.

(ਸਿੱਖ ਕੌਮ ਆਪਣੇ ਕੌਮੀ ਦਿਹਾੜੇ ਐਲਾਨੇ ਅਤੇ ਮਨਾਵੇ ਵੀ)
ਜਸਵਿੰਦਰ ਸਿੰਘ 'ਰੁਪਾਲ'

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਇੱਕ ਕੌਮ ਹੈ ਅਤੇ ਇੱਕ ਨਿਰਾਲੀ ਕੌਮ।ਕਿਸੇ ਵੀ ਸਮੁਦਾਇ, ਜਾਤੀ, ਵੰਸ਼ ਜਾਂ ਸਮੂਹ ਨੂੰ ਕੌਮ ਆਖੇ ਜਾਣ ਲਈ ਜੋ ਕੁਝ ਕੁ ਜਰੂਰੀ ਸ਼ਰਤਾਂ ਮੰਨੀਆਂ ਗਈਆਂ ਨੇ, ਉਹ ਹਨ ਸੰਸਥਾਪਕ ਦਾ ਹੋਣਾ, ਆਪਣੀ ਭਾਸ਼ਾ ਦਾ ਹੋਣਾ, ਜੀਵਨ ਜਿਊਣ ਲਈ ਖਾਸ ਵਿਧੀ ਵਿਧਾਨ ਜਾਂ ਨਿਯਮਾਂ ਦਾ ਨਿਸ਼ਚਿਤ ਹੋਣਾ, ਆਪਣਾ ਝੰਡਾ ਹੋਣਾ ਆਦਿ। ਇਹ ਸਾਰੀਆਂ ਸ਼ਰਤਾਂ ਖਾਲਸਾ ਪੰਥ ਪੂਰੀਆਂ ਕਰਦਾ ਹੈ। ਗੁਰੂ ਨਾਨਕ ਜੋ ਕਿ ਇਸ ਦੇ ਸੰਸਥਾਪਕ ਹਨ, ਉਨਾਂ ਨੇ ਮਨੁੱਖਤਾ ਦਾ ਹਰ ਗੁਣ ਆਪਣੇ ਸਿੱਖ ਨੂੰ ਬਖਸ਼ਿਆ ਹੈ। ਗੁਰਮੁਖੀ ਲਿੱਪੀ ਵਿੱਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਦਾ ਜੀਵਨ ਆਧਾਰ ਹੈ। ਇਸ ਵਿੱਚ ਦੱਸੀ ਗਈ ਜੀਵਨ ਜੁਗਤ ਸਿੱਖ ਕੌਮ ਦਾ ਸੰਵਿਧਾਨ ਹੈ। ਅਤੇ ਮਾਣ ਵਾਲੀ ਗੱਲ ਹੈ ਕਿ ਖਾਲਸੇ ਕੋਲ ਆਪਣਾ ਝੰਡਾ, ਨਿਸ਼ਾਨ ਸਾਹਿਬ ਦੇ ਰੂਪ ਵਿੱਚ ਪ੍ਰਾਪਤ ਹੈ, ਜਿਸ ਨੇ ਅੱਜ ਤੱਕ ਇਸ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਥਾਂ ਥਾਂ ਲਹਿਰਾ ਰਹੇ ਇਸ ਨਿਸ਼ਾਨ ਸਾਹਿਬ ਨੇ ਸਿੱਖਾਂ ਦੀ ਬਾਦਸ਼ਾਹੀ-ਬਿਰਤੀ ਨੂੰ ਜਿਊਂਦਿਆਂ ਰੱਖਿਆ ਹੈ। ....
ਕਿੰਨਾ ਚੰਗਾ ਹੋਵੇ ਜੇ ਸਿੱਖ ਕੌਮ ਆਪਣੇ ਕੌਮੀ ਦਿਹਾੜਿਆਂ ਦੀ ਨਿਸ਼ਾਨਦੇਹੀ ਕਰੇ। ਅਤੇ ਹਰ ਸਾਲ ਉਹ ਕੌਮੀ ਦਿਹਾੜੇ ਉਸੇ ਜੋਸ਼ ਖਰੋਸ਼ ਨਾਲ ਮਨਾਵੇ, ਜਿਸ ਤਰਾਂ ਕੋਈ ਵੀ ਦੇਸ਼ ਆਪਣੇ ਰਾਸ਼ਟਰੀ ਦਿਵਸ ਮਨਾ ਰਿਹਾ ਹੁੰਦਾ ਏ। ਇੱਥੇ ਵਾਧਾ ਇਹ ਹੋਵੇਗਾ, ਕਿ ਇਹ ਦਿਵਸ ਸਿਰਫ ਕਿਸੇ ਇੱਕ ਖਿੱਤੇ ਜਾਂ ਦੇਸ਼ ਨਾਲ ਨਹੀਂ ਜੁੜੇ ਹੋਣਗੇ, ਸਗੋਂ ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਹਨ,ਉਹ ਇਨ੍ਹਾਂ ਦਿਹਾੜਿਆਂ ਨੂੰ ਮਨਾਉਣਗੇ ਅਤੇ ਇਸ ਕੌਮ ਦੇ ਗੌਰਵਮਈ ਇਤਿਹਾਸ ਤੇ ਚਾਨਣਾ ਵੀ ਪਾਉਣਗੇ। ਇਸ ਕਾਰਜ ਨੂੰ ਸਿਰਫ ਸ਼੍ਰੋਮਣੀ ਕਮੇਟੀ ਤੇ ਜਾਂ ਅਕਾਲ ਤਖਤ ਤੇ ਹੀ ਨਾ ਛੱਡਿਆ ਜਾਵੇ। (ਕਿਉਂਕਿ ਕੇਂਦਰੀ ਸੰਸਥਾਵਾਂ ਹੋਣ ਦੇ ਬਾਵਜੂਦ ਇਹ ਸਰਬ-ਪ੍ਰਮਾਣਿਤ ਸੰਸਥਾਵਾਂ ਹੋਣ ਦਾ ਦਰਜਾ ਗਵਾ ਬੈਠੀਆਂ ਹਨ।) ਸਗੋਂ ਸਾਰੀਆਂ ਸਿੱਖ ਸੰਸਥਾਵਾਂ, ਟਕਸਾਲਾਂ, ਸੰਤ ਬਾਬੇ, ਵਿਦਵਾਨ ਅਤੇ ਸਾਰੇ ਪ੍ਰਚਾਰਕ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਾਰੇ ਵੀਰ ਭੇਣਾਂ ਇੱਕ-ਮੱਤ ਹੋ ਕੇ ਇਹ ਦਿਵਸ ਮਨਾਉਣ। ਵੈਸੇ ਵਿਦਵਾਨ ਇਹ ਫੈਸਲਾ ਕਰਨਗੇ ਕਿ ਕਿਹੜੇ ਕਿਹੜੇ ਦਿਵਸ ਸਿੱਖਾਂ ਦੇ ਕੌਮੀ ਦਿਵਸ ਹੋਣਗੇ, ਫਿਰ ਵੀ ਅਲਪ ਬੁੱਧੀ ਅਨੁਸਾਰ ਕੁਝ ਦਿਨਾਂ ਦਾ ਜ਼ਿਕਰ ਕਰ ਰਿਹਾ ਹਾਂ, ਜਿਨ੍ਹਾਂ ਨੂੰ ਕੌਮੀ ਦਿਵਸ ਮੰਨਿਆ ਜਾ ਸਕਦਾ ਏ।ਫੈਸਲਾ ਸਮੁੱਚੇ ਪੰਥ ਦਾ ਹੀ ਲਾਗੂ ਹੋਵੇ।
1. ਸਿੱਖ ਕੌਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਦਿਵਸ ਮੰਨਿਆ ਜਾਵੇ, ਉਸ ਦਿਨ ਗੁਰਮਤਿ ਸਿਧਾਂਤਾਂ ਦੀ ਦ੍ਰਿੜ੍ਹਤਾ ਤੇ ਜੋਰ ਦਿੱਤਾ ਜਾਵੇ।
2.ਵਿਸਾਖੀ ਦਾ ਦਿਨ, ਜਿਸ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ, ਖਾਲਸੇ ਦੀ ਪੀਰੀ ਨੂੰ ਦਰਸਾਉਂਦਾ ਇਹ ਦਿਵਸ ਸਾਡਾ ਕੌਮੀ ਦਿਵਸ ਹੋਵੇ।
3.ਸਿੱਖ-ਰਾਜ ਦੇ ਪਹਿਲੇ ਰਾਜੇ, ਮਹਾਰਾਜਾ ਰਣਜੀਤ ਸਿੰਘ ਦਾ ਤਾਜਪੋਸ਼ੀ ਦਿਵਸ , ਕੌਮੀ ਦਿਵਸ ਵਜੋਂ ਮਨਾਏ ਜਾਣ ਤੇ ਖਾਲਸਾ -ਰਾਜ ਦੀ ਗੌਰਵਤਾ ਯਾਦ ਰਹੇਗੀ ਅਤੇ ਖਾਲਸ਼ੇ ਦੀ ਰਾਜ ਕਰਨ ਦੀ ਬਿਰਤੀ ਨੂੰ ਵੀ ਉਤਸ਼ਾਹ ਮਿਲਦਾ ਰਹੇਗਾ।
4.ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਕੀਤੀ ਜਾਣ ਵਾਲਾ ਦਿਨ ਵੀ ਸਾਡਾ ਕੌਮੀ ਦਿਵਸ ਬਣਨਾ ਚਾਹੀਦਾ ਏ, ਜੋ ਸਾਨੂੰ ਜਾਲਮ ਹਕੂਮਤ ਨਾਲ ਲੋਹਾ ਲੈ ਕੇ, ਗੁਰ-ਸ਼ਬਦ ਦੇ ਆਸਰੇ ਆਪਣੀ ਜਿੱਤ ਹੋਣ ਦਾ ਯਕੀਨ ਕਰਵਾਉਂਦਾ ਰਵੇ।
5.ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਹੋਰਾਂ ਵਲੋਂ ਜਿਸ ਦਿਨ ਲਾਲ-ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ,ਉਹ ਦਿਨ ਵੀ ਖਾਲਸੇ ਦਾ ਕੌਮੀ ਦਿਵਸ ਐਲਾਨਿਆ ਜਾਵੇ।
...........ਇਹ ਅਤੇ ਇਸ ਤਰਾਂ ਦੇ ਦਿਵਸ ਪਹਿਚਾਣ ਕੇ ਕੌਮੀ ਦਿਵਸ ਵਜੋਂ ਐਲਾਨੇ ਜਾਣ ਅਤੇ ਹਰ ਸਾਲ ਇਨ੍ਹਾਂ ਦਿਨਾਂ ਨੂੰ ਮਨਾਇਆ ਜਾਣਾ ਯਕੀਨੀ ਬਣਾਇਆ ਜਾਵੇ।(ਇਸ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਦਿਨ ਵੀ ਨਵੇਂ ਸਾਲ ਵਜੋਂ ਜੋੜਿਆ ਜਾ ਸਕਦਾ ਏ).... ਇਨਾਂ ਕੌਮੀ ਦਿਨਾਂ ਲਈ ਕੁਝ ਖਾਸ ਬੇਨਤੀਆਂ:---
੧.ਇਨ੍ਹਾਂ ਦੀ ਤਾਰੀਖ ਮੁਕੱਰਰ ਕਰਦੇ ਹੋਏ, ਸਾਰਿਆਂ ਦੀ ਸਹਿਮਤੀ ਜਰੂਰੀ ਹੈ। ਵਧੇਰੇ ਚੰਗਾ ਤਾਂ ਇਹੀ ਹੈ ਕਿ ਨਾਨਕਸ਼ਾਹੀ ਕੈਲੰਡਰ ਤੋਂ ਹੀ ਤਾਰੀਖਾਂ ਲਈਆਂ ਜਾਣ, ਪਰ ਮੱਤਭੇਦ ਤੋਂ ਬਚਣ ਲਈ ਜੇ ਅੰਗਰੇਜ਼ੀ ਕੈਲੰਡਰ ਅਨੁਸਾਰ ਤਾਰੀਖਾਂ ਨਿਸ਼ਚਿਤ ਕਰ ਕੇ ਇਹ ਕਾਰਜ ਅਰੰਭਿਆ ਜਾਵੇ, ਗਲਤ ਨਹੀਂ ਹੋਏਗਾ।
੨.ਇਨ੍ਹਾਂ ਦਿਨਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਜਾਵੇ, ਪਰ ਖਾਲਸਈ ਅੰਦਾਜ ਵਿੱਚ । ਹੋ ਸਕਦਾ ਏ, ਮੇਰੇ ਕਈ ਗੁਰਮੁਖ ਵੀਰ ਇਸ ਨੂੰ "ਨਵਾਂ-ਕਰਮ-ਕਾਂਡ" ਕਹਿਣ ਦੀ ਕਾਹਲੀ ਕਰਨ, ਪਰ ਧੀਰਜ ਨਾਲ ਵਿਚਾਰਿਆਂ ਇਸ ਦੇ ਦੂਰ-ਅੰਦੇਸ਼ੀ ਸਿੱਟੇ ਸਾਰਥਕ ਹੀ ਹੋਣਗੇ।
੩. ਖਾਲਸਈ ਫੌਜਾਂ, ਗੱਤਕਾ, ਨਗਾਰਿਆਂ ਦੀ ਗੂੰਜ,ਆਦਿ ਇੱਕ ਖਾਲਸਈ ਰਾਜ ਦਾ ਮਾਹੌਲ ਸਿਰਜੇ, ਪਰ ਇਸ ਸਭ ਕੁਝ ਵਿੱਚ ਅਨੁਸ਼ਾਸ਼ਨ ਹੋਣਾ ਬਹੁਤ ਬਹੁਤ ਜਿਆਦਾ ਜਰੂਰੀ ਹੈ। ਇਸ ਦੀ ਖਾਤਰ ਰਿਟਾਇਰਡ ਸਿੱਖ ਕਰਨਲ, ਮੇਜਰ ਅਤੇ ਫੌਜ ਦੇ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਵੀਰਾਂ ਦੀ ਮੱਦਦ ਲਈ ਜਾਣੀ ਚਾਹੀਦੀ ਹੈ।
੪.ਕਿਸੇ ਵੀ ਵਿਅਕਤੀ ਨੂੰ ਮੁਖੀ ਵਜੋਂ ਪੇਸ਼ ਨਾ ਕੀਤਾ ਜਾਵੇ, ਸਗੋਂ ਸਰਪ੍ਰਸਤੀ ਸਿਰਫ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਰਹੇ। (ਮੈਨੂੰ ਯਾਦ ਆ ਰਿਹਾ ਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੱਕ ਕੈਂਪ ਦਾ ਦ੍ਰਿਸ਼, ਜਿਸ ਵਿੱਚ ਵੱਖ ਵੱਖ ਗਰੁੱਪ ਬਣਾ ਕੇ, ਗਰੁੱਪ ਲੀਡਰ ਦੇ ਹੱਥ ਵਿੱਚ ਛੋਟਾ ਨਿਸ਼ਾਨ ਸਾਹਿਬ ਅਤੇ ਵਾਰੋ ਵਾਰੀ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਿਓਂ ਗੁਜ਼ਰਦੇ, ਨਿਸ਼ਾਨ ਸਾਹਿਬ ਨੂੰ ਝੁਕਾ ਕੇ ਸਲਾਮੀ ਦੇ ਰਹੇ ਸਨ ....)। ਵਿਦਵਾਨ ਖਾਲਸਾ ਇਹ ਫੈਸਲਾ ਕਰ ਸਕਦਾ ਏ, ਕਿ ਇਹ ਸਲਾਮੀ ਕਿਸ ਤਰਾਂ ਦੀ ਹੋਵੇ, ਖਿਆਲ ਰੱਖਣਾ ਹੈ ਕਿ ਕਿਸੇ ਗੁਰਮਤਿ ਸਿਧਾਂਤ ਨੂੰ ਸੱਟ ਨਾ ਵੱਜੇ, ਸ਼ਬਦ-ਗੁਰੂ ਦੀ ਪ੍ਰਧਾਨਤਾ ਬਣੀ ਰਹੇ ,ਅਤੇ ਹਲੇਮੀ-ਰਾਜ, ਬੇਗਮ-ਪੁਰਾ ਅਤੇ ਖਾਲਸਾ-ਰਾਜ ਦੀ ਇਕ ਖੂਬਸੂਰਤ ਝਲਕੀ ਪੇਸ਼ ਕੀਤੀ ਜਾ ਸਕੇ।
੫.ਵਿਦਵਾਨ ਵਿਚਾਰ ਕਰਕੇ ਕਿਸੇ ਸ਼ਬਦ ਨੂੰ ਕੌਮੀ ਸ਼ਬਦ ਵਜੋਂ ਪ੍ਰਵਾਨਗੀ ਦੇਣ । ਇਹ ਸ਼ਬਦ ਗੁਰੂ ਨਾਨਕ ਦੀ ਆਰਤੀ ਵਾਲਾ ਸ਼ਬਦ ਵੀ ਹੋ ਸਕਦਾ ਏ, ਜਾਂ ਕੋਈ ਵੀ ਹੋਰ, । ਦੇਹਿ ਸ਼ਿਵਾ ਵਰ ਮੋਹਿ ਇਹੈ ਵਰਗਾ ਵਿਵਾਦ ਵਾਲਾ ਨਾ ਚੁਣਿਆ ਜਾਵੇ।
੬.ਸਰਕਾਰਾਂ ਛੁੱਟੀ ਕਰਨ ਜਾਂ ਨਾ, ਇਨ੍ਹਾਂ ਦਿਨਾਂ ਵਿੱਚ ਹਰ ਗੁਰਸਿੱਖ ਆਪਣੀ ਨੌਕਰੀ ਤੋਂ ਛੁੱਟੀ ਕਰੇ ਅਤੇ ਦੁਕਾਨ/ਬਜ਼ਾਰ ਬੰਦ ਰੱਖੇ। ਹੌਲੀ ਹੌਲੀ ਇਸ ਨੂੰ ਰਾਖਵੀਂ ਛੁੱਟੀ, ਲੋਕਲ ਛੁੱਟੀ ਵਿੱਚੋ ਹੁੰਦੇ ਹੋਏ ਗਜ਼ਟਿਡ ਛੁੱਟੀ ਵੀ ਬਣਾਇਆ ਜਾ ਸਕੇਗਾ।
......ਆਸ ਹੈ, ਵਿਦਵਾਨ ਲਿਖਾਰੀ,ਸੁਚੇਤ ਖਾਲਸਾ ਇਸ ਪਾਸੇ ਧਿਆਨ ਦੇਵੇਗਾ। ਮੇਰੇਂ ਵਲੋਂ ਪੇਸ਼ ਕੀਤੇ ਦਿਨ ਜਾਂ ਮਨਾਉਣ ਦਾ ਤਰੀਕਾ ਅੰਤਿਮ ਨਹੀਂ, ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ। ਲੋੜ ਅਨੁਸਾਰ ਇਨਾਂ ਦਿਨਾਂ ਦੀ ਗਿਣਤੀ ਨੂੰ ਵੀ ਵਧਾਇਆ ਜਾਂ ਘਟਾਇਆ ਜਾ ਸਕਦਾ ਏ।
*******************************************************
ਸਹਿ-ਸੰਪਾਦਕ : ਪੰਜਾਬੀ ਸਾਂਝ




.