.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸੌਲ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੬ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ॥ ੧ ॥ {ਪੰਨਾ ੭੮੭}

ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾੑਲੰਨਿੑ॥ ੨ ॥

ਮਃ ੩॥ ਕੰਤਾ ਨਾਲਿ ਮਹੇਲੀਆ, ਸੇਤੀ ਅਗਿ ਜਲਾਹਿ॥ ਜੇ ਜਾਣਹਿ ਪਿਰੁ ਆਪਣਾ, ਤਾ ਤਨਿ ਦੁਖ ਸਹਾਹਿ॥ ਨਾਨਕ ਕੰਤ ਨ ਜਾਣਨੀ, ਸੇ ਕਿਉ ਅਗਿ ਜਲਾਹਿ॥ ਭਾਵੈ ਜੀਵਉ ਕੈ ਮਰਉ, ਦੂਰਹੁ ਹੀ ਭਜਿ ਜਾਹਿ॥ ੩ ॥

ਪਉੜੀ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ, ਲੇਖੁ ਕਰਤੈ ਲਿਖਿਆ॥ ਨਾਵੈ ਜੇਵਡ ਹੋਰ ਦਾਤਿ ਨਾਹੀ, ਤਿਸੁ ਰੂਪੁ ਨ ਰਿਖਿਆ॥ ਨਾਮੁ ਅਖੁਟੁ ਨਿਧਾਨੁ ਹੈ, ਗੁਰਮੁਖਿ ਮਨਿ ਵਸਿਆ॥ ਕਰਿ ਕਿਰਪਾ ਨਾਮੁ ਦੇਵਸੀ, ਫਿਰਿ ਲੇਖੁ ਨ ਲਿਖਿਆ॥ ਸੇਵਕ ਭਾਇ ਸੇ ਜਨ ਮਿਲੇ, ਜਿਨ ਹਰਿ ਜਪੁ ਜਪਿਆ॥ ੬ ॥

(ਸਟੀਕ-ਪਉੜੀ ੬, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਨਿਮ੍ਰ ਬੇਨਤੀ: — "ਸੂਹੀ ਕੀ ਵਾਰ ਮਹਲਾ ੩" ਦੀ ਚੱਲ ਰਹੀ ਸਟੀਕ ਦੀ ਕਿਸ਼ਤ ਨੰ: ੧੩ ਦੇ ਅੰਤ `ਚ ਦਿੱਤੇ ਵਿਸ਼ੇਸ਼ ਨੋਟ ਰਾਹੀਂ ਅਸਾਂ ਸਪਸ਼ਟ ਕੀਤਾ ਸੀ ਕਿ ਪਉੜੀ ਨੰ: ੬ ਨਾਲ ਸੰਬੰਧਤ ਸਲੋਕਾਂ ਵਿੱਚਲੇ ਬ੍ਰਾਹਮਣ ਮੱਤ ਦੀ ਉਪਜ ਮੁੱਖ ਵਿਸ਼ੇ ਸਤੀ ਪ੍ਰਥਾ ਦੇ ਪਿਛੋਕੜ ਅਤੇ ਨਾਲ ਨਾਲ ਸਤੀ ਪ੍ਰਥਾ ਨਾਲ ਸੰਬੰਧਤ ਗੁਰਬਾਣੀ ਵਿਚਾਰਧਾਰਾ ਆਧਾਰਤ ਲੋੜੀਂਦਾ ਗੁਰਮੱਤ ਵੇਰਵਾ ਵੀ ਇਸ ਲੜੀ ਦੀ ਅਗ਼ਲੀ ਕਿਸ਼ਤ ਨੰ: ੧੪ (ਚੌਦ੍ਹਾਂ) ਤੋਂ ਅਰੰਭ ਕਰਾਂਗੇ। "

ਕੀਤੇ ਵਾਇਦੇ ਮੁਤਾਬਕ ਉਸ ਕਿਸ਼ਤ ਨੰ: ੧੩ ਤੋਂ ਬਾਅਦ ਕਿਸ਼ਤ ੧੪ ਤੇ ੧੫ `ਚ ਅਸਾਂ ਸਤੀ ਪ੍ਰਥਾ ਵਾਲੇ ਵਿਸ਼ੇ ਨਾਲ ਸੰਬੰਧਤ ਪੰਜਵੇਂ ਪਾਤਸ਼ਾਹ ਅਤੇ ਕਬੀਰ ਸਾਹਿਬ ਦੇ ਇਕ-ਇਕ ਸ਼ਬਦ ਨੂੰ ਅਰਥਾਂ ਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ ਦਿੱਤਾ ਸੀ। ਉਪ੍ਰੰਤ ਕਿਸ਼ਤ ੧੬ ਦਾ ਅਰੰਭ ਵੀ ਗੁਰਬਾਣੀ ਵਿਚਾਰਧਾਰਾ ਆਧਾਰਤ ਸਤੀ ਪ੍ਰਥਾ ਦੇ ਖੰਡਣ ਨਾਲ ਸੰਬੰਧਤ ਭਾ; ਗੁ: ਜੀ ਦੀ ਰਚਨਾ ਨਾਲ ਕਰ ਰਹੇ ਹਾਂ। ਤਾਂ ਤੇ ਭਾਈ ਗੁਰਦਾਸ ਜੀ ਦੀ ਪੰਜਵੀਂ ਵਾਰ ਦੀ ਦਸਵੀਂ ਪਉੜੀ ਇਸ ਤਰ੍ਹਾਂ ਹੈ:-

ਨਾਨਕ ਦਾਦਕ ਸਾਹੁਰੇ ਵਿਰਲੀ ਸੁਰ ਲਾਗਾਤਕ ਹੋਏ॥

ਜੰਮਣ ਭਦਣ ਮੰਗਣੈ ਮਰਣੈ ਪਰਣੈ ਕਰਦੇ ਢੋਏ॥" ‘ "

ਰੀਤੀ ਰੂੜੀ ਕੁਲਾ ਧਰਮ ਚੱਜ ਅਚਾਰ ਵਿਚਾਰ ਵਿਖੋਏ॥

ਕਰ ਕਰਤੂਤ ਕਸੂਤ ਵਿੱਚ ਪਾਇ ਦੁਲੀਚੇ ਗੈਣ ਚੰਦੋਏ॥

ਸਾਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭਰੀ ਟੋਏ॥

ਸਾਧ ਸੰਗਤ ਗੁਰੁ ਸ਼ਬਦ ਵਿਣ ਮਰ ਮਰ ਜੰਮਣ ਦਈ ਵਿਗੋਏ॥

ਗੁਰਮੁਖ ਹੀਰੇ ਹਾਰ ਪਰੋਏ॥ ੧੦॥ (ਭਾ: ਗੁ: ਜੀ ੫/੧੦)

ਅਰਥ ਅਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ:-ਬੇਸ਼ੱਕ ਸਮੇ ਦੇ ਪ੍ਰਭਾਵ ਨਾਲ ਅੱਜ ਬਹੁਤੇ ਬ੍ਰਾਹਮਣੀ ਵਿਸ਼ਵਾਸਾਂ ਵਾਲੇ ਘਰਾਂ `ਚ ਵੀ ਇਨ੍ਹਾਂ ਚੋਂ ਬਹੁਤੇ ਕਰਮਕਾਂਡ, ਕਰਣੀਆਂ, ਰਿਵਾਜ, ਰੀਤੀਆਂ ਤੇ ਉਨ੍ਹਾਂ ਦੇ ਢੰਗ ਕੁੱਝ ਬਦਲ ਚੁੱਕੇ ਹਨ ਅਤੇ ਕੁੱਝ ਅਲੋਪ ਹੌ ਚੁੱਕੇ ਹਨ

ਇਸ ਲਈ ਇਹ ਵੀ ਕਿ ਭਾਈ ਸਾਹਿਬ ਨੇ ਜਦੋਂ ਇਹ ਪਉੜੀ ਲਿਖੀ ਤਾਂ ਉਸ ਸਮੇਂ ਦੇ ਰੀਤੀ ਰਿਵਾਜਾਂ ਮੁਤਾਬਕ ਹੀ ਉਨ੍ਹਾਂ ਇਥੇ ਆਪਣੀ ਪੰਜਵੀਂ ਵਾਰ ਦੀ ਦਸਵੀਂ ਪਉੜੀ `ਚ ਫ਼ੁਰਮਾਇਆ ਹੈ:-

"…. ਰੀਤੀ ਰੂੜੀ ਕੁਲਾ, ਧਰਮ ਚੱਜ ਅਚਾਰ ਵਿਚਾਰ ਵਿਖੋਏ" :--ਭਾਵ ਬ੍ਰਾਹਮਣੀ ਵਿਸ਼ਵਾਸਾਂ ਵਾਲੇ ਉਨ੍ਹਾਂ ਘਰਾਂ `ਚ ਨਾਨਕੇ, ਦਾਦਕੇ ਤੇ ਸਹੁਰੇ ਘਰਾਂ ਦੇ ਆਪਣੇ-ਆਪਣੇ ਕੁਲ ਪੁਰੋਹਿਤ ਤੇ ਲਾਗੀ ਆਦਿ ਹੁੰਦੇ ਹਨ।

ਉਹ ਲੋਕ ਸੰਬੰਧਤ ਪ੍ਰਵਾਰਾਂ `ਚ ਜੰਮਨ, ਮੁੰਡਣ, ਕੁੜਮਾਈ ਤੇ ਮਰਣੇ-ਪਰਣੇ ਆਦਿ ਸਮੇਂ ਉਚੇਚੇ ਪੁੱਜ ਕੇ ਉਨ੍ਹਾਂ ਪ੍ਰਵਾਰਾ ਦੀਆਂ ਕੁਲ ਰੀਤੀਆਂ ਅਨੁਸਾਰ ਸੁਨੇਹੇ ਅਦਿ ਪਹੁੰਚਾਉਂਦੇ ਅਤੇ ਬਹੁਤਾ ਕਰਕੇ ਉਨ੍ਹਾਂ ਦੀਆਂ ਉਨ੍ਹਾਂ ਰੀਤੀਆਂ ਨੂੰ ਨਿਭਾਉਣ/ ਨਿਭਵਾਉਣ ਦੇ ਕਾਰਜ ਵੀ ਕਰਦੇ/ਕਰਵਾਉਂਦੇ ਹਨ।

ਉਹ ਜਨੇਊ ਤੇ ਸੂਤਕਾਂ-ਪਾਤਕਾਂ ਦੇ ਉਤਸਵਾਂ ਸਮੇਂ ਜ਼ਮੀਨ `ਤੇ ਗ਼ਲੀਚੇ ਤੇ ਸੋਹਣੇ ਕਪੜੇ ਵਿਛਾਂਦੇ/ਵਿਛਵਾਉਂਦੇ ਹਨ ਅਤੇ ਉਪਰ ਚੰਦੋਏ ਆਦਿ ਵੀ ਤਾਣਦੇ/ਤਨਵਾਉਂਦੇ ਹਨ।

ਉਹ ਜੋਧਿਆਂ ਤੇ ਆਪਣੇ ਜਠੇਰਿਆਂ ਦੀ ਯਾਦ `ਚ ਸਮਾਗਮ ਰਚਦੇ, ਸਤੀਆਂ (ਸਤੀ ਪ੍ਰਥਾ) ਤੇ ਸਉਕੁਣਾ ਵਾਲੇ ਧਰਮ ਨੂੰ ਮੰਣਦੇ ਤੇ ਉਨ੍ਹਾਂ `ਚ ਵਿਸ਼ਵਾਸ ਵੀ ਰਖਦੇ ਹਨ, ਉਪ੍ਰੰਤ ਇਹ ਵੀ ਕਿ ਉਹ ਲੋਕ ਟੋਭਿਆਂ ਤੇ ਛੱਪੜਾਂ ਆਦਿ ਦੀ ਪੂਜਾ ਕਰਦੇ ਤੇ ਉਥੇ ਜਾ ਕੇ ਮੰਣਤਾਂ ਵੀ ਮੰਣਦੇ ਹਨ।

ਇਸ ਤਰ੍ਹਾਂ ਸਮਾਜਕ ਤਲ `ਤੇ ਉਹ ਲੋਕ ਉਨ੍ਹਾਂ ਰੂੜੀ ਵਾਦੀ ਰੀਤਾਂ ਸਮੇਂ ਆਪਣੀ ਕੁਲ ਧਰਮ ਤੇ ਚੱਜ-ਆਚਾਰ ਆਦਿ ਦੇ, ਦਿਖਾਵਿਆਂ, ਭਰਮਾਂ, ਭੁਲੇਖਿਆਂ ਆਦਿ `ਚ ਭੁੱਲੇ, ਫ਼ਸੇ ਤੇ ਉਲਝੇ ਰਹਿੰਦੇ ਹਨ। ਕੁਲ ਮਿਲਾ ਕੇ ਉਹ ਉਨ੍ਹਾਂ ਕਾਰਜਾਂ ਤੇ ਰੀਤਾਂ ਆਦਿ `ਚ ਹੀ ਖੌਏ ਤੇ ਗੁੰਮ ਹੋਏ ਰਹਿੰਦੇ ਹਨ।

"ਸਾਧ ਸੰਗਤ ਗੁਰੁ ਸ਼ਬਦ ਵਿਣ, ਮਰ ਮਰ ਜੰਮਣ ਦਈ ਵਿਗੋਏ" :- ਇਸ ਤਰ੍ਹਾਂ ਭਾਈ ਸਾਹਿਬ ਵਿਸ਼ੇ ਸੰਬੰਧੀ ਫ਼ੁਰਮਾਉਂਦੇ ਹਨ:-

ਇਸ ਲਈ ਇਹ ਸਭ ਕਰਦੇ ਹੋਏ ਵੀ ਇਹ ਲੋਕ ਸਾਧਸੰਗਤ ਤੇ ਸ਼ਬਦ-ਗੁਰੂ ਦੀ ਕਮਾਈ ਤੋਂ ਵਿਹੂਣੇ ਹੋਣ ਕਾਰਣ, ਪ੍ਰਭੂ ਪਿਤਾ ਪ੍ਰਮੇਸ਼ਵਰ ਦੀ ਸਿਫ਼ਤ ਸਲਾਹ ਤੋਂ ਵਾਂਝੇ ਰਹਿੰਦੇ ਤੇ ਖੁਆਰ ਹੁੰਦੇ ਹਨ।

ਇਸੇ ਕਾਰਣ ਪ੍ਰ੍ਰਭੂ ਵੱਲੌ (ਅਮੁੱਲਾ, ਵਿਸ਼ੇਸ਼ ਤੇ ਦੁਰਲਭ ਮਨੁੱਖਾ ਜਨਮ ਪਾ ਕੇ ਵੀ) ਉਹ ਅਗਿਆਨੀ ਮੁੜ-ਮੁੜ ਉਸੇ ਜਨਮ-ਮਰਨ ਭਾਵ ਬਾਰ-ਬਾਰ ਦੀਆਂ ਜੂਨਾਂ, ਜਨਮਾਂ ਤੇ ਭਿੰਨ-ਭਿੰਨ ਗਰਭਾਂ ਵਾਲੇ ਗੇੜ `ਚ ਪਏ ਤੇ ਦੁਖੀ ਹੁੰਦੇ ਰਹਿੰਦੇ ਹਨ।

"ਗੁਰਮੁਖ ਹੀਰੇ ਹਾਰ ਪਰੋਏ" :- ਤਾਂ ਵੀ ਜਿਹੜੇ ਸ਼ਬਦ-ਗੁਰੂ ਦੀ ਸਰਣ `ਚ ਆ ਜਾਂਦੇ ਅਤੇ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ, ਉਨ੍ਹਾਂ ਦੇ ਜੀਵਨ ਬਾਰੇ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਨੁੱਖਾ ਜਨਮ ਤੇ ਜੀਵਨ ਇਲਾਹੀ ਗੁਣਾਂ ਦੇ ਕੀਮਤੀ ਹੀਰਿਆਂ ਨਾਲ ਪਰੁਚੇ ਤੇ ਭਰਪੂਰ ਹੋਏ ਰਹਿੰਦੇ ਹਨ। ਤਾਂ ਤੇ ਦੂਜੇ ਲਫ਼ਜ਼ਾਂ `ਚ ਭਾਈ ਗੁਰਦਾਸ ਜੀ ਇਥੇ ਸਪਸ਼ਟ ਕਰ ਰਹੇ ਹਨ ਕਿ:-

ਸ਼ਬਦ ਗੁਰੂ ਦੀ ਕਮਾਈ ਸਦਕਾ ਗੁਰਮੁਖ ਜਨ, ਭਾਵ ਸ਼ਬਦ-ਗੁਰੂ ਦੀ ਕਮਾਈ ਕਰਣ ਵਾਲੇ ਸੱਜਨ, ਉਨ੍ਹਾਂ ਸਮਾਜਿਕ ਥੋਥੇ, ਕੂੜੇ ਤੇ ਦਿਖਾਵੇ ਦੇ ਕੰਮਾਂ, ਕਰਮ-ਕਾਂਡਾਂ ਤੇ ਰੂੜੀ ਵਾਦ ਦੀ ਉਪਜ ਉਨ੍ਹਾਂ ਰੀਤਾਂ-ਰਸਮਾਂ ਆਦਿ `ਚ ਨਹੀਂ ਉਲਝਦੇ। ਉਹ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲਾ ਕਰਕੇ ਜਾਂਦੇ ਹਨ, ਇਸ ਨੂੰ ਬਿਰਥਾ ਕਰਕੇ ਨਹੀਂ ਜਾਂਦੇ ਤੇ ਨਿਹਫਲ ਨਹੀਂ ਗੁਆਂਉਂਦੇ।

ਅੁਹ ਗੁਰਮੁਖ ਜੀਵਨ ਭਰ ਪਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿ ਕੇ ਜੀਂਦੇ ਜੀਅ ਅਸਲੇ ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ, ਪ੍ਰਭੂ ਪਿਤਾ ਨਾਲ ਇਕ-ਮਿੱਕ ਤੇ ਅਭੇਦ ਹੋਏ ਰਹਿੰਦੇ ਹਨ।

ਇਸੇ ਲਈ ਉਨ੍ਹਾਂ ਦੇ ਜੀਵਨ ਹੀ, ਪ੍ਰਭੂ ਦੇ ਅਮੁੱਲੇ ਗੁਣਾ ਦਾ ਪ੍ਰਗਟਾਵਾ ਹੁੰਦੇ ਹਨ। ਉਹ ਜੀਂਦੇ-ਜੀਅ ਪ੍ਰਭੂ `ਚ ਸਮਾਅ ਜਾਂਦੇ ਹਨ, ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਨਹੀਂ ਪੈਦੇ।

ਕੇਵਲ ਸਤੀ ਪ੍ਰਥਾ ਹੀ ਨਹੀਂ- ਚਲ ਰਹੇ ਸਤੀ ਪ੍ਰਥਾ ਆਧਾਰਿਤ ਪਰ ਮੂਲੋਂ ਉਸੇ ਬ੍ਰਾਹਮਣੀ ਵਿਸ਼ੇ ਵੱਲ ਵੱਧਣ ਤੋਂ ਪਹਿਲਾਂ ਇਹ ਵੀ ਕਹਿ ਦੇਣਾ ਜ਼ਰੂਰੀ ਸਮਝਦੇ ਹਾਂ ਕਿ ਜਿਨ੍ਹਾਂ ਦੇ ਇਹ ਤੇ ਅਜਿਹੇ ਵਿਸ਼ਵਾਸ ਹਨ, ਉਹ ਸਭ ਉਨ੍ਹਾਂ ਨੂੰ ਮੁਬਾਰਕ ਹਨ ਤੇ ਉਹ ਜਮ-ਜਮ ਇਨ੍ਹਾਂ ਨੂੰ ਨਿਭਾਉਣ ਤੇ ਮੰਣਦੇ ਤੇ ਕਰਦੇ ਰਹਿਣ; ਸਾਨੂੰ ਉਸ `ਤੇ ਉੱਕਾ ਹੀ ਉਜ਼ਰ ਜਾਂ ਇਤਰਾਜ਼ ਨਹੀਂ।

ਪਰ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਤੇ ਗੁਰਬਾਣੀ ਦੇ ਸਿੱਖ ਅਖਵਾਉਂਦੇ ਤੇ ਮੰਣਦੇ ਹਨ, ਉਨ੍ਹਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਗੁਰੂ ਦਰ ਤੇ ਗੁਰਬਾਣੀ ਬਹੁਤਾ ਕਰਕੇ ਇਨ੍ਹਾਂ ਸਮੂਹ ਕਰਣੀਆਂ ਲਈ ਇਜਾਜ਼ਤ ਨਹੀਂ ਦਿੰਦੀ, ਗੁਰਬਾਣੀ ਬਹੁਤਾ ਕਰਕੇ ਇਨ੍ਹਾਂ ਦਾ ਖੰਡਣ ਤੇ ਵਿਰੋਧ ਵੀ ਕਰਦੀ ਹੈ। ਉਪ੍ਰੰਤ ਵਿਸ਼ੇ ਵਲ ਕੁੱਝ ਅੱਗੇ ਵਧਦੇ ਹੋਏ:-

ਵੈਸੇ ਤਾਂ ਸੰਸਾਰ ਭਰ `ਚ ਪੁਰਖ ਪ੍ਰਧਾਨ ਸਮਾਜ ਨੇ ਇਸਤ੍ਰੀ ਵਰਗ ਨੂੰ ਮਨੁੱਖ ਨੇ ਕਦੇ ਤੇ ਕਿੱਧਰੇ ਵੀ ਆਪਣੀ ਬਰਾਬਰੀ ਨਹੀਂ ਦਿੱਤੀ ਅਤੇ ਉਸ ਨਾਲ ਨਿਆਂ ਵੀ ਨਹੀਂ ਕੀਤਾ। ਫ਼ਿਰ ਵੀ ਇਸਤ੍ਰੀ ਨੂੰ ਦੇਵੀਆਂ ਕਹਿਣ ਵਾਲੇ ਬ੍ਰਾਹਮਣੀ ਸਮਾਜ ਦੀ ਜੇਕਰ ਇਸ ਪੱਖੋਂ ਚੀਰ ਫਾੜ ਕੀਤੀ ਜਾਵੇ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਹੱਥਲੇ ਵਿਸ਼ੇ ਸਤੀ ਪ੍ਰਥਾ ਸਮੇਤ ਇਸਤ੍ਰੀ ਵਰਗ ਦਾ ਜਿੰਨਾਂ ਵੱਧ ਸ਼ੋਸ਼ਨ ਇਸ ਸਮਾਜ ਨੇ ਕੀਤਾ ਹੈ, ਸੰਸਾਰ ਭਰ ਦੇ ਕਿਸੇ ਵੀ ਵਰਗ ਨੇ ਨਹੀਂ ਕੀਤਾ।

ਇਥੇ ਇੱਕ ਪਾਸੇ ਤਾਂ ਉਸ ਨੂੰ ਦੇਵੀ ਕਹਿ ਕੇ ਤੇ ਮੰਨ ਕੇ ਉਸ ਦੀ ਪੂਜਾ ਕੀਤੀ ਤੇ ਕਰਵਾਈ ਜਾਂਦੀ ਹੈ। ਜਦਕਿ ਉਥੇ ਉਸ ਦੇ ਨਾਲ-ਨਾਲ ਇਥੇ ਅਨੇਕਾਂ ਰੀਤੀ-ਰਿਵਾਜ, ਤਿਉਹਾਰ ਤੇ ਅਨੇਕਾਂ ਸਗ਼ਨ-ਅਪਸਗਨ, ਵਹਿਮ-ਭਰਮ ਘੜ ਕੇ ਇਸਤ੍ਰੀ ਵਰਗ ਨੂੰ ਉਸ ਦੇ ਜਨਮ ਤੋਂ ਹੀ ਇੱਕ ਤਰੀਕੇ ਨਾਲ ਗੁਲਾਮੀ ਦੀਆਂ ਜੰਜੀਰਾਂ `ਚ ਜੱਕੜਿਅ ਤੇ ਦਬੋਚਿਆ ਵੀ ਹੋਇਆ ਹੈ।

ਵਿਚਾਰਣ ਦਾ ਵਿਸ਼ਾ ਹੈ, ਇਸ ਸਮਾਜ ਅੰਦਰ ਇਸਤ੍ਰੀ ਜਗਤ ਲਈ ਘੁੰਡ ਪ੍ਰਥਾ, ਦੇਵਦਾਸੀ-ਰਾਮਜਨੀ ਪ੍ਰਥਾ ਭਾਵ ਕੁੜੀਆਂ ਨੂੰ ਜੰਮਦੇ ਸਾਰ ਦੇਵਤਿਆ ਦੇ ਅਰਪਣ ਕਰ ਦੇਣਾ ਅਤੇ ਫਿਰ ਉਥੇ ਬਹੁਤਾ ਕਰੇ ਉਸ ਦੇ ਜੀਵਨ ਦਾ ਜਿਹੜਾ ਭਰਵਾਂ ਸ਼ੋਸ਼ਨ ਹੁੰਦਾ ਹੈ ਉਹ ਵੀ ਜਗ ਜ਼ਾਹਿਰ ਹੈ।

ਇਹ ਵੀ ਕਿ ਹੱਥਲਾ ਜੋ ਸਤੀ ਪ੍ਰਥਾ ਨਾਲ ਸ਼ੰਬੰਧਤ ਵਿਸ਼ਾ ਚੱਲ ਰਿਹਾ ਹੈ ਉਪ੍ਰੰਤ ਜਦੋਂ ਉਸ ਦੇ ਪਤੀ ਦੀ ਲਾਸ਼ ਦੇ ਨਾਲ ਉਸ ਨੂੰ ਵੀ ਜ਼ਿੰਦਾ ਸੜ ਕੇ ਮਰਣ ਜਾਂ ਉਸ ਦੇ ਪਤੀ ਦੀ ਲਾਸ਼ ਨਾਲ ਉਸ ਜੀਊਂਦੀ ਜਾਗਦੀ ਨੂੰ ਬਦੋ-ਬਦੀ ਉਸੇ ਚਿਤਾ `ਚ ਸਿੱਟ ਕੇ ਸਾੜ ਦੇਣਾ।

ਫ਼ਿਰ ਉਸ ਸਤੀ ਦੇ ਨਾਮ `ਤੇ ਮੰਦਰ ਕਾਇਮ ਕਰਕੇ ਹੋਰਨਾਂ ਨੂੰ ਵੀ ਇਸ "ਉੱਤਮ ਕਾਰਜ" ਲਈ ਉਤਸਾਹਤ ਕਰਣਾ, ਬੇਸ਼ੱਕ ਇਸ ਬਾਰੇ ਪਉੜੀ ਨਾਲ ਸੰਬੰਧਤ ਸਲੋਕਾ ਤੇ ਉਂਝ ਵੀ ਬਹੁਤ ਕੁੱਝ ਪੜ੍ਹ ਆਏ ਹਾਂ, ਇਹ ਸਭ ਵੀ ਇਸੇ ਸਮਾਜ ਦੀ ਦੇਣ ਤੇ ਉਪਜ ਹੈ। ਇਹੀ ਨਹੀਂ ਬ੍ਰਾਹਮਣੀ ਰਚਨਾਵਾਂ ਆਪ ਪੜ੍ਹ ਕੇ ਦੇਖੋ! ਉਥੇ ਸਤੀ ਪ੍ਰਥਾ ਆਦਿ ਸਮੇਤ, ਅਜਿਹਾ ਹੋਰ ਵੀ ਬਹੁਤ ਕੁੱਝ ਮਿਲ ਜਾਵੇਗਾ।

ਫ਼ਿਰ ਉਸੇ ਸੰਬੰਧ `ਚ ਇਥੇ ਇਹ ਵੀ ਕਿ, ਜੇ ਕਰਤੇ ਪ੍ਰਭੂ ਦੇ ਹੁਕਮ `ਚ ਮੌਤ ਪਤਨੀ ਦੀ ਹੋ ਜਾਵੇ ਤਾਂ ਉਸ ਦੀ ਚਿਤਾ ਠੰਢੀ ਹੋਣ ਤੋਂ ਵੀ ਪਹਿਲਾਂ ਪਤੀ ਨੂੰ ਦੂਜੀ ਸ਼ਾਦੀ ਕਰਣ ਦਾ ਪੂਰਾ ਹੱਕ ਮਿਲਿਆ ਹੋਇਆ ਹੈ ਅਤੇ ਆਮ ਤੌਰ `ਤੇ ਇਸ ਸਮਾਜ `ਚ ਅਜਿਹਾ ਹੁੰਦਾ ਤੇ ਹੋ ਵੀ ਰਿਹਾ ਹੈ।

ਇਸ ਦੇ ਉਲਟ ਜੇ ਮੌਤ ਪਤੀ ਦੀ ਹੋ ਜਾਵੇ ਤਾਂ ਪਤਨੀ ਨੂੰ ਦੂਜੀ ਸ਼ਾਦੀ ਕਰਵਾਉਣ ਦਾ ਹੱਕ ਨਹੀਂ। ਹੋਰ ਤਾਂ ਹੋਰ, ਉਸ ਵਿਚਾਰੀ ਲਈ ਬੇਅੰਤ ਬੰਦਸ਼ਾਂ, ਭਿੰਨ-ਭਿੰਨ ਵਿਧਵਾ ਆਡੰਬਰ, ਇੱਕ ਤਰ੍ਹਾਂ ਨਾਲ ਉਸ ਦੇ ਬਾਕੀ ਪੂਰੇ ਜੀਵਨ ਨੂੰ ਹੀ ਨਰਕ ਬਣਾ ਦਿੱਤਾ ਜਾਂਦਾ ਹੈ।

ਉਹ ਖਸਮਖਾਨੀ ਵੀ ਹੁੰਦੀ ਹੈ ਕੁਲੱਛਣੀ ਤੇ ਹੋਰ ਵੀ ਬਹੁਤ ਕੁਝ। ਬਲਕਿ ਅਜਿਹੀ ਵਿਧਵਾ ਇਸਤ੍ਰੀ, ਪ੍ਰਵਾਰ ਦੇ ਕਿਸੇ ਵੀ ਖ਼ੁਸ਼ੀ ਆਦਿ ਦੇ ਕਾਰਜ `ਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਉਥੇ ਉਨ੍ਹਾਂ ਅਨੁਸਾਰ ਉਹ ਹੁਣ ਮਨਹੂਸ ਮੰਨੀ ਤੇ ਗ਼ਰਦਾਨੀ ਜਾਂਦੀ ਹੈ।

ਮਨੂ ਸਮ੍ਰਿਤੀ ਅਨੁਸਾਰ ਤਾਂ ਲੜਕੀ ਨੂੰ ਪੜ੍ਹਣ ਦਾ ਵੀ ਹੱਕ ਨਹੀਂ ਦਿੱਤਾ ਹੋਇਆ, ਫ਼ਿਰ ਜੇ ਉਸ ਨੇ ਪੜ੍ਹਾਈ ਕਰਣੀ ਹੀ ਹੋਵੇ ਤਾਂ ਲੜਕੀ ਤੇ ਲੜਕੇ ਦੇ ਸਕੂਲ ਵਿੱਚਕਾਰ ਘਟੋਘਟ ਇੱਕੀ ਕੋਹ (ਅਜਕਲ ਦੇ ਹਿਸਾਬ ਨਾਲ ਲਗਭਗ ਚਾਲੀ ਕਿਲੋ ਮੀਟਰ) ਦਾ ਫ਼ਾਸਲਾ ਹੋਣਾ ਜ਼ਰੂਰੀ ਹੈ। ਸਪਸ਼ਟ ਹੈ, ਇੱਕ ਅਖਾਣ ਅਨੁਸਾਰ "ਨਾ ਨੌ ਮਨ ਤੇਲ ਹੋਵੇਗਾ ਅਤੇ ਨਾ ਹੀ ਰਾਧਾ ਨਚੇਗੀ"।

ਇਹੀ ਨਹੀਂ ਮਨੂ ਸਮ੍ਰਿਤੀ ਅਨੁਸਾਰ ਹੀ ਜੰਜੂ ਪਾਉਣ ਦਾ ਹੱਕ ਵੀ ਕੇਵਲ ਦੋ ਨੂੰ ਨਹੀਂ ਇੱਕ ਇਸਤ੍ਰੀ ਵਰਗ ਅਤੇ ਦੂਜੇ ਮਨੂ ਜੀ ਰਾਹੀਂ ਸਥਾਪਤ ਵਰਣ ਵੰਡ ਅਨੁਸਾਰ ਅਖੌਤੀ ਸ਼ੂਦ੍ਰ ਵਰਗ ਨੂੰ। ਫ਼ਿਰ ਇਤਨਾ ਹੀ ਨਹੀਂ, ਤੁਲਸੀ ਦਾਸ ਨੇ ਤਾਂ ਰਾਮ ਚਰਿਤ੍ਰ ਮਾਨਸ `ਚ ਇਥੋਂ ਤੀਕ ਲਿਖਿਆ ਹੋਇਆ ਹੈ "ਪਸ਼ੂ ਗਵਾਰ ਢੋਲ ਅਰ ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ"। ਇਸ ਤਰ੍ਹਾਂ ਉਥੇ ਤਾਂ ਇਸਤ੍ਰੀ ਨੂੰ ਵਰਗ ਨੂੰ ਪਸ਼ੂ, ਗਵਾਰ ਤੇ ਢੋਲ ਦੀ ਨਿਆਈ ਕੇਵਲ ਪਿਟਾਈ ਯੋਗ ਵੀ ਦਰਸਾਇਆ ਹੋਇਆ ਹੈ।

ਇਸੇ ਤਰ੍ਹਾਂ ਇਸਤ੍ਰੀ ਵਿਚਾਰੀ ਤਾਂ ਆਪਣੀ ਜਾਨ ਅਤੇ ਪ੍ਰਾਣਾਂ ਨੂੰ ਜ਼ੋਖਮ `ਚ ਪਾ ਕੇ ਬੱਚੇ ਨੂੰ ਜਨਮ ਦਿੰਦੀ ਅਤੇ ਪ੍ਰਵਾਰਕ ਵਾਧਾ ਕਰਦੀ ਹੈ, ਪਰ ਬਦਲੇ `ਚ ਸੂਤਕ ਵਾਲਾ ਭਰਮ ਪਾ ਕੇ ਉਸ ਨੂੰ ਜਿਸ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਹੈ, ਪ੍ਰਭੂ-ਅਕਾਲਪਰਖ ਆਪ ਹੀ ਸੁਮੱਤ ਬਖਸ਼ੇ।

ਕੰਨਿਆਂ ਦਾਨ ਅਤੇ ਦਹੇਜ ਪ੍ਰਥਾ-ਇਸ ਸਮਾਜ `ਚ ਇੱਕ ਤਰੀਕੇ ਲੜਕੀ ਦੀ ਸ਼ਾਦੀ ਦਾ ਵੀ ਨਿਯਮ ਨਹੀਂ, ਇਥੇ ਤਾਂ ਉਸ ਦਾ ‘ਕੰਨਿਆ ਦਾਨ’ ਹੀ ਹੁੰਦਾ ਹੈ ਇਸ ਤਰ੍ਹਾਂ ਇਥੇ ਕੰਨਿਆਂ ਨੂੰ ਇਨਸਾਨ ਘੱਟ ਤੇ ਦਾਨ ਦੀ ਵਸਤੂ ਵੱਧ ਸਾਬਤ ਕੀਤਾ ਹੋਇਆ ਹੈ। ਫ਼ਿਰ ਉਸ ‘ਕੰਨਿਆਂ ਦਾਨ’ ਸਮੇਂ ਵੀ ਇਕੱਲੀ ਕੰਨਿਆਂ ਹੀ ਨਹੀਂ, ਉਸ ਨਾਲ ਲੜਕੀ ਦੇ ਪ੍ਰਵਾਰ ਨੇ ਲੜਕੇ ਵਾਲਿਆਂ ਨੂੰ ਬੇਅੰਤ ਦਾਜ-ਦਹੇਜ ਆਦਿ ਦੇਣਾ ਅਤੇ ਹੋਰ ਵੀ ਬਹੁਤ ਕੁੱਝ ਕਰਣਾ ਹੁੰਦਾ ਹੈ। ਇਥੇ ਪ੍ਰਚਲਣ ਵੀ ਹੈ, ‘ਜਨਮ ਪਿਤਾ ਦੇ ਘਰ, ਅਰਥੀ ਪਤੀ ਦੇ ਘਰ’। ਕਿਉਂਕਿ ਦਾਨ ਦਿੱਤੀ ਵਸਤੂ ਵਾਪਿਸ ਨਹੀਂ ਲਈ ਜਾਂਦੀ।

ਫ਼ਿਰ ਜੇ ਇਸ ‘ਕਨਿੰਆਂ ਦਾਨ’ ਨਾਲ ਸੰਬੰਧਤ ਰੀਤੀ ਰਿਵਾਜਾਂ ਤੇ ਸਗ਼ਨਾਂ-ਅਪਸਗ਼ਨਾ ਦੇ ਵੇਰਵੇ `ਚ ਜਾਇਆ ਜਾਵੇ ਤਾਂ ਉਥੇ ਵੀ ਮੁੰਡੇ ਵਾਲਿਆਂ ਦਾ ਦਰਜਾ ਬਹੁਤ ਉੱਚਾ ਤੇ ਲੜਕੀ ਵਾਲਿਆਂ ਦਾ ਅਤੀ ਨੀਵਾਂ ਮਿਲੇਗਾ। ਇਥੇ ਪਤੀ ਪ੍ਰਮੇਸ਼ਵਰ ਹੈ ਤੇ ਪਤਨੀ ਉਸ ਦੀ ਦਾਸੀ। ਇਹ ਵੀ ਕਿ ਦਾਨ (ਕਨਿੰਆਂ ਦਾਨ) `ਚ ਆਈ ਆਪਣੀ ਪੱਤਨੀ ਨਾਲ ਪਤੀ ਜਿਵੇਂ ਚਾਹਵੇ, ਜਿੰਨਾਂ ਮਰਜ਼ੀ ਜ਼ੁਲਮ-ਧੱਕਾ ਕਰੇ, ਉਹ ਕਰ ਸਕਦਾ ਹੈ/ਸੀ ਕਿਉਂਕਿ ਉਹ ਉਸ ਦਾ ਪਤੀ ਹੈ।

ਇਧਰ ਪਤੀ ਦੇਵ ਭਾਵੇਂ ਕਲੱਬਾਂ-ਮੈਖਾਨਿਆਂ-ਮਹਿਫ਼ਲਾਂ ਦੀ ਖਾਕ ਛਾਣ ਕੇ ਦੇਰ ਰਾਤ ਘਰ ਪਰਤਣ; ਪਤਨੀ ਨੇ ਭੁੱਖੇ, ਉਨੀਂਦਰੇ ਰਹਿ ਕੇ ਹੀ ਉਡੀਕਣਾ ਹੁੰਦਾ ਹੈ/ਸੀ। ਘਰ ਪਰਤਣ `ਤੇ ਪਤੀ ਚਾਹੇ ਨਸ਼ੇ `ਚ ਧੁੱਤ ਹੋਵੇ, ਬੀਤੇ ਸਮੇਂ ਤਾਂ ਪਤਨੀ ਨੇ ਉਸ ਨੂੰ ਪੱਖਾ ਵੀ ਝੱਲਣਾ ਹੁੰਦਾ ਸੀ। ਉਸ ਦੀਆਂ ਜੁੱਤੀਆਂ ਉਤਾਰਣੀਆਂ, ਉਸ ਨੂੰ ਭੋਜਨ ਕਰਵਾਉਣ ਤੋਂ ਬਾਅਦ `ਚ ਆਪ ਕਰਣਾ ਹੁੰਦਾ ਹੈ/ਸੀ ਉਸ ਤੋਂ ਪਹਿਲਾਂ ਨਹੀਂ। ਕਈ ਹਾਲਤਾਂ `ਚ ਬਹੁਤ ਵਾਰੀ ਤਾਂ ਉਸ ਨੇ ਆਪਣੇ ਉਸ ਪਤੀ ‘ਪ੍ਰਮੇਸ਼ਵਰ’ ਤੋਂ ਗਾਲੀ-ਗਲੋਚ ਵੀ ਸੁਨਣੀ ਹੈ ਤੇ ਮਾਰ ਕੁੱਟ ਵੀ ਸਹਿਣੀ ਪੈਂਦੀ ਹੈ/ਸੀ।

ਫ਼ਿਰ ਪਤੀ ਸ਼ਰਾਬੀ-ਵਿੱਭਚਾਰੀ, ਦਗ਼ਾਬਾਜ਼, ਦੁਸ਼ਟ, ਨਖੱਟੂ ਭਾਵੇਂ ਕੁੱਝ ਵੀ ਹੋਵੇ ਤੇ ਦੂਜੇ ਪਾਸੇ ਪਤਨੀ ਭਾਵੇਂ ਕਿਤਨੀ ਵੀ ਸੁਸ਼ੀਲ ਕਿਉਂ ਨਾ ਹੋਵੇ; ਤਾਂ ਵੀ ਪਤੀਬ੍ਰਤਾ ਵਾਲੀ ਗਾਜ ਪਤਨੀ `ਤੇ ਹੀ ਡਿਗਣੀ ਹੈ। ਇੰਨ੍ਹਾਂ ਗੱਲਾਂ ਨੂੰ ਦ੍ਰਿੜ੍ਹ ਕਰਵਾੳੇੁਣ ਲਈ ਹੀ ਨਲ-ਦਮਯੰਤੀ ਆਦਿ ਇਕਾਂਕੀ ਵੀ ਇਸੇ ਸਮਾਜ ਦੀ ਦੇਣ ਹਨ। ਬਾਰ ਬਾਰ ਅਗਨੀ ਪ੍ਰੀਖਿਆ ਸੀਤਾ ਜੀ ਲਈ ਹੀ ਸੀ, ਰਾਮ ਜੀ ਲਈ ਨਹੀਂ।

ਵਿਸ਼ੇਸ਼-ਬੇਸ਼ੱਕ ਅਜੋਕੇ ਐਜੂਕੇਸ਼ਨ ਤੇ ਸਭਿਅਤਾ ਦੇ ਯੁਗ `ਚ ਇਸ ਸਾਰੇ ਪੱਖੋਂ ਹਰ ਕੱਦਮ `ਤੇ ਹਾਲਾਤ ਬਹੁਤ ਜ਼ਿਆਦਾ ਬਦਲ ਚੁੱਕੇ ਤੇ ਨਿਤ ਬਦਲਦੇ ਤੇ ਸੁਖਾਂਵੇਂ ਹੁੰਦੇ ਜਾ ਰਹੇ ਹਨ। ਤਾਂ ਵੀ ਭਾਰਤ ਦੇ ਹੀ ਕੁੱਝ ਪਛੇਤ੍ਰੇ ਖੇਤ੍ਰਾਂ `ਚ ਅਜੇ ਵੀ ਬਹੁਤ ਕੁੱਝ ਉਸੇ ਤਰ੍ਹਾਂ ਹੀ ਮਿਲ ਜਾਂਦਾ ਹੈ।

ਉਪ੍ਰੰਤ ਇਹ ਵਿਸ਼ਾ ਕੇਵਲ ਬੱਚੀ ਦੇ ਕੰਨਿਆਂ ਦਾਨ ਤੱਕ ਹੀ ਸੀਮਤ ਨਹੀਂ, ਕੰਨਿਆਦਾਨ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਤੇ ਪ੍ਰਵਾਰ ਵਾਲੇ ਇੱਕ ਤ੍ਰੀਕੇ, ਮੁੰਡੇ ਵਾਲਿਆਂ ਦੇ ਸਾਰੀ ਉਮਰ ਲਈ ਰਿਣੀ ਹੋ ਜਾਂਦੇ ਹਨ। ਬੱਚੀ ਦੀ ਇਸ ‘ਦਾਨ ਨੁਮਾ’ ਸ਼ਾਦੀ ਬਾਅਦ ਬੱਚੀ ਦੇ ਪ੍ਰਵਾਰ `ਚ ਜੰਮਨਾ-ਮਰਨਾ, ਖੁਸ਼ੀ-ਗ਼ਮੀ ਭਾਵ ਹਰੇਕ ਕਾਰਜ ਸਮੇਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਵਧ-ਚੜ੍ਹ ਕੇ ਕੁੱਝ ਨ ਕੁੱਝ ਦੇਣਾ ਤੇ ਪਹੁੰਚਾਉਣਾ ਵੀ ਹੁੰਦਾ ਹੈ।

ਇਥੋਂ ਤੀਕ, ਜੇਕਰ ਬੱਚੀ ਵਾਲਿਆਂ ਨੇ ਕਦਾਂਚ ਬੱਚੀ ਦੇ ਘਰ ਜਾਣਾ ਹੈ ਤਾਂ, ਕੁੜਮਾਂ ਲਈ ਹੱਥ `ਚ ਕੁੱਝ ਨਾ ਕੁੱਝ ਜ਼ਰੂਰ ਲੈ ਕੇ ਹੀ ਜਾਣਾ ਹੁੰਦਾ ਹੈ, ਖਾਲੀ ਹੱਥ ਨਹੀਂ ਜਾਣਾ। ਫ਼ਿਰ ਅਜੇ ਵੀ ਕੁੱਝ ਪ੍ਰਵਾਰ ਅਜਿਹੇ ਹਨ ਜਿਹੜੇ ਉਥੇ ਜਾ ਕੇ ਛਕਦੇ ਵੀ ਕੁੱਝ ਨਹੀਂ ਕਿਉਂਕਿ ਇਹ ਉਨ੍ਹਾਂ ਦੀ ਕੁੜੀ ਦਾ ਘਰ ਹੈ, ਦੇਣ ਦੀ ਜਗ੍ਹਾ ਹੈ ਲੈਣ ਦੀ ਨਹੀਂ, ਇਸ ਲਈ ਉਹ ਉਥੇ ਜਾ ਕੇ ਭਲਾ ਕੁੱਝ ਖਾ ਵੀ ਲੈਣ ਤਾਂ ਕਿਵੇਂ?

ਇਧਰ, ਮੁੰਡਾ ਚੂਂਕਿ ਜਵਾਈ-ਭਾਈ ਹੈ ਇਸ ਲਈ ਬੱਚੀ ਦੇ ਮਾਪਿਆਂ ਪਾਸੋਂ ਉਸ ਨੂੰ ਹਰੇਕ ਮਾਨ ਸਤਿਕਾਰ ਹਾਸਿਲ ਕਰਣ ਦਾ ਪੂਰਾ ਹੱਕ ਹੈ। ਬੱਚੀ ਦੇ ਮਾਪਿਆਂ ਵੱਲੋਂ ਉਸ ਦੀ ਆਵ-ਭਗਤ `ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ। ਇਹ ਵੀ ਕਿ ਮੁੰਡੇ ਵਾਲਿਆਂ ਨੂੰ ਤਾਂ ਕੁੜੀ ਦੇ ਮਾਪਿਆਂ ਨੂੰ ਉਲ੍ਹਾਮੇਂ ਦੇਣ ਪੂਰਾ ਹੱਕ ਹੈ, ਕਿਉਂਕਿ ਉਹ ਮੁੰਡੇ ਵਾਲੇ ਹਨ ਤੇ ਉਨ੍ਹਾਂ ਨੇ ਕਿਸੇ ਦੀ ਕੁੜੀ ਨੂੰ ਵਸਾ ਕੇ, ਕੁੜੀ ਵਾਲਿਆਂ `ਤੇ ਜਿਵੇਂ ਕਿ ਬਹੁਤ ਵੱਡਾ ਅਹਿਸਾਨ ਕੀਤਾ ਹੁੰਦਾ ਹੈ ਆਦਿ ਆਦਿ. . ।

ਉਪ੍ਰੰਤ ਕੰਨਿਆਂ ਦਾਨ ਦੇ ਨਾਲ-ਨਾਲ ਦਾਜ-ਦਹੇਜ ਪ੍ਰਥਾ ਬਾਰੇ ਅਸੀਂ ਇਸ਼ਾਰਾ ਤਾਂ ਕਰ ਹੀ ਆਏ ਹਾਂ। ਦਰਅਸਲ ਇਸ ਦਹੇਜ-ਪ੍ਰਥਾ ਤੇ ਉਸ ਰਸਤੇ ਮੁੰਡੇ ਵਾਲਿਆਂ ਦੇ ਵਿਗਾੜੇ ਹੋਏ ਦਿਮਾਗ਼ ਦਾ ਹੀ ਨਤੀਜਾ ਹੈ ਕਿ ਅੱਜ ਵੀ ਅਨੇਕਾਂ ਸੁਸ਼ੀਲ, ਸੱਜ ਵਿਆਹੀਆਂ ਬੱਚੀਆਂ ਨੂੰ ਸੌਹਰੇ ਪ੍ਰਵਾਰਾਂ `ਚ ਨਿੱਤ ਪੀੜਤ ਤੇ ਜ਼ਲੀਲ ਕੀਤਾ ਜਾਂਦਾ ਹੈ, ਬਹੁਤ ਵਾਰੀ ਬੱਚੀ ਦਾ ਜਿਊਣਾ ਵੀ ਮੁਸ਼ਕਲ ਕਰ ਦਿੱਤਾ ਜਾਂਦਾ ਹੈ।

ਅਨੇਕਾਂ ਬੱਚੀਆਂ ਇਸ ਦਾਜ-ਦਹੇਜ ਪ੍ਰਥਾ ਵਾਲੇ ਰਾਖਸ਼ ਦੀ ਬਲੀ ਚੜ੍ਹਾ ਦਿੱਤੀਆਂ ਜਾਂਦੀਆਂ ਹਨ ਤੇ ਕਈ ਵਾਰੀ ਉਨ੍ਹਾਂ ਨੂੰ ਆਤਮ ਹੱਤਿਆ ਤੀਕ ਮਜਬੂਰ ਕਰ ਦਿੱਤਾ ਜਾਂਦਾ ਹੈ। ਸ਼ਾਦੀ ਲੜਕੀ ਦੀ ਹੋਵੇ ਤਾਂ ਉਸ ਦੇ ਸਾਰੇ ਸੰਬੰਧੀਆਂ ਦਾ ਸਿਰ ਨੀਵਾਂ। ‘ਮੁੰਡੇ’ ਵਾਲੇ ‘ਜਾਂਜੀ’ ਤੇ ਕੁੜੀ ਵਾਲੇ ‘ਮਾਂਜੀ’ (ਮੁੰਡੇ ਵਾਲਿਆਂ ਦੇ ਭਾਂਡੇ ਮਾਂਜਣ ਵਾਲੇ) ਹੁੰਦੇ ਹਨ।

ਇਥੋਂ ਤੀਕ ਕਿ ਲੜਕੀ ਦੀ ਸ਼ਾਦੀ ਦੇ ਨਾਲ ਹੀ ਲੜਕੀ ਦੀ ਜਾਤ-ਗੋਤ ਵੀ ਬਦਲ ਕੇ ਮੁੰਡੇ ਵਾਲਿਆਂ ਵਾਲੀ ਹੋ ਜਾਂਦੀ ਹੈ; ਕਿਉਂਕਿ ਉਹ ਬੱਚੀ ਹੁਣ ਮੁੰਡੇ ਦੀ ਜਾਇਦਾਦ ਤੇ ਪ੍ਰਾਪ੍ਰਟੀ ਹੁੰਦੀ ਹੈ, ਉਸੇ ਤਰ੍ਹਾਂ ਜਿਵੇਂ ਮੁੰਡੇ ਨੂੰ ਦਾਜ `ਚ ਮਿਲਿਆ ਹੋਇਆ ਹੋਰ ਵੀ ਬਹੁਤ ਕੁਝ।

ਉਪ੍ਰੰਤ ਇਸੇ ਬ੍ਰਾਹਮਣੀ ਵਿਚਾਰਧਾਰਾ ਦੀ ਜੜ੍ਹ `ਚ "ਸਿਹਜਾ ਨਾਰੀ ਭੂਮਿ ਦਾਨ" (ਨਾਮਦੇਵ ਜੀ ਪੰ: ੯੭੩) ਤੇ "ਅਰਪੈ ਨਾਰਿ ਸੀਗਾਰ ਸਮੇਤਿ" (ਰਵੀਦਾਸ ਜੀ ਪੰ: ੮੭੫) ਅਨੁਸਾਰ ਸੱਜ ਵਿਆਹੀ ਇਸਤ੍ਰੀ ਨੂੰ ਸੇਜਾ ਸਜਾ ਕੇ, ਹਾਰ ਸ਼ਿੰਗਾਰ ਸਹਿਤ ਪਹਿਲੀ ਰਾਤ ਬ੍ਰਾਹਮਣ ਤੋਂ ‘ਪਵਿਤ੍ਰ’ ਵੀ ਕਰਵਾਉਣਾ ਹੁੰਦਾ ਹੈ। ਜਦਕਿ ਇਹ ਪ੍ਰਥਾ ਅੱਜ ਵੀ ਭਾਰਤ ਦੇ ਕੁੱਝ ਹਿੱਸਿਆਂ `ਚ ਪ੍ਰਚਲਤ ਦੱਸੀ ਜਾਂਦੀ ਹੈ

ਜਨਮ ਲੜਕੇ ਦਾ - ਗਰੁੜ ਪੁਰਾਨ ਅਨੁਸਾਰ ਲੜਕੀਆਂ ਦਸ ਜੰਮ ਕੇ ਵੀ, ਕੋਈ ਉਚੇ-ਸੁਚੇ ਜੀਵਨ ਵਾਲਾ ਮਨੁੱਖ ‘ਪੂੰ’ ਨਾਮਕ ਭਿਅੰਕਰ ਘੋਰ ਨਰਕ ਤੋਂ ਨਹੀਂ ਬਚ ਸਕਦਾ। ਇਥੌਂ ਤੀਕ ਕਿ ਉਥੇ ਪੁੱਤਰ ਲਫ਼ਜ਼ ਦਾ ਮਤਲਬ ਹੀ ‘ਪੂੰ’ ਨਾਮਕ ਭਿਅੰਕਰ ਨਰਕ ਤੋਂ ਬਚਾਉਣ ਵਾਲਾ ਹੈ

ਦੂਜੇ ਪਾਸੇ ਕੋਈ ਮਨੁੱਖ ਬੇਸ਼ੱਕ ‘ਨਿਉਗ’ ਦੇ ਢੰਗ ਨਾਲ ਹੀ ਸਹੀ, ਜੇ ਪੁੱਤਰ ਜੰਮ ਲਵੇ ਤਾਂ ਉਹ ਸਿੱਧਾ ਸੁਰਗ ਨੂੰ ਜਾਂਦਾ ਹੈ। ਇਸ ਤਰ੍ਹਾਂ ਇਥੇ ‘ਨਿਓੁਗ’ ਵਰਗੇ ਨਿਯਮ ਘੜ ਕੇ, ਧਰਮ ਦੇ ਨਾਮ ਹੇਠ ਮਰਦ ਨੂੰ ਵਿਭਚਾਰ ਲਈ ਜਿਵੇਂ ਕਿ ਖੁੱਲੀ ਛੁੱਟੀ ਦੇ ਦੇਣੀ, ਇਹ ਵੀ ਇਸੇ ਸਮਾਜ ਦੀ ਉਪਜ ਹੈ।

ਇਸੇ ਕਰਕੇ ਇਥੇ ਲੜਕੇ ਦੇ ਜਨਮ `ਤੇ ਉਚੇਚੀਆਂ ਖੁਸ਼ੀਆਂ, ਢੋਲ-ਢੁਮੱਕੇ, ਬੈਂਡ ਵਜਵਾਉਣੇ, ਦਰਵਾਜ਼ਿਆਂ `ਤੇ ਹਰੇ ਪੱਤੇ ਟੰਗਣੇ, ਮਠਿਆਈਆਂ ਵੰਡਣੀਆਂ ਤੇ ਹਰੇਕ ਤਿਉਹਾਰ ਕਾਕੇ ਦਾ ਪਹਿਲਾ ਤਿਉਹਾਰ। ਜਨਮੇ ਲੜਕਾ ਤੇ ਜੇ ਕੋਈ ਵਧਾਈ ਨਾ ਦੇਵੇ ਤਾਂ ਉਸ ਨੇ ਜ਼ਰੂਰ ਕੋਈ ‘ਸਾੜਾ ਕਢਣਾ ਹੈ। ਫ਼ਿਰ ਇਤਨਾ ਹੀ ਨਹੀਂ,

ਜੇ ਕੋਈ ਮਨੁੱਖ ਪੋਤ੍ਰਿਆਂ-ਪੜਪੋਤਿਆਂ ਆਂਦਿ ਵਾਲਾ ਹੋ ਕੇ ਮਰੇ ਤਾਂ ਉਸਦੀ ਅਰਥੀ ਨੂੰ ਉਚੇਚਾ ਸਜਾਇਆ ਜਾਂਦਾ ਹੈ। ਉਸ ਲਈੰ ਗਰੁੜ ਪੁਰਾਨ `ਚ ਬਿਬਾਨ ਕਢਣਾ ਕਿਹਾ ਹੈ। ਉਸ ਬਜ਼ੁਰਗ ਦੀ ਅਰਥੀ ਤੋਂ ਫੁੱਲ-ਮੁਖਾਣੇ-ਪੈਸੇ ਆਦਿ ਵਾਰੇ ਜਾਂਦੇ ਤੇ ਉਸ ਖੁਸ਼ੀ `ਚ ਸੰਬੰਧੀਆਂ ਨੂੰ ਖੀਰਾਂ-ਹਲੂਏ ਖੁਆਏ ਜਾਂਦੇ ਹਨ। ਕਿਉਂਕਿ ਪੌਤੇ-ਪਪੌਤੇ ਆਦਿ ਜੰਮਣ ਕਰਕੇ, ਉਸਨੂੰ ਲੰਮੇ ਸਮੇਂ ਲਈ ਸੁਰਗ ਮਿਲੇਗਾ।

ਇਹ ਵੀ ਕਿ ਉਸ ਵਿਚਾਰਧਾਰਾ ਅਨੁਸਾਰ ਅਰਥੀ ਨੂੰ ਮੌਂਡਾ ਦੇਣ ਸਮੇਤ ਸਮੂਚੇ ਪਿਤ੍ਰੀ ਕਰਮਾਂ ਦਾ ਹੱਕ ਵੀ ਕੇਵਲ ਪੁਤੱਰ, ਪੌਤਿਆਂ ਆਦਿ ਭਾਵ ਪੁਰਸ਼ ਵਰਗ ਨੂੰ ਹੀ ਹੈ। ਬੇਸ਼ੱਕ ਉਸੇ ਪ੍ਰਵਾਰ `ਚੋਂ ਹੀ ਹੋਣ ਪਰ ਇਹ ਹੱਕ ਕਿਸੇ ਨੂੰਹ, ਧੀ, ਭਾਬੀ, ਭਰਜਾਈ ਆਦਿ ਇਸਤ੍ਰੀ ਵਰਗ ਨੂੰ ਨਹੀਂ। ਇਸੇਤਰ੍ਹਾਂ ਉਥੇ ਪ੍ਰਵਾਰ ਦੀ ਨੂੰਹ, ਧੀ ਆਦਿ ਨੂੰ ਆਪਣੇ ਪਤੀ, ਪਿਤਾ, ਦਾਦੇ ਆਦਿ ਦੀ ਅਰਥੀ ਨੂੰ ਮੋਢਾ ਦੇਣ ਦਾ ਵੀ ਹੱਕ ਨਹੀਂ ਕਿਉਂਕਿ ਉਸ ਦਾ ਸੰਬੰਧ ਇਸਤ੍ਰੀ ਵਰਗ ਨਾਲ ਹੈ।

ਹੋਰ ਤਾਂ ਹੋਰ, ਲੜਕੀ ਨੂੰ ਦੇਣ ਕਰਕੇ, ਸਾਰੇ ਪ੍ਰਵਾਰ ਦੀ ਗਰਦਨ ਨੀਵੀਂ ਹੋ ਜਾਂਦੀ ਹੈ, ਫ਼ਿਰ ਓਦੋਂ ਜੇ ਕੋਈ ਵਧਾਈ ਵੀ ਦੇ ਦੇਵੇ ਤਾਂ ‘ਹੁਜਤਾਂ’ ਕਰਦੇ ਹੋ? ਲੜਕੀ ਨੂੰ ਜੰਮਦੇ ਸਾਰ ਮਾਰ ਦੇਣ ਤੇ ਅਜੋਕੇ ਸਮੇਂ ਮਾਤਾ ਦੇ ਗਰਭ `ਚ ਜਨਮ ਤੋਂ ਪਹਿਲਾਂ ਹੀ ਬੱਚੀ ਦੀ ‘ਭਰੂਣ ਹੱਤਿਆ’ ਵੀ ਆਮ ਹੈ।

ਤਿਉਹਾਰਾਂ ਬਾਰੇ-ਇਸੇ ਲੜੀ `ਚ ਇਥੇ ਕਰਵਾਚੌਥ ਆਦਿ ਵਰਤ ਵੀ ਹਨ ਜਦੋਂ ਪ੍ਰਭੂ ਅਕਾਲਪੁਰਖ ਕੋਲੋਂ ਨਹੀਂ ਬਲਕਿ ਚੰਦ੍ਰਮਾ ‘ਦੇਵਤੇ’ ਪਾਸੋਂ ਪਤੀ ਦੀ ਲੰਮੀ ਉਮਰ ਦੀ ਮੰਗ ਤਾਂ ਕੀਤੀ ਜਾਂਦੀ ਹੈ। ਜਦਕਿ ਦੂਜੇ ਪਾਸੇ ਪਤਨੀ ਦੀ ਲੰਮੀ ਉਮਰ ਦੀ ਮੰਗ ਦਾ ਕੋਈ ਨਿਯਮ ਤੇ ਵਿਧਾਨ ਨਹੀਂ ਕਿਉਂਕਿ "ਪਤਨੀ ਵਿਚਾਰੀ ਤਾਂ ਹੈ ਹੀ ਵਾਧੂ ਦੀ ਚੀਜ਼, ਮਰ ਗਈ ਤਾਂ ਦਹੇਜ ਸਮੇਤ ਦੂਜੀ ਆ. ."।

ਇਸੇ ਲੜੀ `ਚ ਇਥੇ ਰੱਖੜੀ’ (ਰਕਸ਼ਾਂ-ਬੰਧਨ) ਦਾ ਤਿਉਹਾਰ ਵੀ ਹੈ ਜਦੋਂ ਵੀਰ ਦੇ ਰੂੱਪ `ਚ ਪੁਰਖ ਨੂੰ ਤਾਕਤਵਰ ਤੇ ਭੈਣ ਦੇ ਰੂਪ `ਚ ਇਸਤ੍ਰੀ ਨੂੰ ‘ਅਬਲਾ’ ਤੇ ਆਪਣੀ ਰੱਖਿਆ ਲਈ ਅਯੋਗ ਸਾਬਤ ਕਰਣ ਲਈ, ਹਰ ਸਾਲ ਉਸ ਨੂੰ ਮਾਨੋ ਆਤਮਹੀਣਤਾ ਦੇ ਇੰਜੈਕਸ਼ਨ ਵੀ ਦਿੱਤੇ ਜਾਂਦੇ ਹਨ।

ਬਲਕਿ ਇਸੇ ਤਰਜ਼ `ਤੇ ਬ੍ਰਾਹਮਣੀ ਤਿਉਹਾਰ ‘ਭਈਆ ਦੂਜ’ ਭਾਵ ‘ਟਿੱਕਾ’ ਵੀ ਹੈ। ਜਦੋਂ ਹਰ ਸਾਲ ਵੀਰ ਦੇ ਮੱਥੇ `ਤੇ ਟਿੱਕਾ ਲਗਾ ਕੇ, ਭੈਣ ਆਪਣੇ ਇਸ਼ਟ ਪਾਸੋਂ, ਵੀਰ ਰੂਪ ਪੁਰਖ ਵਰਗ ਦੀ ਲੰਮੀ ਉਮਰ ਦੀ ਮੰਗ ਤੇ ਕਾਮਣਾ ਕਰਦੀ ਹੈ। ਜਦਕਿ ਇਸ ਦੇ ਉਲਟ ਉਥੇ ਅਜਿਹਾ ਕੋਈ ਵੀ ਤਿਉਹਾਰ ਨਹੀਂ ਜਦੋਂ ਵੀਰ ਵੀ ਆਪਣੀ ਭੇਣ ਦੀ ਲੰਮੀ ਉਮਰ ਲਈ ਕਾਮਣਾ ਕਰੇ।

ਖ਼ੈਰ, ਸਮੇਂ ਨਾਲ ਇਸ ਪਾਸਿਓਂ ਬਹੁਤ ਕੁੱਝ ਬਦਲ ਚੁੱਕਾ ਹੈ ਤੇ ਨਿਤ ਬਦਲ ਵੀ ਰਿਹਾ ਹੈ ਤੇ ਅਜੇ ਬਦਲੇ ਗਾ ਵੀ। ਤਾਂ ਵੀ ਇਹ ਵਿੱਥਿਆ ਬਹੁਤ ਲੰਮੀ ਹੈ ਤੇ ਇਸ ਦੇ ਹੋਰ ਵੀ ਬਹੁਤੇਰੇ ਪੱਖ ਤੇ ਪਹਿਲੂ ਹਨ। ਪਰ ਅਸੀਂ ਇਸ ਨੂੰ ਅਜੇ ਇਥੇ ਹੀ ਰੋਕਣ ਤੇ ਸੰਕੋਚਣ ਲਈ ਖਿਮਾ ਚਾਹੁੰਦੇ ਹਾਂ।

ਜਦਕਿ ਇਸ ਤੋਂ ਅਗ਼ਲੀ ਕਿਸ਼ਤ `ਚ ਇਸੇ ਵਿਸ਼ੇ ਨਾਲ ਸੰਬੰਧਤ ਅਸੀਂ ਗੁਰਬਾਣੀ ਅਤੇ ਗੁਰੂਦਰ ਦੀ ਵਿਚਾਰਧਾਰਾ ਨੂੰ ਵੀ ਕਿਸੇ ਹੱਦ ਤੀਕ ਸਮਝਣ ਦਾ ਯਤਣ ਕਰਾਂਗੇ। (ਚਲਦਾ) #Instt.6-16th--Suhi ki.Vaar M.3--03.18#v…

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਸੋਲ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.