.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਦ੍ਹਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੬ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ॥ ੧ {ਪੰਨਾ ੭੮੭}

ਮਃ ੩॥ ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ॥ ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾੑਲੰਨਿੑ॥ ੨ 

ਮਃ ੩॥ ਕੰਤਾ ਨਾਲਿ ਮਹੇਲੀਆ, ਸੇਤੀ ਅਗਿ ਜਲਾਹਿ॥ ਜੇ ਜਾਣਹਿ ਪਿਰੁ ਆਪਣਾ, ਤਾ ਤਨਿ ਦੁਖ ਸਹਾਹਿ॥ ਨਾਨਕ ਕੰਤ ਨ ਜਾਣਨੀ, ਸੇ ਕਿਉ ਅਗਿ ਜਲਾਹਿ॥ ਭਾਵੈ ਜੀਵਉ ਕੈ ਮਰਉ, ਦੂਰਹੁ ਹੀ ਭਜਿ ਜਾਹਿ॥ ੩ 

ਪਉੜੀ॥ ਤੁਧੁ ਦੁਖੁ ਸੁਖੁ ਨਾਲਿ ਉਪਾਇਆ, ਲੇਖੁ ਕਰਤੈ ਲਿਖਿਆ॥ ਨਾਵੈ ਜੇਵਡ ਹੋਰ ਦਾਤਿ ਨਾਹੀ, ਤਿਸੁ ਰੂਪੁ ਨ ਰਿਖਿਆ॥ ਨਾਮੁ ਅਖੁਟੁ ਨਿਧਾਨੁ ਹੈ, ਗੁਰਮੁਖਿ ਮਨਿ ਵਸਿਆ॥ ਕਰਿ ਕਿਰਪਾ ਨਾਮੁ ਦੇਵਸੀ, ਫਿਰਿ ਲੇਖੁ ਨ ਲਿਖਿਆ॥ ਸੇਵਕ ਭਾਇ ਸੇ ਜਨ ਮਿਲੇ, ਜਿਨ ਹਰਿ ਜਪੁ ਜਪਿਆ॥ ੬ 

ਸਨਿਮ੍ਰ ਬੇਨਤੀ: — "ਸੂਹੀ ਕੀ ਵਾਰ ਮਹਲਾ ੩" ਦੀ ਚੱਲ ਰਹੀ ਇਸ ਲੜੀ ਦੀ ਕਿਸ਼ਤ ਨੰ: ੧੩ ਦੇ ਅੰਤ `ਚ ਦਿੱਤੇ ਵਿਸ਼ੇਸ਼ ਨੋਟ ਰਾਹੀਂ ਅਸਾਂ ਸਪਸ਼ਟ ਕੀਤਾ ਸੀ ਕਿ ਪਉੜੀ ਨੰ: ੬ ਨਾਲ ਸੰਬੰਧਤ ਸਲੋਕਾਂ ਵਿੱਚਲੇ ਬ੍ਰਾਹਮਣ ਮੱਤ ਦੀ ਉਪਜ ਮੁੱਖ ਵਿਸ਼ੇ ਸਤੀ ਪ੍ਰਥਾ ਦੇ ਪਿਛੋਕੜ ਅਤੇ ਨਾਲ ਨਾਲ ਉਸ ਸੰਬੰਧੀ ਗੁਰਮੱਤ ਆਧਾਰਤ ਲੋੜੀਂਦਾ ਵੇਰਵਾ ਵੀ ਇਸ ਤੋਂ ਅਗ਼ਲੀ ਕਿਸ਼ਤ ਨੰ: ੧੪ (ਚੌਦ੍ਹਾਂ) ਤੋਂ ਅਰੰਭ ਕਰਾਂਗੇ ਜੀ।

ਉਪ੍ਰੰਤ ਲੜੀ ਨੂੰ ਅੱਗੇ ਚਲਾਉਂਦੇ ਹੋਏ ਪਹਿਲਾਂ ਇਹ ਸਮਝਾਂ ਗੇ ਕਿ ਆਖ਼ਿਰ ਸਤੀ ਪ੍ਰਥਾ ਹੈ ਕੀ ਇਸ ਦਾ ਪਿਛੌਕੜ ਕੀ ਅਤੇ ਕਿੱਥੇ ਹੈ? ਤਾਂ ਤੇ ਸੰਬੰਧਤ ਸਤੀ ਪ੍ਰਥਾ ਵਾਲੇ ਵਿਸ਼ੇ ਵੱਲ ਵੱਧਦੇ ਹੋਏ:-

() ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨਕੋਸ਼ ਅਨੁਸਾਰ:-

ਸੰ. … ਪਤਿਵ੍ਰਤ ਧਾਰਨ ਵਾਲੀ ਇਸਤ੍ਰੀ… "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨਿੑ" (ਵਾਰ ਸੂਹੀ ਮਃ ੩) ਮਨ ਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ ਇਸਤ੍ਰੀ "ਸਤੀਆਂ ਸਉਤ ਟੋਭਰੀ ਟੋਏ॥ (੫-੧੦-੫) (ਭਾ: ਗੁ: )

ਹਿੰਦੂ ਮਤ ਦੇ ਧਰਮ ਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ-ਕਰਮ ਹੈ। ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧਿ੍ਯਾਯ ਵਿੱਚ ਲਿਖਿਆ ਹੈ ਜੋ ਇਸਤ੍ਰੀ ਆਪਣੇ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ। ਐਸੀ ਹੀ ਆਗਿਆ ਦਕਸ਼ ਸਿਮ੍ਰਿਤਿ ਦੇ ਚੌਥੇ ਅਧਿ੍ਯਾਯ ਵਿੱਚ ਵੀ ਹੈ।

ਜਦਕਿ ਗੁਰਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ ਜਿਵੇਂ "ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨਿੑ॥ ਨਾਨਕ ਸਤੀਆ ਜਾਣੀਅਨਿੑ, ਜਿ ਬਿਰਹੇ ਚੋਟ ਮਰੰਨਿੑ" (ਵਾਰ ਸੂਹੀ ਮਃ ੩)

ਬ੍ਰਹਮ ਸਮਾਜ ਦੇ ਬਾਨੀ ਰਾਜਾ ਰਾਮ ਮੋਹਨ ਰਾਇ, ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ ਨੇ ਦਸੰਬਰ ਸੰਨ ੧੮੨੯ ਵਿੱਚ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ। ਪੰਜਾਬ ਤੇ ਰਾਜਪੂਤਾਨੇ ਵਿੱਚ ਵੀ ਸਤੀ ਦੀ ਬੰਦੀ ਸੰਨ ੧੮੪੭ ਵਿੱਚ ਹੋਈ ਹੈ।

ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਨ ਵਿੱਚ ਕਥਾ ਹੈ-ਦਕਸ਼ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ,. ਦੇਵੀ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖ ਕੇ ਜਦ ਜੱਗ ਦੇ ਕ਼ੁੰਡ ਵਿੱਚ ਡਿੱਗ ਕੇ ਪ੍ਰਾਣ ਤਿਆਗੇ।

ਤਦ ਸ਼ਿਵ ਨੇ ਆ ਕੇ ਦਕਸ਼ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨੀਕੁੰਡ ਵਿਚੋਂ ਕੱਢ ਕੇ ਕੰਧੇ ਤੇ ਰੱਖ ਲੀਤਾ ਅਤੇ ਰਾਤ-ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ।

ਵਿਸ਼ਨੂੰ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਹੁੰਦਾ ਦੇਖ ਸੁਦਰਸ਼ਨ ਚਕ੍ਰ ਨਾਲ ਉਸ ਲੋਥ ਦੇ ਟੁਕੜੇ-ਟੁਕੜੇ ਕਰ ਦਿੱਤੇ।

ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ। ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾ ਮੁਖੀ, ਨੇਤ੍ਰਾਂ ਦੀ ਥਾਂ ਨੈਨਾ ਦੇਵੀ ਆਦਿ। ਤੰਤ੍ਰ ਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਸਰੀਰ ਦੇ ਅੰਗ ੫੧ ਥਾਂ ਡਿੱਗੇ ਅਤੇ ਉਹ ਸਭ ਸਥਾਨ "ਦੇਵੀ ਪੀਠ" ਕਹੇ ਜਾਂਦੇ ਹਨ।

(ਅ) ਸਤੀ ਪ੍ਰਥਾ ਬਾਰੇ ਕੁੱਝ ਹੋਰ ਵੇਰਵਾ- ਸਤੀ ਪ੍ਰਥਾ ਬਾਰੇ ਗਰੁੜ ਪੁਰਾਣ ਵਿੱਚਲੇ ‘ਸਪਿੰਡੀਕਰਣ’ ਅਤੇ ‘ਦਾਨ ਦੇ ਅਧਿਕਾਰ’ ਵਾਲੇ ਅਧ੍ਯਾਯ `ਚ ਇਥੋਂ ਤੀਕ ਲਿਖਿਆ ਹੋਇਆ ਹੈ ਕਿ ਜਿਹੜੀ ਇਸਤ੍ਰੀ ਆਪਣੇ ਪਤੀ ਨਾਲ ਚਿਤਾ `ਚ ਸੜ ਕੇ ਨਹੀਂ ਮਰਦੀ, ਉਹ ਪਰਲੋ ਤੀਕ ਪਤੀ-ਲੋਕ ਨੂੰ ਪ੍ਰਾਪਤ ਨਹੀਂ ਹੋ ਸਕਦੀ। ਅਜਿਹੀ ਇਸਤ੍ਰੀ ਦੇਵ ਪ੍ਰਮਾਣ ਦੇ ਦਸ ਹਜ਼ਾਰ ਸਾਲਾਂ ਤੀਕ ਦੁਖ ਭੋਗਦੀ ਹੈ ਅਤੇ ਜਿਉਂਦੇ ਜੀਅ ਵੀ ਦੂਜਿਆਂ ਦੇ ਕੁਬੋਲ ਸਹਿੰਦੀ ਰਹਿੰਦੀ ਹੈ। ਫ਼ਿਰ ਜੇ ਉਹ ਮਰ ਕੇ ਦੋਬਾਰਾ ਜਨਮ ਲੈਂਦੀ ਵੀ ਹੈ ਤਾਂ ਵੀ ਉਸ ਨੂੰ ਵੇਸ਼ਿਆ ਦਾ ਜਨਮ ਹੀ ਮਿਲਦਾ ਹੈ।

ਦੂਜੇ ਪਾਸੇ ਜਿਹੜੀ ਇਸਤ੍ਰੀ ਆਪਣੇ ਮਾਤਾ-ਪਿਤਾ, ਬਾਲ ਬੱਚੇ, ਸਾਰਿਆਂ ਦਾ ਮੋਹ ਤਿਆਗ ਕੇ ਪਤੀ ਦੀ ਚਿਤਾ `ਚ ਸੜ ਮਰਦੀ ਹੈ, ਉਹ ਦੇਵ ਪ੍ਰਮਾਣ ਦੇ ਸਾਢੇ ਤਿੰਨ ਕ੍ਰੋੜ ਸਾਲਾਂ ਤੀਕ, ਤਾਰਿਆਂ ਨਾਲ ਸੁਰਗਾਂ `ਚ ਨਿਵਾਸ ਕਰਦੀ ਹੈ। (ਜਦਕਿ ਗਰੁੜ ਪੁਰਾਣ `ਚ ਇਹ ਵੀ ਲਿਖਿਆ ਹੋਇਆ ਹੈ ਕਿ ਮਨੁੱਖ ਦੇ ਦਸ ਹਜ਼ਾਰ ਸਾਲ ਬਰਾਬਰ ਹਨ ਦੇਵਤਿਆਂ ਦਾ ਇੱਕ ਸਾਲ)

ਬਲਕਿ ਗਰੁੜ ਪੁਰਾਣ ਵਿੱਚਲੇ ‘ਸਪਿੰਡੀਕਰਣ’ ਅਤੇ ‘ਦਾਨ ਦੇ ਅਧਿਕਾਰ’ ਵਾਲੇ ਅਧ੍ਯਾਯ `ਚ ਇਥੋਂ ਤੀਕ ਵੀ ਲਿਖਿਆ ਹੋਇਆ ਹੈ, ਜਿਹੜੀ ਪਤਨੀ ਭਾਵੇਂ ਸਾਰੀ ਉਮਰ ਆਪਣੇ ਪਤੀ ਵਿਰੁਧ ਰਹੀ ਤੇ ਉਸ ਨੂੰ ਦੁਖ ਵੀ ਦਿੰਦੀ ਰਹੀ ਹੋਵੇ। ਜੇ ਉਹ ਆਪਣੇ ਪਤੀ ਨਾਲ ਸਤੀ ਹੋ ਜਾਂਦੀ ਹੈ ਭਾਵ ਉਸ ਦੀ ਚਿਖ਼ਾ `ਚ ਉਸ ਦੀ ਲਾਸ਼ ਨਾਲ ਸੜ ਮਰਦੀ ਹੈ ਤਾਂ ਉਸ ਦੇ ਸਾਰੇ ਪਾਪਾਂ ਦਾ ਪ੍ਰਾਸ਼ਚਿੱਤ ਹੋ ਜਾਂਦਾ ਹੈ।

ਇਹ ਵੀ, ਜੇ ਜੀਵਨ `ਚ ਉਸ ਦਾ ਪਤੀ ਰਜਵਾਂ ਕੁਕਰਮੀ, ਵਿਭਚਾਰੀ ਆਦਿ ਵੀ ਰਿਹਾ ਹੋਵੇ, ਸਤੀ ਹੋਣ ਵਾਲੀ ਪਤਨੀ ਸੱਦਕਾ, ਉਸ ਦੇ ਪਤੀ ਦੇ ਵੀ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।

ਜੇ ਕਿਸੇ ਨੂੰ ਇਸ ਵੇਰਵੇ `ਤੇ ਯਕੀਨ ਨਾ ਹੋਵੇ ਤਾਂ ਉਹ ਆਪ ਗਰੁੜ ਪੁਰਾਣ ਪੜ੍ਹ ਲਵੇ; ਇਸ ਨਾਲ ਉਸ ਨੂੰ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ-ਵੇਰਵਿਆਂ ਦਾ ਪਤਾ ਲਗ ਜਾਵੇਗਾ।

(ੲ) "ਸਤੀਆ ਏਹਿ ਨ ਆਖੀਅਨਿ. ."- ਉਂਜ ਤਾਂ ਅਸੀਂ ਇਹ ਵੀ ਪੜ੍ਹ ਆਏ ਹੈ ਕਿ ਬ੍ਰਹਮ ਸਮਾਜ ਦੇ ਬਾਨੀ ਰਾਜਾ ਰਾਮ ਮੋਹਨ ਰਾਇ, ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ ਨੇ ਦਸੰਬਰ ਸੰਨ ੧੮੨੯ ਵਿੱਚ ਸਤੀ ਹੋਣ ਦੇ ਵਿਰੁੱਧ ਭਾਰਤ `ਚ ਕਾਨੂੰਨ ਜਾਰੀ ਕੀਤਾ ਸੀ।

ਜਦਕਿ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸੰਸਾਰ ਤਲ `ਤੇ ਸਭ ਤੋਂ ਪਹਿਲਾਂ ਬ੍ਰਾਹਮਣ ਮੱਤ ਰਾਹੀਂ ਧਰਮ ਦੇ ਨਾਮ `ਤੇ ਇਸਤ੍ਰੀ ਜਗਤ ਲਈ ਸਥਾਪਤ "ਸਤੀ ਪ੍ਰਥਾ" ਵਾਲੀ ਇਸ ਹੱਦ ਦਰਜੇ ਦੀ ਜ਼ਾਲਮਾਨਾਂ ਤੇ ਕਰੂਰ ਰੀਤੀ ਨੂੰ, ਬਾਦਸ਼ਾਹ ਅਕਬਰ ਰਾਹੀਂ ਅਤੇ ਅਕਬਰ ਨੂੰ ਕਹਿ ਕੇ ਤੀਜੇ ਪਾਤਸ਼ਾਹ "ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ" ਹੀ ਬੰਦ ਕਰਵਾ ਦਿੱਤਾ ਸੀ।

ਉਪ੍ਰੰਤ ਇਹ ਵੀ ਸੱਚ ਹੈ ਕਿ "ਸੂਹੀ ਕੀ ਵਾਰ ਮ: ਤੀਜਾ" ਆਧਾਰਤ ਹੱਥਲੇ ਗੁਰਮੱਤ ਪਾਠ ਦੀ ਵਾਰ ਦੀ ਛੇਵੀ ਪਉੜੀ ਨਾਲ ਸੰਬੰਧਤ ਤੀਜੇ ਪਾਤਸ਼ਾਹ ਦੇ ਉਪ੍ਰੋਕਤ ਤਿੰਨ ਦੇ ਤਿੰਨ ਸਲੋਕ ਹੀ, ਇਸ "ਸਤੀ ਪ੍ਰਥਾ" ਨਾਲ ਸੰਬੰਧਤ ਹਨ ਤੇ ਇਸ ਪੱਖੋਂ ਗੁਰਬਾਣੀ ਵਿਚਾਰਧਾਰਾ ਨੂੰ ਹੀ ਪ੍ਰਗਟ ਕਰ ਰਹੇ ਹਨ।

ਫ਼ਿਰ ਇਤਨਾ ਹੀ ਨਹੀਂ ਗੁਰਬਾਣੀ `ਚ ਹੋਰ ਵੀ ਬਹੁਤ ਥਾਵੇਂ ਇਸ "ਸਤੀ ਪ੍ਰਥਾ" ਵਾਲੇ ਵਿਸ਼ੇ ਨੂੰ ਖੁੱਲ ਕੇ ਨਿਭਾਇਆ ਹੋਇਆ ਹੈ ਅਤੇ ਨਾਲ-ਨਾਲ ਇਸ ਕੁਰੀਤੀ ਦਾ ਖੰਡਣ ਵੀ ਕੀਤਾ ਹੋਇਆ ਹੈ।

(ਸ) ਬ੍ਰਾਹਮਣ ਮੱਤ ਦੀ ਉਪਜ "ਸਤੀ ਪ੍ਰਥਾ" ਵਾਲੇ ਵਿਸ਼ੇ ਵੱਲ ਹੋਰ ਅੱਗੇ ਵੱਧਦੇ ਹੋਏ ਅਸੀਂ (੧) "ਗਉੜੀ ਗੁਆਰੇਰੀ" ਰਾਗ `ਚ ਪੰ: ੧੮੫ `ਤੇ ਦਰਜ ਪੰਜਵੇਂ ਪਾਤਸ਼ਾਹ ਦਾ ਸ਼ਬਦ "ਕਲਿਜੁਗ ਮਹਿ ਮਿਲਿ ਆਏ ਸੰਜੋਗ" ਅਤੇ

(੨) ਗਉੜੀ ਰਾਗ ਵਿੱਚਲਾ ਕਬੀਰ ਸਾਹਿਬ ਦਾ ਸ਼ਬਦ "ਬਿਨੁ ਸਤ ਸਤੀ, ਹੋਇ ਕੈਸੇ ਨਾਰਿ" (ਪੰ: ੩੨੮) ਤੇ (੩) ਭਾ: ਗੁ: ਜੀ ਦੀਆਂ ਵਾਰਾਂ `ਚੋਂ ਵੀ "ਸਤੀ ਪ੍ਰਥਾ" ਵਾਲੇ ਵਿਸ਼ੇ ਨੂੰ ਸੰਗਤਾਂ ਦੀ ਜਾਣਕਾਰੀ ਲਈ "ਅਰਥਾਂ ਅਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ" ਉਹ ਵੀ ਲੈ ਰਹੇ ਹਾਂ।

ਤਾਂ ਤੇ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ ਇਸ ਲੜੀ `ਚ ਸਭ ਤੋਂ ਪਹਿਲਾਂ ਅਸੀਂ "ਅਰਥਾਂ ਅਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ" ਪੰਜਵੇਂ ਪਾਤਸ਼ਾਹ ਦਾ ਸ਼ਬਦ "ਕਲਿਜੁਗ ਮਹਿ ਮਿਲਿ ਆਏ ਸੰਜੋਗ" ਲੈ ਰਹੇ ਹਾਂ। ਉਪ੍ਰੰਤ ਇਹ ਪੂਰਾ ਸ਼ਬਦ ਹੈ:-

"ਜਲੈ ਨ ਪਾਈਐ ਰਾਮ ਸਨੇਹੀ" — "ਗਉੜੀ ਗੁਆਰੇਰੀ ਮਹਲਾ ੫॥ ਕਲਿਜੁਗ ਮਹਿ ਮਿਲਿ ਆਏ ਸੰਜੋਗ॥ ਜਿਚਰੁ ਆਗਿਆ ਤਿਚਰੁ ਭੋਗਹਿ ਭੋਗ॥ ੧॥ ਜਲੈ ਨ ਪਾਈਐ ਰਾਮ ਸਨੇਹੀ॥ ਕਿਰਤਿ ਸੰਜੋਗਿ ਸਤੀ ਉਠਿ ਹੋਈ॥ ੧॥ ਰਹਾਉ॥ ਦੇਖਾ ਦੇਖੀ ਮਨ ਹਠਿ, ਜਲਿ ਜਾਈਐ॥ ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ॥ ੨॥ ਸੀਲ ਸੰਜਮਿ ਪ੍ਰਿਅ ਆਗਿਆ ਮਾਨੈ॥ ਤਿਸੁ ਨਾਰੀ ਕਉ ਦੁਖੁ ਨ ਜਮਾਨੈ॥ ੩॥ ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ॥ ਧੰਨੁ ਸਤੀ ਦਰਗਹ ਪਰਵਾਨਿਆ"॥ ੪॥ ੩੦॥ ੯੯॥ {ਪੰ: ੧੮੫}

ਜਲੈ ਪਾਈਐ ਰਾਮ ਸਨੇਹੀ॥ ਕਿਰਤਿ ਸੰਜੋਗਿ ਸਤੀ ਉਠਿ ਹੋਈ॥ ੧॥ ਰਹਾਉ॥

ਪਦ ਅਰਥ : ਜਲੈ—ਅੱਗ `ਚ ਸੜਿਆਂ। ਰਾਮਜ਼ਰੇ ਜ਼ਰੇ `ਚ ਰਮਿਆ ਹੋਇਆ ਵਿਆਪਕ ਅਕਾਲਪੁਰਖ। ਸਨੇਹੀ—ਪਿਆਰਾ। ਰਾਮ ਸਨੇਹੀ— ਜ਼ਰੇ ਜ਼ਰੇ `ਚ ਰਮਿਆ ਤੇ ਵਸਿਆ ਹੋਇਆ ਤੇ ਨੂੰ ਪਿਆਰ ਕਰਣ ਵਾਲਾ ਅਕਾਲਪੁਰਖ। ਕਿਰਤਿ— ਕੀਤੇ ਹੋਏ ਕਰਮਾਂ ਕਾਰਣ। ਕਿਰਤਿ ਸੰਜੋਗ—ਸੰਸਾਰ ਵਿੱਚਲੇ ਸਾਡੇ ਅਜੋਕੇ ਸੰਬੰਧਾਂ ਤੇ ਰਿਸ਼ਤਿਆਂ ਵਿਚਾਲੇ ਪ੍ਰਭੂ ਵੱਲੋਂ ਬਣਾਏ ਤੇ ਘੜੇ ਹੋਏ ਸੰਜੋਗਉਠਿ—ਉੱਠ ਕੇ, ਸੰਸਾਰ `ਚ ਆ ਕੇ, ਸੰਸਾਰ `ਚ ਜਨਮ ਲੈਣ ਬਾਅਦ। ੧। ਰਹਾਉ।

(ਸਨਿਮ੍ਰ ਬੇਨਤੀ-ਇਸ ਰਹਾਉ ਵਿੱਚਲਾ ਲਫ਼ਜ਼ ਕਿਰਤਿ ਸੰਜੋਗ ਵਿਸ਼ੇਸ਼ ਧਿਆਨ ਮੰਗਦਾ ਹੈ। ਸੰਬੰਧਤ ਵੇਰਵੇ ਨੂੰ ਰਹਾਉ ਦੇ ਬੰਦ ਦੇ ਅਰਥਾਂ ਅਤੇ ਅੰਤ `ਚ ਦਿੱਤੇ ਵਿਸ਼ੇਸ਼ ਨੋਟ `ਚੋਂ ਘੋਖ ਲਿਆ ਜਾਵੇ ਜੀ।)

ਅਰਥ: — "ਜਲੈ ਪਾਈਐ, ਰਾਮ ਸਨੇਹੀ" - ਗੁਰਬਾਣੀ ਅਨੁਸਾਰ ਸੰਸਾਰ ਤਲ `ਤੇ ਉਚੇਚੇ ਇਸਤ੍ਰੀ ਜਗਤ ਲਈ ਪ੍ਰਚਲਤ ਸਤੀ ਪ੍ਰਥਾ ਵਾਲੇ ਵਿਸ਼ਵਾਸ ਨੂੰ ਨਿਭਾਉਣ ਲਈ ਇਸਤ੍ਰੀ ਰਾਹੀਂ ਆਪਣੇ ਪਤੀ ਦੀ ਲਾਸ਼ ਨਾਲ ਉਸ ਦੀ ਚਿਤਾ `ਚ ਸੜ ਕੇ ਮਰ ਜਾਣ ਨਾਲ, ਉਸ ਦਾ ਮਰ ਚੁੱਕਾ ਪਤੀ ਉਸ ਇਸਤ੍ਰੀ ਨੂੰ ਨਹੀਂ ਮਿਲਦਾ। ਜਦਕਿ ਗੁਰਬਾਣੀ ਅਨੁਸਾਰ:-

ਮਨੁੱਖਾ ਜਨਮ ਦਾ ਇਕੋ ਇੱਕ ਮਕਸਦ ਇਸ ਜੀਵ-ਇਸਤ੍ਰੀ ਰਾਹੀਂ "ਗੁਰਪ੍ਰਸਾਦਿ" ਭਾਵ ਸ਼ਬਦ ਗੁਰੂ ਦੀ ਕਮਾਈ ਕਰਕੇ ਰਾਮ ਸਨੇਹੀ ਪ੍ਰਭੂ-ਪਤੀ ਨੂੰ ਪਾਉਣਾ, ਜੀਂਦੇ ਜੀਅ ਪ੍ਰਭੂ `ਚ ਸਮਉਣਾ ਤੇ ਅਭੇਦ ਹੋਣਾ ਹੀ ਹੁੰਦਾ ਹੈ। ਇਸ ਤਰ੍ਹਾਂ ਪ੍ਰਾਪਤ ਮਨੁੱਖਾ ਜਨਮ ਸਫ਼ਲ ਕਰਣਾ ਹੁੰਦਾ ਹੈ।

ਇਸ ਲਈ ਦੌਰਾਅ ਦੇਵੀਏ ਕਿ ਗੁਰਬਾਣੀ ਅਨੁਸਾਰ ਸੰਸਾਰ ਤਲ `ਤੇ ਉਚੇਚੇ ਇਸਤ੍ਰੀ ਜਗਤ ਲਈ ਪ੍ਰਚਲਤ ਸਤੀ ਪ੍ਰਥਾ ਵਾਲੇ ਵਿਸ਼ਵਾਸ ਨੂੰ ਨਿਭਾਉਣ ਲਈ ਇਸਤ੍ਰੀ ਰਾਹੀਂ ਆਪਣੇ ਪਤੀ ਦੀ ਲਾਸ਼ ਨਾਲ ਉਸ ਦੀ ਚਿਤਾ `ਚ ਸੜ ਮਰਣ ਨਾਲ, ਉਸ ਦਾ ਮਰ ਚੁੱਕਾ ਪਤੀ ਉਸ ਇਸਤ੍ਰੀ ਨੂੰ ਨਹੀਂ ਮਿਲਦਾ।

"ਕਿਰਤਿ ਸੰਜੋਗਿ ਸਤੀ ਉਠਿ ਹੋਈ’ -ਦਰਅਸ਼ਲ ਇਸ ਤਰ੍ਹਾਂ ਆਪਣੇ ਮਰ ਚੁੱਕੇ ਪਤੀ ਨਾਲ ਮੁੜ ਮਿਲਾਪ ਵਾਲੇ ਵਿਸ਼ਵਾਸ ਨੂੰ ਲੈ ਕੇ ਜੇ ਕੋਈ ਇਸਤ੍ਰੀ ਸਤੀ ਪ੍ਰਥਾ ਦਾ ਪਾਲਣ ਕਰਦੀ ਹੈ ਤਾਂ ਇਸ ਤਰ੍ਹਾਂ ਉਹ ਕੇਵਲ ਆਪਣੇ ਉਸ ਪਤੀ ਦੀ ਚਿਖਾ `ਚ ਹੀ ਸੜ ਕੇ ਮਰਦੀ ਹੈ ਜਦਕਿ ਉਸ ਅੱਗ ਅਥਵਾ ਪਤੀ ਦੀ ਉਸ ਚਿਖ਼ਾ `ਚ ਸੜ ਕੇ ਮਰਣ ਨਾਲ ਉਸ ਦਾ ਮਰ ਚੁੱਕੇ ਪਤੀ ਨਾਲ ਮਿਲਾਪ ਨਹੀਂ ਹੁੰਦਾ।

ਗੁਰਬਾਣੀ ਅਨੁਸਾਰ ਪ੍ਰਭੂ ਦੇ ਸੱਚ ਨਿਆਂ `ਚ ਹਰੇਕ ਦੇ ਆਪਣੇ ਕੀਤੇ ਕਰਮ ਤੇ ਬਣੇ ਹੋਏ ਸੰਸਕਾਰ ਹੀ ਹੁੰਦੇ ਹਨ ਜਿਨ੍ਹਾਂ ਦੇ ਆਧਾਰ `ਤੇ ਸੰਸਾਰ ਤਲ `ਤੇ ਸਾਡੇ ਸੰਜੋਗ ਭਾਵ ਸੰਸਾਰ `ਚ ਸਾਡੇ ਆਪਸੀ ਸੰਬੰਧ ਤੇ ਰਿਸ਼ਤੇ ਆਦਿ ਉਭਰਦੇ ਅਤੇ ਅਸੀਂ ਸੰਸਾਰ `ਚ ਵਿਚਰਦੇ ਹਾਂ।। ੧। ਰਹਾਉ।

ਕਲਿਜੁਗ ਮਹਿ ਮਿਲਿ ਆਏ ਸੰਜੋਗ॥ ਜਿਚਰੁ ਆਗਿਆ ਤਿਚਰੁ ਭੋਗਹਿ ਭੋਗ॥ ੧॥

ਪਦ ਅਰਥ : —ਕਲਿਜੁਗ ਮਹਿ—ਸੰਸਾਰ `ਚ, ਕਲਹ-ਕਲੇਸ਼ਾਂ-ਵੇੜ੍ਹੀ ਦੁਨੀਆ `ਚ। ਮਿਲਿ—ਮਿਲ ਕੇ। ਸੰਜੋਗ—ਪਿਛਲੇ ਜਨਮਾਂ ਦੇ ਸੰਜੋਗਾਂ ਕਾਰਣ। ਆਏ—ਆ ਇਕੱਠੇ ਹੋੲ। ਪ੍ਰਵਾਰ ਦੇ ਰੂਪ `ਚ ਉਜਾਗਰ ਹੋਏ। ਜਿਚਰੁ—ਜਿਤਨੇ ਸਮੇਂ ਲਈ। ਜਿਚਰੁ ਆਗਿਆ—ਪ੍ਰਭੂ-ਪ੍ਰਮਾਤਮਾ ਦੀ ਆਗਿਆ `ਚ ਤੇ ਪ੍ਰਭੂ ਵੱਲੋਂ, ਜੀਵ ਨੂੰ ਜਿੰਨੀ ਵੀ ਆਰਜਾ ਭਾਵ ਸੁਅਸਾਂ ਦੀ ਪੂੰਜੀ ਮਿਲੀ ਹੁੰਦੀ ਹੈ। ਤਿਚਰ—ਜੀਵ ਕੇਵਲ ਉਤਨੇ ਸਮੇਂ ਲਈ ਹੀ। ਭੋਗਹਿ—ਭੋਗਦੇ ਹਨ। ਭੋਗਹਿ ਭੋਗ ਪ੍ਰਵਾਰ ਆਦਿ ਤਲ `ਤੇ ਇਕੱਠੇ ਵਿਚਰਦੇ ਤੇ ਜ਼ਿੰਦਗੀਆਂ ਦੇ ਉਸ ਸਮੇਂ ਨੂੰ ਇਕੱਠਿਆਂ ਬਿਤਾਉਂਦੇ ਹਨ। ੧।

ਅਰਥ : —ਇਸ ਕਲਹ-ਕਲੇਸ਼ ਭਰਪੂਰ ਸੰਸਾਰ `ਚ ਆਪਣੇ ਪਿਛਲੇ ਸੰਜੋਗਾਂ ਕਾਰਣ ਚਲਦੇ ਪਰਕਰਣ ਅਨੁਸਾਰ ਇਹ ਉਹ ਪਤੀ ਅਤੇ ਪਤਨੀ ਦੇ ਰੂਪ `ਚ ਜਗਤ `ਚ ਆਉਂਦੇ ਹਨ ਤੇ ਆਪਣਾ ਸਾਂਝਾ ਪ੍ਰਵਾਰਕ ਜੀਵਨ ਬਤੀਤ ਕਰਦੇ ਹਨ।

ਇਸ ਤਰ੍ਹਾਂ ਜਿੰਨੇ ਚਿਰ ਲਈ ਉਨ੍ਹਾਂ ਲਈ ਪ੍ਰਭੂ ਦਾ ਹੁਕਮ ਤੇ ਆਗਿਆ ਹੁੰਦੀ ਹੈ ਉਤਨਾ ਸਮੇਂ ਲਈ ਉਨ੍ਹਾਂ ਦੇ ਇਹ ਪ੍ਰਵਾਰਕ ਸੰਬੰਧ ਬਣੇ ਰਹਿੰਦੇ ਹਨ ਅਤੇ ਪ੍ਰਵਾਰਕ ਸਾਂਝ ਨਿਭਦੀ ਰਹਿੰਦੀ ਹੈ। ੧।

ਦੇਖਾ ਦੇਖੀ ਮਨ ਹਠਿ ਜਲਿ ਜਾਈਐ॥ ਪ੍ਰਿਅ ਸੰਗੁ ਨ ਪਾਵੈ, ਬਹੁ ਜੋਨਿ ਭਵਾਈਐ॥ ੨॥

ਪਦ ਅਰਥ : —ਦੇਖਾ ਦੇਖੀ—ਲੋਕ ਦਿਖਾਵੇ ਖ਼ਾਤਰ, ਲੋਕ-ਲਾਜ ਵਜੋਂ ਇੱਕ ਦੂਜੇ ਦੀ ਨਕਲ ਜਾਂ ਰੀਸ `ਚ। ਹਠਿ—ਮਨ ਦੇ ਹਠ ਕਾਰਣ, ਬਦੋਬਦੀ। ਜਲਿ ਜਾਈਐ—ਸੜ ਮਰੀਦਾ ਹੈ। ਪ੍ਰਿਅ ਸੰਗੁ—ਪਿਆਰੇ ਪਤੀ ਦੀ ਲਾਸ਼ ਨਾਲ ਤੇ ਉਸੇ ਚਿਖ਼ਾ `ਤੇ। ਪ੍ਰਿਅ ਸੰਗੁ ਨ ਪਾਵੈ—ਪਰ ਇਸ ਤਰ੍ਹਾਂ ਉਸ ਦੀ ਚਿਖ਼ਾ `ਚ ਸੜ ਕੇ ਉਸ ਇਸਤ੍ਰੀ ਦਾ ਮਰ ਚੁੱਕੇ ਪਤੀ ਨਾਲ ਮਿਲਾਪ ਨਹੀਂ ਹੁੰਦਾ, ਉਸ ਨੂੰ ਫ਼ਿਰ ਤੋਂ ਉਸ ਦਾ ਸਾਥ ਨਹੀਂ ਮਿਲਦਾ। ਬਹੁ ਜੋਨਿ ਭਵਾਈਐ—ਇਸ ਤਰ੍ਹਾਂ ਤਾਂ ਜੀਵ ਉਲਟਾ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਆਪ ਹੀ ਖ਼ਤਮ ਕਰਕੇ ਮੁੜ ਉਸੇ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਪੈ ਜਾਂਦਾ ਹੈ, ਜਿੱਥੋਂ ਕੱਢ ਕੇ ਪ੍ਰਭੂ ਨੇ ਮਨੁੱਖਾ ਜਨਮ ਵਾਲਾ ਇਹ ਵਿਸ਼ੇਸ਼ ਅਵਸਰ ਬਖ਼ਸ਼ਿਆ ਹੁੰਦਾ ਹੈ। ੨।

ਅਰਥ : — ਕੇਵਲ ਇੱਕ ਦੂਜੇ ਦੀ ਦੇਖਾ-ਦੇਖੀ ਮਨ-ਹਠ ਕਾਰਣ ਸਤੀ-ਪ੍ਰਥਾ ਨੂੰ ਆਧਾਰ ਬਣਾ ਕੇ ਇਸਤ੍ਰੀ ਆਪਣੇ ਮਰ ਚੁੱਕੇ ਪਤੀ ਦੀ ਲਾਸ਼ ਦੇ ਨਾਲ ਉਸ ਦੀ ਚਿਖ਼ਾ `ਚ ਸੜ ਮਰਦੀ ਹੈ।

ਜਦਕਿ ਮਰ ਚੁੱਕੇ ਪਤੀ ਦੀ ਲਾਸ਼ ਨਾਲ ਉਸ ਦੀ ਚਿਖ਼ਾ `ਚ ਸੜ ਕੇ ਮਰਣ ਨਾਲ ਇਸਤ੍ਰੀ ਆਪਣੇ ਉਸ ਪਿਆਰੇ ਪਤੀ ਦਾ ਸਾਥ ਤਾਂ ਪ੍ਰਾਪਤ ਨਹੀਂ ਕਰ ਸਕਦੀ। ਇਸ ਤਰ੍ਹਾਂ ਉਲਟਾ ਉਹ ਮੁੜ ਆਪਣੇ ਲਈ ਜਨਮ-ਮਰਣ ਦਾ ਗੇੜ ਤੇ ਬੇਅੰਤ ਜੂਨਾਂ `ਚ ਭਟਕਣ ਵਾਲਾ ਰਾਹ ਹੀ ਖੋਲਦੀ ਹੈ। ੨।

ਸੀਲ ਸੰਜਮਿ ਪ੍ਰਿਅ ਆਗਿਆ ਮਾਨੈ॥ ਤਿਸੁ ਨਾਰੀ ਕਉ ਦੁਖੁ ਨ ਜਮਾਨੈ॥ ੩॥

ਪਦ ਅਰਥ : —ਸੀਲ—ਮਿੱਠਾ ਸੁਭਾਉ। ਸੰਜਮਿ—ਸੰਜਮ `ਚ, ਮਰਯਾਦਾ `ਚ, ਜੁਗਤਿ `ਚ। ਪ੍ਰਿਅ—ਪਿਆਰੇ ਦੀ। ਜਮਾਨੈ ਦੁਖੁ—ਜਮਾਂ ਦਾ ਦੁੱਖ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ। ੩।

ਅਰਥ : —ਜਦਕਿ ਮਨੁੱਖਾ ਜਨਮ ਦਾ ਸੱਚ ਤਾਂ ਇਹ ਹੈ ਕਿ ਜਿਹੜੀ ਜੀਵ-ਇਸਤ੍ਰੀ ਮਿੱਠ ਬੋਲੜੇ ਸੁਭਾਅ ਵਰਗੇ ਇਲਾਹੀ ਗੁਣਾਂ ਨੂੰ ਅਪਨਾ ਕੇ, ਸੰਸਾਰ ਤਲ `ਤੇ ਪ੍ਰਭੂ-ਪਤੀ ਦੇ ਹਰੇਕ ਹੁਕਮ ਤੇ ਰਜ਼ਾ ਨੂੰ ਸੱਚ ਕਰਕੇ ਮੰਣਦੀ ਹੈ, ਉਸ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਵਾਲਾ ਦੁੱਖ ਕਦੇ ਨਹੀਂ ਸਹਾਰਣਾ ਪੈਂਦਾ।

ਬਲਕਿ ਆਤਮਕ ਮੌਤ ਤਾਂ ਉਸ ਦੇ ਨੇੜੇ ਵੀ ਨਹੀਂ ਫਟਕਦੀ। ਉਸ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਉਹ ਜੀਂਦੇ-ਜੀਅ ਪ੍ਰਭੂ-ਪਤੀ ਦੇ ਦਰ `ਤੇ ਸਦਾ ਲਈ ਕਬੂਲ ਹੋ ਜਾਂਦੀ ਹੈ। ੩।

ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ॥ ਧੰਨੁ ਸਤੀ ਦਰਗਹ ਪਰਵਾਨਿਆ॥ ੪॥ ੩੦॥ ੯੯॥

ਪਦ ਅਰਥ : —ਜਿਨਿ—ਜਿਸ ਜੀਵ-ਇਸਤ੍ਰੀ) ਨੇ। ਕਰਿ—ਕਰ ਕੇ। ਪ੍ਰਿਉ ਪਰਮੇਸਰੁ ਕਰਿ ਜਾਨਿਆ —ਕੇਵਲ ਤੇ ਕੇਵਲ ਪ੍ਰਭੂ-ਪ੍ਰਮਾਤਮਾ ਨੂੰ ਹੀ ਆਪਣੇ ਪਤੀ ਵਜੋਂ ਪ੍ਰਵਾਣ ਕੀਤਾ, ਜਿਹੜੀ ਜੀਵ-ਇਸਤ੍ਰੀ ਇਕੋ-ਇਕ ਪ੍ਰਭੂ ਦੇ ਰੰਗ `ਚ ਰੰਗੀ ਰਹੀ। ਧੰਨੁ—ਸਲਾਹੁਣ-ਜੋਗ। ਸਤੀ—ਸੀਲ ਤੇ ਸੰਜਮੀ ਸੁਭਉ ਵਾਲੀ। ਦਰਗਹ ਪਰਵਾਨਿਆ—ਉਸ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਉਹ ਜਿਹੜੀ ਜੀਂਦੇ-ਜੀਅ ਪ੍ਰਭੂ-ਪਤੀ ਦੇ ਦਰ `ਤੇ ਸਦਾ ਲਈ ਕਬੂਲ ਹੋ ਜਾਂਦੀ ਹੈ। ੪।

ਅਰਥ : —ਹੇ ਨਾਨਕ ! ਆਖ—ਜਿਹੜੀ ਜੀਵ ਇਸਤ੍ਰੀ ਆਪਣੇ ਇਕੋ ਇੱਕ ਪ੍ਰਭੂ-ਪਤੀ ਦੇ ਦਰ ਨਾਲ ਜੁੜੀ ਰਹਿੰਦੀ ਅਤੇ ਉਸੇ ਦੇ ਰੰਗ `ਚ ਰੰਗੀ ਰਹਿੰਦੀ ਹੈ। ਦਰਅਸਲ ਉਸੇ ਜੀਵ ਇਸਤ੍ਰੀ ਜੀਵ ਇਸਤ੍ਰੀ ਨੂੰ ਹੀ ਸਤੀ ਭਾਵ ਸੁਚੱਜੇ ਸੀਲ ਤੇ ਸੰਜਮੀ ਸੁਭਾਅ ਵਾਲੀ ਜੀਵ-ਇਸਤ੍ਰੀ ਕਿਹਾ ਤੇ ਮੰਣਿਆ ਵੀ ਜਾ ਸਕਦਾ ਹੈ।

ਦਰਅਸਲ ਆਪਣੇ ਜੀਵਨ ਕਾਲ `ਚ ਹੀ ਅਜਿਹੀ ਸਹਿਜ ਤੇ ਉੱਤਮ ਆਤਮਕ ਸੁਭਾਅ ਨੂੰ ਪ੍ਰਾਪਤ ਜੀਵ-ਇਸਤ੍ਰੀ ਦਾ ਮਨੁੱਖਾ ਜਨਮ ਸਫ਼ਲ ਹੁੰਦਾ ਹੈ। ਉਹ ਪ੍ਰਭੂ-ਪਤੀ ਦੇ ਦਰ `ਤੇ ਸਦਾ ਲਈ ਕਬੂਲ ਹੋ ਜਾਂਦੀ ਹੈ। ਅਜਿਹੀ ਜੀਵ-ਇਸਤ੍ਰੀ ਮੁੜ ਭਿੰਨ-ਭਿੰਨ ਜਨਮਾਂ, ਜੂਨਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਂਦੀ, ਉਹ ਸਦਾ ਲਈ ਆਪਣੇ ਅਸਲੇ ਪ੍ਰਭੂ-ਪਤੀ `ਚ ਹੀ ਸਮਾਅ ਜਾਂਦੀ ਹੈ। ੪। ੩੦। ੯੯।

ਵਿਸ਼ੇਸ਼ ਨੋਟ-ਪਉੜੀ ਨੰ: ੬ ਨਾਲ ਆਏ ਸਲੋਕਾਂ ਵਿੱਚਲੀ ਰਹਾਉ ਵਾਲੇ ਬੰਦ ਵਿੱਚਲੀ ਸ਼ਬਦਾਵਲੀ "ਕਿਰਤਿ ਸੰਜੋਗਿ ਸਤੀ ਉਠਿ ਹੋਈ" ਅਤੇ ਬਾਣੀ "ਬਾਰਹ ਮਾਹਾ ਮਾਂਝ ਮਹਲਾ ੫" `ਚ- "ਕਿਰਤਿ ਕਰਮ ਕੇ ਵੀਛੁੜੇ… (ਪੰ: ੧੩੩) ਇਨ੍ਹਾਂ ਦੋਨਾਂ ਪੰਕਤੀਆਂ ਨੂੰ ਆਹਮਣੇ-ਸਾਹਮਣੇ ਰੱਖ ਕੇ ਵਿੱਚਲੇ ਸਾਂਝੇ ਲਫ਼ਜ਼ ਕਿਰਤਿ ਤੇ ਕਿਰਤਿ ਸੰਜੋਗਿ ਨੂੰ ਅਰਥਾਂ ਵਜੋਂ ਉਚੇਚੇ ਘੋਖਣ ਤੇ ਸਮਝਣ ਦੀ ਲੋੜ ਹੈ; ਇਸ ਨਾਲ ਗੁਰਬਾਣੀ ਅਨੁਸਾਰ ਸਾਡੇ ਪਿਛਲੇ ਕਰਮਾਂ ਤੇ ਅਜੋਕੇ ਸੰਜੋਗਾਂ ਵਾਲਾ ਵਿਸ਼ਾ ਵੀ ਆਪਣੇ ਆਪ ਸਾਫ਼ ਹੋ ਜਾਵੇਗਾ।

ਤਾਂ ਤੇ ਬਾਣੀ "ਬਾਰਹ ਮਾਹਾ ਮਾਂਝ ਮਹਲਾ ੫" ਦੀ ਪੰਕਤੀ "ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹਦਿਸ ਭ੍ਰਮੇ, ਥਕਿ ਆਏ ਪ੍ਰਭੂ ਕੀ ਸਾਮ" (ਪੰ: ੧੩੩) ਦੇ ਅਰਥ-

ਪਦ ਅਰਥ: ਕਿਰਤਿ— ਆਪਣੇ ਕੀਤੇ ਕਰਮਾਂ ਕਾਰਣ (Performance) ਕੇ—ਅਨੁਸਾਰ। ਰਾਮ—ਹੇ ਪ੍ਰਭੂ! ਕੁੰਟ—ਕੂਟ, ਪਾਸਾ। ਦਹਦਿਸ—ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ)। ਸਾਮ—ਸਰਨ।

ਅਰਥ: —ਹੇ ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ। (ਮਾਇਆ ਦੇ ਮੋਹ ਵਿੱਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਵਿੱਚ ਆਏ ਹਾਂ।

( "ਬਾਰਹ ਮਾਹਾ ਮਾਂਝ ਮਹਲਾ ੫" ਦੀ ਪੰਕਤੀ "ਕਿਰਤਿ ਕਰਮ ਕੇ, ," ਦੇ ਅਰਥ-ਧੰਨਵਾਦਿ ਸਹਿਤ ਪ੍ਰੌ: ਸਾਹਿਬ ਸਿੰਘ ਜੀ)

(ਚਲਦਾ) #Instt.6-14th--Suhi ki.Vaar M.3--03.18#v…

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਚੌਦ੍ਹ੍ਹਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.