.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

ਪਉੜੀ ਨੰ: ੧੪ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਚੋਰਾ ਜਾਰਾ ਰੰਡੀਆ, ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ, ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ, ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ, ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ, ਕੂੜਾ ਪੈਨਣੁ ਮਾਣੁ॥  ੧ ॥

ਮਃ ੧॥ ਬਾਂਗਾ ਬੁਰਗੂ ਸਿੰਙੀਆ, ਨਾਲੇ ਮਿਲੀ ਕਲਾਣ॥ ਇਕਿ ਦਾਤੇ ਇਕਿ ਮੰਗਤੇ, ਨਾਮੁ ਤੇਰਾ ਪਰਵਾਣੁ॥ ਨਾਨਕ ਜਿਨੀੑ ਸੁਣਿ ਕੈ ਮੰਨਿਆ, ਹਉ ਤਿਨਾ ਵਿਟਹੁ ਕੁਰਬਾਣੁ॥  ੨ ॥

ਪਉੜੀ॥ ਮਾਇਆ ਮੋਹੁ ਸਭੁ ਕੂੜੁ ਹੈ, ਕੂੜੋ ਹੋਇ ਗਇਆ॥ ਹਉਮੈ ਝਗੜਾ ਪਾਇਓਨੁ, ਝਗੜੈ ਜਗੁ ਮੁਇਆ॥ ਗੁਰਮੁਖਿ ਝਗੜੁ ਚੁਕਾਇਓਨੁ, ਇਕੋ ਰਵਿ ਰਹਿਆ॥ ਸਭੁ ਆਤਮ ਰਾਮੁ ਪਛਾਣਿਆ, ਭਉਜਲੁ ਤਰਿ ਗਇਆ॥ ਜੋਤਿ ਸਮਾਣੀ ਜੋਤਿ ਵਿਚਿ, ਹਰਿ ਨਾਮਿ ਸਮਇਆ॥  ੧੪ 

(ਸਟੀਕ-ਪਉੜੀ ੧੪, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਚੋਰਾ ਜਾਰਾ ਰੰਡੀਆ, ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਣੁ॥ ਸਿਫਤੀ ਸਾਰ ਨ ਜਾਣਨੀ, ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ, ਭੀ ਸਾਹੂ ਸਿਉ ਪਾਣੁ॥ ਨਾਨਕ ਕੂੜੈ ਕਤਿਐ, ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ, ਕੂੜਾ ਪੈਨਣੁ ਮਾਣੁ॥ ੧॥ {ਪੰਨਾ ੭੯੦}

ਪਦ ਅਰਥ : —ਜਾਰ—ਵਿਭਚਾਰੀ ਮਨੁੱਖ। ਰੰਡੀਆ—ਵਿਧਵਾ ਇਸਤ੍ਰੀਆਂ, ਪ੍ਰਕਰਣ ਅਨੁਸਾਰ ਵਿਭਚਾਰਨ ਇਸਤ੍ਰੀਆਂ। ਕੁਟਣੀ—ਦੱਲੀਆਂ। ਦੀਬਾਣੁ—ਮਜਲਸ, ਬਹਿਣ ਖਲੋਣ ਦੀ ਸਾਂਝ, ਆਪਸੀ ਮੇਲਜੋਲ। ਵੇਦੀਨ—ਅਧਰਮੀ। ਖਾਣੁ—ਖਾਣ ਪੀਣ ਦੀ ਸਾਂਝ। ਗਦਹੁ—ਖੋਤਾ। ਚੰਦਨਿ—ਚੰਦਨ ਨਾਲ। ਖਉਲੀਐ—ਮਲੀਏ। ਸਾਹੂ—ਸੁਆਹ। ਪਾਣੁ—ਵਰਤੋਂ-ਵਿਹਾਰ। ਕੂੜੈ ਕਤਿਐ—ਕੂੜ-ਰੂਪ ਸੂਤ ਦੇ ਕੱਤਣ ਨਾਲ। ਤਾਣੁ—ਤਾਣਾ। ਕਛੀਐ—ਕੱਛੀਦਾ ਹੈ, ਮਿਣੀਦਾ ਹੈ।

ਅਰਥ : — "ਚੋਰਾ ਜਾਰਾ ਰੰਡੀਆ, ਕੁਟਣੀਆ ਦੀਬਾਣੁ" -ਚੋਰਾਂ, ਲੁੱਚੇ-ਬਦਮਾਸ਼ ਕਿਸਮ ਦੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੇਆਂ ਦਾ ਆਪੋ `ਚ ਹੀ ਬਹਿਣ ਖਲੋਣ ਹੁੰਦਾ ਹੈ।

"ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਣੁ" - ਇਹ ਵੀ ਕਿ ਇਨ੍ਹਾਂ ਧਰਮ ਹੀਨਿਆਂ ਦੀ ਆਪੋ `ਚ ਮਿਤ੍ਰਤਾ ਤੇ ਆਪਸ `ਚ ਖਾਣ ਪੀਣ ਤੀਕ ਦੀ ਵੀ ਸਾਂਝ ਹੁੰਦੀ ਹੈ।

"ਸਿਫਤੀ ਸਾਰ ਨ ਜਾਣਨੀ, ਸਦਾ ਵਸੈ ਸੈਤਾਨੁ" -ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੱਲ ਤਾਂ ਇਨ੍ਹਾਂ ਦੇ ਜੀਵਨ `ਚ ਹੁੰਦੀ ਨਹੀਂ, ਇਨ੍ਹਾਂ ਦੇ ਮਨ `ਚ ਤਾਂ ਜਿਵੇਂ ਕਿ ਹਰ ਸਮੇਂ ਸ਼ੈਤਾਨ ਹੀ ਵੱਸਦਾ ਹੈ।

"ਗਦਹੁ ਚੰਦਨਿ ਖਉਲੀਐ, ਭੀ ਸਾਹੂ ਸਿਉ ਪਾਣੁ" - ਇਹ ਲੋਕ ਸਮਝਾਇਆਂ ਵੀ ਨਹੀਂ ਸਮਝਦੇ। ਅਜਿਹੇ ਘਟੀਆ ਜੀਵਨ ਵਾਲੇ ਲੋਕਾਂ ਦਾ ਜੀਵਨ ਮਨੁੱਖ ਹੁੰਦੇ ਵੀ ਕੇਵਲ ਗਧੇ ਦੇ ਜੀਵਨ ਦੀ ਨਿਆਂਈਂ ਹੁੰਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ਖੋਤੇ ਨੂੰ ਭਾਵੇਂ ਚੰਦਨ ਮਲ ਦੇਵੀਏ ਤਾਂ ਵੀ ਉਹ ਆਪਣੀ ਗਧੇ ਦੀ ਜੂਨ `ਚ ਵਿਚਰਣ ਕਾਰਣ ਉਹ ਮੁੜ-ਤੁੜ ਕੇ ਸੁਆਹ `ਚ ਜਾ ਕੇ ਹੀ ਲੋਟ-ਪੋਟ ਹੁੰਦਾ ਹੈ।

ਕਿਉਂਕਿ ਆਪਣੇ ਮਨੁੱਖਾ ਜਨਮ ਦੌਰਾਨ ਉਸ ਰਾਹੀਂ ਕੀਤੇ ਕਰਮਾਂ ਕਾਰਣ, ਪ੍ਰਭੂ ਵੱਲੋਂ ਜੀਵਨ ਦੇ ਇਸ ਪੜਾਅ ਤੇ ਗੇੜ `ਚ ਗਧੇ ਦੀ ਜੂਨ `ਚ ਪਏ ਹੋਏ ਨੁੰ ਉਸ ਦੇ ਇਸ ਜਨਮ ਵਾਲੇ ਅਜਿਹੇ ਮੰਦੇ ਰਾਹ ਤੋਂ ਨਹੀਂ ਵਰਜਿਆ ਜਾ ਸਕਦਾ, ਇਸ ਲਈ ਉਸ ਨੂੰ ਇਹ ਸਭ ਕਰਣਾ ਹੀ ਪੈਂਦਾ ਹੈ। ਜਿਵੇਂ:-

() "ਚੰਦਨ ਲੇਪੁ ਉਤਾਰੈ ਧੋਇ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ" (ਪੰ: ੨੬੭)

() "ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ"॥ ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ" (ਪੰ: ੮੭)

() "ਬਾਝੁ ਗੁਰੂ ਹੈ ਅੰਧ ਅਧੰਾਰਾ॥ ਜਮਕਾਲਿ ਗਰਠੇ ਕਰਹਿ ਪੁਕਾਰਾ॥ ਅਨਦਿਨੁ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮਹਿ ਦੁਖੁ ਪਾਵਣਿਆ" (ਪੰ: ੧੨੫)

() "ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ, ਮਰਨੁ ਜੀਵਨੁ ਤਿਸੁ ਤਾਂਈ" (ਪੰ: ੧੨੭੩) ਹੋਰ

() "ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧॥ ਰਹਾਉ॥ ਕਊਆ ਕਹਾ ਕਪੂਰ ਚਰਾਏ॥ ਕਹਾ ਬਿਸੀਅਰ ਕਉ ਦੂਧੁ ਪੀਆਏ॥ ੨॥ ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ" (ਪੰ: ੪੮੧)

() ਚਾਰਿ ਪਾਵ ਦੁਇ ਸਿੰਗ ਗੁੰਗ ਮੁਖ, ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ, ਤਬ ਕਤ ਮੂਡ ਲੁਕਈਹੈ॥  ੧ ॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ॥  ੧ ॥ ਰਹਾਉ॥ ਸਾਰੋ ਦਿਨੁ ਡੋਲਤ ਬਨ ਮਹੀਆ, ਅਜਹੁ ਨ ਪੇਟ ਅਘਈਹੈ॥ ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈਹੈ॥  ੨ ॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰੁ ਕਤ ਪਈ ਹੈ॥  ੩ ॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ, ਗਤਿ ਬਿਨੁ ਰੈਨਿ ਬਿਹਈਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ॥  ੪ ॥  ੧ ॥ (ਪੰ: ੫੨੪)

"ਲਖ ਚਉਰਾਸੀਹ ਆਪਿ ਉਪਾਏ॥ ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ॥ ਬਿਨੁ ਭਗਤੀ ਬਿਸਟਾ ਵਿਚਿ ਵਾਸਾ, ਬਿਸਟਾ ਵਿਚਿ ਫਿਰਿ ਪਾਇਦਾ" (ਪੰ: ੧੦੬੧) ਆਦਿ

"ਨਾਨਕ ਕੂੜੈ ਕਤਿਐ, ਕੂੜਾ ਤਣੀਐ ਤਾਣੁ" -ਹੇ ਨਾਨਕ! ਕੂੜ ਦੇ ਤਾਣੇ ਨਾਲ ਤਾਂ ਸੂਤਰ ਵੀ ਕੂੜ ਦਾ ਹੀ ਕੱਤਿਆ ਜਾਂਦਾ ਹੈ।

"ਕੂੜਾ ਕਪੜੁ ਕਛੀਐ, ਕੂੜਾ ਪੈਨਣੁ ਮਾਣੁ"॥ ੧॥ -ਜੇਕਰ ਕੱਪੜਾ ਹੀ ਕੂੜ ਦਾ ਕੱਛਿਆ ਹੋਵੇ ਤਾਂ ਅਜਿਹੇ ਜੀਵਨ ਵਾਲੇ ਮਨੁੱਖ ਨੇ ਪੋਸ਼ਾਕ ਵੀ ਤਾਂ ਕੂੜ ਦੀ ਹੀ ਪਹਿਣਨੀ ਤੇ ਪਹਿਣੀ ਹੁੰਦੀ ਹੈ

ਭਾਵ ਜੇਕਰ ਮਨੁੱਖ ਪੂਰਾ ਜੀਵਨ ਹੀ, ਕਰਤੇ-ਪ੍ਰਭੂ ਨੂੰ ਵਿਸਾਰ ਕੇ ਕੇਵਲ ਨਾਸ਼ਵਾਨ ਪਦਾਰਥਾਂ, ਵਾਸਨਾਵਾਂ ਤੇ ਤ੍ਰੈ-ਗੁਣੀ ਮਾਇਆ ਦੀ ਪਕੜ `ਚ ਹੀ ਖੱਚਤ ਕਰ ਦਿੰਦਾ ਹੈ ਤਾਂ "ਕੂੜ" ਦੀ ਕਮਾਈ ਕਾਰਣ, ਉਸ ਨੂੰ ਲੋਕ-ਪ੍ਰਲੋਕ `ਚ ਵਡਿਆਈ ਵੀ ਕੂੜ ਦੀ ਹੀ ਮਿਲਦੀ ਹੈ।। ੧। ਜਿਵੇਂ:-

() "ਖਤਿਅਹੁ ਜੰਮੇ ਖਤੇ ਕਰਨਿ, ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ, ਜੇ ਸਉ ਧੋਵਣ ਪਾਹਿ॥ ਨਾਨਕ ਬਖਸੇ ਬਖਸੀਅਹਿ, ਨਾਹਿ ਤ ਪਾਹੀ ਪਾਹਿ" (ਪੰ: ੧੪੯) "

() "ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥ ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ॥ ਗਿਆਨ ਪਦਾਰਥੁ ਖੋਇਆ, ਠਗਿਆ ਮੁਠਾ ਜਾਇ" (ਪੰ: ੬੦)

() ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ॥ ਕੂੜੁ ਕਮਾਵਨਿ ਦੁਖੁ ਲਾਗੈ ਭਾਰਾ॥ ਭਰਮੇ ਭੂਲੇ ਫਿਰਨਿ ਦਿਨ ਰਾਤੀ, ਮਰਿ ਜਨਮਹਿ ਜਨਮੁ ਗਵਾਵਣਿਆ" (ਪੰ: ੧੧੫)

() "ਮਨਮੁਖ ਮਰਹਿ ਅਹੰਕਾਰਿ, ਮਰਣੁ ਵਿਗਾੜਿਆ" (ਪੰ: ੮੬)

() "ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ" (ਪੰ: ੮੭) ਆਦਿ

ਮਃ ੧॥ ਬਾਂਗਾ ਬੁਰਗੂ ਸਿੰਙੀਆ, ਨਾਲੇ ਮਿਲੀ ਕਲਾਣ॥ ਇਕਿ ਦਾਤੇ ਇਕਿ ਮੰਗਤੇ, ਨਾਮੁ ਤੇਰਾ ਪਰਵਾਣੁ॥ ਨਾਨਕ ਜਿਨੀੑ ਸੁਣਿ ਕੈ ਮੰਨਿਆ, ਹਉ ਤਿਨਾ ਵਿਟਹੁ ਕੁਰਬਾਣੁ॥ ੨॥ {ਪੰਨਾ ੭੯੦}

ਪਦ ਅਰਥ : — ਬਾਂਗਾ—ਮੌਲਵੀ ਬਾਂਗ ਦਿੰਦਾ ਹੈ। ਬੁਰਗੂ— (ਫ਼ਾ: ਬੁਰਗ਼ੂ) ਤੂਤੀ ਫ਼ਕੀਰਾਂ ਰਾਹੀਂ ਤੂਤੀਆਂ ਵਜਾਉਣੀਆਂ। ਸਿੰਙੀਆ—ਜੋਗੀਆਂ ਦੀਆਂ ਸਿੰਘੀਆਂ। ਕਲਾਣ—ਮਰਾਸੀਆਂ ਰਾਹੀਂ ਘਰਾਂ-ਪ੍ਰਵਾਰਾਂ `ਤੇ ਸਦ ਪਾਉਣੀ। ਪਰਵਾਣੁ—ਕਬੂਲ, ਪਸੰਦ।

ਅਰਥ : — "ਬਾਂਗਾ ਬੁਰਗੂ ਸਿੰਙੀਆ, ਨਾਲੇ ਮਿਲੀ ਕਲਾਣ" ਮੌਲਵੀ ਬਾਂਗ ਦਿੰਦੇ ਹਨ, ਫ਼ਕੀਰ ਲੋਕ ਤੂਤੀ ਵਜਾਉਂਦੇ ਹਨ, ਜੋਗੀ ਸਿੰਙੀ ਵਜਾਉਂਦੇ ਹਨ ਅਤੇ ਮਿਰਾਸੀ ਕਲਾਣ ਕਰਦੇ ਭਾਵ ਮਰਾਸੀ ਲੋਕਾਂ ਦੇ ਘਰਾਂ `ਤੇ ਸਦਾਂ ਪਾਉਂਦੇ ਹਨ।

"ਇਕਿ ਦਾਤੇ ਇਕਿ ਮੰਗਤੇ, ਨਾਮੁ ਤੇਰਾ ਪਰਵਾਣੁ" - ਇਸ ਤਰ੍ਹਾਂ ਸੰਸਾਰ `ਚ ਕਈ ਦਾਤੇ ਹਨ ਤੇ ਕਈ ਮੰਗਤੇ ਵੀ ਹਨ, ਪਰ ਹੇ ਪ੍ਰਭੂ! ਮੈਨੂੰ ਤਾਂ ਤੇਰੇ ਦਰ ਤੋਂ ਕੇਵਲ ਤੇਰੀ ਸਿਫ਼ਤ ਸਲਾਹ ਤੇ ਤੇਰੇ ਨਾਮ ਵਾਲੀ ਦਾਤ ਹੀ ਚਾਹੀਦੀ ਹੈ ਅਤੇ ਮੰਗਦਾ ਵੀ ਹਾਂ।

"ਨਾਨਕ ਜਿਨੀੑ ਸੁਣਿ ਕੈ ਮੰਨਿਆ, ਹਉ ਤਿਨਾ ਵਿਟਹੁ ਕੁਰਬਾਣੁ"॥ ੨॥ ਹੇ ਨਾਨਕ! ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸੁਣ ਕੇ ਉਸ `ਚ ਆਪਣੇ ਮਨ ਨੂੰ ਜੋੜ ਲਿਆ ਹੈ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ।

ਭਾਵ ਹੇ ਪ੍ਰਭੂ ਮੈਨੂੰ ਨਾਨਕ ਨੂੰ ਆਪਣੇ ਦਰ ਦੇ ਅਜਿਹੇ ਸਤਿਸੰਗੀਆਂ ਦਾ ਸਾਥ ਬਖ਼ਸ਼, ਜਿਹੜੇ ਤੇਰੀ ਸਿਫ਼ਤ-ਸਲਾਹ ਨਾਲ ਜੁੜੇ ਹੋਏ ਤੇ ਤੇਰੇ ਰੰਗ `ਚ ਰੰਗੇ ਹੋਏ ਹਨ। ਹੇ ਪ੍ਰਭੂ! ਮੈਂ ਨਾਨਕ ਤੇਰੇ ਅਜਿਹੇ ਸਤਿਸੰਗੀਆਂ ਤੋਂ ਬਲਿਹਾਰੇ ਜਾਂਦਾ ਹਾਂ। ੨।

ਪਉੜੀ॥ ਮਾਇਆ ਮੋਹੁ ਸਭੁ ਕੂੜੁ ਹੈ, ਕੂੜੋ ਹੋਇ ਗਇਆ॥ ਹਉਮੈ ਝਗੜਾ ਪਾਇਓਨੁ, ਝਗੜੈ ਜਗੁ ਮੁਇਆ॥ ਗੁਰਮੁਖਿ ਝਗੜੁ ਚੁਕਾਇਓਨੁ, ਇਕੋ ਰਵਿ ਰਹਿਆ॥ ਸਭੁ ਆਤਮ ਰਾਮੁ ਪਛਾਣਿਆ, ਭਉਜਲੁ ਤਰਿ ਗਇਆ॥ ਜੋਤਿ ਸਮਾਣੀ ਜੋਤਿ ਵਿਚਿ, ਹਰਿ ਨਾਮਿ ਸਮਇਆ॥ ੧੪॥ {ਪੰਨਾ ੭੯੦} "

ਪਦ ਅਰਥ : —ਕੂੜੁ—ਛਲ, ਭਰਮ, ਨਾਸ਼ਵਾਨ ਸੰਸਾਰ। ਕੂੜੋ— ਕੇਵਲ ਕੂੜ ਮਾਤ੍ਰ ਹੀ ਹੈ, ਕੇਵਲ ਛਲਾਵਾ ਹੀ ਹੈ। ਪਾਇਓਨੁ—ਪਾਇਆ ਉਸ (ਪ੍ਰਭੂ) ਨੇ। ਚੁਕਾਇਓਨੁ—ਮੁਕਾਇਆ ਉਸ (ਪ੍ਰਭੂ) ਨੇ। ਸਭੁ—ਹਰ ਥਾਂ। ਭਉਜਲੁ—ਸੰਸਾਰ-ਸਮੁੰਦਰ, ਮੋਹ-ਮਾਇਆ ਤੇ ਹਊਮੈ ਆਦਿ ਵਿਕਾਰਾਂ ਨਾਲ ਉਛਾਲੇ ਮਾਰਦਾ ਦਾ ਸਮੁੰਦ੍ਰ। ਨਾਮਿ—ਨਾਮ `ਚ, ਪ੍ਰਭੂ ਦੇ ਗੁਣਨਵਾਦ ਤੇ ਉਸ ਦੀ ਸਿਫ਼ਤ ਸਲਾਹ `ਚ।

ਅਰਥ : — "ਮਾਇਆ ਮੋਹੁ ਸਭੁ ਕੂੜੁ ਹੈ, ਕੂੜੋ ਹੋਇ ਗਇਆ" -ਮਾਇਕ ਪਦਾਰਥਾਂ ਦਾ ਮੋਹ ਨਿਰੋਲ ਛਲਾਵਾ ਤੇ ਦਿਖਾਵਾ ਹੁੰਦਾ ਹੈ। ਅਸਲ ਚ ਇਹ ਮੋਹ ਤਾਂ ਸੰਸਾਰਕ ਬਿਨਸਨਹਾਰ ਪਦਾਰਥਾਂ ਤੇ ਪ੍ਰਾਪਤੀਆਂ ਪ੍ਰਤੀ ਹੁੰਦਾ ਹੈ ਇਸ ਲਈ ਇਸ ਨੇ ਬਿਨਸਨਾ ਵੀ ਅਵਸ਼ ਹੁੰਦਾ ਹੈ। ਯਥਾ:-

() "ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥  ੧ ॥" (ਪੰ: ੪੬੮)

() "ਜਗ ਸੁਪਨਾ, ਬਾਜੀ ਬਨੀ, ਖਿਨ ਮਹਿ ਖੇਲੁ ਖੇਲਾ" (ਪੰ: ੧੮)

() "ਜੋ ਦੀਸੈ ਸੋ ਚਲਸੀ, ਕੂੜਾ ਮੋਹੁ ਨ ਵੇਖੁ॥ ਵਾਟ ਵਟਾਊ ਆਇਆ, ਨਿਤ ਚਲਦਾ ਸਾਥੁ ਦੇਖੁ" (ਪੰ: ੬੧-੬੨) ਆਦਿ

"ਹਉਮੈ ਝਗੜਾ ਪਾਇਓਨੁ, ਝਗੜੈ ਜਗੁ ਮੁਇਆ" - ਇਸ ਦੇ ਨਾਲ ਇਹ ਵੀ ਕਿ ਸੰਸਾਰ `ਚ ਪ੍ਰਭੂ ਨੇ ਹਉਮੈ ਵਾਲਾ ਗੇੜ ਵੀ ਆਪ ਹੀ ਪੈਦਾ ਕੀਤਾ ਹੋਇਆ ਹੈ। ਪਰ ਸੰਸਾਰ ਰਾਹੀਂ ਇਸ ਹਉਮੈ ਦੇ ਗੇੜ `ਚ ਪੈਣ ਕਰਕੇ ਹੀ ਜੀਵ ਦੁਖੀ ਹੋ ਰਿਹਾ ਹੈ। ਯਥਾ:- "

() "ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ" (ਬਾਣੀ ਜਪੁ)

() "ਹਉਮੈ ਮਮਤਾ ਮੋਹਣੀ, ਸਭ ਮੁਠੀ ਅਹੰਕਾਰਿ" (ਪੰ: ੧੯)

() "ਜਗਿ ਹਉਮੈ ਮੈਲੁ ਦੁਖੁ ਪਾਇਆ, ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ" (ਪੰ: ੩੯) ਆਦਿ

"ਗੁਰਮੁਖਿ ਝਗੜੁ ਚੁਕਾਇਓਨੁ, ਇਕੋ ਰਵਿ ਰਹਿਆ" - ਇਸ ਸਾਰੇ ਦੇ ਬਾਵਜੂਦ, ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਹਨ ਤੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਉਨ੍ਹਾਂ ਪ੍ਰਭੂ ਪਿਆਰਿਆਂ ਨੂੰ ਕਰਤਾ-ਪੁਰਖ ਆਪ ਹੀ ਇਸ ਹਊਮੈ ਵਾਲੇ ਝਮੇਲੇ ਤੇ ਝਗੜੇ `ਚੋਂ ਕੱਢ ਲੈਂਦਾ ਤੇ ਬਚਾਅ ਲੈਂਦਾ ਹੈ।

ਇਸ ਤਰ੍ਹਾਂ ਪ੍ਰਭੂ ਜਦੋਂ ਗੁਰਮੁਖਾਂ ਦੇ ਜੀਵਨ `ਚੋਂ ਹਉਮੈ ਰੋਗ ਨੂੰ ਮੁਕਾਅ ਦਿੰਦਾ ਹੈ ਤਾਂ ਉਨ੍ਹਾਂ ਨੂੰ ਸਮੂਚੀ ਰਚਨਾ `ਚ ਵਿਆਪਕ ਪ੍ਰਭੂ ਦਿੱਸਣ ਲਗ ਜਾਂਦਾ ਹੈ ਤੇ ਉਸ ਦੇ ਦਰਸ਼ਨ ਹੋਣ ਜਾਂਦੇ ਹਨ। ਯਥਾ:-

() "ਮਨ ਮੇਰੇ, ਹਉਮੈ ਮੈਲੁ ਭਰਨਾਲਿ॥ ਹਰਿ ਨਿਰਮਲੁ ਸਦਾ ਸੋਹਣਾ, ਸਬਦਿ ਸਵਾਰਣਹਾਰੁ" (ਪੰ: ੩੫-੩੬)

() "ਸਭ ਸਾਲਾਹੈ ਆਪ ਕਉ, ਵਡਹੁ ਵਡੇਰੀ ਹੋਇ॥ ਗੁਰ ਬਿਨੁ ਆਪੁ ਨ ਚੀਨੀਐ, ਕਹੇ ਸੁਣੇ ਕਿਆ ਹੋਇ॥ ਨਾਨਕ ਸਬਦਿ ਪਛਾਣੀਐ, ਹਉਮੈ ਕਰੈ ਨ ਕੋਇ" (ਪੰ: ੫੮)

() "ਬਿਨੁ ਗੁਰ, ਪ੍ਰੀਤਿ ਨ ਉਪਜੈ ਹਉਮੈ, ਮੈਲੁ ਨ ਜਾਇਸੋਹੰ ਆਪੁ ਪਛਾਣੀਐ, ਸਬਦਿ ਭੇਦਿ ਪਤੀਆਇ॥ ਗੁਰਮੁਖਿ ਆਪੁ ਪਛਾਣੀਐ, ਅਵਰ ਕਿ ਕਰੇ ਕਰਾਇ" (ਪੰ: ੬੦) ਆਦਿ

"ਸਭੁ ਆਤਮ ਰਾਮੁ ਪਛਾਣਿਆ, ਭਉਜਲੁ ਤਰਿ ਗਇਆ" - ਗੁਰਮੁਖ ਜਨ ਹਰ ਥਾਂ `ਤੇ ਵੱਸ ਰਹੇ ਪ੍ਰਭੂ-ਪ੍ਰਮਾਤਮਾ ਦੀ ਹੋਂਦ ਨੂੰ ਹੀ ਪਛਾਣਦੇ ਹਨ ਤੇ ਇਸ ਤਰ੍ਹਾਂ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ਼ ਹੋ ਜਾਂਦਾ ਹੈ। ਯਥਾ:-

() "ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾਰਾ॥ ਸਚੁ ਖੇਲੁ ਤੁਮ੍ਹਾਰਾ, ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ" (ਪੰ: ੭੬੪)

() ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ॥ ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ (ਪੰ: ੫੧)

() ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ॥ ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ (ਪੰ: ੧੧੪)

() ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ (ਪੰ: ੧੪੨੯) ਆਦਿ

"ਜੋਤਿ ਸਮਾਣੀ ਜੋਤਿ ਵਿਚਿ, ਹਰਿ ਨਾਮਿ ਸਮਇਆ"॥ ੧੪॥ - ਉਨ੍ਹਾਂ ਦੀ ਆਤਮਾ ਪ੍ਰਮਾਤਮਾ `ਚ ਲੀਨ ਹੋ ਜਾਂਦੀ ਹੈ ਤੇ ਉਹ ਸਰਤ ਕਰਕੇ ਪ੍ਰਭੂ ਦੇ ਨਾਮ ਰੰਗ `ਚ ਹੀ ਜੁੜੇ ਰਹਿੰਦੇ ਹਨ। ੧੪। ਯਥਾ:-

() "ਗਰਬ ਗਤੰ, ਸੁਖ ਆਤਮ ਧਿਆਨਾ॥ ਜੋਤਿ ਭਈ, ਜੋਤੀ ਮਾਹਿ ਸਮਾਨਾ" (ਪੰ: ੨੨੧)

() "ਭੈ ਪਇਐ ਮਨੁ ਵਸਿ ਹੋਆ, ਹਉਮੈ ਸਬਦਿ ਜਲਾਇ॥ ਸਚਿ ਰਤੇ ਸੇ ਨਿਰਮਲ, ਜੋਤੀ ਜੋਤਿ ਮਿਲਾਇ॥ ਸਤਿਗੁਰਿ ਮਿਲਿਐ ਨਾਉ ਪਾਇਆ, ਨਾਨਕ ਸੁਖਿ ਸਮਾਇ" (ਪੰ: ੬੪੫) ਆਦਿ (ਚਲਦਾ) #Instt.P14-25th--Suhi ki.Vaar M.3--03.18#v.   

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਪੰਜੀਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.