.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਈਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੧੨ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਨਾਨਕ ਬਦਰਾ ਮਾਲ ਕਾ, ਭੀਤਰਿ ਧਰਿਆ ਆਣਿ॥ ਖੋਟੇ ਖਰੇ ਪਰਖੀਅਨਿ, ਸਾਹਿਬ ਕੈ ਦੀਬਾਣਿ॥   {ਪੰਨਾ ੭੮੯}

ਮਃ ੧॥ ਨਾਵਣ ਚਲੇ ਤੀਰਥੀ, ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾ ਚੋਰ॥   {ਪੰਨਾ ੭੮੯}

ਪਉੜੀ॥ ਆਪੇ ਹੁਕਮੁ ਚਲਾਇਦਾ, ਜਗੁ ਧੰਧੈ ਲਾਇਆ॥ ਇਕਿ ਆਪੇ ਹੀ ਆਪਿ ਲਾਇਅਨੁ, ਗੁਰ ਤੇ ਸੁਖੁ ਪਾਇਆ॥ ਦਹ ਦਿਸ ਇਹੁ ਮਨੁ ਧਾਵਦਾ, ਗੁਰਿ ਠਾਕਿ ਰਹਾਇਆ॥ ਨਾਵੈ ਨੋ ਸਭ ਲੋਚਦੀ, ਗੁਰਮਤੀ ਪਾਇਆ॥ ਧੁਰਿ ਲਿਖਿਆ ਮੇਟਿ ਨ ਸਕੀਐ, ਜੋ ਹਰਿ ਲਿਖਿ ਪਾਇਆ॥  ੧੨ {ਪੰਨਾ ੭੮੯}

(ਸਟੀਕ-ਪਉੜੀ ੧੨, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਨਾਨਕ ਬਦਰਾ ਮਾਲ ਕਾ, ਭੀਤਰਿ ਧਰਿਆ ਆਣਿ॥ ਖੋਟੇ ਖਰੇ ਪਰਖੀਅਨਿ, ਸਾਹਿਬ ਕੈ ਦੀਬਾਣਿ॥ ੧॥ {ਪੰਨਾ ੭੮੯}

ਪਦ ਅਰਥ : —ਬਦਰਾ—ਥੈਲੀ। ਬਦਰਾ ਮਾਲ ਕਾ—ਰੁਪਇਆਂ ਦੀ ਥੈਲੀ, ਮਨੁੱਖ ਰਾਹੀਂ ਜੀਵਨ ਦੌਰਾਨ ਕੀਤੇ ਚੰਗੇ ਤੇ ਮੰਦੇ ਕੰਮਾਂ ਦੀ ਕਮਾਈ ਰੂਪ ਥੈਲੀ ਅਥਵਾ ਮਨ। ਆਣਿ—ਲਿਆ ਕੇ। ਭੀਤਰਿ ਧਰਿਆ— ਸਰੀਰ ਦੇ ਅੰਦਰ ਹੀ ਰਖੀ ਹੋਈ ਹੁੰਦੀ ਹੈ।

ਬਦਰਾ ਮਾਲ ਕਾ, ਭੀਤਰਿ ਧਰਿਆ ਆਣਿ—ਮਨੁੱਖ ਰਾਹੀਂ ਉਸ ਦੇ ਜੀਵਨ ਦੌਰਾਨ ਕੀਤੇ ਚੰਗੇ ਤੇ ਮੰਦੇ ਕੰਮਾਂ ਦੇ ਲੇਖੇ-ਜੋਖੇ ਲਈ ਪ੍ਰਭੂ ਵੱਲੋਂ ਬਦਰਾ, ਥੈਲੀ ਅਥਵਾ ਮਨ ਮਿਨੁੱਖ ਦੇ ਜਨਮ ਦੇ ਨਾਲ ਹੀ ਉਸ ਦੇ ਸਰੀਰ ਅੰਦਰ ਲਿਆ ਕੇ ਰਖਿਆ ਹੋਇਆ ਹੁੰਦਾ ਹੈ। ਪਰਖੀਅਨਿ— ਪਰਖੇ ਜਾਂਦੇ ਹਨ। ਦੀਬਾਣਿ— ਪ੍ਰਭੂ ਦੀ ਹਜ਼ੂਰੀ `ਚ, ਪ੍ਰਭੂ ਦੇ ਸੱਚ ਨਿਆਂ `ਚ, ਪ੍ਰਭੂ ਦੇ ਦਰ `ਤੇ।

ਅਰਥ : — "ਨਾਨਕ ਬਦਰਾ ਮਾਲ ਕਾ, ਭੀਤਰਿ ਧਰਿਆ ਆਣਿ" - ਹੇ ਨਾਨਕ! ਜਿਵੇਂ ਕਿਸੇ ਮਾਲਕ ਦਾ ਨੌਕਰ, ਰੁਪਇਆਂ ਦੀ ਥੈਲੀ ਕਮਾ ਕੇ ਲਿਆਂਉਂਦਾ ਹੈ ਅਤੇ ਉਸ ਥੈਲੀ ਨੂੰ ਲਿਆ ਕੇ ਆਪਣੇ ਸ਼ਾਹ/ਮਾਲਿਕ ਅੱਗੇ, ਆਪਣੇ ਰਾਹੀਂ ਕੀਤੀ ਉਸ ਕਮਾਈ ਦਾ ਵਾਧਾ-ਘਾਟਾ ਦੇਖਣ ਲਈ ਰੱਖ ਦਿੰਦਾ ਹੈ।

ਉਸੇ ਤਰ੍ਹਾਂ ਪ੍ਰਭੂ ਸ਼ਾਹ ਵਲੋਂ ਜੀਵ ਨੂੰ ਸੰਸਾਰ `ਚ ਭੇਜਣ ਸਮੇਂ, ਵਣਜ ਕਰਣ ਲਈ, ਸੁਆਸਾਂ ਦੀ ਪੂੰਜੀ ਤੇ ਉਸ ਪੂੰਜੀ ਦੇ ਨਾਲ ਉਸਨਂੂੰ ਬਦਰਾ ਭਾਵ ਮਨ ਰੂਪ ਥੈਲੀ ਦੇ ਕੇ ਭੇਜਿਆ ਜਾਂਦਾ ਹੈ।

ਉਹ ਇਸ ਲਈ ਤਾ ਕਿ ਜੀਵ ਦੀ ਵਾਪਸੀ ਸਮੇਂ ਇਸ ਮਨ ਰੂਪ ਥੈਲੀ ਚੋਂ ਸੰਸਾਰ `ਚ ਵਿਚਰਣ ਦੌਰਾਨ ਉਸ ਜੀਵ ਰਾਹੀਂ ਕੀਤੇ ਚੰਗੇ ਤੇ ਮੰਦੇ, ਖੋਟੇ ਤੇ ਖਰੇ ਕਰਮਾਂ ਨੂੰ ਪਰਖਿਆ ਜਾ ਸਕੇ।

"ਖੋਟੇ ਖਰੇ ਪਰਖੀਅਨਿ, ਸਾਹਿਬ ਕੈ ਦੀਬਾਣਿ"॥ ੧॥ -ਉਪ੍ਰੰਤ ਸੰਸਾਰ `ਚ ਆ ਕੇ ਜੀਵ ਪ੍ਰਭੂ ਬਖ਼ਸ਼ੀ ਸਰੀਰ ਵਿੱਚਲੀ ਉਸ ਸੁਆਸਾਂ ਵਾਲੀ ਪੂੰਜੀ ਨੂੰ ਵਰਤਦਾ ਹੈ ਤੇ ਜੀਵਨ ਦੌਰਾਨ ਵਣਜ ਕਰਦਾ ਹੈ।

ਇਸ ਤਰ੍ਹਾਂ ਉਸ ਰਾਹੀਂ ਕੀਤੇ ਉਸ ਵਣਜ ਬਦਲੇ, ਉਹ ਨਾਲ-ਨਾਲ ਉਸ ਸਰੀਰ `ਚ ਪ੍ਰਭੂ ਰਾਹੀਂ ਰਖੇ ਹੋਏ ਉਸ ਬਦਰੇ ਅਥਵਾ ਮਨ ਰੂਪ ਥੈਲੀ `ਚ ਆਪਣੀ ਉਨ੍ਹਾਂ ਸੁਆਸਾਂ ਨਾਲ ਜੀਵਨ ਭਰ ਚੰਗੇ ਤੇ ਮੰਦੇ ਕਰਮਾਂ ਤੇ ਸੰਸਕਾਰਾਂ ਦੀ ਕਮਾਈ ਇਕੱਠੀ ਕਰਦਾ ਜਾਂਦਾ ਭਾਵ ਹੁੰਦੀ ਵੀ ਰਹਿੰਦੀ ਹੈ।

ਅੰਤ ਇੱਕ ਦਿਨ ਇਹ ਜੀਵ ਪ੍ਰਭੂ ਬਖ਼ਸੇ ਉਨ੍ਹਾਂ ਸਆਸਾਂ ਦੀ ਪੂੰਜੀ ਰਾਹੀਂ ਕੀਤੇ ਵਣਜ ਬਦਲੇ ਆਪਣੇ ਚੰਗੇ ਤੇ ਮੰਦੇ ਕਰਮਾਂ ਤੇ ਸੰਸਕਾਰਾਂ ਦੀ ਵਾਲੀ ਕਮਾਈ ਨੂੰ ਉਸ ਬਦਰੇ ਅਥਵਾ ਮਨ ਰੂਪ ਥੈਲੀ `ਚ ਇਕੱਠੀ ਕਰਕੇ, ਆਪਣੇ ਮਾਲਿਕ ਅਥਵਾ ਸ਼ਾਹ-ਪ੍ਰਭੂ ਦੀ ਹਜ਼ੂਰੀ ਜਾ ਪੁੱਜਦਾ ਹੈ। ਇਸ ਤਰ੍ਹਾਂ ਇਥੇ ਸ਼ਾਹ-ਪ੍ਰਭੂ ਦੀ ਹਜ਼ੂਰੀ `ਚ ਪੁੱਜਣ `ਤੇ "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ" (ਪੰ: ੩੩੦) ਅਨੁਸਾਰ

ਪ੍ਰਭੂ ਦਰ `ਤੇ ਜੀਵ ਰਾਹੀਂ ਜੀਵਨ ਦੌਰਾਨ ਕੀਤੇ ਕਰਮਾਂ ਦੀ ਉਸ ਮਨ ਰੂਪ ਥੈਲੀ ਅਥਵਾ ਬਦਰੇ ਤੋਂ ਜੀੜ ਦਾ ਨਿਬੇੜਾ ਹੁੰਦਾ ਹੈ ਕਿ ਜੀਵ ਨੇ ਸੰਸਾਰ `ਚ ਵਿਚਰਦੇ ਖੋਟੇ ਕਰਮਾਂ ਦੀ ਕਮਾਈ ਕੀਤੀ ਹੈ ਜਾਂ ਸੱਚ-ਧਰਮ ਦੀ ਕਮਾਈ ਕਰਕੇ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕੀਤਾ ਹੈ? । ੧। ਯਥਾ:-

() "ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ" (ਪੰ: ੧੪੩)

() "ਦੀਬਾਨੁ ਏਕੋ, ਕਲਮ ਏਕਾ, ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ, ਨਾਨਕਾ ਜਿਉ ਤੇਲੁ" (ਪੰ: ੪੭੩)

() "ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ॥ ਤਿਥੈ, ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ  ੩੪ ॥" (ਬਾਣੀ ਜਪੁ)

() "ਜੀਅ ਜੰਤ ਸਭਿ ਸਰਣਿ ਤੁਮਾਰੀ॥ ਆਪੇ ਧਰਿ ਦੇਖਹਿ ਕਚੀ ਪਕੀ ਸਾਰੀ" (ਪੰ: ੧੧੩)

() "ਹੁਕਮਿ ਰਜਾਈ ਜੋ ਚਲੈ, ਸੋ ਪਵੈ ਖਜਾਨੈ॥ ਖੋਟੇ ਠਵਰ ਨ ਪਾਇਨੀ, ਰਲੇ ਜੂਠਾਨੈ॥   ਨਿਤ ਨਿਤ ਖਰਾ ਸਮਾਲੀਐ, ਸਚੁ ਸਉਦਾ ਪਾਈਐ॥ ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ" (ਪੰ: ੪੨੧)

() "ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ" (ਪੰ: ੧੦੯੨) ਆਦਿ

ਮਃ ੧॥ ਨਾਵਣ ਚਲੇ ਤੀਰਥੀ, ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣ ਨਾਤਿਆ, ਚੋਰ ਸਿ ਚੋਰਾ ਚੋਰ॥ ੨॥ {ਪੰਨਾ ੭੮੯}

ਪਦ ਅਰਥ : —ਮਨਿ ਖੋਟੈ—ਮਨ ਦੇ ਖੋਟੇ। ਤਨਿ—ਸਰੀਰ ਵੱਲੋਂ, ਸਰੀਰ ਕਰਕੇ। ਮਨਿ ਖੋਟੈ ਤਨਿ ਚੋਰ—ਮਨ `ਚ ਹਉਮੈ, ਤ੍ਰਿਸ਼ਨਾ, ਵਿਕਾਰਾਂ ਦੀ ਮੈਲ ਤੇ ਤ੍ਰੈਗੁਣੀ ਮਾਇਆ ਦੀ ਪਕੜ ਹੁੰਦੀ ਹੈ ਜਿਸ ਕਾਰਣ ਜੀਵ ਆਪਣੇ ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਵੱਲੋਂ ਬੇਈਮਾਨ ਹੁੰਦਾ ਹੈ ਅਤੇ ਉਸੇ ਤਰ੍ਹਾਂ ਉਸ ਦਾ ਤਨ ਵੀ ਉਨ੍ਹਾਂ ਖੋਟੀਆਂ ਦੌੜਾਂ `ਚ ਲੱਗਾ ਹੁੰਦਾ ਹੈ। ਇਸ ਤਰ੍ਹਾਂ ਉਹ ਮਨ ਤੇ ਤਨ ਕਰਕੇ ਭਾਵ ਦੋਵੇਂ ਪਾਸਿਓਂ ਅਸਲ `ਚ ਪ੍ਰਭੂ ਦੇ ਦਰ ਦਾ ਚੋਰ ਹੀ ਹੁੰਦਾ ਹੈ।

ਇਕੁ ਭਾਉ—ਇੱਕ ਹਿੱਸਾ ਭਾਵ ਸਰੀਰ ਤੋਂ ਉਪਰਲੀ ਮੈਲ। ਲਥੀ—ਲਹਿ ਗਈ। ਦੁਇ ਭਾ—ਦੋ ਹਿੱਸੇ, ਇਸ ਤਰ੍ਹਾਂ ਉਸਦੇ ਮਨ `ਤੇ ਪਹਿਲਾਂ ਤੋਂ ਚੜ੍ਹੀ ਹੋਈ ਹਊਮੈ ਕਾਮਾਦਿਕ ਵਿਕਾਰਾਂ ਤੇ ਅਉਗੁਣਾਂ ਆਦਿ ਦੀ ਹੋਰ ਵੀ ਜ਼ਿਆਦਾ ਅਥਵਾ ਦੁਗਣੀ ਹੋ ਜਾਂਦੀ ਹੈ। ਚੜੀਅਸੁ— ਚੜ੍ਹ ਜਾਂਦੀ ਹੈ। ਹੋਰ— ਉਨ੍ਹਾਂ ਤ੍ਰਿਸ਼ਨਾ ਤੇ ਹਉਮੈ, ਕਾਮ ਆਦਿ ਵਿਕਾਰਾਂ ਦੀ ਹੋਰ ਮੈਲ। ਤੂੰਮੜੀ—ਤੁੰਮੀ। ਵਿਸੁ—ਵਿਸ਼, ਜ਼ਹਿਰ, ਵਿਕਾਰਾਂ-ਅਉਗੁਣਾ ਤੇ ਮੋਹ ਮਾਇਆ ਆਦਿ ਵਾਲਾ ਜ਼ਹਿਰ। ਨਿਕੋਰ—ਨਿਰੋਲ।

ਅਰਥ : — "ਨਾਵਣ ਚਲੇ ਤੀਰਥੀ, ਮਨਿ ਖੋਟੈ ਤਨਿ ਚੋਰ" - ਬੇਸ਼ੱਕ ਧਾਰਮਿਕ ਵਿਸ਼ਵਾਸਾਂ ਅਧੀਨ ਕੁੱਝ ਲੋਕਾਈ ਤੀਰਥ ਇਸ਼ਨਾਨਾਂ ਲਈ ਜਾਂਦੀ ਹੈ। ਫ਼ਿਰ ਜੇ ਉਸ ਸਮੇਂ ਉਨ੍ਹਾਂ ਦੇ ਮਨ ਤੇ ਤਨ ਭਾਵ ਸਰੀਰਾਂ ਕਰਕੇ ਜੇ ਸੱਚ ਧਰਮ ਦੀ ਕਮਾਈ ਦੇ ਬਦਲੇ ਕੇਵਲ ਮੋਹ-ਮਾਇਆ ਤੇ ਹਉਮੈ ਵਿਕਾਰਾਂ ਆਦਿ ਦੀ ਮੈਲ ਤੇ ਖੋਟ ਹੀ ਭਰੀ ਹੋਈ ਤੇ ਭਾਰੂ ਹੋਵੇ ਤਾਂ ਮੂਲ ਰੂਪ `ਚ ਉਹ ਪ੍ਰਭੂ ਭਗਤ ਨਹੀਂ ਹੁੰਦੇ।

ਕਿਉਂਕਿ ਉਹ ਮਨੁੱਖਾ ਜਨਮ ਦੇ ਪ੍ਰਭੂ ਪ੍ਰਾਪਤੀ ਵਾਲੇ ਇਕੋ-ਇਕ ਮਕਸਦ ਵੱਲ ਤਾਂ ਵੱਧ ਹੀ ਨਹੀਂ ਰਹੇ ਹੁੰਦੇ। ਬਲਕਿ ਗੁਰਬਾਣੀ ਅਨੁਸਾਰ ਤਾਂ ਉਹ ਪ੍ਰਭੂ ਬਖ਼ਸ਼ੇ ਮਨ ਦੇ ਨਾਲ ਪ੍ਰਭੂ ਬਖ਼ਸ਼ੇ ਤਨ ਕਰਕੇ ਵੀ ਪ੍ਰਭੂ ਦਰ ਦੇ ਕੇਵਲ ਚੋਰ ਤੇ ਦੇਣਦਾਰ ਹੀ ਹੁੰਦੇ ਹਨ।

ਇਸ ਤਰ੍ਹਾਂ ਅਜਿਹੇ ਲੋਕਾਂ ਰਾਹੀਂ ਕੀਤੇ ਜਾ ਰਹੇ ਸਮੂਹ ਧਾਰਮਿਕ ਕਰਮ ਪ੍ਰਭੂ ਭਗਤੀ ਦਾ ਕੇਵਲ ਦਿਖਾਵਾ ਹੀ ਹੁੰਦੇ ਹਨ ਜਦਕਿ ਸਚਾਈ ਉਸ ਦੇ ਉਲਟ ਹੀ ਹੁੰਦੀ ਹੈ।

"ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ" -ਇਸੇ ਤਰ੍ਹਾਂ ਨ੍ਹਾਉਣ ਨਾਲ ਉਨ੍ਹਾਂ ਦੇ ਸਰੀਰਾਂ ਤੋਂ ਬਾਹਰਲੀ ਮੈਲ ਤਾਂ ਭਾਵੇਂ ਉਤਰ ਜਾਵੇ ਪਰ ਉਨ੍ਹਾਂ ਦੇ ਮਨ `ਚੋਂ ਤੇ ਤਨ ‘ਤੋਂ ਮੋਹ-ਮਾਇਆ ਤੇ ਹਉਮੈ ਵਿਕਾਰਾਂ, ਅਉਗੁਣਾ ਆਦਿ ਵਾਲੀ ਖੋਟ/ ਮੈਲ ਤੇ ਪਕੜ ਦੂਣੀ ਭਾਵ ਕਈ ਗੁਣਾ ਵੱਧ ਜਾਂਦੀ ਹੈ।

"ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰ" - ਗੁਰਦੇਵ ਫ਼ੁਰਮਾਉਂਦੇ ਹਨ, ਸ਼ਬਦ-ਗੁਰੂ ਦੀ ਕਮਾਈ ਵਿਹੂਣੇ ਕਿਸੇ ਵੀ ਮਨੁੱਖ ਰਾਹੀਂ ਬਾਹਰ ਮੁਖੀ ਸਮੂਚੇ ਧਾਰਮਿਕ ਕਰਮ ਫ਼ਿਰ ਉਹ ਭਾਵੇਂ ਤੀਰਥ ਇਸ਼ਨਾਨ ਹੋਣ ਜਾਂ ਕੋਈ ਵੀ।

ਉਹ ਇਵੇਂ ਹੀ ਹੁੰਦੇ ਹਨ ਜਿਵੇਂ ਤੁੰਮੀ ਨੂੰ ਬਾਹਰੋਂ ਕਿਤਣੀ ਵਾਰ ਵੀ ਧੋ ਲਿਆ ਜਵੇ, ਪਰ ਉਸ ਦੇ ਅੰਦਰਲੀ ਕੁੜੱਤਣ ਤੇ ਜ਼ਹਿਰੀਲਾ ਸੁਭਾਅ ਪਹਿਲਾਂ ਵਾਂਙ ਹੀ ਟਿਕਿਆ ਰਹਿੰਦਾ ਹੈ।

"ਸਾਧ ਭਲੇ ਅਣ ਨਾਤਿਆ, ਚੋਰ ਸਿ ਚੋਰਾ ਚੋਰ"॥ ੨॥ - ਗੁਰਬਾਣੀ ਅਨੁਸਾਰ ਮਨੁੱਖਾ ਜਨਮ ਮਕਸਦ ਹੀ ਸ਼ਬਦ-ਗੁਰੂ ਦੀ ਕਮਾਈ ਰਾਹੀਂ ਮਨ ਦੀ ਸੰਭਾਲ ਦਾ ਹੈ। ਇਹ ਕੇਵਲ ਸਰੀਰ ਦਾ ਵਿਸ਼ਾ ਨਹੀਂ। ਜੇ ਮਨੁੱਖ ਸੁਭਾੳ ਤੇ ਮਨ ਕਰਕੇ ਸਾਧ ਭਾਵ ਪ੍ਰ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਹੋਇਆ, ਪ੍ਰਭੂ ਦੇ ਰੰਗ `ਚ ਰੰਗਿਆ ਹੋਇਆ ਤੇ ਜੀਵਨ ਰਹਿਣੀ ਕਰਕੇ ਇਲਾਹੀ ਗੁਣਾ ਦਾ ਪ੍ਰਗਟਾਵਾ ਹੈ।

ਤਾਂ ਅਜਿਹਾ ਮਨੁੱਖ ਉਪ੍ਰੌਕਤ ਦਿਖਾਵੇ ਦੇ ਤੀਰਥ ਇਸ਼ਨਾਨ ਆਦਿ ਸਮੂਚੇ ਧਾਰਮਿਕ ਕਰਮਾਂ ਤੋਂ ਬਿਨਾ ਹੀ ਪ੍ਰਭੂ ਦੇ ਨਿਆਂ `ਚ ਆਤਮਕ ਪੱਖੋਂ ਉੱਚੇ-ਸੁੱਚੇ ਜੀਵਨ ਵਾਲਾ ਤੇ ਸਤਿਕਾਰਜੋਗ ਹੈ।

ਇਸ ਦੇ ਉਲਟ, ਜੇ ਮਨੁੱਖ ਦੇ ਮਨ ਤੇ ਸਰੀਰ `ਤੇ ਮਾਇਕ ਤੇ ਹਉਮੈ ਆਦਿ ਵਿਕਾਰ ਭਾਰੂ ਹਨ ਤਾਂ ਤੀਰਥ ਇਸ਼ਨਾਨ ਅਦਿ ਸਮੂਚੇ ਧਾਰਮਿਕ ਕਰਕੇ ਵੀ ਉਹ ਕਰਤੇ ਪ੍ਰਭੂ ਦੇ ਦਰ ਦਾ ਦੇਣਦਾਰ ਤੇ ਚੋਰ ਹੈ ਕਿਉਂਕਿ ਉਸਨੇ ਮਨੁੱਖਾ ਜਨਮ ਦੇ ਇਕੋ-ਇਕ ਮਕਸਦ ਦੀ ਪਛਾਣ ਤੇ ਸੰਭਾਲ ਨਹੀਂ ਕੀਤੀ। ੨।

ਕੇਵਲ ਇਥੇ ਹੀ ਨਹੀਂ ਗੁਰਬਾਣੀ `ਚ ਕਰਤੇ ਪ੍ਰਭੂ ਨੂੰ ਵਿਸਾਰ ਕੇ ਕੀਤੇ ਜਾ ਰਹੇ ਅਜਿਹੇ ਫੋਕਟ ਤੇ ਦਿਖਾਵੇ ਦੇ ਕਰਮਕਾਂ ਦਾ ਭਰਵਾਂ ਵਿਰੋਧ ਤੇ ਖੰਡਣ ਹੀ ਕੀਤਾ ਹੋਇਆ ਹੈ ਜਿਵੇਂ:-

() "ਕਰੈ ਦੁਹਕਰਮ ਦਿਖਾਵੈ ਹੋਰੁਰਾਮ ਕੀ ਦਰਗਹ ਬਾਧਾ ਚੋਰੁ" (ਪੰ: ੧੯੪)

() "ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ" (ਪੰ: ੪੮੮)

() "ਜਗਿ ਹਉਮੈ ਮੈਲੁ ਦੁਖੁ ਪਾਇਆ, ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ, ਜੇ ਸਉ ਤੀਰਥ ਨਾਇ॥ ਬਹੁ ਬਿਧਿ ਕਰਮ ਕਮਾਵਦੇ, ਦੂਣੀ ਮਲੁ ਲਾਗੀ ਆਇ" (ਪੰ: ੩੯)

() "ਅਖਰ ਪੜਿ ਪੜਿ ਭੁਲੀਐ, ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲੁ ਗੁਮਾਨੁ ਗੁਰ ਬਿਨੁ ਕਿਨਿ ਸਮਝਾਈਐ, ਮਨੁ ਰਾਜਾ ਸੁਲਤਾਨੁ" (ਪੰ: ੬੧)

() "ਇਹੁ ਮਨੁ ਮੈਲਾ ਇਕੁ ਨ ਧਿਆਏਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ॥ ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ" (ਪੰ: ੧੧੬)

() "ਬਾਹਰਹੁ ਨਿਰਮਲ, ਜੀਅਹੁ ਤ ਮੈਲੇ, ਤਿਨੀ ਜਨਮ ਜੂਐ ਹਾਰਿਆ" (ਪੰ: ੯੧੯)

() "ਹ੍ਰਿਦੈ ਕਪਟੁ ਮੁਖ ਗਿਆਨੀ॥ ਝੂਠੇ ਕਹਾ ਬਿਲੋਵਸਿ ਪਾਨੀ॥   ਕਾਂਇਆ ਮਾਂਜਸਿ ਕਉਨ ਗੁਨਾਂ॥ ਜਉ ਘਟ ਭੀਤਰਿ ਹੈ ਮਲਨਾਂ॥   ॥ ਰਹਾਉ॥ ਲਉਕੀ ਅਠਸਠਿ ਤੀਰਥ ਨਾੑਈ॥ ਕਉਰਾਪਨੁ ਤਊ ਨ ਜਾਈ. ." (ਪੰ: ੬੮੬)

() "ਇਹੁ ਮਨੁ ਮੈਲਾ, ਇਕੁ ਨ ਧਿਆਏ॥ ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ॥ ਤਟਿ ਤੀਰਥਿ ਦਿਸੰਤਰਿ ਭਵੈ, ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ" (ਪੰ: ੧੧੬)

() "ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ" (ਪੰ: ੧੧੫੮)

() "ਹਿਰਦੈ ਕਪਟੁ ਨਿਤ ਕਪਟੁ ਕਮਾਵਹਿ, ਮੁਖਹੁ ਹਰਿ ਹਰਿ ਸੁਣਾਇ॥ ਅੰਤਰਿ ਲੋਭੁ ਮਹਾ ਗੁਬਾਰਾ, ਤੁਹ ਕੂਟੈ ਦੁਖ ਖਾਇ" (ਪੰ: ੧੧੯੯)

() "ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ।। ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ" (ਪੰ: ੨੦) ਆਦਿ

ਪਉੜੀ॥ ਆਪੇ ਹੁਕਮੁ ਚਲਾਇਦਾ, ਜਗੁ ਧੰਧੈ ਲਾਇਆ॥ ਇਕਿ ਆਪੇ ਹੀ ਆਪਿ ਲਾਇਅਨੁ, ਗੁਰ ਤੇ ਸੁਖੁ ਪਾਇਆ॥ ਦਹਦਿਸ ਇਹੁ ਮਨੁ ਧਾਵਦਾ, ਗੁਰਿ ਠਾਕਿ ਰਹਾਇਆ॥ ਨਾਵੈ ਨੋ ਸਭ ਲੋਚਦੀ, ਗੁਰਮਤੀ ਪਾਇਆ॥ ਧੁਰਿ ਲਿਖਿਆ ਮੇਟਿ ਨ ਸਕੀਐ, ਜੋ ਹਰਿ ਲਿਖਿ ਪਾਇਆ॥ ੧੨॥ {ਪੰ: ੭੮੯}

ਪਦ ਅਰਥ : —ਦਹਦਿਸ—ਦਸੀਂ ਪਾਸੀਂ। ਗੁਰਿ—ਗੁਰੂ ਨੇ। ਸਭ—ਸਾਰੀ ਲੋਕਾਈ।

ਅਰਥ : — "ਆਪੇ ਹੁਕਮੁ ਚਲਾਇਦਾ, ਜਗੁ ਧੰਧੈ ਲਾਇਆ" - ਸਮੂਚੀ ਰਚਨਾ `ਚ ਕਰਤਾ ਪ੍ਰਭੂ ਆਪ ਹੀ ਆਪਣੇ ਹੁਕਮ ਵਾਲੀ ਖੇਡ ਨੂੰ ਵਰਤਾ ਰਿਹਾ ਹੈ।

ਫ਼ਿਰ ਇਤਨਾ ਹੀ ਨਹੀਂ ਬਲਕਿ ਸਾਰੇ ਸੰਸਾਰ ਅਤੇ ਸਮੂਚੀ ਰਚਨਾ ਨੂੰ ਮਾਇਕ ਧੰਧਿਆਂ `ਚ ਵੀ ਉਸ ਪ੍ਰਭੂ ਨੇ ਆਪ ਹੀ ਲਗਾ ਰੱਖਿਆ ਹੈ। ਯਥਾ:-

() "ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥ ਵੇਖਹਿ ਕੀਤਾ ਆਪਣਾ, ਕਰਿ ਕੁਦਰਤਿ ਪਾਸਾ ਢਾਲਿ ਜੀਉ" (ਪੰ: ੭੧)

() "ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ॥ ਨਾਨਕ ਨਾਮੁ ਧਿਆਇ ਸਚਿ ਰਾਤੇ, ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ" (ਪੰ: ੧੧੨)

() "ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ" (ਪੰ: ੧੩੩)

"ਇਕਿ ਆਪੇ ਹੀ ਆਪਿ ਲਾਇਅਨੁ, ਗੁਰ ਤੇ ਸੁਖੁ ਪਾਇਆ" -ਸੰਸਾਰਕ ਧੰਦਿਆਂ `ਚ ਲੱਗੇ ਰਹਿਣ ਦੇ ਬਾਵਜੂਦ ਇੱਕ ਉਹ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ ਆਪਣੇ ਨਾਮ ਤੇ ਸਿਫ਼ਤ ਸਲਾਹ ਵਾਲੇ ਪਾਸੇ ਮੋੜਿਆ ਅਤੇ ਲਗਾਇਆ ਹੁੰਦਾ ਹੈ।

ਦਰਅਸਲ ਉਹ ਪ੍ਰਭੂ ਪਿਆਰੇ ਸੰਸਰਿਕ ਧੰਦਿਆਂ ਦੇ ਨਾਲ-ਨਾਲ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ, ਆਪਣੇ ਮਨੁੱਖਾ ਜਨਮ ਦੇ ਸੱਚੇ ਸੁਖ ਨੂੰ ਪ੍ਰਾਪਤ ਕਰਦੇ ਹਨ।

"ਦਹਦਿਸ ਇਹੁ ਮਨੁ ਧਾਵਦਾ, ਗੁਰਿ ਠਾਕਿ ਰਹਾਇਆ" - ਉਂਝ ਸੱਚ ਵੀ ਇਹੀ ਕਿ ਮਨੁੱਖ ਦਾ ਮਨ ਹਰ ਸਮੇਂ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ। ਇਹ ਕਦੇ ਵੀ ਟਿਕਦਾ ਨਹੀਂ।

ਤਾਂ ਵੀ ਜਿਹੜੇ ਜੀਊੜੇ ਆਪਣੀਆਂ ਸੰਸਾਰਿਕ ਜ਼ਿਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੁਰਤ ਤੇ ਮਨ ਕਰਕੇ ਸੁਆਂਸ-ਸੁਆਸ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ।

ਸਤਿਗੁਰ ਆਪ ਮਿਹਰ ਕਰਕੇ ਉਨ੍ਹਾਂ ਦੇ ਮਨ ਨੂੰ ਦਹਿ-ਦਿਸ ਧਾਵਣ ਤੋਂ ਰੋਕ ਦਿੰਦਾ ਹੈ। ਉਨ੍ਹਾਂ ਦੇ ਮਨ ਟਿਕਾਅ `ਚ ਆ ਜਾਂਦੇ ਹਨ ਅਤੇ ਜੀਵਨ ਦੀ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ।

"ਨਾਵੈ ਨੋ ਸਭ ਲੋਚਦੀ, ਗੁਰਮਤੀ ਪਾਇਆ" - ਮੂਲ ਰੂਪ `ਚ ਸਾਰੀ ਲੋਕਾਈ ਹੀ ਪ੍ਰਭੂ ਦੇ ਨਾਮ ਨੂੰ ਤਾਂਘਦੀ ਹੈ, ਪਰ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਮਨ ਦੀ ਅਵਸਥਾ ਕੇਵਲ ਤੇ ਕੇਵਲ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਪ੍ਰਾਪਤ ਹੁੰਦੀ ਹੈ ਉਸ ਤੋਂ ਬਿਨਾ ਅਜਿਹਾ ਹੋਣਾ ਸੰਭਵ ਨਹੀਂ। ਯਥਾ:-

() "ਮਨ ਰੇ ਦੂਜਾ ਭਾਉ ਚੁਕਾਇ॥ ਅੰਤਰਿ ਤੇਰੈ ਹਰਿ ਵਸੈ, ਗੁਰ ਸੇਵਾ ਸੁਖੁ ਪਾਇ" (ਪ: ੩੩)

() "ਮਨੁ ਰੰਗਹੁ ਵਡਭਾਗੀਹੋ, ਗੁਰੁ ਤੁਠਾ ਕਰੇ ਪਸਾਉ॥ ਗੁਰੁ ਨਾਮੁ ਦ੍ਰਿੜਾਏ ਰੰਗ ਸਿਉ, ਹਉ ਸਤਿਗੁਰ ਕੈ ਬਲਿ ਜਾਉ॥ ਬਿਨੁ ਸਤਿਗੁਰ, ਮਨਿ ਮੈਲੈ ਭਗਤਿ ਨ ਹੋਵਈ, ਨਾਮੁ ਨ ਪਾਇਆ ਜਾਇ" (ਪੰ: ੩੯)

() "ਮਨਸਾ ਮਾਰਿ ਸਚਿ ਸਮਾਣੀ॥ ਇਨਿ ਮਨਿ ਡੀਠੀ, ਸਭ ਆਵਣ ਜਾਣੀ॥ ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ, ਨਿਜ ਘਰਿ ਵਾਸਾ ਪਾਵਣਿਆ" (ਪੰ: ੧੨੦)

() "ਇਹ ਮਨੁ ਕਰਮਾ, ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ" (ਪੰ: ੪੧੫) ਆਦਿ

"ਧੁਰਿ ਲਿਖਿਆ ਮੇਟਿ ਨ ਸਕੀਐ, ਜੋ ਹਰਿ ਲਿਖਿ ਪਾਇਆ॥ ੧੨॥" - ਜਦਕਿ ਮਨੁੱਖ ਨਾਲ ਸ਼ਬਦ-ਗੁਰੂ ਦੀ ਸਾਂਝ ਤੇ ਕਮਾਈ ਵੀ ਕੇਵਲ ਪ੍ਰਭੂ ਦੀ ਆਪਣੀ ਬਖ਼ਸ਼ਿਸ਼ ਤੇ ਮਿਹਰ ਨਾਲ ਹੀ ਹੁੰਦੀ ਹੈ।

ਜਦੋਂ ਤੀਕ ਪ੍ਰਭੂ ਆਪ ਮਿਹਰ ਨਹੀਂ ਕਰਦਾ ਮਨੁੱਖਾ ਜੀਵਨ `ਚ ਅਜਿਹੀ ਉੱਤਮ ਤਬਦੀਲੀ ਉਸ ਦੇ ਕਿਸੇ ਆਪਣੇ ਉੱਦਮ ਤੇ ਸਿਆਣਪ ਤੇ ਉਪਾਅ ਨਾਲ ਨਹੀਂ ਹੁੰਦੀ।

ਕਿਉਂਕਿ ਪ੍ਰਭੂ ਦੇ ਸੱਚ ਨਿਆਂ `ਚ ਜੀਵ ਦੇ ਪਹਿਲਾਂ ਤੋਂ ਕੀਤੇ ਹਏ ਕਰਮਾਂ ਦਾ ਲੇਖਾ ਜੋਖਾ ਅਤੇ ਮਨੁੱਖ ਦੇ ਆਪਣੇ ਬਣੇ ਹੋਏ ਸੰਸਕਾਰ, ਆਪਣੇ ਆਪ ਖ਼ਤਮ ਨਹੀਂ ਹੁੰਦੇ ਅਤੇ ਮਨੁੱਖ ਆਪ ਆਪਣੀ ਕਿਸੇ ਸਿਆਣਪ ਤੇ ਉਪਾਅ ਨਾਲ ਇਸ ਕਰਮਾਂ-ਸਸ਼ਕਾਰਾਂ ਦੇ ਜਾਲ `ਚੌਂ ਕਦੇ ਨਹੀਂ ਨਿਕਲ ਸਕਦਾ।

ਇਹ ਸਭ ਕੇਵਲ ਸ਼ਬਦ-ਗੁਰੂ ਦੀ ਕਮਾਈ ਸਦਕਾ ਉਸ ਦੇ ਮਨ ਅੰਦਰੋਂ ਹਊਮੈ ਦੇ ਵਿਨਾਸ ਉਪ੍ਰੰਤ ਮਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਅਤੇ ਪ੍ਰਭੂ ਦੀ ਬਖ਼ਸ਼ਿਸ਼ ਤੇ ਮਿਹਰ ਸਦਕਾ ਹੀ ਸੰਭਵ ਹੁੰਦਾ ਹੈ। ਇਸ ਤਰ੍ਹਾਂ ਜੀਵ ਦਾ ਪ੍ਰਪਤ ਮਨੁੱਖਾ ਜਨਮ ਹੀ ਸਫ਼ਲ ਹੋ ਜਾਂਦਾ ਹੈ। ੧੨। ਯਥਾ:-

() "ਅਲਖ ਅਭੇਉ ਹਰਿ ਰਹਿਆ ਸਮਾਏ॥ ਉਪਾਇ ਨ ਕਿਤੀ ਪਾਇਆ ਜਾਏ॥ ਕਿਰਪਾ ਕਰੇ ਤਾ ਸਤਿਗੁਰੁ ਭੇਟੈ, ਨਦਰੀ ਮੇਲਿ ਮਿਲਾਵਣਿਆ" (ਪੰ: ੧੨੭)

() "ਕਰਮੁ ਹੋਵੈ, ਸਤਿਗੁਰੂ ਮਿਲਾਏ॥ ਸੇਵਾ ਸੁਰਤਿ ਸਬਦਿ ਚਿਤੁ ਲਾਏ॥ ਹਉਮੈ ਮਾਰਿ ਸਦਾ ਸੁਖੁ ਪਾਇਆ, ਮਾਇਆ ਮੋਹੁ ਚੁਕਾਵਣਿਆ" (ਪੰ: ੧੦੯) ਆਦਿ (ਚਲਦਾ) #Instt.P12-23rd--Suhi ki.Vaar M.3--03.18# v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਈਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.