.

ਗੁਰੂ ਨਾਨਕ ਦਾ ਬ੍ਰਹਮੰਡ ਸਬੰਧੀ ਵਿਚਾਰ
(ਹੁਣੇ-ਹੁਣੇ ਪ੍ਰਕਾਸ਼ਿਤ ਹੋਈ ਲੇਖਕ ਦੀ ਪੁਸਤਕ ‘ਗੁਰੂ ਨਾਨਕ ਦਾ ਮਾਨਵਵਾਦ’ ਵਿੱਚੋਂ)


ਗੁਰੂ ਨਾਨਕ ਕੇਵਲ ਇਕ ਸਮਾਜ-ਸੁਧਾਰਕ ਮਾਤਰ ਵਿਅਕਤੀ ਹੀ ਨਹੀਂ ਸਨ। ਨਾ ਹੀ ਉਹ ਕੇਵਲ ਭਗਤੀ ਲਹਿਰ ਦੇ ਵਡੇਰੀ ਮਾਨਤਾ ਵਾਲੇ ਸੰਤਾਂ ਵਿੱਚੋਂ ਇਕ ਸਨ। ਉਹ ਇਕ ਕਾਰਕੁੰਨ
(activist) ਸਨ ਜਿਹਨਾਂ ਦੇ ਮਨ ਵਿਚ ਮਾਨਵਵਾਦ ਦੀ ਵਿਚਾਰਧਾਰਾ ਇਸ ਤਰ੍ਹਾਂ ਵੱਸੀ ਹੋਈ ਸੀ ਕਿ ਉਹ ਇਸ ਨੂੰ ਵਿਧੀ-ਪੂਰਵਕ ਵਿਵਹਾਰਿਕ ਰੂਪ ਦੇਣ ਲਈ ਡਾਢੇ ਤਤਪਰ ਸਨ। ਲੋਕ ਭਲਾਈ ਦੀ ਤੀਬਰ ਭਾਵਨਾਂ ਲੈ ਕੇ ਕੁਝ ਕਰਨ ਲਈ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਗੁਰੂ ਨਾਨਕ ਨੇ ਗਿਆਨ ਦੇ ਹਰੇਕ ਖੇਤਰ ਸਬੰਧੀ ਡੂੰਘਾ ਅਧਿਐਨ ਕਰ ਰੱਖਿਆ ਸੀ ਜਿਸ ਰਾਹੀਂ ਉਹਨਾਂ ਦੀ ਕੁਦਰਤੀ ਪ੍ਰਤਿਭਾ ਦੇ ਨਾਲ-ਨਾਲ ਉਹਨਾਂ ਦਾ ਉੱਚ ਦਰਜੇ ਦਾ ਮਾਨਸਿਕ ਵਿਕਾਸ ਸੁਨਿਸਚਿਤ ਹੋਇਆ ਸੀ ਅਤੇ ਉਹਨਾਂ ਨੂੰ ਵਿਸ਼ਾਲ ਜਾਣਕਾਰੀ ਪਰਾਪਤ ਹੋ ਚੁੱਕੀ ਸੀ। ਇਹ ਸਾਰਾ ਕੁਝ ਉਹਨਾਂ ਦੀਆਂ ਗੁਰਬਾਣੀ-ਗ੍ਰੰਥ ਵਿਚ ਸ਼ਾਮਲ ਰਚਨਾਵਾਂ ਤੋਂ ਭਲੀ-ਭਾਂਤ ਸਾਬਤ ਕੀਤਾ ਜਾ ਸਕਦਾ ਹੈ। ਉਹਨਾਂ ਕੋਲ ਬ੍ਰਹਮੰਡ ਅਤੇ ਮਨੁਖੀ ਜੀਵਨ ਸਬੰਧੀ ਸਪਸ਼ਟ ਦ੍ਰਿਸ਼ਟੀਕੋਣ ਦਾ ਅਜਿਹਾ ਅਧਾਰ ਮੌਜੂਦ ਸੀ ਜੋ ਕਿ ਇਕ ਸਫਲ ਮਾਨਵਵਾਦੀ ਕਾਰਕੁੰਨ ਦੇ ਕੋਲ ਹੋਣਾ ਜ਼ਰੂਰੀ ਹੋਵੇਗਾ।
ਗੁਰੂ ਨਾਨਕ ਨੇ ਕਦੀ ਸਾਇੰਸਦਾਨ ਹੋਣ ਦਾ ਦਾਵਾ ਪੇਸ਼ ਨਹੀਂ ਕੀਤਾ। ਨਾ ਹੀ ਕਦੀ ਗੁਰੂ ਨਾਨਕ ਨੇ ਕਿਸੇ ਲੈਬੌਰਾਟਰੀ ਵਿਚ ਬੈਠ ਕੇ ਕੋਈ ਫਾਰਮੂਲੇ, ਇਕੁਏਸ਼ਨਾਂ, ਗਿਣਤੀਆਂ-ਮਿਣਤੀਆਂ ਅਤੇ ਵਿਗਿਆਨਕ ਸਿਧਾਂਤ ਘੜ ਕੇ ਤਿਆਰ ਕੀਤੇ ਸਨ। ਪਰੰਤੂ ਆਪਣੇ ਸਹਿਜ-ਸੁਭਾ ਪ੍ਰਗਟਾਏ ਵਿਚਾਰਾਂ ਰਾਹੀਂ ਉਹ ਅਜੋਕੇ ਵਿਗਿਆਨੀਆਂ ਦੇ ਅਗਰਗਾਮੀ ਨਜ਼ਰ ਆਉਂਦੇ ਹਨ ਭਾਵੇਂ ਕਿ ਉਹਨਾਂ ਦੇ ਸਮੇਂ ਅਤੇ ਆਧੁਨਿਕ ਵਿਗਿਆਨੀਆਂ ਦੇ ਸਮੇਂ ਵਿਚ ਚਾਰ ਸਦੀਆਂ ਦੀ ਵਿੱਥ
(gap) ਹੈ। ਗੁਰੂ ਨਾਨਕ ਦਾ ਵਿਚਾਰ ਹੈ ਕਿ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਕਰਤਾਰ ਸ਼ਕਤੀ ਦੇ ਸੋਮੇਂ ਅਤੇ ਕੇਂਦਰ ਦੇ ਤੌਰ ਤੇ ਵਿਚਰ ਰਿਹਾ ਹੈ ਜੋ ਸਮੇਂ ਦੇ ਇਕ ਬਿੰਦੂ (ਜੋ ਅਸਲ ਵਿਚ ਸਿਫਰ ਬਿੰਦੂ ਹੁੰਦਾ ਹੈ) ਉੱਤੇ ਸੁੰਨ ਤੋਂ ਸ੍ਰਿਸ਼ਟੀ ਦੇ ਸਭ ਤੋਂ ਪਹਿਲੇ ਰੂਪ ਅਨੰਤ ਮਿਕਦਾਰ ਦੇ ਧੁੰਦ-ਗੁਬਾਰ ( ਗੈਸ-ਸਮੱਗਰੀ) ਨੂੰ ਹੋਂਦ ਵਿਚ ਲਿਆਉਣ ਵਜੋਂ ਪਰਗਟ ਹੁੰਦਾ ਹੈ ( ਵੇਖੋ, ਗੁਰੂ ਨਾਨਕ ਰਚਿਤ ‘ਰਾਗ ਮਾਰੂ ਸੋਲਹੇ’ ਗੁਰਬਾਣੀ-ਗ੍ਰੰਥ, ਪੰਨਾਂ 1020 ਤੋਂ ਲੈ ਕੇ)। ਭਾਵ ਗੁਰੂ ਨਾਨਕ ਬ੍ਰਹਮੰਡ ਦੇ ਊਰਜਾ-ਕੇਂਦਰ ਵਜੋਂ ‘ ਕਰਤਾ ਪੁਰਖ ’ ਦਾ ਸੰਕਲਪ ਪੇਸ਼ ਕਰਦੇ ਹਨ ਜੋ ਬ੍ਰਹਮੰਡ ਦੀ ਉਤਪੱਤੀ ਦੀ ਪ੍ਰੀਕਿਰਿਆ ਨੂੰ ਅਰੰਭਦਾ ਹੈ।
ਗੁਰੂ ਨਾਨਕ ਦੇ ਬ੍ਰਹਮੰਡ ਦੀ ਉਤਪੱਤੀ ਸਬੰਧੀ ਵਿਚਾਰ ਬੜੇ ਹੀ ਸਪਸ਼ਟ ਹਨ ਜਿਵੇਂ ਕਿ ਉਹ ਦਾਵਾ ਕਰਦੇ ਹਨ:
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰਿਆਉ॥

(ਬ੍ਰਹਮੰਡ ਦਾ ਪਸਾਰ ਇੰਜ ਹੋਇਆ ਜਿਵੇਂ ਇੱਕੋ ਹੀ ਖੂਹ ਦੇ ਵਿੱਚੋਂ ਲੱਖਾਂ ਦਰਿਆ ਫੁੱਟ ਤੁਰੇ ਹੋਣ
.................ਗੁਰਬਾਣੀ-ਗ੍ਰੰਥ ਪੰਨਾਂ 3)
ਨੋਟ: ਏਥੇ ਉੱਪਰ ਆਈਆਂ ਸਤਰਾਂ ਵਿਚ ਸ਼ਬਦ ‘ ਕੂਆ ’ (ਜਿਸ ਤੋਂ ਸ਼ਬਦ ‘ਕਵਾਉ’ ਬਣਿਆਂ ਹੈ) ਅਤੇ ‘ ਦਰਿਆਉ ’ ਅੱਖਰੀ ਰੂਪ ਵਿਚ
(literally) ਨਹੀਂ ਵਰਤੇ ਗਏ, ਕੇਵਲ ਰੂਪਕਾਂ (metaphors) ਦੇ ਤੌਰ ਤੇ ਵਰਤੇ ਹਨ।
ਹੁਣ ਤੱਕ ਉੱਪਰ ਦਿੱਤੀ ਗੁਰਬਾਣੀ ਦੀ ਸਤਰ ਵਿਚਲੇ ਸ਼ਬਦ ‘ ਕਵਾਉ ’ ਨੂੰ ਅਨਉੱਚਿਤ ਤੌਰ ਤੇ ਧਾਤੂ ‘ਕੂ’ ਜਾਂ ‘ਕਹਿ’ ਉੱਤੇ ਅਧਾਰਿਤ ਕਰਦੇ ਹੋਏ ਇਸ ਦਾ ਅਰਥ ‘ਵਾਕ’, ‘ ਸ਼ਬਦ ’, ‘ ਧੁਨੀ ’, ‘ ਹੁਕਮ ’ ਆਦਿਕ ਤੋਂ ਕੱਢਿਆ ਜਾਂਦਾ ਰਿਹਾ ਹੈ ਜੋ ਕਿ ਸਹੀ ਨਹੀਂ ਮੰਨਿਆਂ ਜਾ ਸਕਦਾ। ਇਸਲਾਮ ਦੇ ਪੈਰੋਕਾਰ ਦਾਵਾ ਕਰਦੇ ਹਨ ਕਿ ਕਿਸੇ ਸਮੇਂ ‘ਅਲਾੱਹ ’ (ਰੱਬ) ਨੇ ‘ ਕੁਨ ’ (ਅਰਬੀ ਸ਼ਬਦ ਜਿਸ ਦਾ ਅਰਥ ਹੈ, ‘ ਹੋ ਜਾ ’ ਭਾਵ ‘ਪੈਦਾ ਹੋ ਜਾ’) ਦਾ ਉਚਾਰਨ ਕੀਤਾ ਅਤੇ ਅੱਖ ਝਪਕਦੇ ਹੀ ਬ੍ਰਹਮੰਡ ਦੀ ਰਚਨਾ ਹੋ ਗਈ। ਏਸੇ ਤਰ੍ਹਾਂ ਹਿੰਦੂ ਮੱਤ ਵਿਚ ਉਪਨਿਸ਼ਦਾਂ ਦੇ ਅਧਾਰ ਉੱਤੇ ਇਹ ਮੰਨਿਆਂ ਜਾਂਦਾ ਹੈ ਬ੍ਰਹਮ ਨੇ ਸੰਕਲਪ ਕੀਤਾ ਕਿ ‘ ਏਕੋ ਹੰ ਬਹੁਸਯਾਂ ’ ਭਾਵ ‘ਮੈਂ ਇਕ ਤੋਂ ਬਹੁਤ-ਰੂਪ ਹੋ ਜਾਵਾਂ’ ਤਾਂ ਓਸੇ ਵਕਤ ਬ੍ਰਹਮੰਡ ਹੋਂਦ ਵਿਚ ਆ ਗਿਆ।
ਸਪਸ਼ਟ ਤੌਰ ਤੇ ‘ਸਿਖ ਧਰਮ ’ ਦੇ ਪੈਰੋਕਾਰਾਂ ਵੱਲੋਂ ‘ਕਵਾਉ ’ ਨੂੰ ਇਕ ਅਜਿਹੀ ਧੁਨੀਆਤਮਿਕ ਸਮੱਗਰੀ (ਧੁਨੀ, ਸ਼ਬਦ ਜਾਂ ਵਾਕ) ਵਜੋਂ ਦਰਸਾਉਣਾ ਜਿਸ ਦੇ ਰੱਬ ਵੱਲੋਂ ਉਚਾਰਨ ਕਰਨ ਤੇ ਬ੍ਰਹਮੰਡ ਦੀ ਉਤਪੱਤੀ ਹੋ ਗਈ ਸੀ, ਇਸਲਾਮ ਅਤੇ ਹਿੰਦੂ ਮੱਤ ਦੀਆਂ ਉਹਨਾਂ ਰਵਾਇਤਾਂ ਦੀ ਕੋਰੀ ਨਕਲ ਕਰਨਾ ਹੈ ਜਿਹਨਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ। ਉਂਜ ਵੀ ਗੁਰਬਾਣੀ ਅਧਾਰਿਤ ਵਿਚਾਰਧਾਰਾ ਕਿਸੇ ਮਿੱਥਹਾਸਿਕ ਬਿਰਤਾਂਤ, ਆਪ੍ਰਾਕ੍ਰਿਤਿਕ ਸਥਿਤੀਆਂ ਅਤੇ ਦੰਦ-ਕਥਾਵਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ।
ਪੰਜਾਬੀ ਭਾਸ਼ਾ ਵਿਚ ਜ਼ਮੀਨ ਹੇਠਲਾ ਪਾਣੀ ਪਰਾਪਤ ਕਰਨ ਲਈ ਪੁੱਟੇ ਗਏ ਡੂੰਘੇ ਟੋਏ
(well) ਲਈ ਤਿੰਨ ਸ਼ਬਦ ਮੌਜੂਦ ਹਨ ਅਤੇ ਇਹ ਹਨ, ‘ ਕੂਆ ’, ‘ ਖੂਹ ’ ਅਤੇ ‘ ਖੂਹਾ ’ ਅਤੇ ਸ਼ਬਦ ‘ ਕਵਾਉ ’ ਦੀ ਬਣਤਰ-ਪ੍ਰੀਕਿਰਿਆ ਵਿਚ ਇਹਨਾਂ ਵਿੱਚੋਂ ‘ ਕੂਆ ’ (ਕੂ+ਆ) ਦੀ ਵਰਤੋਂ ਕੀਤੀ ਗਈ ਹੋਈ ਹੈ। ਇਸ ਪ੍ਰੀਕਿਰਿਆ ਵਿਚ ਪਹਿਲਾ ਸ਼ਬਦ ‘ਕੁਆਇਉਂ’ ਆਉਂਦਾ ਹੈ ਜਿਸ ਦਾ ਅਰਥ ਹੈ ‘ਕੂਏ ਤੋਂ ’ ਜਾਂ ‘ ਕੂਏ ਦੇ ਵਿੱਚੋਂ’। ‘ਕੁਆਇਉਂ ’ ਦਾ ਬਦਲਵਾਂ ਰੂਪ ‘ਕੁਆਉ ’ ਬਣਿਆਂ ਜੋ ਅੱਗੇ ‘ਕਵਾਉ ’ ਦਾ ਰੂਪ ਧਾਰਨ ਕਰ ਗਿਆ (ਔਂਕੜ ਅਤੇ ‘ ਆ ’ ਦੀਆਂ ਧੁਨੀਆਂ ਨੂੰ ਇਕੱਠਿਆਂ ਉਚਾਰਨ ਵੇਲੇ ਅਰਧ-ਸਵੱਰ ਧੁਨੀ ‘ਵ’ ਪੈਦਾ ਹੋ ਜਾਣ ਅਤੇ ‘ਇ’ ਦੀ ਧੁਨੀ ਲੋਪ ਜੋ ਜਾਣ ਤੇ; ਅਖੀਰਲੀ ਸਵੱਰ ਧੁਨੀ ਦੇ ਅਨੁਨਾਸਿਕ ਹੋਣ ਦੀ ਵੀ ਸੰਭਾਵਨਾ ਹੈ)। ਸੋ, ਇਸ ਨਵੇਂ ਬਣੇ ਸ਼ਬਦ ‘ਕਵਾਉ ’ ਦਾ ਅਰਥ ਹੈ ‘ ਕੂਏ ਤੋਂ ’ ਜਾਂ ‘ ਕੂਏ ਦੇ ਵਿੱਚੋਂ ’।
ਪੰਜਾਬੀ ਵਿਚ ‘ ਖੂਹ ’ ਅਤੇ ‘ ਖੂਹਾ ’ ਦੇ ਨਾਲ-ਨਾਲ ਸ਼ਬਦ ‘ ਕੂਆ ’ ਵੀ ਕਿਤਨਾ ਪਰਚਲਤ ਰਿਹਾ ਹੈ ਇਹ ਇਸ ਸਥਿਤੀ ਤੋਂ ਵੀ ਪਤਾ ਚੱਲ ਜਾਂਦਾ ਹੈ ਕਿ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਵੱਲੋਂ ਬਣਵਾਏ ਗਏ ਖੂਹਾਂ ਨੂੰ ‘ਕੂਆਸਾਹਿਬ ’ ਵੀ ਕਿਹਾ ਜਾਂਦਾ ਹੈ। ਇਸ ਦੀਆਂ ਉਦਾਹਰਨਾਂ ਦੇ ਤੌਰ ਤੇ ਅੰਮ੍ਰਿਤਸਰ ਦੇ ਨੇੜੇ ਦਾ ‘ ਛਿਹਰਟਾ ਖੂਹ ’ ਅਤੇ ਕਰਤਾਰਪੁਰ (ਜਲੰਧਰ ਦੇ ਨੇੜੇ) ਵਿਖੇ ਸਥਿਤ ‘ ਸ਼ਕਰਗੰਗ ’ ਨੂੰ ਲਿਆ ਜਾ ਸਕਦਾ ਹੈ।
ਸ਼ਬਦ ‘ਕੂਆ’ ਰਾਹੀਂ ‘ਕਵਾਉ ’ ਦੇ ਬਣਨ ਦੀ ਪ੍ਰੀਕਿਰਿਆ ਦੌਰਾਨ ਸਿਲਸਲੇਵਾਰ ਧੁਨੀਵਿਗਿਆਨਿਕ ਅਤੇ ਵਿਆਕਰਣਕ ਤਬਦੀਲੀਆਂ ਵਾਪਰਦੀਆਂ ਹਨ ਪਰੰਤੂ ਸਬੰਧਿਤ ਰਚਨਾ ਵਿਚ ‘ਕਵਾਉ ’ ਸ਼ਬਦ ਨੂੰ ਕੋਈ ਇਕ ਧੁਨੀਆਤਮਿਕ (ਉਚਰਿਤ) ਸਮੱਗਰੀ (ਧੁਨੀ, ਸ਼ਬਦ ਜਾਂ ਵਾਕ) ਵਜੋਂ ਪੇਸ਼ ਕਰਦੇ ਸਮੇਂ ਕੋਈ ਅਜਿਹੀ ਤਬਦੀਲੀ ਦੀ ਵਿਆਖਿਆ ਨਹੀਂ ਪੇਸ਼ ਕੀਤੀ ਜਾ ਸਕਦੀ। ਫਿਰ ਵੀ ਜੇਕਰ ਕੋਈ ਸੱਜਣ ਜ਼ਿਦ ਕਰਦਾ ਹੈ ਕਿ ਵਿਚਾਰ-ਅਧੀਨ ਸਤਰ ਦੇ ‘ਕਵਾਉ ’ ਨੂੰ ‘ਬੋਲ’ ਜਾਂ ‘ ਬੋਲਿਆ ’ ਦੇ ਬਰਾਬਰ ਮੰਨ ਕੇ ਵਿਆਖਿਆ ਕੀਤੀ ਜਾਵੇ ਤਾਂ ਇਹ ਵਿਆਖਿਆ ਹੇਠਾਂ ਦਿੱਤੇ ਅਨੁਸਾਰ ਹੋਵੇਗੀ:
ਕੀਤਾ ਪਸਾਉ = ਬ੍ਰਹੰਮਡ ਦੀ ਉਤਪੱਤੀ ਕਰਕੇ ਉਸਦਾ ਪਸਾਰ ਕਰਨ ਹਿਤ
ਏਕੋ ਕਵਾਉ = ਇੱਕੋ ਬੋਲ ਬੋਲਿਆ (ਰੱਬ ਨੇ) ਜਾਂ ਏਕੋ (ਰੱਬ) ਬੋਲਿਆ
ਤਿਸ ਤੇ ਹੋਏ ਲਖ ਦਰਿਆਉ = ਇਸ ਨਾਲ ਲੱਖਾਂ ਦਰਿਆ ਵਗ ਤੁਰੇ
ਪਰੰਤੂ ਇਸ ਵਿਆਖਿਆ ਵਿਚ ਇਹ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਰੱਬ ਵੱਲੋਂ ਉਚਾਰੀ ਗਈ ਭਾਸ਼ਾਈ ਸਮੱਗਰੀ ਕੀ ਸੀ ਕਿਉਂਕਿ ਸਬੰਧਿਤ ਸਤਰ ਵਿਚ ‘ਕੁਨ’ ਜਾਂ ‘ ਏਕੋ ਹੰ ਬਹੁਸਯਾਂ ’ ਵਿੱਚੋਂ ਕੋਈ ਇਕ ਜਾਂ ਇਹਨਾਂ ਦੇ ਸਮਾਨੰਤਰ ਕੋਈ ਸ਼ਪਸ਼ਟ ਸ਼ਬਦਾਵਲੀ ਨਹੀਂ ਮਿਲਦੀ। ਸਬੰਧਤ ਸਤਰ ਤੋਂ ਇਹ ਵੀ ਨਹੀਂ ਦਰਸਾਇਆ ਜਾ ਸਕਦਾ ਕਿ ਦਰਿਆ ਕਿਹੜੀ ਧਰਤੀ ਉੱਤੇ ਵਗ ਤੁਰੇ ਸਨ। ਇਸ ਨੁਕਤੇ ਦਾ ਉੱਤਰ ਇਹ ਮਿਲੇਗਾ ਕਿ ਏਥੇ ‘ ਦਰਿਆਉ ’ ਰੂਪਕ
(metaphor) ਹੈ ਅਤੇ ਇਹ ਰੱਬ ਦੇ ਬੋਲਣ ਨਾਲ ਅਰੰਭ ਹੋਈ ਬ੍ਰਹਮੰਡੀ ਵਿਕਾਸ ਪ੍ਰੀਕਿਰਿਆ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਪਰੰਤੂ ਇਸ ਉੱਤਰ ਨਾਲ ਹੋਰ ਵੀ ਵੱਡਾ ਮਸਲਾ ਰੱਬ ਦੇ ‘ਬੋਲਣ ’ ਦੇ ਨੁਕਤੇ ਉੱਤੇ ਖੜ੍ਹਾ ਹੋ ਜਾਂਦਾ ਹੈ। ਜੇਕਰ ਰੱਬ ਬੋਲਦਾ ਹੈ ਤਾਂ ਉਸਦੀ ਹੋਂਦ ਸ਼ਖਸੀ ਬਣ ਜਾਂਦੀ ਹੈ ਅਤੇ ਉਹ ‘ਨਿਰੰਕਾਰ’ ਨਹੀਂ ਰਹਿੰਦਾ ਜਦੋਂ ਕਿ ਗੁਰੂ ਨਾਨਕ ਬ੍ਰਹਮੰਡੀ ਕਰਤਾਰੀ ਸ਼ਕਤੀ ਨੂੰ ਕੇਵਲ ‘ਨਿਰੰਕਾਰ ’ ਦੇ ਤੌਰ ਤੇ ਕਿਆਸਦੇ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ‘ਕਵਾਉ’ ਦੇ ਅਰਥ ‘ਬੋਲ’ ਜਾਂ ‘ਬੋਲਿਆ ’ ਕਰਨ ਨਾਲ ਵੱਡਾ ਭੰਬਲਭੂਸਾ ਪੈਦਾ ਹੋ ਜਾਂਦਾ ਹੈ । ਇਸ ਲਈ ਸਪਸ਼ਟ ਤੌਰ ਤੇ ‘ਕਵਾਉ’ ਦੇ ਅਰਥ ‘ਕੂਏ ਤੋਂ ’ ਜਾਂ ‘ ਕੂਏ ਦੇ ਵਿੱਚੋਂ ’ ਭਾਵ ‘ਇਕ ਹੀ ਊਰਜਾ ਸਰੋਤ ਰਾਹੀਂ’ ਕਰਨ ਨਾਲ ਹੀ ਵਿਚਾਰ ਅਧੀਨ ਸਤਰ ਦੀ ਤਰਕ-ਅਧਾਰਿਤ ਵਿਆਖਿਆ ਪਰਾਪਤ ਹੋ ਸਕਦੀ ਹੈ। ਆਧੁਨਿਕ ਵਿਗਿਆਨੀਆਂ ਨੇ ਵੀ ਬ੍ਰਹਮੰਡ ਦੀ ਉਤਪੱਤੀ ਅਤੇ ਇਸ ਦੇ ਸਿਰਜਣਹਾਰੇ ਸਬੰਧੀ ਗੁਰੂ ਨਾਨਕ ਵੱਲੋਂ ਪੇਸ਼ ਕੀਤੀ ਗਈ ਕੂਆ/ਦਰਿਆਵਾਂ ਵਾਲੀ ਸਥਿਤੀ ਦੇ ਸਮਾਨੰਤਰ ਹੀ ਸਿਧਾਂਤ ਪੇਸ਼ ਕੀਤੇ ਹਨ।

ਜਦੋਂ ਕਿ ਅਜੋਕੇ ਵਿਗਿਆਨੀਆਂ ਨੂੰ ਸਾਡੇ ਸੂਰਜ-ਮੰਡਲ ਦੀ ਗੈਲੈਕਸੀ ਅਤੇ ਇਸ ਤੋਂ ਅਗਲੀਆਂ ਗੈਲੈਕਸੀਆਂ ਬਾਰੇ ਸੋਝੀ ਵੀਹਵੀਂ ਸਦੀ ਈਸਵੀ ਵਿਚ ਪਰਾਪਤ ਹੋਈ ਹੈ, ਗੁਰੂ ਨਾਨਕ ਉਸ ਤੋਂ ਚਾਰ ਕੁ ਸਦੀਆਂ ਪਹਿਲਾਂ ਕਹਿ ਗਏ ਸਨ:
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
(ਗੁਰਬਾਣੀ-ਗ੍ਰੰਥ ਪੰਨਾਂ 5)
ਗੁਰੂ ਨਾਨਕ ਏਸੇ ਵਿਚਾਰ ਨੂੰ ਇਸ ਤਰ੍ਹਾਂ ਵੀ ਪਰਗਟ ਕਰਦੇ ਹਨ:
ਖੰਡ ਪਤਾਲ ਅਸੰਖ ਮੈ ਗਣਤ ਨਾ ਹੋਈ ॥
(ਗੁਰਬਾਣੀ-ਗ੍ਰੰਥ ਪੰਨਾਂ 1283)
ਅਤੇ ਉਹ ਏਸੇ ਨੁਕਤੇ ਨੂੰ ਲੈ ਕੇ ਹੋਰ ਦੱਸਦੇ ਹਂਨ:
ਆਗੈ ਪਾਛੇ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੁਏ॥
(ਗੁਰਬਾਣੀ-ਗ੍ਰੰਥ ਪੰਨਾਂ 1238)
ਗੁਰੂ ਨਾਨਕ ਦੇ ਇਸ ਵਿਚਾਰ ਦੀ ਪਰੋੜਤਾ ਕਰਦੇ ਹੋਏ ਗੁਰੂ ਅਰਜਨ (ਪੰਜਵੇਂ ਗੁਰੂ) ਕਹਿੰਦੇ ਹਨ:
ਕਈ ਕੋਟਿ ਖਾਣੀ ਅਰੁ ਖੰਡ॥
ਕਈ ਕੋਟਿ ਅਕਾਸ ਬ੍ਰਹਮੰਡ॥

( ਗੁਰਬਾਣੀ-ਗ੍ਰੰਥ ਪੰਨਾਂ 275)
ਅਤੇ
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥

(ਗੁਰਬਾਣੀ-ਗ੍ਰੰਥ ਪੰਨਾਂ 276)

ਜਿਵੇਂ ਕਿ ਅਜੋਕੇ ਸਮੇਂ ਦੇ ਸਾਇੰਸਦਾਨ ਇਸ ਤੱਥ ਨੂੰ ਸਵੀਕਾਰਦੇ ਹਨ ਕਿ ਬ੍ਰਹਮੰਡ ਨੂੰ ਅਜੋਕੇ ਸਮੇਂ ਤੱਕ ਦਾ ਵਿਕਾਸ ਕਰਨ ਵਿਚ ਅਰਬਾਂ ਸਾਲ ਲੱਗੇ ਹਨ (ਸਾਇੰਸਦਾਨਾਂ ਅਨੁਸਾਰ ਬ੍ਰਹਮੰਡ ਦੀ ਰਚਨਾ ਡੇਢ ਅਰਬ ਸਾਲ ਪਹਿਲਾਂ ਹੋਈ ਹੈ)। ਪਰੰਤੂ ਬ੍ਰਹਮੰਡ ਦੀ ਉਤਪੱਤੀ ਕਿਸੇ ਅਚਾਨਕ ਮਹਾਂ-ਵਿਸਫੋਟ
(sudden big-bang) ਰਾਹੀਂ ਹੋਈ ਜਾਂ ਕਿ ਊਰਜਾ ਦੇ ਹੌਲੀ-ਹੌਲੀ ਵਹਾਅ/ਰਿਸਾਅ ਰਾਹੀਂ, ਇਸ ਬਾਰੇ ਅਜੇ ਤੀਕਰ ਸਾਇੰਸਦਾਨਾਂ ਦੇ ਪੱਧਰ ਤੇ ਵੀ ਕੋਈ ਪੱਕਾ ਨਿਰਨਾ ਨਹੀਂ ਹੋ ਸਕਿਆ। ਗੁਰੂ ਨਾਨਕ ਦਾ ‘ ਪਸਾਉ ’ ਦੇ ਸੰਕਲਪ ਰਾਹੀਂ ਪੇਸ਼ ਕੀਤਾ ਇਹ ਨੁਕਤਾ ਕਿ ਬ੍ਰਹਮੰਡ ਦੀ ਉਤਪੱਤੀ ਅਤੇ ਵਿਕਾਸ ਦੀ ਸਾਰੀ ਪ੍ਰੀਕਿਰਿਆ ਸਮੇਂ ਦੇ ਇਕ ਚੱਕਰ ਵਿਚ ਚੱਲ ਰਹੀ ਹੈ ਅਤੇ ਬ੍ਰਹਮੰਡ ਦਾ ਵਰਤਮਾਨ ਰੂਪ ਇਸ ਚੱਕਰ ਦਾ ਕੇਵਲ ਇਕ ਪੜਾਅ ਮਾਤਰ ਹੀ ਹੈ ਅਜੋਕੇ ਵਿਗਿਆਨੀਆਂ ਦੇ ਇਸ ਸਿਧਾਂਤ ਦਾ ਅਧਾਰ ਬਣਦਾ ਹੈ ਕਿ ਉਤਪੱਤੀ ਤੋਂ ਪਿੱਛੋਂ ਬ੍ਰਹਮੰਡ ਹਰ ਪਲ ਫੈਲਦਾ ਆ ਰਿਹਾ ਹੈ ਅਤੇ ਇਸ ਪ੍ਰੀਕਿਰਿਆ ਦੇ ਸਿੱਟੇ ਅੰਤ ਨੂੰ ਤਬਾਹਕੁੰਨ ਹੀ ਨਿਕਲਣਗੇ। ਗੁਰੂ ਨਾਨਕ ਅਨੁਸਾਰ ਇਸ ਬ੍ਰਹਮੰਡ ਦਾ ਇਸ ਵਰਤਮਾਨ ਚੱਕਰ ਦੇ ਅੰਤਲੇ ਸਿਰੇ ਤੱਕ ਪਹੁੰਚਦਿਆਂ ਖਾਤਮਾ ਹੋ ਜਾਵੇਗਾ, ਫਿਰ ਤੋਂ ਸੁੰਨ ਦੀ ਅਵਸਥਾ ਪੱਸਰ ਜਾਵੇਗੀ, ਇਕ ਨਵੇਂ ਚੱਕਰ ਦੀ ਉਤਪੱਤੀ ਹੋ ਜਾਵੇਗੀ ਅਤੇ ਪਹਿਲੀ ਬ੍ਰਹਮੰਡੀ ਪ੍ਰੀਕਿਰਿਆ ਦਾ ਦੁਹਰਾਓ ਹੋਣਾ ਅਰੰਭ ਹੋ ਜਾਵੇਗਾ। ਇਹ ਦੁਹਰਾਓ ਕਦੋਂ ਤਕ ਚੱਲਦੇ ਰਹਿਣਗੇ ਕੋਈ ਨਹੀਂ ਦੱਸ ਸਕਦਾ, ਅਜ ਤੋਂ ਕਰੋੜਾਂ ਸਾਲਾਂ ਬਾਦ ਵਿਚ ਆਉਣ ਵਾਲੇ ਵਿਗਿਆਨੀ ਵੀ। ਉਂਜ ਅਜੋਕੇ ਵਿਗਿਆਨ ਦੇ ਨਿਯਮ ਗੁਰੂ ਨਾਨਕ ਦੇ ਬ੍ਰਹਮੰਡੀ ਊਰਜਾ-ਕੇਂਦਰ ਅਤੇ ਬ੍ਰਹਮੰਡੀ ਵਿਕਾਸ ਦੇ ਵਿਚਾਰਾਂ ਦੀ ਸਪਸ਼ਟ ਤੌਰ ਤੇ ਪਰੋੜਤਾ ਕਰਦੇ ਨਜ਼ਰ ਆਉਂਦੇ ਹਨ। ਆਓ ਵੇਖੀਏ, ਇਹ ਸਾਰਾ ਕੁਝ ਕਿਓਂ ਅਤੇ ਕਿਵੇਂ ਵਾਪਰਦਾ ਹੈ।

ਵਿਗਿਆਨ ਰਾਹੀਂ ਬ੍ਰਹਮੰਡੀ ਊਰਜਾ-ਕੇਂਦਰ ਦੀ ਵਿਆਖਿਆ ਦੋ ਢੰਗਾਂ ਨਾਲ ਕੀਤੀ ਜਾ ਸਕਦੀ ਹੈ:
i. ਭੌਤਿਕ-ਵਿਗਿਆਨ
(Physics) ਦੇ ਥਰਮੋ-ਡਾਇਨਿਮਿਕਸ ਦੇ ਮੁਢਲੇ ਨਿਯਮ ਅਨੁਸਾਰ ਊਰਜਾ ਕਦੇ ਖਤਮ ਨਹੀਂ ਹੁੰਦੀ, ਊਰਜਾ ਕੇਵਲ ਆਪਣਾ ਰੂਪ ਬਦਲਦੀ ਹੈ; ਉਦਾਹਰਨ ਦੇ ਤੌਰ ਤੇ ਤਾਪ ਤੋਂ ਰੋਸ਼ਨੀ, ਗਤੀ ਤੋਂ ਧੁਨੀ ਅਤੇ ਧੁਨੀ ਤੋਂ ਗਤੀ ਆਦਿਕ ਪਰੰਤੂ ਅਜਿਹੇ ਬਦਲਾਵਾਂ ਨਾਲ ਬ੍ਰਹਮੰਡ ਵਿਚਲੀ ਊਰਜਾ ਦੇ ਭੰਡਾਰ ਵਿਚ ਕੋਈ ਕਮੀ ਨਹੀਂ ਵਾਪਰਦੀ।
ii. ਪਰੰਤੂ ਥਰਮੋ-ਡਾਇਨਿਮਿਕਸ ਦੇ ਅਗਲੇਰੇ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਬ੍ਰਹਮੰਡ ਦੇ ਲਗਾਤਾਰ ਹੋ ਰਹੇ ਫੈਲਾਵ ਅਤੇ ਇਸ ਵਿਚ ਚੱਲ ਰਹੀ ਹਿੱਲ-ਜੁਲ ਨਾਲ ਊਰਜਾ ਦੇ ਬ੍ਰਹਮੰਡੀ ਭੰਡਾਰ ਵਿਚਲੀ ਊਰਜਾ ਭਾਵੇਂ ਤਿਲ-ਤਿਲ ਕਰ ਕੇ ਹੋਵੇ, ਨਸ਼ਟ ਹੁੰਦੀ ਹੀ ਰਹਿੰਦੀ ਹੈ, ਅੰਜਾਈਂ ਜਾਂਦੀ ਹੈ, ਘਟਦੀ ਹੈ, ਅਤੇ ਊਰਜਾ ਦੇ ਬ੍ਰਹਮੰਡੀ ਭੰਡਾਰ ਵਿਚ ਕਮੀ ਹੋਣਾ ਜਾਰੀ ਰਹਿੰਦਾ ਹੈ। ਬ੍ਰਹਮੰਡੀ ਊਰਜਾ ਵਿਚ ਕਮੀ ਹੋਣ ਵਾਲੀ ਇਸ ਪ੍ਰੀਕਿਰਿਆ ਨੂੰ ਵਿਗਿਆਨਕ ਸ਼ਬਦਾਵਲੀ ਵਿਚ ‘ ਐਂਟਰੌਪੀ ’
(‘ENTROPY’) ਕਿਹਾ ਜਾਂਦਾ ਹੈ।

ਭੌਤਿਕ-ਵਿਗਿਆਨ ਵਿਚ ‘ ਐਂਟਰੌਪੀ ’ ਦੇ ਅਰਥ ਥਰਮੋ-ਡਾਇਨੈਮਿਕ ਮਿਕਦਾਰ ਦੇ ਤੌਰ ਤੇ ਕੀਤੇ ਜਾਂਦੇ ਹਨ ਜਿਸ (ਮਿਕਦਾਰ) ਦੀ ਘਾਟ ਹੋ ਜਾਣ ਦੇ ਕਾਰਨ ਗਤੀ-ਊਰਜਾ ਬਣਾਉਣ ਲਈ ਲੋੜੀਂਦੀ ਤਾਪ-ਊਰਜਾ ਉਪਲਭਦ ਨਹੀਂ ਰਹਿੰਦੀ ਅਤੇ ਇਸ ਦਾ ਕਾਰਨ ਸਮੁੱਚੇ ਬ੍ਰਹਮੰਡੀ-ਪ੍ਰਬੰਧ ਵਿਚ ਇਕਸੁਰਤਾ ਅਤੇ ਇਕਸਾਰਤਾ ਦੀ ਘਾਟ ਦਾ ਇਕ ਵਿਸ਼ੇਸ਼ ਪਰੰਤੂ ਖਤਰਨਾਕ ਹੱਦ ਤਕ ਪਹੁੰਚ ਜਾਣਾ ਹੁੰਦਾ ਹੈ। ਥਰਮੋ-ਡਾਇਨਿਮਿਕਸ ਦੇ ਇਸ ਨਿਯਮ ਅਨੁਸਾਰ ਸਮਾਂ ਬੀਤਣ ਨਾਲ ਐਂਟਰੌਪੀ ਵਿਚ ਸਦਾ ਹੀ ਵਾਧਾ ਹੁੰਦਾ ਰਹਿੰਦਾ ਹੈ (ਭਾਵ ਬ੍ਰਹਮੰਡੀ ਊਰਜਾ ਲਗਾਤਾਰ ਘਟਦੀ ਚਲੀ ਜਾਂਦੀ ਹੈ) ਅਤੇ ਆਖਰਕਾਰ ਵਧਦੀ ਐਂਟਰੋਪੀ ਵਰਤਮਾਨ ਦੇ ਬ੍ਰਹਮੰਡ ਲਈ ਘਾਤਕ ਹੋ ਨਿਬੜਦੀ ਹੈ।

ਭੌਤਿਕ-ਵਿਗਿਆਨ ਅਤੇ ਬ੍ਰਹਮੰਡ-ਵਿਗਿਆਨ ਨੇ ਹੁਣ ਤਕ ਚਾਰ ਦਿਸ਼ਾਵਾਂ ਵਿਚ ਵਿਕਾਸ ਕੀਤਾ ਹੈ:
1. ਮਨੁੱਖੀ-ਵਿਕਾਸ ਵਿਗਿਆਨ
(Science of Human Evolution) ਜੋ ਕਿ ਇੰਗਲੈਂਡ ਦੇ ਚਾਰਲਸ ਰੌਬਰਟ ਡਾਰਵਿਨ ਨੇ ਅਪਣੀ ਪੁਸਤਕ ‘ਪਰਜਾਤੀਆਂ ਦੀ ਉਤਪੱਤੀ ਬਾਰੇ’ ਰਾਹੀਂ ਦਿੱਤੀ ਜੋ ਕਿ 1895 ਈਸਵੀ ਵਿਚ ਪ੍ਰਕਾਸ਼ਿਤ ਹੋਈ ਸੀ।
2. ਗੁਰੂਤਾ ਆਕਰਸ਼ਣ ਦਾ ਨਿਯਮ ਜੋ ਇੰਗਲੈਂਡ ਦੇ ਸਰ ਆਈਜ਼ਾਕ ਨਿਊਟਨ ਨੇ 1867 ਈਸਵੀ ਵਿਚ ਪੇਸ਼ ਕੀਤਾ।
3. ਜਰਮਨੀ ਦੇ ਅਲਬਰਟ ਆਈਨਸਟਾਈਨ ਵਲੋਂ 1909 ਈਸਵੀ ਵਿਚ ਦਿੱਤਾ ਗਿਆ ‘ ਸਾਪੇਖਤਾ ਦਾ ਸਿਧਾਂਤ ’।
4. ਕੁਆਂਟਮ ਭੌਤਿਕ-ਵਿਗਿਆਨ ਅਤੇ ਕੁਆਂਟਮ ਮਕੈਨਿਕਸ ਦਾ ਸਿਧਾਂਤ ਜੋ ਵੀਹਵੀਂ ਸਦੀ ਈਸਵੀ ਦੇ ਵਿਗਿਆਨਕਾਂ ਨੇ ਤਿਆਰ ਕੀਤਾ ਜਿਹਨਾਂ ਵਿਚ ਮੈਕਸ ਪਲੈਂਕ, ਅਲਬਰਟ ਆਈਨਸਟਾਈਨ, ਲੂਈ ਦੀ ਬਰੌਗਾਈਲ, ਵਾਰਨਰ ਹੈਸਨਬਰਗ, ਨੀਲਜ਼ ਬੌਹਰ, ਸਟੀਫਨ ਹਾਕਿੰਗ ਅਤੇ ਰਿਚਾਰਡ ਫੇਨਮੈਨ ਸ਼ਾਮਲ ਸਨ।
ਬ੍ਰਹਮੰਡ ਨੂੰ ਲੈਕੇ ਗੁਰੂ ਨਾਨਕ ਦੇ ਉੱਪਰ ਦਿੱਤੇ ਵਿਚਾਰਾਂ ਅਤੇ ਆਧੁਨਿਕ ਸਾਇੰਸਦਾਨਾਂ ਦੇ ਵਿਚਾਰਾਂ ਦੇ ਵਿਚਕਾਰ ਭੋਰਾ-ਭਰ ਵੀ ਟਕਰਾਓ ਮੌਜੂਦ ਨਹੀਂ। ਸਗੋਂ, ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ, ਅਜੋਕਾ ਵਿਗਿਆਨ ਗੁਰੂ ਨਾਨਕ ਦੇ ਵਿਚਾਰਾਂ ਦਾ ਸਪਸ਼ਟ ਅਨੁਸਰਨ ਕਰਦਾ ਸਾਬਤ ਹੁੰਦਾ ਹੈ। ਪਰੰਤੂ ਗੁਰੂ ਨਾਨਕ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਮਨੁੱਖ ਵਿਚ ਹਾਲੇ ਬੁੱਧੀ, ਸਮੇ ਅਤੇ ਹੋਰ ਸਾਧਨਾਂ ਦੀ ਭਾਰੀ ਕਮੀ ਹੈ ਅਤੇ ਉਹ ਇਸ ਸਭ ਕੁਝ ਨਾਲ ਆਮ ਮਨੁੱਖਤਾ ਦੇ ਭਲੇ ਲਈ ਬ੍ਰਹਮੰਡ ਵਿੱਚੋਂ ਬਹੁਤ ਕੁਝ ਖੋਜ ਨਹੀਂ ਸਕਦਾ। ਉਂਜ ਗੁਰੂ ਨਾਨਕ ਖੋਜੀ ਨੂੰ ਵਡਿਆਉਂਦੇ ਹਨ ਇਹ ਕਹਿੰਦੇ ਹੋਏ ਕਿ “ਖੋਜੀ ਉਪਜੈ ਬਾਦੀ ਬਿਨਸੈ ....” (ਗੁਰਬਾਣੀ-ਗ੍ਰੰਥ, ਪੰਨਾਂ 1255) ਪਰੰਤੂ ਉਹਨਾਂ ਅਨੁਸਾਰ ਸਦਾ ਹੀ ਮਨੁੱਖੀ ਭਲਾਈ ਦੇ ਕਾਰਜ ਨੂੰ ਬਲ ਦੇਣ ਵਾਲੀ ਹੋਣੀ ਚਾਹੀਦੀ ਹੈ ਭਾਵ ਉਹ ਵਿਗਿਆਨਕ ਖੋਜ ਦੇ ਸਾਹਮਣੇ ਮਨੁਖੀ ਭਾਈਚਾਰੇ ਦੀ ਭਲਾਈ-ਕਾਰਜ ਨੂੰ ਪਹਿਲ ਦੇਣ ਦੀ ਨਸੀਹਤ ਕਰਦੇ ਹਨ। ਉੱਧਰ, ਆਧੁਨਿਕ ਵਿਗਿਆਨੀ ਵੀ ਕੁਦਰਤੀ ਨਿਯਮਾਂ ਨੂੰ ਲੈ ਕੇ ਵੱਡੇ ਭੰਬਲਭੂਸੇ ਦੀ ਸਥਿਤੀ ਵਿਚ ਹਨ ਅਤੇ ਉਹ ਬੜੀ ਹੀ ਗੰਭੀਰਤਾ ਨਾਲ ਮਹਿਸੂਸ ਕਰ ਰਹੇ ਹਨ ਕਿ ਵਿਗਿਆਨ ਦੇ ਖੇਤਰ ਦੀ ਖੋਜ ਉਹਨਾਂ ਨੂੰ ਕਿਧਰੇ ਨਹੀਂ ਪਹੁੰਚਾ ਰਹੀ।

ਸੰਸਾਰ ਵਿਚ ਕੁਝ ਜ਼ਿਆਦਾ ਹੀ ਜੋਸ਼ੀਲੇ ਕਿਸਮ ਦੇ ਲੋਕ ਮੌਜੂਦ ਹਨ ਜੋ ਕੁਝ ਝੂਠੀਆਂ ਕਹਾਣੀਆਂ ਘੜਦੇ ਹੋਏ ਉੱਘੇ ਵਿਗਿਆਨੀਆਂ ਨੂੰ ਜੀਵਨ ਦੇ ਆਖਰੀ ਸਮਿਆਂ ਵਿਚ ‘ ਅਧਿਆਤਮਿਕਤਾ ’ ਵੱਲ ਉਲਾਰ ਹੁੰਦੇ ਹੋਏ ਵਿਖਾਉਣ ਦਾ ਕੋਝਾ ਯਤਨ ਕਰਦੇ ਵੇਖੇ ਜਾ ਸਕਦੇ ਹਨ। ਬੋਸਟਨ ਦੇ ਕਾਰਡੀਨਲ ਨੇ ਅਲਬਰਟ ਆਈਨਸਟਾਇਨ ਬਾਰੇ ਕਾਹਲੀ ਨਾਲ ਇਹ ਸਿੱਟਾ ਕੱਢ ਮਾਰਿਆ ਸੀ ਕਿ ਉਹ (ਆਈਨਸਟਾਈਨ) ‘ ਇਕ-ਈਸ਼ਵਰਵਾਦੀ ’
(monotheist) ਵਿਅਕਤੀ ਸੀ। ਇਸ ਸਥਿਤੀ ਵਿਚ ਅਲਬਰਟ ਆਈਨਸਟਾਈਨ ਦਾ ਉਹ ਪੱਤਰ ਅੱਖਾਂ ਖੋਹਲਣ ਵਾਲਾ ਹੈ ਜੋ ਉਸ ਨੇ ਆਪਣੇ ਇਕ ਜਰਮਨ ਦੋਸਤ ਐਰਿਕ ਗੁੱਟਕਾਈਂਡ ਨੂੰ ਜਨਵਰੀ 1854 ਈਸਵੀ (ਆਪਣੀ ਮੌਤ ਤੋਂ ਇਕ ਸਾਲ ਪਹਿਲਾਂ) ਲਿਖਿਆ ਸੀ। ਇਹ ਪੱਤਰ 2008 ਈਸਵੀ ਵਿਚ ਲੰਡਨ ਵਿਖੇ ਨੀਲਾਮ ਹੋਇਆ ਅਤੇ ਇਸ ਦੀ ਬੋਲੀ ਅਚੰਭਾਜਨਕ ਰਾਸ਼ੀ 1,70, 000 (ਇਕ ਲੱਖ ਸੱਤਰ ਹਜ਼ਾਰ) ਪਾਊਂਡ ਉੱਤੇ ਜਾ ਕੇ ਟੁੱਟੀ ਸੀ।
ਉੱਪਰ ਦੱਸੇ ਪੱਤਰ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਇਸ ਰਾਹੀਂ ਅਲਬਰਟ ਆਈਨਸਟਾਈਨ ਧਾਰਮਿਕ ਵਿਸ਼ਵਾਸਾਂ ਨੂੰ ‘ ਬਚਗਾਨਾ ਵਹਿਮ-ਭਰਮ ’ ਕਹਿ ਕੇ ਤ੍ਰਿਸਕਾਰਦਾ ਹੈ ਅਤੇ ਉਹ ਇਹਨਾਂ ਨੂੰ ‘ ਮਨੁੱਖੀ ਕਮਜ਼ੋਰੀਆਂ ਦੀ ਉਪਜ ’ ਵਜੋਂ ਦਰਸਾਉਂਦਾ ਹੈ। ਇਸ ਪੱਤਰ ਵਿਚ ਆਈਨਸਟਾਈਨ ਆਪ੍ਰਾਕ੍ਰਿਤਿਕ
(supernatural) ਵਰਤਾਰੇ ਬਾਰੇ ਆਪਣੇ ਆਲੋਚਨਾਤਮਿਕ ਵਿਚਾਰ ਬੜੀ ਬੇਬਾਕੀ ਨਾਲ ਪ੍ਰਗਟਾਉਂਦਾ ਹੈ। ਅਲਬਰਟ ਆਈਨਸਟਾਈਨ ਦਾ ਇਸ ਪੱਤਰ ਰਾਹੀਂ ਇਹ ਕਹਿਣਾ ਹੈ ਕਿ “ ਮੇਰੇ ਲਈ ਸ਼ਬਦ ‘ ਰੱਬ ’ ਮਨੁੱਖੀ ਕਮਜ਼ੋਰੀਆਂ ਦੀ ਉਪਜ ਹੈ, ਬਾਈਬਲ ਸਤਿਕਾਰਯੋਗ ਪਰੰਤੂ ਪਰਾਚੀਨ ਕਹਾਣੀਆਂ ਦਾ ਪੁਲਿੰਦਾ ਹੈ ਜੋ ਸਪਸ਼ਟ ਤੌਰ ਉੱਤੇ ਬਚਗਾਨਾ ਕਿਸਮ ਦੀਆਂ ਹਨ............”। ਅਲਬਰਟ ਆਈਨਸਟਾਈਨ ਇਸ ਪੱਤਰ ਰਾਹੀਂ ਇਸ ਵਿਚਾਰ ਨੂੰ ਰਦ ਕਰਦਾ ਹੈ ਕਿ ਯਹੂਦੀ ਲੋਕ ‘ਰੱਬ’ ਵੱਲੋਂ ਧਰਤੀ ਉੱਤੇ ਚੁਣ ਕੇ ਭੇਜੇ ਗਏ ਲੋਕ ਹਨ ਅਤੇ ਉਸ ਅਨੁਸਾਰ ਯਹੂਦੀ ਆਮ ਮਨੁੱਖਾਂ ਦੇ ਦੂਸਰੇ ਸਮੂਹਾਂ ਤੋਂ ਭਿੰਨ ਨਹੀਂ ਅਤੇ ਨਾ ਹੀ ਉਹਨਾਂ ਵਿਚ ਕੋਈ ‘ ਰੱਬ ’ ਵੱਲੋਂ ‘ ਚੁਣੇ ਹੋਏ ਲੋਕ ’ ਹੋਣ ਦੀ ਵਿਸ਼ੇਸ਼ਤਾ ਹੈ (ਸਾਇੰਸਦਾਨ ਆਈਨਸਟਾਈਨ ਖੁਦ ਇਕ ਯਹੂਦੀ ਪਰੀਵਾਰ ਵਿੱਚੋਂ ਸੀ ਅਤੇ 1948 ਈਸਵੀ ਵਿਚ ‘ਇਸਰਾਈਲ’ ਦੇਸ਼ ਦੇ ਹੋਂਦ ਵਿਚ ਆਉਣ ਤੇ ਉਸ ਨੂੰ ਇਸ ਦਾ ਪਹਿਲਾ ਪਰਧਾਨ ਬਣਨ ਦੀ ਪੇਸ਼ਕਸ਼ ਆਈ ਸੀ ਜੋ ਉਸ ਨੇ ਠੁਕਰਾ ਦਿੱਤੀ ਸੀ) ।
ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਆਧੁਨਿਕ ਅਧਿਆਤਮਵਾਦੀ ਉੱਪਰ ਦਰਸਾਏ ਪੱਤਰ ਤੋਂ ਸਬਕ ਲੈਣਗੇ ਅਤੇ ਮਹਾਨ ਵਿਗਿਆਨੀਆਂ ਵਿੱਚੋਂ ਕੁਝ ਕੁ ਨੂੰ ‘ਅਧਿਆਤਮਵਾਦੀ’ ਬਣਾ ਕੇ ਪੇਸ਼ ਕਰਨ ਦੀ ਕਾਰਵਾਈ ਤੋਂ ਗੁਰੇਜ਼ ਕਰਨਗੇ। ਇਕ ਸਫਲ ਵਿਗਿਆਨੀ ਤਾਂ ਉਂਜ ਹੀ ਆਪਣੇ ਆਖਰੀ ਦਿਨਾਂ ਵਿਚ ‘ਮਾਨਵਵਾਦੀ’ ਜੀਵਨ-ਜਾਚ ਅਪਣਾਈ ਬੈਠਾ ਹੁੰਦਾ ਹੈ, ਉਹ ਅਧਿਆਤਮਵਾਦ ਵੱਲ ਕਦੀ ਵੀ ਪਰੇਰਤ ਨਹੀਂ ਹੋਵੇਗਾ। ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਗੁਰੂ ਨਾਨਕ ਵਰਗੇ ਵਿਗਿਆਨਕ ਪਹੁੰਚ ਵਾਲੇ ਅਤੇ ਤਰਕਸ਼ੀਲਤਾ ਨੂੰ ਸਮਰਪਿਤ ਚਿੰਤਕਾਂ ਨੂੰ ਖਾਹ-ਮੁਖਾਹ ਹੀ ‘ਅਧਿਆਤਮਵਾਦੀ ’ ਹੋਣ ਦਾ ਖਿਤਾਬ ਦੇਣ ਦੇ ਰੁਝਾਨ ਨੂੰ ਠੱਲ ਮਾਰੇ ਜਾਣ ਦੀ ਲੋੜ ਹੈ।


ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।




.