.

ਚੜ੍ਹਦੀ-ਕਲਾ - ਢਹਿੰਦੀ-ਕਲਾ

** ‘ਮਨੁੱਖ’ ਦੇ ਵਿਕਾਸ ਦੀ ਸੁਰੂਆਤ ਆਪਣੀ ਮਾਂ ਦੀ ਕੁੱਖ ਵਿੱਚ ਹੁੰਦੀ ਹੈ। ਜਨਮ ਲੈਕੇ ਮਾਂ ਦੀ ਬੁੱਕਲ ਵਿਚੋਂ ਦੀ ਲੰਘਦਾ, ਆਪਣੇ ਬਾਪ ਦੀਆਂ ਬਾਹਾਂ ਵਿੱਚ ਝੁਲੇ ਝੂਲਦਾ ਅਤੇ ਪ੍ਰੀਵਾਰ ਦੇ ਬਾਕੀ ਮੈਂਬਰਾਂ ਦੀਆਂ ਗੋਦੀਆਂ ਦਾ ਨਿੱਘ ਮਾਣਦਾ ਹੋਲੀ ਹੋਲੀ ਮਨੁੱਖੀ ਸਰੀਰ ਦਾ ਵਿਕਾਸ ਹੁੰਦਾ ਜਾਂਦਾ ਹੈ।

. . ਮਾਂ-ਬਾਪ ਅਤੇ ਪ੍ਰੀਵਾਰ ਦੇ ਬਾਕੀ ਮੈਂਬਰਾਂ ਦੀ ਸੰਗਤ ਕਰਦੇ ਮਨੁੱਖ ਦੇ ਜੀਵਨ ਵਿੱਚ ਉਸਦੇ ਸੰਸਕਾਰ ਬਣਦੇ ਜਾਂਦੇ ਹਨ। ਪ੍ਰੀਵਾਰ ਵਿੱਚ ਜਿਸ ਤਰਾਂ ਦਾ ਮਹੌਲ ਹੈ, ਉਸੇ ਤਰਾਂ ਦਾ ਅਸਰ ਬੱਚੇ (ਮਨੁੱਖ) ਉੱਪਰ ਹੋਵੇਗਾ, ਪੈਂਦਾ ਰਹਿੰਦਾ ਹੈ।

. . ਮਾਂ-ਬਾਪ, ਪ੍ਰੀਵਾਰ ਮਨੁੱਖੀ ਬੱਚੇ ਲਈ ਪਹਿਲਾ ਸਕੂਲ ਹਨ, ਜਿਥੇ ਬੱਚਾ (ਮਨੁੱਖ) ਆਪਣੇ ਮਨੁੱਖਾ ਜੀਵਨ-ਯਾਤਰਾ ਦੀ ਮੰਜ਼ਿਲ ਦੀਆਂ ਪਉੜੀਆਂ ਚੜ੍ਹਨਾ ਸੁਰੂ ਕਰਦਾ ਹੈ। ਇਥੇ ਇਸੇ ਸਕੂਲ ਵਿੱਚ ਹੀ ਉਸਦੇ ਮਨ ਵਿੱਚ ਆਪਣੇ ਮਨੁੱਖਾ ਜੀਵਨ ਵਿੱਚ ਬਣੇ ਨਵੇਂ ਰਿਸ਼ਤਿਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ।

. . ਪ੍ਰੀਵਾਰ ਦਾ ਪਾਲਣ-ਪੋਸ਼ਣ ਅਤੇ ਜੀਵਨ ਨਿਰਬਾਹ ਦੇ ਢੰਗ ਤਰੀਕੇ, ਵਰਤ-ਵਰਤਾਅ, ਖਾਣ-ਪੀਣ, ਰਹਿਣ-ਸਹਿਣ, ਬੋਲਚਾਲ, ਲੈਣ-ਦੇਣ … ਹਰ ਤੱਥ, ਹਰ ਤਰਾਂ ਦੇ ਹਾਲਾਤ ਮਨੁੱਖ ਦੀ ਸੋਚ-ਵਿਚਾਰ ਉੱਪਰ ਅਸਰ ਪਾਉਂਦੇ ਹਨ।

. . ਅਗਲਾ ਪੜਾਅ ਬਾਹਰਲੇ ਲੋਕਾਂ ਨਾਲ ਵਰਤ-ਵਰਤਾਅ ਦਾ ਆਉਂਦਾ ਹੈ।

. . ਸਕੂਲਾਂ/ਕਾਲਜਾਂ ਵਿੱਚ ਬਣੇ ਦੋਸਤਾਂ ਮਿੱਤਰਾਂ ਦੀ ਸੰਗਤ ਦਾ ਅਸਰ ਵੀ ਮਨੁੱਖ ਕਬੂਲਦਾ ਹੈ।

. . ਬਾਹਰੀ ਮਨੁੱਖਾ-ਸਮਾਜ ਦੇ ਢੰਗ ਤਰੀਕੇ, ਬੋਲਬਾਣੀ, ਵਰਤ-ਵਰਤਾਅ ਵੀ ਮਨੁੱਖ ਉੱਪਰ ਅਸਰ ਪਾਉਂਦੇ ਹਨ।

. . ਮਨੁੱਖ ਦੇ ਕੋਲ ਜਦ ਇਹਨਾਂ ਸਰੋਤਾਂ (ਮਾਂ-ਬਾਪ, ਭੈਣ-ਭਾਈ, ਦੋਸਤ-ਮਿੱਤਰ, ਬਾਹਰਲਾ ਸਮਾਜ, ਕਿਤਾਬਾਂ, ਧਰਮ ਬਾਰੇ) ਤੋਂ ਜੋ ਗਿਆਨ, ਜਾਣਕਾਰੀ ਮਿਲਦੀ ਹੈ, ਇਹਨਾਂ ਤੋਂ ਸਾਡੇ ਮਨੁੱਖਾ ਦੇ ਸੰਸਕਾਰ/ਯਾਦਾਂ ਦੀਆਂ ਫਾਈਲ਼ਾਂ ਬਣਦੀਆਂ ਹਨ। ਇਹਨਾਂ ਸੰਸਕਾਰਾਂ ਵਿਚੋਂ ਜਾਣਕਾਰੀ ਨਾਲ ਹੀ ਸਾਡੇ ਆਪਣੇ ਪੈਮਾਨੇ-ਫੈਸਲੇ ਬਣਦੇ ਹਨ, ਤਿਆਰ ਹੁੰਦੇ ਹਨ। ਇਹਨਾਂ ਸੰਸਕਾਰਾਂ/ਸੰਗਤ ਕਰਕੇ ਹੀ ਕਿਸੇ ਵੀ ਇਨਸਾਨ ਦਾ ਜੀਵਨ ਘੜਿਆ ਜਾਂਦਾ ਹੈ। ਉਸਦੇ ਮਨੁੱਖਾ ਜੀਵਨ ਦੀ ਫਾਈਲ ਤਿਆਰ ਹੁੰਦੀ ਰਹਿੰਦੀ ਹੈ। ਜਿਸਨੂੰ ਹਰ ਮਨੁੱਖ ਆਪਣੇ ਅੰਤਹ-ਕਰਣ ਵਿੱਚ ਵੇਖ ਸਕਦਾ ਹੈ।

. . ਸਮੇਂ ਦੇ ਅਨੁਸਾਰੀ, ਆਪਣੇ ਗਿਆਨ ਵਿੱਚ ਵਾਧਾ ਹੋਣ ਦੇ ਨਾਲ, ਆਪਣੇ ਜੀਵਨ ਵਿੱਚ ਬਦਲਾਅ ਲਿਆਉਂਣਾ/ਕਰਨਾ … ਮਨੁੱਖ ਦਾ ਆਪਣਾ ਨਿਜ਼ੀ ਮਸਲਾ ਹੈ, ਨਿਜ਼ੀ ਫੈਸਲਾ ਹੈ। ਉਹ ਇਹ ਬਦਲਾਅ ਕਰਨਾ ਚਹੁੰਦਾ ਹੈ ਜਾਂ ਨਹੀਂ।

. . ਮਨੁੱਖਾ ਜੀਵਨ ਵਿੱਚ ਹਰ ਨਵਾਂ-ਦਿਨ ਚੜ੍ਹਦਾ ਹੈ ਤਾਂ, ਨਵੇਂ-ਹਾਲਾਤ, ਨਵੇਂ-ਸੰਬੰਧ, ਨਵੀਂ-ਜਾਣਕਾਰੀ, ਨਵੀਂ-ਸੋਚ-ਵਿਚਾਰ ਲੈਕੇ ਆਉਂਦਾ ਹੈ। ਹਰ ਘੜੀ/ਪਲ ਨਵਾਂ ਹੈ।

. ."ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ਰਹਾਉ॥" ਮ 1॥ ਪੰ 660॥

** ‘ਮਨੁੱਖਾਂ’ ਦੀ ਇਸ ਧਰਤੀ ਉੱਪਰ ਪੈਦਾਇਸ, ਜਿਸਦੇ ਬਾਰੇ ਅੱਜ ਕੱਲ ਦੇ ਸਾਇੰਸਦਾਨਾਂ ਨੇ ਜੋ ਕਿਆਸ-ਅਰਾਈ ਕੀਤੀ ਹੈ, ਉਹ ਤਕਰੀਬਨ 200, 000 ਸਾਲ ਤੋਂ ਹੈ। ਤੱਦ ਤੋਂ ਹੀ ਮਨੁੱਖ ਤਰੱਕੀ ਕਰਦਾ ਆ ਰਿਹਾ ਹੈ। ਜੰਗਲਾਂ ਬੇਲਿਆਂ ਵਿੱਚ ਰਹਿੰਦੇ ਰਹਿੰਦੇ ਨੇ ਤਰੱਕੀ ਦੀਆਂ ਅਨੇਕਾਂ ਮੰਜ਼ਿਲਾਂ ਤਹਿ ਕੀਤੀਆਂ।

. . ਜਦੋਂ ਮਨੁੱਖ ਨੂੰ ਗਿਆਨ ਨਹੀਂ ਸੀ ਤਾਂ ਆਪਣੇ ਆਸੇ-ਪਾਸੇ ਦੀ ਹਰ ਸ਼ੈਅ/ਚੀਜ਼ ਤੋਂ ਡਰਿਆ ਹੋਵੇਗਾ। ਲੇਕਿੰਨ ਗਿਆਨ ਲੈਕੇ/ਪ੍ਰਾਪਤ ਕਰਕੇ ਅੱਜ ਦਾ ਮਨੁੱਖ ਚੰਦ ਉੱਪਰ ਤੱਕ ਆਪਣੇ ਪੈਰਾਂ ਦੀਆਂ ਪੈੜਾਂ ਤੱਕ ਕਰ ਆਇਆ ਹੈ।

. . ਇਹ ਤਰੱਕੀ ਦੀਆਂ ਮੰਜ਼ਿਲਾਂ ਤਹਿ ਕਰਨਾ ਉਹਨਾਂ ਮਨੁੱਖਾਂ ਦੇ ਹਿੱਸੇ ਆਇਆ ਹੈ। ਜਿਹਨਾਂ ਮਨੁੱਖਾਂ ਨੇ ਗਿਆਨ ਲੈਣਾ ਕੀਤਾ। ਪੜਾਈ-ਲਿਖਾਈ ਕੀਤੀ। ਆਪਣੇ ਸਿਰੜ/ਲਗਨ/ਸਿਦਕ ਦੇ ਸਦਕਾ ਖੋਜ਼ਾਂ ਕੀਤੀਆਂ। ਮਨੁੱਖਤਾ ਨੂੰ ਇਹਨਾਂ ਮਨੁੱਖੀ ਖੋਜ਼ਾਂ ਨੇ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ। ਮਨੁੱਖਾਂ ਦਾ ਜੀਵਨ ਬਹੁਤ ਸੁਖਾਲਾ ਹੋ ਗਿਆ, ਆਸਾਨ ਹੋ ਗਿਆ। ਇਹਨਾਂ ਨਵੀਆਂ ਇਜ਼ਾਦਾਂ/ਖੋਜ਼ਾਂ ਤੋਂ ਪਹਿਲਾਂ ਸਾਰੇ ਮਨੁੱਖ ਪੈਦਲ ਚੱਲ ਕੇ ਹੀ ਇੱਕ ਜਗਹ ਤੋਂ ਦੂਜੀ ਜਗਹ ਤੱਕ ਜਾਂਦੇ ਸਨ। ਅੱਜ ਕੁੱਝ ਹੀ ਘੰਟਿਆਂ ਵਿੱਚ ਸਾਰੀ ਧਰਤੀ ਦਾ ਚੱਕਰ ਲਾ ਸਕਦੇ ਹਨ।

. . ਮਨੁੱਖ ਨੇ ਆਪਣੇ ਖਾਣ-ਪੀਣ, ਰਹਿਣ-ਸਹਿਣ, ਬੋਲ-ਚਾਲ. ਵਰਤ-ਵਰਤਾਅ ਵਿੱਚ ਵੀ, ਗੱਲ ਕੀ ਹਰ ਪਾਸੇ ਤਰੱਕੀ ਕੀਤੀ ਹੈ। ਇਸ ਤਰੱਕੀ ਦਾ ਫਾਇਦਾ ਸਾਰੀ ਮਨੁੱਖਤਾ ਨੂੰ ਹੋਇਆ ਹੈ।

. . ਇਸ ਧਰਤੀ ਉੱਪਰ ਐਸੇ ਖਿੱਤੇ ਵੀ ਹਨ, ਜਿਥੇ ਅਜੇ ਵੀ ਮਨੁੱਖਤਾ ਬਹੁੱਤ ਪੱਛੜੀ ਹੋਈ ਹੈ। ਲੋਕਾਂ ਵਿੱਚ ਅਗਿਆਨਤਾ ਅਤੇ ਅਨਪੜ੍ਹਤਾ ਹੈ। ਲੋਕ ਜੰਗਲਾਂ ਵਿੱਚ ਰਹਿੰਦੇ ਹਨ। ਉਹਨਾਂ ਲੋਕਾਂ ਨੂੰ ਇਸ ਮਨੁੱਖੀ ਤਰੱਕੀ ਖੋਜ਼ਾਂ ਬਾਰੇ ਕੁੱਝ ਪਤਾ ਨਹੀਂ।

. . ਇਹ ਲੋਕ ਵਹਿਮੀ, ਭਰਮੀ, ਪਾਖੰਡੀ, ਮੰਨਮੱਤੀਏ, ਕਰਮਕਾਂਡੀ ਹਨ। ਗਿਆਨ-ਜਾਣਕਾਰੀ ਨਾ ਹੋਣ ਕਰਕੇ ਸਮੇਂ ਦੇ ਅਨੁਸਾਰ ਆਪਣੇ ਆਪ ਵਿੱਚ ਬਦਲਾਅ ਨਹੀਂ ਲਿਆ ਸਕੇ। ਸਮੇਂ ਸਥਾਨ ਦੇ ਅਨੁਸਾਰ ਉਹਨਾਂ ਪੁਰਾਣੀਆਂ ਰਵਾਇਤਾਂ ਦੇ ਅਨੁਸਾਰ ਜੀਵਨ ਜਿਉਂਣਾ ਕਰੀ ਜਾ ਰਹੇ ਹਨ।

. . ਸਾਡੀ ਧਰਤੀ ਦਾ 71% ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਬਾਕੀ 29% ਹਿੱਸਾ ਸੁੱਕੀ ਧਰਤੀ ਹੈ। ਜੋ ਸਮੁੱਦਰ ਦੇ ਪਾਣੀ ਦੇ ਤਲ ਤੋਂ ਉੱਚਾ ਹੈ। ਇਹ ਹਿੱਸਾ ਜਿਆਦਾਤਰ ਜੰਗਲਾਂ ਬੇਲਿਆਂ ਨਾਲ ਭਰਿਆ ਹੋਇਆ ਹੈ। ਜੰਗਲਾਂ ਨੂੰ ਕੱਟ ਕਿ ਇਥੇ ਮਨੁੱਖ ਨੇ ਆਪਣੇ ਰਹਿਣ ਅਤੇ ਰੈਣ ਬਸੇਰੇ ਦੇ ਲਈ ਕਸਬੇ, ਪਿੰਡ, ਬਸਤੀਆਂ, ਸ਼ਹਿਰ, ਦੇਸ਼ ਬਣਾ ਲਏ।

…. ਇਸ ਸੁੱਕਾ ਹਿੱਸੇ ਨੂੰ ਮਨੁੱਖਾਂ ਨੇ ਸੱਤ ਭਾਗਾਂ (ਮਹਾਂ ਦੀਪਾਂ) ਵਿੱਚ ਵੰਡਿਆ ਹੋਇਆ ਹੈ।

  1. ਅਸਟਰੇਲੀਆ, ਨਿਊਜੀਲੈਂਡ।
  2. ਏਸ਼ੀਆ।
  3. ਯੋਰਪ।
  4. ਅਫਰੀਕਾ।
  5. ਉੱਤਰੀ ਅਮਰੀਕਾ, ਕਨੇਡਾ।
  6. ਦੱਖਣੀ ਅਮਰੀਕਾ।
  7. ਅਨਟਾਰਟਿੱਕਾ (ਦੱਖਣੀ ਧਰੁਵੀ ਹਿੱਸਾ ਜੋ ਕੇਵਲ ਬਰਫ਼ ਹੈ, ਇਹ ਬਰਫ਼ ਲੱਖਾਂ ਸਾਲਾਂ ਤੋਂ ਜੰਮੀ ਹੋਈ ਹੈ।) ਇਥੇ ਕੋਈ ਇਨਸਾਨ ਦੀ ਬਸਤੀ ਨਹੀਂ ਹੈ। ਇਹ ਸਾਰੇ ਮਹਾਂ ਦੀਪਾਂ ਦੇ ਸਾਇੰਸਦਾਨਾਂ ਲਈ ਤਾਜ਼ੁਰਬੇ ਕਰਨ ਲਈ ਖੁੱਲਾ ਹੈ।

** ਇਹਨਾਂ ਉਪਰਲੇ ਛੇ ਮਹਾਂ ਦੀਪਾਂ ਵਿੱਚ ਅਸਟਰੇਲੀਆ, ਨਿਊਜੀਲੈਂਡ, ਯੋਰਪ, ਅਮਰੀਕਾ,

ਕਨੇਡਾ ਅਜੇਹੇ ਦੇਸ਼ ਹਨ, ਜਿਹਨਾਂ ਨੇ ਕਾਫੀ ਤਰੱਕੀ ਕੀਤੀ ਹੈ।

. . ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਦੇਸ਼ ਵਿਚ-ਵਿਚਾਲੇ ਹਨ।

. . ਫਿਰ ਆਖਰ ਵਿੱਚ ਅਫਰੀਕਾ ਹੈ। ਇਸ ਮਹਾਂ ਦੀਪ ਵਿੱਚ ਬਹੁਤ ਹੀ ਪਛੜਾਪਨ ਹੈ।

*** ਤਰੱਕੀ ਕਰ ਗਏ ਦੇਸ਼ਾਂ ਵਿੱਚ ਵੀ ਬਹੁਤ ਸਾਰੇ ਮਨੁੱਖੀ ਪ੍ਰੀਵਾਰ ਐਸੇ ਹਨ, ਜੋ ਗੁਰਬੱਤ ਵਿੱਚ ਰਹਿ ਰਹੇ ਹਨ। ਜਿਹਨਾਂ ਦੇ ਪਾਸ ਆਪਣਾ ਮਨੁੱਖਾ ਜੀਵਨ ਨੂੰ ਸੁੱਖ ਸਾਰਾਮ ਨਾਲ ਬਿਤਾਉਣ ਦੇ ਸਾਧਨ ਨਹੀਂ ਹਨ। ਪੜਾਈ ਲਿਖਾਈ ਦੇ ਸਾਧਨ ਨਾ ਹੋਣ ਕਰਕੇ, ਇਹ ਲੋਕ ਅਜ ਵੀ ਅਨਪੜ੍ਹਤਾ ਅਗਿਆਨਤਾ ਦੀ ਦਲਦਲ ਵਿੱਚ ਫੱਸੇ ਹੋਏ ਹਨ।

. . ਇਹੀ ਹਾਲ ਏਸੀਆ ਵਿੱਚ ਭਾਰਤੀ ਖਿੱਤੇ ਦਾ ਵੀ ਹੈ। ਬਿਨਾਂ ਸ਼ੱਕ ਭਾਰਤ ਨੇ ਕਾਫੀ ਤਰੱਕੀ ਕੀਤੀ ਹੈ, ਇਹ ਤਰੱਕੀ ਕੇਵਲ ਸ਼ਹਿਰਾਂ ਵਿੱਚ ਹੀ ਵੇਖਣ ਨੂੰ ਮਿਲਦੀ ਹੈ। ਪੇਂਡੂ ਖਿੱਤਾ ਅੱਜ ਵੀ ਬਹੁਤ ਹੀ ਪੱਛੜਿਆ ਹੋਇਆ ਹੈ। ਲੋਕ ਗੁਰਬੱਤ ਭਰਿਆ ਜੀਵਨ ਬਤੀਤ ਕਰਦੇ ਹਨ। ਲੋਕਾਂ ਲਈ ਜੀਵਨ ਜਿਉਂਣ ਦੇ ਸੁੱਖ-ਸਾਧਨ ਨਹੀਂ ਹਨ। ਅਗਿਆਨਤਾ, ਅਨਪੜ੍ਹਤਾ ਕਰਕੇ ਇਹ ਲੋਕ ਅੱਜਕੱਲ ਦੀਆਂ ਖੋਜਾਂ ਦਾ ਲਾਭ ਨਹੀਂ ਲੈ ਸਕਦੇ। ਦੇਸ਼ ਦੀਆਂ ਕੁਰੱਪਟ ਸਰਕਾਰਾਂ ਵੀ ਇਹਨਾਂ ਲੋਕਾਂ ਦੀ ਸਾਰ ਨਹੀਂ ਲੈ ਰਹੀਆਂ।

*** ਭਾਰਤੀ ਖਿੱਤੇ ਵਿੱਚ ਸਨਾਤਨੀ ਮੱਤ ਤਕਰੀਬਨ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸੁਰੂਆਤੀ ਸਮੇਂ ਵਿੱਚ ਹੀ ਇਸ ਖਿੱਤੇ ਵਿੱਚ ਰਹਿ ਰਹੇ ਸ਼ਾਤਿਰ ਮਨੁੱਖਾਂ ਨੇ ਮਨੁੱਖਤਾ ਵਿੱਚ ਵੰਡੀਆਂ ਪਾ ਦਿੱਤੀਆਂ। ਸਨਾਤਨੀ ਮੱਤ ਦੇ ਵੇਦਾਂ ਅਤੇ ਬ੍ਰਾਹਮਣ ਮੰਨੂੰ ਦੇ ਮੰਨੂੰ ਸਿਮ੍ਰਤੀ ਗਰੰਥ ਨੇ ਇਸ ਖਿੱਤੇ ਦੀ ਮਨੁੱਖਤਾ ਨੂੰ ਜਾਤ-ਪਾਤ ਦੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਭਾਰਤੀ ਮਨੁੱਖਾ ਸਮਾਜ ਵਿੱਚ ਇੱਕ ਬਹੁਤ ਵੱਡਾ ਪਾੜਾ ਪਾ ਦਿੱਤਾ।

  1. ਬ੍ਰਾਹਮਣ (ਬਿਪਰ, ਪਾਂਡਾ, ਪੂਜਾਰੀ)। (ਬ੍ਰਾਹਮਣ ਧਰਮ ਦਾ ਠੇਕੇਦਾਰ)
  2. ਖੱਤਰੀ (ਕਸ਼ੱਤਰੀ)। (ਬ੍ਰਾਹਮਣ ਦਾ ਰਖਵਾਲਾ/ਚੌਂਕੀਦਾਰ)
  3. ਵੈਸ਼ (ਵੈਸ਼ਨਵ)। (ਬ੍ਰਾਹਮਣ ਦਾ ਕਾਰੋਬਾਰੀ)
  4. ਸੂਦਰ (ਦਲਿਤ, ਪੱਛੜੀ ਸ਼੍ਰੇਣੀ)। (ਬ੍ਰਾਹਮਣ ਦਾ ਸੇਵਾਦਾਰ/ਕੰਮੀ)

*** ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਦੇ ਇਸ ਉੱਪਰਲੀ ‘ਵਰਨ-ਵੰਡ’ ਨੇ ਇਸ ਖਿੱਤੇ ਵਿੱਚ ਮਨੁੱਖਾਂ –ਦੀਆਂ ਆਪਸ ਵਿੱਚ ਦੂਰੀਆਂ ਵਧਾ ਦਿੱਤੀਆਂ। ਮੰਨੂੰ ਨੇ ਨਫ਼ਰਤ/ਘਿਰਨਾ ਦਾ ਬੀਜ਼ ਬੀਜਣਾ ਕਰ ਦਿੱਤਾ।

*** ਇਸ ਵਰਨ-ਵੰਡ ਨੇ ਸਨਾਤਨ ਮੱਤ ਵਿੱਚ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਵੀ ਖਤਮ ਕਰ ਦਿੱਤਾ। ਇਸ ਦਾ ਸੱਭ ਤੋਂ ਵੱਧ ਅਸਰ ਚੌਥੇ ਨੰਬਰ ਦੀ ਸ਼੍ਰੇਣੀ ਸੂਦਰ (ਦਲਿਤ, ਪੱਛੜੀ ਸ਼੍ਰੇਣੀ) ਉੱਪਰ ਜਿਆਦਾ ਪਿਆ।

. . ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਨੇ ਇਸ ਵਰਨ-ਵੰਡ ਵਿੱਚ ਕੁੱਝ ਐਸੀਆਂ ਧਾਰਾਵਾਂ ਪਾਈਆਂ ਸਨ ਕਿ ਉਹਨਾਂ ਧਾਰਾਵਾਂ ਦਾ ਅਸਰ ਅੱਜ ਵੀ 21ਵੀਂ ਸਦੀ ਵਿੱਚ ਭਾਰਤੀ ਖਿੱਤੇ ਵਿੱਚ ਵੇਖਣ ਨੂੰ ਮਿਲਦਾ ਹੈ। ਅੱਜ ਵੀ ਦਲਿਤ ਲੋਕਾਂ ਨੂੰ ਨਫ਼ਰਤ/ਘਿਰਨਾ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ।

. . ਦਲਿਤ ਦਾ ਪਰਛਾਵਾਂ ਵੀ ਉੱਚੀ ਜਾਤੀ ਦੇ ਬ੍ਰਾਹਮਣ ਤੇ ਨਹੀਂ ਪੈਣਾ ਚਾਹੀਦਾ। ਅਗਰ ਪਰਛਾਵਾਂ ਪੈ ਜਾਵੇ ਤਾਂ ਉੱਚੀ ਕੁੱਲ ਦਾ ਬ੍ਰਾਹਮਣ ਭਿੱਟਿਆ ਜਾਂਦਾ ਹੈ। ਸੂਦਰ ਨੂੰ ਤਸੀਹੇ ਦਿੱਤੇ ਜਾ ਸਕਦੇ ਹਨ। ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।

****** ਉੱਚੀ ਕੁੱਲ ਦਾ ਬ੍ਰਾਹਮਣ, ਥੱਲੇ ਵਾਲੀਆਂ ਤਿੰਨ ਸ਼੍ਰੇਣੀਆਂ ਵਿਚੋਂ ਕਿਸੇ ਵੀ ਸੰਦਰ ਸੋਹਣੀ ਔਰਤ ਨਾਲ ਆਪਣੇ ਸੰਬੰਧ ਬਣਾ ਸਕਦਾ ਹੈ।

****** ਖੱਤਰੀ (ਕਸ਼ੱਤਰੀ) ਸ਼੍ਰੇਣੀ ਦਾ ਨਰ ਉੱਚੀ ਕੁੱਲ ਦੀ ਇਸਤਰੀ (ਬ੍ਰਾਹਮਣੀ) ਵੱਲ ਵੇਖ ਵੀ ਨਹੀਂ ਸਕਦਾ, ਪਰ ਥੱਲੇ ਵਾਲੀਆਂ ਦੋ ਸ੍ਰੇਣੀਆਂ ਵਿਚੋਂ ਕਿਸੇ ਵੀ ਇਸਤਰੀ ਨਾਲ ਆਪਣੇ ਸੰਬੰਧ ਬਣਾ ਸਕਦਾ ਹੈ।

****** ਵੈਸ਼ (ਵੈਸ਼ਨਵ) ਸ਼੍ਰੈਣੀ ਦੇ ਨਰ ਉੱਪਰਲੀਆਂ ਦੋ ਸ਼੍ਰੇਣੀਆਂ ਦੀਆਂ ਇਸਤਰੀਆਂ ਵੱਲ ਝਾਕ ਵੀ ਨਹੀਂ ਸਕਦਾ, ਪਰ ਥੱਲੇ ਵਾਲੀ ਸ਼੍ਰੇਣੀ ਦੀ ਸੰਦਰ ਸੋਹਣੀ ਇਸਤਰੀ ਨਾਲ ਆਪਣੇ ਸੰਬੰਧ ਬਣਾ ਸਕਦਾ ਹੈ।

****** ਸੂਦਰ ਸ਼੍ਰੈਣੀ ਦਾ ਨਰ ਉੱਪਰਲੀਆਂ ਤਿੰਨੋਂ ਸ਼੍ਰੇਣੀਆਂ ਵਿਚੋਂ ਕਿਸੇ ਵੀ ਇਸਤਰੀ ਵੱਲ ਝਾਕ ਵੀ ਨਹੀਂ ਸਕਦਾ। ਉਹ ਸਿਰਫ ਆਪਣੀ ਸ਼੍ਰੇਣੀ ਦੀਆਂ ਇਸਤਰੀਆਂ ਨਾਲ ਹੀ ਸੰਬੰਧ ਬਣਾ ਸਕਦਾ ਹੈ।

** ਉਪਰਲੀਆਂ ਤਿੰਨੋਂ ਸ੍ਰੈਣੀਆਂ ਨੂੰ ਪੜਾਈ, ਲਿਖਾਈ ਕਰਨ ਦੇ ਹੱਕ ਸਨ, ਪਰ ਸੂਦਰ (ਦਲਿਤ, ਪੱਛੜੀ ਸ਼੍ਰੇਣੀ)। ਨੂੰ ਪੜਾਈ ਲਿਖਾਈ ਦਾ ਕੋਈ ਹੱਕ ਨਹੀਂ ਸੀ। ਉਹ ਕੇਵਲ ਉੱਪਰਲੀਆਂ ਤਿੰਨੋਂ ਸ਼੍ਰੇਣੀਆਂ ਦੀ ਸੇਵਾ/ਖਾਤਰਦਾਰੀ ਕਰਨ ਲਈ ਪੈਦਾ ਹੋਇਆ ਹੈ।

. . ਸੂਦਰ ਸ਼੍ਰੇਣੀ ਦੇ ਸਾਰੇ ਮੈਂਬਰ (ਔਰਤ, ਮਰਦ ਦੋਵੇਂ) ਚਾਹੇ ਕੋਈ ਬੱਚਾ, ਜਵਾਨ, ਬੁੱਢਾ ਹੋਵੇ ਸਾਰਿਆਂ ਨੂੰ ਉੱਪਰਲੀਆਂ ਤਿੰਨੋਂ ਸ਼੍ਰੇਣੀਆਂ ਦੀ ਸੇਵਾ/ਖਾਤਰਦਾਰੀ ਕਰਨੀ ਪੈਂਦੀ। ਸੂਦਰ ਇਸ ਸੇਵਾ/ਖਾਤਰਦਾਰੀ ਤੋਂ ਆਨਾਕਾਨੀ ਨਹੀਂ ਸਨ ਕਰ ਸਕਦੇ।

. . ਬ੍ਰਾਹਮਣ ਮੰਨੂੰ ਨੇ, ਲੋਕਾਂ ਦੇ ਕੰਮਕਾਰਾਂ ਦੇ ਅਨੁਸਾਰੀ ਉਹਨਾਂ ਦੀਆਂ ਜਾਤਾਂ ਬਣਾ ਦਿੱਤੀਆਂ। ਇਹ ਜਾਤਾਂ ਦਾ ਲੇਬਲ ਇਹਨਾਂ ਲੋਕਾਂ ਉੱਪਰ ਹਮੇਂਸ਼ਾ ਲਈ ਲੱਗ ਗਿਆ। ਜੋ ਅੱਜ ਵੀ 21ਵੀਂ ਸਦੀ ਵਿੱਚ ਭਾਰਤੀ ਖਿੱਤੇ ਵਿੱਚ ਜਿਉਂ ਦਾ ਤਿਉਂ ਹੈ। ਲਾਚਾਰ ਨੀਵੀਆਂ ਜਾਤਾਂ ਦੇ ਦਲਿਤ ਲੋਕਾਂ ਉੱਪਰ ਅੱਜ ਵੀ ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਵਲੋਂ ਮੰਨੁੰ ਦੇ ਬਣਾਏ ਕਾਨੂੰਨ ਨੂੰ ਜਿਉਂ ਦਾ ਤਿਉਂ ਲਾਗੂ ਕੀਤਾ ਹੋਇਆ ਹੈ।

*** ਹੱਥੀ ਕੰਮਕਾਰ ਕਰਨ ਵਾਲੇ ਸਾਰੇ ਇਸ ਸ਼੍ਰੇਣੀ ਵਿੱਚ ਅਉਂਦੇ ਸਨ।

  1. ਲਕੜੀ ਦਾ ਕੰਮ ਕਰਨ ਵਾਲੇ (ਤਰਖਾਨ ਮਿਸਤਰੀ)।
  2. ਇੱਟਾਂ ਦਾ ਕੰਮ ਕਰਨ ਵਾਲੇ (ਰਾਜ ਮਿਸਤਰੀ)।
  3. ਲੋਹੇ ਦਾ ਕੰਮਕਰਨ ਵਾਲੇ (ਲੋਹਾਰ)।
  4. ਮਿੱਟੀ ਨਾਲ ਕੰਮ ਕਰਨ ਵਾਲੇ (ਘੁਮਾਰ)।
  5. ਖੱਡੀ ਦਾ ਕੰਮ ਕਰਨ ਵਾਲੇ (ਜੁਲਾਹਾ)।
  6. ਕੱਪੜਾ ਸਿਉਂਣ ਦਾ ਕੰਮ ਕਰਨ ਵਾਲੇ (ਦਰਜ਼ੀ, ਛੀਬਾਂ)।
  7. ਖੇਤਾ ਵਿੱਚ ਕੰਮ-ਕਰਨ ਵਾਲੇ (ਕਾਮੀ ਜੱਟ-ਜਾਟ)।
  8. ਸੋਨੇ ਦਾ ਕੰਮ ਕਰਨ ਵਾਲੇ (ਸੁਨਿਆਰ)
  9. ਭਾਂਡੇ ਬਨਾਉਣ ਵਾਲੇ (ਠਠਿਆਰ)।
  10. ਚੱਮੜੇ ਦਾ ਕੰਮ ਕਰਨ ਵਾਲੇ (ਚਮਿਆਰ, ਮੋਚੀ)।
  11. ਗੰਦਾ/ਮੰਦਾ/ਕੂੜਾ/ਟੱਟੀ ਚੁਕਣ ਵਾਲੇ (ਚੂੜੇ)।
  12. ਵਾਲ ਕੱਟਣ ਅਤੇ ਸਰੀਰਿਕ ਸਫ਼ਾਈ ਵਾਲੇ (ਨਾਈ)।

** ਇਹਨਾਂ ਅਲੱਗ ਅਲੱਗ ਕਿਸਮਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ, ਉਹਨਾਂ ਦੇ ਅਲੱਗ ਅਲੱਗ ਕੰਮਾਂ ਕਰਨ ਕਰਕੇ, ਉਸੇ ਕੰਮ ਨੂੰ ਇਹਨਾਂ ਲੋਕਾਂ ਦੀ ‘ਜਾਤ’ ਘੌਸ਼ਿਤ ਕਰ ਦਿੱਤਾ। ਜੋ ਇਹਨਾਂ ਲੋਕਾਂ ਉੱਪਰ ਹਮੇਂਸ਼ਾ ਲਈ ਠੱਪਾ ਲੱਗ ਗਿਆ।

. . ਅੱਜ ਵੀ ਇਨਾਂ ਲੋਕਾਂ ਦੇ ਘਰ ਵਿੱਚ ਪੈਦਾ ਹੋਇਆ ਬੱਚਾ/ਬੱਚੀ ਇਹਨਾਂ ਦੀ ਜਾਤ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਉਸਨੂੰ ਆਪਣੀ ਇਹੀ ਜਾਤ ਦੱਸਣੀ/ਬੋਲਣੀ ਪਵੇਗੀ।

*** ਸਨਾਤਨ ਮੱਤ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਨੇ ਚਾਲਾਕੀ ਅਤੇ ਸ਼ਾਤੁਰਤਾ ਨਾਲ ਧਰਮ ਅਤੇ ਰਾਜਨੀਤੀ ਦੀ ਪੜਾਈ ਸਿਰਫ ਆਪਣੇ ਲਈ ਹੀ ਰੱਖੀ ਸੀ, ਇਸ ਲਈ ਬਾਕੀ ਸ਼੍ਰੇਣੀਆਂ ਇਹਨਾਂ ਵਿਸ਼ਿਆਂ ਬਾਰੇ ਗੱਲ ਵੀ ਨਹੀਂ ਸਨ ਕਰ ਸਕਦੀਆਂ। ਸੂਦਰ ਲਈ ਤਾਂ ‘ਧਰਮ’ ਦੀ ਗੱਲ ਵੀ ਕਰਨਾ ਬਹੁਤ ਵੱਡਾ ਗੁਨਾਹ ਸੀ। ਉਹਨਾਂ ਲਈ ਬ੍ਰਾਹਮਣ ਦਾ ਹੁਕਮ ‘ਰੱਬ’ ਦਾ ਫੁਰਮਾਨ ਸੀ। ਕਿਉਂਕਿ ਬਰਾਹਮਣ ਨੂੰ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ ਮੰਨਿਆਂ ਜਾਂਦਾ ਹੈ।

***** ਭਾਰਤੀ ਖਿੱਤੇ ਵਿੱਚ ਸਨਾਤਨ ਮੱਤ ਦੇ ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਦੇ ਬਣਾਏ ਜਾਤ-ਪਾਤ ਦੇ ਇਸ ਚੁੱਗਲ/ਫੰਡੇ ਵਿੱਚ ਇਹ ਸਾਰੇ ਉੱਪਰਲੇ ਕੰਮੀ (ਕੰਮਕਾਰ ਵਾਲੇ), ਨੀਵੀਆਂ ਜਾਤਾਂ ਦੇ ਲੋਕ ਇੱਕ ਡਰ/ਸਹਿਮ ਦੇ ਮਾਹੋਲ ਵਿੱਚ ਰਹਿੰਦੇ ਸਨ/ਹਨ।

. . ਬ੍ਰਾਹਮਣ ਸ਼੍ਰੇਣੀ ਦੇ ਲੋਕ ਅੱਜ ਵੀ ਇਹਨਾਂ ਨੀਵੀਂ ਜਾਤੀ ਦੇ ਲੋਕਾਂ ਨੂੰ ਡਰਾਉਂਦੇ ਹਨ, ਧਮਕਾਉਂਦੇ ਹਨ, ਤਸੀਹੇ ਦਿੰਦੇ ਹਨ, ਬੱਚੀਆਂ-ਔਰਤਾਂ ਨਾਲ ਬਲਾਤਕਾਰ ਕਰਦੇ ਹਨ, ਆਪਣੇ ਖੇਤਾਂ ਵਿੱਚ ਕੰਮਕਾਰ ਕਰਾ ਕੇ ਉਹਨਾਂ ਦੀ ਬਣਦੀ ਮੇਹਨਤ ਵੀ ਨਹੀਂ ਦਿੰਦੇ, ਸਜ਼ਾ ਦੇ ਤੌਰ ਤੇ ਜਾਨੋਂ ਵੀ ਮਾਰ ਦਿੰਦੇ ਹਨ।

******* ਗਿਆਰਵੀਂ, ਬਾਹਰਵੀਂ, ਤੇਹਰਵੀਂ, ਚੌਹਦਵੀਂ ਅਤੇ ਪੰਦਰਵੀਂ ਸਦੀਆਂ ਵਿੱਚ ਬ੍ਰਾਹਮਣ/ ਬਿਪਰ/ਪਾਂਡੇ/ਪੁਜਾਰੀ ਦੇ ਇਸ ਜ਼ਾਤ-ਪਾਤ ਦੇ ਭਿੰਨ-ਭੇਦ ਦੇ ਵਿਤਕਰੇ ਬਾਰੇ ਬਹੁਤ ਸਾਰੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਇਸ ਵਿਰੁਧ ਆਵਾਜ਼ ਉਠਾਉਣੀ/ਬੁਲੰਦ ਕਰਨੀ ਸੁਰੂ ਕਰ ਦਿੱਤੀ।

. . ਆਵਾਜ਼ ਬੁਲੰਦ ਕਰਨ ਵਾਲੇ ਜਿਆਦਾਤਰ ਮਨੁੱਖ ਇਹਨਾਂ ਨੀਵੀਆਂ ਜਾਤਾਂ ਵਾਲੀ ਸ਼੍ਰੇਣੀ ਵਿਚੋਂ ਹੀ ਸਨ। ਜਿਹਨਾਂ ਨੇ ਬੜੇ ਜ਼ੋਰਦਾਰ ਅਤੇ ਅਸਰਦਾਰ ਢੰਗ ਨਾਲ ਮਨੁੱਖਤਾ ਦੇ ਹੱਕਾਂ ਦੀ ਰਾਖੀ ਅਤੇ ਬਹਾਲੀ ਲਈ ਆਪਣੀ ਆਵਾਜ਼ ਬੁਲੰਦ ਕਰਕੇ ਲੋਕਾਂ ਵਿੱਚ ਜਾਗਰਤੀ ਲਿਆਉਣੀ ਸੁਰੂ ਕੀਤੀ, ਤਾਂ ਜੋ ਲੋਕਾਂ ਨੂੰ ਆਪਣੇ ਕੁਦਰਤੀ ਹੱਕਾਂ ਦਾ ਗਿਆਨ ਹੋ ਸਕੇ। ਬ੍ਰਾਹਮਣੀ ਸਾਮਰਾਜ ਦੀ ਸਰਦਾਰੀ ਅਤੇ ਜਿਆਦਤੀ ਨੂੰ ਖਤਮ ਕੀਤਾ ਜਾ ਸਕੇ।

. . ਇਹਨਾਂ ਜਾਗੇ ਹੋਏ ਮਨੁੱਖਾਂ ਦੀ ਉਚਾਰੀ ਬਾਣੀ "ਸਬਦ ਗੁਰੁ ਗਰੰਥ ਸਾਹਿਬ ਜੀ" ਵਿੱਚ ਦਰਜ਼ ਹੈ। ਹੋਰ ਵੀ ਬਹੁਤ ਹੋਣਗੇ, ਜਿਹਨਾਂ ਨੇ ਇਸ ਵਰਨਵੰਡ ਦਾ ਵਿਰੋਧ ਕੀਤਾ ਹੋਵੇਗਾ। ਪਰ ਇਹ ਲੋਕ ਉਹ ਹਨ ਜਿਹਨਾਂ ਦੇ ਮਨ ਵਿੱਚ ਮਨੁੱਖਤਾ ਲਈ ਸੱਚਾ ਦਰਦ ਸੀ। ਜੋ ਸੱਚ ਦੀ ਆਵਾਜ਼ ਬੁਲੰਦ ਕਰਦੇ ਸਨ।

  1. ਬਾਬਾ ਫਰੀਦ ਜੀ।
  2. ਬਾਬਾ ਭਗਤ ਕਬੀਰ।
  3. ਬਾਬਾ ਭਗਤ ਰਵੀਦਾਸ ਜੀ।
  4. ਬਾਬਾ ਭਗਤ ਭੀਖਣ ਜੀ।
  5. ਬਾਬਾ ਭਗਤ ਧੰਨਾ ਜੀ।
  6. ਬਾਬਾ ਭਗਤ ਨਾਮਦੇਵ ਜੀ।
  7. ਬਾਬਾ ਜੈਦੇਵ ਜੀ।
  8. ਬਾਬਾ ਭਗਤ ਪਰਮਾਨੰਦ ਜੀ।
  9. ਬਾਬਾ ਭਗਤ ਸਧਨਾ ਜੀ।
  10. ਬਾਬਾ ਬਗਤ ਸ੍ਰੀ ਸ਼ੈਣ ਜੀ।
  11. ਬਾਬਾ ਭਗਤ ਸੂਰਦਾਸ ਜੀ।
  12. ਬਾਬਾ ਭਗਤ ਤਰਲੋਚਨ ਜੀ।
  13. ਬਾਬਾ ਭਗਤ ਪੀਪਾ ਜੀ।
  14. ਬਾਬਾ ਭਗਤ ਬੇਨੀ ਜੀ।
  15. ਬਾਬਾ ਭਗਤ ਰਾਮਾਨੰਦ ਜੀ।

. . ਇਹਨਾਂ ਜਾਗੇ ਹੋਏ, ਸੁਲਝੇ ਹੋਏ, ਜਾਗਰੂਕ ਭਗਤਾਂ ਦੇ ਜੀਵਨ ਨੂੰ ਵੇਖਦੇ ਵਿਚਾਰਦੇ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੀ ਉਚਾਰਨ ਕੀਤੀ ‘ਰੱਬੀ’ ਬਾਣੀ, ਜੋ ਗੁਰਮੱਤ ਫਲਸ਼ਫੇ ਦੇ ਅਨੁਸਾਰੀ ਸੀ, ਉਹ ‘ਰੱਬੀ’ ਬਾਣੀ ਬਾਬਾ ਗੁਰੂ ਨਾਨਕ ਜੀ ਆਪ ਆਪਣੇ ਪਾਸ ਲਿੱਖ ਕੇ ਸੰਭਾਲਣਾ ਕਰਨਾ ਕੀਤਾ।

{{{{ਅੱਗੇ ਇਹ ਸਾਰਾ ‘ਰੱਬੀ’ ਬਾਣੀ/ਕਲਾਮ ਦੂਜੇ ਗੁਰੁ ਸਾਹਿਬ ਜੀ ਨੂੰ ਮਿਲਿਆ। ਦੂਜੇ ਗੁਰੂ ਸਾਹਿਬ ਤੋਂ ਤੀਜੇ ਗੁਰੂ ਸਾਹਿਬ ਜੀ ਪਾਸ ਅਤੇ ਫਿਰ ਤੀਜੇ ਤੋਂ ਚੌਥੇ ਗੁਰੁ ਸਾਹਿਬ ਜੀ ਪਾਸ, ਚੌਥੇ ਤੋਂ ਪੰਜਵੇਂ ਗੁਰੁ ਸਾਹਿਬ ਜੀ ਪਾਸ 15 ਭਗਤਾਂ ਅਤੇ ਚਾਰ ਗੁਰੁ ਸਾਹਿਬਾਨਾਂ ਜੀ ਦੀ ਬਾਣੀ ਦੇ ਖਰੜੇ ਪਹੁੰਚ ਗਏ। ਗੁਰੂ ਅਰਜਨ ਸਾਹਿਬ ਜੀ ਨੇ ਇਸ ਸਾਰੀ ਲਿਖਤ ਨੂੰ ਇੱਕ ਤਰਤੀਬ ਦੇ ਕੇ ਇੱਕ ਵੱਡੀ ਪੋਥੀ ਤਿਆਰ ਕਰ ਦਿੱਤੀ, ਜਿਸਨੂੰ "ਪੋਥੀ ਪਰਮੇਸ਼ਰ ਕਾ ਥਾਨ" ਕਹਿ ਕੇ ਸੰਬੋਧਨ ਕਰਨਾ ਕੀਤਾ। ਇਸ ਪੋਥੀ ਵਿਚ, 5 ਗੁਰੂ ਸਾਹਿਬਾਨ + 15 ਭਗਤ ਸਾਹਿਬਾਨ + 11 ਭੱਟ ਸਾਹਿਬਾਨ + 3 ਗੁਰਸਿੱਖਾਂ ਦੀ ਬਾਣੀ ਦਰਜ਼ ਕੀਤੀ ਗਈ।

(9ਵੇਂ ਗੁਰੂ ਸਾਹਿਬ ਜੀ ਦੀ ਬਾਣੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ‘ਪੋਥੀ ਸਾਹਿਬ’ ਵਿੱਚ ਦਰਜ਼ ਕਰਵਾਉਂਣਾ ਕੀਤਾ।

. . ਇਸ ‘ਪੋਥੀ ਸਾਹਿਬ ਜੀ’ ਨੂੰ 20 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਦਾ ਸਦਾ ਲਈ ਗੁਰਤਾ ਸੌਂਪ ਦਿੱਤੀ। ਜੁਗਹੋ ਜੁੱਗ ਅਟੱਲ ਗੁਰੂ ਥਾਪ ਦਿੱਤਾ, "ਸਬਦ ਗੁਰੁ ਗਰੰਥ ਸਾਹਿਬ ਜੀ"।}}}}

*** ਗੁਰੁ ਨਾਨਕ ਸਾਹਿਬ ਜੀ ਦਾ ਆਗਮਨ ਪੰਦਰਵੀਂ ਸਦੀ ਵਿੱਚ ਹੋਇਆ। (15 ਅਪਰੈਲ-1469 – 22 ਸਤੰਬਰ 1539)। ਉਹਨਾਂ ਨੇ ਬੜੇ ਪੁਰਜ਼ੋਰ ਢੰਗ ਨਾਲ ਬ੍ਰਾਹਮਣ ਸਮਾਜ ਵਲੋਂ ਮਨੁੱਖਾ ਸਮਾਜ ਲਈ ਬਣਾਏ ਇਸ ਜ਼ਾਤ-ਪਾਤ ਦੇ ਵਿਤਕਰੇ ਦੀ ਨਿਖੇਧੀ ਕੀਤੀ। ਮਨੁੱਖੀ ਹੱਕਾਂ ਦੀ ਵਕਾਲਤ ਕੀਤੀ।

*** ਮਹਲਾ 1॥

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ। ਪੰਨਾ 15॥

. . ਆਪਣੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾ ਸਮਾਜ ਵਿੱਚ ਬਣੀ ਤਿੱਕੜੀ, (ਬ੍ਰਾਹਮਣ, ਕਾਜ਼ੀ, ਯੋਗੀ) ਨੂੰ ਇਸ ਮਨੁੱਖਾ ਜੀਵਨ ਅਤੇ ਸਮਾਜ ਦੇ ਉਜਾੜੇ ਦਾ ਕਾਰਨ ਦੱਸਿਆ।

*** ਮਹਲਾ 1॥

ਕਾਦੀ ਕੂੜੁ ਬੋਲਿ ਮਲੁ ਖਾਇ॥

ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥

ਤੀਨੇ ੳਜਾੜੇ ਕਾ ਬੰਧੁ॥ ਮ 1॥ ਪੰ 662॥

*** ਰਾਜ ਕਰਨ ਵਾਲੇ ਰਜਵਾੜਿਆਂ ਨੂੰ ‘ਸੱਚ’ ਦੇ ਬੋਲਾਂ ਨਾਲ ਆਗਾਹ ਕਰਨਾ ਕੀਤਾ, ਕਿ ਹਉਮੈਂ ਹੰਕਾਰ ਵਿੱਚ ਰਾਜ ਕਰਨਾ ਸ਼ੋਭਦਾ ਨਹੀਂ। ਆਪਣੀ ਰਾਜ ਦੀ ਪਰਜਾ ਨਾਲ ਹਉਮੈਂ ਹੰਕਾਰ ਦੀ ਜਗਹ ਪਿਆਰ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਪਰਜਾ ਦੇ ਮੁਸੀਬਤਾਂ, ਦੁੱਖਾਂ ਦਾ ਨਿਵਾਰਨ ਕਰਨਾ ਰਾਜਾ ਦੀ ਜਿੰਮੇਵਾਰੀ ਬਣਦੀ ਹੈ।।

*** ਸਲੋਕ ਮਹਲਾ 1॥

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

ਹਉ ਭਾਲਿ ਵਿਕੁੰਨੀ ਹੋਈ॥

ਆਧੇਰੈ ਰਾਹੁ ਨ ਕੋਈ॥

ਵਿਚਿ ਹਉਮੈ ਕਰਿ ਦੁਖੁ ਰੋਈ॥

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ਮ1॥ ਪੰ 145॥

** ਗੁਰੁ ਨਾਨਕ ਸਾਹਿਬ ਜੀ ਨੇ ਦੱਬੇ-ਕੁਚਲੇ ਲਿਤਾੜੇ ਲੋਕਾਂ ਨੂੰ ‘ਸੱਚ’ ਦੀ ਆਵਾਜ਼ ਦੇ ਕੇ ਜਗਾਉਣਾ ਕੀਤਾ।

. . ਬ੍ਰਾਹਮਣ/ਬਿਪਰ/ਪਾਂਡੇ/ਪੁਜਾਰੀ ਨੂੰ ਝਾੜ ਪਾਈ।

*** ਗਉੜੀ ਕਬੀਰ ਜੀ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ। ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੇ ਮਤ ਖੋਏ॥ 1॥ ਰਹਾਉ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ 2॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 4॥ ਪੰਨਾ 324॥

**** ਭਾਰਤੀ ਖਿੱਤੇ ਵਿੱਚ ਮਨੁੱਖਤਾ ਦੇ ਦੁੱਖਾਂ ਦੀ ਦਾਰੂ ਬਣ ਕੇ, ‘ਸੱਚ’ ਦੀ ਆਵਾਜ਼ ਦਾ ਹੋਕਾ ਦਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਗਾਉਣਾ ਸੁਰੂ ਕੀਤਾ।

. . ਭੋਲੀ-ਭਾਲੀ ਲੋਕਾਈ ਲਈ ਸੱਚ ਦਾ ਸੂਰਜ ਚੜਿਆ।

. . ਕੂੜ (ਅਗਿਆਨਤਾ) ਦਾ ਹਨੇਰਾ ਦੂਰ ਹੋਣ ਲੱਗਾ।

. . ਲੋਕਾਂ ਨੂੰ ਆਪਣੀ ਗੱਲ ਕਰਨ ਵਾਲੀ ਇੱਕ ਆਵਾਜ਼ ਮਿਲ ਗਈ।

. . ਜੋ ਨਿਧੜਕ ਬੇਖੌਫ ਹੋ ਕੇ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦਾ ਟਾਕਰਾ ਕਰਦੇ ਰਹੇ।

. . ਕਦੀ ਯੋਗੀਆਂ ਨਾਲ।

. . ਕਦੇ ਕਾਜ਼ੀਆਂ ਨਾਲ।

*** ਜਿਵੇਂ ਜਿਵੇਂ ਗੁਰੁ ਸਾਹਿਬ ਜੀ ਲੋਕਾਂ ਵਿੱਚ ਵਿਚਰੇ, ਤਿਵੇਂ ਤਿਵੇਂ ਲੋਕਾਂ ਵਿੱਚ ਗੁਰੂ ਸਾਹਿਬ ਜੀ ਹਰਮਨ ਪਿਆਰਤਾ ਵਧਦੀ ਗਈ। ਬੜਾ ਵੱਡਾ ਕਾਫ਼ਲਾ ਬਣ ਗਿਆ ਗੁਰੁ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਅਤੇ ਅਨੁਆਈਆਂ ਦਾ।

. . ਇਸ ਕਾਫ਼ਲੇ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਵਲੋਂ ਨਕਾਰੇ/ਠੁਕਰਾਏ, ਨੀਵੀਂ ਜ਼ਾਤ ਦਾ ਹਰ ਬਸ਼ਿੰਦਾ/ਸਖ਼ਸ ਆ ਸ਼ਾਮਿਲ ਹੋਇਆ।

. . ਇਸੇ ਕਾਫ਼ਲੇ ਵਿੱਚ ਸ਼ਾਮਿਲ ਲੋਕਾਂ ਦੇ ਇਕੱਠ ਨੂੰ "ਸਿੱਖ" ਦਾ ਲਕਬ/ਅੱਲ/ਖਿਤਾਬ ਨਾਲ ਸੰਬੋਧਨ ਕੀਤਾ ਗਿਆ।

. . ਦੱਸਵੇਂ ਗੁਰੁ ਸਾਹਿਬ ਜੀ ਤੱਕ ਇਸ ਕਾਫ਼ਲੇ ਵਿੱਚ ਕਈ ਲੱਖਾਂ ਦੀ ਗਿਣਤੀ ਵਿੱਚ ਨੀਵੀਆਂ ਜ਼ਾਤਾਂ ਦੇ ਲੋਕ ਸਾਮਿਲ ਹੋ ਗਏ।

. . ਗੁਰੂ ਗੋਬਿੰਦ ਸਿੰਘ ਜੀ ਨੇ 13 ਅਪਰੈਲ 1699 ਨੂੰ ਇਹਨਾਂ ‘ਸਿੱਖਾਂ’ ਨੂੰ ਬ੍ਰਾਹਮਣ/ਬਿਪਰ/ਪਾਂਡੇ/ ਪੂਜਾਰੀ ਵਲੋਂ ਥੋਪੀਆਂ, ਜ਼ਾਤਾਂ-ਪਾਤਾਂ ਤੋਂ ਮੁਕਤੀ ਦਿਲਾਉਂਦਿਆਂ ਸਾਰਿਆਂ ਨੂੰ "ਖੰਡੇ ਬਾਟੇ ਦੀ ਪਾਹੁਲ" ਛਕਾ ਕੇ "ਖਾਲਸਾ" ਸਜ਼ਾ ਦਿੱਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ "ਖੰਡੇ ਦੀ ਪਾਹੁਲ" ਛਕਣਾ ਕੀਤਾ।

. ."ਖੰਡੇ ਦੀ ਪਾਹੁਲ" ਛਕਾ ਕੇ ਹਰ ਮਰਦ ਦੇ ਨਾਮ ਪਿੱਛੇ ‘ਸਿੰਘ’ ਅਤੇ ਹਰ ਔਰਤ ਦੇ ਨਾਮ ਪਿੱਛੇ ‘ਕੌਰ’ ਲਿਖਣ ਦੀ ਹਦਾਇਤ ਕੀਤੀ।

**** 10 ਗੁਰੂ ਸਹਿਬਾਨਾਂ ਨੇ 239 ਸਾਲ ਦਾ ਸਮਾਂ ਲਗਾ, ਕੁਰਬਾਨੀਆਂ ਕਰਕੇ, ਇੱਕ ਅਜੇਹੀ ਲਹਿਰ ਖੜੀ ਕਰ ਦਿੱਤੀ, ਜਿਸ ਵਿੱਚ ਨਿਧੜਕ, ਬੇਖੌਫ਼, ਜੋਸ਼ੀਲੇ ਲੋਕ ਸਾਮਿਲ ਸਨ।

. . ਇਹ ਲਹਿਰ ਦੇ ਸੰਗਠਨ ਦਾ ਆਧਾਰ ਕੇਵਨ "ਮਾਨਵਤਾ" ਦੀ ਸੇਵਾ ਸੀ ਅਤੇ ਲੋਕਾਈ ਨੂੰ ਉਹਨਾਂ ਦੇ ਹੱਕਾਂ ਦੀ ਖਾਤਰ ਜਗਾਉਂਣਾ ਸੀ।

****** ਇਸ ਲਹਿਰ ਵਿੱਚ ਸ਼ਾਮਿਲ ਲੋਕਾਈ ਦੇ ਮਰਦ ਮੈਂਬਰਾਂ ਨੂੰ ‘ਸਿੱਖ’, ‘ਸਿੰਘ’ ‘ਖ਼ਾਲਸਾ’ ਕਰਕੇ ਜਾਣਿਆ ਜਾਣ ਲੱਗਾ। ਔਰਤਾਂ ਨੂੰ ‘ਸਿੱਖਨੀ’, ‘ਕੌਰ’, ‘ਖਾਲਸਾ’ ਕਰਕੇ ਜਾਣਿਆ ਜਾਣ ਲੱਗਾ।

#### ਗੁਰੂ ਸਾਹਿਬਾਨਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਸੀ।

. . ਇੱਕ ਨਵੀਂ ਮਾਨਵਾਦੀ ਲਹਿਰ ਸੁਰੂ ਕੀਤੀ ਸੀ।

. . ਜਿਹੜੀ ਆਪਣੇ ‘ਹੱਕ-ਸੱਚ’ ਲਈ ਆਪਣੀ ਜਾਨ ਤਲੀ ਤੇ ਰੱਖ ਕੇ ਆਪਣੇ ਹੱਕਾਂ ਲਈ ਜੂਝ ਸਕਦੀ ਸੀ।

*** ਮਹਲਾ 1॥

ਜਉ ਤਉ ਪ੍ਰੇਮ ਖੇਲਣ ਕਾ ਚਾਉ॥

ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥

ਸਿਰੁ ਦੀਜੈ ਕਾਣਿ ਨ ਕੀਜੈ॥॥ ਪੰ 1410॥

****** {{{ਅਕਤੂਬਰ 1708, ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਹੋਲੀ ਹੋਲੀ ਇਹ ‘ਖ਼ਾਲਸਾਈ ਲਹਿਰ’ … ‘ਸਿੱਖ-ਧਰਮ’ ਵਿੱਚ ਕਦੋਂ ਤਬਦੀਲ ਹੋ ਗਈ ਤਬਦੀਲ ਹੋ ਗਈ, ਇਹ ਇੱਕ ਸਵਾਲ ਬਣ ਕੇ ਸਾਹਮਣੇ ਖੜਾ ਹੈ। ਇਸ ਮਾਨਵਵਾਦੀ ਲਹਿਰ ਦੇ ਮਕਸਦ ਨੂੰ ਨਾ-ਸਮਝਣਾ ਕੀਤਾ ਗਿਆ/ਸਮਝਿਆ ਨਹੀਂ ਗਿਆ … ਸਿੱਖ ਸਮਾਜ ਦੀ ਬਹੁਤ ਵੱਡੀ ਭੁੱਲ ਹੈ। ਵਿਰੋਧੀਆਂ ਦਾ ਇਸ ਮਾਨਵਵਾਦੀ ਸਿੱਖੀ ਲਹਿਰ ਨੂੰ ‘ਸਿੱਖ-ਧਰਮ’ ਦਾ ਨਾਮ ਦੇਣਾ ਵੀ ਇਸ ਸਿੱਖੀ ਸਮਾਜ ਨੂੰ ਤਹਿਸ਼-ਨਹਿਸ਼ ਕਰਨਾ ਹੀ ਹੋਵੇਗਾ। ਉਸ ਸਮੇਂ ਦੀ ਚਾਲ ਮਨਸ਼ਾ ਦਾ ਰਜੱਲਟ ਅੱਜ ਅਸੀਂ ਸਿੱਖ ਸਮਾਜ ਦੀ ਹਾਲਤ ਤੋਂ ਭਲੀ-ਭਾਂਤੀ ਲਾ ਸਕਦੇ ਹਾਂ। ਧਰਮ ਦੇ ਨਾਂ ਉੱਪਰ ‘ਸਿੱਖ’ ਆਪਸ ਵਿੱਚ ਹੀ ਦੋਫਾੜ ਹੋ ਰਹੇ ਹਨ। ਕਿੰਨੇ ਫਿਰਕੇ, ਟੋਲੇ, ਸੰਪਰਦਾਵਾਂ, ਡੇਰੇ ਬਣ ਚੁੱਕੇ ਹਨ।}}}

*** ਗੁਰੁ ਨਾਨਕ ਸਾਹਿਬ ਜੀ ਵਲੋਂ "ਮਨੁੱਖਤਾ ਦੇ ਲਈ ਸਟੈਂਡ ਅਤੇ ਹੱਕ-ਸੱਚ ਦੇ ਹੋਕੇ ਤੋਂ ਬ੍ਰਾਹਮਣ/ਬਿਪਰ/ਪਾਂਡਾ/ਪੂਜਾਰੀ/ਯੋਗੀ ਅਤੇ ਕਾਜ਼ੀ, ਸਾਰੇ ਹੀ ਇਸ ਕਰਾਂਤੀਕਾਰੀ ਬਦਲਾਅ ਤੋਂ ਬਹੁਤ ਔਖੇ ਸਨ। ਇਹ ਸਾਰੇ ਹਮੇਂਸ਼ਾ ਹੀ ਗੁਰੁ ਘਰ ਦੇ ਦੋਖੀ ਬਣੇ ਰਹੇ।

. . ਜਦ ਵੀ ਮੌਕਾ ਮਿਲਦਾ ਇਸ ‘ਤਿੱਕੜੀ’ ਨੇ ‘ਸਿੱਖ ਸਮਾਜ’ ਨੂੰ ਕਿਸੇ ਨਾ ਕਿਸੇ ਪਾਸੇ ਉਲਝਾਈ ਰੱਖਿਆ। ਸਿੱਖ ਸਮਾਜ ਨੂੰ ਕਦੇ ਸੁੱਖ ਦਾ ਸਾਹ ਨਾ ਲੈਣ ਦਿੱਤਾ।

. . ਸੰਨ 1716 ਵਿਚ, ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਦਿੱਲੀ ਵਿੱਚ ਲਾਸਾਨੀ ਸ਼ਹੀਦੀ ਤੋਂ ਬਾਅਦ ਦੇ 50-60 ਸਾਲ ਸਿੱਖ ਸਮਾਜ ਲਈ ਬਹੁਤ ਜਦੋਜਹਿਦ ਭਰੇ ਰਹੇ ਸਨ।

. . ਛੋਟਾ ਘੱਲੂਘਾਰਾ 10 ਮਾਰਚ 1946 ਨੂੰ ਵਾਪਰਿਆ, ਜਿਸ ਵਿੱਚ 7000 ਸਿੱਖ ਮਾਰੇ ਗਏ।

. . ਵੱਡਾ ਘੱਲੂਘਾਰਾ 5 ਫਰਬਰੀ 1762 ਨੂੰ ਵਾਪਰਿਆ ਜਿਸ ਵਿੱਚ 40, 00 ਸਿੱਖ ਮਾਰੇ ਗਏ।

### ਸਿੱਖ ਜਗਤ/ਸਮਾਜ ਇਹਨਾਂ ਖੂਨੀ ਘਲੂਘਾਰਿਆਂ ਵਿਚੋਂ ਦੀ ਲੰਘਦਾ ਵੀ `ਚੜ੍ਹਦੀ- ਕਲਾ’ ਵਿੱਚ ਰਿਹਾ।

. . ਹੁਣ ਤੱਕ ਸਿੱਖ ਸਮਾਜ 12 ਮਿਸਲਾਂ ਵਿੱਚ ਵੰਡਿਆ ਜਾ ਚੁੱਕਿਆ ਸੀ।

. . ਸੰਨ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇੱਕ ਕਰ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ।

. . 39 ਸਾਲ ਤੱਕ ਰਣਜੀਤ ਸਿੰਘ ਨੇ ਇਸ ‘ਖਾਲਸਾ-ਰਾਜ’ ਦੀਆਂ ਹੱਦਾਂ ਨੂੰ ਦੂਰ ਦੂਰ ਤੱਕ ਫੈਲਾਉਣਾ ਕੀਤਾ। ਹਰ ਪਾਸੇ ‘ਖਾਲਸੇ ਦੀ ਚੜ੍ਹਦੀ ਕਲਾ’ ਦੇ ਜੈਕਾਰੇ ਗੂੰਜਦੇ।

. . ਸੰਨ 1838 ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ। ਅੰਗਰੇਜਾਂ ਨੇ 10 ਸਾਲ ਦੇ ਵਿੱਚ ਵਿੱਚ ਪੂਰੇ ਪੰਜਾਬ ਤੇ ਕਬਜ਼ਾ ਕਰ ਲਿਆ।

. . ਤਕਰੀਬਨ 2 ਅਪਰੈਲ 1849 ਨੂੰ ਪੂਰੇ ਪੰਜਾਬ ਨੂੰ ਅੰਗਰੇਜ਼ ਰਾਜ ਵਿੱਚ ਸ਼ਾਮਿਲ ਕਰ ਦਿੱਤਾ ਗਿਆ।

*** ਅੰਗਰੇਜ਼ਾਂ ਨੇ ਵੀ ਬ੍ਰਾਹਮਣ/ਬਿਪਰ/ਪਾਂਡਾ/ਪੂਜਾਰੀ/ਯੋਗੀ ਅਤੇ ਕਾਜ਼ੀ ਵਾਲੀ ਨੀਤੀ ਅਪਨਾਉਂਣੀ ਕੀਤੀ।

. . ਸਿੱਖ ਸਮਾਜ ਦੇ ਦਲੇਰ, ਦ੍ਰਿੜ, ਆਤਮ ਵਿਸ਼ਵਾਸ ਨਾਲ ਭਰੇ ਸੂਰਬੀਰਾਂ, ਯੋਧਿਆਂ ਦੇ ਇਤਿਹਾਸ ਵਿੱਚ ਰਲਾ ਪਾਉਣ ਦੀ ਨੀਤੀ/ਕੁਚਾਲ ਨਾਲ ਸਿੱਖ ਸਮਾਜ ਵਿੱਚ ਸਿੱਖ ਫੌਜੀ … ਸੰਤ/ਬਾਬੇ ਬਣਾ ਕੇ ਵਾੜ ਦਿੱਤੇ। ਇਹ ਸਾਰੇ ਬਾਬੇ ਅੰਗਰੇਜ਼ ਫੌਜ ਦੇ ਸਿੱਖ ਸਿਪਾਹੀ ਹੀ ਸਨ। ਜਿਹਨਾਂ ਨੂੰ ਬਕਾਇਦਾ ਅੰਗਰੇਜ਼ਾਂ ਵਲੋਂ ਸਾਰੀਆਂ ਸਹੂਲਤਾਂ ਦੇ ਕੇ ਸਿੱਖ ਸਮਾਜ ਵਿੱਚ ਤਾਇਨਾਤ ਕਰ ਦਿੱਤਾ ਗਿਆ ਕਿ ਤੁਸੀਂ ਡੇਰਾਵਾਦ ਨੂੰ ਪਰੋਮੋਟ ਕਰਨਾ ਹੈ। ਸਿੱਖ ਸਮਾਜ ਨੂੰ ਸਬਦ "ਗੁਰੁ ਗਰੰਥ ਸਾਹਿਬ ਜੀ" ਦੇ ਗਿਆਨ ਵਿਚਾਰ ਨਾਲੋਂ ਤੋੜ ਕੇ ਮੰਨਮੱਤਾਂ, ਕਰਮਕਾਂਡ ਵਾਲੇ ਪਾਸੇ ਲਾਉਣਾ ਸੀ। ਇਹ ਸਾਰੇ ਵਿਹਲੜ ਸੰਤ ਬਾਬੇ ਸਨਾਤਨ ਮੱਤ ਦਾ ਹੀ ਪ੍ਰਚਾਰ-ਪਰਸਾਰ ਕਰਨ ਲੱਗ ਪਏ। ਹਰ ਤਰਾਂ ਦੀ ਮੰਨਮੱਤ, ਕਰਮਕਾਂਡ, ਵਹਿਮ, ਭਰਮ, ਪਾਖੰਡ, ਆਡੰਬਰ ਨੂੰ ਇਹਨਾਂ ਨੇ ਗੁਰੂ ਘਰ/ਗੁਰਬਾਣੀ ਨਾਲ ਜੋੜ ਕੇ ਦੱਸਣਾ ਸੁਰੂ ਕਰ ਦਿੱਤਾ।

. . ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥਾਂ ਦੇ ਅਨਰਥ ਕਰਕੇ ਸਿੱਖ ਸੰਗਤਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾਉਣਾ ਸੁਰੂ ਕਰ ਦਿੱਤਾ।

. . ਗੁਰਬਾਣੀ ਵਿਚੋਂ ਦੇਹ ਅਰੋਗਤਾ ਲਈ ਕੁੱਝ ਚੋਣਵੇਂ ਸਬਦਾਂ ਜਿਹਨਾਂ ਵਿੱਚ ‘ਦੁੱਖ ਭੰਜਨ’ ਲਫਜ਼ ਆਉਂਦਾ ਸੀ ਸਨਾਤਨ ਮੱਤ ਦੇ ਮੰਤਰਾਂ ਵਾਂਗ ਉਚਾਰਨ ਲਈ ਸਿੱਖ ਸੰਗਤਾਂ ਵਿੱਚ ਦੇਣੇ, ਪ੍ਰਚਾਰਨੇ ਸੁਰੂ ਕਰ ਦਿੱਤੇ।

. . ਉਹ ਸਿੱਖ ਸਮਾਜ ਜੋ ਕੇਵਲ ‘ਸਬਦ ਗੁਰੂ ਗਰੰਥ ਸਾਹਿਬ ਜੀ" ਵਿੱਚ ਦਰਜ਼ ਗੁਰਬਾਣੀ ਦੇ ਗਿਆਨ ਵਿਚਾਰ ਦੀ ਸਿੱਖਿਆ ਦੇ ਅਨੁਸਾਰੀ ਚਲਦਾ ਸੀ, ਹੁਣ ਇਹਨਾਂ ਪਾਖੰਡੀ, ਵਿਹਲੜ ਬਾਬਿਆਂ ਡੇਰੇਦਾਰਾਂ ਦੇ ਕਰਕੇ ਰਾਹੋਂ, ਕੁਰਾਹੇ ਪੈਣਾ ਸੁਰੂ ਹੋ ਗਿਆ ਸੀ।

. . ਸਨਾਤਨ ਮੱਤ ਦੇ ਅਨੁਸਾਰੀ ਸਨਾਤਨੀ-ਸਿੱਖਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸਨਾਤਨ-ਮੱਤ ਦੇ ਅਨੁਸਾਰੀ ਮੂਰਤੀਆਂ ਬਣਾ ਕੇ ਰੱਖਾ ਦਿੱਤੀਆਂ ਸਨ।

( (ਇਹਨਾਂ ਮੂਰਤੀਆਂ ਵਿੱਚ ਸਨਾਤਨ ਮੱਤ ਦੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਬਣਾਈਆਂ ਮੂਰਤੀਆਂ ਸਨ।))

*** ਸੰਨ 1870 ਤੋਂ 1873 ਵਿੱਚ ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ।

. . ਬਾਬਾ ਖੇਮ ਸਿੰਘ ਬੇਦੀ (ਸਨਾਤਨੀ ਸਿੱਖ) ਅੰਮ੍ਰਿਤਸਰ ਸਿੰਘ ਸਭਾ ਦਾ ਮੋਢੀ ਬਣਿਆ।

. . ਤੇਜਾ ਸਿੰਘ ਭਸੌੜਿਆ, (ਤੱਤ-ਖਾਲਸਾ) ਭਸੌੜ ਸਿੰਘ ਸਭਾ ਦਾ ਮੋਢੀ ਬਣਿਆ।

. . ਗੁਰਮੁੱਖ ਸਿੰਘ, ਲਹੌਰ ਸਿੰਘ ਸਭਾ ਦਾ ਮੋਢੀ ਬਣਿਆ। (ਬਾਦ ਵਿੱਚ ਤੱਤ ਖਾਲਸੇ ਦੇ ਨਾਲ ਮਿਲ ਗਿਆ। ਗਿਆਨੀ ਦਿੱਤ ਸਿੰਘ ਜੀ ਇਹਨਾਂ ਦੇ ਹੀ ਸਾਥੀ ਸਨ)

. . ਵਹਿਵੀਂ ਸਦੀ ਦੇ ਸੁਰੂ ਹੁੰਦੇ-ਹੁੰਦੇ ਸਨਾਤਨੀ ਸਿੱਖਾਂ ਅਤੇ ਤੱਤ-ਖਾਲਸਾ ਸਿੱਖਾਂ ਦੀਆਂ ਤਕਰੀਬਨ 100 ਦੇ ਕਰੀਬ ਸਿੰਘ ਸਭਾਂਵਾਂ ਬਣ ਚੁੱਕੀਆਂ ਸਨ। ਇਹਨਾਂ ਸਿੰਘ ਸਭਾਵਾਂ ਦੇ ਜ਼ੋਰ ਕਰਕੇ ਹੀ:

. . ਸੰਨ 1905 ਵਿੱਚ ਸਨਾਤਨ ਮਤ ਦੀਆਂ ਇਤਿਹਾਸਿਕ ਮੂਰਤੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਨੂੰ ‘ਦਰਬਾਰ-ਸਾਹਿਬ’ ਵਿਚੋਂ ਚੁੱਕ ਦਿੱਤਾ ਗਿਆ।

. .’ਸਿੱਖ ਰਹਿਤ ਮਰਿਆਦਾ’ ਬਨਾਉਣ ਦੀ ਸੁਰੂਆਤ ਜਨਵਰੀ 1932 ਵਿੱਚ ਕੀਤੀ ਗਈ।

. .’ਸਿੱਖ ਰਹਿਤ ਮਰਿਆਦਾ’ 3 ਫਰਵਰੀ 1945 ਨੂੰ ਅਕਾਲ ਤੱਖਤ ਸਾਹਿਬ ਤੋਂ ਲਾਗੂ ਕੀਤੀ ਗਈ।

*** ਸਿੱਖ ਸਮਾਜ ਦੀ ਬਣੀ ‘ਸਿੱਖ ਰਹਿਤ ਮਰਿਆਦਾ’ ਕਈ ਮੱਦਾਂ ਤੋਂ ਅਧੂਰੀ ਹੈ। ਇਸ ਦੇ ਅਧੂਰੇਪਣ ਦਾ ਕਾਰਨ ਸੀ ਸਨਾਤਨੀ-ਸਿੱਖਾਂ ਅਤੇ ਤੱਤ-ਖਾਲਸੇ ਸਿੱਖਾਂ ਦੀ ਆਪਸੀ ਖਿਚੋਤਾਨ ਸੀ।

((ਇਸ ਅਧੂਰੇਪਨ ਕਰਕੇ ਹੀ ਸਿੱਖ ਸਮਾਜ ਵਿੱਚ ਵੰਡੀਆਂ ਪੈਣੀਆਂ ਸੁਰੂ ਹੋ ਗਈਆਂ. . ਜਿਸਦਾ ਖਮਿਆਜ਼ਾ ਅੱਜ ਵੀ ਸਿੱਖ ਸਮਾਜ ਭਰ ਰਿਹਾ ਹੈ।))

. . ਸਨਾਤਨੀ-ਸਿੱਖ ਇਸ ਰਹਿਤ ਮਰਿਆਦਾ ਨੂੰ ਸਨਾਤਨੀ-ਮੱਤ ਆਧਾਰਤ ਬਨਾਉਣਾ ਚਹੁੰਦੇ ਸਨ।

. .’ਤੱਤ-ਖਾਲਸਾ’ ਸਿੱਖ ਇਸ ਰਹਿਤ ਮਰਿਆਦਾ ਨੂੰ "ਸਬਦ ਗੁਰੁ ਗਰੰਥ ਸਾਹਿਬ ਜੀ" ਦੇ ਗਿਆਨ ਵਿਚਾਰ ਉੱਪਰ/ਆਦਾਰਤ ਬਨਾਉਣਾ ਚਹੁੰਦੇ ਸਨ।

***** ਸਿੱਖ ਸਮਾਜ ਦੀਆਂ ਜੜਾਂ ਕਮਜ਼ੋਰ ਕਰਨ ਲਈ ਬ੍ਰਾਹਮਣ/ਬਿਪਰ/ਪਾਂਡਾ/ਪੂਜਾਰੀ/ਯੋਗੀ ਅਤੇ ਕਾਜ਼ੀ ਨੇ ਆਪਣਾ ਪੂਰਾ ਜ਼ੋਰ ਲਾਇਆ।

. . ਅੰਗਰੇਜ਼ਾਂ ਨੇ ਵੀ ਇਸ ਬਲਦੀ ਉਪਰ ਤੇਲ ਪਾਇਆ। ਸਿੱਖ ਸਮਾਜ ਵਿੱਚ ਇਹ ਵਿਹਲੜ ਅਸੰਤ/ਬਾਬੇ ਡੇਰੇਦਾਰ, ਅੰਗਰੇਜ਼ਾਂ ਦੀ ਹੀ ਦੇਣ ਹੈ। ਜਿਹਨਾਂ ਨੇ ਸਿੱਖ ਸਮਾਜ ਦੇ ਲੋਕਾਂ ਨੂੰ ਪੂਰੇ ਵਹਿਮੀ ਭਰਮੀ ਪਾਖੰਡੀ ਕਰਮਕਾਂਡੀ ਆਡੰਬਰੀ ਬਣਾ ਛੱਡਿਆ ਹੈ।

. . ਸਿੱਖ ਸਮਾਜ ਨੇ ‘ਸਬਦ ਗੁਰੂ ਗਰੰਥ ਸਾਹਿਬ ਜੀ’ ਦਾ ਗਿਆਨ ਲੈਣ ਦੀ ਬਜਾਏ ਇਸ ਗਰੰਥ ਨੂੰ ਪੂਜਣਾ ਸੁਰੂ ਕਰ ਦਿੱਤਾ ਹੈ।

. . ਗੁਰਬਾਣੀ ਪੜ੍ਹ-ਸੁਣਕੇ ਗਿਆਨ ਵਿਚਾਰ ਲੈਣਾ ਸੀ, ਪਰ ਡੇਰੇਦਾਰਾਂ ਨੇ ਸਿੱਖ ਲੋਕਾਈ ਨੂੰ ਡਰਾ ਛੱਡਿਆ ਕਿ ਗੁਰੂ ਗਰੰਥ ਸਾਹਿਬ ਜੀ ਨੂੰ ਗੰਦੇ-ਮੰਦੇ-ਜੂਠੇ ਹੱਥ ਲਾਉਣ ਨਾਲ ਪਾਪ ਲੱਗੇਗਾ। ਤੁਹਾਡੀਆਂ ਸੱਤ ਪੁਸ਼ਤਾਂ ਇਸ ਪਾਪ ਦੀਆਂ ਭਾਗੀਦਾਰ ਹੋਣਗੀਆਂ।

. . ਲੋਕਾਂ ਨੇ ਇਸ ਗਰੰਥ ਸਾਹਿਬ ਜੀ ਨੂੰ ਪੜ੍ਹਨਾ ਹੀ ਛੱਡ ਦਿੱਤਾ। ਗਿਆਨ ਹੀਣੇ ਹੋ ਗਏ। ਅਗਿਆਨੀ ਬਣ ਗਏ। ਜੋ ਜੀਵਨ ਜਾਚ ਸਿੱਖਣੀ ਸੀ। ਆਪਣੇ ਗਿਆਨ ਵਿਚਾਰ ਵਿੱਚ ਵਾਧਾ ਕਰਨਾ ਸੀ ਉਸ ਗਿਆਨ ਵਿਚਾਰ ਤੋਂ ਦੂਰ ਹੋ ਗਏ।

. . ਸਨਾਤਨ ਮੱਤ ਦੇ ਬ੍ਰਾਹਮਣ/ਬਿਪਰ/ਪਾਂਡਾ/ਪੂਜਾਰੀ/ਯੋਗੀ ਦਾ ਅਸਰ ਸਨਾਤਨੀ-ਸਿੱਖਾਂ ਕਰਕੇ ਅੱਜ ਵੀ ਸਿੱਖ ਸਮਾਜ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਨਿਭਾਇਆ ਜਾ ਰਿਹਾ ਹੈ। 80% ਸਿੱਖ ਇਸ ਸਨਾਤਨ ਮੱਤ ਦੇ ਰੰਗ ਵਿੱਚ ਰੰਗੇ ਜਾ ਚੁੱਕੇ ਹਨ। ਹਰ ਪਾਸੇ ਸਨਾਤਨੀ ਰੰਗ ਵਿੱਚ ਰੰਗਿਆ ਸਿੱਖ ਨਜ਼ਰ ਅਉਂਦਾ ਹੈ।

. . ਹਰ ਸਿੱਖ ਦੇ ਘਰ ਵਿੱਚ ਸਨਾਤਨ ਮੱਤ ਦੇ ਰਸਮੋਂ ਰਿਵਾਜ਼ਾਂ ਦੇ ਤੌਰ ਤਰੀਕੇ ਅਪਨਾਏ ਜਾਂਦੇ ਹਨ।

. . ਅੱਜ ਸਿੱਖਾਂ ਦੇ ਸੰਸਕਾਰਾਂ ਵਿੱਚ ਅਨਮੱਤਾਂ ਦੀਆਂ ਮੰਨਮੱਤਾਂ ਅਤੇ ਕਰਮਕਾਂਡ ਭਾਰੂ ਹਨ। ਬੱਚਿਆਂ ਨੂੰ ਵੀ ਉਹੀ ਗਿਆਨ ਮਿਲ ਰਿਹਾ ਹੈ।

. . ਆਉਣ ਵਾਲੀਆਂ ਪੀੜ੍ਹੀਆਂ ਤਾਂ ਪੂਰੀ ਤਰਹ ਅਨਮੱਤਾਂ-ਮੰਨਮੱਤਾਂ ਵਿੱਚ ਰੰਗੀਆਂ ਹੋਣਗੀਆਂ।

. . ਕਿਉਂਕਿ (ਬੱਚਾ) ਮਨੁੱਖ ਜੋ ਕੁੱਝ ਆਪਣੇ ਆਸੇ ਹੁੰਦਾ ਵੇਖਦਾ ਹੈ, ਉਸਦੀ ਹੀ ਨਕਲ ਕਰਦਾ ਹੈ।

*** ਸਿੱਖ ਸਮਾਜ ਦੇ ਮੁੱਖ ਧਾਰਮਿੱਕ ਸਥਾਨ ਵੀ ਤਾਂ ਇਸ ਛੂਤ ਦੀ ਬੀਮਾਰੀ ਤੋਂ ਅਛੂਤੇ ਨਹੀਂ ਰਹਿ ਸਕੇ। ਅੱਜ ਸਿੱਖ ਸਮਾਜ ਵਿੱਚ ਜੋ ਸਨਾਤਨੀ ਰੰਗਤ ਚੜ੍ਹਦੀ ਜਾ ਰਹੀ ਹੈ, ਉਸ ਪਿਛੇ ਵੱਡਾ ਕਾਰਨ ਹੈ, ਸਾਡੇ ਆਪਣੇ ਮੁੱਖ ਧਾਰਮਿੱਕ ਸਥਾਂਨਾਂ ਉੱਪਰ ਹੋ ਰਹੀਆਂ ਮੰਨਮੱਤਾਂ ਅਤੇ ਕਰਮਕਾਂਡ। ਜਿਹਨਾਂ ਨੂੰ ਇਹਨਾਂ ਮੁੱਖ ਧਾਰਮਿੱਕ ਸਥਾਨਾਂ ਦੇ ਮੁੱਖ ਸੇਵਾਦਾਰ ਹੀ ਸਾਰੰਜਾਮ ਦੇ ਰਹੇ ਹਨ। ਲੋਕਾਂ ਨੇ ਤਾਂ ਫਿਰ ਨਕਲ ਮਾਰਨੀ ਹੀ ਹੈ। ਕਿਉਂਕਿ ਉਹਨਾਂ ਦੇ ਮੁੱਖ ਧਾਰਮਿੱਕ ਸਥਾਨਾਂ ਉੱਪਰ ਜੋ ਹੋ ਰਿਹਾ ਹੈ ਉਹੀ ਕੁੱਝ ਉਹ ਸਿੱਖਣਗੇ, ਉਹੀ ਕੁੱਝ ਉਹਨਾਂ ਨੇ ਫਿਰ ਕਰਨਾ ਹੋਇਆ।

****** ਸਿੱਖ ਸਮਾਜ ਦੇ ਚੜ੍ਹਦੀ ਕਲਾ ਤੋਂ ਢਹਿੰਦੀ ਕਲਾ ਵੱਲ ਜਾਣ ਦੇ ਆਸਾਰ ਸਾਫ਼ ਵਿਖਾਈ ਦੇ ਰਹੇ ਹਨ।

… ਆਪਸੀ ਏਕਤਾ ਤਾਂ ਨਾ-ਮਾਤਰ ਹੀ ਵਿਖਾਈ ਦੇ ਰਹੀ ਹੈ।

. . ਹਰ ਲੀਡਰ ਇੱਕ ਦੂਜੇ ਉੱਪਰ ਉਗਲੀਆਂ ਚੁੱਕ ਰਿਹਾ ਹੈ।

. . ਸਿੱਖ ਸਮਾਜ ਦੇ ਧਾਰਮਿੱਕ ਲੀਡਰ/ਸੇਵਾਦਾਰ ਕੁਰੱਪਟ ਹੋ ਚੁੱਕੇ ਹਨ।

. . ਇਹਨਾਂ ਨੂੰ ਨਾ ਤਾਂ ਕੌਮ ਨਾਲ ਅਤੇ ਨਾ ਹੀ ਆਪਣੀ ਆਸਥਾ ਕੋਈ ਪਿਆਰ ਹੈ।

. . ਇਹ ਲੋਕ ਮਤਲਭੀ, ਸੁਆਰਥੀ, ਖ਼ੁਦਗਰਜ਼, ਲਾਲਚੀ, ਚਾਪਲੂਸ ਕਿਸਮ ਦੇ ਹਨ।

. . ਇਹਨਾਂ ਨੂੰ ਕੇਵਲ ਆਪਣੀ ਚੌਧਰ, ਕੁਰਸੀ, ਪੈਸੇ, ਸ਼ੁਹਰਤ ਨਾਲ ਪਿਆਰ ਹੈ।

. . ਪਰਚਾਰਕ ਕੇਵਲ ਆਪਣੀਆਂ ਰੋਟੀਆਂ ਕਾਰਨ ਤਾਲ ਠੋਕ ਰਹੇ ਹਨ।

. . ਠੀਕ ਇਹੀ ਹਾਲ ਰਾਜਸੀ ਲੀਡਰਾਂ ਦਾ ਹੈ।

. . (ਜਿਆਦਾਤਰ ਤਾਂ ਰਾਜਸੀ ਲੀਡਰ ਵੈਸੇ ਵੀ ਝੂਠੇ, ਮੱਕਾਰ ਮਤਲਭੀ, ਸੁਆਰਥੀ, ਖ਼ੁਦਗਰਜ਼, ਲਾਲਚੀ, ਚਾਪਲੂਸ ਕਿਸਮ ਦੇ ਹੀ ਹੁੰਦੇ ਹਨ। ਵੋਟਾਂ ਵੇਲੇ ਗਧੇ ਨੂੰ ਬਾਪ ਕਹਿਣ ਤੋਂ ਨਹੀਂ ਝਿਜਕਦੇ। ਚੋਣਾਂ ਜਿੱਤ ਕੇ ਅੱਕਾਂ ਫੇਰ ਲੈਂਦੇ ਹਨ। ਤੂੰ ਕੌਣ ਅਤੇ ਮੈਂ ਕੌਣ। ਇਹ ਲੋਕ ਸਿਰਫ ਆਪਣੇ ਪੈਸੇ ਕਰਕੇ ਲੋਕਾਂ ਨੂੰ ਖਰੀਦਣਾ ਜਾਣਦੇ ਹਨ। ਰਾਜਨੀਤੀ ਦੀ ਕੁਰਸੀ ਹੱਥਿਆਉਣਾ ਹੀ ਇਹਨਾਂ ਦਾ ਮੁੱਖ ਮਕਸਦ ਹੁੰਦਾ ਹੈ।)

. . ਸਾਡੇ ਆਪਣੇ ਲੋਕਾਂ ਵਿੱਚ ਅਨਪੜ੍ਹਤਾ, ਅਗਿਆਨਤਾ, ਸਿੱਖਰਾਂ ਤੇ ਹੈ।

. . ਇਸੇ ਕਰਕੇ ਇਹ ਧਾਰਮਿੱਕ ਅਤੇ ਰਾਜਸੀ ਟੋਲਾ ਆਪਣੇ ਪੈਸੇ ਦਾ ਲਾਲਚ ਦੇ ਕੇ ਲੋਕਾਂ ਨੂੰ ਖੋਤੇ ਬਣਾ ਲੈਂਦੇ ਹਨ। ਲੋਕ ਖੋਤੇ ਬਣ ਵੀ ਜਾਂਦੇ ਹਨ ਆਪਣੀ ਅਗਿਆਨਤਾ ਕਰਕੇ।

. . ਲੋਕਾਂ ਵਿੱਚ ਗਰੀਬੀ ਕਰਕੇ ਬਹੁਤੇ ਲੋਕ ਇਹਨਾਂ ਰਜਵਾੜਿਆਂ ਤੋਂ ਪੈਸੇ ਦੀ ਮਦਦ ਵੀ ਲੈਂਦੇ ਰਹਿੰਦੇ ਹਨ।

. . ਸਾਡਾ ਸਮਾਜਿੱਕ ਢਾਚਾਂ ਵੀ ਕੁੱਝ ਇਸ ਤਰਾਂ ਦਾ ਹੈ, ਲੋਕਾਂ ਨੂੰ ਇਹਨਾਂ ਲੀਡਰਾਂ ਦੀ ਚਾਪਲੂਸੀ ਕਰਕੇ ਆਪਣੇ ਕਈ ਕੰਮ ਕਰਾਉਣਾ ਪੈਂਦੇ ਹਨ।

. . ਅੱਜ ਪੰਜਾਬ ਭਾਰਤ ਵਿੱਚ ਹਰ ਪਾਸੇ ਠੱਗੀ-ਠੌਰੀ, ਬੇਈਮਾਨੀ, ਮੱਕਾਰੀ, ਚਾਪਲੂਸੀ ਦਾ ਹੀ ਬੋਲਬਾਲਾ ਹੈ। ਤਾਣਾ ਬਾਣਾ ਹੀ ਉਲਝਿਆ ਪਿਆ ਹੈ। ਈਮਾਨਦਾਰ ਆਦਮੀ ਦੀ ਤਾਂ ਕਿਸੇ ਪਾਸੇ ਸੁਣਵਾਈ ਨਹੀਂ। ਸੁਣਵਾਈ ਕਰੇ ਵੀ ਤਾਂ ਕਿਸ ਦੇ ਪਾਸ? ? ? ਸਾਰੇ ਮੁਲਾਜ਼ਿਮ ਤਾਂ ਹਰ ਰੋਜ਼ ਨਵੇਂ ਬੱਕਰੇ ਭਾਲਦੇ/ਲੱਭਦੇ ਹਨ। ਚਾਹੇ ਕੋਈ ਵੀ ਦਫ਼ਤਰ ਹੋਵੇ।

## ਜਦ ਤੱਕ ਲੋਕਾਂ ਵਿੱਚ ਅਗਿਆਨਤਾ, ਅਨਪੜ੍ਹਤਾ ਭਾਰੂ ਰਹੇਗੀ।

. . ਲੋਕ ਜਾਗਰਤ ਨਹੀਂ ਹੋਣਗੇ।

. . ਆਪਣੇ ਫ਼ਰਜ਼ਾਂ ਨਹੀਂ ਪਹਿਚਾਨਣਗੇ।

. . ਆਪਣੇ ਹੱਕਾਂ ਬਾਰੇ ਨਹੀਂ ਜਾਨਣਗੇ।

. . ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾ ਕੇ ਕਾਬਿਲ ਨਹੀਂ ਬਨਾਉਣਗੇ।

. . ਆਪਣੇ ਅੰਦਰ ਮਰੀ ਹੋਈ ਮਨੁੱਖਤਾ ਨੂੰ ਨਹੀਂ ਜਗਾਉਣਗੇ।

. . ਇਸ ਸਮਾਜ ਨੂੰ ਆਪਣਾ ਘਰ ਨਹੀਂ ਸਮਝਣਗੇ।

. . ਜ਼ਾਤ-ਪਾਤ ਦੇ ਚੱਕਰਾਂ ਵਿੱਚ ਰਹਿਣਗੇ।

. . ਆਪਣੇ ਅੰਦਰੋਂ ਲਾਲਚ, ਸੁਆਰਥ, ਮਤਲਭ-ਪ੍ਰਸਤੀ ਨੂੰ ਨਹੀਂ ਕੱਢਣਗੇ।

. . . . ਆਪਣੀ ਵੋਟ ਦੀ ਸਹੀ ਵਰਤੋਂ ਨਹੀਂ ਕਰਨਗੇ।

. . ਤੱਦ ਤੱਕ ਢਹਿੰਦੀ ਕਲਾ ਦਾ ਵਰਤਾਰਾ ਵਰਤਦਾ ਰਹੇਗਾ। ਚੱਕਰ ਚੱਲਦਾ ਰਹੇਗਾ।

*** ਮਨੁੱਖਾ ਸਮਾਜ ਵਿੱਚ ਜਾਗਰਤ ਅਤੇ ਸਮਝਦਾਰ ਪੜ੍ਹੇ ਲਿਖੇ ਲੋਕਾਂ ਦੀ ਏਕਤਾ ਹੀ ਸਮਾਜ ਵਿੱਚ ਸੁਧਾਰ ਲਿਆ ਸਕਦੀ ਹੈ।

. . ਆਪਾਂ ਰਲ ਕੇ ਕੁਰੱਪਟ ਨਿਜ਼ਾਮ ਤੋਂ ਰਾਹਤ ਪਾ ਸਕਦੇ ਹਾਂ।

. . ਆਪਾਂ ਰਲ ਕੇ ਗੌਰਮਿੰਟ ਬਦਲ ਸਕਦੇ ਹਾਂ।

. . ਗੰਦੇ ਭੈੜੇ ਕਿਰਦਾਰ ਵਾਲੇ ਲੀਡਰਾਂ ਨੂੰ ਬਾਹਰ ਦਾ ਰੱਸਤਾ ਵਿਖਾ ਸਕਦੇ ਹਾਂ।

. . ਪੂਰੇ ਸਮਾਜ ਵਿੱਚ ਚੰਗੇ ਪੰਥ ਦਰਦੀਆਂ ਨੂੰ ਚੋਣਾਂ ਜਿੱਤਾ ਕੇ, ਅੱਗੇ ਲਿਆ ਕੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਤੇਜ਼ੀ ਲਿਆ ਸਕਦੇ ਹਾਂ।

. . ਅਖੀਰੀ ਗੱਲ ਜੱਦ ਤੱਕ ਆਪਾਂ ਗਿਆਨਵਾਨ ਹੋਕੇ ਆਪਣੇ ਆਪ ਨੂੰ ਜਗਾਉਣਾ ਨਹੀਂ ਕਰਦੇ … ਤੱਦ ਤੱਕ ਬਦਲਾਅ ਨਹੀਂ ਆ ਸਕਦਾ।

. . ਸਾਨੂੰ ਆਪਣੇ-ਆਪ ਵਿੱਚ ਸਮੇਂ ਦੇ ਅਨੁਸਾਰੀ ਬਦਲਾਅ ਲੈਕੇ ਆਉਣਾ ਹੋਵੇਗਾ ਅਗਰ ਅਸੀਂ ਸਮਾਜ ਵਿੱਚ ਸੁਧਾਰ ਚਹੁੰਦੇ ਹਾਂ ਤਾਂ।

. . ਨਹੀਂ ਤਾਂ।

. . ਤੱਦ ਤੱਕ ਇਹ ਢਹਿੰਦੀਆਂ ਕਲਾਂ ਵਾਲੇ ਹਾਲਾਤ ਸਾਡੇ ਮਨੁੱਖਾ ਸਮਾਜ ਵਿੱਚ ਬਣੇ ਰਹਿਣਗੇ।

… ( ( (ਰਜ਼ਵਾੜੇ, ਲਾਲਚੀ, ਸੁਆਰਥੀ, ਪੈਸੇ ਵਾਲੇ, ਮਤਲਭੀ, ਖ਼ੁਦਗਰਜ਼, ਮੱਕਾਰ, ਫਰੇਬੀ, ਧੌਖੇਬਾਜ਼, ਚਾਪਲੂਸ, ਚਮਚੇ ਕਿਸਮ ਦੇ ਲੋਕ, ਕੋਈ ਮੌਕਾ ਨਹੀਂ ਛੱਡਣਗੇ/ਗਵਾਉਣਗੇ, ਲੋਕਾਂ ਨੂੰ ਬੇਵਕੂਫ ਬਨਾਉਣ ਦਾ/ਲੁੱਟਣ ਦਾ/ਖੋਹਣ ਦਾ/ਤੁਹਾਡੇ ਹੱਕਾਂ ਉੱਪਰ ਡਾਕੇ ਮਾਰਨ ਦਾ।))

*** ਜਾਗਣਾ, ਗਿਆਨਵਾਨ ਹੋਣਾ ਅਤੇ ਲੋੜੀਂਦੀਆਂ ਜਾਣਕਾਰੀ ਲੈਣੀਆਂ, ਇਕੱਠੀਆਂ ਕਰਨੀਆਂ ਅਤੇ ਨਾਲ ਨਾਲ ਆਪਣੇ ਫਰਜ਼ਾਂ, ਜਿੰਮੇਂਵਾਰੀਆਂ ਨੂੰ ਸਮਝਦੇ ਪਹਿਚਾਣਦੇ ਆਪਣੇ ਕੰਮਾਂ ਨੂੰ ਸਾਰੰਜਾਮ ਵਿੱਚ ਲਿਆਉਣਾ ਸਾਡਾ ਆਪਣਾ ਕੰਮ ਹੈ, ਫਰਜ਼ ਹੈ, ਜਿੰਮੇਂਵਾਰੀ ਹੈ।

. . ਹੁਣ ਜਾਗਣਾ ਕਿਸਨੇ ਹੈ, `ਚੜ੍ਹਦੀ ਕਲਾ’. . ਕਿਸਨੇ ਕਰਨੀ/ਕਰਾਉਣੀ ਹੈ? ? ? ?

. . ਜਵਾਬ. . ਮੈਂ ਖ਼ੁਦ। ( ( (ਨਹੀਂ ਤਾਂ ਢਹਿੰਦੀ-ਕਲਾ ਵੱਲ ਤਾਂ ਜਾ ਹੀ ਰਹੇ ਹਾਂ।)))

** ਸੋ ਆਉ ਕੋਸ਼ਿਸ ਕਰੀਏ ਕਿ ਇਹ ਮਨੁੱਖਾ ਜੀਵਨ ਇਸਦੀ ਮਿਆਦ ਕੋਈ ਜਿਆਦਾ ਨਹੀਂ ਹੈ। "ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥ ਮ 1॥ ਪੰਨਾ 660॥ ਆਪਣੇ ਇਸ ਵਰਤਮਾਨ ਵਿੱਚ ਇਸਦੀ ਸੁਵਰਤੋਂ ਕਰਦੇ ਹੋਏ ਆਪਣੇ ਪਿਛੇ ਕੁੱਝ ਅਜੇਹੀਆਂ ਯਾਦਾਂ ਛੱਡ ਜਾਈਏ ਤਾਂ ਜੋ ਤੁਹਾਡੇ ਬਾਅਦ ਵਿੱਚ ਵੀ ਕੋਈ ਤੁਹਾਨੂੰ ਯਾਦ ਕਰਦਾ ਰਹੇ।

ਭੁੱਲ ਚੁੱਕ ਲਈ ਮੁਅਫ਼ ਕਰਨਾ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਅਸਟਰੇਲੀਆ (22 ਜੂਨ 2018)




.