.

ਗੁਰਬਾਣੀ ਵਿੱਚ ਬੈਕੁੰਠ ਦਾ ਸੰਕਲਪ

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਵਿੱਚ ਅਨੇਕਾਂ ਧਰਮ ਹਨ, ਹਰ ਧਰਮ ਦੇ ਆਪਣੇ-ਆਪਣੇ ਸਿਧਾਂਤ ਹਨ ਜੋ ਮਨੁੱਖਾਂ ਜੀਵਨ ਨੂੰ ਸਚਿਆਰ ਬਨਾਉਣ ਲਈ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਉਪਦੇਸ਼ ਦਿੰਦੇ ਹਨ। ਇਹਨਾਂ ਨੇ ਧਰਮ ਕਰਮ ਕਮਾਉਣ ਤੇ ਜ਼ੋਰ ਦਿਤਾ ਹੈ ਅਤੇ ਇਸ ਸਬੰਧੀ ਫਲ ਦੀ ਪ੍ਰਾਪਤੀ ਜੀਵਨ ਦੇ ਖਾਤਮੇ ਤੇ ਮਰਣ ਉਪਰੰਤ ਮਿਲਣ ਦੀ ਗੱਲ ਕੀਤੀ ਗਈ ਹੈ। ਇਸ ਦੇ ਉਲਟ ਕਈ ‘ਇਹ ਜੱਗ ਮਿਠਾ ਅਗਲਾ ਕਿਨ ਡਿੱਠਾ`ਦੀ ਬਾਤ ਵੀ ਪਾਉਂਦੇ ਹਨ।

ਕਿਸੇ ਨਾ ਕਿਸੇ ਰੂਪ ਅੰਦਰ ਸੰਸਾਰ ਦੇ ਹਰੇਕ ਧਰਮ ਵਿੱਚ ਐਸਾ ਵਿਸ਼ਵਾਸ ਪ੍ਰਚਲਿਤ ਹੈ। ਕਿ ਚੰਗੇ ਕਰਮ ਕਰਨ ਵਾਲਿਆਂ ਨੂੰ ਸਵਰਗਾਂ ਦੇ ਸੁੱਖ ਅਤੇ ਮਾੜੇ ਕਰਮ ਕਰਨ ਵਾਲਿਆਂ ਨੂੰ ਨਰਕਾਂ ਦੇ ਦੁੱਖ ਭੋਗਣੇ ਪੈਂਦੇ ਹਨ। ਸਵਰਗ-ਨਰਕ ਜਿਸਨੂੰ ਗੁਰਬਾਣੀ ਵਿੱਚ ਬੈਕੁੰਠ -ਦੋਜਖ ਵੀ ਆਖਿਆ ਗਿਆ ਹੈ, ਐਸੇ ਮਨੋਕਲਪਿਤ ਸਥਾਨ ਹਨ, ਜਿਥੇ ਮਰਣ ਉਪੰਰਤ ਧਰਮਰਾਜ ਵਲੋਂ ਸੁਕਰਮੀਆਂ ਨੂੰ ਸੁੱਖ ਫਲ ਅਤੇ ਦੁਸ਼ਕਰਮੀਆਂ ਨੂੰ ਦੁਖਾਂ ਰੂਪੀ ਫਲ ਦੀ ਪ੍ਰਾਪਤੀ ਹੋਣੀ ਮੰਨੀ ਜਾਂਦੀ ਹੈ। ਸੋਚਣ ਦਾ ਵਿਸ਼ਾ ਹੈ ਕਿ ਮਰਣ ਤੋਂ ਪਿਛੋਂ ਕੀ ਹੁੰਦਾ ਹੈ? ਇਸ ਸਵਾਲ ਦਾ ਜਵਾਬ ਤਾਂ ਹੀ ਕੋਈ ਦੇ ਸਕਦਾ ਹੈ, ਜੇ ਕੋਈ ਮਰਣ ਪਿਛੋਂ ਇੱਕ ਵਾਰ ਫਿਰ ਮਾਤ ਲੋਕ ਵਿੱਚ ਮੁੜ ਕੇ ਆਇਆ ਹੋਵੇ। ਪਰ ਅਸਲੀਅਤ ਇਹੀ ਹੈ ਕਿ ਅਜ ਤਕ ਜੋ ਵੀ ਸੰਸਾਰ ਵਿਚੋਂ ਮਰ ਕੇ ਚਲਾ ਗਿਆ, ਵਾਪਸ ਨਹੀਂ ਆਇਆ। ਇਸ ਲਈ ਸਪਸ਼ਟ ਹੈ ਕਿ ਬੈਂਕੁੰਠ ਜਾਂ ਦੋਜਖ ਕੇਵਲ ਕਲਪਨਾ ਮਾਤਰ ਤੋਂ ਵੱਧ ਕੁੱਝ ਵੀ ਨਹੀਂ ਹੈ।

ਜਦੋਂ ਅਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਗੁਰਮਤਿ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਾਂ ਇਥੇ ਨਾ ਸਵਰਗ ਦਾ ਕੋਈ ਲਾਲਚ ਹੈ ਅਤੇ ਨਾ ਹੀ ਨਰਕ ਦਾ ਡਰਾਵਾ ਹੈ। ਭਗਤ ਕਬੀਰ ਜੀ ਇਸ ਪ੍ਰਥਾਇ ਆਪਣੀ ਗੱਲ ਕਰਦੇ ਹੋਏ ਬਚਨ ਕਰਦੇ ਹਨ ਕਿ ਨਾਂ ਤਾਂ ਉਹਨਾਂ ਨੂੰ ਸਵਰਗਾਂ ਵਿੱਚ ਵਾਸਾਂ ਕਰਨ ਦੀ ਕੋਈ ਇਛਾ ਹੈ ਅਤੇ ਨਾ ਹੀ ਨਰਕਾਂ ਵਿੱਚ ਜਾਣ ਦਾ ਕੋਈ ਡਰ ਹੈ। ਕਿਉਂਕਿ ਸਹੀ ਧਰਮ ਦੇ ਮਾਰਗ ਉਪਰ ਚਲਦੇ ਹੋਏ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਪ੍ਰਮੇਸ਼ਰ ਦੇ ਹੁਕਮ ਅਨੁਸਾਰ ਹੀ ਜੀਵ ਵਲੋਂ ਕੀਤੇ ਕਰਮਾਂ ਦਾ ਫਲ ਮਿਲਣਾ ਹੈ, ਪ੍ਰਭੂ ਦੇ ਹੁਕਮ, ਜ਼ਾਂ, ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਸਹੀ ਮਾਰਗ ਹੈ। ਸਵਰਗ-ਨਰਕ ਦੀਆਂ ਝੂਠੀਆਂ ਆਸਾ ਜਾਂ ਡਰਾਵੇ ਸਭ ਵਿਅਰਥ ਹਨ। ਗਉੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਬਚਨ ਹੈ-

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ।।

ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।।

(ਗਉੜੀ ਪੂਰਬੀ, ਭਗਤ ਕਬੀਰ ਜੀ-੩੩੭)

ਅਸੀਂ ਜਿਵੇ-ਜਿਵੇਂ ਗੁਰਬਾਣੀ ਨੂੰ ਪੜਦੇ-ਸਮਝਦੇ ਜਾਂਦੇ ਹਾਂ, ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੋਈ ਗਿਆਨ ਦੇ ਭੰਡਾਰੇ ਖੋਲੀ ਜਾਂਦੀ ਹੈ। ਸਾਨੂੰ ਸਮਝ ਆਉਂਦੀ ਹੈ ਕਿ ਆਪਣੇ ਜੀਵਨ ਕਾਲ ਅੰਦਰ ਗੁਰੂ ਦੇ ਦੱਸੇ ਸਹੀ ਰਸਤੇ ਤੇ ਚਲਣ ਵਾਲੇ ਮਰਣ ਉਪਰੰਤ ਮਨੋ ਕਲਪਿਤ ਸਵਰਗ ਨਰਕ ਨੂੰ ਮੁੱਢੋ ਹੀ ਰੱਦ ਕਰਦੇ ਹੋਏ ਜੀਉਂਦੇ ਜੀਅ ਹੀ ਗੁਰੂ ਚਰਨਾਂ ਵਿਚੋਂ ਸਵਰਗ ਲਭ ਲੈਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ ਅਤੇ ਮਨ ਟਿਕਾਉ ਦੀ ਅਵਸਥਾ ਵਿੱਚ ਆ ਕੇ ਗੁਰੂ ਕ੍ਰਿਪਾ ਨੂੰ ਹੀ ਸਭ ਕੁੱਝ ਸਮਝਦਾ ਹੋਇਆ ਪੁਕਾਰ ਉਠਦਾ ਹੈ-

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ।।

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗਰ ਪਰਸਾਦੇ।।

(ਰਾਮਕਲੀ ਭਗਤ ਕਬੀਰ ਜੀ-੯੬੯)

ਜਦੋਂ ਅਸੀਂ ਆਪਣੇ ਆਲੇ ਦੁਆਲੇ ਵਿਚਰ ਰਹੇ ਮਨੁੱਖਾਂ ਦੀ ਸੁਭਾਵਿਕ ਵਿਰਤੀ ਵਲ ਵੇਖਦੇ ਹਾਂ ਤਾਂ ਹਰ ਕੋਈ ਬੈਕੁੰਠ ਲਈ ਇਛਾਵਾਨ ਹੁੰਦਾ ਹੋਇਆ ਇਸ ਪ੍ਰਤੀ ਯਤਨਸ਼ੀਲ ਦਿਖਾਈ ਦਿੰਦਾ ਹੈ। ਇਸ ਸਬੰਧ ਵਿੱਚ ਰਾਗ ਭੈਰਉ ਅੰਦਰ ਐਸੇ ਮਨੁੱਖ ਦੀ ਦਸ਼ਾ ਨੂੰ ਬਿਆਨ ਕਰਦੇ ਹੋਏ ਦਰਸਾਇਆ ਗਿਆ ਹੈ ਕਿ ਹਰ ਕੋਈ ਆਖ ਰਿਹਾ ਹੈ ਕਿ ਉਸ ਨੇ ਬੈਕੁੰਠ ਵਿੱਚ ਅਪੜਣਾ ਹੈ, ਪਰ ਸਮਝ ਨਹੀਂ ਆਉਂਦੀ ਕਿ ਐਸਾ ਬੈਕੁੰਠ ਕਿਥੇ ਹੈ? ਜਿਹੜੇ ਲੋਕਾਂ ਨੇ ਅਜੇ ਆਪਣੇ ਆਪ ਦਾ ਭੇਦ ਵੀ ਨਹੀਂ ਪਾਇਆ, ਉਹ ਨਿਰੋਲ ਗਲੀਂ ਬਾਂਤੀ ਹੀ ਬੈਕੁੰਠ ਅਪੱੜਣ ਦੀਆਂ ਗਲਾਂ ਕਰ ਰਹੇ ਹਨ। ਜਦੋਂ ਤਕ ਮਨ ਵਿੱਚ ਬੈਕੁੰਡ ਨਿਵਾਸੀ ਬਨਣ ਦੀਆਂ ਝੂਠੀਆਂ ਆਸਾਂ ਬਣਾ ਕੇ ਬੈਠਾ ਰਹੇਗਾ, ਉਨ੍ਹਾਂ ਚਿਰ ਪ੍ਰਭੂ ਦੇ ਚਰਨਾਂ ਰੂਪੀ ਅਸਲ ਸਵਰਗ ਵਿੱਚ ਕੋਈ ਕਿਵੇਂ ਅਪੜ ਸਕਦਾ ਹੈ? ਆਮ ਮਨੁੱਖਾਂ ਦੇ ਮੰਨ ਅੰਦਰ ਮਰਣ ਉਪੰਰਤ ਬੈਕੁੰਠ ਵਿੱਚ ਪਹੁੰਚਣ ਦੇ ਲਾਲਚ ਦੀ ਥਾਂ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੋਈ ਦਸਦੀ ਹੈ ਕਿ ਐਸਾ ਕੋਈ ਬੈਕੁੰਡ ਕਿਤੇ ਵੀ ਨਹੀਂ ਹੈ, ਅਸਲ ਬੈਕੁੰਠ ਤਾਂ ਇਸ ਧਰਤੀ ਉਪਰ ਸਾਧ ਸੰਗਤ ਰਾਹੀਂ ਸਚੇ ਪ੍ਰਮੇਸ਼ਰ ਦੇ ਨਾਮ ਨਾਲ ਜੁੜ ਕੇ ਹੀ ਪ੍ਰਾਪਤ ਹੋ ਸਕਦਾ ਹੈ। ਇਸ ਪ੍ਰਥਾਇ ਗੁਰਵਾਕ ਹਨ-

ਸਭੁ ਕੋਈ ਚਨਨ ਕਹਤ ਹੈ ਊਹਾਂ।। ਨਾ ਜਾਨਉ ਬੈਕੁੰਡ ਹੈ ਕਹਾਂ।। ੧।। ਰਹਾਉ।।

ਆਪ ਆਪ ਕਾ ਮਰਮੁ ਨ ਜਾਨਾਂ।। ਬਾਤਨ ਹੀ ਬੈਕੁੰਡ ਸਮਾਨਾ।। ੧।।

ਜਬ ਲਗੁ ਮਨ ਬੈਕੁੰਠ ਕੀ ਆਸ।। ਤਬ ਲਗੁ ਨਾਹੀ ਚਰਨ ਨਿਵਾਸ।। ੨।।

ਕਹਿ ਕਮੀਰ ਅਬ ਕਹੀਏ ਕਾਹਿ।। ਸਾਧਸੰਗਤਿ ਬੈਕੁੰਠੈ ਅਹਿ।। ੪।। ੮।। ੧੬।।

(ਭੈਰਉ ਕਬੀਰ ਜੀ-੧੧੬੧)

ਗੁਰਬਾਣੀ ਵਿੱਚ ਦਿਤੇ ਉਪਦੇਸ਼ਾਂ ਅਨੁਸਾਰ ਸਿੱਖ ਧਰਮ ਵਿੱਚ ਬੈਕੁੰਠ-ਦੋਜਖ ਲਈ ਕੋਈ ਥਾਂ ਨਹੀਂ ਹੈ। ਗੁਰਮਤਿ ਇਨ੍ਹਾਂ ਦੋਵਾਂ ਨੂੰ ਹੀ ਬੰਧਨ ਮੰਨਦੀ ਹੈ। ਮਨੁੱਖਾ ਜੀਵਨ ਦਾ ਅਸਲ ਨਿਸ਼ਾਨਾ ਵਾਹਿਗੁਰੂ ਜੀ ਨਾਲ ਜਿਊਂਦੇ ਜੀਅ ਅਭੇਦਤਾ ਹਾਸਲ ਕਰਨਾ ਮੰਨਿਆ ਗਿਆ ਹੈ, ਜਿਸ ਨੂੰ ਗੁਰਬਾਣੀ ਵਿੱਚ ਬੈਕੁੰਠ ਦੀ ਪ੍ਰਾਪਤੀ ਕਿਹਾ ਜਾਂਦਾ ਹੈ।

ਵਿਚਾਰਵਾਨਾਂ ਨੇ ਸਵਰਗ ਸ਼ਬਦ ਦੇ ਅਖਰੀ ਅਰਥ ਹੀ ਆਪਣਾ ਘਰ ਭਾਵ ਜੀਵ-ਆਤਮਾ ਦਾ ‘ਮਨ ਤੂੰ ਜੋਤ ਸਰੂਪੁ ਹੈ ਆਪਣਾ ਮੂਲੁ ਪਛਾਣੁ` (੪੪੧) ਨੂੰ ਸਮਝਦੇ ਹੋਏ ਅਸਲ ਟਿਕਾਣੇ ਤੇ ਪਹੁੰਚਣਾ ਕੀਤੇ ਗਏ ਹਨ। ਜੀਵਨ ਦਾ ਅਸਲ ਟਿਕਾਣਾ ਅਕਾਲ ਪੁਰਖੁ ਹੀ ਹੈ, ਜਿਸ ਤੋਂ ਵਿਛੜ ਕੇ ਇਹ ਵੱਖ-ਵੱਖ ਜੂਨੀਆਂ ਵਿੱਚ ਭਟਕਦਾ ਹੈ। ਜਿਸ ਪ੍ਰਭੂ ਤੋਂ ਇਹ ਜੀਵ ਪੈਦਾ ਹੋਇਆ ਹੈ, ਉਸ ਪ੍ਰਭੂ ਵਿੱਚ ਸਮਾਂ ਜਾਣਾ ਹੀ ਅਸਲ ਬੈਕੁੰਠ ਹੈ।

ਗੁਰਮਤਿ ਅੇਸੇ ਬੈਕੁੰਠ ਦੀ ਪ੍ਰਾਪਤੀ ਗੁਰੂ ਕ੍ਰਿਪਾ ਦੁਆਰਾ ਹੋਣੀ ਮੰਨਦੀ ਹੈ। ਗੁਰੂ ਬਖਸ਼ਿਸ਼ ਰਾਹੀਂ ਜੀਵਨ ਕਾਲ ਅੰਦਰ ਹੀ ਪ੍ਰਮੇਸ਼ਰ ਦੇ ਚਰਨ ਕਮਲਾਂ ਨਾਲ ਜੁੜ ਕੇ ਜੋ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਐਸੇ ਬੈਕੁੰਠ ਦਾ ਵਾਸੀ ਬਣਿਆ ਜੀਵ ਆਖਰੀ ਸਵਾਸ ਤਕ ਇਸ ਤੋਂ ਪਾਸੇ ਨਹੀਂ ਹੁੰਦਾ। ਭਗਤ ਕਬੀਰ ਜੀ ਆਪਣੇ ਸਲੋਕ ਰਾਹੀਂ ਫੁਰਮਾਣ ਕਰਦੇ ਹਨ-

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੈ ਪਰਸਾਦਿ।।

ਚਰਨ ਕਮਲ ਕੀ ਮਉਜ਼ ਮਹਿ ਰਹਉ ਅੰਤਿ ਅਰੁ ਆਦਿ।। ੧੨੦।।

(ਸਲੋਕ ਕਬੀਰ ਜੀ-੧੩੭੦)

ਆਉ! ਅਸੀਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਗੁਰਬਾਣੀ ਵਿੱਚ ਦਰਸਾਏ ‘ਤਹਾ ਬੈਕੁੰਠ ਜਹ ਕੀਰਤਨ ਤੇਰਾ` (੭੪੮) ਨਾਲ ਜੁੜਦੇ ਹੋਏ ਪ੍ਰਮੇਸ਼ਰ ਦੇ ਦਰ ਤੋਂ ਦੁਨਿਆਵੀਂ ਇਛਾਵਾਂ ਦੀ ਪੂਰਤੀ ਵਾਲੀਆਂ ਮੰਗਾਂ ਦੀ ਥਾਂ ਤੇ ਹਮੇਸ਼ਾਂ ਇਹੀ ਮੰਗ ਕਰੀਏ-

ਧਨੁ ਨਹੀ ਬਾਛਹਿ ਸੁਰਗ ਨ ਆਛਹਿ।।

ਅਤਿ ਪ੍ਰਿਯ ਪ੍ਰੀਤਿ ਸਾਧ ਰਜ ਰਾਚਹਿ।।

(ਗਉੜੀ ਬਾਵਨ ਅਖਰੀ ਮ: ੫-੨੫੧)

============

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.