.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅੱਠਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਪਉੜੀ ਨੰ: ੧ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ॥ ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ॥ ਆਗਿਆਕਾਰੀ ਸਦਾ ਸ+ਹਾਗਣਿ ਆਪਿ ਮੇਲੀ ਕਰਤਾਰਿ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸ+ਹਾਗਣਿ ਨਾਰਿ॥ ੧ 

ਮਃ ੩॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾੑਲਿ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ॥ ੨ 

ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ॥ ੧ 

(ਉਪ੍ਰੰਤ ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਨੋਟ-ਪਉੜੀ ਨੰ: ੧ ਦੇ ਦੋਵੇਂ ਸਲੋਕ ਪਿਛਲੇ ਭਾਗ ੧-੭ `ਚ ਅਰਥ-ਵਿਚਾਰ ਵਜੋਂ ਲੈ ਚੁੱਕੇ ਹਾਂ ਇਸ ਲਈ ਇਸ ਕਿਸ਼ਤ ਦਾ ਅਰੰਭ ਕੇਵਲ ਪਉੜੀ ਨਲ ਸੰਬੰਧਤ ਅਰਥ-ਵਿਚਾਰ ਹੀ ਕਰ ਰਹੇ ਹਾਂ ਜੀ)

ਪਉੜੀ॥ ਆਪੇ ਤਖਤੁ ਰਚਾਇਓਨੁ, ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ, ਸਚੀ ਧਰਮ ਸਾਲਾ॥ ਆਪਿ ਉਪਾਇ ਖਪਾਇਦਾ, ਸਚੇ ਦੀਨ ਦਇਆਲਾ॥ ਸਭਨਾ ਰਿਜਕੁ ਸੰਬਾਹਿਦਾ, ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ, ਆਪੇ ਪ੍ਰਤਿਪਾਲਾ॥ ੧ {ਪੰਨਾ ੭੮੫}

ਪਦ ਅਰਥ : — ਆਪੇ ਤਖਤੁ ਰਚਾਇਓਨੁ—ਪ੍ਰਭੂ ਦੀ ਆਪਣੀ ਹੋਂਦ ਸੈਭੰ ਭਾਵ ਆਪਣੇ ਆਪ ਤੋਂ ਹੈ, ਇਹ ਵੀ ਕਿ "ਕਰਿ ਆਸਣੁ ਡਿਠੋ ਚਾਉ" (ਪੰ: ੪੬੩) ਸਮੂਚੀ ਰਚਨਾ ਦਾ ਅਸਥਾਪਣ ਵੀ ਪ੍ਰਭੂ ਨੇ ਮਾਨੋ ਆਪਣਾ ਤਖ਼ਤ ਵੀ ਆਪ ਹੀ ਸਥਾਪਤ ਕੀਤਾ ਹੋਇਆ ਹੈ ਅਤੇ ਪ੍ਰਭੂ ਇਸਦੇ ਜ਼ਰੇ ਜ਼ਰੇ `ਚ ਵਿਆਪਕ ਵੀ ਹੈ। ਤਖਤੁ ਭਾਵ ਪ੍ਰਭੂ ਨੇ ਸਰਬ ਪੱਖੌਂ ਸੰਪੂਰਣ ਤੇ ਸੱਚ ਨਿਆਂ ਆਧਾਰਤ ਆਪਣਾ ਸਰਗੁਣ ਸਰੂਪ, ਤ੍ਰੈ ਗੁਣੀ ਮਾਇਆ ਵਾਲੀ ਖੇਡ ਨੂੰ ਵੀ ਆਪ ਹੀ ਸਿਰਜਿਆ ਹੋਇਆ ਹੈ ਅਤੇ ਇਸਦੇ ਜ਼ਰੇ ਜ਼ਰੇ `ਚ ਉਸਦਾ ਨਿਵਾਸ ਵੀ ਹੈ। ਸਾਜੀਅਨੁ—ਪ੍ਰਭੂ ਨੇ ਆਪ ਹੀ ਸਾਜੀ/ਘੜੀ ਹੋਈ ਹੈ। ਧਰਮਸਾਲਾ—ਧਰਮ ਕਮਾਉਣ ਲਈ ਥਾਂ।

ਉਪਾਇ—ਪੈਦਾ ਕਰ ਕੇ। ਖਪਾਇਦਾ— ਇਸਦਾ ਖ਼ਾਤਮਾ/ਅੰਤ ਵੀ ਪ੍ਰਭੂ ਆਪ ਹੀ ਕਰਦਾ ਹੈ। ਸਭਨਾ ਰਿਜਕੁ ਸੰਬਾਹਿਦਾ—ਪ੍ਰਭੂ ਹਰੇਕ ਜੀਵ ਨੂੰ ਰਿਜ਼ਕ ਵੀ ਆਪ ਹੀ ਅਪੜਾਉਂਦਾ ਹੈ।

ਅਰਥ : — "ਆਪੇ ਤਖਤੁ ਰਚਾਇਓਨੁ, ਆਕਾਸ ਪਤਾਲਾ" —ਆਕਾਸ਼ ਤੇ ਪਾਤਾਲ ਵਿੱਚਲਾ ਭਾਵ ਸੰਪੂਰਣ ਜਗਤ-ਰੂਪ ਤਖ਼ਤ ਵੀ ਪ੍ਰਭੂ ਨੇ, ਆਪਣੇ ਲਈ ਆਪ ਹੀ ਬਣਾਇਆ ਹੋਇਆ ਹੈ। ਜਿਵੇਂ:-

() "ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" (ਪੰ: ੪੬੩)

"ਹੁਕਮੇ ਧਰਤੀ ਸਾਜੀਅਨੁ, ਸਚੀ ਧਰਮ ਸਾਲਾ" — ਇਹ ਵੀ ਕਿ ਪ੍ਰਭੂ ਨੇ ਆਪਣੇ ਹੁਕਮ `ਚ ਹੀ ਇਹ ਸਮੂਚੀ ਧਰਤੀ ਜੀਵਾਂ ਦੇ ਧਰਮ ਕਮਾਉਣ ਲਈ ਥਾਂ ਬਣਾਈ ਹੋਈ ਹੈ।

() "ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ" (ਬਾਣੀ ਜਪੁ)

() "ਧਰਤਿ ਉਪਾਇ ਧਰੀ ਧਰਮ ਸਾਲਾ. ." (ਪੰ: ੧੦੩੩) ਆਦਿ

"ਆਪਿ ਉਪਾਇ ਖਪਾਇਦਾ, ਸਚੇ ਦੀਨ ਦਇਆਲਾ" — ਹੇ ਸਦਾ ਕਾਇਮ ਰਹਿਣ ਵਾਲੇ ਦੀਨ ਦਇਆਲ ਪ੍ਰਭੂ! ਤੂੰ ਆਪ ਹੀ ਪੈਦਾ ਕਰ ਕੇ ਫ਼ਿਰ ਇਸ ਦਾ ਨਾਸ ਵੀ ਤੂੰ ਆਪ ਹੀ ਕਰਦਾ ਹੈਂ। ਜਿਵੇਂ:-

"…ਉਤਪਤਿ ਪਰਲਉ ਆਪਿ ਨਿਰਾਲਾ॥ ਪਵਣੈ ਖੇਲੁ ਕੀਆ ਸਭ ਥਾਈ, ਕਲਾ ਖਿੰਚਿ ਢਾਹਾਇਦਾ" (ਪੰ: ੧੦੩੩) ਆਦਿ

"ਸਭਨਾ ਰਿਜਕੁ ਸੰਬਾਹਿਦਾ, ਤੇਰਾ ਹੁਕਮੁ ਨਿਰਾਲਾ" -ਹੇ ਪ੍ਰਭੂ! ਤੂੰ ਆਪਣੇ ਪੈਦਾ ਕੀਤੇ ਸਮੂਹ ਜੀਵਾਂ ਨੂੰ ਰਿਜ਼ਕ ਵੀ ਆਪ ਅਪੜਾਉਂਦਾ ਹੈਂ। ਇਸ ਤਰ੍ਹਾਂ ਹਰੇਕ ਪਲ `ਚ ਵਰਤ ਰਹੀ ਤੇਰੇ ਹੁਕਮ ਵਾਲੀ ਇਹ ਖੇਡ ਤੇ ਕਰਣੀ ਵੀ ਅਨੋਖੀ ਵੀ ਹੈ ਅਤੇ ਨਿਰਾਲੀ ਵੀ। ਯਥਾ:-

() "ਹਾਹੈ ਹੋਰੁ ਨ ਕੋਈ ਦਾਤਾ, ਜੀਅ ਉਪਾਇ ਜਿਨਿ ਰਿਜਕੁ ਦੀਆ" (ਪੰ: ੪੩੫)

() "ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ" (ਪੰ: ੧੨੩੫)

() "ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ" (ਪੰ: ੯੨੦)

() "ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ" (ਪੰ: ੯੫੫)

() ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ ਹਾਟੁ ਚਲਾਵੈ॥ ਕਰਿ ਬੰਦਿਗੀ ਛਾਡਿ ਮੈ ਮੇਰਾ॥ ਹਿਰਦੈ ਨਾਮੁ ਸਮਾੑਰਿ ਸਵੇਰਾ" (ਪੰ: ੭੯੪)

() "ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ॥ ੧ ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ॥ ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ॥ ੨ ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ॥ ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ" (ਪੰ: ੪੮੮) ਆਦਿ

"ਆਪੇ ਆਪਿ ਵਰਤਦਾ, ਆਪੇ ਪ੍ਰਤਿਪਾਲਾ"॥ ੧ ਪ੍ਰਭੂ ਆਪ ਹੀ, ਸਮੂਚੀ ਰਚਨਾ ਦੇ ਜ਼ਰੇ-ਜ਼ਰੇ ਤੇ ਹਰੇਕ ਜੀਵ ਦੇ ਅੰਦਰ ਮੌਜੂਦ ਹੈਂ ਅਤੇ ਇਹ ਸਮੂਚਾ ਵਰਤਾਰਾ ਵੀ ਉਸ ਪ੍ਰਭੂ ਦਾ ਹੀ ਹੈ। ਇਥੋਂ ਤੀਕ ਕਿ ਸਮੂਹ ਜੀਵਾਂ ਦੀ ਪ੍ਰਤਿਪਾਲਣਾ ਵੀ ਪ੍ਰਭੂ ਆਪ ਹੀ ਕਰ ਰਿਹਾ ਹੈ। ੧। ਜਿਵੇਂ:-

() "ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ" (ਪੰ: ੧੩)

() "ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ" (ਪੰ: ੧੧)

() "ਦੇਵਣਹਾਰੁ ਦਾਤਾਰੁ, ਕਿਤੁ ਮੁਖਿ ਸਾਲਾਹੀਐ॥ ਜਿਸੁ ਰਖੈ ਕਿਰਪਾ ਧਾਰਿ, ਰਿਜਕੁ ਸਮਾਹੀਐ॥ ਕੋਇ ਨ ਕਿਸ ਹੀ ਵਸਿ, ਸਭਨਾ ਇੱਕ ਧਰ॥ ਪਾਲੇ ਬਾਲਕ ਵਾਗਿ, ਦੇ ਕੈ ਆਪਿ ਕਰ" (ਪੰ: ੯੫੭)

() "ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ" (ਪੰ: ੪੭)

() "ਸਭ ਮਹਿ ਵਰਤੈ ਏਕੋ ਸੋਈ॥ ਗੁਰ ਪਰਸਾਦੀ ਪਰਗਟੁ ਹੋਈ॥ ਸਭਨਾ ਪ੍ਰਤਿਪਾਲ ਕਰੇ, ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ" (ਪੰ: ੧੦੫੫) ਆਦਿ

ਗੁਰਮੱਤ ਵਿਚਾਰ ਦਰਸ਼ਨ- ਦਰਅਸਲ ਪਉੜੀ ਵਿੱਚਲੇ ਸੰਪੂਰਣ ਵਿਸ਼ੇ ਨੂੰ ਗੁਰਬਾਣੀ `ਚ ਗੁਰਦੇਵ ਨੇ ਹੋਰ ਵੀ ਬਹੁਤ ਵਾਰ ਦ੍ਰਿੜ ਕਰਵਾਇਆ ਹੋਇਆ ਹੈ। ਮਿਸਾਲ ਵਜੋਂ "ਮਲਾਰ ਕੀ ਵਾਰ ਮ: ੧" ਦੀ ਪਹਿਲੀ ਪਉੜੀ `ਚ ਵੀ ਗੁਰਦੇਵ ਨੇ ਲਗਭਗ ਇਸੇ ਗੁਰਮੱਤ ਵਿਸ਼ੇ ਨੂੰ ਪਰ ਕੁੱਝ ਦੂਜੇ ਪੱਖਾਂ ਤੋਂ ਵੀ ਸਪਸ਼ਟ ਕੀਤਾ ਹੋਇਆ ਹੈ। ਤਾਂ ਤੇ ਉਹ ਪਉੜੀ ਇਸ ਤਰ੍ਹਾਂ ਹੈ:-

ਪਉੜੀ॥ ਆਪੀਨੈੑ ਆਪੁ ਸਾਜਿ, ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥ (ਪੰ: ੧੨੭੯) ਉਪ੍ਰੰਤ ਪਉੜੀ ਦੇ ਅਰਥ, ਇਨ-ਬਿਨ ਪ੍ਰੋ: ਸਾਹਿਬ ਸਿੰਘ ਜੀ ਦੇ ਲਫ਼ਜ਼ਾਂ `ਚ:-

ਅਰਥ: — (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ। ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ; (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈ; ਆਪਣੀ) ਜੋਤਿ ਟਿਕਾਈ ਹੈ; (ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ। ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।

(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ; ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ)। ੧। ਇਸੇ ਤਰ੍ਹਾਂ ਗੁਰਬਣੀ `ਚ ਹੋਰ ਵੀ ਕਈ ਥਾਵੇਂ। ਉਪ੍ਰੰਤ:-

ਪਉੜੀ ਨੰ: ੨ ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕੁ ਮਃ ੩॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ॥ ੧ 

ਮਃ ੩॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ॥ ੨ 

ਪਉੜੀ॥ ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ॥ ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ॥ ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ॥ ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ॥ ੨ (ਚਲਦਾ) #Instt. 1-08--Suhi ki.Vaar M.3--03.18# v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਅਠਵੀਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com
.