.

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥

ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ ਅਤੇ ਸਿੱਖਾਂ ਦਾ ਇਹ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਮਨੁੱਖਾ ਜੀਵਨ ਨੂੰ ਸੁਚੱਜਾ ਬਣਾਉਣ ਲਈ ਮਹਾਨ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਮਰਨ ਨੂੰ ਕਦੇ ਵੀ ਮਾੜਾ ਨਹੀਂ ਆਖਿਆ ਗਿਆ। ਇਸ ਗੱਲ ਨੂੰ ਸਿੱਧ ਕਰਨ ਲਈ ਅਸੀਂ ਹੇਠ ਦਿੱਤੇ ਗੁਰਬਾਣੀ ਦੇ ਪ੍ਰਮਾਣ ਦੇ ਰਹੇ ਹਨ;

੧. ਵਡਹੰਸੁ ਮਹਲਾ ੧ ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥ ਪੰਨਾਂ ੫੭੯

ਅਰਥ: ਹੇ ਲੋਕੋ! ਮੌਤ ਨੂੰ ਮਾੜਾ ਨਾ ਆਖੋ ਮੌਤ ਚੰਗੀ ਹੈ, ਪਰ ਤਦੋਂ ਹੀ ਜੇ ਕੋਈ ਮਨੁੱਖ ਉਸ ਤਰੀਕੇ ਨਾਲ ਜਿਊ ਕੇ ਮਰਨਾ ਜਾਣਦਾ ਹੋਵੇ। ਉਹ ਤਰੀਕਾ ਇਹ ਹੈ ਕਿ ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, ਤਾਂ ਕਿ ਜੀਵਨ ਦੇ ਸਫ਼ਰ ਵਿੱਚ ਰਸਤਾ ਸੌਖਾ ਹੋ ਜਾਏ ਸਿਮਰਨ ਦੀ ਬਰਕਤ ਨਾਲ ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲੇਗੀ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿੱਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਕਰੋਗੇ ਅਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ। ਜਿਹੜਾ ਜੀਵ ਇਹ ਭੇਟਾ ਲੈ ਕੇ ਜਾਂਦਾ ਹੈ ਉਹ ਪ੍ਰੇਮ ਨਾਲ ਆਤਮਕ ਆਨੰਦ ਮਾਣਦਾ ਹੈ। ਹੇ ਲੋਕੋ! ਮੌਤ ਨੂੰ ਮਾੜਾ ਨਾ ਆਖੋ ਪਰ ਇਸ ਗੱਲ ਨੂੰ ਉਹੀ ਸਮਝਦਾ ਹੈ ਜਿਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ।

੨. ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥ ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥ ਪੰਨਾਂ ੧੩੬੭

ਅਰਥ: ਹੇ ਕਬੀਰ! ਮੇਰੇ ਕੋਲ ਨਾ ਕੋਈ ਛੰਨ ਹੈ ਨਾ ਕੋਈ ਕੁੱਲੀ ਅਤੇ ਨਾ ਹੀ ਮੇਰੇ ਕੋਲ ਕੋਈ ਘਰ ਹੈ ਨਾ ਕੋਈ ਗਿਰਾਂ। ਜਿਵੇਂ ਮੇਰੇ ਮਨ ਵਿੱਚ ਜਾਤ ਦਾ ਕੋਈ ਵਿਤਕਰਾ ਨਹੀਂ ਹੈ ਉਸੇ ਤਰ੍ਹਾਂ ਕਿਸੇ ਮਲਕੀਅਤ ਦੀ ਵੀ ਕੋਈ ਚਾਹ ਨਹੀਂ ਜੇ ਪ੍ਰਾਣੀ ਜਾਤ-ਅਭਿਮਾਨ ਅਤੇ ਮਾਇਆ ਦੀ ਮਮਤਾ ਛੱਡ ਦੇਵੇ ਤਾਂ ਸ਼ਾਇਦ ਪ੍ਰਮਾਤਮਾ ਸਾਡੀ ਵਾਤ ਪੁੱਛ ਲਵੇਗਾ।੬੦।

੩. ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ ਪੰਨਾਂ ੧੩੬੭

ਅਰਥ: ਹੇ ਕਬੀਰ! ਮੇਰੇ ਅੰਦਰ ਇਹ ਤਾਂਘ ਹੈ ਕਿ ਮੈਂ ਆਪਾ-ਭਾਵ ਅਤੇ ਮਮਤਾ ਮੁਕਾ ਦਿਆਂ। ਪਰ ਇਹ ਆਪਾ-ਭਾਵ ਉਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਜਾਈਏ। ਫਿਰ ਇਹ ਕੋਈ ਅਜਬ ਗੱਲ ਨਹੀਂ ਹੋਵੇਗੀ ਕਿ ਮੇਹਰ ਕਰ ਕੇ ਬਖ਼ਸ਼ਿੰਦ ਪ੍ਰਭੂ ਕਦੇ ਪੁੱਛ ਹੀ ਲਵੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ।੬੧।

੪. ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ ਪੰਨਾਂ ੧੩੬੫

ਅਰਥ: ‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿ ਕਈ ਮਿਤ੍ਰ ਬਣਾਉਂਦਾ ਹੈ ਅਤੇ ਇਨ੍ਹਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਨ੍ਹਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ ਹੇ ਕਬੀਰ! ਜਿਸ ਮੋਹ ਦੇ ਤਿਆਗ-ਰੂਪ ਮੌਤ ਤੋਂ ਸੰਸਾਰ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿੱਚ ਖ਼ੁਸ਼ੀ ਪੈਦਾ ਹੁੰਦੀ ਹੈ; ‘ਦੁਨੀਆ’ ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪ੍ਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ। ੨੨।

੫. ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ ਪੰਨਾਂ ੧੩੬੫

ਅਰਥ: ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਸੰਤ ਤਾਂ ਉਸ ਘਰ ਵਿੱਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ ਭਾਵ, ਉਹ ਸੰਤ ‘ਦੀਨ’ ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ। ਜੇ ਅਫ਼ਸੋਸ ਕਰਨਾ ਹੈ ਤਾਂ ਉਸ ਮੰਦ-ਭਾਗੀ ਦੇ ਮਰਨ ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ ਅਤੇ ਜੋ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ ਹਰੇਕ ਹੱਟੀ ਤੇ ਵਿਕਦਾ ਹੈ ਭਾਵ ਸਾਰੀ ‘ਦੁਨੀਆ’ ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿੱਚ ਭਟਕਦਾ ਹੈ।੧੬।

੬. ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ ਪੰਨਾਂ ੫੫੫

ਅਰਥ: ਨਿਰੀ ‘ਦੁਨੀਆ’ ਦਾ ਵਪਾਰੀ ਹਰ ਵੇਲੇ ਮੌਤ ਦੇ ਸਹਿਮ ਨਾਲ ਦਬਾਇਆ ਰਹਿੰਦਾ ਹੈ ਅਤੇ ਉਸ ਨੂੰ ਇਹ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਵੇ। ਹੇ ਕਬੀਰ! ਸਾਧ ਸੰਗਤ ਵਿੱਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਜੋ ਪ੍ਰਾਣੀ ਜਿਊਂਦਾ ਹੀ ਮਰਦਾ ਹੈ ਅਤੇ ‘ਦੁਨੀਆ’ ਵਲੋਂ ਮੋਹ ਤੋੜਦਾ ਹੈ ਤਾਂ ਫਿਰ ਉਸ ਨੂੰ ਮੌਤ ਦਾ ਇਹ ਸਹਿਮ ਨਹੀਂ ਰਹਿੰਦਾ।੨੯। ਨੋਟ: ਭਗਤ ਕਬੀਰ ਜੀ ਦੇ ‘ਐਸੇ ਮਰਨੇ ਜੋ ਮਰੈ’ ਦੇ ਭਾਵ ਨੂੰ ਪੂਰੀ ਤਰ੍ਹਾਂ ਸਮਝਾਉਣ ਲਈ ਨਾਲ ਹੀ ਗੁਰੂ ਅਮਰਦਾਸ ਸਾਹਿਬ ਹੇਠ ਲਿਖਿਆ ਸਲੋਕ ਲਿਖਦੇ ਹਨ:

ਮ: ੩ ॥ ਕਿਆ ਜਾਣਾ ਕਿਵ ਮਰਹਗੇ, ਕੈਸਾ ਮਰਣਾ ਹੋਇ ॥ ਜੇਕਰਿ ਸਾਹਿਬ ਮਨਹੁ ਨ ਵੀਸਰੈ, ਤਾ ਸਹਿਲਾ ਮਰਣਾ ਹੋਇ ॥ ਮਰਣੈ ਤੇ ਜਗਤੁ ਡਰੈ, ਜੀਵਿਆ ਲੋੜੈ ਸਭੁ ਕੋਇ ॥ ਗੁਰ ਪਰਸਾਦੀ ਜੀਵਤੁ ਮਰੈ, ਹੁਕਮੈ ਬੂਝੈ ਸੋਇ ॥ ਨਾਨਕ ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ ॥੨॥੧੭॥ ਪੰਨਾਂ ੫੫੫

ਅਰਥ: ਮੈਨੂੰ ਤਾਂ ਇਹ ਪਤਾ ਨਹੀਂ ਕਿ ਸੱਚਾ ਮਰਨਾ ਕੀ ਹੁੰਦਾ ਹੈ ਅਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ। ਜੇ ਮਾਲਕ ਪ੍ਰਭੂ ਮਨੋਂ ਨਾ ਵਿਸਰੇ ਤਾਂ ਮਰਨਾ ਸੌਖਾ ਭਾਵ ਜੀਵ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਹਰ ਕੋਈ ਜੀਉਣਾ ਚਾਹੁੰਦਾ ਹੈ। ਗੁਰੂ ਦੀ ਕ੍ਰਿਪਾ ਨਾਲ ਜੋ ਪ੍ਰਾਣੀ ਜੀਊਂਦਾ ਹੀ ਮਰਦਾ ਹੈ, ਉਹ ਹੀ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਪ੍ਰਾਣੀ ਮਰਦਾ ਹੈ ਭਾਵ ਜੋ ਜੀਵ ਪ੍ਰਭੂ ਦੀ ਰਜ਼ਾ ਵਿੱਚ ਤੁਰਦਾ ਹੈ ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ।੨। ‘ਪ੍ਰਮਾਤਮਾ ਨੂੰ ਮਨੋਂ ਨਾ ਵਿਸਾਰਨਾ ਅਤੇ ਉਸ ਦੀ ਰਜ਼ਾ ਨੂੰ ਸਮਝਣਾ’-ਇਹ ਭਗਤ ਕਬੀਰ ਜੀ ਦੇ ਗੂਝ ਭਾਵ ਦੀ ਵਿਆਖਿਆ ਗੁਰੂ ਅਮਰਦਾਸ ਸਾਹਿਬ ਨੇ ਆਪ ਕੀਤੀ ਹੈ। ਅਖ਼ੀਰ ਤੇ ਗੁਰੂ ਅਮਰਦਾਸ ਸਾਹਿਬ ਨੇ ਭਗਤ ਕਬੀਰ ਜੀ ਦੇ ਲਫ਼ਜ਼ਾਂ ਨੂੰ ਦੁਹਰਾ ਕੇ ਇਹ ਭੀ ਕਹਿ ਦਿੱਤਾ ਹੈ ਕਿ:

 "ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ॥" ਪੰਨਾਂ ੫੫੫

ਨੋਟ 1: ਭਗਤ ਕਬੀਰ ਜੀ ਲਿਖਦੇ ਹਨ ‘ਐਸੇ ਮਰਨੇ ਜੋ ਮਰੈ’; ਅਤੇ ਗੁਰੂ ਅਮਰਦਾਸ ਸਾਹਿਬ ਲਿਖਦੇ ਹਨ ‘ਨਾਨਕ ਐਸੀ ਮਰਨੀ ਜੋ ਮਰੈ’। ਭਗਤ ਕਬੀਰ ਜੀ ਲਿਖਦੇ ਹਨ ‘ਬਹੁਰਿ ਨ ਮਰਨਾ ਹੋਇ’; ਗੁਰੂ ਅਮਰਦਾਸ ਸਾਹਿਬ ਇਸ ਖ਼ਿਆਲ ਨੂੰ ‘ਤਾ ਸਦ ਜੀਵਣੁ ਹੋਇ’ ਲਿਖਦੇ ਹਨ । ਖ਼ਿਆਲ ਅਤੇ ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਇਸ ਨਾਲ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਗੁਰੂ ਅਮਰਦਾਸ ਜੀ ਦੇ ਕੋਲ ਭਗਤ ਕਬੀਰ ਜੀ ਦਾ ਇਹ ਸ਼ਲੋਕ ਹੂ-ਬ-ਹੂ ਮੌਜ਼ੂਦ ਸੀ। ਭਗਤ ਕਬੀਰ ਜੀ ਨੇ ਆਪਣੇ ਖ਼ਿਆਲ ਦੀ ਪੂਰੀ ਤਰ੍ਹਾਂ ਵਿਆਖਿਆ ਨਹੀਂ ਸੀ ਕੀਤੀ। ਕਿਸੇ ਵੀ ਭਲੇਖੇ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਭਗਤ ਕਬੀਰ ਜੀ ਦੇ ਖਿਆਲਾਂ ਨੂੰ ਖੁਲ੍ਹੇ ਲਫ਼ਜ਼ਾਂ ਵਿੱਚ ਸਪਸ਼ਟ ਕਰ ਦਿੱਤਾ ਹੈ।

ਨੋਟ 2: ਇਹ ਕਹਾਣੀ ਠੀਕ ਨਹੀਂ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਭਗਤਾਂ ਦੀ ਬਾਣੀ ਤਾਂ ਗੁਰੂ ਨਾਨਕ ਸਾਹਿਬ ਨੇ ਇੱਕਠੀ ਕੀਤੀ ਸੀ। ਗੁਰਤਾ ਬਖਸ਼ਣ ਦੇ ਨਾਲ-ਨਾਲ ਹਰ ਗੁਰ-ਵਿਅਕਤੀ ਨੂੰ ਭਗਤਾਂ ਦੀ ਇੱਕਠੀ ਕੀਤੀ ਹੋਈ ਅਤੇ ਪਿੱਛਲੇ ਗੁਰੂ ਸਾਹਿਬਾਂ ਦੀ ਲਿਖੀ ਹੋਈ ਬਾਣੀ ਵੀ ਬਖਸ਼ ਦਿੱਤੀ ਜਾਂਦੀ ਸੀ। ਜੇ ਮਰਨਾਂ ਮਾੜਾ ਹੁੰਦਾ ਤਾਂ ਮਨੁਖਤਾ ਦੇ ਭਲੇ ਲਈ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦੁਰ ਸਾਹਿਬ ਅਤੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅਨੇਕਾਂ ਗੁਰਸਿੱਖ ਕਦੇ ਵੀ ਸ਼ਹੀਦ ਨਾ ਹੁੰਦੇ। ਸ਼ਹੀਦੀ ਸੰਬੰਧੀ ਪੰਨਾਂ ੫੭੯ ਤੇ ਵਡਹੰਸੁ ਰਾਗ ਦੇ ਤੀਜੇ ਬੰਦ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜੀਵਨ ਤਾਂ ਹੀ ਸਫ਼ਲ ਹੈ ਜੇ ਸਾਡਾ ਮਰਨਾ ਪ੍ਰਵਾਨ ਹੋ ਜਾਵੇ;

ਵਡਹੰਸੁ ਮਹਲਾ ੧ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥ ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥ ਪੰਨਾਂ ੫੭੯

ਅਰਥ: ਹੇ ਭਾਈ, ਜਿਹੜੇ ਪ੍ਰਾਣੀ ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ, ਉਹ ਸੂਰਮੇ ਹਨ। ਉਨ੍ਹਾਂ ਦਾ ਮਰਨਾ ਲੋਕ-ਪਰਲੋਕ ਵਿੱਚ ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਉਹ ਪ੍ਰਾਣੀ ਸੂਰਮੇ ਆਖੇ ਜਾਂਦੇ ਹਨ ਅਤੇ ਉਹ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿੱਚ ਆਦਰ ਪਾਉਂਦੇ ਹਨ। ਉਨ੍ਹਾਂ ਨੂੰ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ। ਇੱਜ਼ਤ ਨਾਲ ਉਹ ਸੰਸਾਰ ਤੋਂ ਜਾਂਦੇ ਹਨ ਅਤੇ ਅਗਾਂਹ ਪਰਲੋਕ ਵਿੱਚ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਲਗਦਾ। ਉਹ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਸਮਝ ਕੇ ਉਸ ਦਾ ਸਿਮਰਨ ਕਰਦੇ ਹਨ ਅਤੇ ਪ੍ਰਭੂ ਦੇ ਦਰ ਤੋਂ ਉਹ ਸਾਰੇ ਫਲ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਦਾ ਜੀਵਨ ਜਿਉਣ ਨਾਲ ਉਨ੍ਹਾਂ ਦਾ ਹਰ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਹੇ ਭਾਈ! ਹੰਕਾਰ ਤੋਂ ਬਚ ਕੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਭਾਵਨਾ ਨੂੰ ਜਾਣਦਾ ਹੈ। ਜੋ ਪ੍ਰਾਣੀ ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ; ਉਹ ਸੂਰਮੇ ਹਨ। ਉਨ੍ਹਾਂ ਦਾ ਮਰਨਾ ਲੋਕ-ਪਰਲੋਕ ਵਿੱਚ ਸਲਾਹਿਆ ਜਾਂਦਾ ਹੈ।੩। ਭਗਤ ਕਬੀਰ ਜੀ ਕਹਿੰਦੇ ਹਨ ਕਿ ਉਹ ਭੀ ਸੂਰਮੇ ਹਨ ਜੋ ਗਰੀਬਾਂ ਅਤੇ ਦੁਖੀਆਂ ਦੀ ਸੇਵਾ ਕਰਦੇ ਹਨ। ਇਸ ਸੰਬੰਧੀ ਉਨ੍ਹਾਂ ਦਾ ਉਪਦੇਸ਼ ਹੈ ਕਿ, ਸਲੋਕ ਕਬੀਰ।। ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ।।੧।। ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।੨।। ਪੰਨਾਂ ੧੧੦੫ ਹਰ ਸਿੱਖ ਨੇ ਤਾਂ ਗੁਰੂ ਅਨੁਸਾਰੀ ਜੀਵਨ ਜਿਉਂ ਕੇ ਇਸ ਜਨਮ ਵਿੱਚ ਆਪ ਹੀ ਜੀਵਨ-ਮੁਕਤ ਹੋਣਾ ਹੈ। ਪੰਨਾਂ ੫੨੨ ਤੇ ਗੂਜਰੀ ਕੀ ਵਾਰ ਵਿੱਚ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ ਕਿ; ਮਃ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥ ਪੰਨਾਂ ੫੨੨ ਅਰਥ: ਹੇ ਨਾਨਕ! ਸਤਿਗੁਰੂ ਨੂੰ ਮਿਲਣ ਨਾਲ ਜਿਉਂਣ ਦੀ ਸਹੀ ਜੀਵਨ ਜਾਚ ਆ ਜਾਂਦੀ ਹੈ। ਇਸ ਤਰ੍ਹਾਂ ਦੇ ਜੀਵਨ ਵਿੱਚ ਜੀਵ ਹੱਸਦਿਆਂ, ਖੇਡਦਿਆਂ, ਖਾਂਦਿਆਂ, ਪਹਿਨਦਿਆਂ ਆਦਿ ਭਾਵ ਦੁਨੀਆਂ ਦੇ ਸਾਰੇ ਕੰਮ ਕਾਰ ਕਰਦਿਆਂ, ਜੀਵ ਆਪਣੇ ਜੀਵਨ ਵਿੱਚ ਹੀ ਮਾਇਆ, ਕਾਮਾਦਿਕ ਆਦਿ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਮਰਨ ਤੋਂ ਬਾਅਦ ਕੀ ਹੁੰਦਾ ਹੈ ਇਹ ਇੱਕ ਸਿੱਖ ਲਈ ਕੋਈ ਬਹੁਤੀ ਮਹਤਤਾ ਨਹੀਂ ਰਖਦਾ ਅਤੇ ਮਰਨ ਤੋਂ ਬਾਅਦ ਕਿਸੇ ਨੂੰ ਕੋਈ ਪਤਾ ਨਹੀਂ ਕਿ ਪ੍ਰਾਣੀ ਦੀ ਆਤਮਾ ਕਿਥੇ ਚਲੀ ਜਾਂਦੀ ਹੈ;

ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ ਪੰਨਾਂ ੬੪੮

ਅਰਥ: ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ ਆਪਣੇ-ਆਪਣੇ ਵਿਸ਼ਵਾਸ਼ਾਂ ਅਤੇ ਰੀਤੀਆਂ ਮੁਤਾਬਕ ਮਰਨ ਤੇ ਕੋਈ ਮਿਰਤਕ ਸਰੀਰ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾ ਜਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਅਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ। ਪਰ ਹੇ ਨਾਨਕ! ਮੁਰਦੇ ਸਰੀਰ ਨੂੰ ਇਸ ਸਾੜਨ, ਦੱਬਣ ਆਦਿ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰਿਆਂ ਨੇ ਇੱਕ ਦਿਨ ਮਰਨਾ ਹੈ। ਮਰਨ ਦਾ ਦੁੱਖ ਤਾਂ ਹੁੰਦਾ ਹੈ। ਸਾਨੂੰ ਚਾਹੀਦਾ ਹੈ ਕਿ ਮਰਨ ਦਾ ਯੋਗ ਲਫਜਾਂ ਅਤੇ ਗੁਰਬਾਣੀ ਸ਼ਬਦਾਂ ਰਾਹੀਂ ਹੀ ਦਲਾਸਾ ਦੇਈਏ। ਰਾਗ ਆਸਾ ਵਿੱਚ, ਭਗਤ ਕਬੀਰ ਜੀ ਦਾ ਲਿਖਿਆ ਹੋਇਆ ਇੱਕ ਸ਼ਬਦ, ‘ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥‘ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੪੮੦ ਤੇ ਦਰਜ਼ ਹੈ। ਬਹੁਤ ਵਾਰੀ ਅਸੀਂ ਇਹ ਸ਼ਬਦ ਕਿਸੇ ਮਿਰਤਕ ਦੀ ਅੰਤਿਮ ਅਰਦਾਸ ਦੇ ਭੋਗ ਸਮੇਂ ਸੁਣਦੇ ਹਾਂ। ਪਰ ਭਗਤ ਕਬੀਰ ਜੀ ਦੇ ਇਸ ਸ਼ਬਦ ਦਾ ਕਿਸੇ ਵਿਅਕਤੀ ਦੀ ਮੌਤ ਨਾਲ ਕੋਈ ਸੰਬੰਧ ਨਹੀਂ ਹੈ। ਮੰਦਭਾਗੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਵਿੱਚ ਦਰਜ਼ ਸਾਰੀ ਗੁਰਬਾਣੀ ਨੂੰ ਧਿਆਨ ਨਾਲ ਸਮਝਕੇ ਨਹੀਂ ਪੜ੍ਹਦੇ। ਸ਼ਬਦ ਦੀ ਇੱਕ ਜਾਂ ਅੱਧੀ ਤੁਕ ਪੜ੍ਹ-ਸੁਣ ਕੇ ਆਪਣੀ ਸਮਝ ਮੁਤਾਬਕ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕਰ ਦਿੰਦੇ ਹਾਂ ਅਤੇ ਕਿਸੇ ਹੋਰ ਵਿਦਵਾਨ ਦੇ ਅਰਥਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਹਾਂ। ਇਹ ਰਿਵਾਇਤ ਠੀਕ ਨਹੀਂ ਕਿਉਂਕਿ ਕਈ ਥਾਵਾਂ ਤੇ ਇੱਕ ਸ਼ਬਦ ਵਿੱਚ ਦਿੱਤੇ ਖਿਆਲ/ਖਿਆਲਾਂ ਨੂੰ ਸਮਝਣ ਲਈ ਹੋਰ ਸ਼ਬਦਾਂ ਦੀ ਲੋੜ੍ਹ ਵੀ ਪੈ ਸਕਦੀ ਹੈ। ਇਹ ਹੀ ਗੱਲ ਭਗਤ ਕਬੀਰ ਸਾਹਿਬ ਦੇ ਉੱਪਰ ਦਿੱਤੇ ਇਸ ਸ਼ਬਦ ਵਿੱਚ ਦਿੱਤੇ ਖਿਆਲਾਂ ਨਾਲ ਹੋਇਆ ਹੈ। ਇਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਲਈ ਅਸੀਂ ਪ੍ਰੋ. ਸਾਹਿਬ ਸਿੰਘ ਦੇ ਟੀਕੇ ਤੋਂ ਸਹਾਇਤਾ ਲਈ ਹੈ। ਸਭ ਤੋਂ ਪਹਿਲਾਂ ਆਓ ਪੂਰਾ ਸ਼ਬਦ ਪੜ੍ਹੀਏ ਜੋ ਇਸ ਪ੍ਰਕਾਰ ਹੈ;

ਆਸਾ ॥ ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥ ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹਾ॥੨॥ ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥ ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥ ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥ ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥ ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੧੮॥ ਪੰਨਾਂ ੪੮੦

ਨੋਟ: ਭਗਤ ਕਬੀਰ ਜੀ ਦੇ ਇਸ ਸ਼ਬਦ ਸੰਬੰਧੀ ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਆਸਾ ਰਾਗ ਦੇ ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਕਈ ਟੀਕਾਕਾਰ ਲਿਖਦੇ ਹਨ ਕਿ ਭਗਤ ਕਬੀਰ ਜੀ ਆਪਣੇ ਇੱਕ ਮਿੱਤਰ ਪਰਮ ਹੰਸ ਜੋਗੀ ਨੂੰ ਮਿਲਣ ਗਏ। ਜਦੋਂ ਉਹ ਪਰਮ ਹੰਸ ਜੋਗੀ ਦੇ ਘਰ ਪਹੁੰਚੇ ਤਾਂ ਪਰਮ ਹੰਸ ਜੋਗੀ ਨੂੰ ਕਾਲ-ਵੱਸ ਹੋਇਆ ਵੇਖ ਕੇ ਇਹ ਸ਼ਬਦ ਉਚਾਰਿਆ। ਪਰ ਇਹ ਕਹਾਣੀ ਸੱਚੀ ਨਹੀਂ। ਅਸੀਂ ਬਹੁਤ ਵਾਰ ਪਹਿਲਾਂ ਵੀ ਦੱਸਿਆ ਹੈ ਕਿ ਗੁਰਬਾਣੀ ਨੂੰ ਪੜ੍ਹਨਾ, ਸਮਝਣਾ ਅਤੇ ਉਸ ਮੁਤਾਬਕ ਆਪਣਾ ਜੀਵਨ ਜਿਉਂਣ ਨਾਲ ਹੀ ਸਾਰੀ ਮਨੁੱਖਤਾ ਦਾ ਭਲਾ ਹੈ। ਅਖੰਡ ਪਾਠ ਕਰਨ ਦੀ ਹਦਾਇਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਤੇ ਨਹੀਂ ਮਿਲਦੀ। ਕੀਰਤਨ ਅਤੇ ਅਖੰਡ ਪਾਠ ਕਰਨ ਨਾਲ ਸਾਨੂੰ ਭਾਵੇਂ ਤੱਸਲੀ ਹੋ ਜਾਵੇ ਕਿ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੋ ਗਿਆ ਹੈ ਪਰ ਗੁਰਬਾਣੀ ਨੂੰ ਸਮਝਕੇ ਪੜ੍ਹਨਾ ਕੋਈ ਵਿਰਲੇ ਹੀ ਕਰਦੇ ਹਨ। ਹਾਂ ਕਈ ਵਾਰ ਇਹ ਤਾਂ ਹੰਕਾਰ ਜ਼ਰੂਰ ਹੋ ਜਾਂਦਾ ਹੈ ਕਿ ਮੈਂ ਅਖੰਡ ਪਾਠ ਅਤੇ ਕੀਰਤਨ ਕਰਵਾ ਲਿਆ ਹੈ। ਗੁਰਬਾਣੀ ਦਾ ਲਾਭ ਤਾਂ ਗੁਰਬਾਣੀ ਵਿੱਚ ਦਿੱਤੇ ਉਪਦੇਸ਼ਾਂ ਨੂੰ ਸਮਝਣ ਅਤੇ ਉਸ ਅਨੁਸਾਰ ਜੀਵਨ ਜਿਉਣ ਨਾਲ ਹੀ ਹੋਣਾ ਹੈ। ਅਸੀਂ ਉਪਰ ਦੱਸ ਆਏ ਹਾਂ ਕਿ ਕਈ ਵਾਰ ਇੱਕ ਸ਼ਬਦ ਨੂੰ ਸਮਝਣ ਲਈ ਦੂਜੇ ਸ਼ਬਦਾਂ ਦੀ ਲੋੜ੍ਹ ਵੀ ਪੈ ਸਕਦੀ ਹੈ। ਭਗਤ ਕਬੀਰ ਜੀ ਦੇ "ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥" ਵਾਲੇ ਸ਼ਬਦ ਨੂੰ ਵੀ ਸਮਝਣ ਲਈ ਹੁਣ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦਾ ਹੀ ਲਿਖਿਆ ਹੋਇਆ, ਰਾਗ ਗਉੜੀ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੩੩੪ ਤੇ ਦਰਜ਼ ੫੨ ਨੰ. ਸ਼ਬਦ ਨੂੰ ਪੜ੍ਹ ਕੇ ਦੇਖਦੇ ਹਾਂ;

ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਪੂਰਬੀ ਕਬੀਰ ਜੀ ॥ ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥ ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥ ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥ ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥ ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥ ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥ ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥ ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥

ਨੋਟ: ਇਸ ਸ਼ਬਦ ਵਾਰੇ ਵੀ ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਇਸ ਸ਼ਬਦ ਸੰਬੰਧੀ ਭੀ ਕਈ ਟੀਕਾਕਾਰਾਂ ਨੇ ਲਿਖਿਆ ਹੈ ਕਿ ਆਪਣੇ ਅਕਸਰ ਮਿਲਣ-ਹਾਰੇ ਇੱਕ ਗੂੜ੍ਹੇ ਜੋਗੀ ਮਿੱਤਰ ਦੇ ਕਾਫੀ ਦੇਰ ਨਾ ਮਿਲਣ ਤੇ ਭਗਤ ਕਬੀਰ ਜੀ ਆਪ ਹੀ ਉਸ ਜੋਗੀ ਦੇ ਆਸ਼੍ਰਮ ਤੇ ਉਸ ਨੂੰ ਮਿਲਣ ਗਏ। ਉਥੇ ਪਹੁੰਚ ਕੇ ਭਗਤ ਕਬੀਰ ਜੀ ਨੂੰ ਪਤਾ ਲੱਗਾ ਕਿ ਜੋਗੀ ਜੀ ਤਾਂ ਚਲਾਣਾ ਕਰ ਗਿਆ ਹੈ। ਇਸ ਤਰ੍ਹਾਂ ਉਸ ਸਮੇ ਪਿਆਰੇ ਮਿੱਤਰ ਦੇ ਵਿਛੋੜੇ ਵਿੱਚ ਇਹ ਗਉੜੀ ਰਾਗ ਦਾ ਸ਼ਬਦ ਭਗਤ ਕਬੀਰ ਜੀ ਨੇ ਉਚਾਰਨ ਕੀਤਾ। ਭਗਤ ਕਬੀਰ ਜੀ ਦੇ ਇਸ ਸ਼ਬਦ ਨੂੰ ਇਸ ਕਹਾਣੀ ਨਾਲ ਜੋੜ੍ਹਣ ਲਈ ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦੇ ਅਰਥਾਂ ਨੂੰ ਸਮਝੀਏ।

ਪਦਅਰਥ: ਜਹ-ਜਿੱਥੇ, ਅਹਾ-ਸੀ, ਪੰਚ ਤਤੁ-ਪੰਜਾਂ ਤੱਤਾਂ ਤੋਂ ਬਣੇ ਹੋਏ ਸਰੀਰ, ਦੇਹ-ਅੱਧਿਆਸ, ਇੜਾ-ਸੱਜੀ ਨਾਸ, ਪਿੰਗਲਾ-ਖੱਬੀ ਸੁਰ, ਸੁਖਮਨ-ਇੜਾ ਅਤੇ ਪਿੰਗਲਾ ਦੇ ਵਿਚਕਾਰ ਨਾੜੀ ਦੀ ਥਾਂ ਜਿਥੇ ਜੋਗੀ ਲੋਕ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਉਂਦੇ ਹਨ, ਅਵਗਨ-ਕੋਝੇ ਕੰਮ, ਕਤ ਜਾਹੀ-ਕਿੱਥੇ ਭਾਵ ਦੂਰ ਹੋ ਜਾਂਦੇ ਹਨ, ਤਾਗਾ-ਧਾਗਾ ਭਾਵ ਮੋਹ ਦੀ ਤਾਰ, ਗਗਨੁ-ਅਕਾਸ਼ ਭਾਵ ਮੋਹ ਦਾ ਪਸਾਰਾ, ਤੇਰਾ ਬੋਲਤੁ-‘ਤੇਰਾ’ ਬੋਲਣ ਵਾਲਾ ਭਾਵ, ‘ਮੇਰ ਤੇਰ’ ਦੇ ਵਿਤਕਰੇ ਕਰਨ ਦਾ ਸੁਭਾਅ, ਕਹਾ ਸਮਾਈ-ਕਿਥੇ ਭਾਵ ਪਤਾ ਨਹੀਂ ਕਿਥੇ ਜਾਂਦਾ ਹੈ, ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ, ਸੰਸਾ-ਸ਼ੱਕ, ਹੈਰਾਨੀ, ਅਨਦਿਨੁ-ਹਰ ਰੋਜ਼, ਬਰਭੰਡੁ-ਸਾਰੀ ਦੁਨੀਆ ਦਾ ਮੋਹ, ਪਿੰਡੁ-ਆਪਣਾ ਸਰੀਰ ਅਤੇ ਉਸ ਦਾ ਮੋਹ, ਰਚਨਹਾਰੁ-ਮੋਹ ਦਾ ਤਾਣਾ ਤਣਨ ਵਾਲਾ ਮਨ, ਅਤੀਤਾ-ਮਾਇਆ ਦੇ ਮੋਹ ਤੋਂ ਨਿਰਲੇਪ।

ਅਰਥ: ਪ੍ਰਭੂ-ਚਰਨਾਂ ਵਿੱਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ ਧਾਗਾ ਟੁੱਟ ਗਿਆ ਹੈ। ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ ਅਤੇ ਦੂਜਿਆਂ ਨਾਲ ਵਿਤਕਰੇ ਕਰਨ ਵਾਲਾ ਸੁਭਾਅ ਮਿਟ ਗਿਆ ਹੈ। ਇਸ ਤਬਦੀਲੀ ਦੀ ਹੈਰਾਨੀ ਮੈਨੂੰ ਹਰ ਰੋਜ਼ ਹੁੰਦੀ ਹੈ ਕਿ ਇਹ ਕਿਵੇਂ ਹੋ ਗਿਆ। ਕੋਈ ਪ੍ਰਾਣੀ ਮੈਨੂੰ ਇਸ ਅਵਸਥਾ ਦੀ ਗੱਲ ਸਮਝਾ ਨਹੀਂ ਸਕਦਾ ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ।੧। ਰਹਾਉ। ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿੱਚ ਲੱਗ ਰਹੀ ਹੈ। ਮੇਰੇ ਮਨ ਵਿੱਚ ਪਹਿਲਾਂ ਜੋ ਮਮਤਾ ਸੀ, ਉਹ ਮਮਤਾ ਹੁਣ ਪ੍ਰਭੂ ਨਾਲ ਲਿਵ ਲਾਉਣ ਦੀ ਬਰਕਤ ਨਾਲ ਮੁੱਕ ਗਈ ਹੈ ਅਤੇ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ। ਹੇ ਭਾਈ! ਯੋਗੀਆਂ ਦੇ ਇੜਾ-ਪਿੰਗਲਾ-ਸੁਖਮਨਾ ਵਾਲੇ ਪ੍ਰਾਣ ਚਾੜ੍ਹਨ ਅਤੇ ਰੋਕਣ ਆਦਿ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪ੍ਰਭੂ-ਚਰਨਾਂ ਵਿੱਚ ਸੂਰਤ ਜੁੜਨ ਨਾਲ ਪ੍ਰਾਣਾਯਾਮ ਆਦਿ ਕੋਝੇ ਕ੍ਰਮ-ਕਾਂਡ ਲਗਦੇ ਹਨ। ਪਹਿਲਾਂ ਮਨ ਵਿੱਚ ਸਾਰੀ ਦੁਨੀਆਂ ਦੇ ਧਨ ਦਾ ਮੋਹ ਸੀ। ਲਿਵ ਦੀ ਬਰਕਤ ਨਾਲ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ। ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਪ੍ਰਭੂ ਆਪ ਹੀ ਮਨ ਵਿੱਚ ਵੱਸ ਰਿਹਾ ਹੈ। ਪਰ ਇਹ ਅਵਸਥਾ ਕਿਸੇ ਨੂੰ ਦੱਸੀ ਨਹੀਂ ਜਾ ਸਕਦੀ। ਜਦੋਂ ਤੱਕ ਮਨ ਨਾਸ਼ਵੰਤ ਸਰੀਰ ਨਾਲ ਇੱਕ-ਰੂਪ ਰਹਿੰਦਾ ਹੈ ਉਦੋਂ ਤੱਕ ਇਸ ਦੀ ਪ੍ਰੀਤ ਨਾ ਹੀ ਪ੍ਰਭੂ ਨਾਲ ਨਹੀਂ ਜੁੜ ਸਕਦੀ ਹੈ ਅਤੇ ਨਾ ਹੀ ਮਾਇਆ ਨਾਲੋਂ ਟੁੱਟ ਸਕਦੀ ਹੈ। ਇਸ ਦਸ਼ਾ ਵਿੱਚ ਮਨ ਨਾ ਹੀ ਪ੍ਰਭੂ ਦਾ ਖਸਮ ਅਤੇ ਨਾ ਹੀ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਇਸ ਤਰ੍ਹਾਂ ਇਹ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਜੁੜ੍ਹਦਾ। ਭਗਤ ਕਬੀਰ ਜੀ ਆਖਦੇ ਹਨ ਕਿ ਹੁਣ ਮੇਰੀ ਸੁਰਤ ਪ੍ਰਭੂ-ਚਰਨਾਂ ਵਿੱਚ ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ। ਪਰ ਇਸ ਅਵਸਥਾ ਦਾ ਮੈਂ ਭੇਤ ਨਹੀਂ ਪਾ ਸਕਦਾ। ਇਸ ਅਵਸਥਾ ਦਾ ਭੇਤ ਪ੍ਰਭੂ ਆਪ ਹੀ ਜਾਣਦਾ ਹੈ ਅਤੇ ਉਹ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ।੫੨।

ਨੋਟ: ਇਸ ਸ਼ਬਦ ਵਿੱਚੋਂ ਕਿਤੇ ਭੀ ਕੋਈ ਐਸਾ ਇਸ਼ਾਰਾ ਨਹੀਂ ਮਿਲਦਾ, ਜਿਸ ਤੋਂ ਇਹ ਅੰਦਾਜ਼ਾ ਲੱਗੇ ਕਿ ਭਗਤ ਕਬੀਰ ਜੀ ਨੇ ਇਹ ਸ਼ਬਦ ਕਿਸੇ ਯੋਗ-ਅਭਿਆਸ ਕਰਨ ਵਾਲੇ ਜੋਗੀ ਦੇ ਮਰਨ ਤੇ ਉਚਾਰਿਆ ਹੈ। ਕਿਸੇ ਜੋਗੀ ਦੇ ਮਰਨ ਤੇ ਭਗਤ ਕਬੀਰ ਜੀ ਨੂੰ ਹਰ ਰੋਜ਼ ਇਹ ‘ਸੰਸਾ’ ਕਿਉਂ ਲੱਗੇ ਕਿ ਜੋਗੀ ਦਾ "ਬੋਲਤੁ" ਆਤਮਾ ਕਿੱਥੇ ਚਲਾ ਗਿਆ? ਇਸ ਸ਼ਬਦ ਵਿੱਚ ਪ੍ਰਾਣਾਯਾਮ ਅਤੇ ਯੋਗ-ਅਭਿਆਸ ਬਾਰੇ ਵੀ ਕੋਈ ਪ੍ਰਸ਼ਨ-ਉੱਤਰ ਨਹੀਂ ਹਨ। ਭਗਤ ਕਬੀਰ ਜੀ ਇੱਕ ਮਹਾਨ ਆਤਮਾ ਸੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਥਾਂ ਮਿਲੀ ਹੋਈ ਹੈ। ਇਸ ਲਈ ਉਨ੍ਹਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਸ਼ ਕਰੀਏ। ਸ਼ਬਦ ਦੇ ਨਾਲ ਆਪਣੇ ਵਲੋਂ ਕੋਈ ਕਹਾਣੀ ਨਾ ਜੋੜ੍ਹੀਏ। ਇੱਥੇ ਇਹ ਸਿੱਧ ਹੋ ਗਿਆ ਕਿ ਇਸ ਸ਼ਬਦ ਨੂੰ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜਨ ਦੀ ਲੋੜ ਨਹੀਂ ਪੈਂਦੀ। ਨਾ ਹੀ ਅਜਿਹੀ ਕੋਈ ਕਹਾਣੀ ਇਸ ਸ਼ਬਦ ਦੇ ਨਾਲ ਢੁੱਕਦੀ ਹੀ ਹੈ। ਜੇ ਗਉੜੀ ਰਾਗ ਵਾਲਾ ਸ਼ਬਦ ਕਿਸੇ ਜੋਗੀ ਦੇ ਮਰਨ ਸਮੇ ਹੀ ਉਚਾਰਿਆ ਹੁੰਦਾ ਅਤੇ ਉਸ ਸਮੇ ਭਗਤ ਕਬੀਰ ਜੀ ਨੂੰ ਇਹ ਖ਼ਿਆਲ ਪੈਦਾ ਹੋਇਆ ਹੁੰਦਾ ਕਿ ਉਸ ਸਰੀਰ ਵਿੱਚ ਬੋਲਣ ਵਾਲਾ ਜੀਵਤਮਾ ਕਿੱਥੇ ਚਲਾ ਗਿਆ ਹੈ ਤਾਂ ਇਹ ਨਹੀਂ ਹੋ ਸਕਦਾ ਕਿ ਇਹ ‘ਸੰਸਾ’ ਭਗਤ ਕਬੀਰ ਜੀ ਨੂੰ ਹਰ ਰੋਜ਼ ਹੀ ਲਗਾ ਰਹੇ। ਜਿਨ੍ਹਾਂ ਦੇ ਆਪਣੇ ਪਿਆਰੇ ਮਿੱਤਰ-ਸਨੇਹੀ, ਸੱਕੇ ਸੰਬੰਧੀ ਆਦਿ ਮਰ ਜਾਂਦੇ ਹਨ; ਉਹ ਭੀ ਸਮਾ ਲੰਘਣ ਤੇ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਇਸ ਲਈ ਭਗਤ ਕਬੀਰ ਜੀ ਨੂੰ ਉਸ ਜੋਗੀ ਦੇ ਮਰਨ ਤੇ ਹਰ ਰੋਜ਼ ‘ਸੰਸਾ’ ਨਹੀਂ ਹੋ ਸਕਦਾ। ਹਰੇਕ ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਵਾਲੀ ਤੁਕ ਵਿੱਚ ਹੁੰਦਾ ਹੈ ਅਤੇ ਬਾਕੀ ਦੇ ਸ਼ਬਦ ਵਿੱਚ ‘ਰਹਾਉ’ ਵਾਲੀ ਤੁਕ ਦੀ ਵਿਆਖਿਆ ਹੁੰਦੀ ਹੈ। ਆਓ ਸਭ ਤੋਂ ਪਹਿਲਾਂ, ਭਗਤ ਕਬੀਰ ਜੀ ਇਨ੍ਹਾਂ ਦੋਨ੍ਹਾਂ ਸ਼ਬਦਾਂ ਦਾ ਆਪਸੀ ਟਾਕਰਾ ਕਰ ਕੇ ਦੇਖੀਏ। ਸਭ ਤੋਂ ਪਹਿਲਾਂ ‘ਰਹਾਉ’ ਦੀਆਂ ਤੁਕਾਂ ਲੈਂਦੇ ਹਾਂ। ੧. ਗਉੜੀ ਰਾਗ ਵਾਲੇ ਸ਼ਬਦ ਦੇ ‘ਰਹਾਉ’ ਵਿੱਚ ਭਗਤ ਕਬੀਰ ਜੀ ਲਿਖਦੇ ਹਨ:

ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤ ਕਹਾ ਸਮਾਈ ॥

ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥ ਰਹਾਉ॥ ਇਸ ਸ਼ਬਦ ਵਿੱਚ ਮਨ ਦੀ ਉਸ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਹੈ ਜੋ "ਲਿਵ ਲਾਗਿ ਰਹੀ ਹੈ" ਦੀ ਬਰਕਤ ਨਾਲ ਪੈਦਾ ਹੋ ਜਾਂਦੀ ਹੈ। ਹੁਣ ਆਸਾ ਰਾਗ ਵਾਲੇ ਸ਼ਬਦ ਦੇ ‘ਰਹਾਉ’ ਦੀਆਂ ਤੁਕਾਂ ਨੂੰ ਪੜ੍ਹੋ:

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥ਰਹਾਉ

ਇਥੇ ਸਾਫ਼ ਦਿੱਸ ਰਿਹਾ ਹੈ ਕਿ ਭਗਤ ਕਬੀਰ ਜੀ ਦੇ ਇਨ੍ਹਾਂ ਦੋਨ੍ਹਾਂ ਸ਼ਬਦਾਂ "ਤੇਰਾ ਬੋਲਤ ਕਹਾ ਸਮਾਈ" ਅਤੇ "ਬੋਲਤੇ ਤੇ ਕਹਾ ਗਏ ॥ ਦੇਹੀ ਕੇ ਸੰਗਿ ਰਹਤੇ ॥" ਵਿੱਚ ਇੱਕੋ ਹੀ ਖ਼ਿਆਲ ਦਿੱਤਾ ਗਿਆ ਹੈ। ਭਗਤ ਕਬੀਰ ਜੀ ਰਾਗ ਗਉੜੀ ਵਿੱਚ ਆਖਦੇ ਹਨ ਕਿ ‘ਮੇਰ-ਤੇਰ’ ਬੋਲਣ ਵਾਲਾ ਮਨ ਮੁੱਕ ਗਿਆ ਹੈ ਅਤੇ ਰਾਗ ਆਸਾ ਵਿੱਚ ਆਖਦੇ ਹਨ ਕਿ ਜੋ ਮਨ ਸਦਾ ਸਰੀਰ ਦੀਆਂ ਹੀ ਗੱਲਾਂ ਕਰਦਾ ਸੀ ਉਹ ਮਨ ਉਹ ਨਹੀਂ ਰਿਹਾ ਉਹ ਮਨ ਹੁਣ ਪ੍ਰਮਾਤਮਾ ਨਾਲ ਜੁੜ ਗਿਆ ਹੈ।

੨. ਹੁਣ ਦੇਖੀਏ ਇਸ ਸ਼ਬਦ ਦਾ ਦੂਜਾ ਬੰਦ, "ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ॥"

ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਜਿਨ੍ਹਾਂ ਟੀਕਾਕਾਰਾਂ ਨੇ ਸ਼ਬਦ ਨਾਲ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਜੋੜ ਦਿੱਤੀ ਹੈ, ਉਨ੍ਹਾਂ ਲਫ਼ਜ਼ "ਮੰਦਰੁ" ਦਾ ਅਰਥ "ਸਰੀਰ" ਕਰਕੇ ਲਿਖ ਦਿੱਤਾ ਹੈ ਕਿ ਜਿਸ ਆਤਮਾ ਨੇ ਇਹ ਸਰੀਰ ਬਣਾਇਆ ਸੀ ਉਹ ਇਸ ਸਰੀਰ ਵਿੱਚੋਂ ਚਲਾ ਗਿਆ ਹੈ। ਲਫ਼ਜ਼ "ਮੰਦਰੁ" ਦਾ ਅਰਥ ਸਮਝਣ ਲਈ ਆਓ ਹੁਣ ਆਸਾ ਰਾਗ ਵਿੱਚ ਪੰਨਾਂ ੪੮੩ ਭਗਤ ਕਬੀਰ ਜੀ ਦਾ ੨੮ਵਾਂ ਸ਼ਬਦ ਪੜ੍ਹਦੇ ਹਾਂ। ਉਸ ਵਿਚ ਭਗਤ ਕਬੀਰ ਜੀ ਲਿਖਦੇ ਹਨ ਕਿ:

ਆਸਾ॥ ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥ ਤਾਗਾ ਤੰਤੁ ਸਾਜੁ ਸਭ ਥਾਕਾ ਰਾਮ ਨਾਮ ਬਸਿ ਹੋਈ ॥੧॥ ਅਬ ਮੋਹਿ ਨਾਚਨੋ ਨ ਆਵੈ ॥ ਮੇਰਾ ਮਨੁ, ਮੰਦਰੀਆ ਨ ਬਜਾਵੈ ॥੧॥ਰਹਾਉ॥ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥ ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥ ਸਰਬ ਭੂਤ ਏਕੈ ਕਰਿ ਜਾਨਿਆ ਚੂਕੈ ਬਾਦ ਬਿਬਾਦਾ ॥ ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥ ਇਸ ਸ਼ਬਦ ਦੀ ‘ਰਹਾਉ’ ਵਾਲੀ ਤੁਕ "ਮੇਰਾ ਮਨੁ ਮੰਦਰੀਆ ਨ ਬਜਾਵੈ ॥ ੧॥ਰਹਾਉ॥" ਹੈ। ਇੱਥੇ "ਮੰਦਰੀਆ" ਦੇ ਉਹ ਹੀ ਅਰਥ ਹਨ ਜਿਸ ਨੂੰ ਵੀਚਾਰ ਅਧੀਨ ਸ਼ਬਦ ਦੇ ਦੂਜੇ ਬੰਦ ਵਿੱਚ "ਮੰਦਰੁ" ਆਖਿਆ ਹੈ। ਲਫ਼ਜ਼ "ਮੰਦਰੀਆ" ਦੇ ਨਾਲ ਇਹ ਭੀ ਸਾਫ਼ ਆਖਿਆ ਗਿਆ ਹੈ ਕਿ "ਅਬ ਮੋਹਿ ਨਾਚਨੋ ਨ ਆਵੈ। " ਨੱਚਣ ਦੇ ਨਾਲ ਕਿਸੇ ਢੋਲਕੀ ਦਾ ਜ਼ਿਕਰ ਹੈ। ਇਸ ਦਾ ਅਰਥ ਇਹ ਬਣਦਾ ਹੈ ਕਿ ਮੇਰੇ ਮਨ ਨੇ ਹੁਣ ਮਾਇਆ ਦੇ ਹੱਥਾਂ ਉੱਤੇ ਨੱਚਣਾ ਛੱਡ ਦਿੱਤਾ ਹੈ ਅਤੇ ਮੇਰੇ ਮੋਹ ਦੀ ਢੋਲਕੀ ਵੱਜਣੀ ਬੰਦ ਹੋ ਗਈ। ਲਫ਼ਜ਼ ‘ਮਾਂਦਲ’, ‘ਮੰਦਰ’, ਅਤੇ ‘ਮੰਦਰੀਆ’ ਇੱਕੋ ਹੀ ਲਫ਼ਜ਼ ਦੇ ਵੱਖੋ-ਵੱਖ ਰੂਪ ਹਨ। ‘ਮਾਂਦਲ’ ਦਾ ਅਰਥ ਹੈ ‘ਢੋਲ’। ਇਸ ਸ਼ਬਦ ਵਿੱਚ "ਬਜਾਵਨਹਾਰੋ" ਅਤੇ "ਮੰਦਰੁ" ਦਾ ਜ਼ਿਕਰ ਹੈ। ਇਸ ਤਰ੍ਹਾਂ ਦੋਹਾਂ ਸ਼ਬਦਾਂ ਵਿੱਚ ਸਾਂਝਾ ਖ਼ਿਆਲ ਬਣਦਾ ਹੈ ਕਿ, ‘ਮਨ ਨੇ ਮਾਇਆ ਦੇ ਹੱਥਾਂ ਉੱਤੇ ਨੱਚਣਾ ਛੱਡ ਕੇ ਮੋਹ ਦੀ ਢੋਲਕੀ ਵਜਾਣੀ ਬੰਦ ਕਰ ਦਿੱਤੀ ਹੈ’। ਸਾਰੇ ਸ਼ਬਦ ਦੇ ਅਰਥ ਇਸ ਤਰ੍ਹਾਂ ਹਨ;

ਅਰਥ: ਪ੍ਰਮਾਤਮਾ ਦੀ ਕ੍ਰਿਪਾ ਨਾਲ ਹੁਣ ਮੈਂ ਮਾਇਆ ਦੇ ਹੱਥੋਂ ਨੱਚਣੋਂ ਹਟ ਗਿਆ ਹਾਂ, ਮੇਰਾ ਮਨ ਹੁਣ ਮਾਇਆ ਦੇ ਮੋਹ ਦੀ ਢੋਲਕੀ ਨਹੀਂ ਵਜਾਉਂਦਾ।੧। ਰਹਾਉ। ਜਿਹੜੀ ਮਾਇਆ ਦੇ ਮੋਹ ਵਿੱਚ ਮੈਂ ਅਨੇਕਾਂ ਜਨਮਾਂ ਵਿੱਚ ਗੇੜੇ ਖਾਧੇ ਉਸ ਜਨਮ-ਮਰਨ ਦਾ ਗੇੜ ਹੁਣ ਮੁੱਕ ਗਿਆ ਹੈ। ਮੇਰੇ ਮਨ ਦੇ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਮੁੱਕ ਗਏ ਹਨ। ਹੁਣ ਮੇਰਾ ਮਨ ਪ੍ਰਮਾਤਮਾ ਦੇ ਵੱਸ ਵਿਚ ਹੋ ਗਿਆ ਹੈ।੧। ਪ੍ਰਭੂ ਦੀ ਕ੍ਰਿਪਾ ਨਾਲ ਮੈਂ ਕਾਮ ਕ੍ਰੋਧ ਅਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ। ਮੇਰੇ ਅੰਦਰੋਂ ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ। ਮੇਰੇ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ। ਮੇਰੀ ਸਾਰੀ ਭਟਕਣਾ ਅਤੇ ਮਾਇਆ ਦੀ ਖੇਡ ਖ਼ਤਮ ਹੋ ਗਈ ਹੈ।੨। ਭਗਤ ਕਬੀਰ ਜੀ ਆਖਦੇ ਹਨ ਕਿ ਮੇਰੇ ਤੇ ਪ੍ਰਮਾਤਮਾ ਦੀ ਮੇਹਰ ਹੋ ਗਈ ਹੈ। ਪੂਰਾ ਪ੍ਰਭੂ ਮਿਲਣ ਨਾਲ ਮੈਂ ਹੁਣ ਸਾਰੇ ਜੀਵਾਂ ਵਿੱਚ ਹੁਣ ਇੱਕ ਪ੍ਰਮਾਤਮਾ ਨੂੰ ਵੱਸਦਾ ਦੇਖਦਾ ਹਾਂ। ਇਸ ਤਰ੍ਹਾਂ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।੩। ੩. ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੬੪੭ ਤੇ ਸੋਰਠ ਰਾਗ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਉਪਦੇਸ਼ ਕਰਦੇ ਹਨ ਕਿ, ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਪੰਨਾਂ ੬੪੭

ਅਰਥ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ ਬਾਹਰ ਭਟਕਣੋਂ ਹਟ ਜਾਂਦਾ ਹੈ। ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਗੁਰੂ ਜੀ ਦੇ ਇਸ ਸਲੋਕ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਹੀ ਖਿਆਲ ਅਤੇ ਉਪਦੇਸ਼ ਦਿੱਤਾ ਗਿਆ ਹੈ ਜਿਸ ਤੋਂ ਸਾਰੀ ਲੋਕਾਈ ਨੂੰ ਲਾਭ ਪਹੁੰਚ ਸਕੇ। ਜੇ ਭਗਤ ਕਬੀਰ ਜੀ ਦੇ ਇਹ ਦੋਵੇਂ ਸ਼ਬਦ ਕਿਸੇ ਜੋਗੀ ਦੇ ਮਰਨ ਤੇ ਅਫਸੋਸ ਕਰਨ ਵਾਸਤੇ ਲਿਖੇ ਹਨ ਤਾਂ ਸ਼ਪਸ਼ਟ ਹੈ ਕਿ ਇਨ੍ਹਾਂ ਸ਼ਬਦਾਂ ਦੇ ਲਿਖਣ ਦਾ ਸਾਰੀ ਲੁਕਾਈ ਨੂੰ ਕੋਈ ਲਾਭ ਨਹੀਂ ਹੋ ਸਕਦਾ। ਇਸ ਤਰ੍ਹਾਂ ਇਸ ਸਾਰੀ ਵਿਚਾਰ ਤੋਂ ਇਹ ਹੀ ਨਤੀਜਾ ਨਿਕਲਦਾ ਹੈ ਕਿ ਦੋਨ੍ਹਾਂ ਸ਼ਬਦਾਂ ਵਿੱਚ ਭਗਤ ਕਬੀਰ ਜੀ ਨੇ ਕਿਸੇ ਜੋਗੀ ਦੇ ਮਰਨ ਤੇ ਕੋਈ ਦੁੱਖ ਆਦਿ ਪ੍ਰਗਟ ਨਹੀਂ ਕੀਤਾ। ਦੋਵੇਂ ਸ਼ਬਦਾਂ ਵਿੱਚ ਮਨ ਦੀ ਸੁਧਰੀ ਹੋਈ ਹਾਲਤ ਦਾ ਜ਼ਿਕਰ ਹੈ। ਜਿਹੜਾ ਮਨ ਪਹਿਲਾਂ ਡਿੱਕੇ-ਡੋਲਿਆਂ ਕਾਰਨ ਮਾਇਆ ਵਿੱਚ ਗਲਤਾਨ ਸੀ ਉਹ ਹੁਣ ਪ੍ਰਮਾਤਮਾ ਦੀ ਭਗਤੀ ਵੱਲ ਲੱਗ ਗਿਆ ਹੈ। ਅੰਤ ਵਿੱਚ ਅਸੀਂ ਭਗਤ ਕਬੀਰ ਜੀ ਦੇ, ‘ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ॥‘ ਦੇ ਅਰਥ ਦੇ ਕੇ ਇਸ ਲੇਖ ਦੀ ਸਮਾਪਤੀ ਕਰਦੇ ਹਾਂ;

ਪਦਅਰਥ: ਗਗਨ ਨਗਰਿ-ਦਸਵੇਂ ਦੁਆਰ-ਰੂਪ ਨਗਰ ਭਾਵ ਦਿਮਾਗ਼ ਵਿੱਚ; ਇਕ ਬੂੰਦ-ਰਤਾ ਭੀ; ਨਾਦੁ-ਰੌਲਾ ਭਾਵ ਮਾਇਆ ਅਤੇ ਲੋਭ ਦਾ ਰੌਲਾ; ਨਾਦੁ ਜੁ-ਚਿੱਤ ਵਿੱਚ ਜੋ ਲੋਭਾਦਿਕ ਮਾਇਆ ਦਾ ਰੌਲਾ ਸੀ; ਕਹਾ ਸਮਾਨਾ-ਪਤਾ ਨਹੀਂ ਕਿੱਥੇ ਚਲਾ ਗਿਆ ਹੈ; ਪਰਮ ਹੰਸੁ-ਸਭ ਤੋਂ ਉੱਚਾ ਅਤੇ ਪਵਿੱਤਰ ਪ੍ਰਮਾਤਮਾ; ਲੇ ਸਿਧਾਨਾ- ਉਸ ‘ਨਾਦ’ ਨੂੰ ਲੈ ਕੇ ਚਲਾ ਗਿਆ ਹੈ; ਬੋਲਤੇ-ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ; ਦੇਹੀ ਕੇ ਸੰਗਿ ਰਹਤੇ-ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ; ਕਹਾ ਗਏ-ਪਤਾ ਨਹੀਂ ਕਿੱਥੇ ਚਲੇ ਗਏ ਹਨ; ਕਥਾ ਬਾਰਤਾ ਕਹਤੇ-ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ; ਮੰਦਰੁ-ਸਰੀਰ ਦੇ ਮੋਹ ਦਾ ਢੋਲ; ਪੰਜ ਦੂਤ-ਕਾਮ ਆਦਿ ਪੰਜੇ ਵੈਰੀ।

ਅਰਥ: ਹੇ ਭਾਈ! ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ। ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ? ਕਦੇ ਉਹ ਸਮਾ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਵਾਰੇ ਹੀ ਸਨ ਅਤੇ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ। ਤੁਸੀਂ ਦੱਸੋ ਕਿ ਉਹ ਸਭ ਫੁਰਨੇ ਕਿਥੇ ਲੋਪ ਹੀ ਹੋ ਗਏ ਹਨ।੧। ਰਹਾਉ। ਹੇ ਬਾਬਾ! ਸਰੀਰਕ ਮੋਹ ਆਦਿ ਦਾ ਉਹ ਰੌਲਾ ਕਿੱਥੇ ਗਿਆ ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ? ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ। ਇਹ ਸਭ ਮਿਹਰ ਉਸ ਪਰਮ ਹੰਸ ਮਾਧੋ, ਪਾਰਬ੍ਰਹਮ, ਪ੍ਰਮੇਸ਼ਰ ਦੀ ਹੈ ਜਿਸ ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ਼ ਕਰ ਦਿੱਤੇ ਹਨ।੧। ਹੇ ਬਾਬਾ! ਸਰੀਰਕ ਮੋਹ ਦੇ ਉਹ ਫੁਰਨੇ ਮੇਰੇ ਮਨ ਵਿੱਚ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਵਜਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ ਵਜਾਉਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ। ਪਾਰਬ੍ਰਹਮ-ਪ੍ਰਮੇਸ਼ਰ ਨੇ ਮਨ ਦਾ ਉਹ ਪਹਿਲਾ ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ। ਮਨ ਵਿੱਚ ਹੁਣ ਉਹ ਪਹਿਲੀ ਗੱਲ, ਪਹਿਲਾ ਬੋਲ, ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ।੨। ਹੇ ਭਾਈ! ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਤੇਰੇ ਨਾ ਉਹ ਪੈਰ ਅਤੇ ਨਾ ਉਹ ਹੱਥ ਹਨ ਜੋ ਦੇਹ ਦੇ ਮੋਹ ਦੀ ਦੌੜ-ਭੱਜ ਵਿੱਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ।੩। ਕਾਮਾਦਿਕ ਤੇਰੇ ਪੰਜੇ ਵੈਰੀ ਭੀ ਹਾਰ ਚੁੱਕੇ ਹਨ। ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ ਕਿਉਂਕਿ ਜਿਸ ਮਨ ਦਾ ਤੇਜ਼ ਅਤੇ ਆਸਰਾ ਲੈ ਕੇ ਇਹ ਪੰਜੇ ਕਾਮਾਦਿਕ ਦੌੜ-ਭੱਜ ਕਰਦੇ ਸਨ ਉਹ ਮਨ-ਹਾਥੀ ਅਤੇ ਉਹ ਹਿਰਦਾ ਰਿਹਾ ਹੀ ਨਹੀਂ।੪। ਹੇ ਭਾਈ! ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁੱਕੇ ਹਨ ਅਤੇ ਸਰੀਰਕ ਮੋਹ ਤੋਂ ਅਜ਼ਾਦ ਹੋ ਗਏ ਹਨ। ਇਨ੍ਹਾਂ ਨੇ ਆਸਾ, ਤ੍ਰਿਸ਼ਨਾ ਆਦਿ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।੪ ਭਗਤ ਕਬੀਰ ਜੀ ਆਖਦੇ ਹਨ ਕਿ ਜੋ ਭੀ ਪ੍ਰਾਣੀ ਪ੍ਰਮਾਤਮਾ ਨੂੰ ਸਿਮਰਦਾ ਹੈ ਉਹ ਦੁਨੀਆਂ ਦੀ ਕਿਰਤ-ਕਾਰ ਕਰਦਾ ਹੋਇਆ ਜਿਉਂਦਾ ਹੀ ਆਪਣੇ ਸਾਰੇ ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ।੫।

ਗੁਰੂ ਕ੍ਰਿਪਾ ਕਰਕੇ ਸਾਨੂੰ ਸੁਮਤ ਬਖਸ਼ਣ ਤਾਂ ਜੋ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀ ਕੇ ਅਕਾਲ ਪੁਰਖ ਨਾਲ ਅਭੇਦ ਹੋ ਸਕੀਏ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ।।

ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ।। ਪੰਨਾ ੭੫੯

ਵਾਹਿ ਗੁਰੂ ਜੀ ਕਾ ਖਾਲਸਾ।।

ਵਾਹਿ ਗੁਰੂ ਜੀ ਕੀ ਫ਼ਤਹਿ।।

ਬਲਬਿੰਦਰ ਸਿੰਘ ਅਸਟ੍ਰੇਲੀਆ




.