.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਵੀਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੧੩ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਦੁਇ ਦੀਵੇ, ਚਉਦਹ ਹਟਨਾਲੇ॥ ਜੇਤੇ ਜੀਅ, ਤੇਤੇ ਵਣਜਾਰੇ॥ ਖੁਲੑੇ ਹਟ, ਹੋਆ ਵਾਪਾਰੁ॥ ਜੋ ਪਹੁਚੈ, ਸੋ ਚਲਣਹਾਰੁ॥ ਧਰਮੁ ਦਲਾਲੁ, ਪਾਏ ਨੀਸਾਣੁ॥ ਨਾਨਕ ਨਾਮੁ ਲਾਹਾ ਪਰਵਾਣੁ॥ ਘਰਿ ਆਏ ਵਜੀ ਵਾਧਾਈ॥ ਸਚ ਨਾਮ ਕੀ ਮਿਲੀ ਵਡਿਆਈ॥ ੧ 

ਮਃ ੧॥ ਰਾਤੀ ਹੋਵਨਿ ਕਾਲੀਆ, ਸੁਪੇਦਾ ਸੇ ਵੰਨ॥ ਦਿਹੁ ਬਗਾ ਤਪੈ ਘਣਾ, ਕਾਲਿਆ ਕਾਲੇ ਵੰਨ॥ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨੁ॥ ਨਾਨਕ ਨਦਰੀ ਬਾਹਰੇ, ਕਬਹਿ ਨ ਪਾਵਹਿ ਮਾਨੁ॥ ੨ 

ਪਉੜੀ॥ ਕਾਇਆ ਕੋਟੁ ਰਚਾਇਆ, ਹਰਿ ਸਚੈ ਆਪੇ॥ ਇਕਿ ਦੂਜੈ ਭਾਇ ਖੁਆਇਅਨੁ, ਹਉਮੈ ਵਿਚਿ ਵਿਆਪੇ॥ ਇਹੁ ਮਾਨਸ ਜਨਮੁ ਦੁਲੰਭੁ, ਸਾ ਮਨਮੁਖ ਸੰਤਾਪੇ॥ ਜਿਸੁ ਆਪਿ ਬੁਝਾਏ ਸੋ ਬੁਝਸੀ, ਜਿਸੁ ਸਤਿਗੁਰੁ ਥਾਪੇ॥ ਸਭੁ ਜਗੁ ਖੇਲੁ ਰਚਾਇਓਨੁ, ਸਮ ਵਰਤੈ ਆਪੇ॥ ੧੩ 

(ਸਟੀਕ-ਪਉੜੀ ੧੩, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਦੁਇ ਦੀਵੇ, ਚਉਦਹ ਹਟਨਾਲੇ॥ ਜੇਤੇ ਜੀਅ, ਤੇਤੇ ਵਣਜਾਰੇ॥ ਖੁਲੑੇ ਹਟ, ਹੋਆ ਵਾਪਾਰੁ॥ ਜੋ ਪਹੁਚੈ, ਸੋ ਚਲਣਹਾਰੁ॥ ਧਰਮੁ ਦਲਾਲੁ, ਪਾਏ ਨੀਸਾਣੁ॥ ਨਾਨਕ ਨਾਮੁ ਲਾਹਾ, ਪਰਵਾਣੁ॥ ਘਰਿ ਆਏ, ਵਜੀ ਵਾਧਾਈ॥ ਸਚ ਨਾਮ ਕੀ ਮਿਲੀ ਵਡਿਆਈ॥ ੧॥ {ਪੰਨਾ ੭੮੯}

ਪਦ ਅਰਥ : —ਦੁਇ ਦੀਵੇ—ਚੰਦ ਤੇ ਸੂਰਜ ਸੰਸਾਰ `ਚ ਰੋਸ਼ਨੀ ਦੋ ਸਾਧਨ। ਚਉਦਹ—ਚੌਦਾਂ ਲੋਕ, ਪ੍ਰਭੂ ਦੀ ਰਚਨਾ `ਚ ਅਨੰਤ ਆਕਾਸ਼ ਤੇ ਅਨੰਤ ਪਾਤਾਲ। ਹਟਨਾਲੇ—ਬਾਜ਼ਾਰ, ਸ਼ਹਿਰ। ਜੇਤੇ ਜੀਅ, ਤੇਤੇ ਵਣਜਾਰੇ— ਇਸ ਸੰਸਾਰ ਵਿੱਚਲੀਆਂ ਸਮੂਹ ਬਾਜ਼ਾਰਾਂ `ਤੇ ਸ਼ਹਿਰਾਂ `ਚ ਜਿਤਨੇ ਵੀ ਜੀਵ ਆਉਂਦੇ ਹਨ, ਸਭ ਆਪਣੇ-ਆਪਣੇ ਸੁਆਸਾਂ ਦਾ ਵਣਜ ਕਰਣ ਲਈ, ਆਏ ਹੋਏ ਵਣਜਾਰੇ ਹੀ ਹੁੰਦੇ ਹਨ। ਜੋ ਪਹੁਚੈ— ਸੰਸਾਰ `ਚ ਜਿਹੜਾ ਵੀ ਜੀਵ ਆਉਂਦਾ/ਪੁੱਜਦਾ ਹੈ। ਸੋ ਚਲਣਹਾਰ—ਇਸ ਸੰਸਾਰ `ਚ ਆਇਆ ਹੋਇਆ ਹਰੇਕ ਜੀਵ ਕੇਵਲ ਮੁਸਾਫ਼ਿਰ ਹੀ ਹੁੰਦਾ ਹੈ ਤੇ ਉਸ ਨੇ ਵਾਪਿਸ ਵੀ ਜ਼ਰੂਰ ਹੀ ਜਾਣਾ ਹੁੰਦਾ ਹੈ, ਇੱਥੇ ਰਹਿਣ ਲਈ ਕੋਈ ਨਹੀਂ ਆਉਂਦਾ। "‘

ਧਰਮੁ— ਪ੍ਰਭੂ, ਅਕਾਲਪੁਰਖ। ਦਲਾਲੁ—ਵਿਚੋਲਾ। ਧਰਮੁ ਦਲਾਲੁ— ਪ੍ਰਭੂ ਦੇ ਸੱਚ ਨਿਆਂ ਰੂਪ ਵਿਚੋਲਗੀ ਰਾਹੀਂ। ਪਾਏ ਨੀਸਾਣ—ਜੀਵਨ ਦੌਰਾਨ ਕਿਸ ਜੀਵ ਦੀ ਕਮਾਈ ਖਰੀ ਸੀ ਤੇ ਕਿਸ ਦੀ ਖੋਟੀ, ਉਸ ਦਾ ਫ਼ੈਸਲਾ ਵੀ ਪ੍ਰਭੂ ਆਪ ਕਰਦਾ ਹੈ। ਲਾਹਾ—ਨਫ਼ਾ, ਜੀਵਨ ਦੀ ਸਫ਼ਲਤਾ। ਘਰਿ ਆਏ— ਜੀਂਦੇ ਜੀਅ ਨਿਜ ਘਰ `ਚ ਪੁਜ ਗਏ, ਪ੍ਰਭੂ ਦੇ ਦਰ `ਤੇ ਕਬੂਲ ਹੋ ਗਏ, ਮਨੁੱਖਾ ਜਨਮ ਸਫ਼ਲ ਹੋ ਗਿਆ, ਜੀਂਦੇ ਜੀਅ ਭਟਕਣਾ ਰਹਿਤ ਅਡੋਲ ਅਵਸਥਾ ਨੂੰ ਪ੍ਰਾਪਤ ਹੋ ਗਏ, । ਵਜੀ ਵਧਾਈ— ਉਹ ਧੰਨਤਾ ਯੋਗ ਹੁੰਦੇ ਹਨ, ਉੱਚੀ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਗਏ, ਜੀਵਨ ਪ੍ਰਭੂ ਦੇ ਰੰਗ `ਚ ਰੰਗਿਆ ਗਿਆ, ਜੀਵ ਜੀਂਦੇ ਜੀਅ ਸੁਰਤ ਕਰਕੇ ਸੁਆਸ-ਸੁਆਸ ਪ੍ਰਭੂ `ਚ ਇਕਮਿੱਕ ਤੇ ਅਭੇਦ ਹੋ ਗਿਆ।

ਨੋਟ:- ਚਉਦਹ—ਚੌਦਾਂ ਲੋਕ- ਇਸਲਾਮੀ ਵਿਸ਼ਵਾਸਾਂ ਅਨੁਸਾਰ ਧਰਤੀ `ਤੇ ਸੱਤ ਆਕਾਸ਼ ਤੇ ਧਰਤੀ ਹੇਠਾਂ ਸੱਤ ਪਾਤਾਲ ਹਨ; ਜਦਕਿ ਗੁਰਬਾਣੀ ਅਨੁਸਾਰ- "ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪ" (ਬਾਣੀ ਜਪੁ) ਆਦਿ ਅਨੇਕ ਫ਼ੁਰਮਾਨ

ਅਰਥ : — "ਦੁਇ ਦੀਵੇ, ਚਉਦਹ ਹਟਨਾਲੇ" -ਪ੍ਰਭੂ ਦੀ ਇਸ ਸੰਸਾਰ ਰਚਨਾ `ਚ ਪਦਾਰਥਕ ਰੋਸ਼ਨੀ ਦੀ ਲੋੜ ਲਈ ਪ੍ਰਭੂ ਵੱਲੋਂ ਚੰਦ ਤੇ ਸੂਰਜ, ਮਾਨੋ ਦੋ ਦੀਵੇ ਹਨ। ਇਹ ਵੀ ਕਿ ਪ੍ਰਭੂ ਦੀ ਇਹ ਰਚਨਾ ਅਨੰਤ ਆਕਾਸ਼ਾਂ ਤੇ ਅਨੰਤ ਪਾਤਾਲਾਂ ਰੂਪ ਸ਼ਹਿਰਾਂ ਤੇ ਬਾਜ਼ਾਰਾਂ `ਚ ਫੈਲੀ ਹੋਈ ਹੈ।

"ਜੇਤੇ ਜੀਅ, ਤੇਤੇ ਵਣਜਾਰੇ" - ਉਸਦੇ ਨਾਲ ਇਹ ਵੀ ਕਿ ਪ੍ਰਭੂ ਰਾਹੀਂ ਕਾਇਮ ਇਨ੍ਹਾਂ ਅਨੰਤ ਆਕਾਸ਼ਾਂ ਤੇ ਪਾਤਲਾਂ ਰੂਪ ਬਾਜ਼ਾਰਾਂ `ਚ ਹਰੇਕ ਜੀਵ (ਪ੍ਰਭੂ ਪਾਸੋਂ ਆਪਣੇ-ਆਪਣੇ ਸੁਆਸਾਂ ਦੀ ਪੂੰਜੀ ਲੈ ਕੇ) ਆਪਣੇ-ਆਪਣੇ ਜੀਵਨ ਦਾ ਵਪਾਰ ਅਥਵਾ ਵਣਜ ਕਰਣ ਲਈ ਹੀ ਇਥੇ ਆਉਂਦਾ ਹੈ।

"ਖੁਲੑੇ ਹਟ, ਹੋਆ ਵਾਪਾਰੁ" -ਇਸ ਤਰ੍ਹਾਂ ਪ੍ਰਭੂ ਦੇ ਇਨ੍ਹਾਂ ਅਨੰਤ ਆਕਾਸ਼ਾਂ ਤੇ ਪਾਤਾਲਾਂ ਰੂਪ ਅਨੰਤ ਬਾਜ਼ਾਰਾਂ ਤੇ ਸ਼ਹਿਰਾਂ `ਚ, ਜਦੋਂ ਜੀਵ ਆਪਣੇ-ਆਪਣੇ ਜੀਵਨ ਦੇ ਸੁਆਸਾਂ ਦਾ ਵਣਜ ਕਰਣ ਲਈ ਆਉਂਦੇ ਜਾਦੇ ਹਨ, ਤਾਂ ਸੰਸਾਰ `ਚ ਨਾਲ-ਨਾਲ ਜੀਵ ਰੂਪ ਦੁਕਾਨਾਂ ਵੀ ਖੁੱਲਦੀਆਂ ਜਾਂਦੀਆਂ ਹਨ ਅਤੇ ਉਸ ਦੇ ਨਾਲ ਹੀ ਉਨ੍ਹਾਂ ਜੀਵਾਂ ਦੇ ਆਪਣੇ-ਅਪਣੇ ਜੀਵਨ ਦੇ ਸੁਆਸਾਂ ਦਾ ਵਪਾਰ ਵੀ ਹੁੰਦਾ ਜਾਂਦਾ ਹੈ।

"ਜੋ ਪਹੁਚੈ, ਸੋ ਚਲਣਹਾਰੁ" - ਇਸ ਤੋਂ ਵੀ ਵੱਡੀ ਗੱਲ ਕਿ ਇਥੇ (ਪ੍ਰਭੂ ਬਖ਼ਸ਼ੀ ਆਪਣੀ-ਆਪਣੀ ਸੁਆਸਾਂ ਦੀ ਪੂੰਜੀ ਨੂੰ ਲੈ ਕੇ) ਇਨ੍ਹਾਂ ਅਨਂਤ ਸ਼ਹਿਰਾਂ ਤੇ ਬਾਜ਼ਾਰਾਂ `ਚ ਜਿਹੜੇ ਤੇ ਜਿੱਤਨੇ ਵੀ ਜੀਵ ਵਪਾਰੀ ਆਪਣੇ-ਆਪਣੇ ਸੁਆਸਾਂ ਦਾ ਵਪਾ/ਵਣਜ ਕਰਣ ਆਉਂਦੇ ਹਨ, ਉਹ ਸਾਰੇ ਮੁਸਾਫ਼ਿਰ ਹੀ ਹੁੰਦੇ ਹਨ, ਇੱਥੇ ਰਹਿਣ ਲਈ ਕੋਈ ਵੀ ਨਹੀਂ ਆਇਆ ਹੁੰਦਾ। ਹਰੇਕ ਨੇ ਵਾਪਿਸ ਵੀ ਜਾਣਾ ਹੁੰਦਾ ਹੈ।

ਇਸ ਲਈ ਪ੍ਰਭੂ ਰਾਹੀਂ ਬਖ਼ਸ਼ੇ ਹੋਏ ਆਪਣੇ-ਆਪਣੇ ਸੁਆਸਾਂ ਰੂਪ ਪੂੰਜੀ ਨਾਲ ਵਪਾਰ ਤੇ ਵਣਜ ਕਰਕੇ ਨਾਲੋ-ਨਾਲ ਉਹ ਜੀਵ ਵਾਪਿਸ ਵੀ ਜਾਂਦੇ ਰਹਿੰਦੇ ਹਨ।

"ਧਰਮੁ ਦਲਾਲੁ, ਪਾਏ ਨੀਸਾਣੁ" -ਇਸ ਤਰ੍ਹਾਂ ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਸੰਬੰਧੀ ਪ੍ਰ੍ਰਭੂ ਦੇ ਸੱਚ ਨਿਆਂ `ਚ ਨਾਲ-ਨਾਲ ਫ਼ੈਸਲਾ ਵੀ ਹੁੰਦਾ ਜਾਂਦਾ ਹੈ ਕਿ ਕਿਸ ਜੀਵ ਦੀ ਕਮਾਈ ਖਰੀ ਸੀ ਤੇ ਕਿਸ ਦੀ ਖੋਟੀ? ਕਿਸ ਨੇ ਆਪਣੇ ਸੁਆਸਾਂ ਦਾ ਖਰਾ ਵਣਜ ਕੀਤਾ ਹੈ ਤੇ ਕਿਸ ਨੇ ਖੋਟਾ।

ਕਿਹੜਾ ਜੀਵ ਸੰਸਾਰ `ਚ ਆਪਣੇ ਸੁਆਸਾਂ ਦਾ ਵਣਜ ਕਰਕੇ ਵਾਪਿਸ ਪਰਤਣ ਉਪ੍ਰੰਤ ਪਭੂ ਦੇ ਦਰ `ਤੇ ਪ੍ਰਵਾਣ ਤੇ ਕਬੂਲ ਹੋਇਆ? ਇਸ ਤਰ੍ਹਾਂ ਕਿਸ-ਕਿਸ ਦਾ ਮਨੁੱਖਾ ਜਨਮ ਸਫ਼ਲ ਹੋਇਆ?

ਉਸ ਦੇ ਉਲਟ, ਕਿਹੜੇ ਜੀਵ ਪ੍ਰਭੂ ਦੇ ਦਰ `ਤੇ ਪ੍ਰਵਾਣ ਨਹੀਂ ਹੋਏ ਤੇ ਵਾਪਿਸ ਧੱਕੇ ਗਏ। (ਭਾਵ ਮੁੜ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਪਾ ਦਿੱਤੇ ਗਏ)। ਯਥਾ:-

() "ਓੜਕੁ ਆਇਆ ਤਿਨ ਸਾਹਿਆ, ਵਣਜਾਰਿਆ ਮਿਤ੍ਰਾ, ਜਰੁ ਜਰਵਾਣਾ ਕੰਨਿ॥ ਇੱਕ ਰਤੀ ਗੁਣ ਨ ਸਮਾਣਿਆ, ਵਣਜਾਰਿਆ ਮਿਤ੍ਰਾ, ਅਵਗਣ ਖੜਸਨਿ ਬੰਨਿ॥ ਗੁਣ ਸੰਜਮਿ ਜਾਵੈ, ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ॥ ਕਾਲੁ ਜਾਲੁ ਜਮ ਜੋਹਿ ਨ ਸਾਕੈ, ਭਾਇ ਭਗਤਿ ਭੈ ਤਰਣਾ॥ ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ॥ ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ, ਸਾਚੇ ਤੇ ਪਤਿ ਪਾਵੈ" {ਪੰ: ੭੬}

() "ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ" (ਪੰ: ੪੭੨)

() "ਦੇਹੀ ਜਾਤਿ ਨਾ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੇ, ਐਥੈ, ਓਥੈ ਨਾਮਿ ਸਮਾਵਣਿਆ" (ਪੰ: ੧੧੧) ਆਦਿ

"ਨਾਨਕ ਨਾਮੁ ਲਾਹਾ, ਪਰਵਾਣੁ" -ਹੇ ਨਾਨਕ! ਉਸ ਪ੍ਰਭੂ-ਸ਼ਾਹ ਦੇ ਦਰ `ਤੇ ਕੇਵਲ ਉਸੇ ਜੀਵ ਦਾ ਜੀਵਨ ਪ੍ਰਵਾਣ ਹੁੰਦਾ ਅਤੇ ਉਹੀ ਆਪਣੇ ਜੀਵਨ ਦਾ ਲਾਹਾ ਲੈ ਕੇ ਜਾਂਦਾ ਹੈ ਜਿਸ ਨੇ ਆਪਣੇ ਜੀਵਨ ਨੂੰ ਆਪਣੇ ਅਸਲੇ, ਪ੍ਰਭੂ ਦੇ ਰੰਗ `ਚ ਰੰਗਿਆ ਅਤੇ ਜੀਂਦੇ ਜੀਅ ਉਸ `ਚ ਸਮਾਅ ਚੁੱਕਾ ਹੋਵੇ।

"ਘਰਿ ਆਏ, ਵਜੀ ਵਾਧਾਈ" - ਇਸ ਤਰ੍ਹਾਂ ਜਿਹੜਾ ਜੀਵ ਆਪਣੇ ਮਨੁੱਖਾ ਜਨਮ ਦੇ ਮਕਸਦ ਦੀ ਪਛਾਣ ਕਰਕੇ ਜੀਵਨ ਦੌਰਾਨ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਉਸ ਦਾ ਮਨੁੱਖਾ ਜਨਮ ਹੀ ਸਹੀ ਅਰਥਾਂ `ਚ ਧੰਨਤਾ ਯੋਗ ਤੇ ਚੜ੍ਹਦੀਆਂ ਕਲਾ ਵਾਲਾ ਜੀਵਨ ਬਿਤਾਅ ਤੇ ਆਇਆ ਹੁੰਦਾ ਹੈ।

"ਸਚ ਨਾਮ ਕੀ ਮਿਲੀ, ਵਡਿਆਈ"॥ ੧॥ - ਜੀਵਨ ਦੌਰਾਨ ਸੁਰਤ ਕਰਕੇ ਜਿਹੜੇ ਜੀਵ ਸੁਆਸ ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ ਉਹ ਪ੍ਰਭੂ ਦੇ ਦਰ `ਤੇ ਸਲਾਹੇ ਜਾਂਦੇ ਅਤੇ ਕਬੂਲ ਹੁੰਦੇ ਹਨ, ਪ੍ਰਭੂ ਦੇ ਦਰ `ਤੇ ਸ਼ੋਭਾ ਪਾਂਦੇ ਹਨ। ੧। ਯਥਾ:-

() "ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ" (ਪੰ: ੪੬੩)

() "ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ" (ਪੰ: ੪੬੩)

() "ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ, ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ" (ਪੰ: ੪੬੪)

() "ਦੁਨੀਆ ਖੋਟੀ ਰਾਸਿ ਕੂੜੁ ਕਮਾਈਐ।। ਨਾਨਕ ਸਚੁ ਖਰਾ ਸਾਲਾਹਿ, ਪਤਿ ਸਿਉ ਜਾਈਐ" (ਪੰ: ੧੪੪) ਆਦਿ

ਮਃ ੧॥ ਰਾਤੀ ਹੋਵਨਿ ਕਾਲੀਆ, ਸੁਪੇਦਾ ਸੇ ਵੰਨ॥ ਦਿਹੁ ਬਗਾ ਤਪੈ ਘਣਾ, ਕਾਲਿਆ ਕਾਲੇ ਵੰਨ॥ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨੁ॥ ਨਾਨਕ ਨਦਰੀ ਬਾਹਰੇ, ਕਬਹਿ ਨ ਪਾਵਹਿ ਮਾਨੁ॥ ੨॥ {ਪੰਨਾ ੭੮੯}

ਪਦ ਅਰਥ : —ਸੇ ਵੰਨ—ਉਹੀ ਰੰਗ। ਸੁਪੇਦਾ—ਸਫ਼ੈਦ ਚੀਜ਼ਾਂ ਦਾ। ਦਿਹੁ—ਦਿਨ। ਬਗਾ—ਚਿੱਟਾ। ਘਣਾ—ਬਹੁਤ। ਵੰਨ—ਰੰਗ। ਅੰਧ ਗਿਆਨੁ—ਅੰਨ੍ਹੀ ਮਤਿ, ਅਗਿਆਨਤਾ ਦਾ ਹਨੇਰਾ।

ਅਰਥ : — "ਰਾਤੀ ਹੋਵਨਿ ਕਾਲੀਆ, ਸੁਪੇਦਾ ਸੇ ਵੰਨ" -ਰਾਤਾਂ ਬੇਸ਼ੱਕ ਕਾਲੀਆਂ ਹੁੰਦੀਆਂ ਹਨ ਪਰ ਚਿੱਟੀਆਂ ਚੀਜ਼ਾਂ ਦਾ ਰੰਗ ਤਾਂ ਵੀ ਚਿੱਟਾ ਹੀ ਰਹਿੰਦਾ ਹੈ।

"ਦਿਹੁ ਬਗਾ ਤਪੈ ਘਣਾ, ਕਾਲਿਆ ਕਾਲੇ ਵੰਨ" -ਦਿਨ ਚਿੱਟਾ ਹੁੰਦਾ ਹੈ, ਉਸੇ ਤਰ੍ਹਾਂ ਦਿਨ ਦੀ ਸੁਫ਼ੇਦੀ ਵੀ ਭਾਵੇਂ ਚੰਗੀ ਤੱਕੜੀ ਚਮਕਦੀ ਹੋਵੇ, ਤਾਂ ਕਾਲੇ ਪਦਾਰਥਾਂ ਦਾ ਰੰਗ ਵੀ ਕਾਲਾ ਹੀ ਰਹਿੰਦਾ ਹੈ।

ਉਸੇ ਤਰ੍ਹਾਂ ਜਿਵੇਂ ਕਾਲੀਆਂ ਰਾਤਾਂ ਦੀ ਕਾਲਖ ਦਾ ਅਸਰ ਦੇ ਚਿੱਟੇ ਪਦਾਰਥਾਂ ਦੇ ਚਿੱਟੇ ਰੰਗ `ਤੇ ਨਹੀਂ ਪੈਂਦਾ। ਠੀਕ ਉਸੇ ਤਰ੍ਹਾਂ ਦਿਨ ਦੀ ਭਰਵੀਂ ਰੌਸ਼ਨੀ ਅਤੇ ਉਸ ਦੀ ਉਘੜਵੀਂ ਸਫ਼ੇਦੀ ਦਾ ਅਸਰ ਕਾਲੀਆਂ ਵਸਤਾਂ ਦੇ ਕਾਲੇ ਰੰਗ `ਤੇ ਵੀ ਨਹੀਂ ਪੈਂਦਾ।

"ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨੁ" -ਇਸੇ ਤਰ੍ਹਾਂ ਜਿਹੜੇ ਅਗਿਅਨਤਾ ਦੇ ਹਨੇਰੇ `ਚ ਠੋਕਰਾਂ ਖਾ ਰਹੇ ਮੂਰਖ ਤੇ ਅਕਲ-ਹੀਣ ਲੋਕ ਹੁੰਦੇ ਹਨ, ਉਨ੍ਹਾਂ ਦੇ ਜੀਵਨ `ਚ ਤੇ ਮਨਾਂ `ਤੇ ਅਗਿਆਨਤਾ ਦਾ ਹਨੇਰਾ ਹੀ ਛਾਇਆ ਰਹਿੰਦਾ ਅਤੇ ਉਹ ਮੱਤ ਹੀਣ ਹੀ ਰਹਿੰਦੇ ਹਨ। ਯਥਾ:-

() "ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ" (ਪੰ: ੪੬੭)

() "ਮੰਦਾ ਕਿਸੈ ਨ ਆਖੀਐ, ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ" (ਪੰ: ੪੭੩)

() "ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ, ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ, ਜਿਨ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ" (ਪੰ: ੪੭੩)

() "ਊਚਾ ਕੂਕੇ ਤਨਹਿ ਪਛਾੜੇ।। ਮਾਇਆ ਮੋਹਿ ਜੋਹਿਆ ਜਮਕਾਲੇ।। ਮਾਇਆ ਮੋਹੁ ਇਸੁ ਮਨਹਿ ਨਚਾਏ, ਅੰਤਰਿ ਕਪਟੁ ਦੁਖੁ ਪਾਵਣਿਆ" (ਪੰ: ੧੨੧-੨੨)

() "ਬਦਫੈਲੀ ਗੈਬਾਨਾ ਖਸਮੁ ਨ ਜਾਣਈ।। ਸੋ ਕਹੀਐ ਦੇਵਾਨਾ ਆਪੁ ਨ ਪਛਾਣਈ।। ਕਲਹਿ ਬੁਰੀ ਸੰਸਾਰਿ ਵਾਦੇ ਖਪੀਐ।। ਵਿਣ ਨਾਵੈ ਵੇਕਾਰਿ ਭਰਮੇ ਪਚੀਐ" (ਪੰ: ੧੪੧) ਆਦਿ ਕਿਉਂਕਿ

"ਨਾਨਕ ਨਦਰੀ ਬਾਹਰੇ, ਕਬਹਿ ਨ ਪਾਵਹਿ ਮਾਨੁ"॥ ੨॥ - ਹੇ ਨਾਨਕ! ਜਦੋਂ ਤੀਕ ਉਨ੍ਹਾਂ ਅਗਿਅਨਤਾ ਦੇ ਹਨੇਰੇ `ਚ ਠੋਕਰਾਂ ਖਾ ਰਹੇ ਮੂਰਖਾਂ ਤੇ ਅਕਲ-ਹੀਣਿਆਂ `ਤੇ ਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਜ਼ਰ ਨਾ ਕਰ ਦੇਵੇ, ਉਨ੍ਹਾਂ ਦੇ ਜੀਵਨ ਅਤੇ ਮਨਾਂ `ਤੇ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਰੰਗ ਨਹੀਂ ਚੜ੍ਹਦਾ।

ਉਤਨੀ ਦੇਰ ਉਹ ਨਾਮ ਰੰਗ ਦੀ ਮਸਤੀ ਤੇ ਆਤਮਕ ਅਨੰਦ ਨਹੀਂ ਮਾਨ ਸਕਦੇ। ੨। ਯਥਾ:-

() "ਹ੍ਰਿਦੈ ਕਪਟੁ ਮੁਖ ਗਿਆਨੀ॥ ਝੂਠੇ ਕਹਾ ਬਿਲੋਵਸਿ ਪਾਨੀ॥ ੧ ਕਾਂਇਆ ਮਾਂਜਸਿ ਕਉਨ ਗੁਨਾਂ॥ ਜਉ ਘਟ ਭੀਤਰਿ ਹੈ ਮਲਨਾਂ॥  ॥ ਰਹਾਉ॥ ਲਉਕੀ ਅਠਸਠਿ ਤੀਰਥ ਨਾੑਈ॥ ਕਉਰਾਪਨੁ ਤਊ ਨ ਜਾਈ॥  ਕਹਿ ਕਬੀਰ ਬੀਚਾਰੀ॥ ਭਵ ਸਾਗਰੁ ਤਾਰਿ ਮੁਰਾਰੀ॥ ੩ ॥" (ਪੰ: ੬੮੬)

ਪਉੜੀ॥ ਕਾਇਆ ਕੋਟੁ ਰਚਾਇਆ, ਹਰਿ ਸਚੈ ਆਪੇ॥ ਇਕਿ ਦੂਜੈ ਭਾਇ ਖੁਆਇਅਨੁ, ਹਉਮੈ ਵਿਚਿ ਵਿਆਪੇ॥ ਇਹੁ ਮਾਨਸ ਜਨਮੁ ਦੁਲੰਭੁ, ਸਾ ਮਨਮੁਖ ਸੰਤਾਪੇ॥ ਜਿਸੁ ਆਪਿ ਬੁਝਾਏ ਸੋ ਬੁਝਸੀ, ਜਿਸੁ ਸਤਿਗੁਰੁ ਥਾਪੇ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ॥ ੧੩॥ {ਪੰਨਾ ੭੮੯}

ਪਦ ਅਰਥ : —ਕੋਟੁ—ਕਿਲ੍ਹਾ। ਸਚੈ— ਸਦਾ ਕਾਇਮ ੲਹਿਣ ਵਾਲੇ ਪ੍ਰਭੂ ਨੇ। ਆਪੇ—ਆਪ ਹੀ। ਇਕਿ—ਕਈ ਜੀਵ। ਖੁਆਇਅਨੁ—ਪ੍ਰਭੂ ਨੇ ਆਪ ਹੀ ਖੁੰਝਾਏ ਤੇ ਮਨੁੱਖਾ ਜੀਵਨ ਦੇ ਇਕੋ-ਇਕ ਮਕਸਦ ਵੱਲੋਂ ਕੁਰਾਹੇ ਪਾਏ ਹੋਏ ਹੁੰਦੇ ਹਨ। ਵਿਆਪੇ—ਫਸੇ ਹੋਏ, ਪਕੜ `ਚ ਹਨ। ਸਾ—ਸੀ। ਮਨਮੁਖ—ਮਨ ਦੇ ਪਿੱਛੇ ਟੁਰਣ ਵਾਲੇ। ਥਾਪੇ—ਥਾਪਣਾ ਦੇਵੇ, ਬਹੁੜੀ ਕਰੇ।

ਅਰਥ : — "ਕਾਇਆ ਕੋਟੁ ਰਚਾਇਆ, ਹਰਿ ਸਚੈ ਆਪੇ" -ਇਹ ਮਨੁੱਖਾ-ਸਰੀਰ ਮਾਨੋ ਇੱਕ ਕਿਲ੍ਹਾ ਹੈ ਜਿਸ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਬਣਾਇਆ ਹੋਇਆ ਹੈ।

"ਇਕਿ ਦੂਜੈ ਭਾਇ ਖੁਆਇਅਨੁ, ਹਉਮੈ ਵਿਚਿ ਵਿਆਪੇ" - ਪਰ ਪ੍ਰਭੂ ਰਾਹੀਂ ਬਖ਼ਸ਼ੇ ਹੋਏ ਇਸ ਕਿਲ੍ਹੇ `ਚ ਰਹਿੰਦੇ ਹੋਏ ਵੀ ਕਈ ਜੀਵਾਂ ਨੂੰ ਮਾਇਆ ਦੇ ਮੋਹ `ਚ ਪਾ ਕੇ, ਪ੍ਰਭੂ ਨੇ ਆਪ ਹੀ ਉਨ੍ਹਾਂ ਨੂੰ ਮਨੁੱਖਾ ਜਨਮ ਦੇ ਇਕੋ-ਇਕ ਮਕਸਦ ਵੱਲੋਂ ਕੁਰਾਹੇ ਪਾ ਰਖਿਆ ਹੁੰਦਾ ਹੈ।

ਇਸ ਲਈ ਉਹ ਹਉਮੈ ਦਾ ਸ਼ਿਕਾਰ ਹੋ ਕੇ, ਹਉਮੈ ਰੋਗ ਨਾਲ ਹੀ ਗ੍ਰਸੇ ਰਹਿੰਦੇ ਹਨ।

"ਇਹੁ ਮਾਨਸ ਜਨਮੁ ਦੁਲੰਭੁ, ਸਾ ਮਨਮੁਖ ਸੰਤਾਪੇ" - ਬੇਸ਼ੱਕ ਇਹ ਮਨੁੱਖਾ ਜਨਮ ਪ੍ਰਭੂ ਦੀਆਂ ਘੜੀਆਂ ਹੋਈਆਂ ਅਨੰਤ ਜੂਨੀਆਂ `ਚੋਂ ਵਿਸ਼ੇਸ਼ ਤੇ (ਪ੍ਰਭੂ ਦੀ ਬਖ਼ਸ਼ਿਸ਼ ਸਦਕਾ) ਬੜੀ ਮੁਸ਼ਕਲ ਨਾਲ ਹੀ ਪ੍ਰਾਪਤ ਹੁੰਦਾ ਹੈ, ਪਰ ਮਨ ਦੇ ਪਿੱਛੇ ਟੁਰਣ ਵਾਲੇ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਦੇ ਆਪਹੁੱਦਰੇ ਲੋਕ ਹਊਮੈ ਆਦਿ ਵਿਕਾਰਾਂ ਦੀ ਤਪਸ਼ ਕਾਰਣ ਭਟਕਣਾ, ਖੁਆਰੀਆਂ, ਖਿੱਚਾਤਾਣੀਆਂ, ਮਨ ਦੇ ਉਖਾੜਾਂ ਤੇ ਗੁਣਾਹਾਂ ਆਦਿ `ਚ ਗ੍ਰਸੇ ਰਹਿ ਕੇ ਜੀਵਨ ਭਰ ਸੰਤਾਪ ਭੋਗਦੇ ਤੇ ਦੁਖੀ ਰਹਿੰਦੇ ਹਨ ਪਰ ਉਨ੍ਹਾਂ ਦਾ ਵੱਸ ਨਹੀਂ ਚਲਦਾ।

"ਜਿਸੁ ਆਪਿ ਬੁਝਾਏ ਸੋ ਬੁਝਸੀ, ਜਿਸੁ ਸਤਿਗੁਰੁ ਥਾਪੇ" - ਉਪ੍ਰੰਤ ਇਸ ਮਨੁੱਖਾ ਸਰੀਰ ਦਾ ਵਿਸ਼ੇਸ਼ ਤੇ ਇਕੋ-ਇਕ ਮਕਸਦ ਕੀ ਹੈ ਇਸ ਦੀ ਸੋਝੀ ਕੇਵਲ ਉਸੇ ਨੂੰ ਆਉਂਦੀ ਹੈ ਜਿਸ `ਤੇ ਪ੍ਰਭੂ ਆਪ ਬਖ਼ਸ਼ਿਸ਼ ਕਰਕੇ ਉਸ ਦੇ ਜੀਵਨ ਨੂੰ ਸ਼ਬਦ-ਗੁਰੂ ਦੀ ਕਮਾਈ ਵੱਲੇ ਪਾਸੇ ਮੋੜ ਦਿੰਦਾ ਹੈ। ਯਥਾ:-

() "ਮਾਨਸ ਜਨਮਿ ਸਤਿਗੁਰੂ ਨ ਸੇਵਿਆ, ਬਿਰਥਾ ਜਨਮੁ ਗਵਾਇਆ॥ ਨਦਰਿ ਕਰੇ ਤਾਂ ਸਤਿਗੁਰੁ ਮੇਲੇ, ਸਹਜੇ ਸਹਜਿ ਸਮਾਇਆ॥ ਨਾਨਕ ਨਾਮੁ ਮਿਲੈ ਵਡਿਆਈ, ਪੂਰੈ ਭਾਗਿ ਧਿਆਇਆ" (ਪੰ: ੧੩੩੪)

() "ਹਰਿ ਹਰਿ ਚੇਤਿ, ਸਦਾ ਮਨ ਮੇਰੇ॥ ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ, ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ" (ਪੰ: ੧੧੭੭) ਆਦਿ "‘

"ਸਭੁ ਜਗੁ ਖੇਲੁ ਰਚਾਇਓਨੁ, ਸਭ ਵਰਤੈ ਆਪੇ"॥ ੧੩॥ - ਤਾਂ ਵੀ ਸਮਝਣ ਦਾ ਵਿਸ਼ਾ ਇਹੀ ਹੈ ਕਿ ਸਮੂਚੀ ਰਚਨਾ ਪ੍ਰਭੂ ਦੀ ਆਪਣੀ ਬਣਾਈ ਹੋਈ ਉਸ ਦੀ ਕੇਵਲ ਇੱਕ ਖੇਡ ਮਾਤ੍ਰ ਹੀ ਹੈ ਜਿਸ `ਚ ਕੋਈ ਮਨੁੱਖ ਜੀਵਨ ਰਹਿਣੀ ਕਰਕੇ ਗੁਰਮੁਖ ਤੇ ਪ੍ਰਭੂ ਪਿਆਰਾ ਹੈ ਅਤੇ ਕੋਈ ਮਨਮੁਖਤਾ ਭਰਪੂਰ ਆਪਹੁੱਦਰਾ ਜੀਵਨ ਬਤੀਤ ਕਰ ਰਿਹਾ ਤੇ ਅਗਿਆਨਤਾ ਦੇ ਹਨੇਰੇ `ਚ ਹੀ ਠੋਕਰਾਂ ਖਾ ਰਿਹਾ ਹੈ।

ਜਦਕਿ ਇਸ ਸਮੂਚੀ ਰਚਨਾ ਦੇ ਜ਼ਰੇ-ਜ਼ਰੇ `ਚ ਪ੍ਰਭੂ ਆਪ ਵਿਆਪਕ ਹੋ ਕੇ ਆਪਣੇ ਸੱਚ ਨਿਆਂ `ਚ ਇਸ ਸਮੂਚੇ ਵਰਤਾਰੇ ਨੂੰ ਵਰਤਾ ਰਿਹਾ ਹੈ। ਇਸ ਲਈ ਇਹ ਸਭ ਆਪ ਮੁਹਾਰੇ ਨਹੀਂ ਚੱਲ ਰਿਹਾ ਬਲਕਿ ਸਮੂਚੀ ਰਚਨਾ ਪ੍ਰਭੂ ਦੇ ਆਪਣੇ ਹੁਕਮ ਤੇ ਨਿਆਂ `ਚ ਹੀ ਚੱਲ ਰਹੀ ਹੈ। ੧੩। ਯਥਾ:-

() "ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ" (ਬਾਣੀ ਜਪੁ)

() "ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ, ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ, ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ, ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ" (ਪੰ: ੪੬੩) ਹੋਰ

() "ਆਪਿ ਉਪਾਏ ਤੈ ਆਪੇ ਵੇਖੈ॥ ਸਤਿਗੁਰੁ ਸੇਵੈ, ਸੋ ਜਨੁ ਲੇਖੈ॥ ਨਾਨਕ ਨਾਮੁ ਵਸੈ ਘਟ ਅੰਤਰਿ, ਗੁਰ ਕਿਰਪਾ ਤੇ ਪਾਵਣਿਆ" (ਪੰ: ੧੨੯) ਆਦਿ (ਚਲਦਾ) #Instt.P13-24th--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੋਵੀਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.