.

** ਸਰਬ ਰੋਗ ਕਾ ਅਉਖਦ ਨਾਮ। **

*** ਸਰਬ- ਸਾਰੇ, ਸਾਰਾ ਸਾਰੀਆਂ।

*** ਰੋਗ- ਮਾਨਸਿੱਕ ਜਾਂ ਸਰੀਰਿਕ ਪਰੇਸ਼ਾਨੀਆਂ, ਤਕਲੀਫਾਂ।

ਰੋਗ ਤਿੰਨ ਪ੍ਰਕਾਰ ਦੇ ਹਨ। (ਆਧਿ, ਬਿਆਧਿ, ਉਪਾਧਿ)।

  • ਆਧਿ – ਮਨ ਦੇ ਰੋਗ।
  • ਬਿਆਧਿ – ਸਰੀਰ ਦੇ ਰੋਗ
  • ਉਪਾਧਿ - ਬਾਹਰਲੇ ਲੜਾਈ ਝਗੜੇ ਕਲੇਸ਼।

*** ਅਉਖਦ – ਦਵਾ, ਦਾਰੂ, ਦਵਾਈ,

*** ਨਾਮ - ਹੋਂਦ, ਰੱਬੀ ਗੁਣ, ਗੌਡਲੀ-ਵਿਰਚੂਜ਼।

** ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ ਮ1॥ 953॥

** ਉੱਪਰਲੀ ਗੁਰਬਾਣੀ ਪੰਕਤੀ ਦੀ ਅਟੱਲ ਸਚਾਈ ਸਾਡੇ ਸਾਹਮਣੇ ਹੈ। ਅਸੀਂ ਆਪ ਖ਼ੁਦ ਆਪਣੀਆਂ ਅੱਖਾਂ ਰਾਂਹੀ ਇਸ ਸੰਸਾਰ ਦੇ ਮਨੁੱਖਾਂ ਨੂੰ ਰੋਦਿਆਂ-ਕਰਲਾਉਂਦਿਆਂ, ਵਿਲਕਦਿਆਂ ਵੇਖ ਰਹੇ ਹਾਂ। ਬਾਬਾ ਨਾਨਕ ਸਾਹਿਬ ਜੀ ਦੇ ਅਨੁਸਾਰ ਇਹ ਸਾਰਾ ਸੰਸਾਰ ਰੋਗੀ ਹੈ, ਦੁਖੀਆ ਹੈ।

** ਕੋਈ ਸਰੀਰਿਕ ਰੋਗੀ ਹੈ।

** ਕੋਈ ਮਾਨਸਿੱਕ ਰੋਗੀ ਹੈ।

** ਕੋਈ ਕਾਮ ਤੋਂ, ਕੋਈ ਕ੍ਰੋਧ ਤੋਂ, ਕੋਈ ਲੋਭ ਤੋਂ, ਕੋਈ ਮੋਹ ਤੋਂ, ਕੋਈ ਹੰਕਾਰ ਤੋਂ ਦੁੱਖੀ ਹੈ।

** ਕੋਈ ਪ੍ਰੀਵਾਰਕ ਉੱਲਝਨਾ ਕਰਕੇ ਦੁੱਖੀ ਹੈ।

** ਕੋਈ ਸੰਸਾਰਕ ਪਰੇਸ਼ਾਨੀਆਂ ਕਰਕੇ ਦੁੱਖੀ ਹੈ।

ਭਾਵ ਕਿ ਸਾਰੇ ਹੀ ਇਨਸਾਨ/ਮਨੁੱਖ ਕਿਸੇ ਨਾ ਕਿਸੇ ਦੁੱਖ/ਪਰੇਸ਼ਾਨੀ/ਤਕਲੀਫ਼/ਉੱਲਝਨ ਕਰਕੇ ਦੁੱਖੀ ਹਨ।

*** ਕੋਈ ਤਾਂ ਕਹੇ ਕਿ ਮੈਂ ਸੁੱਖੀ ਹਾਂ! ! ! !

ਪਰ ਨਹੀਂ! ! ! ਕੋਈ ਨਹੀਂ ਕਹਿ ਸਕਦਾ।

ਇਸ ਸੰਸਾਰ ਵਿੱਚ ਤਾਂ ਆਪਣੇ ਆਪ ਨੂੰ ਅਮੀਰ ਕਹਿਲਾਉਣ ਵਾਲੇ ਅਮੀਰਜ਼ਾਦੇ ਵੀ ਦੁੱਖੀ/ ਪਰੇਸ਼ਾਨ ਹੀ ਹਨ, …

ਗਰੀਬ ਦੀ ਤਾਂ ਹਸਤੀ ਹੀ ਕੀ ਹੈ, ਉਸਦੇ ਪੱਲੇ ਹੈ ਹੀ ਕੀਅ ਹੈ? ਜਿਸ ਉੱਪਰ ਗਰੀਬ ਨੂੰ ਮਾਣ ਹੋਵੇ। ਉਸਨੇ ਤਾਂ ਦੁੱਖੀ ਹੋਣਾ ਹੀ ਹੈ।

*** ਜੋ ਜੋ ਦੀਸੈ ਸੋ ਸੋ ਰੋਗੀ॥

ਰੋਗ ਰਹਿਤ ਮੇਰਾ ਸਤਿਗੁਰੁ ਜੋਗੀ॥ ਰਹਾਉ॥ ਮ5॥ ਪੰ 1140॥

*** ਕਿਸੇ ਨਾਲ ਗੱਲ ਕਰ ਲਉ, ਹਰ ਕੋਈ ਗਲੇ ਤੱਕ ਭਰਿਆ ਪਿਆ ਹੈ। ਬੱਸ ਕੋਈ ਦੁੱਖ ਸੁਨਣ ਵਾਲਾ ਚਾਹੀਦਾ ਹੈ। ਕੋਈ ਧਰਵਾਸਾ ਦੇਣ ਵਾਲਾ ਚਾਹੀਦਾ ਹੈ। ਸਾਰੇ ਬੰਦੇ ਆਪਣਾ ਆਪ ਖੋਹਲਣ/ਉਧੇੜਨ ਨੂੰ ਤਿਆਰ ਬੈਠੇ ਹਨ।

*** ਪਰ ਧਰਵਾਸਾ-ਦਿਲਾਸਾ ਦੇਵੇ ਕੌਣ? ? ?

ਕਿਉਂਕਿ ਸਾਰੇ ਹੀ ਤਾਂ ਉਸ ਰਾਹ ਦੇ ਪਾਂਧੀ ਹਨ। ਸਾਰੇ ਤਾਂ ਅੰਦਰੋਂ ਦੁੱਖਾਂ ਨਾਲ ਭਰੇ ਪਏ ਹਨ। ਸਾਰੇ ਹੀ ਆਪਣਾ ਆਪਣਾ ਦਰਦ ਕਿਸੇ ਨੂੰ ਸੁਨਾਉਂਣਾ ਚਹੁੰਦੇ ਹਨ।

ਕੋਈ ਤਾਂ …… ਕੋਈ ਤਾਂ ਰਾਹ ਦੱਸੇ ਉਹਨਾਂ ਦੇ ਦੁੱਖੜਿਆਂ ਦਾ।

ਪਰ ਕਿਸੇ ਮਨੁੱਖ ਕੋਲ ਕਿਸੇ ਦੂਸਰੇ ਮਨੁੱਖ ਦੇ ਦਰਦ ਦਾ ਕੋਈ ਤੋੜ ਨਹੀਂ ਹੈ, ਹਾਂ ਜੇ ਕਿਸੇ ਮਨੁੱਖ ਕੋਲ ਕਿਸੇ ਦੂਸਰੇ ਮਨੁੱਖ ਲਈ ਕੁੱਝ ਹੈ, ਤਾਂ ਉਹ ਸਿਰਫ ਹਮਦਰਦੀ ਹੈ। ਦਿਲਾਸਾ ਹੈ। ਧਰਵਾਸ ਹੈ। ਪਰ ਦੁੱਖਾਂ ਦਾ ਦਾਰੂ ਨਹੀਂ ਹੈ।

*** ਮਨੁੱਖ ਦੇ ਸਰੀਰਿਕ ਅੰਦਰੂਨੀ ਅਤੇ ਬਾਹਰੀ ਦੁੱਖਾਂ ਦਾ ਤੋੜ ਹੈ, …

ਡਾਕਟਰੀ ਇਲਾਜ, ਦਵਾਈ, ਦੇਖਭਾਲ।

ਬੀਮਾਰੀ ਦੀ ਬਕਾਇਦਾ ਠੀਕ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ। ਦਵਾਈ ਖਾਧੀ ਜਾਵੇ। ਸਰੀਰ ਤੰਦਰੁਸਤ ਹੋ ਜਾਂਦਾ ਹੈ। ਸਰੀਰ ਦੇ ਕਿਸੇ ਵੀ ਟੁੱਟੇ ਭੱਜੇ ਅੰਗ ਦਾ ਇਲਾਜ, ਸਰੀਰ ਦੇ ਅੰਦਰਲੇ ਪਾਸੇ ਜਾਂ ਸਰੀਰ ਦੇ ਖੁਨ ਵਿੱਚ ਆਈ ਬੀਮਾਰੀ ਦਾ ਇਲਾਜ ਇੱਕ ਸਰੀਰਿਕ ਡਾਕਟਰ ਹੀ ਕਰ ਸਕਦਾ ਹੈ।

*** ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਨ ਨਾਲ ਮਨੁੱਖ ਦੇ ਸਰੀਰਰਿੱਕ ਰੋਗਾਂ/ ਤਕਲੀਫਾਂ ਦਾ ਇਲਾਜ ਨਹੀਂ ਹੋ ਸਕਦਾ। ਮਨੁੱਖ ਸਰੀਰਰਿੱਕ ਤੌਰ ਤੇ ਤੰਦਰੁਸਤ ਨਹੀਂ ਹੋ ਸਕਦਾ।

**** ਮਾਨਸਿੱਕ ਦੁੱਖ-ਤਕਲੀਫਾਂ/ਉਲਝਨਾਂ ਵੀ ਮਨੁੱਖ ਦੀਆਂ ਆਪਣੀਆਂ ਹੀ ਸਹੇੜੀਆਂ ਹੋਈਆਂ ਹਨ। ਮਾਨਸਿੱਕ ਤੌਰ ਤੇ ਇਹਨਾਂ ਮਾਨਸਿੱਕ ਦੁੱਖ-ਤਕਲੀਫਾਂ/ ਉਲਝਨਾਂ ਵਿੱਚ ਉੱਲਝ ਜਾਨਾ ਵੀ ਮਨੁੱਖ ਦੇ ਮਨ ਵਿੱਚ ਪੈਦਾ ਹੋਈਆਂ, ਉਸਦੀਆਂ ਲੋੜਾਂ ਪੂਰਤੀ ਦੀਆਂ ਸੋਚਾਂ/ਫੁਰਨੇ ਹੀ ਹਨ।

** ਮਨ ਨੂੰ ਆਪਣੇ ਬਾਰੇ ਆਤਮ ਗਿਆਨ ਹੋ ਜਾਵੇ ਤਾਂ ਉਹ ਆਪਣੇ ਮਨੁੱਖਾ ਜੀਵਨ ਦੀਆਂ ਲੋੜਾਂ ਨੂੰ ਸੰਕੋਚ ਲਏਗਾ। ਵਰਨਾ ਧਰਮ ਚਕਰਾਂ ਦੇ ਵਹਿਮਾਂ ਭਰਮਾਂ ਪਾਖੰਡਾਂ ਵਿੱਚ ਪੈ ਕੇ ਆਪਣੇ ਮਨੁੱਖਾ ਜੀਵਨ ਦੀਆਂ ਲੋੜਾਂ ਵਿੱਚ ਬੇਲੋੜਾ ਵਾਧਾ ਕਰ ਲਏਗਾ, ਜੋ ਉਸਦੇ ਮਾਨਸਿੱਕ ਦਬਾਅ ਦਾ ਕਾਰਨ ਬਣੇਗਾ। ਲੋੜਾਂ ਦੀ ਪੂਰਤੀ ਦਾ ਨਾ ਹੋਣਾ, ਫਿਰ ਮਾਨਸਿੱਕ ਰੋਗ ਵਿੱਚ ਬਦਲ ਜਾਏਗਾ। ਇਸ ਮਾਨਸਿੱਕ ਰੋਗ ਦਾ ਬਾਹਰਮੁਖੀ ਕੋਈ ਇਲਾਜ ਨਹੀਂ ਹੈ। (ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਜ ਸਾਡੇ ਹਸਪਤਾਲਾਂ ਵਿੱਚ ਮਾਨਸਿੱਕ ਰੋਗਾਂ ਦੇ ਇਲਾਜ ਕੀਤੇ ਜਾਂਦੇ ਹਨ। ਐਲਿਉਪੈਥੀ ਇਲਾਜ ਦੇ ਨਾਲ ਨਾਲ ਮਾਨਸਿੱਕ ਰੋਗਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ, ਪਰ 100% ਇਲਾਜ ਨਹੀਂ ਹੈ)

ਹਰ ਮਾਨੁੱਖ, ਬਚਪਨ ਵਿੱਚ ਜਦ ਤੋਂ ਆਪਣੀ ਹੋਸ਼ ਸੰਭਾਲਣ ਲੱਗਦਾ ਹੈ ਤਾਂ ਨਾਲ ਨਾਲ ਉਸਦੀਆਂ ਲੋੜਾਂ-ਇਛਿਆਵਾਂ ਦੀਆਂ ਜਰੂਰਤਾਂ ਵੀ ਵੱਧਦੀਆਂ ਜਾਂਦੀਆਂ ਹਨ। ਅਗਰ ਇਹਨਾਂ ਇਛਿਆਵਾਂ ਲੋੜਾਂ ਦੀ ਪੂਰਤੀ ਬਰਾਬਰ ਹੁੰਦੀ ਰਹੇ ਤਾਂ ਖ਼ੁਸ਼, ਵਰਨਾ ਦੁੱਖ।

*** ਜਿਵੇਂ ਜਿਵੇਂ ਉੱਮਰ ਵੱਧਦੀ ਹੈ, ਤਿਵੇਂ ਤਿਵੇਂ ਇਛਿਆਵਾਂ ਲੋੜਾਂ ਵਿੱਚ ਵੀ ਵਾਧਾ ਹੁੰਦਾ ਜਾਂਦਾ ਹੈ। ਮਨੁੱਖ ਬਾਹਰਮੁਖੀ ਹੋ ਕੇ ਇਹਨਾਂ ਇਛਿਆਵਾਂ ਲੋੜਾਂ ਦੀ ਪੂਰਤੀ ਦੀ ਦੌੜ-ਭੱਜ ਵਿੱਚ ਰੁੱਝ ਜਾਂਦਾ ਹੈ। ਤਾ ਜਿੰਦਗੀ

** ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮ ॥ਮ5॥ 274॥

** ਉਪਰਲੇ ਗੁਰਬਾਣੀ ਫੁਰਮਾਨ ਅਨੁਸਾਰ; ‘ਸਰਬ ਰੋਗ ਕਾ ਅਉਖਦੁ ਨਾਮੁ’। ਇਥੇ ਸਵਾਲ ਉੱਠ ਖੜਾ ਹੁੰਦਾ ਹੈ? ? ?

*** ਕਿ ਸਾਰਿਆਂ ਰੋਗਾਂ ਦੀ ਦਵਾਈ ‘ਨਾਮ’ ਹੈ, ਇਹ ਕਿਸ ਤਰਾਂ ਹੋ ਸਕਦਾ ਹੈ? ?

** ਸਿੱਖ ਸਮਾਜ ਵਿੱਚ ਇਸ ਵਿਸ਼ੇ ਪ੍ਰਤੀ ਬਹੁਤ ਹੀ ਭਰਮ-ਭੁਲੇਖੇ ਪਾਏ ਗਏ ਹਨ, ਖੜੇ ਕੀਤੇ ਗਏ ਹਨ। ਖਾਸ ਕਰਕੇ ਟਕਸਾਲੀਆਂ, ਵਿਹਲੜ ਡੇਰੇਦਾਰਾਂ, ਪਾਰੰਪਰਾਵਾਦੀ ਸੰਪਰਦਾਵਾਂ, ਨਿਰਮਲੇ ਸਾਧਾਂ, ਹੋਰ ਅਨਪੜ ਪੂਜਾਰੀ ਲਾਣੇ ਵਲੋਂ ਜਿਹਨਾਂ ਨੇ ਗੁਰਬਾਣੀ ਪ੍ਰਚਾਰ-ਪ੍ਰਸਾਰ ਦੀ ਆਢ ਹੇਠ ਆਪਣਾ ਤੋਰੀ ਫੁਲਕਾ ਚਲਦਾ ਕੀਤਾ ਹੋਇਆ ਹੈ। ਇਹਨਾਂ ਸਾਰਿਆਂ ਨੇ ‘ਗੁਰਬਾਣੀ’ ਨੂੰ ਵੀ ਜਾਦੂ-ਟੋਣੇ-ਟੋਟਕੇ ਦੇ ਅਨੁਸਾਰੀ ਸਮਝਕੇ/ਬਣਾ ਕੇ ਦੁੱਖ ਭੰਜਨੀ ਸਬਦਾਂ ਨੂੰ ਛੋਟੇ ਛੋਟੇ ਕਾਗਜ਼ਾਂ ਉੱੋਪਰ ਲਿੱਖਕੇ ਤਵੀਤਾਂ ਵਿੱਚ ਭਰ ਭਰ ਕੇ ਵੰਡਦੇ ਹਨ, ਲੋਕਾਂ ਦੇ ਦੁੱਖ ਦੂਰ ਕਰ ਰਹੇ ਹਨ।

** ਜਦੋਂ ਕੇ ਇਹ ਅਟੱਲ ਸਚਾਈ ਹੈ ਕਿ ‘ਗੁਰਬਾਣੀ ਵਿੱਚ ਆਈ ਪੰਕਤੀ - ‘ਸਰਬ ਰੋਗ ਕਾ ਅਉਖਦੁ ਨਾਮੁ’ 100 % ਸੱਚ ਹੈ। ਇਸ ਪੰਕਤੀ ਦੇ ਸਹੀ ਅਰਥਾਂ ਨੂੰ ਸਮਝਣ ਅਤੇ ਸਮਝਾਉਣ ਵਿੱਚ ਟਪਲਾ ਖਾਧਾ ਜਾਂ ਖੁਆਇਆ ਗਿਆ ਹੈ। ਅੱਜ ਦੇ ਸਿੱਖ ਸਮਾਜ ਦੀ 90% ਜਨਤਾ ਇਹਨਾਂ ਟਪਲਿਆਂ ਕਰਕੇ ਗੁਰਬਾਣੀ ਨੂੰ ਪੂਜਦੀ ਹੈ। ਇਹਨਾਂ ਅਣਜਾਣ ਅਗਿਆਨੀਆਂ ਨੇ ‘ਗੁਰਬਾਣੀ’ ਨੂੰ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਗੁਰਬਾਣੀ ਗਿਆਨ-ਵਿਚਾਰ ਨੂੰ ਆਪਣੇ ਮਨੁੱਖਾ-ਜੀਵਨ ਵਿੱਚ ਅਪਨਾਉਂਣਾ ਕਰਨਾ ਸੀ, ਪਰ ਨਹੀਂ ਟਕਸਾਲੀਆਂ, ਵਿਹਲੜ ਡੇਰੇਦਾਰਾਂ, ਪਾਰੰਪਰਾਵਾਦੀ ਸੰਪਰਦਾਵਾਂ, ਨਿਰਮਲੇ ਸਾਧਾਂ, ਹੋਰ ਅਨਪੜ ਪੂਜਾਰੀ ਲਾਣੇ ਵਲੋਂ ਚਲਾਈਆਂ ਮੰਨਮੱਤਾਂ ਕਰਕੇ ਪੱਕੀ ਸੜਕ ਜਾਣ ਦੀ ਬਜਾਏ ਕੱਚੇ ਰਾਹ ਦੇ ਪਾਂਧੀ ਬਣ ਗਏ।

*** ‘ਗੁਰਬਾਣੀ’ ਗੁਰਮੱਤ ਗਿਆਨ-ਵਿਚਾਰ ਦੇ ਅਨੁਸਾਰੀ ਆਤਮ-ਗਿਆਨ ਦੀ ਰੌਸ਼ਨੀ ਵਿੱਚ ਗਿਆਨ-ਵਿਚਾਰ ਸਾਂਝੇ ਕਰਦੇ ਹਾਂ।

** ੴ ਤੋਂ ਲੈਕੇ ‘ਤਨੁ ਮਨੁ ਥੀਵੈ ਹਰਿਆ’ ਪੰਨਾ ੧੪੨੯ ਤੱਕ, ਸਾਰੀ ‘ਗੁਰਬਾਣੀ’ ਗਿਆਨ-ਵਿਚਾਰ ਦਾ ਖ਼ਜ਼ਾਨਾ ਹੈ, ਭੰਡਾਰ ਹੈ। ਲੋੜ ਹੈ ਕੇਵਲ ਇਸ ਖ਼ਜ਼ਾਨੇ ਵਿੱਚ ਵੜਨ/ਜਾਣ ਸਮਝਣ ਵਾਲੇ ਅਭਿਲਾਸ਼ੀਆਂ ਦੀ, ਜਰੂਰਤ ਮੰਦਾ ਦੀ, ਲਗਨ ਵਾਲਿਆਂ ਦੀ, ਜਿਹਨਾਂ ਦੇ ਮਨ ਵਿੱਚ ਚਾਅ ਹੋਵੇ ਕਿ ਅਸੀਂ ਆਤਿਮਿੱਕ ਗਿਆਨ ਲੈਣਾ ਹੈ।

** ਪਿਉ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ਮ੫॥ ੧੮੫॥

*** ਆਉ ਕੁੱਝ ਗੁਰਬਾਣੀ ਫੁਰਮਾਨ ਸਾਂਝੇਂ ਕਰਦੇ ਹਾਂ:-

*** ਗਉੜੀ ਮਹਲਾ ੫ ਮਾਝ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥ ਆਠ ਪਹਰ ਆਰਾਧੀਐ ਫੂਰਨ ਸਤਿਗੁਰ ਗਿਆਨੁ॥ ੧॥ ਰਹਾਉ॥ ੨੧੮॥

*** ਸੋਰਠਿ ਮਹਲਾ ੫॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ॥ ਮੇਰਾ ਬੈਦੁ ਗੁਰੁ ਗੋਵਿੰਦਾ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥ ੧॥ ਰਹਾਉ॥ ਸਮਰਥ ਪੁਰਕ ਪੂਰਨ ਬਿਧਾਤੇ ਆਪੇ ਕਰਣੈਹਾਰਾ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ॥ ਪੰ ੬੧੮॥

*** ਧਨਾਸਿਰੀ ਮਹਲਾ ੫॥ ਅਉਖਦੁ ਤੇਰੋ ਨਾਮੁ ਦਇਆਲ॥ ਮੋਹਿ ਆਤੁਰ ਤੇਰੀ ਗਤਿ ਨਹੀਂ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ॥ ੧॥ ਰਹਾਉ॥ ੬੭੫॥

*** ਸਿਰੀਰਾਗ ਮਹਲਾ ੩॥ ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ॥ ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਲੋਇ॥ ਗੁਰ ਕੇ ਭਾਣੇ ਵਿਚਿ ਅੰਮ੍ਰਿਤ ਹੈ ਸਹਜੇ ਪਾਵੈ ਲੋਇ॥ ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ॥ ੩੧॥

** ਸਲੋਕ॥ ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ॥ ਸਰਣਿ ਤੁਮ੍ਹਾਰੀ ਆਇੳ ਨਾਨਕ ਕੇ ਪ੍ਰਭ ਸਾਥ॥ ੨੬੩॥

*** ਜਪਿ ਮਨ ਰਾਮ ਨਾਮੁ ਰਵਿ ਰਹੇ॥ ਦੀਨ ਦਇਆਲੁ ਦੁਖ ਭੰਜਨੁ ਗਾਇੳ ਗੁਰਮਤਿ ਨਾਮੁ ਪਦਾਰਥੁ ਲਹੇ॥ ਰਹਾਉ॥ ਮ ੪॥ ੧੧੩੬

*** ਗੁਰਬਾਣੀ ਵਿੱਚ ਅਨੇਕਾਂ ਹੀ ਫੁਰਮਾਨ ਹਨ ਜੋ ਇਹ ਦਰਸਾਉਂਦੇ ਹਨ ਕਿ ‘ਕਰਤਾਰ’ ਦਾ ਨਾਮ ਦੁੱਖ ਦੂਰ ਕਰਨ ਵਾਲਾ ਹੈ, ਹਰਨ ਵਾਲਾ ਹੈ। ਨਿਵਾਰਨਹਾਰਾ ਹੈ।

ਅੱਜ ਜਿਸ ਤਰਾਂ ਸਿੱਖ ਸਮਾਜ ਵਿੱਚ ਟਕਸਾਲੀਆਂ, ਵਿਹਲੜ ਡੇਰੇਦਾਰਾਂ, ਪਾਰੰਪਰਾਵਾਦੀ-ਸੰਪਰਦਾਵਾਂ, ਨਿਰਮਲੇ ਸਾਧਾਂ, ਹੋਰ ਅਨਪੜ ਪੂਜਾਰੀ ਲਾਣੇ ਵਲੋਂ ਝੂਠੀਆਂ ਮੰਨਮੱਤੀ ਕਲਪਿੱਤ ਸਾਖੀਆਂ ਕਹਾਣੀਆਂ ਸੁਣਾ ਸੁਣਾ ਕੇ ਸਿੱਖ ਸਮਾਜ ਨੂੰ ਗੁਮਰਾਹ ਕੀਤਾ ਗਿਆ ਹੈ ਜਾਂ ਅੱਜ ਵੀ ਕੀਤਾ ਜਾ ਰਿਹਾ ਹੈ, ਇਸ ਰੁਝਾਨ ਨਾਲ ਸਿੱਖ ਸਮਾਜ ਨਾਨਕ ਫਲਸ਼ਫੇ ਤੋਂ ਬਹੁਤ ਦੂਰ ਜਾ ਚੁੱਕਾ ਹੈ। ਭਟਕ ਚੁੱਕਾ ਹੈ। ਜਿਹਨਾਂ ਹਨੇਰੀਆਂ ਗਲੀਆਂ ਵਿਚੋਂ ਲੋਕਾਈ ਨੂੰ ਕੱਢਿਆ ਸੀ, ਅੱਜ ਦਾ ਸਿੱਖ ਸਮਾਜ ਉਹਨਾਂ ਹੀ ਹਨੇਰੀਆਂ ਰਾਹਾਂ ਵਿੱਚ ਗੁਆਚ ਚੁੱਕਾ ਹੈ। ਗੁਰਬਾਣੀ ਦੇ ਸਹੀ ਆਸ਼ੇ ਤੋਂ ਭਟਕ ਗਿਆ ਹੈ।

*** ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਅਨੇਕਾਂ ਹੀ ਸਬਦ ਹਨ, ਜਿਹਨਾਂ ਵਿੱਚ ਨਾਮ ਅਉਖਦ ਦੀ ਵਿਚਾਰ ਕੀਤੀ ਗਈ ਹੈ। :-

  • ਗਉੜੀ ਮਹਲਾ 5 ਮਾਝ॥ ਦੁੱਖ ਭੰਜਨੁ ਤੇਰਾ ਨਾਮੁ ਜੀ ਦੁੱਖ ਭੰਜਨੁ ਤੇਰਾ ਨਾਮੁ॥
  • ਮਹਲਾ 5॥ ਮੇਰਾ ਬੈਦੁ ਗੁਰੁ ਗੋਵਿੰਦਾ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥ 1॥ ਰਹਾਉ॥
  • ਧਨਾਸਿਰੀ ਮਹਲਾ 5॥ ਅਉਖਦੁ ਤੇਰੋ ਨਾਮੁ ਦਇਆਲ॥
  • ਹੋਰ ਵੀ ਅਨੇਕਾਂ ਸਬਦ ਹਨ।

ਪੰਜਵੇਂ ਸਤਿਗੁਰੂ ਜੀ ਆਪ ਕਹਿ ਰਹੇ ਹਨ, ਪ੍ਰਮਾਤਮਾ ਨਾ ਨਾਮ ਦੁੱਖ ਦੂਰ ਕਰਨ ਵਾਲਾ ਹੈ।

ਤਾਂ

ਪੰਜਵੇ ਸਤਿਗੁਰੂ ਨੇ ਤਰਨਤਾਰਨ ਵਿਖੇ ਕੋਹੜ ਦੇ ਰੋਗ ਨਾਲ ਪੀੜਤ ਵਿਅਕਤੀਆਂ ਲਈ ਕੋਹੜੀ ਦਵਾਖਾਨਾ ਕਿਉਂ ਖੁਲਵਾਇਆ? ?

ਬੱਸ ਕੇਵਲ ਸਾਰਿਆਂ ਕੋਹੜੀਆਂ ਨੂੰ ‘ਰੱਬ ਰੱਬ’ ‘ਹਰੀ ਹਰੀ’ ਕਰਵਾਉਂਦੇ ਤਾਂ ਸਾਰਿਆਂ ਕੋਹੜੀਆਂ ਦਾ ਕੋਹੜ ਦੂਰ ਹੋ ਜਾਣਾ ਸੀ। ਬਾਕੀ ਹੋਰਨਾਂ ਬੀਮਾਰੀਆਂ ਲਈ ਵੀ ਇਹੀ ਤਰੀਕਾ ਜਿਆਦਾ ਕਾਰਗਾਰ ਸਾਬਿਤ ਹੋਣਾ ਸੀ। ਕਿਉਂਕਿ ‘ਰੱਬ ਰੱਬ’ ‘ਹਰੀ ਹਰੀ’ ਕਰਨ ਨਾਲ ਤਾਂ ਖਰਚਾ ਵੀ ਕੁੱਝ ਨਹੀਂ ਆਉਂਦਾ।

ਪਰ ਨਹੀਂ! ! ਸਤਿਗੁਰੂ ਜੀ ਨੇ ਪੀੜਤਾਂ ਲਈ ਦਵਾਖਾਨਾ ਖੁਲਵਾਇਆ। ਉਹਨਾਂ ਦਾ ਇਲਾਜ ਉਥੇ ਕਰਵਾਇਆ। ਲੋੜ ਅਨੁਸਾਰ ਦਵਾਈ ਦਿੱਤੀ। ਜਖਮਾਂ ਉੱਪਰ ਮਲ੍ਹਮ ਪੱਟੀ ਕੀਤੀ ਗਈ। ਸਮੇਂ ਦੇ ਨਾਲ ਨਾਲ ਸਹੀ ਇਲਾਜ ਹੋਣ ਕਰਕੇ ਉਹ ਪੀੜਤ ਠੀਕ ਵੀ ਹੋਏ ਹੋਣਗੇ।

*** ਸੱਤਵੇਂ ਸਤਿਗੁਰੂ ਹਰਰਾਏ ਸਾਹਿਬ ਜੀ ਵਲੋਂ ਬਣਾਏ ਦਵਾਖਾਨੇ ਵਿੱਚ ਹਰ ਤਰਾਂ ਦੀ ਸਰੀਰਰਿੱਕ ਬੀਮਾਰੀਆਂ ਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਹਰ ਸਰੀਰਿਕ ਬੀਮਾਰੀਆਂ ਦੀਆਂ ਦਵਾਈਆਂ ਉਹਨਾਂ ਦੇ ਪਾਸ ਸਨ। ਇੱਕ ਵਾਰ ਮੁਗਲ ਬਾਦਸ਼ਾਹ ਸਾਹਜਹਾਂ ਦੇ ਬੇਟੇ ਅਤੇ ਔਰੰਗਜ਼ੇਬ ਦੇ ਭਰਾ ਦਾਰਾ-ਸ਼ਕੋਹ ਦੀ ਬੀਮਾਰੀ ਠੀਕ ਨਹੀਂ ਹੋ ਰਹੀ ਸੀ। ਹਕੀਮਾਂ ਦੁਆਰਾ ਤਜ਼ਵੀਜ ਕੀਤੀ ਗਈ ਦਵਾਈ ਕੇਵਲ ਸੱਤਵੇਂ ਗੁਰੂ ਸਾਹਿਬ ਜੀ ਦੇ ਬਣਾਏ ਦਵਾਖਾਨਾ ਵਿਚੋਂ ਹੀ ਮਿਲੀ ਤਾਂ ਦਾਰਾਸ਼ਕੋਹ ਦੀ ਬੀਮਾਰੀ ਦਾ ਠੀਕ ਇਲਾਜ ਹੋ ਸਕਿਆ।

10 ਗੁਰੂ ਸਾਹਿਬਾਨਾਂ ਵਿਚੋਂ ਛੇ ਗੁਰੁ ਸਾਹਿਬਾਨਾਂ ਦੀ ਉਚਾਰਨ ਕੀਤੀ ਬਾਣੀ ‘ਸਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਦਰਜ਼ ਹੈ। ਉਚਾਰਨ ਕੀਤੀ ਬਾਣੀ ਵਿੱਚ ‘ਨਾਮ’ ਨੂੰ ਹੀ ‘ਅਉਖਦ’ ਦੱਸਿਆ ਹੈ।

ਪਰ ਗੁਰੁ ਸਾਹਿਬਾਂ ਵਲੋਂ ਸਰੀਰਿੱਕ ਬੀਮਾਰੀਆਂ ਲਈ ਦਵਾਖਾਨੇ ਖੋਲੇ ਗਏ। ਬੀਮਾਰਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ। ਲੋਕਾਂ ਦੇ ਇਲਾਜ ਕਰਵਾਏ।

ਤਾਂ ਤੇ …

ਇਹ ਕਲੀਅਰ ਹੋ ਗਿਆ ਕਿ ਬਾਣੀ ਨਾਲ ਸਰੀਰਿਕ ਰੋਗਾਂ ਦੇ ਇਲਾਜ ਨਹੀਂ ਹੋ ਸਕਦੇ। ਸਰੀਰਿਕ ਰੋਗਾਂ ਲਈ ਵੈਦ/ਹਕੀਮ ਜਾਂ ਡਾਕਟਰੀ ਇਲਾਜ ਦੀ ਹੀ ਜਰੂਰਤ ਹੈ।

ਅਗਰ ਇਸ ਤਰਾਂ ਹੁੰਦਾ ਤਾਂ ਗੁਰੁ ਸਾਹਿਬਾਨ ਜਰੂਰ ਇਸ ‘ਨਾਮ’ ਦੀ ਵਰਤੋਂ ਕਰਕੇ ਮਨੁੱਖਾ ਸਮਾਜ ਵਿਚੋਂ ਬੀਮਾਰੀਆਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੰਦੇ।

%%%%%% ਮਨ ਦਾ ਸ਼ੰਕਾ ਫਿਰ ਉਥੇ ਹੀ ਖੜਾ ਹੈ ਕਿ

‘ਨਾਮ’ ਦਵਾਈ ਕਿਵੇਂ ਬਣਦਾ ਹੈ?

*** ਉੱਪਰ ਆਏ ਗੁਰਬਾਣੀ ਫੁਰਮਾਨਾਂ ਵਿੱਚ ਬੜਾ ਕਲੀਅਰ ਹੈ ਸਾਫ਼ ਹੈ ਕਿ ਪਰਮ ਪਿਤਾ ਪ੍ਰਮੇਸ਼ਰ ਅਕਾਲ ਪੁਰਖ ਦਾ ‘ਨਾਮ’ ਹੀ ਅਉਖਦ ਹੈ, ਦਵਾਈ ਹੈ।

ਇਥੇ ‘ਨਾਮ’ ਤੋਂ ਕੀ ਭਾਵ ਹੈ? ?

‘ਨਾਮ ਤੋਂ ਭਾਵ ਹੈ, ਪਰਮ ਪਿਤਾ ਪ੍ਰਮੇਸ਼ਰ ਅਕਾਲ ਪੁਰਖ ਜੀ ਦੀ ਹੋਂਦ, ਉਹਨਾਂ ਦੇ ਰੱਬੀ ਗੁਣ, ਗੌਡਲੀ ਵਿਰਚੂਜ਼।

(ਰੱਬੀ ਗੁਣ ਹਨ: ਸੱਚ, ਪਿਆਰ, ਮੁਹੱਬਤ, ਸ਼ਾਂਤੀ, ਪਵਿੱਤਰਤਾ, ਨਿਮਰਤਾ, ਕੋਮਲਤਾ, ਦਇਆਲਤਾ, ਸਬਰ, ਸੰਤੋਖ, ਹਲੀਮੀ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ ਹੋਰ ਅਨੇਕਾਂ ਗੁਣ ਹਨ ……

"ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥" ਮ4॥ 735॥

ਇਹਨਾਂ ਰੱਬੀ ਗੁਣਾਂ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ, ਇਹਨਾਂ ਰੱਬੀ ਗੁਣਾਂ ਦੇ ਅਨੁਸਾਰੀ ਹੀ ਆਪਣਾ ਮਨੁੱਖਾ ਜੀਵਨ ਨੂੰ ਜਿਉਂਣਾ ਕਰਨਾ। ਕੋਈ ਵੀ ਮਨੁੱਖ ਜਦ ਰੱਬੀ ਗੁਣਾਂ ਦੇ ਅਨੁਸਾਰੀ ਆਪਣਾ ਮਨੁੱਖਾ ਜੀਵਨ ਜਿਉਂਣਾ ਕਰੇਗਾ ਤਾਂ ਉਹ ਮਨੁੱਖ ਸਚਿਆਰਤਾ ਵਾਲੇ ਪਾਸੇ ਚੱਲਣਾ ਸੁਰੂ ਕਰੇਗਾ।

‘ਸਚਿਆਰਤਾ’ ਵਾਲੇ ਪਾਸੇ ਚੱਲਣਾ ਮਤਲਭ ਮਨੁੱਖ ਨੇ ਆਪਣੇ ‘ਮਨ’ ਵਿਚ, ਅੰਤਰ-ਆਤਮੇ ਵਿੱਚ ਇਹ ਪੱਕਾ ਫੈਸਲਾ ਕਰ ਲਿਆ ਹੈ ਕਿ ਮੈਂ ਰੱਬੀ ਗੁਣਾਂ ਦੇ ਅਨੁਸਾਰੀ ਹੀ ਆਪਣਾ ਮਨੁੱਖਾ ਜੀਵਨ-ਜਾਪਨ ਕਰੂੰਗਾ ਜਾਂ ਕਰੂੰਗੀ।

ਕੀ ਹੋਏਗਾ? ?

ਜਦ ਮਨੁੱਖਾ ਜੀਵਨ ਇੱਕ ਮਰਿਆਦਾ ਵਿਚ, ਸਿਸਟਿਮ ਵਿੱਚ ਆ ਗਿਆ ਤਾਂ ਤੁਹਾਡਾ:-

ਸੋਚਣ ਦਾ ਨਜ਼ਰੀਆ,

ਬੋਲ-ਚਾਲ,

ਖਾਣ-ਪੀਣ,

ਰਹਿਣ-ਬਹਿਣ,

ਵਰਤ-ਵਰਤਾਰਾ.

ਲੈਣ-ਦੇਣ,

ਸੱਭ ਕੁੱਝ ਇੱਕ ਸਿਸਟਿਮ/ਮਰਿਆਦਾ ਵਿੱਚ ਨਿਯਮ-ਬੱਧ ਹੋ ਕੇ ਚੱਲੇਗਾ।

ਨਿਯਮ-ਬੱਧ ਹੋਣ ਦੇ ਨਾਲ ਮਨੁੱਖ ਦਾ ਸਾਰਾ ਜੀਵਨ ਇੱਕ ਸੁਰ ਹੋ ਜਾਂਦਾ ਹੈ, ਲੈਅ ਵਿੱਚ ਆ ਜਾਂਦਾ ਹੈ।

ਸੋਚਣ ਦਾ ਨਜ਼ਰੀਆ: ਕਿਸੇ ਵੀ ਮਨੁੱਖ ਨੂੰ ਆਤਮ-ਗਿਆਨ ਲੈਣ ਲਈ ਮਨੁੱਖ ਕੋਲ ਤਿੰਨ ਸਾਧਨ ਹਨ।

1. ਅੱਖਾਂ ਰਾਂਹੀ, ਪੜ੍ਹਕੇ।

2. ਕੰਨਾਂ ਰਾਂਹੀ ਸੁਣਕੇ।

3. ਚੱਮੜੀ ਰਾਂਹੀ ਜਾਂ ਜੀਭ ਰਾਂਹੀ, ਮਹਿਸੂਸ ਕਰਕੇ।

ਇਹਨਾਂ ਸਾਧਨਾਂ ਰਾਂਹੀ ਆਤਮ ਗਿਆਨ ਤਾਂ ਸਾਰੇ ਮਨੁੱਖਾਂ ਕੋਲ ਪਹੁੰਚਦਾ ਹੈ, ਪਰ ਇਸ ਆਤਮ ਗਿਆਨ ਲਈ ਮਨ ਵਿੱਚ ਪਕੜ ਕਰਨ ਦੀ ਭਾਵਨਾ, ਸਮਝਣ ਦੀ ਭਾਵਨਾ, ਜੀਵਨ ਵਿੱਚ ਅਪਨਾਉਂਣ ਦੀ ਭਾਵਨਾ ਸਾਰਿਆਂ ਮਨੁੱਖਾਂ ਵਿੱਚ ਨਹੀਂ ਹੁੰਦੀ। ਇਸ ਲਈ ਇਹ ਭਾਂਡੇ ਸੱਖਣੇ ਰਹਿ ਜਾਂਦੇ ਹਨ। ਆਪਣੇ ‘ਭਾਂਡੇ’ ਵਿੱਚ ਕੋਈ ਵਸਤ ਪਵਾਉਂਣ ਲਈ, ਭਾਂਡੇ ਦਾ ਸਿੱਧਾ ਅਤੇ ਸਾਫ਼ ਹੋਣਾ ਜਰੂਰੀ ਹੈ, ਭਾਵ ਆਪਣੇ ਮਨ ਵਿੱਚ ਆਤਮ ਗਿਆਨ ਲੈਣ ਦੀ ਪਕੜ, ਭਾਵਨਾ, ਲਗਨ, ਸਿਰੜ ਦਾ ਹੋਣਾ ਵੀ ਬਹੁਤ ਜਰੂਰੀ ਹੈ।

ਰਾਗ ਸੂਹੀ ਮਹਲਾ 1॥ ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥ 1॥ ਜਪਹੁ ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥ ਰਹਾਉ॥

ਜਦ ਮਨੁੱਖ ਦਾ ਸੋਚਣ ਦਾ ਨਜ਼ਰੀਆ ਬਦਲ ਜਾਂਦਾ ਹੈ, ਭਾਵ ਗੁਰਮੱਤ ਦੇ ਅਨੁਸਾਰੀ ਹੋ ਜਾਂਦਾ ਹੈ, ਆਤਮ-ਗਿਆਨ ਨਾਲ ਲਬਰੇਜ਼ ਹੋ ਜਾਂਦਾ ਹੈ ਤਾਂ ਮਨੁੱਖਾ ਜੀਵਨ ਵਿੱਚ ਸੱਚ, ਪਿਆਰ, ਮੁਹੱਬਤ, ਸ਼ਾਂਤੀ, ਪਵਿੱਤਰਤਾ, ਨਿਮਰਤਾ, ਕੋਮਲਤਾ, ਦਇਆਲਤਾ, ਸਬਰ, ਸੰਤੋਖ, ਹਲੀਮੀ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ ਵਾਲੀ ਅਵਸਥਾ ਆ ਜਾਂਦੀ ਹੈ, ਬਣ ਜਾਂਦੀ ਹੈ। ਮਨ ਦੀ ਭਟਕਣਾ ਮਰਿਆਦਾ ਵਿੱਚ ਆ ਜਾਂਦੀ ਹੈ। ਬੇਸ਼ੱਕ ਮਨ ਹਮੇਸ਼ਾਂ ਹੀ ਚਲਾਏਮਾਨ ਰਹਿੰਦਾ ਹੈ, ਪਰ ਆਤਮ ਗਿਆਨ ਆਉਂਣ ਨਾਲ ਮਨ ਨੂੰ ਇੱਕ ਸਾਤਵਿੱਕ ਪੌਜ਼ੇਟਿਵ ਦਿਸ਼ਾ ਮਿਲ ਜਾਂਦੀ ਹੈ। ਸਾਡੇ ਮਨੁੱਖੀ ਮਨ ਦੇ ਸੋਚਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ।

ਅਗਰ ਕੋਈ ਵੀ ਮਨੁੱਖ ਮਾਨਸਿੱਕ ਤਨਾਵਾਂ ਤੋਂ ਮੁਕਤ ਹੈ, ਖ਼ੁਸ ਰਹਿੰਦਾ ਹੈ, ਤਾਂ ਉਸਦੇ ਸਰੀਰ ਰਾਂਹੀ/ਅੰਦਰ ਵੀ ਜੋ ਰਸ ਤਿਆਰ ਹੁੰਦੇ ਹਨ, ਉਹ ਅੰਦਰੂਨੀ ਸਰੀਰਿੱਕ ਬੀਮਾਰੀਆਂ ਤੋਂ ਦੂਰ ਰੱਖਦੇ ਹਨ।

‘ਜੈਸਾ ਮਨ … ਤੈਸਾ ਤਨ’। ਮਨ ਤੰਦਰੁਸਤ ਹੈ ਤਾਂ ਤਨ ਵੀ ਤੰਦਰੁਸਤ ਰਹੇਗਾ।

ਮਾਨਸਿੱਕ ਰੋਗ ਹਰ ਮਨੁੱਖ ਦੀ ਆਪਣੀ ਕਰੀਏਸ਼ਨ/ਕਰਨੀ/ਸੋਚਣੀ ਹੈ।

ਆਤਮ ਗਿਆਨ ਨਾਲ ਰੱਬੀ ਗੁਣਾਂ ਦਾ ਪ੍ਰਵਾਹ ਚੱਲਣਾ ਸ੍ਰੁਰੂ ਹੁੰਦਾ ਹੈ।

ਰੱਬੀ ਗੁਣਾਂ ਨਾਲ ਮਾਨਸਿੱਕ ਸੋਚਣੀ ਵਿੱਚ ਬਦਲਾਅ ਆਉਂਦਾ ਹੈ।

ਮਾਨਸਿੱਕ ਸੋਚਣੀ ਵਿੱਚ ਬਦਲਾਅ ਦੇ ਨਾਲ ਮਨਸਿੱਕ ਦਬਾਅ/ਪਰੈਸ਼ਰ ਘਟਦਾ ਹੈ।

ਮਾਨਸਿੱਕ ਦਬਾਅ/ਪਰੈਸ਼ਰ ਘਟਣ ਨਾਲ ਮਨ ਸ਼ਾਂਤ ਰਹਿਣ ਲਗਦਾ ਹੈ।

ਮਨ ਦੇ ਸ਼ਾਂਤ ਰਹਿਣ ਨਾਲ ਮਨੁੱਖ ਆਪਣੇ ਆਪ ਦੀ ਪੜਚੋਲ ਕਰ ਸਕਦਾ ਹੈ। ਆਪਣੇ ਆਪ ਬਾਰੇ ਵਧੇਰੇ ਜਾਣ ਸਕਦਾ ਹੈ।

ਮ 9॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ॥ 684॥

ਆਪਣੇ ਬਾਰੇ ਜਾਣਕਾਰੀ ਨਾਲ ਹੀ ਮਨੁੱਖ ਨੂੰ ਇਹ ਗਿਆਨ ਹੁੰਦਾ ਹੈ ਕਿ ਮੈਂ ਸਰੀਰ ਨਹੀਂ ਹਾਂ। ਇਹ ਮਨੁੱਖਾ ਸਰੀਰ ਮੇਰਾ ਰੱਥ ਹੈ। ਮੇਰੀ ਮਸ਼ੀਨ ਹੈ।

ਮੈਂ (ਜੀਅੜਾ, ਚੇਤਨਤਾ, ਕੌਂਨਸੀਅਸ਼ ਜੋ ਇਸ ਮਨੁੱਖਾ ਸਰੀਰ ਵਿੱਚ ਸੋਚ ਵਿਚਾਰ ਫੁਰਨੇ ਬਣਾ ਰਿਹਾ ਹਾਂ) "ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮ 3॥ 441॥ ਇਸ ਮਨੁੱਖੀ ਸਰੀਰ/ਮਸ਼ੀਨ/ਰੱਥ ਦਾ ਰਥਵਾਨ/ ਡਰਾਈਵਰ ਹਾਂ ਜਿਸਨੇ ਇਸ ਮਸ਼ੀਂਨ ਦੀ ਸੁਵਰਤੋਂ ਕਰਦੇ ਹੋਏ, ਇਸਦੀ ਦੇਖਭਾਲ ਵੀ ਕਰਨੀ ਹੈ। ਇਸਦੇ ਕਲ-ਪੁਰਜ਼ਿਆਂ ਦੀ ਸਾਂਭ-ਸੰਭਾਲ ਵੀ ਕਰਨੀ ਹੈ। ਤਾਂ ਕਿ ਇਹ ਮਸ਼ੀਨ ਬਿਨਾਂ ਕਿਸੇ ਬੀਮਾਰੀ, ਤਕਲੀਫ, ਉੱਲਝਣ, ਪਰੇਸ਼ਾਨੀ ਦੇ ਚੱਲਦੀ ਰਹੇ।

ਸਲੋਕ ਮਹਲਾ 1॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥ 470॥

ਅਗਰ ਰਥਵਾਨ/ਡਰਾਈਵਰ (ਮੈਂ) ਜਾਗਦਾ ਹੈ, ਸਾਵਧਾਨ ਹੈ, ਸਾਤੱਰਕ ਹੈ, ਗਿਆਨਵਾਨ ਹੈ, ਤਾਂ ਇਸ ਮਸ਼ੀਨ/ਸਰੀਰ ਦੇ ਖ਼ਰਾਬ ਹੋਣ ਦੇ ਚਾਨਸ ਬਹੁਤ ਮਾਮੂਲੀ ਹਨ, ਘੱਟ ਹਨ।

ਹਾਂ ‘ਉਪਾਧਿ’ ਸਥਿਤੀ ਬਾਰੇ ਮਨੁੱਖ ਕੇਵਲ ਕਿਆਸ-ਅਰਾਈ ਭਾਵ ਅੰਦਾਜ਼ਾ ਹੀ ਲਗਾ ਸਕਦਾ ਹੈ ਕਿ ਇਸ ਤਰਾਂ ਹੋ ਸਕਦਾ ਹੈ। ਹੋਣਾ ਜਾਂ ਨਾ ਹੋਣਾ ਉਹ ਭਵਿੱਖ ਦੀ ਮੁੱਠੀ ਵਿੱਚ ਹੈ, ਜੋ ਬੰਦ ਹੈ।

ਆਤਮ ਗਿਆਨ, ਜਾਗਰੂਕਤਾ ਨਾਲ ‘ਨਾਮ’ ਰੂਪੀ ‘ਅਉਖਦ’ ਵਰਤ ਕੇ, ਇਸ ਮਨੁੱਖਾ ਸਰੀਰ ਨੂੰ ਬਹੁਤ ਹੱਦ ਤੱਕ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਤਰਾਂ ‘ਸਰਬ ਰੋਗ ਕਾ ਅਉਖਦ ਨਾਮ’ ਬਣ ਜਾਂਦਾ ਹੈ।

ਖਾਣ-ਪੀਣ: ਆਤਮ ਗਿਆਨ ਦੇ ਤਹਿਤ ਆਪਣੇ ਖਾਣ-ਪੀਣ ਅੰਦਰ ਕੰਟਰੋਲ/ ਮਰਿਆਦਾ ਵਿੱਚ ਹੋਣ ਕਰਕੇ ਬਹੁਤ ਸਾਰੀਆਂ ਸਰੀਰਿਕ ਬੀਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।

ਬੋਲ-ਚਾਲ: ਬੋਲ-ਚਾਲ ਵਿੱਚ ਸੰਯਮ ਸਹਿਜਤਾ ਹੋਣ ਕਰਕੇ ਬਾਹਰਲੇ ਹੋਰਨਾਂ ਦੋਸਤਾਂ ਮਿੱਤਰਾਂ, ਭੈਣਾਂ ਭਾਈਆਂ ਨਾਲ ਰਿਸ਼ਤੇ-ਨਾਤਿਆਂ ਵਿੱਚ ਮਧੁੱਰਤਾ ਬਣੀ ਰਹਿੰਦੀ ਹੈ। ਰਸ ਬਣਿਆ ਰਹਿੰਦਾ ਹੈ। ਪਿਆਰ ਬਣਿਆ ਰਹਿੰਦਾ ਹੈ। ਕੁੜੱਤਣ ਤਾਂ ਮਾਨੋ ਖਤਮ ਹੀ ਹੋ ਝਾਦੀ ਹੈ।

ਰਹਿਣ-ਬਹਿਣ: ਸਾਦ-ਮੁਰਾਦੀ ਰਹਿਣੀ ਬਹਿਣੀ ਰੁੱਖੀ ਸੁੱਕੀ ਖਾਣੀ, ਭਾਵ ਕਿ ਜੀਵਨ ਜਿਉਂਣ ਦੇ ਤਰੀਕੇ ਸਲੀਕੇ ਵਿੱਚ ਆਤਮ ਗਿਆਨ ਹੋਣ ਕਰਕੇ ਹਰ ਕਰਮ ਵਿੱਚ ਸਹਿਜਤਾ ਅਤੇ ਸੰਯਮ ਹੈ, ਠਹਿਰਾਵ ਹੈ।

ਵਰਤ-ਵਰਤਾਰਾ: ਆਤਮ ਗਿਆਨ ਦੀ ਪ੍ਰਾਪਤੀ ਦੇ ਨਾਲ ਨਾਲ ਮਨੁੱਖ ਦਾ ਬਾਹਰਮੁੱਖੀ ਵਰਤ-ਵਰਤਾਰੇ ਵਿੱਚ ਵੀ ਬਦਲਾਅ ਆਉਂਣਾ ਸੁਰੂ ਹੋ ਜਾਂਦਾ ਹੈ। ਮਨੁੱਖ ਸਹਿਜ ਅਤੇ ਸਰਲ ਭਾਸ਼ਾ ਵਿੱਚ ਗੱਲਬਾਤ ਕਰਦਾ ਹੈ, ਵਰਤ-ਵਰਤਾਅ ਕਰਦਾ ਹੈ। ਮਾੜੇ, ਭੇਦ-ਭਾਵ ਵਾਲੇ ਵਰਤ-ਵਰਤਾਰੇ ਨਾਲ ਬਾਹਰਮੁਖੀ ‘ਉਪਾਧਿ’ ਵਾਲੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਆਤਮ ਗਿਆਨ ਹੀ ਇਹਨਾਂ ਬਾਹਰਮੁਖੀ ਉਪਾਧਿ ਸਥਿਤੀਆਂ ਤੋਂ ਛੁਟਕਾਰਾ ਦਵਾਉਂਦਾ ਹੈ। ਕਲੇਹ-ਕਲੇਸ਼ਾਂ ਤੋਂ ਬਚਾਉਂਦਾ ਹੈ।

ਲੈਣ-ਦੇਣ: ਲੈਣ-ਦੇਣ ਵੀ ਮਨੁੱਖ ਦਾ ਬਾਹਰਮੁਖੀ ਵਿਵਹਾਰ ਹੈ। ਇਸ ਵਿਵਹਾਰ ਬਿਨਾਂ ਮਨੁੱਖਾ ਸੰਸਰ ਵਿੱਚ ਰਹਿਣਾ ਕਾਫ਼ੀ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਲੋੜ ਤਾਂ ਕਦੇ ਨਾ ਕਦੇ ਹਰ ਕਿਸੇ ਮਨੁੱਖ ਨੂੰ ਪੈ ਸਕਦੀ ਹੈ। ਬੀਮਾਰੀ ਵੇਲੇ, ਕਿਸੇ ਹੋਰ ਤੰਗੀ ਫੰਗੀ ਕਰਕੇ, ਕਿਸੇ ਹੋਰ ਕਲੇਹ-ਕਲੇਸ਼ ਕਰਕੇ ਮਨੁੱਖਾਂ ਨੂੰ ਇੱਕ ਦੂਜੇ ਨਾਲ ਵਾਹ ਵਾਸਤਾ ਤਾਂ ਪਿਆ ਹੀ ਰਹਿੰਦਾ ਹੈ। ਕੋਈ ਨਾ ਕੋਈ ਲੈਣ ਦੇਣ ਤਾਂ ਬਣਿਆ ਹੀ ਰਹਿੰਦਾ ਹੈ। ਇਸ ਵਿਵਹਾਰ ਵਿੱਚ ਆਤਮ ਗਿਆਨ ਦੀ ਵਰਤੋਂ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ਤੁਹਾਡੇ ਮਿਲਾਪੜੇ ਸਦ-ਸੁਭਾਅ ਵਾਲੇ ਲੈਣ ਦੇਣ ਨਾਲ ਬਾਹਰਮੁਖੀ ਬਹੁਤ ਸਾਰੀਆਂ ਉਪਾਧਿ ਸਥਿਤੀਆਂ ਪੈਦਾ ਨਹੀਂ ਨਹੀਂ ਹੁੰਦੀਆਂ।

*** ਸੋ ‘ਨਾਮ’ ਆਪਣੇ ਆਪ ਵਿੱਚ ਕੋਈ ਦਵਾਈ/ਅਉਖਦ ਨਹੀਂ ਹੈ। ਪਰ ‘ਨਾਮ’ ਦੇ ਆਤਮ ਗਿਆਨ ਨੂੰ ਸਮਝਦੇ ਬੁੱਝਦੇ ਉਸ ਦੇ ਅਨੁਸਾਰੀ ਹੋ ਕੇ ਚੱਲਣਾ, ਆਪਣਾ ਮਨੁੱਖਾ ਜੀਵਨ-ਜਾਪਣ ਕਰਨਾ ਹੀ ਅਉਖਦ ਲੈਣਾ ਹੈ, ਦਵਾਈ ਖਾਣਾ ਹੈ।

‘ਨਾਮ’ ਦੁੱਖ ਭੰਜਨ ਤੱਦ ਹੀ ਬਣਦਾ ਹੈ ਜਦ ਅਸੀਂ ‘ਨਾਮ’ ਦੇ ਗੁਣਾਂ ਦੇ ਅਨੁਸਾਰੀ ਬਣ ਜਾਂਦੇ ਹਾਂ, ਹੋ ਜਾਂਦੇ ਹਾਂ। ਤੱਦ ਸਾਡੇ ਅੰਦਰ ‘ਨਾਮੀ’ ਵਾਲੇ ਬਦਲਾਅ ਆਉਣੇ ਸੁਰੂ ਹੋ ਜਾਂਦੇ ਹਨ। ਇਹ ‘ਨਾਮ’ ਦੇ ਸਾਰੇ ਗੁਣ ਆਪਣੇ ਆਪ ਹੀ ਸਾਡੇ ਅੰਦਰ ਸੁੱਤੇ-ਸਿੱਧ ਦਵਾਈ ਦਾ ਕੰਮ ਕਰਦੇ ਹਨ। ਅਉਖਦਾ ਬਣ ਜਾਂਦੇ ਹਨ।

**** ‘ਗੁਰਬਾਣੀ’ ਦਾ ਆਤਮ-ਗਿਆਨ ਪੜਕ੍ਹੇ, ਸੁਣਕੇ, ਮੰਨਕੇ ਜੀਵਨ ਵਿੱਚ ਧਾਰਨ ਕਰਨਾ ਹੀ ਸਿੱਖੀ ਕਮਾਉਣਾ ਹੈ।

*** ਇਸ ਆਤਮ-ਗਿਆਨ ਨੂੰ ਆਪਨਾ ਕੇ, ਜੀਵਨ ਵਿੱਚ ਧਾਰਨ ਕਰਕੇ ਫਿਰ ਦੂਸਰਿਆਂ ਨਾਲ ਵੀ ਇਸ ਆਤਮ-ਗਿਆਨ ਦੀ ਸਾਂਝ ਬਨਾਉਣੀ ਹੈ।

"ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ ਮ5॥ 1206॥"

** ਦਰਬਾਰ ਸਾਹਿਬ ਪ੍ਰਕਰਮਾ ਵਿੱਚ ਤਿੰਨ ਬੇਰੀਆਂ ਹਨ। ਇਹਨਾਂ ਬੇਰੀਆਂ ਦੇ ਨਾਲ ਕੋਈ ਨਾ ਕੋਈ ਇਤਿਹਾਸ ਜੋੜ ਦਿੱਤਾ ਗਿਆ ਹੈ। ਇਹਨਾਂ ਤਿੰਨਾ ਵਿਚੋਂ ਦੁੱਖ ਭੰਜਨੀ ਨਾਮ ਵਾਲੀ ਬੇਰੀ ਦੀ ਤਾਂ ਬਹੁਤ ਹੀ ਜਿਆਦਾ ਮਸ਼ਹੂਰੀ ਹੋਈ ਹੈ ਕੀਤੀ ਗਈ ਹੈ। ਅੱਜ ਵੀ ਮੰਨਮੱਤੀ ਲੋਕਾਂ ਦਾ ਤਾਂਤਾਂ ਲੱਗਿਆ ਵੇੀਖਆ ਜਾ ਸਕਦਾ ਹੈ। ਇਹਨਾਂ ਬੇਰੀਆਂ ਵਿੱਚ ਕੋਈ ਕਰਾਮਾਤ ਨਹੀਂ ਹੈ। ਆਮ ਬੇਰੀਆਂ ਵਾਂਗ ਇਹ ਬੇਰੀਆਂ ਹਨ।

ਕੀ ਗੁਰੁ ਰਾਮ ਦਾਸ ਜੀ ਨੂੰ ਇਹਨਾਂ ਕਰਾਮਾਤੀ ਬੇਰੀਆਂ ਬਾਰੇ ਕੋਈ ਗਿਆਨ ਨਹੀਂ ਸੀ? ? ? ? ? ?

ਕੀ ਗੁਰੁ ਅਰਜਨ ਸਾਹਿਬ ਜੀ ਨੂੰ ਵੀ ਇਹਨਾਂ ਕਰਾਮਾਤੀ ਬੇਰੀਆਂ ਬਾਰੇ ਕੋਈ ਗਿਆਨ ਨਾ ਹੋਇਆ, ਜਿਹਨਾਂ ਨੇ ਆਪਣੀ ਉਚਾਰੀ ਬਾਣੀ ਵਿੱਚ ‘ਨਾਮ’ ਨੂੰ ਹੀ "ਸਰਬ ਰੋਗ ਕਾ ਅਉਖਦ’ ਦੱਸਿਆ? ? ? ?

ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸਥਿੱਤ ਇਹਨਾਂ ਬੇਰੀਆਂ ਦਾ ਆਪਣੀ ਬਾਣੀ ਵਿੱਚ ਕਿਧਰੇ ਜ਼ਿਕਰ ਤੱਕ ਨਾ ਕੀਤਾ।

** ਪਰ ਸਾਡੀ ਮੰਨਮੱਤੀ ਆਤਮ-ਗਿਆਨ ਵਿਹੂਣੀ ਲੋਕਾਈ ‘ਗੁਰਬਾਣੀ’ ਦੇ ਆਤਮ-ਗਿਆਨ ਨੂੰ ਸਮਝਣ/ਲੈਣ ਦੀ ਬਜਾਏ ਇਹਨਾਂ ਦੁੱਖ ਭੰਜਨੀ ਬੇਰੀਆਂ ਦੇ ਦਰਖਤਾਂ ਨਾਲ ਜੱਫੀਆਂ ਪਾਈ ਜਾਂਦੀ ਹੈ। ਬੇਰੀ ਦਿਆਂ ਪੱਤਿਆਂ ਅਤੇ ਬੇਰਾਂ ਨੂੰ ਦਵਾਈ ਸਮਝਕੇ ਖਾਈ ਜਾਂਦੇ ਹਨ।

** ਸਾਰੇ ਦਰਖਤਾਂ ਦੇ ਆਪਣੀ ਆਪਣੀ ਮਹਾਨਤਾ ਹੈ। ਸਾਰੇ ਹੀ ਦਰਖਤ ਮਨੁੱਖਤਾ ਲਈ ਲਾਹੇਵੰਦ ਹਨ। ਸਾਡਾ ਆਲਾ ਦੁਆਲਾ ਅਤੇ ਸਾਡੇ ਵਾਤਾਵਰਣ ਦੇ ਪਰਦੂਸ਼ਣ ਦੀ ਸਾਫ਼ ਸਫ਼ਾਈ ਕਰਦੇ ਹਨ। ਸਾਨੂੰ ਸਾਡੀ ਲੋੜ ਅਨੁਸਾਰ ਲਕੜੀ ਵੀ ਦੇਂਦੇ ਹਨ। ਅਸੀਂ ਮਕਾਨ ਬਣਾਉਂਦੇ ਹਾਂ, ਲਕੜੀ ਚੁੱਲ੍ਹੇ ਵਿੱਚ ਬਾਲਣ ਦੇ ਕੰਮ ਵੀ ਆਉਂਦੀ ਹੈ। ਭਾਵ ਕਿ ਲਕੜੀ ਨਾਲ ਮਨੁੱਖ ਦੀ ਕੋਈ ਦੁਸ਼ਮਨੀ ਨਹੀਂ ਪਰ ਅਗਿਆਨਤਾ ਵੱਸ ਕੋਈ

ਕੋਈ ਪਿਪਲਾਂ ਨੂੰ ਪੂਜੀ ਜਾ ਰਿਹਾ ਹੈ,

ਕੋਈ ਬੇਰੀਆਂ ਨੂੰ ਪੂਜੀ ਜਾ ਰਿਹਾ ਹੈ।

ਕੋਈ ਜੰਡਾਂ ਨੂੰ ਪੂਜੀ ਜਾ ਰਿਹਾ ਹੈ।

ਕੋਈ ਕਰੀਰਾਂ ਨੂੰ ਪੂਜੀ ਜਾ ਰਿਹਾ ਹੈ।

ਇਹ ਸੱਭ ਪੰਡਿਤ/ਪੁਝਾਰੀ/ਬ੍ਰਾਹਮਣ ਦੀ ਚਾਲ ਸੀ ਲੋਕਾਂ ਨੂੰ ਬੇਵਕੂਫ਼ ਬਨਾਉਣਾ। ਸਨਾਨੱਤ ਮੱਤ ਵਾਲੇ ਜੋ ਇਹਨਾਂ ਪਾਖੰਡਾ ਆਡੰਬਰਾਂ ਨੂੰ ਮੰਨਦੇ ਹਨ, ਜੀਅ ਸੱਦਕੇ ਮੰਨੀ ਜਾਣ। ਸਾਨੂੰ ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਪਰ ‘ਸਿੱਖੀ’ ਜਿਸ ਸਮਾਜ ਦਾ ਅਕੀਦਾ/ਆਧਾਰ ਹੋਵੇ ਉਹ ਵੀ ਇਹ ਮੰਨਮੱਤਾਂ ਭਰੇ ਪਾਖੰਡ ਕਰਨ ਤਾਂ ਫਿੱਟ ਲਾਹਨੱਤ ਹੈ ਅਜੇਹੇ ਦੋਗਲੇ ਕਿਰਦਾਰ ਵਾਲੇ ਸਿੱਖਾਂ ਦੇ।

***** ਖਾਲਸਾ ਸਾਧ ਸੰਗਤ ਜੀ! ! ਆਉ ਗੁਰਬਾਣੀ ਦੇ ਆਤਮ-ਗਿਆਨ ਵਿਚਾਰ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਕਰਕੇ ਆਪਣੇ ਆਪ ਨੂੰ ਸਹੀ ਮਾਅਨਿਆਂ ਵਿੱਚ ਸਿੱਖ ਅਖਵਾਉਣਾ ਫਖ਼ਰ/ਮਾਣ ਹਾਸਿਲ ਕਰ ਸਕਣ ਦੇ ਕਾਬਿਲ ਬਣੀਏ।

*** ਵਰਨਾ ਮਨੁੱਖਾ ਜੀਵਨ ਤਾਂ ਸਮੇਂ ਦੀ ਅਰੁੱਕ ਚਾਲ ਦੇ ਅਨੁਸਾਰੀ ਚੱਲਦਾ ਹੀ ਰਹਿਣਾ ਹੈ। ਇਹ ਜਨਮ ਮਰਨ ਦਾ ਗੇੜ ਵੀ ਚੱਲਦਾ ਹੀ ਰਹਿਣਾ ਹੈ। ਮਨੁੱਖਾ ਜੀਵਨ ਵਿੱਚ ਦੁੱਖ ਸੁੱਖ ਰੂਪੀ ਕੱਪੜੇ ਪਹਿਨਦੇ ਹੀ ਰਹਿਣਾ ਹੈ।

*** ਮ1॥ ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥

ਜਿਥੇ ਬੋਲਲਣਿ ਹਾਰੀਐ ਤਿਥੈ ਚੰਗੀ ਚੁਪ॥ 149॥

*** ‘ਸਰਬ ਰੋਗ ਕਾ ਅਉਖਦ ਨਾਮ’ ਹੀ ਹੈ। ‘ਨਾਮ’ ਦੇ ਗੁਣਾਂ ਨੂੰ ਧਾਰਨ ਕਰਕੇ ‘ਨਾਮੀ’ ਬਨਣਾ ਹੈ।

** ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ ਕਬੀਰ ਜੀ॥ 1372॥

ਭੁੱਲ ਚੁੱਕ ਲਈ ਖਿਮਾਂ।

ਧੰਨਵਾਦ।

ਇੰਜ ਦਰਸ਼ਨ ਸਿੰਘ ਖਾਲਸਾ।

ਸਿੱਡਨੀ (ਅਸਟਰੇਲੀਆ)




.