.

ਗੁਰਮਤਿ ਬਨਾਮ ਵਿਦਵਾਨ

ਗੁਰੂ ਜੀਆਂ ਦੁਆਰਾ ਸੰਕਲਿਤ ਤੇ ਸੰਪਾਦਿਤ ਕੀਤੀ ਗਈ "ਪੋਥੀ" ਆਤਮਿਕ ਗਿਆਨ ਦਾ ਅਦੁੱਤੀ ਸੂਰਜ ਹੈ। (ਪੋਥੀ ਪਰਮੇਸਰ ਕਾ ਥਾਨੁ॥ ਸਾਧ ਸੰਗਿ ਗਾਂਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਸਾਰਗ ਮ: ੫)। ਜਦੋਂ ਤੋਂ ਅਧਿਆਤਮਿਕ ਗਿਆਨ ਦਾ ਇਹ ਅਦੁੱਤੀ ਸੂਰਜ ਉਦੇ ਹੋਇਆ ਹੈ, ਉਦੋਂ ਤੋਂ ਹੀ ਚਮਗਿੱਦੜ ਤੇ ਉੱਲੂ ਨੁਮਾ ਵਿਦਵਾਨਾਂ ਨੂੰ ਇਸ ਗਿਆਨ-ਸੂਰਜ ਦੀ, ਆਤਮਾ ਨੂੰ ਰੌਸ਼ਨਾਉਣ ਵਾਲੀ, ਇਲਾਹੀ ਰੌਸ਼ਨੀ ਨਹੀਂ ਭਾਈ। ਇਸ ਲਈ, ਉਨ੍ਹਾਂ ਨੇ ਪਵਿੱਤਰ "ਪੋਥੀ" ਦੀ ਰੱਬੀ ਰੌਸ਼ਨੀ ਨੂੰ ਠੱਲ੍ਹ ਪਾਉਣ ਲਈ ਗੁਰਮਤਿ ਵਿਰੋਧੀ ਰਚਨਾਵਾਂ ਰਚਨੀਆਂ ਤੇ ਪ੍ਰਚਾਰਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦਾ ਗੁਰਮਤਿ ਵਿਰੋਧੀ ਇਹ ਅਧਾਰਮਿਕ ਯਤਨ ਹੁਣ ਤੀਕ ਚਾਲੂ ਹੈ। ਇਨ੍ਹਾਂ ਲਿਖਿਤਾਂ ਵਿੱਚੋਂ ਕੁੱਝ ਇੱਕ ਨਿਮਨ ਲਿਖਿਤ ਹਨ:

ਭਾਈ ਸੰਤੋਖ ਸਿੰਘ ਦਾ ਲਿਖਿਆ ਸੂਰਜ ਪ੍ਰਕਾਸ਼। ਇਸ ਗ੍ਰੰਥ ਉੱਤੇ ਕੀਤੀ ਗਈ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਟਿੱਪਣੀ ਵਿਸ਼ੇਸ਼ ਧਿਅਨਯੋਗ ਹੈ:

"ਭਾਈ ਸਾਹਿਬ ਨੂੰ ਗੁਰੁਬਾਣੀ ਵਿੱਚ ਪੂਰੀ ਸ਼੍ਰੱਧਾ ਅਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਦਵਾਰਾ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣਰੀਤੀ ਅਨੁਸਾਰ ਅਵਤਾਰਾਂ ਜਿਹੀ ਲਿਖੋਗੇ ਅਤੇ ਸ਼ਾਸਤ੍ਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਕਈ ਥਾਈਂ ਟਪਲਾ ਖਾ ਗਏ ਹਨ।"

ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼, ਜਿਸ ਨੂੰ ਅੱਜ ਕੱਲ "ਸ੍ਰੀ ਗੁਰ ਪੰਥ ਪ੍ਰਕਾਸ਼" ਦਾ ਨਾਮ ਦੇ ਕੇ ਪ੍ਰਚਾਰਿਆ ਜਾ ਰਿਹਾ ਹੈ। ਇਸੇ ਗ੍ਰੰਥ ਵਿੱਚ ਕੁੱਝ ਘਾਟ-ਵਾਧ ਕਰਕੇ

ਗਿਆਨੀ ਗਿਆਨ ਸਿੰਘ ਦਾ ਲਿਖਿਆ ਇੱਕ ਹੋਰ ਪੰਥ ਪ੍ਰਕਾਸ਼

ਅਖੌਤੀ ਦਸਮ ਗ੍ਰੰਥ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਨ ਵਾਸਤੇ ‘ਵਿਦਵਾਨਾਂ’ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਅੱਜ ਕੱਲ, ਗੁਰੂਦਵਾਰਿਆਂ ਵਿੱਚ ਪ੍ਰਕਾਸ਼ ਕਰਕੇ ਇਸ ਕੂੜ ਗ੍ਰੰਥ ਨੂੰ ਪਵਿਤ੍ਰ ਗੁਰਬਾਣੀ ਗ੍ਰੰਥ ਦੇ ਬਰਾਬਰ ਮਾਣਤਾ ਵੀ ਦਿੱਤੀ ਜਾ ਰਹੀ ਹੈ!

ਗੁਰੁ ਬਿਲਾਸ ਪਾ: ੬ਵੀਂ, ਅਤੇ ਗੁਰਬਿਲਾਸ ਪਾ: ੧੦ਵੀਂ; ਅਨੇਕ ਸਾਖੀਆਂ; ਚਾਲੀ ਦੇ ਕਰੀਬ ਰਹਿਤਨਾਮੇ; ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਲਿਖਵਾਈ ਤੇ ਪ੍ਰਕਾਸ਼ਤ ਕੀਤੀ ਤੇ ਲਗਾਤਾਰ ਪ੍ਰਚਾਰੀ ਜਾ ਰਹੀ "ਸਿੱਖ ਰਹਿਤ ਮਰਯਾਦਾ"। ਭਾਈ ਵੀਰ ਸਿੰਘ ਦੇ ਰਚੇ "ਚਮਤਕਾਰ" ; ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਲਿਖਵਾਇਆ ਤੇ ਪ੍ਰਕਾਸ਼ਤ ਕੀਤਾ ਗਿਆਸਿੱਖ ਇਤਿਹਾਸ (ਜੋ, ਦਰਅਸਲ, ਕੂੜ ਦਾ ਪਟਾਰਾ ਹੈ!) ਡੇਰੇਦਾਰਾਂ, ਟਕਸਾਲੀਆਂ ਅਤੇ ਸੰਤਾਂ ਮਹੰਤਾਂ ਵਗ਼ੈਰਾ ਦੁਆਰਾ ਲਿਖੀਆਂ/ਲਿਖਵਾਈਆਂ ਤੇ ਪ੍ਰਚਾਰੀਆਂ ਜਾ ਰਹੀਆਂ ਆਪਣੀਆਂ ਹੀ ‘ਰਹਿਤਾਂ’ ਤੇ ‘ਇਤਿਹਾਸ’ ……ਵਗੈਰਾ ਵਗੈਰਾ।

ਇਨ੍ਹਾਂ ਰਚਨਾਵਾਂ ਨੂੰ ਜੇ ਗੁਰੁਬਾਣੀ ਦੇ ਬਰਾਬਰ ਰੱਖ ਕੇ ਵਾਚੀਏ ਤਾਂ, ਨਿਰਸੰਦੇਹ, ਸਾਬਤ ਹੋ ਜਾਂਦਾ ਹੈ ਕਿ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਸੂਰਜ ਪ੍ਰਕਾਸ਼ ਦੇ ਲਿਖਾਰੀ ਉੱਤੇ ਕੀਤੀ ਗਈ ਟਿੱਪਣੀ ਉਕਤ ਸਾਰੇ ਕੂੜ ਗ੍ਰੰਥਾਂ ਅਤੇ ਇਨ੍ਹਾਂ ਗ੍ਰੰਥਾਂ ਦੇ ਲਿਖਾਰੀਆਂ ਦੇ ਮਨਮਤੀ ਖੋਟੇ ਕਿਰਦਾਰ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ਬਿਨਾਂ ਸ਼ੱਕ, ਇਹ ਵੀ ਸਿੱਧ ਹੋ ਜਾਂਦਾ ਹੈ ਕਿ, ਗੁਰਮਤਿ ਦੇ ਨਾਮ ਧਰੀਕ ਮੁਦਈ ‘ਪੰਥਕ ਵਿਦਵਾਨਾਂ’ ਨੇ ਉਪਰੋਕਤ ਗ੍ਰੰਥ/ਰਚਨਾਵਾਂ ਰਚ ਕੇ ਅਦੁੱਤੀ ਗੁਰੂ ਗ੍ਰੰਥ, ਗੁਰਬਾਣੀ ਅਤੇ ਗੁਰਮਤਿ ਦੇ ਅਣਗਿਣਤ ਸ਼ਰੀਕ ਪੈਦਾ ਕਰ ਦਿੱਤੇ ਹਨ। ਅਤਿਅੰਤ ਦੁੱਖ ਦਾ ਸੱਚ ਇਹ ਵੀ ਹੈ ਕਿ, ਗੁਰਮਤਿ ਪ੍ਰਚਾਰ ਦੇ ਠੇਕੇਦਾਰ (ਭਾਈ/ਪੁਜਾਰੀ, ਪ੍ਰਚਾਰਕ, ਕਥਾਵਾਚਕ, ਰਾਗੀ ਤੇ ਜਥੇਦਾਰ ਵਗ਼ੈਰਾ) ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਗੁਰਬਾਣੀ ਦੀ ਬਜਾਏ ਉਪਰੋਕਤ ਕੱਚੀਆਂ ਰਚਨਾਵਾਂ ਨੂੰ ਆਧਾਰ ਬਣਾਉਂਦੇ ਹਨ। ਫਲਸਰੂਪ, ਇਨ੍ਹਾਂ ਰਚਨਾਵਾਂ ਦੇ ਅੰਧਕਾਰ ਵਿੱਚ ‘ਗੁਰੂ ਕੀਆਂ ਸੰਗਤਾਂ’ ਵੀ ਔਝੜਾਂ ਉੱਤੇ ਠੇਡੇ ਖਾਂਦੀਆਂ ਫਿਰਦੀਆਂ ਹਨ!

ਇੱਥੇ ਇਹ ਖ਼ੁਲਾਸਾ ਕਰ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਕਿ, ੨੦ਵੀਂ ਸਦੀ ਵਿੱਚ ਗੁਰਮਤਿ ਦਾ ਚਾਨਣ ਬਿਖੇਰਦੇ ਦੋ ਗ੍ਰੰਥ ਰਚੇ ਗਏ: ਇਕ, ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, (੧੯੩੦) ਅਤੇ ਦੂਜਾ, ਪ੍ਰੋ: ਸਾਹਿਬ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, (੧੯੬੧)। ਅਤਿਅੰਤ ਸ਼ਰਮਨਾਕ ਸੱਚ ਇਹ ਹੈ ਕਿ, ਸ਼ਿਰੋਮਣੀ ਗੁ: ਪ੍ਰ: ਕਮੇਟੀ, ਅੰਮ੍ਰਿਤਸਰ ਸਮੇਤ, ਕਿਸੇ ਵੀ ‘ਸਿੱਖ ਸੰਸਥਾ’ ਜਾਂ ‘ਪੰਥਕ ਜਥੇਬੰਦੀ’ ਨੇ ਇਨ੍ਹਾਂ ਗ੍ਰੰਥਾਂ ਦੇ ਪ੍ਰਕਾਸ਼ਨ ਤੇ ਪ੍ਰਚਾਰਨ ਦੀ ਰੁਚੀ ਉੱਕਾ ਹੀ ਨਹੀਂ ਦਿਖਾਈ! !

ਇਹ ਇੱਕ ਪ੍ਰਮਾਣਿਤ ਸੱਚਾਈ ਹੈ ਕਿ, ਗੁਰੂ ਗ੍ਰੰਥ ਸੰਸਾਰ ਦੇ ਸਾਰੇ ਧਰਮ-ਗ੍ਰੰਥਾਂ ਤੋਂ ਵਿਲੱਖਣ ਹੈ। ਇਸ ਵਿਲੱਖਣਤਾ ਦਾ ਕਾਰਣ ਇਹ ਹੈ ਕਿ ਇਸ ਪਵਿੱਤਰ ਗ੍ਰੰਥ ਵਿੱਚ ਸੰਸਾਰਕਤਾ, ਮਾਇਆ, ਮਿਥਿਹਾਸ, ਦੁਬਿਧਾ-ਦਵੈਤ, ਕਰਮਕਾਂਡ ਅਤੇ ਹੋਰ ਕਿਸੇ ਵੀ ਕਿਸਮ ਦੀ ਖੋਟ ਆਦਿ ਅਣਅਧਿਆਤਮਿਕ ਲੱਛਣਾਂ ਦੀ ਪੂਰਣ ਅਣਹੋਂਦ ਹੈ। ਇਸੇ ਲਈ, ਗੁਰਬਾਣੀ-ਗ੍ਰੰਥ ਵਿੱਚ ਨਿਰਧਾਰਤ ਕੀਤੇ ਧਰਮ ਨੂੰ "ਨਿਰਮਲ ਧਰਮ" ਜਾਂ "ਖ਼ਾਲਿਸ ਧਰਮ" ਕਿਹਾ ਜਾਂਦਾ ਸੀ। ਪਰੰਤੂ, ਉਪਰ ਦੱਸੇ ਗ੍ਰੰਥਾਂ/ਰਚਨਾਵਾਂ ਵਿੱਚ ਸੰਸਾਰਕਤਾ, ਮਾਇਆ, ਮਿਥਿਹਾਸ, ਝੂਠ, ਦੁਬਿਧਾ-ਦਵੈਤ, ਖੋਟ ਤੇ ਕਰਮ-ਕਾਂਡਾਂ ਦੀ ਪ੍ਰਧਾਨਤਾ ਹੈ। ਸ਼ਾਇਦ! ਇਸੇ ਲਈ, ਬਾਅਦ ਵਿੱਚ ‘ਸਿੱਖ ਵਿਦਵਾਨਾਂ’, ਜਿਨ੍ਹਾਂ ਨੂੰ ‘ਪੰਥਕ ਵਿਦਵਾਨ’ ਵੀ ਕਿਹਾ ਜਾਂਦਾ ਹੈ, ਨੇ ਗੁਰਮਤਿ ਵਾਲੇ "ਨਿਰਮਲ ਧਰਮ" ਜਾਂ "ਖ਼ਾਲਿਸ ਧਰਮ" ਨੂੰ ‘ਸਿੱਖ ਧਰਮ’, ‘ਖ਼ਾਲਸਾ ਧਰਮ’, ‘ਸਿੱਖ ਪੰਥ’ ਜਾਂ ‘ਖ਼ਾਲਸਾ ਪੰਥ’ ਆਦਿ ਦਾ ਨਾਮ ਦੇ ਦਿੱਤਾ! ਜੇ ਗਹੁ ਨਾਲ ਵਿਚਾਰੀਏ ਤਾਂ ਇਹ ਨਾਮ ਅਧਿਆਤਮਿਕ ਨਹੀਂ ਸਗੋਂ, ਸੰਸਾਰਕ ਅਤੇ ਸੰਪਰਦਾਈ ਹਨ!

ਉਕਤ ਵਿਸਥਾਰ ਤੋਂ, ਨਿਰਸੰਦੇਹ, ਸਪਸ਼ਟ ਹੈ ਕਿ, ਬਾਣੀਕਾਰਾਂ ਦੁਆਰਾ ਉਦੇ ਕੀਤੇ ਗਏ ਅਧਿਆਤਮਿਕ ਗਿਆਨ ਦੇ ਲਾਸਾਨੀ ਸੂਰਜ, ਗੁਰੂ ਗ੍ਰੰਥ, ਨੂੰ ਅਸਤ/ਲੋਪ ਕਰਨ ਲਈ ‘ਪੰਥਕ ਵਿਦਵਾਨਾਂ’ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਤੇ ਲਾਇਆ ਜਾ ਰਿਹਾ ਹੈ।

ਸਮੁੱਚੀ ਗੁਰਬਾਣੀ ਦਾ ਮੂਲ ਹੈ, "ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋਨਿ ਸੈਭੰ ਗੁਰਪਰਸਾਦਿ॥॥ ਜਪਆਦਿ ਸਚਿ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ॥ ਗੁਰਬਾਣੀ ਮਨੁੱਖ ਨੂੰ ਇਸ ਸਦੀਵੀ ਸਚਿ ਨਾਲ ਸਾਂਝ ਪਾਉਣ ਲਈ ਪ੍ਰੇਰਦੀ ਹੈ। ਸਦੀਵੀ ਸਚਿ ਨਾਲ ਸਾਂਝ ਪਾਉਣ ਲਈ ਸਚਿਆਰ ਬਣਨ ਦੀ ਲੋੜ ਹੈ। ਗੁਰਬਾਣੀ ਮਨੁੱਖ ਨੂੰ ਸਚਿਆਰ ਬਣਨ ਦਾ ਸਹੀ ਰਾਹ ਦਿਖਾਉਂਦੀ ਅਤੇ ਇਸ ਰਾਹ ਉੱਤੇ ਚੱਲਣ ਲਈ ਪ੍ਰੇਰਦੀ ਹੈ। ਸਾਰੀ ਹੀ ਬਾਣੀ ਸਚਿਆਰ ਬਣ ਕੇ ਰੱਬ ਨਾਲ ਨੇੜਤਾ ਬਣਾਉਣ ਦੀ ਅਧਿਆਤਮਿਕ ਵਿਧੀ ਦਰਸਾਉਂਦੀ ਹੈ। ਪਾਠਕਾਂ ਦੇ ਵਿਚਾਰ ਲਈ ਕੁੱਝ ਇੱਕ ਤੁਕਾਂ/ਸ਼ਬਦਾਂ ਦਾ ਹਵਾਲਾ ਹੇਠਾਂ ਦਿੱਤਾ ਗਿਆ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ਮ: ੧

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ……ਬਾਣੀ ਜਪੁ ਦੀ ੩੮ਵੀਂ ਪਉੜੀ।

ਥਾਲੈ ਵਿਵਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥ ……ਮ: ੩ (ਦਾ ਸਾਰਾ ਸਲੋਕ), ਅਤੇ

ਮੁੰਦਾਵਣੀ ਮਹਲਾ ੫॥

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ …ਮ: ੫ ਦਾ ਸਾਰਾ ਸ਼ਬਦ।

ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ॥ ੧॥ ਗਉੜੀ ਅ: ਮ: ੧

ਅਧਿਆਤਮ ਕਰਮ ਕਰੇ ਦਿਨੁ ਰਾਤੀ॥ ਨਿਰਮਲ ਜੋਤਿ ਨਿਰੰਤਰਿ ਜਾਤੀ॥ ਮਾਰੂ ਸੋਹਲੇ ਮ: ੧

(ਅਧਿਆਤਮ ਕਰਮ: ਜੀਵਆਤਮਾ ਤੇ ਪਰਮਾਤਮਾ ਦਾ ਪਰਸਪਰ ਗੂੜ੍ਹਾ ਸੰਬੰਧ ਬਣਾਉਣ ਵਾਲੇ ਕਰਮ।)

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਮਨੁੱਖ ਦੀ ਸਚਿਆਰਤਾ ਦਾ ਸੰਬੰਧ ਮਨ/ਆਤਮਾ ਨਾਲ ਹੈ, ਸਰੀਰ ਜਾਂ ਸਮਾਜ ਨਾਲ ਬਿਲਕੁਲ ਨਹੀਂ!

ਆਓ! ਹੁਣ ਗੱਲ ਕਰੀਏ, ਆਪਣੇ ਮੂੰਹੋਂ ਮੀਆਂ ਮਿੱਠੂ, ਵਿਦਵਾਨਾਂ {ਨਾਮਧਰੀਕ ਪ੍ਰੋਫ਼ੈਸਰ, ਡਾ: (ਪੀਐਚ: ਡੀ: ), ਖੋਜੀ ਤੇ ਪ੍ਰਚਾਰਕ ਆਦਿਕ} ਦੀ। ਇਨ੍ਹਾਂ ਕਥਿਤ ਵਿਦਵਾਨਾਂ ਦਾ ਗੁਰਮਤਿ ਨਾਲ ਨਾਤਾ ਨਾਮ ਮਾਤਰ ਹੀ ਹੈ; ਬਹੁਤਿਆਂ ਦਾ ਤਾਂ ਨਾਮ ਮਾਤਰ ਵੀ ਨਹੀਂ ਹੈ! ਇਨ੍ਹਾਂ ਵਿੱਚ ਇੱਕ ਮੰਡਲੀ ਤਾਂ ਉਨ੍ਹਾਂ ਵਿਦਵਾਨਾਂ ਦੀ ਹੈ ਜਿਹੜੇ ਆਪਣੇ ਮਾਇਕ ਸਵਾਰਥ ਦੀ ਖ਼ਾਤਿਰ ਗੁਰਮਤਿ-ਦ੍ਰੋਹੀ ਸਰਕਾਰਾਂ, ਅਕਾਲੀਆਂ, ਸ਼ਿਰੋਮਣੀ ਪ੍ਰਬੰਧਕ ਕਮੇਟੀਆਂ ਦੇ ਕਾਰਕੁਨਾਂ, ਸੰਤਾਂ ਸਾਧੜਿਆਂ ਅਤੇ ਡੇਰੇਦਾਰਾਂ ਆਦਿ ਕੋਲ ਆਪਣੀਆਂ ਜ਼ਮੀਰਾਂ ਵੇਚ ਕੇ ਕੱਚੀਆਂ ਰਚਨਾਵਾਂ ਨੂੰ ਪ੍ਰਮਾਣੀਕ ਸਿੱਧ ਕਰਨ ਲਈ ਆਪਣਾ ਪੂਰਾ ਟਿੱਲ ਲਾ ਰਹੇ ਹਨ। ਅਖੌਤੀ ਦਸਮ ਗ੍ਰੰਥ, ਰਾਗ ਮਾਲਾ, ਗੁਰਬਿਲਾਸ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ ਅਤੇ ਸਾਧੜਿਆਂ ਦੁਆਰਾ ਲਿਖੀਆਂ/ਲਿਖਵਾਈਆਂ ਗਈਆਂ ਕੱਚੀਆਂ ਕਿਤਾਬਾਂ ਆਦਿ ਉੱਤੇ ਹੁੰਦੇ, ਲੋਕਾਂ ਵਿੱਚ ਪੁਆੜਾ ਪਾਉਣ ਵਾਲੇ, ਤਲਖ਼ ਵਾਦ-ਵਿਵਾਦ ਅਤੇ ਹਿੰਸਕ ਮੁਠਭੇੜਾਂ ਇਸ ਕਥਨ ਦਾ ਪੁਖ਼ਤਾ ਸਬੂਤ ਹੈ।

ਦੂਜਾ ਟੋਲਾ ਉਨ੍ਹਾਂ ਵਿਦਵਾਨਾਂ ਦਾ ਹੈ ਜਿਹੜੇ ਬਿਨ ਪੇਂਦੇ ਦੇ ਲੋਟੇ ਵਾਂਙ ਏਧਰ ਓਧਰ ਲੁੜ੍ਹਕਦੇ ਹੀ ਰਹਿੰਦੇ ਹਨ। ਜ਼ਾਹਿਰ ਉਹ ਇਹ ਕਰਦੇ ਹਨ ਕਿ ਉਹ ਗੁਰਮਤਿ ਦੇ ਪੱਕੇ ਸ਼੍ਰੱਧਾਲੂ ਹਨ ਤੇ ਗੱਲ ਉਹ ਗੁਰਮਤਿ ਦੀ ਹੀ ਕਰਦੇ ਹਨ; ਪਰੰਤੂ ਅਸਲ ਵਿੱਚ ਉਹ ਲਫ਼ੌੜੀ ਹਨ ਜੋ ਏਧਰ ਓਧਰ ਦੀਆਂ ਗੱਪਾਂ ਸੁਣਾ, ‘ਗੁਰਮਤਿ ਵਿਚਾਰਾਂ’ ਕਰਨ ਦਾ ਢੌਂਗ ਕਰਕੇ ਆਪਣੀ ਮਾਇਕ ਭੁੱਖ ਨੂੰ ਪੂਰੀ ਕਰਨ ਅਤੇ ਆਪਣੀ ਹਉਮੈਂ ਦੀ ਫੰਡਰ ਮੱਝ ਨੂੰ ਪੱਠੇ ਪਾਉਣ ਦੇ ਆਹਰੇ ਲੱਗੇ ਹੋਏ ਹਨ। ਇਨ੍ਹਾਂ ਵਿਦਵਾਨਾਂ ਤੇ ਪ੍ਰਚਾਰਕਾਂ ਬਾਰੇ ਗੁਰੁਹੁਕਮ ਹੈ:

ਮਾਇਆ ਬਿਖੁ ਭੁਇਅੰਗਮ ਨਾਲੇ॥ ਇਨਿ ਦੁਬਿਧਾ ਘਰ ਬਹੁਤੇ ਗਾਲੇ॥ …

ਕੂਕਰ ਸੂਕਰ ਕਹੀਅਹਿ ਕੂੜਿਆਰਾ॥ ਭਉਕਿ ਮਰਹਿ ਭਉ ਭਉ ਭਉ ਹਾਰਾ॥

ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ॥ ਮਾਰੂ ਸੌਲਹੇ ਮ: ੧

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥

ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥ ਸਿਰੀ ਰਾਗੁ ਮ: ੫

ਤੀਜੀ ਮੰਡਲੀ, ਗੁਰਮਤਿ ਗਿਆਨ ਤੋਂ ਕੋਰੇ, ਹਉਮੈਂ-ਗ੍ਰਸਤ ਉਨ੍ਹਾਂ ‘ਬੁੱਧੀਜੀਵੀ ਖੋਜੀ ਵਿਦਵਾਨਾਂ’ ਦੀ ਹੈ ਜਿਹੜੇ, ਗੁਰਮਤਿ ਦੇ ਪਵਿੱਤਰ ਸਿੱਧਾਂਤਾਂ ਨੂੰ ਸਮਾਜਕ ਵਾਦਾਂ ਤੇ ਲਹਿਰਾਂ ਨਾਲ ਰਲਗੱਡ ਕਰਕੇ, ਸਮਾਜ ਵਿੱਚ ਆਪਣੀ ‘ਵਿਦਵਤਾ’ ਦੀ ਧਾਂਕ ਜਮਾਉਣ ਵਿੱਚ ਲੱਗੇ ਹੋਏ ਹਨ। ਵਾਦ ਲਹਿਰਾਂ ਤ੍ਰੈਗੁਣੀ ਮਾਇਆ ਦੇ ਮੰਡਲ ਵਿੱਚ ਸਥਿਤ ਮਨੁੱਖਾ ਸਮਾਜ ਦਾ ਵਿਸ਼ਾ ਹਨ। ਪਰੰਤੂ ਗੁਰਬਾਣੀ ਦਾ ਲਕਸ਼ ਮਨੁੱਖ ਨੂੰ ਮਾਇਆਵੀ ਸਮਾਜ ਦੇ ਪੱਧਰ ਤੋਂ ਉਚੇਰਾ ਚੁੱਕ ਕੇ ਅਰਸ਼ੀ ਮੰਡਲ ਵਿੱਚ ਵਿਚਰਨ ਲਈ ਪ੍ਰੇਰਿਤ ਕਰਨਾ ਹੈ। ਗੁਰਬਾਣੀ ਆਤਮਿਕ ਗਿਆਨ ਦਾ ਅਥਾਹ ਸਾਗਰ ਹੈ, ਨਿਗੁਣੀਆਂ ਸੰਸਾਰਕ ਲਹਿਰਾਂ ਤੇ ਸਮਾਜਿਕ ਵਾਦ ਇਸ ਦੇ ਮੁਕਾਬਲੇ ਤੁੱਛ ਹਨ! ਸੰਸਾਰਕ ਵਾਦ ਸੰਸਾਰੀਆਂ ਲਈ ਹਨ, ਸਚਿ ਦੇ ਅਭਿਲਾਸ਼ੀਆਂ ਤੇ ਉਪਾਸ਼ਕਾਂ ਵਾਸਤੇ ਨਹੀਂ!

ਗੁਰੁਫ਼ਰਮਾਨ ਹੈ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥

ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥ …ਮ: ੧

ਗੁਰਮਤਿ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸ਼੍ਰੱਧਾਲੂ ਦਾ ਇਹ ਫ਼ਰਜ਼ ਹੈ ਕਿ ਉਹ ਗੁਰੂ (ਗ੍ਰੰਥ) ਦਾ ਪੱਲਾ ਫੜ ਕੇ ਕੰਵਲ (ਜੋ ਚਿੱਕੜ ਵਿੱਚੋਂ ਉਮਡ ਕੇ ਵੀ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ) ਅਤੇ ਮੁਰਗ਼ਾਬੀ (ਜੋ ਪਾਣੀ ਵਿੱਚ ਰਹਿਣ ਦੇ ਬਾਵਜੂਦ ਵੀ ਪਾਣੀ ਤੋਂ ਅਭਿੱਜ ਰਹਿੰਦੀ ਹੈ) ਵਾਂਙ ਮਾਇਆ-ਗ੍ਰਸਤ ਸਮਾਜ ਦੇ ਚਿੱਕੜ ਤੋਂ ਅਛੋਹ ਰਹਿੰਦਿਆਂ, ਪਰਮਪਦ, ਤੁਰੀਆ ਅਵਸਥਾ ਜਾਂ ਸਚਖੰਡ ਵਾਲੀ ਉਚਤਮ ਆਤਮਿਕ ਅਵਸਥਾ ਵਿੱਚ ਵਿਚਰਨ ਲਈ ਯਤਨ ਕਰੇ। ਪਰੰਤੂ ਤ੍ਰੈਗੁਣੀ ਮਾਇਆ ਵਿੱਚ ਲਥ-ਪਥ ਸਮਾਜ ਦੇ ਚਿੱਕੜ ਵਿੱਚ ਕੀੜਿਆਂ ਦੀ ਤਰ੍ਹਾਂ ਕੁਰਬਲ ਕੁਰਬਲ ਕਰਦੇ ਫਿਰਦੇ ਅਜੋਕੇ ਵਿਦਵਾਨ ਇਤਨੇ ਕ੍ਰਿਤਘਣ ਹਨ ਕਿ, ਗੁਰੂ (ਗ੍ਰੰਥ) ਦੇ ਲੜ ਲੱਗ ਕੇ ਅਵਿਨਾਸ਼ੀ ਮੰਡਲ ਵੱਲ ਉਚੇਰਾ ਉੱਠਣ ਦੀ ਬਜਾਏ, ਉਹ ਗੁਰੂ (ਗ੍ਰੰਥ) ਨੂੰ ਆਪਣੀ ‘ਵਿਦਵਤਾ’ ਨਾਲ ਖਿੱਚ ਕੇ ਆਪਣੇ ਨੀਵੇਂ ਪੱਧਰ `ਤੇ ਲਿਆਉਣ ਦੇ ਯਤਨ ਵਿੱਚ ਲੱਗੇ ਹੋਏ ਹਨ। ਕੁੱਝ ਵਿਦਵਾਨ ਤਾਂ ਅਜਿਹੇ ਵੀ ਹਨ ਜੋ ਆਪਣੀ ਹਉਮੈਂ ਦੇ ਖੂੰਟੇ ਉੱਤੇ ਬੈਠ ਕੇ ਮਹਾਂਪੁਰਖ ਬਾਣੀਕਾਰਾਂ ਦੇ ਲਕਸ਼ ਨਿਰਧਾਰਤ ਕਰਦੇ ਹਨ ਅਤੇ ਫੇਰ, ਆਪਣੀ ਉਂਗਲੀ ਫੜਾ ਕੇ, ਉਨ੍ਹਾਂ ਨੂੰ ਉਸ ਨਿਰਧਾਰਤ ਕੀਤੇ ਲਕਸ਼ ਵੱਲ ਤੋਰਨ ਦੇ ਹਾਸੋਹੀਣੇ ਯਤਨ `ਚ ਲੱਗੇ ਹੋਏ ਹਨ!

ਇਹ ਇੱਕ ਪ੍ਰਮਾਣਿਤ ਸੱਚ ਹੈ ਕਿ ਗੁਰਬਾਣੀ ਹਰ ਪੱਖੋਂ ਸਰਵਉੱਚ, ਸਰਬਸ੍ਰੇਸ਼ਟ ਤੇ ਪਰਿਪੂਰਣ ਹੈ! ਗੁਰਬਾਣੀ ਦੀਆਂ ਤੁਕਾਂ/ਸ਼ਬਦਾਂ ਦੇ ਹਵਾਲੇ ਨਾਲ ਦੂਸਰੇ ਸੰਸਾਰੀ ਲਿਖਾਰੀਆਂ ਅਤੇ ਉਨ੍ਹਾਂ ਦੀਆਂ ਲਿਖਤਾਂ ਦੀ ਪਰਖ ਤੇ ਪੁਸ਼ਟੀ ਕੀਤੀ ਜਾਂਦੀ ਹੈ। ਪਰੰਤੂ ਇਨ੍ਹਾਂ ਵਿਦਵਾਨਾਂ ਦੇ ਮਨਮਤੀ ਕਿਰਦਾਰ ਦੀ ਕਰਤੂਤ ਦੇਖੋ, ਇਹ ਵਿਦਵਾਨ ਗੁਰਬਾਣੀ ਨਾਲ ਰਲਗੱਡ ਕੀਤੇ ਸਮਾਜਿਕ ਵਾਦਾਂ ਤੇ ਲਹਿਰਾਂ ਨੂੰ ਸਹੀ ਸਾਬਤ ਕਰਨ ਲਈ ਸੰਸਾਰੀਆਂ ਦੀਆਂ ਲਿਖਤਾਂ ਦੇ ਹਵਾਲੇ ਦਿੰਦੇ ਹਨ! ਗੁਰਬਾਣੀ/ਗੁਰਮਤਿ ਦੇ ਸੱਚ ਨੂੰ ਕਿਸੇ ਸੰਸਾਰੀ ਦੀ ਲਿਖਿਤ ਦੇ ਹਵਾਲੇ ਦੀ ਲੋੜ ਨਹੀਂ! ਅਤੇ, ਗੁਰਬਾਣੀ ਨੂੰ ਸੰਸਾਰਕ/ਸਮਾਜਿਕ ਵਾਦਾਂ ਤੇ ਲਹਿਰਾਂ ਨਾਲ ਰਲਗੱਡ ਕਰਨਾ ਗੁਰਮਤਿ ਦੀ ਘੋਰ ਬੇਅਦਬੀ ਹੈ!

ਆਤਮਿਕ ਗਿਆਨ ਪੱਖੋਂ ਥੋਥੇ, ਸ਼ੇਖ਼ੀ ਖ਼ੋਰੇ ਤੇ ਲਫ਼ੌੜੀ ਵਿਦਵਾਨਾਂ ਦੇ ਕਿਰਦਾਰ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਉਚਾਰੀਆਂ ਹੋਈਆਂ ਨਿਮਨ ਲਿਖਿਤ ਤੁਕਾਂ ਬਾਖ਼ੂਬੀ ਬਿਆਨ ਕਰਦੀਆਂ ਹਨ:

ਇਕਨਾੑ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨਾ ਜਾਣੰਤਿ॥

ਇਕਨਾ ਸੁਧਿ ਨ ਬੁਧਿ ਨ ਅਕਲੀ ਸਰ ਅਖਰ ਕਾ ਭੇਉ ਨ ਲਹੰਤਿ॥

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰੁਬ ਕਰੰਤਿ॥ ਮ: ੧

ਗੁਰਇੰਦਰ ਸਿੰਘ ਪਾਲ

ਸਤੰਬਰ 9, 2018.
.