.

ਕੁਝ ਅਹਿਮ ਸਵਾਲ ਅਤੇ ਉਹਨਾਂ ਦੇ ਜਵਾਬ –-- 1

(ਲੇਖਕ ਦੀ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਪੁਸਤਕ ‘ਗੁਰੂ ਨਾਨਕ ਦਾ ਮਾਨਵਵਾਦ’ ਵਿੱਚੋਂ)

ਗੁਰੂ ਨਾਨਕ ਵੱਲੋਂ ਚਲਾਈ ਗਈ ਮਾਨਵਵਾਦ ਦੀ ਲਹਿਰ ਦੇ ਖਾਸੇ ਅਤੇ ਉਦੇਸ਼ ਬਾਰੇ ਚੰਗੀ ਤਰ੍ਹਾਂ ਸਪਸ਼ਟ ਹੋ ਜਾਣ ਤੋਂ ਬਾਦ ਸਾਡਾ ਇਹ ਸੁਹਿਰਦ ਫਰਜ਼ ਬਣ ਜਾਂਦਾ ਹੈ ਕਿ ਇਸ ਲਹਿਰ ਦੀ ਪੁਨਰ-ਸੁਰਜੀਤੀ ਕੀਤੀ ਜਾਵੇ ਭਾਵੇਂ ਕਿ ਇਸ ਕਾਰਜ ਨੂੰ ਨਿਭਾਉਣ ਦਾ ਕੰਮ ਕਾਫੀ ਔਂਕੜਾਂ ਭਰਿਆ ਹੈ।

ਸ਼ੁਰੂ-ਸ਼ੁਰੂ ਵਿਚ ਇਸ ਪ੍ਰੀਕਿਰਿਆ ਵਿਚ ਸਿਖ ਮਜ਼ਹਬ ਦੇ ਪੈਰੋਕਾਰਾਂ ਵੱਲੋਂ ਪ੍ਰਗਟਾਈ ਜਾਣ ਵਾਲੀ ਕੁਝ ਕੁ ਹੱਦ ਵਿਚ ਨਾ-ਮਿਲਵਰਤਨ ਦਾ ਸਾਹਮਣਾ ਕਰਨਾ ਪਏ ਸਕਦਾ ਹੈ। ਪਰੰਤੂ ਇਸ ਸਥਿਤੀ ਦਾ ਸੁਖਦਾਇਕ ਪਹਿਲੂ ਇਹ ਹੈ ਕਿ ਸਾਰੇ ਇਸ ਵਿਚਾਰ ਉੱਤੇ ਸਹਿਮਤ ਹਨ ਕਿ ਗੁਰੂ ਨਾਨਕ ਨੇ ਕੋਈ ਨਵਾਂ ਮਜ਼ਹਬ ਨਹੀਂ ਚਾਲੂ ਕੀਤਾ ਸੀ। ਆਮ ਕਰਕੇ ਜੋ ਕੱਚੀ ਜਿਹੀ ਦਲੀਲ ਇਹਨਾਂ ਪੈਰੋਕਾਰਾਂ ਵੱਲੋਂ ਇਸ ਸਬੰਧ ਵਿਚ ਪੇਸ਼ ਕੀਤੀ ਜਾਂਦੀ ਹੈ ਉਹ ਇਹ ਹੈ ਕਿ ਉਹਨਾਂ ਦੇ ‘ ਮਜ਼ਹਬ ’ ਦਾ ਅਗਲੇ ਸਮਿਆਂ ਵਿਚ ਵਿਕਾਸ ਹੁੰਦਾ ਗਿਆ ਸੀ ਅਤੇ ਗੁਰੂ ਗੋਬਿੰਦ ਵੱਲੋਂ ‘ ਖਾਲਸਾ ’ ਭਾਈਚਾਰਾ ਬਣਾਉਣ ਨਾਲ ‘ ਸਿਖ ਧਰਮ ’ ਹੋਂਦ ਵਿਚ ਆ ਗਿਆ ਸੀ। ਪਰੰਤੂ ਸਾਰੇ ‘ਸਿਖ’ ਪੈਰੋਕਾਰ ਗੁਰਬਾਣੀ-ਗ੍ਰੰਥ ਵਿਚ ਅਪਾਰ ਸ਼ਰਧਾ ਰੱਖਦੇ ਹਨ ਅਤੇ ਇਸ ਕਰਕੇ ਉਹਨਾਂ ਨੂੰ ਪਿਆਰ ਸਹਿਤ ਦਲੀਲਾਂ ਦਿੰਦੇ ਹੋਏ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਦੇ ਮਾਨਵਵਾਦੀ ਸੰਦੇਸ਼ ਬਾਰੇ ਸਮਝਾਇਆ ਜਾ ਸਕਦਾ ਹੈ। ਸਿਖ ਫਿਰਕੇ ਦੇ ਲੋਕ ਸਦੀਆਂ ਤੋਂ ਮਜ਼ਹਬੀ ਸੋਚ ਦੇ ਬੰਧਨ ਵਿਚ ਫਸੇ ਚਲੇ ਆ ਰਹੇ ਹਨ ਜਿਸ ਕਰਕੇ ਜਦੋਂ ਉਹਨਾਂ ਦੇ ਵਿਸ਼ਵਾਸਾਂ ਦੇ ਸਾਹਮਣੇ ਗੁਰਬਾਣੀ ਦੀਆਂ ਤਰਕ-ਅਧਾਰਿਤ ਸਿਖਿਆਵਾਂ ਪੇਸ਼ ਕੀਤੀਆਂ ਜਾਂਦੀਆਂ ਹਨ ਤਾਂ ਉਹ ਵੱਡੇ ਭੰਬਲਭੂਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਪੱਖ ਨੂੰ ਧਿਆਨ ਵਿਚ ਰੱਖਦੇ ਹੋਏ ਚੰਗਾ ਹੋਵੇਗਾ ਕਿ ਉਹਨਾਂ ਦੀ ਇਸ ਸਥਿਤੀ ਨਾਲ ਜੁੜੇ ਹੋਏ ਵੱਖ-ਵੱਖ ਨੁਕਤਿਆਂ ਸਬੰਧੀ ਅਤੇ ਨਾਲ ਹੀ ਸੁਰਜੀਤੀ-ਕਰਨ ਦੀ ਪ੍ਰੀਕਿਰਿਆ ਸਬੰਧੀ ਸਪਸ਼ਟੀਕਰਨ ਪੇਸ਼ ਕੀਤੇ ਜਾਣ। ਅਜਿਹੇ ਨੁਕਤਿਆਂ ਦੀ ਸੂਚੀ ਬਹੁਤ ਲੰਬੀ ਹੈ ਪਰੰਤੂ ਏਥੇ ਇਹਨਾਂ ਵਿੱਚੋਂ ਕੁਝ ਕੁ ਹੀ ਵਿਚਾਰੇ ਜਾ ਸਕਣਗੇ। ਇਹ ਕੁਝ ਨੁਕਤੇ ਅਤੇ ਇਹਨਾਂ ਸਬੰਧੀ ਸਪਸ਼ਟੀਕਰਨ ਸਵਾਲਾਂ-ਜੁਆਬਾਂ ਦੀ ਸ਼ਕਲ ਵਿਚ ਹੇਠਾਂ ਪੇਸ਼ ਕੀਤੇ ਜਾ ਰਹੇ ਹਨ।

  1. ਗੁਰੂ ਗੋਬਿੰਦ ਸਿੰਘ ਦਾ ਆਪਣੇ ਤੋਂ ਅਗਲੇ ਗੁਰੂ ਸਬੰਧੀ ਆਦੇਸ਼ ਕੀ ਸੀ ?

1708 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਨੇ ਨੰਦੇੜ ਵਿਖੇ ਜ਼ਖਮੀ ਹੋ ਜਾਣ ਤੇ ਆਪਣੇ ਜੀਵਨ ਦਾ ਅੰਤਲਾ ਸਮਾਂ ਨੇੜੇ ਆਇਆ ਮਹਿਸੂਸ ਕਰਦਿਆਂ ਆਪਣੇ ਪੈਰੋਕਾਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਦਾ ਧਿਆਨ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ ਸਤਰਾਂ ਵੱਲ ਦੁਆਇਆ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ॥

ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੈ॥

(ਗੁਰਬਾਣੀ-ਗ੍ਰੰਥ ਪੰਨਾਂ 982)

ਸਪਸ਼ਟ ਤੌਰ ਤੇ ਗੁਰੂ ਗੋਬਿੰਦ ਸਿੰਘ ਨੇ ਮਾਨਵਵਾਦੀ ਕਾਰਕੁੰਨਾਂ ਲਈ ਗੁਰਬਾਣੀ ਦੀਆਂ ਸਿਖਿਆਵਾਂ ਨੂੰ ਹੀ ਅਗਵਾਈ ਦਾ ਠੀਕ ਵਸੀਲਾ ਮੰਨਦੇ ਹੋਏ ਆਪਣੇ ਤੋਂ ਅੱਗੇ ਸ਼ਖਸੀ ਗੁਰੂ (ਲਹਿਰ ਦੇ ਆਗੂ) ਵਾਲੀ ਪਰੰਪਰਾ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ। ਪਰੰਤੂ ਸੰਪਰਦਾਈ ਸਿਖ " ......ਗੁਰੂ ਮਾਨਿਓਂ ਗ੍ਰੰਥ " ਵਾਲੀ ਤੁੱਕ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਆਪਣੀ ਰਸਮੀਂ ਅਰਦਾਸ ਵੇਲੇ ਵੀ ਇਸ ਦਾ ਉਚਾਰਨ ਆਮ ਹੀ ਕਰਦੇ ਹਨ। " .....ਗੁਰੂ ਮਾਨਿਓਂ ਗ੍ਰੰਥ " ਵਾਲੀ ਤੁੱਕ ਨਿਰਮਲੇ ਕਵੀ ਗਿਆਨੀ ਗਿਆਨ ਸਿੰਘ ਵੱਲੋਂ 1867 ਈਸਵੀ ਵਿਚ ਤਿਆਰ ਕੀਤੀ ਗਈ ਮਨਮੱਤੀ ਪੁਸਤਕ ‘ ਪੰਥ ਪ੍ਰਕਾਸ਼ ’ ਵਿਚ ਲਿਖੀ ਹੋਈ ਮਿਲਦੀ ਹੈ ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।

ਜਾ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।

ਆਮ ਕਰਕੇ ਗਲਤੀ ਨਾਲ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਸਤਰਾਂ ਹੂਬਹੂ ਰੂਪ ਵਿਚ ਗੁਰੂ ਗੋਬਿੰਦ ਸਿੰਘ ਦੀਆਂ ਉਚਾਰੀਆਂ ਹੋਈਆਂ ਹਨ। ਇਹਨਾਂ ਸਤਰਾਂ ਵਿਚਲੀਆਂ ਤੁੱਕਾਂ ‘ .......ਗੁਰੂ ਮਾਨਿਓਂ ਗ੍ਰੰਥ ’ ਅਤੇ ‘ .....ਪਰਗਟ ਗੁਰਾਂ ਕੀ ਦੇਹ ’ ਵਾਲੇ ਹਿੱਸਿਆਂ ਨੇ ਹੀ ਗੁਰਬਾਣੀ-ਗ੍ਰੰਥ ਨੂੰ ਇਕ ਮੂਰਤੀ ਜਾਂ ‘ ਦੇਹ-ਰੂਪ ’ ਦੇ ਤੌਰ ਤੇ ਕਿਆਸਣ ਦਾ ਰੁਝਾਨ ਪੈਦਾ ਕੀਤਾ ਹੈ ਜਿਸ ਦੀ ਪੂਜਾ-ਅਰਚਨਾ ਦੇ ਅਨੇਕਾਂ ਕਰਮ-ਕਾਂਡ ਗੁਰਦੁਆਰਿਆਂ ਦੇ ਅੰਦਰ ਅਤੇ ਬਾਹਰਵਾਰ ਨਿਭਾਏ ਜਾਂਦੇ ਹਨ।

ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਏਹੋ ਜਿਹੀਆਂ ਮਨਮੱਤੀ ਪ੍ਰਸਥਿਤੀਆਂ ਪੈਦਾ ਹੋਣ ਵਾਲੇ ਆਦੇਸ਼ ਜਾਰੀ ਨਹੀਂ ਕਰ ਸਕਦੇ ਸਨ। ਨਿਸਚੇ ਹੀ ਉਹਨਾਂ ਨੇ ਮਾਨਵਵਾਦੀ ਕਾਰਕੁੰਨਾਂ ਨੂੰ ਮਾਨਸਿਕ, ਸਰੀਰਕ ਅਤੇ ਜੱਥੇਬੰਦਕ ਤੌਰ ਤੇ ਸਵੈਨਿਰਭਰ ਹੋਣ ਲਈ ਗੁਰਬਾਣੀ ਤੋਂ ਸੇਧ ਲੈਣ ਵਾਲਾ ਆਦੇਸ਼ ਹੀ ਦਿੱਤਾ ਸੀ ਨਾ ਕਿ ਮੂਰਤੀ-ਪੂਜਾ ਜਾਂ ਦੇਹ-ਪੂਜਾ ਵੱਲ ਪਰੇਰਤ ਕਰਨ ਵਾਲਾ।

  1. ਕੀ ਕੁਝ ਸੰਪਰਦਾਈ ਸਿੱਖਾਂ ਵੱਲੋਂ ਇਹ ਦਾਵਾ ਕਰਨਾ ਤਰਕ-ਸੰਗਤ ਹੈ ਕਿ ਗੁਰਬਾਣੀ- ਗ੍ਰੰਥ ਸਾਰੇ ਵਿਸ਼ਵ ਦਾ ‘ਗੁਰੂ’ ਹੈ ?

ਸੰਪਰਦਾਈ ਸਿਖ ਧਰਮ ਦੀ ਅਜੀਬ ਪਰੰਪਰਾ ਹੈ ਕਿ ਉਹ ਗੁਰਬਾਣੀ-ਗ੍ਰੰਥ ਨੂੰ ‘ਗੁਰੂ’ (ਧਾਰਮਿਕ ਆਗੂ) ਵੀ ਮੰਨਦੇ ਹਨ ਅਤੇ ਧਾਰਮਿਕ ਪੁਸਤਕ ਵੀ। ਸੰਸਾਰ ਦੇ ਸਾਰੇ ਸੰਪਰਦਾਈ ਧਰਮਾਂ ਦੇ ਆਪਣੇ-ਆਪਣੇ ਧਾਰਮਿਕ ਰਹਿਬਰ ਜਾਂ ‘ਗੁਰੂ ’ ਹਨ ਅਤੇ ਸੰਪਰਦਾਈ ਸਿਖ ਗੁਰੂ ਗੋਬਿੰਦ ਸਿੰਘ ਤੋਂ ਅੱਗੇ ‘ ਗੁਰਬਾਣੀ-ਗ੍ਰੰਥ ’ ਨੂੰ ਆਪਣਾ ਸਦੀਵੀ ‘ ਗੁਰੂ ’ ਮੰਨਦੇ ਹਨ। ਪਰੰਤੂ ਇਹ ਦਾਵਾ ਕਰਨਾ ਤਰਕ-ਸੰਗਤ ਨਹੀਂ ਕਿ ਇਕ ਫਿਰਕੇ ਦਾ ‘ਗੁਰੂ ’ ਸਾਰੇ ਵਿਸ਼ਵ ਦਾ ਗੁਰੂ ਹੋ ਸਕਦਾ ਹੈ। ਹਰੇਕ ਮਜ਼ਹਬ ਕੱਟੜਪੁਣੇ ਦਾ ਸ਼ਿਕਾਰ ਹੁੰਦਾ ਹੈ ਅਤੇ ਸਾਰੇ ਮਜ਼ਹਬਾਂ ਨੇ ਆਪਣੀ-ਆਪਣੀ ਪਛਾਣ ਕਾਇਮ ਰੱਖਣੀ ਹੁੰਦੀ ਹੈ ਜਿਸ ਕਰਕੇ ਸਾਰੇ ਮਜ਼ਹਬਾਂ ਵਿਚ ਆਪਸੀ ਸ਼ਰੀਕੇਬਾਜ਼ੀ ਚਲਦੀ ਹੀ ਰਹਿੰਦੀ ਹੈ। ਕਿਸੇ ਵੀ ਮਜ਼ਹਬ ਦੇ ਪੈਰੋਕਾਰ ਆਪਣੇ ‘ ਗੁਰੂ ’ ਦੇ ਹੁੰਦਿਆਂ ਹੋਇਆਂ ਕਿਸੇ ਦੂਸਰੇ ਮਜ਼ਹਬ ਦੇ ‘ਗੁਰੂ’ ਨੂੰ ਮਾਨਤਾ ਦੇਣ ਲਈ ਰਾਜ਼ੀ ਨਹੀਂ ਹੋ ਸਕਦੇ। ਜੇਕਰ ‘ਗੁਰਬਾਣੀ-ਗ੍ਰੰਥ ’ ਨੂੰ ਇਕ ਧਾਰਮਿਕ ਪੁਸਤਕ ਵਜੋਂ ਪੇਸ਼ ਕੀਤਾ ਜਾਂਦਾ ਹੈ ਤਾਂ ਵੀ ਦੂਸਰੇ ਮਜ਼ਹਬਾਂ ਦੇ ਪੈਰੋਕਾਰ ਇਸ ਨੂੰ ਅਪਣਾਉਣ ਨਹੀਂ ਲੱਗੇ ਕਿਉਂਕਿ ਉਹਨਾਂ ਦੀਆਂ ਆਪਣੀਆਂ-ਆਪਣੀਆਂ ਧਾਰਮਿਕ ਪੁਸਤਕਾਂ ਪਹਿਲਾਂ ਹੀ ਮੌਜੂਦ ਹਨ। ਇਸ ਤੋਂ ਅੱਗੇ ਸੰਪਰਦਾਈ ਸਿੱਖਾਂ ਵਿੱਚੋਂ ਕੋਈ ਟਾਵਾਂ-ਟਾਵਾਂ ਹੀ ਆਪਣੇ ਮੌਜੂਦਾ ‘ ਗੁਰੂ ’ ਦਾ ਕਹਿਣਾ ਮੰਨਦਾ ਵੇਖਿਆ ਜਾ ਸਕਦਾ ਹੈ ਭਾਵ ਬਹੁਤ ਘਟ ਸੰਪਰਦਾਈ ਸਿਖ ਹਨ ਜੋ ਗੁਰਬਾਣੀ-ਗ੍ਰੰਥ ਵਿਚ ਦਰਜ ਸਿਖਿਆਵਾਂ ਉੱਤੇ ਹੂ-ਬ-ਹੂ ਅਮਲ ਕਰਦੇ ਹਨ, ਬਹੁਤੇ ਤਾਂ ਸਗੋਂ ਇਹਨਾਂ ਸਿਖਿਆਵਾਂ ਦੇ ਉਲਟ ਚਲਦੇ ਹੋਏ ਵੇਖੇ ਜਾ ਸਕਦੇ ਹਨ। ਫਿਰ ਦੂਸਰਿਆਂ ਕੋਲੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਗੁਰਬਾਣੀ ਦੀਆਂ ਸਿਖਿਆਵਾਂ ਉੱਤੇ ਪੂਰੀ ਤਰ੍ਹਾਂ ਅਮਲ ਕਰਨਗੇ (‘ਸਹਜਧਾਰੀ’ ਹਿੰਦੂਆਂ ਨੇ ਗੁਰਬਾਣੀ-ਗ੍ਰੰਥ ਨੂੰ ਪੂਰੀ-ਸੂਰੀ ਮਾਨਤਾ ਦਿੱਤੀ ਸੀ, ਪਰੰਤੂ ਸਿਖ ਭਾਈਚਾਰੇ ਨੂੰ ਇਸ ਦਾ ਚਿੱਤ-ਚੇਤਾ ਵੀ ਨਹੀਂ, ਸਗੋਂ ਇਸ ਭਾਈਚਾਰੇ ਨੇ ‘ਸਹਜਧਾਰੀ ਸਿੱਖਾਂ’ ਦਾ ਇਕ ਨਵਾਂ ਉਪ-ਫਿਰਕਾ ਖੜ੍ਹਾ ਕਰ ਲਿਆ ਹੈ)। ਦੂਸਰੇ ਪਾਸੇ ਸੰਪਰਦਾਈ ਸਿਖ ਤਾਂ ਇਸ ਪੱਖੋਂ ਵੀ ਸਪਸ਼ਟ ਨਹੀਂ ਕਿ ਉਹਨਾਂ ਦਾ ‘ਗੁਰੂ ’ ਪੁਸਤਕ ਰੂਪੀ ਦੇਹ ਜਾਂ ਮੂਰਤੀ ਹੈ ਕਿ ਗੁਰਬਾਣੀ ਵਿਚ ਦਰਜ ਸਿਖਿਆਵਾਂ। ਜੇਕਰ ਗੁਰਬਾਣੀ ਵਿਚ ਦਰਜ ਸਿਖਿਆਵਾਂ ਦੇ ਅਨੁਸਾਰ ਚੱਲਣਾ ਹੋਵੇ ਤਾਂ ਪਹਿਲਾਂ ਉਹਨਾਂ ਨੂੰ ਆਪਣੇ ਸੰਸਥਾਗਤ/ਸੰਪਰਦਾਈ ਧਰਮ ਦਾ ਹੀ ਤਿਆਗ ਕਰਨਾ ਪਵੇਗਾ। ਗੁਰਬਾਣੀ-ਗ੍ਰੰਥ ਨੂੰ ਇਕ ਮਾਨਵਵਾਦੀ-ਗ੍ਰੰਥ ਦੇ ਰੂਪ ਵਿਚ ਸਾਰੀ ਮਨੁੱਖਤਾ ਦਾ ਆਗੂ ਜਾਂ ਪੱਥ-ਪ੍ਰਦਰਸ਼ਕ (‘ ਗੁਰੂ ’) ਤਾਂ ਬਣਾਇਆ ਜਾ ਸਕਦਾ ਹੈ ਪਰੰਤੂ ਇਕ ਵਿਸ਼ੇਸ਼ ਫਿਰਕੇ ਨਾਲ ਸਬੰਧਤ ਧਾਰਮਿਕ-ਗ੍ਰੰਥ, ਦੇਹਧਾਰੀ ਧਾਰਮਿਕ ਹਸਤੀ ਜਾਂ ਪੂਜਾ ਦੀ ਮੂਰਤੀ ਦੇ ਰੂਪ ਵਿਚ ਨਹੀਂ।

  1. ਕੀ ਗੁਰੂ ਹਰਿਗੋਬਿੰਦ ਨੇ ਕੋਈ ‘ਮੀਰੀ-ਪੀਰੀ’ ਦਾ ਸਿਧਾਂਤ ਦਿੱਤਾ ਸੀ ?

ਗੁਰੂ ਹਰਿਗੋਬਿੰਦ ਵੱਲੋਂ ਲਿਖਤੀ ਰੂਪ ਵਿਚ ਦਿੱਤਾ ਹੋਇਆ ਕੋਈ ‘ਮੀਰੀ-ਪੀਰੀ’ ਦਾ ਸਿਧਾਂਤ ਨਹੀਂ ਮਿਲਦਾ। ਅਜਿਹਾ ਵਿਚਾਰ ਕੇਵਲ ਉਹਨਾਂ ਵੱਲੋਂ ਅਪਣਾਏ ਗਏ ਵਿਸ਼ੇਸ਼ ਜੀਵਨ-ਢੰਗ ਦੇ ਅਧਾਰ ਤੇ ਬਣਾਇਆ ਅਤੇ ਪਰਚਾਰਿਆ ਗਿਆ ਹੈ। ਅਸਲ ਵਿਚ ‘ ਮੀਰੀ-ਪੀਰੀ ’ ਸ਼ਬਦ-ਜੁੱਟ ਬਦਨਾਮ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦਾ ਦਿੱਤਾ ਹੋਇਆ ਹੈ। ‘ਪੀਰੀ’ ਦੀ ਜੀਵਨ-ਜਾਚ ਤਾਂ ਗੁਰੂ ਨਾਨਕ ਅਤੇ ਉਹਨਾਂ ਦੀ ਲਹਿਰ ਦੇ ਉਹਨਾਂ ਤੋਂ ਅਗਲੇ ਚਾਰ ਆਗੂਆਂ ਨੇ ਵੀ ਅਪਣਾ ਰੱਖੀ ਹੋਈ ਸੀ ਪਰੰਤੂ ਛੇਵੇਂ ਗੁਰੂ ਨੇ ਇਸ ਦੇ ਨਾਲ ‘ਮੀਰੀ ’ ਦਾ ਅੰਸ਼ ਵੀ ਜੋੜ ਦਿੱਤਾ ਸੀ। ਏਥੇ ‘ ਮੀਰੀ ’ ਤੋਂ ਭਾਵ ਸੀ ਕਿ ਗੁਰੂ ਸਾਹਿਬਾਨ ਦੀ ਲਹਿਰ ਨੂੰ ਹੋਰ ਅੱਗੇ ਵਧਾਉਣ ਲਈ ਇਸ ਵਿਚ ਫੌਜੀ ਅੰਸ਼ ਵੀ ਸ਼ਾਮਲ ਕਰ ਲਿਆ ਗਿਆ ਸੀ ਜਿਸ ਲਈ ਸ਼ਸਤਰ ਧਾਰਨ ਕਰਨੇ, ਘੋੜੇ ਰੱਖਣੇ, ਨਗਾਰਾ ਵਜਾਉਣਾ, ਝੰਡਾ ਲਹਿਰਾਉਣਾ, ਸੈਨਿਕ ਭਰਤੀ ਕਰਨੇ, ਦਾੜ੍ਹੀ-ਕੇਸ ਰੱਖਣੇ, ਨਿਸਚਤ ਫੌਜੀ ਲਿਬਾਸ ਧਾਰਨ ਕਰਨਾ, ਸ਼ਿਕਾਰ ਖੇਡਣਾ ਆਦਿਕ ਸ਼ਾਮਲ ਸਨ। ਇਸ ਵਿਚ ਗੁਰੂ ਜੀ ਵੱਲੋਂ ਆਗੂ ਦੇ ਤੌਰ ਤੇ ਸ਼ਾਹੀ ਲਿਬਾਸ ਪਹਿਨਣਾ ਅਤੇ ਤਖਤ ਉੱਤੇ ਬੈਠਣਾ ਵੀ ਸ਼ਾਮਲ ਕਰ ਲਿਆ ਗਿਆ। ਇਸ ‘ਮੀਰੀ’ ਜੀਵਨ-ਢੰਗ ਨੂੰ ਅਪਣਾਉਣ ਦਾ ਮਕਸਦ ਸੀ ਇਸ ਅੰਸ਼ ਨਾਲ ਸਬੰਧਤ ਮਨੁੱਖੀ ਹੱਕਾਂ ਦੀ ਪਰਾਪਤੀ ਦਾ ਐਲਾਨ ਕਰਨਾ (ਮੁਸਲਿਮ ਰਾਜ ਵਿਚ ਗੈਰ-ਮੁਸਲਿਮ ਲੋਕਾਂ ਨੂੰ ਇਹ ਹੱਕ ਪਰਾਪਤ ਨਹੀਂ ਸਨ) ਅਤੇ ਬਾਕੀ ਮਨੁੱਖੀ ਹੱਕਾਂ ਦੀ ਰਖਵਾਲੀ ਕਰਦੇ ਹੋਏ ਮਾਨਵਵਾਦੀ ਟੀਚੇ ਹਾਸਲ ਕਰਨ ਲਈ ਪੀਰੀ ਦੇ ਨਾਲ-ਨਾਲ ਮੀਰੀ ਵਾਲੇ ਢੰਗ ਭਾਵ ਹਥਿਆਰਬੰਦ ਸੰਘਰਸ਼ ਨੂੰ ਵੀ ਅਪਣਾਉਣਾ। ਗੁਰੂ ਗੋਬਿੰਦ ਸਿੰਘ ਵੱਲੋਂ ਇਕ ਵਿਸ਼ੇਸ਼ ਅਨੁਸ਼ਾਸਣ ਅਨੁਸਾਰ ਵਿਚਰਨ ਵਾਲੀ ਖਾਲਸਾ ਫੌਜਦੀ ਸਥਾਪਤੀ ਵੀ ਇਸ ਮੀਰੀ ਵਾਲੇ ਅੰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ ਸੀ। ਪਰੰਤੂ ਇਸ ਮੀਰੀ ਵਾਲੀ ਜੀਵਨ-ਜਾਚ ਦਾ ਅਰਥ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਕਿਸੇ ਕਿਸਮ ਦੀ ਸਿਆਸਤ ਨੂੰ ਅਪਣਾਉਣ ਜਾਂ ਕੋਈ ਰਾਜਸੀ-ਸੱਤਾ ਹਾਸਲ ਕਰਨ ਦਾ ਨਿਸ਼ਾਨਾ ਮਿਥ ਲਿਆ ਸੀ (ਗੁਰੂ ਹਰਿਗੋਬਿੰਦ ਨੇ ਅਤੇ ਗੁਰੂ ਗੋਬਿੰਦ ਸਿੰਘ ਨੇ ਕਈ ਯੁੱਧਾਂ ਵਿਚ ਜਿੱਤ ਹਾਸਲ ਕਰ ਕੇ ਵੀ ਕੋਈ ਰਾਜ ਸਥਾਪਤ ਨਹੀਂ ਕੀਤਾ ਸੀ)। ਪਰੰਤੂ ਸੰਪਰਦਾਈ ਸਿੱਖਾਂ ਨੇ ਮੀਰੀ ਦੇ ਗਲਤ ਅਰਥ ਕਰਦੇ ਹੋਏ ਇਸ ਸੰਕਲਪ ਦੇ ਨਾਲ ਰਾਜ ਕਰੇਗਾ ਖਾਲਸਾ ਦੀ ਚੇਸ਼ਟਾ ਅਤੇ ਖਾਲਿਸਤਾਨਦੇ ਨਾਰ੍ਹੇ ਨੂੰ ਜੋੜ ਲਿਆ ਹੋਇਆ ਹੈ ਅਤੇ ਇਸ ਗਲਤੀ ਰਾਹੀਂ ਸਿਖ ਭਾਈਚਾਰੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਏ ਚੁੱਕਾ ਹੈ। ਅਜ ਏਹੋ ਜਿਹੀ ਕਿਸਮ ਦੇ ਜੋ ਨਾਰ੍ਹੇ ਕੁਝ ਭਟਕੇ ਹੋਏ ਨੌਜਵਾਨ ਅਤੇ ਹੋਰ ਸੱਜਣ ਵਿਸ਼ੇਸ਼ ਕਰਕੇ ਬਦੇਸ਼ਾਂ ਵਿਚ ਬੈਠ ਕੇ ਲਗਾ ਰਹੇ ਹਨ ਉਹਨਾਂ ਨਾਲ ਭਵਿਖ ਵਿਚ ਹੋਰ ਨੁਕਸਾਨ ਹੋ ਜਾਣ ਦਾ ਡਰ ਹੈ।

  1. ਕੀ ਗੁਰੂ ਗੋਬਿੰਦ ਸਿੰਘ ਨੇ ਕੋਈ ਵੱਖਰਾ ‘ ਪੰਥ ’ ਚਲਾਇਆ ਸੀ ?

ਜਿਵੇਂ ਕਿ ਨਿਰਮਲੇ ਲੇਖਕ ਗਿਆਨੀ ਗਿਆਨ ਸਿੰਘ ਨੇ ਆਪਣੀਆਂ ਰਚਨਾਵਾਂ ਰਾਹੀਂ ਸਿਖ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਕਈ ਗਲਤਫਹਿਮੀਆਂ ਭਰ ਦਿੱਤੀਆਂ ਹੋਈਆਂ ਹਨ, ਉਸ ਵੱਲੋਂ ਰਚਿਤ ‘ਪੰਥ ਪ੍ਰਕਾਸ਼’ ਵਿਚ ਸ਼ਾਮਲ ਸਤਰ ‘ਆਗਿਆ ਭਈ ਅਕਾਲ ਕੀ ਤਭੈ ਚਲਾਇਓ ਪੰਥ।’ ਨੇ ਵੀ ਵੱਡਾ ਭੰਬਲਭੂਸਾ ਪੈਦਾ ਕੀਤਾ ਹੈ। 18ਵੀਂ ਸਦੀ ਈਸਵੀ ਦੀ ਭਾਈ ਪ੍ਰਹਿਲਾਦ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਰਚਨਾ ‘ਰਹਿਤਨਾਮਾ ’ ਵਿਚ ਇਹਯੋ ਸਤਰ ਹੇਠਾਂ ਦਿੱਤੇ ਰੂਪ ਵਿਚ ਸ਼ਾਮਲ ਹੈ:

ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ॥

(ਉਂਜ ‘ ਗੁਰੂ ਮਾਨਿਓਂ ਗ੍ਰੰਥ ’ ਵਾਲੀ ਤੁੱਕ ਭਾਈ ਪ੍ਰਹਿਲਾਦ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਰਚਨਾ ਵਿਚ ਵੀ ਸ਼ਾਮਲ ਹੈ।)

ਗੁਰੂ ਗੋਬਿੰਦ ਸਿੰਘ ਨੇ ਖੰਡੇ-ਬਾਟੇ ਦੀ ਪਹੁਲ ਦੇਣ ਦੀ ਪਰੰਪਰਾ ਰਾਹੀਂ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਬਹਾਲੀ ਦੇ ਮਨੋਰਥ ਨਾਲ ਮਾਨਵਵਾਦੀ ਕਾਰਕੁੰਨਾਂ ਵਿਚ ਨਵਾਂ ਜੋਸ਼ ਭਰਨ ਅਤੇ ਉਹਨਾਂ ਨੂੰ ਨਿਵੇਕਲੀ ਦਿੱਖ ਦੇਣ ਲਈ ਇਕ ਵਿਸ਼ੇਸ਼ ਅਨੁਸ਼ਾਸਨ ਵਿਚ ਵਿਚਰਨ ਵਾਲੀ ਫੌਜ ਤਿਆਰ ਕੀਤੀ ਸੀ ਨਾ ਕਿ ਕੋਈ ਵੱਖਰਾ ਪੰਥ ਭਾਵ ਫਿਰਕਾ ਖੜ੍ਹਾ ਕੀਤਾ ਸੀ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਗੁਰੂ ਸਾਹਿਬਾਨ ਨੇ ਕੇਵਲ ਅਤੇ ਕੇਵਲ ਇਕ ਮਾਨਵਵਾਦੀ ਲਹਿਰ ਚਲਾਈ ਸੀ ਅਤੇ ਕਿਸੇ ਵੀ ਪੜਾਅ ਉੱਤੇ ਇਸ ਲਹਿਰ ਦੇ ਫਲਸਫੇ ਅਤੇ ਟੀਚੇ ਵਿਚ ਕੋਈ ਤਬਦੀਲੀ ਨਹੀਂ ਸੀ ਲਿਆਂਦੀ ਗਈ। ਕੇਵਲ ਸਮੇਂ-ਸਮੇਂ ਤੇ ਵਿਵਹਾਰਿਕ ਪੱਖੋਂ ਇਸ ਲਹਿਰ ਦੇ ਸੰਚਾਲਨ ਵਿਚ ਕੁਝ ਬਦਲਾਵ ਜ਼ਰੂਰ ਆਉਂਦੇ ਰਹੇ ਸਨ। ਗੁਰੂ ਹਰਿਗੋਬਿੰਦ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਅਤੇ ਬਹਾਲੀ ਲਈ ਹਥਿਆਰਬੰਦ ਸੰਘਰਸ਼ ਨੂੰ ਅਪਣਾਉਣਾ ਹੀ ਉਹਨਾਂ ਦੀ ਲਹਿਰ ਦਾ ਮੀਰੀਦਾ ਪੱਖ ਸੀ ਅਤੇ ਗੁਰੂ ਗੋਬਿੰਦ ਸਿੰਘ ਨੇ ਇਸ ਪੱਖ ਨੂੰ ਹੋਰ ਮਜ਼ਬੂਤ ਕਰਨ ਦਾ ਹੀ ਯਤਨ ਕੀਤਾ ਸੀ। ਵੱਖਰਾ ਪੰਥਜਾਂ ਫਿਰਕਾ ਚਲਾਉਣ ਦੀ ਗੱਲ ਸੰਪਰਦਾਈ ਧਰਮ (ਭਾਵ ਮਜ਼ਹਬ) ਦੇ ਸੰਦਰਭ ਵਿਚ ਤਾਂ ਸੋਚੀ ਜਾ ਸਕਦੀ ਹੈ ਪਰੰਤੂ ਮਾਨਵਵਾਦ ਦੀ ਲਹਿਰ ਦੇ ਸੰਦਰਭ ਵਿਚ ਨਹੀਂ।

  1. ਕੀ ਸਿਖ ਭਾਈਚਾਰਾ ਸੰਪਰਦਾਈ ਤੌਰ ਤੇ ਜਾਂ ਮਾਨਵਵਾਦੀ ਤੌਰ ਤੇ ਇਕ ਕੌਮ ਜਾਂ ਵਿਸ਼ੇਸ਼ ਸਮੂਹ ਹੈ ?

ਅਜ ਹਰੇਕ ਸੰਪਰਦਾਈ ਸਿਖ ਅਜੋਕੇ ਸਿਖ ਭਾਈਚਾਰੇ ਲਈ ਕੌਮ ਸ਼ਬਦ ਦੀ ਵਰਤੋਂ ਕਰ ਰਿਹਾ ਹੈ। ਪਰੰਤੂ ਗੁਰੂ ਨਾਨਕ ਤੋਂ ਲੈ ਕੇ ਕਿਸੇ ਵੀ ਗੁਰੂ ਨੇ ਆਪਣੇ ਪੈਰੋਕਾਰਾਂ ਨੂੰ ਇਕ ਕੌਮ ਵਰਗੇ ਸੀਮਿਤ ਸਮੂਹ ਵਜੋਂ ਨਹੀਂ ਕਿਆਸਿਆ ਸੀ। ਗੁਰੂ ਸਾਹਿਬਾਨ ਨੇ ਤਾਂ ਸਾਰੀ ਮਨੁੱਖਤਾ ਨੂੰ ਇਕ ਪਰੀਵਾਰ ਬਣਾਉਣ ਦਾ ਯਤਨ ਕੀਤਾ ਸੀ ਕਿਉਂਕਿ ਉਹਨਾਂ ਦਾ ਸਿਧਾਂਤ ਸੀ

" ਏਕ ਪਿਤਾ ਏਕਸ ਕੇ ਹਮ ਬਾਰਿਕ..........."

" ਏਕ ਨੂਰ ਤੇ ਸਭ ਜਗ ਉਪਜਿਆ............"

ਅਤੇ

" ਸਭੈ ਸਾਂਝੀਵਾਲ ਸਦਾਇਨ ..................."

ਪਰੰਤੂ ਸੰਪਰਦਾਈ ਸਿਖ ਭਾਈਚਾਰਾ ਆਪਣੇ ਆਪ ਨੂੰ ਇਕ ਵੱਖਰੀ ਕੌਮ ਦਰਸਾਉਂਦੇ ਹੋਏ ਆਪਣੇ-ਆਪ ਨੂੰ ਇਕ ਫਿਰਕੇ ਵਜੋਂ ਪੇਸ਼ ਕਰਦਾ ਹੈ ਅਤੇ ਇਹ ਸੋਚ ਗੁਰਮੱਤ ਦੀ ਭਾਵਨਾਂ ਦੇ ਵਿਪਰੀਤ ਜਾਂਦੀ ਹੈ। ਨਿਸਚੇ ਹੀ ਕੌਮ ਦਾ ਸੰਕਲਪ ਸਿਖ ਭਾਈਚਾਰੇ ਉੱਤੇ ਸਿਖ ਸੰਪਰਦਾਈ ਭਾਈਚਾਰਾ ਦੇ ਅਰਥਾਂ ਵਿਚ ਹੀ ਲਾਗੂ ਹੁੰਦਾ ਹੈ ਅਤੇ ਇਹ ਸ਼ਬਦ ਕੌਮ ਦੇ ਸਹੀ ਅਰਥ ਹੀ ਨਹੀਂ ਬਣਦੇ। ਮਾਨਵ-ਵਿਗਿਆਨ (Anthropology) ਅਨੁਸਾਰ ਕੌਮ ਇਕ ਕਬੀਲਾ ਸਮੂਹ (ethnic group) ਦੀ ਉਪਜ ਹੁੰਦੀ ਹੈ ਅਤੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਕਿਸੇ ਕੌਮ ਵਿਚ ਸ਼ਾਮਲ ਲੋਕਾਂ ਦਾ ਡੀ. ਐਨ. ਏ. ਤੱਕ ਵੀ ਮਿਲਦਾ-ਜੁਲਦਾ ਹੀ ਹੋਵੇਗਾ। ਉਂਜ ਸ਼ਬਦ ਕੌਮਦੇ ਅਰਥ ਇਕ ਹੀ ਦੇਸ਼ ਦੇ ਨਾਗਰਿਕਾਂ ਦਾ ਜਨ-ਸਮੂਹ ਵਾਸਤੇ ਵੀ ਕੀਤੇ ਜਾਂਦੇ ਹਨ ਅਤੇ ਸਿਖ ਫਿਰਕੇ ਦੇ ਸੰਦਰਭ ਵਿਚ ਇਹ ਅਰਥ ਵੀ ਵਰਤੋਂ ਵਿਚ ਨਹੀਂ ਲਿਆਂਦੇ ਜਾ ਸਕਦੇ। ਇਸ ਤਰ੍ਹਾਂ ਸੰਪਰਦਾਈ ਸਿਖ ਭਾਈਚਾਰੇ ਉੱਤੇ ਕੌਮ ਦੀ ਪਰੀਭਾਸ਼ਾ ਕਿਸੇ ਤਰ੍ਹਾਂ ਵੀ ਲਾਗੂ ਨਹੀਂ ਹੁੰਦੀ। ਸਮੇਂ-ਸਮੇਂ ਤੇ ਭਿੰਨ-ਭਿੰਨ ਵਰਗਾਂ ਦੇ ਲੋਕ ਇਸ ਭਾਈਚਾਰੇ ਵਿਚ ਸ਼ਾਮਲ ਹੁੰਦੇ ਆਏ ਹਨ ਅਤੇ ਇਸ ਨੂੰ ਛੱਡਦੇ ਵੀ ਰਹੇ ਹਨ। ਕੌਮ ਦੇ ਸੰਕਲਪ ਨੇ ਸਿਖ ਭਾਈਚਾਰੇ ਨੂੰ ਅਖੌਤੀ ਅਕਾਲ-ਤਖਤ ਵਿਵਸਥਾ, ਸਰਬੱਤ ਖਾਲਸਾ, ਖਾਲਿਸਤਾਨ ਦਾ ਨਾਰ੍ਹਾ, ਸੰਪਰਦਾਈ ਸਿਖ ਧਰਮ ਦਾ ਰਾਜਨੀਤੀਕਰਨ, ਖਾੜਕੂਵਾਦ, ਪ੍ਰਾਂਤ ਅਤੇ ਅੰਤਰ-ਪ੍ਰਾਂਤੀ ਪੱਧਰ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਦਿਕ ਵਰਗੀਆਂ ਉਲਝਾਊ ਅਤੇ ਭੰਬਲਭੂਸੇ ਵਾਲੀਆਂ ਪ੍ਰਸਥਿਤੀਆਂ ਵਿਚ ਫਸਾ ਕੇ ਰੱਖਿਆ ਹੋਇਆ ਹੈ। ਉੱਧਰ ਜੇਕਰ ਸੰਪਰਦਾਈ ਸਿਖ ਧਰਮ ਨੂੰ ਤਿਆਗ ਕੇ ਕੁਝ ਲੋਕ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰ ਲੈਂਦੇ ਹਨ ਤਾਂ ਉਹ ਵੀ ਮਾਨਵਵਾਦੀ ਕਾਰਕੁੰਨਾਂ ਦੀ ਸੰਸਥਾ ਹੀ ਹੋਵੇਗੀ ਨਾ ਕਿ ਕੋਈ ਕੌਮ ਜਾਂ ਕੋਈ ਨਿਵੇਕਲਾ ਸਮਾਜਕ ਸਮੂਹ।

(ਚਲਦਾ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.