.

ਸਿੱਖ ਵਿਚਾਰਧਾਰਾ ਦੇ ਵਿਰੋਧੀ ਕੌਣ ??( ਭਾਗ 1)
ਮਿਸ਼ਨਰੀ ਤੇ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ
ਜਾਂ
ਡੇਰੇ ਟਕਸਾਲਾਂ, ਸੰਪਰਦਾਵਾਂ, ਨਿਰਮਲੇ ਤੇ ਸ੍ਰੀ ਚੰਦੀਏ ?
-----ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇ-----

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨੁਸਾਰ ਦਿਨ ਰਾਤ ਤੇ ਰੁੱਤਾਂ ਸਾਰਾ ਕੁਝ ਪ੍ਰਮਾਤਮਾ ਨੇ ਆਪ ਬਣਾਇਆ ਹੈ।
ਗੁਰਮਤਿ ਨੇ ਇਹ ਵੀ ਸਮਝਾਇਆ ਹੈ ਕਿ ਪੂਰੇ ਰੱਬ ਨੇ ਜੋ ਵੀ ਕੁਝ ਬਣਾਇਆ ਹੈ, ਉਹ ਸਾਰਾ ਕੁਝ ਪੂਰਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਹੈ।
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥.......॥੩੩॥ {ਪੰਨਾ 1412}
ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।

ਇਸ ਲਈ ਗੁਰਮਤ ਅਨੁਸਾਰ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੈ। ਮੱਸਿਆ ਪੁੰਨਿਆਂ ਸੰਗਰਾਦਾਂ ਆਦਿ ਮਨਾਉਣੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ ਵਹਿਮੀ ਭਰਮੀ ਤੇ ਨਾ ਨਾਸਮਝ ਲੋਕਾਂ ਦਾ ਕਰਮ ਹੈ।

ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {ਪੰਨਾ 842-843}

ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ।
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।

ਗਿਆਨੀ ਕਦੇ ਵੀ ਇਨ੍ਹਾਂ ਵਹਿਮਾਂ ਭਰਮਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ।
ਕਿਉਂਕਿ ਇਹ ਸਭ ਕੁਝ ਧਰਮ ਵਿੱਚ ਵੜੇ ਠੱਗ ਵਪਾਰੀ ਲੋਕਾਂ ਨੇ ਆਮ ਲੋਕਾਂ ਤੋਂ ਪੈਸੇ/ਮਾਇਆ ਇਕੱਠੀ ਕਰਨ ਲਈ ਆਪ ਬਣਾਏ ਨੇ..

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥ {ਪੰਨਾ 970}
ਅਰਥ: ਹੇ ਬ੍ਰਾਹਮਣ! ਤੂੰ ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।2।

ਹੋਰ ਦੇਖੋ ....
ਪਉੜੀ ॥ ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥ ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥ ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥ {140}
ਅਰਥ: (ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ) । ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ, ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ। (ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤਿ ਜੋੜਨੀ ਚਾਹੀਦੀ ਹੈ।

ਗੁਰਬਾਣੀ ਸਾਨੂੰ ਇਹਨਾਂ ਪਰਮਾਣਾਂ ਰਾਹੀਂ ਮੱਸਿਆ ਪੁੰਨਿਆਂ ਸੰਗਰਾਦਾਂ ਚੌਦੇੰ ਆਦਿ ਮਨਾਉਣ ਦੇ ਵਹਿਮਾਂ ਵਿੱਚੋਂ ਬਾਹਰ ਕੱਢਦੀ ਹੈ।
ਗੁਰਬਾਣੀ ਸਮਝਾਉਂਦੀ ਹੈ, ਕਿ ਰੱਬ ਨਾਲ ਜੁੜੇ ਇਨਸਾਨ ਲਈ ਹਰ ਦਿਨ ਮਹੀਨਾ ਚੰਗਾ ਹੈ, ਤੇ ਰੱਬ ਨਾਲੋ ਟੁਟਿਆਂ ਲਈ ਹਰ ਸਮਾਂ ਮਾੜਾ ਹੈ,

ਸਲੋਕ ਮਃ ੫ ॥ ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ {ਪੰਨਾ 318}

ਅਰਥ: ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ, ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ।1।

ਮਿਸ਼ਨਰੀ ਤੇ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ ਇਸ ਵਿਚਾਰਧਾਰਾ ਨੂੰ ਸਟੇਜਾਂ ਉੱਪਰ ਪ੍ਰਚਾਰਦੇ ਹਨ ਤੇ ਲੋਕਾਂ ਨੂੰ ਚੰਗੇ ਮਾੜੇ ਦਿਨਾਂ ਤੇ ਮੱਸਿਆ ਪੁੰਨਿਆ ਸੰਗਰਾਂਦਾਂ ਆਦਿ ਦੇ ਵਹਿਮਾਂ ਵਿੱਚੋਂ ਕੱਢਦੇ ਹਨ।
ਦੂਜੇ ਪਾਸੇ ਜਿੰਨੇ ਵੀ ਡੇਰੇ ਟਕਸਾਲਾਂ ਸੰਪਰਦਾਵਾਂ ਨਿਰਮਲੇ ਆਦਿ ਹਨ, ਸਾਰੇ ਹੀ ਆਪਣੀਆਂ ਗੋਲਕਾਂ ਭਰਨ ਤੇ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਨ ਲਈ ਜਾਂ ਗੁਰਬਾਣੀ ਦੀ ਸਹੀ ਸਮਝ ਨਾ ਹੋਣ ਕਰਕੇ ਮੱਸਿਆ ਪੁੰਨਿਆ ਸੰਗਰਾਂਦਾਂ ਨੂੰ ਮਨਾਉਣਾ ਬਹੁਤ ਸ਼ੁਭ ਤੇ ਚੰਗਾ ਦੱਸਦੇ ਹਨ ਤੇ ਇਨ੍ਹਾਂ ਦੇ ਹੱਕ ਦੇ ਵਿੱਚ ਖੁੱਲ੍ਹਮ ਖੁੱਲ੍ਹਾ ਪ੍ਰਚਾਰ ਕਰਦੇ ਹਨ ।
ਜਿਹੜੇ ਲੋਕ ਮੱਸਿਆ, ਪੁਨਿਆ, ਤੇ ਸੰਗਰਾਂਦਾ ਆਦਿ ਦਾ ਵਿਰੋਧ ਕਰਦੇ ਨੇ, ਉਨ੍ਹਾਂ ਨੂੰ ਇਹ ਜਾਨੋ ਮਾਰਨ ਦੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ। ਕਿ ਇਹ ਗੁਰਬਾਣੀ ਦੀ ਵੀਚਾਰਧਾਰਾ ਦਾ ਪ੍ਰਚਾਰ ਕਿਉਂ ਕਰ ਰਹੇ ਹਨ।

ਹੁਣ ਤੁਸੀਂ ਆਪ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਸਿੱਖੀ ਦੇ ਵਿਰੋਧੀ ਕੌਣ ਹਨ ਤੇ ਸਿੱਖੀ ਨੂੰ ਖਤਰਾ ਕਿੰਨਾਂ ਤੋਂ ਹੈ ??

ਹਰਪਾਲ ਸਿੰਘ ਫ਼ਿਰੋਜ਼ਪੁਰ




.