਨ ਵਾਲੇ ਬੱਚੇ ਉਥੇ ਪੜ੍ਹਦੇ ਹਨ। ਖੇਤੀ ਬਾੜੀ ਯੂਨੀਵਰਸਟੀ ਵਿੱਚ ਪੜ੍ਹਨ ਵਾਲੇ ਬੱਚੇ ਜਿਆਦਾਤਰ ਸ਼ਹਿਰਾਂ ਦੇ ਹੀ ਹਨ ਤੇ ਜਾਂ ਉਹ ਬੱਚੇ ਹਨ, ਜਿਹੜੇ ਖੇਤੀ ਬਾੜੀ ਨਹੀਂ ਕਰਦੇ ਹਨ।

ਬਾਹਰੋਂ ਕੋਈ ਸਨਤ ਨਹੀ ਲਗਾਈ ਜਾ ਰਹੀ ਹੈ, ਜਿਸ ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ ਹਨ। ਬੇਰੁਜਗਾਰੀ ਕਰਕੇ ਚੋਰੀਆਂ ਡਾਕੇ ਤੇ ਹੋਰ ਕਈ ਤਰ੍ਹਾਂ ਦੀਆਂ ਗੈਰਕਾਨੂੰਨੀ ਕਾਰਵਾਈਆਂ ਵਧ ਗਈਆਂ ਹਨ। ਬਿਹਾਰੀਆਂ ਦਾ ਭਾਰੀ ਗਿਣਤੀ ਵਿੱਚ ਪੰਜਾਬ ਵਿੱਚ ਆ ਕੇ ਵਸਣ ਨਾਲ ਬੇਰੁਜਗਾਰੀ ਤੇ ਗੈਰਕਾਨੂੰਨੀ ਕਾਰਵਾਈਆਂ ਵਿੱਚ ਬਹੁਤ ਵਾਧਾ ਹੋ ਗਿਆਂ ਹੈ। ਇਨ੍ਹਾਂ ਵਧ ਰਹੀਆਂ ਸਮਸਿਆਂਵਾਂ ਪ੍ਰਤੀ ਲੋਕ ਅਤੇ ਸਰਕਾਰ, ਕੋਈ ਵੀ ਤਵੱਜੋਂ ਨਹੀਂ ਦੇ ਰਹੇ ਹਨ।

ਪੰਜਾਬ ਵਿੱਚ ਰਹਿਣ ਵਾਲਾ, ਨਾਲ ਦੀਆਂ ਸਟੇਟ ਵਿੱਚ ਜਾ ਕੇ ਜਮੀਨ ਨਹੀਂ ਖਰੀਦ ਸਕਦਾ ਹੈ, ਪਰੰਤੂ ਬਾਹਰ ਦੀ ਸਟੇਟ ਵਿੱਚ ਰਹਿਣ ਵਾਲਾ ਪੰਜਾਬ ਵਿੱਚ ਆ ਕੇ ਜਮੀਨ ਖਰੀਦ ਸਕਦਾ ਹੈ। ਇਸ ਕਰਕੇ ਖੇਤੀਬਾੜੀ ਦਾ ਕਾਰੋਬਾਰ ਵੀ ਦੂਸਰਿਆਂ ਦੇ ਹੱਥਾਂ ਵਿੱਚ ਜਾ ਰਿਹਾ ਹੈ।

ਕੌਮ ਦੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ, ਜੇਕਰ ਸਿੱਖਾਂ ਦਾ ਵਿਦਿਅਕ ਸਤੱਰ ਉਚਾ ਹੋਵੇ ਤਾਂ ਜੋ ਉਹ ਕਿਤਾ, ਵਾਪਾਰ, ਨੌਕਰੀ ਤੇ ਸਨਤ ਸਬੰਧੀ ਸਹੀ ਚੋਣ ਤੇ ਕਾਰਵਾਈ ਕਰ ਸਕਣ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦਾ ਵਿਦਿਅਕ ਸਤੱਰ ਉੱਚਾ ਕਰਨ ਲਈ ਧਿਆਨ ਦੇਵੇ। ਜਲੂਸਾਂ, ਆਤਸ਼ਬਜੀਆਂ, ਕੀਰਤਨ ਦਰਬਾਰਾਂ ਤੇ ਸਮਾਗਮਾਂ ਤੇ ਖਰਚਾ ਘਟਾ ਕੇ ਉਸ ਨੂੰ ਘਰ ਘਰ ਵਿੱਚ ਗੁਰਬਾਣੀ ਪੜ੍ਹਨ, ਸੁਣਨ, ਤੇ ਸਮਝਾਣ ਲਈ ਵਰਤੇ ਤਾਂ ਜੋ "ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥" ਦਾ ਮੰਤਵ ਪੂਰਾ ਕੀਤਾ ਜਾ ਸਕੇ। ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਵੀ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਲਈ ਮਾਇਆਂ ਦੇਣ ਦੀ ਬਜਾਏ, ਗਰੀਬ ਸਿੱਖਾਂ ਦੀ ਸਹਾਇਤਾ ਅਤੇ ਉਨ੍ਹਾਂ ਦਾ ਧਾਰਮਿਕ ਤੇ ਵਿਦਿਅਕ ਸਤੱਰ ਉੱਚਾ ਕਰਨ ਲਈ ਵਰਤਣ। ਮੰਜਲ ਇਹ ਹੋਣੀ ਚਾਹੀਦੀ ਹੈ ਕਿ ਕੋਈ ਵੀ ਸਿੱਖ ਬੱਚਾ ਜਾਂ ਬੱਚੀ ਬੀ. ਐਸ. ਸੀ, ਡਿਪਲੋਮਾਂ ਜਾਂ ਡਿਗਰੀ ਤੋਂ ਘਟ ਨਹੀਂ ਹੋਣੇ ਚਾਹੀਦੇ ਹਨ। ਚੰਗੇ ਸਿੱਖ ਬੱਚੇ ਜਾਂ ਬੱਚੀਆਂ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਵਜ਼ੀਫੇ ਤੇ ਇਨਾਮ ਦਿਤੇ ਜਾਣੇ ਚਾਹੀਦੇ ਹਨ। ਜਿਆਦਾ ਘਟ ਪੜ੍ਹੇ ਬੱਚਿਆਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਵਿੱਚ ਹੀ ਹੈ, ਇਸ ਲਈ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਦਾ ਵਿਦਿਅਕ ਪੱਧਰ ਉੱਚਾ ਕਰਨ ਲਈ ਅਧੁਨਿਕ ਤਕਨੀਕ ਦੀ ਵਿਦਿਆ ਦਾ ਖਾਸ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ। ਲਾਇਕ ਤੇ ਗੁਣਵਾਨ ਸਿੱਖ ਬੱਚੇ ਜਾਂ ਬੱਚੀਆਂ ਲਈ ਅਧੁਨਿਕ ਤਕਨੀਕ ਦੇ ਆਧਾਰ ਤੇ ਤਿਆਰ ਕੀਤੇ ਗਏ, ਮਾਡਲ ਸਕੂਲਾਂ ਵਿੱਚ ਵਿਸ਼ੇਸ਼ ਸਿਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਸ ਵਿੱਚ ਧਾਰਮਕ, ਇਖਲਾਕ, ਤੇ ਦੁਨਿਆਵੀ ਸਿਖਿਆ ਦਾ ਪੱਧਰ ਆਮ ਨਾਲੋਂ ਕਿਤੇ ਉੱਚਾ ਹੋਣਾ ਚਾਹੀਦਾ ਹੈ।

Hard Work and Efforts ® Good Marks ® Good Colleges ® Good Job ®

Good spouse

Gurmat Vichar ® Principles of Gurbani ® Balanced Family life ® Harmony in life ® (ਬੇਗਮਪੁਰਾ, ਅਨੰਦ)

ਵਿਦਿਆਰਥੀਆਂ ਦੇ ਕਿੱਤੇ, ਖੇਤਰ, ਆਦਿ ਦੀ ਚੋਣ ਜ਼ਿਆਦਾਤਰ ਵਿਦਿਆਰਥੀ ਦੀ ਯੋਗਤਾ ਜਾਂ ਰੁਚੀ ਅਨੁਸਾਰ ਨਹੀਂ ਹੁੰਦੀ ਹੈ। ਇਹ ਮਾਪਿਆਂ ਦੀ ਆਰਥਕ ਸਥਿਤੀ, ਕਾਲਜ਼/ਯੁਨੀਵਰਸਿਟੀ ਦੀ ਫੀਸ ਅਤੇ ਦਾਖਲਾ ਨੀਤੀ ਅਨੁਸਾਰ ਹੁੰਦੀ ਹੈ। ਸਾਡਾ ਇਮਤਿਹਾਨ ਸਿਸਟਮ ਲਿੱਖਤੀ ਪੇਪਰਾਂ ਦੇ ਨਤੀਜਿਆਂ ਅਨੁਸਾਰ ਚਲਦਾ ਹੈ। ਅਧਿਆਪਕਾਂ ਦੀ ਕਮਜ਼ੋਰੀ, ਪੈਸੇ ਵਾਲਿਆਂ ਦਾ ਜੋਰ ਅਤੇ ਲੀਡਰਾਂ ਦੀਆਂ ਸਿਫਾਰਸ਼ਾਂ ਕਰਕੇ ਪਰੈਕਟੀਕਲ ਇਮਤਿਹਾਨਾਂ ਦੀ ਮਹੱਤਤਾ ਬਹੁਤ ਘਟ ਗਈ ਹੈ। ਇਸ ਕਰਕੇ ਵਿਦਿਆਰਥੀ ਦੀ ਪਰਖ ਦਾ ਲਿਖਤੀ ਵਸੀਲਾ ਹੀ ਰਹਿ ਗਿਆ ਹੈ। ਕਿੱਤੇ ਦੀ ਚੋਣ ਲਈ ਸਿਰਫ ਮੈਰਿਟ ਲਿਸਟ ਹੀ ਦੇਖੀ ਜਾਂਦੀ ਹੈ, ਕਿੱਤੇ ਪ੍ਰਤੀ ਯੋਗਤਾ ਜਾਂ ਰੁਚੀ ਨਹੀਂ। ਮਾਤਾ ਪਿਤਾ ਅਤੇ ਵਿਦਿਆਰਥੀ ਵੀ ਜਿਆਦਾ ਤਰ ਬਾਅਦ ਵਿੱਚ ਮਿਲਣ ਵਾਲੀ ਨੌਕਰੀ ਅਤੇ ਤਨਖਾਹ ਹੀ ਵੇਖਦੇ ਹਨ।

ਸਰਕਾਰ ਦੀਆਂ ਆਰਥਕ ਮੁਸ਼ਕਲਾਂ ਕਰਕੇ ਹਰ ਸਾਲ ਸਕੂਲਾਂ ਅਤੇ ਕਾਲਜ਼ਾਂ ਦੀਆਂ ਫੀਸਾਂ ਵਧ ਰਹੀਆਂ ਹਨ। ਬਾਹਰਲੇ ਦੇਸ਼ਾਂ ਵਾਂਗ ਪੜ੍ਹਾਈ ਮਹਿੰਗੀ ਹੁੰਦੀ ਜਾ ਰਹੀ ਹੈ। ਇਸ ਕਰਕੇ ਸਿਰਫ ਅਮੀਰ ਮਾਂ ਬਾਪ ਹੀ ਬੱਚਿਆਂ ਦੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਸਰਕਾਰੀ ਨੌਕਰੀ ਦੀ ਚੋਣ ਸਮੇਂ ਸਫਾਰਸ਼ ਤੇ ਨੰਬਰ ਵੇਖੇ ਜਾਂਦੇ ਹਨ। ਇਸ ਲਈ ਰਾਜਨੀਤਕਾਂ ਅਤੇ ਅਮੀਰਾਂ ਨੇ ਡਿਗਰੀਆਂ ਵਿੱਚ ਵੱਧ ਨੰਬਰ ਕਰਵਾਉਣ ਵਿੱਚ ਵੀ ਪ੍ਰਭਾਵ ਪਾਉਣਾਂ ਸ਼ੁਰੂ ਕਰ ਦਿਤਾ ਹੈ।

ਸਿੱਖ ਧਰਮ ਸਬੰਧੀ ਅਗਿਆਨਤਾ ਤੇ ਬੇਰੁਜਗਾਰੀ ਨੇ ਪਿੰਡਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿੱਚ ਪੜ੍ਹ ਰਹੇ ਬੱਚੇ ਬੱਚੀਆਂ ਵਿੱਚ ਨਸ਼ਿਆਂ ਦੀ ਆਦਤ ਪਾ ਦਿਤੀ ਹੈ, ਜੋ ਕਿ ਵੱਡੀ ਪੱਧਰ ਤੇ ਇੱਕ ਬਰਬਾਦੀ ਦਾ ਕਾਰਨ ਬਣ ਗਈ ਹੈ। ਕਈ ਜੀਵਨ ਤੇ ਪਰਿਵਾਰ ਬਰਬਾਦ ਹੋ ਗਏ ਹਨ ਤੇ ਹੋਰ ਬਹੁਤ ਸਾਰੇ ਭਵਿੱਖ ਵਿੱਚ ਬਰਬਾਦ ਹੋ ਜਾਣਗੇ। ਸਿੱਖ ਧਰਮ ਅਨੁਸਾਰ ਸ਼ਰਾਬ ਤੇ ਨਸ਼ਿਆਂ ਦੀ ਸਖਤ ਮਨਾਹੀ ਹੈ, ਇਸ ਲਈ ਪੰਜਾਬ ਵਿੱਚ ਹੁਣ ਸਿੱਖ ਨਹੀਂ, ਬਲਕਿ ਬਹਿਰੂਪੀਏ ਮਿਲ ਰਹੇ ਹਨ। ਸ਼ਰਾਬ, ਅਫੀਮ, ਚਰਸ, ਗਾਂਜਾ, ਸਮੈਕ, ਜਾ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਸੇਵਨ ਕਰਨ ਵਾਲੇ ਲੋਕਾਂ ਨੂੰ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ।

ਈਮਾਨ ਨਾਲ ਧੋਖਾ ਅਕਾਲ ਪੁਰਖੁ ਨਾਲ ਧੋਖਾ ਹੈ। ਜੀਵਨ ਉਹੀ ਸਫਲ ਹੈ ਜੋ ਅਸਲ ਨਾਲ ਜੁੜਿਆ ਹੈ, ਨਹੀਂ ਤਾਂ ਉਹ ਇੱਕ ਬਨਾਵਟੀ ਜੀਵਨ ਹੈ। ਇਸ ਉਪਰ ਦਿੱਸਦੇ ਆਕਾਸ਼ (ਛੱਤ) ਦੇ ਹੇਠ ਬੇਅੰਤ ਧਰਤੀਆਂ, ਮਾਨੋ ਬਾਜ਼ਾਰ ਹਨ, ਇਨ੍ਹਾਂ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਵਪਾਰ ਕਰਨ ਵਾਲੇ ਜੀਵ-ਵਪਾਰੀ ਹੀ ਸੋਹਣੇ ਲੱਗਦੇ ਹਨ। ਇਸ ਜਗਤ ਰੂਪੀ ਮੰਡੀ ਵਿੱਚ ਉਹ ਮਨੁੱਖ ਧਨਵਾਨ ਹੈ, ਜੋ ਇੱਕ ਅਖੁੱਟ ਹਰਿ ਨਾਮ ਦਾ ਸੌਦਾ ਹੀ ਖੱਟਦਾ ਹੈ।

ਸਲੋਕ ਮਃ ੫॥ ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ॥ ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ॥ ੧॥ (੯੬੫)

ਪ੍ਰਬੰਧਕ ਕਮੇਟੀਆਂ ਦਾ ਫਰਜ਼ ਹੈ ਕਿ ਸੰਗਤ ਦਾ ਆਪਸੀ ਮੇਲ ਜੋਲ ਵਧਾਉਣ ਅਤੇ ਹਰ ਤਰ੍ਹਾ ਦੇ ਕਿਤਿਆਂ ਵਿੱਚ ਸਹਾਈ ਹੋਣ। ਲੰਗਰ ਤੋਂ ਬਾਅਦ ਆਪਸੀ ਗੱਪਾਂ ਦੀ ਬਜਾਏ, ਇੱਕ ਦੂਜੇ ਦੇ ਕਿੱਤੇ ਵਿੱਚ ਸਹਾਈ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਉਦਯੋਗ ਪਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਹਾਈ ਹੋ ਸਕਦੇ ਹਨ। ਗੁਰਦੁਆਰਾ ਸਾਹਿਬ ਅੰਦਰ ਆਪਣੇ ਇਲਾਕੇ ਵਿੱਚ ਹਰ ਸਿੱਖ ਪਰਿਵਾਰ ਦਾ ਪੂਰਾ ਰਿਕਾਰਡ ਰੱਖਿਆ ਜਾਵੇ, ਜਿਸ ਵਿੱਚ ਹਰੇਕ ਦੀ ਯੋਗਤਾ ਅਤੇ ਕਿੱਤੇ ਬਾਰੇ ਜਾਣਕਾਰੀ ਹੋਵੇ। ਇਸ ਕੰਮ ਲਈ ਕੰਮਪਿਊਟਰ ਵਿੱਚ ਡਾਟਾ ਬੈਂਕ ਕਾਇਮ ਕੀਤਾ ਜਾ ਸਕਦਾ ਹੈ। ਪ੍ਰਬੰਧਕ ਕਮੇਟੀਆਂ ਹਰ ਤਰ੍ਹਾਂ ਦੀ ਸਾਂਝੀ ਸਿਖਲਾਈ ਦੇ ਪ੍ਰਬੰਧ ਕਰਨ ਲਈ ਸਹਾਈ ਹੋ ਸਕਦੀਆਂ ਹਨ। ਸਕੂਲਾਂ ਅਤੇ ਕਾਲਜ਼ਾ ਨਾਲ ਤਾਲਮੇਲ ਹੋਣਾਂ ਚਾਹੀਦਾ ਹੈ। ਗੁਰਦੁਆਰਾ ਸਾਹਿਬ ਨੂੰ ਇਕੱਲੀ ਪਾਠ ਪੂਜ਼ਾ ਤੋਂ ਅੱਗੇ ਵਧ ਕੇ, ਜੀਵਨ ਦੇ ਹਰ ਪਹਿਲੂ ਵਿੱਚ ਰਹਿਨੁਮਾਈ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਕਾਰੋਬਾਰ, ਕੀਰਤਨ, ਸ਼ਬਦ ਵਿਚਾਰ, ਦਵਾ ਦਾਰੂ, ਸਰੀਰਕ ਤੰਦਰੁਸਤੀ, ਧਾਰਮਿਕ, ਸਮਾਜਕ ਅਤੇ ਰਾਜਨੀਤਕ ਸਿਖਿਆ, ਆਦਿ। ਹਰੇਕ ਛੋਟੇ ਅਤੇ ਵੱਡੇ ਨੂੰ ਸਿੱਖੀ ਦੇ ਮੁਢਲੇ ਸਿਧਾਂਤ ਅਤੇ ਅਮਲੀ ਜੀਵਨ ਦੀ ਸਿਖਿਆ ਦੇਣ ਲਈ ਪ੍ਰਬੰਧ ਕਰਨਾ ਚਾਹੀਦਾ ਹੈ। ਹੱਥ ਪੈਰ ਵਰਤ ਕੇ ਕੰਮ ਕਾਜ ਕਰਨੇ ਹਨ ਅਤੇ ਚਿੱਤ ਮਾਇਆ ਰਹਿਤ ਅਕਾਲ ਪੁਰਖੁ ਨਾਲ ਜੋੜਨਾਂ ਹੈ।

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩॥ (੧੩੭੫-੧੩੭੬)

ਹਰੇਕ ਕਾਰਜ ਨੂੰ ਕਰਨ ਲਈ ਸਭ ਤੋਂ ਪਹਿਲਾਂ ਉਦਮ ਕਰਨਾ ਪੈਂਦਾ ਹੈ। ਜੇਕਰ ਪਹਿਲਾ ਪਦਮ ਹੀ ਨਾ ਪੁਟੀਏ ਤਾਂ ਅੱਗੇ ਵਧਿਆ ਨਹੀਂ ਜਾ ਸਕਦਾ ਹੈ। ਗੁਰਬਾਣੀ ਵੀ ਇਹੀ ਸਿਖਿਆ ਦਿੰਦੀ ਹੈ।

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥ (੫੨੨)

ਆਮ ਪੰਜਾਬੀ ਦੀ ਕਹਾਵਤ ਹੈ ਕਿ "ਕੱਲ ਕਰਨਾ ਸੋ ਅੱਜ ਕਰ ਲੈ, ਅੱਜ ਕਰਨਾ ਸੋ ਅਬ ਕਰ ਲੈ"। ਕਬੀਰ ਸਾਹਿਬ ਵੀ ਗੁਰਬਾਣੀ ਵਿੱਚ ਇਹੀ ਸਮਝਾਉਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਤੋਂ ਕਦੇ ਆਲਸ ਨਾ ਕਰ। ਭਲਕੇ ਯਾਦ ਕਰਾਂਗਾ, ਇਹੋ ਜਿਹੀ ਸਲਾਹ ਕਰਦਾ ਨਾ ਰਹਿ ਜਾਵੀ, ਇਸ ਲਈ ਹੁਣੇ ਹੀ ਅਕਾਲ ਪੁਰਖੁ ਨੂੰ ਯਾਦ ਕਰ। ਭਲਕੇ ਯਾਦ ਕਰਨਾ ਸ਼ੁਰੂ ਕਰਨ ਦੇ ਬਜਾਏ ਹੁਣੇ ਹੀ ਯਾਦ ਕਰਨਾ ਸ਼ੁਰੂ ਕਰ ਦੇ, ਨਹੀਂ ਤਾਂ ਭਲਕ ਭਲਕ ਕਰਦਿਆਂ ਜਦੋਂ ਮੌਤ ਸਿਰ ਤੇ ਆ ਜਾਵੇਗੀ ਹੈ, ਉਸ ਵੇਲੇ ਸਮਾਂ ਬੀਤ ਜਾਣ ਦੇ ਬਾਅਦ ਕੁੱਝ ਨਹੀਂ ਹੋ ਸਕਣਾ।

ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥ ੧੩੮॥ (੧੩੭੧)

ਗੁਰੂ ਸਾਹਿਬ ਗੁਰਬਾਣੀ ਵਿੱਚ ਵਾਰ ਵਾਰ ਇਹੀ ਸਮਝਾਉਂਦੇ ਹਨ ਕਿ ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ, ਜੀਵਨ ਨੂੰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ। ਇਸੇ ਜਨਮ ਵਿੱਚ ਕਾਮਯਾਬ ਹੋ, ਜੀਵਨ ਦੀ ਖੇਡ ਜਿੱਤ, ਤਾਕਿ ਮੁੜ ਜਨਮ ਨਾ ਲੈਣਾ ਪਏ।

ਡਖਣੇ ਮਃ ੫॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ ੧॥ (੧੦੯੬)

ਗੁਰਬਾਣੀ ਵਿੱਚ ਮਨੁੱਖਤਾ ਦੀ ਭਲਾਈ ਲਈ ਬੇਅੰਤ ਰਹਿਨੁਮਾਈ ਮਿਲਦੀ ਹੈ। ਪਰੰਤੂ ਲੋੜ ਹੈ ਇਸ ਨੂੰ ਸਮਝਣ ਦੀ ਅਤੇ ਖੋਜਣ ਦੀ। ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਸਮਝਾਂਗੇ ਨਹੀਂ, ਖੋਜਾਂਗੇ ਨਹੀਂ ਤਾਂ ਉਤਨੀ ਦੇਰ ਤੱਕ ਅਸਲੀਅਤ ਦਾ ਪਤਾ ਨਹੀਂ ਲੱਗ ਸਕੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਦੇਂਦੇ ਸਮੇਂ ਹੁਕਮਨਾਮਾ ਜਾਰੀ ਕੀਤਾ ਸੀ। ਜੋ ਕਿ ਹਰ ਰੋਜ਼ ਅਰਦਾਸ ਦੇ ਉਪਰੰਤ ਪੜ੍ਹਿਆ ਜਾਂਦਾ ਹੈ।

ਦੋਹਰਾ: ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ॥

ਪਰ ਕੀ ਅਸੀਂ ਗੁਰੂ ਗਰੰਥ ਸਾਹਿਬ ਵਿਚੋਂ ਉਸ ਅਕਾਲ ਪੁਰਖੁ ਨੂੰ ਖੋਜਦੇ ਹਾਂ। ਜੇਕਰ ਆਪਣੇ ਕਾਰੋਬਾਰ ਵਿੱਚ ਸਫਲਤਾ ਚਾਹੁੰਦੇ ਹਾਂ, ਤਾਂ ਗੁਰਬਾਣੀ ਵਿਚੋ ਜੀਵਨ ਵਿੱਚ ਵਿਚਰਨ ਦਾ ਤਰੀਕਾ ਲੱਭਣਾ ਪਵੇਗਾ ਤੇ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਣਾ ਪਵੇਗਾ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ੮॥ (੭੫੯)

ਇਸ ਲਈ ਆਉ ਸਾਰੇ ਜਾਣੇ ਪ੍ਰਣ ਕਰੀਏ ਕਿ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ, ਅਤੇ ਉਦਮ ਕਰਕੇ ਮਨੁੱਖਤਾ ਨੂੰ ਖੁਸ਼ਹਾਲੀ ਅਤੇ ਆਨੰਦ ਦੀ ਅਵਸਥਾ ਤੱਕ ਲੈ ਕੇ ਜਾਈਏ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"

 

(ਡਾ: ਸਰਬਜੀਤ ਸਿੰਘ)

(Dr. Sarbjit Singh)

 
 

ਆਰ ਐਚ ੧/ਈ - ੮, ਸੈਕਟਰ - ੮,

RH1 / E-8, Sector-8,

 
 

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

 
   

Email = [email protected]

 
   

Web = http://www.geocities.ws/sarbjitsingh

 
   

http://www.sikhmarg.com/article-dr-sarbjit.html

 



.