.

ਜਿਨ ਕਉ ਕ੍ਰਿਪਾਲ ਹੋਆ ਪ੍ਰਭੁ ਮੇਰਾ

ਸੇ ਲਾਗੇ ਗੁਰ ਕੀ ਬਾਣੀ

ਧਰਮ ਅਸਥਾਨਾਂ ਤੇ ਜਾ ਕੇ ਲੋਕਾਂ ਦੀਆਂ ਮੰਗਾਂ ਨੂੰ ਸੁਣੀਏ ਤਾਂ ਇਹ ਸਾਫ ਜਾਹਰ ਹੋ ਜਾਂਦਾ ਹੈ ਕਿ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਨੂੰ ਹੀ ਉਹ ਰੱਬ ਦੀ ਕ੍ਰਿਪਾ ਸਮਝਦੇ ਹਨ। ਦਸਾਂ ਪਾਤਿਸ਼ਾਹੀਆਂ ਨੇ ਅਣਥੱਕ ਮਿਹਨਤ ਕਰਕੇ ਸਾਨੂੰ ਇੱਕੋ ਇੱਕ ਗ੍ਰੰਥ ਦੇ ਰੂਪ ਵਿੱਚ ਉਹ ਖਜਾਨਾ ਦਿੱਤਾ ਸੀ ਜਿਹੜਾ ਕਿ ਸਾਨੂੰ ਸਦੀਵੀ ਅਨੰਦ ਵਿੱਚ ਪਹੁੰਚਾਉਣ ਦੇ ਸਮਰੱਥ ਹੈ। ਪਰ ਇਸ ਦੀ ਭਾਲ ਕਰਨ ਲਈ ਸਾਨੂੰ ਗੁਰੂ ਦੀ ਬਾਣੀ ਨਾਲ ਜੁੜ ਕੇ ਕਰੜੀ ਮਿਹਨਤ ਤਾਂ ਕਰਨੀ ਹੀ ਪਵੇਗੀ।

ਸਿਰਲੇਖ ਵਾਲੀ ਤੁਕ ਦੱਸਦੀ ਹੈ ਕਿ ਰੱਬ ਦੀ ਕਿਰਪਾ ਹੋਣ ਤੇ ਜੀਵ ਗੁਰੂ ਦੀ ਬਾਣੀ ਨਾਲ ਸੰਬੰਧ ਬਣਾਉਂਦਾ ਹੈ। ਸੰਬੰਧ ਬਨਾਉਣ ਦਾ ਭਾਵ ਸਿੱਖਿਆ ਨਾਲ ਜੁੜਨਾ ਹੈ। ਸਿਰਫ ਪੜ੍ਹਨਾ ਸੁਨਣਾ ਸੰਸਾਰਿਕ ਕੰਮ ਹੀ ਹਨ ਕਿਉਂਕਿ ਇਹ ਕਰਨ ਨਾਲ ਸਿੱਖਿਆ ਨਾਲ ਕੋਈ ਨਾਤਾ ਨਹੀਂ ਬਣਦਾ। ਸਿੱਖਿਆ ਨਾਲ ਨਾਤਾ ਨਾ ਬਣਨ ਕਰਕੇ ਅੰਦਰ ਉਹ ਰੋਗ ਪਲਦੇ ਰਹਿੰਦੇ ਹਨ, ਔਗਣਾਂ ਦੀ ਉਹ ਮੈਲ ਇਕੱਠੀ ਹੁੰਦੀ ਰਹਿੰਦੀ ਹੈ ਜਿਹੜੀ ਸੱਚੇ ਧਰਮ ਦੇ ਬੀਜ ਨੂੰ ਅੰਦਰ ਪਲਰਨ ਹੀ ਨਹੀਂ ਦਿੰਦੀ।

ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸਨਾ ਵਿਕਾਰੁ

ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ-650

ਗੁਰੂ ਦੇ ਨਾਂਅ ਤੇ ਜਿਹੜੇ ਅਸਥਾਨ ਚੱਲ ਰਹੇ ਹਨ ਉੱਥੇ ਘੰਟਿਆਂ ਬੱਧੀ ਬਾਣੀ ਦਾ ਪਾਠ ਜ਼ਰੂਰ ਹੁੰਦਾ ਹੈ। ਪਰ ਬਾਣੀ ਤਾਂ ਕਹਿੰਦੀ ਹੈ ਕਿ ਸਿਰਫ ਪੜ੍ਹਨ ਨਾਲ ਅੰਦਰਲੇ ਭੇਤ ਦੀ ਸਮਝ ਨਹੀਂ ਲੱਗਣੀ। ਜੇ ਅੰਦਰਲੇ ਤੱਤ ਦੀ ਹੀ ਸਮਝ ਨਾ ਲੱਗੀ ਤਾਂ ਉਸਦਾ ਮਨ ਤੇ ਅਸਰ ਕਿਵੇਂ ਹੋ ਸਕਦਾ ਹੈ?

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ-148

ਧਰਮ ਗ੍ਰੰਥਾਂ ਦਾ ਸਿਰਫ ਪੜ੍ਹਨਾ ਤਾਂ ਚਾਰ ਜੁਗਾਂ ਦਾ ਵੀ ਨਿਸਫਲ ਕਿਹਾ ਹੈ-ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ-647

ਜੇ ਸਿੱਖਿਆ ਨਾਲ ਕੋਈ ਨਾਤਾ ਨਾ ਬਣਿਆ ਤਾਂ ਸਾਰੀ ਉਮਰ ਬਾਣੀ ਪੜ੍ਹ ਕੇ ਵੀ ਜੀਵ ਅਗਿਆਨੀ ਹੀ ਰਹੇਗਾ। ਇਸ ਨਾਲ ਸਿਰਫ ਨਿਸਫਲਤਾ ਹੀ ਹਿੱਸੇ ਆਉਂਦੀ ਹੈ ਇਹ ਗੱਲ ਬਾਣੀ ਬਹੁਤ ਕਰੜੇ ਲਫਜ਼ਾਂ ਵਿੱਚ ਸਾਫ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦੀ-

ਬਿਨੁ ਬੂਝੇ ਪਸੂ ਭਏ ਬੇਤਾਲੇ-224

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ-1300

ਬਿਨੁ ਬੂਝੇ ਕੈਸੇ ਪਾਵਹਿ ਪਾਰੁ-84

ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ-251

ਕੀ ਗੁਰੂ ਦੇ ਨਾਂਅ ਤੇ ਚੱਲਣ ਵਾਲੇ ਅਸਥਾਨਾਂ ਦਾ ਮੁੱਖ ਕੰਮ ਸਿੱਖਿਆ ਦੇ ਭੇਤ ਖੋਲਣਾ ਨਹੀਂ ਹੋਣਾ ਚਾਹੀਦਾ? ਜੇ ਬਾਣੀ ਦੀ ਸੇਧ ਨੂੰ ਸਵੀਕਾਰ ਕਰੀਏ ਤਾਂ ਸਿਰਫ ਪੜ੍ਹਨਾ ਹੋਣਾ ਹੀ ਨਹੀਂ ਚਾਹੀਦਾ। ਫਿਰ ਤਾਂ ਉਨਾਂ ਹੀ ਪੜ੍ਹਨਾ ਹੋਣਾ ਚਾਹੀਦਾ ਹੈ ਜਿੰਨੇ ਦੀ ਸਿੱਖਿਆ ਦੇ ਭੇਤ ਉਜਾਗਰ ਕੀਤੇ ਜਾਣ। ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਬਾਣੀ ਸਫਲਤਾ ਲਈ ਤਿੰਨ ਨੁਕਾਤੀ ਰਾਹ ਦਿਖਾਉਂਦੀ ਹੈ-

ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ-127

ਜੇ ਤਿੰਨਾਂ ਹੀ ਨੁਕਤਿਆਂ ਤੇ ਇੱਕੋ ਹੀ ਸਮੇਂ ਅਮਲ ਨਾ ਕੀਤਾ ਤਾਂ ਮੰਜ਼ਿਲ ਦੀ ਪ੍ਰਾਪਤੀ ਹੋਣੀ ਅਸੰਭਵ ਹੈ। ਸਿਰਫ ਪੜੀ ਜਾਣਾ ਪਹਿਲੀ ਪੌੜੀ ਤੇ ਖੜ੍ਹਨ ਦੇ ਬਰਾਬਰ ਹੈ। ਇਸ ਤਰਾਂ ਮੰਜ਼ਿਲ ਕਿਵੇਂ ਮਿਲੇਗੀ? ਕੀ ਗੁਰੂ ਦੇ ਨਾਂਅ ਤੇ ਚੱਲ ਰਹੇ ਅਸਥਾਨਾਂ ਦਾ ਮੰਤਿਵ ਮੰਜ਼ਿਲ ਦੀ ਪ੍ਰਾਪਤੀ ਕਰਵਾਉਣਾ ਨਹੀਂ ਹੋਣਾ ਚਾਹੀਦਾ? ਗੁਰੂ ਦੀ ਸਖਤ ਚਿਤਾਵਨੀ ਤੇ ਫਿਰ ਕੇਂਦਰਿਤ ਕਰਦੇ ਹਾਂ-

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੂਆ-435

ਤ੍ਰਾਸਦੀ ਤਾਂ ਇਹ ਹੈ ਕਿ ਹਾਲੇ ਤਾਂ ਅਸੀਂ ਬਾਣੀ ਦੇ ਪਹਿਲੇ ਅੱਖਰ ੴ ਦਾ ਹੀ ਭੇਤ ਨਹੀਂ ਸਮਝਿਆ। ਕਹਿਣ ਨੂੰ ਅਸੀਂ ਇੱਕ ਅਕਾਲ ਦੇ ਪੁਜਾਰੀ ਹਾਂ ਪਰ ਉਸਦੀ ਸਰਬ ਵਿਆਪਕਤਾ ਤੋਂ ਪੂਰਨ ਤੌਰ ਤੇ ਮੁਨਕਰ ਹਾਂ। ਬਾਣੀ ਤਾਂ ਘਟ ਘਟ ਮਹਿ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ਦਾ ਹੋਕਾ ਦਿੰਦੀ ਹੈ। ਉਹ ਤਾਂ "ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ" ਅਤੇ ਘਟ ਘਟ ਅੰਤਰਿ ਤੂੰ ਹੈ ਵੁਠਾ ਦੀ ਦੁਹਾਈ ਦਿੰਦੀ ਹੈ ਪਰ ਅਸੀਂ ਸਭਨਾਂ ਨੂੰ ਆਪਣੇ ਭਾਈ ਸਮਝਣ ਦੀ ਬਜਾਏ ਊਚ ਨੀਚ ਅਤੇ ਪੂਰਨ ਪਤਿਤ ਦੀਆਂ ਵੰਡੀਆਂ ਵਿੱਚ ਵਾਧੇ ਕਰਨ ਤੋਂ ਹਟਦੇ ਹੀ ਨਹੀਂ।

ਬਾਣੀ ਦੀ ਉਹ ਸਿੱਖਿਆ ਜਿਹੜੀ ਹਰ ਇਨਸਾਨ ਨੂੰ ਹਰ ਵੇਲੇ ਪੱਕੀ ਸ਼ਾਂਤੀ ਦੇਣ ਦੇ ਸਮਰੱਥ ਹੈ ਉਸ ਨੂੰ ਸਦਾ ਲਈ ਪਹਿਲੇ ਨੰਬਰ ਤੇ ਰੱਖਣ ਤੋਂ ਜੇ ਪਾਸਾ ਨਾ ਵੱਟਿਆ ਹੁੰਦਾ ਤਾਂ ਹਰ ਕੋਈ ਦੁਖਾਂ ਤੋਂ ਬਚਣ ਲਈ ਅਤੇ ਸੁਖਾਂ ਵਿੱਚ ਵਾਧੇ ਕਰਨ ਲਈ ਅਰਦਾਸਾਂ ਕਰਦਾ ਅਤੇ ਕਰਾਉਂਦਾ ਬੇਹਾਲ ਨਾ ਹੋਇਆ ਹੁੰਦਾ। ਕਿੰਨੀ ਸਾਫ ਸੇਧ ਹੈ-

ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ-149

ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ-146

ਸਾਫ ਤੌਰ ਤੇ ਕਿਹਾ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ ਕਿਉਂਕਿ ਦੁੱਖ ਅਤੇ ਸੁੱਖ ਉਹ ਮਾਲਕ ਰੱਬ ਆਪ ਹੀ ਦਿੰਦਾ ਹੈ ਅਤੇ ਇਹ ਦੁੱਖ ਸੁੱਖ ਰੂਪੀ ਕੱਪੜੇ ਹਰ ਇੱਕ ਨੂੰ ਹੀ ਪਹਿਨਣੇ ਪੈਂਦੇ ਹਨ। ਇਨਾਂ ਬਾਰੇ ਹਾਲ ਪਾਹਰਿਆ ਕਰਨਾ ਰੱਬ ਦੀ ਰਜ਼ਾ ਨੂੰ ਨਾ ਮੰਨਣ ਦੇ ਦੋਖੀ ਹੋਣਾ ਹੈ। ਇਸ ਸਾਫ ਸਿੱਖਿਆ ਤੇ ਕੇਂਦਰਿਤ ਕਰਕੇ ਹਰ ਇੱਕ ਦੇ ਜੀਵਨ ਵਿੱਚ ਅਡੋਲਤਾ ਅਤੇ ਸ਼ਾਂਤੀ ਦੀ ਪੱਕੀ ਨੀਂਹ ਬੰਨਣ ਦੀ ਥਾਂ ਅਸੀਂ ਪ੍ਰਸੰਗ ਤੋਂ ਬਾਹਰ ਜਾ ਕੇ -

ਲਖ ਖੁਸੀਆਂ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ-44

ਦੇ ਗਲਤ ਅਰਥ ਕਰਕੇ ਸਭਨਾਂ ਨੂੰ ਸੰਸਾਰਿਕ ਮੰਗਾਂ ਵਿੱਚ ਉਲਝਾ ਕੇ ਹਾਲੋਂ ਬੇਹਾਲ ਹੋਣ ਦੇ ਰਾਹ ਖੋਲਦੇ ਹਾਂ। ਜੇ ਅਗਲੀ ਤੁਕ ਤੇ ਭੀ ਧਿਆਨ ਦੁਆਇਆ ਹੁੰਦਾ ਤਾਂ ਪਤਾ ਲੱਗਦਾ ਕਿ ਕਿਹੜੀਆਂ ਚੀਜ਼ਾਂ ਦੇਣ ਦੀ ਗੱਲ ਹੋ ਰਹੀ ਹੈ-

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ-44

ਇਹ ਤ੍ਰਿਸ਼ਨਾ ਦੀ ਅੱਗ ਦੇ ਬੁਝਣ ਨਾਲ ਮਿਲੀ ਅਮੋਲਕ ਸ਼ਾਂਤੀ ਅਤੇ ਅਡੋਲਤਾ ਦੀ ਗੱਲ ਹੈ ਕਿਉਂਕਿ ਸੰਸਾਰਿਕ ਰਸਾਂ ਦੀ ਬਹੁਲਤਾ ਦੀ ਚਾਹ ਕਦੇ ਵੀ ਜੀਵ ਨੂੰ ਸ਼ਾਂਤ ਨਹੀਂ ਹੋਣ ਦਿੰਦੀ ਅਤੇ ਸੰਸਾਰਿਕ ਰਸਾਂ ਦੀ ਭੁੱਖ ਕਦੇ ਵੀ ਮਿਟਦੀ ਨਹੀਂ ਜਿੰਨਾਂ ਚਿਰ ਬਾਣੀ ਦੀ ਸਿੱਖਿਆ ਤੇ ਅਮਲ ਨਾ ਹੋਵੇ-

ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ-1

ਹਾਲੇ ਅਸੀਂ ਇੱਕ ਦੋ ਗੱਲਾਂ ਦਾ ਜ਼ਿਕਰ ਹੀ ਕੀਤਾ ਹੈ ਜਿਥੇ ਬਾਣੀ ਦੀ ਸੇਧ ਨੂੰ ਵਿਸਾਰ ਕੇ ਅਸੀਂ ਆਪਣੇ ਲਈ ਅਤੇ ਹੋਰਨਾਂ ਲਈ ਦੁੱਖ ਦੇ ਰਾਹ ਖੋਲਦੇ ਹਾਂ। ਗੁਰਬਾਣੀ ਗ੍ਰੰਥ ਨੂੰ ਰਸਮੀ ਮੱਥਾ ਟੇਕਣ ਵਾਲੇ ਤਾਂ ਕ੍ਰੋੜਾਂ ਹਨ ਪਰ ਉਸਦੀ ਸਿੱਖਿਆ ਤੇ ਚੱਲਣ ਵਾਲਾ ਕੋਈ ਵਿਰਲਾ ਹੈ। ਸਿਰਫ ਸਿੱਖਿਆ ਤੇ ਚੱਲਣ ਵਾਲੇ ਨੂੰ ਹੀ ਬਾਣੀ ਵਡਿਆਈ ਅਤੇ ਮਿਹਰ ਦਾ ਪਾਤਰ ਮੰਨਦੀ ਹੈ-

ਗੁਰ ਕੀ ਸਿਖ ਕੋ ਵਿਰਲਾ ਲੇਵੈ।

ਨਾਨਕ ਜਿਸੁ ਆਪਿ ਵਡਿਆਈ ਦੇਵੈ-509

ਦਸਾਂ ਪਾਤਿਸ਼ਾਹੀਆਂ ਦੀ ਮਿਹਨਤ ਦੇ ਜੇ ਸੱਚੇ ਕਦਰਦਾਨ ਹਾਂ, ਜੇ ਸੱਚਮੁੱਚ ਹੀ ਉਨਾਂ ਨੂੰ ਸੀਸ ਝੁਕਾਉਣ ਦੇ ਚਾਹਵਾਨ ਹਾਂ ਤਾਂ ਉਨਾਂ ਦੀ ਦਿੱਤੀ ਸਿੱਖਿਆ ਤੇ ਚੱਲਣਾ ਅਤਿਅੰਤ ਜ਼ਰੂਰੀ ਹੈ। ਜੇ ਨਹੀਂ ਚੱਲਦੇ ਤਾਂ ਮਹਾਨ ਗ੍ਰੰਥ ਦੀ ਸੱਚੀ ਮਹਾਨਤਾ ਨੂੰ ਸਮਝਿਆ ਹੀ ਨਹੀਂ। ਗਿਆਨ ਦੇ ਭੰਡਾਰ ਦੇ ਹੁੰਦਿਆਂ ਭੀ ਅਗਿਆਨੀ ਹੀ ਰਹਿ ਜਾਵਾਂਗੇ ਜੇਕਰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਰਾਹੀਂ ਬਾਹਰ ਕੱਢਦੇ ਰਹੇ-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ

ਅੰਧੇ ਏਕੁ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ-1372

ਬਾਣੀ ਤਾਂ ਗੁਰੂ ਦੇ ਚਾਨਣ ਦੀ ਵਡਿਆਈ ਦੇਖੋ ਕਿਵੇਂ ਕਰਦੀ ਹੈ-

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ-463

ਪਰ ਅਸੀਂ ਤਾਂ ਪੂਰਨ ਗੁਰੂ ਦੇ ਪੂਰਨ ਚਾਨਣ ਦੇ ਹੁੰਦਿਆਂ ਭੀ ਉਸਦੀ ਸਿੱਖਿਆ ਤੋਂ ਲਾਭ ਨਾ ਉਠਾ ਕੇ ਹਨੇਰੇ ਵਿੱਚ ਹੀ ਠੇਡੇ ਖਾਂਦੇ ਹਾਂ। ਇਹ ਕਰਨ ਨਾਲ ਤਾਂ ਨਿਸਫਲਤਾ ਤੋਂ ਬਿਨਾਂ ਕੁੱਝ ਭੀ ਹੱਥ ਨਹੀਂ ਆਏਗਾ-

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨੁ ਕਰੈ

ਕਾਹੇ ਕੀ ਕੁਸਲਾਤ ਹਾਥ ਦੀਪੁ ਕੂਏ ਪਰੈ-1378

ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਗੁਰੂ ਆਪਣੀ ਅਸਲੀ ਸੇਵਾ ਸਿੱਖਿਆ ਦੀ ਵਿਚਾਰ ਹੀ ਨੀਯਤ ਕਰਦਾ ਹੈ। ਹੋਰ ਕਿਸੇ ਗੱਲ ਨੂੰ ਉਸਦੀ ਸੱਚੀ ਸੇਵਾ ਮੰਨਣਾ ਸਾਡੀ ਮਨਾਉਤ ਹੀ ਹੋ ਸਕਦੀ ਹੈ-

ਗੁਰ ਕੀ ਸੇਵਾ ਸਬਦੁ ਵੀਚਾਰੁ। ਹਉਮੈ ਮਾਰੇ ਕਰਣੀ ਸਾਰੁ-223

ਨਿਮਰਤਾ ਸਹਿਤ

ਮਨੋਹਰ ਸਿੰਘ ਪੁਰੇਵਾਲ
.