.

ਅਖ਼ਬਾਰਾਂ ਅਤੇ ਮੈਂ

ਪਿੰਡ ਵਿੱਚ ਰਹਿੰਦਿਆਂ ਪਹਿਲੀ ਜਮਾਤ ਦਾ ਇੱਕ ਕਾਇਦਾ ਅਤੇ ਦੂਜੀ ਜਮਾਤ ਦੀ ਇੱਕ ਕਿਤਾਬ ਤੋਂ ਇਲਾਵਾ, ਪੂਰਨ ਭਗਤ ਵਾਲ਼ਾ ਕਿੱਸਾ ਅਤੇ ਕੁੱਝ ਸਮਾ ਪਿੱਛੋਂ ਸ. ਹਰੀ ਸਿੰਘ ਨਲ਼ੂਏ ਦੀ ਸ਼ਹੀਦੀ ਵਾਲ਼ਾ ਕਿੱਸਾ ਪੜ੍ਹਿਆ ਸੀ।

੧੯੫੩ ਵਿੱਚ ਅੰਮ੍ਰਿਤਸਰ ਆਉਣ ਜਾਣ ਹੋ ਗਿਆ ਪਰ ਓਥੇ ਸਵੇਰ ਵੇਲ਼ੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣ ਤੇ ਸ਼ਾਮ ਨੂੰ ਮੰਜੀ ਸਾਹਿਬ ਵਿਖੇ ਪੰਥ ਪ੍ਰਕਾਸ਼ ਦੀ ਕਥਾ ਸੁਣਨ ਤੋਂ ਬਿਨਾ ਕੋਈ ਸਕੂਲੀ ਪੜ੍ਹਾਈ, ਖੇਡ ਆਦਿ ਦਾ ਜੁਗਾੜ ਨਹੀਂ ਸੀ। ਸ੍ਰੀ ਦਰਬਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਸਮੇ ਸਮੇ ਸਜਣ ਵਾਲ਼ੇ ਦੀਵਾਨਾਂ ਵਿੱਚ ਢਾਡੀਆਂ, ਕਵੀਸ਼ਰਾਂ ਤੋਂ ਪ੍ਰਸੰਗ ਬੜੇ ਸ਼ੌਕ ਨਾਲ਼ ਸੁਣਨੇ। ਹਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੀਆਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ, ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਦਾ ਇਤਿਹਾਸ ਦੱਸਦੀਆਂ, ਚਾਰ ਕਿਤਾਬਾਂ, ਬੈਂਤ ਛੰਦ ਵਿੱਚ ਲਿਖੀਆਂ ਹੋਈਆਂ ਪੜ੍ਹ ਲਈਆਂ ਤੇ ਇਹਨਾਂ ਦੇ ਨਾਲ਼ ਹੀ ਸ਼ਾਹ ਮੁਹੰਮਦ ਦਾ ਕਿੱਸਾ, ਸਤਲੁਜ ਦੇ ਕਿਨਾਰੇ ਵਾਲ਼ੀਆਂ ਅੰਗ੍ਰੇਜ਼ਾਂ ਸਿੱਖਾਂ ਦੀਆਂ ਲੜਾਈਆਂ ਵਾਲ਼ਾ ਵੀ ਪੜ੍ਹ ਲਿਆ। ਇਸ ਦੌਰਾਨ ਜਦੋਂ ਵੀ ਪਿੰਡ ਜਾਣਾ, ਸਾਥੀਆਂ ਨਾਲ਼ ਡੰਗਰ ਚਾਰਦਿਆਂ ਫਿਰ ਸਭ ਕੁੱਝ ਭੁੱਲ ਭੁਲਾ ਜਾਣਾ।

ਸਮਾ ਇਉਂ ਬੀਤਦਾ ਗਿਆ। ਸ਼ਾਇਦ ਇਹ ੧੯੫੭ ਦਾ ਸਮਾ ਹੋਵੇਗਾ ਜਦੋਂ ਮੈਨੂੰ ਗੁਰੂ ਰਾਮਦਾਸ ਸਰਾਂ ਵਿਚਲੀ, ਸ੍ਰੀ ਗੁਰੂ ਰਾਮ ਦਾਸ ਲਾਇਬ੍ਰੇਰੀ ਵਿੱਚ ਜਾਣ ਦਾ ਭੁੱਸ ਪੈ ਗਿਆ। ਇਸ ਲਾਇਬ੍ਰੇਰੀ ਵਿੱਚ ਅਖ਼ਬਾਰਾਂ ਵੀ ਆਉਂਦੀਆਂ ਸਨ ਤੇ ਬਹੁਤ ਸਾਰੇ ਮਾਸਕ ਰਸਾਲੇ ਵੀ। ਅਖ਼ਬਾਰਾਂ ਤੇ ਬਰਾਂਡੇ ਵਿਚ, ਉਚੇ ਉਚੇ ਟੇਢੇ ਜਿਹੇ ਟੇਬਲਾਂ ਉਪਰ ਲੱਗੀਆਂ ਹੋਈਆਂ ਹੁੰਦੀਆਂ ਸਨ ਤੇ ਲੋਕ ਉਹਨਾਂ ਨੂੰ ਖਲੋ ਕੇ ਪੜ੍ਹਿਆ ਕਰਦੇ ਸਨ। ਲਾਇਬ੍ਰੇਰੀ ਦੇ ਅੰਦਰ ਅਤੇ ਲਾਇਬ੍ਰੇਰੀਅਨ, ਸ. ਸ਼ਿੰਗਾਰਾ ਸਿੰਘ ਦੇ ਟੇਬਲ ਦੇ ਨੇੜੇ, ਬਹੁਤ ਵੱਡਾ ਟੇਬਲ ਹੁੰਦਾ ਸੀ ਤੇ ਉਸ ਦੇ ਦੁਆਲ਼ੇ ਕੁਰਸੀਆਂ ਹੁੰਦੀਆਂ ਸਨ। ਓਥੇ ਬੈਠ ਕੇ ਬੱਚੇ ਵੀ ਤੇ ਸਿਆਣੇ ਵੀ, ਮਾਸਕ ਤੇ ਸਪਤਾਹਕ ਪੱਤਰ ਪੜ੍ਹਿਆ ਕਰਦੇ ਸਨ। ਜਦੋਂ ਕਦੇ ਬਿਜਲੀ ਚਲੀ ਜਾਣੀ ਤਾਂ ਸ. ਸ਼ਿੰਗਾਰਾ ਸਿੰਘ ਨੇ ਬੂਹਾ ਬੰਦ ਕਰਕੇ, ਸਾਨੂੰ ਬਾਹਰ ਨਿਕਲਣ ਤੋਂ ਰੋਕ ਲੈਣਾ। ਫਿਰ ਮੋਮਬੱਤੀ ਜਗਾ ਕੇ, ਇੱਕ ਇੱਕ ਨੂੰ ਚੰਗੀ ਤਰ੍ਹਾਂ ਵੇਖ ਕੇ, ਬਾਹਰ ਜਾਣ ਦੇਣਾ ਤਾਂ ਕਿ ਕੋਈ ਸ਼ਰਾਰਤੀ ਬੱਚਾ ਰਿਸਾਲਾ ਚੋਰੀ ਕਰਕੇ ਨਾ ਲੈ ਜਾਵੇ। ਇਹ ਸਾਰੇ ਰਸਾਲੇ ਪੰਜਾਬੀ ਵਿੱਚ ਤੇ ਜਾਂ ਇੱਕਾ ਦੁੱਕਾ ਅੰਗ੍ਰੇਜ਼ੀ ਵਿੱਚ ਵੀ ਹੁੰਦੇ ਸਨ। ਇਹਨਾਂ ਵਿਚੋਂ ਕੁੱਝ ਕੁ ਦੇ ਨਾਂ ਮੈਨੂੰ ਹੁਣ ਵੀ ਯਾਦ ਹਨ: ਛਣਕਣਾ, ਬਾਲਕ, ਸਕੂਲ, ਕਹਾਣੀ, ਜੀਵਨ ਪ੍ਰੀਤੀ, ਕੋਮਲ ਸੰਸਾਰ, ਅਮਰ ਕਹਾਣੀਆਂ, ਕਵਿਤਾ ਗਿਆਨ ਅੰਮ੍ਰਿਤ, ਅੰਮ੍ਰਿਤ, ਗੁਰਮਤਿ ਪ੍ਰਕਾਸ਼, ਗੁਰਦੁਆਰਾ ਗਜ਼ਟ, ਜੀਵਨ ਜੋਤੀ, ਭਸੌੜੀਆਂ ਦਾ ਪੰਚਖੰਡ ਪਾਰਲੀਆਮੈਂਟ ਗਜ਼ਟ ਆਦਿ ਮਾਸਕ ਅਤੇ ਕੁੱਝ ਫਤਿਹ, ਉਦਾਸੀ ਸਮਾਚਾਰ, ਮੌਜੀ, ਰਾਮਗੜ੍ਹੀਆ ਸਮਾਚਾਰ, ਆਦਿ ਹਫ਼ਤਾਵਾਰੀ ਵੀ ਹੁੰਦੇ ਸਨ। ਸ. ਗੁਰਬਖ਼ਸ਼ ਸਿੰਘ ਦੇ ਦੋ ਮੈਗਜ਼ੀਨਾਂ ਪ੍ਰੀਤਲੜੀ ਅਤੇ ਬਾਲ ਸੰਦੇਸ਼ ਦੋ ਰਸਾਲਿਆਂ, ਦੀ ਗੁਰਦੁਆਰਿਆਂ ਦੀਆਂ ਲਾਇਬ੍ਰੇਰੀਆਂ ਵਿੱਚ ਦਾਖਲੇ ਤੇ ਪਾਬੰਦੀ ਹੁੰਦੀ ਸੀ। ਮੇਰੀ ਪਸੰਦ ਛਣਕਣਾ ਤੇ ਬਾਲਕ ਵਧੇਰੇ ਹੁੰਦੇ ਸਨ।

੧੯੭੫ ਵਾਲ਼ੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਅਮਰਜੈਂਸੀ ਦੌਰਾਨ ਜਦੋਂ ਅੰਮ੍ਰਿਤਸਰ ਗਿਆ ਤਾਂ ਇਹਨਾਂ ਵਿਚੋਂ ਬਹੁਤ ਸਾਰੇ ਰਸਾਲੇ ਬੰਦ ਹੋ ਚੁੱਕੇ ਸਨ।

੧੯੫੪ ਵਿੱਚ ਕਿਸੇ ਦੇ ਹੱਥ ਵਿੱਚ ਕੋਈ ਅਖ਼ਬਾਰ ਵੇਖੀ ਤੇ ਸੀ ਪਰ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਹੁੰਦੀ। ਜਨਵਰੀ ੧੯੫੮ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿੱਚ ਦਾਖਲ ਹੋਇਆ ਤਾਂ ਫਿਰ ਅਖ਼ਬਾਰਾਂ ਨਾਲ਼ ਵੀ ਸਾਂਝ ਪਈ। ਕਾਲਜ ਵਿੱਚ ਤਾਂ ਸ. ਅਮਰ ਸਿੰਘ ਦੁਸਾਂਝ ਦਾ ਅਖ਼ਬਾਰ ‘ਅਕਾਲੀ ਪੱਤ੍ਰਿਕਾ’ ਆਉਂਦਾ ਸੀ ਪਰ ਮੈਂ ਮਾਸਟਰ ਤਾਰਾ ਸਿੰਘ ਜੀ ਦੇ ਅਖ਼ਬਾਰ ‘ਅਕਾਲੀ’ ਨੂੰ ਪਸੰਦ ਕਰਦਾ ਸਾਂ। ਉਸ ਦੇ ਮੁਕਾਬਲੇ ਦੂਜਾ ਅਖ਼ਬਾਰ ਮੈਨੂੰ ਹਰ ਤਰ੍ਹਾਂ ਹੀ ਫਿੱਕਾ ਫਿੱਕਾ ਜਿਹਾ ਲਗਦਾ ਹੁੰਦਾ ਸੀ; ਅੱਖਰਾਂ ਵੱਲੋਂ ਵੀ ਤੇ ਵਿੱਚ ਲਿਖੀਆਂ ਗੱਲਾਂ ਵੱਲੋਂ ਵੀ। ‘ਅਕਾਲੀ’ ਦੇ ਦੂਜੇ ਪੰਨੇ ਉਪਰ ਦੋ ਕਵਿਤਾਵਾਂ ਛਪਦੀਆਂ ਹੁੰਦੀਆਂ ਸਨ। ਉਪਰ ਵੱਡੀ ਕਵਿਤਾ ਦਾ ਸਿਰਲੇਖ ਹੁੰਦਾ ਸੀ ‘ਗੜਗੱਜ ਦੀਆਂ ਗੱਜਦੀਆਂ ਗੂੰਜਾਂ’। ਥੱਲੇ ਵਾਲ਼ੀ ਛੋਟੀ ਕਵਿਤਾ ਦਾ ਸਿਰਲੇਖ ਹੁੰਦਾ ਸੀ ‘ਖੜਗਧਾਰੀ ਦੀ ਕਲਮ ਤੋਂ’। ਪਹਿਲਾਂ ਤੇ ਇਹਨਾਂ ਕਵਿਤਾਵਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਫਿਰ ਚੁਟਕਲਿਆਂ ਵਾਲ਼ਾ ਛੋਟਾ ਜਿਹਾ ਕਾਲਮ ਤੇ ਫਿਰ ‘ਗੱਲਾਂ ਵਿਚੋਂ ਗੱਲ’ ਵਾਲ਼ਾ ਕਾਲਮ ਪੜ੍ਹਨ ਲੱਗ ਪਿਆ। ਫਿਰ ਦੂਜੇ ਪੰਨੇ ਉਪਰ ਹੀ ਪਾਠਕ ਦੇ ਸੱਜੇ ਹੱਥ, ਉਪਰ ਤੋਂ ਲੈ ਕੇ ਥੱਲੇ ਤੱਕ, ਇੱਕ ਕਾਲਮ ਹੁੰਦਾ ਸੀ ‘ਆਤਿਸ਼ਬਾਜੀ’। ਇਹ ਕਾਲਮ ਸ. ਰਾਜਿੰਦਰ ਸਿੰਘ ਆਤਿਸ਼ ਲਿਖਦਾ ਹੁੰਦਾ ਸੀ ਜੋ ਅੱਜ ਕਲ੍ਹ ਕਈ ਦਹਾਕਿਆਂ ਤੋਂ ਮੁਬਈ ਵਿੱਚ ਬੈਠਾ ਫਿਲਮਾਂ ਦੀਆਂ ਕਹਾਣੀਆਂ ਲਿਖਦਾ ਹੈ। ਫਿਰ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿਤਾ। ਫਿਰ ਪਾਠਕ ਦੇ ਖੱਬੇ ਹੱਥ ਓਡਾ ਹੀ ਵੱਡਾ ਐਡੀਟੋਰੀਅਲ ਹੁੰਦਾ ਸੀ, ਉਸ ਨੂੰ ਵੀ ਹੌਲ਼ੀ ਹੌਲ਼ੀ ਉਠਾਲਣ ਲੱਗ ਪਿਆ। "ਰੰਗ ਲਾਗਤ ਲਾਗਤ ਲਾਗਤ ਹੈ॥" ਦੇ ਕਥਨ ਅਨੁਸਾਰ ਫਿਰ ਹੌਲ਼ੀ ਹੌਲ਼ੀ ਖ਼ਬਰਾਂ ਨੂੰ ਵੀ ਮੂੰਹ ਮਾਰਨ ਲੱਗ ਪਿਆ।

੧੯੬੦ ਦੇ ਅੰਤ ਵਿੱਚ ਕੋਰਸ ਦੀ ਸਮਾਪਤੀ `ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ, ਨੌਕਰੀ ਵਿੱਚ ਸਾਂ ਜਦੋਂ ਫਿਰ ਮੈਂ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਦਾ ਪੱਕਾ ਹੀ ਭਗਤ ਬਣ ਗਿਆ। ਓਦੋਂ ਜੇਹੜੀਆਂ ਰੋਜ਼ਾਨਾ ਅਖ਼ਬਾਰਾਂ ਛਪਦੀਆਂ ਹੁੰਦੀਆਂ ਸਨ ਤੇ ਮੈਂ ਉਹਨਾਂ ਨੂੰ ਪੜ੍ਹਿਆ ਜਾਂ ਵੇਖਿਆ ਸੀ, ਉਹਨਾਂ ਵਿਚੋਂ ਕੁੱਝ ਕੁ ਦੇ ਨਾਂ ਇਸ ਪ੍ਰਕਾਰ ਯਾਦ ਹਨ: ਅਕਾਲੀ, ਅਕਾਲੀ ਪੱਤ੍ਰਿਕਾ, ਅਜੀਤ, ਨਵਾਂ ਜ਼ਮਾਨਾ, ਕੌਮੀ ਦਰਦ, ਵਰਤਮਾਨ, ਖ਼ਾਲਸਾ ਸੇਵਕ, ਪ੍ਰਕਾਸ਼, ਰਣਜੀਤ ਆਦਿ।

ਮੇਰਾ ਮਨ ਭਾਉਂਦਾ ਅਖ਼ਬਾਰ ‘ਅਕਾਲੀ’ ੧੯੬੦ ਵਾਲ਼ੇ ਪੰਜਾਬੀ ਸੂਬਾ ਪੋਰਚੇ ਸਮੇ, ਮੁਖ ਮੰਤਰੀ ਕੈਰੋਂ ਨੇ ਬੰਦ ਕਰਵਾ ਦਿਤਾ ਸੀ। ਮੋਰਚਾ ਮੁੱਕਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਨੇ ਫਿਰ ‘ਅਕਾਲੀ’ ਨੂੰ ਸ਼ੁਰੂ ਕਰਨਾ ਚਾਹਿਆ ਤਾਂ ‘ਅਕਾਲੀ ਪੱਤ੍ਰਿਕਾ’ ਵਾਲ਼ਿਆਂ ਤੋਂ ਇਹ ਇਤਰਾਜ਼ ਲਵਾ ਕੇ, ਆਗਿਆ ਨਾ ਦਿਤੀ ਕਿ ਇਸ ਦਾ ਨਾਂ ਉਹਨਾਂ ਦੀ ਅਖ਼ਬਾਰ ਦੇ ਨਾਂ ਨਾਲ਼ ਮਿਲਦਾ ਜੁਲਦਾ ਹੈ। ਫਿਰ ਅਕਾਲੀ ਦਲ ਨੇ ਓਸੇ ਅਖ਼ਬਾਰ ਨੂੰ ‘ਜਥੇਦਾਰ’ ਦੇ ਨਾਂ ਹੇਠ ਛਾਪਣਾ ਸ਼ੁਰੂ ਕਰ ਦਿਤਾ। ਬਾਕੀ ਤੇ ਸਾਰਾ ਕੁੱਝ ਪਹਿਲਾਂ ਵਾਂਗ ਹੀ ਸੀ ਤੇ ਸਿਰਫ ਨਾਂ ਹੀ ‘ਅਕਾਲੀ’ ਦੇ ਥਾਂ ‘ਜਥੇਦਾਰ’ ਹੋ ਗਿਆ। ‘ਅਕਾਲੀ’ ਅਖ਼ਬਾਰ, ਗੁਰਦੁਆਰਾ ਸੁਧਾਰ ‘ਅਕਾਲੀ ਲਹਿਰ’ ਵੇਲ਼ੇ ਲਾਹੌਰੋਂ ਸ਼ੁਰੂ ਕੀਤਾ ਗਿਆ ਸੀ। ਇਹ ਏਨਾ ਹਰਮਨ ਪਿਆਰਾ ਹੋ ਗਿਆ ਸੀ ਕਿ ਸਿਰਫ ਉਰਦੂ ਜਾਨਣ ਵਾਲ਼ੇ ਮੁਸਲਮਾਨਾਂ ਨੇ ਵੀ ਉਚੇਚਾ ਗੁਰਮੁਖੀ ਦੇ ਅੱਖਰ ਇਸ ਨੂੰ ਪੜ੍ਹਨ ਵਾਸਤੇ ਹੀ ਸਿੱਖੇ। ‘ਪ੍ਰਭਾਤ’ ਉਰਦੂ ਅਤੇ ‘ਅਕਾਲੀ’ ਪੰਜਾਬੀ ਦੇ ਦੋਵੇਂ ਅਖ਼ਬਾਰ ਮਾਸਟਰ ਤਾਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਛਪਦੇ ਸਨ ਤੇ ਪੰਥ ਦੀ ਤਰਜਮਾਨੀ ਕਰਦੇ ਸਨ ਜਦੋਂ ਕਿ ਬਾਕੀ ਦਾ ਤਕਰੀਬਨ ਸਾਰਾ ਪ੍ਰੈਸ ਹੀ ਪੰਥ ਵਿਰੋਧੀ ਹੁੰਦਾ ਸੀ। ਲਾਹੌਰ ਵਿੱਚ ਇਸ ਅਖ਼ਬਾਰ ਦੇ ਦਫ਼ਤਰ ਵਿੱਚ ਰਹਿ ਕੇ ਸਾਝੇ ਲੰਗਰ ਵਿਚੋ ਹੀ ਪ੍ਰਸ਼ਾਦਾ ਛਕ ਕੇ, ਕਈ ਸੱਜਣ ਬਿਨਾ ਤਨਖਾਹ ਦੇ ਕੰਮ ਕਰਿਆ ਕਰਦੇ ਸਨ। ਉਹਨਾਂ ਵਿਚੋਂ ਕੁੱਝ ਕੁ ਦੇ ਨਾਂ ਇਸ ਪ੍ਰਕਾਰ ਹਨ: ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਮਾਸਟਰ ਤਾਰਾ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਗਿਆਨੀ ਕਰਤਾਰ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਆਦਿ।

ਇਸ ਦੌਰਾਨ ਇੱਕ ਮਜ਼ੇਦਾਰ ਘਟਨਾ ਵੀ ਵਾਪਰੀ। ਦਫ਼ਤਰ ਦੇ ਸਾਂਝੇ ਲੰਗਰ ਵਿੱਚ ਮਹਾਂ ਪ੍ਰਸ਼ਾਦ ਵੀ ਰਿਝਦਾ ਸੀ। ਬਾਕੀ ਤੇ ਸਾਰੇ ਸਿੰਘ, ਬਿਨਾ ਸ਼ੰਕਾ ਦੇ ਛਕਦੇ ਸਨ ਪਰ ਗਿਆਨੀ ਹੀਰਾ ਸਿੰਘ ਜੀ ਨਹੀਂ ਸਨ ਛਕਦੇ। ਪੁੱਛਣ ਤੇ ਪਤਾ ਲੱਗਾ ਕਿ ਉਹਨਾਂ ਨੂੰ ਅੰਮ੍ਰਿਤ ਛਕਣ ਸਮੇ, ਪੰਜਾਂ ਪਿਆਰਿਆਂ ਨੇ ਮਹਾਂ ਪ੍ਰਸ਼ਾਦ ਛਕਣ ਤੋਂ ਮਨ੍ਹਾ ਕੀਤਾ ਹੈ। ਇਸ ਲਈ ਉਹ ਉਹਨਾਂ ਦਾ ਹੁਕਮ ਨਹੀਂ ਮੋੜ ਸਕਦਾ। ਗਿਆਨੀ ਜੀ ਨੇ ਅੰਮ੍ਰਿਤ ਕਿਸੇ ਡੇਰੇ ਵਾਲ਼ੀ ਮਰਯਾਦਾ ਅਨੁਸਾਰ ਛਕਿਆ ਸੀ। ਸ਼ਾਇਦ ਸੰਤ ਅਤਰ ਸਿੰਘ ਮਸਤੂਆਣੇ ਵਾਲ਼ਿਆਂ ਤੋਂ! ਇੱਕ ਦਿਨ ਮਾਸਟਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੰਘ ਇਕੱਠੇ ਕਰਕੇ, ਗਿਆਨੀ ਜੀ ਨੂੰ ਹੁਕਮ ਦਿਵਾਇਆ ਕਿ ਉਹ ਮਹਾਂ ਪ੍ਰਸ਼ਾਦ ਛਕਣਗੇ।

‘ਕੌਮੀਦਰਦ’ ਦੇ ਥਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਕੁੱਝ ਚਿਰ ‘ਅਕਾਲੀ ਟਾਈਮਜ਼’ ਵੀ ਕਢਿਆ ਸੀ।

੧੯੬੭ ਦੀਆਂ ਚੋਣਾਂ ਤੋਂ ਪਹਿਲਾਂ ਖੱਬੇ ਕਮਿਊਨਿਸਟਾਂ ਨੇ ਵੀ ਰੋਜ਼ਾਨਾ ਅਖ਼ਬਾਰ ‘ਲੋਕ ਲਹਿਰ’ ਕਢੀ ਸੀ ਜੋ ਬਾਅਦ ਵਿੱਚ ਹਫ਼ਤਾਵਾਰੀ ਹੋ ਗਈ ਸੀ।

ਹਾਂ, ਸੱਚ ਇੱਕ ਅਤੀ ਮਹੱਤਵਪੂਰਣ ਅਖ਼ਬਾਰ ਦਾ ਜ਼ਿਕਰ ਰਹਿ ਹੀ ਚੱਲਿਆ ਸੀ। ਮੇਰੇ ਇੱਕ ਮਿੱਤਰ ਅਕਾਲੀ ਆਗੂ ਦੇ ਸੁਯੋਗ ਸਪੁੱਤਰ ਸ. ਜਗਜੀਤ ਸਿੰਘ ਦਰਦੀ ਨੇ, ੧੯੬੭ ਵਿੱਚ ਪਟਿਆਲੇ ਤੋਂ ਪੰਦਰਾਂ ਰੋਜ਼ਾ ਅਖ਼ਬਾਰ `ਚੜ੍ਹਦੀਕਲਾ ਮਾਰਗ’ ਸ਼ੁਰੂ ਕੀਤਾ ਸੀ ਜੋ ਅੱਜ ਵੀ ‘ਰੋਜ਼ਾਨਾ ਚੜ੍ਹਦੀਕਲਾ’ ਦੇ ਰੂਪ ਵਿੱਚ ਆਪਣੀ ਸ਼ਾਨ ਵਿਖਾ ਰਿਹਾ ਹੈ।

੧੯੬੨ ਵਿੱਚ ਮੇਰੀ ਬਦਲੀ ਜੀਂਦ ਹੋ ਗਈ ਤੇ ਓਥੇ ਜਲੰਧਰ ਤੋਂ ਛਪਣ ਵਾਲ਼ੀ ਕੋਈ ਅਖ਼ਬਾਰ ਨਹੀਂ ਸੀ ਜਾਂਦੀ। ਪਟਿਆਲੇ ਤੋਂ ਇੱਕ ‘ਰਣਜੀਤ’ ਆਉਂਦੀ ਸੀ ਪਰ ਮੇਰੀ ਉਸ ਨਾਲ਼ ਤਸੱਲੀ ਨਹੀਂ ਸੀ ਹੁੰਦੀ। ਇਸ ਲਈ ਮੈਂ ਜੀਂਦ ਮਿਉਂਸਪਲ ਕਮੇਟੀ ਦੀ ਲਾਇਬ੍ਰੇਰੀ ਵਿੱਚ ਜਾਣਾ ਸ਼ੁਰੂ ਕਰ ਦਿਤਾ। ਓਥੇ ਦਿੱਲੀ ਤੋਂ ਛਪਦੇ ਹਿੰਦੀ ਅਖ਼ਬਾਰ ਹਿੰਦੁਸਤਾਨ ਅਤੇ ਹਿੰਦੁਸਤਾਨ ਟਾਈਮਜ਼ ਰੋਜ਼ਾਨਾ ਆਇਆ ਕਰਦੇ ਸਨ। ਇੱਕ ‘ਸਪਤਾਹਿਕ ਹਿੰਦਸਤਾਨ’ ਵੀ ਆਇਆ ਕਰਦਾ ਸੀ; ਉਹਨਾਂ ਉਪਰ ਨਿਗਾਹ ਮਾਰ ਛੱਡਣੀ। ਉਹਨੀਂ ਦਿਨੀਂ ਬਹੁਤ ਹਰਮਨ ਪਿਆਰਾ ਇੱਕ ਸਪਤਾਹਿਕ ਪਰਚਾ ਹੁੰਦਾ ਸੀ ‘ਧਰਮਯੁੱਗ’ ਇਸ ਨੂੰ ਤਾਂ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਪਸੰਦ ਕਰਦਾ ਸੀ। ਇਸ ਨੂੰ ਪੜ੍ਹਨ ਲਈ ਆਪਣੀ ਵਾਰੀ ਉਡੀਕਣੀ ਪੈਂਦੀ ਸੀ। ਇਹਨਾਂ ਤੋਂ ਇਲਾਵਾ ਇੱਕ ਬਹੁਤ ਉਚ ਕੋਟੀ ਦਾ ਪਰਚਾ ਪੰਦਰੀਂ ਦਿਨੀਂ ‘ਪਾਕਸ਼ਿਕ ਸਰਿਤਾ’ ਵੀ ਓਥੇ ਆਉਂਦਾ ਹੁੰਦਾ ਸੀ। ਇਹ ਦੋਵੇਂ ਪਰਚੇ ਮੇਰੀ ਪਸੰਦ ਦੇ ਸਨ। ਇੱਕ ‘ਸ਼ੰਕਰ’ ਜ਼ ਵੀਕਲੀ’ ਨਾਂ ਦਾ ਅੰਗ੍ਰੇਜ਼ੀ ਦਾ ਹਫ਼ਤਾਵਾਰੀ ਪਰਚਾ ਵੀ ਆਉਂਦਾ ਸੀ ਜੋ ਸਿਰਫ ਸਿਆਸੀ ਲੀਡਰਾਂ ਦੇ ਕਾਰਟੂਨਾਂ ਦਾ ਹੀ ਹੁੰਦਾ ਸੀ। ਅੰਗ੍ਰੁੇਜ਼ੀ ਤੇ ਮੈਨੂੰ ਆਉਂਦੀ ਕੋਈ ਨਹੀਂ ਸੀ ਪਰ ਉਸ ਦੇ ਕਾਰਟੂਨ ਵੇਖ ਵੇਖ ਕੇ ਹੀ ਮੈਂ ਖ਼ੁਸ਼ ਹੋ ਜਾਇਆ ਕਰਦਾ ਸਾਂ।

੧੯੬੭ ਵਿੱਚ ‘ਹਿੰਦ ਸਮਾਚਾਰ’ ਉਰਦੂ ਦੇ ਮਾਲਕ, ਲਾਲਾ ਜਗਤ ਨਾਰਾਇਣ ਨੇ ਹਿੰਦੀ ਵਿੱਚ ‘ਪੰਜਾਬ ਕੇਸਰੀ’ ਛਾਪਣੀ ਸ਼ੁਰੂ ਕੀਤੀ। ਜੋ ਬੜੀ ਸਫਲ਼ ਹੋਈ ਤੇ ਮੈਂ ਵੀ ਇਸ ਨੂੰ ਬੜੇ ਚਾ ਨਾਲ਼ ਪੜ੍ਹਿਆ ਕਰਦਾ ਸਾਂ। ੧੯੭੮ ਦੇ ਨਿਰੰਕਾਰੀ ਕਾਂਡ ਤੋਂ ਪਿੱਛੋਂ, ਨਿਰੰਕਾਰੀਆਂ ਦੇ ਹੱਕ ਵਿੱਚ ਪ੍ਰਾਪੇਗੰਡਾ ਕਰਨ ਲਈ, ਲਾਲੇ ਨੇ ਪੰਜਾਬੀ ਵਿੱਚ ‘ਜੱਗਬਾਣੀ’ ਵੀ ਸ਼ੁਰੂ ਕਰ ਲਈ ਸੀ। ਲਾਲੇ ਦੀ ਰੀਸੇ ੧੯੬੭ ਵਿੱਚ ਹੀ, ਪੰਜਾਬ ਵਿਚੋਂ ਛਪਣ ਵਾਲ਼ੀਆਂ ਦੂਜੀਆਂ ਉਰਦੂ ਅਖ਼ਬਾਰਾਂ ਦੇ ਮਾਲਕਾਂ ਨੇ ਵੀ ਹਿੰਦੀ ਐਡੀਸ਼ਨ ਛਾਪਣੇ ਸ਼ੁਰੂ ਕਰ ਦਿਤੇ। ਮਹਾਸ਼ਾ ਕ੍ਰਿਸ਼ਨ ਨੇ ‘ਪ੍ਰਤਾਪ’ ਦੇ ਨਾਲ਼ ‘ਵੀਰ ਪ੍ਰਤਾਪ’ ਅਤੇ ਮਹਾਸ਼ਾ ਯਸ਼ ਨੇ ‘ਮਿਲਾਪ’ ਨੇ ‘ਹਿੰਦੀ ਮਿਲਾਪ’ ਛਾਪਣਾ ਸ਼ੁਰੂ ਕਰ ਦਿਤਾ। ਪੰਜਾਬ ਵਿੱਚ ਰੋਜ਼ਾਨਾ ਚਾਰ ਉਰਦੂ ਦੀਆਂ ਅਖ਼ਾਬਾਰਾਂ ਛਪਿਆ ਕਰਦੀਆਂ ਸਨ। ਮਾਸਟਰ ਜੀ ਦੀ ਉਰਦੂ ‘ਪ੍ਰਭਾਤ’ ਦੇ ਨਾਲ਼ ਪਹਿਲਾਂ ਹੀ ‘ਅਕਾਲੀ’ ਪੰਜਾਬੀ ਵਿੱਚ ਛਪਦੀ ਸੀ। ੧੯੬੭ ਤੋਂ ਫਿਰ ਬਾਕੀ ਦੀਆਂ ਤਿੰਨੇ ਅਖ਼ਬਾਰਾਂ ਹਿੰਦੀ ਵਿੱਚ ਵੀ ਛਪਣ ਲੱਗ ਪਈਆਂ।

ਇਸ ਵੇਲ਼ੇ ਦੇ ਅਖ਼ਬਾਰਾਂ ਬਾਰੇ ਤਾਂ ਤੁਸੀਂ ਮੇਰੇ ਨਾਲੋਂ ਵਧੇਰੇ ਜਾਣਦੇ ਹੋ। ਮੈਂ ਤੇ ੧੯੭੩ ਤੋਂ ਪਰਦੇਸਾਂ ਵਿੱਚ ਹੀ ਵਿਚਰ ਰਿਹਾ ਹਾਂ। ਹਾਂ, ਗਾਹੇ ਬਗਾਹੇ ਚੱਕਰ ਜਰੂਰ ਦੇਸ ਦਾ ਲੱਗ ਜਾਂਦਾ ਹੈ।

ਦੇਸ ਵਿੱਚ ਵਿਚਰਦਿਆਂ ਮੈ ਪੰਜਾਬੀ ਅਤੇ ਹਿੰਦੀ ਵਿੱਚ ਛਪਣ ਵਾਲ਼ੇ ਸਾਰੇ ਦੇ ਸਾਰੇ ਪਰਚੇ, ਰੋਜ਼ਾਨਾ, ਹਫ਼ਤਾਵਾਰੀ, ਪੰਦਰਾਂ ਰੋਜ਼ਾ, ਮਾਸਕ ਪੱਤਰ ਪੜ੍ਹਿਆ ਕਰਦਾ ਸਾਂ।

ਕੁਝ ਸਮਾ ‘ਜਥੇਦਾਰ’ ਮਾਸਟਰ ਜੀ ਦੀ ਸਪੁੱਤਰੀ ਬੀਬੀ ਰਾਜਿੰਦਰ ਕੌਰ ਜੀ ਦੀ ਸੰਪਾਦਕੀ ਹੇਠ ਛਪਦਾ ਰਿਹਾ। ਫਿਰ ਉਹ ਵੀ ਬੰਦ ਹੋ ਗਿਆ। ਉਸ ਦੇ ਬੰਦ ਹੋਣ ਤੋਂ ਬਾਅਦ ਫਿਰ ਮੇਰੀ ਪਸੰਦ ਦਾ ਅਖ਼ਬਾਰ ‘ਰੋਜ਼ਾਨਾ ਅਜੀਤ’ ਹੀ ਹੈ। ਭਾਵੇਂ ਕਿ ਏਹਨੀਂ ਦਿਨੀਂ ਇੰਟਰਨੈਟ ਉਪਰ ਵੀ ਪੰਜਾਬੋਂ ਤੇ ਬਾਹਰੋਂ ਛਪਣ ਵਾਲ਼ੇ ਅਖ਼ਬਾਰਾਂ ਦਾ ਗਾਹੜ ਮਾਹੜ ਪਿਆ ਹੋਇਆ ਹੈ ਪਰ ਮੈਂ ਜਿੰਨਾ ਚਿਰ ‘ਅਜੀਤ’ ਉਪਰ ਨਿਗਾਹ ਨਾ ਮਾਰ ਲਵਾਂ ਮੇਰੀ ਤਸੱਲੀ ਨਹੀਂ ਹੁੰਦੀ।

ਗਿਆਨੀ ਸੰਤੋਖ ਸਿੰਘ

[email protected]




.