.

ਗੁਰਮਤਿ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖ ਧਰਮ ਦੇ ਵਿਹਾਰ ਵਿੱਚ ਬਹੁਤ ਅੰਤਰ ਹੈ। ਸੰਸਥਾਗਤ ਸਿੱਖ ਧਰਮ ਤਿੰਨ ਅੰਗਾਂ ਦਾ ਮਿਸ਼ਰਨ ਹੈ: ਸਨਾਤਨੀ ਪਰੰਪਰਾ, ਸਿੱਖ ਮਿਥਹਾਸਕ ਇਤਹਾਸ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ। ਸੰਸਥਾਗਤ ਸਿੱਖ ਧਰਮ ਦੀਆਂ ਸੰਸਥਾਵਾਂ ਅਤੇ ਸੰਪ੍ਰਦਾਵਾਂ ਆਪਣੇ ਵਿਸ਼ਵਾਸਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਤਿੰਨ ਵਿਚਾਰਾਂ ਵਿਚੋਂ ਅਕਸਰ ਇੱਕ ਨੂੰ ਮਹਤੱਤਾ ਦਿੰਦੀਆਂ ਹਨ। ਸੰਤ ਸਮਾਜ ਅਤੇ ਬਹੁਤੇ ਡੇਰੇ ਪਰੰਪਰਾ ਦੇ ਉਪਾਸ਼ਕ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਿਥਹਾਸਕ ਇਤਹਾਸ ਨੂੰ ਤਰਜੀਹ ਦਿੰਦੀ ਹੈ ਅਤੇ ਜਾਗਰੂਕ ਮੰਨੇ ਜਾਂਦੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸੰਕਲਪਾਂ ਦੀ ਸਹੀ ਵਿਆਖਿਆ ਕਰਨ ਤੇ ਜ਼ੋਰ ਦਿੰਦੇ ਹਨ।

ਸੰਸਥਾਗਤ ਸਿੱਖ ਧਰਮ ਦੇ ਵਿਪ੍ਰੀਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਿੰਨ ਮੁੱਖ ਅਸਤਿੱਤਵਾਂ ਦਾ ਗਿਆਨ ਪ੍ਰਦਾਨ ਕਰਦੀ ਹੈ। ਉਹ ਹਨ: ਪ੍ਰਭੂ, ਸੰਸਾਰਕ ਮਾਇਆ ਅਤੇ ਮਨੁੱਖੀ ਮਨ। ਇਹ ਤਿੰਨੋ ਅਸਤਿੱਤਵ ਅਦ੍ਰਿਸ਼ਟ, ਅਬਨਾਸ਼ੀ ਅਤੇ ਅਪਦਾਰਥ ਹਨ। ਮਨੁੱਖੀ ਇੰਦ੍ਰੀਆਂ ਇਨ੍ਹਾਂ ਅਸਤਿੱਤਵਾਂ ਨੂੰ ਅਨੁਭਵ ਕਰਨਯੋਗ ਨਹੀਂ ਹਨ ਅਤੇ ਮਨੁੱਖੀ ਬੁੱਧੀ ਵਿੱਚ ਇਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸਮਰਥਾ ਨਹੀਂ ਹੈ। ਧਰਮ ਦੇ ਸ਼ਰਧਾਲੂ ਇਨ੍ਹਾਂ ਅਸਤਿੱਤਵਾਂ ਬਾਰੇ ਧਰਮ ਸ਼ਾਸਤਰੀਆਂ ਅਤੇ ਪੁਜਾਰੀਆਂ ਵਲੋਂ ਦਰਸਾਏ ਵਿਚਾਰਾਂ ਤੇ ਵਿਸ਼ਵਾਸ ਕਰਕੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਧਰਮ ਸ਼ਾਸਤਰੀ ਪੁਸਤਕੀ ਗਿਆਨ ਦੇ ਮਾਹਰ ਹੁੰਦੇ ਹਨ ਪਰ ਉਨ੍ਹਾਂ ਨੂੰ ਅਦ੍ਰਿਸ਼ਟ ਪ੍ਰਭੂ ਦੀ ਸਚਾਈ ਦਾ ਨਿੱਜੀ ਅਨੁਭਵ ਨਹੀਂ ਹੁੰਦਾ। ਸਿੱਖ ਵਿਦਵਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੱਚ ਨੂੰ ਪ੍ਰਵਾਨ ਕਰਕੇ ਇਨ੍ਹਾਂ ਵਿਸ਼ਿਆ ਬਾਰੇ ਗੁਰਬਾਣੀ ਵਿੱਚ ਪ੍ਰਗਟ ਕੀਤੇ ਵਿਚਾਰਾਂ ਦੀ ਵਿਆਖਿਆ ਕਰਦੇ ਹਨ। ਪਰ ਉਨ੍ਹਾਂ ਨੂੰ ਵੀ ਇਨ੍ਹਾਂ ਤਿੰਨ ਅਸਤਿੱਤਵਾਂ ਦਾ ਕੋਈ ਨਿੱਜੀ ਅਨੁਭੱਵ ਅਤੇ ਸਿੱਧ ਕੀਤਾ ਜਾਣ ਵਾਲਾ ਗਿਆਨ ਨਹੀਂ ਹੁੰਦਾ। ਅਸਲ ਵਿਚ, ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਗਿਆਨ ਜਾਂ ਗੁਰਮਤਿ ਨੂੰ ਗ੍ਰੈਹਣ ਕਰਨ ਦੀ ਮਨੁੱਖੀ ਬੁੱਧੀ ਵਿੱਚ ਯੋਗਤਾ ਨਹੀਂ ਹੈ ਅਤੇ ਸੰਸਾਰ ਵਿੱਚ ਮਾਇਆ ਦਾ ਵਿਆਪਕ ਪ੍ਰਭਾਵ ਹੋਣ ਕਾਰਨ ਗੁਰਮਤਿ ਵਿਚਾਰਧਾਰਾ ਨੂੰ ਨਜ਼ਰ ਅੰਦਾਜ਼ ਕਰਨ ਦੀ ਪਰਥਾ ਹੈ। ਗੁਰਮਤਿ ਦਾ ਗਿਆਨ ਬੁੱਧੀ ਰਾਹੀਂ ਨਹੀਂ ਨਿਰਮਲ ਮਨ ਰਾਹੀਂ ਧਰਮ ਦੇ ਮਾਰਗ ਤੇ ਚਲ ਕੇ ਅਨੁਭਵ ਕੀਤਾ ਜਾਂਦਾ ਹੈ। ਤ੍ਰੈਗੁਣੀ ਸੰਸਾਰ ਦੀ ਮਾਇਆ ਅਤੇ ਮਨੁੱਖੀ ਮਨ ਦੀ ਹਉਮੈ ਅਧਿਆਤਮਕ ਗਿਆਨ ਦੀ ਪ੍ਰਾਪਤੀ ਵਿੱਚ ਰੁਕਾਵਟ ਬਣੇ ਰਹਿੰਦੇ ਹਨ। ਇਸ ਲਈ ਧਰਮ ਦੇ ਮਾਰਗ ਤੇ ਚਲਣ ਲਈ ਮਨੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਪ੍ਰਭਾਵ ਤੋਂ ਮੁਕਤ ਹੋਣਾ ਅਤੇ ਮਨ ਦੀ ਹਉਮੈ ਨੂੰ ਮਾਰਨਾ ਪੈਂਦਾ ਹੈ। ਗੁਰੁ ਫਰਮਾਨ ਹੈ: "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: ੬੯੩)। ਗੁਰਮਤਿ ਗਿਆਨ ਦੀ ਪ੍ਰਾਪਤੀ ਸੰਸਾਰਕ ਇੱਛਾਵਾਂ ਨੂੰ ਤਿਆਗ ਕੇ ਸਹਜ ਅਵਸਥਾ ਜਾਂ ਨਿੱਜ ਘਰ ਵਿੱਚ ਪ੍ਰਵੇਸ਼ ਕਰਨ ਨਾਲ ਸੰਭਵ ਹੁੰਦੀ ਹੈ। ਮਨ ਦੀ ਇਸ ਵਿਵਸਥਾ ਨੂੰ ਗੁਰਬਾਣੀ ਵਿੱਚ ਚਉਥਾ ਪਦ ਜਾਂ ਦਸਵਾਂ ਦੁਆਰ ਵੀ ਆਖਿਆ ਗਿਆ ਹੈ: "ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ॥" (ਪੰ: ੬੦੩) ਅਤੇ "ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ॥ ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ॥" (ਪੰ: ੬੦੪)।

ਗੁਰਬਾਣੀ ਵਿੱਚ ਸਹਜ ਅਵਸਥਾ ਧਾਰਨ ਕਰਨ ਦੀ ਵਿਧੀ ਇਸ ਪ੍ਰਕਾਰ ਬਿਆਨ ਕੀਤੀ ਗਈ ਹੈ: "ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾਂ ਨਿਜ ਘਰ ਹੋਵੈ ਵਾਸੋ॥" (ਪੰ: ੯੪੦); "ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ॥ ਤੁਰਆਵਸਥਾ ਗੁਰਮਖਿ ਪਾਈਐ ਸੰਤ ਸਭਾ ਕੀ ਓਟ ਲਹੀ॥ ੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ॥ ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮੁਖਿ ਪਾਏ ਸਹਜ ਸੇਵਾ" (ਪੰ: ੩੫੫); "ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਿਸਾ ਨ ਜਾਇ॥ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥ ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ॥ ਮਨ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥ ਕਹੈ ਨਾਨਕ ਗੁਰਪ੍ਰਸਾਦੀ ਸਹਜ ਊਪਜੈ ਇਹ ਸਹਸਾ ਇਵ ਜਾਇ॥" (ਪ: ੯੧੯)। ਗੁਰੂੂ ਦੀ ਬਖਸ਼ਿਸ਼ ਹੋਣ ਨਾਲ ਹੀ ਸਹਜ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ‘ਗੁਰ ਕੈ ਸਬਦਿ’ ਦੁਆਰਾ ਹਉਮੈ ਦੀ ਜ਼ਹਿਰ ਨੂੰ ਮਾਰਿਆ ਜਾਂਦਾ ਹੈ। ਗੁਰਬਾਣੀ ਵਿੱਚ ਗੁਰਮਤਿ ਦਾ ਗਿਆਨ ਪ੍ਰਾਪਤ ਕਰਨ ਲਈ ਗੁਰੂੂ ਅਤੇ ਸ਼ਬਦ ਦੀ ਬਹੁਤ ਮਹਤੱਤਾ ਦਰਸਾਈ ਗਈ ਹੈ।

ਗੁਰਬਾਣੀ ਅਨੁਸਾਰ ਜੋ ਵਿਆਕਤੀ ਸ਼ਬਦ ਵਿੱਚ ਸੁਰਤ ਜੋੜ ਕੇ ਉਸ ਨੂੰ ਸੁਣਦੇ, ਸਮਝਦੇ, ਵਿਚਾਰਦੇ ਅਤੇ ਮੰਨਦੇ ਹਨ ਉਹ ਪ੍ਰਭੂ ਨੂੰ ਪਾ ਲੈਂਦੇ ਹਨ: "ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਈ॥" (ਪੰ: ੬੦੦) ਕਿਊਂਕੇ "ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ॥" (ਪੰ: ੬੦੧)। ਪਰ ਸ਼ਬਦ ਵਿੱਚ ਸੁਰਤ ਵਿਰਲੇ ਵਿਅਕਤੀਆਂ ਦੀ ਜੁੜਦੀ ਹੈ: "ਤੇਰਾ ਜਨੁ ਏਕੁ ਆਧੁ ਕੋਈ॥ (ਪੰ: ੧੨੩) ਅਤੇ "ਕੋਟਿ ਮਧੇ ਕੋ ਵਿਰਲਾ ਸੇਵਕ ਹੋਰਿ ਸਗਲੇ ਬਿਉਹਾਰੀ॥" ਪੰ: ੪੯੫)। ਉਹੋ ਵਿਅਕਤੀ ਧਰਮ ਦੇ ਮਾਰਗ ਦੇ ਪਾਂਧੀ ਬਣਦੇ ਹਨ ਜਿਨ੍ਹਾਂ ਤੇ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਆਮ ਲੋਕਾਂ ਵਾਂਗ ਆਪਣੀ ਕਿਰਤ ਕਰਦੇ ਹੋਏ ਪ੍ਰਭੂ ਵਿੱਚ ਲਿਵ ਲਾ ਕੇ ਨਿਰਭਉ ਅਤੇ ਨਿਰਵੈਰ ਜੀਵਨ ਬਤੀਤ ਕਰਦੇ ਹਨ।

ਗੁਰੂ ਨਾਨਕ ਸਾਹਿਬ ਆਪਣੀ ਬਾਣੀ ਨੂੰ "ਖਸਮ ਕੀ ਬਾਣੀ" ਆਖਦੇ ਹਨ। ਉਸ "ਖਸਮ ਕੀ ਬਾਣੀ" ਦੀ ਹੀ ਪੰਜ ਗੁਰੂ ਸਾਹਿਬਾਨ ਨੇ ਵਿਆਖਿਆ ਕੀਤੀ ਹੈ ਅਤੇ ਉਨ੍ਹਾਂ ਆਪਣੀ ਬਾਣੀ ਨੂੰ ਵੀ ਨਾਨਕ ਬਾਣੀ ਹੀ ਆਖਿਆ ਹੈ। ਇਹ "ਖਸਮ ਕੀ ਬਾਣੀ" ਹੀ ਅਧਿਆਤਮਕ ਗਿਆਨ ਹੈ ਜੋ ਪ੍ਰਭੂ ਨੇ ਮਾਨਵਤਾ ਦੇ ਕਲਿਆਨ ਲਈ ਗੁਰੂ ਨਾਨਕ ਸਾਹਿਬ ਦੁਆਰਾ ਪ੍ਰਗਟ ਕੀਤਾ ਹੈ। ਗੁਰੂ ਸਾਹਿਬਾਨ ਇਸ ਗਿਆਨ ਗੁਰੂ ਨੂੰ ਰੂਪਮਾਨ ਕਰਨ ਅਤੇ ਉਸ ਦਾ ਪ੍ਰਸਾਰ ਕਰਨ ਵਾਲੇ ਮਾਧਿਅਮ ਹਨ। ਜਿਵੇਂ ਵਿਗਿਆਨੀ ਕੁਦਰਤ ਦੇ ਨੇਮਾਂ ਨੂੰ ਖੋਜ ਕੇ ਪ੍ਰਗਟ ਕਰਦੇ ਹਨ ਤਿਵੇਂ ਹੀ ਗੁਰੂ ਨਾਨਕ ਸਾਹਿਬ ਨੇ ਪ੍ਰਭੂ, ਉਸ ਦੀ ਰਚੀ ਮਾਇਆ ਅਤੇ ਮਨੁੱਖੀ ਮਨ ਅਤੇ ਉਨ੍ਹਾਂ ਦੇ ਸਬੰਧਾਂ ਦੀ ਸਚਾਈ ਅਨੁਭਵ ਕਰਨ ਅਤੇ ਜਾਨਣ ਮਗਰੋਂ ਹੀ ਉਸ ਨੂੰ ਬਿਆਨ ਕੀਤਾ ਹੈ। ਇਸ ਸਚਾਈ ਦਾ ਗਿਆਨ ਉਨ੍ਹਾਂ ਪ੍ਰਭੂ ਦੇ ਨਿਰਭੈਤਾ ਅਤੇ ਨਿਰਵੈਰਤਾ ਦੇ ਸੰਸਾਰਕ ਗੁਣਾਂ ਨਾਲ ਸਾਂਝ ਪਾ ਉਸ ਵਿੱਚ ਅਭੇਦ ਹੋ ਕੇ ਪ੍ਰਾਪਤ ਕੀਤਾ ਹੈ। "ਖਸਮ ਕੀ ਬਾਣੀ" ਪ੍ਰਭੂ ਦੀ ਸਿਰਜੀ ਰਚਨਾ ਦਾ ਵਰਨਨ ਹੈ ਜਿਸ ਦਾ ਗੁਰੂ ਸਾਹਿਬਾਨ ਨੇ ਪ੍ਰਸਾਰ ਕੀਤਾ ਸੀ ਅਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਸ਼ੋਭਤ ਹੈ।

ਗੁਰਬਾਣੀ ਪ੍ਰਭੂ ਗਿਆਨ ਦਾ ਸੋਮਾ ਹੈ। ਉਸ ਵਿੱਚ ਪ੍ਰਭੂ ਨੂੰ ਇੱਕ ਅਤੇ ਸਦੀਵੀ ਸੱਚ ਮੰਨਿਆ ਗਿਆ ਹੈ। ਇਸ ਦਾ ਅਰਥ ਹੈ ਕਿ ਹੋਂਦ ਕੇਵਲ ਇੱਕ ਪ੍ਰਭੂ ਦੀ ਹੈ ਹੋਰ ਕਿਸੇ ਦੀ ਹੋਂਦ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੂਲ ਮੰਤਰ ਵਿੱਚ ਪ੍ਰਭੂ ਦੇ ਮਨੁੱਖ ਨੂੰ ਸਮਝ ਆਉਣ ਵਾਲੇ ਕੁੱਝ ਹੋਰ ਗੁਣਾਂ ਵਿੱਚ ਪ੍ਰਭੂ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਅਤੇ ਉਸ ਵਿੱਚ ਵਿਆਪਕ ਦੱਸਿਆ ਗਿਆ ਹੈ। ਇਸ ਵਿਸ਼ੇ ਤੇ ਗੁਰਬਾਣੀ ਦੇ ਕੁੱਝ ਫੁਰਮਾਨ ਹਨ: "ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ॥" (ਪੰ: ੩੪੪); "ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ॥ ਐਸਾ ਬਲ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ॥" (ਪੰ: ੧੩੪੫) "; "ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰਿਆਉ॥" (ਪੰ: ੩) ਅਤੇ "ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥" (ਪੰ: ੧੯)। "ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥" (ਪੰ: ੬੬੩) ਅਤੇ "ਅਕੁਲ ਨਿਰੰਜਨ ਅਪਰ ਅਪਰੰਪਰੁ ਸਗਲੀ ਜੋਤਿ ਤੁਮਾਰੀ॥" (ਪੰ: ੫੯੭)। ਗੁਰਬਾਣੀ ਪ੍ਰਭੂ ਨੂੰ ਤ੍ਰੈਗੁਣੀ ਸੰਸਾਰਕ ਪਦਾਰਥ ਤੋਂ ਭਿੰਨ ਮੰਨਦੀ ਹੈ: "ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ: ੨੮੩)। ਉਹ ਸਭ ਥਾਂ ਮੌਜੂਦ ਹੈ ਪਰ ਨਜ਼ਰ ਨਹੀਂ ਆਉਂਦਾ ਇਸ ਲਈ ਉਸਦੀ ਕਲਪਨਾ ਕਰਨੀ ਵੀ ਸੰਭਵ ਨਹੀਂ। ਗੁਰੁਫਰਮਾਨ ਹੈ: "ਲੇਖਾ ਹੋਇ ਤਾ ਲਿਖੀਅੇ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥" (ਪੰ: ੫)। ਜਿਨ੍ਹਾਂ ਵਿਅਕਤੀਆਂ ਨੂੰ ਉਸ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ ਉਹ ਉਸ ਅਦਵੈਤ ਅਵਸਥਾ ਵਿੱਚ ਬੇਅੰਤ ਖੰਡ, ਮੰਡਲ ਅਤੇ ਵਰਭੰਡ ਦੇਖਦੇ ਹਨ ਅਤੇ ਪ੍ਰਭੂ ਦੇ ਹੁਕਮ ਵਿੱਚ ਵਿਚਰ ਰਹੇ ਅਨੇਕਾਂ ਆਕਾਰ ਅਤੇ ਉਨ੍ਹਾਂ ਦੀ ਪ੍ਰਭੂ ਵਲੋਂ ਵਿਚਾਰ ਕਰਕੇ ਹੋ ਰਹੀ ਸੰਭਾਲ ਦੀ ਖੁਸ਼ੀ ਦੇ ਵੀ ਦਰਸ਼ਕ ਹੁੰਦੇ ਹਨ ਜਿਸ ਨੂੰ ਬਿਆਨ ਕਰਨਾ ਔਖਾ ਹੈ: "ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥" (ਪੰ: ੮)।

ਪ੍ਰਭੂ ਨੇ ਸ੍ਰਿਸ਼ਟੀ ਨੂੰ ਆਪਣੇ ਨਾਲੋਂ ਵਖਰਾ ਬਣਾਇਆ ਹੈ ਅਤੇ ਉਸ ਨੂੰ ਦੂਜੀ ਆਖਿਆ ਹੈ। "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: ੪੬੩)। ਕੁਦਰਤ ਪ੍ਰਭੂ ਦੇ ਬਣਾਏ ਅਟਲ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਸ੍ਰਿਸ਼ਟੀ ਗਤੀਸ਼ੀਲ ਪਦਾਰਥ ਹੈ। ਇਹ ਪ੍ਰਭੂ ਦੀ ਰਚੀ ਇੱਕ ਖੇਡ ਹੈ ਜਿਸ ਵਿੱਚ ਉਸ ਨੇ ਭਰਮਾਊ ਮਾਇਆ ਪਾਈ ਹੋਈ ਹੈ: "ਮਾਇਆ ਮਮਤਾ ਕਰਤੈ ਲਾਈ॥" (ਪੰ: ੧੨੬੧) ਅਤੇ "ਸਦਾ ਸਦਾ ਤੂ ਏਕ ਹੈ ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰੁਬ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ" (ਪੰ: 139)। ਗੁਰਬਾਣੀ ਵਿੱਚ ਮਾਇਆ ਨੂੰ "ਮਾਈ ਮਾਇਆ ਛਲੁ॥" (ਪੰ: 717) ਅਤੇ "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥" (ਪੰ: 643) ਆਖਿਆ ਗਿਆ ਹੈ। ਮਾਇਆ ਭਰਮ ਹੈ: "ਦ੍ਰਿਸ਼ਟਿਮਾਨ ਹੈ ਸਗਲ ਮਿਥੇਨਾ॥" (ਪੰ; ੧੦੮੩); "ਮਾਧਵੇ ਕਿਆ ਕਹੀਐ ਭਰਮ ਐਸਾ॥ ਜੈਸਾ ਮਾਨੀਐ ਹੋਇ ਨ ਤੈਸਾ॥" (ਪੰ: ੬੫੭) ਅਤੇ "ਛਛੈ ਛਾਇਆ ਵਰਤੀ ਸਭ ਅੰਤੀਰ ਤੇਰਾ ਕੀਆ ਭਰਮੁ ਹੋਆ॥ ਭਰਮ ਉਪਾਇ ਭੁਲਾਇਨੁ ਆਪੇ ਤੇਰਾ ਕਰਮੁ ਹੋਆ ਤਿਨ ਗੁਰੂ ਮਿਲਿਆ ਆਪੇ॥" (ਪੰ: ੪੩੩)। ਪਦਾਰਥਕ ਜਗਤ ਵਿੱਚ ਮਾਇਆ ਦੇ ਦੋ ਹੋਰ ਮਹਤੱਵਪੂਰਨ ਗੁਣ ਹੁੰਦੇ ਹਨ। ਇੱਕ, ਪਦਾਰਥ ਚਾਲੇ ਪਿਆ, ਨਿਰੰਤਰ ਬਦਲ ਰਿਹਾ, ਜਨਮ-ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ। ਦੂਜਾ, ਇਸ ਵਿੱਚ ਦਵੈਤ ਭਾਵ ਜਾਂ ਦੁਬਿਧਾ ਦਾ ਪ੍ਰਵਾਹ ਚਲਦਾ ਹੈ। ਇਸ ਦੇ ਹਰ ਅਸਤਿੱਤਵ, ਵਿਚਾਰ ਅਤੇ ਸਥਿਤੀ ਦੇ ਇੱਕ ਦੂਜੇ ਤੋਂ ਵਿਰੁਧ ਘਟੋ ਘੱਟ ਦੋ ਪੱਖ ਹੁੰਦੇ ਹਨ, ਜਿਵੇਂ ਦਿਨ ਰਾਤ, ਗਰਮੀ ਸਰਦੀ, ਸੁਖ ਦੁਖ, ਇਤ ਆਦਿ। "ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥" (ਪੰ: ੧੨੬); "ਦੋਵੈ ਤਰਫਾ ਉਪਾਇ ਇਕੁ ਵਰਤਿਆ॥" (ਪੰ: ੧੨੮੦) ਅਤੇ "ਦੁਬਿਧਾ ਬਉਰੀ ਮਨੁ ਬਉਰਾਇਆ॥" (ਪੰ: ੧੩੪੨)। ਦਵੰਦ ਮਾਇਆ ਦਾ ਸੁਭਾ ਹੋਣ ਕਾਰਨ ਸਮਾਜ ਵਿੱਚ ਵਿਰੋਧ, ਵਿਵਾਦ, ਝਗੜੇ, ਜੰਗਾਂ, ਅਨਿਆਂ ਅਤੇ ਅਤਿਆਚਾਰ ਹੋਣਾ ਸੁਭਾਵਕ ਹੈ। ਕਈ ਵਿਦਵਾਨ ਗੁਰਬਾਣੀ ਉਪਦੇਸ਼ ਰਾਹੀਂ ਸੰਸਾਰ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੇ ਹਨ। ਸਮਾਜ ਵਿੱਚ ਸਥਾਈ ਸੁਧਾਰ ਮਾਇਆ ਅਤੇ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ। ਜੋ ਮਾਇਆ ਪ੍ਰਭੂ ਨੇ ਆਪ ਪਾਈ ਹੈ ਕੀ ਮਨੁੱਖ ਵਿੱਚ ਉਸ ਨੂੰ ਸਮਾਜ ਵਿਚੋਂ ਖਤਮ ਕਰਨ ਦੀ ਸਮਰਥਾ ਹੈ?

ਸਮਾਜ ਵਿੱਚ ਮਾਇਆ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਦਾ ਹੈ। ਸਮਾਜ ਵਿੱਚ ਸੱਚ ਅਤੇ ਝੂਠ ਵਿੱਚ ਨਿਰੰਤਰ ਵਿਰੋਧਤਾ ਚਲਦੀ ਰਹਿੰਦੀ ਹੈ। ਇਹ ਅਕਸਰ ਚੰਗਿਆਈ-ਬੁਰਾਈ, ਪ੍ਰੇਮ-ਵੈਰ, ਨਿਮ੍ਰਤਾ-ਘੁਮੰਡ, ਆਦਿ ਦੇ ਪਰਸਪਰ ਵਿਰੋਧੀ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਝੂਠ ਹਮੇਸ਼ਾ ਹੀ ਸੱਚ ਨਾਲੋਂ ਬਲਵਾਨ ਹੁੰਦਾ ਹੈ ਪਰ ਸਮਾਂ ਸੱਚ ਦਾ ਸਾਥੀ ਹੈ ਜੋ ਮਨੁੱਖਤਾ ਦੀ ਜ਼ਮੀਰ ਨੂੰ ਜਗਾ ਕੇ ਸੱਚ ਦੀ ਜਿੱਤ ਸੰਭਵ ਬਣਾਉਂਦਾ ਹੈ।

ਗੁਰਬਾਣੀ ਵਿੱਚ ਮਨੁੱਖੀ ਮਨ ਬਾਰੇ ਵਿਸਤਰਤ ਵਿਚਾਰ ਪੇਸ਼ ਕੀਤੇ ਗਏ ਹਨ। ਕੁੱਝ ਵਿਚਾਰ ਇਸ ਪ੍ਰਕਾਰ ਹਨ: ਮਨ ਅਦ੍ਰਿਸ਼ਟ ਅਸਤਿੱਵ ਹੈ: "ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥" (ਪੰ: ੩੩੦)। ਇਹ ਪ੍ਰਭੂ ਦਾ ਅੰਸ਼ ਹੈ: "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥" (ਪੰ: ੪੪੧)। ਅਸਲ ਵਿੱਚ ਮਨੁੱਖ ਦਾ ਜੀਵਨ ਮਨ ਕਰਕੇ ਹੀ ਹੁੰਦਾ ਹੈ: "ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭਤਿਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥" (ਪੰ: ੧੧੮੬)। ; "ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥" (ਪੰ: ੧੦੩੦); "ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ॥" (ਪੰ: ੯੨੧) ਅਤੇ "ਤਨੁ ਹਟੜੀ ਇਹੁ ਮਨ ਵਣਜਾਰਾ॥ ਨਾਨਕ ਸਹਜੈ ਸਚੁ ਵਾਪਾਰਾ॥" (ਪੰ: ੯੪੨)। ਜਦੋਂ ਸਰੀਰ ਵਿਚੋਂ ਮਨ ਨਿਕਲ ਕੇ ਚਲਾ ਜਾਂਦਾ ਹੈ ਤਾਂ ਮਨੁੱਖ ਦੀ ਮੌਤ ਹੋ ਜਾਂਦੀ ਹੈ। ਪਰ ਮਨ ਦੀ ਮੌਤ ਨਹੀਂ ਹੁੰਦੀ ਕਿਊਂਕੇ ਇਹ ਅਕਾਲ ਪੁਰਖ ਦਾ ਅੰਸ਼ ਹੈ: "ਇਸੁ ਮਨ ਕਉ ਨਹੀਂ ਆਵਨ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਨਾ॥" (ਪੰ: ੩੩੦)। ਸਰੀਰ ਵਿਚੋਂ ਮਨ ਦੇ ਚਲੇ ਜਾਣ ਨੂੰ ਹੀ ਮੌਤ ਦਾ ਨਾਂ ਦਿੱਤਾ ਜਾਂਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਹੰਸ ਉਡਣਾ ਵੀ ਆਖਿਆ ਗਿਆ ਹੈ ਅਤੇ ਮਨ ਨੂੰ ਭਾਲਣ ਦੀ ਗੱਲ ਵੀ ਕਹੀ ਗਈ ਹੈ: "ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥" (ਪੰ: ੩੩੦)।

ਗੁਰਬਾਣੀ ਅਨੁਸਾਰ ਮਨੁੱਖੀ ਜਨਮ ਦਾ ਮਨੋਰਥ ਪ੍ਰਭੂ ਮਿਲਾਪ ਹੈ। ਮਨੁੱਖ ਦੀ ਮੌਤ ਹੋਣ ਤੇ ਮਨ ਨੂੰ ਪ੍ਰਭੂ ਨਾਲ ਮਿਲਣ ਲਈ ਨਿਰਮਲ ਹੋਣਾ ਚਾਹੀਦਾ ਹੈ ਕਿਊਂਕੇ ਹਉਮੈ ਦੀ ਮੈਲ ਨਾਲ ਮਲੀਨ ਹੋਇਆ ਮਨ ਪ੍ਰਭੂ ਨਾਲ ਮਿਲਣਯੋਗ ਨਹੀਂ ਹੁੰਦਾ। ਸਵਾਲ ਉਠਦਾ ਹੈ ਕਿ ਸਰੀਰ ਦੀ ਮੌਤ ਹੋਣ ਤੇ ਹੁੳਮੈ ਨਾਲ ਮਲੀਨ ਹੋਇਆ ਮਨ ਕਿਥੇ ਚਲਾ ਜਾਂਦਾ ਹੈ? ਗੁਰੁਫਰਮਾਨ ਹਨ: "ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥" (ਪੰ: ੪੬੬); "ਏਹੁ ਜੀਉ ਬਹੁਤੇ ਜਨਮ ਭਰੰਮਿਆ॥" (ਪੰ: ੪੬੫); "ਅਨਿਕ ਜਨਮ ਕੀਏ ਬਹੁ ਰੰਗਾ॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥ ੧॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥" (ਪੰ: ੩੨੬) ਅਤੇ "ਆਵਨ ਜਾਣਾ ਹੁਕਮੁ ਤਿਸੈ ਕਾ॥ ਹੁਕਮੈ ਬੂਝਿ ਸਮਾਵਹਿਗੇ॥" (ਪੰ: ੧੧੦੩)। ਮਨ ਦੀ ਮੈਲ ਉਤਾਰਨ ਲਈ ਗੁਰਬਾਣੀ ਉਸ ਨੂੰ ਨਾਮ ਦੇ ਰੰਗ ਨਾਲ ਧੋਣ ਦਾ ਉਪਦੇਸ਼ ਕਰਦੀ ਹੈ: "ਭਰੀਐ ਮਤਿ ਪਾਪਾ ਕੈ ਸੰਗ॥ ਉਹ ਧੌਪੈ ਨਾਵੈ ਕੈ ਰੰਗਿ॥ (ਪ: ੪)

ਗੁਰਬਾਣੀ ਵਿੱਚ ਮਨ ਦੇ ਤਿੰਨ ਰੂਪ ਦਰਸਾਏ ਗਏ ਹਨ: "ਇਹੁ ਮਨੁ ਸਕਤੀ ਇਹ ਮਨੁ ਸੀਉ॥ ਇਹੁ ਮਨੁ ਪੰਚ ਤਤ ਕਉ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨ ਲੋਕ ਕੀ ਬਾਤਾ ਕਹੈ॥" (ਪੰ: ੩੪੨)। ਮਨ ਸੰਸਾਰ ਵਿੱਚ ਸ਼ਕਤੀ, ਮਾਇਆ ਦਾ ਰੂਪ ਹੁੰਦਾ ਹੈ: "ਕਹੈ ਕਬੀਰ ਸੁਣਹੁ ਰੇ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ" (ਪੰ: ੧੨੫੩)। ਇਹ ਸੀਉ, ਆਨੰਦ ਸਰੂਪ ਪ੍ਰਭੂ ਦਾ ਅੰਸ਼ ਹੁੰਦਾ ਹੈ: "ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: ੬੮੬)। ਇਹ ਪੰਜ ਤੱਤਾਂ ਦੇ ਪਦਾਰਥਕ ਸਰੀਰ ਨਾਲ ਸੰਸਾਰ ਵਿੱਚ ਜਨਮ ਲੈਂਦਾ ਹੈ: "ਇਹੁ ਮਨ ਪੰਚ ਤਤ ਤੇ ਜਨਮਾ॥" (ਪੰ: ੪੧੫)। ਪਰ ਗਿਆਨ ਅਵਸਥਾ ਵਿੱਚ ਆਉਣ, ਉਨਮਨ ਹੋਣ ਨਾਲ ਇਸ ਨੂੰ ਸਾਰੇ ਬ੍ਰਹਿਮੰਡ ਦਾ ਗਿਆਨ ਹੋ ਜਾਂਦਾ ਹੈ: "ਮਨੁ ਮਧੁ ਸੂਦਨ ਤ੍ਰਿਭਵਣ ਦੇਉ॥" (ਪੰ: ੩੨੯)।

ਪ੍ਰਭੂ ਨਾਲ ਕੇਵਲ ਮਨ ਦਾ ਹੀ ਮਿਲਾਪ ਹੋ ਸਕਦਾ ਹੈ ਕਿਊਂਕੇ ਇਹੋ ਪ੍ਰਭੂ ਦਾ ਅੰਸ਼ ਅਤੇ ਉਸ ਤੋਂ ਵਿਛੜਿਆ ਹੋਇਆ ਹੈ ਅਤੇ ਇਸ ਵਿੱਚ ਹੀ ਪ੍ਰਭੂ ਨਾਲ ਮਿਲਾਪ ਕਰਨ ਦੀ ਯੋਗਤਾ ਹੈ। ਪਰ ਜਨਮ ਤੋਂ ਹੀ ਮਨ ਹਉਮੈ ਵਸ ਹੋਇਆ ਰਹਿੰਦਾ ਹੈ। ਸਵੈ-ਰਖਿਆ ਦੀ ਮਨੁੱਖੀ ਭਾਵਨਾ ਵੀ ਹਉਮੈ ਨਾਲ ਜੁੜੀ ਹੁੰਦੀ ਹੈ। ਗੁਰਬਾਣੀ ਦੇ ਫੁਰਮਾਨ ਹਨ: "ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰੀਐ ਦੁਖੁ ਪਾਈ॥ (ਪੰ: ੯੪੬) ਅਤੇ "ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰ: ੪੬੬)। ਪ੍ਰਭੂ ਮਿਲਾਪ ਲਈ ਮਨ ਵਿਚੋਂ ਹਉਮੈ ਨੂੰ ਮਾਰਨਾ ਜ਼ਰੂਰੀ ਹੁੰਦਾ ਹੈ ਕਿਊਂਕੇ "ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਿਹ ਹਉ ਨਾਹਿ॥" (ਪੰ: ੧੦੯੨)। ਹਉਮੈ ਹੀ ਮਨ ਅਤੇ ਆਤਮਾ ਨੂੰ ਇੱਕ ਹੁੰਦੇ ਹੋਏ ਵੀ ਇੱਕ ਦੂਜੇ ਤੋਂ ਵਖਰਾ ਕਰਕੇ ਅਜਨਬੀ ਬਣਾਈ ਰਖਦੀ ਹੈ। ਗੁਰਬਾਣੀ ਇਸ ਵਖਰੇਵੇਂ ਦਾ ਵਰਨਨ ਇਊਂ ਕਰਦੀ ਹੈ: "ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥ ੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨੁ ਪੰਚ ਦੁਹੇਲੇ ਉਹ ਬਸਤੁ ਅਗੋਚਰ ਠਾਈ॥ ੨॥ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਨਾਈ॥" (ਪੰ: ੨੦੫)। ਮਨੁੱਖੀ ਸਰੀਰ ਵਿੱਚ ਮਨ ਦੀ ਹਉਮੈ ਨੂੰ ਮਾਰਨ ਦੀ ਯੋਗਤਾ ਨਹੀਂ ਹੁੰਦੀ ਕਿਊਂਕੇ ਸਰੀਰ ਅਤੇ ਬੁੱਧੀ ਤੇ ਖੁਦ ਮਨ ਦੇ ਅਧੀਨ ਹੁੰਦੇ ਹਨ। ਮਨ ਦੀ ਹਉਮੈ ਨੂੰ ਮਨ ਹੀ ਸ਼ਬਦ ਦੀ ਓਟ ਲੈ ਕੇ ਪ੍ਰਭੂ ਦੀ ਕਿਰਪਾ ਦੁਆਰਾ ਮਾਰ ਸਕਦਾ ਹੈ: "ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥" (ਪੰ: ੧੦੮੯) ਅਤੇ "ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ" (ਪੰ: ੧੧੨੫)। ਪ੍ਰਭੂ ਦੀ ਨਦਰ ਅਤੇ ਮਨੁੱਖੀ ਸੁਰਤ ਦੇ ਸ਼ਬਦ ਨਾਲ ਸੁਮੇਲ ਨਾਲ ਹੀ ਹਉਮੈ ਮਰਦੀ ਹੈ ਅਤੇ ਮਨ ਦਾ ਪ੍ਰਭੂ ਨਾਲ ਮਿਲਾਪ ਸੰਭਵ ਹੁੰਦਾ ਹੈ।

ਗੁਰਬਾਣੀ ਦਾ ਉਪਦੇਸ਼ ਹੈ: "ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ॥ ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ॥" (ਪੰ: ੯੦੮)। ਮਨ ਨੂੰ ਮਾਇਆ ਦੇ ਮੋਹ ਤੋਂ ਸ਼ਬਦ ਦੀ ਵਿਚਾਰ ਹੀ ਮੁਕਤ ਕਰਵਾ ਸਕਦੀ ਹੈ। ਪਰ ਸਿੱਖ ਧਾਰਮਕ ਸੰਸਥਾਵਾਂ ਵਿੱਚ ਸ਼ਬਦ ਤੇ ਵਿਚਾਰ ਕਰਨ ਦੀ ਪਰਥਾ ਨਹੀਂ ਹੈ। ਓਥੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਥਾ ਟੇਕਣ, ਗੁਰਬਾਣੀ ਦਾ ਪਾਠ ਅਤੇ ਕੀਰਤਨ ਅਤੇ ਪ੍ਰਚਾਰਕਾਂ ਦੀ ਰਾਏ ਸੁਨਣ ਦੀ ਹੀ ਵਿਵਸਥਾ ਕੀਤੀ ਹੁੰਦੀ ਹੈ। ਸਿੱਖ ਧਾਰਮਕ ਸੰਸਥਾਵਾਂ ਦੇ ਪੁਜਾਰੀਆਂ ਅਤੇ ਜਥੇਦਾਰਾਂ ਦੀ ਇਹ ਸੋਚ ਹੈ ਕਿ ਗੁਰਮਤਿ ਬਾਰੇ ਸਵਾਲ ਅਤੇ ਵਿਚਾਰ ਕਰਨਾ ਗੁਰਬਾਣੀ ਤੇ ਅਵਿਸ਼ਵਾਸ ਜਤਾਉਣ ਦੇ ਤੁੱਲ ਹੈ। ਸਿੱਖ ਜਗਤ ਵਿੱਚ ਧਾਰਮਕ ਵਿਚਾਰਾਂ ਦੀ ਖੁਲ੍ਹ ਦਾ ਮਾਹੌਲ ਸਿਰਜਣ ਦੀ ਲੋੜ ਹੈ ਜਿਸ ਵਿੱਚ ‘ਸਿੱਖ ਮਾਰਗ’ ਨੇ ਸੇਧ ਦਿੱਤੀ ਹੈ।

ਸਿੱਖ ਧਰਮ ਗੁਰਮਤਿ ਨਹੀਂ ਹੈ ਪਰ ਉਹ ਗੁਰਮਤਿ ਨੂੰ ਆਪਣੀ ਲੋਕ ਪ੍ਰੀਅਤਾ ਅਤੇ ਪ੍ਰਸਿੱਧੀ ਲਈ ਵਰਤਦਾ ਹੈ। ਇਸ ਬਾਰੇ ਸਿੱਖ ਸਮਾਜ ਵਿੱਚ ਸੂਝ ਦੀ ਘਾਟ ਹੈ।

***************




.