.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਵੀਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੯ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੩॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ॥ ੧ 

ਮਃ ੩॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ॥ ੨ 

ਮਃ ੩॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩ 

ਪਉੜੀ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ॥ ੯ 

(ਸਟੀਕ-ਪਉੜੀ ੯, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੩॥ ਕਾਮਣਿ ਤਉ ਸੀਗਾਰੁ ਕਰਿ, ਜਾ ਪਹਿਲਾਂ ਕੰਤੁ ਮਨਾਇ॥ ਮਤੁ ਸੇਜੈ ਕੰਤੁ ਨ ਆਵਈ, ਏਵੈ ਬਿਰਥਾ ਜਾਇ॥ ਕਾਮਣਿ ਪਿਰ ਮਨੁ ਮਾਨਿਆ, ਤਉ ਬਣਿਆ ਸੀਗਾਰੁ॥ ਕੀਆ ਤਉ ਪਰਵਾਣੁ ਹੈ, ਜਾ ਸਹੁ ਧਰੇ ਪਿਆਰੁ॥ ਭਉ ਸੀਗਾਰੁ, ਤਬੋਲ ਰਸੁ, ਭੋਜਨੁ ਭਾਉ ਕਰੇਇ॥ ਤਨੁ ਮਨੁ ਸਉਪੇ ਕੰਤ ਕਉ, ਤਉ ਨਾਨਕ ਭੋਗੁ ਕਰੇਇ॥ ੧॥ {ਪੰਨਾ ੭੮੮}

ਪਦ ਅਰਥ : —ਕਾਮਣਿ—ਜੀਵ ਇਸਤ੍ਰੀ। ਤਉ—ਉਹੀ, ਜਿਹੜਾ ਤੇਰੇ ਪ੍ਰਭੂ ਪਤੀ ਨੂੰ ਪਸੰਦ ਹੋਵੇ। ਜਾ— ਜਿਸ ਤੌਂ, ਤੇਰੇ ਰਾਹੀਂ ਜਿਸ ਕੀਤੇ ਸ਼ਿੰਗਾਰ ਤੋਂ। ਮਨਾਇ—ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਵੇਂ। ਤਉ—ਤਦੋਂ। ਮਤੁ—ਮਤਾਂ। ਸੇਜੈ—ਹਿਰਦਾ ਰੂਪੀ ਸੇਜ `ਤੇ। ਬਿਰਥਾ—ਵਿਅਰਥ। ਪਿਰ ਮਨੁ—ਪ੍ਰਭੂ ਪਤੀ ਦਾ ਮਨ। ਕੀਆ—ਕੀਤਾ ਹੋਇਆ ਸਿੰਗਾਰ, ਸ਼ਬਦ ਗੁਰੂ ਦੀ ਸ਼ਰਨ `ਚ ਆਉਣ ਕਰਕੇ, ਸ਼ਬਦ-ਗੁਰੂ ਕਮਾਈ ਰਾਹੀਂ। ਕੀਆ ਤਉ ਪਰਵਾਣੁ ਹੈ—ਪ੍ਰਭੂ ਪਤੀ ਦੇ ਦਰ `ਤੇ ਕੇਵਲ ਉਹੀ ਜੀਵ ਇਸਤ੍ਰੀ ਪ੍ਰਵਾਣ ਹੁੰਦੀ ਹੈ ਜਿਹੜੀ ਪਹਿਲਾਂ ਸ਼ਬਦ-ਗੁਰੂ ਦੀ ਕਮਾਈ ਰੂਪ ਸ਼ਿੰਗਾਰ ਕਰਦੀ ਹੈ।

ਭਉ —ਪ੍ਰਭੂ ਪਤੀ ਦਾ ਨਿਰਮਲ ਭਉ। ਤਬੋਲ ਰਸੁ—ਪਾਨ ਆਦਿ ਦੇ ਚੱਸਕੇ ਤੇ ਰਸ। ਭਉ ਸੀਗਾਰੁ ਤਬੋਲ ਰਸ— ਤੇਰੇ ਮਨ ਅੰਦਰ ਪ੍ਰਭੂ ਪਤੀ ਦਾ ਨਿਰਮਲ ਭੳ ਹੀ ਤੇਰੇ ਲਈ ਜੀਵਨ ਦਾ ਸ਼ਿੰਗਾਰ ਤੇ ਇਹੀ ਤੇਰੇ ਲਈ ਸੰਸਾਰਕ ਮੋਹ ਮਾਇਆ ਦੇ ਰਸ ਹੋਣ, ਭਾਵ ਤੂੰ ਸੰਸਾਰਕ ਮੋਹ ਮਾਇਆ ਦੇ ਰਸਾਂ `ਚ ਖੱਚਤ ਨਾ ਹੋਵੇਂ ਅਤੇ ਮਨ ਕਰਕੇ ਤੂੰ ਪ੍ਰਭੂ ਪਤੀ ਦੇ ਰੰਗ `ਚ ਰੰਗੀ ਰਵੇਂ। ਭਾਉ—ਪਿਆਰ, ਪ੍ਰਭੂ ਲਈ ਸਤਿਕਾਰ। ਤਉ ਤਦੋਂ। ਭੋਗੁ ਕਰੇਇ — ਪ੍ਰਭੂ, ਜੀਵ ਇਸਤ੍ਰੀ ਦੇ ਹਿਰਦੇ ਰੂਪੀ ਸੇਜਾ `ਤੇ ਪ੍ਰਗਟ ਹੋ ਜਾਂਦਾ ਹੈ, ਅਜਿਹੀ ਜੀਵ ਇਸਤ੍ਰੀ ਪ੍ਰਭੂ ਪਤੀ ਦੇ ਦਰ `ਤੇ ਕਬੂਲ ਹੋ ਜਾਂਦੀ ਹੈ, ਉਸ ਜੀਵ ਇਸਤ੍ਰੀ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

ਅਰਥ : — "ਕਾਮਣਿ ਤਉ ਸੀਗਾਰੁ ਕਰਿ, ਜਾ ਪਹਿਲਾਂ ਕੰਤੁ ਮਨਾਇ" -ਹੇ ਜੀਵ ਇਸਤ੍ਰੀ! ਤੂੰ ਆਪਣੇ ਜੀਵਨ `ਚ ਕੇਵਲ ਉਹੀ ਅਤੇ ਉਸੇ ਤਰ੍ਹਾਂ ਦਾ ਸਿੰਗਾਰ ਕਰ ਭਾਵ ਤੂੰ ਸ਼ਬਦ-ਗੁਰੂ ਦੀ ਸ਼ਰਣ `ਚ ਆ ਅਤੇ ਸ਼ਬਦ-ਗੁਰੂ ਦੀ ਹੀ ਕਮਾਈ ਵੀ ਕਰ, ਜਿਸ ਤੋਂ ਤੇਰਾ ਪ੍ਰਭੂ-ਪਤੀ ਤੇਰੇ `ਤੇ ਪ੍ਰਸੰਨ ਹੋ ਜਾਵੇ।

"ਮਤੁ ਸੇਜੈ ਕੰਤੁ ਨ ਆਵਈ, ਏਵੈ ਬਿਰਥਾ ਜਾਇ" - ਐ ਜੀਵ ਇਅਤ੍ਰੀ! ਜਦੋਂ ਤੀਕ ਤੂੰ ਆਪਣੇ ਪ੍ਰਭੂ ਪਤੀ ਨੂੰ ਪ੍ਰਸੰਨ ਨਹੀਂ ਕਰ ਲਵੇਂਗੀ, ਤਦ ਤੀਕ ਤੇਰੇ ਹਿਰਦੇ ਦੀ ਸੇਜਾ `ਤੇ ਤੇਰਾ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਨਹੀਂ ਹੋਵੇਗਾ ਅਤੇ ਪ੍ਰਭੂ ਪਤੀ ਤੌਂ ਤੇਰਾ ਇਹ ਵਿਛੋੜਾ ਬਣਿਆ ਹੀ ਰਵੇਗਾ।

ਤੇਰੀ ਅਜਿਹੀ ਮਾਨਸਿਕ ਅਵਸਥਾ ਕਾਰਣ, ਤੇਰੇ ਰਾਹੀਂ ਪ੍ਰਭੂ ਪਤੀ ਦੇ ਮਿਲਾਪ ਲਈ ਕੀਤੇ ਜਾ ਰਹੇ ਸਮੂਹ ਕਰਮ-ਧਰਮ ਅਤੇ ਕਰਮਕਾਂਡਾਂ ਰੂਪੀ ਸ਼ਿੰਗਾਰ, ਬਿਰਥਾ ਜਾਣਗੇ ਅਤੇ ਇਸ ਤਰ੍ਹਾਂ ਤੇਰੇ ਰਾਹੀਂ ਕੀਤੇ ਜਾ ਰਹੇ ਉਨ੍ਹਾਂ ਸਮੂਹ ਧਰਮ-ਕਰਮਾਂ ਤੇ ਕਰਮਕਾਂਡਾਂ ਦਾ ਤੈਨੂੰ ਕੁੱਝ ਵੀ ਲਾਭ ਨਹੀਂ ਹੋਵੇਗਾ।

"ਕਾਮਣਿ ਪਿਰ ਮਨੁ ਮਾਨਿਆ, ਤਉ ਬਣਿਆ ਸੀਗਾਰੁ" - ਹੇ ਜੀਵ ਇਸਤ੍ਰੀ! ਪ੍ਰਭੂ ਪਤੀ ਦੇ ਮਿਲਾਪ ਲਈ ਤੇਰਾ ਕੀਤਾ ਹੋਇਆ ਕੇਵਲ ਉਹੀ ਸਿੰਗਾਰ ਤੇਰੇ ਲਈ ਲਾਹੇਵੰਦ ਹੈ ਜਿਹੜਾ ਤੇਰੇ ਪ੍ਰਭੂ ਪਤੀ ਨੂੰ ਚੰਗਾ ਲਗੇ ਅਤੇ ਤੂੰ ਉਸ ਦੇ ਮਨ ਨੂੰ ਭਾ ਜਾਵੇ। ਇਸ ਤਰ੍ਹਾਂ ਤੇਰਾ ਪ੍ਰਭੂ ਪਤੀ ਤੈਨੂੰ ਅਪਣਾ ਲਵੇ, ਤੈਨੂੰ ਆਪਣੇ ਦਰ `ਤੇ ਕਬੂਲ ਕਰ ਲਵੇ।

"ਕੀਆ ਤਉ ਪਰਵਾਣੁ ਹੈ, ਜਾ ਸਹੁ ਧਰੇ ਪਿਆਰੁ" - ਤਾਂ ਤੇ ਜਿਹੜੀ ਜੀਵ ਇਸਤ੍ਰੀ ਸ਼ਬਦ-ਗੁਰੂ ਦਾ ਕਮਾਈ ਵਾਲਾ ਸ਼ਿੰਗਾਰ ਕਰਦੀ ਹੈ ਤਾਂ ਉਸ ਜੀਵ ਇਸਤ੍ਰੀ ਰਾਹੀਂ ਕੀਤਾ ਹੋਇਆ ਉਹ ਸ਼ਿਗਾਰ ਪ੍ਰਭੂ ਪਤੀ ਦੇ ਦਰ `ਤੇ ਪ੍ਰਵਾਣ ਹੋ ਜਾਂਦਾ ਹੈ ਅਤੇ ਉਸਨੂੰ ਪਿਆਰਾ ਤੇ ਚੰਗਾ ਵੀ ਲਗਦਾ ਹੈ।

ਉਸੇ ਕਾਰਣ ਉਹ ਵੀ ਆਪਣੇ ਪ੍ਰਭੂ ਪਤੀ ਨੂੰ ਚੰਗੀ ਲਗਦੀ ਹੈ ਤੇ ਪਿਆਰੀ ਵੀ। ਭਾਵ ਉਹ ਜੀਂਦੇ ਜੀਅ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੀ ਹੈ, ਉਸ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

"ਭਉ ਸੀਗਾਰੁ ਤਬੋਲ ਰਸੁ, ਭੋਜਨੁ ਭਾਉ ਕਰੇਇ" - ਇਸ ਤਰ੍ਹਾਂ ਜਿਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਿਰਮਲ-ਭਉ `ਚ ਰਹਿਣ ਨੂੰ ਆਪਣੇ ਜੀਵਨ ਦਾ ਸਿੰਗਾਰ ਅਤੇ ਸੰਸਾਰਕ ਮੋਹ ਮਾਇਆ ਦੇ ਰਸਾਂ ਦੇ ਤਿਆਗ ਨੂੰ ਆਪਣੇ ਲਈ ਪਾਨ ਦੇ ਬੀੜੇ ਆਦਿ ਦਾ ਰਸ ਬਣਾ ਲੈਂਦੀ ਹੈ, ਇਸ ਤਰ੍ਹਾਂ ਉਹ ਹਰ ਸਮੇਂ ਪ੍ਰਭੂ ਦੇ ਰੰਗ `ਚ ਰੰਗੇ ਰਹਿਣ ਨੂੰ ਹੀ ਆਪਣਾ ਭੋਜਨ ਤੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੀ ਹੈ।

"ਤਨੁ ਮਨੁ ਸਉਪੇ ਕੰਤ ਕਉ, ਤਉ ਨਾਨਕ ਭੋਗੁ ਕਰੇਇ"॥ ੧॥ - ਹੇ ਨਾਨਕ! ਇਸ ਤਰ੍ਹਾਂ ਜਿਹੜੀ ਜੀਵ-ਇਸਤ੍ਰੀ ਆਪਣਾ ਤਨ ਤੇ ਮਨ ਭਾਵ ਆਪਣੇ ਸਮੂਹ ਗਿਆਨ ਤੇ ਕਰਮ ਇੰਦ੍ਰੇ ਪ੍ਰਭੂ ਦੇ ਅਰਪਣ ਕਰ ਦਿੰਦੀ ਹੈ ਅਤੇ ਖਿੜੇ ਮੱਥੇ ਪੂਰਨ ਤੌਰ ਤੇ ਸਦਾ ਸਪ੍ਰਭੂ ਦੀ ਰਜ਼ਾ `ਚ ਹੀ ਚਲਦੀ ਹੈ।

"ਤਉ ਨਾਨਕ ਭੋਗੁ ਕਰੇਇ" ਤਾਂ ਪ੍ਰਭੂ ਪਤੀ ਵੀ ਉਸ ਜੀਵ ਇਸਤ੍ਰੀ ਦੇ ਹਿਰਦੇ ਦੀ ਸੇਜ ਤੋਂ ਪ੍ਰਗਟ ਜਾਂਦਾ ਹੈ। ਭਾਵ ਉਹ ਜੀਂਦੇ-ਜੀਅ ਪ੍ਰਭੂ `ਚ ਅਭੇਦ ਹੋ ਕੇ ਜੀਂਦੀ, ਅਤੇ ਪ੍ਰਭੂ `ਚ ਹੀ ਸਮਾਅ ਜਾਂਦੀ ਹੈ। ਉਸ ਨੂੰ ਮੁੜ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਣਾ ਪੈਂਦਾ। ੧।

ਮਃ ੩॥ ਕਾਜਲ ਫੂਲ ਤੰਬੋਲ ਰਸੁ, ਲੇ ਧਨ ਕੀਆ ਸੀਗਾਰੁ॥ ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ॥ ੨॥ {ਪੰਨਾ ੭੮੮}

ਪਦ ਅਰਥ : —ਕਾਜਲ ਫੂਲ ਤੰਬੋਲ ਰਸੁ, ਲੇ ਧਨ ਕੀਆ ਸੀਗਾਰ—ਪ੍ਰਭੂ ਪਤੀ ਨੂੰ ਵਿਸਾਰ ਕੇ ਸੰਸਾਰਕ ਮੋਹ ਮਾਇਆ `ਚ ਖੱਚਤ ਜੀਵ ਇਸਤ੍ਰੀ ਰਾਹੀਂ ਕੀਤੇ ਜਾ ਰਹੇ ਬੇਅੰਤ ਧਰਮ-ਕਰਮ ਤੇ ਕਰਮ ਕਾਂਡ। ਧਨ—ਜੀਵ ਇਸਤ੍ਰੀ। ਵਿਕਾਰੁ—ਬੇਅਰਥ, ਇਸ ਸਾਰੇ ਦਾ ਕੁੱਝ ਲਾਭ ਨਾ ਹੋਇਆ।

ਸੇਜੈ ਕੰਤੁ ਨ ਆਇਓ-—ਪ੍ਰਭੂ ਪਤੀ ਨਾਲ ਜੀਵ ਇਸਤ੍ਰੀ ਦਾ ਮਿਲਾਪ ਨਾ ਹੋਇਆ, ਉਸਦਾ ਮਨੁੱਖਾ ਜਨਮ ਸਫ਼ਲ ਨਾ ਹੋਇਆ ਤੇ ਬਿਰਥਾ ਹੀ ਚਲਾ ਗਿਆ। ਏਵੈ—ਅੇਵੇਂ ਹੀ, ਵਿਅਰਥ ਹੀ।

ਅਰਥ : — "ਕਾਜਲ ਫੂਲ ਤੰਬੋਲ ਰਸੁ, ਲੇ ਧਨ ਕੀਆ ਸੀਗਾਰੁ" - ਜਿਸ ਜੀਵ ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ ਭਾਵ ਜਿਸ ਜੀਵ ਇਸਤ੍ਰੀ ਨੇ ਸਭ ਪ੍ਰਕਾਰ ਦੇ ਧਰਮ-ਕਰਮ ਤੇ ਧਾਰਮਿਕ ਕਰਮ ਕਾਂਡ ਤਾਂ ਬਹੁਤੇਰੇ ਕੀਤੇ।

"ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ॥ ੨॥" ਫ਼ਿਰ ਭਾਵੇਂ ਇਸ ਜੀਵ ਇਸਤ੍ਰੀ ਨੇ ਇਹ ਸਭ ਧਰਮ-ਕਰਮ ਤੇ ਧਾਰਮਿਕ ਕਰਮ ਕਾਂਡ ਪ੍ਰਭੂ ਪਤੀ ਦੇ ਮਿਲਾਪ ਤੇ ਉਸ ਨੂੰ ਪ੍ਰਸੰਨ ਕਰਣ ਲਈ ਹੀ ਕੀਤੇ ਸਨ; ਪਰ ਜਦੋਂ

ਜੀਵ ਇਸਤ੍ਰੀ ਨੇ ਇਹ ਸਮੂਹ ਧਰਮ-ਕਰਮ ਤੇ ਧਾਰਮਿਕ ਕਰਮ ਕਾਂਡ ਸੰਸਾਰਕ ਮੋਹ ਮਾਇਆ `ਚ ਖੱਚਤ ਰਹਿ ਕੇ, ਆਪਹੁੱਦਰੇ ਪਣ `ਚ ਪ੍ਰਭੂ ਪਤੀ ਨੂੰ ਵਿਸਾਰ ਕੇ ਭਾਵ ਹਊਮੇ ਵੱਸ ਕੀਤੇ ਤਾਂ ਇਸ ਦਾ ਪ੍ਰਭੂ ਪਤੀ ਨਾਲ ਮਿਲਾਪ ਨਾ ਹੋਇਆ, ਪ੍ਰਭੂ ਇਸ ਦੇ ਹਿਰਦਾ ਰੂਪੀ ਸੇਜਾ `ਤੇ ਪ੍ਰਗਟ ਨਾ ਹੋਇਆ।

ਜਿਸ ਤੋਂ ਇਸ ਦਾ ਇਹ ਸਾਰਾ ਕੀਤਾ ਹੋਇਆ ਸਿੰਗਾਰ ਬੇਕਾਰ ਤੇ ਬਿਰਥਾ ਗਿਆ ਭਾਵ ਇਸ ਦਾ ਪਹਿਲਾਂ ਤੋਂ ਪ੍ਰਭੂ ਪਤੀ ਤੋਂ ਬਣਿਆ ਹੋਇਆ ਵਿਛੋੜਾ, ਪਹਿਲਾਂ ਵਾਂਙ ਹੀ ਕਾਇਮ ਰਿਹਾ ਅਤੇ ਗੁਰਬਾਣੀ ਅਨੁਸਾਰ ਇਹ ਮੁੜ ਉਸੇ ਜਨਮਾਂ, ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਹੀ ਪੈ ਗਈ। ੨।

ਮਃ ੩॥ ਧਨ ਪਿਰੁ ਏਹਿ ਨ ਆਖੀਅਨਿ, ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ॥ ੩॥ {ਪੰਨਾ ੭੮੮}

ਪਦ ਅਰਥ : —ਏਹਿ— ਉਨ੍ਹਾਂ ਨੂੰ {ਲਫ਼ਜ਼ ‘ਏਹ’ ਤੋਂ ‘ਬਹੁ-ਵਚਨ’ ਹੈ, ਜਦਕਿ ਇਸ ਦਾ ‘ਇਕ-ਵਚਨ’ "ਏਹੁ" ਹੈ}। ਮੂਰਤੀ—ਜਿਸਮ, ਮਨੁੱਖਾ ਸਰੀਰ (ਇਸ ਸਲੋਕ ਦੇ ਅਰਥਾਂ ਨੂੰ ਕਰਣ ਤੇ ਸਮਝਣ ਲਈ ਇੳ ਵਿੱਚਲਾ ਇਹ ਲਫ਼ਜ਼ ਮੂਰਤੀ ਵਿਸ਼ੇਸ਼ ਧਿਆਨ ਮੰਗਦਾ ਹੈ)।

ਅਰਥ : — "ਧਨ ਪਿਰੁ ਏਹਿ ਨ ਆਖੀਅਨਿ, ਬਹਨਿ ਇਕਠੇ ਹੋਇ" - ਅਨੰਦ ਕਾਰਜ ਉਪ੍ਰੰਤ ਪਤੀ-ਪਤਨੀ ਦਾ ਆਪਸ `ਚ ਕੇਵਲ ਸਰੀਰਕ ਤਲ `ਤੇ ਇਕੱਠੇ ਹੋ ਜਾਣਾ ਜਾਂ ਬੈਠ ਜਾਣਾ ਹੀ, ਸਹੀ ਅਰਥਾਂ `ਚ ਪਤੀ ਅਤੇ ਪਤਨੀ ਵਾਲੇ ਰੱਬੀ ਰਿਸ਼ਤੇ ਨੂੰ ਸੰਸਾਰ `ਚ ਉਜਾਗ੍ਰ ਨਹੀਂ ਕਰਦਾ।

"ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ"॥ ੩॥ - ਜਦਕਿ ਉਨ੍ਹਾਂ ਦੋਨਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਸਰੀਰ ਕਰਕੇ ਭਾਵੇਂ ਦੋ ਹਨ ਤੇ ਨਜ਼ਰ ਵੀ ਦੋ ਆ ਰਹੇ ਹੋਣ;

ਪਰ ਆਤਮਕ ਤਲ `ਤੇ ਜਿਹੜਾ ਉਨ੍ਹਾਂ ਦੋਨਾਂ ਸਰੀਰਾਂ ਅੰਦਰ ਇਕੋ-ਇਕ ਪ੍ਰਭੂ ਕਰਤਾ-ਪੁਰਖ ਜੀ ਦੇ ਨੂਰ ਦੀ ਹੋਂਦ ਹੈ, ਉਸ ਕਾਰਣ ਸੰਸਾਰ ਅਤੇ ਸਮਾਜਕ ਤਲ `ਤੇ ਵੀ ਉਨ੍ਹਾਂ ਦੋਨਾਂ ਸਰੀਰਾਂ ਅੰਦਰੋਂ ਉਸ ਇਕੋ-ਇਕ ਪ੍ਰਭੂ ਭਾਵ ਰੱਬ ਜੀ ਦੇ ਇਲਾਹੀ ਤੇ ਆਤਮਕ ਗੁਣ ਵੀ ਪ੍ਰਗਟ ਹੋ ਰਹੇ ਹੋਣ।

ਇਸ ਤਰ੍ਹਾਂ ਉਹ ਦੋਵੇਂ ਸਰੀਰ ਮਿਲ ਕਰਕੇ ਗੁਰੂ ਦਰ ਦੇ ਸਤ-ਸੰਗੀਆਂ ਵਾਲੇ ਸੁਅੱਛ ਰੂਪ `ਚ ਆਪਣੇ ਜੀਵਨ ਨੂੰ ਪ੍ਰਗਟ ਤੇ ਬਤੀਤ ਕਰਣ। ਸੰਸਾਰ ਤਲ `ਤੇ ਆਪਸੀ ਵਿਹਾਰ-ਵਰਤੋਂ ਦੌਰਾਨ ਉਨ੍ਹਾਂ ਦੇ ਜੀਵਨ ਅੰਦਰੋਂ ਇਲਾਹੀ ਗੁਣਾਂ ਦਾ ਹੀ ਪ੍ਰਗਟਾਵਾ ਹੋ ਰਿਹਾ ਹੋਵੇ ਆਦਿ। ੩। ਯਥਾ:-

() "ਇਕ ਸਿਖ ਦੁਇ ਸਾਧ ਸੰਗ, ਪੰਜੀ ਪਰਮੇਸ਼ੁਰ" (ਭਾ: ਗੁ: ੧੩/੯) ਬਲਕਿ ਭਾਈ ਗੁਰਦਾਸ ਜੀ ਨੇ ਮਨੁੱਖ ਦੇ ਇਸ ਸੰਸਾਰਕ ਰਿਸ਼ਤੇ ਪ੍ਰਤੀ ਇਥੋਂ ਤੀਕ ਵੀ ਫ਼ੁਰਮਾਇਆ ਹੈ: -

() "ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ" (ਭਾ: ਗੁ: ਕਬਿਤ ੩੭੬)

ਵਿਸ਼ੇਸ਼ ਧਿਆਨ ਯੋਗ- ਨੁੱਕਤਾ ਨੰ: ੧- ਇਸ `ਚ ਰਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਜਦੋਂ ਸ਼ੰਸਾਰ ਤਲ ਦੇ ਸਮੂਹ ਰਿਸ਼ਤਿਆਂ `ਚੌ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ ਨੂੰ ਸਰਬ ਉੱਤਮ ਰਿਸ਼ਤਾ ਮੰਨ ਕੇ ਹੀ, ਗੁਰਦੇਵ ਨੇ ਸਮੂਚੀ ਗੁਰਬਾਣੀ `ਚ ਸਮੂਚੇ ਮਨੁੱਖ ਮਾਤ੍ਰ ਨੂੰ ਇਕੋ-ਇਕ ਪ੍ਰਭੂ ਪਿਤਾ ਦੀਆਂ ਜੀਵ ਇਸਤ੍ਰੀਆਂ ਹੀ ਬਿਆਣਿਆ ਹੋਇਆ ਹੈ। ਜਿਵੇਂ:-

() "ਸਭਨਾ ਖਸਮੁ ਏਕੁ ਹੈ, ਗੁਰਮੁਖਿ ਜਾਣੀਐ" (ਪੰ: ੧੨੯੦)

() "ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸੀਗਾਰੁ" (ਪੰ: ੫੩-੫੪)

() "ਠਾਕੁਰੁ ਏਕੁ ਸਬਾਈ ਨਾਰਿ॥ ਬਹੁਤੇ ਵੇਸ ਕਰੇ ਕੂੜਿਆਰਿ॥ ਪਰ ਘਰਿ ਜਾਤੀ ਠਾਕਿ ਰਹਾਈ॥ ਮਹਲਿ ਬੁਲਾਈ ਠਾਕ ਨ ਪਾਈ॥ ਸਬਦਿ ਸਵਾਰੀ ਸਾਚਿ ਪਿਆਰੀ॥ ਸਾਈ ਸ+ਹਾਗਣਿ ਠਾਕੁਰਿ ਧਾਰੀ" (ਪੰ: ੯੩੩)

() "ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ, ਜੋ ਭਾਵੈ ਪਿਰ ਸਾ ਭਲੀ॥ ਨਾਨਕੁ ਗਰੀਬੁ ਕਿਆ ਕਰੈ ਬਿਚਾਰਾ, ਹਰਿ ਭਾਵੈ ਤਿਤੁ ਰਾਹਿ ਚਲੀ" (ਪੰ: ੫੨੭)

() "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ" (੫ੰ: ੫੯੧-੯੨)

() "ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ" (ਪੰ: ੩੫੧)

() "ਸਹੁ ਮੇਰਾ ਏਕੁ ਦੂਜਾ ਨਹੀ ਕੋਈ॥ ਨਦਰਿ ਕਰੇ ਮੇਲਾਵਾ ਹੋਈ" (ਪੰ: ੩੫੭) ਬਲਕਿ ਗੁਰਦੇਵ ਨੇ ਗੁਰਬਾਣੀ ਵਿੱਚਲੇ:-

(ੳ) ਗੁਰਮੁਖ ਅਤੇ ਮਨਮੁਖ

(ਅ) ਸਫ਼ਲ ਮਨੁਖਾ ਜਨਮ ਅਤੇ ਅਸਫ਼ਲ ਮਨੁੱਖਾ ਜਨਮ

(ੲ) ਸਚਿਆਰ ਅਤੇ ਕੂੜਿਆਰ ਆਦਿ ਮਨੁੱਖਾ ਜੀਵਨ ਦੇ ਇਨ੍ਹਾਂ ਦੋ ਵਿਰੋਧੀ ਪੱਖਾਂ ਤੋਂ ਇਲਾਵਾ ਪਤੀ-ਪਤਨੀ ਦੇ ਸੰਸਾਰਕ ਰਿਸ਼ਤੇ ਨਾਲ ਸੰਬੰਧਤ:-

ਹੱਥਲੀ "ਵਾਰ ਸੂਹੀ ਕੀ ਮ: ੩" `ਚ ਹੁਣ ਤੀਕ ਆ ਚੁੱਕੇ ਸਲੋਕਾਂ `ਚ ਵੀ ਅਤੇ ਉਨ੍ਹਾਂ ਤੋਂ ਇਲਾਵਾ ਗੁਰਬਾਣੀ `ਚ ਹੋਰ ਵੀ ਬੇਅੰਤ ਵਾਰ ਸੁਹਾਗਣ, ਦੁਹਾਗਣ, ਕਾਮਣੀ, ਸਤੀ ਆਦਿ ਸ਼ਬਦਾਵਲੀ ਵਰਤੀ ਹੋਈ ਹੈ ਜਿਵੇ:-

() "ਸਹਜਿ ਸੀਗਾਰ ਕਾਮਣਿ ਕਰਿ ਆਵੈ, ਤਾ ਸੋਹਾਗਣਿ ਜਾ ਕੰਤੈ ਭਾਵੈ" (ਪੰ: ੭੫੦)

() "ਨਾਨਕ ਝੂਰਿ ਮਰਹਿ ਦੋਹਾਗਣੀ, ਜਿਨ ਅਵਰੀ ਲਾਗਾ ਨੇਹੁ" (ਪੰ: ੧੨੮੦)

() "ਮਾਣੁ ਤਾਣੁ ਅਹੰਬੁਧਿ ਹਤੀ ਰੀ॥ ਸਾ ਨਾਨਕ ਸੋਹਾਗਵਤੀ ਰੀ" (ਪੰ: ੭੩੯)

() ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ॥ ਧੰਨੁ ਸਤੀ ਦਰਗਹ ਪਰਵਾਨਿਆ" (ਪੰ: ੧੮੫) ਆਦਿ

ਨੁੱਕਤਾ ਨੰ: ੨-ਜਦਕਿ ਵਿਚਾਰ-ਅਧੀਨ ਸਲੋਕ `ਚ ਇਸਤ੍ਰੀ ਹੋਵੇ ਭਾਵੇਂ ਮਰਦ ਤੀਜੇ ਪਾਤਸ਼ਾਹ ਨੇ ਇਸ ਸਲੋਕ ਰਾਹੀਂ ਸਮੂਚੇ ਮਨੁੱਖ ਮਾਤ੍ਰ ਵਿੱਚਲੇ ਪਤੀ ਤੇ ਪਤਨੀ ਵਾਲੇ ਰਿਸ਼ਤੇ ਸੰਬੰਧੀ ਮਨੁੱਖ ਨੂੰ ਵਿਸ਼ੇਸ਼ ਤੌਰ `ਤੇ ਸੁਚੇਤ ਕੀਤਾ ਹੋਇਆ ਹੈ। ਇਸ ਸਲੋਕ ਰਾਹੀਂ ਫ਼ੁਰਮਾਇਆ ਹੈ ਕਿ:-

ਮਨੁੱਖ ਮਾਤ੍ਰ ਨੇ ਪ੍ਰਭੂ ਵੱਲੋਂ ਸਥਾਪਤ ਸੰਸਾਰ ਚੱਕਰ ਨੂੰ ਚਲਾਉਣ ਵਾਲੇ ਇਸ ਸਰਬ-ਉੱਤਮ ਤੇ ਸਮਾਜਕ ਰਿਸ਼ਤੇ ਦੌਰਾਨ, ਪਤੀ ਤੇ ਪਤਨੀ ਦੋਨਾਂ ਨੇ ਸਤਿਸੰਗੀਆਂ ਦੇ ਰੂਪ `ਚ, ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ, ਕਰਤੇ ਦੇ ਨਿਰਮਲ਼ ਭਉ `ਚ ਰਹਿੰਦੇ ਹੋਏ, ਵੱਡੀ ਸਦਭਾਵਨਾ ਨਾਲ ਸੰਸਾਰ `ਚ ਵਿਚਰਨਾ ਅਤੇ ਇਸ ਰਿਸ਼ਤੇ ਨੂੰ ਨਿਭਾਉਣਾ ਹੈ। ਤਾਂ ਹੀ ਵਿਚਾਰ-ਅਧੀਨ ਪਉੜੀ ਵਿੱਚਲੇ ਸਲੋਕ `ਚ ਇਸ ਸੰਸਾਰਕ ਰਿਸ਼ਤੇ ਪ੍ਰਤੀ ਗੁਰਦੇਵ ਵੱਲੋਂ ਵਿਸ਼ੇਸ਼ ਹਿਦਾਇਤ ਹੈ ਕਿ:-

"ਮਃ ੩॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩ ॥"

ਇਥੌਂ ਤੀਕ ਕਿ ਅਨੰਦਕਾਰਜ ਦੌਰਾਨ "ਸਿੱਖ ਰਹਿਤ ਮਰਿਯਾਦਾ" ਅਨੁਸਾਰ ਵੀ ਪੰ: ੭੭੩-੭੪, ਰਾਗ ਸੂਹੀ ਵਿੱਚਲੀ ਚੌਥੇ ਪਾਤਸ਼ਾਹ ਦੀ ਰਚਨਾ, ਲਾਵਾਂ ਦੇ ਨਾਮ ਹੇਠ, ਜਿਨ੍ਹਾਂ ਚਾਰ ਬੰਦਾਂ ਦਾ ਪਾਠ ਕਰਣ ਦਾ ਪੰਥਕ ਨਿਯਮ ਹੈ, ਉਥੇ ਵੀ ਪਹਿਲੇ ਬੰਦ ਤੋਂ ਵਿਸ਼ੇ ਦਾ ਅਰੰਭ ਹੁੰਦਾ ਹੈ:-

"ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥"

ਉਪ੍ਰੰਤ ਚੌਥੇ ਤੇ ਅੰਤਮ ਬੰਦ ਦੀ ਜਦੋਂ ਸਮਾਪਤੀ ਹੁੰਦੀ ਹੈ ਤਾਂ:-

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥

ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥ ੪ 

ਭਾਵ ਮੂਲ ਰੂਪ `ਚ ਉਥੇ ਵੀ ਗੁਰਦੇਵ ਵੱਲੋਂ ਜਗਿਆਸੂ ਲਈ ਇਹੀ ਸੇਧ ਤੇ ਪਾਤਸ਼ਾਹ ਦਾ ਆਦੇਸ ਹੈ ਕਿ ਸਤਿਗੁਰੂ ਦੀ ਬਖ਼ਸ਼ਿਸ਼ ਸਦਕਾ ਜਦੋਂ ਮਨੁੱਖੀ ਮਨ ਦਾ ਮੋੜ ਪ੍ਰਭੂ, ਕਰਤਾ-ਪੁਰਖ ਜੀ ਵੱਲ ਹੋ ਜਾਵੇ ਤਾਂ ਮਨੁੱਖਾ ਮਨ ਤੇ ਉਸਦੇ ਜੀਵਨ ਦੀ ਸਾਰੀ ਦੌੜ "ਹਰਿ ਪਾਇਆ ਪ੍ਰਭੁ ਅਵਿਨਾਸੀ" ਹੀ ਹੋਣੀ ਚਾਹੀਦੀ ਹੈ, ਤਾ ਕਿ ਮਨੁੱਖ ਦਾ ਪ੍ਰਾਪਤ ਜਨਮ ਸਫ਼ਲ ਹੋ ਜਾਵੇ ਅਤੇ ਇਹ ਬਿਰਥਾ ਨਾ ਜਾਵੇ।

ਜਦਕਿ ਇਥੇ ਪੰਥਕ ਤਲ `ਤੇ ਗੁਰਬਾਣੀ ਵਿੱਚਲੇ ਇਨ੍ਹਾਂ ਚਾਰ ਬੰਦਾ ਦੀੰ ਅਨੰਦ ਕਾਰਜ ਸਮੇਂ ਪਤੀ-ਪਤਨੀ ਦੇ ਸਰਬ-ਉੱਤਮ ਰਿਸ਼ਤੇ ਦਾ ਆਧਾਰ ਬਣਾ ਕੇ ਵਰਤੋਂ ਤਾਂ ਮਨੁੱਖ ਨੂੰ ਹੋਰ ਵੀ ਸੁਚੇਤ ਕਰਦੀ ਹੈ ਕਿ ਉਨ੍ਹਾਂ ਜੀਵਨ ਪਰਯੰਤ "ਇਕ ਸਿਖ ਦੁਇ ਸਾਧ ਸੰਗ, ਪੰਜੀ ਪਰਮੇਸ਼ੁਰ" (ਭਾ: ਗੁ: ੧੩/੯) ਵਾਲੀ ਸੀੰਮਾ `ਚ ਰਹਿ ਕੇ ਹੀ ਸਮਾਜ ਤੇ ਸੰਸਾਰ `ਚ ਵਿਚਰਣਾ ਹੈ।

ਇਸ ਤਰ੍ਹਾਂ ਪੰਥਕ ਤਲ `ਤੇ ਇੱਕ ਤਰ੍ਹਾਂ ਅਨੰਦ ਕਾਰਜ ਦੌਰਾਨ ਵੀ ਪਤੀ-ਪਤਨੀ ਨੂੰ ਪ੍ਰਵਾਰਕ ਤਲ `ਤੇ ਸਤਿਸੰਗਤ ਦੇ ਰੂਪ `ਚ ਵਿਚਰਦਿਆਂ ਪ੍ਰਭੂ ਮਿਲਾਪ ਲਈ ਸੇਧ ਦਿੱਤੀ ਹੋਈ ਹੈ। ਬਲਕਿ ਸੰਬੰਧਤ ਸਲੋਕ `ਚ ਵੀ ਗੁਰਦੇਵ ਵੀ ਪਤੀ-ਪਤਨੀ ਨੂੰ ਇਸੇ ਪੱਖੌ ਹੀ ਸੁਚੇਤ ਕੀਤਾ ਹੋਇਆ ਹੈ।

ਪਉੜੀ॥ ਭੈ ਬਿਨੁ ਭਗਤਿ ਨ ਹੋਵਈ, ਨਾਮਿ ਨ ਲਗੈ ਪਿਆਰੁ॥ ਸਤਿਗੁਰਿ ਮਿਲਿਐ ਭਉ ਊਪਜੈ, ਭੈ ਭਾਇ ਰੰਗੁ ਸਵਾਰਿ॥ ਤਨੁ ਮਨੁ ਰਤਾ ਰੰਗ ਸਿਉ, ਹਉਮੈ ਤ੍ਰਿਸਨਾ ਮਾਰਿ॥ ਮਨੁ ਤਨੁ ਨਿਰਮਲੁ ਅਤਿ ਸੋਹਣਾ, ਭੇਟਿਆ ਕ੍ਰਿਸਨ ਮੁਰਾਰਿ॥ ਭਉ ਭਾਉ ਸਭੁ ਤਿਸ ਦਾ, ਸੋ ਸਚੁ ਵਰਤੈ ਸੰਸਾਰਿ॥ ੯॥ {ਪੰਨਾ ੭੮੮}

ਪਦ ਅਰਥ : — ਭੈ ਬਿਨੁ— ਪ੍ਰਭੂ ਦੇ ਨਿਰਮਲ ਭਉ ਤੋਂ ਬਿਨਾ। ਨਾਮਿ—ਨਾਮ ਦੇ ਰੰਗ `ਚ, ਪ੍ਰਭੂ ਦੀ ਸਿਫ਼ਤ ਸਲਾਹ ਰਾਹੀਂ, ਨਾਮ-ਬਾਣੀ ਦੇ ਰੰਗ `ਚ। ਭਾਇ—ਭਾਉ ਰਾਹੀਂ, ਪ੍ਰੇਮ ਸਹਿਤ, ਸਤਿਕਾਰ ਸਹਿਤ। ਭੇਟਿਆ—ਮਿਲਿਆ। ਮੁਰਾਰੀ— ਪ੍ਰਭੂ, ਅਕਾਲਪੁਰਖ (ਲਫ਼ਜ਼ ਮੁਰਾਰੀ ਦਾ ਮਿਥਿਹਾਸਕ ਆਧਾਰ-ਮੁਰ ਨਾਮਕ ਰਾਖ਼ਸ਼ ਦਾ ਵੱਧ ਕਰਣ ਕਰਕੇ ਕ੍ਰਿਸਨ ਜੀ ਨਾਲ ਹੈ)।

ਅਰਥ : — "ਭੈ ਬਿਨੁ ਭਗਤਿ ਨ ਹੋਵਈ, ਨਾਮਿ ਨ ਲਗੈ ਪਿਆਰੁ" -ਪ੍ਰਭੂ ਦੇ ਨਿਰਮਲ ਭਉ ਤੋਂ ਬਿਨਾ, ਪ੍ਰਭੂ ਦੀ ਭਗਤੀ `ਚ ਮਨ ਨੂੰ ਨਹੀਂ ਜੋੜਆ ਜਾ ਸਕਦਾ ਜਦਕਿ ਉਸ ਤੋਂ ਬਿਨਾ ਪ੍ਰਭੂ ਨਾਲ ਆਤਮਕ ਸਾਂਝ, ਪਿਆਰ ਤੇ ਉਸ ਦੀ ਸਿਫ਼ਤ ਸਲਾਹ `ਚ ਜੁੜਣਾ ਹੀ ਸੰਭਵ ਨਹੀਂ।

"ਸਤਿਗੁਰਿ ਮਿਲਿਐ ਭਉ ਊਪਜੈ, ਭੈ ਭਾਇ ਰੰਗੁ ਸਵਾਰਿ" - ਜਦਕਿ ਸ਼ਬਦ-ਗੁਰੂ ਦੀ ਕਮਾਈ ਤੋਂ ਬਿਨਾ, ਜਗਿਆਸੂ ਦੇ ਮਨ `ਚ ਪ੍ਰਭੂ ਪ੍ਰਮਾਤਮਾ ਲਈ ਨਿਰਮਲ ਭਉ ਹੀ ਪੈਦਾ ਨਹੀਂ ਹੋ ਸਕਦਾ। ਇਸ ਲਈ ਜਗਿਆਸੂ ਲਈ ਜ਼ਰੂਰੀ ਹੈ ਕਿ ਪਹਿਲ਼ਾਂ ਉਹ ਸ਼ਬਦ-ਗੁਰੂ ਦੀ ਸਰਣ `ਚ ਆਵੇ ਅਤੇ ਸ਼ਬਦ-ਗੁਰੂ ਦੀ ਕਮਾਈ ਵਾਲਾ ਅਭਿਆਸ ਕਰੇ।

ਇਸ ਤੋਂ ਜਗਿਆਸੂ ਦੇ ਮਨ `ਚ ਪ੍ਰਭੂ ਅਕਾਲਪੁਖ ਲਈ ਸਤਿਕਾਰ ਤੇ ਪਿਆਰ ਪੈਦਾ ਹੋਵੇਗਾ। ਉਹ ਮਨ ਕਰਕੇ ਆਪ ਮੁਹਾਰੇ ਪ੍ਰਭੂ ਦੀ ਸਿਫ਼ਤ-ਸਲਾਹ ਨਾਲ ਜੁੜਦਾ ਜਾਵੇਗਾ ਅਤੇ ਪ੍ਰਭੂ ਦੇ ਰੰਗ `ਚ ਰੰਗੀਦਾ ਜਾਵੇਗਾ। ਉਸ ਦੀ ਮਨ ਕਰਕੇ ਆਪਣੇ ਅਸਲੇ ਪ੍ਰਭੂ ਨਾਲ ਸਾਂਝ ਬਣਦੀ ਜਾਵੇਗੀ।

"ਤਨੁ ਮਨੁ ਰਤਾ ਰੰਗ ਸਿਉ, ਹਉਮੈ ਤ੍ਰਿਸਨਾ ਮਾਰਿ" -ਇਸ ਤਰ੍ਹਾਂ ਮਨ ਕਰਕੇ ਪ੍ਰਭੂ ਦੇ ਨਿਰਮਲ ਭਉ `ਚ ਵਿਚਰਦੇ ਹੋਏ ਮਨੁੱਖ ਦੇ ਜੀਵਨ ਅੰਦਰੋਂ ਉਸ ਦੀ ਆਤਮਕ ਮੌਤ ਦਾ ਕਾਰਣ, ਹਉਮੈ ਤੇ ਤ੍ਰਿਸ਼ਨਾ ਆਦਿ ਵਿਕਰਾਲ ਰੋਗਾਂ ਦਾ ਖ਼ਾਤਮਾ ਹੋ ਜਾਂਦਾ ਹੈ।

ਉਪ੍ਰੰਤ ਉਸ ਦਾ ਮਨ ਅਤੇ ਤਨ ਵੀ ਭਾਵ ਉਸਦੇ ਸਮੂਹ ਗਿਆਨ ਤੇ ਕਰਮ ਇੰਦ੍ਰੇ ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ ਸਲਾਹ, ਉਸ ਦੀ ਭਗਤੀ ਅਤੇ ਉਸਦੇ ਨਾਮ-ਰੰਗ `ਚ ਰੰਗੇ ਜਾਂਦੇ ਹਨ।

"ਮਨੁ ਤਨੁ ਨਿਰਮਲੁ ਅਤਿ ਸੋਹਣਾ, ਭੇਟਿਆ ਕ੍ਰਿਸਨ ਮੁਰਾਰਿ" - ਇਸ ਤਰ੍ਹਾਂ ਮਨ ਕਰਕੇ ਪ੍ਰਭੂ ਦੇ ਨਿਰਮਲ ਭਉ `ਚ ਵਿਚਰਦੇ ਤੇ ਪ੍ਰਭੂ ਦੇ ਨਾਮ ਰੰਗ `ਚ ਰੰਗੇ ਹੋਣ ਕਰਕੇ ਮਨੁੱਖ ਦੇ ਜੀਵਨ ਅੰਦਰੌ ਇਲਾਹੀ ਗੁਣ ਪ੍ਰਗਟ ਹੋਣਗੇ ਅਤੇ ਉਹ ਜੀਂਦੇ-ਜੀਅ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਵੇਗਾ।

"ਭਉ ਭਾਉ ਸਭੁ ਤਿਸ ਦਾ, ਸੋ ਸਚੁ ਵਰਤੈ ਸੰਸਾਰਿ"॥ ੯॥ -ਅਜਿਹੇ ਜਗਿਆਸੂ ਨੂੰ ਮਨ ਕਰਕੇ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਸਦੇ ਜੀਵਨ ਅੰਦਰ ਪ੍ਰਭੂ ਪਿਆਰ, ਭਗਤੀ, ਨਾਮ-ਰੰਗ ਤੇ ਉਸ ਦੇ ਨਿਰਮਲ ਭਉ ਆਦਿ ਵਾਲੀ ਜਿਹੜੀਆਂ ਵੀ ਉੱਤਮ ਤਬਦੀਲੀਆਂ ਆਈਆਂ ਹਨ, ਉਹ ਸਭ ਉਸ ਦੇ ਆਪਣੇ ਉਦਮ ਕਾਰਣ ਨਹੀਂ ਬਲਕਿ ਪ੍ਰਭੂ ਦੀ ਬਖ਼ਸ਼ਿਸ਼ ਤੇ ਮਿਹਰ ਕਾਰਣ ਆਈਆਂ ਹਨ।

ਇਥੋਂ ਤੀਕ ਕਿ ਜਗਿਆਸੂ ਨੂੰ ਇਹ ਵੀ ਪ੍ਰਤੱਖ ਚਜ਼ਰ ਆਉਣ ਲੱਗ ਜਾਂਦਾ ਹੈ ਕਿ ਸਮੂਚੀ ਰਚਨਾ `ਚ ਕੇਵਲ ਇਕੋ-ਇਕ ਪ੍ਰਭੂ ਦੀ ਕਲਾ ਹੀ ਵਰਤ ਰਹੀ ਹੈ ਅਤੇ ਸਭ, ਉਸ ਸਦਾ ਥਿਰ ਪ੍ਰਭੂ ਦੇ ਅਟੱਲ ਨਿਯਮ, ਹੁਕਮ ਅਤੇ ਸੱਚ ਨਿਆਂ `ਚ ਹੀ ਹੋ ਰਿਹਾ ਹੈ। ੯। (ਚਲਦਾ) #Instt.P9-20th--Suhi ki.Vaar M.3--03.18#v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਵੀਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.