.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਤਾਏ ਨੇ ਸ਼ਹਿਰੀ ਦੁਕਾਨਦਾਰ ਦੇਖੇ

ਐਸੀ ਗੱਲ ਨਹੀਂ ਹੈ ਕਿ ਕਿਸੇ ਚੀਜ਼ ਦਾ ਬੀਜ ਨਾਸ ਹੀ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਸੱਚੇ ਸੁੱਚੇ ਤੇ ਇਮਾਨਦਾਰ ਲੋਕਾਂ ਦੀ ਵੀ ਕੋਈ ਘਾਟ ਨਹੀਂ ਹੈ ਤੇ ਬਾਹਰੋਂ ਧਰਮੀ ਤੇ ਅੰਦਰੋਂ ਠੱਗੀਆਂ ਮਾਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਸਚਾਈ ਤੇ ਝੂਠ ਦੋ ਬੀਜ ਹਨ ਜਿੰਨ੍ਹਾਂ ਨੂੰ ਆਪਣੀ ਆਪਣੀ ਕਿਸਮ ਦਾ ਫ਼ਲ਼ ਲਗਦਾ ਹੈ।
ਸ਼ਹਿਰਾਂ ਵਿੱਚ ਪੜ੍ਹੇ ਲਿਖੇ ਸਮਝਦਾਰ ਵਿਦਵਾਨਾਂ ਦਾ ਵੀ ਪੂਰਾ ਬੋਲਬਾਲਾ ਹੈ। ਤਰਕ ਦੇ ਅਧਾਰ `ਤੇ ਗੱਲਾਂ ਕਰਨ ਵਾਲੇ ਬੁਧੀ ਜੀਵੀ ਲੋਕ ਵੀ ਸ਼ਹਿਰਾਂ ਵਿੱਚ ਹੀ ਰਹਿੰਦੇ ਹਨ। ਜਨੀ ਕਿ ਸ਼ਹਿਰਾਂ ਵਿੱਚ ਸਿਆਣਿਆਂ ਦੀ ਵੀ ਕੋਈ ਕਮੀ ਨਹੀਂ ਹੈ ਤੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਬਾਹਰੋਂ ਧਰਮ-ਕਰਮ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਹਨ ਪਰ ਆਪਣੀਆਂ ਦੁਕਾਨਾਂ `ਤੇ ਪੂਰੀ ਮਨਮਤ ਕਰਦੇ ਦਿਸਦੇ ਹਨ। ਹਾਂ ਇੱਕ ਲੇਖਾ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਦੇਖਣ ਨੂੰ ਸਿੱਖੀ ਦਾ ਪਰਚਾਰ ਤਾਂ ਬਹੁਤ ਹੋ ਰਿਹਾ ਹੈ ਪਰ ਬੋਲ-ਬਾਲਾ ਸਾਰਾ ਬ੍ਰਾਹਮਣੀ ਮਤ ਵਾਲਾ ਹੀ ਦਿਸਦਾ ਹੈ।
ਤਾਏ ਨੇ ਸ਼ਹਿਰ ਦੇ ਗੁਰਦੁਆਰੇ ਦੇਖੇ ਜਿੱਥੇ ਸਿੱਖੀ ਦੇ ਪਰਚਾਰ ਦੇ ਨਾਂ ਹੇਠ ਬਹੁਤਾ ਕਰਮ ਕਾਂਡ ਹੀ ਨਿਭਾਇਆ ਜਾ ਰਿਹਾ ਹੈ। ਆਮ ਸ਼ਹਿਰੀਆਂ ਵਿੱਚ ਗੁਰਦੁਆਰਿਆਂ ਅੰਦਰ ਅੱਖਾਂ ਮੀਟਣ ਵਾਲੀ ਬਹੁਤ ਵੱਡੀ ਭਗਤੀ ਹੈ ਜਿਸ ਨੂੰ ਇਹ ਲਿਵ ਲੱਗੀ ਆਖਦੇ ਹਨ। ਸ਼ਹਿਰਾਂ ਵਿੱਚ ਸਿੱਖੀ ਦੀ ਸ਼ੈਲੀ ਕਈ ਪ੍ਰਕਾਰ ਦੀ ਹੈ। ਕਈ ਦੁਕਾਨਦਾਰ ਤਾਬਿਆ ਬੈਠੇ ਗ੍ਰੰਥੀ ਜੀ ਪਾਸੋਂ ਫੁੱਲ ਲੈ ਕੇ ਆਪਣੀ ਪੱਗ ਵਿੱਚ ਟੰਗਣਾ ਨਹੀਂ ਭੁੱਲਦੇ। ਹੋਰ ਤਾਂ ਹੋਰ ਬਹੁਤ ਸਾਰਿਆਂ ਗੁਰਦੁਆਰਿਆਂ ਵਿੱਚ ਸ਼ਰੇਆਮ ਪਾਣੀ ਦੀਆਂ ਚੁਲ਼ੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਜਲ ਜਾਂ ਅੰਮ੍ਰਿਤ ਕਹਿਆ ਜਾਂਦਾ ਹੈ। ਕਈ ਗੁਰਦੁਆਰਿਆਂ ਵਿੱਚ ਪਾਣੀ ਦਾ ਘੜਾ ਭਰ ਕੇ ਵੀ ਰੱਖਿਆ ਹੁੰਦਾ ਹੈ ਜਿਸ ਤੋਂ ਆਮ ਸ਼ਰਧਾਲੂ ਪਾਣੀ ਦੀਆਂ ਚੁੱਲ਼ੀਆਂ ਲੈਣੀਆਂ ਨਹੀਂ ਭੁਲਦੇ।
ਗੱਲਬਾਤਾਂ ਕਰਦਿਆਂ ਛਿੰਦਾ ਤਾਏ ਨੂੰ ਪੁੱਛਦਾ ਹੈ ਕਿ ਤਾਇਆ, “ਸ਼ਹਿਰਾਂ ਵਿੱਚ ਦੇਖਣ ਨੂੰ ਜਿੱਥੇ ਸਿੱਖੀ ਪਹਿਰਾਵਾ ਪੂਰਾ ਹੈ ਓੱਥੇ ਪਿੰਡਾਂ ਵਿੱਚ ਬਹੁਤਿਆਂ ਨੇ ਸਿੱਖੀ ਪਹਿਰਾਵਾ ਧਾਰਨ ਨਹੀਂ ਕੀਤਾ ਹੋਇਆ ਹੈ”। ਤਾਏ ਨੇ ਛਿੰਦੇ ਨੂੰ ਦੱਸਿਆ ਕਿ ਇਹ ਨਹੀਂ ਕਿ ਪਿੰਡਾਂ ਵਿੱਚ ਮਨਮਤ ਨਹੀਂ ਹੈ। “ਛਿੰਦਿਆਂ ਪਿੰਡਾਂ ਵਿੱਚ ਬਹੁਤੇ ਬਾਹਰੋਂ ਹੀ ਧਰਮੀ ਹੋਣ ਦਾ ਢੌਂਗ ਰਚਦੇ ਹੀ ਦਿਸਦੇ ਹਨ ਪਰ ਬਹੁਤੇ ਰੀਤੀ ਰਿਵਾਜ ਸਾਧਾਂ ਦਿਆਂ ਕਹਿਆਂ `ਤੇ ਹੀ ਕਰਦੇ ਹਨ” ਤਾਏ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਛਿੰਦਿਆ ਆਪਣੇ ਪਿੰਡ ਦੀ ਹੀ ਗੱਲ ਲੈ ਲਾ, ਸਾਡੇ ਪਿੰਡ ਵਿੱਚ ਦੋ ਗੁਰਦੁਆਰੇ ਹਨ ਤੇ ਘੱਟੋ ਘੱਟ ਬਾਹਰ ਚਾਰ ਸਪੀਕਰ ਵੀ ਲੱਗੇ ਹੋਏ ਪਰ ਨਾਲ ਪਿੰਡ ਵਿੱਚ ਕਬਰਾਂ ਵੀ ਬਣੀਆਂ ਹੋਈਆਂ ਹਨ।
ਦੁਆਬੇ ਵਿੱਚ ਜਿੱਥੇ ਗੁਰਦੁਆਰਿਆਂ ਵਿੱਚ ਇਹ ਦੋਹਰਾ ਪੜ੍ਹਿਆ ਜਾਂਦਾ ਹੈ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹਰ ਘਰ ਨੇ ਆਪਣੇ ਜਠੇਰੇ ਵੀ ਬਣਾਏ ਹੋਏ ਹਨ। ਇਹ ਲੋਕ ਵੀਰਵਾਰ ਨੂੰ ਜਠੇਰਿਆਂ ਦੇ ਬਣਾਏ ਹੋਏ ਖੁੱਢਿਆਂ ਵਿੱਚ ਤੇਲ ਪਉਣਾ ਵੀ ਨਹੀਂ ਭੁੱਲਦੇ। ਅਸਲ ਵਿੱਚ ਸ਼ਹਿਰ ਵਿੱਚ ਰਹਿਣ ਵਾਲੇ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਰਹਿਣ ਦੀ ਗੱਲ ਹੋਵੇ ਪਰ ਗੱਲ ਤਾਂ ਸਿੱਖ ਸਿਧਾਂਤ ਨੂੰ ਸਮਝਣ ਦੀ ਹੈ।
ਸ਼ਹਿਰ ਵਿੱਚ ਕੁੱਝ ਦਿਨ ਰਹਿੰਦਿਆਂ ਤਾਏ ਨੇ ਨਗਰ ਕੀਰਤਨ, ਕੀਰਤਨ ਦਰਬਾਰ, ਸਿਮਰਨ ਦੀਆਂ ਵੰਨ-ਸੁਵੰਨੀਆਂ ਵੰਨਗੀਆਂ ਅਤੇ ਹੋਰ ਬਹੁਤ ਕੁੱਝ ਸੁਣਿਆ ਦੇਖਿਆ। ਤਾਏ ਨੂੰ ਬਹੁਤੀਆਂ ਗੱਲਾਂ ਅਜੀਬ ਜੇਹੀਆਂ ਲੱਗੀਆਂ, ਸਿਆਣਿਆਂ ਬਿਆਣਿਆਂ ਬੰਦਿਆਂ ਨੇ ਦਾੜੀ ਕੇਸ ਤਾਂ ਰੱਖੇ ਹਨ ਪਰ ਸਿਰ `ਤੇ ਨਿਕਾ ਜੇਹਾ ਪਟਕਾ ਬੰਨ੍ਹਿਆ ਹੁੰਦਾ ਹੈ। ਹੱਥਾਂ ਵਿੱਚ ਕੜਾ ਪਾਇਆ ਹੋਇਆ ਹੈ ਪਰ ਲਾਲ ਧਾਗਾ ਵੀ ਬੱਧਾ ਹੋਇਆ ਹੈ। ਏੱਥੇ ਹੀ ਬੱਸ ਨਹੀਂ ਗੁਰਦੁਆਰੇ ਆਉਣ ਵਾਲੇ ਬਹੁਤੇ ਦੁਕਾਨਦਾਰਾਂ ਦਿਆਂ ਹੱਥਾਂ ਦੀਆਂ ਉਂਗਲ਼ਾਂ ਵਿੱਚ ਪੰਡਤ ਵਲੋਂ ਦੱਸੇ ਹੋਏ ਨਗ ਵੀ ਸ਼ੋਭਾ ਦੇ ਰਹੇ ਹਨ।
ਤਾਏ ਨੂੰ ਸਭ ਤੋਂ ਵੱਧ ਦੁੱਖ ਓਦੋਂ ਹੋਇਆ ਜਦੋਂ ਉਸ ਦੁਕਾਨਦਾਰ ਦੇ ਦਰਸ਼ਨ ਕੀਤੇ ਜਿਹੜਾ ਰਾਤੀਂ ਕੀਰਤਨ ਦਰਬਾਰ ਵਿੱਚ ਝੂੰਮ ਝੂੰਮ ਕੇ ਕੀਰਤਨ ਸੁਣ ਰਿਹਾ ਸੀ ਤਾਏ ਨੇ ਸਮਝਿਆ ਬਈ ਇਹ `ਤੇ ਬਹੁਤਾ ਵੱਡਾ ਸਿੱਖ ਹੋਣਾ ਜਿਹੜਾ ਏਨੀ ਮਸਤੀ ਨਾਲ ਕੀਰਤਨ ਸੁਣ ਰਿਹਾ ਹੈ।
ਅਚਾਨਕ ਤਾਇਆ ਛਿੰਦੇ ਨਾਲ ਇੱਕ ਦੁਕਾਨ `ਤੇ ਗਿਆ। ਤਾਇਆ ਕੀ ਦੇਖਦਾ ਹੈ ਕਿ ਇਹ ਤਾਂ ਉਹੀ ਦੁਕਾਨਦਾਰ ਹੈ ਜਿਹੜਾ ਰਾਂਤੀਂ ਅੱਖਾਂ ਮੀਚ ਮੀਚ ਕੇ ਕੀਰਤਨ ਸ਼ਰਵਣ ਕਰ ਰਿਹਾ ਸੀ। ਤਾਇਆ ਕੀ ਦੇਖਦਾ ਹੈ ਕਿ ਦੁਕਨਦਾਰ ਦੇਖਣ ਨੂੰ ਪੂਰਾ ਗੁਰਸਿੱਖ ਲਗਦਾ ਹੈ ਪਰ ਦੁਕਾਨ ਅੰਦਰ ਪੂਜਾ ਦੇਵੀ ਦੇਵਤਿਆਂ ਦੀ ਕਰ ਰਿਹਾ ਹੈ। ਇਸ ਦੁਕਾਨਦਾਰ ਨੇ ਕਈ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਆਪਣੇ ਗੱਲੇ ਦੇ ਮਗਰਲੇ ਪਾਸੇ ਲਗਾਈਆਂ ਹੋਈਆਂ ਸਨ।
ਹਨੇਰ ਸਾਂਈ ਦਾ ਇਸ ਦੁਕਾਨਦਾਰ ਨੇ ਬਾਬਾ ਦੀਪ ਸਿੰਘ ਦੀ ਤਸਵੀਰ ਵੀ ਨਾਲ ਹੀ ਲਗਾਈ ਹੋਈ ਸੀ। ਥੋੜੀ ਉਪਰ ਕਰਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਲਗਾਈ ਹੋਈ ਸੀ। ਇਹਨਾਂ ਸਾਰੀਆਂ ਤਸਵੀਰਾਂ ਦੇ ਸਾਹਮਣੇ ਦੇਸੀ ਘਿਓ ਦਾ ਦਿਨ ਦੀਵੀਂ ਦੀਵਾ ਜਗਾਇਆ ਹੋਇਆ ਸੀ ਤੇ ਨਾਲ ਇੱਕਠੀਆਂ ਪੰਜ ਧੂਪਾਂ ਵੀ ਧੁਖਾਈਆਂ ਹੋਈਆਂ ਸਨ।
ਤਾਇਆ ਲੰਮਾ ਜੇਹਾ ਸਾਹ ਲੈ ਕੇ ਛਿੰਦੇ ਨੂੰ ਕਹਿੰਦਾ ਹੈ, ਕਿ “ਛਿੰਦਿਆ ਇਸ ਦੁਕਾਨਦਾਰ ਨੇ ਗੁਰਬਾਣੀ ਨੂੰ ਮੱਥਾ ਜ਼ਰੂਰ ਟੇਕਿਆ ਹੈ ਝੂਮ ਝੂਮ ਕੇ ਕੀਰਤਨ ਵੀ ਸੁਣਿਆ ਈ ਪਰ ਇਸ ਨੇ ਗੁਰਬਾਣੀ ਦਾ ਅਸਰ ਕੋਈ ਨਹੀਂਓਂ ਕਬੂਲਿਆ”।
ਤਾਏ ਨੇ ਕੁੱਝ ਹੋਰ ਵੀ ਦੁਕਾਨਾਂ ਦੇਖੀਆਂ ਪਰ ਕਹਿੰਦੇ ਕਹਾਉਂਦੇ ਸਿੱਖਾਂ ਦੀਆਂ ਦੁਕਾਨਾਂ ਵਿੱਚ ਗਣੇਸ਼, ਸ਼ਿਵ, ਬਾਬਾ ਦੀਪ ਸਿੰਘ ਰਾਧਾ ਸੁਆਮੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਦੇਖੀਆਂ ਤਾਂ ਤਾਏ ਨੇ ਕਿਹਾ, ਕਿ “ਛਿੰਦਿਆ ਬੁਰਾ ਨਾ ਮਨਾਈਂ ਇਹ ਸਾਰੇ ਦਿਖਾਵੇ ਦੇ ਹੀ ਸਿੱਖ ਹਨ”।
ਤਾਏ ਨੇ ਓਦੋਂ ਕਚੀਚੀ ਵੱਟੀ ਜਦੋਂ ਇੱਕ ਅੰਮ੍ਰਿਤਧਾਰੀ ਕੁੱਤਿਆਂ ਨੂੰ ਬਰੈੱਡ ਪਾ ਰਿਹਾ ਸੀ ਤੇ ਦੂਜਾ ਅਵਾਰਾ ਗਊਆਂ ਨੂੰ ਮੁੱਲ ਲੈ ਕੇ ਪੱਠੇ ਪਾ ਰਿਹਾ ਸੀ। ਤਾਇਆ ਕਹਿੰਦਾ ਛਿੰਦਿਆ ਕਾਦ੍ਹੇ ਸਿੱਖ ਆ ਮੈਨੂੰ ਤਾਂ ਆਹ ਅਡੰਬਰ ਦੇਖ ਕੇ ਕਚਿਆਣ ਜੇਹੀ ਆਉਂਦੀ ਆ।
ਅਜੇ ਗੱਲਾਂ ਹੀ ਕਰ ਰਹੇ ਸਨ ਤਾਂ ਤਾਇਆ ਕੀ ਦੇਖਦਾ ਹੈ ਕਿ ਇੱਕ ਦੁਕਾਨਦਾਰ ਸ਼ਿਵ ਦੀਆਂ ਟੱਲੀਆਂ ਵਜਾਉਣ ਵਾਲੇ ਦੀ ਟੱਲੀ ਵਿੱਚ ਪੈਸੇ ਪਾ ਰਿਹਾ ਸੀ ਫਿਰ ਸ਼ਨੀ ਦੇਵਤੇ ਦੀ ਸਾੜ੍ਹਸਤੀ ਦੂਰ ਕਰਨ ਲਈ ਤੇਲ ਵਿੱਚ ਪੈਸੇ ਵੀ ਪਾ ਰਿਹਾ ਸੀ।
ਸਿੱਖਾਂ ਦੀਆਂ ਦੁਕਾਨਾਂ `ਤੇ ਨਿੰਬੂ ਤੇ ਹਰੀਆਂ ਮਿਰਚਾ ਬੱਧੀਆਂ ਹੋਈਆਂ ਦੇਖ ਕੇ ਤਾਇਆ ਪੁਛਦਾ, ਕਿ “ਛਿੰਦਿਆ ਨਿੰਬੂ ਦੀ ਵਰਤੋਂ ਕਰਨ ਨਾਲ ਤਾਂ ਕਈ ਬਿਮਾਰੀਆਂ ਦੂਰ ਹੁੰਦੀਆਂ ਤੇ ਲਾਲ ਮਿਰਚ ਤੋਂ ਵਿਟਮਿਨ ਮਿਲਦਾ ਹੈ ਪਰ ਦਰਵਾਜ਼ੇ `ਤੇ ਟੰਗਣ ਨਾਲ ਮੈਨੂੰ ਨਹੀਂ ਲਗਦਾ ਕਿ ਸ਼ਾਇਦ ਕੋਈ ਅਸਰ ਹੂੰਦਾ ਹੋਵੇ”।
ਸ਼ਹਿਰੀ ਦੁਕਾਨਦਾਰ ਕੀ ਹਿੰਦੂ ਕੀ ਸਿੱਖ ਸਾਰੇ ਹੀ ਆਪਣੀ ਦੁਕਾਨ ਦਾ ਕੂੜਾ ਹੂੰਝ ਕੇ ਇੱਕ ਦੂਜੇ ਦੀ ਦੁਕਾਨ ਅੱਗੇ ਜਾਂ ਸੜਕ ਦੇ ਵਿਚਕਾਰ ਸੁੱਟ ਦੇਂਦੇ ਹਨ ਤੇ ਇਹਨਾਂ ਵਿਚੋਂ ਬਹੁਤੇ ਗੁਰਦੁਆਰਿਓਂ ਜਾਂ ਮੰਦਰ ਵਿਚੋਂ ਪ੍ਰਸਾਦ ਲੈ ਕੇ ਵੀ ਆਏ ਹੁੰਦੇ ਹਨ।




.