.

ਖੁਦਮੁਖਤਿਆਰੀ ਬਨਾਮ ਨਿਸਚੇਵਾਦ

(Free Will vs Determinism)

(ਕਿਸ਼ਤ-ਤੀਜੀ)

ਮਨ

ਇਕੱਲਾ "ਮਨੁ" ਲਫ਼ਜ਼ ਹੀ ਗੁਰੂ ਗਰੰਥ ਸਾਹਿਬ ਵਿੱਚ 1426 ਵਾਰ ਆਇਆ ਹੈ। ਇਸ ਦੀ ਇੱਕ ਹੋਰ ਵੰਨਗੀ "ਮਨਿ" 1378 ਵਾਰ ਆਈ ਹੈ। ਬਾਕੀ ਵੰਨਗੀਆਂ ਇਸ ਤੋਂ ਇਲਾਵਾ ਨੇ। ਇਸੇ ਤਰ੍ਹਾਂ ਮਨ ਦਾ ਸਮਾਨਆਰਥਕ ਲਫ਼ਜ਼ "ਜੀਉ" ਵੀ ਕੋਈ 1241 ਵਾਰੀ ਆਇਆ ਹੈ। ਇਹ ਸਭ ਇਸ ਗਲ ਦਾ ਸਬੂਤ ਹੈ ਕਿ ਗੁਰੂ ਸਾਹਿਬ ਨੇ ਇਸ ਵਿਸ਼ੇ ਤੇ ਬਹੁਤ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਹੈ। ਕਈ ਵਿਦਵਾਨ (19) ਤਾਂ ਇਥੋਂ ਤਕ ਵੀ ਕਹਿ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਮਨ ਦੀ ਹੀ ਗਲ ਕਰਦੇ ਨੇ। ਧਰਮ (7) ਦੀ ਗਲ ਕਰਦਿਆਂ ਹਰ ਜਗ੍ਹਾ ਮਨ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ। ਅਸਲ ਵਿੱਚ ਮਨ ਅਤੇ ਤਨ ਨੂੰ ਨਿਖੇੜ ਕੇ ਵਿਚਾਰ ਕੀਤੀ ਜਾਂਦੀ ਹੈ। ਪ੍ਰਚਲਤ ਧਰਮਾਂ ਦੇ ਪੈਦਾ ਹੋਣ ਦਾ ਇਹ ਹੀ ਮੁਖ ਕਾਰਣ ਹੈ। ਮਨੋਵਿਗਿਆਨੀ ਪਾਲ ਬਲੂਮ ਨੇ 2005 ਵਿੱਚ The Atlantic ਵਿੱਚ ਲਿਖਦੇ ਹੋਏ ਕਿਹਾ ਕਿ ਮਨੁੱਖ ਅੰਦਰ ਜਮਾਂਦਰੂ ਹੀ ਇਹ ਪ੍ਰਵਿਰਤੀ ਹੈ ਕਿ ਭੌਤਿਕ ਤੇ ਮਾਨਸਿਕ ਕਾਰਨਾਂ ਨੂੰ ਅੱਡ ਅੱਡ ਕਰਕੇ ਵੇਖੇ। ਇਹ ਪ੍ਰਵਿਰਤੀ ਸਾਰੇ ਧਰਮਾਂ ਵਿੱਚ ਆਮ ਪਾਈ ਜਾਂਦੀ ਹੈ। ਬਲੂਮ ਦਾ ਕਹਿਣਾ ਹੈ ਕਿ "We perceive the world of objects as essentially separate from the world of minds, making it possible for us to envision soulless bodies and bodiless souls."(20) । ਇਸੇ ਵੀਚਾਰ ਨੂੰ ਅੱਗੇ ਤੋਰਦਿਆਂ ਡੇਨੀਅਲ ਕਾਹਨਮੈਨ ਲਿਖਦਾ ਹੈ ਕਿ ਇਸ ਪ੍ਰਵ੍ਰਿਤੀ ਕਾਰਨ ਹੀ ਧਰਮ ਦੀਆਂ ਦੋ ਕੇਂਦਰੀ ਮਨੌਤਾਂ ਜਾਂ ਵਿਸ਼ਵਾਸ਼ ਪ੍ਰਚਲਤ ਅਤੇ ਪਰਵਾਨ ਹੋਏ। ਇਹ ਵਿਸ਼ਵਾਸ਼ ਹਨ ਕਿਸੇ ਪਰਾਭੌਤਿਕ ਦੈਵੀ ਤਾਕਤ ਦਾ ਇਸ ਭੋਤਿਕ ਦੁਨੀਆਂ ਦਾ ਕਾਰਨ ਸਮਝਣਾ ਅਤੇ ਅਮਰ ਰੂਹਾਂ ਦਾ ਸਰੀਰਾਂ ਨੂੰ ਕੰਟਰੋਲ ਕਰਨ ਲਈ ਉਹਨਾਂ ਦੀ ਮੌਤ ਤੱਕ ਉਹਨਾਂ ਵਿੱਚ ਆਰਜ਼ੀ ਤੌਰ ਤੇ ਨਿਵਾਸ ਕਰਨਾ। ਉਸ ਦੇ ਆਪਣੇ ਲਫ਼ਜ਼ ਹਨ "the two modes of causation that we are set to perceive make it natural for us to accept the tow central beliefs of many religions: an immaterial divinity is the ultimate cause of the physical world, and immortal souls temporarily control our bodies while we live and leave them behind as we die." । ਇਹ ਪ੍ਰਵ੍ਰਿਤੀਆਂ ਮਨੁੱਖਾ ਜੀਵਨ ਦੇ ਵਿਕਾਸ ਵਿੱਚ ਵੱਖ ਵੱਖ ਤੌਰ ਤੇ ਵਿਕਸਤ ਹੋਈਆਂ। ਕਾਹਨਮੈਨ ਇਸ ਲਈ ਧਰਮ ਦੀ ਉਤਪਤੀ ਨੂੰ ਦਿਮਾਗ ਦੇ ਅਮਿਗਡਲਾ ਹਿੱਸੇ ਨਾਲ ਜੋੜਦਾ ਹੈ ਜਿਸਨੂੰ ੳਹੁ ਸਿਸਟਮ ਇੱਕ ਦਾ ਵੀ ਨਾਂ ਦਿੰਦਾ ਹੈ। (21) ਅਮਿਗਡਲਾ ਦਿਮਾਗ ਦਾ ਉਹ ਹਿੱਸਾ ਹੈ ਜਿਥੋਂ ਸ਼ਰਧਾ ਅਤੇ ਹੋਰ ਹਰ ਤਰ੍ਹਾਂ ਦੀਆਂ ਭਾਵਨਾਵਾਂ ਦਾ ਕੰਟਰੋਲ ਹੁੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਭਾਵਨਾਵਾਂ ਨੂੰ ਛੱਡ ਬਿਬੇਕ ਦੀ ਗਲ ਕਰਦਾ ਹੈ ਅਤੇ ਅਕਲ ਦੀ ਵਰਤੋਂ ਕਰਨ ਦੀ ਹਦਾਇਤ ਦੇ ਰਿਹਾ ਹੈ। ਸੇਵਾ ਵੀ ਅਕਲ ਨਾਲ ਕਰੋ ਅਤੇ ਦਾਨ ਵੀ ਅਕਲ ਨਾਲ ਕਰੋ। ਪਰ ਗੁਰਦਵਾਰਿਆਂ ਵਿੱਚ ਪ੍ਰਚਲਤ ਸਿੱਖ ਧਰਮ ਸ਼ਰਧਾ ਉੱਤੇ ਹੀ ਜ਼ੋਰ ਦੇ ਰਿਹਾ ਹੈ। ਇਸ ਕਰਕੇ ਉੱਥੇ ਵੀ ਉੱਪਰ ਦੱਸੇ ਧਰਮ ਦੇ ਦੋ ਕੇਂਦਰੀ ਵਿਸ਼ਵਾਸ ਅਕਸਰ ਸੁਣਨ ਨੂੰ ਮਿਲਦੇ ਹਨ। ਆਮ ਸਿੱਖਾਂ ਦਾ ਵੀ ਇਹਨਾਂ ਵਿੱਚ ਪੱਕਾ ਯਕੀਨ ਹੈ।

ਆਉ ਹੁਣ ਦੇਖੀਏ ਗੁਰਬਾਣੀ ਮਨ ਵਾਰੇ ਕੀ ਕਹਿੰਦੀ ਹੈ। ਗੁਰ ਨਾਨਕ ਸਾਹਿਬ ਦਾ ਆਸਾ ਰਾਗ ਵਿੱਚ ਪੰਨਾ 415 ਤੇ ਇੱਕ ਸ਼ਬਦ ਹੈ ਜੋ ਇਸ ਤਰ੍ਹਾਂ ਹੈ।

ਮਨੁ ਮੈਗਲੁ ਸਾਕਤੁ ਦੇਵਾਨਾ॥ ਬਨ ਖੰਡਿ ਮਾਇਆ ਮੋਹਿ ਹੈਰਾਨਾ॥ ਇਤ ਉਤ ਜਾਹਿ ਕਾਲ ਕੇ ਚਾਪੇ॥ ਗੁਰਮੁਖਿ ਖੋਜਿ ਲਹੈ ਘਰੁ ਆਪੈ॥ 1॥ ਬਿਨੁ ਗੁਰ ਸਬਦੈ ਮਨੁ ਨਹੀ ਠਉਰਾ॥ ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ॥ 1॥ ਰਹਾਉ॥ ਇਹ ਮਨ ਮੁਗਧੁ ਕਹਹੁ ਕਿਉ ਰਹਸੀ॥ ਬਿਨ ਸਮਝੇ ਜਮ ਕਾ ਦੁਖੁ ਸਹਸੀ॥ ਆਪੈ ਬਖਸੇ ਸਤਿਗੁਰੁ ਮੇਲੈ॥ ਕਾਲੁ ਕੰਟਕੁ ਮਾਰੇ ਸਚੁ ਪੇਲੈ॥ 2॥ ਇਹ ਮਨੁ ਕਰਮਾ ਇਹ ਮਨੁ ਧਰਮਾ॥ ਇਹ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਨ ਮਨ ਮੂੜਾ॥ ਗੁਰਮੁਖਿ ਨਾਮੁ ਜਪੈ ਮਨ ਰੂੜਾ॥ 3॥ ਗੁਰਮੁਖਿ ਮਨੁ ਅਸਥਾਨੇ ਸੋਈ॥ ਗੁਰਮੁਖਿ ਤ੍ਰਿਭਵਣਿ ਸੋਝੀ ਹੋਈ॥ ਇਹ ਮਨੁ ਜੋਗੀ ਭੋਗੀ ਤਪੁ ਤਾਪੈ॥ ਗੁਰਮੁਖਿ ਚੀਨਹੈ ਹਰਿ ਪ੍ਰਭੁ ਆਪੈ॥ 4॥ ਮਨੁ ਬੈਰਾਗੀ ਹਉਮੈ ਤਿਆਗੀ। ਘਟਿ ਘਟਿ ਮਨਸਾ ਦੁਬਿਧਾ ਲਾਗੀ॥ ਰਾਮ ਰਸਾਇਣੁ ਗੁਰਮੁਖਿ ਚਾਖੈ॥ ਦਰਿ ਘਰਿ ਮਹਲੀ ਹਰਿ ਪਤਿ ਰਾਖੈ॥ 5॥ ਇਹੁ ਮਨੁ ਰਾਜਾ ਸੂਰ ਸੰਗ੍ਰਾਮਿ॥ ਇਹੁ ਮਨੁ ਨਿਰਭਉ ਗੁਰਮੁਖਿ ਨਾਮਿ॥ ਮਾਰੇ ਪੰਚ ਅਪੁਨੇ ਵਸਿ ਕੀਏ॥ ਹਉਮੈ ਗ੍ਰਾਸਿ ਇਕਤੁ ਥਾਇ ਕੀਏ॥ 6॥ ਗੁਰਮੁਖਿ ਰਾਗ ਸੁਆਦ ਅਨ ਤਿਆਗੇ॥ ਗੁਰਮੁਖਿ ਇਹੁ ਮਨੁ ਭਗਤੀ ਜਾਗੇ॥ ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ॥ ਆਤਮੁ ਚੀਨਿਹ ਭਦੇ ਨਿਰੰਕਾਰੀ॥ 7॥ ਇਹੁ ਮਨੁ ਨਿਰਮਲੁ ਦਰਿ ਘਰਿ ਸੋਈ॥ ਗੁਰਮੁਖਿ ਭਗਤਿ ਭਾਉ ਧੁਨਿ ਹੋਈ॥ ਅਹਿਨਿਸਿ ਹਰਿ ਜਸੁ ਗੁਰ ਪਰਸਾਦਿ॥ ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ॥ 8॥ ਰਾਮ ਰਸਾਇਣ ਇਹੁ ਮਨੁ ਮਾਤਾ॥ ਸਰਬ ਰਸਾਇਣੁ ਗੁਰਮੁਖਿ ਜਾਤਾ॥ ਭਗਤਿ ਹੇਤੁ ਗੁਰ ਚਰਣ ਨਿਵਾਸਾ॥ ਨਾਨਕ ਹਰਿ ਜਨ ਕੇ ਦਾਸਿਨ ਦਾਸਾ॥ 9॥ 8॥

ਰਹਾਉ ਦੀ ਤੁੱਕ ਵਿੱਚ ਗੁਰੂ ਸਾਹਿਬ ਦਸਦੇ ਹਨ ਕਿ ਗੁਰੂ ਗਿਆਨ ਤੋਂ ਬਿਨਾ ਮਨ ਟਿਕਦਾ ਨਹੀ ਇਸ ਲਈ ਉਸ ਪ੍ਰਭੂ ਦੇ ਨਿਰਮਲ ਨਾਮੁ ਭਾਵ ਹੁਕਮ ਨੂੰ ਸਮਝ ਹਉਮੇ ਦੀ ਕੁੜੱਤਣ ਦੂਰ ਕਰੋ। ਸ਼ਬਦ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਇਹ ਮਨ ਧਾਤ ਵਸ ਹੋ ਪਾਗਲਾਂ ਦੀ ਤਰ੍ਹਾਂ ਦੌੜਿਆ ਫਿਰਦਾ ਹੈ। ਮੌਤ ਦਾ ਸਹਿਮ ਬਣਿਆਂ ਰਹਿੰਦਾ ਹੈ। ਦੁਬਿਧਾ ਬਣੀ ਰਹਿੰਦੀ ਹੈ। ਗੁਰੂ ਦੀ ਮਤ ਅਨਾਸਾਰ ਚਲਣ ਵਾਲਾ ਮਨੁੱਖ ਖੋਜ ਕਰ ਲਾਹਾ ਖਟ ਜਾਂਦਾ ਹੈ। ਅੱਗੇ ਗੁਰੂ ਸਾਹਿਬ ਦੋ ਸਵਾਲਾਂ ਦੇ ਜਵਾਬ ਦਿੰਦੇ ਨੇ। ਇਹ ਮਨ ਪੈਦਾ ਕਿਥੌਂ ਹੁੰਦਾ ਹੈ? ਅਤੇ ਕਾਬੂ ਕਿਵੇਂ ਆਉਂਦਾ ਹੈ। ਇਹ ਮਨ ਪੈਦਾ ਉਹਨਾਂ ਤੱਤਾਂ ਤੋਂ ਹੀ ਹੁੰਦਾ ਹੈ ਜਿਹਨਾਂ ਤੱਤਾਂ ਤੋ ਸਾਡਾ ਸਰੀਰ ਪੈਦਾ ਹੁੰਦਾ ਹੈ। "ਇਹ ਮਨੁ ਪੰਚ ਤੱਤੁ ਤੇ ਜਨਮਾ॥" ਅਤੇ ਇਸ ਵਿੱਚਲੇ ਸੰਸਕਾਰ ਮਨੁੱਖ ਜੋ ਵੀ ਕਰਮ ਧਰਮ ਕਰਦਾ ਹੈ ਉਸਤੋਂ ਆਉਦੇ ਹਨ। "ਇਹ ਮਨੁ ਕਰਮਾ ਇਹ ਮਨੁ ਧਰਮਾ॥" ਭਾਵ ਮਨ ਦੀ ਹੋਂਦ ਵੀ ਸਾਡੇ ਜੀਨਜ਼ ਅਤੇ ਮੀਮਜ਼ ਤੇ ਹੀ ਨਿਰਭਰ ਹੈ। ਇੱਥੇ ਨੋਟ ਕਰਨ ਵਾਲੀ ਗਲ ਇਹ ਹੈ ਕਿ ਗੁਰ ਨਾਨਕ ਸਾਹਿਬ ਦੇ ਵਿਚਾਰ "ਧਰਮ" ਨਾਲੋਂ ਜ਼ਿਆਦਾ ਵਿਗਿਆਨ ਦੇ ਨੇੜੇ ਹਨ। ਇਸ ਮਨ ਨੂੰ ਕਾਬੂ ਕਰਨ ਲਈ ਗੁਰੂ ਗਿਆਨ ਦੀ ਜ਼ਰੂਰਤ ਹੈ। ਗੁਰੂ ਗਿਆਨ ਨੂੰ ਸਮਰਪਿਤ ਗੁਰਮੁਖ ਬੰਦੇ ਦਾ ਮਨ "ਮੂੜੈ" ਤੋਂ "ਰੂੜਾ" ਬਣ ਜਾਂਦਾ ਹੈ। ਜਿਸ ਮਨ ਦੇ ਪਿਛੇ ਲਗ ਜੋਗੀ ਤਪ ਸਾਧਨਾ ਕਰਦੇ ਫਿਰਦੇ ਨੇ ਉਸ ਮਨ ਨੂੰ ਫਿਰ ਟਿਕਾਅ ਆ ਜਾਂਦਾ ਹੈ; ਹਉਮੈ ਵੀ ਤਿਆਗ ਦਿੰਦਾ ਹੈ, ਦੁਬਿਧਾ ਛੱਡ ਦਿੰਦਾ ਹੈ। ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਮਨ ਮਰ ਜਾਂਦਾ ਹੈ ਭਾਵ ਕਾਬੂ ਆ ਜਾਂਦਾ ਹੈ। ਮਨ ਮਾਰ ਲਿਆਂ ਤਾਂ ਧਾਤ ਖਤਮ ਹੋ ਗਈ। ਫਿਰ ਇਹ ਸਮਝ ਆਂ ਜਾਂਦੀ ਹੈ ਕਿ ਸਭ ਕੁੱਝ ਕਰਨ ਕਰਾਵਨ ਵਾਲਾ ਕਰਤਾਰ ਹੀ ਹੈ। ਜਿਹੜਾ ਮਨ ਕੂੜ ਦੇ ਅਮਲ ਦਾ ਗੋਲਾ ਖਾਈ ਆਕੜਿਆ ਦੋੜਿਆ ਫਿਰਦਾ ਸੀ ਉਹ ਹੁਣ ਟਿਕ ਕੇ ਬੈਠ ਜਾਂਦਾ ਹੈ।

ਮਨ ਅਤੇ ਸਰੀਰ ਦੇ ਸਬੰਧ ਨੂੰ ਕਬੀਰ ਸਾਹਿਬ ਦਾ ਇੱਕ ਸ਼ਬਦ ਹੋਰ ਸਪੱਸ਼ਟ ਕਰਦਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 330 ਤੇ ਹੈ ਅਤੇ ਇੱਥੇ ਉਹ ਮਨ ਨੂੰ ਤਨ ਵਿੱਚ ਵੇਖਣ ਦੀ ਤਾਗੀਦ ਕਰ ਰਹੇ ਨੇ। ਪੂਰਾ ਸ਼ਬਦ ਇਸ ਤਰ੍ਹਾ ਹੈ।

ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੇ ਨ ਮਾਂਗਿਆ ਭਾਵੈ॥ 1॥ ਬਿਖਿਆ ਅਜਹੁ ਸੁਰਤਿ ਸੁਖ ਆਸਾ॥ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ॥ 1॥ ਰਹਾਉ॥ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰ ਜਾਨਾ॥ 2॥ ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥ 3॥ ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥ 4॥ ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾ॥ 5॥ ਇਸੁ ਮਨ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ॥ 6॥ ਇਸੁ ਮਨ ਕਉ ਰੂਪ ਨ ਰੇਖਿਆ ਕਾਈ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥ 7॥ ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਕਦੇਉ॥ 8॥ ਜੀਉ ਏਕੁ ਅਰ ਸਗਲ ਸਰੀਰਾ॥ ਇਸੁ ਮਨ ਕਉ ਰਵਿ ਰਹੇ ਕਬੀਰਾ॥ 9॥

ਮਨ ਨੂੰ ਤਨ ਵਿੱਚ ਕਿਵੇਂ ਵੇਖ ਸਕਦੇ ਹਾਂ। ਮਨ ਕੋਈ ਵੇਖਣ ਵਾਲੀ ਚੀਜ਼ ਤਾਂ ਹੈ ਨਹੀ। ਇੱਥੇ ਭਾਵ ਇਹੀ ਹੈ ਕਿ ਮਨ ਨੂੰ ਤਨ ਵਿੱਚ ਹੀ ਸਮਝੋ। (ਪੇਖਣ ਦਾ ਇੱਕ ਅਰਥ ਭਾਈ ਕਾਹਨ ਸਿੰਘ ਨੇ ਵਿਚਾਰਨਾ, ਸੋਚਣਾ ਵੀ ਕੀਤਾ ਹੈ।) ਇੱਕ ਗੱਲ ਹੋਰ ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਮਨ ਦੇ ਦੋ ਸਮਾਨਆਰਥਿਕ ਸ਼ਬਦ ਜੀਉ ਅਤੇ ਸੁਰਤ ਵੀ ਵਰਤੇ ਹਨ। ਰਹਾਉ ਵਾਲੀ ਤੁੱਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਤਕ ਸਾਡੀ ਸੁਰਤ ਵਿੱਚ ਬਿਖਿਆ ਕਾਇਮ ਹੈ ਭਾਵ ਮਨ ਨੇ ਕੂੜ ਦਾ ਜ਼ਹਿਰ ਪੀਤਾ ਹੋਇਆ ਹੈ ਉਦੋਂ ਤਕ ਸੁਖ ਨਹੀ ਹੋ ਸਕਦਾ। ਪ੍ਰਭੂ ਦਾ ਹੁਕਮ ਨਹੀ ਸਮਝ ਆ ਸਕਦਾ। ਜਿਹੜੀ ਗੱਲ ਤੋਂ ਸ਼ਿਵ ਬ੍ਰਹਮਾ ਵੀ ਡਰਦੇ ਸਨ ਅਸੀ ਉਹ ਹੀ ਕਰਦੇ ਹਾਂ। ਮਨ ਨੂੰ ਤਨ ਤੋਂ ਅਲਿਹਦਾ ਵੇਖਦੇ ਹਾਂ। ਜਰਾ ਇਸ ਮਨ ਵਾਰੇ ਖੋਜ ਕਰੋ ਕਿ ਜਦੋਂ ਤਨ ਨਹੀਂ ਰਹਿੰਦਾ ਤਾਂ ਮਨ ਕਿੱਥੇ ਜਾਂਦਾ ਹੈ। ਜੈ ਦੇਵ, ਨਾਮਦੇਵ ਆਦਿ ਭਗਤਾਂ ਨੇ ਇਹ ਜਾਣ ਲਿਆ ਕਿ ਇਹ ਮਨ ਕਿਤੇ ਨਹੀਂ ਜਾਂਦਾ। ਉਹਨਾਂ ਦਾ ਭਰਮ ਦੂਰ ਹੋ ਗਿਆ ਹੈ ਅਤੇ ਉਹ ਸਮਝ ਗਏ ਨੇ ਕਿ ਮਨ ਦੀ ਆਪਣੀ ਕੋਈ ਅਜ਼ਾਦ ਹਸਤੀ ਨਹੀ ਹੈ। ਇਹ ਵੀ ਕਰਤਾਰ ਦੇ ਬੱਝੇ ਨਿਯਮਾਂ ਨਾਲ ਹੀ ਪੈਦਾ ਹੁੰਦਾ ਹੇ ਅਤੇ ਸਮਾ ਜਾਂਦਾ ਹੈ। ਜਿਸ ਨੂੰ ਇਹ ਭੇਤ ਹੋ ਗਿਆ ਉਹ ਸੁਖੀ ਹੋ ਜਾਂਦਾ ਹੈ। ਸਾਰੇ ਸਰੀਰਾਂ ਵਿੱਚ ਇੱਕ ਹੀ ਜੋਤ ਹੈ ਜਿਸ ਨੂੰ ਕਬੀਰ ਧਿਆਉਂਦਾ ਹੈ। ਭਾਵ ਸਾਰੇ ਸਰੀਰਾ ਵਿੱਚ ਇੱਕ ਹੀ ਬੱਝਵੇ ਨਿਯਮ ਨਾਲ ਮਨ ਪੈਦਾ ਹੋ ਰਹੇ ਨੇ ਕਬੀਰ ਦੀ ਉਸ ਨਿਯਮ ਨੂੰ ਨਮਸਕਾਰ ਹੈ।

ਅਸੀਂ ਦੇਖ ਰਹੇ ਹਾਂ ਕਿ ਗੁਰਬਾਣੀ ਦਾ ਮਨ ਵਾਰੇ ਫਲਸਫਾ ਆਮ ਧਰਮਾਂ ਨਾਲੋਂ ਬਹੁਤ ਹਟਵਾਂ ਹੈ। ਗੁਰਬਾਣੀ ਮਨ ਨੂੰ ਤਨ ਨਾਲੋਂ ਵੱਖਰਾ ਨਹੀਂ ਮੰਨਦੀ। ਇਸੇ ਕਰਕੇ ਗੁਰਬਾਣੀ ਵਿੱਚ ਆਤਮਾ ਜਾਂ ਰੂਹ ਦਾ ਪ੍ਰਚਲਤ ਸੰਕਲਪ ਵੀ ਨਹੀਂ ਮਿਲਦਾ। ਅਗਰ ਮਨ ਤਨ ਨਾਲੋਂ ਵੱਖਰਾ ਹੋਵੇ ਤਾਂ ਇਸਤੇ ਧਾਤ ਦਾ ਵੀ ਕੋਈ ਖਾਸ ਅਸਰ ਨਹੀਂ ਪੈ ਸਕੇਗਾ। ਕਿਉਕਿ ਗੁਰਬਾਣੀ ਮਨ ਨੂੰ ਤਨ ਨਾਲੋਂ ਵੱਖਰਾ ਨਹੀਂ ਦੇਖਦੀ ਇਸ ਲਈ ਇਹ ਧਾਤ ਅਧੀਨ ਵੀ ਹੋ ਜਾਂਦਾ ਹੈ। ਦੂਸਰੇ ਇਸ ਤੇ ਵੀ ਫਿਜ਼ਿਕਸ ਦੇ ਕਨੂੰਨ ਵੀ ਲਾਗੂ ਹੋ ਜਾਂਦੇ ਨੇ ਅਤੇ ਇਸ ਦਾ ਹਰ ਕਾਰਜ ਪੂਰਬ ਨਿਰਧਾਰਿਤ ਹੋ ਜਾਂਦਾ ਹੈ।

ਗੁਰੂ ਗਿਆਨ

ਗੁਰਬਾਣੀ ਵਿੱਚ ਦੂਜੀ ਗਲ ਸ਼ਬਦ ਜਾਂ ਗੁਰੂ ਗਿਆਨ ਦੀ ਕੀਤੀ ਗਈ ਹੈ ਜੋ ਜੋ ਮਨ ਮਾਰਨ ਲਈ ਜ਼ਰੂਰੀ ਹੈ ਅਥੇ ਮਨ ਮਾਰੇ ਬਿਨ ਧਾਤ ਦਾ ਮਰਨਾ ਅਤੇ ਲਿਵ ਲੱਗਣੀ ਅਸੰਭਵ ਹੈ। ਕਬੀਰ ਸਾਹਿਬ ਦਾ ਇੱਕ ਸ਼ਬਦ ਆਸਾ ਰਾਗ ਵਿੱਚ ਪੰਨਾ 476 ਤੇ ਹੈ ਜੋ ਇਹ ਸਮਝਾਉਂਦਾ ਹੈ ਕਿ ਧਾਤ ਕਿਵੇਂ ਕੰਟਰੋਲ ਹੁੰਦੀ ਹੈ। ਸ਼ਬਦ ਦਾ ਪਾਠ ਇਸ ਤਰ੍ਹਾਂ ਹੈ।

ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ॥ ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ॥ 1॥ ਨਕਟੀ ਕੋ ਠਨਗਨੁ ਬਾਡਾ ਡੂੰ॥ ਕਿਨਿਹ ਬਿਬੇਕੀ ਕਾਟੀ ਤੂੰ॥ 1॥ ਰਹਾਉ॥ ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ॥ ਸਗਲਿਆ ਕੀ ਹਉ ਬਹਿਨ ਭਾਨਜੀ ਜਿਨਿਹਿ ਬਰੀ ਤਿਸੁ ਚੇਰੀ॥ 2॥ ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ॥ ਓਹੁ ਹਮਾਰੇ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ॥ 3॥ ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ॥ ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ॥ 4॥

ਕਬੀਰ ਸਾਹਿਬ ਸਮਝਾਉਂਦੇ ਨੇ ਕਿ ਧਾਤ (ਮਾਇਆ) ਪੂਰੇ ਜ਼ੋਰ ਸ਼ੋਰ ਨਾਲ ਆਪਣਾ ਕੰਮ ਕਰ ਰਹੀ ਹੈ। ਬੰਦੇ ਦੇ ਖਾਣ ਪੀਣ ਰਹਿਣ ਸਹਿਣ ਵਿੱਚ ਇਸ ਦੀ ਭਰਮਾਰ ਹੈ। ਪੰਜੇ ਵਿਕਾਰ ਇਸ ਦੇ ਹੇਠ ਕੰਮ ਕਰ ਰਹੇ ਨੇ। ਧਾਤ ਦਾ ਬਿਗਲ ਉੱਚੀ ਸੁਰ ਵਿੱਚ ਵੱਜ ਰਿਹਾ ਹੈ। ਪਰ ਕੋਈ ਵਿਰਲਾ ਬਿਬੇਕ ਬੁਧ ਨਾਲ ਇਸ ਤੇ ਕਾਬੂ ਪਾ ਲੈਂਦਾ ਹੈ। ਸਾਰੀ ਦੁਨੀਆਂ ਵਿੱਚ ਧਾਤ ਦੀ ਧੁੰਮ ਪਈ ਹੋਈ ਹੈ। ਸਭ ਨੂੰ ਇਸਨੇ ਮਾਰ ਮੁਕਾਇਆ ਹੈ। ਸਭ ਇਸ ਦੇ ਗੁਲਾਮ ਨੇ ਪਰ ਕੋਈ ਵਿਰਲਾ ਇਸ ਦਾ ਮਾਲਕ ਵੀ ਬਣ ਜਾਂਦਾ ਹੈ। ਉਹ ਉਹੀ ਹੈ ਜਿਸਨੇ ਬਿਬੇਕ ਬੁੱਧ ਨੂੰ ਆਪਣਾ ਗੁਰੂ ਮੰਨ ਲਿਆ। ਅਗਰ ਬਿਬੇਕ ਬੁੱਧ ਮੱਥੇ ਵਿੱਚ ਕਾਇਮ ਹੈ ਤਾਂ ਧਾਤ ਦਾ ਕੋਈ ਅਸਰ ਨਹੀਂ ਹੁੰਦਾ। ਸਾਰਾ ਜਹਾਨ ਅੰਨ੍ਹਾ ਹੋਇਆ ਇਸ ਦੇ ਪਿੱਛੇ ਦੌੜਿਆ ਫਿਰਦਾ ਹੈ। ਇਸ ਦੇ ਇਸ਼ਕ ਵਿੱਚ ਦੀਵਾਨਾ ਹੈ। ਪਰ ਬਿਬੇਕ ਬੁਧ ਵਾਲੇ ਵਿਰਲੇ ਮਨੁੱਖ ਇਸ ਦੀ ਅਸਲੀਅਤ ਨੂੰ ਸਮਝਦੇ ਨੇ।

ਇੱਥੇ ਜੋ ਗੱਲ ਗੌਰ ਕਰਨ ਵਾਲੀ ਹੈ ਉਹ ਇਹ ਹੈ ਕਿ ਧਾਤ ਜਾਂ ਮਾਇਆ ਜਾਂ ਪੰਜ ਵਿਕਾਰ ਖਤਮ ਕਰਨ ਲਈ ਬਿਬੇਕ ਬੁਧ ਤੇ ਜ਼ੋਰ ਦਿੱਤਾ ਗਿਆ ਹੈ। ਬਿਬੇਕਬੁਧਿ ਦਾ ਅਰਥ ਭਾਈ ਕਾਨ੍ਹ ਸਿੰਘ ਨੇ "ਯਥਾਰਥ ਜਾਣਨ ਦੀ ਸਮਝ, ਸਤਯ ਅਸਤਯ ਦਾ ਵਿਚਾਰ, ਪ੍ਰਕ੍ਰਿਤਿ ਅਤੇ ਬ੍ਰਹਮ ਦਾ ਯਥਾਰਥ ਗਿਆਨ" ਕੀਤੇ ਹਨ। ਕਿਸੇ ਵੇਲੇ ਸਿੱਖ ਧਰਮ ਦੇ ਨਿਯਮਾ ਨੂੰ ਦ੍ਰਿੜ ਕਰਨ ਵਾਲੇ ਨੂੰ ਵੀ "ਬਿਬੇਕੀ" ਆਖਦੇ ਸਨ ਜੋ ਹੁਣ ਸੁਣਨ ਵਿੱਚ ਨਹੀਂ ਆਉਂਦਾ। (22) ਅਜਕਲ ਜ਼ਿਆਦਾ ਸੁਣਨ ਵਿੱਚ "ਸ਼ਰਧਾਵਾਨ ਸਿੱਖ" ਹੀ ਆਉਂਦਾ ਹੈ ਜੋ ਕਿ ਬਿਬੇਕੀ ਦਾ ਉਲਟ ਹੈ। ਕਬੀਰ ਸਾਹਿਬ ਬਿਬੇਕ ਬੁਧ ਵਾਰੇ ਇਹ ਵੀ ਕਹਿੰਦੇ ਨੇ ਕਿ ਇਹ ਮੱਥੇ ਵਿੱਚ ਹੁੰਦੀ ਹੈ। ਵਿਗਿਆਨ ਵੀ ਇਹ ਹੀ ਕਹਿੰਦਾ ਹੈ ਕਿ ਸਾਡੇ ਦਿਮਾਗ ਦਾ ਉਹ ਹਿੱਸਾ ਜੋ ਸਹੀ ਗਲਤ ਦੀ ਪਹਿਚਾਣ ਕਰਦਾ ਹੈ, ਭਾਵ ਬਿਬੇਕ ਨਾਲ ਵਿਚਾਰ ਕਰਦਾ ਹੈ ਉਹ ਸਾਡਾ ਮੱਥਾ ਜਾਣੀ ਫ੍ਰੰਟਲ ਲੋਬ ਹੀ ਹੈ। ਅਸੀਂ ਇਹ ਆਪ ਵੀ ਅਨੁਭਵ ਕਰ ਸਕਦੇ ਹਾਂ ਕਿ ਜਦੋਂ ਵੀ ਅਸੀਂ ਕਿਸੇ ਵਿਸ਼ੇ ਤੇ ਗਹਿਰ ਗੰਭੀਰ ਵਿਚਾਰ ਕਰਦੇ ਹਾਂ ਤਾਂ ਆਪਣਾ ਮੱਥਾ ਕੰਮ ਕਰਦਾ ਮਹਿਸੂਸ ਕਰਦੇ ਹਾਂ।

ਬਿਬੇਕ ਵਿਰਤੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਹਤ ਜ਼ੋਰ ਦਿੱਤਾ ਗਿਆ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੇ ਮੈ ਸਾਰਾ ਕੁੱਝ ਕਰ ਕੇ ਵੇਖ ਲਿਆਂ ਅਤੇ ਅੰਤ ਵਿੱਚ "ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥" ਪੰਨਾ 641. ਕਿਉਂਕਿ ਇਸ ਨਾਲ ਹੀ ਅਗਿਆਨਤਾ ਦਾ ਘੁਪ ਹਨੇਰਾ ਕਟਿਆ ਜਾ ਸਕਦਾ ਹੈ। "ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ॥" ਪੰਨਾ 1209. ਕਬੀਰ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਕਿਸੇ ਬਿਬੇਕੀ ਪੁਰਖ ਨਾਲ ਹੀ ਕਰਤਾਰ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। "ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ॥" ਪੰਨਾ 333. ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਅਗਰ ਕੋਈ ਸ਼ੰਕਾ ਹੈ ਤਾਂ ਬਿਬੇਕੀ ਪੁਰਖਾਂ ਨਾਲ ਗੱਲ ਬਾਤ ਕਰਕੇ ਨਿਵਿਰਤ ਕਰੋ। "ਪਾਵੈ ਮੁਕਤਿ ਨ ਹੋਰ ਥੈ ਪੁਛਹੁ ਬਿਬੇਕੀਆ ਜਾਇ॥" ਪੰਨਾ 920. ਕਿਉਂਕਿ ਜੋ "ਅੰਤਰਿ ਬਿਬੇਕੁ ਸਦਾ ਆਪੁ ਵੀਚਾਰੈ" (ਪੰਨਾ 168} ਵਾਲੀ ਅਵਸ਼ਥਾ ਵਿੱਚ ਹੁੰਦੇ ਹਨ ਉਹਨਾ ਦੀ ਹਉਮੇ ਖਤਮ ਹੋ ਜਾਂਦੀ ਹੈ ਅਤੇ ਜਿਵੇਂ ਗੁਰ ਨਾਨਕ ਸਾਹਿਬ ਪੰਨਾ 355 ਤੇ ਆਖਦੇ ਨੇ ਉਹ ਕਰਤਾਰ ਨੂੰ ਪਾ ਲੈਂਦੇ ਨੇ "ਬੂਝੈ ਬ੍ਰਹਮ ਅੰਤਰਿ ਬਿਬੇਕੁ॥" ਪਰ ਗੁਰਬਾਣੀ ਨਾਲ ਇਹ ਵੀ ਕਹਿੰਦੀ ਹੈ ਕਿ ਇਹ ਬਿਬੇਕ ਬੁਧ ਜਿਸ ਨੂੰ ਬਖਸ਼ਿਸ਼ ਹੋਇ ਉਸ ਨੂੰ ਹੀ ਨਸੀਬ ਹੁੰਦੀ ਹੈ। ‘ਸੋ ਬੁਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ॥" ਪੰਨਾ 646. ਕਬੀਰ ਸਾਹਿਬ ਤਾਂ ਇਥੋਂ ਤਕ ਕਹਿ ਦਿੰਦੇ ਨੇ ਕਿ ਉਸਦੇ ਗੁਰੂ ਦਾ ਨਾਂ ਹੀ ਬਿਬੇਕ ਹੈ। "ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥" ਪੰਨਾ 793. ਗੁਰੂ ਰਾਮ ਦਾਸ ਵੀ ਕਹਿੰਦੇ ਨੇ ਕਿ "ਬਿਬੇਕੁ ਗੁਰੁ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ॥" ਪੰਨਾ 981. ਜਿਸਨੂੰ ਬਿਬੇਕ ਬੁਧ ਮਿਲ ਜਾਂਦੀ ਹੈ ਉਸ ਦਾ ਸਭਾਉ ਬਿਬੇਕੀ ਹੋ ਜਾਂਦਾ ਹੈ। "ਨਾਨਕ ਜਨ ਕੈ ਬਿਰਤਿ ਬਿਬੇਕੈ॥" ਪੰਨਾ 264. ਫਿਰ ਉਹ ਦੁਸਰਿਆਂ ਤੋਂ ਨਿਵੇਕਲਾ ਹੀ ਨਜ਼ਰ ਆਉਂਦਾ ਹੈ। "ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰਿ ਬਿਬੇਕ ਬੀਚਾਰੁ॥" ਪੰਨਾ 28. ਕਿਉਂਕਿ ਉਹ ਹੁਣ ਸੱਚ ਝੂਠ ਦੀ ਪਰਖ ਕਰਦਾ ਹੈ "ਬੂਝੇ ਦੇਖੈ ਕਰੈ ਬਿਬੇਕ॥" ਪੰਨਾ 279. ਇਹ ਬਿਬੇਕ ਬੁਧ ਮਿਲਦੀ ਕਿਵੇਂ ਹੈ। ਚੰਗੇ ਇਨਸਾਨਾਂ ਦੀ ਸੋਹਬਤ ਵਿੱਚ। ਗੁਰਬਾਣੀ ਫੁਰਮਾਨ ਹੈ "ਸਾਧਸੰਗਤਿ ਮਿਲਿ ਬੁਧਿ ਬਿਬੇਕ॥" ਪੰਨਾ 377. ਕਬੀਰ ਸਾਹਿਬ ਵੀ ਇਸ ਦੀ ਪ੍ਰੋੜਤਾ ਕਰਦੇ ਕਹਿੰਦੇ ਨੇ "ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥" ਪੰਨਾ 481. ਦੁਨੀਆਂ ਦਾ ਸਭ ਤੋਂ ਧਨੀ ਮਨੁੱਖ ਵੀ ਉਹੀ ਹੈ ਜਿਸ ਕੋਲ ਬਿਬੇਕ ਬੁਧ ਹੈ। "ਸੋ ਧਨਵੰਤਾ ਜਿਸੁ ਬੁਧਿ ਬਿਬੇਕ॥" ਪੰਨਾ 1150

ਅਸੀਂ ਹੁਣ ਤਕ ਦੀ ਵੀਚਾਰ ਤੋਂ ਗੁਰਬਾਣੀ ਦਾ ਇਸ ਸਵਾਲ ਵਾਰੇ ਜੋ ਨਜ਼ਰੀਆ ਸਮਝਿਆ ਹੈ ਉਹ ਇਸ ਤਰ੍ਹਾਂ ਹੈ।

  • ਗੁਰਬਾਣੀ ਅਨੁਸਾਰ ਸਬ ਕੁੱਝ ਕਰਤਾਰ ਦੇ ਹੁਕਮ ਅਧੀਨ ਹੋ ਰਿਹਾ ਹੈ।
  • ਧਾਤ ਦੇ ਪ੍ਰਭਾਵ ਹੇਠ ਮਨੁੱਖ ਹਉਮੇ ਵਿੱਚ ਆ ਇਹ ਸਮਝਦਾ ਹੈ ਕਿ ਉਹ ਹੀ ਸਭ ਕੁੱਝ ਕਰ ਰਿਹਾ ਹੈ।
  • ਵਿਰਲੇ ਮਨੁੱਖਾਂ ਦੀ ਗੁਰ ਗਿਆਨ ਦੀ ਕ੍ਰਿਪਾ ਨਾਲ ਬਿਬੇਕ ਬੁਧ ਜਾਗਦੀ ਹੈ
  • ਬਿਬੇਕ ਬੁਧ ਨਾਲ ਧਾਤ ਦਾ ਪ੍ਰਭਾਵ ਘਟ ਜਾਂਦਾ ਹੈ ਅਤੇ ਰੱਬੀ ਹੁਕਮ ਦੀ ਸੋਝੀ ਹੋ ਜਾਂਦੀ ਹੈ।
  • ਕਿਉਂਕਿ ਉਹ ਬੰਦਾ ਹੁਣ ਹੁਕਮ ਵਿੱਚ ਵਿਚਰਦਾ ਹੈ ਇਸ ਲਈ ਉਸਦੀ ਅਤੇ ਖੁਦਾ ਦੀ ਖੁਦੀ ਵਿੱਚ ਅੰਤਰ ਨਹੀਂ ਰਹਿੰਦਾ।

ਸਵਾਲਾਂ ਦੇ ਜਵਾਬ

(ਨੋਟ:- ਕਿਰਪਾ ਕਰਕੇ ਹੇਠ ਲਿਖੇ ਪੰਜ ਸਵਾਲ ਅਤੇ ਇਹਨਾ ਦੇ ਜਵਾਬ ਧਿਆਨ ਨਾਲ ਕਈ ਵਾਰ ਪੜ੍ਹੋ ਕਿਉਂਕਿ ਇਸ ਵਿੱਚ ਗੁਰਮਤਿ ਫਿਲਾਸਫੀ ਦੇ ਬਹੁਤ ਹੀ ਗੁੱਝੇ ਭੇਤ ਛੁਪੇ ਹੋਏ ਹਨ ਜੋ ਕਿ ਹਰ ਇੱਕ ਗਿਆਨ ਵਾਨ ਸਿੱਖ ਲਈ ਸਮਝਣੇ ਜਰੂਰੀ ਹਨ-ਸੰਪਾਦਕ)

ਗੁਰਬਾਣੀ ਦਾ ਨਜ਼ਰੀਆ ਸਮਝਣ ਲਗੇ ਅਸੀ ਸ਼ੁਰੂ ਵਿੱਚ ਹੀ ਕੁੱਝ ਸਵਾਲ ਉਠਾਏ ਸਨ। ਆਉ ਹੁਣ ਦੇਖਦੇ ਹਾਂ ਕਿ ਸਾਨੂੰ ਇਨ੍ਹਾ ਸਵਾਲਾਂ ਦਾ ਕੀ ਜਵਾਬ ਮਿਲਦਾ ਹੈ।

  1. ਕੀ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਸਮੇਂ ਕਰਤਾਰ ਦਾ ਹੁਕਮ ਮੰਨ ਰਿਹਾ ਸੀ?
  2. ਕੀ ਜਿੰਨ੍ਹੇ ਵੀ ਸਿੰਘ ਸ਼ਹੀਦ ਹੋਏ ਨੇ ਕਰਤਾਰ ਦੇ ਹੁਕਮ ਅਧੀਨ ਹੋਏ ਨੇ?
  3. ਕੀ ਇੰਦਰਾ ਗਾਂਧੀ ਨੇ ਜੋ ਕੀਤਾ, ਭਿੰਡਰਾਵਾਲੇ ਨੇ ਜੋ ਕੀਤਾ, ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜੋ ਕੀਤਾ ਅਤੇ 84 ਦਾ ਜੋ ਸਿੱਖ ਕਤਲੇਆਮ ਹੋਇਆ- ਇਹ ਸਭ ਕਰਤਾਰ ਦੀ ਹੀ ਖੇਡ ਸੀ?
  4. ਕੀ ਪੰਜਾਬ ਦੇ ਮੌਜ਼ੂਦਾ ਦੌਰ ਦੇ ਹਾਕਮ ਚਾਹੇ ਉਹ ਅਕਾਲੀ ਨੇ ਜਾਂ ਕਾਂਗਰਸੀ- ਕੀ ਉਹ ਜੋ ਕਰ ਰਹੇ ਨੇ ਜਾਂ ਜੋ ਕਰ ਚੁੱਕੇ ਨੇ ਇਹ ਸਭ ਕਰਤਾਰ ਦਾ ਹੀ ਕੀਤਾ ਕਰਾਇਆ ਹੈ?
  5. ਹਾਦਸਿਆਂ ਦੌਰਾਨ ਜੋ ਨਿਰਦੌਸ਼ ਮਾਰੇ ਗਏ ਉਹਨਾਂ ਕਿਸ ਕਰਮ ਦਾ ਫਲ ਜਾਂ ਸਜ਼ਾ ਭੁਗਤੀ?

ਇਹਨਾਂ ਸਾਰੇ ਸਵਾਲਾਂ ਵਿੱਚ ਸਾਰੇ ਕਿਰਦਾਰ ਕਰਤਾਰ ਦੇ ਹੁਕਮ ਅਧੀਨ ਹੀ ਕੰਮ ਕਰ ਰਹੇ ਹਨ। ਸਭ ਕਰਤਾਰ ਦੀ ਖੇਡ ਸੀ/ਹੈ। ਫਰਕ ਸਿਰਫ ਇੰਨਾਂ ਹੈ ਕਿ ਕੋਈ ਧਾਤ ਵਸ ਕਰ ਰਿਹਾ ਹੈ ਕੋਈ ਲਿਵ ਰਾਹੀ ਕਰ ਰਿਹਾ ਹੈ। ਹੁਣ ਇਹ ਕਿਵੇਂ ਪਤਾ ਲਗੇ ਕਿ ਕੌਣ ਧਾਤ ਵਸ ਕਰ ਰਿਹਾ ਹੈ ਅਤੇ ਕਿਸ ਦੀ ਲਿਵ ਲੱਗੀ ਹੋਈ ਹੈ। ਇਹ ਉਸ ਕੰਮ ਦੇ ਨਤੀਜ਼ੇ ਤੋਂ ਪਤਾ ਚਲਦਾ ਹੈ। ਮਿਸਾਲ ਦੇ ਤੌਰ ਤੇ ਸੂਬਾ ਸਰਹੰਦ ਨੂੰ ਆਪਣੀ ਤਾਕਤ ਦਾ ਹੰਕਾਰ ਹੈ, ਆਪਣਿਆਂ ਤੋ ਉਪਰ ਵਾਲਿਆਂ ਤੋਂ ਡਰ ਉਹਨਾਂ ਨੂੰ ਖੁਸ਼ ਕਰਨ ਲਈ ਬਿਬੇਕ ਬੁਧ ਗੁਆ ਬੈਠਾ ਹੈ। ਇਸ ਦੇ ਉਲਟ ਸਾਹਿਬਜ਼ਾਦੇ ਲਿਵ ਨਾਲ ਜੁੜੇ ਹੋਏ ਨੇ ਇਸੇ ਕਰਕੇ ਉਹਨਾ ਦੇ ਮਨ ਵਿੱਚ ਕੋਈ ਡਰ ਭੈ ਨਹੀਂ ਹੈ। ਇਸੇ ਤਰ੍ਹਾਂ ਜਿਹਨਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਹੳਮੇ ਤਿਆਗ ਲਿਵ ਨਾਲ ਜੁੜੇ ਹੋਏ ਸਨ ਇਸੇ ਕਰਕੇ ਹੱਸਦੇ ਹੋਏ ਬੰਦ ਬੰਦ ਕਟਵਾ ਗਏ, ਖੋਪਰੀਆਂ ਲਹਾ ਗਏ, ਚਰਖੜੀਆਂ ਤੇ ਚੜ੍ਹ ਗਏ, ਆਰਿਆਂ ਨਾਲ ਚੀਰੇ ਗਏ, ਦੇਗ ਵਿੱਚ ਉਬਾਲੇ ਗਏ, ਪਰ ਸੀ ਨਹੀਂ ਕੀਤੀ। ਇਸ ਦੇ ਉਲਟ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਸੂਬਾ ਸਰਹੰਦ ਵਾਲੀ ਮਾਨਸਿਕਤਾ ਦੇ ਸ਼ਿਕਾਰ ਸਨ। ਜੋ ਭਿੰਡਰਾਂਵਾਲੇ ਨੇ ਕੀਤਾ, ਜੋ ਇੰਦਰਾ ਗਾਂਧੀ ਨੇ ਕੀਤਾ, ਜੋ ਬੇਅੰਤ ਸਿੰਘ ਸਤਵੰਤ ਸਿੰਘ ਨੇ ਕੀਤਾ ਇਸ ਸਭ ਵੀ ਧਾਤ ਵਸ ਹੋਇਆ। ਉਹਨਾਂ ਜੋ ਵੀ ਕੀਤਾ ਉਹ ਚਾਹੁੰਦੇ ਹੋਏ ਵੀ ਉਸ ਤੋਂ ਉਲਟ ਨਹੀਂ ਸਨ ਕਰ ਸਕਦੇ। ਉਹਨਾਂ ਦੇ ਦਿਮਾਗ ਵਿੱਚ ਜੋ ਮੀਮਜ਼ ਕੰਮ ਕਰ ਰਹੇ ਸਨ ਉਹਨਾਂ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਸੀ। ਇੰਦਰਾ ਗਾਂਧੀ ਸੱਚ ਨੂੰ ਤਿਆਗ ਆਪਣੇ ਰਾਜਨੀਤਕ ਲਾਭ ਦੇਖ ਰਹੀ ਸੀ। ਧਾਤ ਵਸ ਉਹ ਇਹ ਹੀ ਕਰ ਸਕਦੀ ਸੀ। ਉਸ ਨੂੰ ਇਹ ਹੀ ਠੀਕ ਲਗਦਾ ਸੀ। ਭਿੰਡਰਾਂਵਾਲਾ ਕਈ ਗਲਤਫਹਿਮੀਆਂ ਦਾ ਸ਼ਿਕਾਰ ਹੋ ਬਿਬੇਕ ਬੁਧ ਗੁਆ ਬੈਠਾ ਸੀ। ਉਸ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਅਗਰ ਉਹ ਬਿਬੇਕ ਬੁੱਧ ਤੋਂ ਕੰਮ ਲੈਂਦਾ ਤਾਂ ਇਤਿਹਾਸ ਕੁੱਝ ਹੋਰ ਹੀ ਹੋਣਾ ਸੀ। 84 ਦੇ ਨਿਰਦੋਸ਼ਾਂ ਦਾ ਕੀ ਕਸੂਰ ਸੀ। ਜਿਸ ਭੀੜ ਨੇ ਉਹਨਾਂ ਦਾ ਕਤਲ ਕੀਤਾ ਉਸਨੂੰ ਤਾਂ ਕਹਿ ਸਕਦੇ ਹਾਂ ਕਿ ਉਹ ਧਾਤ ਵਸ ਕਰ ਰਹੀ ਸੀ। ਭੀੜ ਦੇ ਪਾਗਲਪਨ ਦਾ ਬਿਬੇਕ ਬੁਧ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਜੋ ਕੁੱਝ ਵੀ ਹੋਇਆ ਹੋਇਆ ਤਾਂ ਕਰਤਾਰ ਦੇ ਹੁਕਮ ਨਾਲ ਹੀ ਹੈ। ਆਪਾਂ ਨੂੰ ਇਹ ਨਿਰਦੋਸ਼ਾਂ ਦਾ ਦਰਦ ਇਸ ਲਈ ਆ ਰਿਹਾ ਕਿਉਂਕਿ ਇਹ ਅਤਿਆਚਾਰ ਮਨੁੱਖ ਵਲੋਂ ਮਨੁੱਖ ਤੇ ਹੋਇਆ ਹੈ। ਮਿਸਾਲ ਦੇ ਤੌਰ ਤੇ ਅਗਰ ਇਹ ਸਾਰੇ ਸਿੱਖ ਕਿਸੇ ਭਿਆਨਕ ਕੁਦਰਤੀ ਹਾਦਸੇ ਵਿੱਚ ਮਾਰੇ ਜਾਂਦੇ ਤਾਂ ਸ਼ਾਇਦ ਅਸੀ ਇਹ ਸੌਖਿਆਂ ਹੀ ਕਬੂਲ ਕਰ ਲੈਂਦੇ ਕਿ ਇਹ ਸਭ ਕਰਤਾਰ ਦਾ ਹੀ ਭਾਣਾ ਸੀ। ਭੀੜ ਦਾ ਪਾਗਲਪਨ ਵੀ ਤਾ ਇੱਕ ਕੁਦਰਤੀ ਵਰਤਾਰਾ ਹੈ। ਪਰ ਅਸੀਂ ਸ਼ਾਇਦ ਇਸ ਵਾਰੇ ਇਸ ਕਰਕੇ ਸਵਾਲ ਕਰਦੇ ਹਾਂ ਕਿਉਂਕਿ ਸਾਡੀ ਸਮਝ ਵਿੱਚ ਇਸ ਨੂੰ ਰੋਕਿਆ ਜਾ ਸਕਦਾ ਸੀ/ਹੈ। ਸਾਡੀ ਸਮਝ ਠੀਕ ਹੈ। ਗੁਰੂ ਨੇ ਸਿੱਖ ਨੂੰ ਜੋ ਕ੍ਰਿਪਾਨ ਦੀ ਬਖਸ਼ਿਸ਼ ਕੀਤੀ ਹੈ ਉਹ ਬਹੁਤ ਮਾਅਨੇ ਰੱਖਦੀ ਹੈ। ਕ੍ਰਿਪਾਨ ਮਹਿਜ਼ ਇੱਕ ਹਥਿਆਰ ਹੀ ਨਹੀਂ ਇਹ ਇੱਕ ਸੋਚ ਹੈ। ਇਹ ਸੋਚ ਹੈ ਸੱਚ ਲਈ ਖੜਨ ਦੀ, ਸੰਘਰਸ਼ ਕਰਨ ਦੀ। ਜਿਹਨਾਂ ਮੁਲਖਾਂ ਦੀ ਜਨਤਾਂ ਇਸ ਸੋਚ ਤੇ ਖੜ ਕੇ ਸਹੀ ਸਰਕਾਰ ਚੁਣਦੀ ਹੈ ਉਥੇ ਇਹੋ ਜਿਹੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਜਾਂ ਤਾਂ ਘਟ ਜਾਂਦੀ ਹੈ ਜਾਂ ਹੁੰਦੀਆਂ ਹੀ ਨਹੀਂ। ਅਗਰ ਕੋਈ ਘਟਨਾ ਹੋ ਵੀ ਜਾਏ ਤਾਂ ਬਕਾਇਦਾ ਬਣਦੇ ਕਦਮ ਚੁੱਕੇ ਜਾਂਦੇ ਹਨ ਤਾਂ ਕੇ ਫਿਰ ਤੋਂ ਅਜਿਹੀ ਘਟਨਾ ਨਾ ਵਾਪਰੇ। ਅਸੀਂ ਸਾਰੇ ਆਪਣੇ ਆਪ ਨੂੰ ਇਹ ਸਵਾਲ ਪੁੱਛੀਏ ਕਿ ਕਿਰਪਾਨਾਂ ਪਹਿਨ ਕੇ ਵੀ ਕੀ ਅਸੀਂ ਸਰਕਾਰਾਂ ਚੁਣਨ ਵੇਲੇ ਸੱਚ ਨਾਲ ਖੜਦੇ ਹਾਂ। ਕੀ ਅਸੀਂ ਸਰਕਾਰ ਬਿਬੇਕ ਬੁਧ ਨਾਲ ਚੁਣਦੇ ਹਾਂ ਜਾ ਧਾਤ ਵਸ ਕਿਸੇ ਲਾਲਚ, ਡਰ ਜਾ ਭਾਵਨਾਵਾਂ ਦੇ ਵਹਿਣ ਵਿੱਚ ਰੁੜ ਕੇ ਵੋਟ ਪਾਉਂਦੇ ਹਾਂ। ਕੁੱਝ ਲੋਕ ਭਿੰਡਰਾਂਵਾਲੇ ਦੇ ਅੰਨੇ ਸਮਰਥਕ ਹਨ। ਕਈ ਤਾਂ ਉਸ ਨੂੰ ਗੁਰੂ ਸਹਿਬਾਨ ਦੇ ਬਰਾਬਰ ਹੀ ਸਮਝਦੇ ਹਨ। ਉਹ ਵੀ ਆਪਣੇ ਆਪ ਨੂੰ ਸਵਾਲ ਪੁਛਣ ਕੀ ਉਹ ਇਹ ਸਭ ਬਿਬੇਕ ਬੁਧ ਨਾਲ ਕਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਜੋ ਮੌਜ਼ੁਦਾ ਦੌਰ ਦੇ ਸਾਰੇ ਹਾਕਮ ਵੀ ਕਰਤਾਰ ਦਾ ਹੁਕਮ ਹੀ ਵਜਾ ਰਹੇ ਨੇ। ਜੋ ਉਹ ਧਾਤ ਵਸ ਕਰ ਰਹੇ ਨੇ ਤੇ ਭੁਗਤ ਰਹੇ ਨੇ। ਜੋ ਪੰਜਾਬੀ ਵੋਟਰ ਧਾਤ ਵਸ ਕਰ ਰਿਹਾ ਹੈ ਭੁਗਤ ਰਿਹਾ ਹੈ। ਧਾਤ ਵਸ ਕੀਤੇ ਕੰਮ ਦੀ ਕਰਤਾਰ ਦੇ ਹੁਕਮ ਅਨੁਸਾਰ ਸਜ਼ਾ ਮਿਲਦੀ ਹੈ। ਬਿਬੇਕ ਬੁਧ ਨਾਲ ਕੀਤੇ ਕੰਮਾ ਨੂੰ ਫਲ ਲਗਦਾ ਹੈ। ਇਸ ਨੂੰ ਸਜ਼ਾ ਜਾਂ ਫਲ ਕਹਿਣ ਦੀ ਵਜਾਏ ਕੀਤੇ ਕੰਮਾਂ ਦੇ ਨਿਰਧਾਰਿਤ ਨਤੀਜ਼ੇ ਕਹਿਣਾ ਜ਼ਿਆਦਾ ਠੀਕ ਹੋਵੇਗਾ। ਹਿੰਦੁਸਤਾਨ ਵਿੱਚ ਵੋਟਰਾਂ ਨੇ ਭਾਵਨਾਵਾਂ ਦੇ ਵਹਿਣ ਵਿੱਚ ਆ ਮੋਦੀ ਨੂੰ ਚੁਣਿਆ ਜਿਸ ਦੇ ਨਤੀਜ਼ੇ ਸਭ ਦੇ ਸਾਹਮਣੇ ਹਨ। ਆਪਾਂ ਮੁਕਾਬਲਾ ਕਰ ਕੇ ਵੇਖੀਏ ਜਿਹਨਾਂ ਮੁਲਕਾਂ ਦੇ ਵੋਟਰ ਆਪਣੀਆਂ ਸਰਕਾਰਾਂ ਬਿਬੇਕ ਬੁਧ ਨਾਲ ਚੁਣਦੇ ਹਨ ੳਹ ਸਰਕ੍ਰਾਰਾਂ ਕਿਹੋ ਜਿਹੇ ਕੰਮ ਕਰਦੀਆਂ ਹਨ ਅਤੇ ਜਿਥੇ ਵੋਟਰ ਆਪਣੀ ਵੋਟ ਭਾਵਨਾਵਾਂ ਵਿੱਚ ਵਹਿ ਕੇ ਜਾਂ ਕਿਸੇ ਡਰ ਜਾਂ ਲਾਲਚ ਵਿੱਚ ਆ ਪਾਉਂਦੇ ਨੇ ਉਹ ਸਰਕਾਰਾਂ ਕੀ ਕੰਮ ਕਰਦੀਆਂ ਹਨ। ਇਹ ਸਵਾਲ ਵੀ ਅਕਸਰ ਉਠਦਾ ਹੈ ਕਿ ਕਈ ਵਾਰ ਨਿਰਦੋਸ਼ ਮਾਰਿਆ ਜਾਂਦਾ ਹੈ। ਉਹ ਕਿਸ ਪਾਪ ਦੀ ਸਜ਼ਾ ਭੁਗਤ ਰਿਹਾ ਹੈ। ਅਗਰ ਕੋਈ ਸੜਕ ਤੇ ਜਾ ਰਿਹਾ ਹੈ ਅਤੇ ਅਚਾਨਕ ਉਸਈ ਕਾਰ ਤੇ ਰੁੱਖ ਡਿਗ ਪਏ ਤੇ ਉਸਦੀ ਮੋਤ ਹੋ ਜਾਏ ਤਾਂ ਅਸੀ ਇਹ ਕਹਿੰਦੇ ਹਾਂ ਕਿ ਨਿਰਦੋਸ਼ਾ ਮਾਰਿਆ ਗਿਆ। ਇਸੇ ਤਰ੍ਹਾਂ ਕੋਈ ਹਵਾਈ ਹਾਦਸਾ ਹੋ ਜਾਏ ਜਾਂ ਕੋਈ ਹੋਰ ਹਾਦਸਾ ਹੋ ਜਾਏ ਤਾਂ ਅਸੀਂ ਨਿਰਦੋਸ਼ ਮਾਰੇ ਗਏ ਬੰਦਿਆ ਲਈ ਹਾਅ ਦਾ ਨਾਅਰਾ ਮਾਰਦੇ ਹਾਂ। ਪਰ ਸਮਾਜਿਕ ਤੌਰ ਤੇ ਅਸੀਂ ਅਗਰ ਕੋਈ ਕਦਮ ਨਹੀਂ ਚੁਕੱਦੇ ਤਾਂ ਇਹ ਹਾਦਸੇ ਘਟਣ ਦੀ ਵਜਾਏ ਵਧਣਗੇ। ਪੱਛਮੀ ਸਰਕਾਰਾਂ ਅਤੇ ਭਾਰਤ ਜਾਂ ਪੰਜਾਬ ਦੀ ਸਰਕਾਰ ਵਿੱਚ ਇਹ ਫਰਕ ਸਾਫ ਦਿਖਾਈ ਦਿੰਦਾ ਹੈ। ਕੀ ਇਸ ਸਭ ਵਿੱਚ ਸਾਡਾ ਆਪਣਾ ਕੋਈ ਦੋਸ਼ ਨਹੀਂ ਹੈ। ਗੁਰੂ ਨੇ ਜੋ ਬਿਬੇਕ ਬੁਧ ਵਰਤਣ ਲਈ ਪ੍ਰੇਰਣਾ ਦਿੱਤੀ ਸੀ ਕੀ ਅਸੀਂ ਉਸ ਤੇ ਅਮਲ ਕੀਤਾ। ਜੇ ਨਹੀਂ ਤਾਂ ਅਸੀ ਵੀ ਦੋਸ਼ ਮੁਕਤ ਨਹੀਂ ਹੋ ਸਕਦੇ। ਪੰਜਾਬ ਦੀ ਧਰਤੀ ਹੇਠਲਾ ਪਾਣੀ ਮੁੱਕਣ ਦੀਆਂ ਆਮ ਖਬਰਾਂ ਮਿਲਦੀਆਂ ਹਨ। ਪੰਜਾਬ ਦੀ ਕਿਸੇ ਸਰਕਾਰ ਜਾਂ ਪੰਜਾਬੀਆਂ ਨੇ ਕਦੇ ਮਾਹਰਾਂ ਦੀ ਦਿੱਤੀ ਸਲਾਹ ਤੇ ਗੌਰ ਕੀਤਾ। ਜੇ ਨਹੀ ਤਾਂ ਹੁਣ ਆਪਾਂ ਕਿਸ ਗਲ ਦਾ ਰੋਣਾ ਰੋ ਰਹੇ ਹਾਂ।

ਚਲਦਾ---

ਜਰਨੈਲ ਸਿੰਘ

ਸਿਡਨੀ, ਅਸਟ੍ਰੇਲੀਆ




.