.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਦਸਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੩ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸੂਹਵੀਏ! ਸੂਹਾ ਸਭੁ ਸੰਸਾਰੁ ਹੈ, ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ, ਜਿਉ ਟਿਕੈ ਨ ਬਿਰਖ ਕੀ ਛਾਉ॥ ਗੁਰਮੁਖਿ ਲਾਲੋ ਲਾਲੁ ਹੈ, ਜਿਉ ਰੰਗਿ ਮਜੀਠ ਸਚੜਾਉ॥ ਉਲਟੀ ਸਕਤਿ ਸਿਵੈ ਘਰਿ ਆਈ, ਮਨਿ ਵਸਿਆ ਹਰਿ ਅੰਮ੍ਰਿਤ ਨਾਉ॥ ਨਾਨਕ ਬਲਿਹਾਰੀ ਗੁਰ ਆਪਣੇ, ਜਿਤੁ ਮਿਲਿਐ ਹਰਿ ਗੁਣ ਗਾਉ॥   

ਮਃ ੩॥ ਸੂਹਾ ਰੰਗੁ ਵਿਕਾਰੁ ਹੈ, ਕੰਤੁ ਨ ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ, ਰੰਡ ਬੈਠੀ ਦੂਜੈ ਭਾਇ॥ ਮੁੰਧ ਇਆਣੀ ਦੁੰਮਣੀ, ਸੂਹੈ ਵੇਸਿ ਲੁੋਭਾਇ॥ ਸਬਦਿ ਸਚੈ ਰੰਗੁ ਲਾਲੁ ਕਰਿ, ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ, ਜਿ ਚਲਨਿ ਸਤਿਗੁਰ ਭਾਇ॥   

ਪਉੜੀ॥ ਆਪੇ ਆਪਿ ਉਪਾਇਅਨੁ, ਆਪਿ ਕੀਮਤਿ ਪਾਈ॥ ਤਿਸ ਦਾ ਅੰਤੁ ਨ ਜਾਪਈ, ਗੁਰ ਸਬਦਿ ਬੁਝਾਈ॥ ਮਾਇਆ ਮੋਹੁ ਗੁਬਾਰੁ ਹੈ, ਦੂਜੈ ਭਰਮਾਈ॥ ਮਨਮੁਖ ਠਉਰ ਨ ਪਾਇਨੀੑ, ਫਿਰਿ ਆਵੈ ਜਾਈ॥ ਜੋ ਤਿਸੁ ਭਾਵੈ ਸੋ ਥੀਐ, ਸਭ ਚਲੈ ਰਜਾਈ॥   

(ਸਟੀਕ-ਪਉੜੀ ੩, ਸਲੋਕਾਂ ਅਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸੂਹਵੀਏ! ਸੂਹਾ ਸਭੁ ਸੰਸਾਰੁ ਹੈ, ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ, ਜਿਉ ਟਿਕੈ ਨ ਬਿਰਖ ਕੀ ਛਾਉ॥

ਗੁਰਮੁਖਿ ਲਾਲੋ ਲਾਲੁ ਹੈ, ਜਿਉ ਰੰਗਿ ਮਜੀਠ ਸਚੜਾਉ॥ ਉਲਟੀ ਸਕਤਿ ਸਿਵੈ ਘਰਿ ਆਈ, ਮਨਿ ਵਸਿਆ ਹਰਿ ਅੰਮ੍ਰਿਤ ਨਾਉ॥ ਨਾਨਕ ਬਲਿਹਾਰੀ ਗੁਰ ਆਪਣੇ, ਜਿਤੁ ਮਿਲਿਐ ਹਰਿ ਗੁਣ ਗਾਉ॥ ੧॥ {ਪੰ: ੭੮੬}

ਪਦ ਅਰਥ : —ਸੂਹਵੀ—ਸੂਹੇ ਵੇਸ ਵਾਲੀ ਜੀਵ ਇਸਤ੍ਰੀ, (ਪ੍ਰਕਰਣ ਅਨੁਸਾਰ ਕਸੁੰਭੇ ਦੇ ਚੁਹਚੁਹੇ ਲਾਲ ਰੰਗ ਨਾਲ ਪਿਆਰ ਕਰਨ ਵਾਲੀ ਜੀਵ ਇਸਤ੍ਰੀ। ਸੂਹਾ—ਚੁਹਚੁਹੇ ਲਾਲ ਰੰਗ ਵਾਲਾ, ਵੱਡੀ ਖਿੱਚ ਪਾਣ ਵਾਲਾ, ਮਨ ਨੂੰ ਮੋਹਨ ਵਾਲਾ, ਦਿਲ-ਖਿੱਚਵਾਂ। ਦੁਰਮਤਿ— ਭੈੜੀ ਤੇ ਖੋਟੀ ਮੱਤ। ਦੂਜਾ ਭਾਉ—ਸਦਾ ਥਿਰ ਪ੍ਰਭੂ ਨੂੰ ਵਿਸਾਰ ਕੇ ਪ੍ਰਭੂ ਦੀਆਂ ਦਾਤਾਂ `ਚ ਲੁਪਤ, ਮਨਮੁਖੀ ਸੁਭਾਅ।

ਬਿਰਖ—ਰੁੱਖ। ਰੰਗਿ—ਰੰਗ `ਚ। ਸਚੜਾਉ—ਸੱਚਾ, ਪੱਕਾ ਰੰਗ। ਸਕਤਿ—ਮਾਇਆ। ਸਿਵੈ ਘਰਿ—ਪ੍ਰਭੂ ਪ੍ਰਮਾਤਮਾ ਦੇ ਘਰ `ਚ। ਮਨਿ—ਮਨ `ਚ। ਜਿਤੁ ਮਿਲਿਐ—ਜਿਸ ਨੂੰ ਮਿਲ ਕੇ।

ਅਰਥ : — "ਸੂਹਵੀਏ! ਸੂਹਾ ਸਭੁ ਸੰਸਾਰੁ ਹੈ, ਜਿਨ ਦੁਰਮਤਿ ਦੂਜਾ ਭਾਉ" - ਐ ਸੰਸਾਰ ਦੀ ਮੋਹ ਮਾਇਆ ਦੇ ਨਾ ਟਿਕਣ ਵਾਲੇ ਕਸੁੰਭੇ ਲਾਲ ਰੰਗ ਨਾਲ ਪਿਆਰ ਕਰਣ ਵਾਲੀ ਜੀਵ ਇਸਤ੍ਰੀ! ਸ਼ਕ ਨਹੀਂ ਕਿ ਸੰਸਰ ਦੀ ਮੋਹ-ਮਾਇਆ ਦੀ ਖਿੱਚ ਮਨੁੱਖੀ ਮਨਾਂ ਨੂੰ ਬੜਾ ਮੋਹਣ ਵਾਲੀ ਹੁੰਦੀ ਹੈ।

ਜਿਨ੍ਹਾਂ ਜੀਵ ਇਸਤ੍ਰੀਆਂ ਦੇ ਜੀਵਨ ਅੰਦਰ ਮਨਮੱਤਾਂ ਦੀ ਪੈਦਾਇਸ਼ ਕੇਵਲ ਖੋਟੀ ਮੱਤ ਹੀ ਭਾਰੂ ਹੁੰਦੀ ਹੈ; ਜਿਹੜੀਆਂ ਜੀਵ ਇਸਤ੍ਰੀਆਂ ਆਪਣੇ ਅਸਲੇ, ਇਕੋ ਇੱਕ ਸਦਾ-ਥਿਰ ਪ੍ਰਭੂ-ਪਤੀ ਨੂੰ ਵਿਸਾਰ ਕੇ ਕੇਵਲ ਉਸ ਦੀਆਂ ਦਾਤਾਂ ਅਤੇ ਤ੍ਰੈਗੁਣੀ ਮਾਇਆ ਦੇ ਰਸਾਂ `ਚ ਹੀ ਖੱਚਤ ਰਹਿੰਦੀਆਂ ਹਨ।

ਉਹ ਪ੍ਰਭੂ-ਪਤੀ ਦੇ ਪਿਆਰ ਤੋਂ ਵਾਂਝੀਆਂ ਰਹਿੰੑਦੀਆਂ ਹਨ। ਖੋਟੀ ਤੇ ਮੈਲੀ ਮੱਤ ਕਾਰਣ ਉਨ੍ਹਾਂ ਨੂੰ ਮਨਮੱਤੀ ਖਿੱਚਾਂ, ਵਿਕਾਰੀ ਬਿਰਤੀਆਂ ਤੇ ਪ੍ਰਵਿਰੀਤੀਆਂ ਹੀ ਚੁਹਚੁਹੇ ਲਾਲ ਰੰਗ ਵਾਲੀਆਂ ਰਸੀਲੀਆਂ, ਦਿਲ-ਖਿੱਚਵੀਆਂ ਲਗਦੀਆਂ ਹਨ, ਇਸੇ ਕਾਰਣ ਉਹ ਆਪਣੇ ਮਨੁੱਖਾ ਜਨਮ ਦੇ ਇਕੋ-ਇੱਕ ਮਕਸਦ ਵੱਲੋਂ ਅਵੇਸਲੀਆਂ ਰਹਿ ਕੇ, ਜੀਵਨ ਪੱਖੋਂ ਕੁਰਾਹੇ ਪਈਆ ਰਹਿੰਦੀਆਂ ਹਨ। ਜਿਵੇਂ:-

() "ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ" (ਪੰ: ੧੯) ਆਦਿ

"ਖਿਨ ਮਹਿ ਝੂਠੁ ਸਭੁ ਬਿਨਸਿ ਜਾਇ, ਜਿਉ ਟਿਕੈ ਨ ਬਿਰਖ ਕੀ ਛਾਉ" -ਪਰ ਕਸੁੰਭਾ ਲਾਲ-ਰੰਗ ਕੱਚਾ ਹੁੰਦਾ ਹੈ ਜਿਹੜਾ ਪਲ `ਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿੱਕਦੀ।

() "ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ" (ਪ: ੧੯)

() "ਮਨਮੁਖਿ ਝੂਠੋ ਝੂਠੁ ਕਮਾਵੈ॥ ਖਸਮੈ ਕਾ ਮਹਲੁ ਕਦੇ ਨ ਪਾਵੈ॥ ਦੂਜੈ ਲਗੀ ਭਰਮਿ ਭੁਲਾਵੈ॥ ਮਮਤਾ ਬਾਧਾ ਆਵੈ ਜਾਵੈ" (ਪੰ: ੩੬੩) ਆਦਿ

"ਗੁਰਮੁਖਿ ਲਾਲੋ ਲਾਲੁ ਹੈ, ਜਿਉ ਰੰਗਿ ਮਜੀਠ ਸਚੜਾਉ" -ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਰਹਿੰਦੀ ਤੇ ਸ਼ਬਦ-ਗੁਰੂ ਦੀ ਕਮਾਈ ਕਰਦੀ ਹੈ। ਉਸ ਦੇ ਜੀਵਨ `ਚ ਮਜੀਠ ਦੇ ਪੱਕੇ ਲਾਲ ਰੰਗ ਵਾਂਙ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਪੱਕਾ ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ। ਜਿਵੇਂ:-

() "ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ" (ਪੰ: ੮੦੮)

() "ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ" (ਪੰ: ੩੪੬)

() "ਹਰਿ ਰੰਗਿ ਰਾਤਾ ਸੋ ਮਨੁ ਸਾਚਾ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ" (ਪੰ: ੧੯੪) ਆਦਿ

"ਉਲਟੀ ਸਕਤਿ ਸਿਵੈ ਘਰਿ ਆਈ, ਮਨਿ ਵਸਿਆ ਹਰਿ ਅੰਮ੍ਰਿਤ ਨਾਉ" - ਜਿਹੜੀ ਜੀਵ ਇਸਤ੍ਰੀ ਮੋਹ ਮਾਇਆ ਦੀਆਂ ਖਿੱਚਾਂ ਤੇ ਰਸਾਂ ਵਲੋਂ ਪਰਤ ਕੇ ਪ੍ਰਮਾਤਮਾ ਦੇ ਸਦ ਥਿਰ ਸਰੂਪ `ਚ ਟਿੱਕ ਜਾਂਦੀ ਹੈ, ਉਸ ਦੇ ਮਨ ਤੇ ਜੀਵਨ `ਚ ਸਦਾ ਲਈ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਵੱਸ ਜਾਂਦਾ ਹੈ

ਭਾਵ ਫ਼ਿਰ ਉਹ ਸੁਆਸ-ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੀ ਰਹਿ ਕੇ ਜੀਵਨ ਭਰ ਪ੍ਰਭੂ-ਪਤੀ ਦੇ ਨਾਮ ਰੰਗ ਨਾਲ ਹੀ ਰੰਗੀ ਰਹਿੰਦੀ ਹੈ। ਯਥਾ:-

() "ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ॥ ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ" (ਪੰ: ੧੯)

() "ਸਤਿਗੁਰੁ ਸੇਵਨਿ ਆਪਣਾ, ਤੇ ਵਿਰਲੇ ਸੰਸਾਰਿ॥ ਹਉਮੈ ਮਮਤਾ ਮਾਰਿ ਕੈ, ਹਰਿ ਰਾਖਿਆ ਉਰ ਧਾਰਿ" (ਪ: ੨੬) ਆਦਿ

"ਨਾਨਕ ਬਲਿਹਾਰੀ ਗੁਰ ਆਪਣੇ, ਜਿਤੁ ਮਿਲਿਐ ਹਰਿ ਗੁਣ ਗਾਉ॥ ੧॥" -ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਜਾਵੀਏ ਜਿਸ ਨੂੰ ਮਿਲਿਆਂ ਪ੍ਰਮਾਤਮਾ ਦੇ ਗੁਣ ਗਾਵੀਦੇ ਹਨ। ੧। ਯਥਾ:-

() "ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ॥ ਜਨ ਨਾਨਕ ਨਾਮੁ ਸਲਾਹਿ ਤੂ, ਜਨਮ ਮਰਣ ਦੁਖੁ ਜਾਇ" (ਪੰ: ੩੧੩)

() "ਕਿਆ ਭਵੀਐ ਕਿਆ ਢੂਢੀਐ, ਗੁਰ ਸਬਦਿ ਦਿਖਾਇਆ॥ ਮਮਤਾ ਮੋਹੁ ਵਿਸਰਜਿਆ, ਅਪਨੈ ਘਰਿ ਆਇਆ" (ਪੰ: ੪੧੯) ਆਦਿ

ਮਃ ੩॥ ਸੂਹਾ ਰੰਗੁ ਵਿਕਾਰੁ ਹੈ, ਕੰਤੁ ਨ ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ, ਰੰਡ ਬੈਠੀ ਦੂਜੈ ਭਾਇ॥ ਮੁੰਧ ਇਆਣੀ ਦੁੰਮਣੀ, ਸੂਹੈ ਵੇਸਿ ਲਭਾਇ॥

ਸਬਦਿ ਸਚੈ ਰੰਗੁ ਲਾਲੁ ਕਰਿ, ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ, ਜਿ ਚਲਨਿ ਸਤਿਗੁਰ ਭਾਇ॥   

ਪਦ ਅਰਥ : —ਵਿਕਾਰੁ—ਮੰਦੇ ਕਰਮ, ਬਿਰਥਾ ਕਰਮ, ਹਉਮੈ ਯੁੱਕਤ ਕੀਤੇ ਜਾ ਰਹੇ ਧਾਰਮਿਕ ਕਰਮਕਾਂਡ, (ਜਿਵੇਂ- "ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ" (ਪੰ: ੪੭੩) ਪ੍ਰਭੂ-ਪਤੀ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ `ਚ ਗ਼ਲਤਾਨ। ਬਿਲਮ—ਦੇਰੀ, ਢਿੱਲ। ਮੁੰਧ—ਇਸਤ੍ਰੀ। ਦੁੰਮਣੀ—ਦੁਚਿੱਤੀ। ਵੇਸਿ—ਵੇਸ `ਚ। ਲ+ਭਾਇ— {ਅੱਖਰ ‘ਲ’ ਦੀਆਂ ਮਾਤ੍ਰਾਂ (  ) ਤੇ (   ) `ਚੋਂ ਏਥੇ (   ) ਪੜ੍ਹਨਾ ਹੈ; ਅਸਲ ਲਫ਼ਜ਼ ‘ਲੋਭਾਇ’ ਹੈ}।

ਸਬਦਿ ਸਚੈ ਰੰਗੁ ਲਾਲੁ ਕਰਿ— ਸ਼ਬਦ-ਗੁਰੂ ਦੀ ਕਮਾਈ ਨਾਲ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ। ਸੀਗਾਰੁ—ਸਜਾਵਟ, ਸੋਹਜ। ਜਿ—ਿਹੜੀਆਂ ਜੀਵ-ਇਸਤ੍ਰੀਆਂ। ਸੀਗਾਰੁ ਬਣਾਇ —ਪ੍ਰਭੂ ਪਤੀ ਦੀ ਸਿਫ਼ਤ ਸਲਾਹ ਨੂੰ ਹੀ ਆਪਣੇ ਜੀਵਨ ਦਾ ਸ਼ਿੰਗਾਰ ਬਣਾਵੇ। ਭਾਇ—ਪ੍ਰੇਮ ਰਾਹੀਂ। ਸਤਿਗੁਰ ਭਾਇ—ਮਨ ਕਰਕੇ ਸ਼ਬਦ-ਗੁਰੂ ਨਾਲ ਪਿਆਰ ਅਤੇ ਸ਼ਬਦ-ਗੁਰੂ ਦੇ ਸਤਿਕਾਰ `ਚ।

ਸਦਾ ਸੋਹਾਗਣੀ—ਸਦਾ ਲਈ ਪ੍ਰਭੂ-ਪਤੀ ਦੇ ਦਰ `ਤੇ ਕਬੂਲ ਹੋ ਗਈ, ਸਫ਼ਲ ਮਨੁੱਖਾ ਜਨਮ, ਜਿਹੜੀ ਜੀਵ ਇਸਤ੍ਰੀ ਜੀਂਦੇ ਜੀਅ ਪ੍ਰਭੂ-ਪਤੀ `ਚ ਸਮਾਅ ਜਾਵੇ, ਪ੍ਰਭੂ `ਚ ਅਭੇਦ ਹੋ ਜਾਵੇ, ਉਸ ਦੇ ਰੰਗ `ਚ ਹੀ ਰੰਗੀ ਰਵੇ, ਜੇ ਹੋਵੇ ਤਾਂ ਉਸ ਦਾ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਵਾਲਾ ਚਲਦਾ ਆ ਰਿਹਾ ਗੇੜ ਵੀ ਸਦਾ ਲਈ ਮੁੱਕ ਜਾਂਦਾ ਹੈ।

ਅਰਥ : — "ਸੂਹਾ ਰੰਗੁ ਵਿਕਾਰੁ ਹੈ, ਕੰਤੁ ਨ ਪਾਇਆ ਜਾਇ" -ਜਿਵੇਂ ਚੁਹਚੁਹਾ ਲਾਲ ਰੰਗ ਮਨ ਨੂੰ ਖਿੱਚ ਪਾਂਦਾ ਹੈ, ਤਿਵੇਂ ਤ੍ਰੈਗੁਣੀ ਮੋਹ-ਮਾਇਆ ਦੀਆਂ ਲੁਭਾਵਣਆਂ ਖਿੱਚਾ ਵੀ ਮਨਮੁੱਖ ਜੀਵ ਇਸਤ੍ਰੀ ਦੇ ਮਨ ਨੂੰ ਆਪਣੇ ਵੱਲ ਖਿੱਚ ਪਾਉਂਦੀਆਂ ਹਨ ਤੇ ਉਹ ਉਨ੍ਹਾਂ ਵੱਲ ਹੀ ਖਿੱਚੀ ਵੀ ਰਹਿੰਦੀ ਹੈ।

ਇਸ ਕਤਰਣ ਮਾਨਸਿਕ ਤਲ `ਤੇ ਵਿਕਾਰਾਂ ਅਧੀਨ ਤੇ ਹਉਮੈ ਯੁਕਤ ਕੀਤੇ ਧਾਰਮਿਕ ਕਰਮਕਾਂਡਾਂ ਦੀ ਖਿੱਚਾਂ `ਚ ਫਸਿਆਂ, ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਨਹੀਂ ਹੁੰਦਾ ਹੈ। ਜਿਵੇਂ:-

() "ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ" (ਪੰ: ੫੦੮)

() "ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ" (ਪੰ: ੬੪੩)

() "ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ" (ਪੰ: ੫੭੦) ਆਦਿ

"ਇਸੁ ਲਹਦੇ ਬਿਲਮ ਨ ਹੋਵਈ, ਰੰਡ ਬੈਠੀ ਦੂਜੈ ਭਾਇ" - (ਵਿਕਾਰਾਂ ਯੁਕਤ) ਇਸ (ਚੁਹਚੁਹੇ ਰੰਗ ਤੇ ਮਾਇਆ ਦੇ ਦਿਲ-ਖਿੱਚਵੇਂ ਰੰਗਾ ਦੇ, ਉਤਰਦਿਆਂ ਵੀ ਦੇਰ ਨਹੀਂ ਲੱਗਦੀ। ਇਸ ਲਈ ਮੋਹ-ਮਾਇਆ `ਚ ਗ਼ਲਤਾਨ ਜੀਵ-ਇਸਤ੍ਰੀ, ਪ੍ਰਭੂ-ਪਤੀ ਦੇ ਦਰ `ਤੇ ਕਬੂਲ ਨਹੀਂ ਹੁੰਦੀ। ਭਾਵ

ਉਸ ਦਾ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ, ਬਿਰਥਾ ਹੋ ਜਾਂਦਾ ਹੈ। ਉਹ ਜੀਂਦੇ-ਜੀਅ ਸੁਭਾਅ ਕਰਕੇ ਭਿੰਨ ਭਿੰਨ ਜੂਨਾਂ `ਚ ਪਈ ਰਹਿੰਦੀ ਹੈ ਅਤੇ ਸਰੀਰਕ ਮੌਤ ਤੋਂ ਬਾਅਦ ਵੀ ਉਹ ਮੁੜ ਉਨ੍ਹਾਂ ਹੀ ਜੂਨਾਂ-ਜਨਮਾਂ-ਗਰਭਾਂ ਦੇ ਗੇੜ `ਚ ਹੀ ਪੈਂਦੀ ਹੈ।

"ਮੁੰਧ ਇਆਣੀ ਦੁੰਮਣੀ, ਸੂਹੈ ਵੇਸਿ ਲ+ਭਾਇ" -ਜਿਹੜੀ ਜੀਵ-ਇਸਤ੍ਰੀ ਮਾਇਆ ਦੀ ਚਮਕ-ਦਮਕ ਵਾਲੇ ਚੁਹਚੁਹੇ ਵੇਸਾਂ ਵੱਲ ਹੀ ਲੁਭਿਤ ਰਹਿੰਦੀ ਹੈ ਉਹ ਅੰਞਾਣੀ ਹੁੰਦੀ ਹੈ। ਉਸ ਦਾ ਮਨ ਸਦਾ ਡੋਲਦਾ, ਉਖੜਿਆ ਤੇ ਮਾਇਕ ਰੰਗਾਂ ਤੇ ਖਿੱਚਾ `ਚ ਹੀ ਫ਼ਸਿਆ ਰਹਿੰਦਾ ਹੈ। ਇਸ ਲਈ ਉਸ ਦੇ ਮਨ ਤੇ ਜੀਵਨ `ਚ ਕਦੇ ਟਿਕਾਅ ਨਹੀਂ ਆਉਂਦਾ, ਦੁਚਿੱਤੀ `ਚ ਹੀ ਫ਼ਸੀ ਰਹਿੰਦੀ ਹੈ। ਯਥਾ:-

() "ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ" (ਪੰ: ੫੮੪)

() "ਮਮਤਾ ਮੋਹੁ ਕਾਮਣਿ ਹਿਤਕਾਰੀ॥ ਨਾ ਅਉਧੂਤੀ ਨਾ ਸੰਸਾਰੀ" (ਪੰ: ੯੦੩) ਆਦਿ

"ਸਬਦਿ ਸਚੈ ਰੰਗੁ ਲਾਲੁ, ਕਰਿ ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ, ਜਿ ਚਲਨਿ ਸਤਿਗੁਰ ਭਾਇ"॥ ੨॥" -ਜਿਹੜੀਆਂ ਜੀਵ-ਇਸਤ੍ਰੀਆਂ ਸ਼ਬਦ-ਗ੍ਰੁਰੂ ਦੀ ਕਮਾਈ ਰਾਹੀਂ ਪ੍ਰਭੂ ਨਾਮ ਦੇ ਪੱਕੇ ਲਾਲ ਰੰਗ ਵਾਲਾ ਚੋਲਾ ਪਾਉਂਦੀਆਂ ਹਨ।

ਪ੍ਰਭੂ ਦੇ ਨਿਰਮਲ ਭਉ ਪ੍ਰੇਮ-ਸਤਿਕਾਰ ਰਾਹੀਂ ਆਪਣੇ ਮਨ ਦਾ ਸੋਹਜ ਤੇ ਸ਼ਿੰਗਾਰ ਬਨਾਉਂਦੀਆਂ ਹਨ। ਜਿਹੜੀਆਂ ਜੀਵ-ਇਸਤ੍ਰੀਆਂ ਸਤਿਗੁਰੂ ਦੇ ਪਿਆਰ ਤੇ ਸ਼ਬਦ-ਗ੍ਰੁਰੂ ਦੀ ਕਮਾਈ ਵਾਲੇ ਜੀਵਨ-ਰਾਹ `ਤੇ ਚਲਦੀਆਂ ਹਨ, ਹੇ ਨਾਨਕ! ਉਹ ਸਦਾ ਲਈ ਸੁਹਾਗ ਭਾਗ ਵਾਲੀਆਂ ਹੁੰਦੀਆਂ ਹਨ।

ਭਾਵ ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਉਹ ਮੁੜ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਂਦੀਆ। ਉਹ ਜੀਂਦੇ-ਜੀਅ ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦੀਆਂ ਤੇ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੀਆਂ ਹਨ, ਉਸ `ਚ ਅਭੇਦ ਹੋ ਜਾਂਦੀਆਂ ਹਨ। ੨। ਯਥਾ:-

() "ਕਰਤਾ ਮੰਨਿ ਵਸਾਇਆ॥ ਜਨਮੈ ਕਾ ਫਲੁ ਪਾਇਆਮਨਿ ਭਾਵੰਦਾ ਕੰਤੁ ਹਰਿ, ਤੇਰਾ ਥਿਰੁ ਹੋਆ ਸੋਹਾਗੁ ਜੀਉ" (ਪੰ: ੧੩੨)

() "ਗੁਰ ਪੂਰੇ ਤੇ ਏਹ ਨਿਹਚਉ ਪਾਈਐ॥ ਨਾਨਕ ਰਾਮ ਰਮਤ, ਫਿਰਿ ਜੋਨਿ ਨ ਆਈਐ" (ਪੰ: ੨੯੯)

() "ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ, ਸਦ ਰੰਗ ਢੋਲਾ" (ਪੰ: ੭੨੯)

() "ਪਿਰ ਰੰਗਿ ਰਾਤਾ ਸੋ ਸਚਾ ਚੋਲਾ, ਤਿਤੁ ਪੈਧੈ ਤਿਖਾ ਨਿਵਾਰੇ" (ਪੰ: ੫੮੪) ਆਦਿ

() "ਸਬਦਿ ਮਰੈ, ਸੋ ਮਰਿ ਰਹੈ, ਫਿਰਿ ਮਰੈ ਨ ਦੂਜੀ ਵਾਰ" (ਪੰ: ੫੮) ਆਦਿ

ਗੁਰਮੱਤ ਵਿਚਾਰ ਦਰਸ਼ਨ ਅਤੇ ਬੇਨਤੀ- ਵਿਸ਼ੇਸ਼ ਧਿਆਨ ਦੇਣ ਦੀ ਲੌੜ ਹੈ ਕਿ ਹੱਥਲੀ ਪਉੜੀ ਨਾਲ ਸੰਬੰਧਤ ਦੋਨਾਂ ਸਲੋਕਾਂ `ਚ ਸੂਹੇ ਭਾਵ ਇਕੋ ਹੀ ਚੂਹਚੂਹੇ ਲਾਲ ਰੰਗ ਦਾ ਜ਼ਿਕਰ ਪ੍ਰਕਰਣਾਂ ਅਨੁਸਾਰ ਦੋ ਵਿਰੌਧੀ ਅਰਥਾਂ `ਚ ਆਇਆ ਆਇਆ ਹੋਇਆਂ ਹੈ। ਜਿਵੇਂ:-

() "ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ॥ ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲ+ਭਾਇ"

() "ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ" ---ਉਪ੍ਰੰਤ ਇਹੀ ਲਾਲ ਰੰਗ ਬਦਲਵੇ ਅਰਥਾਂ `ਚ:-

() "ਸਬਦਿ ਸਚੈ ਰੰਗੁ ਲਾਲੁ ਕਰਿ, ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ, ਜਿ ਚਲਨਿ ਸਤਿਗੁਰ ਭਾਇ"

() "ਗੁਰਮੁਖਿ ਲਾਲੋ ਲਾਲੁ ਹੈ, ਜਿਉ ਰੰਗਿ ਮਜੀਠ ਸਚੜਾਉ ਅਤੇ ਦੂਜਾ॥ ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ" ਆਦਿ

ਇਸਤਰ੍ਹਾਂ ਉਪ੍ਰੋਕਤ ਅਰੰਭਕ ਪ੍ਰਮਾਣਾ `ਚ ਸੂਹੇ ਤੇ ਗੂੜ੍ਹੇ ਲਾਲ ਰੰਗ ਦੀ ਵਰਤੋਂ ਤੈਗੁਣੀ ਸੰਸਾਰ ਵਿੱਚਲੇ ਮੋਹ-ਮਇਆ ਦੀ ਚਮਕ-ਦਮਕ ਤੇ ਸੰਸਾਰਕ ਰਸਾਂ ਦੇ ਅਰਥਾਂ `ਚ ਕੀਤੀ ਹੋਈ ਹੈ।

ਜਦਕਿ ਇਨ੍ਹਾਂ ਹੀ ਸਲੋਕਾਂ ਵਿੱਚਲੀਆਂ ਹੇਠਾਂ ਦਿੱਤੀਆਂ ਹੋਈਆਂ ਪੰਕਤੀਆਂ `ਚ ਉਸੇ ਲਾਲ ਤੇ ਸੂਹੇ ਰੰਗ ਵਾਲੇ ਪ੍ਰਮਾਣਾਂ `ਚ "ਸਦਾ ਥਿਰ ਪ੍ਰਭੂ ਪ੍ਰਮਾਤਮਾ ਦੀ ਸਿਫ਼ਤ ਸਲਾਹ", ਗੁਰਮੁਖ ਅਤੇ "ਸਫ਼ਲ ਮਨੁਖਾ ਜਨਮ" ਦੇ ਅਰਥਾਂ ਨੂੰ ਨਿਭਾਇਆਂ ਹੋਇਆ ਹੈ।

ਜਦਕਿ ਗੁਰਬਾਣੀ `ਚ ਇਸੇ ਵਿਸ਼ੇ ਨੂੰ ਉਂਜ ਵੀ ਬੇਅੰਤ ਵਾਰ ਇਸੇ ਤਰ੍ਹਾ ਦੀ ਵਿਰੋਧੀ ਅਰਥਾਂ `ਚ ਵਰਤਿਆ ਹੋਇਆ ਹੈ। ਫ਼ਿਰ ਇਹ ਵੀ ਕਿ ਕੁਸੁੰਭੇ ਤੇ ਮਜੀਠੇ ਫੁਲਾਂ ਦੇ ਕੱਚੇ ਤੇ ਪੱਕੇ ਲਾਲ ਰੰਗ ਨੂੰ ਇਸੇ ਤਰ੍ਹਾਂ ਪ੍ਰਮਾਣ ਅਤੇ ਆਧਾਰ ਬਣਾ ਕੇ ਗੁਰਬਾਣੀ `ਚ ਬੇਅੰਤ ਵਾਰ ਵਰਤਿਆ ਹੋਇਆ ਹੈ।

ਇਸ ਲਈ ਜ਼ਰੂਰੀ ਹੈ ਕਿ ਗੁਰਬਾਣੀ ਵਿੱਚਲੀ ਕਿਸੇ ਵੀ ਸ਼ਬਦਾਵਲੀ ਦੇ ਮੂਲ ਅਰਥਾਂ ਨੂੰ ਵਿਚਾਰਣ ਤੋਂ ਪਹਿਲਾਂ, ਸੰਬੰਧਤ ਵਿਸ਼ੇ ਤੇ ਪ੍ਰਕਰਣ ਆਦਿ ਨੂੰ ਹਰ ਪੱਖੋਂ ਗਹੁ ਨਾਲ ਘੋਖਿਆ ਜਾਵੇ।

ਪਉੜੀ॥ ਆਪੇ ਆਪਿ ਉਪਾਇਅਨੁ, ਆਪਿ ਕੀਮਤਿ ਪਾਈ॥ ਤਿਸ ਦਾ ਅੰਤੁ ਨ ਜਾਪਈ, ਗੁਰ ਸਬਦਿ ਬੁਝਾਈ॥ ਮਾਇਆ ਮੋਹੁ ਗੁਬਾਰੁ ਹੈ, ਦੂਜੈ ਭਰਮਾਈ॥ ਮਨਮੁਖ ਠਉਰ ਨ ਪਾਇਨੀੑ, ਫਿਰਿ ਆਵੈ ਜਾਈ॥ ਜੋ ਤਿਸੁ ਭਾਵੈ ਸੋ ਥੀਐ, ਸਭ ਚਲੈ ਰਜਾਈ॥ ੩॥ {ਪੰਨਾ ੭੮੬}

ਪਦ ਅਰਥ : —ਉਪਾਇਅਨੁ—ਪ੍ਰਭੂ ਨੇ ਉਪਾਏ। ਕੀਮਤਿ—ਮੁੱਲ, ਕੱਦਰ। ਬੁਝਾਈ—ਸਮਝ ਦਿੰਦਾ ਹੈ। ਗੁਬਾਰੁ—ਘੁੱਪ ਹਨੇਰਾ। ਮੋਹੁ ਗੁਬਾਰੁ—ਮੋਹ ਮਾਇਆ ਦਾ ਘੁੱਪ ਹਨੇਰਾ। ਦੂਜੈ—ਹੋਰ ਪਾਸੇ। ਦੂਜੈ ਭਰਮਾਈ-ਪ੍ਰਭੂ ਦਾ ਦਰ ਛੱਡ ਕੇ, ਇਧਰ ਓਧਰ ਭਟਕਣਾ, ਦਾਤਾਰ ਪ੍ਰਭੂ ਨੂੰ ਭੁਲਾਅ ਕੇ ਉਸ ਦੀਆਂ ਦਾਤਾਂ `ਚ ਉਲਝੇ ਰਹਿਣਾ। ਠਉਰ—ਟਿਕਾਣਾ। ਰਜਾਈ—ਹੁਕਮ `ਚ, ਪ੍ਰਭੂ ਦੀ ਰਜ਼ਾ `ਚ।

ਅਰਥ : — "ਆਪੇ ਆਪਿ ਉਪਾਇਅਨੁ, ਆਪਿ ਕੀਮਤਿ ਪਾਈ" -ਪ੍ਰਭੂ ਨੇ ਆਪ ਹੀ ਸਾਰੇ ਜੀਵ ਪੈਦਾ ਕਰਕੇ, ਇਨ੍ਹਾਂ ਦੀ ਕੱਦਰ ਵੀ ਉਹ ਆਪ ਹੀ ਜਾਣਦਾ ਅਤੇ ਸੰਭਾਲ ਵੀ ਆਪ ਹੀ ਕਰਦਾ ਹੈ।

"ਤਿਸ ਦਾ ਅੰਤੁ ਨ ਜਾਪਈ, ਗੁਰ ਸਬਦਿ ਬੁਝਾਈ" -ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਪ੍ਰਭੂ ਦੀਆਂ ਅਨੰਤ ਖੇਡਾਂ ਤੇ ਉਸ ਦੇ ਚਲਿਤ੍ਰਾਂ ਦੀ ਹੀ ਪੈ ਸਮਝ ਸਕਦੀ ਹੈ।

ਝਦਕਿ ਗੁਰੂ-ਸਬਦ ਦੀ ਕਮਾਈ ਅਤੇ ਗੁਰੂ-ਸਬਦ ਆਦੇਸ਼ਾਂ ਦਾ ਪਾਲਣ ਕਰਣ ਵਾਲਿਆਂ ਨੂੰ ਅਜਿਹੀ ਸੋਝੀ ਤੇ ਸਮਝ ਵੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ।

"ਮਾਇਆ ਮੋਹੁ ਗੁਬਾਰੁ ਹੈ, ਦੂਜੈ ਭਰਮਾਈ" - ਦਰਅਸਲ ਸੰਸਾਰ `ਚ ਮੋਹ ਮਾਇਆ ਦਾ ਅਜਿਹਾ ਘੁੱਪ ਹਨੇਰਾ ਪਸਰਿਆ ਹੋਇਆ ਹੈ ਕਿ ਉਸ ਅਗਿਆਣਤਾ ਦੇ ਹਨੇਰੇ `ਚ ਟੁਰਦਾ ਤੇ ਠੌਕਰਾਂ ਖਾਂਦਾ "ਗੁਰ ਸਬਦਿ ਬੁਝਾਈ" ਤੌਂ ਵਾਂਝਾਂ ਰਹਿਕੇ ਮਨਮੁੱਖ, ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਵਾਲੇ ਆਪਣੇ ਇਕੋ-ਇੱਕ ਅਸਲ ਰਾਹ ਤੋਂ ਹੀ ਖੁੰਜਿਆਂ ਤੇ ਕੁਰਾਹੇ ਪਿਆ ਰਹਿੰਦਾ ਹੈ।

ਇਸ ਤਰ੍ਹਾਂ ਮਨਮੁੱਖ, ਨਿਗੁਰਾ ਹੋਣ ਕਰਕੇ, ਆਪਣੇ ਦੁਰਲਭ ਮਨੁੱਖਾ ਜਨਮ ਦੇ ਪ੍ਰਭੂ ਦੀ ਸਿਫ਼ਤ ਸਲਾਹ ਤੇ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਵਲੋਂ ਅਣਜਾਣ ਹੁੰਦਾ ਹੈ। ਇਸ ਤਰ੍ਹਾਂ ਉਹ ਪ੍ਰਾਪਤ ਦੁਰਲਭ ਮਨੁੱਖਾ ਜਨਮ ਵਾਲੇ ਇਸ ਵਿਸ਼ੇਸ਼ ਅਵਸਰ ਨੂੰ ਵੀ ਬਿਰਥਾ ਕਰ ਦਿੰਦਾ ਹੈ।

"ਮਨਮੁਖ ਠਉਰ ਨ ਪਾਇਨੀੑ, ਫਿਰਿ ਆਵੈ ਜਾਈ" - ਇਸ ਤਰ੍ਹਾਂ ਜੀਵਨ ਪੱਖੋਂ ਕੁਰਾਹੇ ਪਏ ਅਜਿਹੇ ਮਨ ਦੇ ਪਿੱਛੇ ਟੁਰਣ ਵਾਲੇ ਨਿਗੁਰੇ ਮਨਮੁੱਖਾਂ ਨੂੰ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਅਸਲ ਮੰਜ਼ਲ ਨਹੀਂ ਲੱਭਦੀ।

ਇਹੀ ਕਾਰਣ ਹੈ ਕਿ ਮਨਮੁਖ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਦਿੰਦੇ ਹਨ ਅਤੇ ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਪੈ ਜਾਂਦੇ ਹਨ।

ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਪੈ ਜਾਂਦੇ ਹਨ ਜਿਸ ਗੇੜ `ਚੋਂ ਕੱਢ ਕੇ ਇਸ ਮਨ ਰੂਪ ਜੀਵ ਨੂੰ, ਪ੍ਰਭੂ ਨੇ ਵੱਡੀ ਬਖ਼ਸ਼ਿਸ਼ ਕਰਕੇ, ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਉਣ ਲਈ ਮੁੜ ਦੁਰਲਭ ਮਨੁੱਖਾ ਜਨਮ ਵਾਲਾ ਇਹ ਵਿਸ਼ੇਸ਼ ਅਵਸਰ ਬਖ਼ਸ਼ਿਆ ਹੁੰਦਾ ਹੈ। ਯਥਾ:-

() "ਯਾ ਜੁਗ ਮਹਿ ਏਕਹਿ ਕਉ ਆਇਆ" (ਪੰ: ੨੫੧)

() "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨)

() "ਮਿਲੁ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ" (ਪੰ: ੧੭੬)

() "ਗਰਭ ਜੋਨਿ ਮਹਿ ਉਰਧ ਤਪੁ ਕਰਤਾ॥ ਤਉ ਜਠਰ ਅਗਨਿ ਮਹਿ ਰਹਤਾ॥   ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ" (ਪੰ: ੩੩੭) ਆਦਿ

"ਜੋ ਤਿਸੁ ਭਾਵੈ ਸੋ ਥੀਐ, ਸਭ ਚਲੈ ਰਜਾਈ"॥ ੩॥ - (ਕਿਸੇ ਦਾ ਮਨੁੱਖਾ ਜਨਮ ਦਾ ਸਫ਼ਲ ਹੋਣਾ ਜਾਂ ਮੁੜ ਬਿਰਥਾ ਹੋ ਜਾਣਾ) ਇਹ ਸਭ ਵੀ ਤਾਂ ਪ੍ਰਭੂ ਦੇ ਸੱਚ ਨਿਆਂ `ਚ ਹੀ ਹੋ ਰਿਹਾ ਹੁੰਦਾ ਹੈ। ਸਮੂਚੀ ਰਚਨਾ ਇਕੋ-ਇੱਕ ਪ੍ਰਭੂ ਦੀ ਰਜ਼ਾ ਤੇ ਸੱਚ ਨਿਆ `ਚ ਹੀ ਚੱਲ ਰਹੀ ਹੁੰਦੀ ਹੈ। ੩। ਤਾਂ ਤੇ:-

() "ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ" (ਬਾਣੀ ਜਪੁ)

(() ". . ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ" (ਬਾਣੀ ਜਪੁ) ਆਦਿ (ਚਲਦਾ) #Instt. 3-10v…--Suhi ki.Vaar M.3--03.18#v...

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਦਸਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.