.

ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹਣੇ

(ਸੁਖਜੀਤ ਸਿੰਘ ਕਪੂਰਥਲਾ)

ਪ੍ਰਮੇਸ਼ਵਰ ਵਲੋਂ ਬੇਅੰਤ ਜੀਵ ਜੰਤੂਆਂ ਨਾਲ ਭਰਪੂਰ ਸਾਜੀ ਹੋਈ 84 ਲੱਖ ਜੂਨਾਂ ਵਾਲੀ ਸ਼੍ਰਿਸ਼ਟੀ ਵਿੱਚ ਮਨੁੱਖਾ ਜਨਮ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਉੱਤਮਤਾ ਨੂੰ ਮਾਣਦੇ ਹੋਏ ਕਾਇਮ ਰੱਖਣਾ ਕਿਸੇ ਹੱਦ ਤੱਕ ਮਨੁੱਖ ਦੇ ਆਪਣੇ ਕਰਮਾਂ ਉਪਰ ਨਿਰਭਰ ਹੈ। ਪਰ ਕਈ ਵਾਰ ਇਸ ਮਾਰਗ ਤੋਂ ਭਟਕ ਕੇ ਮਨੁੱਖ ਕਰਤੂਤਿ ਪਸੂ ਕੀ ਮਾਨਸ ਜਾਤਿ` (? ? ?) ਵਾਲੇ ਕਰਮਾਂ ਦਾ ਧਾਰਣੀ ਬਣ ਕੇ ਪ੍ਰਮੇਸ਼ਰ ਵਲੋਂ ਮਿਲੀ ਸ਼੍ਰੇਸ਼ਟ ਦਾਤ ਨੂੰ ਵਿਅਰਥ ਗਵਾ ਲੈਂਦਾ ਹੈ। ਮਨੁੱਖ ਆਪਣੇ ਜੀਵਨ ਕਾਲ ਵਿੱਚ ਸਹੀ ਮਾਰਗ ਤੇ ਚਲਦਾ ਰਹੇ ਇਸ ਲਈ ਪ੍ਰਮੇਸ਼ਰ ਨੇ ਸਤਿਗੁਰਾਂ ਨੂੰ ਵੀ ਇਸ ਸੰਸਾਰ ਤੇ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ` (? ? ? ?) ਦੇ ਰੂਪ ਵਿੱਚ ਦਸ ਜਾਮਿਆਂ ਅੰਦਰ ਸੰਸਾਰ ਨੂੰ ਸੁਚੱਜੀ ਅਗਵਾਈ ਦੇਣ ਲਈ ਭੇਜਿਆ। ਦਸ ਗੁਰੂ ਸਹਿਬਾਨ 1469 ਤੋਂ ਲੈ ਕੇ 1708 ਈਸਵੀ ਤਕ 239 ਸਾਲ ਸਰੀਰਕ ਰੂਪ ਵਿੱਚ ਵਿਚਰਦੇ ਹੋਏ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਰਹੇ ਅਤੇ ਆਪਣੇ ਤੋਂ ਬਾਅਦ ਸਦੀਵੀ ਮਾਰਗ ਦਰਸ਼ਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਕੇ ਗਏ ਤਾਂ ਜੋ ਮਨੁੱਖਤਾ ਆਉਣ ਵਾਲੇ ਸਮੇਂ ਵਿੱਚ ਵੀ ਸਹੀ ਮਾਰਗ ਤੇ ਚਲਦੀ ਰਹੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅੰਦਰ ਬਾਰ-ਬਾਰ ਬਿਆਨ ਕੀਤਾ ਗਿਆ ਹੈ ਕਿ ਸੱਚੇ ਗੁਰੂ ਦੇ ਰਾਹੀਂ ਹੀ ਸਾਡਾ ਪਾਰ ਉਤਾਰਾ ਸੰਭਵ ਹੋ ਸਕਦਾ ਹੈ। ਪੂਰੇ ਗੁਰੂ ਦੇ ਮਿਲਾਪ ਪ੍ਰਤੀ ਜਦੋਂ ਸਾਡੇ ਅੰਦਰ ਤੜਪ ਪੈਦਾ ਹੋ ਜਾਂਦੀ ਹੈ ਤਾਂ ਉਸਦਾ ਦੀਦਾਰ ਕੀਤਿਆਂ ਹੀ ਸਾਡੇ ਹਿਰਦੇ ਅੰਦਰਲੀ ਵੇਦਨਾ ਪ੍ਰਕਾਰ ਉਠਦੀ ਹੈ:-

ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ।।

ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹਣੇ।।

(ਸੂਹੀ ਮਹਲਾ ੪-੭੫੮)

ਜੀਵ ਜਿਵੇਂ-ਜਿਵੇਂ ਇਸ ਮਾਰਗ ਤੇ ਅੱਗੇ ਵਧਦਾ ਜਾਂਦਾ ਹੈ, ਗੁਰੂ ਦੀ ਕ੍ਰਿਪਾ ਦੁਆਰਾ ਗੁਰੂ ਦੇ ਦਰਸ਼ਨ ਦੀ ਇਹ ਦੁਵੱਲੀ ਤੜਪ ਹੋਰ ਹੀ ਹੋਰ ਵਧਦੀ ਜਾਂਦੀ ਹੈ। ਪਪੀਹੇ ਵਲੋਂ ਸਵਾਂਤੀ ਬੂੰਦ ਦੀ ਲੋਚਾ ਵਾਲੀ ਅਵਸਥਾ ਵਿੱਚ ਪਹੁੰਚ ਕੇ ਸੱਚੇ ਗੁਰੂ ਦੇ ਦਰਸ਼ਨਾਂ ਪ੍ਰਤੀ ਜੀਵ ਪੁਕਾਰ ਉਠਦਾ ਹੈ:-

ਬਿਲਪ ਕਰੇ ਚਾਤ੍ਰਿਕ ਕੀ ਨਿਆਈ।।

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।।

ਤ੍ਰਿਖਾ ਨਾ ਉਤਰੈ ਸਾਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ।।

ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ।। ੧।। ਰਹਾਉ।।

(ਮਾਝ ਮਹਲਾ ੫-੯੬)

ਮਨੁੱਖਾ ਜੀਵਨ ਦੀ ਸ਼ਿਖਰ ਨੂੰ ਪ੍ਰਾਪਤ ਕਰਨ ਲਈ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ-ਸਮਝਦੇ ਜਾਂਦੇ ਹਾਂ ਤਾਂ ਸਾਡੇ ਅੰਦਰਲੀ ਤੜਪ ਹੋਰ ਵਧਦੀ ਜਾਂਦੀ ਹੈ, ਨਾਮ ਮਾਰਗ ਉਪਰ ਚਲਦੇ ਹੋਏ ਜਿਵੇਂ-ਜਿਵੇਂ ਸਾਨੂੰ ਪ੍ਰਮੇਸ਼ਰ ਦੀ ਸਮਝ ਪੈਂਦੀ ਜਾਂਦੀ ਹੈ ਸਾਡੇ ਮਨ ਤਨ ਉਪਰ ਇਸਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ, ਜੀਵਨ ਅੰਦਰ ਖੁਸ਼ੀ ਦੀ ਰੌਂ ਚਲ ਪੈਂਦੀ ਹੈ, ਇਸ ਰਾਹ ਉਪਰ ਤੁਰਦਿਆਂ ਹਿਰਦੇ ਅੰਦਰ ਠੰਡਕ ਮਹਿਸੂਸ ਹੁੰਦੀ ਹੈ। ਜੀਵਨ ਵਿੱਚ ਪੈਦਾ ਹੋਈ ਐਸੀ ਅਵਸਥਾ ਦੌਰਾਨ ਜਦੋਂ ਗੁਰੂ ਦਾ ਦੀਦਾਰ ਹੋ ਜਾਂਦਾ ਹੈ ਤਾਂ ਮਨ ਖਿੜਾਉ ਵਿੱਚ ਆ ਜਾਂਦਾ ਹੈ। ਇਸ ਪ੍ਰਥਾਇ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:-

ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ।।

ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ।।

(ਰਾਮਕਲੀ-ਸਲੋਕ ਮਹਲਾ ੫-੯੬੪)

ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ` (੨੩੯) ਦੇ ਰਸਤੇ ਉਪਰ ਚਲਦਿਆਂ-ਚਲਦਿਆਂ ਅਕਸਰ ਭਟਕਣ ਦਾ ਖਤਰਾ ਵੀ ਨਾਲ ਹੀ ਬਣਿਆ ਰਹਿੰਦਾ ਹੈ ਕਿਉਂਕਿ ਪੂਰੇ ਗੁਰੂ ਦੀ ਨਕਲ ਕਰਦੇ ਹੋਏ ਸੰਸਾਰ ਅੰਦਰ ਕਈ ਅਧੂਰੇ ਕੱਚੇ ਪਿਲੇ ਗੁਰੂ ਵੀ ਮਿਲ ਜਾਂਦੇ ਹਨ, ਜਿਨ੍ਹਾਂ ਦੀ ਪਹਿਚਾਣ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ, ਪਰ ਇਸ ਪੱਖਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਪੂਰੇ ਗੁਰੂ ਦੇ ਦਰਸ਼ਨਾਂ ਵਿਚੋਂ ਅਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਪਹਿਲਾਂ ਜਿਹੜੀ ਮਨ ਦੀ ਅਵਸਥਾ ਡਿਕੇ ਡੋਲੇ ਖਾਂਦੀ ਫਿਰਦੀ ਸੀ, ਉਹ ਟਿਕਾਉ ਵਿੱਚ ਆ ਜਾਂਦੀ ਹੈ। ਇਸ ਪੱਖ ਉਪਰ ਸ੍ਰੀ ਗੁਰੂ ਰਾਮਦਾਸ ਜੀ ਸਾਡੀ ਅਗਵਾਈ ਕਰਦੇ ਹੋਏ ਬਖਸ਼ਿਸ਼ ਕਰਦੇ ਹਨ:-

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ।।

ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦ ਲਹੀਐ।।

(ਗਉੜੀ ਬੈਰਾਗਣਿ ਮਹਲਾ ੪-੧੬੮)

ਚੌਥੇ ਪਾਤਸ਼ਾਹ ਦਾ ਆਪਣਾ ਨਿੱਜੀ ਜੀਵਨ ਭਾਈ ਜੇਠਾ ਤੋਂ ਧੰਨੁ ਧੰਨੁ ਰਾਮਦਾਸ ਗੁਰੁ` (੯੬੮) ਤਕ ਦਾ ਸਫਰ ਇਸ ਦੀ ਪ੍ਰਤੱਖ ਉਦਾਹਰਣ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਕਿਵੇਂ ਇੱਕ ਯਤੀਮ ਬਾਲਕ ਪੂਰੇ ਗੁਰੂ ਅਮਰਦਾਸ ਜੀ, ਜਿਨ੍ਹਾਂ ਬਾਰੇ ਭੱਟ ਸਹਿਬਾਨ ਦੇ ਬਚਨ ਹਨ ਕਿ ਜਾਲਪਾ ਪਦਾਰਥ ਇਤੜੇ ਗੁਰੁ ਅਮਰਦਾਸ ਡਿਠੇ ਮਿਲਹਿ` (੧੩੯੫) ਦੇ ਦਰਸ਼ਨ ਦੀਦਾਰੇ ਕਰਦਿਆਂ ਸਮਰਥ ਗੁਰੂ ਸਿਰਿ ਹਥੁ ਧਰਿਅਉ` ਵਾਲੀ ਬਖਸ਼ਿਸ਼ ਦੇ ਪਾਤਰ ਬਣ ਗਏ ਤਾਂ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਉਪਰ ਤੀਜੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਲੋਂ ਪ੍ਰਾਪਤ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ` (੧੩੯੯) ਵਾਲਾ ਇਤਿਹਾਸ ਦਾ ਇੱਕ ਨਿਵੇਕਲਾ ਪੰਨਾ ਦੁਨੀਆਂ ਦੇ ਸਨਮੁੱਖ ਪੇਸ਼ ਕੀਤਾ। ਗੁਰੂ ਅਮਰਦਾਸ ਜੀ ਵਲੋਂ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਵਾਲੀ ਆਪਣੀ ਜਗ੍ਹਾ ਤੇ ਤਖਤ ਉਪਰ ਬਿਰਾਜਮਾਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪਹਿਲਾਂ ਉਪਦੇਸ਼ ਦੇਣ ਲਈ ਹੁਕਮ ਕੀਤਾ। ਇਤਿਹਾਸ ਗਵਾਹ ਹੈ ਕਿ ਪਹਿਲੇ ਦਿਨ ਗੁਰੂ ਤਖਤ ਉਪਰ ਬਿਰਾਜਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਨੇਤਰ ਸੇਜਲ ਹੋ ਗਏ ਅਤੇ ਵੈਰਾਗ ਵਿੱਚ ਆ ਕੇ ਹਾਜ਼ਰ ਸੰਗਤਾਂ ਨੂੰ ਪਹਿਲਾ ਉਪਦੇਸ਼ ਬਖਸ਼ਿਸ਼ ਕੀਤਾ:-

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ।।

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।।

(ਗਉੜੀ ਬੈਰਾਗਣਿ ਮਹਲਾ ੪-੧੬੭)

1574 ਤੋਂ 1581 ਈਸਵੀ ਤਕ ਲਗਭਗ 7 ਸਾਲ ਦਾ ਲੰਮਾ ਸਮਾਂ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਉਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਯੋਗ ਅਗਵਾਈ ਦਿੰਦੇ ਹੋਏ 30 ਰਾਗਾਂ ਵਿੱਚ ਗੁਰਬਾਣੀ ਦੀ ਰਚਨਾ ਕੀਤੀ। ਭਾਈ ਸੱਤਾ ਅਤੇ ਬਲਵੰਡ ਜੀ ਵਲੋਂ ਆਪ ਜੀ ਦੇ ਜੀਵਨ ਕਾਲ ਅਤੇ ਬਖਸ਼ਿਸ਼ਾਂ ਵੰਡਣ ਵਾਲੇ ਪਰਉਪਕਾਰੀ ਸੁਭਾਉ ਦੀ ਉਸਤਤਿ ਕਰਦੇ ਹੋਏ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਆਪ ਜੀ ਨੂੰ ਵਡਿਆਇਆ ਗਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹਨ:-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।

ਸਿਖੀ ਅਤੇ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ।।

ਅਟਲ ਅਥਾਹੁ ਅਤੋ ਤੂ ਤੇਰਾ ਅੰਤੁ ਨ ਪਾਰਾਵਾਰਿਆ।।

ਜਿਨੀ ਤੂ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ।।

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ।।

ਧੰਨੁ ਸੁਤੇਰਾ ਥਾਨੁ ਹੈ ਸਚੁ ਤੇਰ ਪੈਸਕਾਰਿਆ।।

ਨਾਨਕੁ ਤੂ ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ।।

ਗੁਰੁ ਡਿਠਾ ਤਾ ਮਨੁ ਸਾਧਾਰਿਆ।।

(ਰਾਮਕਲੀਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੮)

ਸਿੱਖ ਆਪਣੇ ਮਨ ਅੰਦਰ ਰੋਜ਼ਾਨਾ ਅੰਮ੍ਰਿਤ ਵੇਲੇ ਗੁਰੂ ਦਰਸ਼ਨਾਂ ਪ੍ਰਤੀ ਪੈਦਾ ਹੋਈ ਤਾਂਘਤਨੁ ਮਨੁ ਹੋਇ ਨਿਹਾਲੁ ਜਾ ਗੁਰ ਦੇਖਾ ਸਾਮ੍ਹਣੇ` (੭੫੮) ਨੂੰ ਤ੍ਰਿਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਰਲ ਮਿਲ ਕੇ ਗੁਰੂ ਉਸਤਤ ਵਿੱਚ ਗਾਉਂਦੇ ਹਨ:-

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸ ਸਹਜਿ ਸੁਭਾਇ।।

ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ।। (੧੩੯੧)

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ।।

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ।। (੯੬੬)

=============

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201/6, ਸੰਤਪੁਰਾ, ਕਪੂਰਥਲਾ

98720-76876

E-mail:[email protected]
.