.

ਰਾਮ ਜਪਤ ਕਛੁ ਬਿਘਨੁ ਨ ਵਿਆਪੈ

(ਸੁਖਜੀਤ ਸਿੰਘ ਕਪੂਰਥਲਾ)

ਰਾਮ ਜਪਤ ਕਛੁ ਬਿਘਨੁ ਨ ਵਿਆਪੈ` (੮੬੯) ਦੇ ਅਮੋਲਕ ਬਚਨ ਰਾਗ ਗੋਂਡ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਣ ਕੀਤੇ ਹੋਏ ਹਨ। ਪੰਚਮ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਰਾਹੀਂ ਅਕਾਲ ਪੁਰਖ ਦੇ ਨਾਮ ਨੂੰ ਜਪਣ ਦੀ ਪ੍ਰੇਰਣਾ ਦਿੰਦੇ ਹੋਏ ਉਸ ਤੋਂ ਹੋਣ ਵਾਲੇ ਲਾਭ ਦੀ ਗੱਲ ਕਰਦੇ ਹਨ।

ਸੰਸਾਰ ਦਾ ਹਰ ਪ੍ਰਾਣੀ ਸੁੱਖਾਂ ਲਈ ਯਤਨਸ਼ੀਲ ਹੁੰਦਾ ਹੋਇਆ ਕਰਮ ਕਰ ਰਿਹਾ ਹੈ, ਹਰ ਕੋਈ ਆਪਣੇ-ਆਪਣੇ ਇਸ਼ਟਪਾਸੋਂ ਸੁੱਖਾਂ ਦੀ ਹੀ ਮੰਗ ਕਰ ਰਿਹਾ ਹੈ, ਪਰ ਜਦੋਂ ਅਸੀਂ ਸੰਸਾਰ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਸਾਰੀ ਤਸਵੀਰ ਇਸ ਤੋਂ ਉਲਟ ਦਿਖਾਈ ਦਿੰਦੀ ਹੈ। ਹਰੇਕ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਜ਼ਰੂਰ ਹੈ।

ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਦਾ ਕਾਰਣ ਲੱਭਣ ਦਾ ਯਤਨ ਕਰਦੇ ਹਾਂ ਤਾਂ ਸ਼ਪਸ਼ਟ ਹੁੰਦਾ ਹੈ ਕਿ ਮਨੁੱਖ ਵਲੋਂ ਪ੍ਰਮੇਸ਼ਰ ਨੂੰ ਭੁੱਲ ਕੇ ਆਪਣੀ ਵੱਖਰੀ ਹੋਂਦ ਨੂੰ ਮੰਨ ਲੈਣਾ ਹੀ ਇਸ ਦੇ ਦੁੱਖਾਂ ਦਾ ਕਾਰਣ ਹੈ। ਜਿਸ ਮਨੁੱਖ ਨੂੰ ਪ੍ਰਮਾਤਮਾ ਵਿਸਰ ਜਾਂਦਾ ਹੈ, ਉਸ ਨੂੰ ਕਰੋੜਾਂ ਵਿਘਨ ਆ ਘੇਰਦੇ ਹਨ, ਐਸੇ ਜੀਵ ਹਰ ਰੋਜ਼ ਇਸ ਤਰ੍ਹਾਂ ਵਿਲਕਦੇ ਹਨ ਜਿਵੇਂ ਖਾਲੀ ਘਰਾਂ ਵਿੱਚ ਕਾਂਰੌਲਾ ਪਾਉਂਦਾ ਹੈ ਕਿਉਂ ਕਿ ਉਥੋਂ ਉਸ ਨੂੰ ਕੁੱਝ ਵੀ ਮਿਲਣ ਦੀ ਆਸ ਨਹੀ ਹੁੰਦੀ। ਸਹਿਬਾਂ ਦੇ ਪਾਵਨ ਬਚਨ ਹਨ:-

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ।।

ਨਾਨਕ ਅਨ ਦਿਨ ਬਿਲਪਤੇ ਜਿਉ ਸੁੰਝੈ ਘਰਿ ਕਾਉ।।

(ਵਾਰ ਗੂਜਰੀ-ਸਲੋਕ ਮਹਲਾ ੫-੫੨੨)

ਜੀਵ ਨੂੰ ਜਦੋਂ ਜੀਵਨ ਵਿੱਚ ਪੈਦਾ ਹੋਏ ਵਿਘਨਾਂ ਦੀ ਪਹਿਚਾਣ ਹੋ ਜਾਂਦੀ ਹੈ ਤਾਂ ਇਹਨਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕਰਦਾ ਹੋਇਆ 'ਬਿਘਨ ਨਾ ਕੋਊ ਲਾਗਤਾਗੁਰ ਪਹਿ ਅਰਦਾਸਿ` (੮੧੬) ਵਾਲੇ ਮਾਰਗ ਤੇ ਚਲਣਾ ਸ਼ੁਰੂ ਕਰਦਾ ਹੈ। ਗੁਰਬਾਣੀ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਨੂੰ ਸਤਿਗੁਰੂ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ।। ਕਲਿ ਕਲੇਸ ਤਨ ਮਾਹਿ ਮਿਟਾਵਉ ।। ` (੨੬੨) ਵਾਲੀ ਜੁਗਤੀ ਦਸਦੇ ਹਨ।

ਸਤਿਗੁਰਾਂ ਦੀ ਦਰਸਾਈ ਇਸ ਜੁਗਤੀ ਅਨੁਸਾਰ ਪ੍ਰਮੇਸ਼ਰ ਨੂੰ ਧਿਆਉਣ ਵਾਲੇ ਮਨੁੱਖ ਨੂੰ ਇਹ ਵੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਰਾਮ-ਰਾਮ ਕਰਦੇ ਹੋਏ ਕੇਵਲ ਜ਼ਬਾਨ ਤਕ ਹੀ ਸੀਮਤ ਨਾ ਰਹਿ ਜਾਵੇ। ਐਸਾ ਵੀ ਨਾ ਹੋਵੇ ਕਿ ਮੁੱਖ ਤੋਂ ਰਾਮ ਦਾ ਨਾਮ ਜਪ ਰਿਹਾ ਹੋਵੇ, ਪਰ ਅੰਦਰੋਂ ਕਪਟ ਭਰਪੂਰ ਜੀਵਨ ਜਾਚ ਦਾ ਧਾਰਨੀ ਹੋਵੇ। ਕਿਉਂਕਿ ‘ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ` (੪੯੧) ਨਾਲ ਕਦੀ ਵੀ ਪ੍ਰਾਪਤੀ ਦੀ ਆਸ ਨਹੀ ਹੋ ਸਕਦੀ। ਜਿਹੜੇ ਜੀਵ ਅੰਦਰੋਂ ਬਾਹਰੋਂ ਇੱਕ ਨਾ ਹੋ ਕੇ ਸਿਮਰਨ ਕਰਦੇ ਹਨ ਉਹ ਯਤਨ ਕਰਨ ਦੇ ਬਾਵਜੂਦ ਵੀ ਕਿਸੇ ਵੀ ਤਰਾਂ ਦੇ ਫਲ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਸ ਪੱਖ ਉਪਰ ਗੁਰਬਾਣੀ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਇਸ ਤਰਾਂ ਕਰਨ ਨਾਲ ਸਾਡੀ ਕੀਤੀ ਹੋਈ ਮਿਹਨਤ ਤੇ ਸਮਾਂ ਦੋਵੇਂ ਹੀ ਵਿਅਰਥ ਹੋ ਜਾਣਗੇ। ਇਸ ਪ੍ਰਥਾਇ ਸਾਹਿਬਾਂ ਦੇ ਪਾਵਨ ਬਚਨ ਹਨ:-

ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ।।

ਨਾਨਕ ਜਿਨ ਕੈਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ।।

(ਵਡਹੰਸ ਮਹਲਾ ੩-੫੬੫)

ਅਥਵਾ

ਹਰਿ ਹਰਿ ਕਰਹਿ ਕਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ।।

ਅਨਦਿਨ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ।।

(ਸੂਹੀ ਮਹਲਾ ੪-੭੩੨)

ਰਾਮ ਜਪਤ ਕਛੁ ਬਿਘਨੁ ਨ ਵਿਆਪੈ` (੮੬੯) ਵਾਲੀ ਅਵਸਥਾ ਦੀ ਪ੍ਰਾਪਤੀ ਲਈ ‘ਜੀਅਹੁ ਮੈਲੇ ਬਾਹਰਹੁ ਨਿਰਮਲ` (੯੧੯) ਦੀ ਥਾਂ ਤੇ ‘ਜੀਅਹੁ ਨਿਰਮਲ ਬਾਹਰਹੁ ਨਿਰਮਲ` (੯੧੯) ਵਾਲੀ ਅਵਸਥਾ ਦੇ ਧਾਰਨੀ ਬਣ ਕੇ ਨਾਮ ਮਾਰਗ ਦੇ ਪਾਂਧੀ ਬਣਨਾ ਪੈਣਾ ਹੈ। ਇੱਕ ਅਕਾਲ ਪੁਰਖ ਨੂੰ ਸਾਰੇ ਸੁੱਖਾਂ ਦਾ ਦਾਤਾ ਮੰਨਦੇ ਹੋਏ ਉਸ ਤੇ ਆਪਣਾ ਭਰੋਸਾ ਪ੍ਰਪੱਕ ਕਰਨਾ ਪੈਂਦਾ ਹੈ। ਇਸ ਤਰਾਂ ਕਰਨ ਦੇ ਨਾਲ-ਨਾਲ ਇਹ ਵੀ ਯਾਦ ਰਖਣਾ ਜ਼ਰੂਰੀ ਹੈ ਕਿ ਪ੍ਰਮੇਸ਼ਰ ਦਾ ਨਾਮ ਜਪਣ ਰੂਪੀ ਕਰਮ ਕੇਵਲ ਲੋੜਾਂ ਦੀ ਪੂਰਤੀ ਤਕ ਹੀ ਸੀਮਤ ਨਾ ਹੋ ਕੇ ਰਹਿ ਜਾਵੇ। ਸਗੋਂ ‘ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ` (੧੩੬੪) ਨੂੰ ਹਰ ਸਮੇਂ ਯਾਦ ਰੱਖਣਾ ਹੈ। ਜਦੋਂ ਅਸੀ ਇਸ ਤਰਾਂ ਦੇ ਪ੍ਰਪੱਕਵਿਸ਼ਵਾਸ ਨਾਲ ਉਸ ਸਰਵ ਵਿਆਪਕ ਰਾਮ ਦੀ ਅਰਾਧਨਾ ਕਰਾਂਗੇ ਤਾਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਣੀ ਸੰਭਵ ਹੋ ਜਾਵੇਗੀ, ਕੇਵਲ ਇਸ ਲੋਕ ਦੇ ਸੁੱਖ ਹੀ ਨਹੀ ਸਗੋਂ ਪਰਲੋਕ ਦੇ ਸੁੱਖ ਵੀ ਸਾਡੀ ਝੋਲੀ ਵਿੱਚ ਆ ਜਾਣਗੇ। ਇਸ ਪ੍ਰਥਾਇ ਰਾਗ ਧਨਾਸਰੀ ਦੇ ਸ਼ਬਦ ਰਾਹੀਂ ਗੁਰੂ ਰਾਮਦਾਸ ਜੀ ਸਾਨੂੰ ਅਗਵਾਈ ਬਖਸ਼ਿਸ਼ ਕਰਦੇ ਹਨ:-

ਇਛਾ ਪੂਰਕ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ।।

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ।। ੧।।

ਜਪਿ ਮਨ ਸਤਿਨਾਮੁ ਸਦਾ ਸਤਿਨਾਮੁ।।

ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।। ਰਹਾਉ।।

(ਧਨਾਸਰੀ ਮਹਲਾ ੪-੬੬੯)

ਜੀਵਨ ਵਿੱਚ ਵਿਚਰਦੇ ਹੋਏ ਹਰੇਕ ਮਨੁੱਖ ਕਿਸੇ ਨਾ ਕਿਸੇ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦੁਨਿਆਵੀ ਆਸਰੇ ਭਾਲਦਾ ਹੋਇਆ ਹਾਰ ਕੇ ਥੱਕ ਜਾਂਦਾ ਹੈ। ਐਸੀ ਅਵਸਥਾ ਆ ਜਾਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਰਸਤਾ ਦਸਦੇ ਹਨ ਕਿ ਜਦੋਂ ਕਦੀ ਕੋਈ ਭਾਰੀ ਬਿਪਤਾ ਆ ਪਏ ਜਿਸ ਤੋਂ ਬਚਣ ਲਈ ਕੋਈ ਦੁਨਿਆਵੀ ਮਨੁੱਖ ਉਸ ਨੂੰ ਸਹਾਰਾ ਨਾ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ ਸਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖਤਮ ਹੋ ਜਾਵੇ, ਕੋਈ ਸਹਾਰਾ ਵੀ ਬਾਕੀ ਨਾ ਬਚੇ, ਜੇ ਉਸ ਬਿਪਤਾ ਮਾਰੇ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਆ ਜਾਵੇ ਤਾਂ ਉਸ ਦਾ ਵਾਲ ਵੀ ਵਿੰਗਾ ਨਹੀ ਹੁੰਦਾ। ਸਾਹਿਬਾਂ ਦੇ ਪਾਵਨ ਬਚਨ ਹਨ:-

ਜਾ ਕਉ ਮੁਸਕਲੁ ਅਤਿ ਬਣੇ ਢੋਈ ਕੋਇ ਨ ਦੇਇ।।

ਲਾਗੂ ਹੋਏ ਦੁਸਮਨਾ ਸਾਕਭਿ ਭਜਿ ਖਲ।।

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ।।

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ।।

(ਸਿਰੀਰਾਗੁ ਮਹਲਾ ੫-੭੦)

ਜੀਵਨ ਵਿਚਲੇ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਿਵੇਂ ਕਰਨਾ ਹੈ, ਇਸ ਲਈ ਤਾਂ ਸੱਚਾ ਗੁਰੂ ਹੀ ਸਹੀ ਰਸਤਾ ਦੱਸਣ ਦੇ ਸਮਰੱਥ ਹੋ ਸਕਦਾ ਹੈ। ਸਤਿਗੁਰੂ ਦਸਦੇ ਹਨ ਕਿ ਹੇ ਭਾਈ ! ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੀ ਹੈ, ਉਸ ਹਿਰਦੇ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਦੂਰ ਹੋ ਜਾਂਦਾ ਹੈ, ਫਿਰ ਵੀ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਕਾਰਜ ਵਡਭਾਗੀਆਂ ਦੇ ਹਿੱਸੇ ਹੀ ਆਉਂਦਾ ਹੈ, ਜਦੋਂ ਗੁਰੂ ਦੇ ਰਾਹੀਂ ਸਾਨੂੰ ਐਸੀ ਸਮਝ ਆਉਂਦੀ ਹੈ ਤਾਂ ਗੁਰੂ ਦਰਸਾਏ ਮਾਰਗ ਦੇ ਪਾਂਧੀ ਬਣ ਕੇ ਨਾਮ ਜਪਦੇ ਹੋਏ ਸੰਸਾਰ ਸਮੁੰਦਰ ਦੇ ਦੁੱਖਾਂ ਤੋਂ ਪਾਰ ਲੰਘ ਜਾਈਦਾ ਹੈ:-

ਜਹ ਹਰਿ ਸਿਮਰਨ ਭਇਆ ਤਹ ਉਪਾਇ ਗਤੁ ਕੀਨੀ ਵਡਭਾਗੀ ਹਰਿ ਜਪਨਾ।।

ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ।।

(ਧਨਾਸਰੀ ਮਹਲਾ ੪-੬੬੯)

ਇਸ ਲਈ ਲੋੜ ਹੈ ਕਿ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਸਦੀਵੀ ਸੁਖਾਂ ਦੀ ਪ੍ਰਾਪਤੀ ਲਈ ਅਸੀਂ ਰਾਮ ਜਪਤ ਕਛੁ ਬਿਘਨੁ ਨ ਵਿਆਪੈ` (? ੬੯) ਉਪਰ ਆਪਣਾ ਵਿਸ਼ਵਾਸ ਪ੍ਰਪੱਕ ਕਰ ਲਈਏ ਅਤੇ ਸੱਚੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਏ ਮਾਰਗ ਉਪਰ ਚਲਦੇ ਹੋਏ ਸ਼ੁੱਧ ਹਿਰਦੇ ਨਾਲ ਨਾਮ ਜਪਣ ਵਾਲੇ ਮਾਰਗ ਦੇ ਪਾਂਧੀ ਬਣ ਜਾਈਏ ਤਾਂ ਗੁਰੂ ਕ੍ਰਿਪਾ ਦੁਆਰਾ ਸਾਡੇ ਜੀਵਨ ਵਿੱਚ ਵੀ ਐਸੀ ਪ੍ਰਾਪਤੀ ਹੋਣੀ ਸੰਭਵ ਹੋ ਜਾਵੇਗੀ:-

ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ।।

ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ।।

(ਸੋਰਠਿ ਮਹਲਾ ੫-੬੨੧)

====================

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201/6, ਸੰਤਪੁਰਾ, ਕਪੂਰਥਲਾ

98720-76876

E-mail:[email protected]
.