.

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥

ਮੇਰੇ ਇਸ ਲੇਖ ਦਾ ਮਕਸਦ ਉਸਤਤਿ, ਨਿੰਦਾ ਅਤੇ ਸੰਤ ਦੀ ਪ੍ਰੀਭਾਸ਼ਾ ਨੂੰ ਗੁਰਬਾਣੀ ਅਨੁਸਾਰ ਸ਼ਪਸ਼ਟ ਕਰਨਾ ਹੈ।
1. ਉਸਤਤਿ: ਮਹਾਨ ਕੋਸ਼ ਅਨੁਸਾਰ ਉਸਤਤਿ ਦਾ ਅਰਥ ਹੈ ਜੱਸ, ਤਾਰੀਫ਼, ਸਿਫ਼ਤ, ਪ੍ਰਸੰਸਾ, ਵਡਿਆਈ, ਸ਼ਲਾਘਾ;
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ
॥ ਪੰਨਾਂ ੨੬੧
2. ਨਿੰਦਾ:
ਮਹਾਨ ਕੋਸ਼ ਪੰਨਾਂ ੭੦੮ ਭਾਈ ਕਾਨ੍ਹ ਸਿੰਘ ਨਾਭਾ,"ਦੋਸ਼ ਕਹਿਣ ਦੀ ਕਿਰਿਆ, ਹਜਵ, ਗੁਣਾਂ ਵਿੱਚ ਦੋਸ਼ ਥਾਪਣ ਦੀ ਕਿਰਿਆ ਨੂੰ ਨਿੰਦਾ ਕਿਹਾ ਜਾਂਦਾ ਹੈ।"
ਗੁਰੂ ਗ੍ਰੰਥ ਸਾਹਿਬ ਵਿੱਚ ਨਿੰਦਾ ਨੂੰ ਕੁਕਰਮ ਅਤੇ ਭਿਆਨਕ ਆਤਮਕ ਰੋਗ ਦੱਸਿਆ ਗਿਆ ਹੈ। ਗੁਰਬਾਣੀ ਵਿੱਚ ਪਰਾਈ ਨਿੰਦਾ ਕਰਨ ਦੇ ਭਿਆਨਕ ਸਿੱਟਿਆਂ ਤੋਂ ਜੀਵ ਨੂੰ ਸੁਚੇਤ ਕਰਦਿਆਂ ਹੋਇਆਂ ਇਸ ਤੋਂ ਬਚਣ ਦੀ ਭਰਪੂਰ ਪ੍ਰੇਰਨਾ ਕੀਤੀ ਗਈ ਹੈ। ਗੁਰਬਾਣੀ ਵਿੱਚ ਨਿੰਦਾ ਨੂੰ ਪਰਾਈ ਮੈਲ ਨੂੰ ਮੂੰਹ ਵਿੱਚ ਪਾਉਣਾ, ਦੂਜਿਆਂ ਦੀ ਮੈਲ ਧੋਣਾ, ਬਿਨ੍ਹਾਂ ਮਜ਼ਦੂਰੀ ਤੋਂ ਦੂਜਿਆਂ ਦਾ ਭਾਰ ਉਠਾਉਣ ਵਾਲਾ ਮੂਰਖ ਵੀ ਕਿਹਾ ਗਿਆ ਹੈ। ਕੁੱਝ ਉਦਾਹਰਣਾਂ ਇਸ ਤਰ੍ਹਾਂ ਹਨ;
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ
॥ ਪੰਨਾਂ ੧੫
ਅਰਥ: ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਪਰਾਈ ਮੈਲ ਹੈ ਅਤੇ ਕ੍ਰੋਧ-ਅੱਗ ਮੇਰੇ ਅੰਦਰ ਚੰਡਾਲ ਬਣ ਹੋਈ ਹੈ।
ਗੁਰੂ ਅਮਰਦਾਸ ਸਾਹਿਬ ਕਹਿੰਦੇ ਹਨ ਕਿ ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਜੀਵ ਹੀ ਹੋਰ ਲੋਕਾਂ ਦੀ ਨਿੰਦਾ ਕਰਦੇ ਹਨ। ਇਸ ਨਿੰਦਾ ਕਾਰਨ ਹੀ ਉਹ ਲੋਕ ਪਰਲੋਕ ਵਿੱਚ ਬਦਨਾਮੀ ਖੱਟਦੇ ਹਨ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ।
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬
॥ ਪੰਨਾਂ ੭੫੫
ਗੁਰੂ ਅਰਜਨ ਸਾਹਿਬ ਮੁਤਾਬਕ ਲੋਕ ਨਿੰਦਕ ਨੂੰ ਫਿਟਕਾਰਾਂ ਪਾਉਂਦੇ ਹਨ। ਨਿੰਦਕ ਹਲਕੇ ਕੁੱਤੇ ਵਾਂਗ ਫਿਰਦੇ ਰਹਿੰਦੇ ਹਨ, ਉਨ੍ਹਾਂ ਦਾ ਵਿਉਹਾਰ ਝੂੱਠਾ ਹੁੰਦਾ ਹੈ। ਰੱਬ ਭੁੱਲਿਆ ਹੋਣ ਕਰਕੇ ਉਹ ਮਾੜ੍ਹੇ ਹੀ ਕੰਮ ਕਰਦੇ ਹਨ।
ਨਿੰਦਕ ਕਉ ਫਿਟਕੇ ਸੰਸਾਰੁ

ਨਿੰਦਕ ਕਾ ਝੂਠਾ ਬਿਉਹਾਰੁ॥ ਪੰਨਾਂ ੧੧੫੧

ਅੰਤਰਿ ਲੋਭੁ ਫਿਰਹਿ ਹਲਕਾਏ॥
ਨਿੰਦਾ ਕਰਹਿ ਸਿਰਿ ਭਾਰ ਉਠਾਏ॥
ਮਾਇਆ ਮੂਠਾ ਚੇਤੈ ਨਾਹੀ॥
ਭਰਮੇ ਭੂਲਾ ਬਹੁਤੀ ਰਾਹੀ ॥ ਪੰਨਾਂ ੩੭੨

ਪਰਤ੍ਰਿਯ ਰਮਹਿ ਬਕਹਿ ਸਾਧ ਨਿੰਦ॥
ਕਰਨ ਨ ਸੁਨਹੀ ਹਰਿ ਜਸੁ ਬਿੰਦ॥ ਪੰਨਾਂ ੨੯੮
ਗੁਰੂ ਅਰਜਨ ਸਾਹਿਬ ਨਿੰਦਾ ਕਰਨ ਵਾਲੇ ਪ੍ਰਾਣੀ ਨੂੰ ਚੋਰ, ਵਿਭਚਾਰੀ ਅਤੇ ਜੂਆਰੀ ਤੋਂ ਭੀ ਭੈੜਾ ਸਮਝਦੇ ਹਨ ਕਿਉਂਕਿ ਉਸ ਨੇ ਆਪਣੇ ਸਿਰ ਤੇ ਸਦਾ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ।
ਚੋਰ ਜਾਰ ਜੂਆਰ ਤੇ ਬੁਰਾ॥
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ॥ ਪੰਨਾਂ ੧੧੪੫
ਗੁਰੂ ਅਰਜਨ ਸਾਹਿਬ ਇਹ ਭੀ ਦੱਸਦੇ ਹਨ ਕਿ ਨਿੰਦਾ ਕਰਨ ਦੀ ਬੁਰੀ ਆਦਤ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ।
ਨਿੰਦਕੁ ਗੁਰ ਕਿਰਪਾ ਤੇ ਹਾਟਿਓ

ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕਈ ਬਾਣਿ ਸਿਰੁ ਕਾਟਿਓ॥ਰਹਾਉ॥ ਪੰਨਾਂ ੭੧੪
3. ਉਸਤਤਿ-ਨਿੰਦਾ:
ਗੁਰਬਾਣੀ ਵਿੱਚ ਕਈ ਥਾਂ ਤੇ ਉਸਤਤਿ ਅਤੇ ਨਿੰਦਾ ਦੋਨ੍ਹੋਂ ਲਫ਼ਜ਼ ਇੱਕਠੇ ਵੀ ਆਉਂਦੇ ਹਨ; ਜਿਸ ਦਾ ਅਰਥ ‘ਝੂਠੀ ਤਾਰੀਫ਼’ ਹੈ। ਗੁਰੂ ਸਾਹਿਬਾਨਾਂ ਨੇ ਝੂਠੀ ਤਾਰੀਫ਼ ਕਰਨ ਤੋਂ ਵੀ ਸਾਨੂੰ ਵਰਜਿਆ ਹੈ।
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ।। ਪੰਨਾਂ ੧੧੨੩
4. ਸੰਤ: ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਸਾਧੂ’ ਹਿੰਦੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ, ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼’ ਹਨ। ਸਾਧ ਵੀ ਭਲੇ ਅਤੇ ਧਰਮਾਤਮਾ ਪੁਰਸ਼ ਨੂੰ ਕਿਹਾ ਜਾਂਦਾ ਹੈ। ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਧਰਮ ਵਿੱਚ ਸੰਤ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਹੈ ਅਤੇ ਨਾ ਉਸ ਲਈ ਕੋਈ ਖ਼ਾਸ ਲਿਬਾਸ ਨੀਯਤ ਕੀਤਾ ਹੋਇਆ ਹੈ।
ਕਿਸੇ ਖ਼ਾਸ ਕਿਸਮ ਦਾ ਭੇਖ ਬਣਾ ਕੇ ਕੋਈ ਪ੍ਰਾਣੀ ਸੰਤ ਨਹੀਂ ਬਣ ਜਾਂਦਾ ਕਿਉਂਕਿ ਸੱਚਾ ਸੰਤ ਬਣਨਾ ਅਸੰਭਵ ਹੈ ਅਤੇ ਸੱਚੇ ਸੰਤ ਵਾਲੇ ਕੰਮ ਕਰਨੇ ਹੋਰ ਵੀ ਅਸੰਭਵ ਹਨ। ਜੇ ਕੋਈ ਅਸਲੀ ਸੰਤ ਹੋਵੇ ਵੀ ਤਾਂ ਉਹ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਨਜ਼ਰ ਆਵੇਗਾ। ਗੁਰੂ ਅਰਜਨ ਸਾਹਿਬ ਅਨੁਸਾਰ;
ਕੋਟਿ ਮਧੇ ਕੋਈ ਸੰਤੁ ਦਿਖਾਇਆ
।।
ਨਾਨਕੁ ਤਿਨ ਕੈ ਸੰਗਿ ਤਰਾਇਆ।। ਪੰਨਾਂ ੧੩੪੮
 
ਅਰਥ: ਕਰੋੜਾਂ ਵਿਚੋਂ ਕੋਈ ਵਿਰਲਾ ਸੰਤ ਵੇਖਣ ਵਿਚ ਆਉਂਦਾ ਹੈ | ਹੇ ਨਾਨਕ, ਅਜਿਹੇ ਸੰਤ-ਜਨਾਂ ਦੀ ਸੰਗਤ ਵਿਚ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਪੰਨਾਂ ੩੧੯ ਤੇ ਗੁਰੂ ਅਰਜਨ ਸਾਹਿਬ ਲਿਖਦੇ ਹਨ ਕਿ;
ਸਲੋਕ ਮਃ ੫

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ ਪੰਨਾਂ ੩੧੯

ਅਰਥ: ਹੇ ਨਾਨਕ! ਜਿਸ ਪ੍ਰਾਣੀ ਨੂੰ ਸਾਹ ਲੈਂਦਿਆਂ ਅਤੇ ਖਾਣਾ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ-ਰੂਪ ਮੰਤ੍ਰ ਵੱਸ ਰਿਹਾ ਹੈ; ਉਹ ਹੀ ਪ੍ਰਾਣੀ ਮੁਬਾਰਕਯੋਗ ਹੈ ਅਤੇ ਉਹ ਹੀ ਪ੍ਰਾਣੀ ਪੂਰਨ ਸੰਤ ਹੈ।
ਗੁਰੂ ਰਾਮ ਦਾਸ ਸਾਹਿਬ ਦਾ ਫ਼ੁਰਮਾਨ ਹੈ ਕਿ;
ਹਰਿ ਕਾ ਸੰਤੁ  ਸਤਗੁਰੁ ਸਤ ਪੁਰਖਾ  ਜੋ ਬੋਲੈ ਹਰਿ ਹਰਿ ਬਾਨੀ||
ਜੋ ਜੋ ਕਹੈ ਸੁਣੈ  ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ|| ਪੰਨਾਂ ੬੬੭

ਅਰਥ: ਗੁਰੂ ਮਹਾਂਪੁਰਖ ਹੈ, ਗੁਰੂ ਪ੍ਰਮਾਤਮਾ ਦਾ ਸੰਤ ਹੈ, ਜਿਹੜਾ ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ। ਜਿਹੜਾ-ਜਿਹੜਾ ਜੀਵ ਇਸ ਬਾਣੀ ਨੂੰ ਪੜ੍ਹਦਾ, ਸੁਣਦਾ ਅਤੇ ਆਪਣੇ ਜੀਵਨ ਵਿੱਚ ਢਾਲਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਮੈਂ ਅਜਿਹੇ ਪ੍ਰਮਾਤਮਾ ਦੇ ਸੰਤ ਤੋਂ ਬਲਿਹਾਰੇ ਜਾਂਦਾ ਹਾਂ।
ਭਗਤ ਕਬੀਰ ਜੀ ਅਨੁਸਾਰ;
ਆਸਾ ॥
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧

ਐਸੇ ਸੰਤ ਨ ਮੋ ਕਉ ਭਾਵਹਿ ॥
ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ ਪੰਨਾਂ ੪੭੬

ਅਰਥ: ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਦਰਖਤ ਨੂੰ ਟਹਿਣੀਆਂ ਸਮੇਤ ਖਾ ਜਾਣ ਭਾਵ ਜੋ ਮਾਇਆ ਦੀ ਖ਼ਾਤਰ ਜੀਵਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ।੧। ਰਹਾਉ। ਜੋ ਪ੍ਰਾਣੀ ਸਾਢੇ ਤਿੰਨ-ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ ਹਨ ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਅਤੇ ਹੱਥ ਵਿੱਚ ਲਿਸ਼ਕਦੇ ਲੋਟੇ ਹਨ, ਕੇਵਲ ਇਹ ਭੇਖ ਦੇਖ ਕੇ ਉਹ ਪ੍ਰਾਣੀ ਪ੍ਰਮਾਤਮਾ ਦੇ ਭਗਤ ਨਹੀਂ ਕਹੇ ਜਾਣੇ ਚਾਹੀਦੇ, ਉਹ ਤਾਂ ਬਨਾਰਸ ਦੇ ਠੱਗ ਹਨ।
ਉਨ੍ਹਾਂ ਦੀ ਸੁੱਚ ਤਾਂ ਇਹੋ ਜਿਹੀ ਹੈ ਕਿ ਉਹ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਉਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਹੇਠਾਂ ਲੱਕੜੀਆਂ ਵੀ ਧੋ ਕੇ ਬਾਲਦੇ ਹਨ ਪਰ ਜੀਵਾਂ ਨੂੰ ਖਾ ਜਾਂਦੇ ਹਨ। ਇਹੋ ਜਿਹੇ ਮੰਦ-ਕਰਮੀ ਲੋਕ ਸਦਾ ਵਿਕਾਰਾਂ ਵਿੱਚ ਹੀ ਖਚਿਤ ਰਹਿੰਦੇ ਹਨ ਪਰ ਕਹਿੰਦੇ ਹਨ ਕਿ ਉਹ ਮਾਇਆ ਨੂੰ ਨਹੀਂ ਛੋਂਹਦੇ। ਸਦਾ ਹੰਕਾਰ ਵਿੱਚ ਭੱਜੇ ਫਿਰਦੇ ਹਨ। ਇਹ ਲੋਕ ਆਪ ਤਾਂ ਡੁੱਬਦੇ ਹੀ ਹਨ ਪਰ ਸਾਰੇ ਸਾਥੀਆਂ ਨੂੰ ਭੀ ਡੋਬ ਦਿੰਦੇ ਹਨ। ਪਰ ਗੱਲ ਇਹ ਜੀਵ ਦੇ ਵੱਸ ਨਹੀਂ। ਜਿਸ ਪਾਸੇ ਪ੍ਰਮਾਤਮਾ ਨੇ ਜੀਵ ਨੂੰ ਲਾਇਆ ਹੈ ਉਹ ਉਸ ਪਾਸੇ ਹੀ ਲੱਗਾ ਹੋਇਆ ਹੈ ਅਤੇ ਉਹੋ ਜਿਹੇ ਹੀ ਉਹ ਕੰਮ ਕਰਦਾ ਹੈ। ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਜੀਵ ਨੂੰ ਗੁਰੂ ਮਿਲ ਪੈਂਦਾ ਹੈ, ਉਹ ਫਿਰ ਜਨਮ-ਮਰਨ ਦੇ ਗੇੜ ਵਿੱਚ ਨਹੀਂ ਆਉਂਦਾ।
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤੰਜਤ॥ ਪੰਨਾਂ ੧੩੭੩

ਸੰਤ ਆਪਣਾ ਸ਼ਾਂਤ ਸੁਭਾਓ ਨਹੀਂ ਛੱਡਦਾ ਭਾਵੇਂ ਉਸ ਦਾ ਕਰੋੜਾਂ ਭੈੜੇ-ਬੰਦਿਆਂ ਨਾਲ ਵਾਹ ਪੈਂਦਾ ਰਹੇ। ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਵੇਂ ਚੰਦਨ ਦਾ ਬੂਟਾ, ਸੱਪਾਂ ਨਾਲ ਘਿਰਿਆ ਹੋਣ ਦੇ ਬਾਵਯੂਦ ਆਪਣੀ ਅੰਦਰਲੀ ਠੰਡਕ ਨਹੀਂ ਛੱਡਦਾ॥
ਅਜਿਹੇ ਗੁਣਾਂ ਤੋਂ ਹੀਣਾ ਜੋ ਜੀਵ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਉਹ ਸੰਤ ਨਹੀਂ, ਅਸੰਤ ਹੈ। ਅਜਿਹੇ ਅਸੰਤਾਂ ਨੇ ਸਿਰ ਉੱਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਾਊਏ ਪਾ ਕੇ ਆਪਣਾ ਪਹਿਰਾਵਾ ਵੀ ਖ਼ਾਸ ਬਣਾਇਆ ਹੋਇਆ ਹੈ। ਅਗਿਆਨੀ ਲੋਕਾਂ ਨੇ ਇਨ੍ਹਾਂ ਦਾ ਇਹ ਲਿਬਾਸ ਦੇਖ ਕੇ ਹੀ ਇਨ੍ਹਾਂ ਨੂੰ ਸੰਤ ਮੰਨ ਲਿਆ ਹੈ। ਭਾਈ ਗੁਰਦਾਸ ਜੀ ਇਨ੍ਹਾਂ ਅਸੰਤਾਂ ਵਾਰੇ ਫ਼ੁਰਮਾਉਂਦੇ ਹਨ;
ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ॥
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ॥
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ॥
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ॥
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ॥
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥ (ਵਾਰ 35-17, ਪੰਨਾ 172)

ਅਰਥ: ਜਿਵੇਂ ਡੇਕ ਦੇ ਗੁੱਛੇ ਨੂੰ ਦਾਖ਼ਾਂ ਦਾ ਗੁੱਛਾ ਨਹੀਂ ਕਿਹਾ ਜਾਂਦਾ ਅਤੇ ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ। ਜਿਵੇਂ ਬਨਾਉਟੀ ਗਹਿਣਿਆਂ ਨੂੰ ਕੋਈ ਇਹ ਨਹੀਂ ਕਹਿੰਦਾ ਕਿ ਇਹ ਸੋਨੇ ਦੇ ਗਹਿਣੇ ਹਨ। ਬਿਲੌਰ ਹੀਰਿਆਂ ਦੇ ਤੁਲ ਨਹੀਂ ਪੁੱਜਦਾ ਕਿਉਂਕਿ ਹੀਰੇ ਬਹੁਤ ਕੀਮਤੀ ਹੁੰਦੇ ਹਨ। ਭਾਵੇਂ ਲੱਸੀ ਅਤੇ ਦੁੱਧ ਦਾ ਰੰਗ ਚਿੱਟਾ ਹੈ ਪਰ ਗੁਣ ਅਤੇ ਸੁਆਦ ਤੋਂ ਉਨ੍ਹਾਂ ਦਾ ਨਿਰਣਾ ਹੋ ਜਾਂਦਾ ਹੈ। ਗੁਲਾਬਾਸੀ ਦਾ ਫ਼ੁੱਲ ਗੁਲਾਬ ਦੇ ਫ਼ੁੱਲ ਜਿੰਨੀ ਖੁਸ਼ਬੋ ਦੇਣ ਦੀ ਸਮਰੱਥਾ ਨਹੀਂ ਰੱਖਦਾ। ਇਸੇ ਤਰ੍ਹਾਂ ਸਾਧ ਅਤੇ ਅਸਾਧ ਆਪਣੇ ਕੰਮ ਅਤੇ ਬੋਲੀ ਤੋਂ ਪਰਖੇ ਜਾਂਦੇ ਹਨ। ਸਿਆਣਾ ਮਨੁੱਖ ਕਦੇ ਵੀ ਅਸੰਤ ਦੇ ਝਾਂਸੇ ਵਿੱਚ ਨਹੀਂ ਆਉਦੇ।
ਸਿੱਖ-ਇਤਿਹਾਸ ਵੱਲ ਝਾਤ ਮਾਰਨ ਤੋਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੋਈ ਅਜਿਹਾ ਗੁਰਸਿੱਖ ਨਹੀਂ ਮਿਲਦਾ ਜਿਸ ਦੇ ਨਾਂ ਅੱਗੇ ‘ਸੰਤ’ ਸ਼ਬਦ ਲੱਗਿਆ ਹੋਵੇ। ਗੁਰੂ ਸਾਹਿਬਾਂ ਤੋਂ ਬਾਅਦ ਵੀ ਅਨੇਕਾਂ ਗੁਰਸਿੱਖ, ਜਿਵੇਂ ਕਿ ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਭਾਈ ਮਨਸੁੱਖ ਜੀ, ਭਾਈ ਲਹਿਣਾ ਜੀ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ, ਭਾਈ ਪਿਰਾਗਾ ਜੀ, ਭਾਈ  ਗੁਰਦਾਸ ਜੀ, ਭਾਈ ਮੰਝ ਜੀ, ਭਾਈ ਬਿਧੀ ਚੰਦ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਘਨੱਈਆ ਜੀ, ਭਾਈ ਦੇਸਾ ਸਿੰਘ ਜੀ, ਭਾਈ ਨੰਦ ਲਾਲ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ  ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਆਦਿ ਅਤੇ ਹੋਰ ਵੀ ਅਨੇਕਾਂ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ-ਹੁਕਮਾਂ ਅਨੁਸਾਰ ਬਤੀਤ ਕੀਤਾ, ਪੰਥ ਲਈ ਬੇਅੰਤ ਕੁਰਬਾਨੀਆਂ ਦੇ ਕੇ ਧਰਮ ਅਤੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਇਨ੍ਹਾਂ ਸਾਰੇ ਸਿੱਖਾਂ ਨੂੰ ਹੁਣ ਤੱਕ ਭਾਈ ਜਾਂ ਬਾਬਾ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੇ ਨਾਂ ਅੱਗੇ ‘ਸੰਤ’ ਸ਼ਬਦ ਨਹੀਂ ਲਾਇਆ।
1. ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ 54 ਸਾਲ ਗੁਜ਼ਾਰੇ ਅਤੇ ਗੁਰੂ ਸਾਹਿਬ ਦੇ ਨਾਲ ਹਮੇਸ਼ਾ ਸਫ਼ਰ ਕੀਤਾ। ਭਾਈ ਮਰਦਾਨਾ ਜੀ ਨੂੰ ਕੋਈ ਵੀ ਅੱਜ ਤੱਕ ਸੰਤ ਮਰਦਾਨਾ ਜੀ ਨਹੀਂ ਕਹਿੰਦਾ।
2. ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਹਰੇਕ ਗੁਰੂ ਸਾਹਿਬ ਨੂੰ ਗੁਰਗੱਦੀ ਦੇਣ ਦੀ ਸਾਰੀ ਕਾਰਵਾਈ, ਉਹ ਆਪਣੀ ਨਿਗਰਾਨੀ ਵਿੱਚ ਪੂਰੀ ਕਰਵਾਉਂਦੇ ਰਹੇ, ਪਰ ਅੱਜ ਤੱਕ ਕਿਸੇ ਨੇ ਉਨ੍ਹਾਂ ਨੂੰ ਸੰਤ ਬੁੱਢਾ ਜੀ ਨਹੀਂ ਕਿਹਾ।
3. ਭਾਈ ਲਹਿਣਾ ਜੀ ਜਿਨ੍ਹਾਂ ਵਿਚ ਗੁਰੂ ਬਣਨ ਵਾਲੇ ਸਾਰੇ ਗੁਣ ਸਨ। ਗੁਰੂ ਅੰਗਦ ਬਣਨ ਤੋਂ ਪਹਿਲਾਂ ਕਿਸੇ ਨੇ ਵੀ ਉਨ੍ਹਾਂ ਨੂੰ ਸੰਤ ਲਹਿਣਾ ਜੀ ਨਹੀਂ ਕਿਹਾ।
4. ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਬਣੇ। ਗੁਰੂ ਬਣਨ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਵੀ ਕਿਸੇ ਨੇ ਸੰਤ ਜੇਠਾ ਜੀ ਨਹੀਂ ਕਿਹਾ।
5. ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੀ ਨਿਗਰਾਨੀ ਹੇਠ ਪੋਥੀ ਸਾਹਿਬ ਦੀ ਸੰਪਾਦਨਾ ਵੇਲੇ ਗੁਰਬਾਣੀ ਲਿਖਣ ਦੀ  ਮਹਾਨ ਸੇਵਾ ਕੀਤੀ ਸੀ। ਉਨ੍ਹਾਂ ਨੂੰ ਵੀ ਅੱਜ ਤੱਕ ਕਿਸੇ ਨੇ ਸੰਤ ਗੁਰਦਾਸ ਜੀ ਨਹੀਂ ਕਿਹਾ।
6. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਤਿੰਨ ਗੁਰਸਿੱਖ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਨੂੰ ਵੀ ਭਾਈ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ ਨਾ ਕਿ  ‘ਸੰਤ’ ਸ਼ਬਦ ਨਾਲ।
7. ਪੰਜ ਪਿਆਰਿਆਂ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੂੰ ਅੱਜ ਤੱਕ ਭਾਈ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ ਨਾ ਕਿ ‘ਸੰਤ’ ਸ਼ਬਦ ਨਾਲ।
8. ਚਾਰੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਵੀ ਕਿਸੇ ਨੇ ‘ਸੰਤ’ ਨਹੀਂ ਕਿਹਾ।
9. ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਨ ਵਾਲੇ ਗੁਰਸਿੱਖਾਂ ਦੇ ਨਾਵਾਂ ਅੱਗੇ ਵੀ ਸੰਤ ਸ਼ਬਦ ਨਹੀਂ ਹੈ| ਇਨ੍ਹਾਂ ਮਹਾਨ ਗੁਰਸਿੱਖਾਂ ਨੂੰ ਭਾਈ ਜਾਂ ਬਾਬਾ ਸ਼ਬਦ ਨਾਲ ਹੀ ਯਾਦ ਕੀਤਾ ਜਾਂਦਾ ਹੈ।

ਸੰਸਾਰ ਵਿੱਚ ਅਸਲ ਨਾਲੋਂ ਨਕਲ ਦੀ ਭਰਮਾਰ ਹੈ। ਜਿਨ੍ਹੀਂ ਜ਼ਿਆਦਾ ਕੋਈ ਕੀਮਤੀ ਵਸਤੂ ਹੋਵੇਗੀ, ਉਨ੍ਹੀਂ ਹੀ ਜ਼ਿਆਦਾ ਉਸ ਦੀ ਨਕਲ ਵੀ ਹੋਵੇਗੀ। ਸੋਨੇ ਅਤੇ ਪਿੱਤਲ, ਕੱਚ ਅਤੇ ਹੀਰੇ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ ਪਰ ਇਹ ਦੋਨ੍ਹੋਂ ਚੀਜ਼ਾਂ ਇੱਕੋ ਜਿਹੀਆਂ ਨਜ਼ਰ ਆਉਂਦੀਆਂ ਹਨ। ਪੰਜਾਬੀ ਦੀ ਕਹਾਵਤ ਹੈ: ਹਰ ਚਮਕਣ ਵਾਲੀ ਸ਼ੈ, ਸੋਨਾ ਨਹੀਂ ਹੋ ਸਕਦੀ। ਪਰਖ ਕਰਨ ਵਾਲੇ ਜਿੱਥੇ ਚਮਕਣ ਵਾਲੀ ਨਕਲੀ ਚੀਜ਼ ਨੂੰ ਰੱਦ ਕਰ ਦਿੰਦੇ ਹਨ, ਉੱਥੇ ਅਣਜਾਣ ਲੋਕ ਚਮਕਣ ਵਾਲੀ ਨਕਲੀ ਚੀਜ਼ ਨੂੰ ਹੀ ਅਸਲ ਸਮਝ ਕੇ, ਲੁੱਟੇ ਵੀ ਜਾਂਦੇ ਹਨ। ਲੁੱਟਿਆ ਜਾਣ ਵਾਲਾ ਬੰਦਾ ਹਮੇਸ਼ਾ ਪਛਤਾਉਂਦਾ ਹੈ।
ਸੰਤਾਂ ਬਾਰੇ ਵੀ ਕੁੱਝ ਇਸ ਤਰ੍ਹਾਂ ਹੀ ਦੇਖਣ ਵਿੱਚ ਆਉਂਦਾ ਹੈ। ਜਦੋਂ ਕੋਈ ਵਿਅਕਤੀ, ਕਿਸੇ ਸੰਤ ਦੀ ਗੱਲ ਕਰਦਾ ਹੈ ਤਾਂ ਧਿਆਨ ਇੱਕ ਅਜਿਹੇ ਭੇਖ ਵਾਲੇ ਬੰਦੇ ਵੱਲ ਚਲਾ ਜਾਂਦਾ ਹੈ, ਜਿਸ ਨੇ ਸਫ਼ੈਦ ਲੰਬਾ ਚੋਲਾ, ਗੋਲ ਪੋਚਵੀਂ ਪੱਗ, ਗਲ ਵਿੱਚ ਮਾਲਾ ਅਤੇ ਹੱਥ ਵਿੱਚ ਮਾਲਾ ਹੁੰਦੀ ਹੈ। ਲੋਕ ਅਜਿਹੇ ਵਿਅਕਤੀ ਨੂੰ ਕੋਈ ਵੱਡਾ ਸੰਤ ਸਮਝ ਕੇ, ਉਸ ਨੂੰ ਮੱਥੇ ਟੇਕਣੇ, ਉਸ ਦੀ ਪੂਜਾ ਅਤੇ ਸੇਵਾ ਸ਼ੁਰੂ ਕਰ ਦਿੰਦੇ ਹਨ। ਪਰ ਅਨਜਾਣ ਲੋਕਾਂ ਦੀਆਂ ਅੱਖਾਂ ਉਦੋਂ ਹੀ ਖੁਲਦੀਆਂ ਹਨ ਜਦੋਂ ਉਹ ਲੋਕ ਇਨ੍ਹਾਂ ਨਾਮ ਧਰੀਕ ਸੰਤਾਂ ਕੋਲੋਂ ਸ੍ਰੀਰਕ, ਮਾਨਸਿਕ ਅਤੇ ਆਰਥਿਕ ਤੌਰ ਤੇ ਲੁੱਟੇ ਜਾਂਦੇ ਹਨ।
ਗੁਰਬਾਣੀ ਤਾਂ ਕਿਸੇ ਵਿਰਲੇ ਸੰਤ ਦੀ ਗੱਲ ਕਰਦੀ ਹੈ ਪਰ ਅੱਜ ਪੰਜਾਬ ਵਿੱਚ ਜਿੱਧਰ ਦੇਖੋ ਹਰ ਥਾਂ ਸੰਤਾਂ ਦੀ ਭਰਮਾਰ ਹੈ। ਹਰ ਕੋਈ ਆਪਣੇ ਆਪ ਨੂੰ ਸੱਚਾ ਸੰਤ ਅਖਵਾ ਰਿਹਾ ਹੈ ਅਤੇ ਧਰਮ ਦੇ ਨਾਂ ਤੇ ਆਪਣੀਆਂ-ਆਪਣੀਆਂ ਗੱਦੀਆਂ ਅਤੇ ਡੇਰੇ ਪ੍ਰਚਲਤ ਕਰ ਰੱਖੇ ਹਨ। ਲੋਕ ਉਨ੍ਹਾਂ ਦੀ ਸੇਵਾ ਕਰਦੇ ਹਨ। ਸਾਨੂੰ ਇਨ੍ਹਾਂ ਤੋਂ ਬਚਣ ਦੀ ਲੋੜ੍ਹ ਹੈ।
ਲੇਖ ਦੇ ਅੰਤ ਵਿੱਚ ਗੁਰੂ ਅਰਜਨ ਸਾਹਿਬ ਦੀ ਅਮੋਲਕ ਰਚਨਾ ‘ਗਉੜੀ ਸੁਖਮਨੀ’ ਦੀ ੧੩ਵੀਂ ਅਸ਼ਟਪਦੀ ਵਿੱਚ ਅਸਲੀ ਸੰਤ ਦੀ ਨਿੰਦਿਆ ਵਾਰੇ ਅਰਥ ਪੇਸ਼ ਕਰਦੇ ਹਾਂ। ਇਨ੍ਹਾਂ ਦੀ ਵਿਆਖਿਆ ਲਈ ਅਸੀਂ ਪ੍ਰੋਫ਼ੇਸਰ ਸਾਹਿਬ ਸਿੰਘ ਦੇ ਦਰਪਨ ਤੋਂ ਸਹਾਇਤਾ ਲਈ ਹੈ।

ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ ਪੰਨਾਂ ੨੭੯
ਅਰਥ: ਹੇ ਨਾਨਕ! ਜੋ ਪ੍ਰਾਣੀ ਸੰਤ ਭਾਵ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਸ਼ਰਨ ਪੈ ਜਾਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ ਪਰ ਸੰਤਾਂ ਭਾਵ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਪ੍ਰਾਣੀ ਜਨਮ ਮਰਨ ਦੇ ਚੱਕ੍ਰ ਵਿੱਚ ਪੈ ਜਾਂਦਾ ਹੈ।

ਅਸਟਪਦੀ ॥
ਸੰਤ ਕੈ ਦੂਖਨਿ ਆਰਜਾ ਘਟੈ ॥
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥
ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਜੀਵ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ, ਕਿਉਂਕਿ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਕੋਈ ਜੀਵ ਜਮਾਂ ਤੋਂ ਨਹੀਂ ਬਚ ਸਕਦਾ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਜੀਵ ਦਾ ਸਾਰਾ ਸੁਖ ਨਾਸ਼ ਹੋ ਜਾਂਦਾ ਹੈ ਅਤੇ ਜੀਵ ਨਰਕ ਭਾਵ ਘੋਰ ਦੁੱਖਾਂ ਵਿੱਚ ਪੈ ਜਾਂਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਮਨੁੱਖ ਦੀ ਮਤ ਮੈਲੀ ਹੋ ਜਾਂਦੀ ਹੈ ਅਤੇ ਉਸ ਦੀ ਸ਼ੋਭਾ ਖਤਮ ਹੋ ਜਾਂਦੀ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਫਿਟਕਾਰੇ ਹੋਏ ਜੀਵ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਕਿਉਂਕਿ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਾ ਕਰਨ ਨਾਲ ਨਿੰਦਕ ਦਾ ਹਿਰਦਾ ਗੰਦਾ ਹੋ ਜਾਂਦਾ ਹੈ।
ਹੇ ਨਾਨਕ! ਜੇ ਅਕਾਲ ਪੁਰਖ ਆਪ ਕਿਰਪਾ ਕਰੇ ਤਾਂ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਸੰਗਤ ਵਿੱਚ ਨਿੰਦਕ ਭੀ ਪਾਪਾਂ ਤੋਂ ਬਚ ਜਾਂਦਾ ਹੈ।੧।

ਸੰਤ ਕੇ ਦੂਖਨ ਤੇ ਮੁਖੁ ਭਵੈ ॥
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥
ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥
ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥
ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥ ਪੰਨਾਂ ੨੭੯-੮੦

ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਾ ਕਰਨ ਨਾਲ ਨਿੰਦਕ ਦਾ ਚੇਹਰਾ ਭ੍ਰਸ਼ਟਿਆ ਜਾਂਦਾ ਹੈ ਅਤੇ ਨਿੰਦਕ ਥਾਂ-ਥਾਂ ਕਾਂ ਵਾਂਗ ਲਉਂ-ਲਉਂ ਕਰਦਾ ਹੈ।‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਾ ਕਰਨ ਨਾਲ ਖੋਟਾ ਸੁਭਾਅ ਹੋਣ ਕਰਕੇ ਜੀਵ ਸੱਪ ਦੀ ਜੂਨ ਪੈਂਦਾ ਹੈ ਅਤੇ ਭੈੜੀਆਂ ਜੂਨਾਂ ਵਿੱਚ ਭਟਕਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਦੇ ਕਰਨ ਨਾਲ ਨਿੰਦਕ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਜਾਂਦਾ ਹੈ ਅਤੇ ਹਰੇਕ ਜੀਵ ਨੂੰ ਧੋਖਾ ਦਿੰਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਨਾਲ ਜੀਵ ਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਅਤੇ ਉਹ ਨਿੰਦਕ ਮਹਾਂ ਨੀਚ ਬਣ ਜਾਂਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਾ ਕਰਨ ਵਾਲੇ ਜੀਵਾਂ ਦਾ ਕੋਈ ਆਸਰਾ ਨਹੀਂ ਰਹਿੰਦਾ।
ਹੇ ਨਾਨਕ ! ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼’ ਜੇ ਚਾਹੁਣ ਤਾਂ ਨਿੰਦਕ ਭੀ ਚੰਗੀ ਅਵਸਥਾ ਤੇ ਪਹੁੰਚ ਜਾਂਦੇ ਹਨ।੨।

ਸੰਤ ਕਾ ਨਿੰਦਕੁ ਮਹਾ ਅਤਤਾਈ ॥
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥ ਪੰਨਾਂ ੨੮੦

ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਵਾਲਾ ਜੀਵ ਸਦਾ ਅੱਤ ਚੁੱਕੀ ਰੱਖਦਾ ਹੈ ਅਤੇ ਇੱਕ ਪਲ ਭੀ ਅੱਤ ਚੁੱਕਣ ਤੋਂ ਨਹੀਂ ਹਟਦਾ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ ਅਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਦੁਨੀਆ ਦੇ ਸੁੱਖਾਂ ਤੋਂ ਸਦਾ ਵਾਂਜਿਆ, ਦੁਖੀ ਅਤੇ ਆਤੁਰ ਰਹਿੰਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕ ਨੂੰ ਸਾਰੇ ਰੋਗ ਤੰਗ ਕਰਦੇ ਹਨ ਕਿਉਂਕਿ ਉਹ ਸੁਖਾਂ ਦੇ ਦਾਤੇ ਪ੍ਰਭੂ ਤੋਂ ਹਮੇਸ਼ਾਂ ਵਿਛੜਿਆ ਰਹਿੰਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
ਹੇ ਨਾਨਕ! ਜੇ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਚਾਹੁਣ ਤਾਂ ਨਿੰਦਕ ਦਾ ਭੀ ਨਿੰਦਿਆ ਕਰਨ ਤੋਂ ਛੁਟਕਾਰਾ ਹੋ ਜਾਂਦਾ ਹੈ।੩।

ਸੰਤ ਕਾ ਦੋਖੀ ਸਦਾ ਅਪਵਿਤੁ ॥
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
ਸੰਤ ਕੇ ਦੋਖੀ ਕਉ ਡਾਨੁ ਲਾਗੈ ॥
ਸੰਤ ਕੇ ਦੋਖੀ ਕਉ ਸਭ ਤਿਆਗੈ ॥
ਸੰਤ ਕਾ ਦੋਖੀ ਮਹਾ ਅਹੰਕਾਰੀ ॥
ਸੰਤ ਕਾ ਦੋਖੀ ਸਦਾ ਬਿਕਾਰੀ ॥
ਸੰਤ ਕਾ ਦੋਖੀ ਜਨਮੈ ਮਰੈ ॥
ਸੰਤ ਕੀ ਦੂਖਨਾ ਸੁਖ ਤੇ ਟਰੈ ॥
ਸੰਤ ਕੇ ਦੋਖੀ ਕਉ ਨਾਹੀ ਠਾਉ ॥
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥
ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੋਣ ਕਰਕੇ ਉਹ ਕਦੇ ਕਿਸੇ ਦਾ ਮਿੱਤਰ ਨਹੀਂ ਬਣਦਾ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕ ਨੂੰ ਪ੍ਰਭੂ ਤੋਂ ਸਜ਼ਾ ਮਿਲਦੀ ਹੈ ਅਤੇ ਸਾਰੇ ਲੋਕ ਉਸ ਦਾ ਸਾਥ ਛੱਡ ਜਾਂਦੇ ਹਨ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਵਾਲਾ ਆਕੜ-ਖਾਨ ਬਣ ਜਾਂਦਾ ਹੈ ਅਤੇ ਸਦਾ ਮੰਦੇ ਕੰਮ ਕਰਦਾ ਹੈ।
ਇਨ੍ਹਾਂ ਔਗਣਾ ਦੇ ਕਾਰਨ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ ਅਤੇ ਨਿੰਦਿਆ ਕਰਨ ਦੀ ਵਾਦੀ ਦੇ ਕਾਰਨ ਉਹ ਸੁਖਾਂ ਤੋਂ ਵਾਂਜਿਆ ਰਹਿੰਦਾ ਹੈ। ਹੇ ਨਾਨਕ! ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ ਪਰ ਜੇ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼’ ਚਾਹੁਣ ਤਾਂ ਉਸ ਨਿੰਦਕ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਹਨ।੪।

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

ਪਦ ਅਰਥ: ਉਦਿਆਨ-ਜੰਗਲ; ਉਝੜਿ-ਕੁਰਾਹੇ; ਥੋਥਾ-ਖ਼ਾਲੀ; ਲਏ ਉਬਾਰਿ- ਬਚਾ ਲੈਂਦਾ ਹੈ।
ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਆਪਣੇ ਜੀਵਨ ਮਨੋਰਥ ਵਿੱਚ ਕਾਮਯਾਬ ਨਹੀਂ ਹੁੰਦਾ ਅਤੇ ਉਹ ਅੱਧ ਵਿੱਚ ਹੀ ਰਹਿ ਜਾਂਦਾ ਹੈ।
ਪ੍ਰਭੂ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕ ਨੂੰ ਜੀਵਨ ਰੂਪੀ ਭਿਆਨਕ ਜੰਗਲ ਵਿੱਚ ਖ਼ੁਆਰ ਕਰਦਾ ਹੈ ਅਤੇ ਕੁਰਾਹੇ ਪਾ ਦਿੰਦਾ ਹੈ।
ਜਿਵੇਂ ਪ੍ਰਾਣਾਂ ਤੋਂ ਬਿਨ੍ਹਾਂ ਸਰੀਰ ਮੁਰਦਾ ਲੋਥ ਹੈ, ਉਸੇ ਤਰ੍ਹਾਂ ਹੀ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਜ਼ਿੰਦਗੀ ਦੇ ਅਸਲੀ ਮਨੋਰਥ ਤੋਂ ਖ਼ਾਲੀ ਹੁੰਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕਾਂ ਦੀ ਆਪਣੀ ਨੇਕ ਕਮਾਈ ਅਤੇ ਸਿਮਰਨ ਵਾਲੀ ਕੋਈ ਪੱਕੀ ਨੀਂਹ ਨਹੀਂ ਹੁੰਦੀ। ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਨਿੰਦਕ ਨਿੰਦਿਆ ਦੀ ਕਮਾਈ ਕਰ ਕੇ ਆਪ ਹੀ ਉਸ ਦਾ ਭੈੜਾ ਫਲ ਖਾਂਦੇ ਹਨ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਵਾਲੇ ਜੀਵ ਨੂੰ ਕੋਈ ਹੋਰ ਜੀਵ ਨਿੰਦਿਆ ਦੀ ਭੈੜੀ ਵਾਦੀ ਤੋਂ ਬਚਾ ਨਹੀਂ ਸਕਦਾ ਪਰ ਹੇ ਨਾਨਕ! ‘ਧਰਮ ਦੇ ਰਸਤੇ ਤੁਰਨ ਵਾਲਾ ਭਲਾ ਪੁਰਸ਼’ ਜੇ ਚਾਹੇ ਤਾਂ ਨਿੰਦਕ ਨੂੰ ਨਿੰਦਿਆ ਕਰਨ ਦੀ ਵਾਦੀ ਤੋਂ ਬਚਾ ਸਕਦਾ ਹੈ।੫।

ਸੰਤ ਕਾ ਦੋਖੀ ਇਉ ਬਿਲਲਾਇ ॥
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
ਸੰਤ ਕਾ ਦੋਖੀ ਛੁਟੈ ਇਕੇਲਾ ॥
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
ਸੰਤ ਕਾ ਦੋਖੀ ਧਰਮ ਤੇ ਰਹਤ ॥
ਸੰਤ ਕਾ ਦੋਖੀ ਸਦ ਮਿਥਿਆ ਕਹਤ ॥
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥

ਪਦਅਰਥ: ਬਿਲਲਾਇ-ਵਿਲਕਦਾ ਹੈ; ਬਿਹੂਨ-ਬਿਨਾ; ਭੂਖਾ-ਤ੍ਰਿਸ਼ਨਾ ਦਾ ਮਾਰਿਆ ਹੋਇਆ ਜੀਵ; ਰਾਜੈ-ਰੱਜਦਾ ਹੈ; ਪਾਵਕੁ-ਅੱਗ; ਧ੍ਰਾਪੈ-ਰੱਜਦੀ; ਈਧਨਿ-ਬਾਲਣ ਨਾਲ; ਬੂਆੜੁ-ਜਿਸ ਫਲ ਦਾ ਬੀਜ ਅੰਦਰੋਂ ਸੜਿਆ ਹੋਵੇ; ਦੁਹੇਲਾ-ਦੁਖੀ; ਮਿਥਿਆ-ਝੂਠ; ਕਿਰਤੁ-ਕੀਤੇ ਹੋਏ ਕੰਮ ਦਾ ਫਲ; ਧੁਰਿ ਹੀ-ਮੁੱਢ ਅਤੇ ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ।
ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਇਉਂ ਵਿਲਕਦਾ ਹੈ ਜਿਵੇਂ ਪਾਣੀ ਤੋਂ ਬਿਨ੍ਹਾਂ ਮੱਛੀ ਤੜਫ਼ਦੀ ਹੈ। ਜਿਵੇਂ ਬਾਲਣ ਨਾਲ ਅੱਗ ਨਹੀਂ ਰੱਜਦੀ ਉਸੇ ਤਰ੍ਹਾਂ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਅਤੇ ਤ੍ਰਿਸ਼ਨਾ ਦਾ ਭੁੱਖਾ ਕਦੇ ਨਹੀਂ ਰੱਜਦਾ। ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਸ਼ੋਭਾ ਤੋਂ ਸੜ ਕੇ ਜੀਵ ਉਨ੍ਹਾਂ ਦੀ ਨਿੰਦਿਆ ਕਰਦਾ ਹੈ ਅਤੇ ਇਹ ਈਰਖਾ ਘਟਦੀ ਨਹੀਂ।
ਜਿਸ ਤਰ੍ਹਾਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਖੇਤ ਵਿੱਚ ਹੀ ਨਿਮਾਣਾ ਪਿਆ ਰਹਿੰਦਾ ਹੈ ਉਸੇ ਤਰ੍ਹਾਂ ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ; ਉਸ ਦੇ ਨੇੜੇ ਕੋਈ ਨਹੀਂ ਆਉਂਦਾ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਧਰਮ ਤੋਂ ਹੀਣਾ ਅਤੇ ਹਮੇਸ਼ਾਂ ਝੂਠ ਬੋਲਦਾ ਹੈ। ਨਿੰਦਿਆ ਕਰਨ ਦੀ ਭੈੜੀ ਆਦਤ ਦੇ ਕਾਰਨ; ਨਿੰਦਕ ਮੁੱਢ ਤੋਂ ਹੀ ਨਿੰਦਿਆ ਕਰਦਾ ਆ ਰਿਹਾ ਹੈ। ਹੁਣ ਇਹ ਸੁਭਾਅ ਬਦਲ ਨਹੀਂ ਸਕਦਾ। ਹੇ ਨਾਨਕ! ਇਹ ਪ੍ਰਭੂ ਦੀ ਰਜ਼ਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।੬।

ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
ਸੰਤ ਕਾ ਦੋਖੀ ਸਦਾ ਸਹਕਾਈਐ ॥
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥
ਜੈਸਾ ਭਾਵੈ ਤੈਸਾ ਕੋਈ ਹੋਇ ॥
ਪਇਆ ਕਿਰਤੁ ਨ ਮੇਟੈ ਕੋਇ ॥
ਨਾਨਕ ਜਾਨੈ ਸਚਾ ਸੋਇ ॥੭॥

ਪਦਅਰਥ: ਬਿਗੜਰੂਪੁ-ਵਿਗੜੇ ਅਤੇ ਭ੍ਰਿਸ਼ਟ ਰੂਪ ਵਾਲਾ; ਸਹਕਾਈਐ-ਆਤੁਰ ਹੋਇਆ ਸਹਕਦਾ ਅਤੇ ਤਰਲੇ ਲੈਂਦਾ ਹੈ; ਪੁਜੈ-ਸਿਰੇ ਨਹੀਂ ਚੜ੍ਹਦੀ; ਤ੍ਰਿਸਟੈ-ਰੱਜਦਾ; ਜੈਸਾ ਭਾਵੈ-ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ; ਪਇਆ ਕਿਰਤੁ-ਪਿੱਛਲੇ ਕੀਤੇ ਮੰਦੇ ਕੰਮਾਂ ਦਾ ਇਕੱਠਾ ਹੋਇਆ ਫਲ।
ਅਰਥ: ‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੀ ਨਿੰਦਿਆ ਕਰਨ ਵਾਲਾ ਜੀਵ ਭ੍ਰਿਸ਼ਟਿਆ ਜਾਂਦਾ ਹੈ। ਨਿੰਦਿਆ ਦੀ ਵਾਦੀ ਕਾਰਨ ਉਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦਾ ਨਿੰਦਕ ਆਤੁਰ ਹੋਣ ਕਰਕੇ ਉਹ ਨਾ ਹੀ ਜੀਊਂਦਿਆਂ ਵਿੱਚ ਅਤੇ ਨਾ ਹੀ ਮਰਿਆਂ ਵਿੱਚ ਹੁੰਦਾ ਹੈ।
‘ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ਾਂ’ ਦੇ ਨਿੰਦਕ ਦੀ ਕਦੇ ਵੀ ਆਸ ਪੂਰੀ ਨਹੀਂ ਹੁੰਦੀ, ਉਹ ਸੰਸਾਰ ਤੋਂ ਨਿਰਾਸ਼ ਹੋ ਕੇ ਜਾਂਦਾ ਹੈ ਅਤੇ ਭਲੇ ਪੁਰਸ਼ਾਂ ਵਾਲੀ ਸ਼ੋਭਾ ਉਸ ਨੂੰ ਨਹੀਂ ਮਿਲਦੀ।
ਜਿਹੋ ਜਿਹੀ ਜੀਵ ਦੀ ਨੀਅਤ ਹੁੰਦੀ ਹੈ, ਉਸੇ ਤਰ੍ਹਾਂ ਦਾ ਉਸ ਦਾ ਸੁਭਾਅ ਬਣ ਜਾਂਦਾ ਹੈ, ਇਸ ਲਈ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਨਾਲ ਕੋਈ ਜੀਵ ਨਿੰਦਿਆ ਕਰਨ ਦੀ ਵਾਦੀ ਤੋਂ ਨਾ ਹੀ ਬਚਦਾ ਅਤੇ ਨਾ ਹੀ ਹਟਦਾ ਹੈ।
ਜੀਵ ਦੀ ਇਹ ਨਿੰਦਿਆ ਦੀ ਵਾਦੀ ਖਤਮ ਨਹੀਂ ਹੁੰਦੀ ਕਿਉਂਕਿ ਪਿਛਲੀ ਕੀਤੀ ਹੋਈ ਨਿੰਦਿਆ ਦੀ ਇਹ ਭੈੜੀ ਕਮਾਈ ਤੋਂ ਬਣੇ ਹੋਏ ਸੁਭਾਅ-ਰੂਪ ਫਲ ਨੂੰ ਕੋਈ ਮਿਟਾ ਨਹੀਂ ਸਕਦਾ। ਹੇ ਨਾਨਕ! ਇਸ ਭੇਤ ਨੂੰ ਉਹ ਸੱਚਾ ਪ੍ਰਭੂ ਹੀ ਜਾਣਦਾ ਹੈ।੭।

ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥
ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥
ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
ਬਡਭਾਗੀ ਨਾਨਕ ਜਨ ਸੇਇ ॥੮॥੧੩॥ ਪੰਨਾਂ ੨੮੦-੮੧

ਅਰਥ: ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਪ੍ਰਭੂ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ, ਇਸ ਕਰਕੇ ਸਦਾ ਉਸ ਪ੍ਰਭੂ ਅੱਗੇ ਹੀ ਆਪਣਾ ਸਿਰ ਨਿਵਾਓ ਅਤੇ ਦਿਨ ਰਾਤ ਕੇਵਲ ਉਸ ਪ੍ਰਭੂ ਦੇ ਹੀ ਗੁਣ ਗਾਓ, ਦਮ-ਬ-ਦਮ ਉਸ ਪ੍ਰਭੂ ਨੂੰ ਹੀ ਯਾਦ ਰੱਖੋ।
ਸੰਸਾਰ ਵਿੱਚ ਹਰ ਇੱਕ ਖੇਡ ਉਸ ਪ੍ਰਭੂ ਅਨੁਸਾਰ ਹੀ ਖੇਡੀ ਜਾ ਰਹੀ ਹੈ। ਜਿਸ ਤਰ੍ਹਾਂ ਪ੍ਰਭੂ ਚਾਹੇ ਉਸ ਤਰ੍ਹਾਂ ਦਾ ਹੀ ਹਰ ਜੀਵ ਬਣ ਜਾਂਦਾ ਹੈ।
ਪ੍ਰਭੂ ਆਪਣੀ ਖੇਡ ਆਪ ਹੀ ਕਰਨ ਜੋਗਾ ਹੈ। ਉਸ ਵਰਗਾ ਕੋਈ ਹੋਰ ਦੂਜਾ ਜੀਵ ਨਹੀਂ ਜੋ ਪ੍ਰਭੂ ਨੂੰ ਸਲਾਹ ਦੇ ਸਕੇ।
ਜਿਸ ਜੀਵ ਉੱਤੇ ਪ੍ਰਭੂ ਆਪ ਮੇਹਰ ਕਰਦਾ ਹੈ ਉਸ ਜੀਵ ਨੂੰ ਪ੍ਰਭੂ ਆਪਣਾ ਨਾਮ ਬਖ਼ਸ਼ ਦਿੰਦਾ ਹੈ ਅਤੇ ਹੇ ਨਾਨਕ! ਉਹ ਜੀਵ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।੮।੧੩।
ਗੁਰਬਾਣੀ ਤੋਂ ਸਪੱਸ਼ਟ ਹੈ ਕਿ ‘ਹਰਿ ਕਾ ਸੰਤ’ ਭਾਵ ਪ੍ਰਮਾਤਮਾ ਦਾ ਸੰਤ ‘ਸਤਗੁਰੁ ਸਤਪੁਰਖਾ’ ਭਾਵ ਸੱਚਾ ਗੁਰੂ-ਮਹਾਂਪੁਰਖ ਹੈ ਜੋ ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਰੂਪੀ ਬਾਣੀ ਉਚਾਰਦਾ ਹੈ। ਗੁਰਸਿੱਖਾਂ ਵਾਸਤੇ ਗੁਰਬਾਣੀ ਹੀ ਸੰਤ ਹੈ। ਇਸ ਲਈ ਗੁਰਸਿੱਖਾਂ ਨੂੰ ਆਪਣਾ ਜੀਵਨ ਗੁਰਬਾਣੀ ਅਨੁਸਾਰ ਹੀ ਬਿਤਾਉਣਾ ਚਾਹੀਦਾ ਹੈ। ਗੁਰਬਾਣੀ ਕਿਸੇ ਵਿਅਕਤੀ ਨੂੰ ਸੰਤ ਨਹੀਂ ਮੰਨਦੀ। ਜੇ ਕੋਈ ਵਿਅਕਤੀ ਸੰਤ ਅਖਵਾਉਣ ਦਾ ਹੱਕਦਾਰ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ੧੦ ਗੁਰੂ ਸਾਹਿਬਾਨ ਅਤੇ ੨੯ ਮਹਾਂ ਪੁਰਖ ਹੀ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਕਿਸੇ ਸਰੀਰ ਨਾਲ ਨਾ ਜੁੜਿਆ ਜਾਵੇ ਕੇਵਲ ਗੁਰਬਾਣੀ ਹੀ ਜੁੜਨਾ ਚਾਹੀਦਾ ਹੈ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ਪੰਨਾਂ ੭੫੯

ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥
ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ॥ ਪੰਨਾਂ ੫੮੮
ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ ਪ੍ਰਭੂ ਤੋਂ ਬਿਨ੍ਹਾਂ ਹੋਰ ਕਿਸੇ ਤੇ ਕੋਈ ਭੀ ਆਸ ਨਹੀਂ ਰੱਖੀ। ਉਨ੍ਹਾਂ ਦਾ ਗੁਰੂ ਭੀ ਧੰਨ ਹੈ ਜਿਸ ਦੇ ਮੂੰਹੋਂ ਨੂੰ ਪ੍ਰਭੂ ਦੀ ਸਿਫਤ-ਸਾਲਾਹ ਦੇ ਬਚਨ ਨਿਕਲਦੇ ਹਨ।


ਵਾਹਿ ਗੁਰੂ ਜੀ ਕਾ ਖਾਲਸਾ॥

ਵਾਹਿ ਗੁਰੂ ਜੀ ਕੀ ਫ਼ਤਹਿ॥

ਬਲਬਿੰਦਰ ਸਿੰਘ




.