.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਾਰ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੬ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ॥ ੧ {ਪੰਨਾ ੭੮੭}

ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾੑਲੰਨਿੑ॥ ੨ 

ਮਃ ੩॥ ਕੰਤਾ ਨਾਲਿ ਮਹੇਲੀਆ, ਸੇਤੀ ਅਗਿ ਜਲਾਹਿ॥ ਜੇ ਜਾਣਹਿ ਪਿਰੁ ਆਪਣਾ, ਤਾ ਤਨਿ ਦੁਖ ਸਹਾਹਿ॥ ਨਾਨਕ ਕੰਤ ਨ ਜਾਣਨੀ, ਸੇ ਕਿਉ ਅਗਿ ਜਲਾਹਿ॥ ਭਾਵੈ ਜੀਵਉ ਕੈ ਮਰਉ, ਦੂਰਹੁ ਹੀ ਭਜਿ ਜਾਹਿ॥ ੩ 

ਪਉੜੀ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ, ਲੇਖੁ ਕਰਤੈ ਲਿਖਿਆ॥ ਨਾਵੈ ਜੇਵਡ ਹੋਰ ਦਾਤਿ ਨਾਹੀ, ਤਿਸੁ ਰੂਪੁ ਨ ਰਿਖਿਆ॥ ਨਾਮੁ ਅਖੁਟੁ ਨਿਧਾਨੁ ਹੈ, ਗੁਰਮੁਖਿ ਮਨਿ ਵਸਿਆ॥ ਕਰਿ ਕਿਰਪਾ ਨਾਮੁ ਦੇਵਸੀ, ਫਿਰਿ ਲੇਖੁ ਨ ਲਿਖਿਆ॥ ਸੇਵਕ ਭਾਇ ਸੇ ਜਨ ਮਿਲੇ, ਜਿਨ ਹਰਿ ਜਪੁ ਜਪਿਆ॥ ੬ 

(ਸਟੀਕ-ਪਉੜੀ ੬, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਨਿਮ੍ਰ ਬੇਨਤੀ: — "ਸੂਹੀ ਕੀ ਵਾਰ ਮਹਲਾ ੩" ਦੀ ਚੱਲ ਰਹੀ ਸਟੀਕ ਦੀ ਕਿਸ਼ਤ ਨੰ: ੧੩ ਦੇ ਅੰਤ `ਚ ਦਿੱਤੇ ਵਿਸ਼ੇਸ਼ ਨੋਟ ਰਾਹੀਂ ਅਸਾਂ ਸਪਸ਼ਟ ਕੀਤਾ ਸੀ ਕਿ ਪਉੜੀ ਨੰ: ੬ ਨਾਲ ਸੰਬੰਧਤ ਸਲੋਕਾਂ ਵਿੱਚਲੇ ਬ੍ਰਾਹਮਣ ਮੱਤ ਦੀ ਉਪਜ ਮੁੱਖ ਵਿਸ਼ੇ ਸਤੀ ਪ੍ਰਥਾ ਦੇ ਪਿਛੋਕੜ ਅਤੇ ਨਾਲ ਨਾਲ ਸਤੀ ਪ੍ਰਥਾ ਆਦਿ ਨਾਲ ਸੰਬੰਧਤ ਗੁਰਬਾਣੀ ਵਿਚਾਰਧਾਰਾ ਆਧਾਰਤ ਲੋੜੀਂਦਾ ਗੁਰਮੱਤ ਵੇਰਵਾ ਵੀ ਅਸੀਂ ਇਸ ਲੜੀ ਦੀ ਅਗ਼ਲੀ ਕਿਸ਼ਤ ਨੰ: ੧੪ (ਚੌਦ੍ਹਾਂ) ਤੋਂ ਅਰੰਭ ਕਰਾਂਗੇ।

ਵਾਇਦੇ ਮੁਤਾਬਕ ਅਸਾਂ ਉਸ ਕਿਸ਼ਤ ਨੰ: ੧੩ ਤੋਂ ਬਾਅਦ ਕਿਸ਼ਤ ੧੪ ਤੇ ੧੫ `ਚ ਸਤੀ ਪ੍ਰਥਾ ਦੇ ਖੰਡਣ ਵਾਲੇ ਵਿਸ਼ੇ ਨਾਲ ਸੰਬੰਧਤ ਪੰਜਵੇਂ ਪਾਤਸ਼ਾਹ ਤੇ ਕਬੀਰ ਸਾਹਿਬ ਦੇ ਇਕ-ਇਕ ਸ਼ਬਦ ਉਪ੍ਰੰਤ ਕਿਸ਼ਤ ਨੰ: ੧੬ `ਚ ਭਾ: ਗੁ: ਜੀ ਦੀ ਪੰਜਵੀਂ ਵਾਰ ਦੀ ਦਸਵੀਂ ਪਉੜੀ ਵੀ ਇਸ ਪੱਖੋਂ ਅਰਥਾਂ ਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ ਲਈ ਸੀ। ਜਦਕਿ ਹੁਣ ਇਸ ਲੜੀ ਦੀ ਕਿਸ਼ਤ ੧੭ `ਚ ਅਸੀਂ ਗੁਰਬਾਣੀ ਵਿਚਾਰਧਾਰਾ ਆਧਾਰਤ ਪਉੜੀ ਨੰ: ੬ ਨਾਲ ਆ ਚੁੱਕੇ ਸਤੀ ਪ੍ਰਥਾ ਦੇ ਖੰਡਣ ਦੇ ਵਿਸ਼ੇ ਨਾਲ ਸੰਬੰਧਤ ਸਲੋਕਾਂ ਤੋਂ ਇਲਾਵਾ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਆਧਾਰਤ ਉਚੇਚੇ ਇਸਤ੍ਰੀ ਵਰਗ ਨਾਲ ਸੰਬੰਧਤ ਵਿਸ਼ੇ ਨੂੰ ਕੁੱਝ ਹੋਰ ਵੇਰਵੇ ਸਹਿਤ ਲੈਣ ਦਾ ਯਤਨ ਕਰ ਰਹੇ ਹਾਂ। ਤਾਂ ਤੇ:-

"ਆਪੇ ਪੁਰਖੁ, ਆਪੇ ਹੀ ਨਾਰੀ. ."- ਸੰਸਾਰ ਤਲ `ਤੇ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਹੀ ਇਕੋ-ਇਕ ਦਰ ਹੈ ਜਿਸ ਨੇ ਸੰਸਾਰ `ਚ ਸਭ ਤੋਂ ਪਹਿਲਾਂ ਕੇਵਲ ਇਲਾਣਿਆ ਤੇ ਸਪਸ਼ਟ ਹੀ ਨਹੀਂ ਕੀਤਾ ਬਲਕਿ ਸਮੂਚੇ ਮਨੁੱਖ ਮਾਤ੍ਰ ਲਈ ਅੱਖਰ ਰੂਪ ਗੁਰਬਾਣੀ ਦੇ ਪ੍ਰਗਟਾਵੇ, ਸੰਸਾਰ ਭਰ ਦੇ ਇਕੋ ਇੱਕ ਗੁਰੂ" "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਰਾਹੀਂ ਸਦੀਵ ਕਾਲ ਲਈ ਇਸ ਇਲਾਹੀ ਸੱਚ ਨੂੰ ਸਦੀਵ ਕਾਲ ਲਈ ਪ੍ਰਗਟ ਤੇ ਸਥਾਪਤ ਵੀ ਕਰ ਦਿੱਤਾ ਕਿ ਇਸਤ੍ਰੀ ਹੋਵੇ ਜਾਂ ਮਰਦ, ਨਰ ਹੋਵੇ ਜਾਂ ਮਾਦਾ (ਨਾਰੀ):-

ਪ੍ਰਭੂ ਦੀ ਅਨੰਤ ਤੇ ਬੇਅੰਤ ਰਚਨਾ `ਚ ਕਿਸੇ ਢੰਗ ਨਾਲ ਵੀ ਇਨ੍ਹਾਂ `ਚੋਂ ਕਿਸੇ ਇੱਕ ਦਾ ਦਰਜਾ ਲੋੜ ਤੇ ਸਤਿਕਾਰ ਘੱਟ ਤੇ ਦੂਜੇ ਦਾਂ ਵੱਧ ਨਹੀਂ। ਇਸ ਲਈ ਗੁਰੂ ਦਰ `ਤੇ ਦੋਨਾਂ ਵਿਚਾਲੇ ਕਿਸੇ ਪ੍ਰਕਾਰ ਦੇ ਵੀ ਵਿੱਤਕਰੇ ਤੇ ਭੇਦ-ਭਾਵ ਲਈ ਕੋਈ ਥਾਂ ਨਹੀਂ ਅਤੇ ਨਾ ਹੀ ਦੋਨਾਂ `ਚੋਂ ਕਿਸੇ ਇੱਕ ਨੂੰ ਅਜਿਹਾ ਕਰਣ ਤੇ ਸੋਚਣ ਦਾ ਹੱਕ ਹੀ ਹੈ। ਅਕਾਲਪੁਰਖ ਦੀ ਬੇਅੰਤ ਰਚਨਾ `ਚ ਸੰਸਾਰ ਚੱਕਰ ਨੂੰ ਚਲਾਉਣ ਲਈ, ਨਰ ਤੇ ਨਾਰੀ (Male & Female) ਕੇਵਲ ਮਨੁੱਖ ਦੇ ਹੀ ਦੋ ਤਰ੍ਹਾਂ ਦੇ ਸਰੀਰ ਨਹੀਂ ਹਨ ਬਲਕਿ ਇੱਕ ਜਾਂ ਦੂਜੇ ਢੰਗ ਨਾਲ ਇਹੀ ਨਿਯਮ ਲਗਭਗ ਪ੍ਰਭੂ ਦੀ ਹਰੇਕ ਜੀਵ ਸ਼੍ਰੇਣੀ `ਚ ਵੀ ਹੈ।

ਇਸੇ ਲਈ ਗੁਰੂ ਦਰ `ਤੇ ਗੁਰਬਾਣੀ ਅਨੁਸਾਰ ਕੇਵਲ ਉਸ ਸਤੀ ਪ੍ਰਥਾ ਦਾ ਹੀ ਨਹੀਂ ਬਲਕਿ ਦਹੇਜ ਪ੍ਰਥਾ, ਦੇਵਦਾਸੀ ਪ੍ਰਥਾ, ਰਾਮਜਨੀ ਪ੍ਰਥਾ, ਫ਼ਿਰ ਸ਼ਾਦੀ/ਅਨੰਦ ਕਾਰਜ ਦੌਰਾਨ ਮੁੰਡੇ ਵਲਿਆਂ ਦਾ ਸਿਰ ਉੱਚਾ ਤੇ ਕੁੜੀ ਵਾਲਿਆਂ ਦਾ ਨੀਵਾਂ, ਮੁੰਡੇ ਵਾਲੇ ਜਾਂਜੀ ਤੇ ਕੁੜੀ ਵਾਲੇ ਮਾਂਜੀ, ਮੁੰਡੇ ਦਾ ਜਨਮ ਹੋਵੇ ਤਾਂ ਉੇਚੇਚੀਆਂ ਖੁਸ਼ੀਆਂ, ਬੈਂਡ ਵਾਜੇ, ਮਠਿਆਂਈਆਂ ਤੇ ਹੋਰ ਬਹੁਤ ਕੁਝ। ਉਸ ਸਾਰੇ ਦੇ ਉਲਟ ਉਥੇ ਇਹ ਵੀ ਕਿ ਕੁੜੀ ਦੀ ਸ਼ਾਦੀ ਨਹੀਂ ਬਲਕਿ ਕਨਿੰਆਂ ਦਾਨ ਹੁੰਦਾ ਹੈ।

ਇਸੇ ਤਰ੍ਹਾਂ ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣਾ ਜਿਹੜਾ (ਅਜੋਕੇ ਸਮੇਂ ਮਾਤਾ ਦੇ ਗਰਭ `ਚ ਹੀ ਬੱਚੀਆਂ ਦੇ ਭਰੂਣ ਦੀ ਹਤਿਆ ਕਰ/ਕਰਵਾ ਦੇਣੀ) ਆਦਿ ਅਜਿਹੀਆਂ ਸਮੂਹ ਸੋਚਣੀਆਂ, ਕਰਣੀਆਂ ਤੇ ਰੀਤੀਆਂ ਨੂੰ ਗੁਰੂ ਦਰ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਘਰ `ਚ ਕੋਈ ਥਾਂ ਨਹੀਂ ਬਲਕਿ ਉਨ੍ਹਾਂ ਸਮੂਹ ਕਰਣੀਆਂ ਦਾ ਭਰਵਾਂ ਵਿਰੋਧ ਵੀ ਕੀਤਾ ਹੋਇਆ ਹੈ। ਇੱਥੇ ਗੁਰਬਾਣੀ ਅਨੁਸਾਰ ਤਾਂ "ਆਪੇ ਪੁਰਖੁ, ਆਪੇ ਹੀ ਨਾਰੀ॥ ਆਪੇ ਪਾਸਾ, ਆਪੇ ਸਾਰੀ॥ ਆਪੇ ਪਿੜ ਬਾਧੀ ਜਗੁ ਖੇਲੈ, ਆਪੇ ਕੀਮਤਿ ਪਾਈ ਹੇ" (ਪੰ: ੧੦੨੦) ਵਾਲਾ ਸਿਧਾਂਤ ਅਤੇ ਅਜਿਹੇ ਗੁਰਬਾਣੀ ਦੇ ਫ਼ੁਰਮਾਨ ਹੀ ਲਾਗੂ ਹੁੰਦੇ ਹਨ।

"ਸੋ ਕਿਉ ਮੰਦਾ ਆਖੀਐ" -ਇਥੇ ਤਾਂ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" (ਪੰ: ੪੭੩) ਵਾਲੇ ਗੁਰਬਾਣੀ ਆਦੇਸ਼ ਲਾਗੂ ਹੁੰਦੇ ਹਨ ਕਿ ਐ ਮਨੁੱਖ! ਤੂੰ ਆਪਣੇ ਆਪ ਨੂੰ ਵਧੀਆ ਤੇ ਆਪਣੇ ਮੁਕਾਬਲੇ ਇਸਤ੍ਰੀ ਵਰਗ ਨੂੰ ਘਟੀਆ ਤੇ ਮੰਦਾ ਕਿਵੇਂ ਕਹਿੰਦਾ ਹੈਂ? ਇਸ ਲਈ ਇਸ ਪੱਖੋਂ ਉਪ੍ਰੌਕਤ ਗੁਰਬਾਣੀ ਫ਼ੁਰਮਾਨ ਅਤੇ ਉਸ ਫ਼ੁਰਮਾਨ ਨਾਲ ਸੰਬੰਧਤ ਪੂਰੇ ਸਲੋਕ ਦੇ ਅਰਥਾਂ ਨੂੰ ਸਮਝਣਾ ਵੀ ਜ਼ਰੂਰੀ ਹੈ।

ਇਹੀ ਕਾਰਣ ਹੈ ਕਿ ਅਸਾਂ ਸਮੂਚੇ ਮਨੁੱਖ-ਮਾਤ੍ਰ ਦੀ ਜਾਣਕਾਰੀ ਲਈ, ਅੱਗੇ ਚੱਲ ਕੇ ਗੁਰਬਾਣੀ ਦੀ ਉਪ੍ਰੌਕਤ ਪੰਕਤੀ ਨਾਲ ਸੰਬੰਧਤ ਪੂਰੇ ਸਲੋਕ ਨੂੰ ਵੀ ਅਰਥਾਂ ਸਹਿਤ ਦਿੱਤਾ ਹੈ। ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗਾ ਕਿ ਗੁਰਬਾਣੀ ਅਨੁਸਾਰ ਸੰਸਾਰ ਤਲ `ਤੇ ਭਾਵੇਂ ਨਰ ਭਾਵ ਮਰਦ ਹੈ ਜਾਂ ਇਸਤ੍ਰੀ, ਸਾਰਿਆਂ ਦਾ ਦਰਜਾ ਅਤੇ ਦੋਨਾ ਦਾ ਸਤਿਕਾਰ ਬਰਾਬਰ ਦਾ ਹੈ ਅਤੇ ਹੋਣਾ ਵੀ ਇਹੀ ਹੈ।

ਇਹ ਵੀ ਕਿ ਇਸਤ੍ਰੀ ਤੇ ਪੁਰਖ ਦੋਨਾਂ ਸਰੀਰਾਂ ਅੰਦਰ ਉਸ ਇਕੋ ਪ੍ਰਭੂ ਦਾ ਹੀ ਨੂਰ ਹੈ ਤੇ ਉਹ ਵਰਤ ਵੀ ਰਿਹਾ ਹੈ। ਉਪ੍ਰੰਤ ਇਹ ਵੀ ਕਿ ਪ੍ਰਭੂ ਦੀ ਸਮੂਚੀ ਰਚਨਾ ਤੇ ਉਸ ਰਾਹੀਂ ਸੰਸਾਰ ਚੱਕਰ ਨੂੰ ਚਲਾਉਣ ਲਈ ਇਹ ਕੇਵਲ ਸਰੀਰ ਹੀ ਦੋ ਹਨ ਜਦਕਿ ਇਨ੍ਹਾਂ `ਚੌ ਕਿਸੇ ਇੱਕ ਦੀ ਲੌੜ ਵੱਧ ਤੇ ਦੂਜੇ ਦੀ ਉਸ ਤੋਂ ਘੱਟ ਨਹੀਂ। ਤਾਂ ਵੀ ਉਸ ਸਲੋਕ ਦੇ ਅਰਥਾਂ ਤੋਂ ਪਹਿਲਾਂ ਸ਼ੰਬੰਧਤ ਕੁੱਝ ਗੁਰਬਾਣੀ ਪ੍ਰਮਾਣ:-

() "ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ" (ਪੰ: ੮੭੯) ਅਤੇ

() "ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ, ਸਰਬ ਨਿਰੰਤਰਿ ਰਵਿ ਰਹਿਆ" (ਪੰ: ੩੫੦)

() "ਨਾਰੀ ਪੁਰਖ, ੁ ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ॥ ਸੰਤ ਜਨ ਕੀ ਰੇਨੁ ਮਨਿ ਭਾਈ, ਮਿਲਿ ਹਰਿ ਜਨ ਹਰਿ ਨਿਸਤਾਰੇ" (ਪੰ: ੯੮੩)

() "ਆਪੇ ਪੁਰਖੁ, ਆਪੇ ਹੀ ਨਾਰੀ॥ ਆਪੇ ਪਾਸਾ, ਆਪੇ ਸਾਰੀ॥ ਆਪੇ ਪਿੜ ਬਾਧੀ ਜਗੁ ਖੇਲੈ, ਆਪੇ ਕੀਮਤਿ ਪਾਈ ਹੇ" (ਪੰ: ੧੦੨੦)

() "ਸਾਚੁ, ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ॥ ਪਢੇ ਗੁਨੇ ਨਾਹੀ ਕਛੁ ਬਉਰੇ, ਜਉ ਦਿਲ ਮਹਿ ਖਬਰਿ ਨ ਹੋਈ" (ਪੰ: ੪੮੩)

() "ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ॥ ਨਾਨਾ ਰੂਪ ਸਦਾ ਹਹਿ ਤੇਰੇ, ਤੁਝ ਹੀ ਮਾਹਿ ਸਮਾਹੀ" (ਪੰ: ੧੬੨)

() "ਧਰਣਿ ਗਗਨ ਨਹ ਦੇਖਉ ਦੋਇ॥ ਨਾਰੀ ਪੁਰਖ, ਸਬਾਈ ਲੋਇ" (ਪੰ: ੨੨੩) ਆਦਿ

"ਗੁਰਸਿਖ ਮੀਤ ਚਲਹੁ ਗੁਰ ਚਾਲੀ" -ਉਪ੍ਰੰਤ "ਕਰਮੀ ਆਪੋ ਆਪਣੀ" (ਬਾਣੀ ਜਪੁ) ਇਹੀ ਕਾਰਣ ਹੈ ਕਿ ਗੁਰਬਾਣੀ-ਗੁਰੂ ਦੇ ਆਦੇਸ਼ਾਂ, ਸਿਖਿਆ ਤੇ ਵਿਚਾਰਧਾਰਾ ਅਨੁਸਾਰ ਹੀ ਇਥੇ ਗੁਰੂ ਦਰ ਅਥਵਾ ਗੁਰੂ ਨਾਨਕ ਪਾਤਸ਼ਾਹ ਦੇ ਘਰ `ਚ ਹਰ ਕੱਦਮ `ਤੇ ਇਸਤ੍ਰੀ ਅਤੇ ਮਰਦ ਦੋਨਾਂ ਦਾ ਦਰਜਾ ਤੇ ਸਤਿਕਾਰ ਬਰਾਬਰ ਦਾ ਹੈ ਤੇ ਉਨ੍ਹਾਂ ਨੂੰ ਮਿਲਿਆ ਵੀ ਹੋਇਆ ਹੈ। ਮਿਸਾਲ ਵਜੋਂ:-

(ੳ) ਪੰਜ ਪਿਆਰਿਆਂ `ਚ ਸ਼ਾਮਲ ਹੋਣਾ- ਗੁਰੂ ਦਰ `ਤੇ ਮਨੁੱਖ ਵਰਗ ਦੇ ਨਾਲ -ਨਾਲ ਇਸਤ੍ਰੀ ਵਰਗ ਨੂੰ ਵੀ ਪੰਜ ਪਿਆਰਿਆਂ `ਚ ਸ਼ਾਮਲ ਹੋਣ ਦਾ ਪੂਰਾ ਤੇ ਬਰਾਬਰ ਦਾ ਹੱਕ ਹੈ।

(ਅ) ਪੰਜ ਪਿਆਰਿਆਂ ਦਾ ਪ੍ਰਸ਼ਾਦ-ਗੁਰਮੱਤ ਸਮਾਗਮਾਂ ਦੀ ਸਮਾਪਤੀ ਉਪ੍ਰੰਤ ਸਾਧ ਸੰਗਤ `ਚ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦੇ ਨਾਮ `ਤੇ ਕੜਾਹ-ਪ੍ਰਸ਼ਾਦ ਦਾ ਗਫਾ ਕੱਢਿਆ ਜਾਂਦਾ ਹੈ ਤਾਂ ਸਿੰਘਾਂ ਦੇ ਨਾਲ-ਨਾਲ ਬਿਨਾ ਵਿੱਤਕਰਾ ਉਹ ਗਫਾ ਸਿੰਘਣੀਆਂ ਨੂੰ ਵੀ ਦਿੱਤਾ ਜਾਂਦਾ ਹੈ।

(ੲ) "ਖੰਡੇ-ਬਾਟੇ ਦੀ ਪਾਹੁਲ" - ਸਿੱਖ ਰਹਿਤ ਮਰਿਯਾਦਾ ਅਨੁਸਾਰ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਸਿੰਘਣੀ ਹੋਵੇ ਭਾਵੇਂ ਸਿੰਘ, "ਖੰਡੇ ਦੀ ਪਾਹੁਲ" ਨੂੰ ਤਿਆਰ ਕਰਣ ਉਪ੍ਰੰਤ ਉਸ ਨੂੰ ਛਕਣ ਅਤੇ ਛਕਾਉਣ ਦਾ ਹੱਕ ਵੀ ਦੋਨਾਂ ਨੂੰ ਇਕੋ ਜਿਹਾ ਅਤੇ ਬਰਾਬਰ ਦਾ ਹੈ।

(ਸ) ਨਾਂਵਾਂ `ਚ ਸਮਾਨਤਾ—ਸੰਸਾਰ ਦੀ ਲਗਭਗ ਹਰੇਕ ਸਭਿਅਤਾ ਅਤੇ ਧਰਮ ਵਿਸ਼ਵਾਸ `ਚ ਇਸਤ੍ਰੀ ਤੇ ਪੁਰਖ ਵਰਗ ਦੇ ਨਾਵਾਂ ਵਿਚਾਲੇ ਵੱਡਾ ਫ਼ਰਕ ਹੁੰਦਾ ਹੈ।

ਉਹ ਇਸ ਤਰ੍ਹਾਂ ਦਾ ਕਿ ਜਿਥੋਂ ਕਿਸੇ ਦੇ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਅਮੁੱਕਾ ਨਾਮ ਕਿਸੇ ਇਸਤ੍ਰੀ ਦਾ ਹੈ ਜਾਂ ਪੁਰਸ਼ ਦਾ। ਜਦਕਿ ਸਿੱਖ ਧਰਮ `ਚ ਇਸ ਪੱਖੋਂ ਵੀ ਨਿਵੇਕਲੀ ਦੇਣ ਅਤੇ ਵਿਲੱਖਣਤਾ ਹੈ। ਗੁਰੂ ਦਰ `ਚ ਇਸਤ੍ਰੀ ਤੇ ਪੁਰਸ਼ ਦੋਨਾਂ ਵਿਚਾਲੇ ਨਾਵਾਂ ਪੱਖੋਂ ਵੀ ਬਰਾਬਰੀ ਅਤੇ ਬਿਨਾ ਫ਼ਰਕ ਇਕੌ ਤਰ੍ਹਾਂ ਦੇ ਨਾਵਾਂ ਵਾਲਾ ਸਿਧਾਂਤ ਹੀ ਕੰਮ ਕਰ ਰਿਹਾ ਹੈ।

ਇਥੇ ਕੇਵਲ ਪਹਿਚਾਣ ਵਜੋਂ ਫ਼ਰਕ ਹੈ ਤਾਂ ਇਤਨਾ ਕਿ ਇਥੇ ਮਰਦ ਦੇ ਨਾਮ ਪਿਛੇ ਲਫ਼ਜ਼ ‘ਸਿੰਘ’ ਅਤੇ ਸਿੰਘਣੀ ਦੇ ਨਾਮ ਪਿਛੇ ਲਫ਼ਜ਼ ‘ਕੌਰ’ ਲਗਦਾ ਹੈ। ਮਿਸਾਲ ਵਜੋਂ ਇਥੇ ਜੇ ਕਿਸੇ ਦਾ ਨਾਮ ਜੁਗਿੰਦਰ ਸਿੰਘ ਹੈ ਤਾਂ ਦੂਜੇ ਪਾਸੇ ਜੁਗਿੰਦਰ ਕੌਰ ਵੀ ਹੈ, ਇਸੇ ਤਰ੍ਹਾਂ ਸਮੂਚੇ ਪੰਥਕ ਤਲ `ਤੇ ਇੱਕ ਪਾਸੇ ਜੇ ਕੋਈ ਮਣਜੀਤ ਸਿੰਘ ਹੈ ਤਾਂ ਦੂਜੇ ਪਾਸੇ ਮਣਜੀਤ ਕੌਰ ਵੀ ਇਸੇਤਰ੍ਹਾਂ ਸਮੂਚੇ ਪੰਥਕ ਤਲ `ਤੇ।

(ਹ) ਸਿੱਖ ਧਰਮ ਦੇ ਚਾਰ ਸੰਸਕਾਰ--ਬ੍ਰਾਹਮਣ ਮੱਤ ਦੇ ਸੌਲਾਂ ਸੰਸਾਕਾਰਾਂ ਦੇ ਉਲਟ, ਸਿੱਖ ਰਹਿਤ ਮਰਿਆਦਾ ਅਨੁਸਾਰ, ਗੁਰੂ ਦਰ `ਤੇ ਸਿੱਖ ਧਰਮ `ਚ ਕੇਵਲ ਚਾਰ ਸੰਸਕਾਰ ਹਨ ਜਿਹੜੇ ਕਿ ਇਸ ਤਰ੍ਹਾਂ ਹਨ।

ਤਾਂ ਤੇ ਸਿੱਖ ਧਰਮ ਦੇ ਇਹ ਚਾਰ ਸੰਸਕਾਰ ਹਨ (੧) ਜਨਮ ਸੰਸਕਾਰ (੨) ਅੰਮ੍ਰਿਤ ਸੰਸਕਾਰ (੩) ਆਨੰਦ ਸੰਸਕਾਰ (੪) ਮਿਰਤਕ ਸੰਸਕਾਰ।

ਗੁਰੂ ਨਾਨਕ ਪਾਤਸ਼ਾਹ ਦੇ ਦਰ `ਤੇ, ਇਹ ਚਾਰੋਂ ਸੰਸਕਾਰ, ਬਿਨਾ ਵਿੱਤਕਰਾ ਇਸਤ੍ਰੀ-ਪੁਰਸ਼, ਨਰ ਤੇ ਨਾਰੀ, ਸਿੰਘ ਤੇ ਸਿੰਘਣੀ, ਵੀਰ ਤੇ ਬੀਬੀ ਸਾਰਿਆਂ `ਤੇ ਇਕੋ ਤਰ੍ਹਾਂ ਲਾਗੂ ਹੁੰਦੇ ਹਨ। ਇਸੇ ਤਰ੍ਹਾਂ ਸਿਖ ਧਰਮ ਦੇ ਹਰੇਕ ਖੇਤ੍ਰ `ਚ ਗੁਰਮੱਤ ਪੱਖੋਂ ਹਰੇਕ ਸਿੱਖ ਵੀਰ ਤੇ ਸਿੱਖ ਬੀਬੀ `ਤੇ ਇਹੀ ਬਰਾਬਰਤਾ ਵਾਲਾ ਨਿਯਮ ਬਿਨਾ ਕਿਸੇ ਭੇਦ-ਭਾਵ ਦੇ ਲਾਗੂ ਹੁੰਦਾ ਹੈ।

ਉਪ੍ਰੰਤ ਵਿਸ਼ੇ ਨਾਲ ਸੰਬੰਧਤ ਹੁਣ ਅਸੀਂ "ਬਾਣੀ ਆਸਾ ਕੀ ਵਾਰ" ਚੋਂ "ਭੰਡਿ ਜੰਮੀਐ ਭੰਡਿ ਨਿੰਮੀਐ. ." (ਪੰ: ੪੭੩) ਤੇ "ਜਿਉ ਜੋਰੂ ਸਿਰਨਾਵਣੀ. ." (ਪੰ: ੪੭੨) ਵਾਰੀ-ਵਾਰੀ ਦੋ ਸਲੋਕ ਅਰਥਾਂ ਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ ਪਰ ਬੜੇ ਸੰਕੋਚਵੇਂ ਢੰਗ ਨਾਲ ਲੈ ਰਹੇ ਹਾਂ। ਤਾਂ ਤੇ ਉਹ ਪੂਰੇ ਪੂਰੇ ਤੇ ਦੋਵੇ ਸਲੋਕ ਇਸ ਤਰ੍ਹਾਂ ਹਨ:-

(੧) "ਭੰਡਿ ਜੰਮੀਐ ਭੰਡਿ ਨਿੰਮੀਐ" -- ਮਃ ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨ (ਪੰ: ੪੭੩)

ਅਰਥ (ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ):--ਇਸਤ੍ਰੀ ਤੋਂ ਹੀ ਮਨੁੱਖ ਦਾ ਜਨਮ ਹੁੰਦਾ ਹੈ, ਇਹ ਵੀ ਕਿ ਕਿਸੇ ਇਸਤ੍ਰੀ (ਦੇ ਗਰਭ) `ਚ ਹੀ ਮਨੁੱਖ ਦੇ ਸਰੀਰ ਦੀ ਸਥਾਪਨਾ ਹੁੰਦੀ ਅਤੇ ਉਸ ਦਾ ਸਰੀਰ ਬਣਦਾ ਤੇ ਤਿਆਰ ਵੀ ਹੁੰਦਾ ਹੈ।

ਇਸਤ੍ਰੀ ਨੂੰ ਆਪਣੇ ਘਰ `ਚ ਲਿਆਉਣ ਲਈ ਹੀ ਮਨੁੱਖ ਭਾਵ ਪੁਰਖ ਵਰਗ ਕੁੜਮਾਈ ਉਪ੍ਰੰਤ ਕਿਸੇ ਇਸਤ੍ਰੀ ਨਾਲ ਆਪਣਾ ਵਿਆਹ ਰਚਾਉਂਦਾ ਤੇ ਕਰਵਾਉਂਦਾ ਵੀ ਹੈ।

(ਵਿਆਹ ਤੋਂ ਬਾਅਦ) ਫ਼ਿਰ ਉਸ ਇਸਤ੍ਰੀ ਕਾਰਣ ਹੀ ਸਮਾਜ `ਚ ਉਸ ਮਨੁੱਖ ਦੀ ਆਪਣੀ ਰਿਸ਼ਤੇਦਾਰੀ ਤੇ ਸਾਕ ਸਬੰਧ ਬਣਦੇ ਹਨ।

ਹੋਰ ਤਾਂ ਹੋਰ, ਇਹ ਵੀ ਕਿ ਕੇਵਲ ਵਿਆਹ ਤੋਂ ਬਾਅਦ ਤੇ ਪ੍ਰਣਾਈ ਹੋਈ ਆਪਣੀ ਇਸਤ੍ਰੀ ਤੋਂ ਹੀ ਉਸ ਮਨੁੱਖ ਦਾ ਸੰਸਾਰ `ਚ ਸੰਤਾਨ ਲਈ ਰਸਤਾ ਖੁਲ੍ਹਦਾ ਤੇ ਉਹ ਬਾਲ-ਬੱਚਿਆਂ ਵਾਲਾ ਬਣਦਾ ਹੈ।

ਇਥੋਂ ਤੀਕ, ਜੇਕਰ ਉਸਦੀ ਪਹਿਲੀ ਵਿਆਹੁਤਾ ਇਸਤ੍ਰੀ ਭਾਵ ਉਸ ਦੀ ਪਤਨੀ ਦੀ ਮੌਤ ਹੋ ਜਾਏ ਤਾਂ (ਬਹੁਤੀ ਵਾਰ) ਉਹ (ਦੂਜੀ ਇਸਤ੍ਰੀ ਦੀ ਭਾਲ ਲਈ ਵੀ ਟੁਰ ਪੈਂਦਾ ਹੈ।

ਉਂਝ ਵੀ ਇਸਤ੍ਰੀ ਭਾਵ ਵਿਆਹ ਤੋਂ ਬਾਅਦ, ਆਪਣੀ ਪਤਨੀ ਕਾਰਣ ਹੀ ਮਨੁੱਖ ਦਾ ਜੀਵਨ ਸੰਜਮੀ ਤੇ ਉਹ ਸਮਾਜ `ਚ ਸਦਾਚਾਰੀ ਅਖਵਾਉਂਦਾ ਤੇ ਦੂਜਿਆਂ ਰਾਹੀਂ ਸਤਿਕਾਰਿਆ ਜਾਂਦਾ ਹੈ।

(ਜਦਕਿ ਇਸ ਦੇ ਉਲਟ ਦੂਜੇ ਪਾਸੇ ਕਿਸੇ ਅਵਿਵਾਹਿਤ ਮਨੁੱਖ `ਤੇ ਇਸ ਪਖੋਂ ਕੋਈ ਵੀ ਯਕੀਣ ਨਹੀਂ ਕਰਦਾ ਕਿ ਉਹ ਦੁਰਾਚਾਰੀ ਹੈ ਜਾਂ ਕਿ ਸਦਾਚਾਰੀ)।

ਫ਼ਿਰ ਇਤਨਾ ਹੀ ਨਹੀਂ ਜਿਸ ਇਸਤ੍ਰੀ ਤੋਂ ਰਾਜਾਨ ਭਾਵ ਵੱਡੇ ਵੱਡੇ ਰਾਜੇ, ਮਹਾਰਾਜੇ, ਬਾਦਸ਼ਾਹ, ਵਲੀ-ਪੀਰ, ਪੈਗ਼ੰਬਰ, ਔਲੀਏ, ਰਹਿਬਰ ਤੇ ਸਮੂਹ ਸਿਰਕੱਢ ਹਸਤੀਆਂ ਜਨਮ ਲੈਂਦੀਆਂ ਹਨ।

ਐ ਮਨੁੱਖ! ਉਸ ਇਸਤ੍ਰੀ ਨੂੰ, ਕੇਵਲ ਮਰਦ/ਪੁਰਖ ਹੋਣ ਨਾਤੇ ਤੂੰ ਕਿਸ ਤਰ੍ਹਾਂ ਤੇ ਕਿਸ ਮੂੰਹ ਨਾਲ ਮੰਦਾ ਭਾਵ ਆਪਣੇ ਤੋਂ ਘਟੀਆ ਅਤੇ ਆਪਣੇ ਆਪ ਨੂੰ ਉਸ ਤੋਂ ਵਧੀਆ ਮੰਣਦਾ ਤੇ ਸਮਝਦਾ ਹੈਂ?

ਇਹੀ ਨਹੀਂ, ਐ ਮਨੁੱਖ! ਇਸ ਪੱਖੋਂ ਕੁੱਝ ਗਹਿਰਾਈ ਨਾਲ ਵਿਚਾਰ ਤਾਂ ਸਹੀ, ਆਖ਼ਿਰ ਕਿਸੇ ਇਸਤ੍ਰੀ ਤੋਂ ਹੀ ਹਰੇਕ ਇਸਤ੍ਰੀ ਦਾ ਜਨਮ ਹੁੰਦਾ ਹੈ। ਭਾਵ ਜਿਸ ਇਸਤ੍ਰੀ ਰੂਪ ਮਾਂ ਤੋਂ ਤੇਰਾ ਜਨਮ ਹੋਇਆ ਸੀ, ਆਂਖ਼ਿਰ ਤੇਰੀ ਉਸ ਮਾਂ ਨੂੰ ਜਨਮ ਦੇਣ ਵਾਲੀ ਵੀ ਇੱਕ ਇਸਤ੍ਰੀ ਹੀ ਸੀ।

ਤਾਂ ਤੇ ਸਪਸ਼ਟ ਹੋਇਆ ਕਿ ਸਮੂਚੇ ਸੰਸਾਰ `ਚ ਕੋਈ ਵੀ ਮਨੁੱਖ, ਇਸਤ੍ਰੀ ਤੋਂ ਬਿਨਾ ਨਾ ਪੈਦਾ ਹੋਇਆ ਹੈ ਅਤੇ ਨਾ ਸੰਸਾਰ `ਚ ਆਇਆ ਹੈ। ਇਹ ਤਾਂ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖੁ ਹੀ ਅਜਿਹੀ ਹਸਤੀ ਹੈ ਜਿਸ ਨੂੰ ਕਿਸੇ ਇਸਤ੍ਰੀ ਸਰੀਰ ਦੀ ਲੋੜ ਨਹੀਂ।

ਸ਼ਬਦ ਦੇ ਅੰਤਮ ਬੰਦ `ਚ ਗੁਰਦੇਵ ਵਿਸ਼ੇ ਸੰਬੰਧੀ ਨਿਰਣਾ ਦਿੰਦੇ ਹੋਏ ਫ਼ੁਰਮਾਉਂਦੇ ਹਨ- "ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ"

ਤਾਂ ਤੇ ਐ ਮਨੁੱਖ! ਇਲਾਹੀ ਸੱਚ ਇਹੀ ਹੈ ਕਿ ਸੰਸਾਰ ਤਲ `ਤੇ ਭਾਵੇਂ ਕੋਈ ਇਸਤ੍ਰੀ ਹੋਵੇ ਜਾਂ ਮਰਦ, ਨਰ ਹੋਵੇ ਜਾਂ ਨਾਰੀ (ਮਾਦਾ), ਜਿਹੜਾ ਬਿਨਾ ਵਿੱਤਕਰਾ, ਇਸਤ੍ਰੀ ਤੇ ਪੁਰਖ, ਪ੍ਰਭੂ ਅਕਾਲਪੁਰਖੁ ਰਾਹੀਂ ਬਖਸ਼ੇ ਹੋਏ ਮੂੰਹ ਨਾਲ, ਸਦਾ ਥਿਰ ਪ੍ਰਭੂ ਪਿਤਾ ਅਕਾਲਪੁਰਖ ਦੇ ਗੁਣ ਗਾਉਂਦਾ ਹੈ।

ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦਾ ਤੇ ਉਸ ਪ੍ਰਭੂ ਦੇ ਰੰਗ `ਚ ਰੰਗਿਆ ਰਹਿੰਦਾ ਹੈ, ਕੇਵਲ ਉਹੀ ਜੀਂਦੇ ਜੀਅ ਪ੍ਰਭੂ ਪਿਤਾ ਪ੍ਰਮਾਤਮਾ ਦੇ ਦਰ ਤੇ ਕਬੂਲ ਹੁੰਦਾ ਅਤੇ ਆਤਮਕ ਆਨੰਦ ਨੂੰ ਪ੍ਰਾਪਤ ਹੁੰਦਾ ਤੇ ਮਾਣਦਾ ਹੈ। ਉਸਦਾ ਪ੍ਰਾਪਤ ਮਨੁੱਖਾ ਜਨਮ ਹੀ ਸਫ਼ਲਾ ਹੋ ਜਾਂਦਾ ਹੈ।

ਸਲੋਕ ਸੰਬੰਧੀ ਵਿਸ਼ੇਸ਼ ਨੋਟ- ਸਲੋਕ ਵਿੱਚਲੀ ਪੰਕਤੀ "ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ" ਸੰਬੰਧੀ ਵਿਸ਼ੇਸ਼--ਚੂੰਕਿ ਪ੍ਰਭੂ ਰੂਪ-ਰੰਗ-ਰੇਖ ਤੋਂ ਨਿਆਰਾ, ਅਜੂਨੀ ਤੇ ਸੈਭੰ ਹੈ ਇਸ ਲਈ ਇਸ ਪੱਖੌਂ ਉਸ ਨੂੰ ਆਪਣੇ ਲਈ ਨਾ ਇਸਤ੍ਰੀ ਦੇ ਸਰੀਰ ਦੀ ਲੋੜ ਹੈ ਅਤੇ ਨਾ ਹੀ ਮਨੁੱਖਾ ਸਰੀਰ ਦੀ।

ਤਾਂ ਵੀ ਪ੍ਰਭੂ ਨੇ "ਇਸਤ੍ਰੀ ਤੇ ਪੁਰਖ", ਵੱਖਰੇ-ਵੱਖਰੇ ਰੂਪਾਂ `ਚ ਇਨ੍ਹਾਂ ਦੋ ਭਿੰਨ-ਭਿੰਨ ਸਰੀਰਾਂ ਦੀ ਰਚਨਾ ਕੀਤੀ ਤੇ ਇਹ ਸਰਜੇ ਹਨ ਤਾਂ ਕਿਉਂ?

ਕਿਉਂਕਿ ਸੰਸਾਰ ਚੱਕਰ ਨੂੰ ਚਲਾਉਣ ਲਈ ਦੋਨਾਂ ਦੀ ਲੋੜ ਇਕੋ ਜਿਹੀ ਅਤੇ ਬਰਾਬਰ ਦੀ ਸੀ। ਇਨ੍ਹਾਂ `ਚੋਂ ਕਿਸੇ ਇੱਕ ਦੀ ਲੋੜ ਵੱਧ ਤੇ ਦੂਜੇ ਦੀ ਲੋੜ ਘੱਟ ਨਹੀਂ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਭੂ ਦਰ `ਤੇ ਮਨੁੱਖਾ ਜਨਮ ਦੀ ਸਫ਼ਲਤਾ ਦਾ ਮਾਪ ਦੰਡ ਲਿੰਗਭੇਦ ਹੈ ਹੀ ਨਹੀਂ ਜਿਸ ਕਾਰਣ ਅਗਿਆਨੀ ਮਨੁੱਖ, ਕੈਵਲ਼ ਆਪਣੀ ਅਗਿਆਨਤਾ ਕਾਰਣ, ਸੰਸਾਰ ਤਲ `ਤੇ ਆਪਣੇ ਆਪ ਨੂੰ ਉੱਚਾ ਤੇ ਵੱਧੀਆ ਮੰਣਦਾ ਹੈ ਅਤੇ ਬਦਲੇ `ਚ ਇਸਤ੍ਰੀ ਵਰਗ ਦੀ ਆਪਣੇ ਆਪ ਤੋਂ ਨੀਂਵਾਂ, ਘਟੀਆ ਅਤੇ ਹਰ ਕੱਦਮ `ਤੇ ਉਸਦੀ ਅਵਹੇਲਨਾ ਕਰਦਾਅਤੇ ਉਸ ਨੂੰ ਜ਼ਲੀਲ ਕਰਦਾ ਹੈ।

ਬਲਕਿ ਸਚਾਈ ਇਹ ਹੈ ਕਿ ਮਨੁੱਖਾ ਜਨਮ ਪਾ ਕੇ (ਇਸਤ੍ਰੀਆਂ ਭਾਵੇਂ ਮਰਦ) ਕੇਵਲ ਉਹ ਹੀ, ਸਦਾ ਥਿਰ ਪ੍ਰਭੂ ਦੇ ਦਰ `ਤੇ ਸੋਹਣੇ ਲਗਦੇ, ਸਤਿਕਾਰੇ ਜਾਂਦੇ ਤੇ ਕਬੂਲ ਹੁੰਦੇ ਹਨ ਜਿਹੜੇ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿੰਦੇ ਅਤੇ ਜੀਂਦੇ ਜੀਅ, ਪ੍ਰਭੂ `ਚ ਹੀ ਸਮਾਅ ਜਾਂਦੇ ਹਨ।

(੨) ਸਲੋਕ ਮਃ ੧॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ ੨ (ਪੰ: ੪੭੨)

ਅਰਥ (ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ):-ਜਿਵੇਂ ਇਸਤ੍ਰੀ ਵਰਗ ਨੂੰ ਸਿਰਨਾਵਣੀ (ਮਾਹਵਾਰੀ) ਆਪਣੇ ਸਮੇਂ-ਸਮੇਂ ਨਾਲ ਆਉਂਦੀ ਹੈ। ਉਸ ਦੇ ਇਸ ਮਾਸਿਕ ਧਰਮ ਵਾਲੇ ਕੁਦਰਤੀ ਨਿਕਾਸ ਨੂੰ ਜਿਹੜਾ ਕਿ ਇਸਤ੍ਰੀ ਦੇ ਸਰੀਰ ਦਾ ਅੰਦਰ ਦਾ ਅਤੇ ਜ਼ਰੂਰੀ ਵੀ ਹੁੰਦਾ ਹੈ।

ਤਾਂ ਵੀ ਸਮੂਚੇ ਇਸਤ੍ਰੀ ਵਰਗ ਦੇ ਇਸ ਮਾਸਿਕ ਧਰਮ ਵਾਲੇ ਨਿਕਾਸ ਨੂੰ, ਕੁੱਝ ਅਗਿਆਂਨੀਆਂ ਰਾਹੀਂ ਗੰਦਗੀ ਮੰਨ ਕੇ ਉਸ ਨੂੰ ਸਮਾਜ `ਚ ਨਿੱਤ ਤੇ ਬਾਰ-ਬਾਰ ਜ਼ਲੀਲ ਅਤੇ ਖੁਆਰ ਕੀਤਾ ਜਾਂਦਾ ਹੈ।

ਫ਼ਿਰ ਇਤਨਾ ਹੀ ਨਹੀਂ ਕੇਵਲ ਇੱਕ ਹਫ਼ਤੇ ਬਾਅਦ ਜਦੋਂ ਉਹੀ ਇਸਤ੍ਰੀ ਸਿਰਨਾਵਣੀ ਭਾਵ ਸਿਰ ਤੋਂ ਪੈਰਾਂ ਤੀਕ ਕੇਸੀਂ ਇਸ਼ਨਾਨ ਕਰ ਲੈਂਦੀ ਹੈ, ਤਾਂ ਉਸੇ ਨੂੰ ਪਵਿੱਤ੍ਰ ਵੀ ਮੰਨ ਲਿਆ ਜਾਂਦਾ ਹੈ।

{ਦੀਰਘ ਵਿਚਾਰ ਦਾ ਵਿਸ਼ਾ ਹੈ ਕਿ ਇਸਤ੍ਰੀ ਦੇ ਮਾਸਿਕ ਧਰਮ ਵਾਲੀ ਸਰੀਰਕ ਕ੍ਰਿਆ ਤਾਂ ਪ੍ਰਭੂ ਦੇ ਨਿਯਮ `ਚ ਉਸ ਰਾਹੀਂ ਕੀਤੇ ਜਾ ਚੁੱਕੇ ਉਸ ਕੇਸੀਂ ਇਸ਼ਨਾਨ ਤੋਂ ਬਾਅਦ ਵੀ, ਬੇਸ਼ੱਕ ਉਹ ਹੁਣ ਬਾਹਿਰ ਨਹੀਂ ਤਾਂ ਵੀ ਉਸ ਦੇ ਸਰੀਰ ਅੰਦਰ ਉਹ ਕਿਰਿਆ ਉਸੇ ਤਰ੍ਹਾਂ ਅਰੁੱਕ ਲਗਾਤਾਰ ਚੱਲ ਰਹੀ ਹੁੰਦੀ ਹੈ।

ਤਾਂ ਤੇ ਸਪਸ਼ਟ ਹੋਇਆ ਕਿ ਜੇਕਰ ਇਸਤ੍ਰੀ, ਉਸ ਚੱਲ ਰਹੇ ਮਾਸਿਕ ਧਰਮ ਕਾਰਣ ਅਪਵਿੱਤ੍ਰ ਸੀ, ਤਾਂ ਕੇਸੀਂ ਇਸ਼ਨਾਨ ਤੋਂ ਬਾਅਦ, ਅੱਜ ਵੀ ਉਸ ਦੇ ਉਸ ਸ੍ਰੀਰ ਅੰਦਰ ਉਸੇ ਤਰ੍ਹਾਂ ਚੱਲ ਰਹੀ ਹੈ ਅਤੇ ਇਸ ਲਈ ਉਹ ਅੱਜ ਵੀ ਉਸੇ ਤਰ੍ਹਾਂ ਹੀ ਅਪਵਿਤ੍ਰ ਹੈ। ਤਾਂ ਤੇ ਉਹ ਕਦੇ ਪਵਿੱਤ੍ਰ ਹੋ ਹੀ ਨਹੀਂ ਸਕਦੀ ਅਤੇ ਇਸ ਤਰ੍ਹਾਂ ਤਾਂ ਉਹ ਜੀਵਨ ਭਰ ਅਪਵਿਤ੍ਰ ਹੀ ਰਹਿੰਦੀ ਤੇ ਰਵੇਗੀ ਵੀ…}

ਉਪ੍ਰੰਤ ਸਲੋਕ ਦੀ ਸਮਾਪਤੀ `ਤੇ ਗੁਰਦੇਵ ਵਿਸ਼ੇ ਸੰਬੰਧੀਂ ਫੈਸਲਾ ਦਿੰਦੇ ਹਨ ਕਿ ਨਿਰਾ ਕਿਸੇ ਸਰੀਰ ਨੁੰ ਧੋ ਲੈਣ ਜਾਂ ਕੇਸੀਂ ਇਸ਼ਨਾਨ ਕਰ ਲੈਣ ਨਾਲ ਕੋਈ ਮਨੁੱਖ ਕਦੇ ਸੁੱਚਾ ਤੇ ਪਵਿਤ੍ਰ ਨਹੀਂ ਹੋ ਜਾਂਦਾ।

ਦੂਜੇ ਲਫ਼ਜ਼ਾਂ `ਚ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕਿ ਆਪ ਹੀ ਕਦੇ ਕਿਸੇ ਨੂੰ ਅਪਵਿੱਤ੍ਰ ਮੰਨ ਕੇ ਉਸ ਨਾਲ ਨਫਰਤ ਕਰਣੀ ਸ਼ੁਰੂ ਕਰ ਦੇਣੀ ਤੇ ਕੇਸੀਂ ਇਸ਼ਨਾਨ ਕਰ ਲੈਣ ਬਾਅਦ ਉਸੇ ਨੂੰ ਪਹਿਲ਼ਾਂ ਵਾਂਙ ਪਵਿੱਤ੍ਰ ਮੰਨ ਲੈਣਾ, ਇਹ ਕੇਵਲ ਅਗਿਆਨੀਆਂ ਦੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ।

ਇਸ ਲਈ "ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ" ਗੁਰਬਾਣੀ ਅਨੁਸਾਰ ਅਸਲ `ਚ (ਇਸਤ੍ਰੀਆਂ ਭਾਵੇਂ ਮਰਦ), ਪ੍ਰਭੂ ਦੇ ਸੱਚ ਨਿਆਂ `ਚ ਸੁੱਚੇ ਕੇਵਲ ਉਹੀ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਘਰ `ਚ ਕਰਤੇ-ਪ੍ਰਭੂ ਦੀ ਸਿਫ਼ਤ ਸਲਾਹ ਵੱਸਦੀ ਹੈ।

ਸਪਸ਼ਟ ਹੋਇਆ ਕਿ ਆਤਮਕ ਤਲ `ਤੇ ਪ੍ਰਭੂ ਪਿਆਰ ਵਾਲੀ ਅਜਿਹੀ ਉੱਤਮ ਅਵਸਥਾ ਨੂੰ ਪ੍ਰਾਪਤ, ਸੰਸਾਰ `ਚ ਵਿਚਰ ਰਹੇ ਲੋਕ, ਸੰਸਾਰ ਤਲ `ਤੇ ਉਪ੍ਰੋਕਤ ਕਿਸਮ ਦੇ ਅਗਿਆਨੀ ਲੋਕਾਂ ਰਾਹੀਂ ਪਾਏ ਹੋਏ ਸਿਰਨਾਵਣੀ ਆਦਿ ਬੇਸਿਰਪੈਰ ਦੇ ਵਹਿਮਾ-ਭਰਮਾਂ ਦੇ ਅਗਿਆਨਤਾ ਭਰਪੂਰ ਜਾਲ `ਚ ਕਦਾਚਿੱਤ ਨਾ ਫ਼ਸਦੇ ਹਨ, ਨਾ ਭਰਮਦੇ ਹਨ ਅਤੇ ਨਾ ਹੀ ਉਲ਼ਝਦੇ ਹਨ।

ਉਹ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ ਜੀਂਦੇ ਜੀਅ ਪ੍ਰਭੂ `ਚ ਹੀ ਸਮਾਅ ਜਾਂਦੇ ਅਤੇ ਮਨੁੱਖਾ ਜਨਮ ਨੂੰ ਸਫ਼ਲਾ ਕਰਕੇ ਸੰਸਾਰ ਤੋਂ ਜਾਂਦੇ ਹਨ, ਮੁੜ ਜਨਮਾਂ ਦੇ ਗੇੜ `ਚ ਨਹੀਂ ਪੈਂਦੇ। ੨।

ਉਪ੍ਰੋਕਤ ਦੋਨਾਂ ਸਲੋਕਾਂ ਨਾਲ ਸੰਬੰਧਤ ਹੋਰ ਵੇਰਵੇ ਲਈ "ਗੁਰਮੱਤ ਅਜੂਕੇਸਨ ਸੈਂਟਰ" ਦਿੱਲੀ (ਭਾਰਤ) ਦੀ ਪੁਸਤਕ "ਬਾਣੀ ਆਸਾ ਕੀ ਵਾਰ-ਗੁਰਮੱਤ ਵਿਚਾਰ ਦਰਸ਼ਨ ਅਤੇ ਸਟੀਕ" ਮੰਗਵਾ ਕੇ ਪੜ੍ਹੋ ਜੀ (ਚਲਦਾ) #Instt.6-17th--Suhi ki.Vaar M.3--03.18#v...

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸਤਾਰ੍ਹ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.